.

☬ ਅਕਾਲ-ਮੂਰਤਿ ☬
(ਕਿਸ਼ਤ ਨੰ: 11)

ਜਗਤਾਰ ਸਿੰਘ ਜਾਚਕ, ਆਨਰੇਰੀ ਇੰਟਰਨੈਸ਼ਨਲ ਸਿੱਖ ਮਿਸ਼ਨਰੀ

ਮਹਾਂਕਾਲ ਅਥਵਾ ਸ਼ਿਵ ਜੀ ਨਾਲ ਜੁੜੀਆਂ ਅਜਿਹੀ ਕਥਾਵਾਂ ਵੀ ਪ੍ਰਚਲਿਤ ਹਨ, ਜਿਹੜੀਆਂ ਉਨ੍ਹਾਂ ਨੂੰ ਅਤਿ ਦਰਜੇ ਦਾ ਕ੍ਰੋਧੀ ਦਰਸਾਂਦੀਆਂ ਹਨ। ਜਿਵੇਂ, ਕਿਹਾ ਜਾਂਦਾ ਹੈ ਕਿ ਪਾਰਬਤੀ ਨੇ ਆਪਣੇ ਸ਼ਰੀਰ ਦੀ ਮੈਲ ਤੋਂ ਇੱਕ ਬਾਲਕ ਬਣਾ ਕੇ ਆਪਣੇ ਘਰ ਦੇ ਦਰਵਾਜੇ ਮੂਹਰੇ ਪਹਿਰੇ ਲਈ ਬੈਠਾ ਦਿੱਤਾ। ਜਦੋਂ ਸ਼ਿਵ ਜੀ ਆਏ ਤਾਂ ਬਾਲਕ ਨੇ ਆਪਣਾ ਫਰਜ਼ ਪਛਾਣ ਕੇ ਅੰਦਰ ਜਾਣੋ ਰੋਕਿਆ। ਬੱਸ ਇਤਨੀ ਗੱਲ ‘ਤੇ ਸ਼ਿਵ ਜੀ ਹੁਰਾਂ ਨੂੰ ਇਤਨਾ ਗੁਸਾ ਚੜ੍ਹਿਆ ਕਿ ਉਨ੍ਹਾਂ ਨੇ ਬਾਲਕ ਦਾ ਸਿਰ ਵੱਢ ਦਿੱਤਾ। ਪ੍ਰੰਤੂ, ਪਾਰਬਤੀ ਦਾ ਵਿਰਲਾਪ ਸੁਣ ਕੇ ਸ਼ਿਵ ਜੀ ਨੇ ਇੱਕ ਹਾਥੀ ਦਾ ਸਿਰ ਵੱਢ ਕੇ ਬਾਲਕ ਦੇ ਧੜ ਨਾਲ ਜੋੜ ਦਿੱਤਾ ਅਤੇ ਗਣੇਸ਼ ਉਹਦਾ ਨਾਮ ਥਾਪਿਆ। ਇਸ ਤੋਂ ਇਲਾਵਾ ਇਹ ਵੀ ਆਖਦੇ ਹੋ ਕਿ ਸ਼ਿਵ ਜੀ ਤੇ ਪਾਰਬਤੀ ਆਪਣੇ ਕਿਸੇ ਸ਼ਰਧਾਲੂ ਦੇ ਘਰ ਖਾਣਾ ਖਾਣ ਲਈ ਗਏ। ਪਰ, ਜਦੋਂ ਉਨ੍ਹਾਂ ਨੂੰ ਖਾਣਾ ਪਸੰਦ ਨਾ ਆਇਆ ਤਾਂ ਸਰਾਪ ਦੇ ਕੇ ਸ਼ਰਧਾਲੂ ਭੰਡਾਰੀ (ਭੰਡਾਰਾ ਕਰਨ ਵਾਲਾ) ਦਾ ਲੜਕਾ ਹੀ ਮਾਰ ਛੱਡਿਆ।
ਮਿਤਰੋ! ਖ਼ਿਮਾ ਕਰਨਾ। ਅਜੇਹੀਆਂ ਪ੍ਰਚਲਿਤ ਪੁਰਾਣਿਕ ਕਥਾਵਾਂ ਦੇ ਹਵਾਲੇ ਦੇ ਕੇ ਸਮਝਾਉਣ ਤੋਂ ਮੇਰਾ ਮਨੋਰਥ ਕਿਸੇ ਦੇ ਧਾਰਮਿਕ ਜਜ਼ਬਿਆਂ ਦਾ ਮਖੌਲ ਉਡਾ ਕੇ ਕਿਸੇ ਦੇ ਦਿਲ ਨੂੰ ਠੋਕਰ ਲਾਉਣਾ ਨਹੀ। ਕਿਉਂਕਿ, ਐਸੀ ਦੁਖਦਾਈ ਸੋਚ ਦਾ ਧਾਰਨੀ ਹੋ ਕੇ ਜੀਊਣਾ ਧਰਮ ਦਾ ਮਾਰਗ ਨਹੀ। ਮੇਰਾ ਮਤਲਬ ਤਾਂ ਕੇਵਲ ਸਚਾਈ ਨੂੰ ਪਰਗਟ ਕਰਦਿਆਂ ਕੁਰਾਹੇ ਪਏ ਲੋਕਾਂ ਨੂੰ ਜ਼ਿੰਦਗੀ ਦਾ ਸਹੀ ਮਾਰਗ ਦਰਸਾਉਣਾ ਹੈ। ਜਿਵੇਂ, ਭਗਤ ਬਾਬਾ ਨਾਮਦੇਵ ਜੀ ਕਿਸੇ ਸ਼ਿਵ ਉਪਾਸ਼ਕ ਪੁਜਾਰੀ ਅਤੇ ਸ਼੍ਰੀ ਤ੍ਰਿਲੋਚਨ ਜੀ ਨੇ ਆਪਣੀ ਜਿੰਦ ਨੂੰ ਸੰਬੋਧਨ ਕਰਕੇ ਵਿਸ਼ਨੂੰ ਭਗਤਾਂ ਨੂੰ ਸਮਝਾਂਦਿਆਂ ਆਖਿਆ ਹੈ:
ਪਾਂਡੇ ਤੁਮਰਾ ਮਹਾਦੇਉ, ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ। ।
ਮੋਦੀ ਕੇ ਘਰ ਖਾਣਾ ਪਾਕਾ, ਵਾ ਕਾ ਲੜਕਾ ਮਾਰਿਆ ਥਾ। । {ਗੁ. ਗ੍ਰੰ. ਪੰ. 875}

