ਸੰਤਾਂ ਦੇ
ਕੌਤਕ .....?
(ਭਾਗ ਦੂਜਾ,
ਕਿਸ਼ਤ ਨੰ: 09)
ਭਾਈ
ਸੁਖਵਿੰਦਰ ਸਿੰਘ 'ਸਭਰਾ'
ਸਾਧ ਨ ਦਿਸੈ
ਜਗ ਵਿਚ ਕੋਆ
ਯੁਗਾਂ ਯੁਗਾਂਤਰਾਂ ਤੋਂ ਉੱਤਮ
ਪੁਰਖ ਸੰਸਾਰ ਦੇ ਭਲੇ ਲਈ ਆਉਂਦੇ ਰਹੇ ਹਨ ਜਿਨ੍ਹਾਂ ਨੂੰ ਵੱਖ-ਵੱਖ ਧਰਮਾਂ ਮੁਤਾਬਿਕ ਸਵਾਮੀ, ਸਾਧੂ,
ਸੰਤ ਆਦਿ ਕਹਿ ਕੇ ਬੁਲਾਉਂਦੇ ਹਨ।
1984 ਦੇ ਘਲੂਘਾਰਿਆਂ ਸਮੇਂ ਕੋਈ ਵੀ ਸੰਤ/ਬਾਬਾ ਐਸਾ ਨਹੀਂ ਸੀ ਜਿਸ ਨੇ ਦਿੱਲੀ ਕਤਲੇਆਮ ਬਾਰੇ ਜਾਂ
ਬਲਿਊਸਟਾਰ ਬਾਰੇ ਕੋਈ ਰੋਸ ਪ੍ਰਗਟਾਵਾ ਕਰਦਿਆਂ ਕੁੱਝ ਵੀ ਕਾਰਵਾਈ ਕੀਤੀ ਹੋਵੇ। 1991-92 ਤੋਂ ਬਾਅਦ
ਬਾਬਿਆਂ ਦੇ ਡੇਰੇ ਰੂੜੀ ਉਪਰ ਉੱਗੀਆਂ ਖੁੰਬਾਂ ਵਾਂਗ ਸਾਹਮਣੇ ਆਉਣ ਲੱਗੇ। ਜੇ ਕਿਆਫ਼ਾ ਵੀ ਲਗਾਈਏ
ਤਾਂ ਘੱਟੋ-ਘੱਟ 800-900 ਬਾਬੇ ਡੇਰਿਆਂ ਵਿਚ ਸੁਭਾਇਮਾਨ ਹਨ ਪ੍ਰੰਤੂ ਲੋਕਾਂ ਦੇ ਭਲੇ ਪੱਖੋਂ,
ਸਿੱਖੀ ਦੀ ਸੇਵਾ ਪੱਖੋਂ, ਸੰਗਤਾਂ ਨੂੰ ਨਾਮ ਜਪਾਉਣ ਪੱਖੋਂ ਇਹਨਾਂ ਦਾ ਯੋਗਦਾਨ ਸਿਫ਼ਰ ਹੈ।
ਕਿਸੇ ਡੇਰੇ ਵਿਚ 101 ਅਖੰਡ ਪਾਠ ਰੱਖ ਕੇ ਉਥੇ ਸਮਾਗਮ ਰਚੇ ਜਾਂਦੇ ਹਨ, ਕਿਸੇ ਡੇਰੇ ਵਿਚ ਭੂਤਪ੍ਰੇਤ
ਲਾਹੁਣ ਦਾ ਪ੍ਰਪੰਚ ਰਚਿਆ ਹੋਇਆ ਹੈ, ਕਿਸੇ ਡੇਰੇ ਵਿਚ ਬਾਬੇ ਅਰਦਾਸ ਕਰਦੇ ਸਮੇਂ ਹੀ ਲੜ ਪੈਂਦੇ ਹਨ
ਤੇ ਪੁਲਿਸ ਨੂੰ ਦਖ਼ਲ ਦੇਣਾ ਪੈਂਦਾ ਹੈ ਅਤੇ ਕਿਸੇ ਡੇਰੇ ਵਿਚ ਮੁੰਡੇ ਦਿੱਤੇ ਜਾਂਦੇ ਹਨ। ਇਹਨਾਂ ਸਭ
ਡੇਰਿਆਂ ਵਿਚ ਇਕ ਗੱਲ ਸਾਂਝੀ ਇਹ ਹੈ:
