ਬੂੜੇ ਤੋਂ ਬੁੱਢੇ ਤਕ
ਪ੍ਰੋ:
ਗੁਰਬਚਨ ਸਿੰਘ ਥਾਈਲੈਂਡ ਵਾਲੇ
ਸਾਹਿਬ ਸਿਰੀ ਗੁਰੂ ਗ੍ਰੰਥ ਸਾਹਿਬ
ਜੀ ਦੀ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਉ ਪਿਆਰ ਸਾਹਿਤ ਗੁਰੂ ਫਤਹ ਨਾਲ ਸਾਂਝ
ਪਾਓ ਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹ ॥ਆਮ ਰੋਜ਼ ਦੀ ਸੰਗਤ ਤੇ ਅੱਜ ਦੀ
ਜੁੜੀ ਹੋਈ ਸੰਗਤ ਦਾ ਥੋੜਾ ਫਰਕ ਹੈ ਕਿਉਂਕਿ ਜੋ ਅੱਜ ਸੰਗਤ ਜੁੜ ਬੈਠੀ ਹੈ ਇਸ ਵਿੱਚ ਸਾਰੇ ਕੌਮ ਦੇ
ਬੁੱਧੀਜੀਵੀਏ ਭਾਵ ਪਰਚਾਰਕ, ਗ੍ਰੰਥੀ, ਕੀਰਤਨੀਏ ਅਤੇ ਪ੍ਰਬੰਧਕ ਸ਼ਾਮਿਲ ਹੋਏ ਹਨ। ਸਭ ਤੋਂ ਵੱਡੀ ਗੱਲ
ਕਿ ਸਾਹਿਬਜ਼ਾਦਾ ਸਿੱਖ ਮਿਸ਼ਨਰੀ ਕਾਲਜ ਰੋਪੜ ਦੇ ਸਾਬਕਾ ਪਿੰਸੀਪਲ ਜਸਬੀਰ ਸਿੰਘ ਜੀ ਉਚੇਚੇ ਤੌਰ ਤੇ
ਪਾਹੁੰਚੇ ਹੋਏ ਹਨ ਜਿਹਨਾਂ ਨੇ ਸਿੱਖ ਕੌਮ ਦੀ ਝੋਲ਼ੀ ਵਿੱਚ ਨਾਮਵਰ ਕਥਾਵਾਚਕ ਪਾਏ ਹਨ। ਜੇ ਮੈਨੂੰ
ਪਹਿਲਾਂ ਪਤਾ ਲੱਗਦਾ ਕਿ ਪਿੰਸੀਪਲ ਸਾਹਿਬ ਜੀ ਇਸ ਸੈਮੀਨਾਰ ਵਿੱਚ ਸ਼ਾਮਿਲ ਹੋ ਰਹੇ ਹਨ ਤਾਂ ਇਹ ਪੇਪਰ
ਪੜ੍ਹਨ ਦੀ ਸੇਵਾ ੳਹਨਾਂ ਕੋਲੋਂ ਲੈਣੀ ਚਾਹੀਦੀ ਸੀ, ਕਲੀਨ ਛੱਡ ਕੇ ਤੱਪੜ ਵਿਛਾਉਣ ਦੀ ਫਿਰ ਜ਼ਰੂਰਤ
ਨਹੀਂ ਸੀ।
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਐਸੋਸੀਏਸ਼ਨ ਨਿਊਯਾਰਕ ਦੇ ਉਦਮੀ ਵੀਰਾਂ ਵਲੋਂ, 22 ਅਕਤੂਬਰ, 2006
ਨੂੰ ਬਾਬਾ ਬੁੱਢਾ ਜੀ ਦੀ ਪੰਜ ਸੌ ਸਾਲਾ ਸ਼ਤਾਬਦੀ ਮਨਾਉਂਦਿਆਂ ਹੋਇਆਂ, ਅੱਜ 20 ਅਕਤੂਬਰ, 2006 ਨੂੰ
ਸ੍ਰ. ਅਵਤਾਰ ਸਿੰਘ ਜੀ ਪਨੂੰ ਪਰਧਾਨ, ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਨਿਊਯਾਰਕ ਤਥਾ ਉਹਨਾਂ ਦੀ
ਸਾਰੀ ਕਮੇਟੀ ਵਲੋਂ ਇਸ ਗੁਰਦੁਆਰਾ ਸਾਹਿਬ ਵਿਖੇ ਅੱਜ ਦਾ ਇਹ ਸੈਮੀਨਾਰ ਰੱਖਿਆ ਗਿਆ ਹੈ। ਜਿਸ ਵਿੱਚ
ਪਹਿਲਾ ਪੇਪਰ ਸਿਰੀ ਮਾਨ ਗਿਆਨੀ ਮੁਖਤਿਆਰ ਸਿੰਘ ਜੀ ਨੇ ‘ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਿਕਾਰ
ਤੇ ਗ੍ਰੰਥੀ ਸਿੰਘ ਦਾ ਕਿਰਦਾਰ’ ਉੱਤੇ ਪੜ੍ਹਿਆ ਹੈ, ਉਹਨਾਂ ਨੇ ਬਹੁਤ ਸਾਰੇ ਨੁਕਤਿਆਂ ਵਲ ਕੌਮ ਦਾ
ਧਿਆਨ ਦਿਵਾਇਆ ਹੈ। ਆਪ ਸਾਰੀ ਵਿਦਵਾਨ ਸੰਗਤ ਨੇ ਬਹੁਤ ਹੀ ਧਿਆਨ ਨਾਲ ਸੁਣਿਆ ਹੈ। ਦੂਸਰਾ ਪੇਪਰ ਦਾਸ
ਵਲੋਂ ‘ਬੂੜੇ ਤੋਂ ਬੁੱਢੇ’ ਤੱਕ ਦਾ ਪੜ੍ਹਿਆ ਜਾਣ ਲੱਗਾ ਹੈ ਕਿ ਆਸ ਹੈ ਬੜੇ ਪਿਆਰ ਨਾਲ ਸੁਣੋਗੇ।
ਸਤਿਕਾਰ ਯੋਗ ਵਿਦਵਾਨ ਸਤ ਸੰਗੀ ਜਨੋਂ ਅਤੇ ਪਿਆਰ ਵਾਲਿਓ ਇਸ ਪੇਪਰ ਵਿੱਚ ੳਹਨਾਂ ਸਾਖੀਆਂ ਨੂੰ ਨਹੀਂ
ਛੋਹਿਆ ਗਿਆ ਜੋ ਗੁਰਬਾਣੀ ਦੀ ਕਸਵੱਟੀ ਤੇ ਪੂਰੀਆਂ ਨਹੀਂ ਉਤਰਦੀਆਂ। ਇਸ ਸੈਮੀਨਾਰ ਦੀ ਰੂਪ ਰੇਖਾ ਦੇ
ਅਨੁਸਾਰ ਪੇਪਰ ਨਾਲ ਸਬੰਧਿਤ ਉੱਤਰ ਵੀ ਦਿੱਤੇ ਜਾਣਗੇ।
ਦੁਨੀਆਂ ਦੇ ਕਿਸੇ ਧਰਮ ਦੀ ਪਹਿਛਾਣ ਦੇਖਣੀ ਹੋਵੇ ਤਾਂ ਉਸ ਦੇ ਪੈਰੋਕਾਰਾਂ ਵਿਚੋਂ ਦੇਖੀ ਜਾ ਸਕਦੀ
ਹੈ। ਗੁਰੂ ਨਾਨਕ ਸਾਹਿਬ ਜੀ ਦੇ ਚਲਾਏ ਮਾਰਗ ਦੀ ਮਹਾਨਤਾ ਉਹਨਾਂ ਦੇ ਪਿਆਰੇ ਸਿੱਖਾਂ ਦੇ ਜੀਵਨ
ਵਿਚੋਂ ਦਿੱਸੇਗੀ। ਉਹਨਾਂ ਦੇ ਦਰਸਾਏ ਮਾਰਗ ਨੂੰ ਸਮਝਣ ਵਾਲਿਆਂ ਦੀ ਗਿਣਤੀ ਤਾਂ ਨਹੀਂ ਕੀਤੀ ਜਾ
ਸਕਦੀ ਪਰ ਫਿਰ ਵੀ ਕੁੱਝ ਅਜੇਹੇ ਤੱਤ ਵੇਤਾ ਸਿੱਖ ਹੋਏ ਹਨ ਜੋ ਹਮੇਸ਼ਾਂ ਲਈ ਆਉਣ ਵਾਲੀਆਂ ਨਸਲਾਂ
ਵਾਸਤੇ ਪੱਥ ਪਰਦਰਸ਼ਨ ਹੁੰਦੇ ਰਹਿਣਗੇ।
ਬਾਬਾ ਬੁੱਢਾ ਜੀ ਅਜੇਹੇ ਮਹਾਨ ਸਿੱਖ ਹੋਏ ਹਨ, ਜਿਹੜੇ ਗੁਰੂ ਨਾਨਕ ਸਾਹਿਬ ਜੀ ਦਾ ਹੀ ਰੂਪ ਹੋ
ਨਿਬੜੇ ਜੋ ਇੱਕ ਮਨ ਚਿੱਤ ਕਰਕੇ ਗੁਰੂ ਦਾ ਜੱਸ ਗਾਉਂਦੇ ਤੇ ਪ੍ਰਭੂ ਨੂੰ ਧਿਆਉਂਦੇ। ਭਾਈ ਗੁਰਦਾਸ ਜੀ
ਦਾ ਗਿਆਰਵੀਂ ਵਾਰ ਦੀ ਚੌਧਵੀਂ ਪਉੜੀ ਦਾ ਪਿਆਰਾ ਵਾਕ ਹੈ:----
ਜਿੱਤਾ ਰੰਧਾਵਾ ਭਲਾ ਬੂੜਾ ਇੱਕ ਮਨ ਧਿਆਵੈ ॥
ਵਾਰ ਨੰ: 11---ਪਉੜੀ ਨੰ:--14—
ਬਾਬਾ ਬੁੱਢਾ ਜੀ ਦੇ ਜੀਵਨ ਦੀਆਂ ਮਹਾਨ ਘਟਨਾਵਾਂ ਨੂੰ ਤਰਤੀਬਵਾਰ ਆਪ ਸੰਗਤ ਦੇ ਸਾਹਮਣੇ ਰੱਖਣ ਦਾ
ਛੋਟਾ ਜੇਹਾ ਯਤਨ ਕੀਤਾ ਜਾ ਰਿਹਾ ਹੈ।
ਬਚਪਨ ----- ਭਾਈ ਕਾਹਨ ਸਿੰਘ ਜੀ ਦੇ ਮਹਾਨ ਕੋਸ਼ ਦੇ ਪੰਨਾ ਨੰ: 881 ਉੱਤੇ ਬਾਬਾ ਜੀ ਦਾ ਸੰਖੇਪ
ਵਿੱਚ ਜੀਵਨ ਲਿਖਿਆ ਮਿਲਦਾ ਹੈ। ਉਹ ਲਿਖਦੇ ਹਨ --- ਕਿ ਭਾਈ ਬੂੜੇ ਦਾ ਜਨਮ ਭਾਈ ਸੁੱਘੇ ਰੰਧਾਵੇ ਦੇ
ਘਰ ਮਾਤਾ ਗੋਰਾਂ ਦੀ ਕੁੱਖ ਤੋਂ ਅਕਤੂਬਰ 1506 ਈਸਵੀ ਭਾਵ ਸੰਮਤ 1563 ਨੂੰ ਕੱਥੂ ਨੰਗਲ ਜ਼ਿਲਾ
