ਰੱਬ ਜੀ ਪਾਏ
ਪ੍ਰੋ:
ਗੁਰਬਚਨ ਸਿੰਘ ਥਾਈਲੈਂਡ ਵਾਲੇ
ਗੁਰੂ ਅਰਜਨ ਪਾਤਸ਼ਾਹ ਜੀ ਦਾ ਚਾਰ
ਸੌ ਸਾਲਾ ਸ਼ਹੀਦੀ ਪੁਰਬ, ਭਾਵ ਚੌਥੀ ਸ਼ਤਾਬਦੀ ਬਹੁਤ ਹੀ ਧੂਮ ਧਾਮ ਤੇ ਸ਼ਰਧਾ ਨਾਲ ਸਿੱਖ ਜਗਤ ਨੇ
ਸੰਸਾਰ ਪੱਧਰ ਤੇ ਮਨਾਈ ਹੈ। ਉਹਨਾਂ ਦੀ ਬਾਣੀ ਵਿਚੋਂ ਰੱਬ ਜੀ ਨੂੰ ਪਾਉਣ ਦਾ ਸਾਨੂੰ ਉਪਦੇਸ਼ ਕੀ
ਮਿਲਦਾ ਹੈ ਇਸ ਵਿਸ਼ੇ ਨੂੰ ਵਿਚਾਰਨ ਦੀ ਜ਼ਰੂਰਤ ਹੈ। ਗੁਰਬਾਣੀ ਸਮਝ ਦੀ ਕਮੀ ਕਰਕੇ ਹਰ ਮਨੁੱਖ ਨੇ
ਆਪਣੇ ਆਪਣੇ ਹਿਸਾਬ ਨਾਲ ਰੱਬ ਜੀ ਪ੍ਰਤੀ ਗਿਆਨ ਦੇਣ ਦਾ ਯਤਨ ਕੀਤਾ ਹੈ। ਕੋਈ ਕਹਿੰਦਾ ਕਿ ਰੱਬ ਜੀ
ਸਤਵੇਂ ਅਸਮਾਨ ਤੇ ਬੜੇ ਅਰਾਮ ਨਾਲ ਰਹਿ ਰਿਹਾ ਹੈ ਤੇ ਸੰਸਾਰ ਦੀ ਕਾਰ ਚਲਾ ਰਿਹਾ ਹੈ। ਕਿਸੇ ਭਲੇ
ਲੋਕ ਨੇ ਆਪਣੇ ਮੱਥੇ ਦੀ ਤ੍ਰਿਕੁੱਟੀ ਵਿਚ ਰੱਬ ਜੀ ਨੂੰ ਟਿਕਾਇਆ ਹੋਇਆ ਹੈ। ਕੋਈ ਇੰਦ੍ਰ ਦੇਵਤੇ ਦੇ
ਰੂਪ ਵਿਚ ਦੇਖਣ ਦੀ ਚਾਹਨਾ ਰੱਖ ਰਿਹਾ ਹੈ ਤੇ ਕੋਈ ਹਰ ਗੱਲ ਵਿਚ ਉੱਪਰ ਨੂੰ ਮੂੰਹ ਚੁੱਕ ਕੇ ਕਹੇਗਾ
ਜੀ ਊੱਪਰ ਵਾਲੇ ਨੂੰ ਪਤਾ ਹੋਏਗਾ ਜੀ ਅਸੀਂ ਕੌਣ ਹਾਂ। ਅੱਜ ਦੀ ਸਾਇੰਸ ਕਹਿੰਦੀ ਹੈ ਕਿ ਅਸੀਂ ਵੀ
ਸਪੇਸ ਵਿਚ ਹੀ ਰਹਿ ਰਹੇ ਹਾਂ। ਵਿਗਿਆਨੀ ਚੰਦ੍ਰਮਾ ਤੇ ਖਲੋ ਕੇ ਇਹ ਗੱਲ ਕਹਿ ਰਿਹਾ ਹੈ ਇੰਜ ਲੱਗ
ਰਿਹਾ ਹੈ ਕਿ ਜਿਵੇਂ ਧਰਤੀ ਸਾਡੇ ਊੱਪਰ ਹੋਵੇ ਤੇ ਅਸੀਂ ਧਰਤੀ ਤੇ ਖਲੋ ਕਿ ਇਹ ਕਹਿ ਰਹੇ ਹਾਂ
ਚੰਦ੍ਰਮਾ ਸਾਡੇ ਊੱਪਰ ਹੈ। ਮੰਗਲ, ਸ਼ਨੀਚਰ ਆਦਿਕ ਗ੍ਰਿਹਾਂ ਦੀ ਥਾਹ ਪਾਉਣ ਦੀ ਨਿਯਤ ਨਾਲ ਅੱਜ ਦੀ
ਸਾਇੰਸ ਨੇ ਸਪੇਸ ਵਿਚ ਸਰਦਾਰੀ ਕਾਇਮ ਕਰ ਲਈ ਹੈ ਪਰ ਦੇਖੋ ਰਸਤੇ ਵਿਚ ਕਿਤੇ ਵੀ ਰੱਬ ਜੀ ਦਾ ਘਰ
ਨਹੀਂ ਆਇਆ। ਕੋਈ ਸਵਾਹ ਮਲਿ਼ਆ ਭੂਤਨਾ ਕਹਿ ਰਿਹਾ ਹੈ ਕਿ ਰੱਬ ਜੀ ਮੇਰੀ ਮੁੱਠੀ ਵਿਚ ਹਨ ਜਦੋਂ
ਮਰਜ਼ੀ ਹੈ ਮੈਂ ਦਿਖਾ ਸਕਦਾ ਹਾਂ ਤੇ ਦੋਨਾਂ ਹੱਥਾਂ ਨੂੰ ਹੇਠਾਂ ਉੱਪਰ ਕਰਕੇ ਕਹੇਗਾ ਜੀ ਦੇਖੋ ਰੱਬ
ਜੀ ਦਿਸਦੇ ਨੇ ਨਾ, ਅੰਨ੍ਹੇ ਸ਼ਰਧਾਲੂ ਉਂਝ ਹੀ ਕਹੀ ਜਾਣਗੇ ਹਾਂ ਜੀ ਸਾਨੂੰ ਹੁਣੇ ਹੀ ਦਿਸ ਗਿਆ ਜੇ
ਤੇ ਸਾਡਾ ਜਨਮ ਵੀ ਸਫਲ ਹੋ ਗਿਆ ਹੈ ਜੀ। ਬਾਬਾ ਜੀ ਧੰਨ ਭਾਗ ਸਾਡੇ ਤੇ ਹਰਲ ਹਰਲ ਕਰਦੇ ਘਰਾਂ ਨੂੰ
ਤੁਰ ਆਉਂਦੇ ਹਨ। ਸਿੱਖੀ ਵਿਚ ਅਜੇਹੇ ਲੋਕ ਪੈਦਾ ਹੋ ਗਏ ਹਨ ਜੋ ਆਪਣੇ ਆਪ ਨੂੰ ਸਿੱਖ ਘੱਟ ਤੇ ਬ੍ਰਹਮ
ਗਿਆਨੀ ਜਿ਼ਆਦਾ ਅਖਵਾ ਕਿ ਖੁਸ਼ ਹੁੰਦੇ ਹਨ। ਕਈ ਵਾਰੀ ਤੇ ਇਹ ਵੀ ਸੁਣੀਦਾ ਹੈ ਕਿ ਬ੍ਰਹਮ ਗਿਆਨੀ ਜੀ
ਦੀ ਸਿੱਧੀ ਰੱਬ ਜੀ ਨਾਲ ਗੱਲਬਾਤ ਹੈ, ਉਹਨਾਂ ਤੇ ਕਿੰਨੀ ਕਿੰਨੀ ਵਾਰੀ ਰੱਬ ਜੀ ਨੂੰ ਆਪਣੇ ਹੱਥੀਂ
ਰੋਟੀ ਖੁਆਈ ਹੈ ਜੀ। ਇਹ ਤੇ ਲੋਕਾਂ ਦੇ ਆਪੋ ਆਪਣੇ ਖਿਆਲ ਹਨ ਤੇ ਕਈ ਹੋਰ ਵੀ ਹੋ ਸਕਦੇ ਹਨ ਪਰ ਅਸਾਂ
ਤੇ ਇਹ ਦੇਖਣਾ ਹੈ ਕਿ ਗੁਰੂ ਅਰਜਨ ਪਾਤਸ਼ਾਹ ਜੀ ਜਿਹਨਾਂ ਦੀ ਹੁਣੇ ਹੀ ਸ਼ਤਾਬਦੀ ਮਨਾਈ ਹੈ ਰੱਬ ਜੀ
