.

ਅਨੰਦ ਵਿਆਹ

(ਕਿਸ਼ਤ ਨੰ: 01)

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਮਨੁੱਖ ਦੇ ਜਨਮ ਤੋਂ ਲੈ ਕੇ ਮਰਨ ਤਕ ਦੀਆਂ ਜਿੰਨੀਆਂ ਵੀ ਰਸਮਾਂ ਅਉਂਦੀਆਂ ਹਨ ਉਹਨਾਂ ਸਾਰੀਆਂ ਰਸਮਾਂ ਵਿਚੋਂ ਅਨੰਦ ਕਾਰਜ ਦੀ ਰਸਮ ਸ਼ਿਰੋਮਣੀ ਮੰਨੀ ਗਈ ਹੈ । ਪ੍ਰਿੰਸੀਪਲ ਹਰਭਜਨ ਸਿੰਘ ਜੀ ਲਿਖਦੇ ਹਨ ਜਿਸ ਤਰ੍ਹਾਂ ਕੋਈ ਮਾਲਣ ਫੁੱਲਾਂ ਦਾ ਸੁੰਦਰ ਹਾਰ ਗੁੰਦਦੀ ਹੈ ਤੇ ਉਸ ਵਿਚ ਇਕ ਵੱਡਾ ਫੁੱਲ ਲਗਾ ਦੇਂਦੀ ਹੈ ਜਿਸ ਨਾਲ ਉਸ ਹਾਰ ਦੀ ਕੀਮਤ ਵੱਧ ਜਾਂਦੀ ਹੈ, ਉਸ ਨੂੰ ਉਹ ਮੇਰ ਫੁੱਲ ਆਖਦੀ ਹੈ। ਏਸੇ ਤਰ੍ਹਾਂ ਹੀ ਮਨੁੱਖੀ ਜੀਵਨ ਵਿਚ ਵਿਆਹ ਦੀ ਰਸਮ ਆ ਜਾਣ ਕਰਕੇ ਇਸਦੇ ਜੀਵਨ ਦੀ ਮਹੱਤਤਾ ਵੱਧ ਜਾਂਦੀ ਹੈ। ਅਨੰਦ ਵਿਆਹ ਮਨੁੱਖ ਦੀ ਖੁਸ਼ੀ ਦਾ ਸਿਖਰ ਮੰਨਿਆ ਗਿਆ ਹੈ। ਭਾਈ ਕਾਹਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਵਿਚ ਅਨੰਦ ਵਿਵਾਹ ਦੇ ਅਰਥ ਇਸ ਪ੍ਰਕਾਰ ਲਿਖੇ ਹੋਏ ਹਨ :_____ਵਿਆਹ-ਸੰ. ਵਿ-ਵਹ -ਲੈ ਜਾਣ ਦੀ ਕਿਰਿਆ, ਇਸਤ੍ਰੀ ਨੂੰ ਆਪਣੇ ਪਿਤਾ ਦੇ ਘਰੋਂ ਆਪਣੇ ਘਰ ਲੈ ਜਾਣ ਦੀ ਕਿਰਿਆ, ਉਦਵਾਹ-ਸ਼ਾਦੀ-ਅਨੰਦ-ਨਿਕਾਹ-ਪਾਣਿਗ੍ਰਹਣ-ਦਾਰਪਰਿਗ੍ਰਹ-ਮਨੁ ਆਦਿ ਲਿਖਿਆ ਹੋਇਆ ਹੈ। ਭਾਈ ਸਾਹਿਬ ਜੀ ਅੱਗੇ ਲਿਖਦੇ ਹਨ ਕਿ ਰਿਖੀਆਂ ਨੇ ਅੱਠ ਪ੍ਰਕਾਰ ਦੇ ਵਿਆਹ ਲਿਖੇ ਹੋਏ ਹਨ ।

ਨੰ.1 ਬ੍ਰਹਮ ਵਿਆਹ :----ਵਰ ਨੂੰ ਘਰ ਬੁਲਾ ਕੇ ਭੂਖਣ ਵਸਤ੍ਰ ਸਹਿਤ ਕੰਨਿਆਂ ਦੇਣੀ ।

ਨੰ.2 ਦੈਵ---ਯਗਯ ਕਰਾਉਣ ਵਾਲੇ ਰਿਤਿਵਜ ਨੂੰ ਕੰਨਿਆਂ ਦਾਨ ਕਰਨੀ ।

ਨੰ.3 ਆਯ-----ਵਰ ਤੋਂ ਕੋ ਬੈਲ ਲੈ ਕੇ ਉਹਨਾਂ ਦੇ ਬਦਲੇ ਕੰਨਿਆਂ ਦਾਨ ਕਰਨੀ ।

ਨੰ.4 ਪ੍ਰਾਜਾਪਤਯ----ਲਾੜੀ ਅਤੇ ਲਾੜਾ ਸੰਤਾਨ ਉਤਪਤੀ ਲਈ ਪਰਸਪਰ ਸੰਮਤੀ ਨਾਲ ਜੋ ਸ਼ਾਦੀ ਕਰਨ -

ਨੰ.5 ਆਸੁਰ----ਧੰਨ ਲੈ ਕੇ ਕੰਨਿਆਂ ਦੇਣੀ ।

ਨੰ.6 ਰਾਕਸ਼---ਜੰਗ ਜਿੱਤ ਕੰਨਿਆ ਲੈ ਜਾਣੀ ।

ਨੰ.7 ਗੰਧਰਵ----ਸ਼ਾਦੀ ਤੋਂ ਪਹਿਲਾਂ ਵਰ ਅਤੇ ਕੰਨਿਆਂ ਦੀ ਆਪੋ ਵਿਚ ਪ੍ਰੀਤੀ ਹੋਣ ਪਰ ਵਿਆਹ ।

ਨੰ.8 ਪੈਸ਼ਾਚ----ਜ਼ੁਲਮ ਨਾਲ ਹੋਂਦੀ ਕੰਨਿਆਂ ਖੋਹ ਕੇ ਲੈ ਜਾਣੀ ।

ਕਈ ਰਿਖੀਆਂ ਨੇ ਇਹ ਵੀ ਲਿਖਿਆ ਹੈ ਕਿ ਪਿਤਾ ਦੇ ਪੁੱਤਰ ਨਾ ਹੋਣ ਪਰ ਜਵਾਈ ਨਾਲ ਇਹ ਵਚਨ ਕਰਕੇ ਕਿ ਜੋ ਪੁੱਤਰੀ ਦੇ ਬੇਟਾ ਜਨਮੇਗਾ ਉਹ ਮੈਂ ਮਤਵੰਨਾ ਕਰਾਂਗਾ ।

ਅਨੰਦ ਵਿਆਹ---ਸਿੱਖ ਧਰਮ ਅਨੁਸਾਰ ਵਿਆਹ ਸ਼ਾਦੀ ਦਾ ਨਾਉਂ ਭੀ ਅਨੰਦ ਬਾਣੀ ਕਰਕੇ ਹੀ ਹੈ । ਬਿਨਾ ਅਨੰਦ ਬਿਆਹ ਕੇ ਭੁਰਾਤੇ ਪਰਜਿ ਜੋਏ------ਮੇਰਾ ਸਿੱਖ ਨਾ ਸੋਇ {ਰਤਨਮਾਲ}

