ਫਰੀਦਾ
ਲੋੜੈ ਦਾਖ ਬਿਜਉਰੀਆਂ, ਕਿਕਰਿ ਬੀਜੈ ਜਟੁ
ਗੁਰਸ਼ਰਨ ਸਿੰਘ
ਕਸੇਲ, ਕਨੇਡਾ
ਇਸ ਸਲੋਕ ਰਾਹੀਂ ਫਰੀਦ ਜੀ ਜਨਤਾ
ਨੂੰ ਉਸ ਜਿਮੀਦਾਰ ਦੀ ਉਦਾਹਰਣ ਦੇ ਕੇ ਸਮਝਾਉਂਦੇ ਹਨ, ਜੋ ਬੀਜਦਾ ਤਾਂ ਕਿਕਰਾਂ ਹੈ ਪਰ ਆਸ ਕਰਦਾ ਹੈ
(ਬਿਜੌਰ ਦੇ ਇਲਾਕੇ ਦਾ) ਅੰਗੂਰ ਖਾਣ ਦੀ ਅਤੇ (ਸਾਰੀ ਉਮਰ) ਉਨੱ ਕਤਦਾ ਫਿਰਦਾ ਹੈ, ਪਰ ਰੇਸ਼ਮ
ਪਹਿਨਣਾ ਚਾਹੁੰਦਾ ਹੈ। ਇਸੇ ਤਰ੍ਹਾਂ ਹੀ ਅੱਜ ਸਿੱਖ ਧਰਮ/ ਕੌਮ ਦੇ ਬਹੁ-ਗਿਣਤੀ ਲੀਡਰਾਂ ਅਤੇ
ਪ੍ਰਚਾਰਕਾਂ ਦਾ ਕਿਰਦਾਰ ਅਤੇ ਸਿੱਖਾਂ ਦੀ ਧਾਰਮਿਕ ਅਵਸਥਾ ਹੈ। ਇਸ ਦਾ ਮੁੱਖ ਕਾਰਨ ਅੱਜ ਬਹੁਤੇ ਬਣੇ
ਸਿੱਖ ਲੀਡਰ ਅਤੇ ਪ੍ਰਚਾਰਕ ਆਪ ਵੀ ਗੁਰਮਤਿ ਸਿਧਾਂਤ ਤੋਂ ਸਪਸ਼ਟ ਨਹੀਂ ਹਨ। ਉਹ ਧਾਰਮਿਕ ਕਰਮ ਤਾਂ
ਹਿੰਦੂ ਧਰਮ ਦੇ ਮੰਨੇ ਜਾਂਦੇ ਦੇਵੀ ਦੇਵਤਿਆਂ ਅਤੇ ਹੋਰ ਸਿਧਾਂਤਕ ਵਿਧੀਆਂ ਨੂੰ ਹੀ ਮੰਨਦੇ ਹਨ ਪਰ
ਮੂੰਹ ਤੋਂ ਗੱਲਾਂ ਸੱਭ ਤੋਂ ਨਿਆਰੇ ਖਾਲਸੇ ਦੇ ਧਰਮ ਦੀਆਂ ਕਰਦੇ ਹਨ । ਇਹੀ ਕਾਰਨ ਹੈ, ਕਿ ਸਿੱਖ
ਕੌਮ ਅੱਜ ਤੀਕਰ ਆਪਣਾ ਹਿੰਦੂ ਧਰਮ ਨਾਲੋਂ ਵੱਖਰਾ ਅਨੰਦ ਕਾਰਜ ਐਕਟ (ਮੈਰਜ ਐਕਟ) ਵੀ ਲਾਗੂ ਨਹੀਂ
ਕਰਵਾ ਸਕੀ; ਉਂਝ ਭਾਂਵੇਂ ਬਿਆਨ ਦੇਣ ਜਾਂ ਨਾਹਰੇ ਲਾ ਕੇ ਵੱਡੇ ਵੱਡੇ ਦਾਅਵੇ ਕਰਦੇ ਰਹਿੰਦੇ ਹਨ।
ਸਾਡੇ ਕਈ ਬਣੇ ਜਾਂ ਬਣਾਏ ਗਏ
ਲੀਡਰਾਂ, ਧਾਰਮਿਕ ਆਗੂਆਂ ਅਤੇ ਪ੍ਰਚਾਰਕਾਂ ਨੂੰ ਤਾਂ ਆਪਣੀ ਕਹੀ ਹੋਈ ਗੱਲ ਯਾਦ ਨਹੀਂ ਰਹਿੰਦੀ । ਇਸ
ਦਾ ਕੀ ਕਾਰਨ ਹੈ, ਇਹ ਤਾਂ ਉਹ ਹੀ ਜਾਣਦੇ ਹਨ; ਪਰ ਆਮ ਸਿੱਖ ਤਾਂ ਸਮਝਦਾ ਹੈ ਕਿ ਜਾਂ ਤਾਂ ਉਹ ਆਪਣੇ
ਦਿਮਾਗ ਦਾ ਸੰਤੁਲਣ ਗਵਾ ਬੈਠੇ ਹਨ ਜਾਂ ਸਿੱਖ ਧਰਮ ਦੇ ਵਿਰੋਧੀਆਂ ਕੋਲੋ ਆਪਣੀ ਆਪਣੀ ਕੀਮਤ ਲੈ
ਚੁੱਕੇ ਹਨ। ਇਸ ਗੱਲ ਦੀ ਉਦਾਹਰਣ ਇਹ ਵੀ ਹੈ ਕਿ, ਸਾਰੀ ਸਿੱਖ ਕੌੰਮ ਹਰ ਰੋਜ ਅਰਦਾਸ ਵੇਲੇ ਬੋਲਦੀ
ਹੈ ਕਿ “ਸੱਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ” ਅਤੇ ਪੰਥਕ ਰਹਿਤ ਮਰਯਾਦਾ ਦੇ ਗੁਰਦੁਆਰੇ
ਸਰਲੇਖ ਹੇਠ ਵੀ ਲਿਖਿਆ ਹੈ ਕਿ : (ਹ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ(ਤੁੱਲ) ਕਿਸੇ ਪੁਸਤਕ
ਨੂੰ ਅਸਥਾਪਨ ਨਹੀਂ ਕਰਨਾ। ਗੁਰਦੁਆਰੇ ਵਿਚ ਕੋਈ ਮੂਰਤੀ-ਪੂਜਾ ਜਾਂ ਹੋਰ ਗੁਰਮਿਤ ਦੇ ਵਿਰੁੱਧ ਕੋਈ