ਪ੍ਰਤੀ ਸਾਨੂੰ ਕੀ ਉਪਦੇਸ਼ ਦੇ ਰਹੇ ਹਨ। ਰਾਗ ਗਉੜੀ ਵਿਚ ਉਹਨਾਂ ਦੁਆਰਾ ਉਚਾਰਨ ਕੀਤੇ ਇਕ ਸ਼ਬਦ ਦਾ
ਅਧਾਰ ਬਣਾ ਕੇ ਇਸ ਵਿਸ਼ੇ ਨੂੰ ਸਮਝਣ ਦਾ ਯਤਨ ਕੀਤਾ ਜਾਏਗਾ।
ਪਾਇਆ
ਲਾਲੁ ਰਤਨੁ ਮਨਿ ਪਾਇਆ ॥
ਤਨੁ ਸੀਤਲੁ ਮਨੁ ਸੀਤਲੁ ਥੀਆ ਸਤਿਗੁਰ ਸਬਦਿ ਸਮਾਇਆ ॥ 1 ॥ਰਹਾਉ॥
ਲਾਥੀ ਭੂਖ ਤ੍ਰਿਸਨ ਸਭ ਲਾਥੀ ਚਿੰਤਾ ਸਗਲ ਬਿਸਾਰੀ ॥
ਕਰੁ ਮਸਤਕਿ ਗੁਰਿ ਪੂਰੈ ਧਰਿਓ ਮਨੁ ਜੀਤੋ ਜਗੁ ਸਾਰੀ ॥1॥
ਤ੍ਰਿਪਤਿ ਅਗਾਇ ਰਹੇ ਰਿਦ ਅੰਤਰਿ ਡੋਲਨ ਤੇ ਅਬ ਚੂਕੇ ॥
ਅਖੁਟੁ ਖਜਾਨਾ ਸਤਿਗੁਰਿ ਦੀਆ ਤੋਟਿ ਨਾਹੀ ਰੇ ਮੂਕੇ ॥2॥
ਅਚਰਜੁ ਏਕੁ ਸਨਹੁ ਰੇ ਭਾਈ ਗੁਰਿ ਐਸੀ ਬੂਝ ਬੁਝਾਈ ॥
ਲਾਹਿ ਪਰਦਾ ਠਾਕੁਰੁ ਜਉ ਭੇਟਿਓ ਤਉ ਬਿਸਰੀ ਤਾਤਿ ਪਰਾਈ ॥3॥
ਕਹਿਓ ਨ ਜਾਈ ਏਹੁ ਅਚੰਭਉ ਸੋ ਜਾਨੈ ਜਿਨਿ ਚਾਖਿਆ ॥
ਕਹੁ ਨਾਨਕ ਸਚ ਭਏ ਬਿਗਾਸਾ ਗੁਰਿ ਨਿਧਾਨੁ ਰਿਦੈ ਲੈ ਰਾਖਿਆ ॥4॥
ਗਉੜੀ ਮਹਲਾ –5---ਪੰਨਾ--- 215---
ਪਾਇਆ ਦਾ ਅਰਥ ਹੈ ਲੱਭ ਲਿਆ, ਲਾਲ
ਰਤਨ ਦਾ ਅਰਥ ਬਹੁਤ ਕੀਮਤੀ ਰੱਬ ਜੀ, ਮਨਿ ਪਾਇਆ ਦਾ ਭਾਵ ਅਰਥ ਦਿਮਾਗ ਵਿਚ ਸੂਝ ਦਾ ਪੈਦਾ ਹੋਣਾ।
ਅਗਲੀ ਤੁਕ ਦੇ ਵਿਚ ਸਾਰਾ ਕੁਝ ਸਪੱਸ਼ਟ ਕਰ ਦਿੱਤਾ ਹੈ, ਸਤਿਗੁਰ ਜੀ ਦੇ ਸ਼ਬਦ ਦੁਆਰਾ ਇਸ ਦੀ
ਪਰਾਪਤੀ ਹੋਈ ਹੈ। ਇਸ ਪਰਪਤੀ ਦੇ ਦੋ ਨਤੀਜੇ ਨਿਕਲਦੇ ਹਨ ਇਕ ਤਾਂ ਤਨ ਵਿਚ ਸੀਤਲਤਾ ਆਉਂਦੀ ਹੈ ਤੇ
ਦੂਜਾ ਮਨ ਵਿਚ ਸੀਤਲਤਾ ਆਉਂਦੀ ਹੈ। ਰਹਾਉ ਦੀਆਂ ਤੁਕਾਂ ਵਿਚ ਬਹੁਤ ਹੀ ਸੁੰਦਰ ਢੰਗ ਨਾਲ ਰੱਬ ਜੀ ਦੀ
ਪਰਾਪਤੀ ਪ੍ਰਤੀ ਸਾਨੂੰ ਦੱਸਿਆ ਗਿਆ ਹੈ।
ਪਾਇਆ ਲਾਲੁ
ਰਤਨੁ ਮਨਿ ਪਾਇਆ ॥
ਤਨੁ ਸੀਤਲੁ ਮਨੁ ਸੀਤਲੁ ਥੀਆ ਸਤਿਗੁਰ ਸਬਦਿ ਸਮਾਇਆ॥
ਇਸ ਦੇ ਸਿੱਧੇ ਅਰਥ ਬਣੇ ਕਿ ਹੇ
ਭਾਈ ! ਮੈਂ ਆਪਣੇ ਮਨ ਵਿਚ ਇਕ ਲਾਲ ਲੱਭ ਲਿਆ ਹੈ, ਤੇ ਇਹ ਲਾਲ ਮੈਨੂੰ ਸਤਿਗੁਰੂ ਜੀ ਦੇ ਸ਼ਬਦ
ਵਿਚੋਂ ਮਿਲਿਆ ਹੈ ਜਿਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਮੇਰਾ ਸਰੀਰ ਭਾਵ ਹਰੇਕ ਗਿਆਨ ਇੰਦ੍ਰਾ ਸ਼ਾਂਤ
ਹੋ ਗਿਆ ਹੈ ਤੇ ਮੇਰਾ ਮਨ ਵੀ ਸ਼ਾਂਤ ਹੋ ਗਿਆ ਹੈ। ਰਹਾਉ ਦੀਆਂ ਤੁਕਾਂ ਵਿਚ ਫਿਰ ਚਾਰ ਨੁਕਤੇ ਸਾਡੇ
ਸਾਹਮਣੇ ਆਉਂਦੇ ਹਨ-ਪਹਿਲਾ ਨੁਕਤਾ ਸਤਿਗੁਰ ਜੀ ਦੇ ਸ਼ਬਦ ਦੀ ਵਿਚਾਰ, ਦੂਸਰਾ ਰੱਬ ਜੀ ਦੀ ਪ੍ਰਾਪਤੀ,
ਤੀਜਾ ਸਰੀਰਕ ਠੰਡਕ ਤੇ ਚੌਥਾ ਮਨ ਦੀ ਤ੍ਰਿਪਤੀ। ਸਾਡੇ ਮਨ ਅੰਦਰ ਭਲੇ ਅਤੇ ਬੁਰੇ ਦੋ ਬੀਜ ਹਮੇਸ਼ਾ
ਹੀ ਰਹਿੰਦੇ ਹਨ ਜਿਹੜੀ ਸੰਗਤ ਸਾਨੂੰ ਮਿਲ ਗਈ ਉਸੇ ਹੀ ਬੀਜ ਨੇ ਪ੍ਰਗਟ ਹੋ ਜਾਣਾ ਹੈ। ਸਤਿਗੁਰ ਜੀ
ਦਾ ਗਿਆਨ ਮੰਦਵਾਸ਼ਨਾਵਾਂ ਨੂੰ ਧੋਂਦਾ ਹੈ ਤੇ ਚੰਗੀਆਂ ਬਿਰਤੀਆਂ ਨੂੰ ਜਨਮ ਦੇਂਦਾ ਹੈ। ਮਨ ਦੀ ਸੋਚ
ਵਿਚ ਇਕ ਭਗਵਾਨ ਬੈਠਾ ਹੈ ਤੇ ਦੂਜਾ ਸ਼ੈਤਾਨ ਬੈਠਾ ਹੈ। “ਸਤਿਗੁਰ ਸ਼ਬਦ ਸਮਾਇਆ” ਮੈਂ ਗੁਰੂ ਜੀ ਦੇ
ਸ਼ਬਦ ਵਿਚ ਲੀਨ ਹੋ ਗਿਆ ਭਾਵ ਗੁਰ-ਉਪਦੇਸ਼ ਦੀ ਸਮਝ ਆ ਗਈ ਕਿ ਗੁਰੂ ਕਹਿ ਕੀ ਰਿਹਾ ਹੈ, ਮੇਰੇ ਅੰਦਰ
