☬
ਅਕਾਲ-ਮੂਰਤਿ ☬
(ਕਿਸ਼ਤ ਨੰ: 08)
ਜਗਤਾਰ
ਸਿੰਘ ਜਾਚਕ, ਆਨਰੇਰੀ ਇੰਟਰਨੈਸ਼ਨਲ ਸਿੱਖ ਮਿਸ਼ਨਰੀ
ਇਤਿਹਾਸ ਗਵਾਹ ਹੈ ਕਿ ਵਿਸ਼ਵ ਭਰ
ਦੀਆਂ ਕੌਮੀ ਲੜਾਈਆਂ ਵਿੱਚ ਮਜ਼੍ਹਬੀ ਸਥਾਨਾਂ ਦੇ ਨਾਲ ਨਾਲ ਮਜ਼੍ਹਬੀ ਗ੍ਰੰਥ ਅਤੇ ਹੋਰ ਕੌਮੀ ਸਾਹਿਤ
ਵੀ ਜਲਾਇਆ ਜਾਂਦਾ ਰਿਹਾ ਹੈ । ਜਿਵੇਂ, ਸੰਨ 300 ਈ: ਵਿੱਚ ਯਹੂਦੀਆਂ ਤੇ ਈਸਾਈਆਂ ਦੀ ਲੜਾਈ ਕਾਰਨ
ਸਕੰਦਰੀਆ (ਯੁਨਾਨ) ਵਿਚਲਾ ਗ੍ਰੀਕ ਫ਼ਿਲਾਸਫ਼ੀ ਦਾ ਵਿਸ਼ਵ ਪ੍ਰਸਿੱਧ ਪੁਸਤਕਾਲਾ
(Lbirary) ਅੱਗ ਦੀ ਭੇਟ ਚੜ੍ਹ
ਗਿਆ । ਕਿਉਂਕਿ, ਉਸ ਵੇਲੇ ਉਹ ਯਹੂਦੀਆਂ ਦਾ ਅੱਡਾ ਬਣ ਚੁੱਕਾ ਸੀ ।
ਅਜੇ ਕੋਈ ਬਹੁਤਾ ਸਮਾਂ ਨਹੀ ਹੋਇਆ, ਭਾਰਤ ਦੀ ਹਿੰਦੂਤਵੀ ਹਕੂਮਤ ਨੇ ਸੰਨ 1984 ਵਿੱਚ ਜਦੋਂ ‘ਬਲਿਊ
ਸਟਾਰ ਅਪ੍ਰੇਸ਼ਨ` ਦੇ ਨਾਮ ਹੇਠ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉੱਪਰ ਫ਼ੌਜੀ ਹਮਲਾ ਕੀਤਾ ਸੀ, ਤਾਂ
ਮਜ਼੍ਹਬੀ ਨਫ਼ਰਤ ਅਤੇ ਤਬਾਹੀ ਦੇ ਇਸ ਦੌਰ ਵਿੱਚ ਉਨ੍ਹਾਂ ਵੀ ਪਹਿਲਾਂ ‘ਕੇਂਦਰੀ ਸਿੱਖ
ਰੈਫ਼ਰੈਂਸਲਾਇਬ੍ਰੇਰੀ` ਨੂੰ ਲੁੱਟਿਆ ਅਤੇ ਫਿਰ 7 ਜੂਨ ਨੂੰ ਜਾਣ-ਬੁੱਝ ਕੇ ਅੱਗ ਲਾ ਕੇ ਸਾੜਿਆ ।
ਸਿੱਖ ਕੌਮ ਦੀ ਇਸ ਕੇਂਦਰੀ ਲਾਇਬ੍ਰੇਰੀ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਦੁਰਲੱਭ ਪ੍ਰਾਚੀਨ ਹੱਥ
ਲਿਖਤਾਂ ਸਨ । ਜਿਨ੍ਹਾਂ ਵਿੱਚ ਗੁਰੂ ਸਾਹਿਬਾਨ ਦੇ ਹੱਥੀਂ ਲਿਖੇ ਬੇਨਜ਼ੀਰ ‘ਹੁਕਮਨਾਮੇ` ਅਤੇ ਪੋਥੀਆਂ
ਦੇ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੈਂਕੜੇ ਹੀ ਹੱਥ ਲਿਖਤੀ ਪਾਵਨ ਸਰੂਪ ਸਨ ।
