.

☬ ਅਕਾਲ-ਮੂਰਤਿ ☬
(ਕਿਸ਼ਤ ਨੰ: ੦੪)

ਜਗਤਾਰ ਸਿੰਘ ਜਾਚਕ, ਆਨਰੇਰੀ ਇੰਟਰਨੈਸ਼ਨਲ ਸਿੱਖ ਮਿਸ਼ਨਰੀ
 

ਜਿਵੇਂ, ਸੁਣਿਆਂ ਜਾਂਦਾ ਹੈ ਕਿ ਇੱਕ ਰਾਜਕੁਮਾਰ, ਜਿਸ ਨੂੰ ਬਚਪਨ ਵਿੱਚ ਇੱਕ ਅਗਵਾਕਾਰ ਟੋਲੇ ਵਲੋਂ ਚੁੱਕ ਕੇ ਭਿਖਾਰੀਆਂ ਨਾਲ ਰਲਾ ਦਿੱਤਾ ਗਿਆ ਸੀ ਅਤੇ ਇਸ ਪ੍ਰਕਾਰ ਜਿਹੜਾ ਆਪਣੀ ਮੁੱਢਲੀ ਹਕੀਕਤ ਭੁੱਲ ਕੇ ਕਿ ਉਹ ਰਾਜੇ ਦਾ ਇਕਲੌਤਾ ਬੇਟਾ ਹੋਣ ਕਰਕੇ ਰਾਜ-ਭਾਗ ਦਾ ਮਾਲਕ ਬਣਨ ਵਾਲਾ ਹੈ, ਭਿਖਾਰੀਆਂ ਦੀ ਤਰ੍ਹਾਂ ਜ਼ਿੰਦਗੀ ਬਸਰ ਕਰਦਾ ਹੋਇਆ ਮੈਲੇ-ਕੁਚੈਲੇ ਤੇ ਫੱਟੇ-ਪੁਰਾਣੇ ਕਪੜੇ ਪਹਿਨ ਕੇ ਪੈਸੇ ਪੈਸੇ ਤੇ ਰੋਟੀ ਦੀ ਖ਼ਾਤਰ ਧਿਰ ਧਿਰ ਅੱਗੇ ਹੱਥ ਅੱਡਦਾ ਫਿਰਦਾ ਸੀ । ਪਰ, ਜਦੋਂ ਉਸ ਨੂੰ ਜਵਾਨੀ ਦੀ ਉਮਰ ਵਿੱਚ ਰਾਜ ਦੀ ਸੂਹੀਆ ਪੁਲੀਸ ਨੇ ਬਹੁਤ ਲੰਮੇ ਸਮੇਂ ਦੀ ਭਾਲ ਪਿਛੋਂ ਲੱਭਿਆ ਅਤੇ ਉਹਦਾ ਪਿਛੋਕੜ ਸਮਝਾ ਕਿ ਅਹਿਸਾਸ ਕਰਾਇਆ ਕਿ ਉਹ ਭਿਖਾਰੀ ਨਹੀ, ਰਾਜਕੁਮਾਰ ਹੈ । ਅੱਜ ਉਸ ਨੂੰ ਰਾਜਧਾਨੀ ਵਿਖੇ ਉਹਦੇ ਬਾਦਸ਼ਾਹ ਬਾਪ ਵਲੋਂ ਰਾਜ-ਤਿਲਕ ਲਗਾਇਆ ਜਾਣਾ ਹੈ, ਤਾਂ ਉਸ ਦੇ ਚਿਹਰੇ ਦੀ ਉਦਾਸੀ ਤੇ ਨਿੰਮੋਝੂਣਤਾ ਖੁਸ਼ੀਆਂ ਭਰਪੂਰ ਖੇੜੇ ਵਿੱਚ ਬਦਲ ਗਈ ।

ਅਜਿਹਾ ਹੋਣ ਉਪਰੰਤ ਜਦੋਂ ਉਸ ਨੂੰ ਇਸ਼ਨਾਨ ਕਰਵਾ ਕੇ ਸ਼ਾਹੀ-ਲਿਬਾਸ ਪਹਿਨਾਇਆ ਅਤੇ ਰੱਥ ਉਪਰ ਬੈਠਾਲ ਕੇ ਢੋਲ-ਢਮੱਕੇ ਸਹਿਤ ਇੱਕ ਸ਼ਾਨਦਾਰ ਜਲੂਸ ਦੀ ਸ਼ਕਲ ਵਿੱਚ ਰਾਜਧਾਨੀ ਲਿਜਾ ਕੇ ਰਾਜ-ਤਖ਼ਤ ‘ਤੇ ਬੈਠਾਇਆ ਗਿਆ ਤਾਂ ਇਕਦਮ ਉਸ ਦੇ ਚਿਹਨ-ਚੱਕਰ ਹੀ ਬਦਲ ਗਏ ਸਨ । ਉਸ ਦੀ ਦ੍ਰਿਸ਼ਟੀ ਵਿੱਚ, ਉਸ ਦੇ ਬੋਲਣ ਵਿੱਚ, ਉਸ ਦੇ ਉੱਠਣ ਬੈਠਣ, ਤੁਰਨ ਤੇ ਖਾਣ-ਪੀਣ ਦੇ ਢੰਗ ਵਿੱਚ ਭਿਖਾਰੀਪੁਣੇ ਦੀ ਥਾਂ ਬਾਦਸ਼ਾਹੀ ਰੋਅਬ ਭਰ ਗਿਆ ਸੀ । ਕਿਉਂਕਿ, ਹੁਣ ਉਸ ਨੂੰ ਪੱਕਾ ਯਕੀਨ ਬਣ ਗਿਆ ਸੀ ਕਿ ਉਹ ਭਿਖਾਰੀ ਨਹੀ, ਇੱਕ ਬਾਦਸ਼ਾਹ ਦਾ ਬੇਟਾ ਹੋਣ ਨਾਤੇ ਰਾਜ-ਭਾਗ ਦਾ ਮਾਲਕ ਹੈ । ਉਸ ਨੂੰ ਅਹਿਸਾਸ ਹੋ ਗਿਆ ਕਿ ਉਹ ਇੱਕ ਕੰਗਾਲ ਮੰਗਤਾ ਨਹੀ, ਸਗੋਂ ਇੱਕ ਬਾਦਸ਼ਾਹ ਹੈ ।

ਇਸੇ ਲਈ ਸਤਿਗੁਰੂ ਜੀ ਮਹਾਰਾਜ, ਜਿਥੇ, ਕੂਕ ਕੂਕ ਇਹ ਹੋਕਾ ਦਿੰਦੇ ਰਹੇ ਕਿ ਭਾਈ ! ਆਪਣੇ ਹਿਰਦੇ ਵਿਚ ਸਦਾ ਉਸ ਪਰਮਾਤਮਾ ਦਾ ਧਿਆਨ ਧਰਿਆ ਕਰੋ, ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ, ਜਿਹੜਾ ਸਰਬ-ਵਿਆਪਕ ਹੈ । ਦਿਨ ਰਾਤ ਉਸੇ ਨੂੰ ਅਰਾਧੋ ਜਿਹੜਾ ਨਿਰਵੈਰ ਅਤੇ ਨਾਸ-ਰਹਿਤ ਹੋਂਦ ਵਾਲਾ ਹੈ । ਜਿਵੇਂ, ਗੁਰਵਾਕ ਹਨ : ‘ਸਤਿ ਪੁਰਖ ਅਕਾਲ ਮੂਰਤਿ ਰਿਦੈ ਧਾਰਹੁ ਧਿਆਨੁ‘ (ਗੁ.ਗ੍ਰੰ.ਪੰ.1121) ਅਥਵਾ, ‘ਸਤਿ ਸਤਿ ਸਦਾ ਸਤਿ ।। ਨਿਰਵੈਰੁ ਅਕਾਲ ਮੂਰਤਿ ।। ਆਜੂਨੀ ਸੰਭਉ ।। ਮੇਰੇ ਮਨ ਅਨਦਿਨੋ ਧਿਆਇ ਨਿਰੰਕਾਰੁ ਨਿਰਾਹਾਰੀ‘ ।। (ਗੁ.ਗ੍ਰੰ.ਪੰ.-1201) ਉਥੇ, ਉਹ ਬਾਰ ਬਾਰ ਇਹ ਵੀ ਸਮਝਾਂਦੇ ਰਹੇ ਕਿ ਭਾਈ ! ਅਸਾਡੀ ਜੀਵਾਂ ਦੀ ਪਰਮਾਤਮਾ ਤੋਂ ਵੱਖਰੀ ਕੋਈ ਹਸਤੀ ਨਹੀਂ ।

