❂ਨਾਮ-ਸਿਮਰਨ
ਦੀ ਵਿਆਖਿਆ❂
ਅਵਤਾਰ ਸਿੰਘ
ਮਿਸ਼ਨਰੀ (510-432-5827)
ਨਾਮ-ਸ਼ਬਦ ਕਈ ਰੂਪਾਂ ਵਿੱਚ ਮਿਲਦਾ
ਹੈ। ਪੰਜਾਬੀ ਵਿੱਚ ਨਾਂ, ਨਾਉਂ ਅਤੇ ਨਾਮ, ਸੰਸਕ੍ਰਿਤ ਵਿੱਚ ਨਾਮਨ ਅਤੇ ਨਾਮਯ, ਫਾਰਸੀ ਵਿੱਚ ਨਾਮ,
ਇੰਗਲਿਸ਼ ਵਿੱਚ ਨੇਮ ਆਦਿਕ। ਨਾਮ ਸ਼ਬਦ ਦਾ ਅਰਥ ਹੈ ਬੋਧਕ ਜੋ ਕਿਸੇ ਵਸਤੂ ਜਾਂ ਚੀਜ ਦਾ ਬੋਧ ਕਰਵੇ
ਭਾਵ ਜਿਸ ਕਰਕੇ ਉਹ ਵਸਤੂ ਜਾਣੀ ਜਾਵੇ ਜਾਂ ਉਸ ਦਾ ਗਿਆਨ ਹੋਵੇ। ਨਾਮ ਦੇ ਵੀ ਦੋ ਭਾਗ ਹਨ 1.
ਵਸਤੂਵਾਚਕ ਅਤੇ ਭਾਵਵਾਚਕ। ਵਸਤੂਵਾਚਕ ਨਾਮ ਜਿਵੇਂ ਮਨੁੱਖ, ਬੈਲ ਪਹਾੜ ਆਦਿ। ਭਾਵਵਾਚਕ ਨਾਮ ਜਿਵੇਂ
ਸੁੰਦਰਤਾ, ਕਠੋਰਤਾ, ਨਿਰਬਲਤਾ, ਭਲਮਾਨਸੀ ਅਤੇ ਭਰੱਪਣ ਆਦਿ। ਗੁਰਬਾਣੀ ਵਿੱਚ ਨਾਮ ਕਰਤਾਰ ਅਤੇ ਉਸ
ਦਾ ਹੁਕਮ ਬੋਧਕ ਸ਼ਬਦ ਹੈ ਜਿਵੇਂ-ਨਾਮ ਕੇ ਧਾਰੇ ਸਗਲੇ ਜੰਤ॥ … ਨਾਮ ਕੇ ਧਾਰੇ ਖੰਡ ਬ੍ਰਹਿਮੰਡ॥ ਅਤੇ
“ਨਾਮ ਕੀ ਨਾਮਨਾ ਸਪਤ ਦੀਪਾ॥” ਸੋ ਗੁਰਬਾਣੀ ਵਿੱਚ ਵਰਤੇ ਗਏ ਨਾਮ ਸ਼ਬਦ ਦਾ ਮੁੱਖ ਅਰਥ ਸੰਸਾਰ ਦਾ
ਕਰਤਾ-ਧਰਤਾ-ਹਰਤਾ-ਕਰਤਾਰ-ਨਿਰੰਕਾਰ ਹੀ ਹੈ। ਨਾਮ ਦਾ ਮਤਲਬ ਹੈ ਨੇਮ-ਨਿਯਮ, ਕੁਦਰਤੀ
ਕਾਨੂੰਨ-ਵਰਤਾਰਾ, ਇਸ ਨੂੰ ਜੀਵਨ ਵਿੱਚ ਧਾਰਨ ਕਰਨਾ ਹੀ ਨਾਮ ਅਰਾਧਨ ਹੈ ਪਰ ਅੱਜ ਗੁਰਮਤਿ
ਨਾਮ-ਸਿਮਰਨ ਨੂੰ ਬੜਾ ਔਖਾ ਕਰਕੇ ਪੇਸ਼ ਕੀਤਾ ਜਾ ਰਿਹਾ ਹੈ। ਆਓ ਗੁਰਬਾਣੀ ਅਨੁਸਾਰ ਨਾਮ-ਸਿਮਰਨ ਬਾਰੇ
ਜਾਣਕਾਰੀ ਪ੍ਰਾਪਤ ਕਰੀਏ।
ਸਿਮਰਨ-ਸਿਮਰਨ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਯਾਦ, ਚੇਤਾ, ਚਿੰਤਨ ਅਤੇ ਅਰਾਧਨਾ। ਜਿਵੇਂ
ਮਾਂ ਬਚਿਆਂ ਨੂੰ ਯਾਦ ਕਰਦੀ ਹੈ। ਜਿਵੇਂ ਕੂੰਜਾਂ ਸੈਕੜੇ ਕੋਹ ਦੂਰ ਉਡਦੀਆਂ ਵੀ ਆਪਣੇ ਬਚਿਆਂ ਨੂੰ
ਯਾਦ ਕਰਦੀਆਂ ਹਨ-ਊਡੇ ਊਡਿ ਆਵਹਿ ਸੈ ਕੋਸਾਂ ਤਿਸ ਪਾਛੈ ਬਚਰੇ ਛਰਿਆ॥ ਤਿਨਿ ਕਵਣੁ ਖੁਲਾਵੈ ਕਵਣੁ
ਚੁਗਾਵੈ ਮਨ ਮਹਿ ਸਿਮਰਨ ਕਰਿਆ॥ (ਪੰਨਾ-10 ਰਹਿਰਾਸ) ਉਹ ਮਨ ਵਿੱਚ ਉਨ੍ਹਾਂ ਨੂੰ ਯਾਦ ਕਰਦੀਆਂ ਭਾਵ
ਸਿਮਰਦੀਆਂ ਹਨ।
ਨਾਮਾਂ ਦੀ ਹੋਂਦ-ਗੁਣਾਂ ਤੋਂ ਹੀ ਨਾਮ ਪੈ ਜਾਂਦੇ ਹਨ ਅਤੇ ਜਿਵੇਂ ਅਸੀਂ ਨਾਮ ਤੋਂ ਬਿਨਾ ਕਿਸੇ
ਵਸਤੂ, ਪਸ਼ੂ-ਪੰਛੀ, ਪਹਾੜ, ਬਨਾਸਪਤੀ ਅਤੇ ਮਨੁੱਖ ਆਦਿਕ ਨੂੰ ਸੰਬੋਧਨ ਕਰਕੇ ਬੁਲਾ ਨਹੀਂ ਸਕਦੇ,
ਇਵੇਂ ਹੀ ਪ੍ਰਮੇਸ਼ਰ ਦੇ ਗੁਣਾਂ ਨੂੰ ਜਾਣ-ਮਾਣ ਅਤੇ ਮਹਿਸੂਸ ਕਰਕੇ ਹੀ ਉਸ ਨੂੰ ਵੱਖ-ਵੱਖ ਨਾਵਾਂ ਨਾਲ
ਯਾਦ ਕਰਦੇ ਹਾਂ ਵਾਸਤਵ ਵਿੱਚ ਉਸ ਦਾ ਕੋਈ ਵੀ ਨਾਮ ਨਹੀਂ, ਉਹ ਖੁਦ ਆਪ ਹੀ ਨਾਮ ਰੂਪ ਹੈ। ਜਿਵੇਂ
ਵੱਖ ਵੱਖ ਧਰਮਾਂ ਵਿੱਚ ਰੱਬ ਦੇ ਵੱਖ ਵੱਖ ਨਾਮ ਹਨ ਪਰ ਨਾਲ ਹੀ ਦੂਜੇ ਨਾਵਾਂ ਪ੍ਰਤੀ ਨਫਰਤ ਵੀ ਹੈ।
ਜਿਵੇਂ ਹਿੰਦੂ ਅਲਾਹ ਅਤੇ ਮੁਸਲਿਮ ਰਾਮ ਨਹੀਂ ਕਹਿੰਦਾ। ਗੁਰੂ ਸਾਹਿਬ ਜੀ ਨੇ ਇਸ ਟੈਂਟੇ ਨੂੰ ਖਤਮ
ਕਰਦਿਆਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਰੇ ਪ੍ਰਚਲਤ ਨਾਮ ਵਰਤੇ ਹਨ ਪਰ ਇਸ ਤੋਂ ਵੀ ਉਪਰ ਉੱਠ ਕੇ
ਉਸ ਨੂੰ “ਨਾਮ” ਸ਼ਬਦ ਨਾਲ ਹੀ ਸੰਬੋਧਨ ਕਰ ਦਿੱਤਾ ਹੈ-ਨਾਮੁ ਨਿਰੰਜਨੁ ਨਾਲਿ ਹੈ ਕਿਉਂ ਪਾਈਐ ਭਾਈ॥
ਨਾਮੁ ਨਿਰੰਜਨੁ ਵਰਤਦਾ ਸਭ ਠਾਈ॥ ਗੁਰ ਪੂਰੇ ਤੇ ਪਾਈਐ ਹਿਰਦੈ ਦੇਇ ਦਿਖਾਈ॥ (ਵਾਰ ਸਾਰੰਗ ਮ: 3
