.

☬ ਅਕਾਲ-ਮੂਰਤਿ ☬
(ਕਿਸ਼ਤ ਨੰ: 09)

ਜਗਤਾਰ ਸਿੰਘ ਜਾਚਕ, ਆਨਰੇਰੀ ਇੰਟਰਨੈਸ਼ਨਲ ਸਿੱਖ ਮਿਸ਼ਨਰੀ

‘ਤਵਾਰੀਖ਼ ਗੁਰੂਖ਼ਾਲਸਾ` ਵਿੱਚ ਜ਼ਿਕਰ ਹੈ ਕਿ 28 ਹਾੜ ਸੰਮਤ 1568 ਬਿਕ੍ਰਮੀ ਮੁਤਾਬਿਕ 1511 ਈ: ਨੂੰ ‘ਅਕਾਲ-ਮੂਰਤਿ` ਦੇ ਪ੍ਰਚਾਰਕ ਗੁਰੂ ਨਾਨਕ ਸਾਹਿਬ, ਰਾਜਾ ਭਰਥਰੀ (ਜੋਗੀ) ਅਤੇ ਰਾਜਾ ਬਿਕ੍ਰਮਾਜੀਤ ਦੀ ਨਗਰੀ ਉਜੈਨ ਵਿਖੇ ਮਹਾਂਕਾਲ ਦੇ ਮੰਦਰ ਪਹੁੰਚੇ । ਸਤਿਗੁਰੂ ਜੀ ਨੇ ਨੋਟ ਕੀਤਾ ਕਿ ਸ਼ਰਧਾਲੂ ਲੋਕ ਸ਼ਿਵਲਿੰਗ ਅਤੇ ਮਹਾਂਕਾਲ (ਸ਼ਿਵ ਦਾ ਭੈਰਵ ਤੇ ਖੌਫਨਾਕ ਰੂਪ) ਦੀ ਬਿਨਸਨਹਾਰ ਤੇ ਡਰਾਉਣੀ ਮੂਰਤੀ (ਜੀਹਦੇ ਇੱਕ ਹੱਥ ਵਿੱਚ ਡਮਰੂ, ਇੱਕ ਹੱਥ ਵਿੱਚ ਗਦਾ, ਇੱਕ ਹੱਥ ਵਿੱਚ ਚਮਕਦੀ ਤਲਵਾਰ ਤੇ ਇੱਕ ਹੱਥ ਵਿੱਚ ਲਹੂ ਦਾ ਕਾਸਾ ਅਤੇ ਮੂੰਹ ਵਿਚੋਂ ਬਾਹਰ ਨਿਕਲੀਆਂ ਦਾੜ੍ਹਾਂ, ਲਾਲ ਜੀਭ ਤੇ ਗਲ ਵਿੱਚ ਲਹੂ ਚੋਂਦੇ ਮਨੁਖੀ ਸਿਰਾਂ ਦੀ ਮਾਲਾ ਹੈ) ਨੂੰ ਹੀ ਕਾਲ ਰਹਿਤ ਤੇ ਸਰਬਕਲਾ ਸਮਰਥ ਰੱਬ ਮੰਨ ਕੇ ਕਾਲ ਦੀ ਮਾਰ ਤੋਂ ਬਚਣ ਲਈ ਤਰਲੇ ਮਾਰ ਰਹੇ ਹਨ । ਉਨ੍ਹਾਂ ਨੇ ਸੰਧਿਆ ਵੇਲੇ ਦੀ ਆਰਤੀ ਸਮੇਂ ਸੁਣਿਆਂ ਕਿ ਉਹ ਮਹਾਂਕਾਲ ਦੀ ਇਸ ਜੜ੍ਹ ਮੂਰਤੀ ਲਈ ਹੀ ਆਦਿ, ਅਕਾਲ, ਅਜੋਨਿ, ਨਿਰਭੈ, ਨਿਰਬਿਕਾਰ ਤੇ ਨਿਰਲੰਭ ਆਦਿਕ ਦੈਵੀ ਵਿਸ਼ੇਸਣ ਵਰਤ ਰਹੇ ਹਨ ।

ਮੂਰਤੀਆਂ ਦੇ ਰੂਪ ਵਿੱਚ ਮਹਾਂਕਾਲ ਦਾ ਜਿਹੜਾ ਭੈਰਵੀ ਰੂਪ ਪ੍ਰਗਟ ਕੀਤਾ ਗਿਆ ਹੈ, ਉਹ ਬਚਿਤਰ ਨਾਟਕ ਵਿੱਚ ‘ਸ਼੍ਰੀ ਕਾਲ ਜੀ ਕੀ ਉਸਤਤਿ` ਦੇ ਸਿਰਲੇਖ ਹੇਠ ਸ਼ਬਦਾਂ ਵਿੱਚ ਇਉਂ ਚਿਤਰਿਆ ਗਿਆ ਹੈ :