ਉਹ ਆਪ ਹੀ ਜੀਵਾਤਮਾ-ਰੂਪ ਵਿਚ ਸਰੀਰਾਂ ਦੇ ਅੰਦਰ ਵਰਤ ਰਿਹਾ ਹੈ। ਉਹ ਪਰਮਾਤਮਾ ਕਦੇ ਮਰਦਾ ਨਹੀਂ (ਸਾਡੇ ਅੰਦਰ ਵੀ ਉਹ ਆਪ ਹੀ ਹੈ), ਇਸ ਲਈ ਸਾਨੂੰ ਵੀ ਮੌਤ ਤੋਂ ਡਰ ਨਹੀਂ ਹੋਣਾ ਚਾਹੀਦਾ । ਉਹ ਪਰਮਾਤਮਾ ਕਦੇ ਨਾਸ ਨਹੀਂ ਹੁੰਦਾ, ਇਸ ਲਈ ਸਾਨੂੰ ਵੀ ਵਿਨਾਸ਼ ਦੀ ਕੋਈ ਚਿੰਤਾ ਨਹੀਂ ਹੋਣੀ ਚਾਹੀਦੀ । ਉਹ ਪ੍ਰਭੂ ਕੰਗਾਲ ਨਹੀਂ ਹੈ, ਅਸੀਂ ਵੀ ਆਪਣੇ ਆਪ ਨੂੰ ਭੁੱਖੇ-ਗਰੀਬ ਨਾਹ ਸਮਝੀਏ । ਉਸ ਨੂੰ ਕੋਈ ਦੁੱਖ ਨਹੀਂ ਪੋਂਹਦਾ, ਸਾਨੂੰ ਵੀ ਕੋਈ ਦੁੱਖ ਨਹੀਂ ਪੋਹਣਾ ਚਾਹੀਦਾ :
ਨਾ ਓਹੁ ਮਰਤਾ ਨਾ ਹਮ ਡਰਿਆ ।। ਨਾ ਓਹੁ ਬਿਨਸੈ ਨਾ ਹਮ ਕੜਿਆ ।।
ਨਾ ਓਹੁ ਨਿਰਧਨੁ ਨਾ ਹਮ ਭੂਖੇ ।। ਨਾ ਓਸੁ ਦੂਖੁ ਨ ਹਮ ਕਉ ਦੂਖੇ ।। {ਪੰਨਾ 391}
ਇਹੀ ਕਾਰਨ ਹੈ ਕਿ ਨਾਮ-ਸਿਮਰਨ ਦੀ ਬਦੌਲਤ ਪ੍ਰਭੂ ਨਾਲ ਇੱਕਮਿਕ ਹੋ ਕੇ ਵਿਚਰਨ ਵਾਲੇ ਗੁਰੂ ਸਾਹਿਬਾਨ ਤੇ ਹੋਰ ਭਗਤ ਜਨ, ਸਮੇਂ ਦੇ ਹਾਕਮਾਂ ਵਲੋਂ ਦਿੱਤੇ ਗਏ ਸਰੀਰਕ ਕਸ਼ਟਾਂ ਅਤੇ ਮੌਤ ਦੇ ਡਰਾਵਿਆਂ ਸਾਹਮਣੇ ਆਪਣੇ ਨਿਸ਼ਚੇ ਪ੍ਰਤੀ ਸਦਾ ਅਡੋਲ ਰਹੇ ਅਤੇ ਸਰੀਰਕ ਮੌਤ ਸਾਹਮਣੇ ਦੇਖ ਕੇ ਵੀ ਘਬਰਾਏ ਤੇ ਡਰੇ ਨਹੀ । ਜਿਵੇਂ, ਸਮੇਂ ਦੀ ਮੁਗਲੀਆ ਹਕੂਮਤ ਵਲੋਂ ਇਸਲਾਮਿਕ ਪਸਾਰੇ ਤੇ ਕਟੜਤਾ ਦੀ ਕੁਚਾਲਤਾ ਅਤੇ ਬਿਪਰਵਾਦੀ ਕੁਟਲ ਸਾਜ਼ਸ਼ਾਂ ਦੇ ਸਿੱਟੇ ਵਜੋਂ ਜਦੋਂ ਸ਼ਾਂਤੀ ਦੇ ਪੁੰਜ ਗੁਰੂ ਅਰਜਨ ਸਾਹਿਬ ਜੀ ਨੂੰ ਮਾਰ ਮਕਾਉਣ ਲਈ ਜਹਾਂਗੀਰ ਦੇ ਇਸ਼ਾਰੇ ‘ਤੇ ਸੁਲਹੀ ਖਾਂ ਹਮਲਾਵਰ ਹੋ ਕੇ ਸ਼੍ਰੀ ਅੰਮ੍ਰਿਤਸਰ ਵਲ ਵਧਿਆ ਜਾਂ ਸਤਿਗੁਰੂ ਜੀ ਨੂੰ ਲਹੌਰ ਵਿਖੇ ਅੱਗ ਦੇ ਭਾਂਬੜ ਬਾਲ ਕੇ ਤੱਤੀ ਤਵੀ ਉੱਤੇ ਬਿਠਾਲ ਕੇ ਲੂਹਿਆ ਅਤੇ ਦੇਗ ਵਿੱਚ ਆਲੂਆਂ ਵਾਂਗ ਉਬਾਲਿਆ ਜਾਣ ਲੱਗਾ । ਤਦੋਂ ਵੀ ਉਨ੍ਹਾਂ ਦੇ ਮੁਖੋਂ ਇਸ ਭਾਵ ਦੇ ਬਚਨ ਨਿਕਲ ਰਹੇ ਸਨ ਕਿ ‘ਅਵਰੁ ਨ ਕੋਊ ਮਾਰਨਵਾਰਾ ।। ਜੀਅਉ ਹਮਾਰਾ ਜੀਉ ਦੇਨਹਾਰਾ ।।