ਆਸਾ
ਕੀ ਵਾਰ
ਗੁਰਮਤਿ ਵਿਚਾਰ
ਦਰਸ਼ਨ ਅਤੇ ਸਟੀਕ
ਪ੍ਰਿੰਸੀਪਲ
ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ
ਸਲੋਕੁ ਮਹਲਾ 2 ॥ ਏਹ ਕਿਨੇਹੀ ਆਸਕੀ ਦੂਜੈ ਲਗੈ ਜਾਇ ॥ ਨਾਨਕ ਆਸਕੁ ਕਾਂਢੀਐ ਸਦ ਹੀ ਰਹੈ ਸਮਾਇ ॥
ਚੰਗੈ ਚੰਗਾ ਕਰਿ ਮੰਨੇ ਮੰਦੈ ਮੰਦਾ ਹੋਇ ॥ ਆਸਕੁ ਏਹੁ ਨ ਆਖੀਐ ਜਿ ਲੇਖੈ ਵਰਤੈ ਸੋਇ ॥ 1 ॥ (474)
ਪਦ ਅਰਥ: ਦੂਜੈ- (ਅਕਾਲਪੁਰਖੁ ਦਾ
ਦਰ ਛਡ ਕੇ) ਕਿਸੇ ਹੋਰ ਵਿਚ, ਸੰਸਾਰਕ ਮੋਹ ਮਾਇਆ ਵਿਚ, ਆਪ ਮਿੱਥੇ ਇਸ਼ਟਾਂ ਭਗਵਾਨਾਂ
ਦੇਵੀ-ਦੇਵਤਿਆਂ-ਕਬਰਾਂ, ਮੜੀਆਂ, ਡਮੀ ਗੁਰੂ ਤੇ ਬਾਬਿਆਂ ਆਦਿ ‘ਚ’ ਕਿਉਂਕਿ ਇਹ ਸਾਰੇ ਵੀ ਸੰਸਾਰਕ
ਮੋਹ ਮਾਇਆ ਦੀ ਹੀ ਉਪਜ ਹਨ। ਲਗੈ ਜਾਇ- ਜਾ ਲਗਦੇ ਹਨ, ਚਿੱਤ ਜੋੜ ਲੈਂਦੇ ਹਨ। ਕਾਢੀਐ- ਕਢ ਕੇ ਵੱਖ
ਕਰ ਲਿਆ ਜਾਵੇ, ਕਿਹਾ ਜਾਂਦਾ ਹੈ, ਕਹੀਦਾ ਹੈ। ਰਹੈ ਸਮਾਇ- ਸਮਾਏ ਰਹੇ, ਮਸਤ ਰਹੇ, ਪ੍ਰਭੂ ਦੀ ਯਾਦ
‘ਚ ਇੱਕ ਮਿੱਕ ਰਹੇ ਤੇ ਇਧਰ ਉਧਰ ਨਾ ਭਟਕੇ, ਕੇਵਲ ਕਰਤਾਰ ਦੇ ਹੀ ਰੰਗ ‘ਚ ਰੰਗਿਆ ਰਵੇ। ਚੰਗੈ-
ਚੰਗੇ ਕੰਮ ਨੂੰ ਭਾਵ ਜਿਸ ਨੂੰ ਉਹ ਅਪਣੀ ਬੁੱਧੀ ਅਨੁਸਾਰ ਚੰਗਾ ਸਮਝਦਾ ਹੈ। ਮੰਦੈ ਮੰਦਾ ਹੋਇ- ਅਪਣੀ
ਬੁੱਧੀ ਅਨੁਸਾਰ ਕਹੇ ਕਿ ਇਹ ਮਾੜਾ ਕੰਮ ਹੋਇਆ ਹੈ। ਜਿ ਲੇਖੈ ਵਰਤੈ ਸੋਇ- ਜੇ ਉਹ ਮਨੁੱਖ, ਜਿਹੜਾ ਕਿ
ਆਪਣੇ ਹੀ ਲੇਖੇ ਹਿਸਾਬ ‘ਚ ਪਿਆ ਰਵੇ ‘ਰੱਬ ਨੇ ਆਹ ਠੀਕ ਕੀਤਾ ਹੈ ਤੇ ਰੱਬ ਨੇ ਉਹ ਠੀਕ ਨਹੀਂ
ਕੀਤਾ’।1।
ਅਰਥ: ਜੇ ਕੋਈ ਪ੍ਰਭੁ ਪਿਆਰਾ ਅਕਾਲਪੁਰਖੁ ਦੀ ਟੇਕ ਛਡ ਕੇ ਮਾਇਕ ਪਦਾਰਥਾਂ ਪਿਛੇ ਦੌੜੇ ਜਾਂ ਆਪ
ਮਿੱਥੇ ਇਸ਼ਟਾਂ-ਭਗਵਾਨਾਂ ਦੇ ਚੱਕਰ ‘ਚ ਪਿਆ ਰਵੇ (ਤੇ ਪ੍ਰਭੁ ਪਿਆਰਾ ਵੀ ਅਖਵਾਉਣਾ ਚਾਹੇ) ਤਾਂ ਉਸ
ਦੇ ਇਸ ਪ੍ਰਭੁ ਪਿਆਰ (ਇਸ਼ਕ) ਨੂੰ ਕਦੇ ਵੀ ਸੱਚਾ ਪ੍ਰਭੁ ਪਿਆਰ (ਇਸ਼ਕ) ਨਹੀਂ ਕਿਹਾ ਜਾ ਸਕਦਾ।
ਗੁਰੂ ਪਾਤਸ਼ਾਹ ਫ਼ੁਰਮਾਂਦੇ ਹਨ ਕਿ (ਸਹੀ ਅਰਥਾਂ ‘ਚ) ਕੇਵਲ ਉਹੀ ਮਨੁੱਖ ਪ੍ਰਭੁ ਦਾ ਸੱਚਾ ਆਸ਼ਕ
