ਆਸਾ
ਕੀ ਵਾਰ
ਗੁਰਮਤਿ ਵਿਚਾਰ
ਦਰਸ਼ਨ ਅਤੇ ਸਟੀਕ
ਪ੍ਰਿੰਸੀਪਲ
ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ
ਸਲੋਕੁ ਮਃ
੧ ॥ ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ ॥ ਇਕਨ੍ਹ੍ਹੀ ਦੁਧੁ ਸਮਾਈਐ ਇਕਿ
ਚੁਲ੍ਹ੍ਹੈ ਰਹਨ੍ਹ੍ਹਿ ਚੜੇ ॥ ਇਕਿ ਨਿਹਾਲੀ ਪੈ ਸਵਨ੍ਹ੍ਹਿ ਇਕਿ ਉਪਰਿ ਰਹਨਿ ਖੜੇ ॥
ਤਿਨ੍ਹ੍ਹਾ ਸਵਾਰੇ ਨਾਨਕਾ ਜਿਨੑ ਕਉ ਨਦਰਿ ਕਰੇ ॥ ੧ ॥ (੪੭੫)
ਪਦ ਅਰਥ: ਭਾਂਡੇ- ਸਰੀਰ ਰੂਪੀ
ਭਾਂਡੇ। ਪੂਰਣੁ ਦੇਇ- ਪੂਰਨਤਾ ਦਿੰਦਾ ਹੈ, ਉਨ੍ਹਾਂ ਦੇ ਜੀਵਨ ਦੀ ਖੇਡ ਵੀ ਚਲਾਂਦਾ ਹੈ। ਇਕਨੀ- ਕਈ
ਭਾਂਡਿਆਂ ਵਿਚ। ਦੁਧੁ ਸਮਾਈਐ- ਦੁਧ ਸਮਾਉਂਦਾ ਹੈ, ਦੁਧ ਪਾਂਦਾ ਹੈ, ਉਨ੍ਹਾਂ ਨੂੰ ਹਰੇਕ ਤਰ੍ਹਾਂ
ਦੀਆਂ ਸਹੂਲਤਾਂ ਨਾਲ ਭਰਪੂਰ ਕਰਦਾ ਹੈ। ਇਕਿ ਚੁਲੈ ਰਹਨਿ ਚੜੇ- ਇਕ ਉਹਵੀ ਹੁੰਦੇ ਹਨ ਜੋ ਬਹੁਤ ਅਉਖੀ
ਜ਼ਿੰਦਗੀ ਬਤੀਤ ਕਰਦੇ ਹਨ। ਨਿਹਾਲੀ- ਤੁਲਾਈ। ਪੈ ਸਵਨਿ- ਉਪਰ ਸੌਂਦੇ ਹਨ, ਆਨੰਦ ਮਾਣਦੇ ਹਨ।
ਨਿਹਾਲੀ ਪੈ ਸਵਨਿ- ਆਰਾਮਦੇਹ ਬਿਛੌਣਿਆਂ ਉਪਰਿ (ਲੰਮੀਆਂ ਤਾਣ ਤੇ ਬੇ-ਫ਼ਿਕਰ ਸੌਂਦੇ ਹਨ) ਸੌਂਦੇ ਤੇ
ਆਨੰਦ ਮਾਣਦੇ ਹਨ। ਇਕਿ ਉਪਰਿ ਰਹਨਿ ਖੜੇ- (ਉਹਨਾਂ ਦੀ ਰਾਖੀ ਵਾਸਤੇ) ਉਹਨਾਂ ਦੀ ਸੇਵਾ ਵਿਚ ਜਾਗ ਕੇ
ਪਹਿਰਾ ਦਿੰਦੇ ਹਨ। ਤਿਨਾ ਸਵਾਰੇ- ਸੰਵਾਰਦਾ ਹੈ, ਉਨ੍ਹਾਂ ਦੇ ਜੀਵਨ ਸਫ਼ਲ ਕਰ ਦੇਂਦਾ ਹੈ। ਨਦਰਿ-
ਮੇਹਰ ਦੀ ਨਜ਼ਰ। ਜਿਨੑ ਕਉ ਨਦਰਿ ਕਰੇ- ਜਿਨ੍ਹਾਂ ਉਪਰ ਅਪਣੀ ਮੇਹਰ ਦੀ ਨਦਰਿ ਕਰ ਦੇਂਦਾ ਹੈ।੧।
ਅਰਥ: ਕਰਤਾ ਆਪ ਹੀ ਮਨੁੱਖਾਂ ਦੇ ਸਰੀਰ ਘੜਦਾ ਹੈ ਅਤੇ ਇਹਨਾਂ (ਸਰੀਰ ਰੂਪੀ) ਭਾਂਡਿਆਂ ਨੂੰ ਪੂਰਨਤਾ
ਵੀ ਆਪ ਹੀ ਦੇਂਦਾ ਹੈ ਭਾਵੇ ਇਹਨਾਂ ‘ਚ ਇਨ੍ਹਾਂ ਦੇ ਜੀਵਨ ਦੇ ਦੁਖ-ਸੁਖ, ਵਾਧੇ-ਘਾਟੇ ਆਪ ਹੀ ਪਾਕੇ
ਭੇਜਦਾ ਹੈ। (ਇਹੀ ਕਾਰਨ ਹੈ) ਕਿ ਇਕ ਉਹ ਹੁੰਦੇ ਹਨ ਜਿਨ੍ਹਾਂ (ਭਾਂਡਿਆਂ) ਅੰਦਰ ਦੁੱਧ ਪੈਂਦਾ ਹੈ
ਅਤੇ ਇਕ ਉਹ ਹੁੰਦੇ ਹਨ ਜੋ ਸਦਾ ਚੁਲ੍ਹੇ ਊਪਰ ਹੀ ਚੜ੍ਹੇ ਰਹਿੰਦੇ ਹਨ। ਭਾਵ ਉਹ ਵੀ ਜੋ ਸਦਾ
ਜ਼ਿੰਦਗੀ ਦਾ ਆਨੰਦ ਮਾਣਣੇ ਹਨ ਪਰ ਦੂਜੇ ਉਹ ਹਨ ਜਿਨ੍ਹਾਂ ਦਾ ਸਾਰਾ ਜੀਵਨ ਹੀ ਦੁਖਾਂ-ਕਲੇਸ਼ਾਂ ਦੀ
ਭਠੀ ਬਣਿਆ ਬੜਾ ਅਉਖਾ ਬਤੀਤ ਹੁੰਦਾ ਹੈ।
ਕੁਝ ਉਹ ਹਨ ਜੋ ਤੁਲਾਈਆਂ ਉਪਰ ਸੌਂਦੇ (ਤੁਲਾਈਆਂ ਦਾ ਨਿੱਘ ਮਾਣਦੇ ਤੇ ਬੇਫ਼ਿਕਰ ਹੋਕੇ ਸੌਂਦੇ ਹਨ)