ਜਿਸ ਦਾ ਭਾਵਾਰਥ ਹੈ ਕਿ ਹੇ ਪਾਂਡੇ! ਜਿਸ ਸ਼ਿਵ ਜੀ ਦੀ ਤੂੰ ਅਰਾਧਨਾ ਕਰਦਾ ਹੈਂ, ਉਸ ਨੂੰ ਬੜਾ ਕ੍ਰੋਧੀ ਵੀ ਸਮਝਦਾ ਹੈਂ ਤੇ ਆਖਦਾ ਹੈਂ ਕਿ ਗੁੱਸੇ ਵਿੱਚ ਆ ਕੇ ਉਹ ਸ੍ਰਾਪ ਦੇ ਦੇਂਦਾ ਹੈ, ਭਸਮ ਕਰ ਦੇਂਦਾ ਹੈ। ਐਸੇ ਸ਼ਿਵ ਨਾਲ ਤੂੰ ਪਿਆਰ ਕਿਵੇਂ ਕਰ ਸਕਦਾ ਹੈਂ? ਤੇਰਾ ਸ਼ਿਵ ਤਾਂ ਉਹ ਹੈ ਜਿਸ ਬਾਰੇ ਤੂੰ ਆਖਦਾ ਹੈਂ ਕਿ ਕਿਸੇ ਭੰਡਾਰੀ ਦੇ ਘਰ ਉਸ ਵਾਸਤੇ ਭੋਜਨ ਤਿਆਰ ਹੋਇਆ, ਸ਼ਿਵ ਨੂੰ ਚਿੱਟੇ ਬਲਦ ਉਤੇ ਚੜ੍ਹਿਆ ਜਾਂਦਾ ਵੇਖਿਆ, (ਭਾਵ, ਤੂੰ ਦੱਸਦਾ ਹੈਂ ਕਿ ਸ਼ਿਵ ਜੀ ਚਿੱਟੇ ਬਲਦ ਦੀ ਸਵਾਰੀ ਕਰਦੇ ਸਨ) ਪਰ, ਸ਼ਾਇਦ ਸ਼ਿਵ ਜੀ ਨੂੰ ਆਪਣੇ ਸ਼ਰਧਾਲੂ ਭੰਡਾਰੀ ਦਾ ਭੋਜਨ ਪਸੰਦ ਨਾ ਆਇਆ, ਜਿਸ ਲਈ ਉਹ ਨੇ ਸ੍ਰਾਪ ਦੇ ਕੇ ਭਡਾਰੀ ਦਾ ਮੁੰਡਾ ਹੀ ਮਾਰ ਛੱਡਿਆ।
ਭਗਤ ਤ੍ਰਿਲੋਚਨ ਜੀ ਆਖਦੇ ਹਨ ਕਿ ਤੁਸੀਂ ਵਿਸ਼ਨੂ ਦੀ (ਕ੍ਰਿਸ਼ਨ-ਮੂਰਤੀ ਦੀ) ਪੂਜਾ ਕਰਦੇ ਹੋ ਤੇ ਗੰਗਾ ਵਿੱਚ ਇਸ਼ਨਾਨ ਕਰਨ ਨੂੰ ਪੁੰਨ-ਕਰਮ ਸਮਝਦੇ ਹੋ। ਪਰ ਤੁਸੀ ਇਹ ਭੀ ਦੱਸਦੇ ਹੋ ਕਿ ਆਪਣੀ ਇਸਤ੍ਰੀ ਅਹੱਲਿਆ ਦੇ ਸੰਬੰਧ ਵਿੱਚ ਗੋਤਮ ਨੇ ਚੰਦ੍ਰਮਾ ਨੂੰ ਦਾਗ਼ ਲਾ ਦਿੱਤਾ ਸੀ, ਇਹ ਦਾਗ਼ ਚੰਦ੍ਰਮਾ ਦੇ ਮੱਥੇ ਉਤੇ ਉਸ ਦੇ ਕੁਕਰਮ ਦਾ ਕਲੰਕ ਹੈ। ਨਿੱਤ ਦਾ ਗੰਗਾ ਦਾ ਇਸ਼ਨਾਨ ਤੇ ਵਿਸ਼ਨੂ ਜੀ ਦਾ ਕ੍ਰਿਸ਼ਨ ਰੂਪ ਧਾਰ ਕੇ ਚੰਦ੍ਰਮਾ ਦੀ ਕੁਲ ਵਿੱਚ ਜੰਮਣਾ ਭੀ ਚੰਦ੍ਰਮਾ ਦੇ ਉਸ ਕਲੰਕ ਨੂੰ ਅਜੇ ਤਕ ਦੂਰ ਨਹੀਂ ਕਰ ਸਕੇ। ਦੱਸੋ; ਗੰਗਾ ਦੇ ਇਸ਼ਨਾਨ ਨਾਲ ਤੇ ਕ੍ਰਿਸ਼ਨ-ਮੂਰਤੀ ਦੀ ਪੂਜਾ ਕਰ ਕੇ ਤੁਹਾਡੇ ਪਾਪ ਤੇ ਕੁਕਰਮ ਕਿਵੇਂ ਧੁਪ ਜਾਣਗੇ? ਅਜਿਹੇ ਭਾਵਰਥ ਰਖਦੀ ਉਨ੍ਹਾਂ ਦੀ ਰਚਨਾ ਇਸ ਪ੍ਰਕਾਰ ਹੈ:
ਸੰਕਰਾ ਮਸਤਕਿ ਬਸਤਾ, ਸੁਰਸਰੀ ਇਸਨਾਨ ਰੇ। ।
ਕੁਲ ਜਨ ਮਧੇ ਮਿਲ੍ਹਿੋ ਸਾਰਗਪਾਨ ਰੇ। ।
ਕਰਮ ਕਰਿ ਕਲੰਕੁ ਮਫੀਟਸਿ ਰੀ। । 1।। {ਗੁ. ਗ੍ਰੰ. ਪੰ. 695}
{ਪਦ-ਅਰਥ: ਸੰਕਰਾ ਮਸਤਕਿ-ਸ਼ਿਵ ਦੇ ਮੱਥੇ ਉਤੇ। ਸੁਰਸਰੀ-ਗੰਗਾ। ਰੇ-ਹੇ ਭਾਈ! ਮਧੇ-ਵਿਚ। ਮਿਲਿ੍ਹੋ-ਆ ਕੇ ਮਿਲਿਆ, ਜੰਮਿਆ। ਸਾਰਗਪਾਨ-ਵਿਸ਼ਨੂੰ। ਕਰਮ ਕਰਿ-ਕੀਤੇ ਕਰਮਾਂ ਦੇ ਕਾਰਨ। ਮਫੀਟਸਿ-ਨਾਹ ਫਿੱਟਿਆ, ਨਾਹ ਹਟਿਆ।
ਤੁਕ-ਅਰਥ: (ਹੇ ਮੇਰੀ ਜਿੰਦੇ! ) ਆਪਣੇ ਕੀਤੇ ਕਰਮਾਂ ਦੇ ਕਾਰਨ (ਚੰਦ੍ਰਮਾ ਦਾ) ਦਾਗ਼ ਨਾਹ ਹਟ ਸਕਿਆ; ਭਾਵੇਂ ਉਹ ਸ਼ਿਵ ਜੀ ਦੇ ਮੱਥੇ ਉਤੇ ਵੱਸਦਾ ਹੈ, ਨਿੱਤ ਗੰਗਾ ਵਿੱਚ ਇਸ਼ਨਾਨ ਕਰਦਾ ਹੈ, ਤੇ ਉਸੇ ਦੀ ਕੁਲ ਵਿੱਚ ਵਿਸ਼ਨੂ ਜੀ ਨੇ (ਕ੍ਰਿਸ਼ਨ-ਰੂਪ ਧਾਰ ਕੇ) ਜਨਮ ਲਿਆ ।}