1: ਲਗਭਗ ਸਭ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਹੈ।
2: ਸਭ ਡੇਰਿਆਂ ਤੇ ਸਰਕਾਰੀ ਅਧਿਕਾਰੀ ਤੇ ਸਿਆਸੀ ਲੀਡਰ, ਵੋਟਾਂ ਲੈਣ ਲਈ ਲੇਲੜੀਆਂ ਕੱਢਣ ਜਾਂਦੇ
ਹਨ।
3: ਸਭ ਡੇਰੇ ਆਧੁਨਿਕ ਸਹੂਲਤਾਂ ਨਾਲ ਲੈੱਸ ਹਨ ਤੇ ਡਿਸ਼ ਐਨਟੀਨੇ ਵੀ ਲੱਗੇ ਹਨ। ਬਾਬਾ ਜੀ ਸਾਰਾ ਦਿਨ
ਰਿਮੋਟ ਹੱਥ ਵਿਚ ਲੈ ਕੇ ਟੀ:ਵੀ: ਦੇਖਦੇ ਰਹਿੰਦੇ ਹਨ।
4: ਸਭ ਡੇਰਿਆਂ ਦੇ ਬਾਬੇ ਆਪਣੇ ਆਪ ਨੂੰ ਸਿੱਖ ਪੰਥ ਦੇ ਅਲੰਬਰਦਾਰ ਕਹਾਉਂਦੇ ਨਹੀਂ ਥੱਕਦੇ ਪਰ ਪੰਥ
ਦੇ ਅਜੋਕੇ ਸੰਕਟ ਸਮੇਂ ਢੀਠਤਾਈ ਦੀ ਹੱਦ ਤੋਂ ਵੀ ਪਰ੍ਹੇ ਚਲੇ ਗਏ ਹਨ।
5: ਲਗਪਗ 80% ਬਾਬੇ ਸਿੱਖੀ ਮਾਰਗ, ਨਾਮ ਦੇ ਮਾਰਗ ਅਤੇ ਆਤਮਕ ਪ੍ਰਾਪਤੀ ਤੋਂ ਕੋਰੇ ਹਨ ਅਤੇ ਸੰਗਤਾਂ
ਨੂੰ ਕੇਵਲ ਇਹੋ ਉਪਦੇਸ਼ ਦੇ ਕੇ ਕਿ ‘‘ਸਾਧ ਸੰਗਤ ਅੰਮ੍ਰਿਤ ਛਕੋ, ਸਿੰਘ ਸਜੋ, ਬਾਣੀ ਪੜ੍ਹੋ, ਨਾਮ
ਜਪੋ” ਨਾਲ ਹੀ ਆਪਣੀ ਦੁਕਾਨਦਾਰੀ, ਠੱਗੀ ਠੋਰੀ ਜਾਰੀ ਰੱਖ ਰਹੇ ਹਨ।
ਕਿੰਨੇ ਕੁ ਬਾਬੇ ਹਨ ਜਿਨ੍ਹਾਂ ਨੇ ਸੰਗਤ ਵਿਚ ਕਦੀ ਕਿਹਾ ਹੋਵੇ ‘‘ਆਤਮਕ ਮਾਰਗ ਦੀ ਕੋਈ ਮੁਸ਼ਕਿਲ
ਹੋਵੇ ਤਾਂ ਸਾਂਝੀ ਕਰੋ।’’ ਬਾਬਾ ਤਾਂ ਵੰਨ ਸੁਵੰਨੀਆਂ ਨਵੀਆਂ ਕਾਰਾਂ ਦੇ ਝੂਟੇ, ਮੋਬਾਈਲ ਫੋਨ, ਹੋਰ
ਮੁੱਖ ਸਹੂਲਤਾਂ, ਏਅਰ ਕੰਡੀਸ਼ਨਡ ਕਮਰਿਆਂ ਤੋਂ ਬਾਹਰ ਨਿਕਲਣਗੇ ਤਾਂ ‘‘ਆਤਮ ਰਸ’’ ਦੀ ਸੋਝੀ ਲੈ
ਸਕਣਗੇ।
ਗੁਜਰਾਤ ਦੇ ਭੂਚਾਲ ਸਮੇਂ ਵੀ, ਸਭ ਬਾਬੇ ਘੂਕ ਸੁੱਤੇ ਰਹੇ। ਜਿਹੜੇ ਇਕ ਦੋ ਬਾਬੇ ਗਏ ਵੀ, ਉਹ ਵੀ