ਕਿਹਾ ਜਾ ਸਕਦਾ ਹੈ ਜੋ ਹਰ ਵੇਲੇ ਕਰਤਾਰ ਦੇ ਹੀ ਰੰਗ ਵਿਚ ਰੰਗਿਆ ਰਵੇ ਭਾਵ ਉਸੇ ਦੀ ਰਜ਼ਾ-ਕਰਣੀ
ਅਗੇ ਸਿਰ ਝੁਕਾਵੇ ਅਤੇ ਕਿਉਂ ਕਿੰਤੂ ਨਾ ਕਰੇ।
ਪ੍ਰਭੁ ਵਲੋ ਹੋਏ ਕਿਸੇ ਕੰਮ ਨੂੰ ਤਕ ਕੇ ਆਖੇ, ਇਹ ਬੜਾ ਚੰਗਾ ਹੋਇਆ ਹੈ ਅਤੇ ਦੂਜੇ ਕੰਮ ਨੂੰ ਵੇਖ
ਕੇ ਆਖੇ, ਇਹ ਮਾੜਾ ਜਾਂ ਬਹੁਤ ਮਾੜਾ ਹੋਇਆ ਹੈ (ਜਾਂ ਰੱਬ ਨੇ ਚੰਗਾ ਨਹੀਂ ਕੀਤਾ)। ਭਾਵ ਅਕਾਲਪੁਰਖੁ
ਦੀ ਕਿਸੇ ਦੇਣ ਜਾਂ ਖੇਡ ਨੂੰ ਤਾਂ ਹੱਸ ਕੇ ਕਬੂਲ ਕਰੇ ਪਰ ਦੂਜੀ ਖੇਡ ਲਈੰ ਜੋ ਉਸਨੂੰ ਆਪਣੇ ਆਪ ਨੂੰ
ਚੰਗੀ ਨਾ ਲਗੇ ਤਾਂ ਉਸ ਉਪਰ ਕਿਉਂ ਕਿੰਤੂ ਕਰੇ। ਗੁਰੂ ਪਾਤਸ਼ਾਹ ਫ਼ੁਰਮਾਂਦੇ ਹਨ, ਅਜੇਹਾ ਮਨੁੱਖ
ਕਦੇ ਵੀ ਕਰਤਾਰ ਦਾ ਸੱਚਾ ਆਸ਼ਕ ਨਹੀਂ ਕਿਹਾ ਜਾ ਸਕਦਾ। ਕਿਉਂਕਿ ਪ੍ਰਭੁ ਨਾਲ ਉਸਦੇ ਪਿਆਰ ਦੀ ਸਾਂਝ
ਤਾਂ ਲੇਖੇ ਗਿਣ ਗਿਣ ਕੇ, ਜਮਾ ਖਰਚ ਵਾਲੀ ਹੀ ਹੁੰਦੀ ਹੈ।1।
ਗੁਰਬਾਣੀ ਵਿਚਾਰ ਦਰਸ਼ਨ- 1। “ਨਾਨਕ ਆਸਕੁ ਕਾਂਢੀਐ ਸਦ ਹੀ ਰਹੈ ਸਮਾਇ”- ਸਹੀ ਅਰਥਾਂ ‘ਚ ਪ੍ਰਭੂ
ਪਿਆਰਾ ਉਹੀ ਹੁੰਦਾ ਹੈ ਜੋ ਕਰਤੇ ਦੇ ਹਰ ਰੰਗ ‘ਚ ਰਾਜ਼ੀ ਰਵੇ ਤੇ ਉਸ ਦਾ ਸ਼ੁਕਰ-ਗੁਜ਼ਾਰ ਰਵੇ।
ਜਿਹੜਾ ਮਨੁੱਖ ਇਹਨਾਂ ਹਿਸਾਬਾਂ-ਕਿਤਾਬਾਂ ਤੇ ਲੇਖੇ-ਜੋਖੇ ‘ਚ ਹੀ ਫਸਿਆ ਰਹੇ ਕਿ ਜਿਹੜਾ ਕੰਮ ਉਸਦੀ
ਬੁਧੀ ਅਨੁਸਾਰ ਚੰਗਾ ਜਾਂ ਪ੍ਰਾਪਤੀ ਵਾਲਾ ਹੋਵੇ, ਉਸ ਵੇਲੇ ਤਾਂ ਪ੍ਰਭੂ ਦੀਆਂ ਸਿਫਤਾਂ ਗਾਉਣ ਲਗ
ਜਾਏ। ਇਸਦੇ ਉਲਟ ਜੇਕਰ ਦੂਜੀ ਖੇਡ ਉਸਦੀ ਇਛਾ ਵਿਰੁੱਧ ਹੋਵੇ ਜਾਂ ਉਸਦੇ ਮੁਤਾਬਕ ਅਣ-ਸੁਖਾਵੀਂ ਵਾਪਰ
ਜਾਏ ਜਿਸ ਨੂੰ ਉਹ ਮਾੜੀ ਸਮਝਦਾ ਹੈ ਤਾਂ ਕਰਤਾਰ ਨੂੰ ਉਲਾਹਨੇ ਸ਼ੁਰੂ ਕਰ ਦੇਵੇ। ਗੁਰਬਾਣੀ ਦਾ
ਫ਼ੈਸਲਾ ਹੈ, ਅਜਿਹੇ ਮਨੁੱਖ ਨੂੰ ਪ੍ਰਭੂ ਪਿਆਰਾ ਅਥਵਾ ਪ੍ਰਭੂ ਭਗਤ ਨਹੀਂ ਕਿਹਾ ਜਾ ਸਕਦਾ। ਪ੍ਰਭੂ
ਦਾ ਸੱਚਾ ਆਸ਼ਕ ਕੇਵਲ ਉਹੀ ਹੈ, ਜਿਸਦੇ ਜੀਵਨ ਦੇ ਟਿਕਾਅ ਨੂੰ ਸੰਸਾਰ ਦੇ ਉਤਾਰ-ਚੜ੍ਹਾਵ ਵਿਗਾੜ ਨਾ
ਸਕਣ ਅਤੇ ਹਰ ਹਾਲ ਸਮਰਪਤ ਭਾਵਨਾ ‘ਚ ਰਵੇ।
2। ਗੁਰਬਾਣੀ ਅਤੇ ਅਜੌਕਾ ਸਿੱਖ- ਗੁਰਬਾਣੀ ਦਾ ਇਸ ਵਿਸ਼ੇ ਤੇ ਕੀ ਫ਼ੈਸਲਾ ਹੈ ਹੱਥਲੇ ਸਲੋਕ ਰਾਹੀਂ
ਪੂਰੀ ਤਰ੍ਹਾ ਸਪਸ਼ਟ ਹੈ। ਸਿੱਖ ਦਾ ਮੱਤਲਬ ਹੀ ਇਕੋ ਹੈ ਅਤੇ ਉਹ ਹੈ ਗੁਰਬਾਣੀ ਦੀ ਸਿਖਿਆ ਦਾ
ਪਾਬੰਦ। ਇਸਦੇ ਬਾਵਜੂਦ ਅਜ ਸਿੱਖ ਅਖਵਾਉਣ ਵਾਲੇ ਦੀ ਅਪਣੀ ਕੀ ਹਾਲਤ ਹੈ। ਸਚਮੁੱਚ ਜੇਕਰ ਸਿੱਖ
ਗੁਰਬਾਣੀ ਦੀ ਸਿਖਿਆ ਅਨੁਸਾਰੀ ਹੀ ਹੈ ਤਾਂ ‘ਸਿੱਖ’ ਅਤੇ ‘ਪ੍ਰਭੁ ਪਿਆਰਾ’ ਦੋ ਨਹੀਂ ਰਹਿ ਜਾਂਦੇ।
ਅਜ ਪੰਜਾਬ ਜਿਹੜੀ ਕਿ ਸਿੱਖ ਦੀ ਜਨਮ ਭੂਮੀ ਹੈ ਉਥੇ ਜਾ ਕੇ ਦੇਖੋ! ਕੋਈ ਮੜ੍ਹੀ ਨਹੀਂ ਬਚੀ, ਕੋਈ
ਕਬਰ ਖਾਲੀ ਨਹੀਂ, ਕੋਈ ਡੰਮੀ ਗੁਰੂ ਜਾਂ ਪਾਖੰਡੀ ਸੰਤ-ਸਾਧ-ਬਾਬਾ ਨਹੀਂ ਬਚਿਆ, ਇਥੋਂ ਤੀਕ ਕਿ
ਸ਼ਰਾਬਾਂ ਦਾ ਪ੍ਰਸ਼ਾਦ ਪ੍ਰਵਾਣ ਕਰਨ ਵਾਲੇ ਬਾਬਿਆਂ ਕੋਲ ਚਲੇ ਜਾਵੋ-ਆਮ ਅਖਉਤੀ ਸਿੱਖ ਦੀ ਤਾਂ ਗਲ
ਹੀ ਕੀ ਰਹਿ ਜਾਂਦੀ ਹੈ। ਸਿੱਖਾਂ ਦੇ ਅਜੋਕੇ ਲੀਡਰ, ਪ੍ਰਬੰਧਕ ਤੇ ਪ੍ਰਚਾਰਕ ਤੀਕ, ਸਿਰਾਂ ਤੇ
ਦਸਤਾਰਾਂ ਸਜਾ ਕੇ ਉਨ੍ਹਾਂ ਦੀਆਂ ਲਾਈਨਾ ‘ਚ ਖਲੌਤੇ ਹਨ। ਅਜੇਹੇ ਲੋਕ ਅਪਣੇ ਆਪ ਨੂੰ ਤਾਂ ਭਾਵੇਂ
ਸਿੱਖ ਅਖਵਾ ਕੇ ਅਪਣੇ ਦਿਲ ਦੀ ਤਸੱਲ਼ੀ ਕਰਦੇ ਰਹਿਣ ਪਰ ਗੁਰੂ ਪਾਤਸ਼ਾਹ ਦਾ ਅਜੇਹੇ ਲੋਕਾਂ ਲਈ ਕੀ
ਸਰਟੀਫਿ਼ਕੇਟ ਹੈ ਉਹ ਕੇਵਲ ਇਹੀ ਹੈ “ਏਹ ਕਿਨੇਹੀ ਆਸਕੀ ਦੂਜੈ ਲਗੈ ਜਾਇ” ਅਤੇ “ਆਸਕੁ ਏਹੁ ਨ
ਆਖੀਐ”।1।
ਮਹਲਾ 2 ॥ ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ ॥ ਨਾਨਕ
ਦੋਵੈ ਕੂੜੀਆ ਥਾਇ ਨ ਕਾਈ ਪਾਇ ॥ 2 ॥(474)
ਪਦ ਅਰਥ: ਸਲਾਮੁ - ਸਿਰ ਨਿਵਾਉਣਾ,
ਮੱਥੇ ਟੇਕਣਾ। ਜਬਾਬੁ - ਕਿਉਂ ਕਿੰਤੂ, ਇਤਰਾਜ਼, ਨਾਹ ਨੁੱਕਰ। ਮੁੰਢਹੁ- ਮੂਲੋਂ ਹੀ, ਉੱਕਾ ਹੀ।
ਦੋਵੇ- ਦੋਵੈ ਗਲਾਂ ਭਾਵ ਮੱਥੇ ਵੀ ਟੇਕਣੇ ਅਤੇ ਕਿਉਂ ਕਿੰਤੂ ਜਾਂ ਹੁੱਜਤਾਂ ਵੀ ਕਰਣੀਆਂ।2।
