.

ਭਗਉਤੀ ਅਤੇ ਭਗਵੰਤ

ਅਵਤਾਰ ਸਿੰਘ ਮਿਸ਼ਨਰੀ (510-432-5827)

ਸਿੱਖ ਭਗਵੰਤ-ਕਰਤਾਰ-ਨਿਰੰਕਾਰ-ਵਾਹਿਗੁਰੂ-ਅਕਾਲ ਪੁਰਖ ਦਾ ਪੁਜਾਰੀ ਹੈ ਨਾ ਕਿ ਕਿਸੇ ਮੰਨੀ ਗਈ ਭਗਉਤੀ ਦੁਰਗਾ ਦਾ-ਦੁਰਗਾ ਪਾਠ ਬਣਾਇਆ ਸਭੇ ਪਉੜੀਆਂ॥ ਫੇਰਿ ਨਾ ਜੂਨੀ ਆਇਆ ਜਿਨਿ ਇਹ ਗਾਇਆ॥(ਚੰਡੀ ਦੀ ਵਾਰ) ਇਸੇ ਚੰਡੀ ਦੀ ਵਾਰ ਵਿੱਚ ਸਾਫ ਲਿਖਿਆ ਹੈ ਕਿ ਭਗਉਤੀ ਦੁਰਗਾ ਦੇਵੀ ਹੀ ਹੈ, ਭਗਉਤੀ ਸ਼ਬਦ ਕਿਤੇ ਪ੍ਰਮਾਤਮਾਂ ਦੇ ਅਰਥਾਂ ਵਿੱਚ ਨਹੀਂ ਹੈ। ਆਓ ਇਸ ਭਗਉਤੀ ਬਾਰੇ ਵਿਚਾਰ ਕਰੀਏ-
ਭਗਉਤੀ-ਇਹ ਸੰਸਕ੍ਰਿਤ ਦਾ ਸ਼ਬਦ ਹੈ ਅਤੇ ਇਸ ਦੇ ਪ੍ਰਕਰਣ ਅਨੁਸਾਰ ਵੱਖਰੇ-ਵੱਖਰੇ ਅਰਥ ਹਨ ਜਿਵੇਂ- ਕਰਤਾਰ ਦਾ ਉਪਾਸ਼ਕ-ਸੋ ਭਗਉਤੀ ਜੋ ਭਗਵੰਤੇ ਜਾਣੈ (ਮ:3) ਭਗਉਤੀ ਭਗਵੰਤ ਪ੍ਰਮਾਤਮਾਂ ਨੂੰ ਜਾਣਨ ਵਾਲਾ। ਸਾਧ ਸੰਗਿ ਪਾਪਾਂਮਲੁ ਧੋਵੈ॥ਤਿਸ ਭਗਉਤੀ ਕੀ ਮਤਿ ਊਤਮ ਹੋਵੈ (ਸੁਖਮਨੀ) ਭਗਉਤੀ ਇੱਕ ਹਿਦੂ ਸਾਧੂਆਂ ਦਾ ਫਿਰਕਾ-ਅੰਤਰਿ ਕਪਟੁ ਭਗਉਤੀ ਕਹਾਏ॥ਪਾਖੰਡਿ ਪਾਰਬ੍ਰਹਮ ਕਦੇ ਨ ਪਾਏ॥(ਮ:3 ਵਾਰ ਸ੍ਰੀ ਰਾਗ) ਭਗਉਤੀ ਭਗਵੰਤ ਭਗਤਿ ਕਾ ਰੰਗੁ॥(ਸੁਖਮਨੀ) ਭਗਵਤ ਦੀ-ਭਗਉਤੀ ਮੁਦ੍ਰਾ ਮਨੁ ਮੋਹਿਆ ਮਾਇਆ-ਪ੍ਰਮੇਸ਼ਰ ਦੇ ਭੇਖ ਦੀ ਮੁਦ੍ਰਾ ਹੈ ਪਰ ਮਨ ਮਾਇਆ ਨੇ ਮੋਹਿਆ ਹੋਇਆ ਹੈ। ਭਗਵਤੀ-ਦੇਵੀ, ਖੜਗ, ਸ਼੍ਰੀ ਸਾਹਿਬ, ਤਲਵਾਰ-ਲਈ ਭਗਉਤੀ ਦੁਰਗਸ਼ਾਹ (ਚੰਡੀ ਦੀ ਵਾਰ-3) ਨਾਉ ਭਗਉਤੀ ਲੋਹ ਘੜਾਇਆ (ਭਾ.ਗੁ.) ਮਹਾਂਕਾਲ ਭਾਵ ਮਹੇਸ਼ ਸ਼ਿਵਜੀ ਮਹਾਂਕਾਲ ਇਸ ਕਰਕੇ ਹੈ ਕਿ ਹਿੰਦੂ ਮਿਥ ਅਨੁਸਾਰ ਬ੍ਰਹਮਾਂ ਸ਼੍ਰਿਸ਼ਟੀ ਪੈਦਾ ਕਰਨ ਵਾਲਾ, ਵਿਸ਼ਨੂੰ ਰਿਜ਼ਕ ਦੇਣ ਵਾਲਾ ਅਤੇ ਸ਼ਿਵਜੀ ਮਹਾਂਕਾਲ ਹੋ ਕੇ ਵਿਨਾਸ਼ ਕਰਨ ਵਾਲਾ-ਪ੍ਰਿਥਮ ਭਗਉਤੀ ਸਿਮਰਕੈ ਭਾਵ ਮਹਾਂਕਾਲ ਸ਼ਿਵਜੀ ਨੂੰ ਧਿਆ ਕੇ, ਇੱਕ ਛੰਦ ਜਿਸ ਦਾ ਨਾਂ ਵੀ ਭਗਉਤੀ ਹੈ। (ਭਾ. ਕਾਨ੍ਹ ਸਿੰਘ ਨਾਭਾ) ਭਗਉਤੀ ਸ਼ਬਦ ਦੇ ਕਿਸੇ ਵੀ ਕੋਸ਼ ਵਿੱਚ ਵਾਹਿਗਰੂ ਪ੍ਰਮਾਤਮਾਂ ਅਰਥ ਨਹੀਂ ਹਨ।