ਪਰ ਦੂਜੇ ਉਹ ਹੁੰਦੇ ਹਨ ਜੋ ਉਹਨਾਂ ਤੁਲਾਈਆਂ ਉਪਰ ਸੌਣ ਵਾਲਿਆਂ ਦੀ ਹੀ ਰਾਖੀ ਤੇ ਹਜ਼ੂਰੀ ‘ਚ ਖੜੇ
(ਸਾਰੀ ਸਾਰੀ ਰਾਤ ਜਾਗਕੇ ਬਤੀਤ ਕਰਦੇ ਤੇ ਪਾਲੇ ਠਰਦੇ ਹਨ)। ਗੁਰਦੇਵ ਨਿਰਣਾ ਦਿੰਦੇ ਹਨ (ਫ਼ਿਰ ਵੀ
ਇਨ੍ਹਾਂ ਸਾਰਿਆਂ ਵਿਚੋਂ ) ਜਿਹਨਾਂ ਵਡਭਾਗੀਆਂ ਉਪਰ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ ਉਹ ਆਪ ਉਹਨਾਂ
ਦੇ ਜੀਵਨ ਸੰਵਾਰ ਅਤੇ ਸੰਭਾਲ ਦਿੰਦਾ ਹੈ ।੧।
ਗੁਰਮਤਿ ਵਿਚਾਰ ਦਰਸ਼ਨ- ੧। ਇਕਿ ਨਿਹਾਲੀ ਪੈ ਸਵਨਿ.. - ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਜਾਂ
ਕਰਤਾਰ ਦੀ ਅਪਣੀ ਹੀ ਖੇਡ ‘ਚ, ਜੀਵਾਂ ਦੇ ਦੁਖ ‘ਤੇ ਸੁਖ ਭੋਗਣੇ, ਕਰਤੇ ਦੀ ਜਗਤ ਰਚਨਾ ਖੇਡ ਦੇ
ਦੋਵੇਂ ਅੰਗ ਹਨ ਅਤੇ ਸੰਸਾਰ ਦਾ ਚੱਕਰ ਇਸੇਤਰ੍ਹਾ ਹੀ ਚਲਦਾ ਰਹਿੰਦਾ ਹੈ। ਪ੍ਰਭੁ ਦੀ ਬੇਅੰਤ ਰਚਨਾ
ਵਿਚ ਇਕ ਉਹ ਹੁੰਦੇ ਹਨ ਜੋ ਜ਼ਿੰਦਗੀ ਦਾ ਆਨੰਦ ਮਾਣਣੇ ਤੇ ਐਸ਼ੋ-ਆਰਾਮ ਦੀ ਜ਼ਿੰਦਗੀ ਬਤੀਤ ਕਰਦੇ
ਹਨ। ਦੂਜੇ ਉਹ ਵੀ ਹੁੰਦੇ ਹਨ ਜਿਨ੍ਹਾਂ ਦਾ ਸਾਰਾ ਜੀਵਨ ਹੀ ਦੁਖਾਂ-ਕਲੇਸ਼ਾਂ ਦੀ ਭੱਠੀ ਬਣਿਆ, ਬੜਾ
ਅਉਖਾ ਬਤੀਤ ਹੁੰਦਾ ਹੈ। ਗੁਰਦੇਵ ਨੇ ਇਸ ਜਗਤ ਦੀ ਇਸ ਸੱਚਾਈ ਨੂੰ ਇਹ ਮਿਸਾਲ ਦੇ ਕੇ ਸਪੱਸ਼ਟ ਕੀਤਾ
ਹੈ ਕਿ ਉਹ ਵੀ ਮਨੁੱਖ ਹਨ ਜੋ ਆਰਾਮਦੇਹ ਬਿਸਤਰਿਆਂ ਤੇ ਬੇਫ਼ਿਕਰ ਸੌਂਦੇ ਅਤੇ ਉਨ੍ਹਾਂ ਦਾ ਨਿੱਘ
ਮਾਣਦੇ ਹਨ। ਦੂਜੇ ਵੀ ਮਨੁੱਖ ਹੀ ਹਨ ਜੋ ਉਨ੍ਹਾਂ ਬੇਫ਼ਿਕਰ ਹੋਕੇ ਸੌਣ ਵਾਲਿਆਂ ਦੀ ਰਾਖੀ ਤੇ
ਹਜ਼ੂਰੀ ‘ਚ ਖੜੇ ਸਾਰੀ-ਸਾਰੀ ਰਾਤ ਜਾਗਕੇ ਬਤੀਤ ਕਰਦੇ ਤੇ ਪਾਲੇ ਵੀ ਠਰਦੇ ਹਨ।
੨। ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ- ਇਥੇ ਇਹ ਵੀ ਧਿਆਨ ਰਹੇ ਕਿ ਇਸ ਸਲੋਕ ‘ਚ ਗੁਰਦੇਵ ਨੇ
ਕੇਵਲ ਮਨੁੱਖਾ ਜੀਵਨ ਦਾ ਹੀ ਵਿਸ਼ਾ ਲਿਆ ਹੈ ਬਾਕੀ ਜੂਨੀਆਂ ਦਾ ਨਹੀਂ। ਕਿਉਂਕਿ ਇਹ ਕੇਵਲ ਮਨੁੱਖਾ
ਜੀਵਨ ਹੀ ਹੈ ਜਿਸ ਉਪਰ ‘ਜਿਨੑ ਕਉ ਨਦਰਿ ਕਰੇ’ ਵਾਲੀ ਗਲ ਲਾਗੂ ਹੁੰਦੀ ਹੈ ਅਤੇ ਜਿਸ ਵਿਚੋਂ ਕੁੱਝ
ਤਾਂ ਕਰਤੇ ਦੇ ਦਰ ਪ੍ਰਵਾਣ ਹੋ ਜਾਂਦੇ ਹਨ ਅਤੇ ਬਾਕੀ ਮੁੜ੍ਹ ਜਨਮ ਮਰਣ ਦੇ ਗੇੜ੍ਹ ‘ਚ ਧੱਕ ਦਿਤੇ
ਜਾਂਦੇ ਹਨ। ਜਦਕਿ ਇਸਦੇ ਉਲਟ ਬਾਕੀ ਜੂਨੀਆਂ ਉਪਰ ਪ੍ਰਵਾਣਗੀ ਤੇ ਧੱਕਣ ਵਾਲਾ ਸਿਧਾਂਤ ਹੀ ਲਾਗੂ
ਨਹੀਂ ਹੁੰਦਾ। ਕਿਉਂਕਿ ਉਹ ਜੂਨੀਆਂ ਤਾਂ ਹੁੰਦੀਆਂ ਹੀ ਕਰਮਾਂ ਨੂੰ ਭੋਗਣ ਲਈ ਹਨ ਅਤੇ ਹੈਣ ਹੀ