ਡਮਾਡੱਮ ਡਉਰੂ, ਸਿਤਾਸੇਤ ਛਤ੍ਰੰ ।। ਹਾਹਾ ਹੂਹ ਹਾਸੰ, ਝਮਾ ਝੱਮ ਅਤਰੰ ।।੧੯।।

ਸਿਰੰ ਮਾਲ ਰਾਜੰ ।। ਲਖੇ ਰੁਦ੍ਰ ਲਾਜੰ ।।੨੨।। ਚਮਕਹਿ ਕ੍ਰਿਪਾਣੰ ।। ਅਭੁਤ ਭਯਾਣੰ ।।੩੧।।

ਚਤੁਰ ਬਾਂਹ ਚਾਰੰ ।। ਨਿਜੂਟੰ ਸੁਧਾਰੰ ।। ਗਦਾ ਪਾਸ ਸੋਹੰ ।। ਜਮੰ ਮਾਨ ਮੋਹੰ ।।੩੨।।

ਸੁਭੰ ਜੀਭ ਜੁਆਲੰ ।। ਸੁ ਦਾੜਾ ਕਰਾਲੰ ।। ਬਜੀ ਬੰਬ ਸਖੰ ।। ਉਠੇ ਨਾਦ ਬੰਖੰ ।।੩੩।।

{ਅਰਥ : ਮਹਾਂਕਾਲ ਦੇ ਹੱਥ ਦਾ ਡਉਰੂ ਡੰਮ ਡੰਮ (ਵਜਦਾ ਹੈ) ਅਤੇ (ਸਿਰ ਉੱਤੇ) ਚਿੱਟਾ-ਕਾਲਾ ਛਤ੍ਰ ਝੁਲਦਾ ਹੈ । ਮੂੰਹੋਂ ਹਾਹਾ-ਹੂਹ ਕਰ ਕਰ ਹਸ ਰਹੇ ਹਨ ਅਤੇ ਹੱਥ ਵਿਚਲੇ ਅਸਤਰ ਝਿਲਮਿਲ ਝਿਲਮਿਲ ਕਰ ਰਹੇ ਹਨ । ੧੯। ਸਿਰਾਂ ਦੀ ਮਾਲਾ ਆਪ ਦੇ ਗਲ ਵਿੱਚ ਸੋਭ ਰਹੀ ਹੈ, ਜਿਸ ਨੂੰ ਵੇਖ ਕੇ ਰੁਦ੍ਰ (ਬ੍ਰਹਮਾ ਦਾ ਰੋਂਦੂ ਪੁਤਰ) ਸ਼ਿਰਮਿੰਦਾ ਹੁੰਦਾ ਹੈ ।੨੨। (ਮਹਾਂਕਾਲ ਦੇ ਹੱਥ ਦੀ) ਤਲਵਾਰ ਚਮਕਦੀ ਹੈ । (ਜੋ ਵੱਡੀ) ਅਦਭੁੱਤ ਡਦਾਉਣੀ ਹੈ ।੩੧। ਚਾਰ ਬਾਹਾਂ ਸੁੰਦਰ ਹਨ । ਸਿਰ ਉੱਤੇ ਜੂੜਾ ਸੁਧਾਰਿਆ ਹੋਇਆ ਹੈ । ਜੋ ਉਨ੍ਹਾਂ ਕੋਲ ਗਦਾ ਸੁਹਾਉਂਦੀ ਹੈ, ਉਹ ਜਮ ਦੇ ਮਨ ਨੂੰ ਮੋਹ ਰਹੀ ਹੈ ।੩੨। ਅੱਗ ਵਾਂਗੂ (ਲਾਲ) ਜੀਭ ਸੋਭਦੀ ਹੈ । ਦਾੜ੍ਹਾਂ ਬਹੁਤ ਡਰਾਉਣੀਆਂ ਹਨ । ਚੜ੍ਹਾਈ ਵੇਲੇ ਸੰਖ ਤੇ ਧੌਂਸੇ (ਇਉਂ) ਵਜਦੇ ਹਨ, ਜਿਵੇਂ ਸਮੁੰਦਰ ਗਰਜ ਰਿਹਾ ਹੋਵੇ ।੩੩।}

ਉਜੈਨ ਮੰਦਰ ਵਿਚਲਾ ਵਰਤਾਰਾ ਦੇਖ ਕੇ ਮਾਨਵ-ਦਰਦੀ ਸਤਿਗੁਰੂ ਜੀ ਦਾ ਹਿਰਦਾ ਇਸ ਪੱਖੋਂ ਹੋਰ ਵੀ ਦੁਖੀ ਹੋਇਆ ਕਿ ਕੁਝ ਲੋਕਾਂ ਨੂੰ ਇਥੇ ਵੀ ਪੂਜਾ-ਪਾਠ ਤੇ ਮੰਦਰ ਨਾਲ ਵਹਿੰਦੀ ਨਦੀ ਸਿਪਰਾ-ਗੰਗਾ ਦੇ ਇਸ਼ਨਾਨ ਦਾ ਅਧਿਕਾਰ ਨਹੀ ਹੈ । ਕਿਉਂਕਿ, ਉਹ ਬ੍ਰਾਹਮਣਾਂ ਦੀ ਦ੍ਰਿਸ਼ਟੀ ਵਿੱਚ ਸ਼ੂਦਰ ਮੰਨੇ ਜਾਂਦੇ ਹਨ । ਇਸ ਲਈ ਸਤਿਗੁਰੂ ਜੀ ਨੇ ਦੂਜੇ ਦਿਨ ਲੌਢੇ ਵੇਲੇ (ਦਿਨ ਦੇ ਤੀਜੇ ਪਹਿਰ, ਜਦੋਂ ਦੁਪਹਿਰ ਢਲ ਰਹੀ ਸੀ) ਮੰਦਰ ਦੇ ਨੇੜੇ ਸਪਰਾ-ਗੰਗਾ ਨਦੀ ਦੇ ਕਿਨਾਰੇ ਇੱਕ ਦਰਖਤ ਹੇਠ ਬੈਠ ਕੇ ਇਥੋਂ ਦੇ ਲੋਕਾਂ ਨੂੰ ਸੁਮੱਤ ਬਖ਼ਸ਼ਣ ਹਿੱਤ ਆਪਣੇ ਸਾਥੀ ਭਾਈ ਮਰਦਾਨਾ ਜੀ ਨੂੰ ਰਬਾਬ (Rebeck) ਵਜਾਣ ਲਈ ਇਸ਼ਾਰਾ ਕੀਤਾ। ਸਤਿਗੁਰੂ ਜੀ ਦੇ ਪਿਆਰ ਪਾਤਰ ਤੇ ਰਾਗ ਦੇ ਧਨੀ, ਭਾਈ ਜੀ ਨੇ ਸੀਸ ਝੁਕਾਇਆ ਅਤੇ ਸਮਾਂ ਜਾਚਣ ਲਈ ਇੱਕ ਵਾਰ ਢਲਦੇ ਸੂਰਜ ਵਲ ਝਾਕ ਕੇ ਉਨ੍ਹੇ ਰਬਾਬ ਦੀਆਂ ਤਰਬਾਂ ਨੂੰ ਛੇੜਿਆ । ਕਿਉਂਕਿ, ਉਹ ਰਾਗ ਦੀ ਬਰੀਕੀਆਂ ਦੇ ਨਾਲ ਨਾਲ ਰਾਗਾਂ ਦੀ ਤਸੀਰ ਨੂੰ ਵੀ ਸਮਝਦੇ ਸਨ । ਇਸ ਲਈ ਉਨ੍ਹਾਂ ਨੇ ਸਿਰੀ ਰਾਗ ਦੀ ਧੁੰਨ ਉੱਠਾਈ ਅਤੇ ਇਸੇ ਹੀ ਰੰਗ ਵਿੱਚ ਕੁਝ ਛਿਨ ਲਹਿਰਾ ਵਜਾ ਕੇ ਵਾਤਾਵਰਣ ਨੂੰ ਸੰਗੀਤਮਈ ਬਣਾਇਆ ।

ਆਲੇ-ਦੁਆਲੇ ਦੇ ਕੁਝ ਲੋਕ ਤਾਂ ਰਬਾਬ ਦੀਆਂ ਰਾਗਮਈ ਸੁਰਾਂ ਸੁਣ ਕੇ ਹੀ ਇਕੱਠੇ ਹੋ ਗਏ ਅਤੇ ਕੁਝ ਹੋਰ, ਜਿਨ੍ਹਾਂ ਵਿੱਚ ਮੰਦਰ ਦੇ ਪੰਡੇ, ਤੀਰਤ ਯਾਤਰਾ `ਤੇ ਆਏ ਬੈਰਾਗੀ, ਸੰਨਿਆਸੀ, ਜੋਗੀ ਅਤੇ ਬੰਗਾਲ ਦੇ ਦੁਰਗਾ ਭਗਤਾਂ ਤੋਂ ਇਲਾਵਾ ਸਥਾਨਕ ਐਸੇ ਲੋਕ ਵੀ ਸਨ, ਜਿਨ੍ਹਾਂ ਨੂੰ ਮੰਦਰ ਵਿਚੋਂ ਸ਼ੂਦਰ ਕਹਿ ਕੇ ਦੁਰਕਾਰਿਆ ਜਾਂਦਾ ਸੀ । ਜਿਹੜੇ ਵਿਚਾਰੇ ਗਰਮੀ ਦੇ ਮਾਰੇ ਨਦੀ ਵਿੱਚ ਬ੍ਰਾਹਮਣਾਂ ਤੋਂ ਚੋਰੀਂ ਵੀ ਟੁੱਬੀ ਲਾਉਣ ਤੋਂ ਤ੍ਰਬਕਦੇ ਸਨ । ਉਦੋਂ ਆਣ ਇਕੱਠੇ ਹੋਏ, ਜਦੋਂ ਅਕਾਲਮੂਰਤਿ ਦੇ ਪੂਜਾਰੀ ਤੇ ਨਿਰਭਉ ਬਾਬੇ ਨੇ ਉੱਚੀ ਹੇਕ ਵਾਲੀ ਸਦ-ਮਈ ਤਰਜ਼ ਨਾਲ, ‘‘ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ ।। ਮਿਲਿ ਕੈ ਕਰਹ ਕਹਾਣੀਆ ਸੰਮਥ੍ਰ ਕੰਤ ਕੀਆਹ ।।``{ਗੁ.ਗ੍ਰੰ.ਪੰ.੧੮} ਦੀਆਂ ਅਰੰਭਕ ਪੰਕਤੀ ਵਾਲਾ ਸ਼ਬਦ ਗਾਇਨ ਕੀਤਾ ।

ਕਿਉਂਕਿ, ‘ਧੁਰ ਕੀ ਬਾਣੀ` ਦੇ ਇਸ ਸ਼ਬਦ ਰਾਹੀਂ ਬਿਨਾਂ ਕਿਸੇ ਵਿਤਕਰੇ ਸਾਰਿਆਂ ਨੂੰ ਮਿਲ ਕੇ ਰੱਬੀ ਸਿਫ਼ਤ-ਸਲਾਹ ਕਰਨ ਦੀ ਸੱਦ ਦਿਤੀ ਜਾ ਰਹੀ ਸੀ । ‘‘ਕੇਤੇ ਤੇਰੇ ਰੂਪ ਰੰਗ ਕੇਤੇ ਜਾਤਿ ਅਜਾਤਿ ।।`` ਦੀ ਪੰਕਤੀ ਦੁਆਰਾ ਸਮਝਾਇਆ ਜਾ ਰਿਹਾ ਸੀ ਕਿ ਸਾਰੇ ਜੀਅ ਜੰਤ ਉਸ ਇੱਕ ਪਰਮਾਤਮਾ ਦੇ ਹੀ ਪੈਦਾ ਕੀਤੇ ਹੋਏ ਹਨ । ‘‘ਸਹਜਿ ਸੰਤੋਖਿ ਸੀਗਾਰਿਆ ਮਿਠਾ ਬੋਲਣੀ ।। ਪਿਰੁ ਰੀਸਾਲੂ ਤਾ ਮਿਲੈ ਜਾ ਗੁਰ ਕਾ ਸਬਦੁ ਸੁਣੀ ।।`` ਰਾਹੀਂ ਦਸਿਆ ਜਾ ਰਿਹਾ ਸੀ ਕਿ ਪੂਜਾ ਪਾਠ ਤੇ ਕਰਮਕਾਂਡਾਂ ਦੁਆਰਾ ਪਤੀ ਪਰਮਾਤਮਾ ਖੁਸ਼ ਨਹੀ ਹੁੰਦਾ, ਉਹ ਖੁਸ਼ ਹੁੰਦਾ ਹੈ ਜਿੰਦਗੀ ਵਿੱਚ ਅਪਨਾਏ ਸਤ ਸੰਤੋਖ ਆਦਿਕ ਦੈਵੀ ਗੁਣਾਂ ਦੇ ਸ਼ਿੰਗਾਰ ਦੁਆਰਾ । ਅਸਥਾਈ ਦੇ ਰੂਪ ਵਿੱਚ ਗਾਇਨ ਕੀਤੀ ਜਾਣ ਵਾਲੀ ਰਹਾਉ ਦੀ ਪੰਕਤੀ ‘‘ਕਰਤਾ ! ਸਭੁ ਕੋ ਤੇਰੈ ਜੋਰਿ ।। ਏਕੁ ਸਬਦੁ ਬੀਚਾਰੀਐ ਜਾ ਤੂ ਤਾ ਕਿਆ ਹੋਰਿ ।।।।ਰਹਾਉ।।`` ਵਿੱਚ ਵਧੇਰੇ ਜ਼ੋਰ ਇਸ ਗੱਲ ਉੱਤੇ ਦਿੱਤਾ ਜਾ ਰਿਹਾ ਸੀ ਕਿ ਸਾਰਾ ਸੰਸਾਰ ਇੱਕ ਸਰਬ ਵਿਆਪਕ ਕਰਤੇ ਦੇ ਆਸਰੇ ਟਿਕਿਆ ਹੋਇਆ ਹੈ । ਤੇ ਜਿਹੜਾ ਮਨੁੱਖ ਗੁਰਬਾਣੀ ਨੂੰ ਵੀਚਾਰ ਕੇ ਇਸ ਭੇਦ ਨੂੰ ਸਮਝ ਲੈਂਦਾ ਹੈ, ਉਸ ਨੂੰ ਫਿਰ ਕਿਸੇ ਪ੍ਰਕਾਰ ਦੇ ਕਾਲ, ਦੇਵੀ-ਦੇਵਤਿਆਂ ਤੇ ਵਿਕਾਰਾਂ ਦੀ ਮਾਰ ਤੋਂ ਡਰਨ ਦੀ ਲੋੜ ਨਹੀ ਰਹਿੰਦੀ ।

ਗੁਰ-ਸ਼ਬਦ ਸੁਣ ਕੇ ਮੰਤ੍ਰ-ਮੁਗਧ ਹੋਏ ਸਥਾਨਕ ਪੰਡੇ ਤੇ ਤੀਰਥਾਂ ਦਾ ਭਰਮਣ ਕਰ ਰਹੇ ਸੰਨਿਆਸੀ ਅੰਦਰੋਂ ਅਉਖੇ ਵੀ ਬਹੁਤ ਹੋ ਰਹੇ ਸਨ । ਕਿਉਂਕਿ, ਬਾਬੇ ਦੇ ਉਪਦੇਸ਼ ਰਾਹੀਂ ਉਨ੍ਹਾਂ ਦੀ ਸਮਾਜ ਵਿਚਲੀ ਵਿਅਕਤੀਗਤ ਵਿਸ਼ੇਸ਼ਤਾ ਅਤੇ ਪੂਜਾ ਦੇ ਬਹਾਨੇ ਲੋਕਾਈ ਨੂੰ ਲੁੱਟਣ ਲਈ ਖੜ੍ਹੇ ਕੀਤੇ ਦੇਵੀ-ਦੇਵਤਿਆਂ ਦੀ ਪ੍ਰਤਿਸ਼ਠਤਾ ਖ਼ਤਮ ਹੁੰਦੀ ਜਾਪ ਰਹੀ ਸੀ । ਇਸ ਲਈ ਉਨ੍ਹਾਂ ਵਿਚੋਂ ਇੱਕ ਸੰਨਿਆਸੀ ਬੋਲਿਆ ‘‘ਤੁਮ ਕੌਣ ਸੇ ਕਰਤੇ ਕੇ ਸੋਹਿਲੇ ਗਾ ਰਹੇ ਹੋ ? ਆਪ ਕੋ ਮਾਲੂਮ ਹੋਣਾ ਚਾਹੀਏ ਕਿ ਏਕ ਭਗਵਾਨ ਬ੍ਰਹਮਾ ਜੀ ਹੀ ਸ਼੍ਰਿਸ਼ਟੀ ਕਾ ਕਰਤਾ ਔ ਧਰਤਾ ਹੈ । ਮੰਦਰ ਦਾ ਪੰਡਾ ਬੋਲਿਆ ‘‘ਮਹਾਂਕਾਲ ਕੀ ਸ਼ਰਨ ਆਨੇ ਸੇ ਹੀ ਯਮ ਔਰ ਅਨ ਸ਼ਕਤੀਓਂ ਕਾ ਭੈ ਬਿਨਸ ਸਕਤਾ ਹੈ । ਕਾਰਨ ਯੇਹ ਹੈ ਕਿ ਵੋਹ ਹੀ ਸ਼੍ਰਿਸ਼ਟੀ ਕੇ ਕਰਤਾ, ਧਰਤਾ ਔਰ ਹਰਤਾ ਹੈਂ । ਯੇ ਹੀ ਕਾਰਨ ਹੈ ਕਿ ਬ੍ਰਹਮਾ ਔਰ ਵਿਸ਼ਨੂੰ ਜੀ ਭੀ ਅਸੁਰੋਂ ਕੇ ਡਰ ਕਾਰਨ ਉਨ ਕੀ ਸ਼ਰਨ ਮੇਂ ਪਹੁੰਚੇ ਥੇ । ਇਸੀ ਲੀਏ ਮਹਾਂਕਾਲ ਕੀ ਆਰਤੀ ਮੇਂ ਹਮ ਸੁਭਾ ਸ਼ਾਮ ਯੇਹ ਪਦੇ ਗਾਤੇ ਹੈ`` :

