ਗੁਰਬਾਣੀ ਵਿਚ ਪੌਰਾਣਕ ਕਥਾਵਾਂ
(ਕਿਸ਼ਤ ਨੰ: 26)
ਪ੍ਰੋ: ਇੰਦਰ
ਸਿੰਘ ‘ਘੱਗਾ’
ਦੇਵਤੇ
:- ਦੇਵਤਿਆਂ ਦੀ ਗਿਣਤੀ ਤੇਤੀ ਮੰਨੀ ਗਈ ਹੈ। ਇਹਨਾਂ ਵਿਚੋਂ ਗਿਆਰਾਂ ਸਵਰਗਲੋਕ,
ਗਿਆਰਾਂ ਮਿਰਤ ਲੋਕ, ਤੇ ਗਿਆਰਾਂ ਪਾਤਾਲ ਲੋਕ ਵਿਚ ਰਹਿੰਦੇ ਹਨ। ਇਹਨਾਂ ਤੇਤੀ ਨੂੰ ਹੀ ਤੇਤੀ ਕਰੋੜ
ਦੇਵਤੇ ਕਹਿ ਦਿੱਤਾ ਜਾਂਦਾ ਹੈ। ਇਹਨਾਂ ਵਿਚ ਅੱਠ ਵਸੁ, ਗਿਆਰਾਂ ਰੁਦਰ, ਬਾਰਾਂ ਅਦਿਤਯ, ਇੱਕ ਇੰਦਰ,
ਇੱਕ ਪ੍ਰਜਾਪਤੀ। ਰਾਮਾਇਣ ਵਿਚ ਇੰਦਰ ਅਤੇ ਪ੍ਰਜਾਪਤੀ ਦੀ ਥਾਂ ਅਸ਼ਵਨੀ ਕੁਮਾਰ ਲਿਖੇ ਹਨ।
ਵੈਦਿਕ ਦੇਵਤੇ ਇਹ ਮੰਨੇ ਗਏ ਹਨ - ਅਗਨੀ ਦੇਵਤਾ, ਜੋ ਧਰਤੀ ਤੇ ਰਹਿੰਦਾ ਹੈ। ਵਾਯੂ ਦੇਵਤਾ, ਜੋ ਹਵਾ
ਵਿਚ ਰਹਿੰਦਾ ਹੈ। ਸੂਰਜ ਦੇਵਤਾ, ਜੋ ਆਕਾਸ਼ ਵਿਚ ਰਹਿੰਦਾ ਹੈ। ਇਹ ਤਿੰਨ ਮੁੱਖ ਦੇਵਤੇ ਹਨ। ਇਹਨਾਂ
ਦੇ ਜੁਦੇ ਜੁਦੇ ਕੰਮ ਹੋਣ ਕਰਕੇ ਹੋਰ ਭੀ ਕਈ ਨਾਮ ਹਨ। ਰਿਗ ਵੇਦ ਵਿਚ ਇਹ ਗਿਣਤੀ ਤੇਤੀ ਹੋ ਗਈ ਹੈ।
ਸਾਰੇ ਗ੍ਰੰਥਾਂ ਵਿਚ ਇਹਨਾਂ ਦੇ ਨਾਮ ਤੇ ਗਿਣਤੀ ਵਧਦੀ ਘਟਦੀ ਰਹਿੰਦੀ ਹੈ। (ਮਹਾਨ ਕੋਸ਼ ਪੰਨਾ -
1110)
ਵਿਚਾਰ :- ਹਿੰਦੂ ਪੋਰਾਣਕ ਗ੍ਰੰਥਾਂ ਵਿਚ ਦੇਵਤਿਆਂ ਦੀ ਕੋਈ ਉਘੜਵੀਂ ਸ਼ਖਸੀਅਤ ਪ੍ਰਗਟ ਨਹੀਂ
ਹੁੰਦੀ। ਸਾਰੇ ਦੇਵਤਿਆਂ ਦੇ ਸੁਭਾ, ਅਲੱਗ ਅਲੱਗ ਤਾਂ ਹੈਨ ਹੀ, ਬਲਕਿ ਇਕ ਦੂਜੇ ਦੀ ਕਾਟ ਕਰਦੇ ਜਾਂ
ਇਕ ਦੂਜੇ ਨਾਲ ਟਕਰਾਉਂਦੇ ਸਾਫ ਵੇਖੇ ਜਾ ਸਕਦੇ ਹਨ। ‘‘ਦੇਵਤਾ`` ਸ਼ਬਦ ਯੁਨਾਨ ਤੋਂ ਪਲਾਇਨ ਕਰਕੇ,
ਭਾਰਤ ਵਿਚ ਸ਼ਾਇਦ ਆਰੀਅਨ ਕਬੀਲਿਆਂ ਦੇ ਨਾਲ ਹੀ ਆਇਆ ਸੀ। ਪੰਜਾਬੀ ਵਿਚ ‘‘ਦੀਵਾ`` ਸ਼ਬਦ ਚਾਨਣ ਕਰਨ
ਵਾਲੇ ਲੈਂਪ, ਜਾਂ ਚਿਰਾਗ ਵਾਸਤੇ ਵਰਤਿਆ ਜਾਂਦਾ ਹੈ। ਇਸੇ ਤੋਂ ਦੇਵਤਾ ਸ਼ਬਦ ਬਣਿਆ, ਪ੍ਰਚੱਲਤ ਹੋਇਆ