ਸਮਦ੍ਰਿਸ਼ਟ ਭਗਤ-ਜਨਾਂ ਵਲੋਂ ਅਜਿਹੇ ਹਵਾਲੇ ਦੇਣ ਦਾ ਮਤਲਬ ਕਿਸੇ ਪੁਜਾਰੀ-ਪੰਡੇ ਦੇ ਇਸ਼ਟ ਦਾ ਮਖੌਲ ਉਡਾਉਣਾ ਨਹੀ। ਸਗੋਂ, ਕੇਵਲ ਇਹ ਸਮਝਾਉਣਾ ਹੈ ਕਿ ਜਿਹੜੇ ਇਸ਼ਟ ਲਈ ਉਪਾਸ਼ਕਾਂ ਵਲੋਂ ਆਪ ਹੀ ਐਸੀਆਂ ਕ੍ਰੋਧ ਭਰੀਆਂ ਅਤੇ ਇਸ਼ਟ ਦੀ ਅਸਮਰਥਾ ਨੂੰ ਪ੍ਰਗਟਾਂਦੀਆਂ ਕਹਾਣੀਆਂ ਸੁਣਾਈਆਂ ਜਾਣ, ਉਸ ਨਾਲ ਦਿਲੀ ਸਾਂਝ ਪਾ ਸਕਣੀ ਅਸੰਭਵ ਹੁੰਦੀ ਹੈ। ਐਸੇ ਇਸ਼ਟ ਅੱਗੇ ਡੰਡਾਉਤਾਂ ਕਰਨੀਆਂ ਤੇ ਆਰਤੀਆਂ ਉਤਾਰਨੀਆਂ ਅਜਿਹੇ ਫੋਕੇ ਕਰਮਕਾਂਡ ਬਣ ਕੇ ਹੀ ਰਹਿ ਜਾਂਦੀਆਂ ਹਨ, ਜਿਨ੍ਹਾਂ ਤੋਂ ਮਨੁਖ ਨੂੰ ਕੋਈ ਆਤਮਿਕ ਲਾਭ ਨਹੀ ਪਹੁੰਚਦਾ।
ਸੋ, ਮੇਰੇ ਖ਼ਿਆਲ ਅਨੁਸਾਰ ਕਿਸੇ ਵਲੋਂ ਬ੍ਰਹਮਾ ਜੀ ਤਰ੍ਹਾਂ ਹਉਮੈ ਹੰਕਾਰ ਵਿੱਚ ਫਸ ਕੇ ਰੱਬ ਨੂੰ ਭੁੱਲ ਜਾਣਾ ਅਤੇ ਕਾਮਾਤੁਰ ਹੋ ਕੇ ਪਿਉ-ਧੀ ਵਰਗੇ ਸਮਾਜਿਕ ਰਿਸ਼ਤਿਆਂ ਦੀ ਪਵਿਤਰਤਾ ਨੂੰ ਭੰਗ ਕਰ ਦੇਣਾ। ਸ਼ਿਵ ਜੀ ਵਾਂਗ ਛੋਟੀਆਂ ਛੋਟੀਆਂ ਗੱਲਾਂ ‘ਤੇ ਕ੍ਰੋਧਿਤ ਹੋ ਕੇ ਆਪਣੀ ਹੋਸ਼ ਗਵਾਂਦਿਆਂ ਕਿਸੇ ਨੂੰ ਕਤਲ ਕਰ ਦੇਣ ਤੱਕ ਪਹੁੰਚ ਜਾਣਾ ਅਤੇ ਆਪ ਹਮੇਸ਼ਾ ਮੌਤ ਦੇ ਸਹਮ ਵਿੱਚ ਜੀਊਣਾ, ਆਤਮਿਕ ਤੌਰ ਤੇ ਕਾਲ ਦੀ ਮਾਰ ਹੇਠ ਆਉਣਾ ਹੈ। ਕਾਲ ਦੇ ਜਾਲ ਵਿੱਚ ਫਸਣਾ ਹੈ। ਅਸਲ ਵਿੱਚ ਇਹੀ ਹੈ ਆਤਮਕ ਮੌਤ ਅਤੇ ਅਜਿਹੀ ਮੌਤ ਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਖ਼ਲਾਸੀ ਨਹੀਂ ਕਰਦੀ। ਇਸ ਆਤਮਕ ਮੌਤ ਤੋਂ ਬਚਿਆ ਹੋਇਆ ਸਿਰਫ਼ ਇੱਕ ਅਕਾਲਮੂਰਤਿ ਅਬਿਨਾਸੀ ਪਰਮਾਤਮਾ ਹੈ, ਜਿਸ ਦੇ ਗੁਣ ਬਿਆਨ ਨਹੀਂ ਹੋ ਸਕਦੇ, ਜਿਸ ਦਾ ਭੇਤ ਪਾਇਆ ਨਹੀਂ ਜਾ ਸਕਦਾ:
ਮਾਇਆ ਮੋਹੇ ਦੇਵੀ ਸਭਿ ਦੇਵਾ। ।
ਕਾਲੁ ਨ ਛੋਡੈ ਬਿਨੁ ਗੁਰ ਕੀ ਸੇਵਾ। ।
ਓਹੁ ਅਬਿਨਾਸੀ ਅਲਖ ਅਭੇਵਾ। । 2।।
ਭਾਈ! ਸਦਾ ਯਾਦ ਰੱਖੋ ਕਿ ਜਦੋਂ ਅਸੀਂ ਚਸਕਿਆਂ ਅਧੀਨ ਪਦਾਰਥਕ ਰਸ ਮਾਨਣ ਵਿੱਚ ਖਚਿਤ ਹੋ ਜਾਂਦੇ ਹਾਂ ਅਤੇ ਦੂਸਰਿਆਂ ਦੀ ਨਿੰਦਿਆ ਕਰਦੇ ਹਾਂ ਤਾਂ ਸਮਝੋ ਕਿ ਉਸ ਵੇਲੇ ਕਾਲ਼, ਜੀਭ ਦੀ ਰਾਹੀਂ ਸਾਨੂੰ ਆਪਣੇ ਜਾਲ ਵਿੱਚ ਫਸਾ ਰਿਹਾ ਹੁੰਦਾ ਹੈ। ਇਸੇ ਤਰ੍ਹਾਂ ਪਰਾਇਆ ਰੂਪ ਤੱਕਣ ਦੇ ਕਾਰਨ ਅੱਖਾਂ ਦੀ ਰਾਹੀਂ ਅਤੇ ਬਿਖ ਭਰੇ ਸਾਕਤ ਗੀਤ ਤੇ ਚੁਗਲੀਆਂ ਆਦਿਕ ਸੁਣਨ ਕਰਕੇ ਕੰਨਾਂ ਦੀ ਰਾਹੀਂ, ਆਤਮਕ ਮੌਤ ਦਾ ਕਾਲ-ਜਾਲ ਜੀਵਾਂ ਦੇ ਸਿਰ ਉਤੇ ਸਦਾ ਹੀ ਤਣਿਆ ਰਹਿੰਦਾ ਹੈ। ਗੁਰੂ ਦੇ ਸ਼ਬਦ ਦਾ ਆਸਰਾ ਲੈਣ ਤੋਂ ਬਿਨਾ ਜੀਵ ਦਿਨ ਰਾਤ ਆਤਮਕ ਜੀਵਨ ਦੇ ਗੁਣਾਂ ਤੋਂ ਲੁੱਟੇ ਜਾ ਰਹੇ ਹਨ। ਭਾਵ ਆਤਮਕ ਮੌਤੇ ਮਰ ਰਹੇ ਹਨ:
ਕਾਲੁ ਜਾਲੁ ਜਿਹਵਾ ਅਰੁ ਨੈਣੀ। ।
ਕਾਨੀ ਕਾਲੁ ਸੁਣੈ ਬਿਖੁ ਬੈਣੀ। ।
ਬਿਨੁ ਸਬਦੈ ਮੂਠੇ ਦਿਨੁ ਰੈਣੀ। । 8।।

ਜਿਸ ਮਨੁੱਖ ਦੇ ਹਿਰਦੇ ਵਿੱਚ ਸਦਾ-ਥਿਰ ਪ੍ਰਭੂ ਸਦਾ ਵੱਸਿਆ ਰਹਿੰਦਾ ਹੈ, ਜੋ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਸਦਾ ਟਿਕਿਆ ਰਹਿੰਦਾ ਹੈ, ਆਤਮਕ ਮੌਤ ਦਾ ਸਹਮ ਉਸ ਵਲ ਕਦੇ ਤੱਕ ਭੀ ਨਹੀਂ ਸਕਦੀ। ਕਿਉਂਕਿ, ਉਹ ਸਦਾ ਪ੍ਰਭੂ ਦੇ ਗੁਣ ਗਾਂਦਾ ਹੈ। ਹੇ ਨਾਨਕ! ਉਹ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਗੁਰ-ਸ਼ਬਦ ਦੀ ਰਾਹੀਂ ਪ੍ਰਭੂ-ਚਰਨਾਂ ਵਿੱਚ ਸਦਾ ਲੀਨ ਰਹਿੰਦਾ ਹੈ:
ਹਿਰਦੈ ਸਾਚੁ ਵਸੈ ਹਰਿ ਨਾਇ। ।
ਕਾਲੁ ਨ ਜੋਹਿ ਸਕੈ ਗੁਣ ਗਾਇ। ।
ਨਾਨਕ ਗੁਰਮੁਖਿ ਸਬਦਿ ਸਮਾਇ। । 9।। 14।। {ਪੰਨਾ 227}

ਭਾਈ! ਮੈਂ ਤਾਂ ਇਸੇ ਲਈ ਹੀ ਐਸੇ ਤੀਰਥ ਅਸਥਾਨਾਂ ਦਾ ਭਰਮਣ ਕਰ ਰਿਹਾ ਹਾਂ ਕਿ ਲੋਕਾਈ ਨੂੰ ਸਮਝਾਇਆ ਜਾ ਸਕੇ ਕਿ ਮਾਨਵੀ ਕਮਜ਼ੋਰੀਆਂ ਤੋਂ ਸੰਪੂਰਨ ਤੌਰ ‘ਤੇ ਰਹਿਤ ਕੇਵਲ ਇੱਕ ਨਿਰੰਕਾਰ ਪ੍ਰਭੂ ਹੀ ਹੈ, ਜਿਸ ਨੂੰ ਅਸੀਂ ਕਰਤਾ-ਪੁਰਖੁ, ਨਿਰਭਉ, ਨਿਰਵੈਰੁ, ਅਕਾਲਮੂਰਤਿ, ਅਜੂਨੀ ਸੈਭੰ ਆਦਿਕ ਵਿਸ਼ੇਸ਼ਣਾਂ ਨਾਲ ਯਾਦ ਕਰਦੇ ਹਾਂ। ਇਹੀ ਕਾਰਨ ਹੈ ਕਿ ਜਿਹੜੇ ਦੇਵੀ ਦੇਵਤਿਆਂ ਨੂੰ ਮੂਰਤੀਆਂ ਦੇ ਰੂਪ ਵਿੱਚ ਪੂਜਿਆ ਜਾ ਰਿਹਾ ਹੈ, ਉਨ੍ਹਾਂ ਨਾਲ ਉਪਰੋਕਤ ਕਥਾਵਾਂ ਵਿਚਲੀਆਂ ਚ੍ਰਤਿਰਹੀਨ ਅਜਿਹੀਆਂ ਘਟਨਾਵਾਂ ਜੁੜੀਆਂ ਹੋਈਆਂ ਹਨ, ਜਿਹੜੀਆਂ ਆਮ ਸੰਸਾਰੀਆਂ ਵਿੱਚ ਪਾਈਆਂ ਜਾਂਦੀਆਂ ਹਨ। ਉਹ ਸਾਰੇ ਦੇਵੀ-ਦੇਵਤੇ ਕਰਮ-ਚੱਕਰ ਵਿੱਚ ਫਸੇ ਦੁਖ ਭੋਗ ਰਹੇ ਹਨ। ਉਹ ਆਮ ਇਨਸਾਨਾਂ ਵਾਂਗੂੰ ਮਰਨ ਤੋਂ ਡਰਦੇ ਹੋਏ ਆਪਣੀ ਜਾਨ ਬਚਾਣ ਲਈ ਦੌੜਦੇ ਫਿਰਦੇ ਹਨ। ਵਿਕਾਰਾਂ ਦੀ ਮਾਰ ਨੇ ਉਨ੍ਹਾਂ ਦੇ ਜੀਵਨ ਨੂੰ ਦਾਗੀ ਕਰ ਛੱਡਿਆ ਹੈ। ਇਸ ਲਈ ਉਨ੍ਹਾਂ ਨੂੰ ਰੱਬ ਤਾਂ ਕੀ, ਰੱਬ-ਰੂਪ ਮੰਨ ਕੇ ਪੂਜਣਾ ਵੀ ਇੱਕ ਬਹੁਤ ਵੱਡੀ ਭੁੱਲ ਹੈ, ਕਿਉਂਕਿ, ਉਹਨਾਂ ਦੀ ਜ਼ਿੰਦਗੀ ਕੋਈ ਅਜਿਹਾ ਅਦੁਤੀ ਨਮੂਨਾ ਬਣਾ ਕੇ ਪੇਸ਼ ਨਹੀ ਕੀਤੀ ਜਾ ਸਕਦੀ, ਜੋ ਸੰਸਾਰ ਦੇ ਮਹਾਨ ਪੁਰਖਾਂ ਦੇ ਜੀਵਨ ਦੀ ਤਰ੍ਹਾਂ ਸਮਾਜ ਭਾਈਚਾਰੇ ਲਈ ਰੋਸ਼ਨ-ਮੁਨਾਰੇ ਦਾ ਕੰਮ ਦੇ ਸਕੇ।