ਹੀ ਲੁਕੇ ਹੋਏ ਆਤਮਿਕ ਸੁੱਖ ਦੇਣ ਵਾਲੇ ਗੁਣ ਪ੍ਰਗਟ ਹੋ ਗਏ। “ਲਾਲ ਰਤਨ” ਸਤ-ਸੰਤੋਖ,
ਨਿੰਮ੍ਰਤਾ-ਹਲੇਮੀ ਮਨੁੱਖਤਾ ਦੀ ਸੇਵਾ ਵਰਗੇ ਕੀਮਤੀ ਗੁਣ ਵਰਤਣ ਦੀ ਜਾਚ ਆ ਗਈ। “ਤਨੁ ਸੀਤਲੁ” ਸਰੀਰ
ਠੰਡਾ ਹੋ ਗਿਆ ਹੁਣ ਪੰਜਾਬੀ ਵਿਚ ਜੇ ਸਰੀਰ ਠੰਡਾ ਹੋ ਜਾਏ ਤਾਂ ਉਸ ਨੂੰ ਮਰਿਆ ਹੋਇਆ ਸਮਝਿਆ ਜਾਂਦਾ
ਹੈ, ਤਨ ਸੀਤਲ ਦਾ ਭਾਵ ਅਰਥ ਸਰੀਰ ਦੇ ਨਾਲ ਜੋ ਗਿਆਨ ਇੰਦਰੇ ਹਨ ਉਹ ਠੰਡੇ ਹੋ ਗਏ ਭਾਵ ਮਰ ਗਏ
ਅੱਖਾਂ, ਕੰਨ, ਜ਼ਬਾਨ ਤੇ ਬਾਕੀ ਅੰਗਾਂ ਨੂੰ ਸਮਝ ਆ ਗਈ ਕਿ ਕਿਸੇ ਦਾ ਬੁਰਾ ਕਿਉਂ ਚਿਤਵਿਆ ਜਾਏ।
‘ਮਨੁ ਸੀਤਲੁ’ ਅੰਦਰ ਠੰਡਕ ਪੈਦਾ ਹੋ ਗਈ ਮਨ ਦੀ ਤਹਿ ਵਿਚ ਬੈਠੀ ਈਰਖਾ, ਸਾੜਾ, ਚਿੰਤਾਵਾਂ ਤੇ ਨਫਰਤ
ਵਰਗੀਆਂ ਭਿਆਨਕ ਬਿਮਾਰੀਆਂ ਦਾ ਸਦਾ ਲਈ ਖਤਮ ਹੋ ਜਾਣਾ ਹੀ ਮਨ ਦੀ ਸੀਤਲਤਾ ਹੈ। ਇਸ ਤੋਂ ਪਹਿਲੇ
ਸ਼ਬਦ ਵਿਚ ਇਕ ਹੋਰ ਨੁਕਤਾ ਸਾਡੇ ਸਾਹਮਣੇ ਆਉਂਦਾ ਹੈ ਉਹ ਵੀ ਧਿਆਨ ਵਿਚ ਲਿਆਉਣ ਦੀ ਲੋੜ ਹੈ। ਰੱਬ
ਕੋਈ ਸਥੂਲ ਰੂਪ ਵਿਚ ਨਹੀਂ ਹੈ ਕਿ ਜਿਸ ਦਾ ਕੋਈ ਇਹਨਾਂ ਅੱਖਾਂ ਨਾਲ ਦੀਦਾਰ ਕੀਤਾ ਜਾਏ ਰੱਬ ਜੀ ਦੇ
ਸਦਾ ਰਹਿਣ ਵਾਲੇ ਗੁਣ ਹੀ ਹਨ ਜਿਨ੍ਹਾਂ ਬਾਰੇ ਗੁਰਬਾਣੀ ਗਿਆਨ ਵਿਚੋਂ ਸਾਨੂੰ ਪਤਾ ਲੱਗਦਾ ਹੈ।
ਭਾਵਨੁ ਤਿਆਗਿਓ ਰੀ
ਤਿਆਗਿਓ ॥
ਤਿਆਗਿਓ ਮੈ ਗੁਰ
ਮਿਲਿ ਤਿਆਗਿਓ॥
ਸਰਬ ਸੂਖ ਆਨੰਦ ਮੰਗਲ ਰਸ ਮਾਨਿ ਗੋਬਿੰਦੈ ਆਗਿਓ ॥ਰਹਾਉ॥
ਮਾਨੁ ਅਭਿਮਾਨੁ ਦੋਊ ਸਮਾਨੇ ਮਸਤਕੁ ਡਾਰਿ ਗੁਰ ਪਾਗਿਓ ॥
ਸੰਪਤ ਹਰਖੁ ਨ ਆਵਤ ਦੂਖਾ ਰੰਗੁ ਠਾਕੁਰੇ ਲਾਗਿਓ ॥
ਭਾਵਨ ਦਾ ਅਰਥ ਏ ਸੁਖ ਗ੍ਰਹਿਣ
ਕਰਨੇ ਤੇ ਦੁਖਾਂ ਦਾ ਤਿਆਗ ਕਰਨਾ ਭਾਵ ਅਰਥ ਮਨ ਦੇ ਸਕੰਲਪ ਤੇ ਵਿਕਲਪ-ਹੇ ਮੇਰੀਏ ਭੇਣੈ ਮੈਂ ਮਨ ਦੇ
ਸਕੰਲਪ ਤੇ ਵਿਕੱਲਪ ਛੱਡ ਦਿੱਤੇ ਹਨ। ਗੁਰੂ ਦੇ ਉਪਦੇਸ਼ ਦੀ ਸਮਝ ਆਇਆਂ ਹੁਣ ਮੈਨੂੰ ਪਰਮਾਤਮਾ ਦੀ
ਰਜ਼ਾ ਮਿੱਠੀ ਲੱਗਣ ਲੱਗ ਪਈ ਹੈ ਜਿਸ ਕਰਕੇ ਸਾਰੇ ਪਾਸੇ ਸੁਖ ਅਨੰਦ ਤੇ ਖੁਸ਼ੀਆਂ ਹੀ ਖੁਸ਼ੀਆਂ ਦਿਸਣ
ਲੱਗ ਪਈਆਂ ਹਨ। ਸਥਿੱਤੀ ਅਜੇਹੀ ਹੋ ਗਈ ਹੈ ਕਿ ਮੇਰਾ ਕੋਈ ਆਦਰ ਕਰੇ ਜਾਂ ਮੇਰੇ ਨਾਲ ਆਕੜ ਵਾਲਾ
ਸਲੂਕ ਕਰੇ, ਮੈਨੂੰ ਹੁਣ ਦੋਵੇਂ ਇਕੋ ਜੇਹੇ ਹੀ ਜਾਪਦੇ ਹਨ, ਕਿਉਂਕਿ ਮੈਂ ਆਪਣਾ ਸਿਰ ਗੁਰੂ ਜੀ ਦੇ
ਚਰਨਾ ਵਿਚ ਰੱਖ ਦਿੱਤਾ ਹੈ। ਗੁਰੂ ਜੀ ਦੀ ਕ੍ਰਿਪਾ ਨਾਲ ਮੇਰੇ ਮਨ ਵਿਚ ਪਰਮਾਤਮਾ ਦਾ ਪਿਆਰ ਬਣ
ਚੁੱਕਿਆ ਹੈ, ਹੁਣ ਮੈਨੂੰ ਆਏ ਧੰਨ ਦੀ ਖੁਸ਼ੀ ਕੋਈ ਨਹੀਂ, ਤੇ ਆਈ ਬਿਪਤਾ ਤੋਂ ਦੁੱਖ ਨਹੀਂ ਪ੍ਰਤੀਤ
ਹੁੰਦਾ। ਇਹ ਹੈ ਅਸਲ ਰੱਬ ਜੀ ਦਾ ਦਰਸ਼ਨ।
ਤਨ ਤੇ ਮਨ ਦੀ ਸੀਲਤਾ ਅੰਦਰਲੀ ਤੇ ਬਾਹਰਲੀ ਇਕਸਾਰਤਾ ਦਾ ਦੂਜਾ ਨਾਂ ਹੈ। ਮਾਨ ਤੇ ਅਪਮਾਨ ਵਰਗੀਆਂ
ਗੱਲਾਂ ਤੋਂ ਉੱਪਰ ਉੱਠ ਜਾਣਾ ਹੀ ਰੱਬ ਜੀ ਦੀ ਨੇੜਤਾ ਹੈ। ਰੱਬ ਜੀ ਤਾਂ ਸਾਡੇ ਜੀਵਨ ਵਿਚੋਂ ਪ੍ਰਗਟ