ਅੰਮ੍ਰਿਤਸਰ ਵਿੱਚ ਹੋਇਆ। ਮਾਪਿਆਂ ਨੇ ਇਸ ਬਾਲਕ ਦਾ ਨਾਂ ਬੂੜਾ ਰੱਖਿਆ। ਮਗਰੋਂ ਗੁਰੂ ਨਾਨਕ ਜੀ ਦੇ
ਬਚਨ ਮੂਜਬ ਉਹਨਾਂ ਦਾ ਨਾਂ ਬਾਬਾ ਬੁੱਢਾ ਜੀ ਪੈ ਗਿਆ। ਮਹਾਨ ਕੋਸ਼ ਵਿੱਚ ਅੱਗੇ ਲਿਖਿਆ ਹੈ ਕਿ ਸੰਮਤ
1575 ਵਿੱਚ ਜਗਤ ਗੁਰੂ ਨਾਨਕ ਵਿਚਰਦੇ ਹੋਏ, ਬਾਲਕ ਬੂੜੇ ਦੇ ਪਿੰਡ ਵੱਲ ਆਏ, ਤਦ ਇਹ ਪਸ਼ੂ ਚਾਰਦੇ
ਹੋਏ, ਪ੍ਰੇਮ ਭਾਵ ਨਾਲ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਦੱਧ ਲੈ ਕੇ ਹਾਜ਼ਰ ਹੋਏ ਅਤੇ ਵਿਵੇਕ ਵੈਰਾਗ
ਦੀਆਂ ਗੱਲਾਂ ਸੁਣਾਈਆਂ, ਤਦ ਸਤਿਗੁਰੂ ਜੀ ਫਰਮਾਇਆ ਭਾਵੇਂ ਤੇਰੀ ਉੱਮਰ ਛੋਟੀ ਹੈ, ਪਰ ਸਮਝ ਕਰਕੇ
ਬੁੱਢਾ (ਬ੍ਰਿਧ) ਹੈ। ਉਸ ਦਿਨ ਤੋਂ ਨਾਮ ਬੁੱਢਾ ਪ੍ਰਸਿੱਧ ਹੋ ਗਿਆ। ਬਾਬ ਜੀ ਦੀ ਚਲੀ ਬੰਸਾਵਲੀ ਦਾ
ਬਿਉਰਾ ਇਸ ਪਰਕਾਰ ਹੈ।
ਪਿਤਾ ਭਾਈ ਸੱਘਾ ਜੀ ਰੰਧਾਵਾ
ਜਨਮ ਸੰਮਤ 1563 ਬੁੱਢਾ ਜੀ ਦੇਹਾਂਤ ਸੰਮਤ—1688— ਇਹਨਾਂ ਦੇ ਚਾਰ ਸਪੁੱਤਰ ਹੋਏ ਹਨ।
ਭਾਈ ਸੁਧਾਰੀ ਜੀ ਭਾਈ ਭਿਖਾਰੀ ਜੀ ਭਾਈ ਮਹਿਮੂ ਜੀ ਅਤੇ ਜਨਮ ਸੰ. 1593 ਭਾਈ ਭਾਨਾ ਜੀ ਦੇਹਾਂਤ
1701---
ਭਾਈ ਭਾਨਾ ਜੀ ਦੇ ਦੋ ਪੁੱਤਰ ਹੋਏ ਹਨ।
ਜਨਮ ਸੰਮਤ 1615 ਭਾਈ ਜਲਾਲ ਜੀ ਦੇਹਾਂਤ ਸੰਮਤ 1617 ਦੂਜੇ ਪੁੱਤਰ ਜਨਮ ਸੰ. 1617 ਭਾਈ ਸਰਵਣ
ਦੇਹਾਂਤ 1708
ਭਾਈ ਸਰਵਣ ਜੀ ਦਾ ਬੇਟਾ ਭਾਈ ਝੰਡਾ ਜੀ ਹੋਏ ਹਨ ਜਿੰਨ੍ਹਾ ਦਾ ਜਨਮ ਸੰਮਤ 1637 ਨੂੰ ਹੋਇਆ ਅਤੇ
ਦੇਹਾਂਤ 1718 ਨੂੰ ਹੋਇਆ।
ਭਾਈ ਝੰਡਾ ਜੀ ਦੇ ਘਰ ਭਾਈ ਗੁਰਦਿੱਤਾ ਜੀ ਦਾ ਜਨਮ ਸੰਮਤ 1632 ਨੂੰ ਹੋਇਆ ਅਤੇ ਦੇਹਾਂਤ 1732 ਨੂੰ
ਹੋਇਆ।
ਭਾਬਾ ਗੁਰਦਿੱਤਾ ਜੀ ਦੇ ਘਰ ਸੰਮਤ 1729 ਨੂੰ ਭਾਈ ਰਾਮ ਕੰਵਰ ਜੀ ਨੇ ਜਨਮ ਲਿਆ ਜੋ ਅੰਮ੍ਰਿਤ ਛੱਕ
ਕੇ ਭਾਈ ਗੁਰਬਖਸ਼ ਜੀ ਬਣੇ ਤੇ ਇਹਨਾਂ ਦਾ ਦੇਹਾਂਤ 1818 ਸੰਮਤ ਨੂੰ ਹੋਇਆ।
ਭਾਈ ਗੁਰਬਖਸ਼ ਸਿੰਘ ਜੀ ਦੇ ਘਰ ਭਾਈ ਮੋਹਰ ਸਿੰਘ ਜੀ ਦਾ ਜਨਮ ਸੰਮਤ 1750 ਨੂੰ ਹੋਇਆ।
ਭਾਈ ਮੋਹਰ ਸਿੰਘ ਜੀ ਦੇ ਘਰ ਭਾਈ ਸਯਾਮ ਸਿੰਘ ਜੀ ਦਾ ਜਨਮ 1780 ਸੰਮਤ ਨੂੰ ਹੋਇਆ ---
ਸੰਮਤ 1805 ਨੂੰ ਇਹਨਾਂ ਦੇ ਘਰ ਭਾਈ ਕਾਹਨ ਸਿੰਘ ਜੀ ਨੇ ਜਨਮ ਲਿਆ ਤੇ ਇਹਨਾਂ ਦੇ ਘਰ ---
ਸੰਮਤ 1844 ਨੂੰ ਭਾਈ ਸੁਜਾਨ ਸਿੰਘ ਜੀ ਦਾ ਜਨਮ ਹੋਇਆ ----
ਭਾਈ ਸੁਜਾਨ ਸਿੰਘ ਜੀ ਦੀ ਸੰਤਾਨ ਨਹੀਂ ਹੋਈ। ਇਸ ਲਈ ਬਿੰਦੀ ਵੰਸ਼ ਨਾ ਹੋਣ ਕਰਕੇ ਉਦਾਸੀ ਪਰਚਾਰਕਾਂ
ਪਾਸ ਗੱਦੀ ਚੱਲੀ ਗਈ। ਜਿਨ੍ਹਾਂ ਦਾ ਸਿਲਸਿਲਾ ਇਉਂ ਸ਼ੁਰੂ ਹੁੰਦਾ ਹੈ। ਚਰਨਦਾਸ, ਬ੍ਰਹਮ ਪਰਕਾਸ਼, ਰਾਮ
ਪਰਸਾਦ, ਠਾਕਰਦਾਸ, ਰਾਘੋਦਾਸ ਪਰ ਇਸ ਨੇ ਅੰਮ੍ਰਿਤ ਛੱਕ ਲਿਆ ਤੇ ਇਹ ਭਾਈ ਰਘਬੀਰ ਸਿੰਘ ਬਣ ਗਏ। ਭਾਈ
ਕਾਹਨ ਸਿੰਘ ਜੀ ਅਨੁਸਾਰ ਉਦਾਸੀ ਮਤ ਦੇ ਇਹ ਅਖੀਰਲੇ ਮਹੰਤ ਸਨ।
ਬਾਬਾ ਬੁੱਢਾ ਜੀ ਦਾ ਜੀਵਨ ਇੱਕ ਰੇਸ਼ਮ ਦੇ ਲੱਛੇ ਵਰਗਾ ਹੈ। ਜਿਸ ਤਰ੍ਹਾਂ ਰੇਸ਼ਮ ਦੇ ਲੱਛੇ ਵਿਚੋਂ
ਇੱਕ ਤਾਰ ਨੂੰ ਵੱਖਰਾ ਕਰਨ ਦਾ ਯਤਨ ਕੀਤਾ ਜਾਏ ਤਾਂ ਉਸ ਵਿਚੋਂ ਹੋਰ ਬਹੁਤ ਸਾਰੀਆਂ ਤਾਰਾਂ ਆ
ਜਾਣਗੀਆਂ, ਭਾਵ ਕਿਸੇ ਇੱਕ ਗੁਣ ਦਾ ਜ਼ਿਕਰ ਕਰਨ ਲੱਗੀਏ ਤਾਂ ਉਸ ਵਿਚੋਂ ਹੋਰ ਬਹੁਤ ਸਾਰੇ ਗੁਣ ਨਿਕਲ
ਆਉਂਦੇ ਹਨ। ਭਾਈ ਬੂੜੇ ਦਾ ਜੀਵਨ ਅਸਮਾਨ ਦੀ ਵਿਸ਼ਾਲਤਾ ਅਤੇ ਸਮੁੰਦਰ ਦੀ ਡੂੰਘਾਈ ਵਾਂਗ ਹੈ। ਬੁੱਢਾ
ਗੁਣਾਂ ਕਰਕੇ ਗੁਰੂ ਵਿੱਚ ਸਦਾ ਲਈ ਅਭੇਦ ਹੋ ਗਿਆ। ਭਾਈ ਬੂੜੇ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ
ਗਿਆਨ ਤੇ ਆਤਮਿਕ ਸੂਝ ਦੀ ਅਜੇਹੀ ਸਿੱਖਿਆ ਦਿੱਤੀ ਜਿਸ ਨਾਲ ਬਾਬਾ ਜੀ ਸਦੀਵ ਕਾਲ ਲਈ ਸੱਚ ਦਾ ਰੂਪ
ਹੋ ਨਿਬੜੇ, ਗੁਰੂ ਅੰਗਦ ਪਾਤਸ਼ਾਹ ਜੀ ਦਾ ਇੱਕ ਬਹੁਤ ਪਿਆਰਾ ਵਾਕ ਹੈ:----
ਦੀਖਆ ਆਖਿ ਬੁਝਾਇਆ ਸਿਫਤੀ ਸਚਿ ਸਮੇਉ ॥
ਤਿਨ ਕਉ ਕਿਆ ਉਪਦੇਸੀਐ ਜਿਨ ਗੁਰ ਨਾਨਕ ਦੇਉ ॥
ਸਲੋਕ ਮ: 2----ਪੰਨਾ 150----
ਗੁਰੂ ਨਾਨਕ ਸਾਹਿਬ ਜੀ ਦਾ ਜੋ ਫਲਸਫ਼ਾ ਹੈ ਉਹ ਕੇਵਲ ਕ੍ਰਾਂਤੀਕਾਰੀ ਢਾਂਚੇ ਵਿੱਚ ਨਹੀਂ ਫਿੱਟ ਕੀਤਾ
ਜਾ ਸਕਦਾ - ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਵਿਸ਼ਾਲ ਖੇਤਰ ਨੂੰ ਆਪਣੀ ਪਿਆਰ ਗੱਲਵੱਕੜੀ ਵਿੱਚ
