ਅਨੰਦ ਵਿਆਹ
(ਕਿਸ਼ਤ ਨੰ: 04)
ਪ੍ਰੋ: ਗੁਰਬਚਨ ਸਿੰਘ
ਥਾਈਲੈਂਡ ਵਾਲੇ
ਸਿਆਣਿਆਂ ਦਾ ਕਥਨ ਏ ਕਾਹਲੀ ਅੱਗੇ
ਟੋਏ ਹੁੰਦੇ ਹਨ। ਜਲਦਬਾਜ਼ੀ ਕਰਨ ਵਾਲਾ ਸਹੀ ਨਤੀਜੇ ਨਹੀਂ ਪ੍ਰਾਪਤ ਕਰ ਸਕਦਾ, ਪੰਜਾਬੀ ਦਾ ਦੂਸਰਾ
ਮੁਹਾਵਰਾ ਏ ਸਹਿਜ ਪੱਕੇ ਸੋ ਮੀਠਾ ਹੋਏ। ਕਾਹਲੀ ਨਾਲ ਕਾਰ ਚਲਉਣ ਵਾਲਾ ਅਕਸਰ ਐਕਸੀਡੈਂਟ ਕਰ ਬੈਠਦਾ
ਹੈ। ਮਾਲੀ ਬਾਗ ਵਿੱਚ ਕਈ ਪਰਕਾਰ ਦੇ ਫਲ਼ਦਾਰ ਦਰੱਖਤ ਲਗਉਂਦਾ ਹੈ। ਉਸ ਵਿੱਚ ਧੀਰਜ ਹੌਂਸਲਾ ਤੇ ਸਹਿਜ
ਹੁੰਦਾ ਏ। ਉਸ ਨੇ ਕਦੀ ਵੀ ਇਹ ਨਹੀਂ ਸੋਚਿਆ ਹੁੰਦਾ ਕੇ ਮੈਂ ਅੱਜ ਫਲਦਾਰ ਬੂਟਾ ਲਗਾਇਆ ਏ ਤੇ ਕਲ੍ਹ
ਸ਼ਾਮ ਤਕ ਹੀ ਇਸ ਨੂੰ ਫਲ਼ ਲੱਗਿਆ ਹੋਣਾ ਚਾਹੀਦਾ ਹੈ। ਇੱਕ ਕਿਰਸਾਨ ਨੂੰ ਵੀ ਫਸਲ ਬੀਜ ਕੇ ਉਸ ਦੇ
ਪੱਕਣ ਤਕ ਦੀ ਆਸ ਰੱਖ ਕੇ ਇੰਤਜ਼ਾਰ ਕਰਨਾ ਪੈਂਦਾ ਹੈ। ਚੰਗੇ ਗ੍ਰਿਹਸਤੀ ਬਣਨ ਲਈ ਸਹਿਜ ਦੀ ਪਉੜੀ ਤੇ
ਚੜ੍ਹਨਾ ਪੈਣਾ ਏ ਜੋ ਚੌਥੀ ਲਾਂਵ ਵਿੱਚ ਮਿਥਿਆ ਗਿਆ ਹੈ।
ਹਰਿ ਚਉਥੜੀ ਲਾਵ ਮਨਿ ਸਹਿਜ ਭਇਆ ਹਰਿ ਪਾਇਆ ਬਲਿ ਰਾਮ ਜੀਉ॥
ਗੁਰਮੁਖਿ ਮਿਲਿਆ ਸੁਭਾਇ ਹਰਿ ਮਨਿ ਤਨਿ ਮੀਠਾ ਲਾਇਆ ਬਲਿ ਰਾਮ ਜੀਉ॥
ਹਰਿ ਮੀਠਾ ਲਾਇਆ ਮੇਰੇ ਪ੍ਰਭ ਭਾਇਆ ਅਨਦਿਨੁ ਹਰਿ ਲਿਵਲਾਈ॥
ਮਨ ਚਿੰਦਿਆ ਫਲੁ ਪਾਇਆ ਸੁਆਮੀ ਹਰਿ ਨਾਮਿ ਵਜੀ ਵਧਾਈ॥
ਹਰਿ ਪ੍ਰਭਿ ਠਾਕੁਰਿ ਕਾਜੁ ਰਚਾਇਆ ਧਨ ਹਿਰਦੈ ਨਾਮਿ ਵਿਗਾਸੀ॥
ਜਨੁ ਨਾਨਕੁ ਬੋਲੇ ਚਉਥੀ ਲਾਵੈ ਹਰਿ ਪਾਇਆ ਪ੍ਰਭੁ ਅਬਿਨਾਸੀ॥
ਚਉਥੀ ਲਾਵ ਸਹਿਜ ਅਵਸਥਾ ਭਾਵ ਆਤਮਿਕ ਅਡੋਲਤਾ ਦੇ ਸਿਖਰ ਨੂੰ ਛੋਂਹਦੀ ਹੈ। ਸਕੂਲ ਵਿੱਚ ਪੜ੍ਹ ਰਹੇ
ਵਿਦਿਆਰਥੀ ਹੌਲ਼ੀ ਹੌਲ਼ੀ ਜਮਾਤਾਂ ਪਾਸ ਕਰਦਿਆਂ ਦਸਵੀਂ ਜਮਾਤ ਪਾਸ ਕਰ ਲੈਂਦੇ ਹਨ। ਕੋਈ ਮੁਸਾਫਰ
ਤੁਰਿਆ ਹੋਇਆ ਆਪਣੀ ਮੰਜ਼ਲ ਤੇ ਪਹੁੰਚ ਹੀ ਜਾਂਦਾ ਹੈ, ਤੇ ਵਿਆਹ ਵੀ ਇੱਕ ਮੰਜ਼ਲ ਦੀ ਸ਼ੁਰੂਆਤ ਏ। ਵਿਆਹ
ਤੋਂ ਪਹਿਲਾਂ ਲੜਕੀ ਅਤੇ ਲੜਕਾ ਦੋ ਵੱਖ ਵੱਖ ਰੂਪਾਂ ਵਿੱਚ ਰਹਿੰਦੇ ਹਨ, ਪਰ ਵਿਆਹ ਹੋਣ ਤੇ ਇਹ