ਵੱਖ ਵੱਖ ਧਰਮਾਂ ਨੇ ਲੜਕੇ ਲੜਕੀ ਨੂੰ ਸਮਾਜਿਕ ਬੰਧਨ ਵਿਚ ਬੰਨਣ ਲਈ ਆਪੋ ਆਪਣੇ ਰੀਤੀ ਰਿਵਾਜ ਬਣਾਏ ਹੋਏ ਹਨ । ਜ਼ਰਾ ਕੁ ਗਹੁ ਕਰਕੇ ਆਂਢ ਗੁਆਂਢ ਵਲ ਦੇਖਿਆ ਜਾਏ ਤਾਂ ਸਾਨੂੰ ਕਈ ਪਰਕਾਰ ਦੇ ਵਿਆਹ ਦੇਖਣ ਨੂੰ ਮਿਲਦੇ ਹਨ। ਬ੍ਰਹਾਮਣ ਨੇ ਵੇਦਾਂ ਦਾ ਸਹਾਰਾ ਲੈ ਕੇ ਮਨੁੱਖੀ ਜੀਵਨ ਨੂੰ ਚਾਰ ਪਰਕਾਰ ਵਿਚ ਵੰਡ ਦਿੱਤਾ ਹੈ। ਪਹਿਲੇ ਪੱਚੀ ਸਾਲ ਬ੍ਰਹਮ ਅਵਸਥਾ, ਦੂਸਰੇ ਪੱਚੀ ਸਾਲ ਗ੍ਰਹਿਸਤ ਆਸ਼ਰਮ, ਤੀਸਰਾ ਬਾਨਪ੍ਰਸਥ ਤੇ ਚੌਥਾ ਸੰਨਿਆਸ ਮੰਨਿਆ ਗਿਆ ਹੈ ।

ੳ, ਬ੍ਰਹਾਮਚਾਰੀਆ:---ਅਰਥਾਤ ਜਨੇਊ ਧਾਰ ਕੇ ਵੇਦ ਪੜ੍ਹਣ ਵਾਸਤੇ ਗੁਰੂ ਦੇ ਪਾਸ ਪੱਚੀ ਵਰ੍ਹੇ ਦੀ ਉਮਰ ਤੀਕ ਕਾਮਾਦਿਕ ਵਿਕਾਰ ਤਿਆਗ ਕੇ ਰਹਿਣਾ ।

ਅ, ਇਸ ਪਿਛੋਂ ਗੁਰੂ ਦੱਖਣਾ ਦੇ ਕੇ ਘਰ ਆ ਕੇ ਇਸਤ੍ਰੀ ਵਿਆਹ ਕੇ ਗ੍ਰਿਹਸਤ ਜੀਵਨ ਪੰਜਾਹ ਵਰ੍ਹੇ ਗੁਜ਼ਾਰਨਾ ।

ੲ, ਇਸ ਪਿਛੋਂ ਇਸਤ੍ਰੀ ਸਮੇਤ ਅਥਵਾ ਇਕੱਲੇ ਹੀ ਵਾਨਪ੍ਰਸਤ ਕਰਨਾ ਅਰਥਾਤ ਬਨ ਵਿਚ ਰਹਿ ਕੇ ਅਗਨਹੋਤ੍ਰ ਆਦਿਕ ਕਰਮ ਕਰਦੇ ਹੋਏ ਇਕਾਂਤ ਜੀਵਨ ਬਿਤਉਣਾ ਅਤੇ ਇਸ ਦਿਸ਼ਾ ਵਿਚ 75 ਵਰ੍ਹੇ ਤਾਂਈਂ ਜੀਵਨ ਬਤੀਤ ਕਰਨਾ ਮੰਨਿਆ ਗਿਆ ਹੈ ।

ਸ, ਇਸ ਪਿਛੋਂ ਸੰਨਿਆਸ ਧਾਰ ਕੇ ਅਗਨਿਹੋਤ੍ਰ ਆਦਿ ਸਭ ਕਰਮਾਂ ਦਾ ਤਿਆਗ, ਅਰ ਭਿਖਿਆ ਨਾਲ ਸਰੀਰ ਦਾ ਨਿਰਬਾਹ ਕਰਨਾ । ਗੁਰਬਾਣੀ ਦਾ ਫਰਮਾਣ ਹੈ---"ਚਾਰ ਵਰਨ ਚਾਰ ਆਸ੍ਰਮ ਹਹਿ ਜੋ ਹਰਿ ਧਿਆਵੈ ਸੋ ਪਰਧਾਨੁ" ਗੌਂਡ ਮਹਲਾ 4

ਇਸਲਾਮਿਕ ਧਰਮ ਅਨੁਸਾਰ ਬੱਚੇ ਬੱਚੀ ਦੇ ਸੰਜੋਗ ਦਾ ਨਾਂ ਨਿਕਾਹ ਰੱਖਿਆ ਹੋਇਆ ਹੈ । ਨਿਕਾਹ ਦਾ ਅਰਥ ਹੈ ਇਸਤ੍ਰੀ ਪੁਰਸ਼ ਦਾ ਸੰਗ। ਮੁਸਲਮਾਨੀ ਰੀਤੀ ਅਨੁਸਾਰ ਵਿਆਹ ਅਥਵਾ ਨਿਕਾਹ ਇਕ ਪਾਸਿਉਂ ਦਰਖਾਸਤ ਅਤੇ ਦੂਜੇ ਪਾਸਿਓਂ ਮਨਜੂਰੀ ਪੁਰ ਦ੍ਰਿੜ੍ਹ ਹੋ ਜਾਂਦਾ ਹੈ। ਦੋ ਗਵਾਹਾਂ ਦੇ ਸਾਹਮਣੇ, ਜੁ ਬਾਲਿਗ, ਸਮਝ ਵਾਲੇ ਅਤੇ ਮੁਸਲਮਾਨ ਹੋਣ, ਨਿਕਾਹ ਪੱਕਾ ਹੋਣਾ ਚਾਹੀਏ । ਇਸ ਰਸਮ ਵਿੱਚ ਪਤੀ ਵਲੋਂ ਆਪਣੀ ਇਸਤ੍ਰੀ ਨੂੰ----"ਮਹਰ"{ਇਸਤ੍ਰੀਧਨ} ਦੇਣ ਦੀ ਪ੍ਰਤਿਗਿਆ ਕੀਤੀ ਜਾਂਦੀ ਹੈ। ਜਿਸ ਦੀ ਤਦਾਦ ਲਾੜੀ ਦੇ ਰੂਪ ਗੁਣ ਕੁਲ ਅਤੇ ਲਾੜੇ ਦੀ ਹੈਸੀਅਤ ਦਾ ਧਿਆਨ ਰੱਖਕੇ ਹੋਇਆ ਕਰਦੀ ਹੈ। "ਮਹਰ" ਵੱਧ ਤੋਂ ਵੱਧ ਭਾਵੇਂ ਕਿਤਨਾ ਹੋਵੇ ਪਰ ਦਸ ਦਿਰਹਮ ਤੋਂ ਘੱਟ ਨਹੀਂ ਹੋ ਸਕਦਾ। ਸਮਝੋ ਬਰਾਦਰੀ ਵਿਚ ਇਕ ਕਿਸਮ ਦਾ ਸੌਦਾ ਤਹਿ ਕੀਤਾ ਜਾਂਦਾ ਹੈ ।