ਭਗਉਤੀ-ਦੁਰਗਾ ਦੇਵੀ-ਵਾਰ ਸ੍ਰੀ ਭਗਉਤੀ ਜੀ ਕੀ (ਚੰਡੀ ਦੀ ਵਾਰ-3) ਇਸ ਦੇਵੀ ਦੇ ਹੋਰ ਵੀ ਕਵੀ ਨਾਮ ਹਨ-ਉਮਾ, ਗੌਰੀ, ਪਾਰਬਤੀ, ਜਗਤਮਾਤਾ, ਭਵਾਨੀ, ਕਾਲੀ, ਚੰਡਿਕਾ, ਭੈਰਵੀ। ਚੰਡੀ ਮਾਹਾਤਮਾਯ (ਚੰਡੀ ਦੀ ਮਹਾਨਤਾ) ਜਿਸ ਵਿੱਚ ਕਲਪਿਤ ਦੇਵੀ ਦੀਆਂ ਕਲਪਿਤ ਰਾਕਸ਼ਾਂ ਉੱਤੇ ਜਿੱਤਾਂ ਦਾ ਵਰਣਨ ਹੈ ਓਥੇ ਦੇਵੀ ਦੇ ਇਹ ਨਾਮ ਹਨ-1 ਦੁਰਗਾ 2 ਦਸ ਭੁਜਾ (ਦਸਾਂ ਬਾਹਾਂ ਵਾਲੀ) 3 ਸਿੰਹ ਵਹਿੰਨੀ (ਸ਼ੇਰ ਦੀ ਸਵਾਰੀ ਵਾਲੀ) 4 ਮਹਿਸ਼ਮਰਦਨੀ (ਮੱਝ ਦੇ ਰੂਪ ਵਾਲੇ ਮਹਿਸ਼ ਦੈਂਤ ਨੂੰ ਮਾਰਨ ਵਾਲੀ 5 ਕਾਲੀ (ਰਕਤਬੀਜ ਨੂੰ ਮਾਰਨ ਵਾਲੀ) 6 ਤਾਰਾ (ਸੁੰਭ ਦੈਂਤ ਨੂੰ ਮਾਰਨ ਵਾਲੀ) ਆਦਿਕ।
ਇਸ ਦੇ ਨਾਲ ਹੀ ਜੋ ਨਾਮ ਪਾਰਬਤੀ ਨੂੰ ਆਪਣੇ ਪਤੀ ਸ਼ਿਵਜੀ ਵਲੋਂ ਮਿਲੇ ਹਨ-1 ਭਗਵਤੀ 2 ਈਸ਼ਾਣੀ 3 ਈਸ਼ਵਰੀ 4 ਕਾਲੰਜਰੀ 5 ਕੌਸ਼ਕੀ 6 ਮਹੇਸ਼ਵਰੀ 7 ਰੁਦ੍ਰਾਨੀ 8 ਸ਼ਰਵਾਣੀ 9 ਸ਼ਿਵਾ 10 ਮ੍ਰਿਡਾਨੀ ਆਦਿਕ।

ਆਪਣੀ ਉਤਪਤੀ ਦੇ ਅਧਾਰ ਉਤੇ ਇਸ ਦੇ ਨਾਵਾਂ ਵਿੱਚੋਂ ਕੁਝ ਨਾਂਵ-1 ਅਦ੍ਰਿਜਾ 2 ਗਿਰਿਜਾ 3 ਕੁਜਾ (ਪ੍ਰਿਥਵੀ ਤੋਂ ਜੰਮੀ) 4 ਦਕਸ਼ਜ਼ਾ (ਰਾਜਾ ਦਕਸ਼ ਤੋਂ ਪੈਦਾ ਹੋਈ) 5 ਕੰਨਿਆਂ ਕੁਕਾਰੀ (ਜਵਾਨ ਮੁਟਿਆਰ) 6 ਅੰਬਿਕਾ (ਮਾਂ) 7 ਅਵਰਾ (ਸਭ ਤੋਂ ਛੋਟੀ) 8 ਅਨੰਤਾ (ਸਦੀਵੀ) 9 ਆਰਯ (ਸਨਮਾਨਯੋਗ) 10-ਵਿਜਯ (ਜੇਤੂ) 11 ਰਿਧਿ (ਧਨਵਾਨ) 12 ਸਤੀ (ਨੇਕ) 13 ਪਿੰਗਾ (ਪਿੰਗਲੀ) 14 ਕਾਲੀ 15 ਭ੍ਰਮਰੀ (ਭੌਰੀ) 16 ਕਰਣ ਮੋਤੀ 17 ਪਦਮ ਲਾਛਣਾ ( ਕੰਵਲ ਦੀ ਸ਼ੋਭਾ ਵਾਲੀ) 18 ਸਰਬ ਮੰਗਲਾ (ਸਭ ਦੀ ਕਲਿਆਣ ਕਰਣ ਵਾਲੀ) 19 ਸ਼ਾਕਮ ਭਰੀ (ਜੜੀ ਬੂਟੀਆਂ ਦੀ ਪਾਲਕ) 20 ਸ਼ਿਵ-ਦੂਤੀ (ਸ਼ਿਵਜੀ ਦੀ ਦੂਤ) 21 ਭੂਤਨਾਯਕਾ (ਭੂਤਾਂ ਦੀ ਆਗੂ) 22 ਕਾਮਖਿਆ (ਕਾਮ ਦੇ ਨਾਮ ਨਾਲ ਬੁਲਾਈ ਜਾਣ ਵਾਲੀ) ਆਦਿਕ।

ਇਸਦੇ ਕੁਝ ਡਰਉਣੇ ਵਿਸ਼ੇਸ਼ ਨਾਂ-1 ਭਦ੍ਰਕਾਲੀ 2 ਭੀਮਾਂ 3 ਚਾਮੁੰਡਾ 4 ਮਹਾਂਕਾਲੀ 5 ਮਹਾਂਮਾਰੀ 6 ਮਹਾਂਰੌਦ੍ਰੀ 7 ਮਾਤੰਗੀ 8 ਰਕਤ-ਦੰਤੀ (ਖੂੰਨੀ ਦੰਦਾਂ ਵਾਲੀ)
