.

ਅਨੰਦ ਵਿਆਹ

(ਕਿਸ਼ਤ ਨੰ: 03)

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਅਨਹਤ ਸ਼ਬਦ-ਇਕ ਰਸ ਦੇ ਵਾਜੇ ਵੱਜਣ ਲੱਗ ਪੈਣੇ ਜੋ ਸ਼ਬਦ ਗਿਆਨ ਤੋਂ ਹੈ ਪਰ ਕਈਆਂ ਨੇ ਕੰਨਾਂ ਵਿੱਚ ਸਾਂ ਸਾਂ ਜਾਂ ਟੀਂ ਟੀਂ ਹੋਣ ਨੂੰ ਅਨਹਤ ਵੱਜਣਾ ਦੱਸਿਆ ਹੋਇਆ ਹੈ। ਜਦੋਂ ਗਿਆਨ ਗੁਰੂ ਦੀ ਸਮਝ ਆ ਗਈ ਉਦੋਂ ਮੇਰ ਤੇਰ, ਦੁਵੈਸ਼ ਭਾਵਨਾ ਤੇ ਹਉਮੇ ਦੀਆਂ ਦੀਆਂ ਦੀਵਾਰਾਂ ਆਪਣੇ ਆਪ ਹੀ ਢਹਿ ਜਾਣਗੀਆਂ। ਸਤਾਰ ਦੀਆਂ ਤਾਰਾਂ ਕੱਸੀਆਂ ਹੋਣਗੀਆਂ ਨਗਮਾ ਤਦ ਵੀ ਨਹੀਂ ਵੱਜ ਸਕਦਾ ਜੇ ਕਰ ਢਿੱਲੀਆਂ ਹੋਣਗੀਆਂ ਨਗਮਾ ਤਦ ਵੀ ਨਹੀਂ ਨਿਕਲ ਸਕਦਾ। ਹਾਂ ਜੇ ਤਾਰਾਂ ਵਿੱਚ ਲੱਚਕ ਹੋਵੇਗੀ ਤਦ ਹੀ ਸੁੰਦਰ ਨਗਮਾ ਨਿਕਲ ਸਕਦਾ ਹੈ। ਗਰਿਹਸਤੀ ਦੀ ਜ਼ਿੰਦਗੀ ਵਿੱਚ ਨਾ ਤਾਂ ਸਖਤਾਈ ਚਲ ਸਕਦੀ ਹੈ ਤੇ ਨਾ ਹੀ ਬਹੁਤ ਢਿੱਲੇ ਰਹਿਆਂ ਘਰ ਦੀਆਂ ਕਦਰਾਂ ਕੀਮਤਾਂ ਕਾਇਮ ਰਹਿ ਸਕਦੀਆਂ ਹਨ। ਜੋਗੀਆਂ ਦੇ ਖਿਆਲ ਅਨੁਸਾਰ ਨਸ਼ਿਆਂ ਦੀ ਭਰਪੂਰ ਵਰਤੋਂ ਕਰਕੇ ਬੇਹੋਸ਼ੀ ਦੀ ਹਾਲਤ ਵਿੱਚ ਪਏ ਮਨੁੱਖ ਦੇ ਅਨਹਤ ਸ਼ਬਦ ਆਪਣੇ ਆਪ ਹੀ ਵੱਜਣ ਲੱਗ ਪੈਂਦੇ ਹਨ। ਗੁਰਮਤਿ ਵਿੱਚ ਗੁਰੂ ਗਿਆਨ ਦੀ ਰੋਸ਼ਨੀ ਵਿੱਚ ਤੁਰਨ ਦਾ ਨਾਂ ਹੀ ਅਨਹਤ ਸ਼ਬਦ ਹੈ।
(1) ਦੂਸਰੀ ਲਾਵ ਵਿੱਚ ਸਤਿਗੁਰ ਦੇ ਦੱਸੇ ਰਸਤੇ ਨੂੰ ਅਖਿਤਿਆਰ ਕੀਤਆਂ ਰਬ ਜੀ ਦੀ ਪਰਾਪਤੀ ਹੁੰਦੀ ਹੈ।
(2) ਚਿੰਤਾਵਾਂ, ਵਹਿਮ, ਭਰਮ ਤੇ ਹਉਮੇ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਛੁਟਕਾਰਾ ਮਿਲ ਜਾਂਦਾ ਹੈ।
(3) ਪਵਿੱਤਰ ਡਰ---ਭਾਵ ਅਦਬ ਸਤਿਕਾਰ ਦੀ ਭਾਵਨਾ ਪੈਦਾ ਹੁੰਦੀ ਹੈ।
(4) ਜੇਠ, ਦੇਵਰ, ਨਨਾਣ, ਸੱਸ-ਸਹੁਰਾ, ਸਾਕ ਸਬੰਧੀਆਂ ਤੇ ਆਂਢ ਗੁਆਂਢ ਵਿੱਚ ਰਬ ਦੀ ਜੋਤ ਦਿਸਦੀ ਹੈ।
(5) ਅੰਦਰੋਂ ਬਾਹਰੋਂ ਸੁਭਾਅ ਇਕੋ ਜੇਹਾ ਹੋ ਜਾਂਦਾ ਹੈ। ਹਰ ਵੇਲੇ ਇੱਕ ਰਸ ਦੇ ਵਾਜੇ ਵੱਜਣ ਲੱਗ ਜਾਂਦੇ ਹਨ। ਜਿਸ ਨੂੰ ਅਤਮਿਕ ਖੁਸ਼ੀ ਦੇ ਗੀਤ ਆਖਿਆ ਹੈ।