ਲਾਇਬ੍ਰੇਰੀ ਲਈ ‘ਲੁੱਟਿਆ` ਲਫ਼ਜ਼ ਇਸ ਲਈ ਵਰਤਿਆ ਹੈ, ਕਿਉਂਕਿ, ਉਹ ਗੁਰਬਾਣੀ, ਗੁਰਇਤਿਹਾਸ ਅਤੇ ਸਿੱਖ
ਇਤਿਹਾਸ ਦੀਆਂ ਪੁਸਤਕਾਂ ਦੇ ਰੂਪ ਵਿੱਚ ਇੱਕ ਬਹੁਤ ਵੱਡਾ ਕੌਮੀ ਖ਼ਜ਼ਾਨਾ ਸੀ । 9 ਜੁਲਾਈ 1984 ਨੂੰ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕ੍ਰਿਪਾਲ ਸਿੰਘ ਜੀ ਨੇ ਜਦੋਂ ਕੇਂਦਰੀ ਮੰਤਰੀ ਬੂਟਾ
ਸਿੰਘ ਨਾਲ ਲਾਇਬ੍ਰੇਰੀ ਨੂੰ ਫੌਜ ਵਲੋਂ ਜਾਣ-ਬੁੱਝ ਕੇ ਸਾੜਣ ਪ੍ਰਤੀ ਰੋਸ ਪ੍ਰਗਟ ਕੀਤਾ ਤਾਂ ਉਸ ਨੇ
ਉੱਤਰ ਵਿੱਚ ਜਥੇਦਾਰ ਜੀ ਨੂੰ ਦਸਿਆ ਸੀ ਕਿ ਫ਼ੌਜ ਲਾਇਬ੍ਰੇਰੀ ਦੇ ਸਾਰੇ ਰਿਕਾਰਡਾਂ ਅਤੇ ਕਿਤਾਬਾਂ ਦੇ
125 ਬੰਡਲ ਅੰਮ੍ਰਿਤਸਰ ਛਾਉਣੀ ਵਿੱਚ ਲੈ ਗਈ ਹੈ ।
ਜਥੇਦਾਰ ਜੀ ਨੇ ਇਸ ਤੱਥ ਦੀ ਪੁਸ਼ਟੀ, ਸ਼੍ਰੋਮਣੀ ਕਮੇਟੀ ਦੇ ਉਨ੍ਹਾਂ ਕਰਮਚਾਰੀਆਂ ਪਾਸੋਂ ਵੀ ਕੀਤੀ
ਸੀ, ਜਿਹੜੇ ਕਿ ਉਸ ਵੇਲੇ ਛਾਉਣੀ ਵਿਖੇ ਫ਼ੌਜੀ ਹਿਰਾਸਤ ਵਿੱਚ ਸਨ । ਇਸ ਤੋਂ ਇਲਾਵਾ ਉਨ੍ਹਾਂ ਨੇ ਇਹ
ਸਚਾਈ ਦਸੰਬਰ 1988 ਵਿੱਚ ਸ੍ਰੀ ਅੰਮ੍ਰਿਤਸਰ ਵਿਖੇ ਇੱਕ ਮੁਲਾਕਾਤ ਦਰਿਮਿਆਨ ਮੇਰੇ (ਲੇਖਕ) ਨਾਲ
ਸਾਂਝੀ ਕੀਤੀ ਸੀ ਅਤੇ ‘ਅੱਖੀਂ ਡਿੱਠਾ ਨੀਲਾ ਸਾਕਾ` ਪੁਸਤਕ ਵਿੱਚ ਲਿਖ ਵੀ ਦਿੱਤੀ ਹੈ । ਪ੍ਰੰਤੂ,
ਦੁੱਖ ਦੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਭਾਰਤ ਸਰਕਾਰ ਨੂੰ ਵਾਰ ਵਾਰ ਲਿਖਿਆ ਗਿਆ ਹੈ ਅਤੇ ਹੁਣ
ਤੱਕ ਦੇ ਪ੍ਰਧਾਨ ਮੰਤਰੀ ਪੁਸਤਕਾਂ ਵਾਪਸ ਕਰਾਉਣ ਦੇ ਵਾਅਦੇ ਵੀ ਕਰਦੇ ਰਹੇ ਹਨ । ਪਰ, ਅਜੇ ਤੱਕ