ਪੰਨਾ-1242) ਜਿਸੁ ਨਾਮੈ ਕਉ ਤਰਸਹਿ ਬਹੁ ਦੇਵਾ॥ ਸਗਲ ਭਗਤ ਜਾ ਕੀ ਕਰਦੇ ਸੇਵਾ॥ ਅਨਾਥਾਂ ਨਾਥੁ ਦੀਨ
ਦੁਖ ਭੰਜਨੁ ਗੁਰ ਪੂਰੇ ਤੇ ਪਾਇਣਾ॥ (ਮਾਰੂ ਮ: 5) “ ਨਾਮ ਦਾ ਦੂਜਾ ਅਰਥ ਪ੍ਰਕਾਸ਼, ਚਾਨਣ, ਜੋਤਿ
ਹੈ-ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸੁ ਦੈ ਚਾਨਣੁ ਸਭ ਮਹਿ ਚਾਚਣੁ ਹੋਇ॥ ਜੋ ਕੁੱਝ ਵੀ ਸੰਸਾਰ
ਵਿੱਚ ਗੁਪਤ ਜਾਂ ਪ੍ਰਗਟ ਹੈ ਸਭ “ਨਾਮੁ” ਹੀ ਹੈ-ਜੇਤਾ ਕੀਤਾ ਤੇਤਾ ਨਾਉ॥ (ਜਪੁ ਸਾਹਿਬ) ਸਦ ਸੁਣਦਾ
ਸਦ ਵੇਖਦਾ ਸਬਦਿ ਰਹਿਆ ਭਰਪੂਰਿ (ਪੰਨਾ 430) ਉਸ ਦੇ ਗੁਣ ਅਤੇ ਕੀਰਤੀ ਹੀ ਨਾਮੁ ਹਨ-ਸੁਖਮਨੀ ਸਹਜ
ਗੋਬਿੰਦ ਗੁਨ ਨਾਮ॥ (ਪੰਨਾ-296) ਹਰਿ ਕੀਰਤਿ ਊਤਮੁ ਨਾਮੁ ਹੈ॥ (ਪੰਨਾ-1314) ਗਾਉਣਾ ਜਾਂ ਵਿਚਾਰਨਾ
ਕਿਸੇ ਬਾਣੀ ਦਾ ਹੀ ਹੋ ਸਕਦਾ ਹੈ ਨਾ ਕਿ ਕਿਸੇ ਇੱਕ ਸ਼ਬਦ ਦਾ, ਨਹੀ ਤਾਂ “ਰਾਮ ਰਾਮ ਸਭ ਕੋ ਕਹਿ
ਕਹਿਐ ਰਾਮੁ ਨਾ ਹੋਇ॥ (ਪੰਨਾ-492)
ਨਾਮ ਸਿਮਰਨ ਕਿਵੇਂ ਕਰਨਾ ਹੈ? ਇਸ ਬਾਰੇ ਬੁਹਤ ਭਲੇਖੇ ਪਾਏ ਗਏ ਹਨ ਜਿਵੇਂ ਮਾਲਾ ਫੇਰ ਕੇ,
ਗਿਣਤੀ-ਮਿਣਤੀ ਕਰਕੇ, ਚੌਂਕੜਾ ਮਾਰਕੇ, ਅੱਖਾਂ ਮੀਟ ਕੇ, ਬਾਰ ਬਾਰ ਕਿਸੇ ਸ਼ਬਦ ਦਾ ਰਟਨ ਕਰਕੇ, ਤੜਕੇ
ਉੱਠ ਕੇ, ਕਿਸੇ ਸੰਤ ਸਾਧ ਜਾਂ ਜਥੇ ਦੀ ਦੱਸੀ ਵਿਧੀ ਦੁਆਰਾ ਆਦਿਕ। ਪਰ ਗੁਰੂ ਜੀ ਉਪਰੋਕਤ ਸਭ
ਵਿਧੀਆਂ ਦਾ ਖੰਡਨ ਕਰਦੇ ਹੋਏ ਸਿੱਧਾ ਸਾਧਾ ਗੁਰਮਤਿ ਮਾਰਗ ਦਰਸਾਉਂਦੇ ਹਨ-ਊਠਤ ਬੈਠਤ ਸੋਵਤ ਨਾਮੁ॥
ਕਹੁ ਨਾਨਕ ਜਨ ਕੈ ਸਦ ਕਾਮ॥ (ਪੰਨਾ-286) ਅਤੇ “ਊਠਤ ਬੈਠਤ ਸੋਵਤ ਧਿਆਈਐ॥ ਮਾਰਗਿ ਚਲਤ ਹਰੇ ਹਰਿ
ਗਾਈਐ॥ (ਪੰਨਾ-386) ਗੁਰਬਾਣੀ ਵਿੱਚ ਰਸਨਾ ਅਤੇ ਨਾਮ ਨੂੰ ਹੀ ਮਾਲਾ ਕਿਹਾ ਗਿਆ ਹੈ-ਕਬੀਰ ਮੇਰੀ
ਸਿਮਰਨੀ ਰਸਨਾ ਊਪਰ ਰਾਮੁ॥ (ਪੰਨਾ-1364) ਅਤੇ ਹਰਿ ਹਰਿ ਅਖਰ ਦੁਇ ਇਹ ਮਾਲਾ॥ (ਪੰਨਾ-388) ਭਾਈ
ਗੁਰਦਾਸ ਜੀ ਵੀ ਨਾਮ ਜਪਣ ਬਾਰੇ ਦਰਸਾਉਂਦੇ ਹਨ ਗੁਰ ਉਪਦੇਸ਼ ਦੀ ਕਮਾਈ ਹੀ ਨਾਮ ਜਾਪ ਹੈ ਕਿਉਂਕਿ-ਗਾਏ
ਸੁਣੇ ਆਂਖੇਂ ਮੀਚੇ ਪਾਈਐ ਨਾ ਪਰਮ ਪਦਿ, ਗੁਰਿ ਉਪਦੇਸ ਗਹਿ ਜਉ ਲਉ ਨਾਂ ਕਮਾੲਐ। (ਭਾ. ਗੁ.) ਸਿੱਖੀ
ਦੇ ਮੂਲ ਮੰਤਰ ਗੁਰਬਾਣੀ ਦੇ ਆਰੰਭ ਵਿੱਚ ਜੋ “ਨਾਮੁ” ਭਾਵ (ਅਕਾਲ ਪੁਰਖ) ਦੇ ਗੁਣ ਦੱਸੇ ਹਨ,
ਉਨ੍ਹਾਂ ਨੂੰ ਬਾਰ ਬਾਰ ਵਿਚਾਰ ਅਤੇ ਧਾਰ ਕੇ ਸਫਲ ਜੀਵਨ ਜੀਣਾ ਹੀ ਨਾਮ ਸਿਮਰਨ ਹੈ। ਨਾਮ ਸਿਮਰਨ
ਬਾਰੇ ਗੁਰਬਾਣੀ ਵਿੱਚ ਬਹੁਤ ਉਦਾਹਰਣਾਂ ਮਿਲਦੀਆਂ ਹਨ ਜਿਵੇਂ ਭਗਤ ਨਾਮਦੇਵ ਜੀ ਅਤੇ ਭਗਤ ਤ੍ਰਿਲੋਚਨ
ਜੀ ਦਾ ਸੰਬਾਦ ਹੈ ਕਿ ਤ੍ਰਿਲੋਚਨ ਜੀ ਨਾਮਦੇਵ ਜੀ ਨੂੰ ਕਹਿੰਦੇ ਹਨ ਨਾਮਿਆਂ ਕਦੇ ਰੱਬ ਦਾ ਨਾਮ ਵੀ
ਜਪ ਲਿਆ ਕਰ ਕਿ ਇਕੱਲੇ ਅਮਰੇ ਹੀ ਠੇਕਦਾ ਭਾਵ ਰੰਗਦਾ ਰਹੇਂਗਾ! ਨਾਮਾ
ਮਾਇਆ ਮੋਹਿਆ ਕਹੈ ਤਿਲੋਚਨ ਮੀਤ॥ ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ॥ ਤਾਂ ਭਗਤ
ਨਾਮਦੇਵ ਜੀ ਅੱਗੋਂ ਜਵਾਬ ਦਿੰਦੇ ਫੁਰਮਾਂਦੇ ਹਨ-ਨਾਮਾ ਕਹਿ ਤਿਲੋਚਨਾ
ਮੁਖਿ ਤੇ ਰਾਮੁ ਸੰਮਾਲਿ॥ ਹਾਥ ਪਾਉਂ ਕਰਿ ਕਾਮ ਸਭੁ ਚੀਤੁ ਨਿਰੰਜਨ ਨਾਲਿ॥ (ਪੰਨਾ-1375)
ਇਸੇ ਤਰ੍ਹਾਂ ਭਗਤ ਨਾਮਦੇਵ ਜੀ ਹੋਰ ਵੀ ਉਦਾਹਰਣਾਂ ਦਿੰਦੇ ਹਨ ਕਿ ਨਾਮ ਕਿਵੇਂ ਜਪਣਾ ਹੈ-ਆਨੀਲੇ