ਲੈਂਦੀ ਹੈ। ਰਾਜਨੀਤਕ, ਸਮਾਜਿਕ, ਧਾਰਮਿਕ, ਇਸਤ੍ਰੀ ਜਾਤੀ ਨੂੰ ਮਨੁੱਖਤਾ ਦੇ ਬਰਾਬਰ ਦਾ ਦਰਜਾ,
ਆਰਥਿਕ ਖੇਤਰ ਇਸ ਵਿੱਚ ਸਮਾਏ ਹੋਏ ਹਨ। ਇਹ ਫ਼ਲਸਫਾ ਰਬਾਬ ਦੀਆਂ ਤਾਰਾਂ ਵਿਚੋਂ ਨਿਕਲਿਆ ਤੇ ਬੰਸਰੀ
ਦੀ ਅਵਾਜ਼ ਬਣ ਕੇ ਰਾਵੀ ਦੇ ਬੇਲਿਆ, ਮੱਧ ਭਾਰਤ ਦੇ ਜੰਗਲਾਂ ਤੇ ਅਰਬ ਦੇ ਮਾਰੂਥਲਾਂ ਵਿੱਚ ਗੂੰਜਿਆ
ਹੈ। ਇਸ ਦਾ ਪ੍ਰਭਾਵ ਆਮ ਜਨ ਜੀਵਨ ਤੇ ਪਿਆ, ਜੋ ਨਵ-ਜੀਵਨ, ਨਵ-ਚੇਤੰਨਤਾ ਦੇ ਰੂਪ ਵਿੱਚ ਪ੍ਰਗਟ
ਹੁੰਦਾ ਹੈ। ਗੁਰੂ ਨਾਨਕ ਸਾਹਿਬ ਜੀ ਦੀ ਸਹਿਜ ਅਵਸਥਾ ਵਾਲੀ ਫਿਲਾਸਫੀ ਸੰਸਾਰ ਵਿੱਚ ਨਿਵੇਕਲੀ
ਵਿਲੱਖਣਤਾ ਰੱਖਦੀ ਹੈ, ਜੋ ਹਰ ਸਮਕਾਲੀ ਪ੍ਰਸਥਿਤੀਆਂ ਦਾ ਅਸਲੀ ਮੂੰਹ ਮੁਹਾਂਦਰਾ ਪੇਸ਼ ਕਰਦੀ ਹੈ। ਆਮ
ਲੋਕਾਂ ਨੂੰ ਉਹਨਾਂ ਤੇ ਹੋ ਰਹੇ ਜ਼ੁਲਮਾਂ ਪ੍ਰਤੀ ਸੁਚੇਤ ਕਰਦੀ ਹੈ। ਗਲ਼ੀਆਂ ਸੜੀਆਂ ਧਾਰਮਿਕ, ਸਮਾਜਿਕ
ਤੇ ਰਾਜਨੀਤਕ ਪ੍ਰੰਪਰਾਂਵਾਂ ਦੀ ਥਾਂ ਤੇ ਪਰਮ ਸਤਾ ਭਾਵ ਪ੍ਰਮਾਤਮਾ ਦੀ ਹੋਂਦ ਨੂੰ ਸਵੀ ਕਾਰਦਿਆਂ
ਸਹਿਜ ਤੇ ਵਿਚਾਰ ਦੇ ਮਾਰਗ ਨੂੰ ਜਨਮ ਦੇਂਦੀ ਹੈ, ਜੋ ਹਰ ਸਮਾਜ, ਹਰ ਮਨੁੱਖ, ਲਈ ਕਲਿਆਣਕਾਰੀ ਅਤੇ
ਮਨੁੱਖਤਾ ਦੀ ਉਸਾਰੀ ਕਰਨ ਵਾਲੀ ਹੈ। ਸਿੱਖ ਮਤ ਵਿੱਚ ਬਾਹਰਲੇ ਅੰਡਬਰਾਂ ਦੀ ਥਾਂ ਤੇ ਸ਼ੁਭ ਗੁਣਾਂ ਦੀ
ਜਿਸ ਨੂੰ ਅੱਜ ਦੀ ਬੋਲੀ ਵਿੱਚ ਨਾਮ ਸਾਧਨਾ ਵੀ ਕਿਹਾ ਜਾਂਦਾ ਹੈ, ਆਤਮ-ਸ਼ੁਧੀ ਤੇ ਸਦਾਚਾਰ ਦੀਆਂ
ਕੀਮਤਾਂ ਨੂੰ ਬਰਕਰਾਰ ਰੱਖਣ ਲਈ ਪਹਿਲ ਦੇਂਦਾ ਹੈ। ਬਾਬਾ ਬੁੱਢਾ ਜੀ ਨੇ ਅੱਖਰਾਂ ਵਿੱਚ ਨਾ ਸਮਾਏ
ਜਾਣ ਵਾਲੇ ਇਸ ਫ਼ਲਸਫ਼ੇ ਨੂੰ ਡੂੰਘਾਈ ਨਾਲ ਵਾਚਿਆ ਤੇ ਆਪਣੇ ਦਿਲ ਦੀਆਂ ਗਹਿਰਾਈਆਂ ਵਿੱਚ ਉਤਾਰ ਲਿਆ।
ਬਾਬਾ ਬੁੱਢਾ ਜੀ ਇੱਕ ਮਹਾਨ ਸ੍ਰੇਸ਼ਠ, ਹਤੈਸ਼ੀ ਵਿਅਕਤਿਤਵ ਵਾਲੇ ਲੋਕ ਨਾਇਕ ਬਣੇ ਜਿਹਨਾਂ ਨੇ ਸਿੱਖ
ਮਤ ਦੇ ਹਰ ਪਹਿਲੂ ਦੀ ਪਹਿਛਾਣ ਨੂੰ ਆਪਣੇ ਸਾਹਾਂ ਵਿੱਚ ਪ੍ਰੋ ਲਿਆ। ਬਾਬਾ ਬੁੱਢਾ ਜੀ ਨੇ ਸਿੱਖ
ਇਤਿਹਾਸ ਵਿੱਚ ਇੱਕ ਨਿਵੇਕਲੀ ਪੈੜ ਛੱਡੀ ਏ ਜੋ 113 ਵਰ੍ਹੇ ਲੰਬੀ ਹੈ।
ਇਸਾਈ ਮਤ ਵੱਲ ਜ਼ਰਾ ਨਿਗਹਾ ਮਾਰੀ ਜਾਏ ਤਾਂ ਹਜ਼ਰਤ ਈਸਾ ਮਸੀਹ ਜੀ ਦੇ ਇੱਕ ਪੈਰੋਕਾਰ ਨੇ ਤੀਹ ਦਿਨਾਰ
ਲੇ ਕੇ ਮੁੱਖਬਰੀ ਕੀਤੀ ਤੇ ਈਸਾ ਮਸੀਹ ਨੂੰ ਗ੍ਰਿਫਤਾਰ ਕਰਾ ਦਿੱਤਾ। ਗਿਫਤਾਰ ਹੋਏ ਬਾਕੀ 12 ਆਦਮੀਆਂ
ਨੇ ਕੁੱਕੜ ਦੀ ਬਾਂਗ ਤੋਂ ਪਹਿਲਾਂ ਪਹਿਲਾਂ ਹਜ਼ਰਤ ਈਸਾ ਜੀ ਦਾ ਸਾਥ ਛੱਡ ਦਿੱਤਾ ਪਰ ਗੁਰੂ ਨਾਨਕ
ਸਾਹਿਬ ਜੀ ਦਾ ਭਾਈ ਲਹਿਣੇ ਤੇ ਬਾਬਾ ਬੁੱਢਾ ਜੀ ਨੇ ਅਖੀਰਲੇ ਸਾਹਾਂ ਤੱਕ ਸਾਥ ਨਹੀਂ ਛੱਡਿਆ। ਗੁਰੂ
ਨਾਨਕ ਸਾਹਿਬ ਜੀ ਦੀ ਚੋਣ ਕਰਨ ਦਾ ਤਰੀਕਾ ਵੀ ਦੁਨੀਆਂ ਨਾਲੋਂ ਵੱਖਰਾ ਹੈ — ਪਹਿਲਾ ਨੁਕਤਾ ਸੀ
ਗੁਰਬਾਣੀ ਦੀ ਸੂਝ ਤੇ ਉਸ ਦੀ ਸਮਝ ਦੂਜਾ ਸੇਵਾ ਤੇ ਤੀਜਾ ਹੁਕਮ ਨੂੰ ਕਿੰਨਾ ਕੁ ਮੰਨਿਆ ਏਂ। ਗੁਰੂ
ਸਾਹਿਬ ਜੀ ਦੀ ਪਰਖ ਦੀ ਕਸਵੱਟੀ ਤੇ ਭਾਈ ਲਹਿਣਾ ਤੇ ਬਾਬਾ ਬੁੱਢਾ ਜੀ ਖਰੇ ਉੱਤਰੇ – ਇੱਕ ਸਮੇਂ
ਗੁਰੂ ਸਾਹਿਬ ਜੀ ਨੇ ਕਹਿ ਦਿੱਤਾ ਹੁਣ ਤੁਸੀਂ ਚਲੇ ਜਾਉ ਤਦ ਭਈ ਲਹਿਣੇ ਤੇ ਬਾਬਾ ਬੁੱਢੇ ਨੇ ਕਹਿ
ਦਿੱਤਾ ਪਾਤਸ਼ਾਹ ਹੁਣ ਸਾਡਾ ਥਾਂ ਹੀ ਹੋਰ ਕੋਈ ਨਹੀਂ ਰਿਹਾ ਹੁਣ ਜਾਈਏ ਕਿੱਥੇ। ਪੰਚਾਇਤੀ ਰਾਜ ਦੀ
ਨੀਂਹ ਰੱਖਦਿਆਂ ਗੁਰੂ ਨਾਨਕ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨਾਲ ਸਲਾਹ ਕਰਕੇ ਭਾਈ ਲਹਿਣੇ ਨੂੰ
ਗੁਰਿਆਈ ਦਿੱਤੀ, ਭਾਈ ਬੂੜੇ ਜੀ ਨੇ ਆਪਣੇ ਹੱਥੀਂ ਗੁਰਆਈ ਦੀਆਂ ਰਸਮਾਂ ਨਿਭਾਈਆਂ। ਗੁਰੂ ਨਾਨਕ ਤੇ
ਬਾਬਾ ਜੀ ਦੀ ਸੋਚ ਅਨੁਸਾਰ ਸਿੱਖੀ ਪਰਚਾਰ ਦਾ ਕੇਂਦਰ ਖਡੂਰ ਸਾਹਿਬ ਨੂੰ ਸਥਾਪਿਤ ਕੀਤਾ। ਭਾਈ ਬੂੜੇ
ਦੀ ਵਿਉਂਤ ਅਨੁਸਾਰ ਬੱਚਿਆਂ ਨੂੰ ਗੁਰਮੁਖੀ ਅੱਖਰ ਤੇ ਉਹਨਾਂ ਦੀਆਂ ਸਰੀਰਕ ਕਸਰਤਾਂ ਵਲ ਉਚੇਚਾ ਧਿਆਨ
ਦਿੱਤਾ। ਇਤਿਹਾਸ ਦੇ ਹਰ ਪੰਨੇ ਤੇ ਬਾਬੇ ਬੁੱਢੇ ਦਾ ਨਾਂ ਆਉਂਦਾ ਹੈ, ਇਹਨਾਂ ਦਾ ਜੀਵਨ ਸਿੱਖਾਂ ਲਈ
ਇੱਕ ਨਮੂਨਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਮੁੱਢ ਤੋਂ ਹੀ ਸੰਗਤੀ ਫੈਸਲੇ ਨੂੰ ਤਰਜੀਹ ਦੇਂਦਿਆਂ
ਸਮਾਜ ਵਿੱਚ ਨਵੀਆਂ ਪਿਰਤਾਂ ਸਥਾਪਿਤ ਕੀਤੀਆਂ। ਇਤਿਹਾਸ ਦੇ ਪੰਨਿਆ ਨੂੰ ਫਰੋਲਿਆਂ ਬਾਬਾ ਜੀ ਦਾ
ਅਹਿਮ ਰੋਲ ਮੁਖ ਸਲਾਹਕਾਰ ਦੇ ਰੂਪ ਵਿੱਚ ਉੱਗੜ ਕੇ ਸਾਹਮਣੇ ਆਉਂਦਾ ਹੈ।