ਹੋਣਾ ਹੈ। ਸਭ ਤੋਂ ਸੌਖਾ ਸੂਤਰ ਗੁਰੂ ਦੇ ਸੁਝ੍ਹਾਏ ਹੋਏ ਰਸਤੇ ਨੂੰ ਇਖਤਿਆਰ ਕਰਨ ਦਾ ਹੈ। “ਮਸਤਕੁ
ਡਾਰਿ ਗੁਰ ਪਾਗਿਓ” ਮੱਥਾ ਗੁਰੂ ਸਾਹਿਬ ਜੀ ਦੇ ਚਰਨਾ ਵਿਚ ਰੱਖ ਦਿੱਤਾ-ਮੱਥੇ ਵਿਚ ਦਿਮਾਗ ਹੈ ਜੋ
ਸਾਡੀ ਮਨੁੱਖੀ ਸੂਝ ਦਾ ਕੇਂਦਰ ਹੈ ਤੇ ਹਰ ਵੇਲੇ ਸੰਕਲਪ ਤੇ ਵਿਕੱਲਪ ਇੱਥੋਂ ਹੀ ਜਨਮ ਲੇਂਦੇ ਰਹਿੰਦੇ
ਹਨ। ਮੱਥਾ ਰੱਖਣਾ ਆਪਣੇ ਆਪ ਨੂੰ ਗੁਰੂ ਜੀ ਦੇ ਅੱਗੇ ਢੇਰੀ ਕਰਨਾ ਹੈ ਸਮਰਪਤ ਕਰਨਾ ਹੈ ਜਿਥੋਂ ਆਪਣੀ
ਸੋਚ ਖਤਮ ਹੁੰਦੀ ਹੈ ਤੇ ਗੁਰੂ ਜੀ ਦੀ ਸੋਚ ਦਾ ਜਨਮ ਹੁੰਦਾ ਹੈ। ਇਕ ਨਵੀਂ ਪ੍ਰਭਾਤ ਵਾਂਗ ਇਕ ਨਵੀਂ
ਸੋਚ ਪ੍ਰਗਟ ਹੁੰਦੀ ਹੈ, ਸਭ ਤੋਂ ਪਹਿਲਾਂ ਭਟਕਣਾ ਖਤਮ ਹੁੰਦੀ ਹੈ ਹਰ ਘਰ ਵਿਚ ਉਸੇ ਦਾ ਹੀ ਰੂਪ
ਦਿਸਦਾ ਹੈ। ਜੰਗਲਾਂ ਬੀਆਬਾਨਾਂ ਵਿਚ ਉਸੇ ਦੀ ਦਾ ਜਲਵਾ ਦਿਸਦਾ ਹੈ। ਨਿਜ ਸੁਆਰਥ ਬਿਗਾਨਗੀਆਂ
ਵਰਗੀਆਂ ਖਿਝ੍ਹਾਂ ਖਤਮ ਹੋ ਜਾਂਦੀਆਂ ਹਨ।
ਬਾਸ ਬਾਸ ਰੀ
ਏਕੈ ਸੁਆਮੀ ਉਦਿਆਨ ਦਿਸਟਾਗਿਓ ॥
ਨਿਰਭਉ ਸੰਤ ਭ੍ਰਮੁ ਡਾਰਿਓ ਪੂਰਨ ਸਰਬਾਗਿਓ ॥
ਗਉੜੀ ਮਹਲਾ 5-
ਮਨ ਵਿਚ ਖੋਜੀ ਬਿਰਤੀ ਦਾ ਉਤਪੰਨ
ਹੋਣਾ,ਭਰਾਤਰੀ ਭਾਵ ਦਾ ਪੈਦਾ ਹੋਣਾ, ਦੁਸ਼ਮਣੀਆਂ ਦੀਆਂ ਲੀਕਾਂ ਦਾ ਖਤਮ ਹੋਣਾ, ਆਪਸੀ ਸਾਂਝ ਦਾ ਤਾਲ
ਮੇਲ ਹੋਣਾ ਹੀ ਰੱਬ ਜੀ ਦੇ ਪਰਗਟ ਹੋਣ ਦੀਆਂ ਨਿਸ਼ਾਨੀਆਂ ਹਨ। ਸੋ ਅਰੰਭਕ ਸ਼ਬਦ ਦੇ ਪਹਿਲੇ ਬੰਦ ਵਿਚ
ਫਿਰ ਕੁਝ ਨੁਕਤਿਆਂ ਵਲ ਸਾਡਾ ਧਿਆਨ ਦਿਵਾਇਆ ਗਿਆ ਹੈ, ਮੱਥਾ ਗੁਰੂ ਜੀ ਦੇ ਅੱਗੇ ਰੱਖਣਾ, ਮਨ ਨੂੰ
ਜਿਤਣਾ, ਤ੍ਰਿਸ਼ਨਾ ਭੁੱਖ ਤੇ ਚਿੰਤਾ ਵਰਗੀਆਂ ਅਲਾਮਾਤਾਂ ਤੋਂ ਸਦਾ ਵਾਸਤੇ ਛੁਟਕਾਰਾ ਪਾਉਣਾ।
ਲਾਥੀ
ਭੂਖ ਤ੍ਰਿਸਨ ਸਭ ਲਾਥੀ ਚਿੰਤਾ ਸਗਲ ਬਿਸਾਰੀ ॥
ਕਰੁ ਮਸਤਕਿ ਗੁਰਿ ਪੂਰੈ ਧਰਿਓ ਮਨੁ ਜੀਤੋ ਜਗੁ ਸਾਰੀ ॥
ਕਿਸੇ ਚੀਜ਼ ਦਾ ਗਾਹ ਪਿਆ ਹੋਵੇ
ਤਾਂ ਉਸ ਵਿਚੋਂ ਅਸਲੀ ਤੱਤ ਲੱਭਣਾ ਮੁਸ਼ਕਲ ਹੁੰਦਾ ਹੈ। ਕਣਕ ਦੇ ਗਾਹ ਵਿਚੋਂ ਦਾਣਿਆਂ ਦੀ ਪਰਾਪਤੀ
ਲਈ ਸਖਤ ਮਿਹਨਤ ਦੀ ਜ਼ਰੂਰਤ ਹੈ। ਇੰਜ ਹੀ ਸਾਡੇ ਮਨ ਵਿਚ ਤ੍ਰਿਸ਼ਨਾ, ਭੁੱਖ ਤੇ ਚਿੰਤਾ ਦਾ ਗਾਹ ਪਿਆ
ਹੋਇਆ ਹੈ ਇਸ ਗਾਹ ਵਿਚ ਸੱਚੀ ਸੋਚ ਦਾ ਅਮੋਲਕ ਰਤਨ ਰੂਪੀ ਲੁਕਿਆ ਹੋਇਆ ਹੈ। ਸੋਨੇ ਨੂੰ ਸ਼ੁਧ ਹੋਣ
ਲਈ ਕਈ ਵਾਰ ਉਸ ਦੀ ਅਗਨੀ ਪ੍ਰੀਖਿਆ ਹੁੰਦੀ ਹੈ, ਫਿਰ ਕਿਤੇ ਜਾ ਕੇ ਉਹ ਚਮਕ ਦੇਂਦਾ ਹੈ। ਮਨੁੱਖੀ
ਸੋਚ ਜਿਸ ਨੂੰ ਮਨ ਜਾਂ ਦਿਮਾਗ ਦੀ ਸੰਗਿਆ ਦਿੱਤੀ ਗਈ ਹੈ ਇਸ ਵਿਚ ਭੁਖ, ਤ੍ਰਿਸ਼ਨਾ ਤੇ ਚਿੰਤਾ ਦੀ
ਬਹੁਤ ਹੀ ਬਰੀਕ ਪਰਤ ਚੜ੍ਹੀ ਹੋਈ ਹੈ। ਇਸ ਪਰਤ ਨੂੰ ਉਤਾਰਨ ਲਈ ਗੁਰੂ ਜੀ ਦੇ ਸਮਰਪਤ ਹੋਣਾ ਪਏਗਾ।
ਭੁੱਖ ਦਾ ਪ੍ਰਭਾਵ ਬਹੁਤ ਪ੍ਰਬਲ ਹੈ, ਮਨੁੱਖ ਬਹੁਤ ਦਫਾ ਇਸ ਦੇ ਅਧੀਨ ਹੋ ਕੇ ਹੀ ਚਲਦਾ ਹੈ। ਜਪੁ
ਬਾਣੀ ਅੰਦਰ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਮੁੱਢਲੇ ਰੂਪ ਵਿਚ ਹੀ ਇਸ ਤੋਂ ਬਚਣ ਦਾ ਸੰਕੇਤ ਦੇ