ਪੱਛਮੀ ਸਭਿੱਅਤਾ ਵਲ ਵੀ ਇਕ ਸਰਸਰੀ ਨਜ਼ਰ ਮਾਰ ਲਈਏ । ਇਸ ਦੀ ਸਭਿੱਅਤਾ ਵਿਚ ਆਮ ਕਰਕੇ ਜੀਵਨ ਸਾਥੀ ਦੀ ਚੋਣ ਕੀਤੀ ਜਾਂਦੀ ਹੈ। ਗਾਹੇ---ਬਗਾਹੇ ਇਹ ਚੋਣ ਰੱਦ ਹੁੰਦੀ ਵੀ ਦੇਖੀ ਜਾ ਸਕਦੀ ਹੈ। ਪਿੰਸੀਪਲ ਹਰਭਜਨ ਸਿੰਘ ਜੀ ਬੜਾ ਪਿਆਰਾ ਲਿਖਦੇ ਹਨ ਕਿ ਜਰਮਨ ਵਿਚ ਇਕ ਆਦਮੀ ਨੇ ਆਪਣੇ ਜੀਵਨ ਸਾਥਣ ਦੀ ਚੋਣ ਕੀਤੀ, ਤੇ ਗਿਰਜਾ ਘਰ ਜਾ ਕੇ ਵਿਆਹ ਦੀਆਂ ਰਸਮਾਂ ਪੱਕੀਆਂ ਕਰ ਲਈਆਂ। ਅਜੇ ਵਿਆਹ ਦੀ ਰਸਮ ਨਿਭਾਹ ਕੇ ਬਾਹਰ ਆ ਹੀ ਰਹੇ ਸਨ, ਕਿ ਅਚਾਨਕ ਲਾੜੀ ਪਾਸੋਂ ਜ਼ਮੀਨ ਤੇ ਰੁਮਾਲ ਡਿੱਗ ਪਿਆ। ਡਿੱਗਿਆ ਹੋਇਆ ਰੁਮਾਲ ਲਾੜੇ ਪਾਸੋਂ ਸਲੀਕੇ ਨਾਲ ਨਹੀਂ ਚੁੱਕਿਆ ਗਿਆ। ਜੀਵਨ ਸਾਥਣ ਨੇ ਇਸਦਾ ਰੋਸ ਮਨਾਇਆ ਤੇ ਕਹਿਣ ਲੱਗੀ ਭਲਿਆ ਤੇਰੀ ਮੇਰੀ ਨਹੀਂ ਨਿਭ ਸਕਦੀ ਕਿਉਂਕਿ ਤੈਨੂੰ ਜ਼ਮੀਨ ਤੇ ਡਿੱਗੇ ਹੋਏ ਰੁਮਾਲ ਨੂੰ ਚੁੱਕਣ ਦਾ ਬਿਲਕੁਲ ਚੱਜ ਨਹੀਂਓ ਆਇਆ। ਹੁਣੇ ਹੀ ਪਾਦਰੀ ਪਾਸ ਜਾ ਕੇ ਆਪਣਾ ਵਿਆਹ ਕੈਂਸਲ ਕਰਾਇਆ ਜਾਏ, ਤੇਰਾ ਤੇ ਮੇਰਾ ਏਸੇ ਵਿਚ ਹੀ ਭਲਾ ਹੈ ।

ਗੁਰੂ ਨਾਨਕ ਸਾਹਿਬ ਜੀ ਦਾ ਯੁੱਗ ਸ਼ੁਰੂ ਹੋਇਆ ਤਾਂ ਓਦੋਂ ਆਮ ਕਰਕੇ ਯੋਗੀ ਲੋਕ ਗ੍ਰਹਿਸਤ ਨੂੰ ਤਿਆਗ ਕੇ ਜੰਗਲ਼ਾਂ ਵਿਚ ਜਾ ਕੇ ਤਪੱਸਿਆ ਕਰਨ ਤੇ ਜ਼ੋਰ ਦੇ ਰਹੇ ਸਨ । ਸਿੱਖੀ ਵਿਚ ਅੱਜ ਵੀ ਅਜੇਹੇ ਵਿਹਲ਼ੜਾਂ ਦੀਆਂ ਭਰਮਾਰਾਂ ਦੇਖਣ ਨੂੰ ਮਿਲ ਜਾਣਗੀਆਂ। ਫਰਕ ਸਿਰਫ ਸੁਆਹ ਤੇ ਚੋਲ਼ੇ ਦਾ ਹੈ। ਜੋਗੀਆਂ ਨੇ ਕੰਨਾਂ ਵਿਚ ਮੁੰਦਰਾਂ ਕੇਸਾਂ ਦੀਆਂ ਜੁੜਾਵਾਂ ਤੇ ਪਿੰਡੇ ਸੁਆਹ ਮਲ਼ ਕੇ ਜੋਗ ਮਤਿ ਵਾਲਾ ਭੇਖ ਅਪਣਾ ਲਿਆ ਹੋਇਆ ਸੀ। ਪਰ ਉਨ੍ਹਾਂ ਮਖੱਟੂਆਂ ਨੂੰ ਅੱਜ ਗੋਲ਼ ਪੱਗਾਂ ਤੇ ਕਢਾਈ ਵਾਲੇ ਲੰਬੇ ਚੋਲ਼ੇ ਪਾਈ ਫਿਰਦੇ ਸਾਧਾਂ ਦੇ ਰੂਪ ਵਿਚ ਹੇੜਾਂ ਦੀਆਂ ਹੇੜਾਂ ਦੇਖੀਆਂ ਜਾ ਸਕਦੀਆਂ ਹਨ ਜੋ ਗ੍ਰਿਹਿਸਤ ਨੂੰ ਤਿਆਗ ਕੇ ਮਾਲ਼ਾ ਨੂੰ ਘਮਾਉਂਦੇ ਆਮ ਦਿਖਾਈ ਦੇਂਦੇ ਹਨ। ਇਸ ਭੇਖ ਦੀ ਖੱਲ ਲਹੁੰਦਿਆਂ ਗੁਰੂ ਜੀ ਨੇ ਸਪਸ਼ਟ ਐਲਾਨ ਕਰ ਦਿੱਤਾ ਕੇ ਅਜੇਹੇ ਕੰਮ-ਚੋਰ ਭੇਖੀਆਂ ਨੂੰ ਕਦੇ ਵੀ ਮੂੰਹ ਨਹੀਂ ਲਉਣਾ ਸਤਿਗੁਰ ਜੀ ਦਾ ਬਹੁਤ ਹੀ ਪਿਆਰਾ ਵਾਕ ਹੈ ।