1. ਇਹ ਸਭ ਨਾਮ ਹਿੰਦੂ ਮਿਥਿਹਾਸਕ ਕੋਸ਼ ਅਨੁਸਾਰ ਹਨ। ਜਦ ਕੋਸ਼ ਦਾ ਨਾਂ ਹੀ ਮਿਥਿਹਾਕ ਹੈ ਤਾਂ ਇਸ ਦੀਆਂ ਕਹਾਣੀਆਂ ਕਿਵੇਂ ਸੱਚੀਆਂ ਹੋ ਸਕਦੀਆਂ ਹਨ, ਇਹ ਤਾਂ ਬੱਦਲ ਦੀ ਛਾਂ ਨੂੰ ਸਤਿ ਤੇ ਸਥਿਰ ਮੰਨਣ ਵਾਲੀ ਭੁੱਲ ਹੈ।
2. ਸ਼ਿਵਜੀ ਜਿਸ ਦਾ ਦੂਜਾ ਪ੍ਰਸਿੱਧ ਨਾਂ ਮਹਾਂਕਾਲ ਹੈ, ਆਮ ਕਰਕੇ ਆਪਣੀ ਸ਼ਕਤੀ ਦਾ ਪ੍ਰਗਟਾਵਾ ਇਸਤਰੀ ਰੂਪ ਦੇਵੀ ਦੁਆਰਾ ਕਰਦੇ ਹਨ।ਰਕਤਬੀਜ, ਸੁੰਭ-ਨਿਸੁੰਭ, ਮਹਿਖਾਸਰ, ਚੰਡ ਮੁੰਡ ਆਦਿਕ ਸਭ ਦੈਂਤਾ ਦਾ ਖੈ ਇਨਾਂ੍ਹ ਮਿਥ ਸ਼ਕਤੀਆਂ ਰਾਹੀਂ ਕੀਤਾ ਗਿਆ।
3. ਜਿਥੇ ਸ਼ਿਵਜੀ ਅਤੇ ਮਹਾਂਕਾਲ ਦੇ ਦਰਜਨਾਂ ਨਾਮ ਹਨ ਓਥੇ ਮਹਾਂਸ਼ਕਤੀ ਪਾਰਬਤੀ ਦੇਵੀ ਦੇ ਵੀ ਤਿੰਨ ਦਰਜਨਾਂ ਤੋਂ ਵੱਧ ਨਾਮ ਹਨ।ਇਨ੍ਹਾਂ ਦੇ ਪੈਰੋਕਾਰਾਂ ਵਿੱਚ ਅਯਾਸ਼ ਤੰਤਰ ਪੂਜਕਾਂ ਤੇ ਵਾਮਮਾਰਗੀਆਂ ਦੀ ਭਰਮਾਰ ਹੈ।
4. ਪੁਰਾਣਾ ਦੀਆਂ ਮਿਥਿਹਾਕ ਕਹਾਣੀਆਂ ਉਤੇ ਆਧਾਰਤ ਵੱਖ ਵੱਖ ਦੇਵਤੇ-ਦੇਵੀਆਂ ਦੀ ਸ਼ਕਤੀ-ਪੂਜਾ ਨੇ ਹਿੰਦੂ ਸਮਾਜ ਦੀ ਯਕ-ਜਹਿਤੀ ਨੂੰ ਵੱਡੀ ਹਾਨੀ ਪਹੁੰਚਾਈ ਹੈ। ਇਸ ਨਾਲ ਹਿੰਦੀਆਂ ਦੀ ਆਸ਼ਾ, ਇਸ਼ਟ, ਉਪਾਸ਼ਨਾ ਅਤੇ ਖਾਣ, ਪੀਣ, ਪਹਿਚਾਣ ਸਭ ਵੱਖ ਵੱਖ ਹੋ ਗਿਆ।ਇਸ ਦੇ ਫਲ-ਸਰੂਪ ਕਈ ਵੇਰ ਇੱਕ ਅੱਲਾਹ (ਰੱਬ) ਦੀ ਤੌਹੀਦ-ਪ੍ਰਸਤੀ ਵਾਲਿਆਂ ਦੀ ਬੇੜੀ ਅਥਵਾ ਮੁੱਠੀ ਭਰ ਫੌਜ ਨੇ ਹੀ ਇਸ ਦੇਸ਼ ਦੀ ਦੌਲਤ ਲੁੱਟੀ ਅਤੇ ਅਣਖ ਤੇ ਇਜ਼ਤ ਨਾਲ ਖਿਲਵਾੜ ਕੀਤਾ।

ਦੁੱਖ ਤੇ ਹੈਰਾਨੀ ਵਾਲੀ ਗੱਲ ਹੈ ਕਿ ਹਿੰਦੀ ਅੱਜ ਦੇ ਵਿਗਿਆਨਕ ਯੁੱਗ ਵਿੱਚ ਵੀ ਇਸ ਵਹਿਮ-ਭਰਮ ਅਤੇ ਅੰਧ ਵਿਸ਼ਵਾਸ਼ ਤੋਂ ਮੁਕਤ ਨਹੀਂ ਹੋ ਸਕੇ। ਮਿਥਿਾਸਕ ਅਤੇ ਕਲਪਨਿਕ ਧਾਰਨਾਵਾਂ ਦੀ ਜਿਲ੍ਹਣ ਵਿੱਚ ਹੀ ਧਸਦੇ ਜਾ ਰਹੇ ਹਨ।ਇਵੇਂ ਹੀ ਜਿਹੜੇ ਸਿੱਖ ਆਪਣੇ ਸਤਿਗੁਰਾਂ ਦੇ ਆਸ਼ੇ ਦੀ ਅਵੱਗਿਆ ਕਰਕੇ, ਅੱਜ ਵੀ ਕਿਸੇ ਨਾ ਕਿਸੇ ਸ਼ਕਲ ਵਿੱਚ ਮਿਥਿਹਾਸਕ ਦੇਵੀ-ਸ਼ਕਤੀ ਅਥਵਾ ਬਿਪਰਨ ਕੀ ਰੀਤ ਨੂੰ ਮੰਨਦੇ ਹਨ, ਉਨ੍ਹਾਂ ਦੀ ਗੁਰੂ ਵੱਲ ਮਨਮੁਖਤਾਈ ਬਾਰੇ ਕੀ ਆਖਿਆ ਜਾਵੇ?

ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਗੁਰਮਤਿ ਮਾਰਤੰਡ ਦੁ ਪੰਨਾ 587 ਤੋਂ 600 ਤੱਕ ਦੇਵੀ ਦੇਵਤਿਆਂ ਦੀ ਅਸਲੀਅਤ ਤੇ ਪੂਜਾ ਆਦਿ ਬਾਰੇ, ਵੱਡੀ ਖੋਜ ਤੇ ਭੜੀ ਬੇਬਾਕੀ ਨਾਲ ਗੁਰਮਤਿ ਦਾ ਦ੍ਰਿਸ਼ਟੀਕੋਣ ਬਿਆਨ ਕੀਤਾ ਹੈ ਜਿਵੇਂ-1) ਦੇਵੀ ਦੇਵਾ ਪੂਜੀਐ ਭਾਈ ਕਿਆ ਮਾਂਗਉ ਕਿਆ ਦੇਹਿ॥(ਪੰਨਾ 637)
2) ਮਹਿਮਾ ਨ ਜਾਨਹਿ ਬੇਦ॥ਬ੍ਰਹਮੇ ਨਹੀਂ ਜਾਨਹਿ ਭੇਦ॥ਸੰਕਰਾ ਨਹੀ ਨਾਨਹਿ ਭੇਵ॥ਖੋਜਤ ਹਾਰੇ ਦੇਵ॥ ਦੇਵੀਆਂ ਨਹੀ ਜਾਨੈ ਮਰਮ॥ਸਭ ਊਪਰਿ ਪਾਰਬ੍ਰਹਮ॥(ਮੰਨਾ 894)
3) ਠਾਕੁਰ ਛੋਡਿ ਦਾਸੀ ਕਉ ਸਿਮਰਹਿ, ਮਨਮੁਖ ਅੰਧ ਅਗਿਆਨਾ॥(ਪੰਨਾ 1138)
4) ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ॥ਬਰਦ ਚਢੇ ਡਉਰੂ ਢਮਕਾਵੈ॥ਮਹਾਮਾਈ ਕੀ ਪੂਜਾ ਕਰੈ॥ਨਰ ਸੈ ਨਾਰਿ ਹੋਇ ਅਉਤਰੇ॥ਤੂ ਕਹੀਅਤ ਹੀ ਆਦਿ ਭਵਾਨੀ॥ਮੁਕਤਿ ਕੀ ਬਰੀਆ ਕਹਾਂ ਛਪਾਨੀ॥ਗੁਰਮਤਿ ਰਾਮ ਨਾਮ ਗਹੁ ਮੀਤਾ॥ਪ੍ਰਣਵੈ ਨਾਮਾ ਇਉ ਕਹੈ ਗੀਤਾ॥(ਪੰਨਾ 874) ਗੀਤਾ ਮੀਨ ਗਿਆਨ।
5) ਨਾਮ ਹੀ ਸਭ ਦੇਵਾਂ ਦਾ ਦੇਵ ਹੈ।ਕੋਈ ਦੇਵੀ ਨੂੰ ਮਨਾਂਵਦਾ ਹੈ, ਕੋਈ ਸ਼ਿਵਾ ਨੂੰ, ਕੋਈ ਗਣੇਸ਼ ਨੂੰ, ਕੋਈ ਦੇਵਤਿਆਂ ਨੂੰ। ਗੁਰੂ ਕੇ ਸਿੱਖ ਸਤਿਨਾਮੁ ਨੂੰ ਅਰਾਧਦੇ ਹਨ, ਜਿਸ ਕਰਕੇ ਸਭ ਵਿਗਨ ਨਾਸ ਹੁੰਦੇ ਹਨ, ਤਾਂ ਤੇ ਸਤਿਨਤਮੁ ਦਾ ਮੰਗਲਾਚਾਰ ਆਦਿ ਰੱਖਿਆ ਹੈ।(ਭਾਈ ਮਨੀ ਸਿੰਘ ਰਚਿਤ ਗਿਆਨ ਰਤਨਤਵਲੀ)

ਭਾ. ਕਾਨ੍ਹ ਸਿੰਘ ਲਿਖਦੇ ਹਨ ਕਿ ਇਸ ਪ੍ਰਸੰਗ ਵਿੱਚ ਮੁਨਾਸਬ ਮਾਲੂਮ ਹੂੰਦਾ ਹੈ ਕਿ ਅਸੀਂ ਆਪਣੇ ਭਾਈਆਂ ਨਾਲ ਦੋ ਗੱਲਾਂ ਕਲਪਿਤ ਦੇਵੀ ਬਾਰੇ ਵੀ ਕਰੀਏ “ਪਿਆਰੇ ਗੁਰੂ ਨਾਨਕ ਪੰਥੀਓ! ਸਭ ਤੋਂ ਪਹਿਲਾਂ ਇਹ ਆਪ ਵਿਚਾਰੋ ਕਿ ਦੇਵੀ ਕੌਣ ਹੋਈ ਹੈ ਅਤੇ ਉਸ ਨੇ ਸੰਸਾਰ ਦਾ ਕੀ ਸਵਾਰਿਆ ਹੈ। ਪੁਰਾਣਾ ਤੋਂ ਪਤਾ ਲਗਦਾ ਹੈ ਕਿ ਉਹ ਹਿਮਾਲਯਾ ਦੀ ਬੇਟੀ ਸੀ, ਇਸੀ ਵਾਸਤੇ ਉਸ ਦਾ ਨਾਉਂ ਪਾਰਬਤੀ, ਦੁਰਗਾ, ਗਿਰਿਜਾ ਅਤੇ ਭਵਾਨੀ ਹਨ। ਉਸ ਨੇ ਦੇਵਤਿਆ ਦੀ ਹਮਾਯਤ ਵਿੱਚ ਦੈਂਤਾਂ ਨਾਲ ਯੁੱਧ ਕੀਤਾ ਅਤੇ ਇੰਦਰ ਨੂੰ ਕਈ ਵਾਰ ਰਾਜ ਗੱਦੀ ਮੁੜ ਦਿੱਤੀ ਦੇਖੋ ਇੰਦਰ ਉਹ ਦੇਵਤਾ ਹੈ ਜੋ ਸਾਰਾ ਦਿਨ ਅਪਸ਼ਰਾਂ ਦਾ ਨਾਚ-ਤਮਾਸ਼ਾ ਦੇਖਦਾ ਹੋਇਆ, ਐਸ਼ ਅਰਾਮ ਨਾਲ ਸਮਾਂ ਬਤਾਉਂਦਾ ਹੈ। ਪੁਰਾਣਾ ਤੋਂ ਪਤਾ ਲਗਦਾ ਹੈ ਕਿ ਕੋਈ ਰਿਸ਼ੀ ਐਸਾ ਨਹੀ ਜਿਸ ਨੇ ਭਜਨ ਅਤੇ ਤਪ ਵਿੱਚ ਵਿਘਨ ਪਾਉਣ ਵਾਸਤੇ ਇੰਦਰ ਨੇ ਲੁੱਚੀਆਂ ਤੀਂਵੀਆਂ ਨਾਂ ਭੇਜੀਆਂ ਹੋਣ, ਔਰ ਉਹ ਖਦ ਰਿਸ਼ੀਆਂ ਦੀਆਂ ਇਸਤਰੀਆਂ ਨਾਲ ਵਿਭਚਾਰ ਕਰਦਾ ਹੈ, ਜਿਹੀ ਕਿ “ਅਹੱਲਯਾ” (ਗੌਤਮ ਰਿਸ਼ੀ ਦੀ ਪਤਨੀ) ਦੀ ਕਥਾ ਹੈ। ਐਸੇ ਵਿਭਚਾਰੀ ਤੇ ਕੁਕਰਮੀ ਦੀ ਸਹਾਇਤਾ ਕਰਕੇ, ਦੇਵੀ ਨੇ ਜਗਤ ਨੂੰ ਕੀ ਸੁੱਖ ਦਿੱਤਾ ਹੈ? ਅਰ ਇੰਦਰ ਨੇ ਰਾਜ ਲੈ ਕੇ ਸੰਸਾਰ ਦਾ ਕਿਹੜਾ ਸੁਧਾਰ ਕੀਤਾ ਹੈ?