ਦਿੱਤਾ ਹੈ। “ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ” ਸਾਰੀ ਦੁਨੀਆਂ ਦੀ ਧੰਨ ਦੌਲਤ ਜੇ ਇਹ
ਮਨੁੱਖ ਇੱਕਠੀ ਕਰ ਲਏ ਇਸ ਦੀ ਭੁੱਖ ਦੂਰ ਨਹੀਂ ਹੋ ਸਕਦੀ, ਭੁੱਖ ਦਾ ਦੂਜਾ ਨਾਂ ਲਾਲਚ ਹੈ। ਲਾਲਚ ਦੀ
ਮਾਂ ਤ੍ਰਿਸ਼ਨਾ ਹੈ,ਜਿਵੇਂ ਜਿਵੇਂ ਤ੍ਰਿਸ਼ਨਾ ਵੱਧਦੀ ਹੈ ਲਾਲਚ ਪੁੱਤਰ ਅੰਦਰੋ ਅੰਦਰੀ ਜਵਾਨ ਹੋਈ
ਜਾਂਦਾ ਏ-ਲਾਲਚ ਪੁੱਤਰ ਪਾਲਣ ਦੀ ਹਰ ਵੇਲੇ ਇਸ ਮਨ ਨੂੰ ਚਿੰਤਾ ਵੱਢ ਵੱਢ ਕੇ ਖਾਦੀ ਰਹਿੰਦੀ ਹੈ
ਮੇਰਾ ਪੁੱਤ ਕੀ ਖਾਏਗਾ। ਇਹ ਸਾਰੀ ਪਰਕ੍ਰਿਆ ਮਨ ਵਿਚ ਭਾਵ ਦਿਮਾਗ ਦੀ ਸੋਚ ਵਿਚ ਘੁੰਮਦੀ ਰਹਿੰਦੀ
ਹੈ। ਗੁਰੂ ਸਾਹਿਬ ਜੀ ਕਹਿ ਰਹੇ ਹਨ ਕਿ ਪੂਰੇ ਗੁਰੂ ਅੱਗੇ ਨਮਸਤਿਕ ਹੋਇਆਂ ਇਹਨਾਂ ਬਰੀਕੀਆਂ ਦੀ ਸਮਝ
ਆ ਸਕਦੀ ਹੈ। “ਕਰੁ ਮਸਤਕਿ ਗੁਰਿ ਪੂਰੈ ਧਰਿਓ” ਦਾ ਅਧਾਰ ਪੇਸ਼ ਕੀਤਾ ਹੈ। ਮੱਥਾ ਤੇ ਪੂਰਾ
ਗੁਰੂ---ਮਨ ਕਰਕੇ ਗੁਰੂ ਸਾਹਿਬ ਜੀ ਤੋਂ ਉਪਦੇਸ਼ ਲੈਣ ਦੀ ਕੋਸਿ਼ਸ਼ ਕਰਨੀ ਹੈ ਤਾਂ ਕਿ ਮਨ ਦੀਆਂ
ਖਾਹਸ਼ਾਂ ਉੱਤੇ ਕਾਬੂ ਪਾਇਆ ਜਾ ਸਕੇ। ਮਨ ਨੂੰ ਜਿੱਤਣ ਦਾ ਅਰਥ ਹੈ ਇਸ ਦੀਆਂ ਖਾਹਸ਼ਾਂ ਤੇ ਕਾਬੂ
ਪਾਉਣਾ, ਜੇ ਇਸ ਗੱਲ ਦੀ ਸਮਝ ਆ ਜਾਏ ਤਾਂ ਸਮਝੋ ਸੰਸਾਰ ਨੂੰ ਜਿੱਤਿਆ ਜਾ ਸਕਦਾ ਹੈ। ਇਹਨੂੰ ਕਿਹਾ
ਹੈ “ਪਾਇਆ ਲਾਲੁ ਰਤਨੁ ਮਨਿ ਪਾਇਆ” ਮਨ ਦੀਆਂ ਤ੍ਰਿਸ਼ਨਾ ਤੇ ਕਾਬੂ ਪਾਉਣਾ ਸੰਸਾਰ ਜਿੱਤਣਾ ਹੈ।ਫਿਰ
ਆਦਮੀ ਡੋਲਦਾ ਨਹੀਂ ਹੈ। ਇਸ ਸ਼ਬਦ ਦੇ ਦੂਸਰੇ ਬੰਦ ਵਿਚ ਹੋਰ ਵੀ ਬੜਾ ਪਿਆਰਾ ਖਿਆਲ ਗੁਰੂ ਜੀ ਦੇਂਦੇ
ਹਨ।
ਤ੍ਰਿਪਤਿ ਅਘਾਇ
ਰਹੇ ਰਿਦ ਅੰਤਰਿ ਡੋਲਨ ਤੇ ਅਬ ਚੂਕੇ ॥
ਅਖੁਟੁ ਖਜਾਨਾ ਸਤਿਗੁਰਿ ਦੀਆ ਤੋਟਿ ਨਾਹੀ ਰੇ ਮੂਕੇ ॥
ਰੱਬ ਜੀ ਜਦੋਂ ਲੱਭ ਜਾਂਦੇ ਹਨ ਤਾਂ
ਫਿਰ ਮਨੁੱਖ ਡੋਲਦਾ ਨਹੀਂ ਹੈ। ਸ਼ਰਾਬੀ ਆਦਮੀ ਪਾਸੋਂ ਤਾਲਾ ਨਹੀਂ ਖੁਲ੍ਹੇਗਾ ਕਿਉਂਕਿ ਉਸ ਦੇ ਹੱਥ
ਡੋਲ ਰਹੇ ਹੁੰਦੇ ਹਨ, ਤਾ ਫਿਰ ਉਸ ਪਾਸੋਂ ਚਾਬੀ ਨਹੀਂ ਲੱਗੇਗੀ। ਸਮੁੰਦਰ ਵਿਚ ਬੇੜੀ ਡੋਲ ਜਾਏ ਤਾਂ
ਕਿਨਾਰੇ ਲੱਗਣਾ ਔਖਾ ਹੋ ਜਾਏਗਾ। ਇੰਜ ਹੀ ਸੰਸਾਰ ਵਿਚ ਮਾਇਆ ਦੇ ਝੱਖੜ ਝੁੱਲ ਰਹੇ ਹਨ ਆਦਮੀ ਵਿਚਾਰਾ
ਡੋਲ ਜਾਂਦਾ ਹੈ ਗੁਰੂ ਜੀ ਫਰਮਾਉਂਦੇ ਹਨ ਕਿ ਹੇ ਪਰਮਾਤਮਾ ਮੈਨੂੰ ਡੋਲਣ ਤੋਂ ਬਚਾ ਲੈ। “ਹਮ ਡੋਲਤ
ਬੇੜੀ ਪਾਪ ਭਰੀ ਹੈ ਪਵਣੁ ਲੱਗੈ ਮਤੁ ਜਾਈ” ਗੁਰੂ ਸਾਹਿਬ ਜੀ ਨੇ ਮੈਨੂੰ ਅਖੁੱਟ ਖਜ਼ਾਨਾ ਦਿੱਤਾ ਹੈ
ਨਾਮ ਦਾ ਜਿਸ ਕਰਕੇ ਮੈਂ ਡੋਲਣ ਤੋਂ ਬਚ ਗਿਆ। ਇਕ ਅਮੀਰ ਆਦਮੀ ਬਹੁਤ ਸਾਰਾ ਧੰਨ ਪਦਾਰਥ ਛਡ ਕੇ ਮਰ
ਗਿਆ, ਉਹ ਦਾ ਬੱਚਾ ਹੱਥ ਵਿਚ ਚਾਬੀਆਂ ਫੜੀ ਬਾਹਰ ਸੜਕ ਦੇ ਕਿਨਾਰੇ ਤੇ ਖਲੋ ਕੇ ਰੋ ਰਿਹਾ ਹੈ। ਕਿਸੇ
ਜਾਣ ਵਾਲੇ ਰਾਹੀ ਨੇ ਪੁੱਛਿਆ, “ਓਏ ਤੂੰ ਕਿਉਂ ਰੋਂਦਾ ਏਂ ਤੇਰਾ ਬਾਪ ਤਾਂ ਤੇਰੇ ਵਾਸਤੇ ਕਿੰਨਾ
ਕੀਮਤੀ ਖਜ਼ਾਨਾ ਛੱਡ ਗਿਆ ਹੈ” ਅੱਗੋਂ ਰੋ ਰਿਹਾ ਬੱਚਾ ਕਹਿੰਦਾ ਹੈ, “ਕਿ ਖਜ਼ਾਨਾ ਤਾਂ ਬਹੁਤ ਵੱਡਾ