ਮਖਟੂ ਹੋਇ ਕੈ ਕੰਨ ਪੜਾਏਫਕਰੁ ਕਰੇ ਹੋਰੁ ਜਾਤਿ ਗਵਾਏ

ਗੁਰੁ ਪੀਰ ਸਦਾਏ ਮੰਗਣ ਜਾਇ ਤਾ ਕੈ ਮੂਲਿ ਨ ਲਗੀਐ ਪਾਇ

ਸਲੋਕ ਮ: 1 ਪੰਨਾ-1245--

ਸੰਸਾਰ ਨੂੰ ਮਨੁੱਖੀ ਜ਼ਿੰਦਗੀ ਦੀ ਮਹਾਨਤਾ ਦੱਸਦਿਆਂ ਹੋਇਆਂ ਗੁਰੂ ਜੀ ਨੇ ਕਰਤਾਰਪੁਰ ਟਿਕਾਅ ਕੀਤਾ । ਉਦਾਸੀਆਂ ਵਾਲਾ ਪਹਿਰਾਵਾ ਉਤਾਰ ਕੇ ਆਮ ਸੰਸਾਰੀਆਂ ਵਾਲੇ ਕਪੜੇ ਪਹਿਨ ਲਏ। ਫੱਗਣ ਦੇ ਮਹੀਨੇ ਅੱਚਲ ਵਟਾਲੇ ਸ਼ਿਵਰਾਤਰੀ ਦਾ ਬਹੁਤ ਭਾਰੀ ਮੇਲਾ ਲੱਗਦਾ ਸੀ। ਜੋਗੀ ਅਕਸਰ ਅਜੇਹੇ ਮੌਕਿਆਂ ਤੇ ਮਦਾਰੀਆਂ ਵਾਂਗ ਜਾਦੂ ਕਰਕੇ ਭੋਲੇ ਲੋਕਾਂ ਨੂੰ ਆਪਣੇ ਪਿੱਛੇ ਲਗਾ ਕੇ ਆਪਣੀ ਲੁੱਟ ਦਾ ਸ਼ਿਕਾਰ ਬਣਾਉਂਦੇ ਸਨ। ਮੇਲੇ ਵਿਚ ਗੁਰੂ ਨਾਨਕ ਜੀ ਦਾ ਅਉਣਾ ਸੁਣ ਕੇ ਜੋਗੀਆਂ ਵਿਚ ਘਬਰਾਹਟ ਪੈਦਾ ਹੋ ਗਈ। ਜੋਗੀਆਂ ਨੇ ਮਿਲਦਿਆਂ ਹੀ ਪਹਿਲਾ ਸੁਆਲ ਇਹ ਕੀਤਾ ਕਿ ਤੁਸਾਂ ਨੇ ਫਕੀਰੀ ਲਿਬਾਸ ਛੱਡ ਕੇ ਗ੍ਰਹਿਸਤੀ ਲਿਬਾਸ ਕਿਉਂ ਧਾਰਨ ਕੀਤਾ ਏ? ਗ੍ਰਹਿਸਤੀਆਂ ਨੂੰ ਤਾਂ ਰੱਬ ਦੀ ਪਰਾਪਤੀ ਹੀ ਨਹੀਂ ਹੋ ਸਕਦੀ। ਇਸ ਸੰਬਾਦ ਨੂੰ ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਵਿਚ ਅੰਕਤ ਕੀਤਾ ਹੈ ।

ਭੇਖੁ ਉਤਾਰਿ ਉਦਾਸਿ ਦਾ, ਵਤਿ ਕਿਉਂ ਸੰਸਾਰੀ ਰੀਤਿ ਚਲਾਈ ॥

ਨਾਨਕ ਆਖੇ ਭੰਗਰਨਾਥ ਤੇਰੀ ਮਾਉਂ ਕੁਚੱਜੀ ਆਹੀ ॥

ਭਾਂਡਾ ਧੋਇ ਨਾ ਜਾਤਿਓਨਿ ਭਾਇ ਕੁਚਜੇ ਫੁਲੁ ਸੜਾਈ ॥

ਹੋਇ ਅਤੀਤੁ ਗ੍ਰਿਹਸਤਿ ਤਜਿ ਫਿਰਿ ਉਨ ਕੇ ਘਰ ਮੰਗਣਿ ਜਾਈ ॥

ਪਹਿਲੀ ਵਾਰ ਪਉੜੀ ਨੰ.40-

ਸਿੱਖੀ ਵਿਚ ਰੱਬ ਨੂੰ ਪਉਣ ਲਈ ਗ੍ਰਿਹਸਤ ਤਿਆਗਣ ਦੀ ਲੋੜ ਨਹੀਂ, ਸਗੋਂ ਇਸ ਮਾਰਗ ਨੂੰ ਸਮਝ ਕੇ ਅਨੰਦ ਭਰਨ ਲਈ ਆਖਿਆ ਗਿਆ ਹੈ । ਜਿਸ ਤਰ੍ਹਾਂ ਆਮ ਸਰੋਵਰਾਂ ਨਦੀਆਂ ਨਾਲਿਆਂ ਨਾਲੋਂ ਸਮੁੰਦਰ, ਪਰਬਤਾਂ ਵਿਚੋਂ ਸੁਮੇਰ ਪਰਬਤ ਵੱਡਾ ਹੈ। ਸਾਰਿਆਂ ਦਰੱਖਤਾਂ ਨਾਲੋਂ ਚੰਦਨ ਦੀ ਸੁਗੰਧੀ ਤੇ ਧਾਤਾਂ ਵਿਚੋਂ ਸੋਨੇ ਦੀ ਧਾਤ ਵਧੀਆ ਮੰਨੀ ਗਈ ਏ। ਪੰਛੀਆਂ ਵਿਚੋਂ ਹੰਸ, ਜਨਵਰਾਂ ਵਿਚੋਂ ਸ਼ੇਰ, ਰਾਗਾਂ ਚੋਂ ਸਿਰੀ ਰਾਗ ਤੇ ਪੱਥਰਾਂ ਵਿਚੋਂ ਪਾਰਸ ਵਧੀਆ ਮੰਨੇ ਗਏ ਹਨ। ਗੁਰੂ ਦਾ ਗਿਆਨ ਤੇ ਉਸ ਨੂੰ ਧਿਆਨ ਨਾਲ ਅਪਨਾਉਂਣਾ ਸ਼ਿਰੇਸ਼ਟ ਮੰਨਦਿਆਂ ਸਾਰਿਆਂ ਧਰਮਾਂ ਵਿਚੋਂ ਗ੍ਰਿਹਸਤ ਪਰਧਾਨ ਮੰਨਿਆ ਗਿਆ ਹੈ ।