ਹੈ। ਇਸ ਦਾ ਅਰਥ ਹੈ ‘‘ਦੇਣ ਵਾਲਾ, ਦੇ ਰਿਹਾ,`` ਜਿੰਦਗੀ ਜਿਉਣ ਦਾ ਗਿਆਨ ਦੇ ਰਿਹਾ,``, ਗਿਆਨ ਦਾ
ਚਾਨਣ ਦੇ ਰਿਹਾ, ਨਿਰਾ ਚਾਨਣ ਵੰਡ ਰਿਹਾ, ਨਿਰਾ ਨੂਰ ਹੀ ਨੂਰ....``। ਦੀਵਾ ਸੰਸਾਰੀ ਚਾਨਣ ਦੇਂਦਾ
ਹੈ, ਦੇਵਤਾ ਜਿੰਦਗੀ ਦਾ ਚਾਨਣ (ਗਿਆਨ) ਦੇਣ ਵਾਲਾ ਮੰਨਿਆ ਗਿਆ। ਭਾਰਤ ਅਤੇ ਯੁਨਾਨ ਦੇ ਬਹੁਤ ਸਾਰੇ
ਸ਼ਬਦ ਤੇ ਦੇਵਤੇ, ਆਦਿਕ ਸਾਂਝੇ ਹਨ। ਕਿਉਂਕਿ ਆਰੀਅਨ ਲੋਕਾਂ ਨੇ ਉਹਨਾਂ ਖੇਤਰਾਂ ਵਿਚੋਂ ਹਜਾਰਾਂ ਸਾਲ
ਪਹਿਲਾਂ, ਹਿਜਰਤ ਕੀਤੀ ਸੀ। ਆਪਣੀ ਬੋਲੀ ਸੱਭਿਅਤਾ ਤੇ ਧਰਮ, ਇਹ ਸਭ ਆਪਣੇ ਨਾਲ ਹੀ ਲਿਆਏ। ਭਾਵੇਂ
ਇਸ ਸ਼ਬਦ ਦਾ ਪਿਛੋਕੜ ਬੁਰਾ ਨਹੀਂ ਸੀ। ਬੁਰੇ ਵਿਅਕਤੀਆਂ ਨੇ ਆਪਣੇ ਆਪ ਨਾਲ ਜੋੜਕੇ, ਇਸ ਨੂੰ ਖੂਬ
ਵਰਤਿਆ ਤੇ ਅੰਤ ਇਹ ਸ਼ਬਦ ‘‘ਦੇਵਤਾ`` ਹੀ ਕਲੰਕਤ ਹੋ ਗਿਆ। ਅੱਜ ਪੰਜਾਬ ਵਿਚ ਇਸ ਦੇਵਤਾ ਸ਼ਬਦ ਪ੍ਰਤੀ
ਕੋਈ ਸਤਿਕਾਰ ਨਹੀਂ ਰਿਹਾ। ਕਿਉਂਕਿ ਜਿਹਨਾਂ ਪੁਰਾਣੇ ਸਮੇਂ ਦੇ ‘‘ਉੱਤਮ ਪੁਰਖਾਂ`` ਲਈ ਇਹ ਵਰਤਿਆ
ਗਿਆ ਸੀ, ਉਹਨਾਂ ਦੀ ਅਸਲੀਅਤ ਲੋਕਾਂ ਸਾਹਮਣੇ ਆ ਗਈ ਹੈ। ਆਪਣੀ ‘‘ਧਾਰਮਕ ਸ਼ਕਤੀ, ਅਸੀਮ ਪ੍ਰਚਾਰ
ਸ਼ਕਤੀ, ਅਤੇ ਬੰਦੇ ਖਾਣੀ ਰਾਜ ਸ਼ਕਤੀ`` ਦੁਆਰਾ ਲੋਕਾਂ ਦੇ ਮਨਾਂ ਵਿਚ ਬਦਮਾਸ਼ ਵਿਅਕਤੀਆਂ ਨੂੰ
‘‘ਦੇਵਤੇ`` ਬਣਾ ਕੇ ਪੇਸ਼ ਕੀਤਾ ਗਿਆ। ਪੁਰਾਣੇ ਜਮਾਨੇ ਵਿਚ ਇਹ ਸਭ ਚੱਲ ਗਿਆ। ਅਣਪੜ੍ਹਤਾ ਸੀ, ਸਾਧਨ
ਨਹੀਂ ਸਨ। ਰਾਜਨੀਤਕ ਲੋਕ ਜਿਵੇਂ ਮਰਜ਼ੀ ਜਬਰ ਜੁਲਮ ਕਰੀ ਜਾਣ, ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ
ਵਾਲਾ, ਕੋਈ ਕਾਨੂੰਨ ਨਹੀਂ ਹੁੰਦਾ ਸੀ। ਆਮ ਮਨੁੱਖ ਦੀ ਜ਼ਿੰਦਗੀ ਪੁਜਾਰੀ ਅਤੇ ਸਰਕਾਰੀ ਧਿਰਾਂ ਦੇ
ਰਹਿਮ ਤੇ ਹੋਇਆ ਕਰਦੀ ਸੀ। ਇਹਨਾਂ ਹਾਲਤਾਂ ਵਿਚ ਸ਼ਕਤੀਵਾਨਾਂ ਦਾ ‘‘ਸੱਤੀਂ ਵੀਹੀਂ ਸੌ`` ਹੋਇਆ ਕਰਦਾ
ਸੀ, ਅੱਜ ਭੀ ਹੈ।