ਕਾਗਦੁ ਕਾਟੀ ਲੇ ਗੂਡੀ ਆਕਾਸ ਮਧੇ ਭਰਮੀਅਲੇ॥ ਪੰਚ ਜਨਾ ਸਿਉਂ ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ॥
1॥ ਮਨੁ ਰਾਮ ਨਾਮਾ ਬੇਧੀਅਲੇ॥ ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ॥ 1॥ ਰਹਾਉ॥ ਆਨੀਲੇ ਕੁੰਭੁ
ਭਰਾਈਲੇ ਊਦਕ ਰਾਜ ਕੁਆਰਿ ਪੁਰੰਦਰੀਏ॥ ਹਸਤਿ ਬਿਨੋਦ ਬੀਚਾਰ ਕਰਤੀ ਹੈ ਚੀਤੁ ਸੁ ਗਾਗਰਿ ਰਾਖੀਅਲੇ॥
2॥ ਮੰਦਰ ਏਕੁ ਦੁਆਰ ਦਸ ਜਾ ਕੇ ਗਊ ਚਰਾਵਨ ਛਾਡੀਅਲੇ॥ ਪਾਂਚ ਕੋਸ ਪਰ ਗਊ ਚਰਾਵਤ ਚੀਤੁ ਬਛੁਰਾ
ਰਾਖੀਅਲੇ॥ 3॥ ਕਹਿਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ॥ ਅੰਤਰਿ ਬਾਹਰਿ ਕਾਜ ਬਿਰੂਧੀ
ਚੀਤੁ ਸੁ ਬਾਰਿਕ ਰਾਖੀਅਲੇ॥ 4॥ 1॥ (ਪੰਨਾ-972)
ਪੰਜ ਉਦਾਹਰਣਾਂ ਦੇ ਕੇ ਨਾਮ ਜਾਪ ਵਿਧੀ ਦਰਸਾਉਂਦੇ ਹਨ- (1) ਜਿਵੇਂ ਬੱਚੇ ਅਕਾਸ਼ ਵਿਖੇ ਪਤੰਗ
ਉਡਾਉਂਦੇ ਹਨ ਪਰ ਆਪਣਾ ਸਾਰਾ ਧਿਆਨ ਡੋਰ ਵਿਖੇ ਰੱਖਦੇ ਹਨ ਕਿ ਕਿਤੇ ਡੋਰ ਕੱਟੀ ਨਾ ਜਾਵੇ (2)
ਜਿਵੇਂ ਸੁਨਾਰ ਸੋਨੇ ਦੇ ਗਹਿਣੇ ਘੜਦਾ ਹੋਇਆ ਆਪਣੇ ਗਾਹਕਾਂ ਨਾਲ ਵੀ ਗੱਲਾਂ ਕਰੀ ਜਾਂਦਾ ਹੈ ਪਰ
ਆਪਣਾ ਧਿਆਨ ਘਾੜਤ ਵੱਲ ਰੱਖਦਾ ਹੈ (3) ਖੂਹ ਤੋਂ ਪਾਣੀ ਭਰ ਕੇ ਲਿਆ ਰਹੀਆਂ ਕੁੜੀਆਂ ਆਪਸ ਵਿੱਚ
ਹੱਸਦੀਆਂ ਖੇਡਦੀਆਂ ਵੀ ਹਨ ਪਰ ਆਪਣਾ ਸਾਰਾ ਧਿਆਨ ਪਾਣੀ ਦਿਆਂ ਘੜਿਆਂ ਜਾਂ ਗਾਗਰਾਂ ਵੱਲ ਰੱਖਦੀਆਂ
ਹਨ (4) ਜਿਵੇਂ ਪੰਜ ਕੋਹ ਦੂਰ ਚਰਦੀ ਹੋਈ ਗਊ ਆਪਣਾ ਸਾਰਾ ਧਿਆਨ ਆਪਣੇ ਵੱਛੇ ਵੱਲ ਰੱਖਦੀ ਹੈ (5)
ਜਿਵੇਂ ਛੋਟੇ ਬੱਚੇ ਨੂੰ ਪੰਗੂੜੇ ਵਿੱਚ ਪਾ ਕੇ ਮਾਂ ਘਰ ਦੇ ਸਾਰੇ ਕੰਮ ਵੀ ਕਰਦੀ ਹੈ ਪਰ ਚਿੱਤ ਬੱਚੇ
ਵੱਲ ਰੱਖਦੀ ਹੈ ਭਾਵ ਸੰਸਾਰੀ ਕਾਰ ਵਿਹਾਰ ਕਰਦੇ ਸਮੇਂ ਜਿਵੇਂ ਬੱਚਿਆਂ ਦਾ ਮਨ ਪਤੰਗ ਵੱਲ, ਸੁਨਾਰ
ਦਾ ਘਾੜਤ ਵੱਲ, ਕੁੜੀਆਂ ਦਾ ਪਾਣੀ ਦੀਆਂ ਗਾਗਰਾਂ ਵੱਲ, ਗਊ ਦਾ ਵੱਛੇ ਵੱਲ ਅਤੇ ਮਾਂ ਦਾ ਪੰਗੂੜੇ ਪਏ
ਬੱਚੇ ਵੱਲ ਹੁੰਦਾ ਹੈ ਇਵੇਂ ਹੀ ਸਾਡਾ ਮਨ ਵੀ ਪ੍ਰਮਾਤਮਾਂ ਦੀ ਯਾਦ ਵਿੱਚ ਹੋਣਾ ਚਾਹੀਦਾ ਹੈ ਇਸ ਦਾ
ਨਾਮ ਹੀ ਸਿਮਰਨ ਹੈ। ਜਿਵੇਂ ਬੱਚੇ ਦੇ ਹਿਰਦੇ ਵਿੱਚ ਭੋਲੇ ਭਾਇ ਮਾਤਾ ਪਿਤਾ ਦਾ ਪਿਆਰ ਹੁੰਦਾ ਹੈ।
ਉਹ ਚਤਰਾਈਆਂ ਛੱਡ ਕੇ ਆਪਣਾ ਪਿਆਰ ਪ੍ਰਗਟ ਕਰਨ ਦਾ ਯਤਨ ਨਹੀਂ ਕਰਦਾ ਤਿਵੇਂ ਹੀ ਪ੍ਰਮਾਤਮਾਂ ਨਾਲ
ਦਿਲੀ ਪਿਆਰ ਹੋਣਾ ਚਾਹੀਦਾ ਹੈ। ਇਹ ਹੀ ਸੱਚਾ ਪ੍ਰੇਮ ਅਤੇ ਨਾਮ ਜਾਪ ਹੈ-ਰੇ ਜਨ ਮਨੁ ਮਾਧਉ ਸਿਉਂ
ਲਾਈਐ॥ ਚਤੁਰਾਈ ਨ ਚਤੁਰਭੁਜੁ ਪਾਈਐ॥ (ਪੰਨਾ-324) ਬੱਚੇ ਦੇ ਸਾਰੇ ਦੁੱਖਾਂ ਰੋਗਾਂ ਦੀ ਦਾਰੂ ਅਤੇ
ਸੁੱਖਾਂ ਖੁਸ਼ੀਆਂ ਦਾ ਖ਼ਜਾਨਾ “ਮਾਂ” ਹੈ। ਇਸ ਲਈ ਉਹ ਮਾਂ ਨੂੰ ਹੀ ਪਿਆਰ ਕਰਦਾ ਹੈ। ਜੇ ਉਸ ਤੋਂ
ਵਿਛੁੜ ਜਾਵੇ ਤਾਂ ਉਸ ਨੂੰ ਮਿਲਣ ਲਈ ਵਿਲਕਦਾ ਹੈ ਹੋਰ ਕੁੱਝ ਵੀ ਉਸ ਨੂੰ ਪ੍ਰਵਾਨ ਨਹੀਂ ਕਿਉਂਕਿ
ਇੱਕ ਮਾਂ ਮਿਲ ਜਾਣ ਨਾਲ ਉਸ ਨੂੰ ਸਭ ਕੁੱਝ ਪ੍ਰਾਪਤ ਹੋ ਜਾਂਦਾ ਹੈ। ਇਵੇਂ ਮਾਨੁੱਖ ਲਈ ਅਕਾਲ
ਪੁਰਖ-ਨਾਮ ਹੈ-ਬਾਰਿਕ ਵਾਂਗੀ ਹਉ ਸਭ ਕਿਛ ਮੰਗਾਂ॥ ਦੇਂਦੇ ਤੋਟਿ ਨਹੀ ਪ੍ਰਭ ਰੰਗਾ॥ (ਪੰਨਾ-99)
ਉਪਰੋਕਤ ਨਾਮ ਸਿਮਰਨ ਵਿਧੀ ਵਾਲੀਆਂ ਪੰਗਤੀਆਂ ਦੇ ਭਾਵ ਅਰਥ ਵਿਚਾਰਨ ਨਾਲ ਸ਼ਪੱਸ਼ਟ ਹੋ ਜਾਂਦਾ ਹੈ ਕਿ