ਬਾਦਲ ਵੱਲੋਂ ਜਾਣ ਦਾ ਸਿਗਨਲ ਹੋਇਆ ਤਾਂ ਗਏ। ਐਵੇਂ ਤਵੇ ਪਰਾਤ ਪਤੀਲੇ ਚੁੱਕ ਕੇ ਲੈ ਗਏ। ਕੌਮੀ
ਪਰੈੱਸ ਨੇ 1% ਵੀ ਕਵਰੇਜ਼ ਨਹੀਂ ਦਿੱਤੀ। ਜੇ ਆਪਣਾ ਮਜ਼ਬੂਤ ਮੀਡੀਆਂ ਹੋਵੇ ਤਾਂ ਇਹ ਹਸ਼ਰ ਤਾਂ ਨਾ
ਹੋਵੇ। ਜਿਹੜੇ ਕਾਰ ਸੇਵਾ ਵਾਲੇ ਬਾਬੇ ਹਨ, ਉਹ ਕਹਿੰਦੇ ਹਨ ਕਿ ‘‘ਸਾਡੇ ਸਾਹਮਣੇ ਕੋਈ ਪੰਥ ਵਿਰੋਧੀ
ਹਰਕਤ ਹੋ ਰਹੀ ਹੋਵੇ, ਅਸੀਂ ਨਹੀਂ ਰੋਕ ਸਕਦੇ। ਸਾਡੀ ਡਿਊਟੀ ਤਾਂ ਕੇਵਲ ਗੁਰਦੁਆਰੇ ਬਣਾਉਣ ਦੀ
ਹੈ।’’ ਕੀ ਕਾਰ ਸੇਵਾ ਵਾਲੇ ਬਾਬਿਆਂ ਦੀ ਸਿੱਖੀ ਪ੍ਰਤੀ ਕੋਈ ਡਿਊਟੀ ਨਹੀਂ? ਉਹਨਾਂ ਦੇ ਡੇਰਿਆਂ ਉਪਰ
‘‘ਸਤਿਨਾਮ ਵਾਹਿਗੁਰੂ’’ ਕਰਦੀ ਸੰਗਤ 95% ਆਦਮੀ ਸਿਰ ਮੁੰਨੇ ਹੁੰਦੇ ਹਨ ਤੇ ਸੇਵਾ ਕਰਦੇ ਸਮੇਂ ਵੀ
ਪਿੰਡ ਦੀਆਂ ਗੱਲਾਂ ਕਰਦੇ ਐਵੇਂ ਦੰਦੀਆਂ ਕੱਢੀ ਜਾਣਗੇ। ਜੋ ਸੰਗਤ ਸੇਵਾ ਕਰਨ ਆਈ ਹੈ, ਉਸ ਨੂੰ ਕੇਸ
ਰੱਖਣ ਲਈ ਪ੍ਰੇਰਨਾ ਕੀ ‘‘ਬਾਲ ਠਾਕਰੇ’’ ਨੇ ਕਰਨੀ ਹੈ? ਕਈ ਬਾਬੇ ਮਹਾਨ ਅੰਮ੍ਰਿਤ ਸੰਚਾਰ ਸਮਾਗਮ ਰਚ
ਕੇ ਦੁਕਾਨ ਚਲਾਉਂਦੇ ਹਨ, ਕਥਾ ਵੇਲੇ ਵੀ ਬਚਨ ਕਰਦੇ ਹਨ ‘ਅੰਮ੍ਰਿਤ ਛਕੋ’ ਪਰ ਜਦ ਉਹਨਾਂ ਨੂੰ ਕਿਹਾ
ਜਾਂਦਾ ਹੈ ਕਿ ਬਾਬਾ ਜੀ ਤੁਸੀਂ ਅੰਮ੍ਰਿਤ ਨਹੀਂ ਛਕਿਆ? ਝੱਟ ਉੱਤਰ ਦੇਂਦੇ ਹਨ ਕਿ, ‘‘ਓ ਜੀ! ਅਸੀਂ
ਨਿਰਮਲੇ ਹਾਂ।’’ ਉਹਨਾਂ ਨੂੰ ਪੁੱਛਿਆ ਜਾਵੇ ਕੀ ਤੁਹਾਡਾ ਮਨ ਨਿਰਮਲ ਹੋ ਗਿਆ ਹੈ? ਆਖ਼ਰ ਇਹਨਾਂ
ਪਖੰਡੀ ਬਾਬਿਆਂ ਅਤੇ ਇਹਨਾਂ ਦੇ ਜੋੜੀ ਦਾਰ ਅਕਾਲੀ ਕਾਂਗਰਸੀ ਮੰਤਰੀਆਂ ਨੂੰ ਸਿੱਖ ਸੰਗਤਾਂ ਕਿੰਨੀ