ਪਾਠਕ ਜਨ ਉੱਪਰ ਪੜ੍ਹ ਚੁੱਕੇ ਹਨ ਕਿ ਅੱਗ ਇੱਕ ਦੇਵਤਾ ਹੈ। ਜਦੋਂ ਮਨੁੱਖ ਹਾਲੀ ਵਿਕਾਸ ਦੀ ਮੁਢਲੀ
ਅਵਸਥਾ ਵਿਚ ਸੀ, ਉਸ ਵਕਤ ਅੱਗ ਨੂੰ ਤਬਾਹੀ ਕਰਦੀ ਵੇਖਿਆ। ਸਰਦੀ ਵਿਚ ਨਿੱਘ ਪ੍ਰਦਾਨ ਕਰਦੀ ਚੰਗੀ
ਲੱਗੀ। ਹੌਲੀ ਹੌਲੀ ਮਾਸ ਆਦਿ ਅੱਗ ਤੇ ਪਕਾ ਕੇ ਖਾਣ ਦਾ ਪਤਾ ਲੱਗਿਆ। ਅੱਜ ਚਾਨਣ ਦਿੰਦੀ ਹੈ। ਚਾਨਣ
ਤੋਂ ਜੰਗਲੀ ਜੀਵ ਡਰਦੇ, ਮਨੁੱਖ ਦੇ ਨੇੜੇ ਨਹੀਂ ਆਉਂਦੇ ਸਨ। ਅੱਗੋਂ ਵਿਗਿਆਨਕ ਯੁੱਗ ਵਿਚ ਆ ਕੇ ਅੱਗ
ਤੋਂ ਅਨੇਕ ਤਰ੍ਹਾਂ ਦੇ ਕੰਮ ਲਏ ਜਾਣ ਲੱਗੇ। ਇਹ ਕੁਦਰਤ ਦੀ ਬੜੀ ਮਹਾਨ ਬਖਸ਼ਿਸ਼ ਹੈ, ਮਨੁੱਖ ਦੇ ਅਨੇਕ
ਕੰਮ ਸੰਵਾਰਦੀ ਹੈ। ਪਰ ਜੇ ਕਾਬੂ ਵਿਚ ਰਹੇ ਤਾਂ, ਵਰਨਾ ਸਭ ਕੁੱਝ ਨਸ਼ਟ ਕਰ ਦੇਂਦੀ ਹੈ। ਹੁਣ ਖੁਦ ਹੀ
ਸੋਚੋ ਇਸ ਵਿਚ ਦੇਵਤਾ ਕਿੱਥੇ ਬੈਠਾ ਹੈ? ਇਹ ਤਾਂ ਮਨੁੱਖ ਦੀ ਸੇਵਾ ਵਿਚ ਹਾਜਰ ਹੈ, ਪੂਜਾ ਕਰਨੀ
ਮੂਰਖਤਾ ਤੋਂ ਸਿਵਾਏ ਹੋਰ ਕੁੱਝ ਭੀ ਨਹੀਂ ਹੈ। ਪਾਣੀ ਦੇਣ ਵਾਲਾ ਕੰਮ ਨਿਰਾਰਥ ਹੈ। ਸੂਰਜ ਕੋਈ
ਦੇਵਤਾ ਨਹੀਂ ਹੈ। ਉਹ ਤਾਂ ਸਗੋਂ ਸਾਨੂੰ ਪਾਣੀ ਦੇ ਰਿਹਾ ਹੈ, ਬਰਸਾਤ ਰਾਹੀਂ। ਅਸੀਂ ਉਸਨੂੰ ਕੀ
ਪਾਣੀ ਦਿਆਂਗੇ? ਮਹਾਨ ਕੋਸ਼ ਦੇ ਪੰਨਾ 1077 ਤੇ ਅੱਠ ‘‘ਵਸੁਆਂ`` ਦਾ ਹੋਰ ਜ਼ਿਕਰ ਕੀਤਾ ਹੋਇਆ ਹੈ,
ਜਿਨ੍ਹਾਂ ਦਾ ਸਾਡੀ ਆਮ ਜ਼ਿੰਦਗੀ ਵਿਚ ਕੋਈ ਹਿੱਸਾ ਨਹੀ ਹੈ। ਇਹਨਾਂ ਅੱਠਾਂ ਨੂੰ ਭੀ ਦੇਵਤੇ ਮੰਨਿਆ
ਜਾਂਦਾ ਹੈ। ਸਤਿਗੁਰੁ ਜੀ ਤਾਂ ਨੇਕ ਇਨਸਾਨ ਨੂੰ ਦੇਵਤਾ ਆਖ ਰਹੇ ਹਨ -
ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ।। ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ।। (462)
ਸਤਿਗੁਰੂ ਸਮਝਾ ਰਹੇ ਹਨ, ਭਾਈ ! ਮੈਂ ਆਪਣੇ ਗੁਰੂ ਤੋਂ ਸਦਾ ਬਲਿਹਾਰ ਜਾਵਾਂ। ਜਿਨ੍ਹਾਂ ਨੇ ਨਾ ਸਮਝ