ਰੀਤੀ ਜਾਂ ਸੰਸਕਾਰ ਨਾ ਹੋਵੇ, ਨਾ ਹੀ ਕੋਈ ਅਨਮਤ ਦਾ ਤਿਉਹਾਰ ਮਨਾਇਆ ਜਾਵੇ”। ਪਰ ਇਸ ਦੇ ਉਲਟ ਫਿਰ
ਵੀ ਆਪਣੇ ਆਪ ਨੂੰ ਧਰਮ ਦੇ ਜਥੇਦਾਰ ਅਖਵਾਉਣ ਵਾਲਿਆਂ ਦੀ ਹਾਜਰੀ ਵਿੱਚ ਕੁਝ ਸਿੱਖ ਧਰਮ ਦੇ ਠੇਕੇਦਾਰ
ਸਮਝਣ ਵਾਲੇ ਡੇਰੇਦਾਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼
ਕਰਕੇ “ਸ਼ਬਦ ਗੁਰੂ” ਦਾ ਘੋਰ ਅਪਮਾਨ ਕੀਤਾ ਹੈ ਅਤੇ ਕਈ ਗੁਰਦੁਆਰਿਆਂ ਵਿੱਚ ਹਾਲੀ ਵੀ ਕਰ ਰਹੇ ਹਨ ।
ਜਿਸ ਨਾਲ ਗੁਰਮਤਿ ਸਿਧਾਂਤ ਦਾ ਘੋਰ ਅਪਮਾਨ ਜਾਰੀ ਹੈ। ਜਿਵੇਂ ਇਸ ਸਮੇਂ ਕਈ ਸਿੱਖ ਅਖੌਤੀ ਦਸਮ
ਗ੍ਰੰਥ ਦੀ ਅਸਲੀਅਤ ਨੂੰ ਜਾਣ ਗਏ ਹਨ ਪਰ ਹਾਲੀ ਵੀ ਕੁਝ ਅਜਿਹੇ ਸਾਡੇ ਵੀਰ ਹਨ ਜੋ “ਮੈਂ ਨਾ ਮਾਨੂੰ”
ਵਾਲੀ ਬਿਰਤੀ ਦੇ ਧਾਰਨੀ ਹਨ, ਉਹ ਅਜੇ ਵੀ ਪੰਥ ਵਿਰੋਧੀ ਬਾਬਿਆਂ ਦੀ ਹਾਂ, ਵਿੱਚ ਹਾਂ, ਮਿਲਾ ਰਹੇ
ਹਨ। ਇਸ ਅਖੌਤੀ ਗ੍ਰੰਥ ਵਿੱਚ ਗੁਰਮਤਿ ਸਿਧਾਂਤ ਦੇ ਉਲਟ ਤਾਂ ਬਹੁਤ ਕੁਝ ਹੈ ਹੀ; ਦੂਜੇ ਪਾਸੇ ਇਸ
ਗ੍ਰੰਥ ਦੇ ਤਕਰੀਬਨ 550 ਪੰਨੇ ਸਿਰਫ “ਪਖਯਾਨ ਚਰਿਤ੍ਰੋ" ਦੇ ਗੰਦ ਨਾਲ ਹੀ ਭਰੇ ਹਨ । ਜਿਸ ਵਿੱਚ
ਔਰਤ ਜਾਤੀ ਦੀ ਬੇਇਜ਼ਤੀ ਅਤੇ ਭੰਗ, ਅਫੀਮ, ਸ਼ਰਾਬ ਆਦਿਕ ਨਸ਼ਿਆਂ ਦੇ ਖਾਣ ਬਾਰੇ ਲਿਖ ਲਿਖ ਕੇ ਹੀ ਭਰੇ
ਹੋਏ ਹਨ। ਦੁੱਖ ਦੀ ਗੱਲ ਤਾਂ ਇਹ ਹੈ, ਕਿ ਸਿਖੀ ਪਹਿਰਾਵੇ ਵਿੱਚ ਵਿਚਰ ਰਹੇ ਅਜਿਹੇ ਪੰਥ ਵਿਰੋਧੀ
ਸਾਧ ਬਾਬੇ ਇਨ੍ਹਾਂ ਅਤਿ-ਅਸ਼ਲੀਲ ਕਹਾਣੀਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮੂੰਹ ਵਿੱਚ ਪਾ
ਰਹੇ ਹਨ। ਅਖੌਤੀ ਦਸਮ ਗ੍ਰੰਥ ਦੀ ਹਮਾਇਤ ਕਰਨ ਵਾਲੇ ਇਹ ਧਾਰਮਿਕ ਤੇ ਸਿਆਸੀ ਲੀਡਰ ਸ਼ਾਇਦ ਇਹ ਭੁੱਲ
ਗਏ ਹਨ ਕਿ ਜਿਸ ਔਰਤ ਜਾਤ ਨੂੰ ਇਹ ਅਸ਼ਲੀਲ, ਧੋਖੇਬਾਜ, ਫਰੇਬੀ, ਵਿਸ਼ਵਾਸਘਾਤੀ ਆਦਿਕ ਆਖ ਰਹੇ ਹਨ, ਇਸ
ਔਰਤ ਜਾਤ ਵਿੱਚੋਂ ਹੀ ਕੋਈ ਇਹਨਾਂ ਦੀ ਮਾਂ, ਭੈਣ, ਪਤਨੀ, ਧੀ ,ਨੂੰਹ ਆਦਿਕ ਵੀ ਹੈ। ਅਜਿਹੇ ਲੋਕ
ਮੂੰਹ ਜਬਾਨੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾਂ ਦੇ ‘ਗੁਰੂ’ ਮੰਨਦੇ ਹਨ ਪਰ ਕੋਸਿਸ
ਅਖੌਤੀ ਦਸਮ ਗ੍ਰੰਥ ਨੂੰ ਸਿੱਖਾਂ ਦਾ ਗੁਰੂ ਬਣਾਉਣ ਦੀ ਕਰ ਰਹੇ ਹਨ। ਇਸ ਕਰਕੇ ਅਜਿਹੇ ਬੇਹਰੂਬੀਆਂ
