.

ਅਨੰਦ ਵਿਆਹ

(ਕਿਸ਼ਤ ਨੰ: 05)

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਅਨੰਦ ਕਾਰਜ ਦੇ ਸਮੇਂ ਇੱਕ ਹੋਰ ਸ਼ਬਦ ਪੜ੍ਹਿਆ ਜਾਂਦਾ ਹੈ ਜਿਸਦਾ ਮੂਲ ਪਾਠ ਹੇਠਾਂ ਦਿੱਤਾ ਗਿਆ ਹੈ-----

ਵੀਆਹੁ ਹੋਆ ਮੇਰੇ ਬਾਬੁਲਾ ਗੁਰਮੁਖੇ ਹਰਿ ਪਾਇਆ॥
ਅਗਿਆਨੁ ਅੰਧੇਰਾ ਕਟਿਆ ਗੁਰ ਗਿਆਨੁ ਪ੍ਰਚੰਡੁ ਬਲਾਇਆ॥
ਬਲਿਆ ਗੁਰ ਗਿਆਨੁ ਅੰਧੇਰਾ ਬਿਨਸਿਆ, ਹਰਿ ਰਤਨੁ ਪਦਾਰਥੁ ਲਾਧਾ॥
ਹਊਮੈ ਰੋਗੁ ਗਇਆ ਦੁਖੁ ਲਾਥਾ ਆਪੁ ਆਪੇ ਗੁਰਮੁਤਿ ਖਾਧਾ॥
ਅਕਾਲ ਮੂਰਤਿ ਵਰੁ ਪਾਇਆ ਅਬਿਨਾਸੀ ਨ ਕਦੇ ਮਰੈ ਨਾ ਜਾਇਆ॥
ਵੀਆਹੁ ਹੋਆ ਮੇਰੇ ਬਾਬੁਲਾ ਗੁਰਮੁਖੇ ਹਰਿ ਪਾਇਆ॥
ਸਿਰੀ ਰਾਗ ਮਹਲਾ 4---ਪੰਨਾ 78—

ਵਿਆਹ ਦੇ ਮੌਕੇ ਤੇ ਅਕਸਰ ਹੀ ਇਹ ਸ਼ਬਦ ਪੜ੍ਹਿਆ ਜਾਂਦਾ ਹੈ ਕਿਉਂਕਿ ਇਸ ਸ਼ਬਦ ਵਿੱਚ ਵਿਆਹ ਸ਼ਬਦ ਆ ਗਿਆ ਤੇ ਅਸੀਂ ਸਮਝ ਲਿਆ ਇਹ ਜੋ ਵਿਆਹ ਬੱਚੀ ਬੱਚੇ ਦਾ ਕੀਤਾ ਜਾ ਰਿਹਾ ਹੈ ਇਹ ਏਸੇ ਵਿਆਹ ਲਈ ਹੀ ਸੀਮਤ ਸ਼ਬਦ ਹੈ। ਗੁਰਬਾਣੀ ਨੂੰ ਅਸੀਂ ਆਪਣੇ ਲਾਭ ਦੀ ਖਾਤਰ ਹੀ ਪੜ੍ਹਦੇ ਹਾਂ। ਮੈਨੂੰ ਬਹੁਤ ਅਨੰਦ ਕਾਰਜ ਦੀਆਂ ਰਸਮਾਂ ਨਿਬੰਹੁਣ ਦਾ ਅਵਸਰ ਮਿਲਿਆ ਹੈ। ਕਈ ਥਾਂਵਾਂ ਤੇ ਰਾਗੀ ਸਿੰਘ ਲੰਮੀ ਹੇਕ ਲਾ ਕੇ ਲੜਕੀ ਵਾਲੇ ਪਰਵਾਰ ਨੂੰ ਖੁਸ਼ ਕਰਨ ਲਈ ਮਸੂਮੀਅਤ ਦਾ ਚਿਹਰਾ ਬਣ ਕੇ ਬੜੀ ਵੈਰਾਗ ਜੇਹੀ ਅਵਸਥਾ ਬਣ ਕੇ ਕਈ ਕਈ ਵਾਰੀ ‘ਮੇਰੇ ਬਾਬੁਲਾ ਅ-ਅ-ਅ ਓ ਮੇਰੇ ਬਾਬੁਲਾ ਅ-ਅ-ਅ’! ਓਨਾ ਚਿਰ ਕਹੀ ਹੀ ਜਾਣਗੇ ਜਿਨ੍ਹਾ ਚਿਰ ਪਰਵਾਰ ਵਾਲੇ ਰੋ ਨਹੀਂ ਪੈਂਦੇ ਤੇ ਪੈਸਿਆਂ ਦੇ ਢੇਰ ਨਹੀਂ ਲਗਾ ਦੇਂਦੇ। ਇਸ ਸ਼ਬਦ ਦਾ ਭਾਵ ਅਰਥ ਸੁਭਾਗ ਜੋੜੀ ਤੇ ਆਈ ਸੰਗਤ ਨੂੰ ਵਿਸਥਾਰ ਨਾਲ ਸਮਝਾਇਆ ਜਾ ਸਕਦਾ ਹੈ ਤਾਂ ਕੇ ਜੀਵਨ ਦੇ ਵਿੱਚ ਸਹਿਜ ਅਵਸਥਾ ਦਾ ਰੂਪ ਆ ਸਕੇ।
ਵਿਆਹ ਦੇ ਅਖਰੀਂ ਅਰਥ ਹਨ—ਪਰਮਾਤਮਾ ਨਾਲ ਮਿਲਾਪ, ਗੁਰਮੁਖੇ ਦਾ ਭਾਵ ਗੁਰੂ ਜੀ ਦੀ ਸਰਣ ਵਿੱਚ ਅਉਣਾ, ਗੁਰੂ ਜੀ ਵਲ ਨੂੰ ਮੂੰਹ ਕਰਨਾ, ਗੁਰ ਉਪਦੇਸ਼ ਨੂੰ ਸਮਝਣਾ। ਬੇਸਮਝੀ ਦਾ ਅੰਧੇਰਾ ਕੱਟਿਆ ਗਿਆ ਹੈ। ਰਾਤ ਦੇ ਸਮੇਂ ਕਮਰੇ ਵਿੱਚ ਹਨੇਰਾ ਹੁੰਦਾ ਏ ਤੇ ਕਿਸੇ ਬੱਚੇ ਨੂੰ ਸਮਾਨ ਲੈਣ ਲਈ ਭੇਜੀਏ ਉਹ ਜਾਂਦਾ ਨਹੀਂ, ਕਹਿੰਦਾ ਅੰਦਰ ਚਾਨਣ ਨਹੀਂ ਹੈ ਮੈਨੂੰ ਡਰ ਲੱਗਦਾ ਏ। ਤੇ ਸਿਆਣਾ ਜੀਅ ਹਨੇਰੇ ਕਮਰੇ ਵਿੱਚ ਜਾਏ ਅਚਾਨਕ ਉਸ ਦੇ ਪੈਰ ਨੂੰ ਰੱਸੀ ਲੱਗ ਜਾਏ ਇੱਕ ਵਾਰ ਉਹ ਵੀ ਸ਼ੱਕ ਨਾਲ ਭਰ ਜਾਂਦਾ ਏ ਕਿਤੇ ਸੱਪ ਹੀ ਨਾ ਹੋਵੇ। ਇਸ ਵਾਕ ਵਿੱਚ ਪਰਮਾਤਮਾ ਪਰਾਪਤੀ ਗੁਰੂ ਰਾਂਹੀ ਦੱਸੀ ਗਈ ਏ—ਗੁਰੂ ਗਿਆਨ ਰਾਂਹੀਂ ਬੇਸਮਝੀ ਦੇ ਹਨੇਰੇ ਨੂੰ ਦੂਰ ਕਰਨਾ ਹੈ। ‘ਹਰਿ ਰਤਨ ਪਦਾਰਥ ਲਾਧਾ’ ਆਚਰਣ ਵਿੱਚ ਸ਼ੁਧਤਤਾ ਅਉਂਦੀ ਏ। ਸਦ ਗੁਣਾਂ ਦੀ ਫਸਲ ਪੱਕਦੀ ਹੈ।