ਬੰਦਿਆਂ ਨੂੰ ਸੁਮੱਤ ਦੇ ਕੇ ਉੱਤਮ ਦਰਜੇ ਦੇ ਗੁਰਮੁੱਖ ਇਨਸਾਨ ਬਣਾ ਦਿੱਤਾ ਹੈ।
ਅਸਲ ਵਿਚ ਕਲਪਿਤ ਦੇਵਤਿਆਂ ਦੀਆਂ ਬੇ ਸਿਰ ਪੈਰ ਦੀਆਂ ਕਹਾਣੀਆਂ ਪਾ ਕੇ ਬ੍ਰਾਹਮਣ ਆਪਣੇ ਆਪ ਵੱਲ
ਲੋਕਾਂ ਨੂੰ ਧੂਹ ਲਿਆਉਂਦਾ ਹੈ। ਧਰਤੀ ਉੱਤੇ ਜੇ ਦੇਵਤੇ ਦੇ ਦਰਸ਼ਨ ਕਰਨੇ ਹੋਣ ਤਾਂ ਬ੍ਰਾਹਮਣ ਦੇ
ਦਰਸ਼ਨ ਕਰ ਲਓ। ਗੀਤਾ ਵਿਚ ਕ੍ਰਿਸ਼ਨ ਸਪੱਸ਼ਟ ਕਹਿੰਦਾ ਵਿਖਾਇਆ ਗਿਆ ਹੈ ਕਿ ‘‘ਬ੍ਰਾਹਮਣ ਨੂੰ ਦਿੱਤਾ
ਦਾਨ ਮੈਨੂੰ ਹੀ ਦਿੱਤਾ ਜਾ ਰਿਹਾ ਹੁੰਦਾ ਹੈ। ਮੈਂ ਬ੍ਰਾਹਮਣ ਰਾਹੀਂ ਸਭ ਪਦਾਰਥ ਪ੍ਰਾਪਤ ਕਰਦਾ ਹਾਂ।
ਸਤਿਗੁਰੂ ਜੀ ਜਾਤ ਕਾਰਣ ਕਿਸੇ ਨੂੰ ਉੱਚਾ ਨਹੀਂ ਮੰਨਦੇ, ਸਗੋਂ ਚੰਗੇ ਕੰਮਾਂ ਕਾਰਣ ਚੰਗਾ ਮੰਨਦੇ
ਹਨ। ਪੜ੍ਹੋ -
ਸਚੁ ਵਰਤੁ ਸੰਤੋਖੁ ਤੀਰਥੁ ਗਿਆਨੁ ਧਿਆਨੁ ਇਸਨਾਨ। ਦਇਆ ਦੇਵਤਾ, ਖਿਮਾ ਜਪਮਾਲੀ, ਤੇ ਮਾਣਸ ਪਰਧਾਨ।।
ਜੁਗਤਿ ਧੋਤੀ, ਸੁਰਤਿ ਚਉਕਾ, ਤਿਲਕ ਕਰਣੀ ਹੋਇ।। ਭਾਉ ਭੋਜਨੁ ਨਾਨਕਾ, ਵਿਰਲਾ ਕੋਈ ਕੋਇ।। (1245)
ਹੇ ਪੰਡਿਤ ਜੀ ! ਤੁਸੀਂ ਕਈ ਵਾਰੀ ਵਰਤ ਰੱਖਣ ਦਾ ‘‘ਧਰਮ`` ਕਰਦੇ ਹੋ? ਇਸ ਦੀ ਥਾਂ ਝੂਠ ਤੋਂ ਵਰਤ
ਰੱਖੋ ਸੱਚਾਈ ਵਾਲੀ ਜਿੰਦਗੀ ਬਤੀਤ ਕਰੋ। ਤੀਰਥਾਂ ਤੇ ਕਿਉਂ ਭਟਕਦੇ ਹੋ? ਜੀਵਨ ਵਿਚ ਸੰਤੋਖੀ ਬਿਰਤੀ
ਦੇ ਧਾਰਨੀ ਬਣੋ, ਬੇਸਬਰ ਪੁਣਾ ਤਿਆਗ ਦਿਓ। ਧਿਆਨ ਜੋੜਨਾ ਕੀ ਹੈ? ਇਸ਼ਨਾਨ ਕੀ ਹੈ? ਮਨੁੱਖਤਾ ਦੇ ਭਲੇ
ਵਾਲਾ ਗਿਆਨ ਹਾਸਲ ਕਰ ਲੈਣਾ। ਦੇਵਤਾ ਕਉਣ ਹੈ? ਦਇਆਵਾਨ ਮਨੁੱਖ ਸਮਝੋ ਦੇਵਤਾ ਹੈ। ਤੁਸੀਂ ਤਾਂ ਉੱਕਾ
ਹੀ ਦਇਆ ਨਹੀਂ ਕਰਦੇ ਫਿਰ ਦੇਵਤੇ ਕਿਵੇਂ ਅਖਵਾ ਸਕਦੇ ਹੋ? ਮਾਲਾ ਪਾਉਣੀ ਕੀ ਹੈ? ਦੂਜੇ ਨੂੰ ਖਿਮਾ
ਕਰ ਦੇਣਾ, ਅਉਗੁਣ ਨਾ ਚਿਤਾਰਨਾ। ਇਹ ਹੈ ਅਸਲੀ ਮਾਲਾ, ਬਾਹਰੀ ਵਿਖਾਵੇ ਮਾਤਰ ਪਾਈ ਮਾਲਾ ਕਿਸ ਕੰਮ?