ਆਦਮੀ ਨੂੰ ਪਿਆਸ ਲੱਗਦੀ ਤੇ ਉਹ ਪਾਣੀ ਪੀ ਕੇ ਆਪਣੀ ਪਿਆਸ ਨੂੰ ਮਿਟਾ ਲੈਂਦਾ ਹੈ। ਸਿਆਲਾਂ ਦੇ ਦਿਨਾਂ ਵਿੱਚ ਇੱਕ ਵਾਰ ਪਾਣੀ ਪੀਤਆਂ ਕਈ ਦਫਾ ਸਾਰਾ ਸਾਰਾ ਦਿਨ ਪਿਆਸ ਲੱਗਦੀ ਹੀ ਨਹੀਂ ਹੈ। ਇਸ ਦਾ ਅਰਥ ਇਹ ਹੋਇਆ ਕਿ ਇੱਕ ਵਾਰ ਪਾਣੀ ਪੀਤਆਂ ਤਾਂ, ਇੱਕ ਵਾਰ ਪਿਆਸ ਮਿਟ ਜਾਂਦੀ ਹੈ, ਪਰ ਧਰਮ ਦੀ ਦੁਨੀਆਂ ਵਿੱਚ ਅਜੇਹਾ ਨਹੀਂ ਹੈ। ਜੇ ਇੱਕ ਵਾਰ ਗਿਆਨ ਗੁਰੂ ਦੀ ਪਿਆਸ ਲੱਗ ਜਾਏ ਤਾਂ ਇਹ ਪਿਆਸ ਮਿਟਦੀ ਨਹੀਂ ਸਗੋਂ ਵੱਧਦੀ ਹੈ ਇਸ ਆਤਮਿਕ ਭੁੱਖ ਦਾ ਉਤਪੰਨ ਹੋਣਾ ਵੈਰਾਗ ਅਖਵਉਂਦਾ ਹੈ। ਗੁਰ ਵਾਕ ਹੈ----
ਰਮਣੰ ਕੇਵਲੰ ਕਰਿਤਨੰ,ਸੁਧਰਮੰ ਦੇਹ ਧਾਰਣਹ ॥
ਅੰਮ੍ਰਿਤ ਨਾਮੁ ਨਰਾਇਣ ਨਾਨਕ ਪੀਵਤੰ ਸੰਤ ਨ ਤ੍ਰਿਪ੍ਹਤੇ ॥
ਸ਼ਹਸਕ੍ਰਿਤੀ ਸਲੋਕ ਮਹਲਾ –5--
ਤੀਸਰੀ ਲਾਂਵ ਵਿੱਚ ਬੈਰਾਗ ਦੀ ਅਵਸਥਾ ਰੱਖੀ ਗਈ ਏ, ਜਿਸ ਨੂੰ ਤਾਂਘ ਤੇ ਮਿਲਾਪ ਵੀ ਕਿਹਾ ਗਿਆ ਹੈ। ਜਿਵੇਂ ਜਿਵੇਂ ਗੁਰੂ ਗਿਆਨ ਦੀ ਲੋਅ ਵਿੱਚ ਤੁਰਨ ਦੀ ਆਦਤ ਬਣਦੀ ਜਾਂਦੀ ਹੈ ਇਹ ਤਾਂਘ ਹੋਰ ਵੱਧਦੀ ਜਾਂਦੀ ਹੈ। ਇਸ ਪਉੜੀ ਦਾ ਪੂਰਾ ਪਾਠ ਇਸ ਤਰ੍ਹਾਂ ਹੈ------
ਹਰਿ ਤੀਜਰੀ ਲਾਵ ਮਨਿ ਚਾਉ ਭਇਆ ਬੈਰਾਗੀਆ ਬਲਿ ਰਾਮ ਜੀਉ ॥
ਸੰਤ ਜਨਾ ਹਰਿ ਮੇਲੁ ਹਰਿ ਪਾਇਆ ਵਗਭਾਗੀਆ ਬਲਿ ਰਾਮ ਜੀਉ ॥
ਨਿਰਮਲ ਹਰਿ ਪਾਇਆ ਹਰਿ ਗੁਣ ਗਾਇਆ ਮੁਖ ਬੋਲੀ ਹਰਿ ਬਾਣੀ ॥
ਸੰਤ ਜਨਾ ਵਡਭਾਗੀ ਪਾਇਆ ਹਰਿ ਕਥੀਐ ਅਕਥ ਕਹਾਣੀ ॥
ਹਿਰਦੈ ਹਰਿ ਹਰਿ ਹਰਿ ਧੁਨਿ ਉਪਜੀ ਹਰਿ ਜਪੀਐ ਮਸਤਕਿ ਭਾਗੁ ਜੀਉ ॥
ਜਨੁ ਨਾਨਕੁ ਬੋਲੈ ਤੀਜੀ ਲਾਵੈ ਹਰਿ ਉਪਜੈ ਮਨਿ ਬੈਰਾਗ ਜੀਉ ॥

ਜਿਤਨਾ ਚਿਰ ਮਨੁੱਖ ਨੂੰ ਕਿਸੇ ਕੰਮ ਦਾ ਸ਼ੋਕ ਨਾ ਹੋਵੇ ਉਤਨਾ ਚਿਰ ਕੰਮ ਸਿੱਖਿਆ ਨਹੀਂ ਜਾ ਸਕਦਾ।
ਤੀਸਰੀ ਲਾਂਵ ਵਿੱਚ ਤਾਂਘ ਉਤਪੰਨ ਹੋਣ ਦੀ ਵਿਚਾਰ ਚਰਚਾ ਕੀਤੀ ਗਈ ਹੈ। ਪਹਿਲੀ ਲਾਂਵ ਵਿੱਚ ਫਰਜ਼ ਦੀ ਪਹਿਚਾਣ ਕਰਨੀ ਹੈ ਤੇ ਦੂਸਰੀ ਲਾਵ ਵਿੱਚ ਚੰਗੇ ਗੁਣਾਂ ਦਾ ਉਤਪੰਨ ਹੋਣਾ ਜੋ ਪਰਮਾਤਮਾ ਦੇ ਮਿਲਾਪ ਦੀ ਨਿਸ਼ਾਨੀ ਹੈ। ਤੀਸਰੀ ਲਾਂਵ ਦੀ ਪਹਿਲੀ ਤੁਕ ਵਿੱਚ ਚਾਉ ਤੇ ਬੈਰਾਗ ਪੈਦਾ ਹੋਣ ਦੀ ਅਵਸਥਾ ਦਾ ਜ਼ਿਕਰ ਕੀਤਾ ਗਿਆ ਹੈ।
ਹਰਿ ਤੀਸਰੀ ਲਾਵ ਮਨਿ ਚਾਉ ਭਇਆ ਬੈਰਾਗੀਆ ਬਲਿ ਰਾਮ ਜੀਉ ॥