ਉਨ੍ਹਾਂ ਪ੍ਰਾਚੀਨ ਪੋਥੀਆਂ ਦੇ ਖਜ਼ਾਨੇ ਦੀ ਕੋਈ ਉੱਘ-ਸੁੱਘ ਨਹੀ ਨਿਕਲੀ ।
ਇਸ ਲਈ ‘ਅਕਾਲਮੂਰਤਿ` ਦੇ ਉਪਾਸ਼ਕਾਂ ਲਈ ਇਥੇ ਸੁਆਲ ਖੜਾ ਹੋ ਜਾਂਦਾ ਹੈ ਕਿ ‘ਸ਼੍ਰੀ ਗੁਰੂ ਗ੍ਰੰਥ
ਸਾਹਿਬ ਜੀ` ਜੁਗੋ ਜੁਗ ਅਟੱਲ ਸਤਿਗੁਰੂ ਕਿਵੇਂ ਹੋਏ ? ਕਿਉਂਕਿ, ਜੁਗੋ ਜੁਗ ਅਟੱਲ ਤਾਂ ਓਹੀ ਹਸਤੀ
ਮੰਨੀ ਜਾ ਸਕਦੀ ਹੈ, ਜਿਹੜੀ ਅਕਾਲਮੂਰਤਿ ਹੋਵੇ । ਜਿਸ ਦੇ ਸਰੂਪ ਵਿੱਚ ਕਾਲ ਦੇ ਪ੍ਰਭਾਵ ਨਾਲ ਕੋਈ
ਪ੍ਰੀਵਰਤਨ ਨਾ ਹੁੰਦਾ ਹੋਵੇ । ਜਿਸ ਉੱਪਰ ਕਾਲ ਦਾ ਕਿਸੇ ਵੀ ਰੂਪ ਵਿੱਚ ਕੋਈ ਅਸਰ ਨਾ ਹੁੰਦਾ ਹੋਵੇ
। ਆਓ ! ਹੁਣ ਅਸੀਂ ਇਸ ਅਹਿਮ ਸੁਆਲ ਦਾ ਜਵਾਬ ਵੀ ਗੁਰਬਾਣੀ ਵਿਚੋਂ ਹੀ ਭਾਲਦੇ ਹਾਂ । ਕਹਿੰਦੇ ਹਨ
ਕਿ ਇੱਕ ਸਮੇਂ ਪੂਜÎ ਮਾਤਾ ਭਾਨੀ ਜੀ ਨੇ ਆਪਣੇ ਬੇਟੇ ਗੁਰੂ ਅਰਜਨ ਸਾਹਿਬ ਜੀ ਨਾਲ ਗਲਬਾਤ ਕਰਦਿਆਂ
ਜਗਿਆਸੂ ਬ੍ਰਿਤੀ ਨਾਲ ਦੋ ਬੜੇ ਅਹਿਮ ਅਤੇ ਸੰਸਾਗ੍ਰਸਤ ਸੁਆਲ ਪੁੱਛੇ । ਸ਼ਾਇਦ ਉਹ ਚਹੁੰਦੇ ਸਨ ਕਿ
ਗੁਰਸਿੱਖ ਸੰਗਤਾਂ ਅੰਦਰ ਗੁਰਮਤੀ ਸਿਧਾਂਤਾਂ ਪ੍ਰਤੀ ਦ੍ਰਿੜਤਾ ਹੋਰ ਪੱਕੇਰੀ ਹੋਵੇ ।
ਸੁਆਲ ਸਨ ‘‘ਬੇਟਾ ! ਇਹ ਦੱਸੋ ਕਿ ਪ੍ਰਭੂ ਪ੍ਰਾਪਤੀ ਲਈ ਗੁਰੂ ਦੀ ਚਰਨ-ਸ਼ਰਨ ਪੈ ਕੇ ਸੇਵਾ-ਭਗਤੀ ਕਰਨ
ਵਾਲੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵਲੋਂ ਦਰਸਾਈ, ਸਮਝਾਈ ਤੇ ਦ੍ਰਿੜ ਕਰਵਾਈ ਗਈ ਜੀਵਨ-ਜੁਗਤਿ
ਤੋਂ ਇਲਾਵਾ ਕੋਈ ਹੋਰ ਢੰਗ ਤਰੀਕਾ ਵੀ ਹੋ ਸਕਦਾ ਹੈ ? ਕੀ ਸਮਾਂ ਪਾ ਕੇ ਰੱਬੀ-ਥਾਟ (ਕੁਦਰਤੀ ਬਣਤਰ)
ਵਿੱਚ ਕਾਇਮ ਕੀਤੀ ਗਈ ਗੁਰਮੁਖਤਾਈ ਵਾਲੀ ਇਹ ਗੁਰਮਤੀ ਜੀਵਨ-ਜਗਤਿ ਕਿਤੇ ਬਦਲ ਵੀ ਸਕਦੀ ਹੈ ?
