.

ਸਿੰਘ ਸਭਾ ਲਹਿਰ ਦੀ ਮਹਾਨਤਾ

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਸ੍ਰ. ਨਾਹਰ ਸਿੰਘ ਜੀ ਨੇ ਆਪਣੀ ਪੁਸਤਕ “ਸਾਡੀ ਦਸ਼ਾ” ਵਿਚ ਸਫਾ ਨੰ.੪੪-੪੫ ਤੇ ਇਸ ਤਰ੍ਹਾਂ ਲਿਖਿਆ ਹੋਇਆ ਹੈ ਕਿ:-------
ਸੰਨ ੧੮੫੦ ਤੋਂ ੧੮੮੦ ਤਕ ਸਿੱਖ ਮਤ ਅੰਦਰ ਰਿਲੀਜੀਅਸ ਪੈਟਰੀਅਜ਼ {ਧਾਰਮਿਕ ਬਾਪਾਂ} ਦਾ ਭਾਰੀ ਜ਼ੋਰ ਚਲਿਆ। ਬੇਦੀਆਂ, ਸੋਢੀਆਂ, ਭੱਲਿਆਂ, ਗੁਰੂ ਕਿਆਂ ਸਾਹਿਬਜ਼ਾਦਿਆਂ, ਲੋਕਲ ਗੁਰੂਆਂ, ਸਾਧਾਂ ਦੀਆਂ ਜਮਾਤਾਂ ਨੇ ਸਿੱਖ ਪੰਥ ਨੂੰ ਲੁੱਟ ਖਾਧਾ। ਇਹ ਸਭ ਆਪਣੇ ਆਪਣੇ ਇਲਾਕਿਆਂ ਵਿਚ ਗੁਰੂ ਬਣ ਬੈਠੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੀ ਗੱਦੀਆਂ ਲਾ ਕੇ ਬੈਠਦੇ ਸਨ। ਇਹ ਦੰਭੀ ਗੁਰੂ, ਸਿੱਖਾਂ ਤੋਂ ਆਪਣੇ ਪੈਰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੁਰੀ ਵਿਚ ਹੀ ਪੂਜਵਾਂਦੇ ਅਤੇ ਪੂਜਾ ਦਾ ਧਾਨ ਆਪ ਹੀ ਹਜ਼ਮ ਕਰ ਜਾਂਦੇ ਸਨ। ਇਸ ਸਮੇਂ ਗੁਰਸਿੱਖਾਂ ਦਾ ਕੋਈ ਧਾਰਮਿਕ ਜੱਥਾ ਜਾਂ ਸੁਸਾਇਟੀ ਨਾ ਰਹੀ ਅਤੇ ਆਪਾ ਧਾਪੀ ਵਿਚ ਮਾਇਆ ਖਾਣ ਨੂੰ ਹਰ ਇਕ ਤਿਆਰ ਹੋ ਬੈਠਾ। ਤਖਤਾਂ, ਧਾਮਾਂ, ਬੁੰਗਿਆਂ, ਡੇਰਿਆਂ ਨੂੰ ਮਹੰਤ ਜਾਂ ਨਜ਼ਾਮ ਆਪਣੀ ਜੱਦੀ ਜਾਇਦਾਦ ਸਮਝਣ ਲੱਗ ਪਏ। ਕੁਰੀਤੀਆਂ ਪਰਚੱਲਤ ਹੋ ਗਈਆਂ ਅਤੇ ਸਿੱਖ ਵਿਚਾਰੇ ਅੰਧ ਕੂਪ ਦੇ ਰਾਹ ਵਿਚ ਭਟਕਣ ਲਈ ਮਜ਼ਬੂਰ ਹੋ ਗਏ। ਕਿਉਂਕਿ ਗੁਰਬਿਲਾਸ ਵਰਗੀਆਂ ਪੁਸਤਕਾਂ ਦੀਆਂ ਕਥਾ ਗੁਰਦੁਆਰਿਆਂ ਵਿਚ ਹੋ ਰਹੀ ਸੀ।
