ਸੰਤਾਂ ਦੇ
ਕੌਤਕ .....?
(ਭਾਗ ਦੂਜਾ,
ਕਿਸ਼ਤ ਨੰ: ੦੨)
ਭਾਈ
ਸੁਖਵਿੰਦਰ ਸਿੰਘ 'ਸਭਰਾ'
ਮੇਰੇ ਵੀਰ
ਕੀ ਤੈਨੂੰ ਉਹ ਵੇਲਾ ਯਾਦ ਹੈ ਜਦ
ਸਾਰੀ ਸਿੱਖ ਕੌਮ ਦਾ ਰਹਿਣ-ਸਹਿਣ ਦਾ ਢੰਗ (ਮਰਯਾਦਾ) ਇਕ ਹੋਇਆ ਕਰਦੀ ਸੀ ਵਿਚਾਰ ਵੀ ਇਕ ਤਰ੍ਹਾਂ ਦੇ
ਹੰੁਦੇ ਸਨ, ਨਿਸ਼ਾਨਾ ਵੀ ਇਕ ਹੀ ਹੁੰਦਾ ਸੀ। ਇਸ ਏਕਤਾ ਦਾ ਸਦਕਾ ਹੀ ਮੁੱਠੀ ਭਰ ਸਿੱਖ ਕੌਮ ਬਹੁਤ
ਥੋੜ੍ਹੇ ਸਾਜੋ ਸਮਾਨ ਨਾਲ ਸੈਂਕੜੇ ਵਰ੍ਹਿਆਂ ਦੀ ਕਾਇਮ ਮੁਗ਼ਲ ਹਕੂਮਤ ਨਾਲ ਲੋਹਾ ਲੈਂਦੀ ਰਹੀ। ਉਹਨਾਂ
ਦੇ ਜ਼ੁਲਮਾਂ ਵਿਰੁੱਧ ਹਮੇਸ਼ਾ ਝੰਡਾ ਚੁੱਕੀ ਰੱਖਿਆ। ਪਰ ਅੱਜ ਸਾਡੀ ਦਸ਼ਾ ਕੀ ਹੈ?
ਕੀ ਤੂੰ ਕਦੇ ਧਿਆਨ ਦਿੱਤਾ ਹੈ ਕਿ ਅੱਜ ਸਾਡੀ ਸਿੱਖ ਰਹਿਣੀ ਬਹਿਣੀ ਨੂੰ ਕਿਸ ਤਰ੍ਹਾਂ ਖੇਰੂੰ-ਖੇਰੂੰ
ਕੀਤਾ ਜਾ ਰਿਹਾ ਹੈ? ਸਾਡੇ ਵਿਚ ਫੁੱਟ ਪਾਉਣ ਲਈ ਸਾਡੇ ਆਗੂਆਂ ਨੂੰ ਖਰੀਦ ਕੇ ਧੜੇਬੰਦੀਆਂ ਪੈਦਾ
ਕਰਕੇ, ਸਾਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਪਹਿਲਾਂ ਵੀ ਕੀਤਾ ਜਾਂਦਾ ਸੀ ਪਰ ਉਸ ਸਮੇਂ
ਸਾਡੇ ਆਗੂਆਂ ਦੇ ਸਾਹਮਣੇ ਧਾਰਮਿਕ ਏਕਤਾ ਪਹਿਲੇ ਨੰਬਰ ‘ਤੇ ਹੁੰਦੀ ਸੀ।
ਜਦ ਜ਼ਾਲਮ ਮੁਗ਼ਲ ਸਰਕਾਰ ਬੇਅੰਤ ਤਾਕਤ ਹੁੰਦਿਆਂ ਲੱਖਾਂ ਯਤਨ ਕਰਕੇ ਵੀ ਸਿੰਘਾਂ ਨੂੰ ਖ਼ਤਮ ਨਾ ਕਰ
