ਸੰਤਾਂ ਦੇ
ਕੌਤਕ .....?
(ਭਾਗ ਦੂਜਾ,
ਕਿਸ਼ਤ ਨੰ: 06)
ਭਾਈ
ਸੁਖਵਿੰਦਰ ਸਿੰਘ 'ਸਭਰਾ'
ਖੁਦਗਰਜ਼ੀ ਕਿ ਮਰਯਾਦਾ
ਅਜੋਕੇ ਸੰਤਾਂ ਅਤੇ ਪੁਜਾਰੀ ਸ਼੍ਰੇਣੀ ਨੇ
ਖੁਦਗਰਜ਼ੀ ਨੂੰ ਹੀ ਮਰਯਾਦਾ ਬਣਾਇਆ ਹੋਇਆ ਹੈ, ਸੁਆਰਥ ਨੂੰ ਹੀ ਮਰਯਾਦਾ ਬਣਾਇਆ ਹੈ। ਲੰਮੇ ਸਮੇਂ ਤੋਂ
ਕਾਜ਼ੀ, ਯੋਗੀ, ਮੁੱਲਾਂ, ਪੰਡਿਤ, ਬਾਹਮਣ ਲੋਕਾਂ ਨੂੰ ਵਹਿਮਾਂ-ਭਰਮਾਂ ਵਿਚ ਪਾ ਕੇ ਲੁੱਟਦੇ ਸੀ,
ਭੋਲੀ-ਭਾਲੀ ਜਨਤਾ ਦੇ ਸਿਰੋਂ ਵਿਹਲੇ ਬੈਠ ਕੇ ਖਾਂਦੇ ਸੀ। ਇਕ ਪੰਡਤ ਦੀ ਘਰ ਵਾਲੀ ਨੇ ਪੰਡਤ ਨੂੰ
ਕਿਹਾ ਕਿ ਘਰ ਵਿਚ ਕਪਾਹ (ਰੂੰ) ਦੀ ਲੋੜ ਹੈ, ਪੰਡਤ ਕਹਿੰਦਾ ਕਿ ਇਕ ਆਨੰਦ-ਵਿਆਹ ਕਾਰਜ ਨੇੜੇ ਹੀ ਆ
ਰਿਹਾ ਹੈ ਕੋਈ ਚਾਰਾ ਕਰਦੇ ਹਾਂ, ਕੋਈ ਫ਼ਿਕਰ ਨਾ ਕਰ। ਪੰਡਤ ਲੱਗਾ ਵਿਆਹ ਦੀ ਸੁਆਰਥੀ ਮਰਯਾਦਾ ਘੜਨ,
ਉਸ ਨੂੰ ਕਪਾਹ ਚਾਹੀਦੀ ਸੀ ਉਸਨੇ ਲੜਕੀ ਵਾਲਿਆਂ ਨੂੰ ਕਹਿ ਦਿੱਤਾ ਕਿ ਮਰਯਾਦਾ ਆਪਾਂ ਜ਼ਰੂਰ ਕਰਨੀ ਹੈ
ਕਿ ਜਦੋਂ ਵਿਆਹ ਹੋਣ ਲੱਗਾ ਤਾਂ ਦੁਆਲੇ ਦੁਆਲੇ ਕਪਾਹ ਦੀਆਂ ਪੰਡਾਂ ਰੱਖਣੀਆਂ ਹਨ ਵਿਚਕਾਰ ਵਿਆਹ
ਹੋਵੇਗਾ। ਵਿਆਹ ਵਾਲਾ ਦਿਨ ਆ ਗਿਆ ਕਪਾਹ ਦੀਆਂ ਪੰਡਾਂ ਰੱਖ ਦਿੱਤੀਆਂ ਵਿਚਕਾਰ ਵਿਆਹ ਹੋਣ ਲੱਗਾ ਤਾਂ
ਜੰਝ ਵਿਚ ਅਗਲੇ ਪਾਸਿਉਂ ਵੀ ਕੋਈ ਪੰਡਤ ਆਇਆ ਹੋਇਆ ਸੀ, ਉਸ ਪੰਡਤ ਨੇ ਵੇਖਿਆ ਇਹ ਕਿਹੜੀ ਮਰਯਾਦਾ?