ਗੱਲ ਕੀ ਡਿੱਗਦੇ ਡਿੱਗਦੇ ਸਿੱਖ ਇੱਥੋਂ ਤਕ ਨੀਵੇਂ ਚਲੇ ਗਏ ਕਿ ਸ਼ਕਲ ਸਿੱਖ ਦੀ ਰਹਿ ਗਈ, ਪਰ ਵਿਚੋ ਵਿਚੀ ਬ੍ਰਹਾਮਣੀ ਕਰਮਕਾਂਡ ਦੀ ਡੂੰਘੀ ਦਲਦਲ ਵਿਚ ਬੁਰੀ ਤਰ੍ਹਾਂ ਫਸ ਗਏ ਸਨ। ਰਾਮ ਚੰਦਰ, ਕ੍ਰਿਸ਼ਨ ਭਗਵਾਨ ਦੀਆਂ ਮਨਘ੍ਹੜਤ ਕਥਾ ਕਹਾਣੀਆਂ, ਗਰੜ ਪੁਰਾਣ ਦੇ ਗਪੌੜ, ਦੇਵੀ ਦੇਵਤਿਆਂ ਦੀ ਪੂਜਾ, ਦੀਵਾਲੀ-ਦੁਸਹਿਰਾ ਦੇ ਮੱਕੜੀ ਜਾਲ ਵਿਚ ਉਲ੍ਹਝ ਕੇ ਰਹਿ ਗਏ ਸਨ। ਵਿਆਹ ਸ਼ਾਦੀਆਂ ਦੀਆਂ ਰਸਮਾਂ, ਜੰਮਣਾ ਮਰਨਾ ਗੱਲ ਕੀ ਹਰ ਪਰਕਾਰ ਦੀ ਰਸਮ ਨਿਬਹੁੰਣ ਲਈ ਬ੍ਰਹਮਣ ਦੇ ਕਰਮੋਂ ਰਹਿਮ ਤੇ ਸਿੱਖ ਰਹਿ ਗਏ। ਧੋਣ ਨੀਵੀਂ ਸੁੱਟ ਕੇ ਸਾਊ ਪੁੱਤ ਵਾਂਗ ਬ੍ਰਹਾਮਣ ਦੀ ਹਰ ਚਾਲ ਵਿਚ ਸਿੱਖ ਫਸਦੇ ਗਏ।
ਸਮੇਂ ਦੀ ਨਬਜ਼ ਪਹਿਚਾਣਦਿਆਂ ਸਿੱਖ ਸਮਾਜ ਵਿਚ ਸੁਧਾਰ ਦੀਆਂ ਲਹਿਰਾਂ ਉਠੀਆਂ, ਜਿਨ੍ਹਾਂ ਵਿਚ ਨਿਰੰਕਾਰੀ, ਨਾਮਧਾਰੀ ਲਹਿਰ ਦਾ ਜ਼ਿਕਰ ਕਰਨਾ ਬਣਦਾ ਹੈ। ਨਿਰੰਕਾਰੀ ਲਹਿਰ ਨੇ ਅਨੰਦ ਕਾਰਜ ਦੀ ਮਰਯਾਦਾ ਨੂੰ ਅਗਨੀ ਦੇ ਫੇਰਿਆਂ ਤੋਂ ਮੁਕਤ ਕਰਾਇਆ, ਜਦ ਕੇ ਨਾਮਧਾਰੀ ਲਹਿਰ ਨੇ ਸਾਦਾ ਜੀਵਨ, ਸੱਚਾ ਆਚਰਣ ਤੇ ਕਿਰਤ ਵਰਗੀਆਂ ਹਕੀਕਤਾਂ ਤੇ ਤਨੋ ਮਨੋ ਜ਼ੋਰ ਦਿੱਤਾ। ਸਮੇਂ ਅਨੁਸਾਰ ਇਹ ਦੋਵੇਂ ਲਹਿਰਾਂ ਹੌਲ਼ੀ ਹੌਲ਼ੀ ਖਤਮ ਹੋਣ ਦੇ ਕਿਨਾਰੇ ਪਹੁੰਚ ਕੇ ਦਮ ਤੌੜ ਗਈਆਂ। ੯ ਫਰਵਰੀ ੧੮੫੨ ਨੂੰ ਅਮਰੀਕਨ ਪਰੈਸਬਾਈਟੈਰੀਅਨ ਨੂੰ ਸਰਕਾਰੀ ਕਰਮਚਾਰੀਆਂ ਨੇ ਬੁਲਾ ਕੇ ਚਰਚ ਐਸੋਸੀਏਸ਼ਨ ਦੀ ਨੀਂਹ ਰੱਖੀ। ਤਿੰਨ ਵਰ੍ਹਿਆਂ ਵਿਚ ੩੭੫ ਪਿੰਡਾਂ ਵਿਚੋਂ ੨੭੦੦੦ ਈਸਾਈ ਬਣ ਗਏ।
੧੮੬੨ ਤੋਂ ਲੈ ਕੇ ੧੮੮੧ ਦੇ ਵਿਚ ਵਿਚ ਸਿੱਖਾਂ ਦੀ ਗਿਣਤੀ ਇਕ ਕਰੋੜ ਤੋਂ ਘੱਟ ਕੇ ੧੮੫੩੪੨੮ ਰਹਿ ਗਈ ਸੀ। ਇਨ੍ਹਾਂ ਸਾਰੇ ਹਲਾਤਾਂ ਨੂੰ ਮੁੱਖ ਰੱਖਦਿਆਂ ਡਿੱਗ ਚੁਕੀ ਸਿੱਖ ਕੌਮ ਦੀ ਸ਼ਾਖ ਨੂੰ ਬਚਉਣ, ਨਵੇਂ ਸਿਰੇ ਤੋਂ ਸਵਾਰਨ ਲਈ ਪ੍ਰੋ.ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ, ਭਾਈ ਜਵਾਹਰ ਸਿੰਘ ਨੇ ਚੋਣਵੇਂ ਸਿੱਖਾਂ ਨੂੰ ਨਾਲ ਲੈ ਕੇ ੩੦ ਜੁਲਾਈ ੧੮੭੩ ਨੂੰ ਇਕ ਵੱਡਾ ਇਕੱਠ ਕਰਕੇ ਸਿੰਘ ਸਭਾ ਲਹਿਰ ਦਾ ਬਿਗਲ ਵਜਾ ਦਿੱਤਾ। ਇਸਦੇ ਉਦੇਸ਼ ਕੀ ਸਨ:---ਭੇਖੀ ਸਾਧਾਂ ਦੇ ਟੋਲਿਆਂ, ਡੇਰਾਵਾਦ, ਮਹੰਤਗੀਰੀ ਤੇ ਬ੍ਰਹਾਮਣੀ ਸਰ੍ਹਾਲ ਦੇ ਤਿੱਖੇ ਦੰਦਾ ਤੋਂ ਸਿੱਖ ਕੌਮ ਨੂੰ ਬਚਉਣਾ।:-----ਪੰਜਾਬੀ ਬੋਲੀ ਵਿਚ ਸਾਹਿੱਤ ਪੈਦਾ ਕਰਨਾ।:-----ਸਿੱਖਾਂ ਨੂੰ ਧਾਰਮਿਕ ਤੇ ਵਿਹਿਾਰਕ ਵਿਦਿਆ ਦੇਣ ਦਾ ਯਤਨ ਕਰਨਾ।:----ਅਨਮਤ ਜਾਂ ਮਨਮਤ ਵਿਚ ਘੁਲ ਮਿਲ ਰਹੇ ਸਿੱਖਾਂ ਨੂੰ ਇਸ ਪਾਸਿਉਂ ਰੋਕ ਕੇ ਪੱਕੇ ਸਿੱਖ ਬਣਾਉਣਾ।:------ਵੇਲੇ ਦੀ ਅੰਗਰੇਜ਼ੀ ਹਕੂਮਤ ਦਾ ਬਿਨਾਂ ਵਿਰੋਧ ਕੀਤੇ ਸਿੱਖ ਧਰਮ ਦੇ ਪਰਚਾਰ ਦੀਆਂ ਜੜ੍ਹਾਂ ਨੂੰ ਪਾਤਾਲ ਵਿਚ ਲਾਉਣਾ।