ਨਾਮ ਸਿਮਰਨ ਇੱਕ ਅੱਧੇ ਘੰਟੇ ਜਾਂ ਵੱਧ ਸਮਾਂ ਕਿਸੇ ਨਿਵੇਕਲੀ ਥਾਂ ਬੈਠ ਕੇ ਗੁਰਮੰਤ੍ਰ ਦਾ ਜਾਪ ਕਰ
ਲੈਣਾ ਹੀ ਨਹੀਂ ਇਹ ਤਾਂ ਸਗੋਂ ਪ੍ਰਮਾਤਮਾਂ ਨਾਲ ਪਿਆਰ ਪਾ ਕੇ ਮਨ ਚੋਂ ਵਿਕਾਰ ਕੱਢਣ ਦਾ ਯਤਨ ਹੈ।
ਇਸ ਕਰਕੇ-ਦਿਨ ਰਾਤੀਂ ਆਰਾਧਹੁ ਪਿਆਰੋ ਨਿਮਖ ਨ ਕੀਜੈ ਢੀਲਾ॥ (ਪੰਨਾ-498)
ਭਾਈ ਵੀਰ ਸਿੰਘ ਨਾਮ ਬਾਰੇ ਆਪਣੇ ਵਿਚਾਰ ਦਸਦੇ ਹਨ ਕਿ “ਸਭ ਤੋਂ ਵੱਡਾ ਕਰਮ ਹੈ ‘ਨਾਮ’ , ਪਿਆਰ
ਨਾਲ, ਪਿਆਰ ਭਰੀ ਯਾਦ ਨਾਲ ਹਰ ਵੇਲੇ ਆਪਣੇ ਪਿਤਾ ਪ੍ਰਮੇਸ਼ਰ ਨਾਲ ਲੱਗੇ ਰਹਿਣਾ। ਜਿਵੇਂ ਬੱਚਾ ਮਾਂ
ਦੀ ਗੋਦ ਵਿੱਚ ਪਿਆ ਹੁੰਦਾ ਹੈ, ਇਵੇਂ ਪਰਮ ਗੋਦ ਵਿੱਚ ਪਏ ਰਹਿਣਾ। ਜਗਤ ਦੇ ਕੰਮ ਕਰਨੇ, ਪਰ ਗੋਦ ਦੀ
ਹਜ਼ੂਰੀ ਵਿੱਚੋਂ ਨਿਕਲ ਕੇ ਨਾ, ਸਗੋਂ ਗੋਦੀ ਆਸਰੇ ਕਰਨੇ, ਇਹ ਨਾਮ ਹੈ। ਮਨ ਦਾ ਇੱਕ ਝੁਕਾਉ
ਪਾਰਬ੍ਰਹਮ ਵੱਲ ਪਿਆ ਰਹੇ ਤੇ ਇੱਕ ਕੰਮਾਂ ਕਾਜਾਂ ਵੱਲ” (ਪੁਸਤਕ ਬਾਬਾ ਨੌਧ ਸਿੰਘ 146-147)
ਨਾਮ ਵਿਦਿਆ ਹੈ, ਪ੍ਰਮੇਸ਼ਰ ਹੈ, ਪ੍ਰਮੇਸ਼ਰ ਦੇ ਗੁਣਾ ਦਾ ਸਰੋਵਰ ਹੈ, ਉਸ ਦਾ ਰੂਪ ਹੈ, ਆਪੇ ਨੂੰ
ਸਾਂਈਂ ਨਾਲ ਲਾਈ ਰੱਖਣਾ ਅਤੇ ਨਾਲ ਲੱਗੇ ਰਹਿ ਕੇ ਰੰਗ ਤੇ ਰਸ ਵਿੱਚ ਜੀਣਾ ਹੀ ਨਾਮ ਹੈ-ਨਾਨਕ ਨਾਮੁ
ਨ ਛੋਡੈ, ਸਾ ਧਨ ਨਾਮਿ ਸਹਜਿ ਸਮਾਣੀਆ) ਨਾਮ ਜੋ ਕਿਛ ਕਿਹਾ ਹੈ, ਕੁੱਝ ਅਜੇ ਹੋਰ ਹੈ, ਨਾਮ ਇੱਕ
ਤਿਆਰੀ ਤੇ ਯਤਨ ਹੈ ਜੋ ਚੰਗੇ ਕਰਮਾਂ ਤੋਂ ਉਪਰਲਾ ਸਾਧਨ ਤੇ ਦਰਜਾ ਹੈ। ਆਪਣੇ ਆਪ ਨੂੰ ਸਾਈਂ ਦੇ ਅਸਰ
ਹੇਠ ਲਿਆਉਣਾ ਨਾਮ ਜਪਣਾ ਹੈ, ਜਿਵੇਂ ਪਾਲਾ ਲਗਦੇ ਸਰੀਰ ਨੂੰ ਸੂਰਜ ਦੇ ਸਨਮੁਖ ਕਰਨਾ, ਪਾਲੇ ਨੂੰ
ਹਰਨਾ ਹੈ, ਤਿਵੇਂ ਅਵਗੁਣੀ ਭਰਪੂਰ ਮਨ ਨੂੰ ਸਾਂਈਂ ਦੇ ਸਨਮੁਖ ਕਰੀ ਰੱਖਣਾ, ਮਨ ਦੇ ਅਵਗੁਣਾ ਨੂੰ ਹਰ
ਲੈਣਾ ਹੈ, ਜਿਵੇਂ ਸੂਰਜ ਦਾ ਪ੍ਰਕਾਸ਼ ਅੰਧਕਾਰ ਨੂੰ ਦੂਰ ਕਰਦਾ ਹੈ, ਤਿਵੇਂ ਉਸ ਦੀ ਯਾਦ ਦਾ ਚਾਨਣ
ਅਵਗੁਣਾਂ ਦੇ ਅੰਧੇਰੇ ਦੂਰ ਕਰਦਾ ਹੈ। (ਗੁਰੂ ਨਾਨਕ ਚਮਤਕਾਰ)
ਨਾਮ ਇੱਕ ਆਤਮ ਵਿਦਿਆ ਹੈ, ਜੋ ਜਗਿਆਸੂ ਦੀ ਪ੍ਰਭੂ ਪ੍ਰਾਪਤੀ ਦੀ ਅਕਾਂਖਿਆ ਤੋਂ ਲੈ ਕੇ ਜਪ ਤੋਂ ਆਰਭ
ਹੋ ਕੇ, ਸਾਂਈਂ ਮਿਲਾਪ ਤੱਕ ਲੈ ਜਾਂਦੀ ਹੈ। ਸਾਂਈਂ ਦੀ ਸਿਫਤ ਸਲਾਹ, ਕੀਰਤਨ, ਉਸ ਅੱਗੇ ਬੇਨਤੀ, ਉਸ
ਦਾ ਸ਼ੁਕਰ, ਧੰਨਵਾਦ ਆਦਿ ਮਨ ਦੇ ਉਚੇ ਭਾਵ ਉਸ ਦੇ ਨਾਮ ਸਹਾਇਕ ਹਨ, ਜੋ ਉਸ ਨੂੰ ਨਿਰਾ ਪ੍ਰਭੂ ਮਿਲਾਪ
ਦਾ ਸਾਧਨ ਮਾਤ੍ਰ ਹੀ ਨਹੀਂ ਰਹਿਣ ਦਿੰਦੇ ਸਗੋਂ ਨਾਮ ਉਹ ਜੀਉਂਦਾ ਜਾਗਦਾ ਪ੍ਰੇਮ ਬਣਾ ਦਿੰਦੇ ਹਨ ਅਤੇ
ਸਾਧਕ ਨੂੰ ਵੀ ਜਿਵਾ ਦਿੰਦੇ ਹਨ-ਸੋ ਜੀਵਿਆ ਜਿਸ ਮਨਿ ਵਸਿਆ ਸੋਇ॥ ਨਾਨਕ ਅਵਰੁ ਨ ਜੀਵੇ ਕੋਇ॥ 1॥
(ਪੰਨਾ-142) (ਭਾਈ ਵੀਰ ਸਿੰਘ ਜੀ)
ਪ੍ਰੋ. ਸਾਹਿਬ ਸਿੰਘ ਡੀ. ਲਿਟ. -ਜਿਵੇਂ ਸਮੁੰਦਰ ਤੋਂ ਵਿਛੁੜਿਆ ਪਾਣੀ ਨਦੀਆਂ ਨਾਲਿਆਂ ਦਾ ਰੂਪ
ਧਾਰਦਾ ਹੋਇਆ ਜਦ ਟੋਬਿਆਂ ਵਿੱਚ ਅਟਕ ਜਾਂਦਾ ਹੈ ਤਾਂ ਉਸ ਵਿੱਚ ਜਾਲਾ ਪੈ ਜਾਂਦਾ ਹੈ, ਗੰਦਾ ਹੋ
ਜਾਂਦਾ ਹੈ, ਉਸ ਵਿੱਚ ਕਿਰਮ ਵੀ ਪੈ ਜਾਂਦੇ ਹਨ ਅਤੇ ਸੁੱਕ ਸੜ ਵੀ ਜਾਂਦਾ ਹੈ। ਇਵੇਂ ਹੀ ਪ੍ਰਮਾਤਮਾਂ
ਸਮੁੰਦਰ ਤੋਂ ਵਿਛੁੜੀ ਆਤਮਾਂ ਦਾ ਹਾਲ ਹੈ। ਜਿਵੇਂ ਨਦੀਆਂ ਨਾਲਿਆਂ ਦਾ ਜਲ ਜਦ ਸਮੁੰਦਰ ਵਿੱਚ ਪੈ