ਗੁਰੂ ਅਮਰਦਾਸ ਜੀ ਨੂੰ ਜਦੋਂ ਗੁਰਿਆਈ ਮਿਲੀ ਤਦ ਵੀ ਸਾਰੀਆਂ ਰਸਮਾਂ ਗੁਰੂ ਅੰਗਦ ਪਾਤਸ਼ਾਹ ਜੀ ਨੇ
ਭਾਈ ਬੂੜੇ ਨੂੰ ਨਿਬਾਹੁੰਣ ਲਈ ਕਿਹਾ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰੀ ਵਿਚਾਰ ਗੁਰੂ
ਅੰਗਦ ਪਾਤਸ਼ਾਹ ਜੀ ਨੂੰ ਦਸ ਦਿੱਤੀ ਸੀ। ਬਾਬਾ ਬੁੱਢਾ ਜੀ ਹੀ ਸਨ ਜਿਹਨਾਂ ਨੇ ਦਾਤੂ ਦੇ ਕ੍ਰੋਧ ਦੀ
ਅਗਨੀ ਨੂੰ ਠੰਢਿਆਂ ਕੀਤਾ, ਜਦੋਂ ਗੁਰੂ ਅਗੰਦ ਪਾਤਸ਼ਾਹ ਜੀ ਨੇ ਗੁਰਿਆਈ ਗੁਰੂ ਅਮਰਦਾਸ ਜੀ ਨੂੰ
ਦਿੱਤੀ ਸੀ। ਘਰੇਲੂ ਈਰਖਾ ਦੇ ਭਾਂਬੜਾਂ ਨੂੰ ਸ਼ਾਤ ਕਰਨ ਲਈ, ਗੁਰੂ ਅੰਗਦ ਪਾਤਸ਼ਾਹ ਜੀ ਤੇ ਬਾਬਾ
ਬੁੱਢਾ ਜੀ ਦੀ ਸਲਾਹ ਅਨੁਸਾਰ ਸਿੱਖੀ ਪਰਚਾਰ ਦਾ ਕੇਂਦਰ ਗੋਇੰਦਵਾਲ ਸਥਾਪਿਤ ਕੀਤਾ। ਗੁਰੂ ਅਮਰਦਾਸ
ਜੀ ਨੇ ਬਾਬਾ ਬੁੱਢਾ ਜੀ ਨਾਲ ਕਈ ਇਤਿਹਾਸਿਕ ਫੈਸਲੇ ਲਏ। ਸਤੀ ਦੀ ਰਸਮ ਨੂੰ ਬੰਦ ਕਰਨਾ, ਵਿਧਵਾ ਦੇ
ਪੁਨਰ ਵਿਆਹ ਤੇ ਜ਼ੋਰ, ਬਾਲ ਵਿਆਹ ਦੀ ਪ੍ਰਥਾ ਬੰਦ ਕਰਨੀ, ਛੁਤ _ ਛਾਤ, ਭਿੱਟ, ਜਾਤ - ਪਾਤ ਤੇ ਵਰਨ
ਆਸ਼ਰਮ ਨੂੰ ਮੁੱਢੋਂ ਖਤਮ ਕਰਨਾ ਆਦਿ ਸਮਾਜਿਕ ਤੇ ਧਾਰਮਿਕ ਕੁਰੀਤੀਆਂ ਨੂੰ ਜੜੋਂ ਉਖ੍ਹਾੜਨ ਲਈ ਬਉਲੀ
ਦੀ ਸਥਾਪਨਾ ਤੇ ਪੰਗਤ ਪ੍ਰਥਾਂ ਦਾ ਵਿਸਥਾਰ ਕੀਤਾ।
ਪੰਜਾਬ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਦਰਸਾਏ ਮਾਰਗ ਨੂੰ ਅੱਗੇ ਤੋਰਨ ਤੇ ਵਿਉਂਤ ਨਾਲ ਜੱਥੇਬੰਦ
ਕਰਨ ਲਈ, ਅੰਤਰਾਸ਼ਟਰੀ ਪੱਧਰ ਤੇ ਤਜਾਰਤ ਕਰਨ ਹਿੱਤ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਹੋਈ। ਬਵੰਜਾ
ਕਿਸਮ ਦੇ ਵੱਖ ਵੱਖ ਕਿਰਤੀ ਲਿਆ ਕੇ ਇਸ ਸ਼ਹਿਰ ਵਿੱਚ ਵਸਾਏ ਜਿਸ ਦੀ ਸਾਰੀ ਜ਼ਿਮੇਵਾਰੀ ਬਾਬਾ ਬੁੱਢਾ
ਜੀ ਦੀ ਲਗਾਈ ਸੀ। ਗੁਰੂ ਰਾਮਦਾਸ ਜੀ ਨੇ ਗੁਰਿਆਈ ਦੀ ਰਸਮ ਬਾਬਾ ਬੁੱਢਾ ਜੀ ਪਾਸੋਂ ਨਿਬਾਹ ਕੇ ਗੁਰੂ
ਅਰਜਨ ਪਾਤਸ਼ਾਹ ਜੀ ਨੂੰ ਦਿੱਤੀ।
ਪੰਚਮ ਪਾਤਸ਼ਾਹ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਹਿਜ ਮਾਰਗ ਨੂੰ ਦੁਨੀਆਂ ਤੀਕ ਪਹੁੰਚਾਣ ਲਈ
ਜਿੱਥੇ ਅੰਮ੍ਰਿਤਸਰ ਸ਼ਹਿਰ ਦਾ ਵਿਕਾਸ ਕੀਤਾ, ਉੱਥੇ ਨਾਲ ਸਰੀਰਕ (ਸਫਾਈ) ਸ਼ੁਧਤਾ ਅਤੇ ਪਾਣੀ ਦੀ
ਬੁਨਿਆਦੀ ਲੋੜ ਨੂੰ ਮਹਿਸੂਸ ਕਰਦਿਆਂ ਸਰੋਵਰ ਦੀ ਮੁਕੰਮਲਤਾ ਕਰਵਾਈ ਤੇ ਆਤਮਿਕ ਤ੍ਰਿਪਤੀ ਲਈ ਸ਼ਬਦ
ਵਿਚਾਰ ਦਾ ਪ੍ਰਵਾਹ ਚਲਾਉਣ ਲਈ ਦਰਬਾਰ ਸਾਹਿਬ ਦੀ ਸਥਾਪਨਾ ਕੀਤੀ। ਇਸ ਸਾਰੇ ਕਾਰਜ ਦੀ ਰੇਖ ਦੇਖ
ਬਾਬਾ ਬੁੱਢਾ ਜੀ ਨੇ ਕੀਤੀ। ਦਰਬਾਰ ਸਾਹਿਬ ਜੀ ਦੀਆਂ ਪਰਕਰਮਾਂ ਵਿੱਚ ਉੱਤਰ ਪੂਰਬ ਦੀ ਬਾਹੀ ਵੱਲ
ਬੇਰੀ ਦੇ ਹੇਠਾਂ ਬੈਠ ਕੇ ਸਾਰੀ ਕਾਰ ਸੇਵਾ ਨਿਬਾਹੀ। ਇਸ ਸੇਵਾ ਦੇ ਉਪਰੰਤ ਬਾਬਾ ਬੁੱਢਾ ਜੀ ਜ਼ਿਲ੍ਹਾ
ਅੰਮ੍ਰਿਤਸਰ ਦੇ ਨਗਰ ਝੁਬਾਲ ਵਿਖੇ ਖੇਤੀ ਦੀ ਸੰਭਾਲ਼ ਵੀ ਕੀਤੀ।
ਭਾਈ ਬੁੱਢੇ ਦਾ ਸਤਿਕਾਰ ਇਤਨਾ ਸੀ ਕਿ ਗੁਰੂ ਅਰਜਨ ਪਾਤਸ਼ਾਹ ਜੀ ਨੇ ਆਪਣੇ ਸਾਹਿਬਜ਼ਾਦੇ ਬਾਲਕ
ਹਰਿਗੋਬਿੰਦ ਦੀ ਪੜ੍ਹਾਈ ਲਿਖਾਈ, ਸਿਖਲਾਈ ਦਾ ਕੰਮ ਆਪ ਜੀ ਦੇ ਸਪੁਰਦ ਕੀਤਾ। ਉਹਨਾਂ ਨੇ ਬਾਲਕ
ਹਰਿਗੋਬਿੰਦ ਨੂੰ ਗੁਰਮੁੱਖੀ ਅੱਖਰ, ਗੁਰਬਾਣੀ ਦੀ ਗੂੜਤਾ, ਗੁਰ—ਇਤਿਹਾਸ, ਗੁਰ ਸਿਧਾਂਤ ਦੀ ਪਰਪੱਕਤਾ
ਚੰਗੀ ਤਰ੍ਹਾਂ ਕਰਾਈ। ਗੁਰੂ ਸਾਹਿਬ ਜੀ ਨੂੰ ਘੋੜ ਸਵਾਰੀ ਸ਼ਸਤਰਾਂ ਦੀ ਵਰਤੋਂ ਕੁਸ਼ਤੀ ਅਤੇ ਹੋਰ
ਸਰੀਰਕ ਸਿੱਖਲਾਈ ਬਾਬਾ ਬੁੱਢਾ ਜੀ ਨੇ ਆਪ ਕਰਾਈ। ਗੱਲ ਕੀ ਗੁਰੂ ਹਰਿਗਬਿੰਦ ਪਾਤਸ਼ਾਹ ਜੀ ਦੀ ਸਾਰੀ
ਘਾੜਤ ਬਾਬਾ ਜੀ ਦੀ ਰੇਖ—ਦੇਖ ਹੇਠ ਘੜੀ ਗਈ। ਅੱਗੋਂ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਆਪਣੇ
ਸਾਹਿਬਜ਼ਾਦਿਆਂ ਦੀ ਪੜ੍ਹਾਈ ਲਿਖਾਈ ਤੇ ਸਿਖਲਾਈ ਵੀ ਬਾਬਾ ਬੁੱਢਾ ਜੀ ਤੋਂ ਹੀ ਕਰਾਈ।
1604 ਈਸਵੀ ਨੂੰ ਰਾਮਸਰ ਦੇ ਅਸਥਾਨ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਹੋਈ ਤਾਂ
ਗੁਰੂ ਅਰਜਨ ਪਾਤਸ਼ਾਹ ਜੀ ਨੇ ਕਿਹਾ, “ਕਿ ਬਾਬਾ ਜੀ ਇਸ ਪਾਵਨ ਪਵਿੱਤਰ ਸਰੂਪ ਨੂੰ ਆਪਣੇ ਸੀਸ ਤੇ
ਉਠਾਉ ਤੇ ਦਰਬਾਰ ਸਾਹਿਬ ਜੀ ਵਲ ਨੂੰ ਚੱਲਣਾ ਕਰੋ” । ਉਹ ਕਿੰਨਾ ਸੁੰਦਰ ਸਮਾਂ ਹੋਏਗਾ ਜਦੋਂ ਪੋਥੀ
ਸਾਹਿਬ ਜੀ ਨੂੰ ਭਾਵ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਨੂੰ ਬਾਬਾ ਜੀ ਨੇ ਆਪਣੇ ਪਵਿੱਤਰ