ਗੁਰੂ ਗਿਆਨ ਦੀ ਪਹਿਲੀ ਨਿਸ਼ਾਨੀ ਏ ਮਨੁੱਖ ਹਊਮੇ ਦੇ ਦੀਰਘ ਰੋਗ ਤੋਂ ਬਚ ਜਾਂਦਾ ਏ। ‘ਆਪੇ ਗੁਰਮਤਿ ਖਾਧਾ’ ਗੁਰੂ ਜੀ ਦੀ ਮਤ ਤੇ ਚੱਲਿਆਂ ਨਿਜ ਸੁਆਰਥ, ਆਪਾ ਭਾਵ ਖਤਮ ਹੁੰਦਾ ਹੈ। ‘ਵਰ ਪਾਇਆ’ ਦਾ ਅਰਥ ਜਿਸ ਬੱਚੇ ਨਾਲ ਵਿਆਹ ਹੋ ਰਿਹਾ ਹੈ ਏ ਵਰ ਨਹੀਂ। ਵਰ ਪਰਮਾਤਮਾ ਨੂੰ ਕਿਹਾ ਗਿਆ ਹੈ। ਜੋ ਜਨਮ ਮਰਨ ਤੋਂ ਰਹਿਤ ਹੈ, ਕਦੇ ਵੀ ਖਤਮ ਨਹੀਂ ਹੁੰਦਾ। ਜ੍ਹਿਨਾਂ ਪਰਵਾਰਾਂ ਦੀ ਆਪਸ ਵਿੱਚ ਸਮਝ ਇੱਕ ਹੋ ਜਾਂਦੀ ਏ ਉੱਥੇ ਕਲੇਸ਼ ਦਾ ਜਨਮ ਨਹੀਂ ਹੁੰਦਾ। ਨਵ---ਵਿਆਹੇ ਜੋੜਿਆਂ ਵਿੱਚ ਅਕਸਰ ਆਪੋ ਆਪਣੇ ਪਰਵਾਰਾਂ ਦੀ ਹੈਸੀਅਤ ਨੂੰ ਪ੍ਰਗਟਉਂਦੀ ਹਉਮੇ ਆਪਣੀ ਹੀ ਉੱਚਤਾ ਦਾ ਹਰ ਵੇਲੇ ਅੱਗੇ ਰੱਖੀ ਫਿਰਨਾ ਅਗਿਆਨਤਾ ਅਥਵਾ ਬੇਸਮਝੀ ਹੈ। ਵਰ ਪਾਇਆ ਅਦਬ ਤੇ ਸਤਿਕਾਰ ਦੀ ਭਾਵਨਾ ਦਾ ਉਤਪੰਨ ਹੋਣਾ, ਹਉਮੇ ਨੂੰ ਸਮਝ ਕੇ ਇਸਦਾ ਤਿਆਗ ਕਰਨਾ। ਅਸਲ ਵਿਆਹ ਗੁਰੂ ਜੀ ਦੀ ਸਰਨ ਵਿੱਚ ਆ ਕੇ ਰੱਬੀ ਗੁਣਾਂ ਨੂੰ ਧਾਰਨ ਕਰਨ ਨੂੰ ਕਿਹਾ ਗਿਆ ਹੈ ਜੋ ਪਰਮਾਤਮਾ ਵਰ ਦੀ ਪਰਾਪਤੀ ਹੈ।
ਅਕਾਲ ਮੂਰਤਿ ਵਰੁ ਪਾਇਆ ਅਬਿਨਾਸੀ ਨ ਕਦੇ ਮਰੈ ਨ ਜਾਏ॥
ਵੀਆਹ ਹੋਆ ਮੇਰੇ ਬਾਬੁਲਾ ਗੁਰਮੁਖੇ ਹਰਿ ਪਾਇਆ॥
ਅਨੰਦ ਕਾਰਜ ਦੀ ਸਿੱਧੀ ਸਾਧੀ ਮਰਯਾਦਾ ਵਿੱਚ ਕਈ ਪਰਕਾਰ ਦਾ ਵਾਧਾ ਘਾਟਾ ਆਪਣੀ ਮਰਜ਼ੀ ਨਾਲ ਹੀ ਕਰ ਲਿਆ ਹੈ। ਵੀਆਹ ਹੋਆ ਮੇਰੇ ਬਾਬੁਲਾ ਵਾਂਗ ਇੱਕ ਹੋਰ ਸ਼ਬਦ “ਪੂਰੀ ਆਸਾ ਜੀ ਮਨਸਾ ਮੇਰੇ ਰਾਮ” ਵਾਲੇ ਦਾ ਵੀ ਕੀਰਤਨ ਕੀਤਾ ਜਾਂਦਾ ਹੈ। ਅਸੀਂ ਇੰਜ ਸਮਝ ਲੈਂਦੇ ਹਾਂ ਕਿ ਮੇਰੇ ਮਨ ਦੀ ਆਸਾ ਪੂਰੀ ਹੋ ਗਈ ਹੈ। ਜੇ ਸ਼ਬਦ ਪੜ੍ਹਿਆ ਜਾ ਰਿਹਾ ਹੈ ਤਾਂ ਇਸ ਦੇ ਭਾਵ ਅਰਥ ਨੂੰ ਵੀ ਜ਼ਰੂਰ ਸਮਝਣਾਂ ਚਾਹੀਦਾ ਹੈ ਤਾਂ ਕਿ ਪਰਮਾਤਮਾ ਵਰ ਸਬੰਧੀ ਪੂਰੀ ਜਾਣਕਾਰੀ ਮਿਲ ਸਕੇ। ਸਾਰਾ ਸ਼ਬਦ ਇਸ ਤਰ੍ਹਾਂ ਹੈ—
ਪੂਰੀ ਆਸਾ ਜੀ ਮਨਸਾ ਮੇਰੇ ਰਾਮ॥
ਮੋਹਿ ਨਿਰਗੁਣ ਜੀਉ ਸਭਿ ਗੁਣ ਤੇਰੇ ਰਾਮ॥
ਸਭਿ ਗੁਣ ਤੇਰੇ ਠਾਕੁਰ ਮੇਰੇ ਕਿਤੁ ਮੁਖਿ ਤੁਧੁ ਸਾਲਾਹੀ॥
ਗੁਣੁ ਅਵਗੁਣੁ ਮੇਰਾ ਕਿਛੁ ਨ ਬੀਚਾਰਿਆ ਬਖਸਿ ਲੀਆ ਖਿਨ ਮਾਹੀ॥
ਨਉ ਨਿਧਿ ਪਾਈ ਵਜੀ ਵਾਧਾਈ ਵਾਜੇ ਅਨਹਦ ਤੂਰੇ॥
ਕਹੁ ਨਾਨਕ ਮੈ ਵਰੁ ਘਰਿ ਪਾਇਆ ਮੇਰੇ ਲਾਥੇ ਜੀ ਸਗਲ ਵਿਸੂਰੇ॥
ਵਡਸੰਸ ਮਹਲਾ 5---ਪੰਨਾ—577—

ਇਸ ਸ਼ਬਦ ਵਿੱਚ ਆਸਾ ਪੂਰੀ ਹੋਣ ਦੀ ਗੱਲ ਕੀਤੀ ਗਈ ਹੈ। ਪਰ ਸਾਡੀਆਂ ਆਸਾਂ ਕੁੱਝ ਇਹੋ ਜੇਹੀਆਂ ਹਨ ਜਿਨ੍ਹਾਂ ਨੂੰ ਸੁਣ ਕੇ ਹਾਸਾ ਅਉਂਦਾ ਹੈ। ਇੱਕ ਪਰਵਾਰ ਨੇ ਘਰ ਵਿੱਚ ਆਪਣੇ ਬੱਚੇ ਦੇ ਜਨਮ ਦਿਨ ਦੀ ਖੁਸ਼ੀ ਇੱਕ ਪਾਰਟੀ ਦਾ ਪ੍ਰਬੰਧ ਕੀਤਾ ਹੋਇਆ ਸੀ ਅਚਾਨਕ ਜ਼ੋਰਦਾਰ ਮੀਂਹ ਆ ਗਿਆ ਸਾਰੇ ਪਰਵਾਰ ਨੂੰ ਵੱਖਤ ਪੈ ਗਿਆ ਕੇ ਸਾਡੀ ਕੀਤੀ ਹੋਈ ਡੈਕੋਰੇਸ਼ਨ ਖਰਾਬ ਹੋ ਜਾਏਗੀ, ਲੋਕਾਂ ਨੇ ਦੇਖ ਕੇ ਵਾਹ ਵਾਹ ਕਹਿਣਾ ਸੀ ਉਹ ਤੇ ਵਿਚੇ ਹੀ ਰਹਿ ਗਿਆ। ਅਸੀਂ ਹੁਣ ਕੀ ਕਰੀਏ ਲੱਗੇ ਅਰਦਾਸਾਂ ਕਰਨ ਕੇ ਹੇ! ਪਰਮਾਤਮਾ ਜੀਉ ਸਾਡੀ ਆਸ ਪੂਰੀ ਕਰੋ ਪੈ ਰਿਹਾ ਮੀਂਹ ਹੁਣੇ ਹੀ ਬੰਦ ਕਰ ਦਿਉ। ਅਸੀਂ ਤੁਹਾਡੇ ਅਥਾਹ ਸੇਵਕ ਹਾਂ, ਸੇਵਕਾਂ ਦੀ ਲਾਜ ਰੱਖਣੀ ਤੁਹਾਡਾ ਫਰਜ਼ ਬਣਦਾ ਹੈ। ਵੱਸ ਰਿਹਾ ਮੀਂਹ ਹੱਟ ਜਾਏ ਤਾਂ ਅਸੀਂ ਸਮਝਦੇ ਹਾਂ ਕੇ ਸਾਡੀ ਆਸ ਪੂਰੀ ਹੋ ਗਈ ਹੈ।