ਸੋ ਉਰੋਕਤ ਭਗਉਤੀ ਦੀ ਵਿਆਖਿਆ ਅਤੇ ਪੌਰਾਣਕ ਹਵਾਲਿਆਂ ਤੋਂ ਚੰਡੀ ਚਰਿਤ੍ਰ ਵਾਲੀ ਭਗਉਤੀ ਕੀ ਵਾਰ ਵਿੱਚ ਭਗਉਤੀ ਸ਼ਬਦ ਦਾ ਅਰਥ ਦੁਰਗਾ ਦੇਵੀ ਹੈ ਕਿਉਂਕਿ ਚੰਡੀ ਦੀ ਵਾਰ ਦੇ ਅਖੀਰ ਵਿੱਚ ਦੇਵੀ ਦੇ ਉਪਾਸ਼ਕ ਕਵੀ ਨੇ ਸ਼ਪੱਸ਼ਟ ਕਰ ਦਿੱਤਾ ਹੈ ਕਿ “ਦੁਰਗਾ ਪਾਠ ਬਣਾਇਆ ਸਭੈ ਪਉੜੀਆਂ॥ਫੇਰਿ ਨ ਜੋਨੀ ਆਇਆ ਜਿਨਿ ਇਹ ਗਾਇਆ॥ (ਚੰਡੀ ਦੀ ਵਾਰ ਪੌੜੀ-55) ਭਾਈ ਕਾਨ੍ਹ ਸਿੰਘ ਨਾਭਾ ਵੀ ਲਿਖਦੇ ਹਨ-ਚੰਡੀ ਦੀ ਵਾਰ ਦੇ ਮੁੱਢ ਸਿਰਲੇਖ ਹੈ-”ਵਾਰ ਸ੍ਰੀ ਭਗਉਤੀ ਜੀ ਕੀ” ਇਸ ਥਾਂ ਭਗਉਤੀ ਦੁਰਗਾ ਬੋਧਕ ਹੈ। ਭਗਉਤੀ ਨਾਮ ਤਲਵਾਰ ਦਾ ਵੀ ਹੈ-ਲਈ ਭਗਉਤੀ ਦੁਰਗ ਸ਼ਾਹ ਵਰ ਜਾਗਨ ਭਾਰੀ॥ਲਾਈ ਰਾਜੇ ਸੁੰਭ ਨੋ ਰਤੁ ਪੀਐ ਪਿਆਰੀ॥ (ਚੰਡੀ ਦੀ ਵਾਰ ਪੌੜੀ-53) ਭਾਈ ਗੁਰਦਾਸ ਜੀ ਵੀ ਲੋਹੇ ਦੀ ਤਲਵਾਰ ਨੂੰ ਭਗਉਤੀ ਲਿਖਦੇ ਹਨ-ਨਾਉ ਭਗਾਉਤੀ ਲੋਹੁ ਘੜਾਇਆ (ਭਾ.ਗੁ. 25ਵੀਂ ਵਾਰ ਫੌੜੀ-6) ਸ਼ਸ਼ਤਰ ਨਾਮ ਮਾਲਾ ਦੇ ਭਗਉਤੀ ਸਤੋਤਰ ਵਿੱਚ ਵੀ ਲਿਖਿਆ ਹੈ ਕਿ-ਨਮੋ ਸ੍ਰੀ ਭਗੌਤੀ ਬਢੈਲੀ ਸਰੋਹੀ॥ਕਰੇ ਏਕ ਤੇ ਦਵੈ, ਸੁਭਟ ਹਾਥ ਸੋਹੀ॥...ਨਮੋ ਤੇਗ ਤਲਵਾਰ ਸ੍ਰੀ ਖੱਗ ਖੰਡਾ॥ ਹਿੰਦੂ ਧਰਮ ਵਿੱਚ ਦੁਰਗਾ, ਭਗਵਤੀ, ਭਗਾਉਤੀ, ਪਾਰਬਤੀ, ਸਰਸਵਤੀ, ਕਾਲੀ, ਜਵਾਲਾਮੁਖੀ, ਮਹਾਂਕਾਲ (ਸ਼ਿਵਜੀ), ਪਹਾੜਾਂਵਾਲੀ, ਸ਼ੇਰਾਂਵਾਲੀ, ਅਸ਼ਟਭੁਜੀ, ਮਹਾਂਮਾਈ, ਭਵਾਨੀ, ਕਾਲੀ ਕਲਕੱਤੇ ਵਾਲੀ, ਚੰਡੀ, ਮਨਸਾ ਦੇਵੀ, ਨੈਣਾਦੇਵੀ, ਕਾਲਕਾ ਆਦਿਕ ਸਾਰੇ ਸ਼ਬਦ ਦੇਵੀ ਵਾਸਤੇ ਵਰਤੇ ਗਏ ਹਨ।
ਨੋਟ-ਪੁਰਾਣੀਆਂ ਬੀੜਾਂ ਵਿੱਚ ਭਗਉਤੀ ਦੀ ਥਾਂ ਪਾਠ ਦੁਰਗਾ ਹੈ। ਇਕ ਹੋਰ ਗੱਲ ਪਾਠਕਾਂ ਦੇ ਧਿਆਨ ਗੋਚਰੀ ਕਰਨ ਵਾਲੀ ਇਹ ਵੀ ਹੈ ਕਿ ਸਭ ਤੋਂ ਪਹਿਲਾਂ ਸੰਮਤ 1770 ਵਿੱਚ ਹੱਥ ਲਿਖੀ ਦਸਮ ਗ੍ਰੰਥ ਦੀ ਬੀੜ ਵਿੱਚ “ਭਗਉਤੀ ਦੀ ਵਾਰ” ਥਾਂਵੇਂ “ਵਾਰ ਦੁਰਗਾ ਜੀ ਲਿਖਯਤੇੱ” ਸਿਰਲੇਖ ਹੈ ਅਤੇ ਹੋਰ ਵੀ ਕਈ ਅੰਤਰੇ ਹਨ ਬਲਕਿ ਬਹੁਤ ਥਾਂਈਂ ਪਾਠ ੳੱੁਤੇ ਹੜਤਾਲ ਵੀ ਫਿਰੀ ਹੋਈ ਹੈ ਭਾਵ ਉੱਪਰ ਲਕੀਰ ਮਾਰ ਕੇ ਕਟਿਆ ਹੋਇਆ ਹੈ। ਭਾਂਵੇਂ ਹੋਰ ਵੀ ਕਈ ਥਾਂਈਂ ਹੜਤਾਲ ਫਿਰੀ ਹੋਈ ਹੈ ਪਰ “ਵਾਰ ਦੁਰਗਾ” (ਭਗਉਤੀ ਦੀ ਵਰ) ਵਿੱਚ ਤਾਂ ਹੜਤਾਲ ਦੀ ਵਰਤੋਂ ਸਭ ਤੋਂ ਵਧੇਰੇ ਕੀਤੀ ਗਈ ਹੈ। ਉਪ੍ਰੋਕਤ ਬੀੜ ਇਸ ਵੇਲੇ ਸਵਰਗਵਾਸੀ ਰਾਜਾ ਗੁਲਾਬ ਸਿੰਘ ਜੀ ਸੇਠੀ, ਕੋਠੀ ਨੰ 47, ਹਨੂਮਾਨ ਰੋਡ, ਨਵੀਂ ਦਿੱਲੀ ਵਿੱਚ ਵੇਖੀ ਜਾ ਸਕਦੀ ਹੈ।(ਗਿ. ਭਾਗ ਸਿੰਘ)