ਜਨਮ-ਮਰਣ ਦੇ ਗੇੜ੍ਹ ਦਾ ਵਿਸ਼ਾ। ਜੀਵਨ ਦੀ ਸਫ਼ਲਤਾ ਤੇ ਅਸਫ਼ਲਤਾ ਲਈ ਕੇਵਲ ਮਨੁੱਖਾ ਜਨਮ ਹੀ ਹੈ।
ਬਾਕੀ ਰਹੀ ਗਲ ਔਖੇ ਤੇ ਸੌਖੇ ਜੀਵਨ ਦੀ ਇਹ ਸਿਧਾਂਤ ਕੇਵਲ ਮਨੁੱਖਾ ਜਨਮ ਤੇ ਨਹੀਂ ਬਲਕਿ ਹਰੇਕ ਜੀਵ
ਸ਼੍ਰੇਣੀ ਤੇ ਲਾਗੂ ਹੁੰਦਾ ਹੈ ਅਤੇ ਇਸ ਵਿਸ਼ੇ ਨੂੰ ਇਸੇ ਲੜੀ ‘ਚ ਨੁੱਕਤਾ ਨੰ: ਚਾਰ ‘ਚ ਦਿਤਾ ਗਿਆ
ਹੈ, ਪਾਠਕ ਜਣ ਉਥੇ ਇਸਦਾ ਲਾਹਾ ਲੈ ਸਕਦੇ ਹਨ।
੩। ਜਿਨੑ ਕਉ ਨਦਰਿ ਕਰੇ- ਇਸ ਸਲੋਕ ਰਾਹੀਂ ਗੁਰਦੇਵ ਇਥੇ ਜੋ ਗਲ ਸਮਝਾ ਰਹੇ ਹਨ ਉਹ ਇਹ ਕਿ ਜੀਵਨ ‘ਚ
ਮਨੁੱਖ ਦੇ ਸੁਖ ਭੋਗਣੇ ਜਾਂ ਕਿਸੇ ਰਾਹੀਂ ਦੁਖ ਸਹਾਰਨੇ, ਔਖੀ ਜ਼ਿੰਦਗੀ ਬਤੀਤ ਕਰਨੀ ਇਸ ਗਲ ਦੀ
ਗਾਰੰਟੀ ਨਹੀਂ ਕਿ ਸੁਖ ਪ੍ਰਾਪਤ ਕਰਨ ਵਾਲੇ ਪ੍ਰਭੂ ਦੇ ਨੇੜੇ ਹਨ ਜਾਂ ਸੰਸਾਰਕ ਦੁਖਾਂ ਦੀ ਭੱਠੀ ‘ਚ
ਸੜਣ ਵਾਲੇ ਪ੍ਰਭੂ ਤੋਂ ਦੂਰ ਹਨ। ਜਾਂ ਫ਼ਿਰ ਇਨ੍ਹਾਂ ਦੋਨਾਂ ਵਿਚੋਂ ਪ੍ਰਭੂ ਤੋਂ ਦੂਰ ਕੌਣ ਹਨ ਤੇ
ਨੇੜੇ ਕੋਣ? ਸੰਸਾਰ ਪੱਧਰ ਤੇ ਦੁਖੀ ਤੇ ਸੁਖੀ ਜੀਵਨ ਪ੍ਰਭੁ ਦਰ ਤੇ ਪ੍ਰਵਾਣ ਹੋਣ ਦੀ ਪਛਾਣ ਜਾਂ
ਉਸਦਾ ਮਾਪਦੰਡ ਨਹੀਂ ਹਨ। ਅਕਾਲਪੁਰਖੁ ਦੇ ਦਰ ਤੇ ਕੇਵਲ ਉਹੀ ਪ੍ਰਵਾਨ ਹਨ, ਜੋ ਅਪਣੇ ਮਨੁੱਖਾ ਜਨਮ
ਦੀ ਪਛਾਣ ਕਰਕੇ ਇਸਦੀ ਸੰਭਾਲ ਕਰਦੇ ਤੇ ਇਸਨੂੰ ਸਫ਼ਲ ਬਣਾੳਦੇ ਹਨ। ਅਮੀਰੀ ਅਤੇ ਗਰੀਬੀ, ਔਖੇ ਤੇ
ਸੌਖੇ ਜੀਵਨ ਵਾਲਾ ਮਾਪ ਦੰਡ ਪ੍ਰਭੂ ਦਰ ਤੇ ਪ੍ਰਵਾਣ ਹੋਣ ਜਾਂ ਪ੍ਰਭੁ ਦੀ ਬਖਸ਼ਸ਼ ਦਾ ਪਾਤ੍ਰ ਹੋਣ
ਉਪਰ ਲਾਗੂ ਨਹੀਂ ਹੁੰਦਾ।
੪। ਇਕਨੀ ਦੁਧੁ ਸਮਾਈਐ ਇਕਿ ਚੁਲੈ ਰਹਨਿ ਚੜੇ- ਸਮਝਣ ਦਾ ਵਿਸ਼ਾ ਹੈ ਅਮੀਰੀ ਅਤੇ ਗਰੀਬੀ, ਔਖੇ ਤੇ
ਸੌਖੇ ਜੀਵਨ ਵਾਲਾ ਸਿਧਾਂਤ ਹਰੇਕ ਜੀਵ ਸ਼੍ਰੇਣੀ ਤੇ ਹਰੇਕ ਜੂਨੀ ਉਪਰ ਲਾਗੂ ਹੁੰਦਾ ਹੈ ਕੇਵਲ
ਮਨੁੱਖਾ ਜੀਵਨ ਉਪਰ ਹੀ ਨਹੀਂ। ਇਸ ਵਿਸ਼ੇ ਨੂੰ ਪਉੜੀ ਨੰ ਸੱਤ ਦੇ ਨਾਲ ਲਗਦੇ ਸਲੋਕ ‘ਚ ਗੁਰਦੇਵ ਨੇ
“ਹਉ ਵਿਚਿ ਨਰਕਿ ਸੁਰਗਿ ਅਵਤਾਰ” ਕਹਿਕੇ ਭਲੀ ਭਾਂਤ ਸਪਸ਼ਟ ਕੀਤਾ ਹੋਇਆ ਹੈ। ਸੰਸਾਰ ‘ਚ ਰੋਜ਼ਾਨਾ
ਦੇਖਦੇ ਹਾਂ ਅਨੇਕਾਂ ਬੜਾ ਖੁਸ਼ਹਾਲੀ ਭਰਿਆ ਜੀਵਨ ਬਤੀਤ ਕਰ ਰਹੇ ਹੁੰਦੇ ਹਨ। ਉਨ੍ਹਾਂ ਕੋਲ ਮਾਇਕ
ਪ੍ਰਾਪਤੀਆਂ ਦੇ ਵੀ ਅੰਬਾਰ ਹੁੰਦੇ ਹਨ। ਦੂਜੇ ਉਹ ਵੀ ਹੁੰਦੇ ਹਨ ਜਿਨ੍ਹਾਂ ਨੂੰ ਕਈ ਕਾਰਣਾ ਕਰਕੇ
ਅਪਣੀ ਜ਼ਿੰਦਗੀ ਕੱਟਣੀ ਤੇ ਨਿਭਾਉਣੀ ਹੀ ਅਉਖੀ ਹੁੰਦੀ ਹੈ।
“ਪੁੰਨੀ ਪਾਪੀ ਆਖਣੁ ਨਾਹਿ ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥ ਆਪੇ ਬੀਜਿ ਆਪੇ ਹੀ ਖਾਹੁ ॥ ਨਾਨਕ