ਸ਼ਬਦ ਵਿੱਚ ਆਪਣੇ ਆਪ ਨੂੰ ਨਿੰਮ੍ਰਤਾ ਦੇ ਸਰੋਵਰ ਵਿੱਚ ਚੁੱਭੀਆਂ ਮਾਰਨ ਲਈ ਆਖਿਆ ਗਿਆ ਹੈ। ਕਹਿੰਦੇ ਨੇ ਨਿਊਟਨ ਨੇ ਦੁਨੀਆਂ ਨੂੰ ਤਿੰਨ ਲਾਅ ਕਮਾਲ ਦੇ ਦਿੱਤੇ ਨੇ, ਕਿਸੇ ਨੇ ਕਿਹਾ ਨਿਉਟਨ ਤੂੰ ਮਹਾਨ ਏਂ ਕਿਉਂਕਿ ਸੰਸਾਰ ਨੂੰ ਤਿੰਨ ਅਸੂਲ ਅਜੇਹੇ ਦਿੱਤੇ ਹਨ ਜਿਸ ਦੇ ਅਧਾਰ ਤੇ ਹੀ ਵਿਗਿਆਨੀਆਂ ਨੇ ਅਕਾਸ਼ ਰੂਪੀ ਸਮੁੰਦਰ ਵਿੱਚ ਅਥਾਹ ਤਾਰੀਆਂ ਲਾਈਆਂ ਹਨ। ਨਿਉਟਨ ਨੇ ਨਿੰਮਰਤਾ ਦੀ ਛਾਂ ਥੱਲੇ ਬੈਠਦਿਆਂ ਕਿਹਾ “ਭੋਲਿਓ ਇਹ ਕੋਈ ਖਾਸ ਲੱਭਤਾਂ ਨਹੀਂ ਹਨ ਮੈਂ ਤੇ ਅਜੇ ਸਮੁੰਦਰ ਦੇ ਕਿਨਾਰੇ ਤੋਂ ਘੋਗੇ ਸਿੱਪੀਆਂ ਹੀ ਇਕੱਠੀਆਂ ਕਰ ਰਿਹਾ ਹਾਂ। ਸਮੁੰਦਰ ਦੀ ਗਹਿਰਾਈ ਵਿੱਚ ਅਜੇ ਬਹੁਤ ਕੀਮਤੀ ਮੋਤੀ ਪਏ ਹਨ ਜਿਨ੍ਹਾਂ ਦੀ ਗਹਿਰਾਈ ਤੀਕ ਤੇ ਮੈਂ ਪਹੁੰਚਿਆਂ ਹੀ ਨਹੀਂ ਹਾਂ”। ਇਹ ਨਿੰਮਰਤਾ ਦੀ ਮੂੰਹ ਬੋਲਦੀ ਤਸਵੀਰ ਪਰ ਮੀਂਹ ਬੰਦ ਹੋਣ ਦੀ ਅਰਦਾਸ ਕਰਨੀ ਨਿੰਮ੍ਰਤਾ ਨਹੀਂ ਸਗੋਂ ਹਉਮੇ ਭਰਿਆ ਰੱਬ ਜੀ ਨੂੰ ਹੁਕਮ ਹੈ। ਇਸ ਸ਼ਬਦ ਵਿੱਚ ਆਸਾ ਪੂਰੀ ਹੋਣ ਦੀ ਗੱਲ ਕਹੀ ਗਈ ਹੈ। ਉਹ ਆਸਾ ਏ ਅਵਗੁਣ ਦੂਰ ਕਰਕੇ ਗੁਣਾਂ ਦੀ ਪਰਾਪਤੀ ਹੋ ਜਾਏ।
ਪੂਰੀ ਆਸਾ ਜੀ ਮਨਸਾ ਮੇਰੇ ਰਾਮ॥
ਮੋਹਿ ਨਿਰਗੁਣ ਜੀਉ ਸਭਿ ਗੁਣ ਤੇਰੇ ਰਾਮ॥

ਹੇ ਪਰਮਾਤਮਾ ਜੀਉ ਸਾਰੇ ਗੁਣ ਤੁਹਾਡੇ ਹੀ ਹਨ ਮੇਰੇ ਵਿੱਚ ਤਾਂ ਕੋਈ ਵੀ ਗੁਣ ਨਹੀਂ ਹੈ। ਮੇਰੇ ਪਾਸ ਤਾਂ ਅਜੇਹਾ ਇੱਕ ਵੀ ਗੁਣ ਨਹੀਂ ਹੈ ਜਿਸ ਰਾਂਹੀ ਮੈਂ ਤੇਰੇ ਨਾਲ ਮਿਲਾਪ ਕਰ ਸਕਾਂ। ਕਿਸ ਮੂੰਹ ਨਾਲ ਤੇਰੇ ਗੁਣਾਂ ਨੂੰ ਆਖਾਂ ਕੇ ਮੇਰੇ ਵਿਚੋਂ ਅਵਗੁਣ ਖਤਮ ਹੋ ਜਾਣ। ਕੁੱਝ ਇਮਾਰਤਾਂ ਉਹ ਹਨ ਜਿਨ੍ਹਾਂ ਨੂੰ ਬਾਹਰੋਂ ਬਹੁਤ ਚੰਗੀ ਤਰ੍ਹਾਂ ਸਵਾਰਿਆ ਹੋਇਆ ਏ ਪਰ ਅਦੰਰੋਂ ਢੱਠੀਆਂ ਹੋਈਆ ਨੇ, ਉਹਨਾਂ ਇਮਾਰਤਾਂ ਵਿੱਚ ਰਾਤ ਕੱਟਣ ਨੂੰ ਚਿਤ ਨਹੀਂ ਕਰਦਾ। ਜੇ ਉਹਨਾਂ ਨੂੰ ਅੰਦਰੋਂ ਵੀ ਸਵਾਰ ਲਿਆ ਜਾਏ ਤਾਂ ਵਾਕਿਆਂ ਹੀ ਖੁਬਸੂਰਤ ਹੋ ਜਾਣਗੀਆਂ। ਹਰੇਕ ਮਨੁੱਖ ਉਹਨਾਂ ਦੇ ਗੁਣਾਂ ਦੀ ਹੀ ਸਲਾਹੁਤਾ ਕਰੇਗਾ। ਗੁਰ ਵਾਕ ਹੈ---
ਕੋਠੇ ਮੰਡਪ ਮਾੜੀਆਂ ਪਾਸਹੁ ਚਿਤਵੀਆਹਾ॥
ਢਠੀਆਂ ਕੰਮਿ ਨ ਆਵਨੀ ਵਿਚਹੁ ਸਖਣੀਆਹਾ॥
ਸੂਹੀ ਮਹਲਾ---1—ਪੰਨਾ---729--
ਹੇ ਪਰਮਾਤਮਾ ਜੀਓ! ਮੈਂ ਤੇ ਉਸ ਢੱਠੀ ਹੋਈ ਇਮਾਰਤ ਵਰਗਾ ਹਾਂ ਜਿਸ ਦੇ ਅੰਦਰ ਕੋਈ ਵੜਨ ਲਈ ਤਿਆਰ ਨਹੀਂ ਹੈ। ਇਮਾਰਤ ਨੂੰ ਸਵਾਰਨ ਲੱਗੀਦਾ ਹੈ ਤਾਂ ਕਦੇ ਵੀ ਇਮਾਰਤ ਅਗੋਂ ਨਹੀਂ ਬੋਲਦੀ ਕੇ ਮੈਨੂੰ ਕਿਉਂ ਸਵਾਰਨ ਲੱਗੇ ਹੋ। ਇੰਜ ਹੀ ਪਤੀ ਪਤਨੀ ਇੱਕ ਦੂਜੇ ਨੂੰ ਸਮਰਪਤ ਹੋ ਜਾਣ, ਇੱਕ ਦੂਜੇ ਪਾਸੋਂ ਗੁਣ ਲੈਣ ਦੇ ਯਤਨ ਵਿੱਚ ਰਹਿਣ ਤਾਂ ਕਦੇ ਤਕਰਾਰ ਨਹੀਂ ਪੈਦਾ ਹੋ ਸਕਦਾ। ਇਸ ਭਾਵਨਾ ਨੂੰ “ਗੁਣੁ ਅਵਗੁਣੁ ਮੇਰਾ ਕਿਛੁ ਨ ਬੀਚਾਰਿਆ ਬਖਸਿ ਲੀਆ ਖਿਨ ਮਾਹੀ”॥ ਸਿਆਣੀਆਂ ਮਾਤਾਵਾਂ ਪਾਸੋਂ ਅਕਸਰ ਹੀ ਇਹ ਮੁਹਾਵਰਾ ਸੁਣਦੇ ਹਾਂ ਕਿ ਫਲਾਣੀ ਬੀਬੀ ਤਾਂ ਘਿਉ ਦਾ ਘੜਾ ਵੀ ਰੁੜ੍ਹ ਜਾਏ ਤਾਂ ਉਹ ਗੁੱਸੇ ਵਿੱਚ ਨਹੀਂ ਅਉਂਦੀ। ਤਕਨੀਕੀ ਨੁਕਤਾ ‘ਗੁਣੁ ਅਵਗੁਣੁ ਮੇਰਾ ਕਿਛੁ ਨ ਬੀਚਾਰਿਆ’ ਭਾਵ ਵਿਚਾਰ ਨਾ ਕਰਨੀ---ਆਮ ਵਰਤਾਰਾ ਕੁੱਝ ਹੋਰ ਹੈ—ਕੋਈ ਆਦਮੀ ਕਿਸੇ ਦਾ ਕੋਈ ਕੰਮ ਕਰ ਦੇਵੇ ਤਾਂ ਹੋਛੀ ਮਤ ਕਰਕੇ ਹਰ ਵੇਲੇ ਚਿਤਾਰਦੇ ਹੀ ਰਹਿੰਦੇ ਹਾਂ ਫਲਾਣੇ ਸਮੇਂ ਤੇਰਾ ਅਸੀਂ ਕੰਮ ਕੀਤਾ ਸੀ। ਪਰਵਾਰਾਂ ਵਿੱਚ ਅਕਸਰ ਹੀ ਇੱਕ ਗੱਲ ਨੂੰ ਬਾਰ ਬਾਰ ਕਰਕੇ ਫੋਕਟ ਦੀਆਂ ਮੁਸੀਬਤਾਂ ਖੜ੍ਹੀਆਂ ਕਰਦੇ ਰਹਿੰਦੇ ਹਾਂ। ਵਾਧੂ ਦੇ ਅਵਗੁਣਾਂ ਦੀ ਵੀਚਾਰ ਕਰ ਕਰ ਕੇ ਮਾਨਸਿਕ ਤੌਰ ਤੇ ਪਰੇਸ਼ਾਨ ਜਿੱਥੇ ਆਪ ਹੁੰਦੇ ਹਾਂ ਉੱਥੇ ਅਸੀਂ ਦੂਸਰਿਆਂ ਨੂੰ ਵੀ ਪੂਰਾ ਪੂਰਾ ਮਾਨਸਿਕ ਦੁੱਖ ਦੇਣ ਦੇ ਯਤਨ ਵਿੱਚ ਹਮੇਸ਼ਾਂ ਹੀ ਤਤੱਪਰ ਰਹਿੰਦੇ ਹਾਂ। ਫਿਰ ਕਿਸੇ ਆਏ ਮਹਿਮਾਨ ਦੇ ਨਾਲ ਬੈਠ ਕੇ ਵੀ ਨਿਗੂਣੇ ਜੇਹੇ ਦੁਖੜੇ ਫੋਲ ਫੋਲ ਕੇ ਆਪ ਸੱਚੇ ਹੋਣ ਦੇ ਯਤਨ ਵਿੱਚ ਰਹਿੰਦੇ ਹਾਂ। “ਬਖਸਿ ਲੀਆ ਖਿਨ ਮਾਹੀ” ਖਿਮਾ ਕਰਨ ਦੀ ਸੰਜੀਵਨੀ ਬੂਟੀ ਹੈ। ਇਹ ਆਸਾ ਪੂਰੀ ਹੋਣ ਦੀ ਪ੍ਰਤਿਗਿਆ ਏ—ਅਗਲੀ ਤੁਕ ਵਿੱਚ ਸਜਰੀ ਤ੍ਰੇਲ ਵਰਗਾ ਭਿੱਜਿਆ ਹੋਇਆ ਪਿਆਰ ਸੁਨੇਹਾਂ ਹੈ।
ਨਉ ਨਿਧਿ ਪਾਈ ਵਜੀ ਵਾਧਾਈ ਵਾਜੇ ਅਨਹਦ ਤੂਰੇ॥
ਨਉ ਨਿਧ ਦਾ ਅਰਥ ਦੁਨੀਆਂ ਦੀ ਹਰ ਪਰਕਾਰ ਦੀ ਦੌਲਤ, ਪਰ ਏੱਥੇ ਭਾਵ ਅਰਥ ਗਮ੍ਹਾਂ ਸੰਸਿਆ ਤੋਂ ਮੁਕਤ ਹੋ ਕੇ ਚੰਗਿਆਂਈਆਂ ਦੇ ਬੋਹਲ਼ ਨੂੰ ਇਕੱਠਾ ਕਰਨਾ। ਇਸ ਵਾਧੇ ਦੀ ਹਰ ਸਮੇਂ ਤਾਂਘ ਬਣੀ ਰਹਿਣੀ ਤੇ ਇੱਕ ਰਸ ਵਿੱਚ ਵਿਚਰਨ ਦੇ ਯਤਨ ਨੂੰ ਬਣਾਈ ਰੱਖਣ ਦੇ ਵਾਜਿਆਂ ਨੂੰ ਵਜਉਂਦੇ ਰਹਿਣ ਨੂੰ ਪੂਰੀ ਆਸਾ ਤੇ ਮਨਸਾ ਕਿਹਾ ਗਿਆ ਹੈ। ਭੜਕਾਹਟ ਤੋਂ ਰਹਿਤ ਹੋ ਕੇ ਜੀਵਨ ਵਿੱਚ ਇੱਕ ਰਸ ਬਣਾਈ ਰੱਖਣਾ।
ਪੰਜਾਬੀ ਦੇ ਕਈ ਬੜੇ ਪਿਆਰੇ ਮੁਹਾਵਰਿਆਂ ਵਿੱਚ ਆਮ ਗੱਲ ਬਾਤ ਕਰਦਿਆਂ ਕਿਹਾ ਜਾਂਦਾ ਹੈ ਕਿ ਸਾਡੀ ਬੱਚੀ ਨੂੰ ਚੰਗਾ ਵਰ ਘਰ ਮਿਲ ਜਾਏ ਵਿਚਾਰੀ ਸੁੱਖੀ ਰਹੇਗੀ। ਇਹ ਇੱਕ ਬਾਹਰਲੇ ਤਲ ਦੀ ਗੱਲ ਕੀਤੀ ਗਈ ਹੈ। ਪਿੰਸੀਪਲ ਤੇਜਾ ਸਿੰਘ ਜੀ ਘਰ ਦੇ ਸਬੰਧੀ ਲਿਖਦੇ ਹਨ ਕਿ ਘਰ ਉਸ ਨੂੰ ਨਹੀਂ ਕਿਹਾ ਗਿਆ ਜਾਂਦਾ ਜੋ ਇੱਟਾਂ, ਪੱਥਰ, ਲੱਕੜ ਜਾਂ ਸੀਮੰਟ ਦਾ ਬਣਿਆ ਹੋਵੇ, ਘਰ ਤਾਂ ਉਸ ਨੂੰ ਕਿਹਾ ਜਾਂਦਾ ਏ ਜਿਸ ਵਿਚੋਂ ਪਿਆਰ ਸਤਿਕਾਰ ਤੇ ਮੁਹੱਬਤ ਦੀਆਂ ਗੂੜ੍ਹੀਆਂ ਭਾਵਨਾਵਾਂ ਦਾ ਖੁਲ੍ਹ ਕੇ ਪਰਗਟਾਵਾ ਹੁੰਦਾ ਹੋਵੇ। ਏਸੇ ਤਰ੍ਹਾਂ ਦਾ ਹੀ ਮਨੁੱਖ ਨੇ ਅੰਦਰਲੇ ਸੁਭਾਅ ਦੀ ਸਿਰਜਨਾ ਕਰਨੀ ਹੈ। ਘਰ ਤੇ ਵਰ ਜਿੱਥੇ ਦੁਨਿਆਵੀ ਤੌਰ ਤੇ ਪਰਾਪਤ ਕਰਨ ਦੀ ਵਿਵਸਥਾ ਰੱਖੀ ਸਮਝ ਵਿੱਚ ਅਉਂਦੀ ਏ ਓੱਥੇ ਮਨੁੱਖੀ ਸੁਭਾਅ ਵਿੱਚ ਵੀ ਵਰ ਘਰ, ਪਉੜੀ ਦਾ ਅਖਰੀਲਾ ਡੰਡਾ ਹੈ। ਇਸ ਵਰ ਘਰ ਲਈ ਵਿਸੂਰੇ—ਚਿੰਤਾਵਾਂ, ਝੋਰਿਆਂ ਦੀ ਮਾਰ ਤੋਂ ਮਕੰਮਲ ਤੌਰ ਤੇ ਮੁਕਤ ਹੋਣਾ ਏ। “ਕਹੁ ਨਨਾਕ ਮੈ ਵਰੁ ਘਰਿ ਪਾਇਆ ਮੇਰੇ ਲਾਥੇ ਜੀ ਸਗਲ ਵਿਸੂਰੇ”॥ ਇਕ ਦੁਕਾਨ ਤੇ ਬਹੁਤ ਵਧੀਆ ਲਿਖਿਆ ਸੀ “ਜੇ ਸਾਡਾ ਸਮਾਨ ਜਾਂ ਵਿਹਾਰ ਚੰਗਾ ਲੱਗਿਆ ਹੋਵੇ ਤਾਂ ਕਿਸੇ ਹੋਰ ਨੂੰ ਵੀ ਦੱਸਿਆ ਜੇ, ਜੇ ਤੁਹਾਨੂੰ ਕੋਈ ਊਣਤਾਈ ਲੱਗੇ ਤਾ ਸਾਨੂੰ ਅੰਦਰ ਵੜ ਕੇ ਸਮਝਾ ਜਾਇਆ ਜੇ” —ਤੁਹਾਡਾ ਧੰਨਵਾਦ ਹੋਏਗਾ। ਕਿਹਾ ਜਾ ਸਕਦਾ ਹੈ ਕਿ ਪੂਰੀ ਆਸਾ ਮਨਸਾ ਕੇਵਲ ਚਿੜੀਓ ਮਰ ਜਾਓ ਜਾਂ ਜਿਉਂਦੀਆਂ ਹੋ ਜਾਓ ਨਹੀਂ ਇਹ ਤਾਂ ਸਗੋਂ ਇੱਕ ਦੂਜੇ ਨੂੰ ਸਮਝ ਕੇ ਅਦਬ ਸਤਿਕਾਰ ਦੀ ਭਾਵਨਾ ਸਹਿਤ ਅਵਗੁਣ ਚਿਤਾਰਨ ਤੋਂ ਮੁਕਤ ਹੋਣਾ ਹੈ।