ਅਰਥ: ਜੋ ਮਨੁੱਖ ਮਾਲਕ ਪ੍ਰਭੂ ਦੇ ਹੁਕਮ ਅਗੇ ਕਦੇ ਤਾਂ ਸਿਰ ਨਿਵਾਂਦਾ ਹੈ ਅਤੇ ਕਦੇ ਉਸ ਦੇ ਕੀਤੇ
ਤੇ ਇਤਰਾਜ਼ ਕਰਦਾ ਹੈ, ਉਹ ਮਾਲਕ ਦੀ ਰਜ਼ਾ ਦੇ ਰਾਹ ਉਤੇ ਤੁਰਨ ਤੋਂ ਉੱਕਾ ਹੀ ਖੁੰਝਿਆ ਪਿਆ ਹੈ।
ਗੁਰਦੇਵ ਫ਼ੁਰਮਾਂਦੇ ਹਨ ਕਿ ਅਜਿਹੇ ਮਨੁੱਖ ਦਾ ਸਿਰ ਨਿਵਾਉਣਾ ਜਾਂ ਕਿਉਂ-ਕਿੰਤੂ ਕਰਨਾ, ਦੋਵੇਂ ਹੀ
ਝੂਠੇ ਹਨ ਅਤੇ ਇਹਨਾਂ ਦੋਹਾਂ ਕਰਣੀਆਂ ਵਿਚੋਂ ਉਸ ਦੀ ਕੋਈ ਕਰਣੀ ਵੀ ਕਰਤੇ ਦੇ ਦਰ ਤੇ ਕਬੂਲ ਨਹੀਂ
ਪੈਂਦੀ।2।
ਗੁਰਮਤਿ ਵਿਚਾਰ ਦਰਸ਼ਨ- 1। ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ- ਸੱਚੇ ਸੇਵਕ ਦਾ
ਵੱਡਾ ‘ਤੇ ਜ਼ਰੂਰੀ ਗੁਣ ਹੈ ਕਿ ਉਹ ਆਪਣੇ ਮਾਲਿਕ ਦੇ ਹਰ ਹੁਕਮ ਅਗੇ ਸਿਰ ਨਿਵਾਏ ਅਤੇ ਉਸਦੇ ਹੁਕਮ
ਦੀ ਪਾਲਨਾ ਕਰੇ। ਇਥੇ ਸੇਵਕ ਤੇ ਮਾਲਿਕ ਦੀ ਮਿਸਾਲ ਦੇ ਕੇ ਗੁਰਦੇਵ ਨੇ ਗੁਰੂ ਤੇ ਸਿੱਖ ਦੇ ਰਿਸ਼ਤੇ
ਨੂੰ ਉਘਾੜਿਆ ਹੈ। ਅਜ ਅਜਿਹੇ ਸਿੱਖ ਆਮ ਮਿਲਣਗੇ ਜੋ ਕਹਿਣ ਨੂੰ ਤਾਂ ਇਹੀ ਕਹਿੰਦੇ ਹਨ ਕਿ ਅਸੀਂ
‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਨੂੰ ਹੀ ਗੁਰੂ ਮੰਨਦੇ ਹਾਂ ਪਰ ਘਰਾਂ ‘ਚ ਪਾਖੰਡੀਆਂ ਨੂੰ
ਵੀ ਆਪਣੇ ਕੁਲ ਜਾਂ ਬਰਾਦਰੀ ਦੇ ਗੁਰੂ ਮੰਨ ਕੇ ਬੈਠੇ ਹੁੰਦੇ ਹਨ।
ਸ਼ਰਧਾ ਦੇਖੋ ਤਾਂ ਮਥੇ ਇੰਨੇ ਲੰਮੇ ਟੇਕਣਗੇ 15-15 ਮਿੰਟ ਸਿਰ ਹੀ ਨਹੀਂ ਚੁੱਕਣਗੇ, ਭਾਵੇਂ ਉਹਨਾਂ
ਪਿਛੇ ਖੜੇ ਦੂਜੇ ਮੱਥਾ ਟੇਕਣ ਵਾਲੇ ਕਿੰਨੇ ਦੁਖੀ ਪਏ ਹੁੰਦੇ ਰਹਿਣ। ਸਾਸ਼ਟਾਂਗ ਪ੍ਰਣਾਮਾਂ ਕਰਨ
ਵਾਲਿਆਂ ਦੀ ਵੀ ਕਮੀ ਨਹੀਂ। ਸੰਗਤ ‘ਚ ਬੈਠਿਆਂ ਦੇ ਨੇਤਰ ਇਸ ਤਰ੍ਹਾਂ ਬੰਦ ਦਿਸਣਗੇ ਕਿ ਵੱਡੇ ਸਮਾਧੀ
ਸਥਿਤ ‘ਤੇ ਮਸਤ ਹੋ ਕੇ ਗੁਰਬਾਣੀ ਕੀਰਤਨ ਦਾ ਰਸ ਮਾਣ ਰਹੇ ਹਨ। ਕਈਆਂ ਨੇ ਸੰਗਤ ‘ਚ ਬੈਠਿਆਂ ਗਰਦਨ
ਇੰਨੀ ਨੀਵੀ ਸੁਟੀ ਹੁੰਦੀ ਹੈ ਕਿ ਦੋਹਰੇ ਪਏ ਹੁੰਦੇ ਹਨ। ਜੇ ਸਚਮੁੱਚ ਅਜੇਹੇ ਸੱਜਣ ਮਨ ਕਰਕੇ ਬਾਣੀ