ਸੀਸ ਤੇ ਰੱਖਿਆ ਹੋਏਗਾ ਤੇ ਚੌਰ ਗੁਰੂ ਅਰਜਨ ਪਾਤਸ਼ਾਹ ਜੀ ਝੁਲਾ ਰਹੇ ਹੋਣਗੇ। ਕਵੀ ਸੰਤੋਖ ਸਿੰਘ ਦੇ
ਗੁਰਪਰਤਾਪ ਸੂਰਜ ਅੰਦਰ ਕੁੱਝ ਬੋਲ ਇਸ ਤਰ੍ਹਾਂ ਦੇ ਲਿਖੇ ਹੋਏ ਮਿਲਦੇ ਹਨ।
ਬੁੱਢਾ ਨਿਜਿ ਸਿਰ ਧਰੋ ਗ੍ਰੰਥ। ਆਗੇ ਚਲੋ ਸੁਧਾਸਰ ਪੰਥ।
ਮਾਨ ਬਾਕ ਲੈ ਭਇਓ ਅਗਾਰੀ। ਚਉਰ ਗੁਰੁ ਅਰਜਨ ਕਰ ਧਾਰੀ।
ਦਰਬਾਰ ਸਾਹਿਬ ਪਾਹੁੰਚ ਕੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਰਕਾਸ਼ ਕਰਨ ਲਈ
ਬਾਬਾ ਬੁੱਢਾ ਜੀ ਨੂੰ ਆਖਿਆ ਤੇ ਨਾਲ ਸਾਰੇ ਪੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਹੁਕਮ ਸਣਾਉਣ
ਲਈ ਕਿਹਾ।
ਮੰਜੀ ਸਾਹਿਬ ਗ੍ਰੰਥ ਤਹਿ ਥਾਪ। ਨਿਕਟ ਬੈਠੇ ਗੁਰ ਅਰਜਨ ਆਪ।
ਬੁੱਢਾ ਸਾਹਿਬ ਖੋਲ੍ਹੋ ਗ੍ਰੰਥ। ਲੇ ਅਵਾਜ਼ ਸੁਣੇ ਸਭ ਪੰਥ।
ਇੰਜ 98 ਸਾਲ ਦੀ ਉਮਰ ਵਿੱਚ ਚਲ ਰਹੀ ਪ੍ਰੰਪਰਾ ਅਨੁਸਾਰ ਬਾਬਾ ਬੁੱਢਾ ਜੀ ਨੂੰ ਗ੍ਰੰਥ ਦੇ ਪਹਿਲੇ
ਗ੍ਰੰਥੀ ਹੋਣ ਦਾ ਸੁਭਾਗ ਅਤੇ ਮਾਣ ਪਰਾਪਤ ਹੋਇਆ। ਗੁਰਮਤਿ ਦਾ ਇੱਕ ਸਿਧਾਂਤ ਉਗੜ ਕੇ ਸਾਡੇ ਸਾਹਮਣੇ
ਆਉਂਦਾ ਹੈ ਕਿ ਜੋ ਗ੍ਰੰਥ ਨੂੰ ਜਾਣਦਾ ਹੈ ਉਹ ਹੀ ਗ੍ਰੰਥੀ ਹੋ ਸਕਦਾ ਹੈ, ਹਰੇਕ ਜਣਾ ਖਣਾ ਗ੍ਰੰਥੀ
ਨਹੀਂ ਹੋ ਸਕਦਾ। ਗ੍ਰੰਥ ਦੇ ਅੰਦਰਲੇ ਫਲਸਫ਼ੇ ਨੂੰ ਜੋ ਬਰੀਕੀ ਨਾਲ ਸਮਝਦਾ ਹੈ ਉਹ ਹੀ ਗ੍ਰੰਥੀ
ਅਖਵਾਉਣ ਦਾ ਹੱਕਦਾਰ ਹੈ। ਗੁਰੂ ਗ੍ਰੰਥ ਦੀ ਵਿਚਾਰਧਾਰਾ ਤੇ ਬਾਬਾ ਬੁੱਢਾ ਜੀ ਦਾ ਜੀਵਨ ਇਕਸਾਰ ਹੈ
ਭਾਵ ਗੁਰਬਾਣੀ ਫਲਸਫ਼ੇ ਵਿੱਚ ਬਾਬਾ ਜੀ ਸਮੋਏ ਹੋਏ ਸਨ। ਪਰ ਸਾਖੀਆਂ ਅਸੀਂ ਉਹ ਜੋੜੀਆਂ ਹਨ ਜੋ ਗੁਰੂ
ਗ੍ਰੰਥ ਸਾਹਿਬ ਜੀ ਦੀ ਵਿਚਾਧਾਰਾ ਦੇ ਉਲਟ ਵਿੱਚ ਖੜੀਆਂ ਹਨ। ਹੁਣ ਗੁਰੂ ਗ੍ਰੰਥ ਵਿੱਚ ਹੁਕਮ, ਰਜ਼ਾ
ਤਥਾ ਭਾਣੇ ਵਿੱਚ ਚੱਲਣ ਦੀ ਤਾਗੀਦ ਕੀਤੀ ਗਈ ਹੈ ਜੋ ਕਿ ਜੀਵਨ ਜਾਚ ਦਾ ਉੱਚਤਮ ਨਮੂਨਾ ਹਨ ਤੇ ਗੁਰੂ
ਆਖਦਾ ਹੈ ਕਿ ਦਾਤਾਂ ਕੇਵਲ ਪਰਮਾਤਮਾ ਹੀ ਦੇਂਦਾ ਹੈ। ਇੱਕ ਵਾਕ ਧਿਆਨ ਵਿੱਚ ਲਿਆਉਣ ਦੀ ਜ਼ਰੂਰਤ ਹੈ।
ਵਡਾ ਕਰਿ ਸਾਲਾਹਣਾ ਹੈ ਭੀ ਹੋਸੀ ਸੋਇ ॥
ਸਭਨਾ ਦਾਤਾ ਏਕ ਤੂ ਮਾਣਸ ਦਾਤ ਨ ਹੋਇ ॥
ਜੋ ਤਿਸੁ ਭਾਵੈ ਸੋ ਥੀਐ ਰੰਨ ਕਿ ਰੁੰਨੇ ਹੋਇ ॥
ਸੋਰਠਿ ਮਹਲਾ 1 --- ਪੰਨਾ 595 ----
ਅਥਵਾ --------
ਸਭਨਾ ਦਾਤਾ ਏਕ ਹੈ ਇਕੋ ਹਰਿ ਮਿਤਾ ॥
ਪਉੜੀ ਮ: 3 --- ਪੰਨਾ 512 ---
ਗੁਰੂ ਅਰਜਨ ਪਾਤਸ਼ਾਹ ਜੀ ਆਪਣੇ ਸਰੀਰ ਦੀ ਕੁਰਬਾਨੀ ਦੇਣ ਲਈ ਜਦੋਂ ਲਾਹੌਰ ਗਏ ਤਾਂ ਸਾਰੀ
ਸੰਗਤ ਨੂੰ ਗੁਰਬਾਣੀ ਤੇ ਭਰੋਸਾ, ਹੁਕਮ ਤੇ ਚੱਲਣ ਦੀ ਤਾਗੀਦ ਕੀਤੀ। ਸਾਰੀਆਂ ਜ਼ਿਮੇਵਾਰੀਆਂ ਬਾਬਾ
ਬੁੱਢਾ ਜੀ, ਭਾਈ ਗੁਰਦਾਸ ਜੀ ਤੇ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੂੰ ਸੰਭਾਲੀਆਂ – ਗੁਰ ਪਰਤਾਪ
ਸੂਰਜ ਦੇ ਕਰਤਾ ਦੀਆਂ ਕੁੱਝ ਸਤਰਾਂ ਇਸ ਪਰਕਾਰ ਹਨ:-------
ਇਤਿ ਸ੍ਰੀ ਅਰਜਨ ਸਭ ਕਿਝ ਜਾਨਾ। ਹੋਨਹਾਰ ਸਭ ਬਿਰਤੰਤ ਮਹਾਨਾ।
ਬ੍ਰਿਧ ਆਪਣੇ ਨਿਕਟਿ ਹਕਾਰਾ। ਸਾਦਰ ਭਾਖਤ ਤਾਹਿ ਬਿਚਾਰਾ।
ਪੁੰਨ ਸ੍ਰੀ ਹਰਿ ਗੋਬਿੰਦ ਬਲਾਏ। ਯੁੱਤ ਗੁਰਦਾਸ ਤਹਾਂ ਚੱਲ ਆਏ।
ਕਹੁ ਬੁੱਢਾ ਸ੍ਰੀ ਹਰਿ ਗੋਬਿੰਦ। ਅਬ ਸੁਚੇਤ ਬਲੀ ਬਿਲੰਦ ।
ਗੁਰਤਾ ਗਾਦੀ ਬੈਠਤ ਯੋਗ। ਦੈ ਹੈ ਦੁਸ਼ਟਨ ਕੈ ਘਰ ਸੋਗ।
ਬ੍ਰਿਧ ਨੇ ਭਾਖਿਓ ਜੋਤ ਤੁਮਾਰੀ। ਹਹਿ ਬੀਰ ਬਡੋ ਜੋ ਆਯੁੱਧ ਧਾਰੀ।
ਜਦੋਂ ਗੁਰੂ ਅਰਜਨ ਪਾਤਸ਼ਾਹ ਜੀ ਸ਼ਹਾਦਤ ਦੇਣ ਜਾਣ ਦੀ ਤਿਆਰੀ ਕਰ ਰਹੇ ਸਨ ਤੇ ਜਾਣ ਤੋਂ ਪਹਿਲਾਂ ਬਾਬਾ
ਬੁੱਢਾ ਜੀ ਦੇ ਆਦਰ ਮਾਣ ਸਬੰਧੀ ਹੋਰ ਬਚਨ ਵੀ ਪ੍ਰਪੱਕਤਾ ਨਾਲ ਕਹੇ। ਖਾਸ ਤੌਰ ਤੇ ਗੁਰੂ ਹਰਿ
ਗੋਬਿੰਦ ਸਾਹਿਬ ਜੀ ਨੂੰ ਸੰਬੋਧਨ ਹੁੰਦਿਆਂ ਕਿਹਾ:-----
ਹਰਿ ਗੋਬਿੰਦ ਕੋ ਪੁਨਹ ਸੁਨਾਈ। ਅਦਬ ਰਖਹੁ ਨਿਤ ਬੁੱਢਾ ਭਾਈ।
ਜਿਮ ਆਗਿਆ ਦੇ ਤੇ ਰਹਿਨਾ।
ਏੱਥੇ ਇੱਕ ਗੱਲ ਹੋਰ ਵੀ ਸਪੱਸ਼ਟ ਹੁੰਦੀ ਹੈ ਕਿ ਬਾਬਾ ਬੁੱਢਾ ਜੀ ਦੇ ਨਾਂ ਨਾਲ ਭਾਈ ਸ਼ਬਦ ਵੀ ਵਰਤਿਆ
ਗਿਆ ਹੈ ਪਰ ਸ਼ਬਦ ਬਾਬਾ ਪ੍ਰਚੱਲਤ ਹੋ ਗਿਆ ਹੈ। ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਉਪਰੰਤ ਗੁਰੂ
ਗ੍ਰੰਥ ਸਾਹਿਬ ਜੀ ਦਾ ਪਾਠ ਭਾਈ ਬੁੱਢਾ ਜੀ ਨੇ ਕੀਤਾ।
ਸ੍ਰਿੀ ਗੁਰੂ ਗ੍ਰੰਥ ਪਾਠ ਕਰਵਾਇਵ। ਭਾਈ ਪਠਨ ਕੋ ਲਾਇਵ।