ਸ਼ਾਇਦ ਇਹੀ ਕਾਰਨ ਹੈ ਕਿ ਭਗਤ ਨਾਮਦੇਵ ਜੀ ਵੀ ਉਚੀ ਉਚੀ ਇਹ ਹੋਕਾ ਦਿੰਦੇ ਰਹੇ ਕਿ ਭਾਈ! ਸਤਿਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦੇ ਨਾਮ ਦੀ ਓਟ ਲਓ। ਕਿਉਂਕਿ, ਸੰਸਾਰ-ਸਮੁੰਦਰ ਤੋਂ ਮੁਕਤੀ ਦਿਵਾਉਣੀ ਕਿਸੇ ਦੇਵੀ ਦੇਵਤੇ ਦੇ ਹੱਥ ਨਹੀਂ। ਉਹ ਹਮੇਸ਼ਾ ਇਹੀ ਆਖਦੇ ਰਹੇ ਕਿ ਭਾਈ! ਮੈਂ ਤਾਂ ਇੱਕ ਸੋਹਣੇ ਰਾਮ (ਜੋ ਸਾਰੇ ਰਮ ਰਿਹਾ ਹੈ) ਦਾ ਨਾਮ ਹੀ ਲਵਾਂਗਾ। ਹੋਰ ਸਾਰੇ ਦੇਵਤਿਆਂ ਨੂੰ ਉਸ ਨਾਮ ਦੇ ਵੱਟੇ ਵਿੱਚ ਦੇ ਦਿਆਂਗਾ। ਭਾਵ, ਪ੍ਰਭੂ-ਨਾਮ ਦੇ ਟਾਕਰੇ ਤੇ ਮੈਨੂੰ ਤੁਹਾਡੇ ਕਿਸੇ ਭੀ ਦੇਵੀ ਦੇਵਤੇ ਦੀ ਲੋੜ ਨਹੀਂ ਹੈ। ਕਿਉਂਕਿ, ਜੋ ਮਨੁੱਖ ਭੈਰੋਂ ਵਲ ਜਾਂਦਾ ਹੈ (ਭਾਵ, ਜੋ ਭੈਰੋਂ ਦੀ ਅਰਾਧਨਾ ਕਰਦਾ ਹੈ), ਉਹ ਵਧ ਤੋਂ ਵਧ ਭੈਰੋਂ ਵਰਗਾ ਭੂਤ ਹੀ ਬਣਦਾ ਹੈ। ਜੋ ਸੀਤਲਾ ਨੂੰ ਅਰਾਧਦਾ ਹੈ, ਉਹ ਸੀਤਲਾ ਵਾਂਗ ਖੋਤੇ ਦੀ ਸਵਾਰੀ ਕਰਦਾ ਹੈ ਤੇ (ਖੋਤੇ ਦੇ ਨਾਲ) ਸੁਆਹ ਹੀ ਉਡਾਉਂਦਾ ਹੈ।
ਜੋ ਮਨੁੱਖ ਸ਼ਿਵ ਦਾ ਨਾਮ ਜਪਦਾ ਹੈ, ਉਹ ਵਧ ਤੋਂ ਵਧ ਜੋ ਕੁੱਝ ਹਾਸਲ ਕਰ ਸਕਦਾ ਹੈ, ਉਹ ਇਹ ਹੈ ਕਿ ਸ਼ਿਵ ਦਾ ਰੂਪ ਲੈ ਕੇ, ਸ਼ਿਵ ਦੀ ਸਵਾਰੀ ਬਲਦ ਉਤੇ ਚੜ੍ਹਦਾ ਹੈ ਤੇ ਸ਼ਿਵ ਵਾਂਗ ਡਮਰੂ ਵਜਾਉਂਦਾ ਫਿਰਦਾ ਹੈ। ਜੋ ਮਨੁੱਖ ਪਾਰਬਤੀ (ਭਵਾਨੀ, ਦੁਰਗਾ, ਕਾਲਕਾ) ਦੀ ਪੂਜਾ ਕਰਦਾ ਹੈ ਉਹ ਮਨੁੱਖ ਤੋਂ ਜ਼ਨਾਨੀ ਬਣ ਕੇ ਜਨਮ ਲੈਂਦਾ ਹੈ। (ਕਿਉਂਕਿ, ਪੂਜਾ ਕਰਨ ਵਾਲਾ ਆਪਣੇ ਪੂਜਯ ਦਾ ਰੂਪ ਹੀ ਬਣ ਸਕਦਾ ਹੈ ।) ਉਹ ਹੈਰਾਨੀ ਭਰੇ ਸ਼ਬਦਾਂ ਨਾਲ ਕਹਿੰਦੇ ਰਹੇ ਕਿ ਹੇ ਭਵਾਨੀ! ਤੂੰ ਸਭ ਦਾ ਮੁੱਢ ਅਖਵਾਉਂਦੀ ਹੈਂ, ਪਰ ਆਪਣੇ ਭਗਤਾਂ ਨੂੰ ਮੁਕਤੀ ਦੇਣ ਵੇਲੇ ਤੂੰ ਭੀ, ਪਤਾ ਨਹੀਂ, ਕਿੱਥੇ ਲੁਕੀ ਰਹਿੰਦੀ ਹੈਂ (ਭਾਵ, ਮੁਕਤੀ ਭਵਾਨੀ ਪਾਸ ਭੀ ਨਹੀਂ ਹੈ) ।