ਜੈਸੇ ਸਰ ਸਰਿਤਾ ਮੈ ਸਕਲ ਮੈ ਸਮੁਦ੍ਰ ਬਡੋ,

ਮੇਰ ਮੈ ਸੁਮੇਰ ਬਡੋ ਜਗਤਿ ਬਖਾਨਿ ਹੈ ॥

ਤਰਵਰ ਬਿਖੈ ਜੈਸੇ ਚੰਦਨ ਬਿਰਖ ਬਡੋ,

ਧਾਤ ਮੈ ਕਨਿਕ ਅਤਿ ਊਤਮ ਕੇ ਮਾਨਿ ਹੈ ॥

ਪੰਛੀਅਨ ਮੈ ਹੰਸ,ਮ੍ਰਿਗ ਰਾਜਨ ਮੈ ਸਾਰਦੂਲ

ਰਾਗਨ ਮੈ ਸਿਰੀ ਰਾਗ,ਪਾਰਸ ਪਖਾਨ ਹੈ ॥

ਗਿਆਨਨੁ ਮੈ ਗਿਆਨ ਅਰੁ ਧਿਆਨਨੁ ਮੈ ਧਿਆਨੁ ਗੁਰੁ,

ਸਕਕਲ ਧਰਮ ਮਹਿ ਗ੍ਰਿਹਸਤ ਪਰਧਾਨ ਹੈ ॥

ਕਬਿੱਤ ਨੰ.376-----

ਸਿੱਖੀ ਨੇ ਜ਼ਿੰਦਗੀ ਵਿਚ ਮੁਕੰਮਲ ਪੂਰਨਤਾ ਲਈ ਗ੍ਰਿਹਸਤ ਨੂੰ ਪਹਿਲ ਦਿੱਤੀ ਏ । ਸਰੀਰ ਦੀਆਂ ਅੰਦਰਲੀਆਂ ਤੇ ਕੁਝ ਬਾਹਰਲੀਆਂ ਲੋੜਾਂ ਹਨ ਤੇ ਇਹਨਾਂ ਦੀ ਪੂਰਤੀ ਕਰਦਿਆਂ ਹੀ ਸੰਸਾਰ ਦੀ ਰਚਨਾ ਹੁੰਦੀ ਹੈ। ਗ੍ਰਿਹਸਤ ਦਾ ਦੂਜਾ ਨਾਂ ਸੰਜਮ-ਮਰਯਾਦਾ ਹੈ ਜੋ ਸਮਾਜ ਵਿਚ ਬਲਾਤਕਾਰ ਵਰਗੀਆਂ ਕਲੰਕਤ ਘਟਨਾਵਾਂ ਤੋਂ ਬਚਾਉਂਦਾ ਹੀ ਨਹੀਂ ਸਗੋਂ ਇਹ ਵਿਦਵਾ ਦੇ ਪੁਨਰ ਵਿਆਹ ਤੇ ਜ਼ੋਰ ਦੇਂਦਿਆਂ ਬਾਲ ਵਿਆਹ ਤੇ ਰੋਕ ਲਗਾਂਦਾ ਹੈ । ਗ੍ਰਹਿਸਤ ਇਕ ਰੱਬੀ ਨਿਯਮਾਵਲੀ ਦਾ ਨਾਂ ਏ ਜਿਸ ਨੂੰ ਸਮਝਿਆਂ ਜੀਵਨ ਵਿਚ ਸਾਂਵਾਂ ਪਨ ਅਉਂਦਾ ਹੈ ।

ਰਹਿਤ ਮਰਯਾਦਾ ਵਿਚ ਇਕ ਨੁਕਤਾ ਦਿੱਤਾ ਗਿਆ ਹੈ, ਕਿ "ਅਨੰਦ ਤੋਂ ਪਹਿਲੋਂ ਕੁੜਮਾਈ ਦੀ ਰਸਮ ਜ਼ਰੂਰੀ ਨਹੀਂ, ਪਰ ਜੇ ਕਰਨੀ ਹੋਵੇ ਤਾਂ ਲੜਕੀ ਵਾਲੇ ਕਿਸੇ ਦਿਨ ਸੰਗਤ ਜੋੜ ਕੇ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਅਰਦਾਸਾ ਸੋਧ ਕੇ ਇਕ ਕ੍ਰਿਪਾਨ ਕੜਾ ਤੇ ਕੁਝ ਮਿੱਠਾ ਲੜਕੇ ਦੇ ਪੱਲੇ ਪਾ ਦੇਣ" । ਦੋ ਪਰਵਾਰਾਂ ਦਾ ਆਪਸ ਵਿਚ ਮੇਲ ਜੋਲ ਹੁੰਦਾ ਏ ਤਾਂ ਉਥੇ ਕੁਝ ਲੈਣ ਦੇਣ ਵੀ ਹੁੰਦਾ ਹੈ। ਜਿਸ ਤਰ੍ਹਾਂ ਪਹਿਲਾਂ ਦੱਸਿਆ ਗਿਆ ਹੈ ਕਿ ਵਿਆਹ ਸਰੀਰ ਦੇ ਤਲ਼ ਅਤੇ ਆਤਮਾ ਦੇ ਤਲ ਤੇ ਹੁੰਦਾ ਹੈ। ਵਿਆਹ, ਭਾਵ ਇਕ ਸਰੀਰਾਂ ਦਾ ਮੇਲ ਤੇ ਦੂਜਾ ਆਤਮਾਵਾਂ ਦੇ ਮੇਲ ਨੂੰ ਆਖਿਆ ਗਿਆ ਹੈ। ਸਮਾਜ ਵਿਚ ਕੁੜਮਾਈ ਦੀ ਰਸਮ ਵੇਲੇ ਕੁਝ ਲੈਣ ਦੇਣ ਕੀਤਾ ਜਾਂਦਾ ਹੈ ਲਿਹਾਜਾ ਅੰਤਰ ਆਤਮਾਵਾਂ ਦੇ ਮਿਲਾਪ ਲਈ ਵੀ ਕੁਝ ਲੈਣ ਦੇਣ ਕਰਨ ਲਈ ਕਿਹਾ ਗਿਆ ਹੈ। ਲੜਕੀ ਅਤੇ ਲੜਕੇ ਦੇ ਆਪਸੀ ਮਿਲਾਪ ਤੋਂ ਪਹਿਲਾਂ ਪਰਵਾਰਾਂ ਦਾ ਮਿਲਣਾ ਜ਼ਰੂਰੀ ਕਰਾਰ ਕੀਤਾ ਗਿਆ ਹੈ। ਜੇ ਪਰਵਾਰਾਂ ਦੀ ਆਪਸੀ ਗੰਢ ਪੀਡੀ ਬੱਝ ਜਾਏ ਤਾਂ ਬੱਚਿਆ ਦੇ ਜੀਵਨ ਵਿਚ ਖੇੜਾ ਝਲਕਾਂ ਮਾਰਦਾ ਦਿਖਾਈ ਦੇਵੇਗਾ। ਕੁੜਮਾਈ ਦੀ ਰਸਮ ਵੇਲੇ ਸਦ ਗੁਣਾਂ ਦੇ ਲੈਣ ਦੇਣ ਦੀ ਪ੍ਰਕ੍ਰਿਆ ਨੂੰ ਪਰਪੱਕ ਕਰਦਿਆਂ, ਸਤੁ, ਸੰਤੋਖ ਵਰਗੇ ਦੈਵੀ ਨਿਯਮਾਂ ਨੂੰ ਵਰਤਣ ਦੀ ਖੁਲ੍ਹ ਮਿਲਦੀ ਹੈ। ਜਿੱਥੇ ਇਨ੍ਹਾਂ ਗੁਣਾਂ ਦਾ ਆਪਸੀ ਲੈਣ ਦੇਣ ਕਰਨਾ ਬਣਦਾ ਹੈ ਉੱਥੇ ਫਿਰ ਪਿਆਰ ਦਾ ਬੂਟਾ ਜਨਮ ਲਏਗਾ। ਕੁੜਮਾਈ ਦੀ ਰਸਮ ਨਿਬਹੁੰਦਿਆਂ ਸਿਰਫ ਪਰਵਾਰਾਂ ਤੀਕ ਸੀਹਮਤ ਹੀ ਨਹੀਂ ਰੱਖਿਆ ਗਿਆ ਸਗੋਂ ਇਹ ਲੈਣ ਦੇਣ ਕਰਨ ਲਈ ਭਲੇ ਪੁਰਸ਼ਾਂ ਦਾ ਇਕੱਠ ਕਰਕੇ ਉਸ ਵਿਚ ਰਸਮ ਅਦਾ ਕਰਨ ਲਈ ਕਿਹਾ ਗਿਆ ਹੈ। ਗੁਰਬਾਣੀ ਗਉਂਦਿਆਂ ਵਿਚਾਰਦਿਆਂ ਮਨਾਂ ਵਿਚ ਆਏ ਭਰਮ ਤੇ ਪਾਖੰਡ ਹੀ ਦੂਰ ਨਹੀਂ ਹੁੰਦੇ ਸਗੋਂ ਕ੍ਰੋਧ, ਮੋਹ, ਮਮਤਾ ਤੇ ਨਿਜ ਸੁਆਰਥ ਵਰਗੀਆਂ ਕਮਜ਼ੋਰੀਆਂ ਆਪਣੇ ਆਪ ਹੀ ਕਿਨਾਰਾ ਕਰ ਲੈਂਦੀਆਂ ਹਨ। ਹਊਮੇ ਵਰਗੀ ਭਿਆਨਕ ਬਿਮਾਰੀ ਦਾ ਦਰਦ ਦੂਰ ਹੁੰਦਿਆਂ ਸਰੀਰਕ ਵਿਚ ਅਰੋਗਤਾ ਅਉਂਦੀ ਏ ਭਾਵ ਗਿਆਨ ਇੰਦ੍ਰੇ ਸਮਝਦਾਰ ਨੂੰਹ ਪੁੱਤ ਵਾਂਗ ਰੱਬੀ ਨਿਯਮਾਵਲੀ ਤੇ ਤੁਰਨ ਦੇ ਆਦੀ ਹੋ ਜਾਂਦੇ ਹਨ। ਗੁਰਪਰਸਾਦੀ---ਭਾਵ ਗੁਰੂ ਦੇ ਗਿਆਨ ਵਿਚੋਂ ਇਨ੍ਹਾਂ ਗੁਣਾਂ ਦੀ ਡੂੰਘੀ ਪਹਿਛਾਣ ਹੁੰਦੀ ਐ ਤੇ ਏਹੀ ਰੱਬੀ ਮਿਲਾਪ ਮਿੱਥਿਆ ਗਿਆ ਹੈ ।