ਬੈਰਾਗ ਦਾ ਅੱਖਰੀਂ ਅਰਥ ਏ ਪਦਾਰਥਾਂ ਵਿੱਚ ਮੋਹ ਦਾ ਨਾ ਹੋਣਾ ਅਥਵਾ ਲੋਕ ਪਰਲੋਕ ਦੇ ਵਿਸ਼ਿਆ ਵਿੱਚ ਪਰੀਤ ਦਾ ਨਾ ਹੋਣਾ। ਵਿਦਵਾਨਾ ਨੇ ਬੈਰਾਗ ਚਾਰ ਪਰਕਾਰ ਦੇ ਮੰਨੇ ਹੋਏ ਹਨ—---

(1) ਯਤਮਾਨ—ਸੰਸਾਰ ਨੂੰ ਦੁਖ ਰੂਪ ਜਾਣ ਕੇ ਸਾਧ ਸੇਵਾ ਦੁਆਰਾ ਪਰਮਾਰਥ ਦੀ ਪਰਪਤੀ ਕਰਨੀ।
(2) ਯਤਿਰਕ—ਵਿਚਾਰ ਨਾਲ ਹਾਨੀਕਾਰਕ ਪਦਾਰਥਾਂ ਦਾ ਤਿਆਗ ਕਰਕੇ ਲਾਭਦਾਇਕ ਗੁਣਾਂ ਦਾ ਗਰਹਿਣ ਕਰਨਾ।
(3) ਏਕੇਂਦਰਿਯ—ਇੰਦਰੀਆਂ ਦੇ ਭੋਗਾਂ ਤੋਂ ਗਿਲਾਨੀ ਕਰਕੇ ਮਨ ਵਿੱਚ ਸਾਰੀਆਂ ਇੰਦਰੀਆਂ ਲੈਯ ਵਿੱਚ ਕਰਨਾ।
(4) ਵਸ਼ਿਕਾਰ---ਮਨ ਅਜੇਹਾ ਕਾਬੂ ਕਰਨਾ ਕੇ ਪਦਾਰਥਾਂ ਵਲ ਜਾਣ ਦਾ ਕਦੇ ਸਕੰਲਪ ਨਾ ਫੁਰੇ।
ਗੁਰੂ ਤੇਗ ਬਹਾਦਰ ਜੀ ਦਾ ਇਸ ਪਰਥਾਏ ਇੱਕ ਪਿਆਰਾ ਵਾਕ ਹੈ। ---
ਜਿਹਿ ਬਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ॥
ਕਹੁ ਨਾਨਕ ਸੁਨੁ ਰੇ ਮਨਾ ਤਿਹ ਨਰ ਮਾਥੇ ਭਾਗੁ॥
ਸਲੋਕ ਮਹਲਾ 9---

ਹੇ ਨਾਨਕ ਆਖ ਜਿਸ ਮਨੁੱਖ ਨੇ ਕਾਮ, ਕਰੋਧ, ਅਹੰਕਾਰ, ਲੋਭ, ਮੋਹ, ਈਰਖਾ, ਨਿੰਦਿਆ ਆਦਿਕ ਅਨੇਕਾਂ ਰੂਪਾਂ ਵਾਲੀ ਬਿਖ ਅਥਵਾ ਮਾਇਆ ਤਿਆਗ ਦਿੱਤੀ-ਅਸਲ ਉਸਦਾ ਵੈਰਾਗ ਧਾਰਨ ਕੀਤਾ ਸਮਝੋ। ਹੇ ਮਨ ਉਸ ਮਨੁੱਖ ਦੇ ਮੱਥੇ ਦਾ ਚੰਗਾ ਭਾਗ ਜਾਗਿਆ ਸਮਝ। ਮੱਥੇ ਦੇ ਭਾਗ ਦਾ ਜਾਗਣਾ ਦਿਮਾਗੀ ਤੌਰ ਤੇ ਸੂਝ ਦਾ ਪੈਦਾ ਹੋ ਜਾਣਾ ਤੇ ਬਿਖ ਵਰਗੇ ਪਦਾਰਥਾਂ ਦੀ ਸਮਝ ਆ ਜਾਣੀ। ਇਸ ਸਮਝ ਦਾ ਹਰ ਵੇਲੇ ਅਭਿਆਸ ਕਰਨ ਦਾ ਚਾਉ ਉਤਪੰਨ ਹੁੰਦਾ ਰਹਿਣਾ ਤੀਸਰੀ ਲਾਵ ਦੇ ਦੱਸੇ ਹੋਏ ਬੈਰਾਗ ਦਾ ਅਰੰਭ ਹੈ। ਰਾਜਾ ਭਰਥਰੀ ਘਰ ਵਾਲੀ ਦੀ ਬੇ—ਵਫਾਈ ਕਰਕੇ ਜੋਗੀ ਬਣ ਕੇ, ਨਾਸ਼ਵਾਨ ਸੰਸਾਰ ਦਾ ਤਿਆਗ ਕਰ ਦਿੱਤਾ, ਪਰ ਅਜੇ ਮਨ ਵਿੱਚ ਮੁਕੰਮਲ ਬੈਰਾਗ ਨਹੀਂ ਆਇਆ। ਕਹਿੰਦੇ ਨੇ ਰਾਤ ਦੀ ਚਾਨਣੀ ਵਿੱਚ ਰਾਜਾ ਭਰਥਰੀ ਤੁਰਿਆ ਜਾ ਰਿਹਾ ਹੈ, ਅਚਾਨਕ ਇੱਕ ਗੂੜੇ੍ ਲਾਲ ਰੰਗ ਦਾ ਕੁੱਝ ਦਿਖਾਈ ਦਿੱਤਾ, ਤਿਆਗੀ ਰਾਜੇ-ਜੋਗੀ ਨੇ ਉਸ ਨੂੰ ਕੀਮਤੀ ਲਾਲ ਸਮਝ ਕੇ ਹੱਥ ਪਾਇਆ ਤਾਂ ਹੱਥ ਪੀਕ ਨਾਲ ਭਰ ਗਿਆ ਕਿਉਂਕਿ ਉਹ ਕਿਸੇ ਨੇ ਪਾਨ ਖਾ ਕੇ ਥੁੱਕਿਆ ਹੋਇਆ ਸੀ। ਭਰਥਰੀ ਹੁਣ ਅਸਲ ਵਿੱਚ ਬੈਰਾਗ ਆਇਆ ਤੇ ਕਹਿੰਦਾ ਲਾਹਨਤ ਹੈ ਭਰਥਰੀਆ ਤੇਰੇ ਬੈਰਾਗ ਦੇ ਘਰ ਬਾਰ ਛੱਡਿਆ, ਰਾਜ-ਭਾਗ ਛੱਡਿਆ ਤੇ ਮਰ ਗਿਉਂ ਥੁੱਕ ਤੇ, ਫਿਰ ਉਸ ਨੂੰ ਐਸਾ ਬੈਰਾਗ ਆਇਆ ਤੇ ਉਸ ਨੇ ਬੈਰਾਗ ਸ਼ੱਤਕ ਨਾਂ ਦਾ ਗਰੰਥ ਲਿਖਿਆ। ਗੁਰਬਾਣੀ ਤਾਂ ਸਿੱਖ ਨੂੰ ਗਰਿਹਸਤ ਦੀਆਂ ਜ਼ਿੰਮੇਵਾਰੀਆਂ ਨਿਬਾਹੁੰਦਿਆਂ ਹੀ ਬੈਰਾਗ ਵਿੱਚ ਰਹਿਣ ਦੀ ਤਾਗੀਦ ਕਰਦੀ ਹੈ।
ਇਸ ਵਿਚਾਰ ਦਾ ਭਾਵ ਅਰਥ ਲੈਂਦਿਆਂ ਸੰਸਾਰ ਦੇ ਬਿਖ ਪਦਾਰਥਾਂ ਨੂੰ ਸਮਝਦਿਆਂ ਆਤਮਿਕ ਗੁਣਾਂ ਨੂੰ ਹਰ ਵੇਲੇ ਪਰਾਪਤ ਕਰਨ ਦਾ ਲਗਾਉ ਬਣਿਆਂ ਰਹਿਣਾਂ ਹੀ ਬੈਰਾਗੀ ਅਵਸਥਾ ਹੈ। ਬੰਦੇ ਦਾ ਪਿਆਰ ਨੈਣ ਨਕਸ਼ਾਂ ਜਾਂ ਸਰੀਰ ਦੇ ਬਾਹਰਲੇ ਚਿੱਟੇ ਤਲ ਨਾਲ ਬਣਿਆਂ ਹੁੰਦਾ ਹੈ ਅਜੇਹੇ ਨੈਣ ਨਕਸ਼ਾਂ ਦੀ ਪਰਾਪਤੀ ਨੂੰ ਕਈ ਬੈਰਾਗ ਸਮਝੀ ਬੈਠੇ ਹਨ। ਕਹਿੰਦੇ ਨੇ ਇੱਕ ਨੌਜਵਾਨ ਲੜਕੇ ਨੇ ਇੱਕ ਨੌਜਵਾਨ ਲੜਕੀ ਨਾਲ ਪਿਆਰ ਪਾ ਲਿਆ। ਲੜਕਾ ਜਦੋਂ ਵੀ ਲੜਕੀ ਨੂੰ ਮਿਲਦਾ ਹੈ ਤੇ ਇਕੋ ਹੀ ਗੱਲ ਆਖਦਾ ਹੈ ਕਿ ਮੈਨੂੰ ਤੇਰੀਆਂ ਅੱਖਾਂ ਬਹੁਤ ਪਿਆਰੀਆਂ ਲੱਗਦੀਆਂ ਹਨ। ਲੜਕੀ ਸੋਚਦੀ ਹੈ ਕਿ ਇਸ ਭਲੇ ਲੋਕ ਨੂੰ ਮੇਰੇ ਗੁਣਾਂ ਨਾਲ ਕੋਈ ਸਰੋਕਾਰ ਨਹੀਂ ਹੈ ਤੇ ਨਾ ਹੀ ਮੇਰੇ ਅੰਦਰਲੇ ਪਿਆਰ ਦੀ ਚੀਸ ਦਾ ਇਸ ਨੂੰ ਅਹਿਸਾਸ ਹੈ। ਇਹ ਤਾਂ ਬਾਹਰਲੀ ਖੁਬਸੂਰਤੀ ਤੇ ਅਟਕਿਆ ਹੋਇਆ ਭਟਕਿਆ ਮਨੁੱਖ ਹੈ, ਇਸ ਨੂੰ ਜ਼ਿੰਦਗੀ ਦੇ ਅਸਲੀ ਬੈਰਾਗ ਦੀ ਕੀਮਤ ਦਾ ਕੋਈ ਮੁੱਲ ਨਹੀਂ ਹੈ। ਇੱਕ ਦਿਨ ਹੋਟਲ ਵਿੱਚ ਬੈਠਿਆਂ ਵੀ ਏਹੀ ਗੱਲ ਦੁਹਰਾਈ ਕਿ ਮੈਨੂੰ ਤੇਰੀਆਂ ਅੱਖਾਂ ਬਹੁਤ ਸੁੰਦਰ ਲੱਗਦੀਆਂ ਹਨ। ਵਿਚਾਰੀ ਲੜਕੀ ਨੇ ਅੱਕ ਕੇ ਦੁੱਖੀ ਹੁੰਦਿਆਂ ਆਪਣੀ ਨਕਲੀ ਪੱਥਰ ਦੀ ਅੱਖ ਕੱਢ ਕੇ ਸਾਹਮਣੇ ਪਈ ਪਲੇਟ ਵਿੱਚ ਰੱਖ ਦਿੱਤੀ ਤੇ ਕਿਹਾ ਮੇਰੀ ਅੱਖ ਨਾਲ ਤੁਹਾਨੂੰ ਬਹੁਤ ਪਿਆਰ ਹੈ ਇਹ ਅੱਖ ਤੁਸੀਂ ਰੱਖ ਲਉ। ਲੜਕੀ ਨੇ ਕਿਹਾ ਮੈਂ ਤੇ ਸੋਚਿਆ ਸੀ ਕਿ ਸਾਡੀ ਆਪਸੀ ਤ੍ਹਾਂਘ ਗੁਣਾਂ ਦੀ ਹੋਏਗੀ ਪਰ ਤੁਹਾਡੀ ਤ੍ਹਾਂਘ ਤਾਂ ਸਰੀਰ ਦੇ ਤਲ ਤਕ ਸੀਮਤ ਹੈ। ਇਸ ਪਿਆਰ ਦਾ ਨਾਂ ਬੈਰਾਗ ਨਹੀਂ ਹੈ। ਜੇ ਭਲੇ ਲੋਕਾਂ ਦੀ ਸੰਗਤ ਵਿਚੋਂ ਸਦ-ਗੁਣ ਗਰਹਿਣ ਕਰਨ ਦਾ ਯਤਨ ਕਰੇ ਤਾਂ ਚੰਗੇ ਭਾਗ ਹੋ ਸਕਦੇ ਹਨ। ਇਸ ਪਉੜੀ ਦੀ ਦੂਸਰੀ ਤੁਕ ਵਿੱਚ ਇਸ ਗੱਲ ਨੂੰ ਹੋਰ ਖੋਹਲਿਆ ਗਿਆ ਏ------