ਸਕੀ, ਇਨ੍ਹਾਂ ਨੂੰ ਇਕ ਵੱਖਰਾ ਇਲਾਕਾ ਦੇ ਕੇ ਅਜ਼ਾਦ ਰਾਜ ਕਰਨ ਦਿੱਤਾ ਜਾਵੇ। ਇਸ ਤਰ੍ਹਾਂ ਜਿਥੇ ਇਹ
ਆਪਸ ਵਿਚ ਲੜ ਝਗੜ ਕੇ ਕੰਮਜ਼ੋਰ ਹੋਣਗੇ ਉਥੇ ਸਾਨੂੰ ਮੁਗ਼ਲਾਂ ਨੂੰ ਵੀ ਮਨਮਰਜ਼ੀ ਕਰਨ ਵਿਚ ਖੁੱਲ੍ਹ ਮਿਲ
ਜਾਵੇਗੀ। ਇਸ ਫੁੱਟ ਪਾਊ ਨੀਤੀ ਅਨੁਸਾਰ ਹੀ ਉਹਨਾਂ ਨੇ ਸਿੰਘਾਂ ਨੂੰ ਨਵਾਬੀ ਦੀ ਖਿੱਲਅਤ ਭੇਜੀ।
ਇਤਿਹਾਸ ਵਿਚ ਲਿਖਿਆ ਹੈ ਕਿ ਸਿੰਘਾਂ ਨੇ ਪਹਿਲਾਂ ਇਹ ਨਵਾਬੀ ਲੈਣੀ ਪ੍ਰਵਾਨ ਹੀ ਨਹੀਂ ਕੀਤੀ। ਪਰ
ਸੋਚ ਵਿਚਾਰ ਤੋਂ ਬਾਅਦ ਇਹ ਫੈਸਲਾ ਕੀਤਾ ਕਿ ਘਰ ਆਈ ਨਵਾਬੀ ਨੂੰ ਠੁਕਰਾਉਣਾ ਵੀ ਠੀਕ ਨਹੀਂ। ਅਗਲਾ
ਸਵਾਲ ਇਹ ਖੜਾ ਹੋ ਗਿਆ ਕਿ ਇਹ ਸਰਦਾਰੀ ਲਵੇ ਕੌਣ?
ਕਮਾਲ ਹੈ ਸਿੰਘਾਂ ਦੀ ਉਦਾਰਤਾ ਦਾ, ਨਿਸ਼ਕਾਮਤਾ ਦਾ, ਸਿੰਘਾਂ ਦੇ ਕਈ ਜੱਥੇ ਅਤੇ ਕਈ ਜਥੇਦਾਰਾਂ ਦੇ
ਹੁੰਦਿਆਂ, ਕੋਈ ਵੀ ਜਥੇਦਾਰ ਇਹ ਨਵਾਬੀ (ਰਾਜਪਾਲ) ਦੀ ਪਦਵੀ ਲੈਣਾ ਪ੍ਰਵਾਨ ਨਹੀਂ ਕਰਦਾ। ਅਖ਼ੀਰ
ਲੰਬੀ ਵਿਚਾਰ ਮਗਰੋਂ ਸਭ ਜਥੇਦਾਰਾਂ ਨੇ ਸੰਗਤ ਵਿਚ ਪੱਖਾ ਝੱਲ ਰਹੇ ਅਤੇ ਘੋੜਿਆਂ ਦੀ ਸੇਵਾ ਕਰਨ
ਵਾਲੇ ਇਕ ਸੇਵਾਦਾਰ ਨੂੰ ਜ਼ਬਰਦਸਤੀ ਨਵਾਬ ਬਣਾਉਣ ਦਾ ਮਾਣ ਸਤਿਕਾਰ ਦਿੱਤਾ। ਇਸ ਸੇਵਾਦਾਰ ਦਾ ਨਾਂ
ਸਰਦਾਰ ਕਪੂਰ ਸਿੰਘ ਸੀ, ਪਰ ਅੱਜ ਅਸੀਂ ਕਿੱਥੇ ਖੜ੍ਹੇ ਹਾਂ?
