ਗੁਰਬਾਣੀ ਵਿਚ ਪੌਰਾਣਕ ਕਥਾਵਾਂ
(ਕਿਸ਼ਤ ਨੰ: 34)
ਪ੍ਰੋ: ਇੰਦਰ
ਸਿੰਘ ‘ਘੱਗਾ’
ਪਾਂਡਵ:- ਪਾਂਡੂ ਰਾਜੇ ਦਾ
ਵੰਸ ਪਾਂਡਵਾਂ ਦੀ ਉਤਪਤੀ ਦਾ ਪ੍ਰਸੰਗ, ਮਹਾਂਭਾਰਤ ਆਦਿ ਗ੍ਰੰਥਾਂ ਵਿੱਚ ਇਉਂ ਲਿਖਿਆ ਹੈ- ਚੰਦਰਵੰਸੀ
ਰਾਜਾ ਸਾਂਤਨੂੰ ਦਾ ਪੁੱਤਰ, ਵਚਿੱਤਰ ਵੀਰਯ ਭਿਆਨਕ ਰੋਗ ਨਾਲ ਜੁਆਨੀ ਵਿੱਚ ਹੀ ਮਰ ਗਿਆ। ਉਸ ਦੀਆਂ
ਦੋ ਪਤਨੀਆਂ, ਅੰਬਿਕਾ ਤੇ ਅੰਬਾਲਿਕਾ, ਬਿਨਾਂ ਔਲਾਦ ਦੇ ਵਿਧਵਾ ਹੋ ਗਈਆਂ। ਇਸ ਤੋਂ ਵਚਿੱਤਰ ਵੀਰਯ
ਦੀ ਮਾਂ ਸਰਸਵਤੀ ਨੇ ਆਪਣੇ ਪਹਿਲੇ ਪੁੱਤਰ ਬਿਆਸ ਨੂੰ ਸੱਦਿਆ। ਸਰਸਵਤੀ ਦਾ ਵਿਆਹ ਹੋਣ ਤੋਂ ਪਹਿਲਾਂ
ਪ੍ਰਾਸਰ ਰਿਸ਼ੀ ਨਾਲ ਸੰਜੋਗ ਕਰਨ ਤੇ ਬਿਆਸ ਦਾ ਜਨਮ ਹੋਇਆ ਸੀ। ਮਾਤਾ ਦੀ ਆਗਿਆ ਪਾ ਕੇ “ਨਿਯੋਗ ਰੀਤੀ
ਨਾਲ” ਦੋਵਾਂ ਤੋਂ ਔਲਾਦ ਪੈਦਾ ਕੀਤੀ। ਅੰਬਿਕਾ ਨੇ ਬਿਆਸ ਦਾ ਰੂਪ ਵੇਖ ਕੇ ਅੱਖਾਂ ਬੰਦ ਕਰ ਲਈਆਂ
ਇਸੇ ਕਾਰਨ ਧ੍ਰਿਧ੍ਰਾਸ਼ਟਰ ਅੰਨ੍ਹਾ ਪੁੱਤਰ ਪੈਦਾ ਹੋਇਆ। ਅੰਬਾਲਿਕਾ ਦਾ ਸ਼ਰਮਾਂਦਿਆਂ ਰੰਗ ਪੀਲਾ ਪੈ
ਗਿਆ। ਇਸੇ ਕਾਰਨ ਪੀਲੇ ਰੰਗ ਵਾਲਾ ਪਾਂਡੂ ਪੁੱਤਰ ਜਨਮਿਆ। ਭੀਸ਼ਮ ਪਿਤਾਮਾ ਨੇ ਪਾਂਡੂ ਦਾ ਵਿਆਹ
ਕੁੰਤੀ ਅਤੇ ਮਾਦਰੀ ਨਾਲ ਕੀਤਾ। ਅੰਨ੍ਹਾ ਧ੍ਰਿਧ੍ਰਾਸਟਰ ਰਾਜਾ ਨਹੀਂ ਬਣ ਸਕਦਾ ਸੀ, ਇਸ ਲਈ ਪਾਂਡੂ
ਰਾਜਾ ਬਣਿਆ। ਇੱਕ ਵਾਰੀ ਕਿਮਿੰਦਯ ਰਿਸ਼ੀ ਹਿਰਨ ਦਾ ਰੂਪ ਧਾਰ ਕੇ ਆਪਣੀ ਪਤਨੀ (ਹਿਰਨੀ) ਨਾਲ ਸੰਭੋਗ
ਕਰ ਰਿਹਾ ਸੀ। ਐਨ ਇਸੇ ਮਿਲਾਪ ਸਮੇਂ ਪਾਂਡੂ ਰਾਜੇ ਨੇ ਸ਼ਿਕਾਰ ਕਰਦਿਆਂ ਹਿਰਨ ਨੂੰ ਤੀਰ ਮਾਰਿਆ।
ਰਿਸ਼ੀ ਨੇ ਮਰਨ ਤੋਂ ਪਹਿਲਾਂ ਕ੍ਰੋਧਤ ਹੋ ਕੇ ਪਾਂਡੂ ਰਾਜੇ ਨੂੰ ਸਰਾਪ ਦੇ ਦਿੱਤਾ ਕਿ ਜਦੋਂ ਪਾਂਡੂ
ਇਸਤਰੀ ਸੰਗ ਕਰੇਗਾ, ਤੁਰੰਤ ਮਰ ਜਾਵੇਗਾ। ਸਰਾਪ ਦੇ ਡਰ ਕਾਰਣ ਰਾਜਾ, ਰਾਣੀਆਂ ਦੇ ਸਾਥ ਤੋਂ ਦੂਰ