ਬਾਪ ਛੱਡ ਗਿਆ ਹੈ ਪਰ ਮੈਨੂੰ ਉਸ ਖਜ਼ਾਨੇ ਨੂੰ ਖੋਲਣ ਦੀ ਜਾਚ ਨਹੀਂ ਆਉਂਦੀ ਕਿ ਚਾਬੀ ਕਿਵੇਂ ਲਾਈ
ਜਾਂਦੀ ਹੈ”। ਨਾ ਮੁਕਣ ਵਾਲਾ ਗੁਰਬਾਣੀ ਦਾ ਖਜ਼ਾਨਾ ਸਾਡੇ ਪਾਸ ਹੈ ਪਰ ਫਿਰ ਵੀ ਸੜਕ ਦੇ ਕਿਨਾਰੇ ਤੇ
ਖਲੋ ਕਿ ਅਸੀਂ ਰੋ ਰਹੇ ਹਾਂ ਕਿਉਂਕਿ ਚਾਬੀ ਨਹੀਂ ਲਾ ਰਹੇ; ਗੁਰਬਾਣੀ ਦੀ ਵਿਚਾਰ ਨਹੀਂ ਕਰ ਰਹੇ ਏਸੇ
ਲਈ ਦੂਰੀਆ ਵਧੀਆਂ ਹੋਈਆਂ ਹਨ ਜਿਸ ਕਰਕੇ ਰੱਬ ਜੀ ਸਾਨੂੰ ਲੱਭ ਦੇ ਨਹੀਂ ਹਨ, ਤੇ ਅਸੀਂ ਭਟਕਣਾ ਵਿਚ
ਪਏ ਹੋਏ ਹਾਂ।
ਕੀਮਤੀ ਰਤਨ ਦੀ ਪਰਪਤੀ ਹੁੰਦਿਆਂ ਭਾਵ ਰੱਬ ਜੀ ਦੀ ਸਮਝ ਆਇਆਂ, ਜਿਸ ਨੂੰ ਨਾਮ ਵੀ ਕਿਹਾ ਗਿਆ ਹੈ ਸਭ
ਤੋਂ ਪਹਿਲਾਂ ਸੰਤੋਖੀ ਹੁੰਦਾ ਹੈ ਜਿਸ ਨੂੰ ‘ਤ੍ਰਿਪਤ ਅਘਾਇ’ ਕਿਹਾ ਗਿਆ ਹੈ। ਸੰਤੋਖ ਆਉਣ ਤੇ ਕਿਸੇ
ਦੇ ਪਦਾਰਥ ਵਲ ਦੇਖ ਕੇ ਡੋਲੇਗਾ ਨਹੀਂ, ਪਰਾਇਆ ਰੂਪ, ਪਰਾਇਆ ਧੰਨ, ਵੱਢੀ-ਰਿਸ਼ਵਤ ਅੱਗੇ ਝੁਕੇਗਾ
ਨਹੀਂ, ਡੋਲੇਗਾ ਨਹੀਂ ਕਿਉਂਕਿ ਸਤਿਗੁਰ ਦੀ ਬਾਣੀ ਦਾ ਅਖੁੱਟ ਖਜ਼ਾਨਾ ਵਰਤਣ ਦੀ ਇਸ ਨੂੰ ਜਾਚ ਆ
ਜਾਂਦੀ ਹੈ। ਇਹ ਖਜ਼ਾਨਾ ਕਦੇ ਵੀ ਮੁਕੇਗਾ ਨਹੀਂ ਮਨ ਤੇ ਤਨ ਵਿਚ ਮਿੱਠੀ ਠੰਡਕ ਰਹੇਗੀ। ਤੀਸਰੇ ਬੰਦ
ਵਿਚ ਤਾਤ ਪਰਾਈ ਦੀ ਸਮੱਸਿਆ ਵਲ ਸਾਡਾ ਧਿਆਨ ਦਿਵਾਇਆ ਹੈ।
ਅਚਰਜੁ ਏਕੁ
ਸੁਨਹੁ ਰੇ ਭਾਈ ਗੁਰਿ ਐਸੀ ਬੂਝ ਬੁਝਾਈ ॥
ਲਾਹਿ ਪਰਦਾ ਠਾਕੁਰੁ ਜਉ ਭੇਟਿਓ ਤਉ ਬਿਸਰੀ ਤਾਤਿ ਪਰਾਈ ॥
ਪਿਛਲੇ ਕੁਝ ਸਮੇਂ ਤੋਂ ਸਟੇਜਾਂ ਤੇ
ਆਮ ਹੀ ਇਕ ਗੱਲ ਸੁਣਨ ਨੂੰ ਮਿਲਦੀ ਹੈ ਕਿ ਨਾਮ ਦੀ ਕਮਾਈ ਕਰਨੀ ਚਾਹੀਦੀ ਹੈ, ਤੇ ਇਹ ਕਮਾਈ ਸਿਰਫ
ਨਾਮ ਬੋਲ ਬੋਲ ਕੇ ਆਖਣ ਨੂੰ ਹੀ ਕਿਹਾ ਜਾਂਦਾ ਹੈ। ਇਸ ਗੱਲ ਦੀ ਗਹਿਰਾਈ ਤੀਕ ਜਾਇਆ ਜਾਏ ਤਾਂ ਪਤਾ
ਲੱਗਦਾ ਹੈ ਕਿ ਸ਼ੁਭ ਗੁਣਾਂ ਦੀ ਨਿਤਾ ਪ੍ਰਤੀ ਵਰਤੋਂ ਕਰਨ ਨੂੰ ਹੀ ਕਮਾਈ ਕਿਹਾ ਗਿਆ ਹੈ। ਗੁਰਬਾਣੀ
ਦੇ ਉਪਦੇਸ਼ ਤੇ ਚਲਣ ਨਾਲ ਜਾਂ ਇਸ ਦਾ ਨਿਤਾ ਪ੍ਰਤੀ ਅਭਿਆਸ ਕਰਦੇ ਰਹਿਣ ਨਾਲ ਜੋ ਤਬਦੀਲੀ ਆਉਂਦੀ
ਹੈ, ਉਸ ਦਾ ਨਾਂ ਹੈ ਕਮਾਈ, ਤੇ ਉਸ ਨੂੰ ਹੀ ਕਿਹਾ ਗਿਆ ਹੈ “ਪਾਇਆ ਲਾਲੁ ਰਤਨੁ ਮਨਿ ਪਾਇਆ”
“ਗੁਰਿ ਐਸੀ ਬੂਝ ਬੁਝਾਈ” ਇੰਨੀ ਪੀਡੀ ਸਮਝ ਦਿੱਤੀ ਕਿ ਪਰਾਈ ਈਰਖਾ ਦਾ ਪਰਦਾ ਲਹਿ ਗਿਆ। ਆਮ ਘਰਾਂ
ਵਿਚ ਜਦੋਂ ਈਰਖਾ ਜਨਮ ਲੈਂਦੀ ਹੈ ਤਾਂ ਦੂਰੀਆਂ ਵੱਧਣੀਆਂ ਸ਼ੁਰੂ ਹੋ ਜਾਂਦੀਆ ਹਨ। ਸ਼ਹੀਦੀ ਪੁਰਬ
ਤਾਂ ਅਸਾਂ ਜ਼ਰੁਰ ਮਨਾਇਆ ਹੈ, ਇਹਨਾਂ ਸ਼ਬਦਾਂ ਦਾ ਕੀਰਤਨ ਵੀ ਜ਼ਰੂਰ ਹੋਇਆ ਹੈ, ਸੋਚਣ ਵਾਲੀ ਗੱਲ
ਹੈ ਕਿ ਕੀ ਸਾਡੀਆਂ ਈਰਖਾਵਾਂ ਖਤਮ ਹੋ ਗਈਆਂ ਹਨ, ਨਹੀਂ ਇਹ ਸਿਰਫ ਕਹਿਣ ਕਹਾਉਣ ਦੀਆਂ ਹੀ ਗੱਲਾਂ ਹਨ
ਅਮਲ ਨਹੀਂ ਹੈ। ਇਸ ਲਈ ਰੱਬ ਜੀ ਦਿੱਸਦੇ ਨਹੀਂ ਹਨ। ‘ਗੁਰਿ ਐਸੀ ਬੂਝ ਬੁਝਾਈ’ ਨਾਲ ਤਾਂ ਪਰਾਈ ਤਾਤ
ਦਾ ਪਰਦਾ ਪਰੇ ਹੱਟ ਗਿਆ ਹੈ। ਗੱਲੀ ਮਹੱਲੇ ਵਾਲੇ ਆਪਣੇ ਦਿੱਸਦੇ ਹਨ ਕਿਉਂਕਿ ਹੰਕਾਰ ਦਾ ਪਰਦਾ ਲਹਿ