ਸੋਚੀਏ! ਇਤਨੇ ਉੱਤੇ ਆਚਰਨ ਵਾਲੀ ਕੌਮ ਨਾਲ ਸੰਬੰਧ ਰੱਖਣ ਵਾਲਿਓ ਅੱਜ ਅਸੀਂ ਕੀ ਕਰ ਰਹੇ ਹਾਂ? ਜੇ
ਸਾਡੇ ਅੰਦਰ ਉਹੋ ਸਿੱਖੀ ਗੁਣ ਹੋਣ, ਉਹੀ ਨਿਸ਼ਕਾਮ ਸੇਵਾ ਕਰਨ ਦੀ ਭਾਵਨਾ ਹੋਵੇ, ਪਰਉਪਕਾਰ ਅਤੇ
ਨਿਮਰਤਾ ਹੋਵੇ ਤਾਂ ਛੋਟੀ ਮੋਟੀ ਪ੍ਰਧਾਨਗੀ ਜਾਂ ਸਕੱਤਰੀ ਲਈ ਅਸੀਂ ਨਾ ਲੜੀਏ, ਨਾ ਝਗੜੀਏ ਅਤੇ ਨਾ
ਹੀ ਵੋਟਾਂ ਲੈਣ ਲਈ ਘਰ-ਘਰ ਜਾਂ ਹੱਟੀ-ਹੱਟੀ ਫਿਰੀਏ ਕਿ ਸਾਨੂੰ ਪ੍ਰਧਾਨ ਬਣਾਓ। ਛੋਟੀ-ਮੋਟੀ ਲੀਡਰੀ
ਜਾਂ ਚੌਧਰ ਦੀ ਭੁੱਖ ਬਦਲੇ ਆਪਣੀ ਕੌਮ ਨਾਲ ਗੱਦਾਰੀ ਨਾ ਕਰੀਏ ਅਤੇ ਨਾ ਹੀ ਗ਼ਲਤ ਤਰੀਕੇ ਵਰਤੀਏ।
ਇਕ ਪਾਸੇ ਪਿੰਡਾਂ ਤੇ ਸ਼ਹਿਰਾਂ ਦੇ ਅਖਵਾਉਣ ਵਾਲੇ ਸਿੱਖ ਆਗੂ ਜਿੱਥੇ ਧੜੇਬੰਦੀ ਅਤੇ ਸੁਆਰਥ ਅਧੀਨ
ਕੌਮ ਨੂੰ ਢਾਹ ਲਾਉਣ ਦਾ ਕਾਰਨ ਬਣ ਰਹੇ ਹਨ, ਉਥੇ ਦੂਜੇ ਪਾਸੇ ਦੇਹਧਾਰੀ ਅਤੇ ਡੇਰੇਦਾਰ ਸੰਤ ਅਤੇ
ਇਹਨਾਂ ਦੇ ਏਜੰਟ, ਗੁਰਬਾਣੀ ਦੇ ਗ਼ਲਤ ਅਰਥ ਦੱਸ ਕੇ, ਇਤਿਹਾਸ ਨੂੰ ਤੋੜ ਮਰੋੜ ਕੇ ਅਤੇ ਕਈ ਤਰ੍ਹਾਂ
ਦੀਆਂ ਗ਼ਲਤ-ਫਹਿਮੀਆਂ ਪੈਦਾ ਕਰਕੇ ਸਾਡੀ ਕੌਮੀ ਏਕਤਾ ਨੂੰ ਖੇਰੂੰ-ਖੇਰੂੰ ਕਰਨ ਵਿਚ ਵੱਧ-ਚੜ੍ਹ ਕੇ
ਹਿੱਸਾ ਪਾ ਰਹੇ ਹਨ। ਇਹੋ ਕਾਰਨ ਹੈ ਕਿ ਭੋਲੀ-ਭਾਲੀ ਸਿੱਖ ਜਨਤਾ ਰਾਹੋਂ ਕੁਰਾਹੇ ਪੈ ਰਹੀ ਹੈ। ਇਹ