ਅਜਿਹੇ ਉੱਚੇ ਜੀਵਨ ਵਾਲੇ ਮਨੁੱਖ ਸਭ ਦੇ ਪਰਧਾਨ ਹੋਣਗੇ, ਮੁਖੀ ਬਣ ਜਾਣਗੇ। ਧੋਤੀ ਪਹਿਨਣੀ ਲਾਂਗੜ
ਲਾਉਣਾ ਕੀ ਹੋਵੇ? ਜੀਵਨ ਦੀ ਜੁਗਤੀ ਸਮਝ ਆ ਜਾਵੇ। ਮੈਂ ਸੰਸਾਰ ਵਿਚ ਕਿਉਂ ਆਇਆ ਹਾਂ, ਇਹ ਸਮਝ ਆਵੇ,
ਸਮਝੋ ਧੋਤੀ (ਧਾਰਮਕ ਚਿੰਨ੍ਹ) ਪਹਿਨ ਲਈ। ਤੁਸੀਂ ਲਿੱਪ ਪੋਚ ਕੇ ਸੁੱਚੇ ਹੋ ਕੇ, ਚੌਂਕਾ (ਖਾਣਾ)
ਤਿਆਰ ਕਰਦੇ ਹੋ। ਸੁਰਤੀ ਦਾ ਜਾਗ ਪੈਣ ਹੀ ਅਸਲ ਸੁੱਚਾ ਚੌਂਕਾ ਹੈ। ਜਦੋਂ ਮਨ ਅੰਦਰੋਂ ਈਰਖਾ ਦਵੈਸ਼
ਕਰੋਧ ਆਦਿ ਖਤਮ ਹੋ ਗਿਆ ਤਾਂ ਖਾਣਾ ਸਵੱਛ ਹੋ ਗਿਆ ਸਮਝੋ। ਮੱਥੇ ਵਿਚ ਤਿਲਕ ਲਾਉਣ ਦਾ ਕੀ ਮਕਸਦ ਹੈ?
ਸਮੁਚਾ ਜੀਵਨ ਉੱਚਾ ਸੁੱਚਾ ਪਰਉਪਕਾਰੀ ਹੋ ਜਾਵੇ। ਮਨੁੱਖਤਾ ਉੰਪਰ ਕਿਤੇ ਭੀ ਵਧੀਕੀ ਹੋਵੇ, ਉਸ
ਦੁਖਿਆਰੇ ਦੀ ਮੱਦਤ ਵਾਸਤੇ, ਹਿੱਕ ਤਾਣ ਕੇ ਡਟ ਖਲੋਈਏ। ਇਹ ਹੈ ਅਸਲੀ ਤਿਲਕ, ਵਰਨਾਂ ਬਾਹਰੋਂ ਭੇਖ
ਤਾਂ ਬਹੁਤ ਕੀਤਾ ਜਾ ਰਿਹਾ ਹੈ, ਉਸਦਾ ਕੋਈ ਫਾਇਦਾ ਨਹੀਂ। ਵਾਹਿਗੁਰੂ ਜੀ ਦਾ ਨਿਰਮਲ ਭੈ (ਡਰ) ਸਦਾ
ਮਨ ਵਿਚ ਰਹੇ। ਮੈਂ ਕੋਈ ਬੁਰਾ ਕੰਮ ਨਾ ਕਰਾਂ, ਕਿਉਂਕਿ ਮੈਨੂੰ ਰੱਬ ਜੀ ਵੇਖ ਰਹੇ ਹਨ, ਉਹ ਨਾਰਾਜ
ਹੋ ਜਾਣਗੇ। ਹੇ ਪੰਡਿਤ ਜੀ ! ਇਹੋ ਜਿਹਾ ਕੋਈ ‘‘ਦੇਵਤਾ`` ਵਿਰਲਾ ਕਿਤੇ ਹੋਵੇਗਾ। ਵਰਨਾ ਜਿਸਨੂੰ
ਤੂੰ ਦੇਵਤੇ ਬਣਾਈ ਫਿਰਦਾ ਹੈ; ਉਹ ਦੇਵਤੇ ਹਰਗਿਜ ਨਹੀਂ ਹਨ। ਕਿਉਂਕਿ ਉਹਨਾਂ ਮਿੱਥੇ ਗਏ ਦੇਵਤਿਆਂ
ਨੇ ਮਨੁਖਤਾ ਦਾ ਸੰਵਾਰਿਆ ਕੁਝ ਨਹੀ, ਨੁਕਸਾਨ ਬੜਾ ਕੀਤਾ ਹੈ।
ਐਹੋ ਜਿਹੇ ‘‘ਦੇਵਤੇ`` ਸਿੱਖਾਂ ਵਿਚ ਭੀ ਬਥੇਰੇ ਪੈਦਾ ਹੋ ਚੁੱਕੇ ਹਨ। ਕੋਈ ਆਪਣੇ ਆਪ ਨੂੰ ਗੁਰੂ
ਨਾਨਕ ਦੀ ਸਤਾਰਵੀ ਗੱਦੀ ਦਾ ਮਾਲਕ ਦਸਦਾ ਹੈ। ਕੋਈ ਭੱਲਿਆਂ ਵਿਚੋਂ ਤੇ ਕੋਈ ਕਰੋੜਾਂ ਰੁਪੈ ਗੁਰੂ ਕੀ
