ਸੰਤਾਂ ਦੇ
ਕੌਤਕ .....?
(ਭਾਗ ਦੂਜਾ, ਕਿਸ਼ਤ ਨੰ: 11)
ਭਾਈ
ਸੁਖਵਿੰਦਰ ਸਿੰਘ 'ਸਭਰਾ'
ਬਾਬਾ ਵਿਰਸਾ
ਸਿੰਘ ਦਿੱਲੀ ਵਾਲਾ
ਸਿੱਖ ਧਰਮ ਦਾ ਪ੍ਰਚਾਰ ਕਰ ਰਹੇ
ਅਖੌਤੀ ਕੁਝ ਡੇਰਿਆਂ ਦੀ ਹਾਲਤ ਇਥੋਂ ਤੱਕ ਨਿਘਰ ਚੁੱਕੀ ਹੈ ਕਿ ਇਹਨਾਂ ਡੇਰਿਆਂ ਦੇ ਮੁਖੀ ਲੋਕਾਂ
ਦੀਆਂ ਭੀੜਾਂ ਇਕੱਠੀਆਂ ਕਰਨ ਲਈ ਕੋਈ ਨਾ ਕੋਈ ਗੁਰਮਤਿ ਵਿਰੋਧੀ ਢੌਂਗ ਰਚ ਕੇ ਚੰਗੀ ਲੁੱਟ ਖਸੁੱਟ
ਕਰਕੇ, ਅਮੀਰ ਡੇਰਿਆਂ ਦੀ ਕਤਾਰ ਵਿਚ ਖੜ੍ਹੇ ਹੋ ਰਹੇ ਹਨ। ਅੱਡ-ਅੱਡ ਧਰਮਾਂ ਦੇ ਲੋਕ ਇਕੱਠੇ ਕਰਨ ਲਈ
ਤਰ੍ਹਾਂ-ਤਰ੍ਹਾਂ ਦੇ ਹੋਕੇ ਦਿੱਤੇ ਜਾ ਰਹੇ ਹਨ ਜਿਵੇਂ, ਬਾਬਾ ਜੀ ਨੂੰ ਸੁਪਨੇ ਵਿਚ ਈਸਾ ਮਸੀਹ ਦੇ
ਦਰਸ਼ਨ ਹੋਏ। ਮੁਹੰਮਦ ਸਾਹਿਬ ਨਾਲ ਗੱਲਾਂ ਹੋਈਆਂ। ਮੰਤਵ ਇਹੀ ਹੈ ਕਿ ਹੋਰ ਧਰਮਾਂ ਦੇ ਲੋਕ ਵੀ ਬਾਬੇ
ਦੇ ਪੈਰੀਂ ਪੈਣ। ਧਰਮ ਨਿਰਪੱਖਤਾ ਦੇ ਬਹਾਨੇ ਇਹ ਦੁਜੇ ਧਰਮਾਂ ਦੇ ਤਿਓਹਾਰ ਵੀ ਆਪਣੇ ਡੇਰਿਆਂ ਵਿਚ
ਮਨਾ ਰਹੇ ਹਨ। ਇਹ ਸਾਧ ਵਿਰਸਾ ਸਿੰਘ ਵੀ ਐਸਾ ਹੀ ਹੈ। ਇਹ ਸਾਰਾ ਪ੍ਰਚਾਰ
R.S.S. ਦੇ ਹੱਕ ਵਿਚ ਕਰ ਰਿਹਾ
ਹੈ ਕਿ ਕੋਈ ਮਨੁੱਖ ਕੇਸਾਂ ਤੋਂ ਬਿਨ੍ਹਾਂ ਵੀ ਸਿੱਖ ਹੋ ਸਕਦਾ ਹੈ। ਕੇਸਾਂ ਦੀ ਕੀ ਲੋੜ ਹੈ। ਇਹ
ਕਿਹੜੀ ਸਿੱਖੀ ਦਾ ਪ੍ਰਚਾਰ ਹੈ ਜਿਹੜਾ ਇਹ ਸਾਧ ਕਰ ਰਿਹਾ ਹੈ।
ਮਿਤੀ 4 ਸਤੰਬਰ 2001 ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੇਰੇ ਸਾਹਮਣੇ ਪਈ ਹੈ। ਬਾਬਾ ਵਿਰਸਾ ਸਿੰਘ ਦੇ