ਸੁਣ ਰਹੇ ਹੋਣ ਤਾਂਤੇ ਉਨ੍ਹਾਂ ਦੇ ਅਮਲ ‘ਚ ਵੀ ਚੜ੍ਹਦੀਆਂ ਕਲਾ ਆ ਜਾਣੀਆਂ ਚਾਹੀਦੀਆਂ ਹਨ। ਫਿ਼ਰ
ਤਾਂ ਅਜੇਹਾ ਸਭ ਮੁਬਾਰਕ ਹੀ ਕਹਿਣਾ ਪਵੇਗਾ। ਪਰ ਬਹੁਤਾ ਕਰਕੇ ਜਦੋਂ ਉਹਨਾਂ ਹੀ ਸੱਜਣਾਂ ਦੀ ਕਰਣੀ
ਵਲ ਨਿਗਾਹ ਮਾਰੋਂ ਤਾਂ ਮਨ ਤੜਫ ਉਠਦਾ ਹੈ।
ਘਰਾਂ ‘ਚ ਜਾਵੇ ਤਾਂ ਦੁਨੀਆ ਭਰ ਦੇ ਸਗਨ-ਅਪਸਗਨ, ਥਿੱਤ-ਵਾਰ ਤੇ ਸਵੇਰ ਸ਼ਾਮ ਦੇ ਭਰਮ, ਰੀਤਾਂ ਦੀ
ਜਕੜ ਕਿਸੇ ਪਾਸਿਓ ਛੁਟਕਾਰਾ ਨਹੀਂ। ਜਾਤ ਬਿਰਾਦਰੀਆਂ ‘ਚ ਫਸੇ ਸੋਢੀ, ਬੇਦੀ, ਜੱਟ, ਭਾਪੇ, ਮਜ਼੍ਹਬੀ
ਦੇ ਵਖਰੇਵੇਂ ਸਿ਼ਖਰਾਂ ਤੇ। ਬਹੁਤਿਆਂ ਦੇ ਤਾਂ ਬੋਤਲਾਂ ਦੇ ਮੂੰਹ ਹੀ ਹਰ ਸਮੇਂ ਖੁਲ੍ਹੇ ਮਿਲਣਗੇ,
ਦੂਜੇ ਪਾਸੇ ਪਾਹੁਲ ਲੈਣ ਦੀ ਲੋੜ ਹੀ ਨਹੀਂ। ਕਈ ਵਾਰੀ ਤਾਂ ਕੁਝ ਦੀ ਸੂਰਮਤਾਈ ਹੀ ਇਸ ਗਲ ‘ਚ ਹੁੰਦੀ
ਹੈ, “ਅਸਾਂ ਗੁਰਮਤਿ, ਗੁਰਬਾਣੀ ਜਾਂ ਸਿੱਖੀ ਦੀ ਗਲ ਚੋਂ ਕੀ ਲੈਣਾ। ਦੇਖੋ ਜੀ! ਜਿਸ ਸਮਾਜ ‘ਚ ਵਸਣਾ
ਹੈ, ਉਸ ਨੂੰ ਵੀ ਤਾਂ ਦੇਖਣਾ ਪੈਂਦਾ ਹੈ। ਫਿਰ ਜਾਤ ਬਿਰਾਦਰੀ ਦੇ ਕੰਮ ਛਡੇ ਥੋੜੀ ਜਾ ਸਕਦੇ ਨੇ”
ਅਤੇ ਹੋਰ ਬਹੁਤ ਕੁਝ।
ਇਸ ਸਲੋਕ ਵਿਚ ਪਾਤਸ਼ਾਹ ਸਪਸ਼ਟ ਫੈਸਲਾ ਦਿੰਦੇ ਹਨ ਕਿ ਅਜਿਹੇ ਮਨੁੱਖ ਜਿਹੜੇ ਮੱਥੇ ਤਾਂ ਲੰਮੇ ਲੰਮੇ
ਟੇਕਦੇ ਹਨ ਪਰ ਨਾਲ ਹੀ ਗੁਰੂ ਦੀ ਆਗਿਆ ਉਪਰ ਕਿਉਂ-ਕਿੰਤੂ ਵੀ ਕਰਦੇ ਹਨ ਜਾਂ ਉਸ ਵਿਰੁਧ ਚਲਦੇ ਹਨ।
ਜੋ ਗਲ ਉਹਨਾਂ ਦੀ ਇਛਾ ਮੁਤਾਬਕ ਹੋਵੇ ਤਾਂਤੇ ਵਡੇ ਸ਼ਰਧਾਲੂ ‘ਤੇ ਗੁਰੂ ਨਾਲ ਪਿਆਰ ਕਰਨ ਵਾਲੇ ਸਿੱਖ
ਹੀ ਕੇਵਲ ਉਹੀ ਨਜ਼ਰ ਆਉਂਦੇ ਹਨ। ਮਰਜ਼ੀ ਵਿਰੁਧ ਹੋਵੇ ਤਾਂ ਗੁਰਦੁਆਰੇ ਆਉਣਾ ਤੀਕ ਬੰਦ ਕਰ ਦਿੰਦੇ
ਹਨ। ਗੁਰਦੇਵ ਫੈਸਲਾ ਦਿੰਦੇ ਹਨ ਇਹੋ ਜਿਹੇ ਮਨੁੱਖਾਂ ਦਾ ਮੱਥੇ ਟੇਕਣਾ, ਗੁਰਦੁਆਰੇ ਆਉਣਾ ਤੇ ਨਾਲ
ਹੀ ਗੁਰੂ ਦੇ ਹੁਕਮਾਂ-ਉਪਦੇਸ਼ਾਂ-ਸਿਖਿਆ ਤੇ ਕਿਉਂ-ਕਿੰਤੂ ਵੀ ਕਰਨਾ- ਇਨ੍ਹਾਂ ਦੀਆਂ ਦੋਵੇਂ ਹੀ
ਕਰਣੀਆਂ ਦੀ ਕੋਈ ਵੁਕਤ ਨਹੀਂ। ਅਜੇਹੇ ਮਨੁੱਖ ਅਸਲ ‘ਚ ਮੁਢੋਂ ਹੀ ਖੁੰਝੇ ਹੁੰਦੇ ਹਨ। ਸਾਨੂੰ ਇਸ