ਜਾਂਦਾ ਹੈ ਤਾਂ ਉਸ ਵਿੱਚ ਸਮਾਅ ਕੇ ਉਸ ਦਾ ਹੀ ਰੂਪ ਹੋ ਜਾਂਦਾ ਹੈ। ਇਵੇਂ ਹੀ ਸਾਡੀ ਮਨ ਆਤਮਾ ਜਦ
ਮੋਹ ਮਾਇਆ ਦੇ ਜਾਲ ਤੋਂ ਗੁਰੂ ਗਿਆਨ ਦੁਆਰਾ ਮੁਕਤ ਹੋ ਜਾਂਦੀ ਹੈ ਤਾਂ ਉਸ ਦਾ ਹੀ ਰੂਪ ਹੋ ਜਾਂਦੀ
ਹੈ। ਸੋ ਵਿਛੋੜੇ ਦਾ ਅਹਿਸਾਸ ਹੀ ਸਿਮਰਨ ਹੈ-ਮਨ ਤੂੰ ਜੋਤਿ ਸਰੂਪ ਹੈਂ ਆਪਣਾ ਮੂਲ ਪਛਾਣਿ॥
(ਪੰਨਾ-441) ਨਦੀਆਂ ਨਾਲਿਆਂ ਟੋਬਿਆਂ ਕਾ ਜਲ ਜਇ ਪਵੈ ਵਿਚਿ ਸੁਰਸਰੀ, ਸੁਰਸਰੀ ਮਿਲਤ ਪਵਿਤ੍ਰ ਪਾਵਨ
ਹੋਇ ਜਾਵੈ॥ (ਗੁਰੂ ਗ੍ਰੰਥ ਸਾਹਿਬ)
ਨਾਮ ਸਿਮਰਨ ਬਾਰੇ ਭਲੇਖੇ-ਗੁਰਮਤਿ ਨਾਮ ਸਿਮਰਨ ਪੁਰਾਤਨ ਮੱਤਾਂ ਦੀ ਵਿਧੀ ਵਿਧਾਨ ਨਾਲੋਂ ਵਿਲੱਖਣ
ਹੈ। ਪਰ ਅਸੀਂ ਕਈ ਥਾਵਾਂ ਤੇ ਸਿਮਰਨ ਦੀ ਨਵੀਂ ਮਰਯਾਦਾ (ਯੋਗੀਆਂ ਵਰਗੀ) ਵੀ ਚਲਾ ਲਈ ਹੈ-ਜਿਵੇਂ ਕਿ
ਮਾਲਾ ਕਿਹੜੀ ਚੰਗੀ ਹੁੰਦੀ ਹੈ? ਆਸਣ ਕਿਵੇਂ ਤੇ ਕਿਹੜਾ ਲਾਉਣਾ ਹੈ? ਸੁਰਤੀ ਕਿਵੇਂ ਤੇ ਕਿੱਥੇ
ਟਿਕਾਉਣੀ ਹੈ? ਧਿਆਨ ਕਿਸ ਦਾ ਧਾਰਨਾ ਹੈ? ਸਾਹ ਕਿਵੇਂ ਲੈਣਾ, ਨਾਮ ਕਿਹੜਾ ਅਤੇ ਕਿਵੇਂ ਜਪਣਾ ਹੈ?
ਸਾਧਾਂ ਵਲੋਂ ਸਿਮਰਨ ਦੇ ਰਾਹ ਦੇ ਪੜਾਅ, ਅਨਹਦ ਨਾਦ ਸੁਨਣ ਅਤੇ ਦਸਮ ਦੁਆਰ-ਕਪਟ ਖੁੱਲ੍ਹ ਕੇ ਸੱਚਖੰਡ
ਦੇ ਦਰਸ਼ਨ ਹੋਣੇ ਵੀ ਦੱਸੇ ਜਾਂਦੇ ਹਨ। ਫਰਕ ਕੇਵਲ ਸ਼ਬਦ ਦਾ ਹੀ ਹੁੰਦਾ ਹੈ ਕਿ ਕਿਹੜੇ ਸ਼ਬਦ ਦਾ ਜਾਪ
ਕਰਨਾ ਹੈ? ਬਾਕੀ ਸਭ ਮਰਯਾਦਾ ਪੁਰਾਤਨ ਜਾਪ ਵਾਲੀ ਹੀ ਹੁੰਦੀ ਹੈ। ਗੱਲ ਵੱਖਰੇ ਵੱਖਰੇ ਵਿਧੀ ਵਿਧਾਨ
ਜਾਂ ਕਰਮ ਕਾਂਡ ਦੀ ਨਹੀਂ ਸਗੋਂ ਸਿਧਾਂਤ ਸਮਝਣ ਦੀ ਹੈ। ਮਾਲਾ ਜਾਪ ਜਾਂ ਗਿਣਤੀ ਮਿਣਤੀ ਦੇ ਜਾਪ ਨਾਮ
ਸਿਮਰਨ ਨਹੀਂ ਸਗੋਂ ਮਕੈਨੀਕਲੀ ਰੈਪੀਟੇਸ਼ਨ ਹੈ-ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵੈ ਲੋਇ॥ ਹਿਰਦੈ
ਰਾਮੁ ਨਾ ਚੇਤਈ ਇਹੁ ਜਪੁਨੀ ਕਿਆ ਹੋਇ॥ (ਪੰਨਾ-1368)
ਨਵੀਂ ਰੀਤ- ਘੰਟਿਆਂ ਬੱਧੀ ਉੱਚੀ ਉੱਚੀ ਕਿਸੇ ਇੱਕ ਲਫਜ਼ ਦਾ ਜਾਪ-ਮੁਲਾਂ ਮੁਨਾਰੇ ਕਿਆ ਚਢੈ ਜਉ ਸਾਂਈ
ਨ ਬਹਿਰਾ ਹੋਇ॥ (ਕਬੀਰ ਜੀ) ਕਬੀਰ ਜੀ ਫੁਰਮਾਂਦੇ ਹਨ ਕਿ ਸਾਂਈ ਬੋਲਾ ਨਹੀਂ ਹੈ ਕਿ ਬਹੁਤ ਹੀ
ਉੱਚੀ-ਉੱਚੀ ਬੋਲਣ ਤੇ ਹੀ ਸੁਣਦਾ ਹੈ ਸਗੋਂ ਉਹ ਤਾਂ-ਸਦ ਸੁਣਦਾ ਸਦ ਵੇਖਦਾ ਸਬਦਿ ਰਹਿਆ ਭਰਪੂਰਿ॥
(ਗੁਰੂ ਗ੍ਰੰਥ) ਸਿੱਖ ਰਹਿਤ ਮਰਯਾਦਾ ਵਿੱਚ ਵੀ ਵਿਅਕਤੀਗਤ ਸਿਮਰਨ ਦੀ ਹਦਾਇਤ ਹੈ ਨਾ ਕਿ ਸੰਗਤ ਵਿੱਚ
ਜਾ ਕੇ ਉੱਚੀ-ਉੱਚੀ ਜਾਪ ਕਰਨ ਦੀ। ਗੁਰਦੁਆਰੇ ਦੇ ਸਿਰਲੇਖ ਹੇਠ ਦਰਜ ਹੈ ਕਿ ਗੁਰਦਆਰੇ ਵਿਖੇ
ਗੁਰਬਾਣੀ ਦਾ ਪਾਠ, ਕੀਰਤਨ, ਕਥਾ, ਢਾਡੀ ਵਾਰਾਂ ਗੁਰਮਤਿ ਵਿਖਿਆਨ, ਸੇਵਾ ਅਤੇ ਲੰਗਰ ਹੋਣੇ ਚਾਹੀਦੇ
ਹਨ। ਸੰਗਤ ਗੁਰਦੁਆਰੇ ਸਿੱਖਣ ਅਤੇ ਸੇਵਾ ਕਰਨ ਲਈ ਆਉਂਦੀ ਹੈ ਨਾ ਕਿ ਟਾਈਮ ਪਾਸ ਕਰਨ ਵਾਸਤੇ।
ਸਿੱਖਾਂ ਨੂੰ ਜਗਰਾਤਿਆਂ ਵਾਲਾ ਰਾਹ ਛੱਡ ਕੇ, ਗੁਰਮੁਖ ਗਾਡੀ ਰਾਹ ਹੀ ਅਪਨਾਉਣਾ ਚਾਹੀਦਾ ਹੈ-ਗੁਰ
ਪਰਸਾਦੀ ਵਿਦਿਆ ਵੀਚਾਰੈ ਪੜ੍ਹਿ ਪੜ੍ਹਿ ਪਾਵੈ ਮਾਨੁ॥ (ਪੰਨਾ-1329) ਅਤੇ ਮਨ ਕੀ ਮਤਿ ਤਿਆਗੋ ਹਰਿ
ਜਨ ਹੁਕਮਿ ਬੁਝਿ ਸੁਖੁ ਪਾਈਐ ਰੇ॥ (ਗੁਰੂ ਗ੍ਰੰਥ ਸਾਹਿਬ) ਇਹ ਨਾਮ ਸਿਮਰਨ ਦੀ ਗੁਰਮਤਿ ਮਰਯਾਦਾ
ਗੁਰੂ ਨਾਨਕ ਜੀ ਤੋਂ ਹੀ ਚੱਲੀ ਆ ਰਹੀ ਹੈ- “ਗੁਰੂ ਬਾਬਾ ਜੀ” ਕਈ ਵਾਰ ਕਹਿੰਦੇ ਹਨ ਕਿ ਮਰਦਾਨਿਆਂ!