ਅਖੌਤੀ ਦਸਮ ਗ੍ਰੰਥ ਵਿੱਚ ਵਰਤਿਆ “ਕਾਲ” ਸ਼ਬਦ ਮਹਾਂਕਾਲ ਸ਼ਿਵਜੀ ਨਾਲ ਸਬੰਧਤ ਹੈ ਪ੍ਰਮਾਤਮਾਂ ਜਾਂ ਅਕਾਲ ਪੁਰਖ ਨਾਲ ਨਹੀਂ।ਸੋ ਸਿੱਖ ਅਕਾਲ ਸ਼ਬਦ ਦਾ ਪੁਜਾਰੀ ਹੈ ਨਾ ਕਿ ਕਿਸੇ ਦੇਵੀ ਜਾਂ ਤਲਵਾਰ ਆਦਿਕ ਸ਼ਸ਼ਤਰ ਦਾ। ਸਿੱਖ ਜ਼ੁਲਮ ਵਿਰੱੁਧ ਤਲਵਾਰ ਚੁੱਕਦਾ ਹੈ, ਸ਼ਸ਼ਤਰ ਧਾਰਨ ਕਰਦਾ ਹੈ ਨਾਂ ਕਿ ਧੂਫਾਂ ਧੂਖਾ ਕੇ, ਮੱਥੇ ਟੇਕ ਕੇ ਪੂਜਣ ਵਾਸਤੇ। ਆਪਣੇ ਆਪ ਸ਼ਸ਼ਤਰ ਕਿਸੇ ਦੀ ਵੀ ਰੱਖਿਆ ਨਹੀਂ ਕਰਦਾ ਸਗੋਂ ਜਿਸ ਦੇ ਹੱਥ ਵਿੱਚ ਹੁੰਦਾ ਹੈ ਉਹ ਹੀ ਇਸ ਦੀ ਯੋਗ ਵਰਤੋਂ ਕਰਕੇ ਆਪਣੀ ਅਤੇ ਹੋਰਨਾਂ ਦੀ ਰੱਖਿਆ ਕਰ ਸਕਦਾ ਹੈ। ਸ਼ਸ਼ਤਰ ਕਿਸੇ ਦਾ ਮਿਤਰ ਨਹੀਂ ਜੇ ਤੁਹਾਡਾ ਸ਼ਸ਼ਤਰ ਵੈਰੀ ਦੇ ਹੱਥ ਆ ਜਾਵੇ ਤਾਂ ਓਹੀ ਸ਼ਸ਼ਤਰ ਤੁਹਾਡਾ ਵੈਰੀ ਬਣ ਜਾਂਦਾ ਹੈ। ਇਸ ਕਰਕੇ ਪੁਰਾਤਨ ਸਿੱਖ ਸ਼ਸ਼ਤਰ ਦਾ ਵਿਸਾਹ ਨਹੀਂ ਸੀ ਖਾਂਦੇ ਸਦਾ ਅੰਗ ਸੰਗ ਰੱਖਦੇ ਸਨ, ਇਸ ਕਰਕੇ ਅਰਦਾਸ ਵਿੱਚ ਵੀ ਵਿਸਾਹ ਦਾਨ ਸ਼ਬਦ ਸ਼ਾਮਲ ਕੀਤਾ ਗਿਆ। ਸ਼ਸ਼ਤਰ ਸਿੱਖਾਂ ਦੇ ਪੀਰ ਨਹੀਂ ਹਨ ਸਗੋਂ ਸਿੱਖਾਂ ਦਾ ਪੀਰ ਸ਼ਬਦ ਹੈ-ਸ਼ਬਦੁ ਗੁਰੁ ਪੀਰਾ ਗਹਿਰ ਗੰਭੀਰਾ, ਬਿਨ ਸਭਦੈ ਜਗੁ ਬਉਰਾਨੰ॥ ਪੀਰ ਦਾ ਅਰਥ ਗੁਰੂ ਹੈ-ਜਦ ਸਿੱਧਾਂ ਨੇ ਗੁਰੂ ਨਾਨਕ ਜੀ ਨੂੰ ਪੁਛਿਆ ਕਿ ਤੁਹਾਡਾ ਗੁਰੂ ਕੌਣ ਹੈ? ਤਾਂ ਬਾਬਾ ਨਾਨਕ ਜੀ ਨੇ ਫੁਰਮਾਇਆ-ਸਬਦ ਗੁਰੂ ਸੁਰਤ ਧੁਨ ਚੇਲਾ॥ (ਸਿੱਧ ਗੋਸਟ-ਗੁਰੂ ਗ੍ਰੰਥ) ਜਿਵੇਂ ਹਿੰਦੂ ਧਰਮ ਵਿੱਚ ਕਲਪਿਤ ਦੇਵੀ ਦੇਵਤਿਆਂ, ਪੱਥਰਾਂ, ਰੁੱਖਾਂ, ਪਸ਼ੂ ਪੰਛੀਆਂ, ਪਾਣੀ, ਹਵਾ, ਅੱਗ, ਧਰਤੀ ਅਤੇ ਅਕਾਸ਼ ਆਦਿਕ ਕਿਰਤਮ ਵਸਤੂਆਂ ਦੀ ਪੂਜਾ ਕੀਤੀ ਜਾਂਦੀ ਹੈ, ਇਵੇਂ ਹੀ ਸਿੱਖ ਵਿਚਾਰਧਾਰਾ ਅਤੇ ਉੱਚਕੋਟੀ ਦੀ ਫਿਲਾਸਫੀ ਨੂੰ ਖਤਮ ਕਰਨ ਵਾਸਤੇ ਹਿੰਦੂਨੁਮਾਂ ਸੰਪ੍ਰਦਾਈ ਸਾਧਾਂ ਸੰਤਾਂ, ਅਖੌਤੀ ਟਕਸਾਲੀਆਂ ਅਤੇ ਡੇਰੇਦਾਰ ਵਿਦਵਾਨਾਂ ਨੇ ਸ਼ਸ਼ਤਰਾਂ ਦੀ ਪੂਜਾ ਰਾਹੀਂ ਸਿੱਖ ਧਰਮ ਦੇ ਸਰਬਕਾਲੀ ਅਤੇ ਸਰਬਦੇਸ਼ੀ ਸ਼ਿਧਾਂਤਾਂ ਨੂੰ ਖਤਮ ਕਰਨ ਵਾਸਤੇ “ਪੂਜਾ ਅਕਾਲ ਕੀ” ਦੀ ਥਾਂ ਸ਼ਸ਼ਤਰਾਂ ਦੀ ਪੂਜਾ ਸ਼ੁਰੂ ਕਰਵਾ ਦਿੱਤੀ।ਜਰਾ ਸੋਚੋ ਜੇ ਪੂਜਾ ਕਰਨ ਨਾਲ ਹੀ ਦੁਸ਼ਮਣ ਮਰ ਜਾਂਦੇ ਤਾਂ ਫਿਰ ਸੰਸਾਰ ਵਿੱਚ ਵੱਡੇ ਜੰਗਾਂ ਦੀ ਕੀ ਲੋੜ ਸੀ? ਸੋ ਯੋਧੇ ਨੇ ਸ਼ਸ਼ਤਰ ਦੀ ਚੰਗੀ ਦੇਖ ਭਾਲ ਤੇ ਸੰਭਾਲ ਅਤੇ ਵਰਤੋਂ ਕਰਨੀ ਹੈ ਨਾ ਕਿ ਪੂਜਾ।
ਭਗਵੰਤ-ਦੌਲਤਮੰਦ-ਇਹੁ ਧੰਨੁ ਸੰਚਹੁ ਹੋਵਹੁ ਭਗਵੰਤ (ਸੁਖਮਨੀ) ਅਰਥਾਤ ਸੇਈ ਸ਼ਾਹ ਭਗਵੰਤ ਸੇ ਸਚਿ ਸੰਪੈ ਹਰਿ ਰਾਸਿ (ਬਾਵਨ ਅੱਖਰੀ), ਭਗਵਾਨ-ਭੋ ਭਗਵਾਨਹ ਨਮਹ (ਸਹਸਕ੍ਰਿਤੀ ਮ:5), ਕਰਤਾਰ ਵਾਹਿਗੁਰੂ-ਭਗਵੰਤ ਕੀ ਟਹਲ ਕਰੈ ਨਿਤ ਨੀਤ (ਸੁਖਮਨੀ), ਭਾਗਾਂਵਾਲਾ-ਜਿਸ ਮਨਿ ਵਸੈ ਨਰਾਇਣੋ ਸੋ ਕਹੀਐ ਭਗਵੰਤੁ॥(ਮਾਝ ਮ:5)