ਸਭ ਕੀ ਦਸ਼ਾ ਦੇਖ ਬ੍ਰਿਧ ਭਾਈ। ਬ੍ਰਹਮ ਗਿਆਨ ਕੀ ਜਿਸ ਦ੍ਰਿਢਤਾਈ।
ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਉਪਰੰਤ ਸਿੱਖ ਧਰਮ ਵਿੱਚ ਇੱਕ ਨਵੇਂ ਧਰਮ ਦਾ ਅਗਾਜ ਹੋਇਆ।
ਡਾ. ਸੁਖਦਿਆਲ ਸਿੰਘ ਜੀ ਪੰਜ ਤੱਖਤ ਦੀ ਪੁਸਤਕ ਅੰਦਰ ਕੁੱਝ ਇੰਜ ਲਿਖਦੇ ਹਨ, 30 ਮਈ ਸ਼ੁਕਰਵਾਰ 1606
ਈਸਵੀ ਨੂੰ ਗੁਰੂ ਜੀ ਦੀ ਸ਼ਹਾਦਤ ਹੋਈ, ਭੋਗ ਦੀ ਰਸਮ ਤੇਰਵੇਂ ਦਿਨ ਭਾਵ 11 ਜੂਨ 1606 ਨੂੰ ਪੂਰੀ
ਹੋਈ। ਏਸੇ ਦਿਨ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੀ ਦਸਤਾਰ ਬੰਦੀ ਹੋਈ ਸੀ ਤੇ ਏਸੇ ਦਿਨ ਹੀ ਗੁਰਿਆਈ
ਵੀ ਧਾਰਨ ਕੀਤੀ ਗਈ। ਗੁਰਗੱਦੀ ਦੀ ਰਸਮ ਤੱਖਤ ਉੱਪਰ ਬੈਠ ਕੇ ਕੀਤੀ ਗਈ। ਅੱਗੇ ਲਿਖਦੇ ਹਨ ਕਿ ਛੇਵੇਂ
ਪਾਤਸ਼ਾਹ ਜੀ ਨੇ ਜਦੋਂ ਗੁਰਗੱਦੀ ਧਾਰਨ ਕੀਤੀ ਤਾਂ ਉਸ ਸਮੇਂ ਸਿੱਖ ਸੰਗਤਾਂ ਦਾ ਇਕੱਠ ਕਰਨ ਲਈ ਮਿੱਟੀ
ਦਾ ਇੱਕ ਚਬੂਤਰਾ (ਥੜਾ) ਤਿਆਰ ਕਰਵਾਇਆ। ਮਗਰੋਂ ਇਹ ਥੜਾ ਪੱਕੀਆਂ ਇੱਟਾਂ ਨਾਲ ਉਸਾਰਿਆ ਗਿਆ ਜਿਸ ਦੀ
ਉਸਾਰੀ ਭਾਈ ਗੁਰਦਾਸ ਜੀ ਅਤੇ ਭਾਈ ਬੁੱਢਾ ਜੀ ਨੇ ਆਪਣੇ ਹੱਥੀਂ ਕੀਤੀ।
ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਕਿ ਦਸਤਾਰ ਬੰਧਾਉਣ ਵੇਲੇ ਮਸੰਦਾਂ ਨੇ ਮੰਜੀ ਮਾਲ਼ਾ, ਸੇਲੀ ਆਦਿ
ਅੱਗੇ ਲਿਆ ਕਿ ਰੱਖੀਆਂ। ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਕਿਹਾ ਕਿ, “ਮੰਜੀ ਗ੍ਰੰਥ ਵਾਸਤੇ ਹੈ ਤੇ
ਸੇਲੀ ਆਦਿ ਦੀ ਲੋੜ ਕੋਈ ਨਹੀਂ ਹੈ” । ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨਾਲ ਸਲਾਹ ਮਸ਼ਵਰਾ
ਕਰਕੇ, ਜੋ ਕਿ ਪਹਿਲਾਂ ਹੀ ਕੀਤਾ ਹੋਇਆ ਸੀ ---- ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ
ਪ੍ਰਗਟ ਕਰਨ ਲਈ ਦੋ ਤਲਵਾਰਾਂ ਗੁਰੂ ਜੀ ਦੇ ਪਹਿਨਾ ਦਿੱਤੀਆਂ, ਜਿਸ ਦੀ ਪਹਿਲਾਂ ਹੀ ਵਿਚਾਰ ਕੀਤੀ
ਹੋਈ ਸੀ। ਬਾਬਾ ਬੁੱਢਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਸੰਕਲਪ ਸੰਗਤਾਂ ਦੇ ਸਾਹਮਣੇ ਰੱਖਿਆ। ਉਸ
ਦਿਨ ਦੋ ਹਜ਼ਾਰ ਸੰਗਤਾਂ ਦੀ ਗਿਣਤੀ ਦਾ ਇਕੱਠ ਦੱਸਿਆ ਜਾਂਦਾ ਹੈ। ਬਾਬਾ ਬੁੱਢਾ ਜੀ ਨੇ ਮੀਰੀ ਪੀਰੀ
ਲਈ ਜੋ ਸ਼ਬਦ ਕਹੇ ਉਹ ਗੁਰੂ ਅਰਜਨ ਪਾਤਸ਼ਾਹ ਜੀ ਦੇ ਸ਼ਬਦਾਂ ਦਾ ਵਿਸਥਾਰ ਹੀ ਸੀ। ਮੀਰੀ ਪੀਰੀ ਦੇ
ਸੰਕਲਪ ਦੀ ਵਿਆਖਿਆ ਕਰਦਿਆਂ ਬਾਬਾ ਜੀ ਨੇ ਦੱਸਿਆ ਹੈ ਕਿ ਮੀਰੀ ਪੀਰੀ ਸਿੱਖ ਮਤ ਨੂੰ ਇੱਕ ਨਵੇਂ
ਮਨੁੱਖ (ਗੁਰਮੁੱਖ) ਇੱਕ ਨਵੇਂ ਸਮਾਜ (ਪੰਥ) ਇੱਕ ਨਵੇਂ ਰਾਸ਼ਟਰ (ਖਾਲਸਾ-ਤੰਤ੍ਰ) ਦੇ ਤਸੱਵਰ ਦੇ ਰੂਪ
ਵਿੱਚ ਪੇਸ਼ ਕਰਦੀ ਹੈ। ਇਸ ਨਵੇਂ ਰਾਸ਼ਟਰ ਦਾ ਨਾਂ ਗੁਰੂ ਅਰਜਨ ਪਾਤਸ਼ਾਹ ਜੀ ਨੇ ਹਲੇਮੀ ਰਾਜ ਰੱਖਿਆ।
ਇਸ ਹਲੇਮੀ ਰਾਜ ਦਾ ਆਲਮੀ ਮੈਨੀਫੈਸਟੋ ਇਹਨਾਂ ਸ਼ਬਦਾਂ ਵਿੱਚ ਪ੍ਰਸਤੁਤ ਕੀਤਾ ਹੈ:------
ਹੁਣਿ ਹੁਕਮੁ ਹੋਆ ਮਿਹਰਵਾਣ ਦਾ, ਪੈ ਕੋਇ ਨ ਕਿਸੇ ਰਞਾਣਦਾ ॥
ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥
ਸਿਰੀ ਰਾਗ ਮਹਲਾ 5----ਪੰਨਾ 74----
ਬਾਬਾ ਬੁੱਢਾ ਜੀ ਨੇ ਗੁਰਿਆਈ ਦੀਆਂ ਰਸਮਾਂ ਨਿਬਾਹ ਕੇ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੀ
ਸਲਾਹ ਨਾਲ ਕੌਮ ਨੂੰ ਕਈ ਨਵੇਂ ਦਿਸ਼ਾ ਨਿਰਦੇਸ਼ ਦਿੱਤੇ। ਹਰ ਰਾਸ਼ਟਰ ਨੂੰ ਉਜਾਗਰ ਰਹਿਣ ਲਈ ਕੁੱਝ
ਬੁਨਿਆਦੀ ਨੁਕਤਿਆਂ ਦੀ ਜ਼ਰੂਰਤ ਹੁੰਦੀ ਹੈ, ਜਿਹਾ ਕਿ ਸ਼ਸਤਰ, ਘੋੜੇ, ਟੈਕਸ ਭਾਵ ਮਾਇਆ ਦਾ ਖਜ਼ਾਨੇ
ਵਿੱਚ ਆਉਣਾ ਹੁੰਦਾ ਸੀ ਪਰ ਗੁਰਮਤਿ ਨੇ ਇਸ ਸ਼ਬਦ ਦੀ ਵਰਤੋਂ ਨਹੀਂ ਕੀਤੀ ਸਗੋਂ ਸਿੱਖਾਂ ਨੂੰ ਆਪਣੀ
ਕਿਰਤ ਕਮਾਈ ਵਿਚੋਂ ਦਸਵਾਂ ਹਿੱਸਾ ਜਨੀ ਕਿ ਦਸਵੰਦ ਭੇਜਣ ਦੀ ਤਾਗੀਦ ਕੀਤੀ। ਬਾਬਾ ਬੁੱਢਾ ਜੀ ਨੇ
ਨਵੇਂ ਸਮਾਜ, ਰਾਜ ਦੀ ਸਥਾਪਨਾ ਲਈ ਕੌਮ ਦੇ ਨਾਂ ਤੇ ਗੁਰੂ ਹਰਿ ਗੋਬਿੰਦ ਸਾਹਿਬ ਜੀ ਪਾਸੋਂ ਐਲਾਨ
ਕਰਾਇਆ ਕਿ ਅੱਜ ਤੋਂ ਬਾਅਦ ਮੇਰੀ ਭੇਟਾ ਚੰਗਾ ਘੋੜਾ, ਨਿਰੋਈ ਜਵਾਨੀ ਤੇ ਚੱਲਣ ਯੋਗ ਸ਼ਸਤਰ ਹੋਏਗੀ।
ਇਸ ਕਾਰਜ ਦੀ ਮਕੰਮਲਤਾ ਲਈ ਹਰ ਸਿੱਖ ਆਪਣੀ ਕਿਰਤ ਕਮਾਈ ਵਿਚੋਂ ਦਸਵੰਧ ਦੀ ਰਕਮ ਭੇਜਿਆ ਕਰੇ। ਇਸੇ