ਅਰਾਧਨਾ ਸਥਾਨ ਗੋਬਿੰਦ ਸਦਨ ਦਿੱਲੀ ਵਿਖੇ ਸ੍ਰੀ ਚੰਦ ਦਾ ਜਨਮ ਦਿਹਾੜਾ ਮਨਾਇਆ 26 ਅਗਸਤ ਦੇ ਮੁੱਖ
ਸਮਾਗਮ ਦੀ ਸ਼ੁਰੂਆਤ ਚੰਡੀ ਦੀ ਵਾਰ ਦੇ ਪਾਠ ਨਾਲ ਕੀਤੀ ਗਈ। ਅਖੰਡ ਪਾਠਾਂ ਦੇ ਭੋਗ ਪਏ। ਕੀਰਤਨ
ਦਰਬਾਰ ਹਵਨ ਕੀਤੇ ਗਏ। ਮੋਮਬੱਤੀਆਂ ਵੀ ਜਗਾਈਆਂ। ਕਵਾਲਾਂ ਨੇ ਦਸਮ ਪਾਤਸ਼ਾਹ ਦੀ ਉਸਤਤ ਵਿਚ ਕਵਾਲੀਆਂ
ਵੀ ਗਾਈਆਂ। ਅਤੇ ਸਦਨ ਦੇ ਸੇਵਾਦਾਰਾਂ ਵੱਲੋਂ ਭੰਗੜਾ ਅਤੇ ਕੁੜੀਆਂ ਵੱਲੋਂ ਗਿੱਧਾ ਪਾਇਆ ਗਿਆ। ਬਾਬੇ
ਨੇ ਇਹ ਵੀ ਕਿਹਾ ਕਿ ਜਿੰਨੀ ਤੁਸੀਂ ਸਜਾਵਟ ਕਰਦੇ ਹੋ ਓਨੀਆਂ ਤੁਹਾਡੇ `ਤੇ ਮਿਹਰਾਂ ਹੁੰਦੀਆਂ ਹਨ।
ਇਹ ਵੀ ਕਿਹਾ ਕਿ ਜੇ ਹਰ ਪ੍ਰੋਗਰਾਮ ਦੀ ਸ਼ੁਰੂਆਤ ਚੰਡੀ ਦੇ ਪਾਠ ਨਾਲ ਕਰੋਗੇ ਤਾਂ ਬੁਰਾਈ ਦਾ ਨਾਸ਼
ਹੋਵੇਗਾ। ਕਿਉਂਕਿ ਇਹ ਇਸ ਲਈ ਕਿਹਾ ਕਿ ਉਹ ਦਸਮ ਗ੍ਰੰਥ ਨੂੰ “ਗੁਰੂ ਗ੍ਰੰਥ ਸਾਹਿਬ” ਨਾਲੋਂ ਉੱਚਾ
ਦਰਜਾ ਦਿਵਾਉਣ ਵਾਸਤੇ ਤੱਤਪਰ ਹਨ। ਇਸਦੀ ਤਾਜ਼ਾ ਮਿਸਾਲ ਹੋਰ ਵੀ ਆਈ ਹੈ। 8 ਸਤੰਬਰ ਦੀ ਪੰਜਾਬੀ
ਟ੍ਰਿਬਿਊਨ ਮੁਤਾਬਕ ਗੁਰਦੁਆਰਾ ਮੋਤੀ ਬਾਗ ਦਿੱਲੀ ਵਿਖੇ “ਗੁਰੂ ਗ੍ਰੰਥ ਸਾਹਿਬ” ਦੇ ਪ੍ਰਕਾਸ਼ ਪੁਰਬ
ਮੌਕੇ ਵੱਖ-ਵੱਖ ਸੰਸਥਾਵਾਂ ਨੇ ਗੁਰਮਤਿ ਲਿਟਰੇਚਰ ਦੇ ਸਟਾਲ ਲਾਏ ਤਾਂ ਗੋਬਿੰਦ ਸਦਨ ਦੇ ਸਟਾਲ ਵਿਚ
“ਗੁਰੂ ਗ੍ਰੰਥ ਸਾਹਿਬ” ਬਾਰੇ ਇਕ ਪੁਸਤਕ ਅਤੇ ਬਾਕੀ ਪੁਸਤਕਾਂ ਦਸਮ ਗ੍ਰੰਥ ਬਾਰੇ ਰੱਖੀਆਂ ਸਨ।