ਡਗ ਮਗ ਲੋਕ ਚਤੁਰ ਦਸ ਭਏ ।। ਅਸੁਰਨ ਸਾਥ ਸਕਲ ਭਰ ਗਏ ।।

ਬ੍ਰਹਮਾ ਬਿਸਨ ਸਭੈ ਡਰ ਪਾਨੇ ।। ਮਹਾਂਕਾਲ ਕੀ ਸਰਨ ਸਿਧਾਨੇ ।।੮੯।।

ਇਹ ਬਿਧਿ ਸਭੈ ਪੁਕਾਰਤ ਭਏ ।। ਜਨ ਕਰ ਲੂਟ ਬਨਿਕ ਸੇ ਲਏ ।।

ਤ੍ਰਾਹਿ ਤ੍ਰਾਹਿ ਹਮ ਸਰਨ ਤੁਹਾਰੀ ।। ਸਭ ਭੈ ਤੇ ਹਮ ਲੇਹੁ ਉਬਾਰੀ ।।੯੦।।

ਤੁਮਹੋ ਸਕਲ ਲੋਕ ਸਿਰਤਾਜਾ ।। ਗਰਬਨ ਗੰਜ ਗਰੀਬ ਨਿਵਾਜਾ ।।

ਆਦਿ, ਅਕਾਲ, ਅਜੋਨਿ ਬਿਨਾ ਭੈ ।। ਨਿਰਬਿਕਾਰ ਨਿਰਲੰਭ ਜਗਤ ਮੈ ।।੯੧।।

ਓਥੋਂ ਦੇ ਯਾਤਰੂਆਂ ਵਿੱਚ ਬੰਗਾਲ ਦੇ ਕੁਝ ਦਰਗਾ-ਦੇਵੀ ਦੇ ਉਪਾਸ਼ਕ ਵੀ ਸ਼ਾਮਲ ਸਨ । ਕਿਉਂਕਿ, ਇਹ ਦੇਵੀ ਮਹਾਂਕਾਲ ਦੀ ਹੀ ਇੱਕ ਖੱਬੇ-ਪੱਖੀ ਸ਼ਕਤੀ ਮੰਨੀ ਜਾਂਦੀ ਹੈ, ਜਿਸ ਦੁਆਰਾ ਉਹ ਜਗਤ ਦੀ ਰਚਨਾ ਕਰਦਾ ਹੈ । ਇਸ ਲਈ ਇੱਕ ਦੁਰਗਾ ਭਗਤ ਨੇ ਆਖਿਆ ਕਿ ‘‘ਮਾਤਾ ਕੀ ਸ਼ਰਨ ਸਿਧਾਨੇ ਸੇ ਹੀ ਮਨੁੱਖ ਮੋਕਸ਼ ਕੋ ਪ੍ਰਾਪਤ ਹੋ ਸਕਤਾ ਹੈ । ਕਿਉਂਕਿ, ਵੋਹ ਸ਼ਿਵ-ਸ਼ਕਤੀ ਹੈ । ਸ਼੍ਰਿਸ਼ਟੀ ਕੀ ਸਿਰਜਕ ਹੈ`` । ਚੰਡੀ, ਕਾਲੀ (ਕਾਲਕਾ), ਸਿਵਾ, ਪਾਰਬਤੀ, ਭੈਰਵੀ, ਭਗੌਤੀ ਤੇ ਭਵਾਨੀ ਆਦਿਕ ਸਾਰੇ ਇਸੇ ਦੇ ਹੀ ਰੂਪ ਤੇ ਨਾਮ ਹਨ । ‘ਚੌਬੀਸ ਅਵਤਾਰ, ਦੇ ਬਿਪਰਵਾਦੀ ਕਾਵਿ ਸੰਗ੍ਰਹਿ ਵਿੱਚ ਮਹਾਂਕਾਲ ਦੇ ਉਪਾਸ਼ਕਾਂ ਦਾ ਇਹ ਨਿਸ਼ਚਾ ਇਉਂ ਪ੍ਰਗਟ ਹੁੰਦਾ ਹੈ :

ਪ੍ਰਿਥਮ, ਕਾਲ, ਸਭ ਕੋ ਜਗ ਤਾਤਾ । ਤਾਂਤੇ ਭਯੋ ਤੇਜ ਵਿਖਿਤਾ ।

ਸੋਈ, ਭਵਾਨੀ ਨਾਮ ਕਹਾਈ । ਜਿਨ, ਸਗਰੀ ਇਹ ਸ੍ਰਿਸਟ ਬਨਾਈ ।

ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇਨ੍ਹਾਂ ਸਾਰਿਆਂ ਦੀ ਨੋਕ-ਝੋਕ ਬੜ੍ਹੀ ਧੀਰਜ ਨਾਲ ਸੁਣੀ ਅਤੇ ਉਨ੍ਹਾਂ ਦਾ ਉਤਰ ਦੇਣ ਲਈ ਇੱਕ ਹੋਰ ਸ਼ਬਦ ਗਾਇਨ ਕਰਨਾ ਚਾਹਿਆ । ਹਜ਼ੂਰ ਦਾ ਇਸ਼ਾਰਾ ਪਾ ਕੇ ਭਾਈ ਮਰਦਾਨਾ ਜੀ ਨੇ ਸ਼ਿਵ-ਭਗਤ ਸ਼੍ਰੋਤਿਆਂ ਦੀ ਮਾਨਸਿਕਤਾ ਨੂੰ ਸਮਝਦਿਆਂ ‘ਗਉੜੀ` ਰਾਗ (ਰਾਗਣੀ) ਦੀਆਂ ਸੁਰਾਂ ਛੇੜੀਆਂ । ਕਿਉਂਕਿ, ਭਾਈ ਮਰਦਾਨਾ ਜੀ ਭਾਂਪ ਰਹੇ ਸਨ ਕਿ ਸ਼ਿਵ-ਭਗਤ ਕ੍ਰੋਧਿਤ ਹੋ ਰਹੇ ਹਨ । ਇਸ ਲਈ ਲੋੜ ਹੈ ਕਿ ਇਨ੍ਹਾਂ ਨੂੰ ਹੁਣ ਕੁਝ ਠੰਡਿਆਂ ਕੀਤਾ ਜਾਏ, ਤਾਂ ਜੋ ਇਹ ਸੁਣਨ ਲਈ ਅਕ੍ਰਖਤ ਹੁੰਦੇ ਹੋਏ ਗੁਰੂ ਦੀ ਗੱਲ ਸਮਝਣ ਦੇ ਯੋਗ ਹੋ ਸਕਣ । ਸ਼ਿਵ ਭਗਤਾਂ ਦੇ ਕ੍ਰੋਧਿਤ ਹੋਣ ਦਾ ਵੱਡਾ ਕਾਰਨ ਇਹੀ ਸੀ ਕਿ ਉਨ੍ਹਾਂ ਵਿਚਲੇ ਪੁਜਾਰੀ ਵਰਗ ਨੂੰ ਤੌਹੀਦ ਪ੍ਰਸਤ ਗੁਰੂ ਬਾਬਾ ਵੀ ਅਰਬੀ ਹਮਲਾਵਰਾਂ ਵਾਂਗ ਬੁੱਤ-ਸ਼ਿਕਨ ਹੀ ਜਾਪ ਰਿਹਾ ਸੀ, ਜਿਹੜਾ ਤਲਵਾਰ ਦੀ ਥਾਂ ਵਿਚਾਰ ਦੀ ਵਰਤੋਂ ਕਰ ਰਿਹਾ ਹੈ ।