ਉਪਰ ਸਿੱਖਾਂ ਨੂੰ ਨਜ਼ਰ ਰੱਖਣ ਦੀ ਲੋੜ ਹੈ। ਗੁਰਬਾਣੀ ਇਸ ਤਰ੍ਹਾ ਦੇ ਲੋਕਾਂ ਦੀਆਂ ਗੱਲਾਂ ‘ਤੇ ਯਕੀਨ
ਕਰਨ ਵਾਲਿਆਂ ਨੂੰ ਸਾਵਧਾਨ ਕਰਦੀ ਹੈ: ਦਿਲਹੁ ਮੁਹਬਤਿ ਜਿੰਨ੍, ਸੇਈ
ਸਚਿਆ ॥ ਜਿਨ੍ ਮਨਿ ਹੋਰੁ ਮੁਖਿ ਹੋਰੁ, ਸਿ ਕਾਂਢੇ ਕਚਿਆ ॥(ਭਗਤ ਫਰੀਦ ਜੀ, ਪੰਨਾ 488)
ਅੱਜ ਅਸੀਂ ਆਪਣੇ ਆਪ ਨੂੰ “ਸ਼ਬਦ
ਗੁਰ” ਦੇ ਧਾਰਨੀ ਕਹਿਣ ਵਾਲੇ, ਹਿੰਦੂ ਧਰਮ ਦੇ ਪੰਡਤਾਂ ਦੇ ਟੇਵੇ ਤੇ ਜਨਮ ਪੱਤਰੀਆਂ ‘ਤੇ ਯਕੀਨ
ਬਣਾਈ ਬੈਠੇ ਹਾਂ। ਜਿੰਨੇ ਸਿੱਖ ਪੰਡਤਾਂ ਕੋਲੋ ਮੁੰਦਰੀਆਂ ਵਿੱਚ ਨੱਗ ਤੇ ਮੋਲੀ ਦੇ ਧਾਗੇ ਲੈ ਰਹੇ
ਹਨ ਉਨ੍ਹੇ ਸ਼ਾਇਦ ਹਿੰਦੂ ਵੀ ਨਹੀਂ ਲੈਂਦੇ। ਭਾਂਵੇਂ ਕਿ ਹਿੰਦੂ ਧਰਮ ਅਨੁਸਾਰ ਹਿੰਦੂ ਵੀਰਾਂ ਨੂੰ
ਮੁਬਾਰਕ ਹੈ। ਅੱਜ ਕਈ ਸਿੱਖ ਕਿਸੇ ਵੀ ਅਖੌਤੀ ਬਾਬੇ ਦੀ ਸਮਾਧ ਉਤੇ ਮੱਥਾ ਟੇਕਣਾ ਪਹਿਲਾਂ ਫਰਜ਼
ਸਮਝਦੇ ਹਨ। ਇਸ ਸਮੇਂ ਵਿਹਲੜ ਫਿਰ ਰਹੇ ਅਖੌਤੀ ਸੰਤ ਬਾਬੇ ਜੋ ਆਪਣੀਆਂ ਮਨ ਘੜ੍ਹਤ ਕਥਾ ਕਵਿਤਾਂਵਾਂ
ਜੋੜ ਕੇ ਚਿਮਟਿਆਂ, ਛੈਣਿਆਂ ਨਾਲ ਗਾਇਨ ਕਰਕੇ ਗੁਰਬਾਣੀ ਦੇ ਸਿਧਾਂਤ ਨੂੰ ਤੋੜ ਮਰੋੜ ਕੇ ਪੈਸੇ
ਇਕੱਠੇ ਕਰ ਰਹੇ ਹਨ; ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਵੀ ਕਈ ਚੰਗੇ ਚੰਗੇ ਪੜ੍ਹੇ ਲਿਖੇ
ਸਜਣ ਉਨ੍ਹਾਂ ਦੇ ਪੈਰਾਂ ‘ਤੇ ਡਿੱਗਣ ਤੋਂ ਜ਼ਰਾ ਵੀ ਸੰਕੋਚ ਨਹੀਂ ਕਰਦੇ। ਅੱਜ ਦੇ ਅਜਿਹੇ ਗੁਰਮਤਿ
ਸਿਧਾਂਤ ਦੇ ਉਲਟ ਪ੍ਰਚਾਰ ਕਰਨ ਵਾਲੇ ਅਖੌਤੀ ਬ੍ਰਹਮਗਿਆਨੀ, ਸੰਤ ਬਾਬੇ ਜੋ ਸਿੱਖਾਂ ਨੂੰ ਕਰਮਕਾਂਡੀ
ਵਹਿਮੀ ਭਰਮੀ ਬਣਾ ਰਹੇ ਹਨ ਅਤੇ ਗੁਰਬਾਣੀ ਨੂੰ ਮੰਤਰਾਂ ਵਾਂਗੂ ਰਟਨ ਕਰਨਾ ਦੱਸ ਰਹੇ ਉਨ੍ਹਾਂ ਅਤੇ
ਪੰਡਤਾਂ ਵਿੱਚ ਕੋਈ ਫਰਕ ਨਹੀਂ ਹੈ। ਦੋਹਾਂ ਦਾ ਮਕਸਦ ਲੋਕਾਂ ਨੂੰ ਗੁਮਰਾਹ ਕਰਕੇ ਲੁਟਣਾ ਹੀ ਹੈ।
ਗੁਰੂ ਨਾਨਕ ਦੇਵ ਜੀ ਨੇ ਅਜਿਹੇ ਲੋਕਾਂ ਤੋਂ ਸੁਚੇਤ ਰਹਿਣ ਦਾ ਪ੍ਰਚਾਰ ਕੀਤਾ ਕਿ ਇਨ੍ਹਾਂ ਦੇ ਬਣਾਏ
ਟੇਵੇ ਅਤੇ ਕੱਢੇ ਸਾਹੇ ਸਾਡੇ ਆਉਣ ਵਾਲੇ ਸਮੇਂ ਵਿੱਚ ਕੋਈ ਸਹਾਈ ਨਹੀਂ ਹੋ ਸਕਦੇ:
ਸਾਹਾ ਗਣਹਿ ਨ ਕਰਹਿ ਬੀਚਾਰੁ ॥ ਸਾਹੇ ਊਪਰਿ ਏਕੰਕਾਰੁ ॥ ਜਿਸੁ ਗੁਰੁ