ਸਮਾਗਮ ਵਿਚ ਸੁਚੇਤ ਸਿੱਖ ਸੰਗਤਾਂ ਨੇ ਪ੍ਰਬੰਧਕਾਂ ਨੂੰ ਵਾਦ-ਵਿਵਾਦ ਵਾਲੀਆਂ ਪੁਸਤਕਾਂ ਨਾ ਰੱਖਣ ਲਈ
ਕਿਹਾ ਤਾਂ ਸਟਾਲ ਬੰਦ ਕਰਨਾ ਪਿਆ।
ਏਥੇ ਬਾਬਾ ਵਿਰਸਾ ਸਿੰਘ ਨੇ ਇਤਰਾਜ਼ ਕੀਤਾ ਪਰ ਸੰਗਤਾਂ ਦਾ ਇਤਰਾਜ਼ ਇਸ ਤੋਂ ਵੱਧ ਕੇ ਜਾਇਜ਼ ਸੀ।
ਕਿਉਂਕਿ ਦਸਮ ਗ੍ਰੰਥ ਬਾਰੇ ਪੰਥ ਵਿਚ ਮਤਭੇਦ ਹਨ ਪਰ ਮੰਨ ਲਉ ਨਾ ਵੀ ਹੋਣ ਤਾਂ ਵੀ “ਗੁਰੂ ਗ੍ਰੰਥ
ਸਾਹਿਬ ਜੀ” ਦੇ ਸਾਮਾਨ ਦਸਮ ਗ੍ਰੰਥ ਨੂੰ ਮਾਨਤਾ ਨਹੀਂ ਦਿੱਤੀ ਜਾ ਸਕਦੀ। ਕਿਉਂਕਿ ਪੰਥ ਦਾ ਗੁਰੂ
ਕੇਵਲ “ਧੰਨ ਗੁਰੂ ਗ੍ਰੰਥ ਸਾਹਿਬ” ਹੀ ਹੈ।
ਕੀ ਇਸ ਬਾਬੇ ਨੂੰ ਇਹ ਨਹੀਂ ਪਤਾ ਕਿ ਚੰਡੀ ਦੀ ਵਾਰ ਤਾਂ ਹੈ ਹੀ ਹਿੰਦੂ ਮਿਥਿਹਾਸ। ਇਸ ਬਾਬੇ ਵੱਲ
ਨਾ ਕਿਸੇ ਤਖ਼ਤ ਦਾ ਨਾ ਕਿਸੇ ਜਥੇਬੰਦੀ ਦਾ ਧਿਆਨ ਗਿਆ ਸ਼ਾਇਦ ਇਸ ਕਰਕੇ ਕਿ ਸ਼੍ਰੋਮਣੀ ਅਕਾਲੀ ਦਲ ਦੇ
ਪ੍ਰਧਾਨ ਸਾਹਿਬ ਦੀ ਸਰਪ੍ਰਸਤੀ ਅਜਿਹੇ ਬਾਬਿਆਂ ਨੂੰ ਪ੍ਰਾਪਤ ਹੈ। ਇਹਨਾਂ ਨੂੰ ਨਾਰਾਜ਼ ਕਰਕੇ ਇਹਨਾਂ
ਦੇ ਵੋਟ ਬੈਂਕ ਜੁ ਖ਼ਰਾਬ ਹੁੰਦੇ ਹਨ, ਸਿੱਖੀ ਤੋਂ ਇਹਨਾਂ ਕੀ ਲੈਣਾ ਹੈ।
ਝੂਠ ਦੀ ਪੱਗ
ਇਕ ਅਖੌਤੀ ਸੰਤ ਨੇ ਸ਼ਹਿਰ ਦੇ ਮਸ਼ਹੂਰ ਗੁਰਦੁਆਰੇ ਵਿਚ ਰੋਜ਼ਾਨਾ ਕਥਾ ਦਾ ਪ੍ਰੋਗਰਾਮ ਸ਼ੁਰੂ ਕੀਤਾ ਸੀ।
ਸ਼ਾਮ ਨੂੰ ਅਖੌਤੀ ਸੰਤ ਨੇ ਸ਼ਬਦ ਵਿਚਾਰ ਕੀਤੀ ਕਿ ਗੁਰਸਿੱਖ ਸ੍ਰੇਸ਼ਟ ਹਨ।