ਸੋ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਤੇ ਵੀ ਭਗਉਤੀ ਜਾਂ ਦੇਵੀ ਨੂੰ ਅਕਾਲ ਪੁਰਖ ਜਾਂ ਕਰਤਾਰ ਅਰਥਾਂ ਵਿੱਚ ਨਹੀਂ ਵਰਤਿਆ ਅਤੇ ਨਾਂ ਹੀ ਕਰਤੇ ਨੂੰ ਛੱਡ ਕੇ ਕਿਰਤਮ ਦੀ ਪੂਜਾ ਦਾ ਆਦੇਸ਼ ਹੈ। ਫਿਰ ਦਸਵੇਂ ਨਾਨਕ, ਪਹਿਲੇ ਨਾਨਕ ਦੇ ਸਿਧਾਂਤ ਤੋਂ ਬਾਹਰ ਕਿਵੇਂ ਜਾ ਸਕਦੇ ਸਨ? ਕੀ ਦਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਗੁਰੂ ਅਤੇ ਭਗਤ ਇਹੀ ਅਰਦਾਸ ਕਰਦੇ ਸਨ ਜੋ ਅੱਜ ਕੀਤੀ ਜਾ ਰਹੀ ਹੈ?
ਭਗਤ ਸਾਹਿਬਾਨ ਅਤੇ ਗੁਰੂ ਸਾਹਿਬਾਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਤੇ ਵੀ ਭਗਉਤੀ ਸ਼ਬਦ ਵਰਤ ਕੇ ਕਿਸੇ ਭਗਉਤੀ ਦੇਵੀ ਅੱਗੇ ਅਰਦਾਸ ਨਹੀਂ ਕੀਤੀ। ਕੀ ਗੁਰੂ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇੱਕ ਅਕਾਲ ਪੁਰਖ ਨੂੰ ਛੱਡ ਕੇ ਕਿਸੇ ਦੇਹਧਾਰੀ ਗੁਰੂ ਜਾਂ ਦੇਵੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ? ਨਹੀਂ, ਜਿਥੇ ਵੀ ਅਰਦਾਸ ਬੇਨਤੀ ਹੈ ਕੇਵਲ ਤੇ ਕੇਵਲ ਅਕਾਲ ਪੁਰਖ ਅੱਗੇ ਹੈ-ਤੂ ਠਾਕੁਰੁ ਤੁਮ ਪਹਿ ਅਰਦਾਸਿ॥ਜੀਉ ਪਿੰਡੁ ਸਭੁ ਤੇਰੀ ਰਾਸਿ॥ਤੁਮ ਮਾਤ ਪਿਤਾ ਹਮ ਬਾਰਿਕ ਤੇਰੇ॥ਤੁਮਰੀ ਕਿਰਪਾ ਮਹਿ ਸੂਖ ਘਨੇਰੇ॥ਕੋਇ ਨਾ ਜਾਨੈ ਤੁਮਰਾ ਅੰਤੁ॥ਊਚੇ ਤੇ ਉਚਾ ਭਗਵੰਤੁ॥ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ॥ਤੁਮ ਤੇ ਹੋਇ ਸੁ ਆਗਿਆਕਾਰੀ॥ਤੁਮਰੀ ਗਤਿ ਮਿਤਿ ਤੁਮ ਹੀ ਜਾਨੀ॥ ਨਾਨਕ ਦਸਾ ਸਦਾ ਕੁਰਬਾਨੀ॥8॥4॥(ਪੰੰਨਾ- 268) ਦੁਇ ਕਰਿ ਜੋੜਿ ਕਰਉ ਅਰਦਾਸਿ॥ਤੁਧ ਭਾਵੈ ਤਾਂ ਆਣੈ ਰਾਸਿ॥(ਪੰਨਾ-737) ਤੀਨੇ ਤਾਪ ਨਿਵਾਰਣਹਾਰਾ ਦੁਖ ਹੰਤਾ ਸੁਖ ਰਾਸਿ॥ਤਾ ਕਉ ਬਿਘਨ ਨਾ ਕੋਊ ਲਾਗੈ ਜਾਂ ਕੀ ਪ੍ਰਭ ਆਗੈ ਅਰਦਾਸਿ॥(ਪੰਨਾ-714) ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰ ਦੁਖਾਂ ਕੈ ਦੁਖੁ॥ ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖੁ॥(ਪੰਨਾ-958) ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ॥ਦੇਵਨ ਕਉ ਏਕੈ ਭਗਵਾਨੁ॥(ਪੰਨਾ-281) ਹੋਰ ਵੀ ਬੁਹਤ ਸਾਰੇ ਪ੍ਰਮਾਣ ਦਿੱਤੇ ਜਾ ਸਕਦੇ ਹਨ ਜੋ ਪ੍ਰਭੂ ਪ੍ਰਮਾਤਮਾਂ ਨਿਰੰਕਾਰ ਕਰਤਾਰ ਅਕਾਲ ਪੁਰਖ ਅੱਗੇ ਹੀ ਅਰਦਾਸ ਨਾਲ ਸਬੰਧਤ ਹਨ।