‘ । {ਗੁ.ਗ੍ਰੰ.ਪੰ.361} ਭਾਵ, ਜੀਊਂਦਾ ਰਹੇ ਸਾਨੂੰ ਜਿੰਦ ਦੇਣ ਵਾਲਾ ਪਰਮਾਤਮਾ, ਜਿਹੜਾ ਆਪ ਸਦਾ ਕਾਇਮ ਰਹਿਣ ਵਾਲਾ ਹੈ ਅਤੇ ਸਾਨੂੰ ਜੀਵਾਂ ਨੂੰ ਜਿੰਦ ਦੇਣ ਵਾਲਾ ਹੈ ।

ਭਗਤ ਕਬੀਰ ਸਾਹਿਬ ਜੀ ਨੂੰ ਜਦੋਂ ਮਜ਼ਹਬੀ ਆਗੂਆਂ (ਕਾਜ਼ੀਆਂ ਤੇ ਬ੍ਰਾਹਮਣਾਂ) ਦੀ ਮਿਲੀ ਭੁਗਤ ਨਾਲ ਹਾਕਮ ਸ਼੍ਰੇਣੀ ਵਲੋਂ ਗੰਗਾ ਵਿੱਚ ਡੋਬ ਕੇ ਅਤੇ ਹਾਥੀ ਦੁਆਰਾ ਦਰੜ ਕੇ ਮਾਰਨ ਦਾ ਯਤਨ ਕੀਤਾ ਗਿਆ, ਤਾਂ ਉਨ੍ਹਾਂ ਸਪਸ਼ਟ ਸ਼ਬਦਾਂ ਵਿੱਚ ਫ਼ੁਰਮਾਇਆ ‘‘ਮੈ ਨ ਮਰਉ, ਮਰਿਬੋ ਸੰਸਾਰਾ ।। ਅਬ ਮੋਹਿ ਮਿਲਿਓ ਹੈ ਜੀਆਵਨਹਾਰਾ।।‘‘ {ਗੁ.ਗ੍ਰੰ.ਪੰ.325} ਭਾਵ; ਸੰਸਾਰ ਮਰਦਾ ਹੋਇਗਾ, ਪਰ ਮੈਂ ਨਹੀ ਮਰਦਾ । ਕਿਉਂਕਿ, ਮੈਨੂੰ ਤਾਂ ਹੁਣ ਸਾਰਿਆਂ ਨੂੰ ਜੀਵਾਉਣ ਵਾਲਾ ਪਰਮਾਤਮਾ ਮਿਲ ਪਿਆ ਹੈ ।

ਕਿਉਂਕਿ, ਰੱਬੀ ਰਜ਼ਾ ਵਿੱਚ ਰਾਜ਼ੀ ਰਹਿਣ ਵਾਲੇ ਗੁਰੂ ਸਾਹਿਬਾਨ ਤੇ ਭਗਤ-ਜਨ ਗੁਰੂ-ਗਿਆਨ ਦੀ ਬਦੌਲਤ ਸਮਝ ਚੁੱਕੇ ਸਨ ਕਿ ਸਾਡਾ ਜੀਵਾਤਮਾ ਅਕਾਲ-ਪੁਰਖ ਦੀ ਅੰਸ਼ ਹੋਣ ਕਰਕੇ ਮਰਣ ਵਾਲਾ ਨਹੀ ਹੈ । ਮਰਣਹਾਰੁ ਇਹੁ ਜੀਅਰਾ ਨਾਹੀ ।। (ਗੁ.ਗ੍ਰੰ.ਪੰ.188) ਉਹ ਜਾਣਦੇ ਸਨ ਕਿ ਜੰਮਣ ਮਰਣ ਦਾ ਸਿਲਸਲਾ ਸੰਸਾਰਕ ਵਿਕਾਸ ਦੇ ਲਈ ਕਰਤਾਪੁਰਖ ਨੇ ਆਪ ਕਾਇਮ ਕੀਤਾ ਹੈ ਅਤੇ ਇਸ ਤੋਂ ਡਰਨ ਵਾਲੀ ਗੱਲ ਕੋਈ ਨਹੀ । ਉਨ੍ਹਾਂ ਸਰੀਰ-ਸਮੁੰਦਰ ਵਿਰੋਲ ਕੇ ਦੇਖ ਲਿਆ ਸੀ ਕਿ ਜਿਵੇਂ ਆਂਧੀ ਆਦਿਕ ਦੇ ਕਾਰਣ ਸਮੁੰਦਰ ਵਿੱਚ ਪਾਣੀ ਦੀਆਂ ਲਹਿਰਾਂ ਉਠਦੀਆਂ ਹਨ। ਪਰ, ਉਨ੍ਹਾਂ ਦਾ ਪ੍ਰਭਾਵ ਸਮੁੰਦਰ ਦੀ ਉਪਰਲੀ ਸਤਹ ਉਪਰ ਹੀ ਹੁੰਦਾ ਹੈ । ਤਿਵੇਂ ਹੀ, ਜਨਮ ਮਰਣ ਦੇ ਰੂਪ ਵਿੱਚ ਕਾਲ ਦਾ ਪ੍ਰਭਾਵ ਸਰੀਰਕ ਤਲ ਤਕ ਹੀ ਸੀਮਤ ਹੈ । ਆਤਮਕ ਤਲ ‘ਤੇ ਇਸ ਪੱਖੋਂ ਇਹਦਾ ਕੋਈ ਅਸਰ ਨਹੀ । ਇਸ ਲਈ ਉਹ ਗੁਰਸ਼ਬਦ ਰਾਹੀਂ ਨਿਰੰਕਾਰ ਦੇ ਅਜਿਹੇ ਵਿਸਮਾਦਜਨਕ ਤੇ ਅਨੂਪਮ ਭੇਦ ਨੂੰ ਸਮਝ ਕੇ ਡਰਨ ਦੀ ਥਾਂ ਸਗੋਂ ਗਾ ਉੱਠਦੇ ਹਨ :
ਤੁਝ ਹੀ ਕੀਆ ਜੰਮਣ ਮਰਣਾ ।। ਗੁਰ ਤੇ ਸਮਝ ਪੜੀ ਕਿਆ ਡਰਣਾ ।। {ਗੁ.ਗ੍ਰੰ.ਪੰ.1022}

ਭਗਤ ਕਬੀਰ ਜੀ ਤਾਂ ਹੇਠ ਲਿਖੇ ਸ਼ਬਦ ਵਿੱਚ ਸਪਸ਼ਟ ਆਖਦੇ ਹਨ ਕਿ ਮੌਤ ਨੇ ਭਾਵੇਂ ਸਾਰੇ ਸੰਸਾਰ ਨੂੰ ਡਰਾਇਆ ਹੋਇਆ ਹੈ ਅਤੇ ਉਹ ਘਾਬਰਿਆ ਹੋਇਆ ‘ਮੌਤ, ਮੌਤ‘ ਪੁਕਾਰ ਰਿਹਾ ਹੈ । ਪਰ, ਜਦੋਂ ਤੋਂ ਗੁਰੂ ਸ਼ਬਦ ਦੀ ਰੌਸ਼ਨੀ ਸਦਕਾ ਮੈਨੂੰ ਮੌਤ ਦੀ ਅਸਲੀਅਤ ਦਾ ਪਤਾ ਚਲਿਆ ਹੈ, ਤਦੋਂ ਤੋਂ ਮੇਰੇ ਮਨ ਵਿੱਚ ਮਰਨ ਦਾ ਕੋਈ ਡਰ ਨਹੀ ਰਿਹਾ । ਗੁਰੂ ਦੀ ਕਿਰਪਾ ਨਾਲ ਮੇਰੇ ਮਨ ਵਿਚ ਅਨੰਦ ਪੈਦਾ ਹੋ ਗਿਆ ਹੈ, ਪਰਮ ਸੁਖ ਮੇਰੇ ਹਿਰਦੇ ਵਿਚ ਟਿਕ ਗਿਆ ਹੈ । ਕਿਉਂਕਿ, ਮੇਰਾ ਇਹ ਭੁਲੇਖਾ ਦੂਰ ਹੋ ਚੁੱਕਾ ਹੈ ਕਿ ਮੈਂ ਬਿਨਸ ਜਾਵਾਂਗਾ । ਮੈਂ ਸਰੀਰ ਦੇ ਬਿਨਸਨ ਨੂੰ ਰੱਬੀ ਰਜ਼ਾ ਸਮਝ ਕੇ ਮਰਨ ਨੂੰ ਪ੍ਰਵਾਨ ਕਰ ਲਿਆ ਹੈ । ਉਹ ਮਨੁੱਖ ਹੀ ਮਰਨ ਦੇ ਸਹਿਮ ਵਿੱਚ ਜੀਊਂਦੇ ਹਨ, ਜਿਨ੍ਹਾਂ ਨੇ ਪ੍ਰਭੂ ਨੂੰ ਨਹੀਂ ਪਛਾਣਿਆ । ਭਾਵ, ਰੱਬੀ ਰਜ਼ਾ ਨੂੰ ਨਹੀ ਸਮਝਿਆ । ਜਿਹੜਾ ਮਨੁੱਖ ਅਡੋਲਤਾ ਵਿਚ ਰਹਿ ਕੇ ਦੁਨੀਆ ਦੀਆਂ ਖ਼ਾਹਸ਼ਾਂ ਤੋਂ ਬੇਪਰਵਾਹ ਹੋ ਜਾਂਦਾ ਹੈ, ਉਹ ਅਮਰ ਹੋ ਜਾਂਦਾ ਹੈ । ਭਾਵ, ਸਰੀਰਕ ਮੌਤ ਦਾ ਉਸ ਨੂੰ ਕੋਈ ਡਰ ਨਹੀ ਰਹਿੰਦਾ :
ਜਿਹ ਮਰਨੈ ਸਭੁ ਜਗਤੁ ਤਰਾਸਿਆ ।।
ਸੋ ਮਰਨਾ ਗੁਰ ਸਬਦਿ ਪ੍ਰਗਾਸਿਆ ।।1।।
ਅਬ ਕੈਸੇ ਮਰਉ, ਮਰਨਿ ਮਨੁ ਮਾਨਿਆ ।।
ਮਰਿ ਮਰਿ ਜਾਤੇ, ਜਿਨ ਰਾਮੁ ਨ ਜਾਨਿਆ ।।1।। ਰਹਾਉ ।।
ਮਰਨੋ ਮਰਨੁ ਕਹੈ ਸਭੁ ਕੋਈ ।।
ਸਹਜੇ ਮਰੈ, ਅਮਰੁ ਹੋਇ ਸੋਈ ।।2।।
ਕਹੁ ਕਬੀਰ ਮਨਿ ਭਇਆ ਅਨੰਦਾ ।।
ਗਇਆ ਭਰਮੁ, ਰਹਿਆ ਪਰਮਾਨੰਦਾ ।।3।। {ਗੁ.ਗ੍ਰੰ. ਪੰਨਾ 327}

ਗੁਰਮਤੀ ਅਧਿਆਤਮਕਵਾਦ ਵਿੱਚ ਪ੍ਰਭੂ ਮਿਲਾਪ ਦੀ ਇਹ ਸਭ ਤੋਂ ਸਰਬੋਤਮ ਕਾਲ ਰਹਿਤ ਅਵਸਥਾ ਹੈ, ਜਿਥੇ ਮਨੁੱਖੀ ਮਨ ਹਮੇਸ਼ਾ ਪਰਮ ਅਨੰਦ ਵਿੱਚ ਰਹਿੰਦਾ ਹੈ । ਪੂਰਨ ਖਿੜਾਉ ਵਿੱਚ ਰਹਿੰਦਾ ਹੈ । ਜਿਥੇ ਕਾਲ ਰੂਪ ਸਰੀਰਕ ਮੌਤ ਦਾ ਸਹਮ ਆਤਮਕ ਮੌਤ ਦਾ ਕਾਰਨ ਨਹੀ ਬਣਦਾ । ਜਿਥੇ ਕਾਲ-ਦੂਤ ਬੁਢੇਪੇ ਦਾ ਅਸਰ ਨਹੀ ਹੁੰਦਾ । ਭਾਵ, ਆਤਮਕ ਜੀਵਨ ਕਦੇ ਕਮਜ਼ੋਰ ਨਹੀਂ ਹੁੰਦਾ । ਜਿੱਥੇ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ । ਕਿਉਂਕਿ, ਗੁਰੂ ਕਿਰਪਾ ਦੁਆਰਾ ਮੂਲ ਰੂਪ ਪ੍ਰਭੂ ਨਾਲ ਸਾਂਝ ਬਣਨ ਸਦਕਾ ਸੋਝੀ ਹੋ ਗਈ ਹੁੰਦੀ ਹੈ ਕਿ ਨਾ ਕੁਝ ਜੰਮਦਾ ਹੈ ਅਤੇ ਨਾ ਕੁਝ ਮਰਦਾ ਹੈ, ਇਹ ਜਨਮ ਮਰਣ ਦਾ ਖੇਲ ਤਾਂ ਪ੍ਰਭੂ ਆਪ ਹੀ ਖੇਲ ਰਿਹਾ ਹੈ :
ਨਹ ਕਿਛੁ ਜਨਮੈ ਨਹ ਕਿਛੁ ਮਰੈ ।। ਆਪਨ ਚਲਿਤੁ ਆਪ ਹੀ ਕਰੈ ।। {ਗੁ.ਗ੍ਰੰ.ਪੰ.281}