ਮਿਲੈ ਸੋਈ ਬਿਧਿ ਜਾਣੈ ॥ ਗੁਰਮਤਿ ਹੋਇ ਤ ਹੁਕਮੁ ਪਛਾਣੈ ॥1॥ ਝੂਠੁ ਨ ਬੋਲਿ ਪਾਡੇ ਸਚੁ ਕਹੀਐ ॥
ਹਉਮੈ ਜਾਇ ਸਬਦਿ ਘਰੁ ਲਹੀਐ ॥1॥ ਰਹਾਉ ॥(ਮ:1, ਪੰਨਾ 904)
ਅੱਜ ਸਿੱਖ ਅਖਵਾਉਣ ਵਾਲੇ ਗੁਰਮਤਿ
ਨਾਲੋਂ ਹਿੰਦੂ ਧਰਮ ‘ਤੇ ਵੱਧ ਯਕੀਨ ਬਣਾਈ ਬੈਠੇ ਹਨ। ਇਸੇ ਕਰਕੇ ਇਸ ਸਮੇਂ ਇਕ ਅਕਾਲ ਪੁਰਖ ਦੇ
ਉਪਾਸ਼ਕ ਕਹਿਣ ਵਾਲੀ ਸਿੱਖ ਕੌਮ ਸੂਰਜ, ਚੰਦ ਦੀ ਪੁਜਾਰੀ ਹੋ ਗਈ ਹੈ । ਇਹੀ ਕਾਰਨ ਹੈ, ਕਿ ਸਿੱਖ
ਸੰਗਰਾਂਦ, ਮੱਸਿਆ, ਪੁੰਨਿਆਂ ਤੇ ਪੰਚਮੀ ਆਦਿਕ ਵਾਲੇ ਦਿਨ ਨੂੰ ਹੋਰਨਾਂ ਦਿਨਾਂ ਨਾਲੋਂ ਪਵਿੱਤਰ
ਮੰਨਦੇ ਹਨ। ਗੁਰੂ ਸਾਹਿਬ ਦਾ ਅਜਿਹੇ ਥਿੱਤੀ ਵਾਰ ਪੂਜਣ ਵਾਲਿਆਂ ਬਾਰੇ ਫੁਰਮਾਨ ਹੈ:
ਸਤਿਗੁਰ ਬਾਝਹੁ ਅੰਧੁ ਗੁਬਾਰੁ ॥ ਥਿਤੀ ਵਾਰ ਸੇਵਹਿ ਮੁਗਧ ਗਵਾਰ ॥(ਮ:3,
ਪੰਨਾ 843)
ਕਹਿਣ ਨੂੰ ਭਾਂਵੇ ਸਾਰੇ ਹੀ
ਗੁਰਦੁਆਰਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ “ ਸ਼ਬਦ ਗੁਰੂ” ਪ੍ਰਚਾਰਦੇ ਹਨ ਪਰ ਇੰਜ਼ ਲੱਗਦਾ
ਹੈ ਕਿ ਅਸੀਂ ਸਪੱਸ਼ਟ ਨਹੀਂ ਹਾਂ ਕਿ “ਸ਼ਬਦ ਗੁਰੂ” ਕੀ ਹੈ । ਸਿਰਫ ਪੜ੍ਹਨ ਸੁਣਨ ਤੀਕਰ ਹੀ ਅਸੀਂ
ਗੁਰਬਾਣੀ ਦੀਆਂ ਇਹ ਪਵਿੱਤਰ ਪੰਗਤੀਆਂ ਪੜ੍ਹੀ ਜਾਂਦੇ ਹਾਂ:
ਪਵਨ ਅਰੰਭੁ,
ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ, ਸੁਰਤਿ ਧੁਨਿ ਚੇਲਾ ॥ ਅਕਥ ਕਥਾ ਲੇ ਰਹਉ ਨਿਰਾਲਾ ॥ ਨਾਨਕ ਜੁਗਿ
ਜੁਗਿ ਗੁਰ ਗੋਪਾਲਾ ॥ ਏਕੁ ਸਬਦੁ ਜਿਤੁ ਕਥਾ ਵੀਚਾਰੀ ॥ ਗੁਰਮੁਖਿ ਹਉਮੈ ਅਗਨਿ ਨਿਵਾਰੀ ॥(ਮ:1,ਪੰਨਾ
943)
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ
ਪਰਤਖਿ ਗੁਰੂ ਨਿਸਤਾਰੇ ॥(ਮ:4, ਪੰਨਾ 982)
ਪਰ ਉਥੇ ਨਾਲ ਹੀ ਸਧਾਰਨ ਪਾਠ ਜਾਂ
ਅਖੰਡ ਪਾਠ ਅਰੰਭ ਕਰਦੇ ਸਮੇਂ ਹਿੰਦੂ ਧਰਮ ਦੇ ਮੰਨੇ ਜਾਂਦੇ ਦੇਵਤਿਆਂ ਜਿਵੇਂ ਕੁੰਭ, ਨਾਰੀਅਲ, ਲਾਲ
ਕਪੜਾ ਮੌਲੀ ਜੋਤ ਆਦਿਕ ਨੂੰ ਵੀ ਪੂਜਣ ਤੋਂ ਬਗੈਰ “ਸ਼ਬਦ ਗੁਰੂ” ਦੇ ਪਾਠ ਨੂੰ ਸੰਪੂਰਨ ਹੋਇਆ ਨਹੀਂ
ਸਮਝਦੇ। ਫਿਰ ਇਸ ਦੇ ਨਾਲ ਹੀ ਹਿੰਦੂ ਧਰਮ ਵਿੱਚ ਮੂਰਤੀ ਨੂੰ ਭੋਗ ਲਾਉਣ ਦੀ ਰੀਸੇ ਸਾਡੇ ਭਾਈ ਜੀ ਵੀ
ਗੁਰਬਾਣੀ ਦੀਆਂ ਇਹਨਾ ਪਵਿੱਤਰ ਪੰਗਤੀਆਂ: ਅਨਿਕ ਪ੍ਰਕਾਰ ਭੋਜਨ ਬਹੁ ਕੀਏ