ਉੱਤਰ ਵਿੱਚ ਗੁਰਦੇਵ ਜੀ ਨੇ ਜੋ ਸ਼ਬਦ ਉਚਾਰਨ ਕੀਤਾ ਹੈ, ਉਸ ਵਿਚਲੇ ‘ਪਾਇਓ ਨ ਜਾਈ ਕਹੀ ਭਾਂਤਿ
ਰੇ` ਅਤੇ ‘ਇਕਿ ਸਾਧ ਬਚਨ ਅਟਲਾਧਾ` ਦੇ ਬਚਨਾਂ ਵਿੱਚ, ਜਿਥੇ, ਉਪਰੋਕਤ ਸੁਆਲਾਂ ਦੇ
ਉਤਰ ਛੁਪੇ ਹੋਏ ਹਨ । ਉਥੇ, ‘ਚਾਰਿ ਬਿਨਾਸੀ ਖਟਹਿ ਬਿਨਾਸੀ, ਇਕਿ ਸਾਧ ਬਚਨ ਨਿਹਚਲਾਧਾ` ਦਾ ਅਟੱਲ
ਬਚਨ, ਗੁਰੂ ਗ੍ਰੰਥ ਸਾਹਿਬ ਜੀ ਦੀ ਜੁਗੋ-ਜੁੱਗ ਅਟੱਲਤਾ ਦੇ ਪੱਖ ਨੂੰ ਵੀ ਭਲੀ ਭਾਂਤ ਪ੍ਰਗਟ ਕਰਦਾ
ਹੈ । ਕਿਉਂ ਕਿ, ਸਤਿਗੁਰੂ ਜੀ ਨੇ ਇਸ ਪੰਕਤੀ ਵਿੱਚ ਬਹੁਤ ਹੀ ਸਰਲ ਤੇ ਸਾਫ ਲਫ਼ਜ਼ਾਂ ਵਿੱਚ ਆਖਿਆ ਹੈ
ਕਿ ਚਾਰ ਵੇਦ, ਛੇ ਸ਼ਾਸਤ੍ਰ ਆਦਿਕ ਧਰਮ ਪੁਸਤਕ ਤਾਂ ਕਈ ਬਣੇ ਤੇ ਕਈ ਮਿਟੇ, ਪਰ ਸਾਧ (ਗੁਰੂ) ਦਾ ਬਚਨ
ਸਦਾ ਅਟੱਲ ਰਹਿੰਦਾ ਹੈ । ਭਾਵ, ਕਾਲ ਦਾ ਪ੍ਰਭਾਵ ਦ੍ਰਿਸ਼ਟਮਾਨ ਜਗਤ ਦੀਆਂ ਬਾਕੀ ਵਸਤੂਆਂ ਵਾਂਗ
ਗੁਰਵਾਕਾਂ ਵਿੱਚ ਪ੍ਰਗਟਾਏ ਗੁਰਮਤੀ ਸਿਧਾਂਤਾਂ ਨੂੰ ਕਮਜ਼ੋਰ ਕਰਕੇ ਮੇਟਣ ਤੋਂ ਅਸਮਰਥ ਹੁੰਦਾ ਹੈ ।
ਉਹ ਸੰਪੂਰਨ ਗੁਰਸ਼ਬਦ ਅਰਥਾਂ ਸਮੇਤ ਇਸ ਪ੍ਰਕਾਰ ਹੈ :
ਸਾਰਗ ਮਹਲਾ ੫ ।। ਮਾਈ, ਸਤਿ ਸਤਿ ਸਤਿ ਹਰਿ, ਸਤਿ ਸਤਿ ਸਤਿ ਸਾਧਾ
।।
ਬਚਨੁ ਗੁਰੂ ਜੋ ਪੂਰੈ ਕਹਿਓ, ਮੈ ਛੀਕਿ ਗਾਂਠਰੀ ਬਾਧਾ ।।੧।। ਰਹਾਉ ।।
ਅਰਥ :—ਹੇ ਮਾਂ! ਪਰਮਾਤਮਾ ਸਦਾ ਹੀ ਕਾਇਮ ਰਹਿਣ ਵਾਲਾ ਹੈ, ਪਰਮਾਤਮਾ ਦੇ ਸੰਤ ਜਨ ਭੀ ਅਟੱਲ ਆਤਮਕ
ਜੀਵਨ ਵਾਲੇ ਹਨ—ਇਹ ਜਿਹੜਾ ਬਚਨ (ਮੈਨੂੰ) ਪੂਰੇ ਗੁਰੂ ਨੇ ਦੱਸਿਆ ਹੈ, ਮੈਂ ਇਸ ਨੂੰ ਘੁੱਟ ਕੇ ਆਪਣੇ