ਰਹਿਣ ਲੱਗਾ। ਫਿਕਰ ਭੀ ਬਹੁਤ ਕਰਨ ਲੱਗਾ ਕਿ ਪੁੱਤਰ ਤੋਂ ਬਿਨਾਂ ਵੰਸ ਕਿਵੇਂ ਚੱਲੇਗੀ। ਪਤੀ ਨੂੰ
ਚਿੰਤਾਤੁਰ ਵੇਖ ਕੇ ਕੁੰਤੀ ਨੇ ਕਿਹਾ ਕਿ ਮੇਰੇ ਕੋਲ ਦੇਵਤਿਆਂ ਨੂੰ ਵਸ ਕਰਨ ਦੇ ਮੰਤਰ ਹਨ। ਕਿਸੇ ਭੀ
ਦੇਵਤੇ ਨੂੰ ਬੁਲਾਕੇ ਮੈਂ ਪੁੱਤਰ ਪੈਦਾ ਕਰ ਸਕਦੀ ਹਾਂ। ਪਤੀ ਦੀ ਆਗਿਆ ਪਾ ਕੇ ਕੁੰਤੀ ਨੇ ਧਰਮਰਾਜ
ਨੂੰ ਬੁਲਾ ਕੇ ਯੁਧਿਸ਼ਟਰ, ਪੌਣ ਤੋਂ ਭੀਮ, ਇੰਦਰ ਤੋਂ ਅਰਜਣ ਪੈਦਾ ਕੀਤਾ। ਅਪਣੀ ਸੌਕਣ ਮਾਦਰੀ ਲਈ
ਅਸ਼ਵਨੀ ਕੁਮਾਰ ਦੇਵਤੇ ਬੁਲਾਏ, ਜਿਨ੍ਹਾਂ ਤੋਂ ਨਕੁਲ ਤੇ ਸਹਿਦੇਵ ਪੈਦਾ ਹੋਏ। ਇਹ ਪੰਜੇ ਪਾਂਡੂ ਦੇ
ਖੇਤਰਜ ਪੁੱਤਰ, ਪਾਂਡੂ ਨਾਮ ਤੋਂ ਪਰਸਿੱਧ ਹੋਏ। ਭੀਸ਼ਮ ਪਿਤਾਮਾ ਨੇ ਇਹਨਾਂ ਦੀ ਪਾਲਣਾ ਕੀਤੀ। ਦ੍ਰੋਣ
ਅਚਾਰੀਆ ਨੇ ਸ਼ਸ਼ਤਰ, ਅਸ਼ਤਰ ਵਿੱਦਿਆ ਵਿੱਚ ਨਿਪੁੰਨ ਕੀਤੇ। ਧ੍ਰਿਧ੍ਰਾਸ਼ਟਰ ਦੀ ਔਲਾਦ ਕੁਰੂਵੰਸ ਅਖਵਾਈ,
ਪਾਂਡਵਾਂ ਦੀ ਸ਼ਾਖ ਵੱਖਰੀ ਹੋ ਗਈ। ਪਹਿਲਾਂ ਸਾਰੇ ਹੀ ਕੁਰੂ ਵੰਸੀ ਅਖਵਾਉਂਦੇ ਸਨ। ਕੌਰਵਾਂ ਦੀ
ਰਾਜਧਾਨੀ ਹਸਤਨਾਪੁਰ ਤੇ ਪਾਂਡਵਾਂ ਦੀ ਰਾਜਧਾਨੀ ਇੰਦਰ ਪ੍ਰਸਥ ਬਣੀ। (ਮਹਾਨ ਕੋਸ਼, ਪੰਨਾ-761)
ਵਿਚਾਰ:- ਭਾਵੇਂ ਪਾਂਡਵਾਂ ਕੌਰਵਾਂ ਦੇ ਪਰਸੰਗ ਵਾਲਾ ਮਹਾਂਭਾਰਤ ਗਰੰਥ ਬਹੁਤ ਪ੍ਰਸਿੱਧ ਹੈ।
ਬਹੁਤ ਲੰਮੇ ਅਰਸੇ ਤੋਂ ਇਸ ਦੀਆਂ ਕਹਾਣੀਆ ਜਨਜੀਵਨ ਵਿੱਚ ਪ੍ਰਚੱਲਤ ਹਨ। ਇਹਨਾਂ ਦੇ ਸਾਂਗ ਬਣਾ ਕੇ
ਬਹੁਤ ਸਾਰੇ ਲੋਕਾਂ ਵੱਲੋਂ ਨਾਟਕ ਭੀ ਕੀਤੇ ਜਾਇਆ ਕਰਦੇ ਸਨ। ਫਿਰ ਭੀ ਜਿਵੇਂ ਇਹ ਕਹਾਣੀ ਲਿਖੀ ਜਾਂ
ਬਿਆਨ ਕੀਤੀ ਗਈ ਹੈ, ਸੱਚਾਈ ਤੋਂ ਕੋਹਾਂ ਦੂਰ ਹੈ। ਲੱਗਭਗ ਸਾਰੇ ਪ੍ਰਮੁੱਖ ਪਾਤਰਾਂ ਦੀ ਪੈਦਾਇਸ਼ ਗੈਰ