ਹੁਕਮੀ ਆਵਹੁ ਜਾਹੁ” (ਜਪੁ ਪਉ:੨੦) ਅਨੁਸਾਰ ਇਥੇ ਅਸੀਂ ਇਸ ਸਚਾਈ ਨੂੰ ਇਕ ਵਾਰੀ ਫਿਰ ਦੁਹਰਾ ਦੇਣਾ
ਚਾਹੁੰਦੇ ਹਾਂ, ਫ਼ਰਕ ਕੇਵਲ ਇੰਨਾਂ ਹੁੰਦਾ ਹੈ ਕਿ ਉਚੇ ਤੇ ਪਰੋਪਕਾਰੀ, ਦਾਨੀ, ਸੁਅਛ ਤੇ ਚੰਗੇ
ਧਰਮੀ ਸੁਭਾਅ ਕਾਰਣ ਇਕਨਾਂ ਨੂੰ ਸਤਿਕਾਰ ਭਰਪੂਰ ਸੁਖੀ ਜੀਵਨ ਮਿਲਦਾ ਹੈ ਅਤੇ ਦੂਜਿਆਂ ਨੂੰ ਦਰ-ਦਰ
ਦੀ ਮੁਹਤਾਜੀ, ਠੋਕਰਾਂ ਅਤੇ ਜ਼ਿਲਤ ਭਰੀ ਜ਼ਿੰਦਗੀ। ਇਕ ਸ਼ਾਹੀ ਠਾਠ ਦਾ ਜੀਵਨ ਬਤੀਤ ਕਰਦੇ ਹਨ ‘ਤੇ
ਦੂਜੇ ਦੁਖਾਂ ਤਕਲੀਫਾਂ ਦੇ ਮਾਰੁ ਹੋਏ। ਇੰਨਾ ਹੀ ਨਹੀਂ ਬਲਕਿ ਮਨੁੱਖ ਜਾਤੀ ਦੀ ਇਕ ਹੋਰ ਕੈਟੇਗਰੀ
ਵੀ ਹੈ। ਉਨ੍ਹਾਂ ਵਿਚੋਂ ਕਈ ਬੜੇ ਘਟੀਆ, ਵਿਭਚਾਰੀ ਜਾਂ ਰੰਗ ਤਮਾਸ਼ਿਆਂ, ਮਹਿਫ਼ਲਾਂ ਆਦਿ ‘ਚ ਹੀ
ਲੀਨ ਰਹਿਕੇ ਅਪਣਾ ਜੀਵਨ ਬਤੀਤ ਕਰਦੇ ਹਨ। ਦੂਜਿਆਂ ਨਾਲ ਠੱਗੀਆਂ, ਧੋਖੇ, ਜਾਲਸਾਜੀਆਂ, ਕਤਲ-ਡਾਕੇ
ਇਹ ਵੀ ਤਾਂ ਮਨੁੱਖ ਦੇ ਹੀ ਕਾਰਨਾਮੇ ਹਨ। “ਨਾਨਕ ਹੁਕਮੀ ਆਵਹੁ ਜਾਹੁ” ਦਰਅਸਲ ਅਜੇਹੇ ਜਨਮਾਂ ਦਾ
ਮੁਖ ਕਾਰਣ ਮਨੁਖ ਦਾ ਪ੍ਰਭੁ ਤੋਂ ਟੁਟਕੇ ਹਉਮੈ ਅਧੀਨ ਕੀਤੇ ਚੰਗੇ ਜਾਂ ਮਾੜੇ ਕਰਮ ਹੀ ਹੁੰਦੇ ਹਨ।
ਭਾਵੇਂ ਕਿ ਇਹ ਵਿਸ਼ਾ ਇਸ ਸਲੋਕ ਦਾ ਨਹੀਂ ਫ਼ਿਰ ਵੀ ਇਥੇ ਅਸਾਂ ਕੇਵਲ ਇਹ ਸਮਝਣਾ ਹੈ ਕਿ ਔਖਾ ਤੇ
ਸੌਖਾ, ਦੋਵੇਂ ਸਵੈ ਵਿਰੋਧੀ ਜੀਵਨ ਢੰਗ ਕੇਵਲ ਮਨੁੱਖ ਜਾਤੀ ‘ਚ ਹੀ ਨਹੀਂ ਬਲਕਿ ਹੋਰ ਸਾਰੀਆਂ
ਜੂਨੀਆਂ ‘ਚ ਵੀ ਵੇਖੇ ਜਾ ਸਕਦੇ ਹਨ। ਇਕ ਘੋੜਾ ਬਾਦਸ਼ਾਹ ਦੇ ਤਬੇਲੇ ਦੇ ਸੁਖ ਭੋਗਦਾ ਹੈ, ਦੂਜ ਸਾਰਾ
ਦਿਨ ਸੁਆਰੀਆਂ ਢੋਂਦਾ, ਚਾਬੁਕਾਂ ਖਾਂਦਾ ‘ਤੇ ਫ਼ਿਰ ਵੀ ਕਈ ਵਾਰੀ ਉਸ ਨੂੰ ਪੇਟ ਭਰ ਭੋਜਨ ਵੀ ਨਸੀਬ
ਨਹੀਂ ਹੁੰਦਾ। ਇੱਕ ਕੁਤਾ ਕਾਰਾਂ-ਜਹਾਜ਼ਾਂ ‘ਚ ਸੈਰਾਂ ਕਰਦਾ ਹੈ; ਦੂਜੇ ਨੂੰ ਦੁਰੇ-ਦੁਰੇ ਹੁੰਦੀ
ਹੈ। ਅਜੇਹੇ ਕੁਤੇ ਵੀ ਦੇਖਣ ‘ਚ ਆਉਂਦੇ ਹਨ ਜਿਹੜੇ ਸੜਕਾਂ ਕੰਡੇ ਚਿੱਚੜਾਂ ਤੇ ਖੁਜਲੀ ਨਾਲ ਤੜਫ਼
ਰਹੇ ਹੁੰਦੇ ਹਨ, ਥੋੜਾ ਅਗੇ ਪਿੱਛੇ ਹੋ ਕੇ ਅਪਣੇ ਲਈ ਟੁੱਕੜ ਜਾਂ ਪਾਣੀ ਦਾ ਘੁੱਟ ਵੀ ਲੈਣ ਜੋਗੇ
ਨਹੀਂ ਹੁੰਦੇ ਪਰ ਹੈਨ ਉਹ ਵੀ ਕੁਤੇ ਹੀ। ਜੀਵਨ ਤਾਂ ਬਿਰਖ ਦਾ ਵੀ ਹੈ, ਫ਼ਿਰ ਵੀ ਇਕ ਬਿਰਖ ਨੂੰ
ਧੁੱਪ-ਹਵਾ ਸਭ ਅਪਣੇ ਸਮੇਂ ਨਾਲ ਮਿਲ ਰਿਹਾ ਹੈ ਦੂਜਾ ਮੁਰਝਾਇਆ ਜਾਂ ਸੜ ਰਿਹਾ ਹੈ ਕਿ ਉਸਨੂੰ ਲੋੜ
ਅਨੁਸਾਰ ਕੁਝ ਵੀ ਪ੍ਰਪਤੀ ਨਹੀਂ। ਇਸਤਰ੍ਹਾਂ ਸੌਖਾ ਤੇ ਅਉਖਾ ਜਾਂ ਸੁਰਗ-ਨਰਕ ਵਾਲਾ ਜੀਵਨ ਹਰੇਕ