ਪੁਜਾਰੀ ਅੰਦਰੋਂ ਡਰ ਰਹੇ ਸਨ ਸਨ ਕਿ ਤਲਵਾਰ ਦੇ ਜ਼ੋਰ ਨਾਲ ਸਥੂਲ ਰੂਪ ਵਿੱਚ ਤੋੜੇ ਹੋਏ ਬੁੱਤਾਂ ਦੀ ਥਾਂ ਤਾਂ ਪੂਜਾ ਲਈ ਨਵੇਂ ਬੁੱਤ ਰਖੇ ਜਾ ਸਕਦੇ ਹਨ । ਪਰ, ਜੇਕਰ ਵਿਚਾਰਧਾਰਾ ਦੇ ਬਲਬੋਤੇ ਲੋਕਾਂ ਦੇ ਦਿਲ-ਦਿਮਾਗ ਵਿਚੋਂ ਬੁੱਤ-ਪ੍ਰਸਤੀ ਖ਼ਤਮ ਹੋ ਗਈ ਤਾਂ ਫਿਰ ਲੋਕਾਂ ਨੂੰ ਲੁੱਟਣ ਦਾ ਹੋਰ ਕੋਈ ਚਾਰਾ ਨਹੀ ਰਹਿ ਜਾਏਗਾ । ਮਾਨਵ-ਹਿਤਕਾਰੀ ਬਾਬੇ ਦੀ ਸੋਚ ਤਾਂ ਇਹ ਸੀ ਕਿ ਬੁੱਤ-ਪ੍ਰਸਤੀ ਮਨੁੱਖ ਦੀ ਅਮਲੀ-ਸੁਰਤ ਨੂੰ ਖਿੱਚ ਕੇ ਪਦਾਰਥਕ ਤਲ ਤੇ ਲੈ ਆਉਂਦੀ ਹੈ ਅਤੇ ਇਖ਼ਲਾਕ ਦੀ ਦੈਵੀ ਬਣਤਰ ਨੂੰ ਕਮਜ਼ੋਰ ਕਰ ਦਿੰਦੀ ਹੈ । ਕਿਉਂਕਿ, ਹਉਮੈ ਤੇ ਸੁਆਰਥ ਵਸ ਉਹਦੀ ਸੋਚ ਸੰਕੀਰਨ ਹੋ ਜਾਂਦੀ ਹੈ । ਉਹ ਹਰ ਵੇਲੇ, ਹਰ ਥਾਂ ਅਤੇ ਹਰੇਕ ਵਿਹਾਰ ਵਿੱਚ ਨਿਜੀ ਲਾਭ ਨੂੰ ਮੁੱਖ ਰਖਣ ਲਗਦਾ ਹੈ ਅਤੇ ਇਸ ਪ੍ਰਕਾਰ ਧਨ-ਪਦਾਰਥ ਤੇ ਪਦ-ਪਦਵੀਆਂ ਦੇ ਸਹਾਰੇ ਦੁਨੀਆਂ ਦੀ ਦ੍ਰਿਸ਼ਟੀ ਵਿੱਚ ਬਣੇ ਹੋਏ ਆਪਣੇ ਝੂਠੇ ਇਮੇਜ (ਬੁੱਤ) ਨੂੰ ਕਾਇਮ ਰਖਣ ਲਈ ਨੀਵੇਂ ਤੋਂ ਨੀਵਾਂ ਕੰਮ ਕਰਨ ਲਈ ਵੀ ਤਿਆਰ ਹੋ ਜਾਂਦਾ ਹੈ ।

ਇਸ ਲਈ ਗੁਰੂ ਨਾਨਕ ਸਾਹਿਬ ਚਹੁੰਦੇ ਸਨ ਕਿ ਸਮਾਜ ਨੂੰ ਆਚਰਣਕ ਤੌਰ`ਤੇ ਨੀਵਾਣ ਵੱਲ ਲਿਜਾਣ ਵਾਲੀ ਬੁੱਤ-ਪ੍ਰਸਤੀ ਦੀ ਅਜਿਹੀ ਵਿਚਾਰਧਾਰਾ ਮਾਨਵੀ ਸੁਰਤ ਵਿਚੋਂ ਨਿਕਲ ਜਾਣੀ ਚਾਹੀਦੀ ਹੈ । ਪਰ, ਪੁਜਾਰੀ ਵਰਗ ਨਿਜੀ ਸੁਆਰਥਾਂ ਦੇ ਸਾਕਤਪੁਣੇ ਅਤੇ ਸੰਪਰਦਾਇਕਤਾ ਦੇ ਝੂਠੇ ਮੋਹ ਵਿੱਚ ਜਾਣ-ਬੁੱਝ ਕੇ ਵਿਰੋਧ ਕਰ ਰਿਹਾ ਸੀ । ਕਿਉਂਕਿ, ਸਤਿਗੁਰੂ ਜੀ ਦੇ ਹੇਠ ਲਿਖੇ ਇਨਕਲਾਬੀ ਬੋਲਾਂ ਤੋਂ ਉਨ੍ਹਾਂ ਦੇ ਮਜ਼ਹਬੀ ਇਮੇਜ ਟੁੱਟਣ ਦਾ ਖ਼ਤਰਾ ਭਾਸ ਰਿਹਾ ਸੀ :