ਚੇਤਾਵਨੀ ਵਲ ਧਿਆਨ ਦੇ ਕੇ ਆਪਣੇ ਜੀਵਨ ਨੂੰ ਇਸ ਪਖੋਂ ਘੋਖਣ ਦਾ ਜਤਨ ਕਰਨਾ ਚਾਹੀਦਾ ਹੈ ਕਿ ਅਸੀਂ
ਕਿਥੇ ਖੜੇ ਹਾਂ?।2।
ਪਉੜੀ ॥ ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮ੍ਾਲੀਐ ॥
ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ॥ ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ
ਨਿਹਾਲੀਐ ॥ ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ ॥ ਕਿਛੁ ਲਾਹੇ ਉਪਰਿ ਘਾਲੀਐ ॥ 21 ॥
(474)
ਪਦ ਅਰਥ: ਜਿਤੁ- (ਇਕਵਚਨ) ਜਿਸ
ਅਕਾਲਪੁਰਖੁ ਨੂੰ। ਜਿਤੁ ਸੇਵਿਐ- ਜਿਸ ਅਕਾਲਪੁਰਖੁ ਦੀ ਯਾਦ ‘ਚ ਰਹਿਕੇ। ਸੁਖੁ- ਜੀਵਨ ਦਾ ਟਿਕਾਅ,
ਸਦੀਵੀ ਸੁਖੁ (ਇਕਵਚਨ- ਸੰਸਾਰਕ ਸੁਖ ਨਹੀਂ ਬਲਕਿ ਜੀਵਨ ਦਾ ਸਦੀਵੀ ਸੁਖ)। ਸਮਾਲੀਐ - ਚੇਤੇ ‘ਚ
ਰਖਣਾ ਚਾਹੀਦਾ ਹੈ, ਕਦੇ ਭੁਲਣਾ ਨਹੀਂ ਚਾਹੀਦਾ। ਜਿਤੁ- ਜਿਸ ਕੰਮ ਦੇ ਕਰਨ ਨਾਲ। ਸਾ ਘਾਲ ਬੁਰੀ ਕਿਉ
ਘਾਲੀਐ- ਉਹੋ ਜਹੀ ਮਿਹਨਤ ਜਾਂ ਕੰਮ ਨਾ ਕਰੀਏ ਜਿਹੜਾ ਕਰਤੇ ਦੀ ਦਰਗਾਹ ‘ਚ ਥਾਏਂ ਪੈਣ ਵਾਲਾ ਨਾ
ਹੋਵੇ। ਮੂਲਿ ਨ ਕੀਚਈ- ਉੱਕਾ ਨਹੀਂ ਕਰਨਾ ਚਾਹੀਦਾ। ਦੇ ਲੰਮੀ ਨਦਰਿ- ਦੂਰ ਅੰਦੇਸ਼ੀ ਨਾਲ, ਡੂੰਘੀ
ਨਜ਼ਰ ਨਾਲ। ਅਕਾਲਪੁਰਖੁ ਦੇ ਨਿਰਮਲ ਭਉ ‘ਚ ਰਹਿਕੇ। ਨਿਹਾਲੀਐ- ਵੇਖਣਾ ਚਾਹੀਦਾ ਹੈ। ਜਿਉ-ਜਿਸ
ਤਰ੍ਹਾਂ, ਜਿਸ ਤਰੀਕੇ। ਜਿਉ ਸਾਹਿਬ ਨਾਲ ਨਾ ਹਾਰੀਐ- ਜਿਸ ਤਰੀਕੇ ਕਰਤਾਰ ਨਾਲ ਨਾ ਟੁੱਟੇ। ਤੇਵੇਹਾ-
ਉਹੋ ਜਿਹਾ। ਪਾਸਾ ਢਾਲੀਐ- ਖੇਡ ਖੇਡਣੀ ਚਾਹੀਦੀ ਹੈ, ਉੱਦਮ ਕਰਨਾ ਚਾਹੀਦਾ ਹੈ। ਘਾਲੀਐ- ਘਾਲ ਘਾਲਣੀ
ਚਾਹੀਦੀ ਹੈ, ਕਮਾਈ ਕਰਨੀ ਚਾਹੀਦੀ ਹੈ।21।
ਅਰਥ: ਜਿਸ ਅਕਾਲਪੁਰਖੁ ਦੀ ਯਾਦ ‘ਚ ਰਹਿਕੇ ਜੀਵਨ ਦਾ ਸਦੀਵੀ ਸੁਖ ਮਿਲਦਾ ਹੈ, ਉਸ ਮਾਲਕ ਨੂੰ ਸਦਾ