ਸੁਭਾਗ ਜੋੜੀ ਪਤਨੀ ਅਤੇ ਪਤੀ ਦੇ ਰੂਪ ਵਿੱਚ ਪ੍ਰਗਟ ਹੁੰਦੇ ਹਨ। ਇੱਕ ਜੋਤ ਦੇ ਫਲਸਫੇ ਨੂੰ ਅਪਨਾਇਆਂ
ਨਵੀਂ ਮੰਜ਼ਲ ਦੀ ਸ਼ੁਰੂਆਤ ਕਰਦੇ ਹਨ। ਸਤਿਗੁਰ ਦੇ ਉਪਦੇਸ਼ ਦੁਆਰਾ ਘੱਟੀਆ ਕਿਸਮ ਦੀ ਸੋਚ ਤੋਂ ਮੁਕਤੀ
ਪਰਾਪਤ ਕਰਕੇ ਆਪਣੇ ਫਰਜ਼ ਪ੍ਰਤੀ ਸੁਚੇਤ ਹੋਣਾ ਹੈ। ਅਦਬ ਤੇ ਸਤਿਕਾਰ ਦੀ ਪਉੜੀ ਤੇ ਚੜ੍ਹਦਿਆ ਸਾਰਿਆਂ
ਨੂੰ ਇੱਕ ਨਜ਼ਰ ਨਾਲ ਦੇਖਣ ਦੀ ਕੋਸ਼ਿਸ਼ ਕਰਦੇ ਰਹਿਣਾ। ਸੁਭਾਗ ਜੋੜੀ ਨੇ ਸ਼ੁਭ ਗੁਣਾਂ ਦੀ ਤਾਂਘ ਨੂੰ
ਬਣਾਈ ਰੱਖਦਿਆਂ ਸਹਿਜ ਦੇ ਮਾਰਗ ਨੂੰ ਤਰਜੀਹ ਦੇਣੀ ਹੈ। ਇਹਨਾਂ ਤਿੰਨਾਂ ਪਉੜੀਆਂ ਵਿੱਚ ਆਏ ਵਿਧਾਨ
ਦੀ ਪਾਲਣਾ ਕਰਦਿਆਂ, ਪਰਵਾਰ ਤੇ ਆਪਣੇ ਨਿੱਤ ਦੇ ਜੀਵਨ ਵਿੱਚ ਹਊਮੇ ਨੂੰ ਸਮਝਦਿਆਂ ਸਹਿਜ ਦੇ ਕਨੂੰਨ
ਨੂੰ ਲਾਗੂ ਕਰਨਾ ਹੈ। ਇਸ ਸੁਭਾਅ ਦਾ ਨਾਂ ਹੀ ਪਰਮਾਤਮਾ ਦਾ ਮਿਲਾਪ ਹੈ। ਚਉਥੀ ਲਾਂਵ ਦੀ ਪਹਿਲੀ ਤੁਕ
ਵਿੱਚ ਆਤਮਿਕ ਅਡੋਲਤਾ ਤੇ ਰੱਬੀ ਮਿਲਾਪ ਦੀ ਵਿਵਸਥਾ ਰੱਖੀ ਗਈ ਹੈ। ਗੁਰ ਵਾਕ ਹੈ----
ਹਰਿ ਚਉਥੜੀ ਲਾਵ ਮਨਿ ਸਹਿਜੁ ਭਇਆ ਹਰਿ ਪਾਇਆ ਬਲਿ ਰਾਮ ਜੀਉ॥
ਜ਼ਰਾ ਕੁ ਧਿਆਨ ਨਾਲ ਦੇਖੀਏ, ਕਿਰਸਾਨ ਕਦੇ ਵੀ ਆਪਣੇ ਖੇਤ ਵਿੱਚ ਕਣਕ ਦੇ ਸਿੱਟੇ ਨਹੀਂ ਬੀਜਦਾ,
ਪਹਿਲਾਂ ਖੇਤ ਦੀ ਤਿਆਰੀ ਕਰਦਾ ਹੈ ਫਿਰ ਉਸ ਵਿੱਚ ਕਣਕ ਦਾ ਬੀਜ ਬੀਜਦਾ ਹੈ। ਨਵੰਬਰ ਵਿੱਚ ਬੀਜੀ ਹੋਈ
ਕਣਕ ਮਾਰਚ ਅਪ੍ਰੈਲ ਨੂੰ ਕਿਤੇ ਜਾ ਕੇ ਤਿਆਰ ਹੁੰਦੀ ਹੈ। ਚਾਰ ਪੰਜ ਮਹੀਨੇ ਦੇ ਉਪਰੰਤ ਜਾ ਕੇ ਬੀਜੀ
ਹੋਈ ਕਣਕ ਨੂੰ ਸਿੱਟਾ ਲੱਗਦਾ ਹੈ। ਏਸੇ ਤਰ੍ਹਾਂ ਹੀ ਰੱਬ ਜੀ ਦੇ ਮਿਲਾਪ ਲਈ ਪਹਿਲਾਂ ਮਨ ਰੂਪੀ ਪੈਲੀ
ਤਿਆਰ ਕਰਨੀ ਪਏਗੀ ਫਿਰ ਜਾ ਕੇ ਸਹਿਜ ਦਾ ਸਿੱਟਾ ਲੱਗੇਗਾ, ਜੋ ਆਤਮਿਕ ਅਡੋਲਤਾ ਤੇ ਪਰਮਾਤਮਾ ਦੇ
ਮਿਲਾਪ ਦੀ ਨਿਸ਼ਾਨੀ ਹੈ। ਸੁਭਾਗ ਜੋੜੇ ਨੇ ਆਪਸ ਵਿੱਚ ਮਿਲਕੇ ਤੇ ਪਰਵਾਰ ਦੇ ਜੀਆਂ ਨੂੰ ਨਾਲ ਲੈ ਕੇ
ਸਹਿਜ ਦੀ ਖੇਤੀ ਤਿਆਰ ਕਰਨੀ ਹੈ ਤਾਂ ਕੇ ਆਪਣੇ ਜੀਵਨ ਤੇ ਪਰਵਾਰ ਵਿੱਚ ਅਨੰਦ ਪੈਦਾ ਹੋ ਸਕੇ। ਆਮ
ਹਾਲਤਾਂ ਵਿੱਚ ਮਨੁੱਖ ਦੋਹਰੇ ਜੀਵਨ ਦੇ ਵਿੱਚ ਵਿਚਰਨ ਦਾ ਯਤਨ ਕਰਦਾ ਰਹਿੰਦਾ ਹੈ। ਮਨ ਵਿੱਚ ਕੁੱਝ