ਚਲਾਕ ਲੋਕ ਸੰਗਤਾਂ ਨੂੰ ਗੁਰੂ ਲੜ ਲਾਉਣ ਦੀ ਥਾਂ ਆਪੋ ਆਪਣੇ ਲੜ ਲਾ ਰਹੇ ਹਨ। ਇਹਨਾਂ ਨੇ ਕਦੇ ਵੀ
ਸਿੱਖ ਗੁਰੂਆਂ ਅਤੇ ਕੁਰਬਾਨੀ ਵਾਲੇ ਸਿੰਘਾਂ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ,
ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਜੀ, ਬੰਦਾ ਸਿੰਘ ਬਹਾਦਰ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ
ਜੀ, ਭਾਈ ਮਨੀ ਸਿੰਘ ਜੀ, ਭਾਈ ਨੰਦਲਾਲ ਸਿੰਘ ਜੀ ਆਦਿ ਸਿੰਘਾਂ ਦੇ ਕਦੇ ਵੀ ਕੋਈ ਦਿਨ ਦਿਹਾੜਾ ਨਹੀਂ
ਮਨਾਇਆ, ਪਰ ਆਪਣੇ ਸੰਤਾਂ ਦੀਆਂ ਬਰਸੀਆਂ, ਜਨਮ ਦਿਹਾੜੇ ਮਨਾਉਂਦੇ ਨਹੀਂ ਥੱਕਦੇ।
ਸਾਡੇ ਪਿੰਡ-ਪਿੰਡ ਸ਼ਹਿਰ-ਸ਼ਹਿਰ ਵਿਚ ਗੁਰਦੁਆਰੇ, ਡੇਰੇ ਹਨ ਹੋਰ ਧਾਰਮਿਕ ਸਭਾ ਸੁਸਾਇਟੀਆਂ, ਕਮੇਟੀਆਂ
ਬਥੇਰੀਆਂ ਹਨ ਕਹਿਣ ਨੂੰ ਸਭ ਧਰਮ ਪ੍ਰਚਾਰ ਕਰ ਰਹੇ ਹਨ ਨਤੀਜਾ ਸਾਰਿਆਂ ਦੇ ਸਾਹਮਣੇ ਹੈ। ਕਾਰਨ ਕੀ
ਹੈ? ਸਪੱਸ਼ਟ ਹੈ ਕਿ ਬਹੁਤੇ ਗੁਰਦੁਆਰੇ, ਡੇਰਿਆਂ ਵਿਚ ਗੁਰੂ ਦੇ ਬਚਨਾਂ (ਗੱਲਾਂ) ਗੁਰਮਤਿ ਦੀਆਂ
ਗੱਲਾਂ ਨਾਲੋਂ ਹੋਰ ਗੱਲਾਂ ਵੱਧ ਹੋਣ ਲੱਗ ਪਈਆਂ ਹਨ। ਪਰਚਾਰ ਵਿਚ ਵੀ ਧਰਮ ਨਾਲੋਂ ਧੜੇ ਦਾ ਪੱਖ ਵੱਧ
ਪੂਰਿਆ ਜਾਂਦਾ ਹੈ।
ਜੇ ਗੁਰਬਾਣੀ ਅਤੇ ਗੁਰਮਤਿ ਦੀ ਜਾਣਕਾਰੀ ਗੁਰੂ ਆਸ਼ੇ ਨੂੰ ਮੁੱਖ ਰੱਖ ਕੇ ਨਿਸ਼ਕਾਮ ਸੇਵਾ ਭਾਵ ਨਾਲ