ਰਬਾਬ ਛੇੜ ਬਾਣੀ ਆੲੈ ਹੈ ਤੇ ਕੀਰਤਨ-ਵਖਿਆਨ ਕਰਦੇ ਹਨ। ਸਾਰੇ ਗੁਰ ਇਤਿਹਾਸ ਵਿੱਚ ਗੁਰਬਾਣੀ ਦਾ
ਕੀਰਤਨ-ਕਥਾ-ਵਖਿਆਨ, ਢਾਡੀ ਵਾਰਾਂ ਅਤੇ ਸੇਵਾ ਦਾ ਜਿਕਰ ਬਾਰ ਬਾਰ ਆਉਂਦਾ ਹੈ, ਜਿਸ ਦੀ ਮਸਾਲ ਸ੍ਰੀ
ਦਰਬਾਰ ਸਾਹਿਬ ਵਿਖੇ ਨਿਰੋਲ ਗੁਰਬਾਣੀ ਦਾ ਕੀਰਤਨ, ਅਕਾਲ ਤਖਤ ਤੇ ਢਾਡੀ ਵਾਰਾਂ ਅਤੇ ਮੰਜੀ ਸਾਹਿਬ
ਦੀਵਾਨ ਹਾਲ ਵਿਖੇ ਗੁਰਬਾਣੀ ਅਤੇ ਗੁਰ ਇਤਿਹਾਸ ਦੀ ਕਥਾ ਹੀ ਚਲਦੀ ਹੈ।
ਨਾਮ-ਸਿਮਰਨ ਦੇ ਅੰਗ
ੳ) ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਸੁਨਣਾ-ਪੂਰੇ ਗੁਰ ਕਾ ਸੁਣਿ ਉਪਦੇਸੁ॥
(ਪੰਨਾ-295)
ਅ) ਅਕਾਲ ਪੁਰਖ ਨੂੰ ਹਰ ਵੇਲੇ ਆਪਣੇ ਨੇੜੇ ਭਾਵ ਅੰਗ ਸੰਗ ਪ੍ਰਤੀਤ ਕਰਨਾ-ਜਹ ਜਹ ਪੇਖਉ ਤਹਿ ਹਜ਼ੂਰਿ
ਦੂਰਿ ਕਤਹੁ ਨ ਜਾਈ॥ (ਪੰਨਾ-677)
ੲ) ਪ੍ਰਭੂ ਦੀ ਯਾਦ ਨੂੰ ਮਨ ਵਿੱਚ ਵਸਾਉਣਾ-ਹਰ ਵੇਲੇ ਯਾਦ ਰੱਖਣਾ-ਅਠੇ ਪਹਿਰ ਇਕਤੈ ਲਿਵੈ
(ਪੰਨਾ-959)
ਸ) ਆਸ਼ਾ ਰੂਪੀ ਨਾ ਰਹਿਣ ਵਾਲੀਆਂ ਤਰੰਗਾਂ (ਲਹਿਰਾਂ) ਦਾ ਤਿਆਗ ਅਤੇ ਸੰਸਾਰਕ ਵਸਤਾਂ ਦੇ ਮੋਹ ਦਾ
ਤਿਆਗ-ਤਿਆਗਨਾ ਤਿਆਗਨ ਨੀਕਾ ਕਾਮੁ ਕ੍ਰੋਧੁ ਲੋਭੁ ਮੋਹੁ ਤਿਆਗਣਾ॥ (ਪੰਨਾ-1018)
ਹ) ਗੁਰਮੁਖਾਂ ਦੀ ਸੇਵਾ ਸੰਗਤ ਕਰਨ ਦੀ ਲਾਲਸਾ ਅਤੇ ਉਤਸ਼ਾਹ-ਸੇਈ ਪਿਆਰੇ ਮੇਲਿ ਜਿਨ੍ਹਾਂ ਮਿਲਿਆਂ
ਤੇਰਾ ਨਾਮ ਚਿਤਿ ਆਵੇ॥ (ਅਰਦਾਸਿ)
ਕ) ਆਪਾ ਭਾਵ-ਅਪਣੱਤ ਅਥਵਾ ਆਪਣੀ ਵੱਖਰੀ ਹੋਂਦ ਦਾ ਅਹਿਸਾਸ ਤਿਆਗ ਕੇ ਕਰਤਾਰ ਅੱਗੇ ਬੇਨਤੀਆਂ
ਕਰਨਾ-ਆਪ ਗਵਾਈਐ ਤਾਂ ਸਹੁ ਪਾਈਐ॥ (ਪੰਨਾ-722)
ਖ) ਗੁਰੂ ਦਾ ਹੁਕਮ ਮੰਨਣਾ-ਹੁਕਮਿ ਮੰਨਿਐ ਹੋਵੈ ਪਰਵਾਣ ਤਾਂ ਖਸਮੈ ਕਾ ਮਹਿਲੁ ਪਾਇਸੀ॥ (ਪੰਨਾ-471)
ਗ) ਥੋੜਾਂ ਸੌਣਾ ਅਤੇ ਥੋੜਾ ਖਾਣਾ-ਥੋੜਾ ਸਵੈਂ ਥੋੜਾ ਹੀ ਖਾਵੈ। (ਭਾ. ਗੁਰਦਾਸ ਜੀ)
ਘ) ਬੇਲੋੜੀ ਚੁਗਲੀ ਨਿਦਿਆ ਅਤੇ ਤਾਤ ਪਰਾਈ ਦਾ ਤਿਆਗ ਕਰਨਾ-ਨਿੰਦਾ ਭਲੀ ਕਿਸੇ ਕੀ ਨਾਹੀ ਮਨਮੁਖ
ਮੁਗਧ ਕਰੰਨ॥ (ਪੰਨਾ-755) …. . ਪਰਹਰਿ ਲੋਭ ਨਿੰਦਾ ਕੂੜ ਤਿਆਗੋ॥ (ਪੰਨਾ-598) ਨਿੰਦਿਆ ਤੋਂ ਭਾਵ
ਈਰਖਾ ਵੱਸ ਦੂਜੇ ਦੀ ਵਿਰੋਧਤਾ ਕਰਨੀ, ਸੱਚ ਬੋਲਦੇ ਸਿਧਾਂਤ ਦੀ ਗੱਲ ਕਰਨੀ ਨਿੰਦਿਆ ਨਹੀਂ-ਸਚ ਕੀ
ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ॥ (ਪੰਨਾ-723) ਗੁਰੂਆਂ ਅਤੇ ਭਗਤਾਂ ਨੇ ਥੋਥੇ
ਕਰਮਕਾਂਡਾਂ, ਜਾਤ ਪਾਤ, ਨਾ ਬਰਾਬਰੀ ਜੋ ਉਸ ਵੇਲੇ ਦੇ ਬ੍ਰਾਹਮਣ, ਮੁਲਾਣੇ, ਰਾਜੇ ਅਤੇ ਯੋਗੀ ਆਦਿਕ
ਧਾਰਮਿਕ ਲੋਕ ਜਨਤਾ ਵਿੱਚ ਪ੍ਰਚਾਰ ਰਹੇ ਸਨ, ਦਾ ਖੁੱਲ੍ਹੇ ਸ਼ਬਦਾਂ ਵਿੱਚ ਖੰਡਨ ਕੀਤਾ। ਜੇ ਸਿੱਖ ਅੱਜ