ਦੇਰ ਬਰਦਾਸ਼ਤ ਕਰਦੀਆਂ ਰਹਿਣਗੀਆਂ? ਕੀ ਸੰਗਤਾਂ ਉਹਨਾਂ ਬਾਬਿਆਂ ਨੂੰ ਹਾਲੀ ਵੀ ਬਾਬੇ ਹੀ ਮੰਨੀ
ਜਾਣਗੀਆਂ ਜਿਨ੍ਹਾਂ ਬਾਰੇ ਅਖ਼ਬਾਰਾਂ ਵਿਚ ਛੱਪਦਾ ਹੈ ਕਿ ‘‘ਬਾਬਾ ਜੀ ਖਿਡਾਰੀਆਂ ਨਾਲ ਜਾਣ ਪਛਾਣ
ਕਰਦੇ ਹੋਏ’’, ‘‘ਬਾਬਾ ਜੀ ਪਟਕੇ ਦੀ ਕੁਸ਼ਤੀ ਸ਼ੁਰੂ ਕਰਨ ਸਮੇਂ’’, ‘‘ਬਾਬਾ ਜੀ ਜੇਤੂ ਖਿਡਾਰੀਆਂ ਨੂੰ
ਇਨਾਮ ਵੰਡਦੇ ਹੋਏ’’, ‘‘ਬਾਬਾ ਜੀ ਪ੍ਰਕਾਸ਼ ਸਿੰਘ ਬਾਦਲ ਨੂੰ ਸਿਰੋਪਾ ਦਿੰਦੇ ਹੋਏ’’ ਜਾਂ ‘‘ਪ੍ਰਕਾਸ਼
ਸਿੰਘ ਬਾਦਲ ਬਾਬਾ ਜੀ ਨੂੰ ਸਿਰੋਪਾ ਦਿੰਦੇ ਹੋਏ।’’
ਭਨਿਆਰੇ ਵਾਲੇ ਬਾਬੇ ਨੇ 13:04:2001 ਨੂੰ ਵਿਸਾਖੀ ਵਾਲੇ ਦਿਨ ਆਪਣੇ ਗ੍ਰੰਥ ਦਾ ਪਹਿਲਾ ਪ੍ਰਕਾਸ਼
ਉਤਸਵ ਮਨਾਇਆ ਤੇ ‘‘ਭਵਸਾਗਰ ਗ੍ਰੰਥ ਸਪਲੀਮੈਂਟ’’ ਜੱਗਬਾਣੀ ਅਖ਼ਬਾਰ ਨੇ ਛਾਪਿਆ ਮਿਤੀ 13:04:2001
ਨੂੰ। ਇਸੇ ਹੀ ਬਾਬੇ ਨੇ ਆਪਣੇ ਕੁਝ ਸ਼ਿਸ਼ਕਾਰੇ ਹੋਏ ਚੇਲਿਆਂ ਰਾਹੀਂ ਗੁਰੂ ਗ੍ਰੰਥ ਸਾਹਿਬ ਦੀਆਂ
ਬੀੜਾਂ ਅਗਨ ਭੇਟ ਕਰਵਾਈਆਂ। ਪੰਜਾਬ ਸਰਕਾਰ ਘੂਕ ਸੁੱਤੀ ਰਹੀ। ਜਦੋਂ ਗੱਲ ਖ਼ਤਰਨਾਕ ਹੱਦ ਤੱਕ ਚਲੀ
ਗਈ, ਫਿਰ ਨੀਂਦ ਟੁੱਟੀ।
ਸਿੱਖ ਪੰਥ ਦੇ ਠੇਕੇਦਾਰ, ਸਾਧੂ ਬਾਬੇ ਗੁੰਗੇ ਹੋਏ, ਚੰਡੀਗੜ੍ਹ ਬਾਦਲ ਵੱਲ ਵੇਖਦੇ ਰਹੇ। ਲਾਅਨਤ ਹੈ।
ਸੰਗਤਾਂ ਦੇ ਜਾਗਣ ਤੋਂ ਪਹਿਲਾ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਬਾਰੇ ਪ੍ਰੋਗਰਾਮ ਬਾਬਿਆਂ, ਸੰਤ