ਹੋਰ ਭਾਵਨਾ ਹੈ ਪਰ ਜ਼ਬਾਨ ਤੇ ਬੋਲ ਕੁੱਝ ਹੋਰ ਹੀ ਹੁੰਦੇ ਹਨ। ਹੋਰ ਵਿਸਥਾਰ ਅਗਲੀ ਤੁਕ ਵਿੱਚ ਆਇਆ
ਹੈ।
ਗੁਰਮੁਖਿ ਮਿਲਿਆ ਸੁਭਾਇ ਹਰਿ ਮਨਿ ਤਨਿ ਮੀਠਾ ਲਾਇਆ ਬਲਿ ਰਾਮ ਜੀਉ॥
ਇਸ ਤੁਕ ਵਿੱਚ ਫਿਰ ਗੁਰੂ ਜੀ ਨੂੰ ਮਿਲਣ ਦਾ ਅਦਰਸ਼ ਰੱਖਿਆ ਗਿਆ ਹੈ। “ਗੁਰਮੁਖਿ ਮਿਲਿਆ ਸੁਭਾਇ”
ਪਿਆਰ ਵਿੱਚ ਭਿੱਜ ਕੇ ਗੁਰੂ ਨੂੰ ਮਿਲਣਾ ਹੈ, ਤਾਂ ਜੋ ਮਨ ਤੇ ਤਨ ਵਿੱਚ ਰੱਬੀ ਗੁਣਾਂ ਦੀ ਮਿਠਾਸ ਆ
ਜਾਏ। ਪਤੀ ਅਤੇ ਪਤਨੀ ਆਪਸ ਵਿੱਚ ਕਦੇ ਵੀ ਇੱਕ ਦੂਸਰੇ ਪਾਸੋਂ ਉਹਲਾ ਨਹੀਂ ਰੱਖਣਗੇ। ਮਨ ਤੇ ਤਨ ਦੀ
ਇਕਸਾਰਤਾ ਹੋ ਜਾਏਗੀ। ਪਰਮਾਤਮਾ ਦਾ ਨਾਮ ਮਿੱਠਾ ਲੱਗਣਾ, ਇਹ ਕੋਈ ਖਾਣ ਵਾਲੀ ਵਸਤੂ ਨਹੀਂ ਹੈ, ਸਗੋਂ
ਪਿਆਰ ਵਿੱਚ ਪਰਵਿਰਤ ਹੋਣ ਦੀ ਬਸੰਤ ਰੁਤ ਹੈ ਜੋ ਇੱਕ ਪਰਕਾਰ ਦਾ ਅਧਿਆਤਮਿਕ ਨਸ਼ਾ ਹੈ। ਇਹ ਨਸ਼ਾ ਪੀਣ
ਦੀ ਜਿਸ ਨੂੰ ਆਦਤ ਪੈ ਜਾਏ ਫਿਰ ਛੁਟਦੀ ਨਹੀਂ ਹੈ। ‘ਮਨਿ ਤੇ ਤਨਿ’ —ਮਨ ਦੀ ਢੀਠਤਾਈ, ਚੰਚਲਤਾ ਦਾ
ਤਿਆਗ ਕਰਨਾ ਜੋ ਤਨ ਰਾਂਹੀਂ ਪ੍ਰਗਟ ਹੁੰਦੀ ਹੈ। ਤਨ ਤੋਂ ਮੁਰਾਦ ਅੱਖਾਂ, ਕੰਨ, ਜ਼ਬਾਨ ਤੇ ਬਾਕੀ
ਗਿਆਨ ਇੰਦਰੇ ਹਨ। ਅੱਖਾਂ ਰਾਂਹੀਂ ਜਦੋਂ ਬਾਹਰਲ਼ੀ ਸੂਰਤ ਨੂੰ ਦੇਖ ਕੇ ਮਨ ਨੂੰ ਸੂਚਿਤ ਕਰਦਾ ਹੈ ਤਾਂ
ਮਨ ਫੈਸਲੇ ਗਲਤ ਕਰਦਾ ਹੈ। ਪਿਆਰ ਵਿੱਚ ਗੁਰੂ ਨੂੰ ਮਿਲਿਆਂ ਇਹ ਕੂੜ ਦੀ ਦੁਬਿਧਾ ਖਤਮ ਹੋ ਜਾਂਦੀ
ਹੈ।
ਹਰਿ ਮੀਠਾ ਲਾਇਆ ਮੇਰੇ ਪ੍ਰਭ ਭਾਇਆ ਅਨਦਿਨੁ ਹਰਿ ਲਿਵਲਾਈ॥
“ਅਨਦਿਨੁ ਹਰਿ ਲਿਵਲਾਈ” ਨਿਯਮਬੱਧ ਹੋਣਾ ਜੀਵਨ ਸ਼ੁਰੂ ਹੋ ਜਾਂਦਾ ਹੈ ਤੇ ਹਰ ਰੋਜ਼ ਆਪਣੀ ਸੁਰਤ ਨੂੰ
ਇਸ ਅਭਿਆਸ ਵਿੱਚ ਪਾਈ ਰੱਖਣਾ ਲਿਵਲਾਈ ਹੈ। ਸੰਸਾਰ ਵਿੱਚ ਨਸ਼ੇ ਕਈ ਪਰਕਾਰ ਦੇ ਹਨ, ਕਿਸੇ ਨੂੰ ਸ਼ਰਾਬ
ਪੀਣ ਦਾ ਨਸ਼ਾ ਏ ਤੇ ਕਿਸੇ ਨੂੰ ਅਫੀਮ ਖਾਣ ਦਾ ਨਸ਼ਾ ਹੈ। ਕਿਸੇ ਨੂੰ ਅਹੁਦੇ ਦਾ ਨਸ਼ਾ ਤੇ ਕਿਸੇ ਨੂੰ
ਧਨ ਦਾ ਨਸ਼ਾਂ ਹੈ। ਇਹਨਾਂ ਨਸ਼ਿਆਂ ਵਿੱਚ ਮਨੁੱਖ ਦੀ ਹਰ ਵੇਲੇ ਲਿਵ ਲੱਗੀ ਰਹਿੰਦੀ ਹੈ ਤੇ ਨਸ਼ੇ ਦੀ