ਵੀ ਸੱਚੀ ਬਾਣੀ ਦੀ ਗੱਲ ਕਰਦਾ ਹੈ ਤਾਂ ਇਹ ਨਿੰਦਿਆ ਨਹੀਂ ਸਗੋਂ ਯਥਾਰਥ ਕੀ ਬਾਤ ਹੈ। ਜਿਵੇਂ
ਉਪਰੋਕਤ ਆਗੂਆਂ ਨੂੰ ਉਸ ਵੇਲੇ ਸੱਚ ਕੌੜਾ ਲਗਦਾ ਸੀ ਇਵੇਂ ਹੀ ਅੱਜ ਦੇ ਸੰਪ੍ਰਦਾਈਆਂ ਅਤੇ ਸਾਧਾਂ
ਜਾਂ ਉਨ੍ਹਾਂ ਦੇ ਪੈਰੋਕਾਰਾਂ ਨੂੰ ਲੱਗ ਰਿਹਾ ਹੈ।
“ਧਰਮ ਦੀ ਕਿਰਤ ਕਰਦਿਆਂ, ਘਰ ਪ੍ਰਵਾਰ ਵਿੱਚ ਰਹਿੰਦਿਆਂ, ਲੋਕਾ ਭਲਾਈ ਦੇ ਕੰਮ ਕਰਦਿਆਂ, ਪ੍ਰਮਾਤਮਾਂ
ਦੀ ਯਾਦ ਵਿੱਚ ਸਫਲ ਜੀਵਨ ਜੀਣਾ ਹੀ ਨਾਮ ਸਿਮਰਨ ਹੈ। ਸਿੱਖ ਧਰਮ ਦੀ ਸਾਰੀ ਟੇਕ ਹੀ ਕਿਰਤ ਕਰੋ, ਵੰਡ
ਛਕੋ ਅਤੇ ਨਾਮ ਜਪੋ ਦੇ ਸਿਧਾਂਤ ਤੇ ਖੜੀ ਹੈ। ਕਿਸੇ ਇੱਕ ਸ਼ਬਦ ਦਾ ਬਾਰ ਬਾਰ ਰਟਨ ਨਾਮ-ਸਿਮਰਨ ਨਹੀਂ
ਬਲਕਿ ਸ਼ਬਦ ਦੇ ਗਿਆਨ ਮੁਖ ਭਾਵ ਨੂੰ ਸਮਝ ਕੇ ਕਰਤੇ ਕਰਤਾਰ ਦੀ ਕੁਦਰਤ ਦੇ ਹੈਰਾਨੀ ਜਨਕ ਕਾਰਨਾਮੇ
ਤੱਕ ਅਤੇ ਉਸ ਦੀਆਂ ਵਡਿਆਈਆਂ ਦੀ ਵੀਚਾਰ ਕਰਦੇ ਸਫਲ ਜੀਵਨ ਜੀਂਦੇ ਉਸ ਤੋਂ ਸਦਾ ਸਦ ਬਲਿਹਾਰ ਜਾਂਦੇ
ਹੋਏ ਰੱਬੀ ਗੁਣਾਂ ਨੂੰ ਧਾਰਨ ਕਰਨਾ ਹੀ ਨਾਮ ਸਿਮਰਨ ਹੈ” (ਗੁਰੂ ਗ੍ਰੰਥ ਸਾਹਿਬ) ਨਹੀਂ ਤਾਂ ਭਾਈ
ਗੁਰਦਾਸ ਜੀ ਦੇ ਕਥਨ ਅਨੁਸਾਰ-
ਚਿੰਤਾਮਨ ਚਿਤਵਤ ਚਿੰਤਾ ਚਿਤ ਤੇ ਚੁਰਾਈ, ਅਜੋਨੀ ਅਰਾਧੇ ਜੋਨਿ ਸੰਕਟ ਕਟਾਏ ਹੈਂ।
ਜਪਤ ਅਕਾਲ ਕਾਲ ਕੰਟਕ ਕਲੇਸ਼ ਨਾਸੇ, ਨਿਰਭੈ ਭਜਤ ਭ੍ਰਮ ਭੈ ਦਲ ਭਜਾਏ ਹੈਂ।
ਸਿਮਰਤ ਨਾਥ ਨਿਰਵੈਰ, ਵੈਰ ਭਾਉ ਤਯਾਗਯੋ, ਭਾਗਯੋ ਭੇਦ ਖੇਦ ਨਿਰਭੇਦ ਗੁਣ ਗਾਏ ਹੈਂ।
ਅਕੁਲ ਅੰਚਲ ਗਹਿ ਕੁਲ ਨ ਵਿਚਾਰੈ ਕੋਊ, ਅਟਲ ਸ਼ਰਨ ਆਵਾਗਵਨ ਮਿਟਾਏ ਹੈਂ॥ 408॥
ਇਸ ਕਬਿਤ ਦਾ ਸਮੁੱਚਾ ਭਾਵ ਜੋ ਚਿੰਤਾਮਨ ਕਰਤਾਰ ਨੂੰ ਸਿਮਰ ਕੇ ਚਿੰਤਾ ਮੁਕਤ ਨਹੀਂ ਹੋਇਆ। ਅਕਾਲ
ਅਕਾਲ ਜਪਦਾ ਹੋਇਆ ਕਾਲ (ਮੌਤ) ਤੋਂ ਡਰਦਾ ਹੈ। ਨਿਰਭੈ ਦਾ ਜਾਪ ਕਰਦਾ ਵੀ ਡਰੀ ਜਾ ਰਿਹਾ ਹੈ।
ਨਿਰਵੈਰ ਦਾ ਸਿਮਰਨ ਕਰਦਾ ਵੀ ਵੈਰ ਭਾਵ ਨਹੀਂ ਤਿਆਗਦਾ। ਨਿਰਭੇਦ ਦੇ ਗੁਣ ਗਉਂਦਾ ਹੋਇਆ ਵੀ ਭੇਦ ਭਾਵ
ਰੱਖਦਾ ਹੈ। ਜਾਤ ਪਾਤ ਕੁਲ ਰਹਿਤ ਪ੍ਰਭੂ ਨੂੰ ਧਿਆਉਂਦਾ ਹੋਇਆ ਵੀ ਜਾਤ-ਪਾਤ ਉੱਚੀ ਨੀਵੀਂ ਕੁਲ ਦਾ
ਭਰਮ ਪਾਲਦਾ ਹੈ ਤਾਂ ਉਹ ਤੋਤਾ ਰਟਨੀ ਪਾਖੰਡ ਕਰ ਰਿਹਾ ਹੈ। ਭਾਵ ਜੋ ਕਹਿੰਦਾ ਹੈ, ਕਰਦਾ ਉਸ ਦੇ ਉਲਟ
ਹੈ ਤਾਂ ਉਹ ਸਿਮਰਨ ਨਹੀਂ ਕਰ ਰਿਹਾ ਸਗੋਂ ਲੋਕਾਂ ਦੀ ਨਿਗ੍ਹਾ ਵਿੱਚ ਧਰਮੀ ਹੋਣ ਦਾ ਵਿਖਾਵਾ ਕਰ
ਰਿਹਾ ਹੈ ਪਰ ਵਾਸਤਵ ਵਿੱਚ ਉਹ ਭੇਖਧਾਰੀ ਹੀ ਹੈ। ਗੁਰਮਤਿ ਨਾਮ ਸਿਮਰਨ ਤਾਂ ਹੈ-ਗੁਣ ਕਹੈ ਗੁਣੀ
ਸਮਾਵਣਿਆਂ॥ ਭਾਈ ਸਾਹਿਬ ਹੋਰ ਫੁਰਮਾਂਦੇ ਹਨ-ਗਾਏ ਸੁਣੇ ਆਂਖੇਂ ਮੀਚੇ ਪਾਈਐ ਨਾ ਪਰਮ ਪਦ ਗੁਰ
ਉਪਦੇਸਿ ਗਹਿ ਜਉ ਲਉ ਨਾ ਕਮਾਈਐ। (ਭਾ. ਗੁ.)