ਜੂਨੀ ‘ਚ ਦੇਖਿਆ ਜਾ ਸਕਦਾ ਹੈ।
ਮਹਲਾ ੨ ॥ ਆਪੇ ਸਾਜੇ ਕਰੇ ਆਪਿ ਜਾਈ ਭਿ ਰਖੈ ਆਪਿ ॥ ਤਿਸੁ ਵਿਚਿ
ਜੰਤ ਉਪਾਇ ਕੈ ਦੇਖੈ ਥਾਪਿ ਉਥਾਪਿ ॥ ਕਿਸ ਨੋ ਕਹੀਐ ਨਾਨਕਾ ਸਭੁ ਕਿਛੁ ਆਪੇ ਆਪਿ ॥ ੨ ॥ (੪੭੫)
ਪਦ ਅਰਥ: ਆਪੇ ਸਾਜੇ- ਅਕਾਲਪੁਰਖੁ
(ਰਚਨਾ ਨੂੰ) ਬਣਾਉਂਦਾ ਵੀ ਆਪ ਹੈ। ਕਰੇ ਆਪਿ- (ਇਸ ਰਚਨਾ ਨੂੰ ਪ੍ਰਭੁ) ਸੰਵਾਰਦਾ ਸਜਾਂਦਾ ਵੀ ਆਪ
ਹੀ ਹੈ। ਜਾਈ- ਪੈਦਾ ਕੀਤੀ ਹੋਈ, ਪ੍ਰਭੂ ਰਾਹੀ ਰਚੀ ਹੋਈ ਸ੍ਰਿਸ਼ਟੀ ਨੂੰ। ਰਖੈ ਆਪਿ- ਉਸ ਦੀ ਰਾਖੀ
ਵੀ ਕਰਤਾਰ ਆਪ ਹੀ ਕਰਦਾ ਹੈ। ਤਿਸੁ ਵਿਚਿ- ਉਸ ਸ੍ਰਿਸ਼ਟੀ ਵਿਚ। ਜੰਤ ਉਪਾਇ ਕੈ- ਜੀਵਾਂ ਨੂੰ ਪੈਦਾ
ਕਰਕੇ, ਜੀਵਾਂ ਦਾ ਸਿਲਸਿਲਾ ਰਚ ਕੇ। ਦੇਖੈ-ਸੰਭਾਲ ਵੀ ਆਪ ਹੀ ਕਰਦਾ ਹੈ। ਥਾਪਿ- ਥਾਪ ਕੇ, ਇਹਨਾਂ
ਨੂੰ ਪੈਦਾ ਕਰਕੇ, ਟਿਕਾ ਕੇ। ਉਥਾਪਿ- ਫ਼ਿਰ ਉਨ੍ਹਾ ਦਾ ਨਾਸ ਕਰ ਕੇ। ਆਪੇ ਆਪਿ- ਕਰਤਾ ਕੇਵਲ
ਅਕਾਲਪੁਰਖੁ ਸਭ ਕੁਝ ਆਪ ਹੀ ਆਪ ਹੈ।੨।
ਅਰਥ: ਪ੍ਰਭੂ ਆਪ ਹੀ ਸ੍ਰਿਸ਼ਟੀ ਨੂੰ ਬਣਾਉਂਦਾ ਹੈ ਅਤੇ ਫਿਰ ਉਸ ਬਣਾਈ ਸ੍ਰਿਸ਼ਟੀ ਨੂੰ ਸੰਵਾਰਦਾ
ਸਜਾਂਦਾ ਵੀ ਆਪ ਹੀ ਹੈ। (ਕੇਵਲ ਸੰਵਾਰਦਾ ਸਜਾਂਦਾ ਹੀ ਨਹੀ) ਬਲਕਿ ਆਪਣੀ ਪੈਦਾ ਕੀਤੀ ਰਚਨਾ ਦੀ
ਰਾਖੀ ਵੀ ਆਪ ਹੀ ਕਰਦਾ ਹੈ। (ਆਪਣੀ ਬਣਾਈ ਸੰਵਾਰੀ ਇਸ ਸ੍ਰਿਸ਼ਟੀ ਵਿਚ) ਜੀਵਾਂ ਦੀ ਰਚਨਾ ਵੀ ਕਰਤਾ
ਆਪ ਹੀ ਕਰਦਾ ਹੈ ਅਤੇ ਇਹਨਾਂ ਦੀ ਦੇਖ-ਭਾਲ ਤੇ ਫ਼ਿਰ ਇਨ੍ਹਾ ਦਾ ਨਾਸ ਕਰਨ ਵਾਲਾ ਵੀ ਉਹ ਆਪ ਹੀ ਹੈ।
ਗੁਰਦੇਵ ਨਿਰਣਾ ਦਿੰਦੇ ਹਨ ਕਿ ਜਦੋਂ ਸਭ ਕਰਣ ਕਾਰਣ ਕਰਤਾਰ ਆਪ ਹੀ ਹੈ ਤਾਂ ਤੇ ਮਨੁੱਖ ਲਈ (ਇਹ ਵੀ)
ਜ਼ਰੂਰੀ ਹੈ ਕਿ ਅਕਾਲਪੁਰਖੁ ਨੂੰ ਛਡ ਕੇ ਕਿਸੇ ਹੋਰ ਅਗੇ ਫਰਿਆਦ ਨਾ ਕੀਤੀ ਜਾਵੇ।੨।
ਗੁਰਮਤਿ ਵਿਚਾਰ ਦਰਸ਼ਨ- ੧। ਆਪੇ ਸਾਜੇ ਕਰੇ.. - ਇਸ ਸੰਸਾਰ ਦੀ ਰਚਨਾ ਅਤੇ ਇਸਦੀ ਸਜਾਵਟ
ਬਨਾਵਟ ਕਰਣ ਵਾਲਾ ਅਕਾਲਪੁਰਖੁ ਤੋਂ ਛੁੱਟ ਹੋਰ ਹੈ ਹੀ ਕੋਈ ਨਹੀਂ। ਤਾਂਤੇ ਸੰਸਾਰ ਦੀ ਰਚਨਾ ਕਦੋਂ
ਹੋਈ ਤੇ ਕਿਵੇਂ ਹੋਈ, ਕਰਤਾਰ ਤੋਂ ਛੁੱਟ ਹੋਰ ਕੋਈ ਨਹੀਂ ਦਸ ਸਕਦਾ। ਇਸ ਲਈ ਸੰਸਾਰ ਰਚਨਾ ਬਾਰੇ
ਇਸਾਈ ਮੱਤ ਦੀ ਪ੍ਰਚਲਤ ਆਦਮ ਈਵ ਵਾਲੀ ਵਾਰਤਾ, ਇਸ ਵਿਸ਼ੇ ਉਪਰ ਅਖੌਤੀ ਦਸਮ ਗ੍ਰੰਥ ਵਿਚਲੀਆਂ
ਪੌਰਾਣਕ ਆਧਾਰ ਤੇ ਕਹਾਣੀਆ, ਪੁਰਾਣਾ ‘ਚ ਇਸ ਬਾਰੇ ਕਹਾਣੀਆਂ ਜਾਂ ਸੰਸਾਰ ਭਰ ‘ਚ ਪ੍ਰਚਲਤ ਜਾਂ