ਪੂਰਤੀ ਲਈ ਚੋਰੀ ਇਤਿਆਦਕ ਵੀ ਕਰ ਲੈਂਦਾ ਹੈ, ਪਰ ਜੇ ਕਰ ਕਿਸੇ ਨੂੰ ਸੇਵਾ ਕਮਉਣ ਦੀ ਲਿਵ ਲੱਗ ਜਾਏ
ਤਾਂ ਇਸਨੂੰ ਉਚਤਮ ਲਿਵ ਕਿਹਾ ਜਾ ਸਕਦਾ ਹੈ। ਸਧਾਰਨ ਬੋਲੀ ਵਿੱਚ ਚੌਂਕੜੀ ਮਾਰ, ਅੱਖਾਂ ਬੰਦ ਕਰਕੇ
ਬੈਠ ਜਾਣ ਨੂੰ ਲਿਵ ਲੱਗੀ ਸਮਝਿਆ ਗਿਆ ਹੈ। ਇਸ ਪਾਖੰਡ ਨੂੰ ਤਾ ਗੁਰੂ ਨਾਨਕ ਸਾਹਿਬ ਜੀ ਨੇ ਜਪੁਜੀ
ਦੀ ਪਹਿਲੀ ਪਉੜੀ ਦੀਆਂ ਪਹਿਲੀਆਂ ਤੁਕਾਂ ਵਿੱਚ ਹੀ ਰੱਦ ਕਰ ਦਿੱਤਾ ਹੈ। “ਚੁਪੈ ਚੁਪ ਨਾ ਹੋਵਈ ਜੇ
ਲਾਇ ਰਹਾ ਲਿਵਤਾਰ” --ਇਮਾਨਦਾਰੀ ਨਾਲ ਮਿਲੀ ਜ਼ਿਮੇਵਾਰੀ ਨੂੰ ਨਿਬਹੁੰਣਾ ਨੇਕ ਨੀਤ ਨਾਲ ਕੰਮ ਕਰਨਾ
ਹੀ ਅਸਲੀ ਲਿਵ ਲੱਗਣੀ ਹੈ। ਸੁਭਾਇ—ਪਿਆਰ ਵਿੱਚ ਭਿੱਜ ਕੇ ਆਪਣੇ ਫਰਜ਼ ਨੂੰ ਸਮਝਣਾ, ਜੀਵਨ ਵਿੱਚ
ਕੁਤਾਈ ਨਾ ਹੋਣ ਦੇਣਾ ਹੀ ਹਰਿ ਦਾ ਮਿੱਠਾ ਲੱਗਣਾ ਹੈ। ਪਰਵਾਰਾਂ ਵਿੱਚ ਦੁਖਾਂਤ ਤਦ ਵਾਪਰਦੇ ਹਨ
ਜਦੋਂ ਮੂੰਹ ਦੇ ਬੋਲ ਹੋਰ ਹੁੰਦੇ ਨੇ ਤੇ ਕਰਮ ਸਾਡੇ ਹੋਰ ਹੁੰਦੇ ਹਨ। ਏਸੇ ਲਈ ਬੀਜਦੇ ਕੁੱਝ ਹੋਰ
ਹਾਂ ਤੇ ਵੱਢਦੇ ਕੁੱਝ ਹੋਰ ਹੁੰਦੇ ਹਾਂ। ਅਗਲੀ ਤੁਕ ਵਿੱਚ ਮਨ ਇਛੱਤ ਫਲ਼ ਦੀ ਪਰਾਪਤੀ ਦੀ ਕਾਮਨਾ
ਕੀਤੀ ਗਈ ਹੈ।
ਮਨ ਚਿੰਦਿਆ ਫਲੁ ਪਾਇਆ ਸੁਆਮੀ ਹਰਿ ਨਾਮਿ ਵਜੀ ਵਾਧਾਈ॥
ਮਨ ਦੁਆਰਾ ਚਾਹੇ ਹੋਏ ਫਲ ਦੀ ਗੱਲ ਕੀਤੀ ਗਈ ਹੈ। ਕਿਸੇ ਵੀ ਧਾਰਮਿਕ ਅਸਥਾਨ ਤੇ ਚਲੇ ਜਾਉ ਹਰ ਥਾਂ
ਤੇ ਹੀ ਸ਼ਰਧਾਲੂਆਂ ਦੀਆਂ ਮਨੋ ਕਾਮਨਾਵਾਂ ਦੀ ਪੂਰਤੀ ਲਈ ਧੜਾ ਧੜ ਅਰਦਾਸਾਂ ਹੋ ਰਹੀਆਂ ਸੁਣਾਈ
ਦੇਣਗੀਆਂ। ਹਰ ਘਰ ਵਿੱਚ ਕੁੱਝ ਨਾ ਕੁੱਝ ਵਾਪਰਦਾ ਹੀ ਰਹਿੰਦਾ ਏ, ਉਸ ਵਾਪਰ ਰਹੀ ਘਟਨਾ ਵਿੱਚ ਇੱਕ
ਦੂਜੇ ਪ੍ਰਤੀ ਘ੍ਰਿਣਤਾ ਭਾਵਨਾ ਵਾਲੇ ਬੋਲ ਵੀ ਬੋਲ ਲੈਂਦੇ ਹਾਂ ਤੇ ਲੜਾਈ ਝਗੜੇ ਵਿੱਚ ਕਈ ਦਫਾ ਇਹ
ਵੀ ਕਹਿ ਦੇਂਦੇ ਹਾਂ ਕਿ, “ਹੇ ਪਰਮਾਤਮਾ ਜੇ ਤੂੰ ਕਿਤੇ ਨੇੜੇ ਤੇੜੇ ਦਿਖਾਈ ਦੇਂਦਾ ਏਂ ਤਾਂ ਮੇਰੀ
ਅਰਦਾਸ ਏ ਤੇਰੇ ਚਰਨਾ ਪਾਸ ਜਾਂ ਮੈਨੂੰ ਇਸ ਘਰ ਵਿਚੋਂ ਚੁੱਕ ਲੈ ਜਾਂ ਇਸ ਨੂੰ ਚੁੱਕ ਲੈ”। ਮੰਨ ਲਉ!