ਗਿਆ ਹੈ, ਮੇਰ ਤੇਰ ਵਾਲੀਆਂ ਬੰਦਸ਼ਾਂ ਖਤਮ ਹੋ ਗਈਆਂ ਹਨ। ਰੱਬ ਜੀ ਨੂੰ ਪਾ ਲਿਆ ਇਸੇ ਹੀ ਸ਼ਬਦ
ਦੀਆਂ ਅਖੀਰਲੀਆਂ ਤੁਕਾਂ ਵਿਚ ਗੁਰੂ ਜੀ ਨੇ ਇਸ ਦੀ ਵਿਲੱਖਣਤਾ ਦੱਸੀ ਹੈ।
ਕਹਿਓ ਨ ਜਾਈ
ਏਹੁ ਅਚੰਭਉ ਸੋ ਜਾਨੈ ਜਿਨਿ ਚਾਖਿਆ ॥
ਕਹੁ ਨਾਨਕ ਸਚ ਭਏ ਬਿਗਾਸਾ ਗੁਰਿ ਨਿਧਾਨੁ ਰਿਦੈ ਲੈ ਰਾਖਿਆ ॥
ਗੂੰਗੇ ਨੂੰ ਗੁੜ ਖੁਆ ਦਿਉ ਤੇ ਫਿਰ
ਉਸ ਨੂੰ ਇਹ ਪੁੱਛ ਲਿਆ ਜਾਏ ਕਿਉਂ ਭਈ ਇਹਦਾ ਸੁਆਦ ਕਿਦਾਂ ਦਾ ਐ, ਪਰ ਗੂੰਗਾ ਖਾਧੇ ਹੋਏ ਗੁੜ ਦਾ
ਸੁਆਦ ਨਹੀਂ ਦੱਸ ਸਕਦਾ ਕਿਉਂਕਿ ਉਹ ਬੋਲ ਨਹੀਂ ਸਕਦਾ। ਜਿਹੜਾ ਵੀ ਭੈਣ ਵੀਰ ‘ਸਤਿਗੁਰ ਸ਼ਬਦਿ
ਸਮਾਇਆ’ ਦੇ ਕਥਨ ਅਨੁਸਾਰ ਸ਼ਬਦ ਵਿਚ ਸਮਾ ਗਿਆ, ਭਾਵ ਉਸ ਨੇ ਇਹ ਰਸ ਚੱਖ ਲਿਆ, ਜੀਵਨ ਦੇ ਵਿਚ ਅਪਨਾ
ਲਿਆ ਜਾਂ ਸ਼ਬਦ ਅਨੁਸਾਰ ਤੁਰਨ ਲੱਗ ਪਿਆ ਉਸ ਦੇ ਜੀਵਨ ਵਿਚ ਆਈ ਤਬਦੀਲੀ ਬਿਆਨ ਨਹੀਂ ਕੀਤੀ ਜਾ
ਸਕਦੀ। ਤੁਕਾਂ ਦਾ ਪਾਠ ਹੈ “ਸੋ ਜਾਨੈ ਜਿਨਿ ਚਾਖਿਆ” ਚੱਖਣ ਦਾ ਅਰਥ ਹੈ ਕੋਈ ਚੀਜ਼ ਪਈ ਹੋਵੇ ਉਸ
ਨਾਲ ਉਂਗਲ਼ ਲਾ ਕੇ ਆਪਣੀ ਜ਼ਬਾਨ ਤੇ ਉਹ ਉਂਗਲ਼ ਲਾਉਣੀ ਤੇ ਫਿਰ ਉਸ ਦਾ ਸੁਆਦ ਦੱਸਣਾ ਉਸ ਨੂੰ ਕਿਹਾ
ਗਿਆ ਹੈ ਚੱਖਣਾ। ਚਾਹ ਵਿਚ ਮਿੱਠਾ ਕਿਂਨਾ ਕੁ ਹੈ ਇਹ ਤੇ ਹੁਣ ਚੱਖ ਕੇ ਹੀ ਦੱਸਿਆ ਜਾ ਸਕਦਾ ਹੈ। ਕੀ
ਗੁਰਬਾਣੀ ਵੀ ਚੱਖੀ ਜਾ ਸਕਦੀ ਹੈ ? ਜੇ ਚੱਖੀ ਨਹੀਂ ਜਾ ਸਕਦੀ ਤਾਂ ਫਿਰ ਇਹਨਾਂ ਤੁਕਾਂ ਦਾ ਭਾਵ ਅਰਥ
ਲਿਆ ਜਾਏਗਾ-ਜਿਸ ਨੂੰ ਗੁਰਬਾਣੀ ਵਿਚਾਰ ਦੀ ਚੇਟਕ ਲੱਗ ਗਈ ਤੇ ਉਸ ਚੇਟਕ ਵਿਚੋਂ ਆਤਮਿਕ ਸੂਝ ਦਾ
ਪ੍ਰਗਟ ਹੋ ਜਾਣਾ ਚੱਖਣਾ ਹੈ, ਸੁਭਾਅ ਵਿਚ ਤਬਦੀਲੀ ਦਾ ਆ ਜਾਣਾ, ਇਹ ਰਸ ਉਹ ਹੀ ਜਾਣ ਸਕਦਾ ਹੈ ਜਿਸ
ਨੇ ਆਪਣੇ ਆਪ ਨੂੰ ਢਾਲ ਲਿਆ ਹੈ। ਗੁਰੂ ਅਰਜਨ ਪਾਤਸ਼ਾਹ ਜੀ ਨੂੰ ਗੁਰੂ ਰਾਮਦਾਸ ਜੀ ਦੀ ਗੱਲ ਸਮਝਣ
ਦਾ ਰਸ ਆ ਗਿਆ, ਪਰ ਪ੍ਰਿਥੀ ਚੰਦ ਨੂੰ ਸਾਰੀ ਉਮਰ ਇਸ ਦਾ ਰਸ ਨਹੀਂ ਆਇਆ, ਸਗੋਂ ਗੁਰੂ ਪਿਤਾ ਨਾਲ
ਚੇੜ੍ਹਾਂ ਹੀ ਕਰਦਾ ਰਿਹਾ ਹੈ। ਗੁਰੂ ਅਰਜਨ ਪਾਤਸ਼ਾਹ ਜੀ “ਸਚ ਭਏ ਬਿਗਾਸਾ” ਪਰਮਾਤਮਾ ਦੇ ਗਿਆਨ ਦਾ
ਚਾਨਣ, ਜੋ ਗੁਰੂ ਜੀ ਨੇ ਦਿੱਤਾ ਹੈ, “ਨਿਧਾਨ ਰਿਦੈ ਲੈ ਰਾਖਿਆ” ਹਿਰਦੇ ਵਿਚ ਨਾਮ ਦਾ ਖਜ਼ਾਨਾ ਰੱਖ
ਦਿੱਤਾ।
ਸਾਰੀ ਤੁਕ ਦੇ ਅਰਥ ਇਸ ਤਰ੍ਹਾਂ ਹਨ ਹੇ ਭਾਈ ! ਇਹ ਇਕ ਐਸਾ ਅਸਚਰਜ ਅਨੰਦ ਹੈ ਜਿਹੜਾ ਬਿਆਨ ਨਹੀਂ
ਕੀਤਾ ਜਾ ਸਕਦਾ।ਇਹ ਰਸ ਉਹੀ ਜਾਣਦਾ ਹੈ ਜਿਸ ਨੇ ਇਹ ਚੱਖਿਆ ਹੈ। ਹੇ ਨਾਨਕ ! ਆਖ-- ਗੁਰੂ ਨੇ ਮੇਰੇ
ਅੰਦਰ ਪਰਮਾਤਮਾ ਦੇ ਨਾਮ ਦਾ ਖਜ਼ਾਨਾ ਲਿਆ ਕੇ ਰੱਖ ਦਿੱਤਾ ਹੈ, ਤੇ ਮੇਰੇ ਅੰਦਰ ਉਸ ਸਦਾ ਕਾਇਮ ਰਹਿਣ
ਵਾਲੇ ਪਰਮਾਤਮਾ ਦੇ ਗਿਆਨ ਦਾ ਚਾਨਣ ਹੋ ਗਿਆ ਹੈ।
ਸੋ ਇਸ ਸ਼ਬਦ ਵਿਚ ਪਰਮਾਤਮਾ ਨੂੰ ਕਿੰਜ ਪਾਉਣਾ ਹੈ ਇਸ ਦਾ ਵਿਧੀ-ਵਿਧਾਨ ਦੱਸਿਆ ਗਿਆ ਹੈ, ਕਿਉਂਕਿ