ਧਨਾਸਰੀ ਮਹਲਾ ੧ ।। ਕਾਇਆ ਕਾਗਦੁ ਮਨੁ ਪਰਵਾਣਾ ।। ਸਿਰ ਕੇ ਲੇਖ ਨ ਪੜੈ ਇਆਣਾ ।।

ਦਰਗਹ ਘੜੀਅਹਿ ਤੀਨੇ ਲੇਖ ।। ਖੋਟਾ ਕਾਮਿ ਨ ਆਵੈ ਵੇਖੁ ।।।।

ਅਰਥ :-ਇਹ ਮਨੁੱਖਾ ਸਰੀਰ (ਮਾਨੋ) ਇਕ ਕਾਗ਼ਜ਼ ਹੈ, ਅਤੇ ਮਨੁੱਖ ਦਾ ਮਨ (ਸਰੀਰ-ਕਾਗ਼ਜ਼ ਉਤੇ ਲਿਖਿਆ ਹੋਇਆ) ਦਰਗਾਹੀ ਪਰਵਾਨਾ ਹੈ । ਪਰ ਮੂਰਖ ਮਨੁੱਖ ਆਪਣੇ ਮੱਥੇ ਦੇ ਇਹ ਲੇਖ ਨਹੀਂ ਪੜ੍ਹਦਾ (ਭਾਵ, ਇਹ ਸਮਝਣ ਦਾ ਜਤਨ ਨਹੀਂ ਕਰਦਾ ਕਿ ਉਸ ਦੇ ਪਿਛਲੇ ਕੀਤੇ ਕਰਮਾਂ ਅਨੁਸਾਰ ਕਿਹੋ ਜਿਹੇ ਸੰਸਕਾਰ-ਲੇਖ ਉਸ ਦੇ ਮਨ ਵਿਚ ਮੌਜੂਦ ਹਨ ਜੋ ਉਸ ਨੂੰ ਹੁਣ ਹੋਰ ਪ੍ਰੇਰਨਾ ਕਰ ਰਹੇ ਹਨ) । ਮਾਇਆ ਦੇ ਤਿੰਨ ਗੁਣਾਂ ਦੇ ਅਸਰ ਹੇਠ ਰਹਿ ਕੇ ਕੀਤੇ ਹੋਏ ਕੰਮਾਂ ਦੇ ਸੰਸਕਾਰ ਰੱਬੀ ਨਿਯਮ ਅਨੁਸਾਰ ਹਰੇਕ ਮਨੁੱਖ ਦੇ ਮਨ ਵਿਚ ਉੱਕਰੇ ਜਾਂਦੇ ਹਨ । ਪਰ ਹੇ ਭਾਈ! ਵੇਖ (ਜਿਵੇਂ ਕੋਈ ਖੋਟਾ ਸਿੱਕਾ ਕੰਮ ਨਹੀਂ ਆਉਂਦਾ, ਤਿਵੇਂ ਖੋਟੇ ਕੀਤੇ ਕੰਮਾਂ ਦਾ) ਖੋਟਾ ਸੰਸਕਾਰ-ਲੇਖ ਭੀ ਕੰਮ ਨਹੀਂ ਆਉਂਦਾ ।੧।

ਨਾਨਕ ਜੇ ਵਿਚਿ ਰੁਪਾ ਹੋਇ ।। ਖਰਾ ਖਰਾ ਆਖੈ ਸਭੁ ਕੋਇ ।।।। ਰਹਾਉ ।।

ਅਰਥ :-ਹੇ ਨਾਨਕ! ਜੇ ਰੁਪਏ ਆਦਿਕ ਸਿੱਕੇ ਵਿਚ ਚਾਂਦੀ ਹੋਵੇ ਤਾਂ ਹਰ ਕੋਈ ਉਸ ਨੂੰ ਖਰਾ ਸਿੱਕਾ ਆਖਦਾ ਹੈ (ਇਸੇ ਤਰ੍ਹਾਂ ਜਿਸ ਮਨ ਵਿਚ ਪਵਿਤ੍ਰਤਾ ਹੋਵੇ, ਉਸ ਨੂੰ ਖਰਾ ਆਖਿਆ ਜਾਂਦਾ ਹੈ) ।੧।ਰਹਾਉ।

ਕਾਦੀ ਕੂੜੁ ਬੋਲਿ ਮਲੁ ਖਾਇ ।। ਬ੍ਰਾਹਮਣੁ ਨਾਵੈ ਜੀਆ ਘਾਇ ।।

ਜੋਗੀ ਜੁਗਤਿ ਨ ਜਾਣੈ ਅੰਧੁ ।। ਤੀਨੇ ਓਜਾੜੇ ਕਾ ਬੰਧੁ ।।।।

ਅਰਥ :-ਕਾਜ਼ੀ (ਜੇ ਇਕ ਪਾਸੇ ਤਾਂ ਇਸਲਾਮੀ ਧਰਮ ਦਾ ਨੇਤਾ ਹੈ ਤੇ ਦੂਜੇ ਪਾਸੇ ਹਾਕਮ ਭੀ ਹੈ, ਰਿਸ਼ਵਤ ਦੀ ਖ਼ਾਤਰ ਸ਼ਰਈ ਕਾਨੂੰਨ ਬਾਰੇ) ਝੂਠ ਬੋਲ ਕੇ ਹਰਾਮ ਦਾ ਮਾਲ (ਰਿਸ਼ਵਤ) ਖਾਂਦਾ ਹੈ । ਬ੍ਰਾਹਮਣਾਂ (ਕ੍ਰੋੜਾਂ ਸ਼ੂਦਰ-ਅਖਵਾਂਦੇ) ਬੰਦਿਆਂ ਨੂੰ ਦੁਖੀ ਕਰ ਕਰ ਕੇ ਤੀਰਥ-ਇਸ਼ਨਾਨ (ਭੀ) ਕਰਦਾ ਹੈ । ਜੋਗੀ ਭੀ ਅੰਨ੍ਹਾ ਹੈ ਤੇ ਜੀਵਨ ਦੀ ਜਾਚ ਨਹੀਂ ਜਾਣਦਾ । (ਇਹ ਤਿੰਨੇ ਆਪਣੇ ਵਲੋਂ ਧਰਮ-ਨੇਤਾ ਹਨ, ਪਰ) ਇਹਨਾਂ ਤਿੰਨਾਂ ਦੇ ਹੀ ਅੰਦਰ ਆਤਮਕ ਜੀਵਨ ਵਲੋਂ ਸੁੰਞ ਹੀ ਸੁੰਞ ਹੈ ।੨।

ਸੋ ਜੋਗੀ ਜੋ ਜੁਗਤਿ ਪਛਾਣੈ ।। ਗੁਰ ਪਰਸਾਦੀ ਏਕੋ ਜਾਣੈ ।। ਕਾਜੀ ਸੋ ਜੋ ਉਲਟੀ ਕਰੈ ।।

ਗੁਰ ਪਰਸਾਦੀ ਜੀਵਤੁ ਮਰੈ ।। ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ ।। ਆਪਿ ਤਰੈ ਸਗਲੇ ਕੁਲ ਤਾਰੈ ।।।।

ਅਰਥ :-ਅਸਲ ਜੋਗੀ ਉਹ ਹੈ ਜੋ ਜੀਵਨ ਦੀ ਸਹੀ ਜਾਚ ਸਮਝਦਾ ਹੈ ਤੇ ਗੁਰੂ ਦੀ ਕਿਰਪਾ ਨਾਲ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ । ਕਾਜ਼ੀ ਉਹ ਹੈ ਜੋ ਸੁਰਤਿ ਨੂੰ ਹਰਾਮ ਦੇ ਮਾਲ ਵਲੋਂ ਮੋੜਦਾ ਹੈ ਜੋ ਗੁਰੂ ਦੀ ਕਿਰਪਾ ਨਾਲ ਦੁਨੀਆ ਵਿਚ ਰਹਿੰਦਾ ਹੋਇਆ ਦੁਨਿਆਵੀ ਖ਼ਾਹਸ਼ਾਂ ਵਲੋਂ ਪਰਤਦਾ ਹੈ । ਬ੍ਰਾਹਮਣ ਉਹ ਹੈ ਜੋ ਸਰਬ-ਵਿਆਪਕ ਪ੍ਰਭੂ ਵਿਚ ਸੁਰਤਿ ਜੋੜਦਾ ਹੈ, ਇਸ ਤਰ੍ਹਾਂ ਆਪ ਭੀ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਦਾ ਹੈ ਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਲੰਘਾ ਲੈਂਦਾ ਹੈ ।੩।