ਗੋਲਕ ਵਿਚੋਂ ਪੁੱਤਰਾਂ ਦੇ ਵਿਆਹਾਂ ਤੇ ਉਡਾਕੇ, ਗੁਰੂ ਅੰਗਦ ਸਾਹਿਬ ਦਾ ਜਾਨਸ਼ੀਂਨ ਐਲਾਨ ਰਿਹਾ ਹੈ।
ਕੋਈ ਬਿਧੀ ਚੰਦ ਦੇ ਨਾਂ ਤੇ ਲੱਗੀ ਜ਼ਮੀਨ ਤੇ ਕਬਜਾ ਕਰਨ ਲਈ ਉਸੇ ਨੂੰ ਆਪਣਾ ਵੱਡਾ ਵਡੇਰਾ ਦੱਸੀ ਜਾ
ਰਿਹਾ ਹੈ। ਕੋਈ ਹੋਰ ਕੁਫਰ ਦੀਆਂ ਪੰਡਾਂ ਚੁੱਕਕੇ, ਹਿੱਕ ਦੇ ਤਾਣ ਕਹਿ ਰਿਹਾ ਹੈ ਅਸੀਂ ਦਮਦਮੇ
ਵਾਲੇ, ‘‘ਦਮਦਮੀ ਟਕਸਾਲ`` ਵਾਲੇ ਹਾਂ। ਸਾਨੂੰ ਹੀ ਦਸਮ ਪਾਤਿਸ਼ਾਹ ਅਸਲੀ ਮਰਿਆਦਾ (?) ਕੰਨ ਵਿਚ
ਸੁਣਾ ਗਏ। ਇਹ ਗੁਪਤ ਮਰਿਆਦਾ ਸਿਰਫ ਸਾਡੇ ਕੋਲ ਹੈ। ਕਈ ਹੋਰ ਭਾਈ ਕਨੱਈਆ ਤੋ, ਕੋਈ ਗੁਰੂ ਨਾਨਕ ਤੋਂ
‘‘ਨਾਨਕਸਰੀਏ``। ਇਹਨਾਂ ਦੀਆਂ ਹਰਕਤਾਂ ਲਗਭਗ ਹਿੰਦੂ ਦੇਵਤਿਆਂ ਨਾਲ ਮਿਲਦੀਆਂ ਜੁਲਦੀਆਂ ਹੀ ਹਨ।
ਪੜ੍ਹੋ ਗੁਰਬਾਣੀ -
ਤਟ ਤੀਰਥ ਦੇਵ ਦੇਵਾਲਿਆ ਕੇਦਾਰ ਮਥੁਰਾ ਕਾਸੀ।। ਕੋਟਿ ਤੇਤੀਸਾ ਦੇਵਤੇ
ਸਣੁ ਇੰਦ੍ਰੈ ਜਾਸੀ।।
ਸਿਮ੍ਰਿਤਿ ਸਾਤ੍ਰ ਬੇਦ ਚਾਰਿ ਖਟੁ ਦਰਸ ਸਮਾਸੀ।। ਪੋਥੀ ਪੰਡਿਤ ਗੀਤ ਕਵਿਤ ਕਵਤੇ ਭੀ ਜਾਸੀ।।
ਜਤੀ ਸਤੀ ਸੰਨਿਆਸੀਆ ਸਭਿ ਕਾਲੈ ਵਾਸੀ।। ਮੁਨਿ ਜੋਗੀ ਦਿਗੰਬਰਾ ਜਮੈ ਸਣੁ ਜਾਸੀ।।
ਜੋ ਦੀਸੈ ਸੋ ਵਿਣਸਣਾ ਸਭ ਬਿਨਸਿ ਬਿਨਾਸੀ।। ਥਿਰੁ ਪਾਰਬ੍ਰਹਮੁ ਪਰਮੇਸਰੋ ਸੇਵਕੁ ਥਿਰੁ ਹੋਸੀ।।
(1100)
ਪੰਚਮ ਗੁਰਦੇਵ ਪਾਵਨ ਬਚਨਾਂ ਰਾਹੀ ਸਪੱਸ਼ਟ ਕਰ ਰਹੇ ਹਨ। ਹੇ ਭਾਈ ! ਗੰਗਾ ਗੋਦਾਵਰੀ ਆਦਿ ਤੀਰਥਾਂ ਨੇ
ਖੁਦ ਹੀ ਮਿਟ ਜਾਣਾ ਹੈ। ਕਿਸੇ ਦਾ ਕੀ ਸੰਵਾਰਨਗੇ? ਦੇਵਤੇ ਅਤੇ ਉਹਨਾਂ ਲਈ ਬਣਾਏ ਮੰਦਰ ਮੂਰਤੀਆਂ
ਸਦਾ ਥਿਰ ਨਹੀਂ ਹਨ। ਕੇਦਾਰ ਨਾਥ, ਮਥੁਰਾ ਕਾਸ਼ੀ ਵਗੈਰਾ ਨਾਸਵਾਨ ਹਨ ਇਹਨਾਂ ਨੂੰ ਪੂਜਣ ਨਾਲ ਕੁੱਝ