ਪੱਲੇ ਬੰਨ੍ਹ ਲਿਆ ਹੈ ।੧।ਰਹਾਉ।
ਨਿਸਿ ਬਾਸੁਰ ਨਖਿਅਤ੍ਰ ਬਿਨਾਸੀ, ਰਵਿ ਸਸੀਅਰ ਬੇਨਾਧਾ ।।
ਗਿਰਿ ਬਸੁਧਾ ਜਲ ਪਵਨ ਜਾਇਗੋ, ਇਕਿ ਸਾਧ ਬਚਨ ਅਟਲਾਧਾ ।।੧।।
ਅਰਥ :—ਹੇ ਮਾਂ! ਰਾਤ, ਦਿਨ, ਤਾਰੇ, ਸੂਰਜ, ਚੰਦ੍ਰਮਾ—ਇਹ ਸਾਰੇ ਨਾਸਵੰਤ ਹਨ । ਪਹਾੜ,
ਧਰਤੀ, ਪਾਣੀ, ਹਵਾ—ਹਰੇਕ ਚੀਜ਼ ਨਾਸ ਹੋ ਜਾਇਗੀ । ਸਿਰਫ਼ ਗੁਰੂ ਦੇ ਬਚਨ ਹੀ ਕਦੇ ਟਲ ਨਹੀਂ ਸਕਦੇ ।੧।
ਅੰਡ ਬਿਨਾਸੀ ਜੇਰ ਬਿਨਾਸੀ, ਉਤਭੁਜ ਸੇਤ ਬਿਨਾਧਾ ।।
ਚਾਰਿ ਬਿਨਾਸੀ ਖਟਹਿ ਬਿਨਾਸੀ, ਇਕਿ ਸਾਧ ਬਚਨ ਨਿਹਚਲਾਧਾ ।।੨।।
ਅਰਥ :—ਹੇ ਮਾਂ! ਅੰਡਿਆਂ ਤੋਂ, ਜਿਓਰ ਤੋਂ, ਧਰਤੀ ਤੋਂ, ਮੁੜ੍ਹਕੇ ਤੋਂ ਪੈਦਾ ਹੋਣ ਵਾਲੇ ਸਭ ਜੀਵ
ਨਾਸਵੰਤ ਹਨ । ਚਾਰ ਵੇਦ, ਛੇ ਸ਼ਾਸਤ੍ਰ—ਇਹ ਭੀ ਨਾਸਵੰਤ ਹਨ । ਸਿਰਫ਼ ਗੁਰੂ ਦੇ ਬਚਨ ਹੀ ਸਦਾ ਕਾਇਮ
ਰਹਿਣ ਵਾਲੇ ਹਨ । ਧਰਮ ਪੁਸਤਕ ਤਾਂ ਕਈ ਬਣੇ ਤੇ ਕਈ ਮਿਟੇ, ਪਰ ਸਾਧ (ਗੁਰੂ) ਦਾ ਬਚਨ ਸਦਾ ਅਟੱਲ
ਰਹਿੰਦਾ ਹੈ ।੨।
ਰਾਜ ਬਿਨਾਸੀ ਤਾਮ ਬਿਨਾਸੀ ਸਾਤਕੁ ਭੀ ਬੇਨਾਧਾ ।।
ਦ੍ਰਿਸਟਿਮਾਨ ਹੈ ਸਗਲ ਬਿਨਾਸੀ, ਇਕਿ ਸਾਧ ਬਚਨ ਆਗਾਧਾ ।।੩।।
ਅਰਥ :—ਹੇ ਮਾਂ! (ਮਾਇਆ ਦੇ ਤਿੰਨ ਗੁਣ) ਰਾਜਸ ਤਾਮਸ ਸਾਤਕ ਨਾਸਵੰਤ ਹਨ । ਜੋ ਕੁਝ (ਇਹ ਜਗਤ) ਦਿੱਸ
ਰਿਹਾ ਹੈ ਸਾਰਾ ਨਾਸਵੰਤ ਹੈ । ਸਿਰਫ਼ ਗੁਰੂ ਦੇ ਬਚਨ ਹੀ ਐਸੇ ਹਨ ਜੋ ਅਟੱਲ ਹਨ (ਭਾਵ, ਆਤਮਕ ਜੀਵਨ