ਦਾਨਸਬੰਦੁ ਸੋਈ ਦਿਲਿ ਧੋਵੈ ।। ਮੁਸਲਮਾਣੁ ਸੋਈ ਮਲੁ ਖੋਵੈ ।।

ਪੜਿਆ ਬੂਝੈ ਸੋ ਪਰਵਾਣੁ ।। ਜਿਸੁ ਸਿਰਿ ਦਰਗਹ ਕਾ ਨੀਸਾਣੁ ।।।।।।।। {ਪੰਨਾ ੬੬੨}

ਅਰਥ :-ਉਹੀ ਮਨੁੱਖ ਅਕਲਮੰਦ ਹੈ ਜੋ ਆਪਣੇ ਦਿਲ ਵਿਚ ਟਿਕੀ ਹੋਈ ਬੁਰਾਈ ਨੂੰ ਦੂਰ ਕਰਦਾ ਹੈ । ਉਹੀ ਮੁਸਲਮਾਨ ਹੈ ਜੋ ਮਨ ਵਿਚੋਂ ਵਿਕਾਰਾਂ ਦੀ ਮੈਲ ਦੀ ਨਾਸ ਕਰਦਾ ਹੈ । ਉਹੀ ਵਿਦਵਾਨ ਹੈ ਜੋ ਜੀਵਨ ਦਾ ਸਹੀ ਰਸਤਾ ਸਮਝਦਾ ਹੈ, ਉਸ ਦੇ ਮੱਥੇ ਉਤੇ ਦਰਗਾਹ ਦਾ ਟਿੱਕਾ ਲੱਗਦਾ ਹੈ ਉਹੀ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੁੰਦਾ ਹੈ ।੪।

ਅਸਲ ਵਿੱਚ ਇਹੀ ਮੁੱਖ ਕਾਰਨ ਹੈ, ਜਿਸ ਕਰਕੇ ਬਿਪਰਵਾਦੀ-ਸੋਚ ਗੁਰੂ-ਕਾਲ ਤੋਂ ਲੈ ਕੇ ਹੁਣ ਤੱਕ ਗੁਰੂ ਨਾਨਕ-ਵਿਚਾਰਧਾਰਾ ਪ੍ਰਤੀ ਹਰ ਪੱਖੋਂ ਕੁਟਲਤਾ ਭਰਪੂਰ ਮਾਰੂ ਨੀਤੀ ਅਪਨਾਉਂਦੀ ਆ ਰਹੀ ਹੈ । ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਦਸਵੇਂ ਸਰੂਪ ਵਿੱਚ ਔਰੰਗਜ਼ੇਬ ਨੂੰ ਲਿਖੇ ਜ਼ਫ਼ਰਨਾਮੇ (ਫ਼ਤਹ ਦੀ ਚਿੱਠੀ) ਵਿੱਚ ਸਪਸ਼ਟ ਲਿਖਿਆ ਸੀ ਕਿ ਮੈਂ ਬੁੱਤ-ਸ਼ਿਕਨ ਹਾਂ ਅਤੇ ਪਹਾੜੀ ਹਿੰਦੂ ਰਾਜੇ ਬੁੱਤ-ਪ੍ਰਸਤ ਹਨ । ਮੇਰਾ ਉਨ੍ਹਾਂ ਨਾਲ ਕੋਈ ਜ਼ਾਤੀ ਜਾਂ ਨੀਤੀ ਵਿਰੋਧ ਨਹੀ ਸੀ । ੴ ਅਕਲਾਮੂਰਤਿ ਦੀ ਉਪਾਸ਼ਨਾ ਤੋਂ ਭੁੱਲੇ ਭਟਕੇ ਪਹਾੜੀਆਂ ਨੇ ਬਿਨ੍ਹਾਂ ਕਿਸੇ ਕਾਰਨ ਆਪਣੇ ਧਰਮ ਦਾ ਵਿਰੋਧੀ ਜਾਣ ਕੇ ਝਗੜਾ ਖੜ੍ਹਾ ਕੀਤਾ ਸੀ । ਇਸੇ ਲਈ ਸ੍ਰੀ ਅਨੰਦਪੁਰ ਵਿਖੇ ਉਹ ਮੇਰੇ ਉੱਤੇ ਇਕੱਲੇ ਵੀ ਅਤੇ ਤੈਨੂੰ ਗੁੰਮਰਾਹ ਕਰਕੇ ਤੇਰੀਆਂ ਸੈਨਾਵਾਂ ਸਮੇਤ ਵੀ ਵਾਰ ਵਾਰ ਹਮਲਾਵਰ ਹੁੰਦੇ ਰਹੇ ਹਨ । ਇਸ ਕਾਰਨ ਮੈਂਨੂੰ ਤਾਂ ਮਜ਼ਬੂਰੀ ਵੱਸ ਲਾਚਾਰ ਹੋ ਕੇ ਹੀ ਤੀਰਾਂ ਤੇ ਬੰਦੂਕਾਂ ਨਾਲ ਮੈਦਾਨਿ-ਜੰਗ ਵਿੱਚ ਮਰਨਾ ਮਾਰਨਾ ਪੈਂਦਾ ਰਿਹਾ ਹੈ :

ਬ ਲਾਚਾਰਗੀ ਦਰਮਿਯਾਂ ਆਮਦਮ ।।

ਬਤਦਬੀਰ ਤੀਰੋ ਤੁਫੰਗ ਆਮਦਮ ।।੨੧।।

ਕਿਉਂਕਿ, ਪਹਾੜੀਆਂ ਨੂੰ ਤਾਂ ਮੇਰੇ ਤੋਂ ਬੁੱਤਪ੍ਰਸਤੀ ਨੂੰ ਖੰਡਣ ਵਾਲਾ ਵਿਚਾਰਧਾਰਕ ਖ਼ਤਰਾ ਭਾਸ ਰਿਹਾ ਸੀ । ਇਸ ਲਈ ਉਨ੍ਹਾਂ ਮੇਰੇ ਨਾਲ ਦੁਸ਼ਮਨਾਂ ਵਾਲਾ ਵਿਹਾਰ ਕੀਤਾ, ਜਦ ਕਿ ਮੈਂ ਉਨ੍ਹਾਂ ਦੀ ਬੁੱਤਪ੍ਰਸਤੀ ਕਾਰਨ ਪੈਦਾ ਹੋਈ ਸ਼ਰੀਰਕ, ਮਾਨਸਿਕ ਤੇ ਰਾਜਨੀਤਕ ਗੁਲਾਮੀ ਨੂੰ ਦੂਰ ਕਰਕੇ, ਉਨ੍ਹਾਂ ਨੂੰ ਹਰ ਪੱਖੋਂ ਸੁਤੰਤਰ ਦੇਖਣਾ ਚਾਹੁੰਦਾ ਸਾਂ । ਪਰ, ਤੇਰੀ ਹਮਲਾਵਰ ਨੀਤੀ ਤੋਂ ਤਾਂ ਇਹੀ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਤੂੰ ਬੁੱਤ-ਸ਼ਿਕਨ ਹੋ ਕੇ ਵੀ ਰਾਜ-ਸੱਤਾ ਦੇ ਮੋਹ ਵਿੱਚ ਅੰਦਰੋਂ ਬੁੱਤਪ੍ਰਸਤੀ ਵਿੱਚ ਫਸਿਆ ਹੋਇਆ ਹੈਂ । ਕਿਉਂਕਿ, ਜੇ ਤੂੰ ਖ਼ੁਦਾ-ਪ੍ਰਸਤ ਹੁੰਦਾ ਤਾਂ ਤੂੰ ਖ਼ੁਦਾ-ਪ੍ਰਸਤਾਂ ਦੀ ਮਦਦ ਕਰਦਾ, ਨਾਕਿ ਬੁੱਤ-ਪ੍ਰਸਤਾਂ ਦੀ । ਅਜਿਹੇ ਅਰਥ-ਭਾਵ ਰਖਦਾ ਜ਼ਫ਼ਰਨਾਮੇ ਦਾ ਸ਼ਿਅਰ ਹੈ :