ਗੁਰਦੇਵ ਜੀ ਨੇ ਆਪਣੇ ਮੋਢੇ ਤੇ ਲਟਕਾਈ ਪੋਥੀ ਵਿਚੋਂ ਉਪਰੋਕਤ ਭਾਵ ਰਖਦਾ ਨਾਮਦੇਵ ਜੀ ਦਾ ਹੇਠ ਲਿਖਿਆ ਸ਼ਬਦ ਵੀ ਪੜ੍ਹ ਕੇ ਸੁਣਾਇਆ, ਜਿਹੜਾ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 874 ਤੇ ਇਉਂ ਅੰਕਤ ਹੈ:
ਗੋਂਡ। । ਭੈਰਉ ਭੂਤ ਸੀਤਲਾ ਧਾਵੈ। । ਖਰ ਬਾਹਨੁ ਉਹੁ ਛਾਰੁ ਉਡਾਵੈ। । 1।।
ਹਉ ਤਉ ਏਕੁ ਰਮਈਆ ਲੈ ਹਉ। । ਆਨ ਦੇਵ ਬਦਲਾਵਨਿ ਦੈ ਹਉ। । 1।। ਰਹਾਉ। ।
ਸਿਵ ਸਿਵ ਕਰਤੇ ਜੋ ਨਰੁ ਧਿਆਵੈ। । ਬਰਦ ਚਢੇ ਡਉਰੂ ਢਮਕਾਵੈ। । 2।।
ਮਹਾ ਮਾਈ ਕੀ ਪੂਜਾ ਕਰੈ। । ਨਰ ਸੈ ਨਾਰਿ ਹੋਇ ਅਉਤਰੈ। । 3।।
ਤੂ ਕਹੀਅਤ ਹੀ ਆਦਿ ਭਵਾਨੀ। । ਮੁਕਤਿ ਕੀ ਬਰੀਆ ਕਹਾ ਛਪਾਨੀ। । 4।।
ਗੁਰਮਤਿ ਰਾਮ ਨਾਮ ਗਹੁ ਮੀਤਾ। । ਪ੍ਰਣਵੈ ਨਾਮਾ ਇਉ ਕਹੈ ਗੀਤਾ। । 5।।
ਭਗਤ ਜੀ ਦਾ ਸ਼ਬਦ ਸੁਣਾ ਕੇ ਸਤਿਗੁਰੂ ਜੀ ਆਖਿਆ ਕਿ ਮੈਂ ਆਪਣੀ ਪੋਥੀ ਵਿੱਚ ਇਹ ਸ਼ਬਦ ਇਸੇ ਲਈ ਲਿਖ ਲਿਆਂਦਾ ਹੈ। ਕਿਉਂਕਿ, ਇਹ ਸਾਡੇ ਇਸ ਨਿਸ਼ਚੇ ਦੀ ਪ੍ਰੋੜਤਾ ਕਰਦਾ ਹੈ ਕਿ ਅਸੀਂ ਸਾਰੇ ਇੱਕ ਅਕਾਲ-ਪੁਰਖ ਦਾ ਆਸਰਾ ਲੈ ਕੇ ਹੀ ਵਿਕਾਰਾਂ ਦੇ ਰੂਪ ਵਿੱਚ ਪੈਣ ਵਾਲੀ ਕਾਲ ਦੀ ਮਾਰ ਤੋਂ ਬਚ ਸਕਦੇ ਹਾਂ। ਕਾਰਨ ਇਹ ਹੈ ਕਿ ਉਹ ਕਾਲ ਦੀ ਹਰ ਪ੍ਰਕਾਰ ਦੀ ਮਾਰ ਤੋਂ ਉਚੇਰਾ ਹੈ। ਕਾਲ ਦਾ ਕੋਈ ਰੂਪ ਵੀ ਉਸ ਨੂੰ ਆਪਣੀ ਲਪੇਟ ਵਿੱਚ ਲੈਣ ਤੋਂ ਅਸਮਰਥ ਹੈ। ਇਸੇ ਲਈ ਅਕਾਲਮੂਰਤਿ ਪ੍ਰਭੂ ਦੇ ਸੋਹਲਿਆਂ ਵਿੱਚ ਦੈਵੀ ਗੀਤ ਇਉਂ ਗਾਏ ਹਨ:
ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ। । ਤੂ ਪੁਰਖੁ ਅਲੇਖ ਅਗੰਮ ਨਿਰਾਲਾ। ।
ਸਤ ਸੰਤੋਖਿ ਸਬਦਿ ਅਤਿ ਸੀਤਲੁ ਸਹਜ ਭਾਇ ਲਿਵ ਲਾਇਆ। । 3।।
ਅਰਥ: ਹੇ ਪ੍ਰਭੂ! ਤੂੰ ਸਭ ਜੀਵਾਂ ਵਿੱਚ ਵਿਆਪਕ ਹੋ ਕੇ ਭੀ ਮੌਤ-ਰਹਿਤ ਹੈਂ, ਤੇਰੇ ਸਿਰ ਉਤੇ ਮੌਤ ਸਵਾਰ ਨਹੀਂ ਹੋ ਸਕਦੀ। ਤੂੰ ਸਰਬ-ਵਿਆਪਕ ਹੈਂ। ਜਿਸ ਮਨੁੱਖ ਨੇ ਸੇਵਾ ਸੰਤੋਖ (ਵਾਲੇ ਜੀਵਨ) ਵਿੱਚ (ਰਹਿ ਕੇ) ਗੁਰੂ ਦੇ ਸ਼ਬਦ (ਜੁੜ ਕੇ) ਪੂਰਨ ਅਡੋਲ ਆਤਮਕ ਅਵਸਥਾ ਵਿੱਚ (ਟਿਕ ਕੇ) ਤੇਰੇ ਚਰਨਾਂ ਵਿੱਚ ਸੁਰਤਿ ਜੋੜੀ ਹੈ, ਉਸ ਦਾ ਹਿਰਦਾ ਠੰਡਾ-ਠਾਰ ਹੋ ਜਾਂਦਾ ਹੈ। 3।
ਤ੍ਰੈ ਵਰਤਾਇ ਚਉਥੈ ਘਰਿ ਵਾਸਾ। । ਕਾਲ ਬਿਕਾਲ ਕੀਏ ਇੱਕ ਗ੍ਰਾਸਾ। ।
ਨਿਰਮਲ ਜੋਤਿ ਸਰਬ ਜਗ ਜੀਵਨੁ ਗੁਰਿ ਅਨਹਦ ਸਬਦਿ ਦਿਖਾਇਆ। । 4।। {ਗੁ. ਗ੍ਰੰ. ਪੰ.