ਦਿੱਤੇ ਗਏ ਇਸ ਵਿਸ਼ੇ ਉਪਰ ਹੋਰ ਵਿਸ਼ਵਾਸ, ਗੁਰੂ ਕੇ ਸਿੱਖ ਅਤੇ ਗੁਰਬਾਣੀ ਦੇ ਮਾਰਗ ਤੇ ਚਲਣ ਵਾਲੇ
ਲਈ ਕੋਈ ਮੁੱਲ ਨਹੀਂ ਰਖਦੇ।
੨। ਤਿਸੁ ਵਿਚਿ ਜੰਤ ਉਪਾਇ ਕੈ ਦੇਖੈ ਥਾਪਿ ਉਥਾਪਿ- ਸੰਸਾਰ ਰਚਨਾ ਸੰਭੰਧੀ ਪੁਰਾਤਨ
ਵਿਸ਼ਵਾਸਾਂ ‘ਚ ਜੋ ਇਕ ਮਾਤਾ ਵਾਲੀ ਕਹਾਣੀ ਰਚ ਕੇ ਉਪਰੰਤ ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ਵਾਲੀ ਗਲ
ਤੋਰੀ ਗਈ ਹੈ। ਦਸਿਆ ਹੈ ਕਿ ਬ੍ਰਹਮਾ ਜੀਵਾਂ ਦੀ ਉਤਪਤੀ, ਵਿਸ਼ਨੂੰ ਉਨ੍ਹਾ ਦੀ ਸੰਭਾਲ ਤੇ ਮਹੇਸ਼
ਅਥਵਾ ਸ਼ਿਵਜੀ ਸੰਘਾਰ ਦੀ ਜ਼ਿਮੇਵਾਰੀ ਨਿਭਾਅ ਰਿਹਾ ਹੈ। ਗੁਰੂ ਨਾਨਕ ਅਤੇ ਗੁਰਬਾਣੀ ਦੇ ਸਿੱਖ ਨੂੰ
ਦ੍ਰਿੜ ਕਰ ਲੈਣਾ ਚਾਹੀਦਾ ਹੈ ਕਿ ਇਨ੍ਹਾਂ ਕਹਾਣੀਆਂ ਦਾ ਗੁਰੂ ਦੇ ਦਰ ਤੇ ਕੌਡੀ ਮੁੱਲ ਨਹੀਂ।
ਹਾਲਾਂਕਿ ਬਾਣੀ ‘ਆਸਾ ਕੀ ਵਾਰ’ ਦੀ ਪਹਿਲੀ ਪਉੜੀ ‘ਚ ਵੀ ਗੁਰਦੇਵ ਨੇ ਸਾਨੂੰ ਇਸੇ ਅਗਿਆਨਤਾ ਵਿਚੋਂ
ਕਢਿਆ ਹੈ। ਬਾਣੀ ‘ਜਪੁ’ ਪਉੜੀ ਨੰ: ੩੦ “ਏਕਾ ਮਾਈ ਜੁਗਤਿ ਵਿਆਈ” ਪੰਨਾ ੭ ਤੇ ਵੀ ਇਸੇ ਹੀ ਵਿਸ਼ਵਾਸ
ਦਾ ਫ਼ੋਕਟ ਹੋਣਾ ਸਾਬਤ ਕੀਤਾ ਹੈ। ਹੁਣ ਇਥੇ ‘ਬਾਣੀ ਆਸਾ ਕੀ ਵਾਰ’ ਦੇ ਅੰਤਮ ਸਲੋਕ ਸਮੇਂ ਵੀ
ਗੁਰਦੇਵ ਫ਼ੁਰਮਾ ਰਹੇ ਹਨ ਕਿ ਜੀਵਾਂ ਨੂੰ ਪੈਦਾ ਕਰਨ ਵਾਲਾ, ਉਨ੍ਹਾਂ ਦੀ ਸੰਭਾਲ ਅੰਤ ਉਨ੍ਹਾਂ ਦਾ
ਸੰਘਾਰ ਕਰਨ ਵਾਲਾ ਵੀ ਪ੍ਰਭੁ ਆਪ ਹੀ ਹੈ, ਦੂਜਾ ਕੋਈ ਨਹੀਂ ਭਾਵ ਗੁਰਦੇਵ ਇਥੇ ਵੀ ਉਸੇ ਹੀ ਸੱਚ ਨੂੰ
ਬਿਆਨ ਕਰ ਰਹੇ ਹਨ। ਉਂਝ ਤਾਂ ਇਹ ਸੱਚਾਈ ਸਾਰੇ ਸੰਸਾਰ ਲਈ ਹੈ ਫ਼ਿਰ ਵੀ ਘੱਟ ਤੋਂ ਘੱਟ ਗੁਰੂ ਨਾਨਕ
ਦੇ ਸਿੱਖ ਨੂੰ ਬ੍ਰਹਮਾ, ਵਿਸ਼ਨੂੰ, ਮਹੇਸ਼ ਆਦਿ ਵਾਲੇ ਵਾਧੂ ਵਿਸ਼ਵਾਸਾਂ ਦਾ ਸ਼ਿਕਾਰ ਨਹੀਂ ਹੋਣਾ
ਚਾਹੀਦਾ। ਇਸੇ ਤਰ੍ਹਾਂ ਗੁਰਮਤਿ, ਕਰੋੜਾਂ ਦੇਵੀ-ਦੇਵਤਿਆਂ ਤੇ ਮਿੱਥੇ ਭਗਵਾਨਾਂ ਉਪਰ ਵੀ ਵਿਸ਼ਵਾਸ
ਨਹੀਂ ਰਖਦੀ ਅਤੇ ਉਨ੍ਹਾ ਬਾਰੇ ਪ੍ਰਚਲਤ ਕਹਾਣੀਆਂ ਬਿਲਕੁਲ ਮਨ ਘੜੰਤ ਦਸੀਆਂ ਹਨ। ਗੁਰਮਤਿ ਅਨੁਸਾਰ
ਜੀਵਾਂ ਦਾ ਪੈਦਾ ਕਰਨ ਵਾਲਾ, ਸੰਭਾਲ ਕਰਨ ਵਾਲਾ ਅਤੇ ਫ਼ਿਰ ਉਨ੍ਹਾ ਦਾ ਸੰਘਾਰ ਕਰਨ ਵਾਲਾ ਵੀ ਪ੍ਰਭੂ
ਆਪ ਹੈ, ਦੂਜਾ ਹੋਰ ਕੋਈ ਨਹੀਂ।
੩। ਕਿਸ ਨੋ ਕਹੀਐ ਨਾਨਕਾ ਸਭੁ ਕਿਛੁ ਆਪੇ ਆਪਿ-ਇਥੇ ਇਸ ਸਲੋਕ ਰਾਹੀਂ ਵੀ ਗੁਰਦੇਵ ਦਾ
ਸਪਸ਼ਟ ਫ਼ੈਸਲਾ ਹੈ ਅਕਾਲਪੁਰਖੁ ਤੋਂ ਛੁਟ ਨਾ ਹੀ ਕੋਈ ਹੋਰ ਹਸਤੀ ਹੈ ਅਤੇ ਨਾ ਹੋਵੇਗੀ। ਇਸ ਲਈ ਜਿਸ