ਕੁਦਰਤੀ ਹੈ। ਉਹਨਾਂ ਦੇ ਕੰਮ ਕਰਨ ਦੇ ਤਰੀਕੇ ਅਣ ਵਿਗਿਆਨਕ ਹਨ। ਉਹਨਾਂ ਵੱਲੋਂ ਜੰਗ ਵਿੱਚ ਵਰਤੇ
ਹਥਿਆਰ ਅਤੇ ਮਾਰੂ ਸ਼ਕਤੀ ਨਿਰੀ ਅਤਿਕਥਨੀ ਕਹੀ ਜਾ ਸਕਦੀ ਹੈ। ਫਿਰ ਇਹ ਜ਼ਮੀਨ ਜਾਂ ਰਾਜਵੰਡ ਲਈ
ਭਰਾਵਾਂ ਵਿਚਕਾਰ ਹੋਈ ਜੰਗ ਸੀ। ਜਿਸ ਵਿੱਚ ਦੋਵਾਂ ਧਿਰਾਂ ਦੇ ਅਣਗਿਣਤ ਵਿਅਕਤੀ ਮਾਰੇ ਗਏ। ਅਜਿਹੀਆਂ
ਭਰਾ ਮਾਰੂ ਜੰਗਾਂ ਤਾਂ ਸਦਾ ਹੀ ਚੱਲਦੀਆਂ ਰਹਿੰਦੀਆਂ ਹਨ। ਬੜੀ ਹੈਰਾਨੀ ਦੀ ਗੱਲ ਹੈ ਭੀਸ਼ਮ ਪਿਤਾਮਾ,
ਗੰਗਾ ਦਰਿਆ ਦਾ ਪੁੱਤਰ ਸੀ। ਜਦੋਂ ਗੰਗਾ ਇਸਤਰੀ ਬਣ ਕੇ ਰਾਜਾ ਸਾਂਤਨੂੰ ਨਾਲ ਵਿਆਹ ਕਰਵਾਕੇ ਰਾਜੇ
ਦੀ ਪਤਨੀ ਬਣ ਗਈ ਸੀ। ਫਿਰ ਸਾਂਤਨੂੰ ਰਾਜੇ ਦੇ ਦੂਜੇ ਦੋਵੇਂ ਪੁੱਤਰ ਬਿਨਾਂ ਔਲਾਦ ਪੈਦਾ ਕੀਤੇ ਤੋਂ
ਮਰ ਗਏ। ਇਥੇ ਭੀ ਦੋਵੇਂ ਪਾਂਡੋ ਭਰਾ ਤੀਜਾ ਦਾਸੀ ਦੇ ਗਰਭ ਤੋਂ ਜਨਮਿਆਂ ਵਿਦੁਰ, ਆਪਦੇ ਅਸਲੀ ਪਿਤਾ
ਦੇ ਪੁੱਤਰ ਨਹੀਂ ਸਨ। “ਮਾਂਗਵੇਂ’’ ਪਿਤਾ ਨੇ ਪੈਦਾ ਕੀਤੇ ਸਨ। ਅੱਗੋਂ ਪਾਂਡੂ ਰਾਜੇ ਨੂੰ “ਸਰਾਪ’’
ਨੇ ਤਬਾਹ ਕਰ ਦਿੱਤਾ। ਕਿਉਂਕਿ ਇੱਕ “ਰਿਸ਼ੀ” (?) ਹਿਰਨ ਬਣ ਗਿਆ ਤੇ ਆਪਣੀ ਪਤਨੀ ਨੂੰ ਹਿਰਨੀ ਬਣਾ
ਲਿਆ। ਸਰੀਰਿਕ ਸਬੰਧ ਕਰਨ ਲੱਗੇ। ਸ਼ਿਕਾਰ ਦੀ ਲਾਲਸਾ ਵਿੱਚ ਹਿਰਨ ਜਾਣਕੇ ਪਾਂਡੂ ਨੇ ਤੀਰ ਚਲਾ
ਦਿੱਤਾ। ਰਿਸ਼ੀ ਮਰਨ ਤੋਂ ਪਹਿਲਾਂ ਸਰਾਪ ਦੇ ਕੇ ਬਰਬਾਦ ਕਰ ਗਿਆ। ਪਾਂਡੂ ਖਾਨਦਾਨ ਨੂੰ। ਉਸ ਤੋਂ
ਮਗਰੋਂ ਪਾਂਡੂ ਰਾਜਾ ਸਖਤ ਪ੍ਰਸ਼ਾਨ ਹੋ ਗਿਆ। … …
ਕਿਆ ਲਾਜੁਆਬ “ਵਿਗਿਆਨਕ ਨਜ਼ਰੀਆ” ਪੇਸ਼ ਕੀਤਾ ਗਿਆ ਹੇ ਰਿਸ਼ੀ ਨੂੰ ਪਤਨੀ ਨਾਲ ਸੇਜ ਸਾਂਝ ਵਾਸਤੇ
ਮਨੁੱਖਾ ਸਰੀਰ ਫਿੱਟ ਨਹੀਂ ਬੈਠਿਆ। ਜਾਨਵਰ ਬਣਨਾ ਬੇਹਤਰ ਪ੍ਰਤੀਤ ਹੋਇਆ। ਸਾਰੇ ਜੀਵਾਂ ਦਾ ਸ਼੍ਰੋਮਣੀ
ਜੀਵ ਇਨਸਾਨ ਹੈ। ਬਾਕੀ ਸਾਰੇ ਜੀਵ ਇਸ ਦੀ ਸਰਦਾਰੀ ਵਿੱਚ ਹਨ। ਰਿਸ਼ੀ ਜੀ ਨੇ ਆਪਣੇ ਬ੍ਰਹਮ ਗਿਆਨ
ਵਿਚੋਂ ਇਹੀ ਖੋਜ ਕੀਤੀ ਕਿ ਮਨੁੱਖ ਹੋਣਾ ਖਾਸ ਕੀਮਤੀ ਨਹੀਂ ਹੈ। ਖੁਦ ਜਾਨਵਰ ਬਣੋ, ਪਤਨੀ ਨੂੰ
ਜਾਨਵਰ ਬਣਾਓ, ਤੇ ਰੰਗ ਰਲੀਆਂ ਮਨਾਓ। ਜਦੋਂ ਜੀਅ ਚਾਹੇ ਪਸ਼ੂ ਤੋਂ ਮਨੁੱਖ ਬਣੋ ਤੇ ਸ਼ਿਕਾਰੀ ਨੂੰ
ਨਾਨੀ ਚੇਤੇ ਕਰਵਾ ਦਿਓ। ਰਿਸ਼ੀਆਂ ਦਾ ਸਾਰੇ ਹਿੰਦੂ ਸਾਹਿਤ ਵਿੱਚ ਇਹੀ ਕਿਰਦਾਰ ਰਿਹਾ ਹੈ। ਲੰਮੇ
ਸਮੇਂ ਦੀ ਉਡੀਕ ਤੋਂ ਬਾਦ ਕੁੰਤੀ ਨੇ ਬੜਾ ਇੱਜ਼ਤਦਾਰ ਰਾਹ ਖੋਜਿਆ। ਪਾਂਡੂ ਰਾਜੇ ਦੀ ਸਹਿਮਤੀ ਨਾਲ
“ਮੰਤਰਾਂ ਦੀ ਸ਼ਕਤੀ” ਵਰਤ ਕੇ ਪਹਿਲਾਂ “ਧਰਮ ਰਾਜ” ਨੂੰ ਬੁਲਾਇਆ। ਉਸ ਤੋਂ ਯੋਧਿਸ਼ਟਰ ਪੁੱਤਰ ਪ੍ਰਾਪਤ
ਕੀਤਾ। ਦੂਜੀ ਵਾਰ “ਇੰਦਰ” ਨੂੰ ਸੱਦਾ ਦਿੱਤਾ, ਉਸ ਚਾਈਂ ਚਾਈਂ ਆ ਕੇ ਦੂਜਾ ਪੁੱਤਰ ਅਰਜਣ ਬਖ਼ਸ਼
ਦਿੱਤਾ। ਤੀਜੀ ਵਾਰ “ਪਉਣ” ਦੇਵਤਾ ਜੀ ਬੁਲਾਏ ਗਏ, ਉਹ ਕਿਵੇਂ ਇਨਕਾਰ ਕਰ ਸਕਦੇ ਸਨ? ਝੱਟਪਟ ਆ ਹਾਜ਼ਰ
ਹੋਏ, ਤੀਸਰਾ ਅਤੀ ਸ਼ਕਤੀਸ਼ਾਲੀ ਕਾਕਾ, ਭੀਮ ਬਖਸ਼ ਦਿੱਤਾ। ਪਰਉਪਕਾਰ ਦੀ ਸ਼ਾਖਸ਼ਾਤ ਮੂਰਤੀ ਕੁੰਤੀ, ਖੁਦ
ਤਿੰਨ ਪੁੱਤਰ ਪ੍ਰਾਪਤ ਕਰ ਲਵੇ ਤੇ ਸੌਕਣ ਮਾਦਰੀ ਬਾਂਝ ਰਹਿ ਜਾਵੇ? ਇਹ ਤਾਂ ਸਰਾਸਰ ਕਾਣੀ ਵੰਡ ਸੀ।
ਇਸ ਲਈ ਆਪਣੇ ਮੰਤਰਾਂ ਦੀ ਸ਼ਕਤੀ ਨਾਲ ਬ੍ਰਹਮਾ ਦੇ ਪੁੱਤਰ ਅਸ਼ਵਨੀ ਕੁਮਾਰਾਂ ਨੂੰ ਬੁਲਾਇਆ ਤੇ ਮਾਦਰੀ
ਉਹਨਾਂ ਦੇ ਹਵਾਲੇ ਕਰ ਦਿੱਤੀ ਗਈ। …. ਉਹ ਦੋਵੇਂ ਨੌਜਵਾਨ ਮਾਦਰੀ ਨੂੰ ਇੱਕ ਇੱਕ ਬੇਟਾ, ਨਕੁਲ ਅਤੇ
ਸਹਿਦੇਵ ਦੇ ਕੇ ਨਿਹਾਲ ਕਰ ਗਏ। ਇਸ ਤਰ੍ਹਾਂ ਅੱਗੇ ਪਾਂਡੂ ਰਾਜੇ ਦੀ “ਬੰਸ” ਚਲਦੀ ਰਹਿ ਗਈ। ਉਂਞ
ਜਦੋਂ ਕੁੰਤੀ ਅਜੇ ਕੰਵਾਰੀ ਸੀ, ਉਸ ਸਮੇਂ ਇਸ ਨੇ “ਮੰਤਰ ਸ਼ਕਤੀ” ਦੁਆਰਾ ਸੂਰਜ ਨੂੰ ਆਪਣੇ ਕੋਲ ਬੁਲਾ