ਪ੍ਰਾਪਤ ਨਹੀਂ ਹੋਣਾ। ਤੇਤੀ ਕਰੋੜ ਦੇਵਤੇ ਕਿੱਥੇ ਹਨ? ਸਭ ਨਾਸ਼ ਹੋ ਗਏ। ਦੇਵਤਿਆਂ ਦਾ ਰਾਜਾ ਇੰਦਰ
ਕਿੱਥੇ ਹੈ? ਇਹ ਸਾਰੇ ਦੇਵੀਆਂ ਦੇਵਤੇ ਇੰਦਰ ਸਮੇਤ ਮਿੱਟੀ ਵਿਚ ਮਿਲ ਗਏ। ਸਿਮ੍ਰਿਤੀਆਂ ਦੀ
ਵਿਚਾਰਧਾਰਾ, ਛੇ ਸ਼ਾਸਤਰਾਂ ਦੀ ਫਿਲੋਸਫੀ ਸਦਾ ਨਹੀਂ ਰਹਿਣੀ। ਚਾਰੇ ਬੇਦ ਆਪਣਾ ਆਧਾਰ ਗੁਆਉਂਦੇ ਜਾ
ਰਹੇ ਹਨ। ਇਹਨਾਂ ਪੋਥੀਆਂ ਨੂੰ ਪੜ੍ਹਕੇ ਲੋਕਾਂ ਨੂੰ ਭਰਮਾਂ ਵਿਚ ਪਾਉਣ ਵਾਲੇ, ਲੁੱਟ ਕੇ ਖਾਣ ਵਾਲੇ,
ਜੋ ਪੰਡਿਤ ਅਖਵਾਂਦੇ ਹਨ ਕੱਖੋਂ ਹੌਲੇ ਹੋ ਜਾਣਗੇ। ਵੱਡੇ ਵੱਡੇ ਕਵਿਤਾ ਦੇ ਗ੍ਰੰਥ, ਅਤੇ ਉਹਨਾਂ ਦੇ
ਰਚਣ ਵਾਲੇ ਗਏ ਹੀ ਸਮਝੋ। ਆਪਣੇ ਆਪ ਨੂੰ ਜਤੀ ਅਖਵਾਣ ਵਾਲੇ ਸਤੀ ਹੋਣ ਦਾ ਨਾਟਕ ਕਰਨ ਵਾਲੇ ਸਭ ਮਿਟ
ਜਾਣਗੇ। ਅਨੇਕ ਪ੍ਰਕਾਰ ਦੇ ਸਨਿਆਸੀ ਸਾਧੂਆਂ ਦਾ ਸਮਾਂ ਭੀ ਹੁਣ ਪੁੱਗਿਆ ਹੀ ਸਮਝੋ। ਇਹ ਸਾਰੇ ਕਾਲ
(ਮੌਤ) ਦਾ ਖਾਜਾ ਹਨ। ਵੱਡੇ ਵੱਡੇ ਮੁਨੀ, ਜੋਗੀ, ਨਾਂਗੇ ਜੈਨੀ ਸਾਧ, ਜਮਾਂ ਦੇ ਵਸ ਪੈਣ ਜੋਗ ਹਨ।
ਜਿਤਨਾ ਹੀ ਦਿਸਦਾ ਸੰਸਾਰ ਹੈ, ਸਭ ਚਲਾਏ ਮਾਣ ਹੈ। ਇਹ ਸਾਰਾ ਬਿਨਸ ਜਾਏਗਾ। ਸਦਾ ਕਾਇਮ ਦਾਇਮ ਥਿਰ
ਕੇਵਲ ਪਾਰਬ੍ਰਹਮ ਹੀ ਹੈ। ਉਸਦਾ ਸ਼ਰੀਕ ਜਾਂ ਬਰਾਬਰੀ ਕਰਨ ਵਾਲਾ ਕੋਈ ਨਹੀਂ ਹੈ। ਨਿਰੰਕਾਰ ਦੇ ਸੇਵਕ
ਕੁਦਰਤ ਦੇ ਨਿਯਮ ਨੂੰ ਸਮਝਣ ਵਾਲੇ, ਰੱਬੀ ਲਿਵ ਵਿੱਚੋਂ ਜੋ ਗਿਆਨ ਬਖਸ਼ਿਸ਼
ਕਰਨਗੇ, ਉਹ ਗਿਆਨ ਸਦਾ ਥਿਰ ਰਹਿ ਕੇ ਮਨੁੱਖ ਦੀ ਅਗਵਾਈ ਕਰਦਾ ਰਹੇਗਾ ਉਹ ਗਿਆਨ ਗੁਰੂ ਦੀ ਪਾਵਨ
ਬਾਣੀ ਦਾ ਖਜਾਨਾ ਗੁਰੂ ਗ੍ਰੰਥ ਸਾਹਿਬ ਜੀ ਹਨ। ਜੋ ਇਸ ਨਿਯਮ ਨੂੰ ਸਮਝ ਲੈਣਗੇ, ਭਵਿੱਖ ਉਨਾਂ ਦਾ