ਵਾਸਤੇ ਜੋ ਮਰਯਾਦਾ ਗੁਰੂ ਨੇ ਦੱਸੀ ਹੈ ਉਹ ਕਦੇ ਭੀ ਕਿਤੇ ਭੀ ਬਦਲ ਨਹੀਂ ਸਕਦੀ) ।੩।
ਆਪੇ ਆਪਿ ਆਪ ਹੀ ਆਪੇ, ਸਭੁ ਆਪਨ ਖੇਲੁ ਦਿਖਾਧਾ ।।
ਪਾਇਓ ਨ ਜਾਈ ਕਹੀ ਭਾਂਤਿ ਰੇ, ਪ੍ਰਭੁ ਨਾਨਕ ਗੁਰ ਮਿਲਿ ਲਾਧਾ ।।੪।।{ਗੁ.ਗ੍ਰੰ.ਪੰਨਾ ੧੨੦੪}
ਅਰਥ :—ਹੇ ਨਾਨਕ! (ਆਖ—) ਹੇ ਭਾਈ! ਜਿਹੜਾ ਪਰਮਾਤਮਾ (ਆਪਣੇ ਵਰਗਾ) ਆਪ ਹੀ ਆਪ ਹੈ, ਜਿਸ ਨੇ ਇਹ
ਸਾਰਾ ਆਪਣਾ ਜਗਤ-ਤਮਾਸ਼ਾ ਵਿਖਾਇਆ ਹੋਇਆ ਹੈ, ਉਹ ਹੋਰ ਕਿਸੇ ਭੀ ਤਰੀਕੇ ਨਾਲ ਨਹੀਂ ਮਿਲ ਸਕਦਾ । ਉਹ
ਪ੍ਰਭੂ ਗੁਰੂ ਨੂੰ ਮਿਲ ਕੇ (ਹੀ) ਲੱਭ ਸਕੀਦਾ ਹੈ ।੪।੬।
ਸੋ, ਇਸ ਲਈ ਸਪਸ਼ਟ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੁਗੋ-ਜੁੱਗ ਅਟੱਲਤਾ ਅਕਾਰੀ-ਸਰੂਪ
ਕਰਕੇ ਨਹੀ, ਸਗੋਂ, ਉਸ ਵਿਚਲੇ ਗੁਰਸ਼ਬਦਾਂ ਦੁਆਰਾ ਪ੍ਰਗਟਾਏ ਸਰਬ-ਕਾਲੀ, ਸਰਬ-ਦੇਸ਼ੀ ਅਤੇ ਸਰਬ-ਸਾਂਝੇ
ਨਿਰੰਕਾਰੀ-ਸਿਧਾਂਤਾਂ ਕਰਕੇ ਹੈ, ਜਿਹੜੇ ‘ਅਟਲਾਧਾ` (Unchangeable),
‘ਨਿਹਚਲਾਧਾ` (Immovable)
ਅਤੇ ‘ਅਗਾਧਾ` (Unknowable)
ਹਨ । ਅਸੀਂ ਇਹ ਸੱਚ ਅੱਖੀਂ ਦੇਖ ਰਹੇ ਹਾਂ ਅਤੇ ਕੰਨ੍ਹੀਂ ਸੁਣ ਵੀ ਰਹੇ ਹਾਂ ਕਿ ਅਜੋਕੇ ਯੁਗ ਦੇ
ਵਿਗਿਆਨੀ ਜਦੋਂ ਹੁਣ ਕਥਿਤ ਧਰਮ ਗ੍ਰੰਥਾਂ ਦੀਆਂ ਖ਼ਿਆਲੀ ਮਨੌਤਾਂ ਦੀ ਖਿੱਲੀ ਉਡਾ ਰਹੇ ਹਨ । ਤਦੋਂ,
ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵਿਚਾਰਧਾਰਕ ਸਚਾਈਆਂ ਹੋਰ ਵੀ ਉਘੜਵੇਂ ਰੂਪ ਵਿੱਚ ਪ੍ਰਗਟ ਹੋ ਰਹੀਆਂ