ਦਿੱਤੀ ਜਾਵੇ ਤਾਂ ਸੰਗਤਾਂ ਦੀ ਰੁਚੀ ਇਸ ਪਾਸੇ ਵਧੇ। ਸਵੇਰ ਵੇਲੇ ਸ਼ਾਮ ਵੇਲੇ ਗੁਰਦੁਆਰੇ ਖਾਲੀ ਪਏ
ਹਨ, ਨਿੱਤਨੇਮ ਨਾਲੋਂ ਵੀ ਕਾਫ਼ੀ ਟੁੱਟੇ ਹੋਏ ਹਨ। ਅੰਮ੍ਰਿਤ ਵੇਲੇ ਉੱਠਣਾ ਬੋਝ ਬਣਿਆ ਪਿਆ ਹੈ। ਸਿੱਖ
ਨੌਜਵਾਨ ਗੁਰਦੁਆਰਿਆਂ ਤੋਂ ਕੋਹਾਂ ਦੂਰ ਹਨ ਕੇਵਲ ਅੱਧਖੜ ਜਾਂ ਬਜ਼ੁਰਗ ਚਲੇ ਜਾਂਦੇ ਹਨ।
ਕੱਲ੍ਹ ਨੌਜਵਾਨਾਂ ਨੇ ਹੀ ਕੌਮ ਦੀ ਅਗਵਾਈ ਕਰਨੀ ਹੈ। ਜੇ ਇਹਨਾਂ ਵਿਚ ਧਰਮ ਦੀ ਰੁਚੀ ਨਾ ਉਜਾਗਰ ਹੋਈ
ਤਾਂ ਕੀ ਬਣੇਗਾ? ਸੋ ਵੇਲਾ ਹੈ ਸਿੱਖ ਨੌਜਵਾਨਾਂ ਨੂੰ ਸੰਭਾਲਣ ਦਾ। ਇਹਨਾਂ ਨੂੰ ਧਰਮ ਨਾਲ ਜੋੜਨ
ਵਾਸਤੇ ਉਚੇਚੇ ਆਦਰਸ਼ਕ ਤੇ ਆਕਰਸ਼ਕ ਪ੍ਰੋਗਰਾਮ ਨੀਯਤ ਕਰਨੇ ਪੈਣਗੇ।
ਪਰ ਇਹ ਕਰੇ ਕੌਣ?
ਸਾਰੇ ਦੇ ਸਾਰੇ ਧਾਰਮਿਕ ਆਗੂ ਸੰਤ ਡੇਰੇਦਾਰ, ਗੁਰਦੁਆਰਿਆਂ ਦੇ ਪ੍ਰਧਾਨ, ਚੌਧਰੀ, ਚੌਧਰ ਦੇ
ਭੁੱਖੇ, ਧਾਰਮਿਕ ਬੁਰਕੇ ਵਿਚ ਸਿਆਸੀ ਲਾਹਾ ਲੈਣ ਵਾਲੇ ਆਪ ਹੀ ਸੱਚ ਧਰਮ ਦੇ ਧਾਰਨੀ ਨਹੀਂ ਤਾਂ ਕੀ
ਧਰਮ ਪ੍ਰਚਾਰ ਕਰਨਗੇ। ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਅੰਦਰ ਝਾਤੀ ਮਾਰੇ ਕਿ ਆਪ ਸਿੱਖੀ
ਨੂੰ ਕਿੰਨਾ ਕੁ ਸਮਝਿਆ ਹੈ ਅਤੇ ਮੰਨਿਆ ਹੈ ਉਸਨੂੰ ਅੱਜ ਪ੍ਰਚਾਰਨ ਵਾਸਤੇ ਕੀ ਕਰ ਰਿਹਾ ਹੈ?