ਜੇ ਰੱਬ ਜੀ ਕਿਤੇ ਨੇੜੇ ਹੀ ਸਾਡੀ ਅਰਦਾਸ ਸੁਣਦੇ ਹੋਣ ਤੇ ਅਜੇਹਾ ਵਾਪਰ ਜਾਏ ਕੀ ਤਾਂ ਘਰ ਦਾ ਮਹੌਲ
ਠੀਕ ਰਹਿ ਸਕਦਾ ਹੈ? “ਮਨ ਚਿੰਦਿਆ ਫਲੁ ਪਾਇਆ” ---ਇਸਦਾ ਅਰਥ ਇਹ ਨਹੀਂ ਕਿ ਸਾਡੇ ਕਹਿਣ ਨਾਲ
ਗੁਆਂਢੀਆਂ ਦੀ ਮੱਝ ਮਰ ਜਾਏਗੀ ਜਾਂ ਸਾਡੇ ਕਹਿਣ ਨਾਲ ਸਾਡਾ ਕੇਸ ਜਿੱਤਿਆ ਜਾਏਗਾ। ਜਾਂ ਸਾਡੇ ਘਰ
ਅੱਜ ਸਿਰੀ ਅਖੰਡਪਾਠ ਦੇ ਭੋਗ ਸਮੇਂ ਪੈ ਰਹੀ ਬਰਸਾਤ ਹੱਟ ਜਾਏ। ਦਰ ਅਸਲ ਜੋ ਕਰਮ ਅਸੀਂ ਕਰਾਂਗੇ ਫਲ਼
ਉਸੇ ਦਾ ਹੀ ਮਿਲਣਾ ਹੈ। ਇਸ ਗੱਲ ਨੂੰ ਸਮਝਣ ਲਈ ਮਿੱਟੀ ਦੇ ਭਾਂਡੇ ਦੀ ਮਿਸਾਲ ਲੈਂਦੇ ਹਾਂ। ਘੁਮਿਆਰ
ਪਹਿਲਾਂ ਮਿੱਟੀ ਲਿਆਉਂਦਾ ਹੈ ਫਿਰ ਉਸ ਨੂੰ ਚੰਗੀ ਤਰ੍ਹਾਂ ਗੁਨ੍ਹਦਾ ਹੈ। ਮਿੱਟੀ ਨੂੰ ਚੱਕ ਤੇ
ਚਾੜ੍ਹ ਕੇ ਵੱਧੀਆ ਭਾਂਡੇ ਬਣਾ ਲੈਂਦਾ ਏ ਕੀ ਕਦੇ ਘੁਮਿਆਰ ਨੇ ਸੋਚਿਆ ਏ ਕਾਸ਼ ਇਹ ਮੇਰਾ ਘੜਾ ਸੋਨੇ
ਦਾ ਬਣ ਜਾਂਦਾ ਨਹੀਂ ਅਜੇਹਾ ਨਹੀਂ ਹੋ ਸਕਦਾ ਕਿਉਂਕਿ ਮਿੱਟੀ ਨੇ ਮਿੱਟੀ ਹੀ ਰਹਿਣਾ ਹੈ ਤੇ ਇਹ
ਮਿੱਟੀ ਦਾ ਭਾਂਡਾ ਹੀ ਤਿਆਰ ਹੋਏਗਾ।
ਮਨ ਚਿੰਦੇ ਫਲ਼ ਦੀ ਗੱਲ ਦਾ ਅਰਥ ਇਹ ਨਹੀਂ ਕਿ ਕਰਮ ਅਸੀਂ ਹੋਰ ਕਰੀਏ ਫਲ਼ ਕਿਸੇ ਹੋਰ ਦੀ ਆਸ ਰੱਖੀਏ।
ਪੇਪਰ ਹਿਸਾਬ ਦਾ ਆਇਆ ਏ ਪਰ ਬੱਚੇ ਜੁਆਬ ਕਮਿਸਟਰੀ ਦਾ ਦੇਣ, ਬੱਚੇ ਫੇਹਲ ਹੋਣ ਨੂੰ ਆਪ ਆਵਾਜ਼ਾਂ ਮਾਰ
ਰਹੇ ਹਨ। ਲਾਂਵਾ ਦੇ ਇਸ ਸਾਰੇ ਪਰਕਰਣ ਵਿੱਚ ਸਹਿਜ ਅਵਸਥਾ ਤੇ ਪਰਮਾਤਮਾ ਦੀ ਪਰਾਪਤੀ ਦਾ ਨਿਸ਼ਾਨਾ
ਮਿੱਥਿਆ ਗਿਆ ਹੈ। ਇਸ ਨਿਸ਼ਾਨੇ ਤੇ ਪਹੁੰਚਣ ਲਈ ਇੱਕ ਨਿਯਮਾਵਲੀ ਦੱਸੀ ਗਈ ਹੈ ਜੋ ਤਿੰਨਾਂ ਲਾਵਾਂ
ਵਿੱਚ ਮਾਰਗ ਦਰਸ਼ਨ ਕਰਦੀ ਹੈ। ਮਨ ਚਿੰਦੇ ਫਲ਼ –ਦੁਨਿਆਵੀ ਪਦਾਰਥਾਂ ਦੀ ਹਕੀਕਤ ਨਹੀਂ ਹੈ। ਮਨ ਚਿੰਦੇ
ਫਲ ਅਸੀਂ ਆਪਣੀਆਂ ਆਸ਼ਾਂਵਾਂ ਅਨੁਸਾਰ ਚਲਣਾ ਤੇ ਇਸ ਨੂੰ ਢੂੰਢਣ ਦੇ ਹਮੇਸ਼ਾਂ ਯਤਨ ਵਿੱਚ ਰਹੇ ਹਾਂ।
ਮਿਸਾਲ ਦੇ ਤੌਰ ਤੇ ਲੜਕੀ ਦੇ ਵਿਆਹ ਤੇ ਭਰਪੂਰ ਬਰਸਾਤ ਪੈ ਰਹੀ ਹੋਵੇ ਤੇ ਅਸੀਂ ਹੁਣ ਇਹ ਅਰਦਾਸਾਂ
ਕਰੀਏ ਕੇ ਰੱਬ ਜੀਉ ਜਲਦੀ ਤੋਂ ਜਲਦੀ ਵੱਰਖਾ ਨੂੰ ਰੋਕ ਦਿਉ ਸਾਡੀ ਲੜਕੀ ਦਾ ਅੱਜ ਵਿਆਹ ਹੈ। ਇਹ ਮਨ