ਸਮਾਜ ਵੱਲੋਂ ਦੇਣਾ ਬਣਦਾ ਸੀ। ਇਕ ਸੰਤ ਸਮਾਜ ਦੀ ਟੋਲੀ ਬਾਦਲ ਨਾਲ ਹੈ ਅਤੇ ਇਕ ਟੋਲੀ ਟੌਹੜੇ ਨਾਲ
ਹੈ। ਗੁਰਬਾਣੀ ਸਿਧਾਂਤ ਪ੍ਰਚਾਰਕ ਸੰਤ ਸਮਾਜ ਦਾ ਮੁਖੀ ਸ਼ਮਸ਼ੇਰ ਸਿੰਘ ਜੰਗੇੜਾ ਵੀ ਤਖ਼ਤੀ ਫੜ ਕੇ ਬਾਬੇ
ਭਨਿਆਰੇ ਨੂੰ ਵਧਾਈ ਦੇਂਦਾ ਰਿਹਾ। ਸ਼ਾਇਦ ਗੁਰਬਾਣੀ ਦਾ ਸਿਧਾਂਤ ਬਾਬੇ ਜੰਗੇੜਾ ਨੂੰ ਇਹੋ ਕੁਝ ਹੀ
ਸਿਖਾਉਂਦਾ ਹੋਵੇ।
ਅਕਾਲੀਆਂ ਦੀ ਵੋਟ ਦੀ ਸਿਆਸਤ ਦਾ ਤੰਦੂਆ ਜਾਲ, ਸਭ ਬਾਬਿਆਂ ਨੂੰ ਗ੍ਰਿਫਤ ਵਿਚ ਲੈ ਚੁੱਕਾ ਹੈ। ਬਾਬੇ
ਸਟੇਜ ਉਪਰੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹੀ ਅਕਾਲੀ ਮੰਤਰੀਆਂ ਦੀ ਤਾਰੀਫ਼ ਦੇ ਝੂਠੇ
ਪੁੱਲ ਬੰਨ੍ਹਦੇ ਰਹਿੰਦੇ ਹਨ। ਇਕ ਅਖੌਤੀ ਬਾਬੇ ਨੂੰ ਸ਼ਿਕਾਇਤ ਮਿਲਣ ਤੇ ਅਕਾਲ ਤਖ਼ਤ ਸਾਹਿਬ ਤੇ ਤਲਬ
ਕੀਤਾ ਗਿਆ। ਦੋਸ਼ ਬਹੁਤ ਸੰਗੀਨ ਸਨ। ਬਾਬੇ ਨੇ ਆਪਣਾ ਪੱਖ ਫੈਕਸ ਤੇ ਭੇਜ ਦਿੱਤਾ ਅਤੇ ਵਿਚੋਲਾ ਪਾ ਕੇ
ਮੁੱਕ ਮੁਕਾਅ ਕਰ ਦਿੱਤਾ 1,50,000 ਵਿਚ। ਹੁਣ ਉਸ ਦਾ ਕੇਸ ਠੱਪ ਹੈ। ਇਹ ਹਾਲ ਹੈ ਤੰਦੂਆ ਜਾਲ ਦਾ।
ਆਪਣੀ ਚੌਧਰ ਦੇ ਪ੍ਰਗਟਾਵੇ ਲਈ ਗੁਰੂ ਗ੍ਰੰਥ ਸਾਹਿਬ ਨੂੰ ਵੀ ਬਾਬੇ ਨਹੀਂ ਬਖਸ਼ਦੇ। ਕੀ ਗੁਰੂ ਗ੍ਰੰਥ
ਸਾਹਿਬ ਰੇਲ ਯਾਤਰਾ ਵਾਲੇ ਬਾਬੇ ਦੱਸ ਸਕਦੇ ਹਨ ਕਿ ਉਹਨਾਂ ਦੀ ਰੇਲ ਯਾਤਰਾ ਨੇ ਪੰਥ ਦੀ ਸੇਵਾ ਕੀਤੀ
ਜਾਂ ਹਾਸੋਹੀਣਾ ਬਣਾਇਆ? ਕੀ ਬਾਬਿਆਂ ਦੀ ਉਸ ਰੇਲ ਨੂੰ ਕੋਈ ਸਿਆਸੀ ਲੀਡਰ ਹੀ ਝੰਡੀ ਕੇ ਕੇ ਰਵਾਨਾ
ਕਰ ਸਕਦਾ ਸੀ?