ਸੰਤ ਜਨਾ ਹਰਿ ਮੇਲੁ ਹਰਿ ਪਾਇਆ ਵਡਭਾਗੀਆ ਬਲਿ ਰਾਮ ਜੀਉ ॥
‘ਸੰਤ ਜਨਾ ਹਰਿ ਮੇਲ’ ਦਾ ਅਰਥ ਚੋਲ਼ਿਆਂ ਵਾਲੇ ਬਾਬਿਆਂ ਦੀ ਸਖਸ਼ੀ ਪੂਜਾ ਨਹੀਂ ਬਲ ਕੇ ਗੁਰੂ-ਗਿਆਨ ਦੀ ਵਿਚਾਰਧਾਰਾ ਨੂੰ ਮੰਨਣ ਵਾਲੇ ਭਲੇ ਪੁਰਸ਼ਾ ਦਾ ਸਤ-ਸੰਗ ਹੈ। ਆਮ ਇੱਕ ਗੱਲ ਕਹੀ ਜਾਂਦੀ ਹੈ ਕਿ ਜੀ ਸਾਡੇ ਵੱਡੇ ਭਾਗ ਹੋਣਗੇ ਤਾਂ ਹੀ ਗੁਰੂ ਦੀ ਗੱਲ ਨੂੰ ਸੁਣਿਆ ਜਾ ਸਕਦਾ ਹੈ, ਪਰ ਸਾਡੇ ਵੱਡੇ ਭਾਗ ਤਦ ਹੀ ਬਣ ਸਕਦੇ ਹਨ ਜੇ ਗਿਆਨ ਗੁਰੂ ਨੂੰ ਅਮਲ ਵਿੱਚ ਲਿਆਂਦਾ ਜਾਏ। ਇਸ ਤੁਕ ਵਿੱਚ ਭਲੇ ਪੁਰਸ਼ਾਂ ਦੀ ਸੰਗਤ ਵਿਚੋਂ ਕੁੱਝ ਹਾਸਲ ਕਰਕੇ ਵੱਡਭਾਗੀ ਬਣਨ ਲਈ ਕਿਹਾ ਹੈ। ਇਸ ਦੀ ਪਰੋੜਤਾ ਅਗਲੀ ਤੁਕ ਵਿੱਚ ਪੁਰਜ਼ੋਰ ਸ਼ਬਦਾਂ ਵਿੱਚ ਕੀਤੀ ਗਈ ਹੈ।
ਨਿਰਮਲੁ ਹਰਿ ਪਾਇਆ ਹਰਿ ਗੁਣ ਗਾਇਆ ਮੁਖਿ ਬੋਲੀ ਹਰਿ ਬਾਣੀ ॥
ਮਨ ਦੀ ਪਵਿੱਤਰਤਾ, ਪਰਭੂ ਗੁਣ ਗਉਣੇ ਤੇ ਜ਼ਬਾਨ ਦੀ ਬੋਲੀ ਇੱਕ ਸੁਰ ਵਿੱਚ ਹੋ ਜਾਂਦੇ ਹਨ। ‘ਨਿਰਮਲੁ ਹਰਿ ਪਾਇਆ’ ਜੀਵਨ ਵਿੱਚ ਸਾਫਗੋਈ ਦੀ ਝਲਕ ਦਿਖਾਈ ਦੇਂਦੀ ਹੈ। ‘ਹਰਿ ਗੁਣ ਗਾਇਆ’ ਹਰ ਵੇਲੇ ਰੱਬੀ ਨਿਯਮਾਵਲੀ ਵਿੱਚ ਰਹਿਣ ਦੇ ਯਤਨ ਦਾ ਨਾਂ ਹੈ। ਇਹਨਾਂ ਦੋਹਾਂ ਗੁਣਾਂ ਦਾ ਪਰਗਟਾਵਾ ਸਾਡੀ ਬੋਲੀ ਤੋਂ ਹੋਣਾ ਹੈ। ਜ਼ਬਾਨ ਦੇ ਵਿਗਾੜ ਨਾਲ ਹੀ ਘਰਾਂ ਵਿੱਚ ਕਲੇਸ਼ ਜਨਮ ਲੈਂਦੇ ਹਨ। ਕਹਿੰਦੇ ਨੇ ਇੱਕ ਆਦਮੀ ਪਾਸ ਕੁੱਝ ਚਾਵਲ ਸਨ, ਪਰ ਚਾਵਲ ਰਹਿਣ ਲਈ ਉਸ ਪਾਸ ਕੋਈ ਜਗ੍ਹਾ ਕੋਈ ਨਹੀਂ ਸੀ। ਤੁਰਦਿਆਂ ਤੁਰਦਿਆਂ ਇੱਕ ਮਾਤਾ ਜੀ ਮਿਲ ਗਏ। ਮਨ ਵਿੱਚ ਤਰਸ ਕਰਕੇ ਉਸ ਆਦਮੀ ਨੂੰ ਆਪਣੇ ਘਰ ਲੈ ਆਦਾ। ਮਾਤਾ ਨੇ ਚਾਵਲ ਰਿੰਨਣੇ ਸ਼ੁਰੂ ਕਰ ਦਿੱਤੇ, ਗੱਲਾਂ ਕਰਦਿਆਂ ਕਰਦਿਆਂ ਚਾਵਲਾਂ ਵਾਲਾ ਆਦਮੀ ਬੋਲਿਆ, “ਮਾਤਾ ਜੀ ਤੁਹਾਡੇ ਘਰ ਦਾ ਦਰਵਾਜ਼ਾ ਬਹੁਤ ਛੋਟਾ ਹੈ” । ਮਾਤਾ ਜੀ ਕਹਿੰਦੇ, “ਚਲ ਪੁੱਤ ਗੁਜ਼ਾਰਾ ਹੋਈ ਹੀ ਜਾਂਦਾ ਹੈ” । ਚਾਵਲਾਂ ਵਾਲਾ ਆਦਮੀ ਫਿਰ ਬੋਲਿਆਂ, “ਮਾਤਾ ਮੈਨੂੰ ਇਹ ਸੋਚ ਵੱਢ ਵੱਢ ਖਾਈ ਜਾ ਰਹੀ ਹੈ ਕਿ ਜੇ ਤੇਰੀ ਮੱਝ ਮਰ ਜਾਏ ਤਾਂ ਇਸ ਨੂੰ ਬਾਹਰ ਕਿਵੇਂ ਲਿਜਾਇਆ ਜਾ ਸਕਦਾ ਕਿਉਂ ਕਿ ਇਹ ਦਰਵਾਜ਼ਾ ਬਹੁਤ ਹੀ ਛੋਟਾ ਹੈ” । ਮਾਤਾ ਜੀ ਦੇ ਮਨ ਵਿੱਚ ਕੁਦਰਤੀ ਗੁੱਸਾ ਆਇਆ ਤੇ ਕਹਿੰਦੀ, “ਪੁੱਤ ਝੋਲ਼੍ਹੀ ਜ਼ਰਾ ਉਰੇ ਕਰ ਤੇ ਉਬਲ ਰਹੇ ਚਾਵਲ ਉਸ ਦੀ ਝੋਲੀ ਵਿੱਚ ਪਾ ਦਿੱਤੇ” । ਗਰਮ ਚਾਵਲਾਂ ਦੀ ਪਿੱਛ ਵੱਗਦੀ ਜਾ ਰਹੀ ਹੈ। ਕਿਸੇ ਨੇ ਪੁੱਛਿਆ ਇਹ ਕੀ ਵਗ ਰਿਹਾ ਈ, ਅਗੋਂ ਲੱਜਿਆ ਦਾ ਮਾਰਿਆ ਹੋਇਆ ਦੱਸਦਾ ਹੈ, “ਕਿ ਇਹ ਕੁਵੇਲੇ ਦਿੱਤੀ ਨੇਕ ਸਲਾਹ ਦਾ ਰਸ ਵੱਗਦਾ ਜਾ ਰਿਹਾ ਹੈ। ਭਾਵ ਮੇਰੀ ਆਪਣੀ ਜ਼ਬਾਨ ਦਾ ਰਸ ਚੋ ਰਿਹਾ ਹੈ” । ਨਿਰਮਲਤਾ, ਪਵਿੱਤਰਤਾ, ਗੁਣ ਗਉਣੇ ਤੇ ਜ਼ਬਾਨ ਦੀ ਮਿਠਾਸ ਦਾ ਇੱਕ ਹੋ ਜਾਣਾ ‘ਮੁੱਖ ਬੋਲੀ ਹਰਿ ਬਾਣੀ’ ਦਾ ਪਿਆਰਾ ਗੁਲਦਸਤਾ ਹੈ। ਅਜੇਹੇ ਮਨੁੱਖ ਚੰਗੀ ਸੰਗਤ ਦੀ ਹਮੇਸ਼ਾਂ ਹੀ ਚਾਹਨਾ ਰੱਖਦੇ ਹਨ।
ਸੰਤ ਜਨਾ ਵਡਭਾਗੀ ਪਾਇਆ ਹਰਿ ਕਥੀਐ ਅਕੱਥ ਕਹਾਣੀ ॥
ਪਰਮਾਤਮਾ ਦੀ ‘ਅਕਥ ਕਹਾਣੀ’ ਬਿਆਨ ਨਹੀਂ ਕੀਤੀ ਜਾ ਸਕਦੀ ਪਰ ਜਦੋਂ ਅਸੀਂ ਰੱਬੀ ਗਿਆਨ ਤੇ ਉਸਦੀ ਨਿਯਮਾਵਲੀ ਨੂੰ ਸਮਝਣਾ ਹੈ ਤਾਂ ਭਲੇ ਗੁਰਮੁਖਾਂ ਦੀ ਸੰਗਤ ਦੇ ਘੜੇ ਹੋਏ ਵਿਧਾਨ ਨੂੰ ਲਾਗੂ ਕਰਨਾ ਪਵੇਗਾ। ਆਮ ਕਰਕੇ ਇਹੀ ਕਿਹਾ ਜਾਂਦਾ ਹੈ ਕੇ ਜੀ ਸਾਡੇ ਵੱਡੇ ਭਾਗ ਹੋਣਗੇ ਤਦ ਹੀ ਅਸੀਂ ਸੰਗਤ ਵਿੱਚ ਅਵਾਂਗੇ। ਅਸਲ ਵਿੱਚ ਤਾਂ ਗਿਆਨ ਗੁਰੂ ਦੀ ਨੀਤੀ ਨੂੰ ਅਪਨਾਇਆਂ ਹੀ ਵੱਡੇ ਭਾਗ ਬਣ ਸਕਦੇ ਹਨ। ਅਸੀਂ ਕਿਤਨੇ ਕੁ ਗੁਣਾਂ ਨੂੰ ਗਰਹਿਣ ਕਰ ਲਿਆ ਇਹ ਬਿਆਨ ਨਹੀਂ ਕੀਤਾ ਜਾ ਸਕਦਾ ਜੋ ਅਕੱਥ ਕਹਾਣੀ ਹੈ। ਇਸ ਰਸਤੇ ਤੇ ਚੱਲਣ ਵਾਲਾ ਹੀ ਵਡਭਾਗੀ ਹੋ ਸਕਦਾ ਹੈ। ਕਿਸੇ ਸ਼ਰਾਬੀ ਆਦਮੀ ਨੂੰ ਇਹ ਕਿਹਾ ਜਾਏ ਕੇ ਭਈ ਤੂੰ ਨਸ਼ੇ ਦਾ ਤਿਆਗ ਕਰ ਦੇ ਅਗੋਂ ਫਟ ਉਤੱਰ ਦਏਗਾ ਕੇ ਜੀ ਗੁਰੁ ਜੀ ਦੀ ਜਦੋਂ ਕਰਿਪਾ ਹੋਏਗੀ ਉਦੋਂ ਛੱਡ ਦਿਆਂਗੇ, ਇਸਦਾ ਸਾਫ ਉਤੱਰ ਹੈ ਕੇ ਕੀ ਸ਼ਰਾਬ ਪੀਣ ਦੀ ਤੇਰੇ ਤੇ ਗੁਰੂ ਜੀ ਦੀ ਫੁੱਲ ਕਰਿਪਾ ਹੈ? ਬੇ-ਸਮਝੀ ਦੇ ਆਲਮ ਵਿੱਚ ਫਿਰ ਰਹੇ ਮਨੁੱਖ ਨੂੰ ਨਿਯਮ-ਬੱਧ ਕੀਤਾ ਹੈ। ਜ਼ਿੰਦਗੀ ਵਿੱਚ ਜਦੋਂ ਸਮਝ ਦਾ ਦੀਵਾ ਜਗਦਾ ਹੈ ਤਾਂ ਹੀ ਵਡਭਾਗੀ ਬਣ ਸਕੀਦਾ ਹੈ। ਸਮਝ ਦਾ ਦੀਵਾ ਬੁਝਦਾ ਨਹੀਂ ਹੈ ਤੇ ਆਤਮਿਕ ਗੁਣਾਂ ਦੀ ਰੌਅ ਚਲ ਪੈਂਦੀ ਹੈ। ਅਗਲੀ ਤੁਕ ਵਿੱਚ ਹੋਰ ਵਿਸਥਾਰ ਨਾਲ ਬਿਆਨ ਕੀਤਾ ਹੈ।