ਹੋਵੇਗਾ।
ਜਪ ਤਪ ਸੰਜਮ ਸਾਧਨਾਂ, ਹਠ ਨਿਗ੍ਰਹ ਕਰਣੇ।। ਵਰਤ ਨੇਮ ਤੀਰਥ ਘਣੇ ਅਧਿਆਤਮ ਧਰਣੇ।।
ਦੇਵੀ ਦੇਵਾ ਦੇ ਹੁਰੇ ਪੂਜਾ ਪਰਵਰਣੇ।। ਹੋਮ ਜਗ ਬਹੁਦਾਨ ਕਰਿ ਮੁਖ ਵੇਦ ਉਚਰਣੇ।।
ਕਰਮ ਧਰਮ ਭੈ ਭਰਮ ਵਿਚਿ ਬਹੁ ਜੰਮਣ ਮਰਣੇ।।
ਗੁਰਮੁਖਿ ਸੁਖਿ ਫਲ ਸਾਧ ਸੰਗਿ ਮਿਲਿ ਦੁਤਰੁ ਤਰਣੇ।। (ਭਾ. ਗੁ. ਵਾਰ-38-12)
ਗੁਰਬਾਣੀ ਦੇ ਪ੍ਰਸਿੱਧ ਵਿਆਖਿਆਕਾਰ ਭਾਈ ਗੁਰਦਾਸ ਸਮਝਾਉਂਦੇ ਹਨ; ਹੇ ਭਾਈ ! ਜਪ ਮੰਤਰ ਤਿਆਗ ਦਿਓ।
ਸੰਜਮ ਰੱਖਣਾ ਹੈ ਤਾਂ ਅੰਨ ਦਾ ਨਹੀਂ, ਮੋਨ ਵਰਤ ਨਹੀਂ, ਸਗੋਂ ਕਾਮ ਕ੍ਰੋਧ ਲੋਭ ਮੋਹ ਆਦਿ ਦਾ ਸੰਜਮ
ਰੱਖੋ। ਤੀਰਥ ਵਰਤ ਅਖੌਤੀ ਅਧਿਆਤਮੀ (ਵਿਖਾਵੇ ਲਈ ਧਰਮੀ ਬਣਨਾ) ਨਹੀਂ ਅਸਲੀ ਧਰਮੀ ਬਣੋ। ਦੇਵੀਆਂ
ਦੇਵਤੇ ਅਤੇ ਉਨਾਂ ਦੀ ਪੂਜਾ ਕਰਨੀ ਕਿਸੇ ਅਰਥ ਨਹੀਂ ਹੈ। ਹਵਨ ਕਰਨਾ, ਜੱਗ ਕਰਨਾ ਬੇ ਮਾਇਨੇ ਹੈ।
ਬ੍ਰਾਹਮਣਾਂ ਨੂੰ ਦਿੱਤਾ ਦਾਨ ਬੇਕਾਰ ਚਲਿਆ ਜਾਣਾ ਹੈ। ਵੇਦਾਂ ਦਾ ਪਾਠ ਜਿੰਨਾ ਮਰਜੀ ਕਰ ਲਓ ਕੋਈ
ਫਾਇਦਾ ਨਹੀਂ ਹੋਣਾ। ਇਹਨਾਂ ਪਖੰਡ ਕਿਸਮ ਦੇ ਧਰਮ ਕਰਮ ਜੋ ਤੁਸੀਂ ਕਰਦੇ ਹੋ, ਇਹ ਤੁਹਾਨੂੰ ਕਿਸੇ
ਕਿਨਾਰੇ ਨਹੀਂ ਲਾਉਣਗੇ। ਜੰਮਣ ਮਰਨ ਦੇ ਗੇੜ ਵਿਚ ਪਏ ਰਹੋਗੇ। ਗੁਰੂ ਦੀ ਮੱਤ ਲੈ ਕੇ, ਜੀਵਨ ਸਫਲਾ
ਹੁੰਦਾ ਹੈ। ਸੰਗਤ ਵਿੱਚੋਂ ਮੇਲ ਮਿਲਾਪ ਰਾਹੀਂ ਧਰਮ ਵਿਚ ਦੇਵਤੇ ਅਤੇ ਦੇਵੀਆਂ ਵਿੱਚ ਕੋਈ ਮਾਨਤਾ
ਨਹੀਂ ਹੈ। ਸਿਰਫ ਨਿਰੰਕਾਰ ਜੀ ਦੀ ਸਿਫਤ ਸਥਾ ਹੈ।
ਦੇਵੀ ਦੇਵਾ ਮੂਲੁ ਹੈ ਮਾਇਆ। ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ।।
ਕਾਮੁ ਕ੍ਰੋਧੁ ਪਸਰਿਆ ਸੰਸਾਰੇ ਆਇ ਜਾਇ ਦੁਖ ਪਾਵਣਿਆ।। (129)