ਲਿਆ ਸੀ। ਕੁੱਝ ਦਿਨ ਉਸ ਨਾਲ ਪਿਆਰ ਪੀਂਘਾਂ ਝੂਟਦੀ ਰਹੀ। ਪਤਾ ਉਦੋਂ ਲੱਗਾ ਜਦੋਂ ਗਰਭਵਤੀ ਹੋ ਗਈ।
ਸੂਰਜ ਨੂੰ ਫਿਟਕਾਰਾਂ ਪਾਉਣ ਲੱਗੀ। ਸੂਰਜ ਨੇ ਧਰਵਾਸ ਦਿੱਤਾ ਕਿ ਤੂੰ ਇਸ ਬੱਚੇ ਨੂੰ ਕਿਧਰੇ ਸੁੱਟ
ਦੇਵੀਂ ਕਿਸੇ ਨੂੰ ਪਤਾ ਨਹੀਂ ਲੱਗੇਗਾ। ਮੈਂ ਤੈਨੂੰ ਵਿਸ਼ਵਾਸ ਦੁਆਉਂਦਾ ਹਾਂ, ਇੱਕ ਮੁੰਡਾ ਜੰਮਕੇ ਭੀ
ਤੇਰਾ ਕੁਆਰਾਪਣ ਕਾਇਮ ਰਹੇਗਾ। ਕੀ ਅੱਜ ਇਹਨਾਂ “ਧਰਮ ਕਹਾਣੀਆਂ” ਤੋਂ ਕੋਈ ਸਾਰਥਕ ਸੇਧ ਮਿਲ ਸਕਦੀ
ਹੈ?
ਇੱਥੇ ਇੱਕ, ਦੋ, ਚਾਰ ਦੀ ਕੀ ਗੱਲ ਕਰੀਏ, ਆਵਾ ਹੀ ਊਤਿਆ ਪਿਆ ਹੈ। ਗੰਗਾ ਕਿਨਾਰੇ ਸਮਾਧੀ ਵਿੱਚ ਨਾਮ
ਜਪ ਰਹੇ ਭਾਰਦਵਾਜ ਰਿਸ਼ੀ ਦਾ ਘ੍ਰਿਤਾਚੀ ਅਪਸਰਾ ਨੂੰ ਵੇਖ ਕੇ ਵੀਰਜ ਨਿਕਲ ਗਿਆ। ਘ੍ਰਿਤਾਚੀ ਤਾਂ ਦੌੜ
ਗਈ, ਭਾਰਦਵਾਜ ਨੇ ਆਪਣਾ ਵੀਰਜ ਦ੍ਰੋਣ (ਚਿੱਪੀ ਲੋਟਾ) ਵਿੱਚ ਸਾਂਭ ਲਿਆ। ਜਿਸ ਤੋਂ ਪੁੱਤਰ ਬਣ ਗਿਆ,
ਦ੍ਰੋਣ ਵਿਚੋਂ ਜਨਮਿਆ ਹੋਣ ਕਰਕੇ ਨਾਮ ਦ੍ਰੋਣ ਹੀ ਰੱਖ ਦਿੱਤਾ। ਇਹੀ ਵਿਅਕਤੀ ਕੌਰਵਾਂ ਪਾਂਡਵਾਂ ਨੂੰ
ਸ਼ਸ਼ਤਰ ਵਿੱਦਿਆ ਸਿਖਾਉਣ ਲਈ ਗੁਰੂ ਬਣਿਆ। ਰਾਜਾ ਪਾਂਡੂ, ਧ੍ਰਿਧ੍ਰਾਸ਼ਟਰ ਅਤੇ ਵਿਦੁਰ ‘ਸਹੀ` ਪਿਤਾ ਦੇ
ਪੁੱਤਰ ਨਹੀਂ ਸਨ। ਪੰਜੇ ਪਾਂਡੁ ਭਰਾ ਅਤੇ ਛੇਵਾਂ ਕਰਣ ਇਹ ਭੀ “ਅੰਬਰੀ ਅੰਡੇ” ਹੀ ਸਨ। ਪਹਿਲਾਂ
ਕੁੰਤੀ ਕੋਲ ਸੂਰਜ ਆਇਆ, ਕਰਣ ਪੁੱਤਰ ਦੀ ਦਾਤ ਬਖਸ਼ ਗਿਆ। ਫਿਰ ਸੂਰਜ ਦਾ ਪੁੱਤਰ, ਧਰਮ ਰਾਜ ਕੁੰਤੀ
ਕੋਲ ਜਾ ਪਹੁੰਚਿਆ ਤੇ ਧਰਮ ਪੁੱਤਰ ਯੁਧਿਸ਼ਟਰ ਪੱਲੇ ਪਾ ਦਿੱਤਾ। ਪਿਤਾ ਪੁੱਤਰ (ਸੂਰਜ ਤੇ ਧਰਮਰਾਜ)
ਇੱਕੋ ਇਸਤਰੀ ਨਾਲ ਸਰੀਰਕ ਸਬੰਧ ਬਣਾ ਕੇ ਪੁੱਤਰ ਜੰਮਦੇ ਰਹੇ …. ? ਵਾਹ! ਕਿੰਨੀ ਸੁੰਦਰ ਸੱਭਿਅਤਾ
ਸਿਰਜ ਰਹੇ ਸਨ, ਇਹ ਦੇਵਤੇ, ਰਿਸ਼ੀ, ਮੁਨੀ ਤੇ ਅਵਤਾਰ? ਧ੍ਰਿਤਰਾਸ਼ਟਰ ਦੇ ਘਰ ਇੱਕ ਸੌ ਪੁੱਤਰ ਜਨਮੇ