ਜਦੋਂ, ਗੁਰੂ ਅਰਜਨ ਸਾਹਿਬ ਜੀ ਫ਼ਰਮਾਉਂਦੇ ਹਨ ‘ਨਾਨਕ, ਬਧਾ ਘਰੁ ਤਹਾਂ, ਜਿਥੈ ਮਿਰਤੁ ਨ ਜਨਮੁ ਜਰਾ‘ ।। {ਅਰਥ: ਹੇ ਨਾਨਕ ! ਉਸ ਮਨੁੱਖ ਨੇ ਆਪਣਾ ਪੱਕਾ ਟਿਕਾਣਾ ਉਸ ਥਾਂ ਬਣਾ ਲਿਆ, ਜਿਥੇ ਆਤਮਕ ਮੌਤ ਨਹੀਂ; ਜਿੱਥੇ ਜਨਮ ਮਰਨ ਦਾ ਗੇੜ ਨਹੀਂ; ਜਿਥੇ ਆਤਮਕ ਜੀਵਨ ਕਦੇ ਕਮਜ਼ੋਰ ਨਹੀਂ ਹੁੰਦਾ ।}(ਪੰ.44) ਅਤੇ ਭਗਤ ਕਬੀਰ ਸਾਹਿਬ ਜੀ ਫ਼ਰਮਾਉਂਦੇ ਹਨ ‘ਪਵਨਪਤਿ ਉਨਮਨਿ ਰਹਨੁ ਖਰਾ ।। ਨਹੀ ਮਿਰਤੁ ਨ ਜਨਮੁ ਜਰਾ‘ ।। {ਅਰਥ: ਪਵਨ ਵਾਂਗ ਚਲਾਏਮਾਨ ਰਹਿਣ ਵਾਲੇ ਮਨ ਦੇ ਮਾਲਕ ਜੀਵਾਤਮਾ (ਪਵਨਪਤਿ) ਦਾ ਪੂਰਨ ਖਿੜਾਉ (ਉਨਮਨਿ) ਵਿਚ ਟਿਕੇ ਰਹਿਣਾ ਹੀ ਸਭ ਤੋਂ ਸ੍ਰੇਸ਼ਟ ਆਤਮਕ ਅਵਸਥਾ ਹੈ, ਇਸ ਅਵਸਥਾ ਨੂੰ ਜਨਮ ਮਰਨ ਤੇ ਬੁਢੇਪਾ(ਜਰਾ) ਪੋਹ ਨਹੀਂ ਸਕਦੇ ।} (972) ਤਾਂ ਉਹ ਅਜਿਹੇ ਬਚਨਾਂ ਦੁਆਰਾ ਆਪਣੇ ਅੰਦਰ ਘਟੀ ਪ੍ਰਭੂ ਮਿਲਾਪ ਵਾਲੀ ਉਪਰੋਕਤ ਅਕਾਲੀ ਅਵਸਥਾ ਦਾ ਹੀ ਪ੍ਰਕਾਸ਼ ਕਰ ਰਹੇ ਹੁੰਦੇ ਹਨ ।

ਇਸੇ ਲਈ ਭਗਤ ਜੀ ਆਖਿਆ ਹੈ ਕਿ ਜੋ ਬੰਦੇ ਪ੍ਰਭੂ ਦੀ ਭਗਤੀ ਕਰਦੇ ਹਨ ਤੇ ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹਨਾਂ ਦੀ ਗੱਲ ਸਾਰੇ ਜਹਾਨ ਨਾਲੋਂ ਨਿਰਾਲੀ ਹੈ । ਉਹ ਨਾਹ ਜੰਮਦੇ ਹਨ ਨਾਹ ਮਰਦੇ ਹਨ । ਭਾਵ, ਉਹ ਕਾਲ ਦੀ ਮਾਰ ਤੋਂ ਉਚੇਰੇ ਹੋ ਜਾਂਦੇ ਹਨ । ਉਨ੍ਹਾਂ ਅੰਦਰੋਂ ਮ੍ਰਿਤੂ ਦਾ ਭੈ ਬਿਨਸ ਜਾਂਦਾ ਹੈ । ਕਿਉਂਕਿ, ਉਹ ਸਦਾ ਉਸ ਪਰਮਾਤਮਾ ਦੇ ਸੰਗ ਵਸਦੇ ਹਨ, ਜਿਹੜਾ ‘ਅਕਾਲ ਮੂਰਤਿ‘ ਹੈ । ਜਿਸ ਦੀ ਹਸਤੀ ਕਾਲ ਰਹਿਤ ਹੈ ।