ਮਨਮ ਕੁਸ਼ਤਨਮ ਕੋਹੀਆਂ ਬੁੱਤ-ਪ੍ਰਸਤ ।

ਕਿ ਓ ਬੁੱਤ ਪਰਸਤੰਦੁ, ਮਨ ਬੁੱਤ ਸ਼ਿਕਸਤ।੯੫।

{ਪਦ-ਅਰਥ : ਮਨਮ-ਮੇਰੀ, ਕੁਸ਼ਤਨਮ-ਮੈਂ ਮਾਰਿਆ, ਕੋਹੀਆਂ-ਪਹਾੜੀਆਂ, ਕਿ ਆਂ- ਕਿਉਂਕਿ ਉਹ, ਬੁੱਤ-ਮੂਰਤੀ, ਪਰਸਤੰਦੋ-ਪੂਜਕ, ਮਨ-ਮੈਂ, ਸ਼ਿਕਸਤ-ਤੋੜਣ ਵਾਲਾ}

ਗੁਰੂ ਨਾਨਕ ਸਾਹਿਬ ਜੀ ਦਾ ਸਾਥੀ ਭਾਈ ਮਰਦਾਨਾ, ਉਜੈਨ ਮੰਦਰ ਵਿਚਲੇ ਮਹਾਂਕਾਲ ਦੇ ਉਪਾਸ਼ਕਾਂ ਦੀ ਉਪਰੋਕਤ ਕਿਸਮ ਦੀ ਵਿਰੋਧਾਤਮਿਕ ਸੋਚ ਅਤੇ ਉਸ ਵੇਲੇ ਹੋ ਰਹੀ ਵਿਚਾਰ ਚਰਚਾ ਦੀ ਝਗੜਾਲੂ-ਸੁਰ ਨੂੰ ਸਮਝ ਰਿਹਾ ਸੀ । ਇਸ ਲਈ ਰਬਾਬੀ ਮਰਦਾਨਾ ਜੀ ਨੇ ਉਨ੍ਹਾਂ ਦੀ ਤਾਮਸੀ ਮਾਨਸਿਕਤਾ ਨੂੰ ਸਮਝਦਿਆਂ ਗਉੜੀ ਰਾਗ ਛੇੜਣ ਵਾਲੀ ਬੜੀ ਮਨੋਵਿਗਿਆਨਕ ਨੀਤੀ ਅਪਨਾਈ, ਤਾਂ ਜੋ ਗੁਰੂ ਬਾਬੇ ਦਾ ਅਕਾਲਮੂਰਤੀ ਸਿਧਾਂਤ ਉਨ੍ਹਾਂ ਦੀ ਸਮਝ ਪੈ ਜਾਏ । ਸ਼ਾਮ ਦਾ ਸਮਾਂ ਹੋਣ ਕਰਕੇ ਇੱਕ ਤਾਂ ‘ਗਉੜੀ` ਵੇਲੇ ਦਾ ਰਾਗ ਸੀ । ਦੂਜੇ, ਸ਼ਿਵ ਭਗਤਾਂ ਦਾ ਇਹ ਬੜਾ ਮਨ ਭਾਉਂਦਾ ਰਾਗ ਸੀ । ਕਿਉਂਕਿ, ਸੰਗੀਤ ਸ਼ਾਸ਼ਤਰ ਅਨੁਸਾਰ ਪੂਰਵੀ ਠਾਟ ਦੇ ਸਿਰੀ ਰਾਗ ਦੀ ਰਾਗਣੀ ਹੋਣ ਕਰਕੇ ਉਹ ਇਸ ਨੂੰ ਸ਼ਿਵ-ਸੁਪਤਨੀ ਦੇ ਰੂਪ ਵਿੱਚ ਦੇਖਦੇ ਹਨ, ਜਿਸ ਨੂੰ ਗਉਰੀ, ਗਵਰੀ (ਪਾਰਬਤੀ) ਅਤੇ ਗੌੜੀ (ਗਉੜੀ) ਨਾਵਾਂ ਨਾਲ ਵੀ ਪੁਕਾਰਿਆ ਜਾਂਦਾ ਹੈ ।

ਤੀਜੇ, ਉਥੇ ਬੈਠੇ ਸਨ ਬੰਗਾਲੀ ਦੁਰਗਾ ਭਗਤ, ਜਿਹੜੇ ਗਉੜੀ ਰਾਗ ਨੂੰ ਗੌੜ ਦੇਸ਼ (ਬੰਗਾਲ ਤੇ ਉੜੀਸਾ ਦੇ ਵਿਚਕਾਰਲਾ ਇਲਾਕੇ) ਨਾਲ ਜੋੜ ਕੇ ਦੇਖਦੇ ਸਨ । ਅਤੇ ਚੌਥੇ ਤਸੀਰ ਕਰਕੇ ਵੀ ਇਹ ਗੁੜ ਵਾਗੂੰ ਮਿੱਠਾ ਅਤੇ ਮਨ ਨੂੰ ਨਸ਼ਿਆ ਕੇ ਮਸਤ ਕਰਨ ਵਾਲਾ ਮੰਨਿਆਂ ਜਾਂਦਾ ਹੈ । ਸਿਆਣਿਆਂ ਦਾ ਕਥਨ ਹੈ ਕਿ ਗੁੜ ਤੋਂ ਬਣੀ ਸ਼ਰਾਬ ਨੂੰ ‘ਗੌੜੀ`, ਆਖਣ ਪਿਛੇ ਵੀ ਸ਼ਾਇਦ ਇਹੀ ਰਹਸ ਛੁਪਿਆ ਹੈ, ਜਿਹੜੀ ਮਹਾਂਕਾਲ (ਸ਼ਿਵ) ਤੇ ਦੁਰਗਾ ਦੇਵੀ ਦੀ ਮਨ ਭਾਉਂਦੀ ਵਸਤੂ ਮੰਨੀ ਜਾਂਦੀ ਹੈ । ਇਹੀ ਕਾਰਨ ਹੈ ਕਿ ਭਾਰਤ ਵਿੱਚ ਕੁਝ ਅਜਿਹੇ ਮੰਦਰ ਵੀ ਹਨ, ਜਿਨ੍ਹਾਂ ਵਿੱਚ ਸ਼ਰਧਾਲੂ ਮਾਸ-ਸ਼ਰਾਬ ਦਾ ਚੜ੍ਹਾਵਾ ਚੜਾਉਂਦੇ ਹਨ ਅਤੇ ਫਿਰ ਇਹੀ ਕੁਝ ਉਥੇ ਪ੍ਰਸ਼ਾਦ ਵਜੋਂ ਵਰਤਾਇਆ ਜਾਂਦਾ ਹੈ ।

---ਚਲਦਾ


.