ਗੁਰੂ ਨੇ ਮਹਾਨ ਕੁਰਬਾਨੀਆਂ ਕਰਕੇ ਸਾਨੂੰ ਗਿੱਦੜਾਂ ਤੋਂ ਸ਼ੇਰ ਬਣਾਇਆ। ਅੱਜ ਦੇ ਧਾਰਮਿਕ ਆਗੂ
ਸੰਤਪੁਣੇ ਦੇ ਭੁੱਖੇ ਪ੍ਰਧਾਨਗੀਆਂ ਦੇ ਭੁੱਖੇ ਸਾਨੂੰ ਫਿਰ ਸ਼ੇਰਾਂ ਤੋਂ ਗਿੱਦੜ ਬਣਾਈ ਜਾ ਰਹੇ ਹਨ।
ਇਕ ਇਕੱਲੇ ਸਿੰਘ ਦੀ ਬਹਾਦਰੀ ਵੇਖ ਕੇ ਮੁਲਤਾਨ ਦੇ ਇਕ ਜਲਸੇ ਵਿਚ ਬੋਲਦਿਆਂ ‘ਪੰਡਤ ਮਦਨ ਮੋਹਨ
ਮਾਲਵੀਆ ਨੇ ਕਿਹਾ ਸੀ, ‘ਮੈਂ ਸਾਰੀ ਹਿੰਦੂ-ਜਨਤਾ ਨੂੰ ਸਲਾਹ ਦਿਆਂਗਾ ਕਿ ਹਰ ਹਿੰਦੂ ਟੱਬਰ
ਘੱਟੋ-ਘੱਟ ਆਪਣਾ ਇਕ ਲੜਕਾ ਜ਼ਰੂਰ ਸਿੰਘ ਸਜਾਏ ਤਾਂ ਕਿ ਮੁਸੀਬਤ ਪੈਣ ‘ਤੇ ਉਹ ਆਪਣੇ ਟੱਬਰ ਦੀ ਰੱਖਿਆ
ਕਰ ਸਕੇ। ਕਹਿੰਦੇ ਹਨ ਕਿ ਇਕ ਵਾਰ ਸ਼ੇਰ ਦਾ ਇਕ ਛੋਟਾ ਜਿਹਾ ਬੱਚਾ ਆਪਣੇ ਮਾਂ-ਬਾਪ ਤੋਂ ਵਿਛੜ ਗਿਆ
ਤੇ ਬਾਹਰ ਜੰਗਲ ਤੋਂ ਦੂਰ ਨਿਕਲ ਗਿਆ। ਉਹ ਉਥੇ ਭੇਡਾਂ ਦੇ ਇਕ ਇੱਜੜ ਵਿਚ ਜਾ ਰਲਿਆ। ਸਮਾਂ ਪਾ ਕੇ
ਉਸ ਸ਼ੇਰ ਦੇ ਬੱਚੇ ਦੀ ਰਹਿਣੀ-ਬਹਿਣੀ, ਚਾਲ-ਤੋਰ, ਭੇਡਾਂ ਵਰਗੀ ਹੁੰਦੀ ਗਈ। ਇਕ ਵਾਰੀ ਇਹ ਸ਼ੇਰ ਦਾ
ਬੱਚਾ ਭੇਡਾਂ ਦੇ ਇੱਜੜ ਨਾਲ ਜਾ ਰਿਹਾ ਸੀ ਤਾਂ ਦੂਰ ਪਹਾੜੀ ਤੋਂ ਸ਼ੇਰ ਦੇ ਗਰਜਣ ਦੀ ਆਵਾਜ਼ ਆਈ। ਬੱਚੇ
ਦੇ ਅੰਦਰ ਸ਼ੇਰਾਂ ਦੀ ਗਰਜ਼ ਵਾਲਾ ਦੱਬਿਆ ਹੋਇਆ ਜਜ਼ਬਾ ਉਭਰ ਆਇਆ। ਉਸ ਦੇ ਕੰਨ ਖੜ੍ਹੇ ਹੋ ਗਏ। ਉਸਦੇ