ਪੁਜਾਰੀ ਵਾਦ ਨੇ ਇਸਦਾ ਤਗੜਾ ਵਿਰੋਧ ਕੀਤਾ ਤੇ ਪੰਥ ਵਿਚੋਂ ਇਹਨਾਂ ਹੀਰਿਆਂ ਨੂੰ ਛੇਕਣ ਵਰਗੀਆਂ ਕੋਝੀਆਂ ਕਾਰਵਾਈਆਂ ਵੀ ਕੀਤੀਆਂ ਗਈਆਂ। ਨਿਰਸੰਦੇਹ ਇਸ ਸਿੰਘ ਸਭਾ ਲਹਿਰ ਨੇ ਨਵੇਂ ਸਿਰੇ ਤੋਂ ਸਿੱਖ ਕੌਮ ਵਿਚ ਜਾਗਰਤੀ ਲਿਆਂਦੀ। ਸਾਂਝੀਵਾਲਤਾ ਦੇ ਉਦੇਸ਼ ਸਾਹਮਣੇ ਰੱਖ ਕੇ ਗੁਰਦੁਆਰਿਆਂ ਦੇ ਨਾਂ ਵੀ ਸਿੰਘ ਸਭਾ ਰੱਖੇ ਗਏ। ਮੌਜੂਦਾ ਤੇਜ਼ ਤਰਾਰ ਵਿਗਿਆਨਕ ਦੇ ਯੁੱਗ ਵਿਚ ਵੀ ਵੱਡਾ ਹੰਭਲਾ ਮਾਰ ਕੇ ਅਜੇਹੀ ਸੁਧਾਰ ਲਹਿਰ ਪੈਦਾ ਕਰਨ ਦੀ ਲੋੜ ਹੈ ਤਾਂ ਜੋ ਸਿੱਖੀ ਪਰਚਾਰ ਦੀਆਂ ਉਹਨਾਂ ਪ੍ਰੰਪਰਾਵਾਂ ਨੂੰ ਬਰਕਰਾਰ ਰੱਖਿਆ ਜਾਏ ਜਿਨ੍ਹਾਂ ਅਦਰਸ਼ਾਂ ਨੂੰ ਮੁੱਖ ਰੱਖ ਕੇ ਸਿੰਘ ਸਭਾਵਾਂ ਹੋਂਦ ਵਿਚ ਆਂਈਆਂ ਸਨ। ਅੱਜ ਫਿਰ ਨਵੇਂ ਸਿਰੇ ਤੋਂ ਬ੍ਰਾਹਮਣੀ ਕਰਮਕਾਂਡ ਨਾਲ ਲਿੱਬੜੀਆਂ ਹੋਈਆਂ ਟਕਸਾਲਾਂ, ਚਿਮਟਿਆਂ ਵਾਲੇ ਅਖੌਤੀ ਸਾਧ-ਸੰਤ, ਕਾਰ ਸੇਵਾ ਵਾਲੇ ਠੱਗ ਬਾਬੇ, ਪਾਖੰਡੀ ਸਿਮਰਨ ਵਾਲਿਆਂ ਤੋਂ ਕੌਮ ਨੂੰ ਬਚਉਣ ਦੀ ਲੋੜ ਹੈ।
ਸਿੰਘ ਸਭਾਵਾਂ ਦੀ ਕੌਮ ਪ੍ਰਤੀ ਬਹੁਤ ਵੱਡੀ ਜ਼ਿਮੇਦਾਰੀ ਹੈ ਕਿ ਪੰਥ ਪ੍ਰਵਾਨਤ ਰਹਿਤ ਮਰਯਾਦਾ ਨੂੰ ਗੁਰਦੁਆਰਿਆਂ ਵਿਚ ਲਾਗੂ ਕੀਤੀ ਜਾਏ। ਗੁਰਬਾਣੀ ਪਰਚਾਰ ਤੇ ਨੌਜਵਾਨ ਪੀੜ੍ਹੀ ਦੀ ਸੰਭਾਲ ਕੀਤੀ ਜਾਏ। ਦੇਖਣ ਵਿਚ ਆ ਰਿਹਾ ਹੈ ਕਿ ਸਿੰਘ ਸਭਾਵਾਂ ਦੀਆਂ ਸਟੇਜਾਂ ਦੀ ਅੱਜ ਦੁਰਵਤੋਂ ਹੋ ਰਹੀ ਹੈ। ਇਸ ਤੇ ਸਾਨੂੰ ਸੁਚੇਤ ਹੋਣ ਦੀ ਲੋੜ ਹੈ।
ਕਿਸੇ ਵੀ ਉਸ ਸਾਧ-ਸੰਤ, ਪਰਚਾਰਕ, ਰਾਗੀ, ਕਥਾਕਾਰ, ਢਾਡੀ, ਰਾਜਨੀਤਿਕ ਨੇਤਾ ਨੂੰ ਸਿੱਖ ਸਟੇਜ ਤੇ ਬੋਲਣ ਦਾ ਮੌਕਾ ਨਾ ਦਿੱਤਾ ਜਾਏ ਜਿਸ ਨੂੰ ਸਿੱਖ ਰਹਿਤ ਮਰਯਾਦਾ, ਗੁਰ ਇਤਿਹਾਸ ਤੇ ਗੁਰਬਾਣੀ ਸਬੰਧੀ ਜਾਣਕਾਰੀ ਨਾ ਹੋਵੇ। ਅੱਜ ਖਾਸ ਤੌਰ ਤੇ ਉਹਨਾਂ ਸਾਧਾਂ ਤੋਂ ਕੌਮ ਨੂੰ ਬਚਉਣ ਦੀ ਜ਼ਰੂਰਤ ਹੈ ਜੋ ਸਿੱਖ ਰਹਿਤ ਮਰਯਾਦਾ ਨੂੰ ਮੰਨਦੇ ਹੀ ਨਹੀਂ ਹਨ ਤੇ ਮਨ ਘੜਤ ਕਥਾ ਕਹਾਣੀਆਂ ਮਿਥਿਹਾਸਕ ਕਰਾਮਾਤੀ ਗਪੌੜ ਸੁਣਾ ਕੇ ਤੁਰਦੇ ਬਣਦੇ ਹਨ।
ਸਿੰਘ ਸਭਾਵਾਂ ਪਰਚਾਰ ਨੂੰ ਮੁਖ ਰੱਖਦਿਆਂ ਗੁਰਦੁਆਰਾ ਸਾਹਿਬ ਵਿਖੇ ਮਿਸ਼ਨਰੀ ਕਾਲਜ ਤੋਂ ਤਰੀਕੇ ਨਾਲ ਪੜ੍ਹੇ ਲਿਖੇ ਪਰਚਾਰਕਾਂ ਪਾਸੋਂ ਗੁਰਬਾਣੀ ਸੰਥਿਆ ਤੇ ਗੁਰਮਤਿ ਕਲਾਸਾਂ ਲਗਉਣ ਦਾ ਯੋਗ ਪਰਬੰਧ ਕੀਤਾ ਜਾਏ।
ਸਿੰਘ ਸਭਾ ਦੀ ਹਦੂਦ ਵਿਚ ਪੰਥ ਪਰਵਾਨਤ ਤੇ ਗੁਰਬਾਣੀ ਅਧਾਰਤ ਲਿਟਰੇਚਰ ਤੇ ਕੈਸਟਾਂ ਵੇਚਣ ਦੀ ਹੀ ਆਗਿਆ ਹੋਣੀ ਚਾਹੀਦੀ ਹੈ। ਗੁਰਬਾਣੀ ਤੁਕਾਂ, ਖੰਡਿਆਂ ਵਾਲੇ ਰੁਮਾਲ, ਮਾਲਾ, ਗੁਰੂਆਂ ਦੀਆਂ ਮਨਘੜਤ ਤਸਵੀਰਾਂ, ਬਜ਼ਾਰੂ ਲਿਟਰੇਚਰ ਤੇ ਕੈਸਟਾਂ ਵੇਚਣ ਦੀ ਸਖਤ ਮਨਾਹੀ ਹੋਣੀ ਚਾਹੀਦੀ ਹੈ।
ਗੁਰਮਤਿ ਵਿਰੁਧ ਹੋ ਰਹੀਆਂ ਕੁਰੀਤੀਆਂ, ਮਿਰਤਕ ਸਰੀਰ ਨੂੰ ਗੁਰਦੁਆਰਾ ਸਾਹਿਬ ਵਿਚ ਲੈ ਕੇ ਅਉਣਾ, ਨਿਸ਼ਾਨ ਸਾਹਿਬ ਨੂੰ ਕੱਚੀ ਲੱਸੀ ਆਦਿ ਨਾਲ ਇਸ਼ਨਾਨ ਕਰਉਣ ਜਾਂ ਮੱਥਾ ਟੇਕਣਾ, ਅਖੌਤੀ ਬਾਬਿਆਂ ਦੀਆਂ ਬਰਸੀਆਂ ਮਨਉਣੀਆਂ ਇਤਿ ਆਦਿਕ ਨੂੰ ਯੋਗ ਢੰਗ ਨਾਲ ਰੋਕਣਾ ਤੇ ਕੁਰੀਤੀਆਂ ਨੂੰ ਉਸਾਰੂ ਪਰਚਾਰ ਰਾਹੀਂ ਦੂਰ ਕਰਨਾ ਤੇ ਸੰਗਤਾਂ ਨੂੰ ਸਹੀ ਗੁਰਮਤਿ ਦੀ ਜਾਣਕਾਰੀ ਦੇਣੀ।