ਤੇ ਪੁੱਤਰੀ ਕੇਵਲ ਇੱਕ। ਪਾਠਕ ਜਨ ਚੰਗੀ ਤਰ੍ਹਾਂ ਵਿਚਾਰ ਕਰ ਵੇਖਣ ਕਿ ਸਭ ਖਾਨਦਾਨ ਕਿਵੇਂ ਜਨਮ ਲੈ
ਰਹੇ ਹਨ, ਕਿਵੇਂ ਕੰਮ ਕਰਦੇ ਹਨ, ਕਿਸ ਵਜਾਹ ਕਾਰਣ ਜੰਗ ਛੇੜ ਲੈਂਦੇ ਹਨ। ਆਪਣੇ ਦੇਸ਼ ਭਾਈਆਂ ਨੂੰ
ਜਾਂ ਧਰਮ ਭਾਈਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ? ਧਰਮ ਮੁਖੀ ਬ੍ਰਾਹਮਣ ਨਂੇ ਆਪਣੀ ਖੁਦਗਰਜ਼ੀ
ਕਾਰਨ ਸਾਰੇ ਭਾਰਤੀ ਲੋਕਾਂ ਦੀ ਸੋਚ ਨੂੰ ਪੂਰੀ ਤਰ੍ਹਾਂ ਮਲੀਨ ਕਰ ਦਿੱਤਾ ਹੈ। ਘਰ ਵਿੱਚ ਮਿੱਟੀ
ਘੱਟਾ ਹੋਵੇ ਤਾਂ ਸਫਾਈ ਕਰ ਲਈਦੀ ਹੈ। ਸਰੀਰ ਅਤੇ ਤਨ ਦੇ ਕੱਪੜੇ ਮੈਲੇ ਹੋ ਜਾਣ, ਧੋ ਲਈਦੇ ਹਨ। ਜੇ
ਕੋਈ ਦੂਸਰਾ ਵਿਅਕਤੀ ਸਾਡੇ ਤਨ ਬਸਤਰਾਂ ਤੇ ਮਿੱਟੀ ਜਾਂ ਕੂੜਾ ਸੁੱਟ ਕੇ ਗੰਦਾ ਕਰ ਦੇਵੇ, ਬਹੁਤ
ਗੁੱਸਾ ਅਉਂਦਾ ਹੈ। ਲੜਾਈ ਹੋ ਪੈਂਦੀ ਹੈ ਘਰ ਵਾਪਸ ਆ ਕੇ ਸਰੀਰ ਅਤੇ ਬਸਤਰ ਧੋਣੇ ਜ਼ਰੂਰੀ ਹੁੰਦੇ ਹਨ।
ਘਰ ਬਸਤਰ ਤੇ ਤਨ ਸਾਫ ਕਰਨੇ ਔਖੇ ਨਹੀਂ ਹਨ। ਜੇ ਕੋਈ ਦੁਰਾਚਾਰੀ ਮਨੁੱਖ ਕਿਸੇ ਸਾਜਿਸ਼ ਰਾਹੀਂ ਸਾਡੇ
ਮਨ ਨੂੰ ਮਲੀਨ ਕਰ ਦੇਵੇ, ਉਸ ਨੂੰ ਸਾਫ ਕਰਦਿਆਂ ਸਦੀਆਂ ਬੀਤ ਜਾਂਦੀਆਂ ਹਨ। ਘਰ ਜਾਂ ਤਨ ਤੇ ਪਾਇਆ
ਗੰਦ ਸਾਫ ਹੋ ਜਾਂਦਾ ਹੈ। ਮਨ ਅੰਦਰ ਪਾਇਆ ਮੰਦੇ ਕਮੀਣੇ, ਵਿਕਾਰੀ, ਫਰੇਬੀ, ਕੰਮਚੋਰ, ਜਾਤਪਾਤੀ,
ਮੂਰਤੀ ਪੂਜਾ ਆਦਿ ਦਾ ਅਮਿਣਵਾਂ ਗੰਦ ਲੱਖਾਂ ਜਤਨ ਕਰਨ ਤੇ ਭੀ ਨਹੀਂ ਨਿਕਲਦਾ। ਜੋ ਮੰਦੇ ਕੰਮਾਂ ਤੇ
ਗੰਦੇ ਵਿਚਾਰਾਂ ਦਾ ਗੰਦ, ਬ੍ਰਾਹਮਣਾਂ ਨੇ ਭਾਰਤੀ ਲੋਕਾਂ ਦੇ ਮਨਾਂ ਅੰਦਰ ਦਾਖਲ ਕਰ ਦਿੱਤਾ, ਉਸ ਨੂੰ
ਸਾਫ ਹੁੰਦਿਆਂ ਸ਼ਾਇਦ ਅਜੇ ਕਈ ਸਦੀਆਂ ਹੋਰ ਮਿਹਨਤ ਕਰਨੀ ਪਵੇਗੀ। ਗੁਰੂ ਨਾਨਕ ਸਾਹਿਬ ਦੀ ਸਿੱਖਿਆ ਨੇ