ਹਿਰਦੈ ਹਰਿ ਹਰਿ ਹਰਿ ਧੁਨਿ ਉਪਜੀ ਹਰਿ ਜਪੀਐ ਮਸਤਕਿ ਭਾਗੁ ਜੀਉ ॥
ਵਿਕਸਤ ਮੁਲਕਾਂ ਦੀ ਤਰੱਕੀ ਦਾ ਇਕੋ ਇੱਕ ਰਾਜ਼ ਏ ਮੁਲਕ ਨੂੰ ਨਿਯਮ-ਬੱਧ ਕਰਨਾ। ਜਦੋਂ ਨਿਯਮ ਲਾਗੂ ਹੋ ਜਾਣ ਤਾਂ ਲੋਕ ਉਸ ਸਾਂਚੇ ਵਿੱਚ ਢਲ਼ ਜਾਂਦੇ ਹਨ। ਵਿਕਸਤ ਮੁਲਕਾਂ ਵਿੱਚ ਰੇਲਵੇ ਦਾ ਫਾਟਕ ਬੰਦ ਕਰਨ ਲਈ ਕੋਈ ਅਦਮੀ ਨਹੀਂ ਹੁੰਦਾ ਇਲੈਕਟਰੋਨਿਕ ਸਿਸਟਿਮ ਦੁਆਰਾ ਰੇਲ ਗੱਡੀ ਅਉਣ ਤੇ ਫਾਟਕ ਆਪਣੇ ਆਪ ਹੀ ਬੰਦ ਹੁੰਦਾ ਤੇ ਖੁਲ੍ਹਦਾ ਰਹਿੰਦਾ ਹੈ। ਕਦੇ ਕੋਈ ਐਕਸੀਡੈਂਟ ਨਹੀਂ ਹੋਇਆ ਕਿਉਂਕਿ ਇਹ ਇੱਕ ਸਿਸਟਿਮ ਦੀ ਰੌਅ ਚਲ ਰਹੀ ਹੈ। ਜੋ ਸਿਸਟਿਮ ਨੂੰ ਤੋੜਦਾ ਹੈ ਉਸ ਨੂੰ ਤੁਰੰਤ ਜੁਰਮਾਨੇ ਦੀ ਟਿਕਟ ਦਿੱਤੀ ਜਾਂਦੀ ਹੈ। ਪਰ ਇਸ ਦੇ ਉਲਟ ਸਾਡੇ ਆਪਣੇ ਮੁਲਕ ਅੰਦਰ ਫਾਟਕ ਤੇ ਆਦਮੀ ਹੋਣ ਦੇ ਨਾਤੇ ਵੀ ਐਕਸੀਡੈਂਟ ਹੁੰਦੇ ਹੀ ਰਹਿੰਦੇ ਹਨ ਕਿਉਂਕਿ ਸਿਸਟਿਮ ਦੀ ਰੌਅ ਇਕਸਾਰ ਨਹੀਂ ਚਲਦੀ। ਇਸ ਤੁਕ ਵਿੱਚ ‘ਹਰਿ ਜਪੀਐ ਮਸਤਕਿ ਭਾਗੁ’ ਮਸਤਿਕ ਵਿੱਚ ਦਿਮਾਗ ਏ ਜੋ ਸਕੰਲਪਾਂ-ਵਿਕਲਪਾਂ ਦਾ ਘਰ ਹੈ। ਇਸ ਵਿੱਚ ‘ਹਰਿ ਜਪੀਐ’ ਦੀ ਰੌਅ ਚਲਉਣੀ ਹੈ। ਰੱਬੀ ਗੁਣਾਂ ਨੂੰ ਹਰ ਵੇਲੇ ਆਪਣੀ ਯਾਦ ਦਾ ਹਿੱਸਾ ਬਣਾਉਣਾ ਹੈ। ‘ਧੁਨਿ ਉਪਜੀ’ ਦਾ ਅਰਥ ਇਹ ਨਹੀਂ ਹੈ ਕੇ ਕੰਨਾਂ ਵਿੱਚ ਕੋਈ ਖਾਸ ਕਿਸਮ ਦੀਆਂ ਟੱਲੀਆਂ ਜਾਂ ਘੰਟੀਆਂ ਵੱਜਣੀਆਂ ਸ਼ੁਰੂ ਹੋ ਜਾਣਗੀਆਂ ਤੇ ਉਸ ਦੀ ਅਵਾਜ਼ ਅਸੀਂ ਸੁਣਨੀ ਹੈ। ਹੁਣ ਦੂਸਰੀ ਪਉੜੀ ਦੇ ਅਦਰਸ਼ ਨੂੰ ਹੀ ਲੈ ਲਈਏ ਜਿਸ ਵਿੱਚ ‘ਨਿਰਮਲ ਭਉ’ ਅਦਬ ਤੇ ਸਤਿਕਾਰ ਲਈ ਆਇਆ ਹੈ। ਇਸ ਅਦਬ-ਸਤਿਕਾਰ ਦੀ ਹਰ ਵੇਲੇ ਪਰੈਕਟਿਸ ਕਰਦੇ ਰਹਿਣਾ ਹੀ ਹਰਿ ਧੁਨਿ ਉਪਜੀ ਹੈ। ਦਿਮਾਗ ਵਿੱਚ ਅਦਬ ਸਤਿਕਾਰ ਦੀ ਧੁਨ ਨੂੰ ਹਰ ਵੇਲੇ ਸੁਣਦੇ ਰਹਿਣਾ ਹੀ ਮਸਤਿਕ ਭਾਗ ਦੀ ਨਿਸ਼ਾਨੀ ਹੈ। ਹਰਿ ਧੁਨ ਦੀ ਤਾਂਘ ਬਣੀ ਰਹੇ ਇਸ ਨੂੰ ਬੈਰਾਗ ਕਿਹਾ ਗਿਆ ਹੈ।