1038} ਅਰਥ: ਮਾਇਆ ਦੇ ਤਿੰਨ ਗੁਣਾਂ ਦਾ ਪਸਾਰਾ ਪਸਾਰ ਕੇ ਪਰਮਾਤਮਾ ਆਪ (ਇਹਨਾਂ ਤੋਂ ਉਤਾਂਹ) ਚੌਥੇ ਘਰ ਵਿੱਚ ਟਿਕਿਆ ਰਹਿੰਦਾ ਹੈ (ਜਿਥੇ ਤਿੰਨ ਗੁਣਾਂ ਦੀ ਪਹੁੰਚ ਨਹੀਂ ਹੋ ਸਕਦੀ) । ਜਨਮ ਤੇ ਮਰਨ ਉਸ ਨੇ ਇੱਕ ਗਿਰਾਹੀ ਕਰ ਲਏ ਹੋਏ ਹਨ (ਉਸ ਨੂੰ ਨਾਹ ਜਨਮ ਹੈ ਨਾਹ ਮੌਤ) । ਸਾਰੇ ਜੀਵਾਂ ਵਿੱਚ ਪਰਮਾਤਮਾ ਦੀ ਪਵਿੱਤ੍ਰ ਜੋਤਿ (ਚਾਨਣ ਕਰ ਰਹੀ ਹੈ), ਉਹ ਜਗਤ ਦੀ ਜ਼ਿੰਦਗੀ ਦਾ ਸਹਾਰਾ ਹੈ। ਜਿਸ ਮਨੁੱਖ ਨੂੰ ਗੁਰੂ ਨੇ ਇਕ-ਰਸ ਆਪਣੇ ਸ਼ਬਦ ਵਿੱਚ ਜੋੜਿਆ ਹੈ ਉਸ ਨੂੰ ਉਸ (ਜਗਜੀਵਨ) ਦਾ ਦੀਦਾਰ ਕਰਾ ਦਿੱਤਾ ਹੈ। 4।
ਪ੍ਰੰਪਰਾਗਤ ਗੁਰਇਤਿਹਾਸ ਵਿੱਚ ਇਸ ਪ੍ਰਕਾਰ ਦੀ ਇੱਕ ਹੋਰ ਕਥਾ ਗੁਰੂ ਅਰਜਨ ਸਾਹਿਬ ਜੀ ਦੇ ਨਾਮ ਨਾਲ ਵੀ ਜੁੜੀ ਹੈ। ਕਹਿੰਦੇ ਹਨ ਕਿ ਗੁਰੂ ਨਾਨਕ ਵਿਚਾਰਧਾਰਾ ਤੋਂ ਪ੍ਰਭਾਵਤ ਹੋਏ ਮਾਲਵੇ ਦੇ ਰਹਿਣ ਵਾਲੇ ਕੁੱਝ ਲੋਕ ਸ੍ਰੀ ਅੰਮ੍ਰਿਤਸਰ ਵਖੇ ਹਜ਼ੂਰ ਦੇ ਦਰਸ਼ਨਾਂ ਨੂੰ ਆਏ। ਇਨ੍ਹੀ ਹੀ ਦਿਨੀਂ ਬਠਿੰਡੇ ਦਾ ਰਹਿਣ ਵਾਲਾ ਵਪਾਰੀ ‘ਗੰਗਾ ਰਾਮ‘ ਬ੍ਰਾਹਮਣ, ਜਿਹੜਾ ਬਾਜਰੇ ਦੇ ਲੱਦੇ ਹੋਏ ਗੱਡਿਆਂ ਦਾ ਟਾਂਡਾ ਲੈ ਕੇ ਪਿੰਡੋ ਪਿੰਡੀ ਵੇਚਦਾ ਹੋਇਆ ‘ਗੁਰੂ ਕੇ ਚੱਕ‘ (ਸ੍ਰੀ ਅੰਮ੍ਰਿਤਸਰ) ਵੱਲ ਵਧਿਆ। ਕਿਉਂਕਿ, ਉਸ ਨੂੰ ਲੋਕਾਂ ਵਲੋਂ ਦਸਿਆ ਜਾ ਰਿਹਾ ਸੀ ਕਿ ਗੁਰੂ ਕੀ ਨਗਰੀ ਵਸ ਰਹੀ ਹੈ। ਤੀਰਥ ਅਸਥਾਨ ਰਚਿਆ ਜਾ ਰਿਹਾ ਹੈ। ਸੈਂਕੜੇ ਮਜ਼ਦੂਰ ਤੇ ਸ਼ਰਧਾਲੂ ਸਿਖ ਸੇਵਕ ਦਿਨ ਰਾਤ ਕੰਮ ਕਰ ਰਹੇ ਹਨ। ਵੱਡੀ ਮਾਤਰਾ ਵਿੱਚ ਲੰਗਰ ਤਿਆਰ ਹੁੰਦਾ ਹੈ।
ਇਸ ਪ੍ਰਕਾਰ ਗੰਗਾ ਰਾਮ ਵਪਾਰਿਕ ਬ੍ਰਿਤੀ ਅਧੀਨ ਉਤਸ਼ਾਹਿਤ ਹੋਇਆ ਗੁਰੂ ਕੇ ਚੱਕ ਦੇ ਬਿਲਕੁਲ ਨੇੜੇ ਪਿੰਡ ‘ਗਿਲਵਾਲੀ‘ ਪਹੁੰਚਾ। ਉਸ ਦਿਹਾੜੇ ਭੱਟ ਮਥਰਾ ਜੀ ਆਪਣੇ ਦੋ ਕੁ ਸਾਥੀਆਂ ਸਮੇਤ (ਜੋ ਸੁਭਾਵਿਕ ਹੀ ਗੁਰੂ ਕੇ ਚੱਕ ਤੋਂ ਸ੍ਰੀ ਗੋਇੰਦਵਾਲ ਨੂੰ ਆ ਰਹੇ ਸਨ) ਆਪਣੀ ਮੌਜ਼ ਵਿੱਚ ‘ਗੁਰੁ ਅਰਜੁਨੁ ਪਰਤਖ੍ਹ ਹਰਿ‘ ‘ਗੁਰੁ ਅਰਜੁਨੁ ਪਰਤਖ੍ਹ ਹਰਿ‘ ਦੀ ਅਸਥਾਈ ਰੱਖ ਕੇ ਗੁਰੂ ਉਸਤਤਿ ਵਿੱਚ ਹੇਠ ਲਿਖਿਆ ਸਵਈਆ ਗਾਉਂਦੇ ਆ ਰਹੇ ਉਸ ਨੂੰ ਮਿਲੇ। ਸਵਈਏ ਦੇ ਬੋਲ ਹਨ:
ਕਲਿ ਸਮੁਦ੍ਰ, ਭਏ ਰੂਪ ਪ੍ਰਗਟਿ ਹਰਿ ਨਾਮ ਉਧਾਰਨੁ। ।
ਬਸਹਿ ਸੰਤ ਜਿਸੁ ਰਿਦੈ, ਦੁਖ ਦਾਰਿਦ੍ਰ ਨਿਵਾਰਨੁ। ।
ਨਿਰਮਲ ਭੇਖ ਅਪਾਰ, ਤਾਸੁ ਬਿਨੁ ਅਵਰੁ ਨ ਕੋਈ। ।
ਮਨ ਬਚ ਜਿਨਿ ਜਾਣਿਅਉ, ਭਯਉ ਤਿਹ ਸਮਸਰਿ ਸੋਈ। ।
ਧਰਨਿ ਗਗਨ ਨਵ ਖੰਡ ਮਹਿ, ਜੋਤਿ ਸ੍ਵਰੂਪੀ ਰਹਿਓ ਭਰਿ। ।
ਭਨਿ ਮਥੁਰਾ, ਕਛੁ ਭੇਦੁ ਨਹੀ, ਗੁਰੁ ਅਰਜੁਨੁ ਪਰਤਖ੍ਹ ਹਰਿ। । {ਗੁ. ਗ੍ਰੰ. ਪੰ. 1409}