ਬਹੁ ਬਿੰਜਨ ਮਿਸਟਾਏ ॥ ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਏ ॥(ਮ:5, ਪੰਨਾ
1266) ਦੇ ਗੁਰਮਤਿ ਅਨੁਸਾਰ ਭਾਵ ਨੂੰ ਨਾ ਸਮਝਦੇ ਜਾਂ ਜਾਣਬੁਝ ਕੇ ਸਿੱਖ ਧਰਮ ਨੂੰ ਖੋਰਾ
ਲਾਉਣ ਦੀ ਖਾਤਰ “ਸ਼ਬਦ ਗੁਰੂ” ਨੂੰ ਭੋਗ ਲਾਉਣ ਦਾ ਪ੍ਰਚਾਰ ਸਿੱਖਾਂ ਵਿੱਚ ਕਰਦੇ ਹਨ। ਜੋ ਗੁਰਮਤਿ
ਅਨੁਸਾਰ ਨਹੀਂ ਹੈ ਅਤੇ ਪੰਥਕ ਰਹਿਤ ਮਰਯਾਦਾ ਦੀ ਵੀ ਉਲਘਣਾ ਕਰਦੇ ਹਨ । ਪੰਥਕ ਰਹਿਤ ਮਰਯਾਦਾ
ਅਨੁਸਾਰ ਵੀ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਕ੍ਰਿਪਾਨ ਭੇਟ ਕਰਨ ਲੱਗਿਆਂ, “ਪਰਵਾਨ ਹੋਵੇ ਕਹਿਣਾ ਹੈ”।
ਹੁਣ ਇਹ ਫੈਸਲਾ ਸਿੱਖਾਂ ਨੇ ਕਰਨਾ ਹੈ ਕਿ, ਗੁਰਮਤਿ ਵਿਰੋਧੀ ਅਤੇ ਹਿੰਦੂ ਦੇਵੀ ਦੇਵਤਿਆਂ ਦਾ
ਗੁਰਦੁਆਰਿਆਂ ਵਿੱਚ ਪ੍ਰਚਾਰ ਕਰਨ ਵਾਲੇ, ਕੀ ਸਿੱਖਾਂ ਨੂੰ “ਸ਼ਬਦ ਗੁਰੂ” ਨਾਲ ਜੋੜ ਰਹੇ ਹਨ ਜਾਂ
ਸਗੋਂ ਸਿੱਖ ਧਰਮ ਦੇ ਪ੍ਰਚਾਰ ਦੀ ਆੜ੍ਹ ਹੇਠ ਆਪਣੀ ਚੌਧਰ ਅਤੇ ਮਾਇਕ ਪੂਰਤੀ ਖ਼ਾਤਰ ਸਿੱਖਾਂ ਨੂੰ
ਅੰਧਵਿਸ਼ਵਾਸੀ ਅਤੇ ਕੇਸਾਧਾਰੀ ਹਿੰਦੂ ਦਰਸਾ ਰਹੇ ਹਨ ?
ਸੁੱਚ ਭਿੱਟ ਵਿੱਚ ਵੀ ਸਾਡੇ
ਪ੍ਰਚਾਰਕ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਦੱਸਣ ਤੋਂ ਪਿੱਛੇ ਨਹੀਂ ਰਹਿ ਰਹੇ। ਅੱਜ ਸਾਡੇ ਸਿੱਖ
ਵੀ ਇਸ਼ਨਾਨ ਕਰਨ ਜਾਂ ਪਾਣੀ ਨਾਲ ਹੱਥ ਧੋ ਕੇ ਆਪਣੇ ਆਪ ਨੂੰ ਸੁੱਚੇ ਅਤੇ ਪਵਿੱਤਰ ਹੋਣ ਦਾ ਭਰਮ ਪਾਲੀ
ਫਿਰਦੇ ਹਨ। ਇਥੋਂ ਤੀਕਰ ਕਿ ਸਾਡੇ ਕਈ ਗੁਰਦੁਆਰਿਆਂ ਦੇ ਲੰਗਰ ਹਾਲ ਵਿੱਚ ਵੀ ਲਿਖਿਆ ਹੁੰਦਾ ਹੈ ਕਿ
ਮਿਲਦਾ ਹੈ ਕਿ “ਹੱਥ ਸੁੱਚੇ ਕਰਕੇ ਲੰਗਰ ਵਿੱਚ ਆਵੋਂ ਜਾਂ ਭਾਂਡਿਆਂ ਨੂੰ ਹੱਥ ਲਾਵੋ”। ਜੇਕਰ ਸਾਡੇ
ਧਰਮ ਦੇ ਪ੍ਰਚਾਰ ਕਰਨ ਵਾਲਿਆਂ ਕੇਂਦਰਾਂ ਵਿੱਚ ਹੀ ਗੁਰਮਤਿ ਸਿਧਾਂਤ ਪ੍ਰਤੀ ਏਨੀ ਅਗਿਆਨਤਾ ਹੈ ਤਾਂ
ਫਿਰ ਸੋਝੀ ਦੀ ਆਸ ਕਿਥੋਂ ਰੱਖੀ ਜਾ ਸਕਦੀ ਹੈ ? ਪਤਾ ਨਹੀਂ ਸਾਡੇ ਪ੍ਰਚਾਰਕ ਤੇ ਪ੍ਰਬੰਧਕ ਸਿੱਖੀ ਦੇ
ਸਿਧਾਂਤ ਨੂੰ ਛੱਡਕੇ ਹਿੰਦੂ ਧਰਮ ਦੇ ਸਿਧਾਂਤ ਪਿੱਛੇ ਏਨੇ ਕਿਉਂ ਪਏ ਹਨ ? ਅਜਿਹੇ ਲੋਕ ਸਮਝਦੇ ਹਨ
ਕਿ ਅਸੀਂ ਹੀ ਸਿੱਖੀ ਥੱਮੀ ਹੋਈ ਹੈ। ਉਂਝ ਗੁਰਦੁਆਰਿਆਂ ਵਿੱਚ ਰੋਜ ਸਵੇਰੇ “ਆਸਾ ਕੀ ਵਾਰ” ਦਾ ਪਾਠ