ਸਿੱਖ ਦਾ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਹੀ ਸਦੀਵੀ ਗੁਰੂ ਹੈ, ਜੋ ਗੁਰੂਆਂ ਅਤੇ ਭਗਤਾਂ ਦੀ ਇਲਾਹੀ ਬਾਣੀ ਦਾ ਭਡਾਰ ਹੈ ਅਤੇ ਜੋ ਗੁਰੂਆਂ ਭਗਤਾਂ ਦਾ ਆਪਣੇ ਹੱਥੀਂ ਲਿਖਿਆ ਹੋਇਆ ਹੈ, ਭਗਤਾਂ ਨੇ ਬਾਣੀ ਉਚਾਰਦੇ ਸਮੇਂ ਸ਼ਬਦ ਦੇ ਅਖੀਰ ਤੇ ਆਪਣਾ ਨਾਮ ਵਰਤਿਆ ਹੈ ਜਿਵੇਂ ਕਹਿ ਕਬੀਰ, ਕਹਿ ਨਾਮਾ, ਕਹਿ ਫਰੀਦ ਸਹੇਲੀਅਹੁ ਆਦਿਕ। ਗੁਰੂ ਨਾਨਕ ਜੀ ਤੋਂ ਲੈ ਕੇ ਬਾਕੀ ਦਸਾਂ ਗੁਰੂਆਂ ਵਿੱਚੋਂ ਜਿਨ੍ਹਾਂ ਵੀ ਬਾਣੀ ਰਚੀ ਹੈ ਸਭ ਨੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਜੀ ਦਾ ਨਾਮ “ਨਾਨਕ” ਪਦ ਹੀ ਵਰਤਿਆ ਹੈ। ਸੋ ਜੇ ਗੁਰੂ ਗੋਬਿੰਦ ਸਿੰਘ ਜੀ ਵੀ ਬਾਣੀ ਰਚਦੇ ਤਾਂ ਉਨ੍ਹਾਂ ਵੀ “ਨਾਨਕ” ਪਦ ਹੀ ਵਰਤਣਾ ਸੀ ਕਿਉਂਕਿ ਦਸਾਂ ਗੁਰੂਆਂ ਦੀ ਜੋਤਿ, ਸਿਧਾਂਤ ਤੇ ਵਿਚਾਰ ਇੱਕ ਹੈ-ਇਕਾ ਬਾਣੀ ਇਕੁ ਗੁਰੁ ਇਕੋ ਸਬਦ ਵੀਚਾਰੁ॥(ਪੰਨਾ-646)
ਇਸ ਕਰਕੇ ਭਗਉਤੀ ਦੀ ਵਾਰ ਚੰਡੀ ਦੀ ਵਾਰ ਕਿਸੇ ਸ਼ਾਕਤ ਕਵੀ (ਸ਼ਕਤੀ ਦੇ ਪੁਜਾਰੀ) ਦੀ ਕਿਸੇ ਦੁਰਗਾ ਦੇਵੀ ਦੀ ਉਸਤਤਿ ਵਿੱਚ ਲਿਖੀ ਹੈ। ਸਿੱਖਾਂ ਨੂੰ ਭਲੇਖਾ ਪਾਉਣ ਵਾਸਤੇ ਨਾਲ ਆਪਣੇ ਕੋਲੋਂ ਪਾਤਸ਼ਾਹੀ 10 ਵੀਂ ਅਤੇ ਦਸਾਂ ਗੁਰੂਆਂ ਨੇ ਨਾਮ ਲਿਖ ਦਿੱਤੇ ਹਨ। ਅਖੌਤੀ ਦਸਮ ਗ੍ਰੰਥ ਕਲਪਨਿਕ ਪੁਰਾਣਕ ਹਿੰਦੂ ਦੇਵੀ ਦੇਵਤਿਆਂ ਦੀ ਉਸਤਤਿ ਫਰਜੀ ਲੜਾਈ, ਨਸ਼ੇ ਅਤੇ ਕਾਮ ਵਾਸ਼ਨਾ ਨਾਲ ਭਰਿਆ ਪਿਆ ਹੈ, ਜਿਸ ਦਾ ਪੋਲ ਹੁਣ ਖੁਲ਼੍ਹ ਚੁੱਕਾ ਹੈ ਜਦ ਲੋਕਾਂ ਨੇ ਆਪ ਪੜਿਆ ਹੈ। ਜਿਸ ਸਿੱਖ ਦਾ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਵਿਸ਼ਵਾਸ਼ ਨਹੀਂਂ, ਕੇਵਲ ਮੱਥੇ ਟੇਕਦਾ ਤੇ ਪਾਠ ਪੂਜਾ ਹੀ ਕਰਦਾ ਹੈ, ਗੁਰ ਸਿਧਾਂਤਾਂ ਤੋਂ ਮਨੁਕਰ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖੇ ਹਨ, ਉਸ ਭਲੇ ਪੁਰਖ ਨੂੰ ਕੀ ਕਹੀਏ? ਜੇ ਸਿੱਖ ਰੋਜ ਅਰਦਾਸ ਕਰਦਾ ਆਖਦਾ ਹੈ-ਗੁਰੂ ਮਾਨਿਓਂ ਗ੍ਰੰਥ ਫਿਰ ਉਹ ਹੋਰ ਕਿਸੇ ਗ੍ਰੰਥ ਨੂੰ ਕਿਉਂ ਮੰਨਦਾ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਧੀ ਵਿਧਾਨ ਵਾਲੀ ਅਰਦਾਸ ਨੂੰ ਛੱਡ ਕੇ ਫਿਰ ਕਿਸੇ ਹੋਰ ਅਖੌਤੀ ਗ੍ਰੰਥ ਦੀ ਸ਼ਬਦਾਵਲੀ ਵਾਲੀ ਹੀ ਅਰਦਾਸ ਕਿਉਂ ਕਰਦਾ ਹੈ? ਸੋ ਸਿੱਖ ਨੇ ਅਰਦਾਸ ਭਗਵੰਤ ਅਕਾਲ ਪੁਰਖ ਨਿਰੰਕਾਰ ਕਰਤਾਰ ਅਗੇ ਕਰਨੀ ਹੈ ਨਾ ਕਿ ਕਿਸੇ ਭਗਉਤੀ ਅੱਗੇ।




.