ਇਹ ਕਪਾਹ ਹੀ ਕਪਾਹ ਨਾਲ ਕਿਉਂ ਰੱਖੀ ਹੈ? ਤਾਂ ਉਹਨੇ ਪੰਡਤ ਵੱਲ ਮੁਖਾਤਬ ਹੋ ਕੇ ਕਿਹਾ-ਅਸਚਰਜ
ਵਿਆਹੰ। ਕਪਾਹੰ ਕਪਾਹੰ। ਇਹ ਅਸਚਰਜ ਵਿਆਹ ਹੈ ਕਪਾਹ ਕਿੱਥੋਂ ਆ ਗਈ? ਵਿਆਹ ਕਰਨ ਵਾਲਾ ਪੰਡਤ ਝੱਟ
ਬੋਲਿਆ ਚੁੱਪ ਗੜੁਪੰ, ਅਰਧੋ ਅਰਧ ਕਪਾਹੰ। ਭਾਵ ਕਿ ਚੁੱਪ ਕਰ ਜਾਹ, ਆਪਾਂ ਦੋਵੇਂ ਇਹ ਕਪਾਹ ਅੱਧੋ-ਅਧ
ਕਰ ਲਵਾਂਗੇ। ਸੋ ਇਹਨਾਂ ਸੰਤਾਂ ਸਮੇਤ ਪੁਜਾਰੀ ਸ਼੍ਰੇਣੀ ਨੇ ਆਪਣੇ ਸਵਾਰਥ (ਪੇਟ) ਨਾਲ ਖੁਦਗਰਜ਼ੀ ਨਾਲ
ਸੰਬੰਧਿਤ ਮਰਯਾਦਾ ਬਣਾਈਆਂ ਹੋਈਆਂ ਹਨ। ਅਖੰਡ ਪਾਠਾਂ ਨਾਲ ਇਹ ਨਾਰੀਅਲ, ਘੜੇ, ਜੋਤਾਂ, ਖੱਟੇ ਸਾਫੇ,
ਰੱਖੀ ਫਿਰਦੇ ਹਨ ਜਿਹੜਾ ਕੱਪੜਾ 2 ਗਿੱਠ ਦਾ ਹੁੰਦਾ ਸੀ ਅੱਜ ਉਹ 2 ਮੀਟਰ ਦਾ ਸਾਫਾ ਬਣ ਗਿਆ ਹੈ।
ਮੇਰੇ ਪਿੰਡ ਸਭਰਾ ਇਕ ਦਿਨ ਮਰਗ ਦੇ ਅਖੰਡ
ਪਾਠ ਦਾ ਭੋਗ ਪਿਆ ਤਾਂ ਉਹ ਪਾਠੀ ਜਿਨ੍ਹਾਂ ਨੂੰ ਇਕ ਅੱਖਰ ਵੀ ਸ਼ੁੱਧ ਬੋਲਣਾ ਨਹੀਂ ਆਉਂਦਾ, ਭੋਗ
ਉਪਰੰਤ ਨਾਰੀਅਲ ਨੂੰ ਵੱਢ ਕੇ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡ ਰਹੇ ਸੀ। ਇੰਝ ਸੰਕੇਤ ਦੇ ਰਹੇ ਸੀ
ਜਿਵੇਂ ਕਹਿ ਰਹੇ ਹੋਣ ਕਿ ਇਹ ਮਰਯਾਦਾ ਅਸੀਂ ਭੁੱਖ ਦੇ ਮਾਰਿਆਂ ਨੇ ਬਣਾਈ ਹੈ। ਕਈ ਸੰਤ ਅਤੇ ਇਹ
ਪੁਜਾਰੀ ਗ੍ਰੰਥੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਥਾਲੀ ਵਿਚ ਦੀਵੇ ਬਾਲ ਕੇ ਥਾਲੀ ਘੁੰਮਾ ਕੇ ਥਾਲੀ
ਵਿਚ ਪੈਸੇ ਪਵਾ ਕੇ ਗਰੂ ਅਤੇ ਸੰਗਤਾਂ ਨੂੰ ਇਹ ਦਰਸਾ ਰਹੇ ਹੁੰਦੇ ਹਨ ਕਿ ਅਸੀਂ 500 ਸਾਲ ਬੀਤ ਜਾਣ
ਤੇ ਵੀ ਰੋਜ਼ ਬਾਣੀ ਪੜ੍ਹਦੇ ਹੋਏ ਵੀ ਪੂਰਨ ਤੌਰ ‘ਤੇ ਅਗਿਆਨੀ ਹਾਂ ਅਤੇ 500 ਸਾਲ ਬੀਤ ਜਾਣ ‘ਤੇ ਵੀ
ਸਾਡੇ ਅੰਦਰ ਉਹੀ ਬ੍ਰਾਹਮਣ ਬੈਠਾ ਹੈ ਅਤੇ ਅਜੇ ਤੱਕ ਵੀ ਭੁੱਖ ਨਹੀਂ ਨਿਕਲੀ। ਖ਼ੈਰ ਇਹ ਜ਼ਿਕਰ ਪੂਰੀ
ਵਿਸਥਾਰ ਵਿਚ ਪੁਸਤਕ ਦੇ ਪਹਿਲੇ ਭਾਗ ਵਿਚ ਆ ਚੁੱਕੇ ਹਨ। ਇਸ ਭਾਗ ਵਿਚ ਸਾਰਾ ਕੁਝ ਨਵਾਂ ਹੀ ਸੰਗਤਾਂ
ਦੀ ਨਜ਼ਰ ਕਰਨ ਦੀ ਕੋਸ਼ਿਸ਼ ਕਰਾਂਗਾ।
ਸੁਖਵਿੰਦਰ ਸਿੰਘ
ਸਭਰਾ