ਚਿੰਦਿਆ ਫਲ਼ ਨਹੀਂ ਹੈ। ਸਾਡੀ ਲੜਕੀ ਦੀ ਸ਼ਾਦੀ ਕਿਸੇ ਚੰਗੇ ਖਾਦੇ ਪੀਂਦੇ ਘਰ ਹੋ ਜਾਏ ਤੇ ਗੁਆਂਡੀਆਂ
ਦੀ ਲੜਕੀ ਦੀ ਸ਼ਾਦੀ ਸਾਡੇ ਨਾਲੋਂ ਛੋਟੇ ਘਰ ਵਿੱਚ ਹੋਵੇ ਤਾਂ ਸਾਡਾ ਸਮਾਜ ਵਿੱਚ ਨੱਕ ਰਹਿ ਸਕਦਾ ਹੈ।
ਸਾਡੇ ਮਨ ਚਿੰਦੇ ਦਾ ਇੱਕ ਹੋਰ ਪਹਿਲੂ ਵੀ ਹੈ ਸਾਡਾ ਲੜਕਾ ਤਾਂ ਚੰਗੇ ਨੰਬਰ ਲੈ ਕੇ ਪਾਸ ਹੋਵੇ ਤੇ
ਗੁਆਂਢੀਆਂ ਦੇ ਲੜਕੇ ਦੇ ਇਸ ਤੋਂ ਅੱਧੇ ਨੰਬਰ ਹੀ ਅਉਣੇ ਚਾਹੀਦੇ ਹਨ। ਸਾਰੀ ਵਿਚਾਰ ਦਾ ਨਤੀਜਾ ਇਹ
ਹੀ ਨਿਕਲਦਾ ਹੈ ਕਿ ਮਨ ਚਿੰਦੇ ਫਲ---ਸ਼ੁਭ ਗੁਣਾਂ ਦੀ ਪਰਾਪਤੀ ਤੇ ਅਵਗੁਣਾਂ ਤੋਂ ਛੁਟਕਾਰੇ ਦੀ
ਅਵਸਥਾ ਰੱਖੀ ਗਈ ਹੈ। ਇਹ ਸ਼ੁਭ ਗੁਣਾਂ ਦੇ ਵਾਧੇ ਵਿੱਚ ਹਰ ਵੇਲੇ ਤਾਂਘ ਲੱਗੀ ਰਹਿਣਾ ਹੀ ਹਰੀ ਨਾਮ
ਹੈ। ਇਸ ਲਾਂਵ ਦੀ ਅਗਲੀ ਤੁਕ ਵਿੱਚ ਮਨ ਵਿੱਚ ਖੁਸ਼ੀ ਦੇ ਪੈਗਾਮ ਦੀ ਕਾਮਨਾ ਕੀਤੀ ਗਈ ਹੈ।
ਹਰਿ ਪ੍ਰਭਿ ਠਾਕੁਰਿ ਕਾਜੁ ਰਚਾਇਆ ਧਨ ਹਿਰਦੈ ਨਾਮਿ ਵਿਗਾਸੀ॥
ਬੱਚੀ ਬੱਚੇ ਦੇ ਵਿਆਹ ਦੀ ਤਿਆਰੀ ਪਿਛਲੇ ਲੰਬੇ ਅਰਸੇ ਤੋਂ ਪਰਵਾਰਾਂ ਵਿੱਚ ਹੁੰਦੀ ਦਿਖਾਈ ਦੇਂਦੀ
ਹੈ। ਕਈ ਪਰਕਾਰ ਦਾ ਸਮਾਨ ਇਕੱਠਾ ਕਰਦਿਆਂ ਸੱਦੇ ਪੱਤਰ ਭੇਜੇ ਜਾਂਦੇ ਹਨ। ਜਦ ਆਤਮਾ ਦਾ ਪਰਮਾਤਮਾ
ਨਾਲ ਵਿਆਹ ਹੋਣਾ ਹੈ ਤਦ ਵੀ ਸਾਨੂੰ ਕੁੱਝ ਆਤਮਿਕ ਗੁਣਾ ਵਾਲਾ ਹੰਭਲਾ ਮਾਰਨ ਦੀ ਜ਼ਰੂਰਤ ਹੈ। ਦੋ
ਆਤਮਾਵਾਂ ਤੇ ਦੋ ਪਰਵਾਰਾਂ ਦਾ ਆਪਸ ਵਿੱਚ ਮਿਲਾਪ ਹੋਣ ਲਈ ਖਿਆਲਾਂ ਦਾ ਇੱਕ ਹੋਣਾ ਜ਼ਰੂਰੀ ਹੈ। “ਹਰਿ
ਪ੍ਰਭਿ ਠਾਕੁਰਿ ਕਾਜ ਰਚਾਇਆ” —ਕਿਸੇ ਕੰਮ ਦੀ ਆਰੰਭਤਾ ਹੈ। ਸਤਿ ਸੰਤੋਖ, ਦਇਆ ਹਲੀਮੀ, ਮਿਠਾਸ ਵਰਗੇ
ਗੁਣਾਂ ਦੇ ਅਭਿਆਸ ਦੀ ਸ਼ੁਰੂਆਤ ਕਰਨੀ-ਕਾਜ ਰਚਾਇਆ ਹੈ। ਕੋਈ ਚਿਤ੍ਰਕਾਰ ਜਦੋਂ ਚਿਤ੍ਰ ਬਣਾਉਣ ਦੀ
ਅਰੰਭਤਾ ਕਰਦਾ ਹੈ ਤਾਂ ਸਮੇਂ ਉਪਰੰਤ ਜਾ ਕੇ ਸੋਹਣਾ ਚਿਤ੍ਰ ਦੇਖਣ ਨੂੰ ਮਿਲਦਾ ਹੈ। ਕਈ ਦਫਾ ਕਈ ਕਈ
ਸਾਲਾਂ ਦੀ ਘਾਲਣਾਂ ਘਾਲਣੀ ਪੈਂਦੀ ਹੈ। ਮਾਂ ਨੂੰ ਬੱਚੇ ਦਾ ਸੋਹਣਾ ਮੁੱਖੜਾ ਦੇਖਣ ਲਈ ਵੀ ਨੌਂ
ਮਹੀਨੇ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਬੱਚੇ ਦੇ ਜਨਮ ਉਪਰੰਤ ਮਾਂ ਦੀ ਰੂਹ ਵਿੱਚ ਇੱਕ ਖੇੜਾ ਹੁੰਦਾ