ਕਰਦੇ ਇਹ ਸਲੋਕ ਪੜ੍ਹਦੇ ਹਨ : ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ
ਧੋਇ ॥ ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ ॥(ਮ:1, ਪੰਨਾ 472) ਇਹ ਸਾਰੇ ਹੀ ਜਾਣਦੇ
ਹਨ ਕਿ ਸਰੀਰ ਪਾਣੀ ਨਾਲ ਸਾਫ ਤਾਂ ਹੋ ਸਕਦਾ ਹੈ ਪਵਿੱਤਰ ਨਹੀਂ: ਕਿਉਂਕਿ ਪਵਿੱਤਰ ਸਿਰਫ ਸੋਚ ਹੁੰਦੀ
ਹੈ। ਉਸਨੂੰ ਸੁੱਚਾ ਕਰਨ ਲਈ ਪਾਣੀ ਨਾਲ ਨਹੀਂ ਧੋਤਾ ਜਾ ਸਕਦਾ, ਉਸ ਨੂੰ ਸਿਰਫ “ਸ਼ਬਦ ਗੁਰੂ” ਦੇ
ਗਿਆਨ ਨਾਲ ਹੀ ਧੋਤਾ ਜਾ ਸਕਦਾ ਹੈ: ਅੰਤਰਿ ਜੂਠਾ ਕਿਉ ਸੁਚਿ ਹੋਇ ॥
ਸਬਦੀ ਧੋਵੈ ਵਿਰਲਾ ਕੋਇ ॥ ਗੁਰਮੁਖਿ ਕੋਈ ਸਚੁ ਕਮਾਵੈ ॥ ਆਵਣੁ ਜਾਣਾ ਠਾਕਿ ਰਹਾਵੈ ॥(ਮ:1, ਪੰਨਾ
1345) ਇਸ ਸਮੇਂ ਸਾਡੇ ਗੁਰਮਤਿ ਸਿਧਾਂਤ ਤੋਂ ਅਨਜਾਣ ਜਾਂ ਜਾਣਬੁਝ ਕੇ ਸਿੱਖਾਂ ਨੂੰ ਧਰਮ
ਵੱਲੋਂ ਅਗਿਆਨੀ ਅਤੇ ਕਰਮਕਾਂਡੀ ਬਣਾਕੇ ਆਪਣਾ ਤੋਰੀ ਫੁਲਕਾ ਜਾਂ ਆਪਣੀ ਕੁਰਸੀ ਕਾਇਮ ਰੱਖਣ ਖਾਤਰ
ਸਿੱਖਾਂ ਵਿੱਚ ਸੁੱਚ ਭਿੱਟ ਦਾ ਪ੍ਰਚਾਰ ਕਰ ਰਹੇ ਹਨ। ਹੁਣ ਤਾਂ ਅਜਿਹੇ ਲੋਕ ਮਨੁੱਖਾ ਸਰੀਰ ਤੋਂ ਵੀ
ਅੱਗੇ ਵੱਧ ਕੇ ਕਿਸੇ ਧਾਰਮਿਕ ਇਨਸਾਨ ਦੀਆਂ ਜੁਤੀਆਂ ਦਾ ਭਿੱਟ ਜਾਣ ਦਾ ਪ੍ਰਚਾਰ ਵੀ ਕਰਨ ਲੱਗ ਪਏ
ਹਨ। ਅਜਿਹੀ ਹੀ ਇਕ ਘਟਣਾ ਮੇਰੇ ਸਾਹਮਣੇ ਪਿੱਛਲੇ ਤਿੰਨ ਕੁ ਮਹੀਨੇ ਪਹਿਲਾਂ ਵਾਪਰੀ ਹੈ। ਜਦੋਂ
ਟੋਰਾਂਟੋ ਏਰੀਏ ਦੇ ਇਕ ਗੁਰਦੁਆਰੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗੁਰਪੁਰਬ ਨਗਰ ਕੀਰਤਨ ਹੋਣ
ਵਾਸਤੇ ਪੰਜ ਪਿਆਰਿਆਂ ਦੇ ਜੋੜੇ ਗੁਰਦੁਆਰੇ ਦੇ ਜੋੜੇ ਘਰ ਵਿੱਚ ਪਏ ਸਨ। ਅਜੇ ਪੰਜ ਪਿਆਰੇ ਗੁਰੂ ਜੀ
ਦੇ ਅੱਗੇ ਅੱਗੇ ਆਉਣ ਦੀ ਤਿਆਰੀ ਕਰ ਰਹੇ ਸਨ। ਇਕ ਪ੍ਰਬੰਧਕ ਸਜਣ ਅਤੇ ਇਕ ਪੇਸ਼ਾਵਰ ਪ੍ਰਚਾਰਕ ਸਿੰਘ
ਪੰਜ ਪਿਆਰਿਆਂ ਦੇ ਜੋੜ੍ਹਿਆਂ ਕੋਲ ਖੜ੍ਹੇ ਸਨ। ਏਨੇ ਚਿਰ ਨੂੰ ਦੋ ਬੱਚੇ ਜਿੰਨਾਂ ਦੀ ਉਮਰ ਕੋਈ ਦਸ
ਜਾਂ ਬਾਰਾਂ ਸਾਲ ਹੋਵੇਗੀ, ਜੋੜ੍ਹਿਆਂ ਦੇ ਉਤੋਂ ਦੀ ਛਾਲ ਮਾਰ ਕੇ ਲੰਘ ਗਏ ਪਰ ਇਕ ਦਾ ਪੈਰ ਉਹਨਾ
ਜੋੜਿਆਂ ਨੂੰ ਲੱਗ ਗਿਆ। ਜੋੜਿਆਂ ਨੂੰ ਪੈਰ ਲੱਗਣ ਦੀ ਦੇਰ ਸੀ ਕਿ ਪ੍ਰਬੰਧਕ ਜੀ ਬੱਚਿੱਆਂ ਨੂੰ ਬੁਰਾ