“ਜੋ ਦੀਸੈ ਗੁਰਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ।। ਗੁਰਸਿਖਾਂ ਕੀ ਹਰਿ ਧੂੜਿ ਦੇਹਿ ਹਮ
ਪਾਪੀ ਭੀ ਗਤਿ ਪਾਹਿ।।”
ਸ਼ਬਦ ਵਿਚਾਰ ਉਪਰੰਤ ਅਖੌਤੀ ਸੰਤ ਜੀ ਆਪਣੇ ਏਅਰ ਕੰਡੀਸ਼ਨਡ ਕਮਰੇ ਵਿਚ ਲੱਗੇ ਸੁੰਦਰ ਗਦੇਲੇ ਵਾਲੇ ਆਸਣ
ਤੇ ਬਿਰਾਜਮਾਨ ਹੋ ਗਏ। ਸੰਗਤਾਂ ਉਹਨਾਂ ਦੇ ਪੈਰੀਂ ਹੱਥ ਲਾਉਣ ਲੱਗ ਪਈਆਂ ਅਤੇ ਉਹ ਆਸ਼ੀਰਵਾਦ ਦੇਣ
ਲੱਗ ਪਿਆ। ਕੋਲ 2-3 ਸੇਵਾਦਾਰ/ਕਮਰਾ ਏਅਰ ਕੰਡੀਸ਼ਨਡ ਹੁੰਦਿਆਂ ਹੋਇਆਂ ਵੀ ਇਕ ਸੋਹਣੀ ਜਿਹੀ ਮਹਿੰਗੀ
ਵੱਡੀ ਸ਼ਨੀਲ ਦੀ ਬਣੀ ਪੱਖੀ ਨੂੰ ਆਸਤਾ-ਆਸਤਾ ਹਿਲਾ ਰਿਹਾ ਸੀ। ਕੋਲ ਖਲੋਤੇ ਇਕ ਗੁਰਸਿੱਖ ਨੇ ਕਿਹਾ
ਕਿ ਸੰਤ ਜੀ ਹੁਣੇ ਤੁਸੀਂ ਸ਼ਬਦ ਵਿਚਾਰ ਕਰਦੇ ਹੋਏ ਸਿੱਖਾਂ ਨੂੰ ਸਭ ਤੋਂ ਉੱਚਾ ਦਰਜਾ ਦੇ ਰਹੇ ਸੀ,
ਹੁਣੇ ਹੀ ਉਹਨਾਂ ਕੋਲੋਂ ਪੈਰੀਂ ਹੱਥ ਲਵਾ ਰਹੇ ਹੋ। ਸੰਤ ਕਹਿੰਦਾ ਮੈਂ ਤਾਂ ਇਹਨਾਂ ਨੂੰ ਪੈਰੀਂ ਹੱਥ
ਲਾਉਣ ਵਾਸਤੇ ਨਹੀਂ ਕਿਹਾ, ਇਹ ਬਦੋਬਦੀ ਮੇਰੇ ਪੈਰੀਂ ਹੱਥ ਲਾਉਂਦੇ ਹਨ। ਗੁਰਸਿੱਖ ਨੇ ਕਿਹਾ ਕਿ
ਜੇਕਰ ਬਦੋਬਦੀ ਤੇਰੀ ਪੱਗ ਉਤਾਰਨ ਲੱਗੇ ਤਾਂ ਕੀ ਉਤਾਰਨ ਦੇਵੋਗੇ? ਉਸ ਸੰਤ ਦੇ ਦੋਵੇਂ ਹੱਥ ਸਿਰ `ਤੇ
ਬੱਝੀ ਗੋਲ ਦਸਤਾਰ `ਤੇ ਖੜੋ ਗਏ। ਅਖੌਤੀ ਸੰਤ ਨੂੰ ਇੰਝ ਮਹਿਸੂਸ ਹੋਇਆ ਜਿਵੇਂ ਸੱਚਮੁੱਚ ਹੀ ਕਿਸੇ
ਨੇ ਉਹਨਾਂ ਦੇ ਝੂਠ ਦੀ ਪੱਗ ਉਤਾਰ ਦਿੱਤੀ ਹੋਵੇ।
ਨਿਰਮਲ ਸਿੰਘ ਕੇਸਗੜ੍ਹੀਆ,
ਨਵੀਂ ਦਿੱਲੀ।