ਗੁਰਬਾਣੀ ਵਿੱਚ ਜੋ ਸ਼ਬਦ ਆਏ ਨੇ ਉਹਨਾਂ ਦਾ ਮਹੱਤਵ ਕੇਵਲ ਇਤਨਾ ਹੀ ਨਹੀਂ ਕੇ ਸਮਾਜਿਕ ਰਸਮਾਂ ਦੀ ਪੂਰਤੀ ਕੀਤੀ ਜਾਏ। ਇਹ ਤਾਂ ਨਿਰੋਏ ਪਰਵਾਰ, ਸਮਾਜ ਤੇ ਦੇਸ਼ ਦੀ ਸਿਰਜਣਾ ਕਰਨ ਦੀ ਮੂੰਹ ਬੋਲਦੀ ਤਸਵੀਰ ਹੈ। ਪਰ ਅਸੀਂ ਤਾਂ ਬ੍ਰਹਮਣੀ ਤਰਜ਼ ਤੇ ਪਵਿੱਤਰ ਗੁਰਬਾਣੀ ਨੂੰ ਕਰਮ ਕਾਂਡ ਦੀ ਲੀਹ ਤੇ ਸਹਿਜ ਨਾਲ ਹੀ ਪਾ ਲਿਆ ਹੈ। ਅਨੰਦ ਕਾਰਜ ਦੀ ਮਰਯਾਦਾ ਨੂੰ ਇਕਸਾਰ ਕਰਨ ਲਈ ਸਾਡੇ ਪੁਰਖਿਆ ਨੇ ਇੱਕ ਵਿਧੀ ਵਿਧਾਨ ਬਣਾਇਆ, ਜਿਸ ਦਾ ਨਾਂ ਰੱਖਿਆ ਹੈ ਅਨੰਦ ਸੰਸਕਾਰ____ਜੋ ਕਿ ਪੰਥ ਪਰਵਾਨਤ ਸਿੱਖ ਰਹਿਤ ਮਰਯਾਦਾ ਵਿੱਚ ਅੰਕਤ ਹੈ। ਮੂਲ ਰੂਪ ਇਸ ਪਰਕਾਰ ਹੈ।
(ੳ) ਸਿੱਖ ਸਿੱਖਣੀ ਦਾ ਵਿਆਹ, ਬਿਨਾਂ ਜ਼ਾਤ-ਪਾਤ, ਗੋਤ ਵਿਚਾਰੇ ਹੋਣਾ ਚਾਹੀਏ।
(ਅ) ਸਿੱਖ ਦੀ ਪੁਤਰੀ ਦਾ ਵਿਆਹ ਸਿੱਖ ਨਾਲ ਹੀ ਹੋਵੇ।
(ੲ) ਸਿੱਖ ਦਾ ਵਿਆਹ ‘ਅਨੰਦ’ ਰੀਤੀ ਨਾਲ ਕਰਨਾ ਚਾਹੀਏ।
(ਸ) ਲੜਕੀ ਲੜਕੇ ਦਾ ਵਿਆਹ ਬਚਪਨ ਵਿੱਚ ਕਰਨਾ ਵਿਵਰਜਿਤ ਹੈ।
(ਹ) ਜਦ ਲੜਕੀ ਸਰੀਰ ਮਨ ਤੇ ਅਚਾਰ ਕਰਕੇ ਵਿਆਹ ਕਰਨ ਦੇ ਯੋਗ ਹੋ ਜਾਵੇ, ਤਾਂ ਕਿਸੇ ਯੋਗ ਸਿੱਖ ਨਾਲ ‘ਅਨੰਦ’ ਪੜ੍ਹਾਇਆ ਜਾਏ।
(ਕ) ਅਨੰਦ ਤੋਂ ਪਹਿਲਾਂ ਕੁੜਮਾਈ ਦੀ ਰਸਮ ਜ਼ਰੂਰੀ ਨਹੀਂ, ਪਰ ਜੇ ਕਰਨੀ ਹੋਵੇ ਤਾਂ ਲੜਕੀ ਵਾਲੇ ਕਿਸੇ ਦਿਨ ਸੰਗਤ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਅਰਦਾਸਾ ਸੋਧ ਕੇ ਇੱਕ ਕ੍ਰਿਪਾਨ, ਕੜਾ ਤੇ ਕੁੱਝ ਮਿੱਠਾ ਲੜਕੇ ਦੇ ਪੱਲੇ ਦੇਣ।
(ਖ) ਅਨੰਦ ਦਾ ਦਿਨ ਮੁਕੱਰਰ ਕਰਨ ਲੱਗਿਆਂ ਕੋਈ ਥਿੱਤਿ-ਵਾਰ, ਚੰਗੇ ਮੰਦੇ ਦਿਨ ਦੀ ਖੋਜ ਕਰਨ ਲਈ ਪੱਤ੍ਰੀ ਵਾਚਣਾ ਮਨਮਤ ਹੈ। ਕੋਈ ਦਿਨ ਜੋ ਦੋਹਾਂ ਧਿਰਾਂ ਨੂੰ ਆਪਸ ਵਿੱਚ ਸਲਾਹ ਕਰਕੇ ਚੰਗਾ ਦਿਸੇ, ਨੀਯਤ ਕਰ ਲੈਣਾ ਚਾਹੀਏ।
(ਗ) ਸਿਹਰਾ, ਮੁਕਟ ਜਾਂ ਗਾਨਾ ਬੰਨ੍ਹਣਾ, ਪਿਤਰ ਪੂਜਣੇ, ਕੱਚੀ ਲੱਸੀ ਵਿੱਚ ਪੈਰ ਪਾਉਣਾ, ਬੇਰੀ ਜਾਂ ਜੰਡੀ ਵੱਡਣੀ, ਘੜੋਲੀ ਭਰਨੀ, ਰੁੱਸ ਕੇ ਜਾਣਾ, ਛੰਦ ਪੜ੍ਹਨੇ, ਹਵਨ ਕਰਨਾ ਵੇਦੀ ਗੱਡਣੀ, ਵੇਸਵਾ ਦਾ ਨਾਚ, ਸ਼ਰਾਬ ਆਦਿ ਮਨਮਤਿ ਹੈ।
(ਘ) ਜਿਤਨੇ ਥੋੜ੍ਹੇ ਆਦਮੀ ਲੜਕੀ ਵਾਲਾ ਮੰਗਾਵੇ, ਉਤਨੇ ਨਾਲ ਲੈ ਕੇ ਲੜਕਾ ਸਹਰੇ ਘਰ ਜਾਵੇ। ਦੋਹੀਂ ਪਾਸੀਂ ਗੁਰਬਾਣੀ ਦੇ ਸ਼ਬਦ ਗਾਏ ਜਾਣ ਤੇ ਫਤਹ ਗਜਾਈ ਜਾਵੇ।
(ਙ) ਵਿਆਹ ਵੇਲੇ ਸ੍ਰੀ ਗੁਰੂ ਗ੍ਰੰਥ ਜੀ ਦੇ ਹਜ਼ੂਰ ਦੀਵਾਨ ਲਗੇ। ਸੰਗਤ ਜਾਂ ਰਾਗੀ ਕੀਰਤਨ ਕਰਨ। ਫਿਰ ਲੜਕੀ ਤੇ ਲੜਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਬਿਠਾਏ ਜਾਣ। ਲੜਕੀ ਲੜਕੇ ਦੇ ਖੱਬੇ ਪਾਸੇ ਬੈਠੇ। ਸੰਗਤ ਦੀ ਆਗਿਆ ਲੈ ਕੇ ‘ਅਨੰਦ ਪੜ੍ਹਾਉਣ ਵਾਲਾ ਸਿੱਖ {ਮਰਦ ਜਾਂ ਇਸਤ੍ਰੀ} ਲੜਕੇ ਲੜਕੀ ਅਤੇ ਉਹਨਾਂ ਦਿਆਂ ਮਾਪਿਆਂ ਜਾਂ ਸਰਬਰਾਹਾਂ ਨੂੰ ਖੜਾ ਕਰਕੇ ‘ਅਨੰਦ’ ਦੇ ਅਨੰਦ ਦਾ ਅਰਦਾਸਾ ਸੋਧੇ।