ਚੇਤੇ ‘ਚ ਰਖਣਾ ਚਾਹੀਦਾ ਹੈ ਭਾਵ ਜੀਵਨ ਦਾ ਜੋ ਵੀ ਕਾਰ-ਵਿਹਾਰ ਕਰਨਾ ਹੈ ਪ੍ਰਭੁ ਨੂੰ ਵਿਸਾਰ ਕੇ
ਨਹੀਂ ਬਲਕਿ ਸਦਾ ਉਸਦੇ ਨਿਰਮਲ ਭਉ ‘ਚ ਰਹਿਕੇ ਕਰਨਾ ਚਾਹੀਦਾ ਹੈ।
ਜਦੋਂ (ਸਪਸ਼ਟ ਹੈ ਕਿ) ਮਨੁੱਖ ਨੇ ਆਪਣੇ ਕੀਤੇ ਦਾ ਫਲ ਆਪ ਹੀ ਭੋਗਣਾ ਹੈ ਤਾਂ ਫਿਰ ਕੋਈ ਅਜੇਹੀ
ਮਾੜੀ ਕਰਣੀ ਨਹੀਂ ਕਰਨੀ ਚਾਹੀਦੀ ਜਿਸ ਦਾ ਮਾੜਾ ਫਲ ਭੋਗਣਾ ਪਏ। ਮਾੜਾ ਕੰਮ ਭੁੱਲ ਕੇ ਵੀ ਨਾ ਕਰੀਏ
ਅਤੇ ਗਹਿਰੀ ਡੂੰਘੀ ਵਿਚਾਰ ਵਾਲੀ ਨਜ਼ਰ ਨਾਲ ਤੱਕਣਾ ਚਾਹੀਦਾ ਹੈ ਕਿ ਕਿਸ ਕੰਮ ਦਾ ਕੀ ਸਿੱਟਾ
ਨਿਕਲੇਗਾ।
ਇਹੋ ਜਿਹਾ ਉੱਦਮ ਹੀ ਕਰਨਾ ਚਾਹੀਦਾ ਹੈ, ਜਿਸ ਕਰਕੇ ਪ੍ਰਭੂ ਖਸਮ ਨਾਲ ਪ੍ਰੀਤ ਨਾ ਟੁੱਟੇ। ਤਾਂਤੇ
(ਮਨੁੱਖਾ ਜਨਮ ਪਾ ਕੇ) ਕੋਈ ਨਫੇ ਵਾਲੀ ਘਾਲ ਹੀ ਕਰਨੀ ਚਾਹੀਦੀ ਹੈ।21।
ਗੁਰਮਤਿ ਵਿਚਾਰ ਦਰਸ਼ਨ- 1. ਜਿਤੁ ਸੇਵਿਐ ਸੁਖੁ ਪਾਈਐ- ਸੰਸਾਰਕ ਸੁਖ ਜਾਂ ਦੁਖ, ਦਰਅਸਲ ਮਨੁੱਖ ਦੇ
ਅਪਣੇ ਮਨ ਦਾ ਹੀ ਭੁਲੇਖਾ ਹੁੰਦੇ ਹਨ। ਜੀਵਨ ਦੇ ਅਜੇਹੇ ਉਤਾਰ-ਚੜ੍ਹਾਵ ਹੀ ਹੁੰਦੇ ਹਨ ਜਿਨ੍ਹਾਂ
ਕਾਰਨ ਮਨੁੱਖ ਸਾਰਾ ਜੀਵਨ, ਬਲਕਿ ਆਖਿਰੀ ਸੁਆਸ ਤੀਕ ਭਟਕਣਾ-ਤ੍ਰਿਸ਼ਣਾ ਦੀ ਭੱਠੀ ‘ਚ ਸੜਦਾ, ਅੰਤ
ਜੀਵਨ ਬਰਬਾਦ ਕਰਕੇ ਚਲਾ ਜਾਂਦਾ ਹੈ। ਇਸਦੇ ਉਲਟ ਸਦੀਵੀ ਸੁਖ ਤੇ ਅਨੰਦ ਭਾਵ ਜੀਵਨ ਦਾ ਟਿਕਾਅ ਤੇ
ਸੰਤੋਖ ਜਾਂ ਆਤਮਕ ਸ਼ਾਂਤੀ ਕੇਵਲ ਕਰਤਾਰ ਦੀ ਰਜ਼ਾ ‘ਚ ਚਲਕੇ ਹੀ ਮਨੁੱਖ ਨੂੰ ਹਾਸਲ ਹੋ ਸਕਦੀ ਹੈ।
ਗੁਰਦੇਵ ਫ਼ੈਸਲਾ ਦੇਂਦੇ ਹਨ ਤਾਂਤੇ ਇਹੀ ਲੋੜ ਹੈ ਕਿ ਮਨੁੱਖ ਨੂੰ ਸਦਾ ਕਰਤੇ ਦੀ ਸਿਫ਼ਤ ਸਲਾਹ ਹੀ
ਕਰਣੀ ਚਾਹੀਦੀ ਹੈ। ਸਦਾ ਕਰਤਾਰ ਦੇ ਨਿਰਮਲ ਭਉ ‘ਚ ਹੀ ਵਿਚਰਣਾ ਚਾਹੀਦਾ ਹੈ ਤਾਕਿ ਜਿ਼ੰਦਗੀ ਦਾ
ਟਿਕਾਅ ਆਖਿਰੀ ਸੁਆਸ ਤੀਕ ਬਣਿਆ ਰਵੇ, ਸੱਚਾ ਸੁਖ ਕਦੇ ਮੁੱਕੇ ਹੀ ਨਾ।
2। ਕਿਛੁ ਲਾਹੇ ਉਪਰਿ ਘਾਲੀਐ - ਸਾਨੂੰ ਸਮਝ ਕੇ ਚਲਣਾ ਹੈ ਕਿ ਮਨੁੱਖਾ ਜਨਮ ਕੇਵਲ ਸਮਾਂ
ਕੱਟੀ ਜਾਂ ਖਾਓ-ਪੀਓ ਤੇ ਐਸ਼ ਕਰੋ ਲਈ ਨਹੀਂ। ਇਹ ਕੱਚੇ ਰਸ ਸਾਡੇ ਜੀਵਨ ਨੂੰ ਕਦੇ ਵੀ ਸੁਖੀ ਨਹੀਂ