ਸਤੁ ਸੰਤੋਖੁ ਕਰਿ ਭਾਉ, ਕੁੜਮੁ ਕੁੜਮਾਈ ਆਇਆ ਬਲਿਰਾਮ ਜੀਉ

ਸੰਤ ਜਨਾ ਕਰਿ ਮੇਲੁ ਗੁਰਬਾਣੀ ਗਾਵਾਈਆ ਬਲਿਰਾਮ ਜੀਉ

ਬਾਣੀ ਗੁਰ ਗਾਈ ਪਰਮਗਤਿ ਪਾਈ,ਪੰਚ ਮਿਲੇ ਸੋਹਾਇਆ

ਗਇਆ ਕਰੋਧੁ ਮਮਤਾ ਤਨਿ ਨਾਠੀ,ਪਾਖੰਡ ਭਰਮ ਗਵਾਇਆ

ਹਊਮੈ ਪੀਰ ਗਈ ਸੁਖੁ ਪਾਇਆ ਅਰੋਗਤ ਭਏ ਸਰੀਰਾ

ਗੁਰਪਰਸਾਦੀ ਬ੍ਰਹਮੁ ਪਛਾਤਾ,ਨਾਨਕ ਗੁਣੀ ਗਹੀਰਾ

ਰਾਗੁ ਸੂਹੀ ਮਹਲਾ 4 ਛੰਤੁ ਘਰ 1 ਪੰਨਾ---- 773-----

ਸਿੱਖ ਰਹਿਤ ਮਰਯਾਦਾ ਦੇ ਪੰਨਾ ਨੰ. 26 ਤੇ {ਙ} ਭਾਗ ਵਿਚ ਸਪਸ਼ਟ ਸ਼ਬਦਾਂ ਵਿਚ ਲਿਖਿਆ ਹੋਇਆ ਹੈ ਕਿ ਵਿਆਹ ਵੇਲੇ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਦੀਵਾਨ ਲੱਗੇ, ਸੰਗਤ ਜਾਂ ਰਾਗੀ ਕੀਰਤਨ ਕਰਨ । ਫਿਰ ਲੜਕੀ ਤੇ ਲੜਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਬਿਠਾਏ ਜਾਣ। ਸੰਗਤ ਦੀ ਆਗਿਆ ਲੈ ਕੇ ਅਨੰਦ ਪੜ੍ਹਾਉਣ ਵਾਲਾ ਸਿੱਖ {ਮਰਦ ਜਾਂ ਇਸਤ੍ਰੀ} ਲੜਕੇ ਲੜਕੀ ਤੇ ਉਹਨਾਂ ਦਿਆਂ ਮਾਪਿਆਂ ਜਾਂ ਸਰਬ੍ਰਾਹਾਂ ਨੂੰ ਖੜਾ ਕਰਕੇ ਅਨੰਦ ਦੇ ਅਰੰਭ ਦਾ ਅਰਦਾਸਾ ਸੋਧੇ, ਮੁਖ ਵਾਕ ਦੇ ਉਪਰੰਤ, ਫਿਰ ਉਹ ਲੜਕੇ ਲੜਕੀ ਨੂੰ ਗੁਰਮਤ ਅਨੁਸਾਰ ਗ੍ਰਿਹਸਤ ਧਰਮ ਦੇ ਫਰਜ਼ਾਂ ਦਾ ਉਪਦੇਸ਼ ਕਰੇ:---

ਪਹਿਲੇ ਦੋਹਾਂ ਨੂੰ ਸਾਂਝਾ ਉਪਦੇਸ਼ ਕਰੇ, ਏੱਥੇ ਇਕ ਆਮ ਉਕਾਈ ਕੀਤੀ ਜਾਂਦੀ ਹੈ ਕਿ ਸਿਰਫ ਲੜਕੀ ਨੂੰ ਹੀ ਸਬੰਧੋਨ ਕਰਕੇ ਉਪਦੇਸ਼ ਦਿੱਤਾ ਜਾਂਦਾ ਹੈ, ਜਦ ਕੇ ਗੁਰਬਾਣੀ ਉਪਦੇਸ਼ ਬਣ ਰਹੀ ਸੁਭਾਗ ਜੋੜੀ ਲਈ ਸਾਂਝਾ ਹੈ । ਇਸ ਵਿਚ ਸੂਹੀ ਰਾਗ ਦੀਆਂ ਲਾਵਾਂ ਦੇ ਭਾਵ ਅਨੁਸਾਰ ਪਤੀ ਪਤਨੀ ਦੇ ਸਬੰਧ ਨੂੰ ਜੀਵ ਤੇ ਪਰਮਾਤਮਾ ਦੇ ਪਿਆਰ ਦੇ ਨਮੂਨੇ ਉੱਤੇ ਢਾਲਣ ਦੀ ਵਿਧੀ ਦੱਸੇ। ਦੋ ਸਰੀਰਾਂ ਨੇ ਕਿ ਨਵੀਂ ਜ਼ਿੰਦਗੀ ਸ਼ੁਰੂ ਕਰਨੀ ਏਂ ਤੇ ਇਸ ਸ਼ੁਰੂਆਤ ਨੂੰ ਸਫਲਤਾ ਵਿਚ ਬਦਲਣ ਲਈ ਸੂਹੀ ਰਾਗ ਵਿਚ ਉਚਾਰਣ ਕੀਤੀਆਂ ਚਾਰ ਲਾਂਵਾਂ ਦੇ ਰੱਬੀ ਉਪਦੇਸ਼ ਨੂੰ ਗਹਿਰੀ ਸੂਝ ਨਾਲ ਸਮਝਣ ਦੀ ਜ਼ਰੂਰਤ ਏ। ਕੇਵਲ ਏਨਾ ਹੀ ਨਹੀਂ ਕਿ ਚਾਰ ਲਾਂਵਾਂ ਤਰਤੀਬ ਨਾਲ ਪੜ੍ਹ ਲਈਆਂ ਤੇ ਇਹਨਾਂ ਦਾ ਮੁੜ ਕੀਰਤਨ ਕਰ ਲਿਆ ਅਨੰਦ ਕਾਰਜ ਸੰਪੂਰਨ ਹੋ ਗਿਆ। ਆਪਣੀ ਵਾਹਵਾ ਵਾਹਵਾ ਸੱਦੇ ਹੋਏ ਲੋਕਾਂ ਪਾਸੋਂ ਕਰ ਲਈ, ਪ੍ਰਸ਼ਾਦੇ ਛਕੇ ਸੂਟਾਂ ਦੀ ਪਰਦਰਸ਼ਨੀ ਕੀਤੀ ਤੇ ਘਰਾਂ ਨੂੰ ਮੁੜ ਆਏ, ਅਜੇਹੇ ਮੌਕਿਆਂ ਨੂੰ ਗੁਰਬਾਣੀ ਦੀ ਮਹਾਨਤਾ ਤੇ ਇਸ ਦੇ ਉਪਦੇਸ਼ ਨੂੰ ਸਮਝਣ ਸਮਝਾਉਣ ਦਾ ਯੋਗ ਪ੍ਰਬੰਧ ਹੋਣਾ ਚਾਹੀਦਾ ਹੈ । ਚਾਰ ਲਾਂਵਾਂ ਵਿਚੋਂ ਪਹਿਲੀ ਲਾਂਵ ਦਾ ਪਾਠ ਇਸ ਪਰਕਾਰ ਹੈ:----