ਨੂੰ ਤਾਂ ਸਮਝ ਆ ਗਈ ਹੈ ਕਿ ਜਿਸ ਕਰਤਾਰ ਦੀ ਰਚਨਾ ਹੈ ਉਹ ਸਾਰੇ ਹੀ ਜੀਵਾਂ ਦੀਆਂ ਲੋੜਾਂ ਨੂੰ ਭਲੀ
ਭਾਂਤ ਜਾਣਦਾ ਵੀ ਹੈ ਤੇ ਪੂਰੀਆਂ ਵੀ ਕਰਦਾ ਹੈ। ਫ਼ਿਰ ਵੀ ਜੇ ਕਿਸੇ ਨੂੰ ਸੰਸਾਰ ਦੀ ਇਸ ਸੱਚਾਈ
ਬਾਰੇ ਅਗਿਆਨਤਾ ਹੋਵੇ ਅਤੇ ਉਸਨੇ ਜ਼ਰੂਰ ਕੋਈ ਮੰਗ ਕਰਨੀ ਹੀ ਹੋਵੇ ਤਾਂ ਇਹ ਵੀ ਜ਼ਰੂਰੀ ਹੈ ਕਿ
ਉਸਨੇ ਅਪਣੀ ਉਸ ਮੰਗ ਨੂੰ ਕੇਵਲ ਅਕਾਲਪੁਰਖੁ ਦੇ ਦਰ ਤੋਂ ਹੀ ਕਰਨੀ ਹੈ। ਕਿਸੇ ਫ਼ਰਜ਼ੀ
ਦੇਵੀ-ਦੇਵਤੇ-ਮਿੱਥੇ ਭਗਵਾਨਾਂ, ਦੇਵੀ-ਦੇਵਤਿਆਂ, ਮੜ੍ਹੀਆਂ, ਕੱਬਰਾ, ਪੱਥਰਾਂ, ਮੂਰਤੀਆਂ, ਪੌਧਿਆਂ,
ਸਪਾਂ, ਪਸ਼ੂਆਂ, ਨਦੀਆਂ ਜਾਂ ਅਜੌਕੇ ਸੰਤਾਂ-ਬਾਬਿਆਂ ਤੋਂ ਨਹੀਂ ਕਰਨੀ; ਅਜੇਹਾ ਕਰਨ ਤਾਂ ਅਮੁਲੇ
ਮਨੁੱਖਾ ਜਨਮ ਦੀ ਬਰਬਾਦੀ ਤੋਂ ਸਿਵਾ ਹੋਰ ਕੁਝ ਨਹੀਂ।
ਪਉੜੀ ॥ ਵਡੇ ਕੀਆ ਵਡਿਆਈਆ ਕਿਛੁ ਕਹਣਾ ਕਹਣੁ ਨਾ ਜਾਇ ॥ ਸੋ ਕਰਤਾ
ਕਾਦਰ ਕਰੀਮੁ ਦੇ ਜੀਆ ਰਿਜਕੁ ਸੰਬਾਹਿ ॥ ਸਾਈ ਕਾਰ ਕਮਾਵਣੀ ਧੁਰਿ ਛੋਡੀ ਤਿੰਨੈ ਪਾਇ ॥ ਨਾਨਕ ਏਕੀ
ਬਾਹਰੀ ਹੋਰ ਦੂਜੀ ਨਾਹੀ ਜਾਇ ॥ ਸੋ ਕਰੇ ਜਿ ਤਿਸੈ ਰਜਾਇ ॥ ੨੪ ॥ ੧ ॥ ਸੁਧੁ (੪੭੫)
ਪਦ ਅਰਥ: ਵਡੇ-
ਅਕਾਲਪੁਰਖੁ। ਵਡਿਆਈਆਂ- ਗੁਣ, ਸਿਫਤਾਂ। ਕਿਛੁ ਕਹਣਾ ਕਹਣੁ ਨਾ ਜਾਇ- ਬਿਆਨ ਨਹੀਂ ਕੀਤੀਆਂ ਜਾ
ਸਕਦੀਆਂ, ਉਸਦੀਆਂ ਬੇਅੰਤ ਸਿਫ਼ਤਾਂ ਹਨ। ਕਰਤਾ- ਸਿਰਜਨਹਾਰ, ਰਚਣਹਾਰ, ਘੜ੍ਹਣ ਵਾਲਾ, ਮਾਲਿਕ।
ਕਾਦਰ- ਕੁਦਰਤ ਦਾ ਮਾਲਿਕ, ਸਿਰਜਨਹਾਰ, ਰਚਣਹਾਰ, ਘੜਣ ਵਾਲਾ। ਕਰੀਮੁ-ਕਰਮ ਕਰਨ ਵਾਲਾ, ਬਖਸ਼ਿਸ਼ਾਂ
ਕਰਨ ਵਾਲਾ। ਦੇ- ਦਿੰਦਾ ਹੈ। ਦੇ ਸੰਬਾਹਿ- ਇਕੱਠਾ ਹੀ ਦੇ ਦੇਂਦਾ ਹੈ, ਅਮੁੱਕ ਭੰਡਾਰੇ ਅਪੜਾ ਦੇਂਦਾ
ਹੈ। ਸਾਈ ਕਾਰ ਕਮਾਵਣੀ- ਜੀਵ ਨੇ ਕੇਵਲ ਉਹੀ ਕੰਮ ਕਰਨੇ ਹਨ। ਧੁਰਿ- ਧੁਰ ਤੋਂ, ਮਾਲਿਕ ਵਲੋਂ। ਪਾਇ-
ਪਾ ਦਿਤੀ ਹੈ, ਨੀਯਤ ਕਰ ਰਖੀ ਹੈ। ਤਿੰਨੈ- ਪ੍ਰਭੂ ਨੇ ਆਪ ਹੀ। ਏਕੀ ਬਾਹਰੀ- ਇਕ ਅਕਾਲਪੁਰਖੁ ਤੋਂ
ਬਿਨਾਂ। ਜਾਇ- ਥਾਂ, ਟਿਕਾਣਾ। ਦੂਜੀ ਨਾਹੀ ਜਾਇ-(ਇਕ ਅਕਾਲਪੁਰਖੁ ਤੋਂ ਬਿਨਾਂ) ਹੋਰ ਦੂਜੀ ਕੋਈ ਵੀ
ਜਗ੍ਹਾ ਨਹੀਂ। ਸੋ ਕਰੇ-(ਅਕਾਲਪੁਰਖੁ) ਉਹੀ ਕਰਦਾ ਹੈ। ਰਜਾਇ- ਮਰਜ਼ੀ। ਜਿ ਤਿਸੈ ਰਜਾਇ-ਜੋ ਕੁਝ ਵੀ
ਉਸਦੀ ਰਜ਼ਾ ਹੁੰਦੀ ਹੈ।੨੪।
ਅਰਥ: ਅਕਾਲਪੁਰਖੁ ਦੇ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਉਸਦੀਆਂ ਸਿਫ਼ਤਾਂ ਅਨੰਤ
ਤੇ ਬੇਅੰਤ ਹਨ। ਉਹ ਆਪ ਹੀ ਸਿਰਜਨਹਾਰ ਹੈ, ਕੁਦਰਤ ਦਾ ਮਾਲਿਕ ਤੇ ਬਖਸ਼ਿਸ਼ਾਂ ਕਰਨ ਵਾਲਾ ਵੀ ਆਪ ਹੀ