ਕਰ ਸਕਦੇ ਅਤੇ ਨਾ ਹੀ ਇਹ ਇਸ ਅਮੁਲੇ ਜੀਵਨ ਦਾ ਮਕਸਦ ਹੀ ਹਨ। ਜੀਵਨ ਦਾ ਸਦੀਵੀ ਸੁਖ ਕੇਵਲ ਪ੍ਰਭੁ
ਦੇ ਰੰਗ ‘ਚ ਰੰਗੇ ਰਹਿ ਕੇ ਹੀ ਮਿਲ ਸਕਦਾ ਹੈ ਉਂਝ ਨਹੀਂ। ਵੱਡੀ ਲੋੜ ਹੈ, ਮਨੁੱਖਾ ਜਨਮ ਪਾਕੇ
ਮਨੁੱਖ ਨੂੰ ਦੂਰ ਅੰਦੇਸ਼ੀ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਇਨ੍ਹਾਂ ਸੁਆਸਾਂ ਨੂੰ ਬਰਬਾਦ ਨਹੀਂ
ਕਰਨਾ ਚਾਹੀਦਾ। ਕੇਵਲ ਉਹੀ ਕਰਣੀ ਬਨਾਉਣੀ ਚਾਹੀਦੀ ਹੈ ਜਿਸ ਤੋਂ ਜੀਵ ਕਰਤਾਰ ਦੇ ਦਰ ਤੇ ਸੁਰਖਰੂ
ਹੋਵੇ ਅਤੇ ਮੁੜ ਜਨਮ-ਮਰਣ ਦੇ ਗੇੜ੍ਹ ‘ਚ ਨਾ ਪਵੇ। ਇਹੀ ਹੈ ਜੀਵ ਲਈ ਇਸ ਜੀਵਨ ਦਾ ਲਾਹਾ ਅਤੇ ਜੀਂਦੇ
ਜੀਅ ਜੀਵਨ ‘ਚ ਮਸਤੀ, ਖੇੜਾ ਤੇ ਅਨੰਦ ਅਤੇ ਬਾਦ ‘ਚ ਪ੍ਰਭੁ ‘ਚ ਅਭੇਦ ਹੋ ਜਾਣਾ।
ਪਉੜੀ ਅਤੇ ਸਲੋਕਾਂ ਦੀ ਆਪਸੀ ਸਾਂਝ: ਲੜੀ ਵਾਰ ਪਹਿਲੇ ਸਲੋਕ ‘ਚ ਦਸਿਆ ਹੈ ਕਿ ਪ੍ਰਭੁ ਪਿਆਰਾ ਜਾਂ
ਆਸ਼ਕ ਉਸਨੂੰ ਨਹੀਂ ਕਿਹਾ ਜਾ ਸਕਦਾ ਜੋ ਸੰਸਾਰ ਦੀ ਦੌੜ ‘ਚ ਕਰਤਾਰ ਨੂੰ ਵੀ ਭੁਲਿਆ ਰਵੇ ਤੇ ਨਾਲ ਹੀ
ਉਸਦੀਆਂ ਕਰਣੀਆਂ-ਖੇਡਾਂ ਉਪਰ ਵੀ ਕਿਉਂ-ਕਿੰਤੂ ਕਰਦਾ ਰਵੇ। ਦੂਜੇ ਸਲੋਕ ‘ਚ ਪੱਕਾ ਕੀਤਾ ਹੈ ਕਿ
ਕਰਤਾਰ ਦੀ ਕਰਣੀ ਉਪਰ ਕਿਉਂ-ਕਿੰਤੂ ਦੇ ਸੁਭਾਅ ਵਾਲਾ ਮਨੁੱਖ ਬਾਹਰੋਂ ਭਾਵੇਂ ਕਿੰਨਾ ਵੀ ਧਾਰਮਕ ਤੇ
ਪ੍ਰਭੁ ਪਿਆਰਾ ਬਣਦਾ ਫਿ਼ਰੇ ਪਰ ਕਰਤਾਰ ਦੀ ਦਰਗਾਹ ‘ਚ ਕਬੂਲ ਹੋਣ ਲਈ ਤਨੋ-ਮਨੋ ਜੀਵਨ ਨੂੰ ਉਸਦੇ
ਰੰਗ ‘ਚ ਰੰਗਣ ਦੀ ਲੋੜ ਹੈ।
ਦੇਖਣ ਦੀ ਗਲ ਹੈ ਕਿ ਜਿਹੜਾ ਭਾਵ ਪਉੜੀ ‘ਚ ਦਿਤਾ ਹੈ, ਸਲੋਕਾਂ ਰਾਹੀ ਪ੍ਰਭੁ ਦੀ ਉਸੇ ਸੱਚੀ ਯਾਦ
ਨੂੰ ਮਨ ਵਿਚ ਵਸਾਉਣ ਦਾ ਢੰਗ ਸਮਝਾਇਆ ਅਤੇ ਮਨ ਦੇ ਕੁਰਾਹੇ ਪੈਣ ਤੋਂ ਚੇਤਾਵਨੀ ਦਿਤੀ ਹੈ। ਇਹ ਵੀ
ਸਪਸ਼ਟ ਕੀਤਾ ਹੈ ਕਿ ਮਨੁੱਖਾ ਜਨਮ ਅਮੁਲਾ ਹੈ ਤੇ ਮਨੁੱਖ ਦਾ ਕੁਰਾਹੇ ਪੈਣਾ ਕੀ ਹੈ, ਜਿਸਤੋਂ ਕਿ
ਇਨਸਾਨ ਨੂੰ ਪੂਰੀ ਤਰ੍ਹਾਂ ਬਚਣ ਦੀ ਲੋੜ ਹੈ।21।