ਹੈ। ਲਿਹਾਜਾ ਸੂਹੀ ਰਾਗ ਦੇ ਇਸ ਛੰਤ ਦੇ ਪਹਿਲੇ ਬੰਦਾਂ ਵਿੱਚ ਵੀ ਕੁੱਝ ਗੁਣਾਂ ਦੇ ਅਭਿਆਸ ਦੀ
ਵਿਵਸਥਾ ਰੱਖੀ ਗਈ ਏ, ਜੋ ਇੱਕ ਲੰਬਾ ਅਭਿਆਸ ਹੈ। ਇਸ ਅਭਿਆਸ ਦੁਆਰਾ ਹੀ ਨਾਮ ਵਿਗਾਸ ਹੋ ਸਕਦਾ ਹੈ।
“ਧਨ ਹਿਰਦੈ ਨਾਮਿ ਵਿਗਾਸੀ” ---ਆਤਮਿਕ ਖੇੜੇ ਦੀ ਉੱਚਤਾ ਰੱਖੀ ਗਈ ਹੈ। ਸੋ ਇਸ ਤੁਕ ਵਿੱਚ ਸ਼ੁਭ
ਕਾਰਜਾਂ ਦੀ ਅਰੰਭਤਾ ਤੇ ਉਸ ਤੋਂ ਹੋਣ ਵਾਲੇ ਅਨੰਦ ਦੀ ਪ੍ਰਬਲਤਾ ਪਰਗਟ ਕੀਤੀ ਗਈ ਹੈ। ਇਸ ਕੁਦਰਤੀ
ਅਨੰਦ ਦਾ ਦੂਸਰਾ ਨਾਮ ਪ੍ਰਭ ਅਵਿਨਾਸੀ ਹੈ।
ਜਨੁ ਨਾਨਕੁ ਬੋਲੇ ਚਉਥੀ ਲਾਵੈ ਹਰਿ ਪਾਇਆ ਪ੍ਰਭੁ ਅਵਿਨਾਸੀ॥
ਸਰੀਰਕ ਤਲ ਤੇ ਪਰਮਾਤਮਾ ਦਾ ਕੋਈ ਵਜੂਦ ਨਹੀਂ ਹੈ। ਪਰ ਮਨੁੱਖ ਦਾ ਦੁਖਾਂਤ ਇਹ ਹੀ ਹੈ ਕੇ ਇਹ ਸਰੀਰਕ
ਹਰਕਤ ਇਚ ਰੱਬ ਜੀ ਨੂੰ ਪਰਾਪਤ ਕਰਨ ਦੇ ਚੱਕਰ ਵਿੱਚ ਬੱਝਾ ਪਿਆ ਹੈ। ਗੁਰੂ ਜੀ ਦਾ ਸਿੱਧ ਪੱਧਰਾ
ਸੁਨੇਹਾਂ ਏਹੀ ਹੈ ਕਿ ਭਲੇ ਆਦਮੀ ਰੱਬ ਜੀ ਦੀ ਕੁਦਰਤੀ ਨਿਯਮਾਵਲੀ ਨੂੰ ਸਮਝਣ ਦੀ ਕੋਸ਼ਿਸ਼ ਕਰ।
ਬੇਲੋੜੀਆਂ ਚਿੰਤਾਵਾਂ, ਈਰਖਾ, ਵੈਰ-ਭਾਵਨਾ ਵਿਰੋਧ, ਕਾਮੁਕ ਰੁਚੀਆਂ ਤੇ ਵਿਕਾਰਾਂ ਵਰਗੀਆਂ ਭਿਆਨਕ
ਬਿਮਾਰੀਆਂ ਤੋਂ ਬਚਣ ਦਾ ਯਤਨ ਕਰ ਤਾਂ ਕੇ ਤੇਰੇ ਸਦ ਗੁਣ ਬਚ ਸਕਣ। ਦਰ ਅਸਲ ਇਹ ਇੱਕ ਲੰਬੀ ਸਾਧਨਾ
ਹੈ। ਇਸ ਲੰਬੀ ਸਾਧਨਾ ਤੋਂ ਹੀ ਅਵਿਨਾਸੀ ਪ੍ਰਭੂ ਦੀ ਜੋਤ ਪ੍ਰਗਟ ਹੋਣੀ ਹੈ। ਗੁਰੂ ਅਰਜਨ ਪਾਤਸ਼ਾਹ ਜੀ
ਨੇ ਇਸ ਅਵਸਥਾ ਦੇ ਕੁੱਝ ਪਰਮੁੱਖ ਲੱਛਣ ਵੀ ਦੱਸੇ ਹਨ।
ਪ੍ਰਗਟਿਓ ਜੋਤਿ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਨੀ॥
ਕਹੁ ਨਾਨਕ ਨਿਹਚਲ ਘਰੁ ਬਾਧਿਓ ਗੁਰਿ ਕੀਓ ਬੰਧਾਨੀ॥
ਧਨਾਸਰੀ ਮਹਲਾ 5—ਪੰਨਾ—671---
ਸੁਭਾਅ ਵਿੱਚ ਸਹਿਜ ਦੀ ਤਰੰਗ ਚਲਦਿਆਂ ਆਤਮਿਕ ਸੁਖ ਤੇ ਇੱਕ ਰਸ ਦੇ ਵਾਜੇ ਵੱਜਣੇ ਸ਼ੁਰੂ ਹੋ ਜਾਂਦੇ
ਹਨ, ਜੋ ਕੇ ਪਰਮਾਤਮਾ ਪਰਾਪਤੀ ਦੀ ਇੱਕ ਨਿਸ਼ਾਨੀ ਹੈ।
ਅਨੰਦ ਕਾਰਜ ਸਮੇਂ ਕੁੱਝ ਹੋਰ ਸ਼ਬਦ ਵੀ ਪੜੇ੍ਹ ਜਾਂਦੇ ਹਨ ਜ੍ਹਿਨਾਂ ਦਾ ਭਾਵ ਅਰਥ ਤਾਂ ਕੁੱਝ ਹੋਰ ਹੈ