ਕਿਉਂਕਿ ਅਖੌਤੀ ਫੈਡਰੇਸ਼ਨਾਂ ਹੋਰ ਜਥੇਬੰਦੀਆਂ ਆਦਿ ਵੀ ਬਾਦਲ ਦੇ ਮੂੰਹ ਵੱਲ ਹੀ ਵੇਖਣ ਵਾਲੀਆਂ ਹਨ,
ਇਸ ਲਈ ਸੰਗਤਾਂ ਹੀ ਉੱਦਮ ਕਰਨ:
1: ਸ਼ਹਿਰ/ਕਸਬਾ/ਪਿੰਡ ਪੱਧਰ ‘ਤੇ ਤਿਆਰ ਬਰ ਤਿਆਰ ਸਿੰਘਾਂ ਦੇ ਜੱਥੇ ਤਿਆਰ ਕੀਤੇ ਜਾਣ ਤਾਂ ਜੋ ਗੁਰੂ
ਗ੍ਰੰਥ ਸਾਹਿਬ ਦੀ ਬੇਹੁਰਮਤੀ ਨੂੰ ਠੱਲ੍ਹ ਪੈ ਸਕੇ।
2: ਇਹ ਕਮੇਟੀਆਂ ਗੁਰਸਿੱਖ ਬੁਧੀਜੀਵੀਆਂ ਦੇ ਇਕ ਪੰਥਕ ਪੈਨਲ ਨੂੰ ਜਵਾਬਦੇਹ ਹੋਣ। ਇਹ ਪੈਨਲ ਤਿਆਰ
ਕਰਦੇ ਸਮੇਂ ਅਕਾਲੀ ਲੀਡਰਾਂ ਨੂੰ ਪਾਸੇ ਰੱਖਿਆ ਜਾਵੇ। ਦੂਸਰੇ ਧਰਮਾਂ ਦੇ ਸਹੀ ਸੋਚ ਵਾਲੇ ਵੀਰ ਵੀ
ਲਏ ਜਾ ਸਕਦੇ ਹਨ।
3: ਬਾਬਿਆਂ ਦੇ ਸਭ ਡੇਰਿਆਂ ਦੀ ਨਜ਼ਰਸਾਨੀ ਕੀਤੀ ਜਾਵੇ। ਜਿਥੇ ਗੁਰਮਤ ਵਿਰੋਧੀ ਕਾਰਵਾਈ ਹੋ ਰਹੀ
ਹੋਵੇ, ਉਸ ਨੂੰ ਠੱਲ੍ਹ ਪਾਉਣ ਦੇ ਯੋਗ ਉਪਰਾਲੇ ਕੀਤੇ ਜਾਣ।
4: ਜਿਹੜੇ ਅਕਾਲੀ ਲੀਡਰ (ਟੌਹੜਾ ਬਾਦਲ ਐਂਡ ਕੰਪਨੀ) ਪੰਥ ਦਾ ਵਾਸਤਾ ਪਾ ਕੇ ਵੋਟਾ ਮੰਗਣ ਆਉਂਦੇ
ਹਨ, ਇਸ ਇਲੈਕਸ਼ਨ ਵਿਚ ਵੋਟਾਂ ਮੰਗਣ ਆਉਣ ਸਮੇਂ, ਉਹਨਾਂ ਦੀ ਸਿੱਖ ਸੰਗਤਾਂ ਵੱਲੋਂ ਚੰਗੀ ਤਰ੍ਹਾਂ
ਨਾਲ ਕਲਾਸ ਲਗਾਈ ਜਾਵੇ।
5: ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸਭ ਬਾਬਿਆਂ ਦਾ ਕੱਚਾ ਚਿੱਠਾ ਪੇਸ਼ ਕੀਤਾ ਜਾਵੇ ਅਤੇ ਜਥੇਦਾਰ
ਨੂੰ ਵੀ ਨਿਰਪੱਖ, ਸਰਬ ਸਾਂਝਾ ਰਹਿਣ ਦੀ ਬੇਨਤੀ ਕੀਤੀ ਜਾਵੇ।
6: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਮਿਲ ਕੇ ਉਪਰੋਕਤ ਬਾਰੇ ਜਾਣੂ ਕਰਵਾਇਆ ਜਾਵੇ ਤੇ ਸਹਿਯੋਗ
ਲਿਆ ਜਾਵੇ।
(ਸਪੋਕਸਮੈਨ `ਚੋਂ ਧੰਨਵਾਦ ਸਹਿਤ)