ਹਨ । ਹਕੀਕਤ ਤਾਂ ਇਹ ਹੈ ਕਿ ਜਿਉਂ ਜਿਉਂ ਸਾਇੰਸ ਦਾ ਵਿਕਾਸ ਹੋ ਰਿਹਾ ਹੈ, ਤਿਉਂ ਤਿਉਂ ਗੁਰਬਾਣੀ
ਦੀਆਂ ‘ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ।।` (ਪੰ.੫), ‘ਪਹਿਲਾ
ਪਾਣੀ ਜੀਉ ਹੈ, ਜਿਤੁ ਹਰਿਆ ਸਭੁ ਕੋਇ ।। (ਪੰ.੪੭੨), ਸਸਿ ਘਰਿ ਸੂਰੁ ਵਸੈ, ਮਿਟੈ ਅੰਧਿਆਰਾ ।।
(ਪੰ.੯੪੩), ‘ਅਰਬਦ ਨਰਬਦ ਧੁੰਦੂਕਾਰਾ ।।`(ਪੰ.੧੦੩੫), ਪਰਮਾਣੋ ਪਰਜੰਤ ਆਕਾਸਹ, ਦੀਪ ਲੋਅ ਸਿਖੰਡਣਹ
।। (੧੩੬੦) ਆਦਿਕ ਰਹਸਮਈ ਤੁਕਾਂ ਦੇ ਅਰਥ ਅਤੇ ਇਨ੍ਹਾਂ ਦੇ ਵਿਗਿਆਨਕ ਦ੍ਰਿਸ਼ਟੀਕੋਨ
ਸੰਸਾਰ ਦੀ ਸਮਝ ਗੋਚਰੇ ਹੋ ਰਹੇ ਹਨ ।
ਇਹੀ ਕਾਰਨ ਹੈ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਵੀ.ਪੀ. ਸਿੰਘ ਨੇ ਨਵੰਬਰ ੨੦੦੪ ਵਿੱਚ ਇੱਕ
ਇੰਟਰਵਿਊ ਵਿਖੇ ਧਰਮ ਗ੍ਰੰਥਾਂ ਦੀ ਗੱਲ ਕਰਦਿਆਂ ਆਖਿਆ ਸੀ ਕਿ ‘‘ ਗੁਰਬਾਣੀ ਵਿਗਿਆਨ ਦੀ ਕਸਵੱਟੀ
`ਤੇ ਖਰੀ ਉਤਰਦੀ ਹੈ । ਅੱਜ ਦਾ ਜੋ ਸਾਇੰਸ ਦਾ ਯੁੱਗ ਦੱਸ ਰਿਹਾ ਹੈ, ਗੁਰੂ ਨਾਨਕ ਸਾਹਿਬ ਨੇ ੫੦੦
ਸਾਲ ਪਹਿਲਾਂ ਗੁਰਬਾਣੀ ਵਿੱਚ ਦੱਸ ਦਿੱਤਾ ਸੀ । ਬ੍ਰਹਿਮੰਡ ਵਿੱਚ ਲੱਖਾਂ ਧਰਤੀਆਂ, ਆਕਾਸ਼, ਪਾਤਾਲ
ਹਨ । ਗੁਰਬਾਣੀ ਵਿੱਚ ਇਸ ਗੱਲ ਦਾ ਵੀ ਜ਼ਿਕਰ ਹੈ ਕਿ ਚੰਦਰਮਾ ਦੀ ਆਪਣੀ ਰੌਸ਼ਨੀ ਨਹੀ ; ਚੰਦ, ਸੂਰਜ
ਤੋਂ ਆਪਣੀ ਰੌਸ਼ਨੀ ਲੈ ਕੇ ਚਮਕਦਾ ਹੈ ।`` {ਪੰਜਾਬੀ ਟ੍ਰਿਬਿਊਨ 1 ਦਸੰਬਰ 2004}
---ਚਲਦਾ