ਪਰ ਅਸੀਂ ਅਰਥ ਆਪਣੀ ਮਰਜ਼ੀ ਨਾਲ ਹੋਰ ਕਰਦੇ ਹਾਂ। ਉਨ੍ਹਾਂ ਸ਼ਬਦਾਂ ਦਾ ਭਾਵ ਅਰਥ ਤੇ ਅਖਰੀਂ ਅਰਥ
ਸਮਝਣ ਦੀ ਅਤਿਅੰਤ ਜ਼ਰੂਰਤ ਏ, ਜਿਸ ਤਰ੍ਹਾਂ ਪਲੈ ਤੈਂਡੇ ਲਾਗੀ ਸ਼ਬਦ ਦਾ ਅਕਸਰ ਭਾਵ ਇਹ ਹੀ ਲਿਆ
ਜਾਂਦਾ ਹੈ ਕਿ ਸਾਰੇ ਸਾਕ ਸਬੰਧੀ ਮਾਤਾ ਪਿਤਾ ਭੈਣ ਭਰਾ ਝੂਠੇ ਹਨ, ਇਸ ਲਈ ਇਹਨਾਂ ਸਾਰਿਆਂ ਨੂੰ ਛੱਡ
ਕੇ ਇਸ ਪਤੀ ਦੇ ਲੜ ਲਾਇਆ ਜਾ ਰਿਹਾ ਹੈ। ਕੀ ਜਿੱਥੇ ਬੱਚੀ ਨੇ ਆਪਣਾ ਬਚਪਨ ਬਿਤਾਇਆ ਹੋਵੇ ਉਹ ਕੁੱਝ
ਮਿੰਟਾਂ ਵਿੱਚ ਹੀ ਝੂਠ ਦਾ ਪਲੰਦਾ ਬਣ ਗਏ? ਕੀ ਇਹ ਬੱਚੀ ਵਾਕਿਆ ਹੀ ਸੱਚੇ ਪਤੀ ਦੇ ਲੜ ਜਾਈ ਜਾ ਰਹੀ
ਹੈ? ਦਰ ਅਸਲ ਇਸਦਾ ਭਾਵ ਅਰਥ ਕੁੱਝ ਹੋਰ ਹੈ।
ਉਸਤਤਿ ਨਿੰਦਾ ਨਾਨਕ ਜੀ ਮੈ ਹਭ ਵਞਾਈ ਛੋੜਿਆ ਹਭ ਕਿਝੁ ਤਿਆਗੀ॥
ਹਭੇ ਸਾਕ ਕੁੜਾਵੇ ਡਿਠੇ ਤਉ ਪਲੈ ਤੇਡੈ ਲਾਗੀ॥
ਸਲੋਕ ਮ: 5 –963—
ਗੁਰੂ ਅਰਜਨ ਪਾਤਸ਼ਾਹ ਦਾ ਇਹ ਵਾਕ ਰਾਮਕਲੀ ਦੀ ਵਾਰ ਵਿਚੋਂ ਲਿਆ ਗਿਆ ਹੈ ਜੋ ਕਿ ਪੰਨਾ ਨੰ: 963 ਤੇ
ਅੰਕਤ ਹੈ। ਇਸ ਸਲੋਕ ਵਿੱਚ ਗੁਰੂ ਸਾਹਿਬ ਜੀ ਨੇ ਦੋ ਚੀਜ਼ਾਂ ਉਸਤਿਤ ਤੇ ਨਿੰਦਿਆ ਨੂੰ ਸਦਾ ਵਾਸਤੇ
ਛੱਡਣ ਲਈ ਕਿਹਾ ਹੈ। ਇਹਨਾਂ ਚੀਜ਼ਾਂ ਨੂੰ ਆਤਮਾ ਦੇ ਗੂੜ੍ਹੇ ਰਿਸ਼ਤੇਦਾਰ ਵੀ ਕਿਹਾ ਹੈ। ਉਸਤਿਤ ਤੇ
ਨਿੰਦਿਆ ਇਹ ਰਿਸ਼ਤੇਦਾਰੀ ਸਦਾ ਨਿਬੰਹਣ ਵਾਲੀ ਨਹੀਂ ਹੈ। ਅਸਲ ਰਿਸ਼ਤੇਦਾਰ ਸਾਡੇ ਸ਼ੁਭ ਗੁਣ ਹਨ। ਜਿਸ
ਨੂੰ ਗੁਰਬਾਣੀ ਨੇ ਇੰਜ ਵੀ ਆਖਿਆ ਹੈ------ ‘ਸਾਂਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ’ ---ਹੇ
ਨਾਨਕ! ਇਹ ਆਖ ਮੈਂ ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮੰਦਾ ਆਖਣਾ—ਛੱਡ ਦਿੱਤਾ ਹੈ। ਮੈਂ ਵੇਖ ਲਿਆ ਹੈ
ਕਿ ਦੁਨੀਆਂ ਦੇ ਇਹ ਰਿਸ਼ਤੇਦਾਰ ਝੂਠੇ ਹਨ ਤੇ ਤੋੜ ਨਿਬੰਹਣ ਵਾਲੇ ਨਹੀਂ ਹਨ ਸੋ ਇਹਨਾਂ ਵਲੋਂ ਤੋੜ ਕੇ
ਪਰਮਾਤਮਾ ਦੇ ਪਲੇ ਲੱਗ ਗਈ ਹਾਂ। ਆਪਣੇ ਲਾਭ ਦੀ ਖਾਤਰ ਕਿਸੇ ਦੀ ਖੁਸ਼ਾਮੰਦ ਤੇ ਨਿੰਦਿਆ ਕਰਨੀ ਛੱਡ
ਦਿੱਤੀ ਹੈ। ਆਪਣੇ ਜੀਵਨ ਨੂੰ ਨਿਯਮਬਧ ਕਰ ਲਿਆ ਹੈ ਜੋ ਕੇ ਪਲੈ ਤੈਡੇ ਲਾਗੀ ਦਾ ਪਰਤੀਕ ਹੈ।
---ਚਲਦਾ