ਵਪਾਰੀ ਗੰਗਾ ਰਾਮ (ਜਿਹੜਾ ਕੁੱਝ ਭਗਤੀ ਭਾਵ ਵਾਲਾ ਤੇ ਸੰਗੀਤ ਦਾ ਸ਼ੌਕੀ ਸਜਣ ਸੀ) ਦੇ ਕੰਨਾਂ ਵਿੱਚ ਜਦੋਂ ਭੱਟ ਮਥਰਾ ਦੇ ਸ਼ਰਧਾ ਭਰੇ ਮਿੱਠੇ ਬੋਲ ਪਏ ਤਾਂ ਉਸ ਦਾ ਧਿਆਨ ਇਧਰ ਖਿਚਿਆ ਗਿਆ। ਉਸ ਨੇ ਦੇਖਿਆ ਕਿ ਆਪਣੀ ਮਸਤੀ ਗਾਂਦੇ ਜਾ ਰਹੇ ਵਿਅਕਤੀ ਦਾ ਸਰੂਪ ਤੇ ਲਿਬਾਸ ਵੀ ਬ੍ਰਹਾਮਣੀ ਭੱਟਾਂ ਵਾਲਾ ਹੈ। ਗੰਗਾ ਰਾਮ, ਬ੍ਰਾਹਮਣ ਹੋਣ ਕਰਕੇ ਹੋਰ ਉਤਸ਼ਾਹਿਤ ਹੋਇਆ ਤੇ ਹਿੰਮਤ ਕਰਕੇ ਉਸ ਦੇ ਨੇੜੇ ਪਹੁੰਚਾ। ਉਸ ਦੀ ਗਾਇਕੀ ਦੇ ਅੰਦਾਜ਼ ਦੀ ਸਿਫ਼ਤ ਕਰਦਿਆਂ ਅਸਚਰ੍ਯ! ਅਸਚਰ੍ਯ! ਕਹਿੰਦਿਆ ਨਿਮਰਤਾ ਸਹਿਤ ਪੁੱਛਿਆ ਸੂ, ‘‘ਸਜਣਾ! ਕਲਯੁੱਗ ਮੇਂ ਕਵਨ ਹੈ ਪ੍ਰਤੱਖ ਹਰਿ ਗੁਰੂ ਅਰਜਨ। ‘‘ ਇਹ ਸੁਣ ਕੇ ਮਥਰਾ ਜੀ ਨੇ ਸਤਿਗੁਰਾਂ ਬਾਰੇ ਜਾਣਕਾਰੀ ਦੇਣ ਲਈ ਹੋਰ ਕੁੱਝ ਕਹਿਣ ਦੀ ਥਾਂ ਉਪਰੋਕਤ ਸਵਈਏ ਦੇ ਅਰਥ ਹੀ ਸੁਣਾ ਦਿੱਤੇ। ਜੋ, ਇਸ ਪ੍ਰਕਾਰ ਹਨ:
ਕਲਜੁਗ ਦੇ ਸਮੁੰਦਰ ਤੋਂ ਤਾਰਨ ਲਈ ਗੁਰੂ ਅਰਜੁਨ ਸਾਹਿਬ ਹਰੀ ਦਾ ਨਾਮ-ਰੂਪ ਪ੍ਰਗਟ ਹੋਏ ਹਨ। ਆਪ ਦੇ ਹਿਰਦੇ ਵਿੱਚ ਸੰਤ (ਸ਼ਾਂਤੀ ਦਾ ਸੋਮਾ ਪ੍ਰਭੂ ਜੀ) ਵੱਸਦੇ ਹਨ ਅਤੇ ਉਹ ਦੁੱਖਾਂ ਦਰਿਦ੍ਰਾਂ ਦੇ ਦੂਰ ਕਰਨ ਵਾਲੇ ਹਨ। ਆਪ ਅਪਾਰ ਹਰੀ ਦਾ ਨਿਰਮਲ ਰੂਪ ਹਨ। ਭਾਈ! ਮੇਰੀ ਦ੍ਰਿਸ਼ਟੀ ਵਿੱਚ ਤਾਂ ਉਸ (ਗੁਰੂ ਨਾਨਕ ਸਾਹਿਬ ਦੇ ਪੰਜਵੇਂ ਸਰੂਪ ਗੁਰੂ ਅਰਜੁਨ) ਤੋਂ ਬਿਨਾ ਅਜਿਹਾ ਕੋਈ ਹੋਰ ਨਹੀਂ ਹੈ। ਜਿਸ ਮਨੁੱਖ ਨੇ ਮਨ ਤੇ ਬਚਨਾਂ ਕਰਕੇ ਉਸ ਨੂੰ ਹਰੀ ਸਰੂਪ ਵਿੱਚ ਪਛਾਤਾ ਹੈ, ਉਹ ਹਰੀ ਵਰਗਾ ਹੀ ਹੋ ਗਿਆ ਹੈ।
ਮਿਤਰਾ! ਤੇਰੇ ਕੋਈ ਪੂਰਬਲੇ ਭਾਗ ਜਾਗੇ ਹਨ, ਜਿਨ੍ਹਾਂ ਸਦਕਾ ਤੂੰ ਉਨ੍ਹਾਂ ਦੇ ਬਿਲਕੁਲ ਨੇੜੇ ਪਹੁੰਚ ਚੁੱਕਾ ਹੈਂ। ਇਥੋਂ ਬਹੁਤਾ ਦੂਰ ਨਹੀ, ਮਸਾਂ ਇੱਕ ਕੋਹ ਦੀ ਹੀ ਵਿੱਥ ਹੋਵੇਗੀ। ਕਿਉਂਕਿ, ਮੇਰੇ ਖ਼ਿਆਲ ਅਨੁਸਾਰ ਗੁਰਾਂ ਦਾ ਉਹ ਟਿਕਾਣਾ ਇਸ ਪਿੰਡ ਦੀ ਜੂਹ ਵਿੱਚ ਹੀ ਹੋਵੇਗਾ। ਭਾਈ! ਛੇਤੀ ਪਹੁੰਚੋ ਤੇ ਦਰਸ਼ਨ ਕਰਕੇ ਜਨਮ ਮਰਨ ਦੇ ਦੁਖੜੇ ਦੂਰ ਕਰੋ। ਉਥੇ, ਅਰਥ ਪਰਮਾਰਥ ਦੋਨੋ ਹੀ ਤੇਰੀ ਝੋਲੀ ਪੈਣਗੇ। ਗੰਗਾ ਰਾਮ ਨੇ ਮਥਰਾ ਜੀ ਦਾ ਧੰਨਵਾਦ ਕੀਤਾ ਤੇ ਆਪਣੇ ਟਾਂਡੇ ਨੂੰ ਅੱਗੇ ਤੋਰਿਆ। ਗੁਰੂ ਕੇ ਚੱਕ ਪਹੁੰਚਾ ਤੇ ਚਾਟੀਵੰਡ ਗੇਟ ਵਾਲੇ ਪਾਸੇ ਬਾਹਰਵਾਰ ਆਪਣੇ ਤੰਬੂ ਆਦਿਕ ਲਗਵਾ ਕੇ ਹਜ਼ੂਰ ਦੇ ਦਰਸ਼ਨਾ ਲਈ ਪਹੁੰਚਿਆ। ਬ੍ਰਾਹਮਣ ਹੋਣ ਕਰਕੇ ਜ਼ਾਤੀ ਅਭਿਮਾਨ ਵਿੱਚ ਪਹਿਲੇ ਦਿਹਾੜੇ ਤਾਂ ਨਿਵਣਾ ਮੁਸ਼ਕਲ ਹੋਇਆ ਤੇ ਦੂਰੋਂ ਹੀ ਦਰਸ਼ਨ ਕਰਕੇ ਸਤਿਸੰਗੀਆਂ ਵਿੱਚ ਬੈਠ ਗਿਆ। ---ਚਲਦਾ




.