ਭਲਾ ਕਹਿਣ ਲੱਗ ਪਏ। ਦਾਸ, ਨੇ ਪ੍ਰਬੰਧਕ ਜੀ ਨੂੰ ਕਿਹਾ, ਕਿ ਇਹ ਜੋੜੇ ਹੀ ਹਨ ਜੇਕਰ ਪੈਰ ਲੱਗ ਗਏ
ਹਨ ਤਾਂ ਫਿਰ ਕੀ ਹੋ ਗਿਆ; ਪਰ ਪ੍ਰਬੰਧਕ ਜੀ ਕਹਿਣ ਲੱਗੇ, ਕਿ “ਤੁਹਾਨੂੰ ਸਿੱਖੀ ਦਾ ਕੁਝ ਪਤਾ ਨਹੀਂ
ਹੈ। ਇਹ ਜੋੜੇ ਕਿਸੇ ਆਮ ਆਦਮੀ ਦੇ ਨਹੀਂ ਹਨ, ਇਹ ਪੰਜ ਪਿਆਰਿਆਂ ਦੇ ਹਨ। ਅਸੀਂ ਆਪਣੇ ਹੱਥਾਂ ਨਾਲ
ਉਹਨਾ ਦੇ ਪੈਰੀ ਪਾਉਣੇ ਹਨ”। ਫਿਰ ਪ੍ਰਬੰਧਕ ਜੀ ਗੁਰਦੁਆਰੇ ਵਿੱਚ ਰੱਖੀਆਂ ਕੁਰਸੀਆਂ ਵੱਲ ਹੱਥ ਕਰਕੇ
ਕਹਿਣ ਲੱਗੇ, “ਮੈਂ ਰੋਜ ਉਸ ਕੁਰਸੀ ‘ਤੇ ਬੈਠਾ ਹੁੰਦਾ ਹਾਂ, ਮੈਂਨੂੰ ਇਥੇ ਆ ਕੇ 15 ਮਿੰਟ ਦੇਵੋ
ਫਿਰ ਮੈਂ ਤੁਹਾਨੂੰ ਦੱਸਾਂਗਾ ਕਿ ਗੁਰਮਤਿ ਕੀ ਹੈ”। ਦਾਸ, ਨੇ ਪ੍ਰਬੰਧਕ ਸਾਹਿਬ ਨੂੰ ਕਿਹਾ, ਕਿ
ਮੇਰੇ ਘਰ ਦਾ ਪਤਾ ਲੈ ਲਵੋਂ ਉਥੇ ਬੈਠਕੇ ਆਪਾਂ ਬੈਠ ਕੇ ਵਿਚਾਰ ਕਰ ਲਵਾਂਗੇ; ਪਰ ਪ੍ਰਬੰਧਕ ਜੀ
ਕਹਿੰਦੇ, “ਨਹੀਂ, ਮੈਂ ਉਸ ਕੁਰਸੀ ‘ਤੇ ਹੀ ਬੈਠਾ ਹੁੰਦਾ ਹਾਂ, ਇਥੇ ਹੀ ਆ ਕੇ ਮੇਰੇ ਨਾਲ ਗੱਲ
ਕਰੋ”।
ਇਹ ਸੱਭ ਦੇਖ ਕੇ ਹੈਰਾਨੀ ਹੋਈ ਕਿ
ਅੱਜ ਸੁੱਚ ਭਿੱਟ ਅਤੇ ਕਰਮਕਾਂਡ ਵਿੱਚ ਸਾਡੇ ਬਹੁ-ਗਿਣਤੀ ਪ੍ਰਚਾਰਕ ਅਤੇ ਗੁਰਦੁਆਰਿਆਂ ਦੇ ਪ੍ਰਬੰਧਕ
ਹਿੰਦੂ ਧਰਮ ਦੀ ਰੀਸ ਕਰਦੇ ਹੋਏ ਉਸ ਤੋਂ ਵੀ ਅੱਗੇ ਲੰਘ ਗਏ ਹਨ। ਇਸ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ
ਇਕ ਗੱਲ ਦੀ ਵਧਾਈ ਵੀ ਦੇਂਦਾ ਹਾਂ ਕਿ ਇਹਨਾਂ ਨੇ ਪੰਜ ਪਿਆਰਿਆਂ ਨੂੰ ਠੰਡ ਵਿੱਚ ਨੰਗੇ ਪੈਰੀ ਤੋਰ
ਕੇ ਘੱਟੋ ਘੱਟ ਕਨੇਡਾ ਵਿੱਚ ਸਿੱਖ ਕੌਮ ਦਾ ਜਲੂਸ ਤਾਂ ਨਹੀਂ ਕੱਢਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ
ਬਾਣੀ ਮਨੁੱਖ ਨੂੰ ਆਤਮਿਕ ਸੁਧਤਾ ਵਾਸਤੇ ਸਰੀਰ ਨੂੰ ਕਸ਼ਟ ਦੇਣ ਦਾ ਖੰਡਣਾ ਕਰਦੀ ਹੈ:
ਲਿਖਿ ਲਿਖਿ ਪੜਿਆ ॥ ਤੇਤਾ ਕੜਿਆ ॥ ਬਹੁ ਤੀਰਥ ਭਵਿਆ ॥ ਤੇਤੋ ਲਵਿਆ ॥
ਬਹੁ ਭੇਖ ਕੀਆ ਦੇਹੀ ਦੁਖੁ ਦੀਆ ॥ ਸਹੁ ਵੇ ਜੀਆ ਅਪਣਾ ਕੀਆ ॥(ਮ:1, ਪੰਨਾ 467)
ਇਥੇ ਇਹ ਗੱਲ ਵੀ ਵਿਚਾਰਨ ਯੋਗ ਹੈ
ਕਿ ਜਿੰਨਾਂ ਅਸੀਂ ਅੱਜ ਕੱਲ ਗੱਲੀ-ਬਾਤੀ ਪੰਜ ਪਿਆਰਿਆਂ ਵਜੋਂ ਸੇਵਾ ਕਰਨ ਵਾਲੇ ਵਿਅਕਤੀਆਂ ਨੂੰ
ਸਤਿਕਾਰ ਦੇਂਦੇ ਹਾਂ, ਕੀ ਵਕਿਆ ਹੀ ਅਸੀਂ ਦਿਲੋਂ ਵੀ ਓਨਾਂ ਹੀ ਸਤਿਕਾਰ ਉਹਨਾਂ ਨੂੰ ਦੇਂਦੇ ਹਾਂ ?