ਹਰਿ ਪਹਿਲੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ

ਬਾਣੀ, ਬ੍ਰਹਮਾ ਵੇਦੁ, ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿਰਾਮ ਜੀਉ

ਧਰਮੁ ਦ੍ਰਿੜਹੁ ਹਰਿ ਨਾਮ ਧਿਆਵਹੁ ਸਿਮ੍ਰਤਿ ਨਾਮੁ ਦ੍ਰਿੜਾਇਆ

ਸਤਿਗੁਰੁ ਗੁਰੁ ਪੂਰਾ ਅਰਾਧਹੁ ਸਭਿ ਕਿਲਵਿਖ ਪਾਪ ਗਵਾਇਆ

ਸਹਿਜ ਅਨੰਦੁ ਹੋਆ ਵਡਭਾਗੀ ਮਨਿ ਹਰਿ ਹਰਿ ਮੀਠਾ ਲਾਇਆ

ਜਨੁ ਕਹੈ ਨਾਨਕੁ ਲਾਵ ਪਹਿਲੀ ਅਰੰਭ ਕਾਜ ਰਚਾਇਆ

ਲਾਵ ਦਾ ਅਰਥ ਹੈ:--ਤੋੜਨ ਦੀ ਕ੍ਰਿਆ----ਵਿਆਹ ਸਮੇਂ ਪਰਕਰਮਾ {ਫੇਰਾ} ਜਿਸ ਦੁਆਰਾ ਪਿਤਾ ਦੇ ਘਰ ਨਾਲੋਂ ਸਬੰਧ ਤੋੜ ਕੇ, ਪਤੀ ਨਾਲ ਜੋੜਿਆ ਜਾਂਦਾ ਹੈ । ਪਰਵਿਰਤੀ ਦਾ ਅਰਥ ਏ---ਮਨ ਦੀ ਵਿਹਾਰ ਵਲ ਲਗਨ ਤੇ ਪਰਵਿਰਤੀ ਕਰਮ----ਪਰਮਾਤਮਾ ਦਾ ਨਾਮ ਜਪਣ ਦੇ ਆਹਰ ਵਿਚ ਰੁੱਝਣ ਦਾ ਕੰਮ। ਪ੍ਰਵਿਰਤੀ ਕਰਮ ਗ੍ਰਹਿਸਤ ਤੇ ਧਰਮ ਨੂੰ ਇੱਠਿਆਂ ਕੀਤਾ ਗਿਆ ਹੈ। ਦ੍ਰਿੜਾਇਆ-ਗੁਰੂ ਨੇ ਨਿਸ਼ਚੇ ਕਰਾਇਆ ਹੈ। ਦ੍ਰਿੜਹੁ-ਪੱਕਾ ਕਰੋ ਹਿਰਦੇ ਵਿਚ।ਤਜਾਇਆ- ਚਲੇ ਜਾਂਦੇ ਹਨ।

ਹੇ ਰਾਮ ਜੀ ! ਮੈਂ ਤੈਥੋਂ ਸਦਕੇ ਹਾਂ । (ਤੇਰੀ ਮਿਹਰ ਨਾਲ ਗੁਰੂ ਨੇ ਸਿੱਖ ਨੂੰ) ਪਰਮਾਤਮਾ ਦੇ ਨਾਮ ਜਪਣ ਦੇ ਵਿਚ ਰੁਝਣ ਦਾ ਕੰਮ ਪੱਕਾ ਕਰਾਇਆ ਹੈ। ਤਾਕੀਦ ਕੀਤੀ ਹੈ ਕਿ ਪਰਮਾਤਮਾ ਨਾਲ ਜੀਵ ਰੂਪੀ ਇਸਤ੍ਰੀ ਦੀ ਇਹ ਪਹਿਲੀ ਲਾਂਵ ਹੈ। ਸੰਸਾਰ ਵਲੋਂ ਤੋੜ ਕੇ ਨਿੰਰਕਾਰ ਵਲ ਨੂੰ ਮੁੜਨ ਦਾ ਸਾਰਥਿਕ ਯਤਨ ਹੈ। ਸੰਸਾਰ ਤਿਆਗਣ ਨੂੰ ਨਹੀਂ ਕਿਹਾ ਸਗੋਂ ਸਮਝਣ ਨੂੰ ਕਿਹਾ ਗਿਆ ਹੈ। ਪਰਵਿਰਤੀ ਕਰਮ-ਨਾਮ ਸਿਮਰਨ ਭਾਵ ਆਤਮਿਕ ਸੂਝ ਵਲ ਨੂੰ ਮੁੜਨ ਦਾ ਪਰੇਰਨਾ ਸਰੋਤ ਹੈ। ਪਹਿਲੀ ਲਾਵ ਵਿਚ ਪੂਰੇ ਸਤਿਗੁਰ ਨੂੰ ਅਰਾਧਣ ਲਈ ਆਖਿਆ ਗਿਆ ਹੈ। ਬਾਰ ਬਾਰ ਸਤਿਗੁਰ ਜੀ ਦੇ ਉਪਦੇਸ਼ ਨੂੰ ਧਿਆਨ ਨਾਲ ਵਿਚਾਰ ਕੇ ਅਮਲ ਕਰਨ ਲਈ ਕਿਹਾ ਗਿਆ ਹੈ।