ਮੀਰੀ ਪੀਰੀ ਦੀ ਸਾਖਸ਼ਤ ਝੱਲਕ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਨਵੇਂ ਰਾਸ਼ਟਰ ਦਾ ਨਵਾਂ ਸਿੱਕਾ ਜਾਰੀ
ਕਰਦਿਆਂ ਇਹ ਅੱਖਰ ਲਿਖਵਾਏ -- ਦੇਗੋ ਤੇਗ਼ੋ ਫ਼ਤਹ ਨੁਸਰਤ ਬੇਦਰੰਗ। ਯਾਫ਼ਤਜ਼ ਅਜ਼ ਨਾਨਕ ਗੁਰੂ ਗੋਬਿੰਦ
ਸਿੰਘ। ਇਹ ਮੀਰੀ ਪੀਰੀ ਦਾ ਸੰਕਲਪ ਸਾਕਾਰ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਬਾਬਾ ਬੁੱਢਾ ਜੀ ਦੀ
ਵਿਉਂਤ ਅਨੁਸਾਰ ਪਿੰਡਾਂ ਵਿਚੋਂ ਮੀਰੀ ਪੀਰੀ ਨੂੰ ਬਹੁਤ ਜ਼ਬਰਦਸਤ ਹੁੰਗਾਰਾ ਮਿਲਿਆ। ਬਾਬਾ ਬੁੱਢਾ ਜੀ
ਦਾ ਜੀਵਨ ਸਿੱਖ ਇਤਿਹਾਸ ਵਿੱਚ ਇੱਕ ਨਵੀਂ ਵਿਲੱਖਣਤਾ ਤੇ ਸੱਜਰੀ ਸਵੇਰ ਵਾਂਗ ਤਰੋ ਤਾਜ਼ਾ ਹੈ।
ਇਸ ਸਮੇਂ ਬਾਬਾ ਜੀ ਦੀ ਉਮਰ ਸੌ ਸਾਲ ਦੇ ਅੰਕੜੇ ਨੂੰ ਪਾਰ ਕਰ ਗਈ ਸੀ। ਉਹਨਾਂ ਨੇ ਲੰਬੀ ਨਦਰ ਨਾਲ
ਦੇਖਿਆ ਮਾਝੇ, ਮਾਲਵੇ ਤੇ ਦੁਆਬੇ ਵਿਚੋਂ ਨੌਜਵਾਨ ਵਹੀਰਾਂ ਘੱਤ ਕੇ ਗੁਰੂ ਜੀ ਦੇ ਦਰਸ਼ਨਾਂ ਨੂੰ ਆ
ਰਹੇ ਹਨ ਜਿਸ ਨਾਲ ਕੌਮ ਨਵਾਂ ਜੋਸ਼ ਲੈ ਕੇ ਜੱਥੇਬੰਦ ਹੋ ਰਹੀ ਹੈ। ਇਸ ਸਾਰੇ ਕਾਰਜ ਵਿੱਚ ਬਾਬਾ ਜੀ
ਦੀ ਬਹੁਤ ਵੱਡੀ ਭੂਮਿਕਾ ਰਹੀ ਹੈ। ਪਿੱਛਲੇ ਲੰਬੇ ਸਮੇਂ ਤੋਂ ਬਾਬਾ ਜੀ ਦੇ ਜੀਵਨ ਨਾਲ ਅਸੀਂ ਇਨਸਾਫ਼
ਨਹੀਂ ਕੀਤਾ ਕਿਉਂਕਿ ਚੰਦ ਸਾਖੀਆਂ ਤੀਕ ਹੀ ਬਾਬਾ ਜੀ ਦਾ ਜੀਵਨ ਅਸਾਂ ਸੀਮਤ ਕਰਕੇ ਰੱਖਿਆ ਹੈ ਭਾਵ
ਤਿੰਨਾ ਚੌਂਹਾਂ ਸਾਖੀਆਂ ਨਾਲ ਹੀ ਬੁੱਤਾ ਸਾਰਿਆ ਹੈ। ਬਾਬਾ ਜੀ ਦਾ ਜੀਵਨ ਕੁੱਝ ਇਤਿਹਾਸ ਤਕ ਸੀਮਤ
ਨਹੀਂ ਹੈ। ਇਹ ਤਾਂ ਬੂੜੇ ਤੋਂ ਬੁੱਢੇ ਤਕ ਦਾ 125 ਸਾਲ ਦਾ ਲੰਬਾ ਇਤਿਹਾਸ ਹੈ; ਜੋ ਆਪਣੇ ਆਪ ਵਿੱਚ
ਸਮੁੰਦਰ ਦੀ ਡੂੰਘਾਈ ਵਾਂਗ ਡੂੰਘਾ ਤੇ ਖੁਲ੍ਹੇ ਅਸਮਾਨ ਦੀ ਤਰ੍ਹਾਂ ਵਿਸ਼ਾਲ ਹੈ। ਆਪਣੀ ਜ਼ਿੰਦਗੀ ਦੇ
113 ਸਾਲ ਗੁਰੂ ਸਾਹਿਬਾਨ ਜੀ ਦੀ ਹਜ਼ੂਰੀ ਵਿੱਚ ਬਿਤਾਏ ਹਨ ਇਸ ਲਈ ਉਹਨਾਂ ਦੀ ਜ਼ਿੰਦਗੀ ਦਾ ਹਰ ਦਿਨ
ਇੱਕ ਲੰਬਾ ਇਤਿਹਾਸ ਲਈ ਬੈਠਾ ਹੈ। ਪਰ ਅਸੀਂ ਤਾਂ ਬਾਬਾ ਜੀ ਨੂੰ ਵਰਾਂ ਸਰਾਪਾਂ ਦੇ ਸੀਮਤ ਦਾਇਰੇ
ਵਿੱਚ ਬੰਨਣ ਦਾ ਨਿਕੰਮਾ ਜੇਹਾ ਯਤਨ ਕਰ ਰਹੇ ਹਾਂ। 1982 ਵਿੱਚ ਲੁਧਿਆਣੇ ਪਾਠ ਬੋਧ ਸਮਾਗਮ ਹੋਇਆ
ਜਿਸ ਵਿੱਚ ਡਾਕਟਰ ਤਾਰਨ ਸਿੰਘ ਜੀ ਨੇ ਆਪਣੇ ਵਿਚਾਰ ਰੱਖਦਿਆਂ ਇੱਕ ਗੱਲ ਕਹੀ ਸੀ ਕਿ ਅੱਜ ਸਿੱਖ
ਸਟੇਜਾਂ ਤੇ ਜਾਂ ਤਾਂ ਹੱਸਾਇਆ ਜਾ ਰਿਹਾ ਹੈ ਤੇ ਜਾਂ ਫਿਰ ਸਿੱਖ ਸਟੇਜਾਂ ਤੇ ਰੁਆਇਆ ਜਾ ਰਿਹਾ ਹੈ;
ਸਿੱਖ ਸਿਧਾਂਤ ਦੀ ਗੱਲ ਕਿਤੇ ਵੀ ਨਹੀਂ ਹੋ ਰਹੀ ਜੇ ਹੋ ਰਹੀ ਤਾਂ ਨਾ ਮਾਤਰ; ਅੱਜ ਨਾ ਤਾਂ ਗੁਰਬਾਣੀ
ਵਿਚਾਰ ਦੀ ਗੱਲ ਹੋ ਰਹੀ ਹੈ ਤੇ ਨਾਹੀ ਫਿਰ ਇਤਿਹਾਸ ਨੂੰ ਗੁਰਬਾਣੀ ਦੀ ਕਸਵੱਟੀ ਤੇ ਪੇਸ਼ ਕੀਤਾ ਜਾ
ਰਿਹਾ ਹੈ।
ਬਾਬਾ ਬੁੱਢਾ ਜੀ ਨੇ ਕੇਵਲ ਪਸ਼ੂ ਹੀ ਨਹੀਂ ਚਾਰੇ ਸਗੋਂ ਗੁਰੂ ਸਾਹਿਬਾਨ ਜੀ ਦੇ ਨਾਲ ਕੌਮ ਦੀ ਸਮੁੱਚੀ
ਵਿਉਂਤ ਬੰਦੀ, ਮੀਰੀ ਪੀਰੀ ਦਾ ਸੰਕਲਪ, ਦ੍ਰਿੜਤਾ, ਹਲੇਮੀ ਰਾਜ ਦੀ ਸਥਾਪਨਾ ਕਰਨ ਵਿੱਚ ਇੱਕ ਮੀਲ
ਪੱਥਰ ਵਾਂਗ ਕੰਮ ਕੀਤਾ ਹੈ ਜੋ ਗੁਰੂ ਸਾਹਿਬ ਜੀ ਦੀ ਸੋਚ ਦੇ ਨਾਲ ਬਾਬਾ ਬੁੱਢਾ ਦੀ ਵੀ ਇੱਕ ਸੋਚ ਦਾ
ਹਿੱਸਾ ਹਨ। ਏਹੀ ਸਾਰਾ ਸਵਰੂਪ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੇ ਰੂਪ ਵਿੱਚ ਪ੍ਰਗਟ ਕੀਤਾ ਹੈ।
ਮੀਰੀ ਪੀਰੀ ਦੀ ਲਹਿਰ ਦਾ ਪਿੰਡਾਂ ਦੇ ਲੋਕਾਂ ਤੇ ਆਮ ਜਨ ਸਧਾਰਨ ਆਦਮੀ ਨੇ ਬਹੁਤ ਗਹਿਰਾ ਪਰਭਾਵ
ਕਬੂਲਿਆ। ਸਮਾਜਿਕ ਬੇ-ਇਨਸਾਫੀ, ਰਾਜਨੀਤਕ ਲੁੱਟ ਘਸੁੱਟ, ਪੁਜਾਰੀ ਦੇ ਕਰਮਕਾਂਡ ਦੇ ਸ਼ਿਕਾਰ ਹੋ ਰਹੇ
ਲੋਕਾਂ ਨੂੰ ਅਜ਼ਾਦੀ ਦਾ ਅਹਿਸਾਸ ਹੋਣ ਲੱਗ ਪਿਆ ਜਿਸ ਕਰਕੇ ਲੋਕਾਂ ਵਿੱਚ ਨਵੇਂ ਸਿਰੇ ਤੋਂ ਨਵੀਂ
ਜ਼ਿੰਦਗੀ ਜਿਉਣ ਦਾ ਚਾਉ ਪੈਦਾ ਹੋਇਆ। ਸਰਕਾਰ ਦੇ ਵਿਰੋਧ ਵਿੱਚ ਜੱਥੇਬੰਦ ਹੋ ਰਹੇ ਲੋਕਾਂ ਦੀ ਸਾਰੀ
ਰਿਪੋਰਟ ਸੂਬਾ ਲਾਹੌਰ ਰਾਂਹੀਂ ਦਿੱਲੀ ਦੇ ਹਾਕਮਾਂ ਤੀਕ ਪਾਹੁੰਚੀ ਮੀਰੀ ਪੀਰੀ ਤੇ ਅਕਾਲ ਤੱਖਤ ਦੀ
ਹੋਂਦ ਸਰਕਾਰ ਨੂੰ ਕਦੇ ਵੀ ਪਸੰਦ ਨਾ ਆਈ ਤੇ ਨਾ ਹੀ ਆਉਣੀ ਸੀ। ਖੂਫੀਆ ਰਿਪੋਰਟਾਂ ਦੇ ਅਧਾਰਤ
ਜਹਾਂਗੀਰ ਨੇ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੂੰ ਦਿੱਲੀ ਬੁਲਾ ਲਿਆ। ਗੁਰੂ ਸਾਹਿਬ ਜੀ ਜਦ ਦਿੱਲੀ
ਜਾਣ ਲੱਗੇ ਤਾਂ ਸਾਰੀਆਂ ਜ਼ਿੰਮੇਵਾਰੀਆਂ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੂੰ ਸੰਭਾਲ ਕਿ ਗਏ