ਭਾਈ ਕਾਨ੍ਹ ਸਿੰਘ ਨਾਭਾ ਵੀ ਗੁਰਮਤਿ ਮਾਰਤੰਡ ਦੇ ਪੰਨਾ-628 ਤੇ ਲਿਖਦੇ ਹਨ ਕਿ ਗੁਰਮਤਿ ਵਿੱਚ ਨਾਮ
ਜਪ ਨਾਲੋਂ ਸਿਮਰਨ ਦੀ ਵੱਡੀ ਮਹਿਮਾਂ ਹੈ, ਕਿਉਂਕਿ ਮਨ ਦੀ ਇਕਾਗਰਤਾ ਅਤੇ ਸ਼ੁੱਧ ਪ੍ਰੇਮ ਬਿਨਾ,
ਸਿਮਰਨ ਹੋ ਨਹੀਂ ਸਕਦਾ ਅਤੇ ਸਿਮਰਨ ਤੋਂ ਚਿੱਤ ਦੀ ਬਿਰਤੀ ਨਾਮ ਦੇ ਭਾਵ ਵਿੱਚ ਜੁੜ ਜਾਂਦੀ ਹੈ। ਇਸੇ
ਨੂੰ ਸਤਿਗੁਰੂ ਨੇ ਜਪੁ ਦੇ ਅੰਤਿਮ ਸ਼ਲੋਕ ਵਿੱਚ ਨਾਮ ਧਿਆਉਣਾ ਲਿਖਿਆ ਹੈ-ਜਿਨ੍ਹੀ ਨਾਮੁ ਧਿਆਇਆ ਗਏ
ਮਸਕਤਿ ਘਾਲਿ॥ (ਜਪੁਜੀ) ਗੁਰੂ ਰਾਮਦਾਸ ਜੀ ਨਾਮ ਧਿਆਉਣ ਦੀ ਜੁਗਤੀ ਇਉਂ ਦਰਸਾਅ ਰਹੇ ਹਨ-ਗੁਨ ਕਹੁ,
ਹਰਿ ਲਹੁ, ਕਰਿ ਸੇਵਾ ਸਤਿਗੁਰ, ਇਵ ਹਰਿ ਹਰਿ ਨਾਮੁ ਧਿਆਈ॥ (ਪੰਨਾ-669) ਸੋ ਨਾਮ ਧਿਆਉਣ, ਸਿਮਰਨ
ਕਰਨ ਅਤੇ ਜਾਪ ਕਰਨ ਦਾ ਗੁਰਮਤਿ ਸਿਧਾਂਤ ਅਨੁਸਾਰ ਭਾਵ ਇਹ ਹੈ ਕਿ ਪ੍ਰਭੂ ਪ੍ਰਮਾਤਮਾਂ ਦੇ ਗੁਣ,
ਗਾਉਣਾ, ਗੁਣ ਧਾਰਨ ਕਰਨਾ ਅਤੇ ਨਾਮ ਨਾਲ ਪਿਆਰ ਪਾ ਕੇ ਅੰਦਰੋਂ ਹਉਂਮੇ ਹੰਕਾਰ ਕੱਢ ਕੇ ਜੀਵਨ ਦੇ
ਕਰਮ ਕਰਨੇ ਪਰ ਯੋਗੀਆਂ ਵਾਗ ਕਿਸੇ ਇੱਕ ਸ਼ਬਦ ਦਾ ਜਾਪ ਜਾਂ ਵਾਰ ਵਾਰ ਰਟਨਾ ਗੁਰਮਤਿ ਸਿਧਾਂਤ ਨਹੀਂ।
ਇਸ ਦਾ ਮਤਲਵ ਇਹ ਵੀ ਨਹੀਂ ਕਿ ਅੰਮ੍ਰਿਤ ਵੇਲੇ ਜਾਂ ਕਿਸੇ ਹੋਰ ਸਮੇਂ ਵਾਹਿਗੁਰੂ ਸ਼ਬਦ ਦਾ
ਜਾਪ/ਸਿਮਰਨ ਨਹੀਂ ਕਰਨਾ। ਇਸ ਲੇਖ ਵਿੱਚ ਤਾਂ ਇਹ ਦੱਸਣ ਦਾ ਯਤਨ ਕੀਤਾ ਗਿਆ ਹੈ ਕਿ ਗੁਰਮਤਿ
ਨਾਮ-ਸਿਮਰਨ ਦਾ ਸਿਧਾਂਤ ਸਮਝਣਾ ਜਰੂਰੀ ਹੈ। ਬਾਣੀ ਦਾ ਪਾਠ, ਕੀਰਤਨ ਕਥਾ ਵਿਚਾਰ ਜੇ ਕਰਤੇ ਦੇ ਧਿਆਨ
ਵਿੱਚ ਕੀਤੇ ਜਾਣ ਤਾਂ ਇਹ ਨਾਮ ਸਿਮਰਨ ਹੀ ਹੈ।
ਬਾਕੀ ਮੱਤਾਂ ਦੀ ਰੀਸ ਸਿੱਖ ਨੇ ਨਹੀਂ ਕਰਨੀ ਕਿਉਂਕਿ ਸਿੱਖ ਧਰਮ ਨਵੀਨ ਸੱਚਾ ਸੁੱਚਾ ਵਿਗਿਆਨਕ ਅਤੇ
ਵਿਲੱਖਣ ਧਰਮ ਹੈ ਅਤੇ ਇਸ ਦੇ ਸਿਧਾਂਤ ਵੀ ਬਾਕੀ ਧਰਮਾਂ ਨਾਲੋਂ ਵਿਲੱਖਣ ਹਨ। ਹਾਂ ਚੰਗੇ ਗੁਣਾਂ ਦੀ
ਸਾਂਝ ਕੀਤੀ ਜਾ ਸਕਦੀ ਹੈ ਨਾ ਕਿ ਕਰਮਕਾਂਡੀ ਰੀਤਾਂ ਦੀ-ਸਾਂਝ ਕਰੀਜੈ ਗੁਣਹ ਕੇਰੀ ਛਾਡਿ ਅਵਗੁਣ
ਚਲੀਐ॥ (766) ਸਿੱਖ ਨੇ ਵਾਹਿਗੁਰੂ ਸ਼ਬਦ ਦਾ ਜਾਪ ਸਹਿਜ ਅਵੱਸਥਾ ਵਿੱਚ ਕਰਨਾ ਹੈ ਨਾ ਕਿ ਤੋਤਾ ਰਟਨੀ
ਜਾਂ ਜਗਰਾਤਾ ਜਾਪ-ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ॥ ਸਹਿਜ ਬਿਲੋਵਹੁ ਜੈਸੇ ਤਤੁ ਨਾ ਜਾਈ॥
(ਪੰਨਾ-478) ਸਿੱਖ ਰਹਿਤ ਮਰਯਾਦਾ ਵਿੱਚ ਵੀ ਅੰਕਤ ਹੈ ਕਿ ਸਿੱਖ ਪਹਰ ਰਾਤ ਰਹਿੰਦੀ ਉੱਠ ਕੇ ਅਕਾਲ
ਪੁਰਖ ਦਾ ਧਿਆਨ ਧਰਦਾ ਹੋਇਆ ਵਾਹਿਗੁਰੂ ਸ਼ਬਦ ਦਾ ਜਾਪ ਕਰੇ। ਧਿਆਨ ਸਹਿਜ ਵਿੱਚ ਹੀ ਧਾਰਿਆ ਜਾ ਸਕਦਾ
ਹੈ ਨਾ ਕਿ ਕਾਹਲੀ ਵਿੱਚ। ਗੁਰਮਤਿ ਗਿਆਨ ਤੇ ਸ਼ਰਧਾ ਦੋਵੇਂ ਜਰੂਰੀ ਹਨ। ਅੰਨੀ ਸ਼ਰਧਾ ਤੇ ਥੋਥਾ ਗਿਆਨ
ਦੋਵੇਂ ਹੀ ਨੁਕਸਾਨਦੇਹ ਹਨ। ਸਿੱਖ ਨੇ ਪਹਿਲ ਗੁਰਬਾਣੀ ਨੂੰ ਦੇਣੀ ਹੈ ਅਤੇ ਗੁਰਬਾਣੀ ਦੀ ਰੌਸ਼ਨੀ
ਵਿੱਚ ਸਿੱਖ ਰਹਿਤ ਮਰਯਾਦਾ, ਫਿਲੌਸਫੀ ਅਤੇ ਇਤਿਹਾਸ ਨੂੰ ਵਾਚ ਕੇ ਚੱਲਣਾ ਹੈ। ਕਿਸੇ ਡੇਰੇਦਾਰ ਜਾਂ
ਸੰਪਰਦਾ ਜਾਂ ਟਕਸਾਲ ਦੀ ਮਰਯਾਦਾ ਗੁਰਮਤਿ ਨਹੀਂ ਹੋ ਸਕਦੀ। ਪ੍ਰਚਾਰਕਾਂ ਕਥਾਵਾਚਕਾਂ ਨੂੰ ਵੀ ਕਿਸੇ
ਡੇਰੇ ਦੀ ਮਰਯਾਦਾ ਦਾ ਪ੍ਰਚਾਰ ਗੁਰਦੁਆਰੇ ਨਹੀਂ ਕਰਨਾ ਚਾਹੀਦਾ। ਸਿੱਖ ਨੇ ਨਾਮ ਸਿਮਰਨ ਦੀ ਵੀ ਪੰਥ
ਤੇ ਗ੍ਰੰਥ ਤੋਂ ਸੇਧ ਲੈਣੀ ਹੈ ਨਾ ਕਿ ਕਿਸੇ ਸਾਧ ਸੰਤ ਤੋਂ। ਸਿੱਖ ਨੇ ੴ ਮੂਲ ਮੰਤ੍ਰ ਦੇ ਸਿਧਾਂਤ
ਤੋਂ ਬਾਹਰ ਨਹੀਂ ਜਾਣਾ ਕਿਉਂਕਿ ਮੂਲ-ਜੜਾਂ ਨਾਲੋਂ ਟੁਟਿਆ ਰੁੱਖ ਸੁੱਕ ਜਾਂਦਾ ਹੈ। ਨਾਮ ਸਿਮਰਨ ਦਾ
ਮਤਲਵ ਵੀ ਮੂਲ ਨਾਲ ਜੁੜੇ ਰਹਿਣਾ ਹੈ-ਮਨ ਤੂੰ ਜੋਤਿ ਸਰੂਪ ਹੈਂ ਆਪਣਾ ਮੂਲੁ ਪਛਾਣੁ॥ (ਪੰਨਾ-441)
ਨਾਮ ਸਿਮਰਨ ਦੀਆਂ ਸਾਰੀਆਂ ਸੇਧਾਂ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਲੈਣੀਆਂ ਹਨ-ਜੋ ਪ੍ਰਭ ਕਉ
ਮਿਲਬੋ ਚਹੈ ਖੋਜਿ ਸ਼ਬਦ ਮੇਂ ਲੇਹਿ॥ (ਅਰਦਾਸਿ) ਦਾਸ ਨੇ ਗੁਰਬਾਣੀ ਅਨੁਸਾਰ ਲਿਖਣ ਦੀ ਕੋਸ਼ਿਸ਼ ਕੀਤੀ
ਹੈ ਫਿਰ ਵੀ ਬਹੁਤ ਤਰੁੱਟੀਆਂ ਰਹਿ ਗਈਆਂ ਹੋਣਗੀਆਂ। ਪਾਠਕ ਜਨ ਦਾਸ ਨਾਲ ਇਸ ਫੋਨ 510-432-5827 ਤੇ
ਵਿਚਾਰ ਵਿਟਾਂਦਰਾ ਕਰ ਸਕਦੇ ਹਨ।