ਫਿਰ ਉਹ ਲੜਕੇ ਲੜਕੀ ਨੂੰ ਗੁਰਮਤਿ ਅਨੁਸਾਰ ਗ੍ਰਹਿਸਤ ਧਰਮ ਦੇ ਫਰਗ਼ਾਂ ਦਾ ਉਪਦੇਸ਼ ਕਰੇ।
ਪਹਿਲਾਂ ਦੋਹਾਂ ਨੂੰ ਸਾਂਝਾ ਉਪਦੇਸ਼ ਕਰੇ। ਜਿਸ ਵਿੱਚ ਸੂਹੀ ਰਾਗ ਦੀਆਂ ਦੇ ਭਾਵ ਅਨੁਸਾਰ ਪਤੀ ਪਤਨੀ ਦੇ ਸਬੰਧ ਨੂੰ ਜੀਵਤ ਪਰਮਾਤਮਾ ਦੇ ਪਿਆਰ ਦੇ ਨਮੂਨੇ ਉੱਤੇ ਢਾਲਣ ਦੀ ਵਿਧੀ ਦੱਸੇ।
ਆਪਸ ਵਿੱਚ ਪ੍ਰੇਮ ਦੁਆਰਾ “ਏਕ ਜੋਤਿ ਦੁਇ ਮੂਰਤੀ” ਹੋਣਾ ਦੱਸੇ ਤੇ ਇਕੁਰ ਗ੍ਰਹਿਸਤ ਧਰਮ ਨਿਬਾਹੁੰਦੇ ਹੋਏ ਆਪਣੇ ਸਾਂਝੇ ਭਰਤਾ ਅਕਾਲ ਪੁਰਖ ਨਾਲ ਇੱਕ ਮਿਕ ਹੋਣਾ ਦ੍ਰਿੜਾਵੇ। ਦੋਹਾਂ ਨੇ ਇਸ ਸੰਜੋਗ ਦੇ ਰਾਂਹੀ ਪਵਿੱਤਰ ਗੁਰਮੁੱਖੀ ਜੀਵਨ ਬਿਤਉਣਾ ਹੈ।
ਫਿਰ ਲੜਕੇ ਲੜਕੀ ਨੂੰ ਆਪੋ ਆਪਣੇ ਗ੍ਰਹਿਸਤ ਧਰਮ ਦੇ ਫਰਜ਼ ਦੱਸੇ ਜਾਣ।
ਵਰ ਨੂੰ ਦੱਸਿਆ ਜਾਵੇ ਕਿ ਲੜਕੀ ਵਾਲਿਆਂ ਨੇ ਤੂਹਾਨੂੰ ਹੀ ਸਭ ਤੋਂ ਵਧੀਕ ਯੋਗ ਜਾਣ ਕੇ ਵਰ ਚੁਣਿਆਂ ਹੈ। ਆਪ ਨੇ ਆਪਣੀ ਪਤਨੀ ਅਰਧੰਗੀ ਜਾਣ ਕੇ ਸਾਰੀਆਂ ਅਵਸਥਾਂ ਵਿੱਚ ਇਕੋ ਜੇਹਾ ਪਿਆਰ ਕਰਨਾ ਹੈ ਤੇ ਵੰਡ ਛੱਕਣਾ ਹੈ। ਏਸ ਦੇ ਸਰੀਰ ਤੇ ਇਜ਼ਤ ਦੇ ਰਾਖੇ ਤੁਸੀਂ ਹੋ। ਇਸਤ੍ਰੀ-ਬਰਤ ਧਰਮ ਵਿੱਚ ਪੱਕੇ ਰਹਿਣਾ। ਇਸ ਦੇ ਮਾਤਾ ਪਿਤਾ ਸਬੰਧੀਆਂ ਨੂੰ ਆਪਣੇ ਮਾਤਾ ਪਿਤਾ ਤੇ ਸਬੰਧੀਆਂ ਤੁੱਲ ਆਦਰ ਦੇਣਾ ਹੈ।
ਕੰਨਿਆ ਨੂੰ ਦੱਸਿਆ ਜਾਏ ਕਿ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸੰਗਤ ਦੇ ਹਜ਼ੂਰ ਇਸ ਸੱਜਣ ਦੇ ਲੜ ਲਾਇਆ ਜਾਂਦਾ ਹੈ। ਆਪ ਇਹਨਾਂ ਦੇ ਨਿਰਮਲ ਭਉ ਵਿੱਚ ਰਹਿੰਦੇ ਹੋਏ ਇਹਨਾਂ ਨੂੰ ਆਪਣੇ ਸਾਰੇ ਪ੍ਰੇਮ ਤੇ ਸ਼ਰਧਾ ਦਾ ਮਾਲਕ ਸਮਝਣਾ, ਦੁਖ-ਸੁਖ, ਦੇਸ਼ ਪ੍ਰਦੇਸ ਵਿੱਚ ਆਪਣੇ ਪਤੀ-ਬ੍ਰਤ ਧਰਮ ਵਿੱਚ ਪੱਕੇ ਰਹਿਣਾ, ਸੇਵਾ ਕਰਨੀ। ਇਹਦੇ ਮਾਤਾ ਪਿਤਾ ਤੇ ਸੰਬੰਧੀਆਂ ਨੂੰ ਮਾਤਾ ਪਿਤਾ ਤੇ ਸੰਬੰਧੀਆਂ ਨੂੰ ਆਪਣੇ ਮਾਤਾ ਪਿਤਾ ਤੇ ਸੰਬੰਧੀਆਂ ਵਾਗ ਜਾਣਨਾ।
ਉਪਦੇਸ਼ ਦੀਆਂ ਗੱਲਾਂ ਪਰਵਾਨ ਕਰਦੇ ਹੋਏ ਵਰ ਤੇ ਕੰਨਿਆਂ ਦੋਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣ। ਫਿਰ ਲੜਕੀ ਦਾ ਪਿਤਾ ਜਾਂ ਮੁੱਖੀ ਸੰਬੰਧੀ ਲੜਕੇ ਦਾ ਪੱਲਾ ਲੜਕੀ ਦੇ ਹੱਥ ਫੜਾਵੇ ਤੇ ਤਾਬਿਆ ਬੈਠਾ ਸਜਣ ਸੂਹੀ ਮਹਲਾ 4 ਵਿੱਚ ਦਿੱਤੀਆਂ ਲਾਂਵਾਂ ਦਾ ਪਾਠ ਸੁਣਾਵੇ। ਹਰੇਕ ਲਾਂਵ ਦਾ ਪਾਠ ਹੋਣ ਮਗਰੋਂ ਅੱਗੇ ਵਰ ਤੇ ਪਿੱਛੇ ਕੰਨਿਆ, ਵਰ ਦਾ ਪੱਲਾ ਫੜ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚਾਰ ਪਰਕਰਮਾ ਕਰਨ। ਪ੍ਰਕਰਮਾ ਕਰਨ ਸਮੇਂ ਰਾਗੀ ਜਾਂ ਸੰਗਤ ਲਾਂਵਾਂ ਨੂੰ ਕਰਮ ਅਨੁਸਾਰ ਸੁਰ ਨਾਲ ਗਾਈ ਜਾਣ ਅਤੇ ਵਰ ਕੰਨਿਆ ਹਰ ਇੱਕ ਲਾਂਵ ਮਗਰੋਂ ਮੱਥਾ ਟੇਕ ਕੇ ਅਗਲੀ ਲਾਂਵ ਸੁਣਨ ਲਈ ਖੜੇ ਹੋ ਜਾਣ। ਉਪਰੰਤ ਉਹ ਮੱਥਾ ਟੇਕ ਕੇ ਆਪਣੀ ਥਾਂ ਤੇ ਬੈਠ ਜਾਣ ਤੇ ਰਾਗੀ ਸਿੰਘ ਜਾਂ ਅਨੰਦ ਕਰਾਉਣ ਵਾਲਾ ਅਨੰਦ ਸਾਹਿਬ ਦੀਆਂ ਪਹਿਲੀਆਂ ਪੰਜ ਪਉੜੀਆਂ ਤੇ ਅੰਤਲੀ ਇੱਕ ਪਉੜੀ ਦਾ ਪਾਠ ਕਰੇ। ਫਿਰ ‘ਅਨੰਦ’ ਦੀ ਸਮਾਪਤੀ ਦਾ ਅਰਦਾਸਾ ਸਧਿਆ ਜਾਵੇ ਤੇ ਕੜਾਹ ਪ੍ਰਸ਼ਾਦ ਵਰਤਾਇਆ ਜਾਏ।