ਹੈ। (ਇਸੇਤਰ੍ਹਾਂ) ਜੀਵਾਂ ਨੂੰ ਰਿਜ਼ਕ ਅਪੜਾਂਦਾ ਵੀ ਆਪ ਹੈ। ਸਾਰੇ ਜੀਵ ਉਹੀ ਕਾਰ ਕਰਦੇ ਹਨ ਜੋ
ਪ੍ਰਭੂ ਨੇ ਆਪ ਹੀ ਉਹਨਾਂ ਲਈ ਨੀਯਤ ਕਰ ਰਖੀ ਹੈ। ਗੁਰੂ ਨਾਨਕ ਪਾਤਸ਼ਾਹ ਪਕਿਆਈ ਨਾਲ ਸਮਝਾਂਦੇ ਹਨ
ਕਿ ਇਕ ਪ੍ਰਭੂ ਦੀ ਟੇਕ ਤੋਂ ਬਿਨਾ ਜੀਵਾਂ ਦੇ ਲਈ ਹੋਰ ਕੋਈ ਥਾਂ ਨਹੀਂ। (ਇਹ ਵੀ ਸਚਾਈ ਹੈ) ਕਿ
ਪ੍ਰਭੁ ਉਹੀ ਕਰਦਾ ਹੈ ਜੋ ਕੁਝ ਕਿ ਉਸ ਦੀ ਮਰਜ਼ੀ ਹੁੰਦੀ ਹੈ, ਉਸਦੀ ਰਜ਼ਾ ‘ਚ ਹੁੰਦਾ ਹੈ।੨੪।
ਪਉੜੀ ਅਤੇ ਸਲੋਕਾਂ ਦੀ ਆਪਸੀ ਸਾਂਝ: ਜਿਸ ਵਿਚਾਰ ਤੋਂ ਬਾਣੀ-‘ਆਸਾ ਕੀ ਵਾਰ’ ਦਾ ਅਰੰਭ ਕੀਤਾ ਗਿਆ
ਸੀ ਕਿ ਪ੍ਰਭੂ ਆਪ ਹੀ ਜੀਵਾਂ ਨੂੰ ਪੈਦਾ ਕਰਨ ਵਾਲਾ, ਉਨ੍ਹਾਂ ਦੀ ਸੰਭਾਲ ਕਰਨ ਵਾਲਾ ਅਤੇ ਸੰਘਾਰ
ਕਰਨ ਵਾਲਾ ਵੀ ਆਪ ਹੀ ਹੈ। ਬ੍ਰਹਮਾ ਵਿਸ਼ਨੂੰ-ਮਹੇਸ਼ ਆਦਿ ਉਸ ਤੋਂ ਅੱਡਰੀਆ ਕੋਈ ਹਸਤੀਆਂ ਨਹੀਂ ਹਨ
ਅਤੇ ਨਾ ਹੀ ਉਸਨੂੰ ਇਸਦੀ ਲੋੜ ਹੀ ਹੈ। ਅੰਤਮ ਪਉੜੀ ਵਿਚ ਵੀ ਗੁਰਮਤਿ ਉਸੇ ਹੀ ਆਰੰਭ ‘ਚ ਦਿਤੇ ਗਏ
ਵਿਸ਼ਵਾਸ ਨੂੰ ਹੀ ਦ੍ਰਿੜ ਕਰਵਾਇਆ ਹੈ ਅਤੇ ਇਸ ਪਉੜੀ ਨਾਲ ਸਲੋਕ ਵੀ ਇਸੇ ਹੀ ਵਿਸ਼ੇ ਨੂੰ ਦ੍ਰਿੜ
ਕਰਵਾਉਣ ਵਾਲੇ ਜੋੜੇ ਗਏ ਹਨ।੨੪।
ਸੁਧੁ- ਆਸਾ ਕੀ ਵਾਰ ਦੀ ਸਮਾਪਤੀ ਉਪ੍ਰੰਤ ਸ਼ਬਦ ਸੁਧੁ ਆਇਆ ਹੈ । ਕੀਰਤਨ ਅਥਵਾ ਪਾਠ ਸਮੇਂ
ਇਸ ਸ਼ਬਦ ਦੇ ਉਚਾਰਨ ਦੀ ਲੋੜ ਨਹੀ, ਕਿਉਂਕਿ ਇਹ ਲਫ਼ਜ਼ ਗੁਰਬਣੀ ਦਾ ਅੰਗ ਨਹੀਂ। ਸਾਹਿਬ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇਂ ਭਾਈ ਗੁਰਦਾਸ ਜੀ ਰਾਹੀਂ ਅੰਕਤ ਕਰਵਾਈ ਜਾ ਰਹੀ ਬਾਣੀ ਦੀ
ਪੰਜਵੇਂ ਪਾਤਸ਼ਾਹ ਵਲੋਂ ਨਾਲ-ਨਾਲ ਸੂਚਨਾ ਹੈ ਕਿ ਹੁਣ ਤੀਕ ਜੋ ਬਾਣੀ ਚੜ੍ਹਾਈ ਗਈ ਹੈ, ਉਸ ਨੂੰ
ਸਾਹਿਬਾਂ ਨੇ ਆਪ ਸੋਧ ਲਿਆ ਹੈ ਅਤੇ ਇਸ ਵਿਚ ਕੋਈ ਅਸ਼ੁਧੀ ਨਹੀ। ਇਸ ਲਈ ਸ਼ਬਦ ‘ਸੁਧੁ’ ਅਥਵਾ ‘ਸੁਧੁ
ਕੀਚੈ’ ਗੁਰਬਾਣੀ ਦਾ ਅੰਗ ਨਹੀਂ ਹਨ ਅਤੇ ਬਾਣੀ ਦੇ ਨਾਲ ਇਹਨਾਂ ਦਾ ਉਚਾਰਣ ਯੋਗ ਨਹੀਂ। ਇਸ ਬਾਰੇ
ਹੋਰ ਜਾਣਕਾਰੀ ਅਰੰਭ ‘ਚ ‘ਮੁੱਢਲੀ ਜਾਣਕਾਰੀ’ ਸਮੇਂ ਦੇ ਦਿਤੀ ਗਈ ਹੈ। ਇਥੋਂ ਤੀਕ ਕਿ ਕਰਤਾਰਪੁਰ
ਸਾਹਿਬ ਵਾਲੀ ਬੀੜ ‘ਚ ਇਹ ਦੋਵੇਂ ਸ਼ਬਦ ਲੋੜ ਅਨੁਸਾਰ ਜਿਥੇ ਵੀ ਦਿਤੇ ਹਨ, ਹਾਸ਼ੀਏ ਤੋਂ ਬਾਹਰ ਹਨ।
ਛਪਾਈ ਵਾਲੀਆਂ ਬੀੜਾਂ ਵਿਚ ਇਹਨਾਂ ਨੂੰ ਬਾਣੀ ਦੀ ਸਮਾਪਤੀ ਦੇ ਨਾਲ ਕੇਵਲ ਛਾਪਣ ਦਾ ਰਿਵਾਜ ਬਣ ਗਿਆ
ਹੈ ਹੋਰ ਕੁਝ ਨਹੀਂ।