ਜੇਕਰ ਇਹ ਗੱਲ ਠੀਕ ਹੈ ਤਾਂ ਫਿਰ ਗੁਰਦੁਆਰਿਆਂ ਦੀਆਂ ਕਮੇਟੀਆਂ ਵਾਸਤੇ ਜੋ ਝਗੜੇ ਹੁੰਦੇ ਹਨ ਉਦੋ
ਅਦਾਲਤ ਵਿੱਚ ਜਾਣ ਦੀ ਬਜਾਏ ਪੰਜ ਪਿਆਰਿਆਂ ਕੋਲੋ ਫੈਸਲਾਂ ਕਿਉਂ ਨਹੀਂ ਕਰਵਾ ਲੈਂਦੇ ? ਕੀ ਜਿਹੜੇ
ਪ੍ਰਬੰਧਕ ਇਹ ਆਖਦੇ ਹਨ ਕਿ ਅਸੀਂ ਆਪਣੇ ਹੱਥਾਂ ਨਾਲ ਪੰਜ ਪਿਆਰਿਆਂ ਨੂੰ ਜੋੜੇ ਪਾੳਣੇ ਹਨ, ਉਹ ਆਪਣੀ
ਕੁਰਸੀ ‘ਤੇ ਕਿਸੇ “ਸਿੰਘ” ਨੂੰ ਬਠਾਉਣ ਲਈ ਤਿਆਰ ਹੋਣਗੇ ? ਦੂਸਰੇ ਪਾਸੇ ਸਿੱਖ ਕੌਮ ਨੂੰ ਵੀ ਕਿਸੇ
ਨੂੰ ਪੰਜ ਪਿਆਰਿਆਂ ਵਿੱਚ ਸ਼ਾਮਲ ਕਰਨ ਤੋਂ ਪਹਿਲਾਂ ਇਹ ਵੇਖ ਲੈਣਾ ਜ਼ਰੂਰੀ ਨਹੀਂ ਕਿ ਇਹ “ਸਿੰਘ”
ਸੱਚੇ ਨੂੰ ਸੱਚਾ ਤੇ ਝੂਠੇ ਨੂੰ ਝੂਠਾ ਕਹਿਣ ਦੀ ਜ਼ੁਰਅਤ ਵੀ ਰਖਦਾ ਹੈ ? ਕਈ ਅਜਿਹੇ ਸਿੰਘ ਪੰਜ
ਪਿਆਰਿਆਂ ਵਿੱਚ ਸ਼ਾਮਲ ਹੋ ਕੇ ਨਗਰ ਕੀਰਤਨ ਦੀ ਅਗਵਾਹੀ ਜਾਂ ਹੋਰ ਕਈ ਸਿੱਖ ਕਾਰਜਾਂ ਦੀ ਅਗਵਾਹੀ
ਕਰਦੇ ਵੇਖੇ ਹਨ ਪਰ ਉਹ ਆਪਣੇ ਧੜੇ ਤੋਂ ਉਪਰ ਉਠਕੇ ਸੱਚੇ ਨੂੰ ਸੱਚਾ ਜਾਂ ਝੂਠੇ ਨੂੰ ਝੂਠਾ ਆਖਣ ਦੀ
ਤਾਂ ਗੱਲ ਹੀ ਛੱਡੋ ਆਪਣੇ ਘਰ ਵਿੱਚ ਹੀ ਸੱਚ ਆਖਣ ਦੀ ਜ਼ੁਅਰਤ ਨਹੀਂ ਕਰਦੇ।
ਸੋ, ਅੱਜ ਸਿੱਖ ਕੌਮ ਨੂੰ ਲੋੜ ਹੈ,
ਅਜਿਹੇ ਪ੍ਰਚਾਰਕਾਂ ਅਤੇ ਲੀਡਰਾਂ ਦੀ ਜਿੰਨਾਂ ਨੂੰ ਗੁਰਮਤਿ ਸਿਧਾਂਤ ਦੀ ਜਾਣਕਾਰੀ ਹੋਵੇ ਅਤੇ ਇਸ ਦੇ
ਨਾਲ ਇਹ ਜਜਬਾ ਵੀ ਹੋਵੇ ਕਿ ਪੈਸੇ, ਛੋਹਰਤ ਅਤੇ ਕੁਰਸੀ ਨਾਲੋਂ ਪਹਿਲਾਂ ਸਿੱਖ ਧਰਮ ਦੀ ਚੜ੍ਹਦੀ ਕਲਾ
ਨੂੰ ਪਹਿਲ ਦੇਣੀ ਹੈ। ਉਂਝ ਜੋ ਕੁਝ ਇਸ ਸਮੇਂ ਸਾਡੇ ਬਹੁਤੇ ਲੀਡਰ ਅਤੇ ਪ੍ਰਚਾਰਕ ਸਿੱਖ ਧਰਮ ਦੇ
ਦੋਖੀਆਂ ਨੂੰ ਖੁਸ਼ ਕਰਨ ਖਾਤਰ ਜਾਂ ਅਗਿਆਨਤਾ ਕਾਰਨ ਸਿੱਖ ਸਿਧਾਂਤ ਦੇ ਉਲਟ ਕਰ ਰਹੇ ਹਨ, ਉਹ ਤਾਂ
ਭਗਤ ਫਰੀਦ ਜੀ ਦੇ ਇਸ ਸਲੋਕ ਨਾਲ ਹੂ-ਬ-ਹੂ ਮਿਲਦਾ ਹੈ: ਫਰੀਦਾ ਲੋੜੈ
ਦਾਖ ਬਿਜਉਰੀਆਂ, ਕਿਕਰਿ ਬੀਜੈ ਜਟੁ ॥ ਹੰਢੈ ਉਂਨ ਕਤਾਇਦਾ, ਪੈਧਾ ਲੋੜੈ ਪਟੁ ॥(ਪੰਨਾ 1379)