(ਚ) ਅਨਮਤਿ ਵਾਲਿਆ ਦਾ ਅਨੰਦ ਰੀਤੀ ਨਾਲ ਨਹੀਂ ਹੋ ਸਕਦਾ।
 ਲੜਕੇ ਜਾਂ ਲੜਕੀ ਦਾ ਸੰਜੋਗ ਪੈਸਾ ਲੈ ਕੇ ਨਾ ਕਰੇ।
(ਛ) ਜੇ ਬਾਲਕੀ ਦੇ ਮਾਪੇ ਕਦਾਹ ਸਬੱਬ ਪਾਇ ਕੈ ਬਾਲਕੀ ਦੇ ਗ੍ਰਿਹ ਵਿਖੇ ਜਾਣ ਅਤੇ ਓੱਥੇ ਪ੍ਰਸ਼ਾਦ ਤਿਆਰ ਹੋਵੇ, ਤਾਂ ਖਾਣ ਤੋਂ ਸੰਕੋਚਣਾ ਨਹੀਂ। ਅੰਨ ਨਾ ਖਾਣਾ ਸਭ ਭਰਮ ਹੈ। ਖਾਲਸੇ ਨੂੰ ਖਾਣਾ ਖੁਆਲਣਾ, ਸ੍ਰੀ ਗੁਰੂ ਬਾਬੇ ਅਕਾਲ ਪੁਰਖ ਬਖਸ਼ਿਆ ਹੈ। ਬੇਟੀ ਬੇਟੇ ਵਾਲੇ ਆਪਸ ਮੇਂ ਖਾਂਦੇ ਰਹਿਣ, ਏਸੇ ਵਾਸਤੇ ਜੋ ਗੁਰੂ ਨੇ ਦੋਵੇਂ ਸਾਧ ਇੱਕ ਕੀਤੇ ਹੈਨ (ਜ) ਜਿਸ ਇਸਤ੍ਰੀ ਦਾ ਭਰਤਾ ਕਾਲ ਵੱਸ ਹੋ ਜਾਵੇ, ਉਹ ਚਾਹੇ ਤਾਂ ਯੋਗ ਵਰ ਦੇਖ ਕੇ ਪੁਰਨ-ਸੰਜੋਗ ਕਰ ਲਵੇ। ਸਿੱਖ ਦੀ ਇਸਤ੍ਰੀ ਮਰ ਜਾਵੇ ਤਾਂ ਉਸ ਲਈ ਭੀ ਇਹੋ ਹੁਕਮ ਹੈ।
(ਜ) ਪੁਨਰ ਵਿਆਹ ਦੀ ਵੀ ਉਹੋ ਰੀਤ ਹੈ, ਜੋ ਅਨੰਦ ਲਈ ਉਤੇ ਦੱਸੀ ਗਈ ਹੈ।
(ਝ) ਆਮ ਹਾਲਤਾਂ ਵਿੱਚ ਸਿੱਖ ਨੂੰ ਇੱਕ ਇਸਤ੍ਰੀ ਦੇ ਹੁੰਦਿਆਂ ਦੂਜਾ ਵਿਆਹ ਨਹੀਂ ਕਰਨਾ ਚਾਹੀਏ।
ਅੰਮ੍ਰਿਤ ਧਾਰੀ ਸਿੰਘ ਨੂੰ ਚਾਹੀਦਾ ਹੈ ਕਿ ਆਪਣੀ ਸਿੰਘਣੀ ਨੂੰ ਭੀ ਅੰਮ੍ਰਿਤ ਛੱਕਾ ਲਵੇ।
ਅੱਜ ਸਮੇਂ ਨੇ ਐਸਾ ਪੁੱਠਾ ਗੇੜਾ ਖਾਧਾ ਹੈ ਕਿ ਮੈਰਿਜ ਪੈਲਿਸ ਦਾ ਸਭਿਆਚਾਰ ਆਉਣ ਕਰਕੇ ਅਨੰਦ ਕਾਰਜ ਦੀ ਮਹੱਤਤਾ ਨੂੰ ਕੋਈ ਅਹਿਮੀਅਤ ਨਹੀਂ ਦਿੱਤੀੀ ਜਾ ਰਹੀ। ਅਕਸਰ ਦੇਖਣ ਵਿੱਚ ਏਹੀ ਆਉਂਦਾ ਹੈ ਕੇ ਅਨੰਦ ਕਾਰਜ ਦੀ ਮਰਯਾਦਾ ਨੂੰ ਨਾ ਸਮਝਦਿਆਂ ਗੁਰਦੁਆਰੇ ਜਾਣ ਲਈ ਕੋਈ ਸੱਜਣ ਵੀ ਤਿਆਰ ਹੀ ਨਹੀਂ ਹੁੰਦਾ ਸਿਰਫ ਆਏ ਹੋਏ ਪਤਵੰਤੇ ਸੱਜਣ ਮੈਰਿਜ ਪੈਲਿਸਾਂ ਵਿੱਚ ਖਾਣ ਪੀਣ ਤੀਕ ਹੀ ਸੀਮਤ ਹੋ ਜਾਂਦੇ ਹਨ। ਗੁਰਦੁਆਰੇ ਬਹੁਤ ਜਲਦੀ ਇਸ ਮਰਯਾਦਾ ਨੂੰ ਖਤਮ ਕਰਕੇ ਮੈਰਿਜ ਪੈਲਸਾਂ ਵਿੱਚ ਆਉਣ ਦੀ ਦੌੜ ਲੱਗੀ ਹੁੰਦੀ ਹੈ। ਸੁਭਾਗ ਜੋੜੀ ਨੂੰ ਕੋਈ ਢੰਗ ਅਚਾਰ ਦੀ ਗੁਰਮਤਿ ਸਿੱਖਿਆ ਨਹੀਂ ਦਿੱਤੀ ਜਾਂਦੀ। ਕਈ ਤਾਂ ਬੱਚਿਆਂ ਨੂੰ ਇਤਨੇ ਲਾਡਲੇ ਛਿੰਦੇ ਸਮਝਦੇ ਹਨ ਕੇ ਪੂਰਾ ਮਜ਼ਬੂਰ ਕੀਤਾ ਜਾਂਦਾ ਹੈ ਕਿ ਜੀ ਸਾਡੇ ਬੱਚੇ ਤਾਂ ਚੌਂਕੜੀ ਮਾਰ ਕੇ ਬੈਠ ਹੀ ਨਹੀਂ ਸਕਦੇ ਜ਼ਰਾ ਜਲਦੀ ਕਰੋ ਜੀ। ਕਈ ਤਾਂ ਆਪਣੀ ਅਮੀਰੀ ਦਿਖਾਲਣ ਲਈ ਹੀ ਇਹ ਗੱਲ ਕਹੀ ਜਾਣਗੇ।
ਬਾਹਰਲੇ ਮੁਲਕਾਂ ਵਿੱਚ ਅਨੰਦ ਕਾਰਜ ਦੀ ਰਸਮ ਨਿਭਾਈ ਤਾਂ ਜਾਂਦੀ ਹੈ ਗੁਰਦੁਆਰਿਆਂ ਵਿੱਚ ਪਰ ਉਹ ਕਾਨਫਰੰਸ ਦਾ ਰੂਪ ਧਾਰਨ ਕਰ ਜਾਂਦੀ ਹੈ ਤੇ ਆਪਣੀਆਂ ਹੀ ਸਿਫਤਾਂ ਦੇ ਪੁੱਲ਼ ਬੰਨਣ ਤਕ ਸੀਮਤ ਹੋ ਕੇ ਰਹਿ ਜਾਂਦੀ ਹੈ। ਕਈ ਤਾਂ ਗੋਰਿਆਂ ਨੂੰ ਸੱਦ ਕੇ ਲਿਆਉਂਦੇ ਹਨ ਤੇ ਫਿਰ ਉਹਨਾਂ ਨੂੰ ਆਪਣੀ ਸਿਫਤ ਲਿਖ ਕੇ ਦੇਣਗੇ ਉਹ ਵਿਚਾਰੇ ਜੋ ਮੂੰਹ ਆਇਆ ਬੋਲਕੇ ਤੁਰਦੇ ਬਣਦੇ ਹਨ। ਗੁਰਮਤਿ ਦੀ ਗੱਲ ਬਹੁਤ ਹੀ ਘੱਟ ਕੀਤੀ ਜਾਂਦੀ ਹੈ ਅਜੇਹੇ ਸ਼ੁਭ ਸਮਿਆਂ ਤੇ ਆਪਣੇ ਪਰਵਾਰ ਦੀ ਸਿਫਤ ਸੁਣਨ ਦੀ ਵੱਡੀ ਖਾਹਸ਼ ਪੂਰੀ ਹੁੰਦੀ ਹੈ।