ਜਨੁ ਨਾਨਕੁ ਬੋਲੇ ਤੀਜੀ ਲਾਵੈ ਹਰਿ ਉਪਜੈ ਮਨਿ ਬੈਰਾਗੁ ਜੀਉ ॥
‘ਹਰਿ ਉਪਜੈ ਮਨਿ ਬੈਰਾਗੁ’ ਉਪਜੈ—ਪੈਦਾ ਹੋ ਜਾਂਦੀ ਹੈ। ਕਣਕ ਦੀ ਬਿਜਾਈ ਵਾਸਤੇ ਕਿਰਸਾਨ ਆਪਣੇ ਖੇਤ ਨੂੰ ਤਿਆਰ ਕਰਦਾ ਹੈ। ਫਿਰ ਉਸ ਵਿੱਚ ਕਣਕ ਦੀ ਫਸਲ ਬੀਜਦਾ ਹੈ। ਕੁੱਝ ਦਿਨਾਂ ਉਪਰੰਤ ਕਣਕ ਦੀ ਫਸਲ ਉਗਣ ਲੱਗ ਪੈਂਦੀ ਹੈ। ਇੰਜ ਹੀ ਕੋਈ ਫੈਕਟਰੀ ਵਾਲਾ ਬਾਹਰੋਂ ਕੱਚਾ ਮਟਰੀਅਲ ਲਿਆ ਕੇ ਆਪਣੀ ਫੈਕਟਰੀ ਰਾਂਹੀ ਮਾਲ ਤਿਆਰ ਕਰਕੇ ਬਜ਼ਾਰ ਵਿੱਚ ਵੇਚਦਾ ਹੈ, ਜੇਕਰ ਮਾਲ ਦੀ ਉਪਜ ਸਹੀ ਹੋਏਗੀ ਤਾਂ ਉਸ ਨੂੰ ਰੇਟ ਵੀ ਸਹੀ ਮਿਲ ਸਕਦਾ ਹੈ। ਏਸੇ ਤਰ੍ਹਾਂ ਅਸੀਂ ਆਪਣੇ ਮਨ ਦੀ ਪੈਲੀ ਤਿਆਰ ਕਰਕੇ ਇਸ ਵਿਚੋਂ ਵੀ ਸਦ ਗੁਣਾਂ ਦੀ ਭਰਪੂਰ ਫਸਲ ਲੈਣੀ ਹੈ। ਕਿਰਸਾਨ ਦੇ ਮਨ ਵਿੱਚ ਇੱਕ ਤਾਂਘ ਹੁੰਦੀ ਹੈ ਕਿ ਮੇਰੀ ਫਸਲ ਬੀਜਣ ਦਾ ਸਮਾਂ ਨਾ ਲੰਘ ਜਾਏ, ਵੱਤਰ ਨਾ ਖੁੰਝ ਜਾਏ ਜੇ ਸਮਾਂ ਲੰਘ ਗਿਆ ਤਾਂ ਫਸਲ ਦੀ ਉਪਜ ਨਹੀਂ ਹੋ ਸਕਦੀ। ਸੁਭਾਗ ਜੋੜੀ ਨੇ ਆਪਣੇ ਧਰਮ ਦੀ ਪਹਿਛਾਣ ਕਰਕੇ ਸਤਿਗੁਰ ਦੇ ਗਿਆਨ ਰਾਂਹੀ ਅਦਬ ਸਤਿਕਾਰ ਦੀ ਭਰਪੂਰ ਫਸਲ ਲੈਣ ਦਾ ਯਤਨ ਕਰਨਾ ਹੈ। ਅਜੇਹੀ ਲਾਲਸਾ ਹਰ ਵੇਲੇ ਬਣੀ ਰਹਿਣ ਨੂੰ ਹੀ ਬੈਰਾਗ ਆਖਿਆ ਗਿਆ ਹੈ। ਬੇਲੋੜਾ ਰੋਈ ਜਾਣ ਨੂੰ ਬੈਰਾਗ ਨਹੀਂ ਆਖਿਆ ਗਿਆ, ਇਹ ਸਗੋਂ ਆਪਸੀ ਪਿਆਰ ਮੁੱਹਬਤ ਤੇ ਮੇਲ ਮਿਲਾਪ, ਸਤਿਕਾਰ ਦੀ ਭਾਵਨਾ ਦਾ ਨਾਂ ਬੈਰਾਗ ਹੈ।
(1) ਚੰਗੇ ਗੁਣਾਂ ਦੀ ਹਰ ਵੇਲੇ ਤਾਂਘ ਬਣੀ ਰਹੇ ਪਰਮਾਤਮਾ ਦਾ ਮਿਲਾਪ ਤੇ ਬੈਰਾਗ ਦੀ ਨਿਸ਼ਾਨੀ ਹੈ।
(2) ਵਡੇ ਭਾਗ ਤਦ ਬਣ ਸਕਦੇ ਹਨ ਜੇ ਗਿਆਨ ਗੁਰੂ ਦੀ ਸੰਗਤ ਪਰਾਪਤ ਕੀਤੀ ਜਾਏ।
(3) ਸ਼ੁਭ ਬਚਨ ਬੋਲਣ ਦਾ ਅਭਿਆਸ ਕਰਨ ਨੂੰ ਗੁਣ ਗਉਣੇ ਕਿਹਾ ਗਿਆ ਹੈ ਜੋ ਪਵਿੱਤਰਤਾ ਦੀ ਉਗੜਦੀ ਤਸਵੀਰ ਹੈ।
(4) ਦਿਮਾਗ ਵਿੱਚ ਅਨੋਖੀ ਤਬਦੀਲੀ ਆਈ ਜੋ ਔਗੁਣਾਂ ਨੂੰ ਪਿਛਾੜ ਕੇ ਗੁਣਾਂ ਦੀ ਧੁੰਨ ਵਿੱਚ ਪੱਕੀ ਹੋ ਗਈ।
ਕਿਸੇ ਦਾ ਦਿੱਲ ਨਾ ਦਿਖਉਣ ਦੀ ਪਰਬਲ ਤਾਂਘ ਤੇ ਹਰ ਸਮੇਂ ਇਸ ਅਵਸਥਾ ਨੂੰ ਬਣਾਈ ਰੱਖਣਾ ਤੀਸਰੀ ਲਾਂਵ ਦਾ ਮੁੱਖ ਸੁਨੇਹਾ ਹੈ। ---ਚਲਦਾ




.