ਇਹ ਗੰਦ ਸਾਫ ਕਰਨ ਲਈ ਇੱਕ ਅਤੀ ਸ਼ਕਤੀਸ਼ਾਲੀ ਹਥਿਆਰ ਗੁਰਬਾਣੀ ਦੇ ਰੂਪ ਵਿੱਚ ਬਖਸ਼ ਦਿੱਤਾ ਹੈ। ਅਗਰ
ਕਦੀ ਸਿੱਖਾਂ ਨੂੰ ਇਹ ਸ਼ਸ਼ਤਰ ਵਰਤਣ ਦੀ ਜਾਚ ਆ ਜਾਵੇ, ਹਿੰਮਤ ਪੈਦਾ ਹੋ ਜਾਵੇ ਤਾਂ ਸੱਚਮੁੱਚ ਭਾਰਤੀ
ਜੰਤਾ ਨੂੰ ਗੁਰਮਤ ਦੀ ਸੋਝੀ ਦੇ ਕੇ ਆਪਦੇ ਨਾਲ ਜੋੜ ਸਕਦੇ ਹਨ। ਗਿਆਨਵਾਨ ਬਣਕੇ ਗੁਰਬਾਣੀ ਗਿਆਨ
ਦੂਜਿਆਂ ਤੱਕ ਪੁਚਾ ਸਕਦੇ ਹਨ। ਸਿਧਾਂਤਕ ਤੌਰ ਤੇ ਸਿੱਖ ਵੱਖਰੀ ਕੌਮ ਦੇ ਰੂਪ ਵਿੱਚ ਪ੍ਰਗਟ ਹੋ ਸਕਦੇ
ਹਨ।
ਕਹਿੰਦੇ ਹਨ ਪਾਂਡਵ ਸਰੀਰ ਸਮੇਤ ਸਵਰਗ ਨੂੰ ਚਲੇ ਗਏ। ਕੀ ਇਹ ਸੰਭਵ ਹੈ ਕਿ ਕੋਈ ਵਿਅਕਤੀ ਉੱਪਰ ਕਿਸੇ
ਥਾਂ ਪੰਜ ਭੂਤਕ ਸਰੀਰ ਲੈ ਕੇ ਚਲਾ ਜਾਵੇ? ਇਹਨਾਂ ਨੇ ਜੋ ਮਹਾਨ ਜੰਗ ਲੜੀ ਉਹ ਕੇਵਲ ਭਰਾਵਾਂ ਦੀ ਰਾਜ
ਵੰਡ ਕਾਰਨ ਹੋਈ ਲੜਾਈ ਸੀ। ਦੇਸ਼ ਧਰਮ ਸਮਾਜ ਦਾ ਉਸ ਵਿੱਚ ਕੋਈ ਹਿਤ ਨਹੀਂ ਸੀ। ਸਾਡੇ ਆਪੂੰ ਬਣੇ ਕਥਾ
ਵਾਚਕ, ਬ੍ਰਾਹਮਣੀ ਚੌਖਟੇ ਵਿੱਚ ਪੜ੍ਹ ਕੇ ਬਣੇ ਵਿਦਵਾਨ ਲੇਖਕ ਤੇ ਸਾਧ ਟੋਲਾ, ਗੁਰਬਾਣੀ ਦੇ ਅਰਥ
ਸਮਝਾਉਣ ਦੀ ਥਾਂ, ਰਾਮਾਇਣ, ਮਹਾਂਭਾਰਤ ਆਦਿ ਦੀਆਂ ਪੱਥਰ ਯੁੱਗ ਦੀਆਂ ਕਹਾਣੀਆਂ ਸੁਣਾ ਕੇ ਸਿੱਖਾਂ
ਨੂੰ ਪਤਾ ਨਹੀਂ ਕਿਹੜੇ ਅੰਨ੍ਹੇ ਖੂਹ ਵਿੱਚ ਗਰਕ ਕਰਨਾ ਚਾਹੁੰਦਾ ਹੈ। ਕੰਪਿਊਟਰ ਯੁੱਗ ਵਿੱਚ ਇਹ
ਸਾਰਾ ਕੂੜ ਕੁਸੱਤ? ਭਾਵੇਂ ਕੌਰਵਾਂ, ਪਾਂਡਵਾਂ ਦਾ ਗੁਰਬਾਣੀ ਵਿੱਚ ਬਹੁਤਾ ਜ਼ਿਕਰ ਤਾਂ ਨਹੀਂ ਆਇਆ।
ਫਿਰ ਭੀ ਜਿੰਨਾ ਕੁ ਜ਼ਿਕਰ ਆਇਆ ਹੈ, ਉਸ ਦੇ
ਸੰਖੇਪ ਪ੍ਰਮਾਣ ਪੜ੍ਹ ਵਿਚਾਰ ਲਈਏ:-
ਰੋਵਹਿ ਪਾਂਡਵ ਭਏ ਮਜੂਰ।। ਜਿਨ ਕੇ ਸੁਆਮੀ ਰਹਤ ਹਦੂਰਿ।। (954)
ਹੇ ਭਾਈ ਪਾਂਡਵ ਭਰਾ ਬੜੇ ਬਲੀ ਦੱਸੀਦੇ ਹਨ। ਅਰਜਣ ਦੇ ਤੀਰ ਆਕਾਸ਼ ਨੂੰ ਅੱਗ ਲਾ ਦੇਣ ਵਾਲੇ