ਕੁੱਝ ਗੁਰਦੁਆਰਿਆਂ ਵਿੱਚ ਇਸ ਮਰਯਾਦਾ ਨੂੰ ਬੜੀ ਹੀ ਖੁਬਸੂਰਤੀ ਨਾਲ ਨਿਭਾਇਆ ਜਾਂਦਾ ਹੈ ਉਹਨਾਂ ਨੂੰ ਮੁਬਾਰਕ ਹੈ ਅੱਜ ਸਾਨੂੰ ਖਾਲਸਾ ਪੰਥ ਦਾ ਨਿਆਰਾ ਪਨ ਕਾਇਮ ਰੱਖਣ ਦੀ ਜ਼ਰੂਰਤ ਹੈ। ਗੁਰਬਾਣੀ ਲੋਅ ਵਿੱਚ ਬਣਾਈ ਰਹਿਤ ਮਰਯਾਦਾ ਦੀ ਸਿੱਖਿਆ ਅਨੁਸਾਰ ਅਨੰਦ ਕਾਰਜ ਦੀ ਮਰਯਾਦਾ ਨਿਬਾਹੁੰਣੀ ਚਾਹੀਦੀ ਹੈ। ਬੇ-ਲੋੜੀਆਂ ਤੇ ਅਨਮਤ ਵਾਲੀਆਂ ਰਸਮਾਂ ਤੋਂ ਬਚਣਾ ਚਾਹੀਦਾ ਹੈ।
ਰਹਿਤ ਮਰਯਾਦਾ ਦੀ ਮਹਾਨਤਾ ਨੂੰ ਨਾ ਸਮਝਦਿਆ ਹੋਇਆਂ ਚੁੰਨੀ ਚੜਾਉਂਣ ਦੀ ਰਸਮ, ਜੈ-ਮਾਲਾ ਦੀ ਰਸਮ ਤੇ ਰਿੰਗ ਸੈਰੇਮਨੀ ਵਰਗੀਆਂ ਰੀਤਾਂ ਨੇ ਜਨਮ ਲੈ ਲਿਆ ਹੈ। ਪੰਥ ਨੂੰ ਸੁਚੇਤ ਹੋਣ ਦੀ ਲੋੜ ਹੈ। ਬੇ-ਲੋੜੀਆਂ ਰਸਮਾਂ ਦੇ ਪਿੱਛੇ ਵੱਡੀ ਪੱਧਰ ਤੇ ਲੈਣ ਦੇਣ ਦੀਆਂ ਰਸਮਾਂ ਛੁੱਪੀਆਂ ਪਈਆਂ ਹਨ ਜਿਸ ਨੂੰ ਦਾਜ ਦੀ ਸੰਗਿਆ ਦਿੱਤੀ ਜਾ ਸਕਦੀ ਹੈ। ਇਹ ਦੈਂਤ ਇਤਨਾਂ ਭਿਆਨਕਤਾ ਦਾ ਰੂਪ ਧਾਰਨ ਕਰ ਚੁੱਕਾ ਹੈ ਕਿ ਇਸ ਦੀ ਜ਼ੁਲਮੀ ਦਾੜ ਤੋਂ ਬਚਣ ਲਈ ਪੰਜਾਬ ਦੀ ਧਰਤੀ ਤੇ ਭਰੂਣ ਹੱਤਿਆ ਨੇ ਜਨਮ ਲੈ ਲਿਆ ਹੈ, ਧੀ ਨਾ ਜੰਮੇ ਤੇ ਨਾ ਹੀ ਦਾਜ ਦੇਣਾ ਪਏ; ਇਸ ਲਈ ਧੀ ਨੂੰ ਜੰਮਣ ਤੋਂ ਪਹਿਲਾਂ ਹੀ ਖਤਮ ਕਰ ਦੇਣ ਵਿੱਚ ਭਲਾ ਸਮਝਿਆ ਜਾ ਰਿਹਾ ਹੈ। ਧੀ ਦੇ ਸਨਮਾਨ ਪ੍ਰਤੀ ਦਿੱਲ ਨੂੰ ਹੂਕ ਪਉਣ ਵਾਲੀਆਂ ਡਾਕਟਰ ਪਿਸ਼ੋਰਾ ਸਿੰਘ ਜੀ ਢਿਲੋਂ ਕੈਲੇਫੋਰਨੀਆ ਵਾਲਿਆਂ ਨੇ ਬੜੀਆਂ ਸੁੰਦਰ ਸਤਰਾਂ ਲਿਖੀਆਂ ਹਨ:----
ਜੇ ਪੁੱਤਰ ਹੱਟਾਂ ਤੇ ਨਹੀਂ ਵਿਕਦੇ, ਧੀਆਂ ਨਾ ਮਿਲਣ ਬਜ਼ਾਰ ਕੁੜੇ।
ਇਹ ਸੌਦਾ ਸੱਚਾ ਸੌਦਾ ਨੀ, ਇਹ ਨਕਦ ਨਾ ਮਿਲੇ ਉਧਾਰ ਕੁੜੇ।
ਇੱਕ ਸਿੱਕੇ ਦੇ ਦੋ ਪਾਸੇ ਨੀ, ਇਕੋ ਟਕਸਾਲ ਤਰਾਸੇ ਨੀ;
ਦੋਹਾਂ ਦੀ ਹੋਂਦ ਬਰਾਬਰ ਨੀ, ਤਾਂ ਚਲਦਾ ਕਾਰ ਵਿਹਾਰ ਕੁੜੇ।
ਪੁੱਤਰ ਜੇ ਆਨ ਘਰਾਂ ਦੀ ਨੀ, ਧੀਆਂ ਈਮਾਨ ਗਰਾਂ ਦੀ ਨੀ,
ਕਿਉਂ ਹੱਤਿਆ ਫੇਰ ਭਰੂਨਾਂ ਦੀ, ਧ੍ਰਿਗ ਐਸਾ ਵਿਵਹਾਰ ਕੁੜੇ।
ਪੁੱਤਾਂ ਬਿਨ ਵੇਲ ਜੇ ਵੱਧਦੀ ਨਹੀਂ, ਧੀਆਂ ਬਿਨ ਫੁਲਦੀ ਫਲਦੀ ਨਹੀਂ,
ਕਿਚਰ ਕੁ ਉਹ ਬਾਗ ਸਲਾਮਤ ਨੀ, ਜਿਦ੍ਹੀ ਚੁਣ ਚੁਣ ਖਾਣੀ ਵਾੜ ਕੁੜੇ।
ਜੇ ਸਰਵਣ ਪੁੱਤ ਡਿੰਗੋਰੀ ਨੀ, ਧੀਆਂ ਦੀ ਦੇਣ ਵਧੇਰੀ ਨੀ,
ਧੀਆਂ ਸਿਰ ਬਹੁਤੇ ਵੱਸੇ ਨੀ, ਨਵ ਦੁਨੀਆਂ ਵਿੱਚ ਬਹੁਤੇ ਪਰਵਾਰ ਕੁੜੇ।
ਥੱਕ ਇਹ ਬੇ-ਕਿਰਕ ਸਮਾਜ ਕੁੜੇ, ਧੀਆਂ ਸੰਗ ਪਾਸਕ ਸਮਾਜ ਕੁੜੇ,
ਮਾਵਾਂ ਲਈ ਮਿੱਠਾ ਮਹੁਰਾ ਨੀ, ਪਿਉ ਸਿਰ ਤੇ ਭਾਰ ਪਹਾੜ ਕੁੜੇ।
ਕਿੰਜ ਧੀ ਕਮਜ਼ੋਰ ਨਿਮਾਣੀ ਨੀ, ਜੋ ਭਾਗੋ ਨੀ ਜੋ ਭਾਨੀ ਨੀ,
ਇਹ ਝਾਂਸੀ ਦੀ ਸਰਦਾਰ ਕੁੜੇ, ਇਹ ਉੱਡਣਹਾਰ ਪੁਲਾੜ ਕੁੜੇ।
ਪ੍ਰੋ. ਗੁਰਬਚਨ ਸਿੰਘ ਥਾਈਲੈਂਡ ਵਾਲੇ ---- 144, ਫੇਸ ਨੰਬਰ 1 ਅਰਬਨ ਅਸਟੇਟ,
ਡੂਗਰੀ ਰੋਡ, ਲੁਧਿਆਣਾ, ਪੰਜਾਬ
ਟੈਲੀਫੂਨ ਨੰਬਰ 91—161—2496635 – ਮੁਬਾਇਲ 91 98 761 00444 --




.