ਹਰਿ ਕੇ ਸੇਵਕ ਜੋ ਹਰਿ ਭਾਏ, ਤਿਨ੍‍ ਕੀ ਕਥਾ ਨਿਰਾਰੀ ਰੇ ।।
ਆਵਹਿ ਨ ਜਾਹਿ, ਨ ਕਬਹੂ ਮਰਤੇ, ਪਾਰਬ੍ਰਹਮ ਸੰਗਾਰੀ ਰੇ ।। {ਗੁ.ਗ੍ਰੰ.ਪੰਨਾ 855}

ਗੁਰਬਾਣੀ ਦੇ ਮੁੱਢਲੇ ਵਿਆਖਿਆਕਾਰ ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਰਚਨਾਵਾਂ ਵਿੱਚ ਗੁਰਬਾਣੀ ਦੁਆਰਾ ਪ੍ਰਗਟਾਏ ‘ਅਕਾਲਮੂਰਤਿ‘ ਦੇ ਉਪਰੋਕਤ ਸੱਚ ਦਾ ਉਲੇਖ ਕੀਤਾ ਹੈ । ਉਨ੍ਹਾਂ ਨੇ ਕਬਿਤ ਸਵਈਆਂ ਵਿੱਚ, ਜਿਥੇ, ਇਹ ਲਿਖਿਆ ਹੈ ਕਿ ‘ਗੁਰਮਤਿ ਸਤਿ ਕਰਿ ਕਾਲਕੂਟ ਅੰਮ੍ਰਿਤ ਹੁਇ, ਕਾਲ ਮੈ ਅਕਾਲ ਭਏ ਅਸਥਿਰ ਕੰਧ ਹੈ‘ । (27-3) ਜਿਸ ਦਾ ਅਰਥ ਹੈ; ਗੁਰੂ ਗਿਆਨ ਨੂੰ ਦ੍ਰਿੜ ਕਰਕੇ ਕਮਾਉਣ ਵਾਲੇ, ਜ਼ਹਿਰ ਸਮਾਨ ਮਾਇਆ ਗ੍ਰਸੇ ਜੀਵਾਂ ਤੋਂ ਅੰਮ੍ਰਿਤ ਵਰਗੇ ਆਤਮਸੁਖ ਮਾਨਣਹਾਰੇ ਹੋ ਜਾਂਦੇ ਹਨ । ਉਹ ਕਾਲ-ਚਕਰ ਤੋਂ ਨਿਰਲੇਪ ਹੋ ਜਾਂਦੇ ਹਨ ( ਭਾਵ, ਉਨ੍ਹਾਂ ਨੂੰ ਮੌਤ ਦਾ ਡਰ ਨਹੀ ਸਤਾਂਦਾ), ਅਤੇ ਉਨ੍ਹਾਂ ਦਾ ਸਰੀਰ ਅਚੱਲ, ਭਾਵ ਪ੍ਰਭੂ ਧਿਆਨ ਵਿੱਚ ਨਿਮਗਨ ਹੋ ਜਾਂਦਾ ਹੈ । ਉਥੇ, ਇਹ ਵੀ ਲਿਖਿਆ ਹੈ ਕਿ ‘ਜਪਤ ਅਕਾਲ ਕਾਲ ਕੰਟਕ ਕਲੇਸ ਨਾਸੇ, ਨਿਰਭੈ ਭਜਨ ਭ੍ਰਮ ਭੈ ਦਲ ਭਜਾਏ ਹੈ‘ । (408-4) ਜਿਸ ਦਾ ਅਰਥ ਹੈ; ਕਾਲ-ਰਹਿਤ ਅਬਿਨਾਸ਼ੀ ਵਾਹਿਗੁਰੂ ਨੂੰ ਜਪਣ ਨਾਲ ਦੁਖਦਾਈ ਕਾਲ ਦੇ ਦੁਖ-ਕਲੇਸ਼ ਨਸ ਜਾਂਦੇ ਹਨ ਅਤੇ ਭੈ ਰਹਿਤ ਵਾਹਿਗੁਰੂ ਦੇ ਭਜਨ ਨਾਲ ਭੈ-ਭਰਮਾਂ ਦੇ ਸਮੂਹ ਭਜ ਜਾਂਦੇ ਹਨ । ---ਚਲਦਾ




.