ਸੁਣੀਂਦੇ ਹਨ। ਭੀਮ ਵੱਲੋਂ ਪੂਛਾਂ ਤੋਂ ਫੜ ਫੜ ਕੇ ਆਕਾਸ਼ ਵੱਲ ਸੁੱਟੇ ਹਾਥੀ ਅੱਜ ਤੱਕ ਤੋੜੀ ਨਹੀਂ
ਡਿੱਗਦੇ। ਯੁਧਿਸ਼ਟਰ ਬਾਰੇ ਆਖਿਆ ਗਿਆ ਹੈ ਉਹ ਸਦਾ ਧਰਮ ਤੇ ਪਹਿਰਾ ਦਿੰਦਾ ਸੀ। ਨਕੁਲ ਤੇ ਸਹਿਦੇਵ
ਬੜੇ ਵਿਦਵਾਨ ਮੰਨੀਂਦੇ ਹਨ। ਕੁੰਤੀ ਮਾਂ ਦੀ ਸਿੱਧੀ ਦਵਤਿਆਂ ਤੱਕ ਪਹੁੰਚ ਸੀ। ਦਰੋਪਤੀ ਭੀ ਬੜੀ
ਪਹੁੰਚ ਵਾਲੀ ਕਹੀਦੀ ਹੈ। ਇਹਨਾਂ ਸਾਰਿਆਂ ਦਾ ਰਿਸ਼ਤੇਦਾਰ, ਸੋਲ੍ਹਾਂ ਕਲਾਂ ਸੰਪੂਰਨ ਵਿਸ਼ਨੂੰ ਦਾ
ਅੱਠਵਾਂ ਅਵਤਾਰ ਕ੍ਰਿਸ਼ਨ ਹਰ ਵਕਤ ਇਹਨਾਂ ਦੀ ਸਹਾਇਤਾ ਲਈ ਹਾਜਰ ਰਹਿੰਦਾ ਸੀ। ਪਰ ਵੇਖੋ! ਜਦੋਂ
ਕੌਰਵਾਂ ਨਾਲ ਜੂਆ ਖੇਢੇ, ਸਭ ਕੁੱਝ ਹਾਰ ਦਿੱਤਾ, ਸਮੇਤ ਪਤਨੀ ਦੇ ਤਾਂ ਉਸ ਵਕਤ ਭੁੱਬਾਂ ਮਾਰ ਕੇ
ਰੋਏ। ਦੂਜੀ ਵਾਰੀ ਬਣਵਾਸ ਸਮੇਂ, ਵਿਰਾਟ ਰਾਜੇ ਦੇ ਜਦੋਂ ਨੌਕਰ ਹੋ ਗਏ, ਮਜਦੂਰੀ ਕਰਨੀ ਪਈ। ਮੰਦਾ
ਖਾਣਾ ਪਿਆ, ਪੁਰਾਣਾ ਪਹਿਨਣਾ ਪਿਆ। ਪਤਨੀ ਦਰੋਪਤੀ ਦੀ ਇੱਜ਼ਤ ਖਤਰੇ ਵਿੱਚ ਪੈ ਗਈ, ਉਸ ਵਕਤ ਭੀ
ਪਾਂਡਵ ਧਾਹਾਂ ਮਾਰ ਮਾਰ ਰੋਏ। ਔਖੇ ਵਕਤ ਕ੍ਰਿਸ਼ਨ ਭੀ ਮੱਦਦ ਨਾ ਕਰ ਸਕਿਆ।
ਮੇਰੀ ਮੇਰੀ ਕੈਰਉ ਕਰਤੇ ਦੁਰਜੋਧਨ ਸੇ ਭਾਈ।। ਬਾਰਹ ਜੋਜਨ ਛਤ੍ਰ ਚਲੈ ਥਾ
ਦੇਹੀ ਗਿਰਝਨ ਖਾਈ।। (692)
ਹੇ ਭਾਈ! ਹੰਕਾਰ ਬੁਰੀ ਬਲਾ ਹੈ। ਦੁਰਜੋਧਨ ਅਤੇ ਭਰਾਵਾਂ ਨੇ ਬੜਾ ਹੰਕਾਰ ਕੀਤਾ। ਜਿੱਧਰ
ਜਾਂਦੇ ਸੀ ਛਤਰ ਲੈ ਕੇ ਚਲਦੇ ਸੀ। ਅੱਗੇ ਪਿੱਛੇ ਭਾਰੀ ਫੌਜ ਹੁੰਦੀ ਸੀ, ਬੜਾ ਮਾਣ ਸਨਮਾਨ ਸੀ। ਜਦੋਂ
ਮਰੇ ਤਾਂ ਕੋਈ ਲਾਸ਼ਾਂ ਨੂੰ ਟਿਕਾਣੇ ਲਾਉਣ ਵਾਲਾ ਭੀ ਨਾ ਰਿਹਾ। ਗਿਰਝਾਂ ਨੇ ਮਾਸ ਨੋਚ ਨੋਚ ਖਾਧਾ।
ਅੱਜ ਦੇ ਨਵੀਨ ਜੁਗ ਨੂੰ ਇਹਨਾਂ ਕਹਾਣੀਆਂ ਨੇ ਸੰਤੁਸ਼ਟ ਨਹੀਂ ਕਰਨਾ। ਸਾਡੇ ਪ੍ਰਚਾਰਕਾਂ ਨੂੰ ਬਹੁਤ
ਤਿਆਰੀ ਦੀ ਲੋੜ ਹੈ। ਉਹ ਹਾਲਾਤ ਨਾਲ ਨਜਿੱਠਣ ਜੋਗੇ ਨਹੀਂ।