ਅੰਦਰ ਅਣਖ ਜਾਗੀ ਮੈਂ ਤਾਂ ਸ਼ੇਰ ਹਾਂ ਭੇਡਾਂ ਵਿਚ ਰਲਿਆ ਫਿਰਦਾ ਹਾਂ। ਇਹ ਸ਼ੇਰ ਦਾ ਬੱਚਾ ਵੀ ਗਰਜ਼ਿਆ।
ਭੇਡਾਂ ਦਾ ਇੱਜੜ ਕਿੱਧਰੇ ਭੱਜ ਗਿਆ। ਸ਼ੇਰ ਦਾ ਬੱਚਾ ਸ਼ੇਰਾਂ ਵਿਚ ਜਾ ਰਲਿਆ। ਇਸੇ ਤਰ੍ਹਾਂ ਸਾਡੇ ਵੀਰ
ਜੋ ਸਿੱਖੀ ਤੋਂ ਦੂਰ ਹੋ ਗਏ ਹਨ ਉਹਨਾਂ ਅੰਦਰ ਦੱਬੀ ਹੋਈ ਸਿੱਖੀ ਸਪਿਰਟ (ਜਜ਼ਬਾ) ਤਾਂ ਹੈ ਪਰ ਗ਼ਲਤ
ਲੋਕਾਂ ਦੀ ਸੰਗਤ ਵਿਚ ਪੈ ਕੇ ਉਹਨਾਂ ਦੀ ਰਹਿਣੀ-ਬਹਿਣੀ ਅੰਦਰੋਂ ਬਾਹਰੋਂ ਬਦਲ ਗਈ ਹੈ। ਉਹ ਗੁਰੂ
ਤੋਂ ਦੂਰ ਹੋ ਕੇ ਅਨਮਤੀਆਂ ਨਾਲ ਰਲੇ ਫਿਰਦੇ ਹਨ। ਵੇਖੀਂ ਕਿਤੇ! ਇਤਨਾ ਦੂਰ ਨਾ ਨਿਕਲ ਜਾਂਵੀ ਕਿ
‘‘ਦਸਮ ਪਾਤਸ਼ਾਹ’’ ਅਤੇ ‘‘ਗੁਰੂ ਗ੍ਰੰਥ ਸਾਹਿਬ’’ ਦੀ ਆਵਾਜ਼ ਤੇਰੇ ਕੰਨਾਂ ਵਿਚ ਪਵੇ ਹੀ ਨਾ। ਆਵਾਜ਼
ਹੈ ‘‘ਰਹਿਣੀ ਰਹੈ ਸੋਈ ਸਿੱਖ ਮੇਰਾ’’ ‘‘ਬਾਣੀ ਗੁਰੂ ਗੁੁਰੂ ਹੈ ਬਾਣੀ:::’’ ‘‘ਸ਼ਬਦ ਗੁਰੂ:::’’।
ਇਨ ਪੁਰਤਨ ਕੇ ਸੀਸ ਪਰ, ਵਾਰ ਦੀਏ ਸੁਤ ਚਾਰ, ਚਾਰ ਮੂਏ ਤੋ ਕਿਆ ਭਇਆ ਜੀਵਤ ਕਈ ਹਜ਼ਾਰ’’
ਰਹਿਤ ਪਿਆਰੀ ਮੋਹਿ ਕੋ, ਸਿਖ ਪਿਆਰਾ ਨਾਹਿ।।
ਜਬ ਲਗ ਖ਼ਾਲਸਾ ਰਹੈ ਨਿਆਰਾ।
ਤਬ ਲਗ ਤੇਜ ਦੀਉ ਮੈਂ ਸਾਰਾ।
ਜਬ ਇਹ ਗਹੈ ਬਿਪਰਨ ਕੀ ਰੀਤ।
ਮੈਂ ਨ ਕਰਉ ਇਨ ਕੀ ਪਰਤੀਤ।