ਪੱਕੇ ਤੌਰ ਤੇ ਬੱਚਿਆਂ ਦੀਆਂ ਪੰਜਾਬੀ ਅਤੇ ਗੁਰਮਤਿ ਸਿਧਾਂਤ ਗੁਰਮਤਿ ਸੰਗੀਤ ਕਲਾਸਾਂ ਲਗਾਉਣ ਦਾ ਢੁੱਕਵਾਂ ਪ੍ਰਬੰਧ ਹੋਣਾ ਚਾਹੀਦਾ ਹੈ ਤੇ ਗੁਰਬਾਣੀ ਲਿਟਰੇਚਰ ਨੂੰ ਵਾਜਬ ਕੀਮਤਾਂ ਤੇ ਘਰ ਘਰ ਪਹੁੰਚਾਣ ਦਾ ਪ੍ਰਬੰਧ ਕਰਨਾ। ਰਸਮੀ ਅਖੰਡ ਪਾਠ, ਸੁਖਮਨੀ ਪਾਠ ਤੇ ਸਿਮਰਨ ਦੀ ਥਾਂ ਤੇ ਗੁਰਬਾਣੀ ਦੀ ਲੋਅ ਵਿਚ ਅਧੁਨਿਕ ਯੁੱਗ ਨੂੰ ਮੁੱਖ ਰੱਖਦਿਆਂ ਗੁਰਮਤਿ ਸੈਮੀਨਾਰ ਕਰਵਾਕੇ ਸ਼ਬਦ ਦੀ ਵਿਚਾਰ ਰਾਂਹੀਂ ਸੰਗਤ ਨੂੰ ਭਰਮ ਭੁਲੇਖਿਆਂ ਤੋਂ ਮੁਕਤ ਕਰਾਉਣਾ ਚਾਹੀਦਾ ਹੈ।
ਦੇਸ਼ ਵਿਚ ਹੀ ਨਹੀਂ ਸਗੋਂ ਸੰਸਾਰ ਪੱਧਰ ਤੇ ਯੂ. ਕੇ. ਦੀਆਂ ਸਿੰਘ ਸਭਾਵਾਂ ਦਾ ਆਪਣਾ ਇਕ ਸਥਾਨ ਹੈ, ਇਸ ਨੇ ਸਿੱਖੀ ਦੇ ਪਰਚਾਰ ਖੇਤਰ ਵਿਚ ਬਹੁਤ ਵੱਡਾ ਯੋਗ ਦਾਨ ਪਾਇਆ ਹੈ, ਬਾਕੀ ਗੁਰਦੁਆਰਿਆਂ ਨੇ ਵੀ ਇਨ੍ਹਾਂ ਤੋਂ ਸਮੇਂ ਸਮੇਂ ਸਿਰ ਸੇਧ ਲਈ ਹੈ। ਜਿੱਥੇ ਸਿੰਘ ਸਭਾਵਾਂ ਇਸ ਵੇਲੇ ਤਨੋ ਮਨੋ ਗੁਰਮਤਿ ਪਰਚਾਰ ਲਈ ਜ਼ੋਰ ਲਗਾ ਰਹੀਆਂ ਹਨ, ਓਥੇ ਇਕ ਨਿੰਮ੍ਰਤਾ ਸਾਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਨਾਮ ਧਰੀਕ ਚਿਮਟਿਆਂ ਵਾਲੇ ਸਾਧ ਸੰਤ, ਅਖੌਤੀ ਪਰਚਾਰਕਾਂ ਨੂੰ ਸਟੇਜ ਤੇ ਬੋਲਣ ਦਾ ਸਮਾਂ ਨਾ ਦਿੱਤਾ ਜਾਏ, ਜੋ ਕਰਮ ਕਾਂਡ ਤੇ ਬ੍ਰਾਹਮਣੀ ਮਤ ਦਾ ਪਰਚਾਰ ਕਰਦੇ ਹਨ। ਗੁਰਮਤਿ ਪਰਚਾਰ ਨੂੰ ਹੀ ਮੁੱਖ ਰੱਖਿਆ ਜਾਏ। ਸਿੱਖ ਸਮਾਜ ਵਿਚ ਆ ਰਹੀਆਂ ਕੁਰੀਤੀਆਂ ਨੂੰ ਜੜੋਂ ਪੁਟਿਆ ਜਾਏ। ਇਕ ਵਾਰ ਫਿਰ ਸਿੰਘ ਸਭਾ ਲਹਿਰ ਨੂੰ ਚਲਾਇਆ ਜਾਏ। ਆਸ ਹੈ ਕੇ ਉਪਰੋਕਤ ਬੇਨਤੀਆਂ ਵਲ ਜ਼ਰੂਰ ਧਿਆਨ ਦਿੱਤਾ ਜਾਏਗਾ। ਅਸੀਂ ਸਭ ਧੰਨਵਾਦੀ ਹੋਵਾਂਗੇ।




.