ਸਤਿਗੁਰੁ ਗੁਰੁ ਪੂਰਾ ਅਰਾਧਹੁ ਸਭਿ ਕਿਲਵਿਖ ਪਾਪ ਗਵਾਇਆ

ਪਾਪ ਦੀ ਸਤ੍ਹਾ ਬਾਹਰੋਂ ਦਿਖਾਈ ਨਹੀਂ ਦੇਂਦੀ, ਅੰਦਰਲੀ ਮਲੀਨ ਸੋਚ ਦਾ ਨਾਂ ਹੀ ਪਾਪ ਹੈ । ਸਤਿਗੁਰ ਦਾ ਅਰਾਧਣਾ ਪੁੰਨਿਆਂ ਦੀ ਰਾਤ ਦਾ ਚਿੱਟਾ ਚਾਨਣ ਹੈ ਤੇ ਕਿਲਵਿਖ ਮੱਸਿਆ ਦੀ ਕਾਲੀ ਬੋਲੀ ਅੰਧੇਰੀ ਰਾਤ ਵਾਂਗ ਹੈ। ਲਾਵ ਤੋੜਨ ਦੀ ਕਿਰਿਆ ਹੈ। ਸਤਿਗੁਰੁ ਦਾ ਅਰਾਧਣਾ-ਸਤਿਗੁਰ ਦੇ ਗਿਆਨ ਨੂੰ ਲੈ ਕੇ ਹਰ ਰੋਜ਼ ਇਸ ਦਾ ਅਭਿਆਸ ਕਰਨਾ ਹੀ ਅਸਲ ਵਿਚ ਅਰਾਧਣਾ ਹੈ। ਲੱਗਦੇ ਚਾਰੇ ਕੋਈ ਵੀ ਮਨੁੱਖ ਆਪਣੀ ਚੀਜ਼ ਗੁਆਉਣੀ ਨਹੀਂ ਚਹੁੰਦਾ ਪਰ ਗੁਰੂ ਜੀ ਪਾਪ ਨੂੰ ਗਵਉਣ ਵਾਸਤੇ ਆਖ ਰਹੇ ਹਨ। ਕਿਉਂਕਿ ਆਦਮੀ ਦੇ ਮਨ ਅੰਦਰ ਕਰਮ ਕਰਨ ਤੋਂ ਪਹਿਲਾਂ ਸੋਚ ਹੀ ਜਨਮ ਲੈਂਦੀ ਹੈ। ਜੇ ਸੋਚ ਹੀ ਮਲੀਨ ਹੋਵੇ ਤਾਂ ਕਰਮ ਆਪਣੇ ਆਪ ਹੀ ਭੈੜਾ ਹੋਏਗਾ। ਇਸ ਲਈ ਸੋਚ ਨੂੰ ਪਵਿੱਤਰ ਰੱਖਣ ਲਈ ਤੇ ਮਲੀਨਤਾ ਤੋਂ ਬਚਾ ਕਿ ਰੱਖਣ ਲਈ ਗੁਰੂ ਦੇ ਉਪਦੇਸ਼ ਨੂੰ ਅਪਨਉਣਾ ਜ਼ਰੂਰੀ ਹੈ। ਏੱਥੇ ਇਕ ਘਟਨਾ ਵੀ ਸਾਂਝੀ ਕਰਨੀ ਹੈ ਭਾਵੇ ਅਜੇਹੀਆਂ ਘਟਨਾਂਵਾਂ ਨਾ ਵੀ ਵਾਪਰੀਆਂ ਹੋਵਣ ਪਰ ਫਿਰ ਵੀ ਉਹਨਾਂ ਵਿਚੋਂ ਤੱਤ ਗਿਆਨ ਦੀ ਝਲ਼ਕ ਮਿਲ ਜਾਂਦੀ ਹੈ। ਕਹਿੰਦੇ ਨੇ ਦੋ ਦੋਸਤ ਇਕ ਨਦੀ ਨੂੰ ਪਾਰ ਕਰਨ ਲੱਗੇ ਤਾਂ ਅਚਾਨਕ ਇਕ ਬੀਬੀ ਆ ਗਈ, ਉਸ ਨੇ ਇਕ ਵੀਰ ਨੂੰ ਤਰਲਾ ਮਾਰਿਆ, "ਕੇ ਮੈਨੂੰ ਵੀ ਆਪਣੇ ਆਸਰੇ ਨਾਲ ਇਹ ਨਦੀ ਪਾਰ ਕਰ ਦਿਉ"। ਦੋਨਾਂ ਵਿਚੋਂ ਇਕ ਜਣੇ ਨੇ ਉਸ ਬੀਬੀ ਦਾ ਹੱਥ ਫੜਿਆ ਤੇ ਉਸ ਨੂੰ ਨਦੀ ਪਾਰ ਕਰ ਦਿੱਤੀ। ਦੋਨੋ ਦੋਸਤ ਆਪਣੀ ਮੰਜ਼ਿਲ ਤੇ ਪਹੁੰਚ ਗਏ ਤੇ ਆਪਸ ਵਿਚ ਗੱਲਾਂ ਬਾਤਾਂ ਦਾ ਦੌਰ ਸ਼ੁਰੂ ਹੋਇਆ। ਹੱਥ ਫੜ ਕੇ ਨਦੀ ਪਾਰ ਕਰਾਉਣ ਵਾਲੇ ਵੀਰ ਨੂੰ ਉਸ ਦਾ ਦੋਸਤ ਪੁੱਛਦਾ "ਸੁਣਾ ਫਿਰ ਤੈਨੂੰ ਉਸ ਬੀਬੀ ਨੇ ਫਿਰ ਵੀ ਕਦੀ ਮਿਲਣ ਲਈ ਕਿਹਾ ਹੈ ਕਿ ਨਹੀਂ"। ਹੱਥ ਫੜਣ ਵਾਲਾ ਕਹਿੰਦਾ, "ਕਿਹੜੀ ਬੀਬੀ", ਤਾਂ ਉਸ ਦਾ ਦੋਸਤ ਕਹਿੰਦਾ, "ਉਹੀ ਜਿਸਦਾ ਤੂੰ ਹੱਥ ਫੜ ਕੇ ਨਦੀ ਪਾਰ ਕਰਾ ਕੇ ਆਇਆਂ ਏਂ"। ਉਸ ਦੇ ਦੋਸਤ ਨੇ ਉੱਤਰ ਦਿੱਤਾ, "ਭਲਿਆ ਮੈਂ ਉਸ ਬੀਬੀ ਦਾ ਹੱਥ ਫੜ ਕੇ ਨਦੀ ਜ਼ਰੂਰ ਪਾਰ ਕਰਾਈ ਸੀ, ਪਰ ਮੈਂ ਉਸ ਨੂੰ ਉਥੇ ਹੀ ਛੱਡ ਆਇਆ, ਦੁੱਖ ਇਸ ਗੱਲ ਦਾ ਹੈ ਕਿ ਤੂੰ ਉਸ ਨੂੰ ਅਜੇ ਵੀ ਚੁੱਕੀ ਫਿਰਦਾ ਏਂ"। ਗੱਲ ਕੀ ਮਨ ਵਿਚ ਹਰ ਵੇਲੇ ਮਲੀਨ ਸੋਚਾਂ ਦਾ ਰਹਿਣਾ ਹੀ ਪਾਪ ਹੈ। ਪਹਿਲੀ ਲਾਂਵ ਵਿਚ ਪਾਪ ਸ਼ਬਦ ਦੋ ਵਾਰ ਆਇਆ ਏ ਜੋ ਸਫਲ ਜੀਵਨ ਲਈ ਵੱਡੀ ਰੁਕਾਵਟ ਮੰਨਿਆ ਗਿਆ ਹੈ ।---ਚਲਦਾ




.