ਰੱਬ ਜੀ ਦਾ ਕੋਈ ਰੰਗ, ਰੂਪ, ਜਾਤ, ਸ਼ਕਲ ਨਹੀਂ ਹੈ ਨਾ ਹੀ ਉਹ ਮਨੁੱਖਾਂ ਵਾਂਗ ਜੰਮਦਾ ਮਰਦਾ ਹੈ,
ਫਿਰ ਉਸ ਦੀ ਰੱਬੀ ਨਿਯਮਾਵਲੀ ਨੂੰ ਅਪਨਾਇਆਂ ਉਸ ਦਾ ਦੀਦਾਰ ਕਰ ਸਕਦੇ ਹਾਂ। ਇਹ ਕੀਮਤੀ ਨਿਯਮਾਵਲੀ
ਸਾਨੂੰ ਗੁਰਬਾਣੀ ਗਿਆਨ ਵਿਚੋਂ ਮਿਲ ਸਕਦੀ ਹੈ।
੧. ਰਹਾਉ ਦੀਆਂ ਤੁਕਾਂ ਵਿਚ ਗੁਰੂ ਜੀ ਦੇ ਸਿਧਾਂਤ ਨੂੰ ਮਨ ਕਰਕੇ ਸਮਝਣਾ ਹੈ---ਜਿੰਦਗੀ ਨੂੰ
ਨਿਯਮਬੰਧ ਕਰਨ ਨਾਲ, ਮਨ ਤੇ ਤਨ ਵਿਚ ਇਕ ਟਿਕਾਉ ਆ ਜਾਂਦਾ ਹੈ, ਜੋ ਜੀਵਨ ਦੇ ਸੁਨਹਿਰੀ ਗੁਣ ਹਨ,
ਜਿਨਾਂ ਨੂੰ ਲਾਲ ਰਤਨ ਦਾ ਨਾਂ ਦਿੱਤਾ ਗਿਆ ਹੈ।
੨. ਮਨ, ਤਨ ਵਿਚ ਸੀਤਲਤਾ ਆਉਣ ਨਾਲ ਭੁੱਖ, ਤ੍ਰਿਸ਼ਨਾ ਤੇ ਬੇ--ਲੋੜੇ ਝੋਰ੍ਹੇ ਖਤਮ ਹੁੰਦਿਆਂ ਮਨ ਤੇ
ਕਾਬੂ ਪਾ ਲਿਆ ਜਾਂਦਾ ਹੈ ਜੇ ਕਰ ਮਨੋ ਗੁਰੂ ਜੀ ਨੂੰ ਸਮਰਪਣ ਹੋਇਆ ਜਾਏ ਤਾਂ ਸਮਝੋ ਜਗ ਨੂੰ ਜਿਤ
ਲਿਆ, ਸਿੱਧੇ ਅੱਖਰਾਂ ਵਿਚ ਰੱਬ ਜੀ ਨੂੰ ਪਾ ਲਿਆ।
੩. ਸਤਿਗੁਰ ਜੀ ਦੇ ਦੱਸੇ ਸੁਨਿਹਰੀ ਅਸੂਲਾਂ ਨੂੰ ਅਪਨਾਇਆਂ ਬੰਦਾ ਲਾਲਚ ਕਰਕੇ ਫਿਰ ਡੋਲਦਾ ਨਹੀਂ
ਹੈ। ਸੰਤੋਖ ਵਿਚ ਹਮੇਸ਼ਾਂ ਰੱਜਿਆ ਰਹਿੰਦਾ ਹੈ। ਰੱਬੀ ਸ਼ੁਭ ਗੁਣਾਂ ਦਾ ਖਜ਼ਾਨਾ ਐਸਾ ਵਧੀਆ ਹੈ ਕੇ
ਇਹ ਕਦੇ ਮੁੱਕਦਾ ਹੀ ਨਹੀਂ ਹੈ।
੪. ਰੱਬ ਜੀ ਨੂੰ ਪਾਉਣ ਕਰਕੇ ਜੋ ਤਬਦੀਲੀ ਆਈ ਹੈ ਉਸ ਕਰਕੇ ਪਰਈ ਤਾਤ ਦਾ ਪਰਦਾ ਹੀ ਲਹਿ ਗਿਆ, ਹਰ
ਵੇਲੇ ਦੀ ਈਰਖਾ ਸਾੜ੍ਹਾ ਤਿਸ਼ਨਾਲੂ ਸੁਭਾਅ ਦਾ ਖਾਤਮਾ ਹੀ ਹੋ ਗਿਆ ਹੈ। ਮੇਰੇ ਹੰਕਾਰ ਦਾ ਪਰਦਾ
ਸਾਰਾ ਹੀ ਚੁੱਕਿਆ ਗਿਆ ਹੈ।
੫. ਜਿਸ ਭੈਣ ਵੀਰ ਨੇ ਆਪਣੇ ਆਪ ਨੂੰ ਗੁਰੂ ਜੀ ਦੇ ਇਸ ਸੰਦੇਸ਼ ਵਿਚ ਢਾਲ ਲਿਆ ਹੈ, “ਸਚ ਭਏ
ਬਿਗਾਸਾ” ਭਾਵ ਰੱਬ ਜੀ ਦਾ ਪ੍ਰਕਾਸ਼ ਹੋ ਗਿਆ, ਪਰ ਜਿਸ ਨੇ ਇਹ ਰਸ ਚੱਖ ਲਿਆ ਹੈ ਭਾਵ ਰੱਬੀ
ਨਿਯਮਾਵਲੀ ਨੂੰ ਅਪਨਾ ਲਿਆ ਹੈ ਸੱਚੇ ਰੱਬ ਜੀ ਨੂੰ ਉਸ ਨੇ ਪਾ ਲਿਆ ਹੈ।
ਫਿਰ ਦੱਸਿਆ ਜਾਂਦਾ ਹੈ ਕਿ ਪਰਮਾਤਮਾ ਨਾ ਤਾਂ ਜੰਮਦਾ ਹੇ ਤੇ ਨਾ ਹੀ ਉਹ ਮਰਦਾ ਹੈ ਨਾ ਉਸ ਦਾ ਕੋਈ
ਰੰਗ ਰੂਪ ਹੈ ਤੇ ਨਾ ਹੀ ਉਸ ਦੀ ਕੋਈ ਮੂਰਤ ਹੈ ਸਿੱਖੀ ਦਾ ਸਿਧਾਂਤ ਸੂਰਜ ਦੇ ਚਾਨਣੇ ਵਾਂਗ ਸਦਾ
ਚਮਕਦਾ ਹੈ ਕਿ ਜਿਹੜਾ ਵੀ ਗੁਰੂ ਜੀ ਦੇ ਦੱਸੇ ਹੋਏ ਰਸਤੇ ਨੂ ਅਖਿਤਿਆਰ ਕਰਕੇ ਚਲਦਾ ਹੈ ਉਹ ਰਬ ਦਾ
ਹੀ ਰੂਪ ਹੋ ਜਦਾ ਹੈ। ਰੱਬ ਜੀ ਸਾਡੇ ਸੁਭਾਅ, ਸਾਡੀ ਜਿ਼ੰਦਗੀ ਵਿਚੋਂ ਪ੍ਰਗਟ ਹੋਣਾ ਹੈ। ਰੱਬ ਜੀ
ਕਿਸੇ ਨੂੰ ਨਾ ਤਾਂ ਵਰ ਦੇਂਦੇ ਹਨ ਤੇ ਨਾ ਹੀ ਕਿਸੇ ਨੂੰ ਕੋਈ ਸਰਾਪ ਦੇਂਦੇ ਹਨ, ਜਿਹੜਾ ਵੀ ਉਸ ਦੇ
ਹੁਕਮ ਨੂੰ ਸਮਝ ਕੇ ਚਲੇਗਾ ਉਹ ਹੀ ਸੁੱਖ ਪਾਏਗਾ। ਗੁਰੂ ਅਰਜਨ ਪਾਤਸ਼ਾਹ ਜੀ ਦਾ ਇਕ ਹੋਰ ਬੜਾ ਪਿਆਰਾ
ਵਾਕ ਹੈ-----
ਸੰਤ ਪ੍ਰਸਾਦਿ ਮੇਰੇ ਪੂਰ ਮਨੋਰਥ ਕਰਿ ਕਿਰਪਾ ਭੇਟੇ ਗੁਣਤਾਸ ॥
ਸਾਂਤਿ ਸਹਜ ਸੁਖ ਮਨਿ ਉਪਜਿਓ ਕੋਟਿ ਸੂਰ ਨਾਨਕ ਪਰਗਾਸ ॥
ਟੋਡੀ ਮਹਲਾ 5-ਪੰਨਾ-716-----