ਸਨ। ਗੁਰ ਪ੍ਰਤਾਪ ਸੂਰਜ ਦੇ ਕਰਤਾ ਲਿਖਦੇ ਹਨ:-
ਬੁੱਢੇ ਕੋ ਸਿਰੀ ਹਰਿ ਗੋਬਿੰਦ ਫਰਮਾਇ। ਸੇਵਾ ਤੁਮ ਦਰਬਾਰ ਕਰਾਏ।
ਆਇਸ ਯੋ ਗੁਰਦਾਸ ਕੋ ਸਿਰੀ ਗੁਰ ਕਹੇ ਸੁਨਾਏ।
ਤੱਖਤ ਪੂਜ ਤੁਮ ਹੀ ਕਰੋ ਨਿਸ ਦਿਨ ਆਪ ਰਹਾਏ।
ਬਾਬਾ ਬੁੱਢਾ ਜੀ ਨੂੰ ਦਰਬਾਰ ਸਾਹਿਬ ਜੀ ਦੀ ਸੇਵਾ ਤੇ ਭਾਈ ਗੁਰਦਾਸ ਜੀ ਨੂੰ ਅਕਾਲ ਤੱਖਤ ਦੀ ਸੇਵਾ
ਸੰਭਾਲ ਦਿੱਤੀ ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਆਪ ਦਿੱਲੀ ਨੂੰ ਚੱਲ ਪਏ। ਦਿੱਲੀ ਪਾਹੁੰਚਣ ਤੇ ਆਪ
ਜੀ ਨੂੰ ਗ੍ਰਿਫਤਾਰ ਕਰਕੇ ਗੁਆਲੀਅਰ ਦੇ ਕਿਲ੍ਹੇ ਵਿੱਚ ਨਜ਼ਰ ਬੰਦ ਕਰ ਦਿੱਤਾ। ਉਸ ਵੇਲੇ ਮੁਲਕ ਦੇ
ਜਿਨ੍ਹੇ ਵੀ ਰਾਜਸੀ ਕੈਦੀ ਸਨ ਉਹਨਾਂ ਸਾਰਿਆਂ ਨੂੰ ਗੁਆਲੀਅਰ ਦੇ ਕਿਲ੍ਹੇ ਵਿੱਚ ਹੀ ਨਜ਼ਰ ਬੰਦ ਕੀਤਾ
ਜਾਂਦਾ ਸੀ। ਬਾਈਧਾਰ ਦੇ ਰਾਜੇ ਵੀ ਏਸੇ ਹੀ ਕਿਲ੍ਹੇ ਵਿੱਚ ਸਰਕਾਰ ਨੇ ਕੈਦ ਕੀਤੇ ਹੋਏ ਸਨ।
ਗੁਰੂ ਸਾਹਿਬ ਜੀ ਦੀ ਨਜ਼ਰਬੰਦੀ ੳਪਰੰਤ ਬਾਬਾ ਬੁੱਢਾ ਜੀ ਨੇ ਦਰਬਾਰ ਸਾਹਿਬ ਤੋਂ ਲੈ ਕੇ ਪਿੰਡ ਪਿੰਡ
ਤਕ ਚੌਂਕੀਆਂ ਦੀ ਰੀਤ ਚਲਾਈ ਜੋ ਬਹੁਤ ਸਫਲ ਰਹੀ ਤੇ ਹਰੇਕ ਨੇ ਇਹਨਾਂ ਚੌਂਕੀਆਂ ਦਾ ਸਮਰਥਨ ਕੀਤਾ।
ਇਹਨਾਂ ਚੌਂਕੀਆਂ ਦਾ ਸਦਕਾ ਗੁਰੂ ਜੀ ਦੀ ਗ੍ਰਿਫਤਾਰੀ ਦਾ ਭਰਵਾਂ ਵਿਰੋਧ ਹੋਇਆ ਤੇ ਪਿੰਡਾਂ ਦੇ ਲੋਕ
ਲਾਮਬੰਦ ਹੋ ਗਏ। ਸਰਕਾਰ ਨੂੰ ਖੁਫੀਆ ਰਿਪੋਰਟਾਂ ਮਿਲੀਆਂ ਕਿ ਜੇ ਕਰ ਗੁਰੂ ਹਰਿਗੋਬਿੰਦ ਸਾਹਿਬ ਜੀ
ਨੂੰ ਰਿਹਾ ਨਾ ਕੀਤਾ ਗਿਆ ਤਾਂ ਪੰਜਾਬ ਦੇ ਹਾਲਾਤ ਚੰਗੇ ਨਹੀਂ ਰਹਿਣਗੇ ਤੇ ਪੰਜਾਬ ਨਾਲ ਨਿਪਟਣ ਲਈ
ਹੋਰ ਫੋਰਸ ਲਉਣੀ ਪਏਗੀ; ਪਰ ਜਹਾਂਗੀਰ ਪੰਜਾਬ ਵਿੱਚ ੳਲਝਣਾਂ ਨਹੀਂ ਚਾਹੁੰਦਾ ਸੀ ਕਿਉਂਕਿ ਮੁਲਕ ਦੇ
ਦੂਜੇ ਭਾਗਾਂ ਵਿਚ ਸਰਕਾਰ ਬਾਗੀਆਂ ਨੂੰ ਦਬਾਉਣ ਵਿੱਚ ਲੱਗੀ ਹੋਈ ਸੀ ਤੇ ਕਈ ਸੂਬਿਆਂ ਵਿੱਚ ਹਾਲਾਤ
ਬਹੁਤ ਵਿਗੜਦੇ ਜਾ ਰਹੇ ਸਨ। ਪੰਜਾਬ ਦੇ ਲੋਕਾਂ ਦਾ ਗੁਰੂ ਸਾਹਿਬ ਜੀ ਦੇ ਹੱਕ ਵਿੱਚ ਨਿਤਰਨਾ ਤੇ
ਸਰਕਾਰ ਦੇ ਵਿਰੋਧ ਵਿੱਚ ਲਾਮਬੰਦ ਹੋਣਾ ਸਰਕਾਰ ਲਈ ਬਹੁਤ ਵੱਡੀ ਸਮੱਸਿਆ ਉੱਭਰ ਕੇ ਸਾਹਮਣੇ ਆਈ।
ਦਿੱਲੀ ਦੀ ਸਰਕਾਰ ਨੇ ਨੇ ਫੋਰੀ ਤੌਰ ਤੇ ਗੁਰੂ ਜੀ ਦੀ ਰਿਹਾਈ ਦੇ ਆਰਡਰ ਕਰ ਦਿੱਤੇ। ਗੁਰੂ ਸਾਹਿਬ
ਜੀ ਨੇ ਝੁਕ੍ਹੀ ਹੋਈ ਸਰਕਾਰ ਪਾਸੋਂ ਇੱਕ ਅਹਿਮ ਫੈਸਲਾ ਕਰਵਾਇਆ ਕਿ ਰਾਜਸੀ ਕੈਦੀਆਂ ਭਾਵ ਬਾਈ ਧਾਰ
ਦੇ ਰਾਜਿਆ ਨੂੰ ਵੀ ਤੁਰੰਤ ਰਿਹਾ ਕਰ ਦਿੱਤਾ ਜਾਏ। ਹਿੰਦੁਸਤਾਨ ਦੇ ਇਤਿਹਾਸ ਵਿੱਚ ਇਹ ਇੱਕ ਇਤਿਹਾਸਕ
ਫੈਸਲਾ ਸੀ।
ਬਾਬਾ ਬੁੱਢਾ ਸਾਹਿਬ ਜੀ ਦੀ ਪੰਜ ਸੌ ਸਾਲਾ ਸ਼ਤਾਬਦੀ ਅਸੀਂ ਮਨਾ ਰਹੇ ਹਾਂ, ਤਾਂ ਫਿਰ ਸਾਡੀ ਹੋਰ ਵੀ
ਵੱਡੀ ਜ਼ਿਮੇਵਾਰੀ ਬਣ ਜਾਂਦੀ ਹੈ, ਕਿ ਉਹਨਾਂ ਦੇ ਜੀਵਨ ਦੀਆਂ ਮਹਾਨ ਘਟਨਾਵਾਂ ਤੇ ਸਿੱਖ ਇਤਿਹਾਸ ਨੂੰ
ਸਿਰਜਨ ਲਈ ਪਾਏ ਯੋਗਦਾਨ ਦੀ ਪੂਰੀ ਪੂਰੀ ਖੋਜ ਕਰਕੇ ਦੁਨੀਆ ਦੇ ਸਾਹਮਣੇ ਰੱਖਿਆ ਜਾਏ। ਸਿੱਖ ਕੌਮ ਦੇ
ਸਾਹਮਣੇ ਤਿੰਨ ਬੁਨਿਆਦੀ ਨੁਕਤੇ ਹਨ, ਗੁਰਬਾਣੀ ਦੀ ਮਹਾਨਤਾ, ਸਿੱਖ ਇਤਿਹਾਸ ਦੀਆਂ ਲਿਖਤਾਂ ਤੇ ਸਾਡਾ
ਰੋਜ਼ਮਰਾ ਦਾ ਜੀਵਨ।
ਅਜੇ ਬਾਈ ਕੁ ਸਾਲ ਦੀ ਗੱਲ ਹੈ ਕਿ 1984 ਤੋਂ ਲੈ ਕੇ ਹੁਣ ਤਕ ਦੀਆਂ ਘਟਨਾਵਾਂ ਨੂੰ ਵੱਖ ਵੱਖ
ਲੇਖਕਾਂ ਨੇ ਆਪਣੀ ਆਪਣੀ ਅੱਖ ਨਾਲ ਦੇਖ ਕੇ ਪੁਸਤਕਾਂ ਲਿਖ ਦਿੱਤੀਆ ਹਨ; ਤੇ ਕਿਸੇ ਵੀ ਪੁਸਤਕ ਵਿੱਚ
ਇਕਸਾਰਤਾ ਨਹੀਂ ਹੈ। ਇੰਜ ਹੀ ਅਸੀਂ ਦੇਖਦੇ ਹਾਂ ਗੁਰਬਾਣੀ ਦਾ ਸਿਧਾਂਤ ਕੁੱਝ ਹੋਰ ਆਖਦਾ ਹੈ ਤੇ
ਇਤਿਹਾਸ ਬਿਗਾਨਿਆਂ ਨੇ ਲਿਖਿਆ ਹੈ; ਉਹ ਅਸੀਂ ਥੋਕ ਰੂਪ ਵਿੱਚ ਸੁਣਾ ਰਹੇ ਹਾਂ ਪਰ ਸਾਡਾ ਜੀਵਨ
ਬ੍ਰਹਮਣੀ ਕਰਮਕਾਂਡ ਦੇ ਸਮਾਜਿਕੀ ਢਾਂਚੇ ਵਿੱਚ ਢਲ ਗਿਆ ਹੈ। ਚਾਹੀਦਾ ਤਾਂ ਇਹ ਸੀ ਕਿ ਇਤਿਹਾਸ
ਗੁਰਬਾਣੀ ਦੀ ਪਰਖ ਦੀ ਕਸਵੱਟੀ ਤੇ ਲਿਖਿਆ ਜਾਂਦਾ ਤੇ ਉਸ ਅਨੁਸਾਰ ਹੀ ਸਾਡਾ ਜੀਵਨ ਹੁੰਦਾ।
ਗਹੁ ਕਰਕੇ ਦੇਖੀਏ ਤਾਂ ਇਤਿਹਾਸ ਦਾ ਪਹਿਲਾ ਸਰੋਤ ਥੋੜਾ ਜਿਹਾ ਅਧੂਰੇ ਰੂਪ ਵਿੱਚ ਜਨਮ ਸਾਖੀਆਂ, ਭਾਈ
ਗੁਰਦਾਸ, ਭੱਟ ਵਹੀਆਂ ਤੇ ਕੁੱਝ ਹੋਰ ਚੰਦ ਪੁਸਤਕਾਂ ਵਿਚੋਂ ਮਿਲਦਾ ਹੈ। 1718 ਈਸਵੀ ਨੂੰ ਗੁਰਬਿਲਾਸ
ਛੇਵੀਂ ਬੇ—ਨਾਮੀ ਲਿਖਾਰੀ ਦੀ ਪੁਸਤਕ ਇਤਿਹਾਸ ਦੇ ਰੂਪ ਵਿੱਚ ਆ ਗਈ ਜਿਸ ਤੋਂ ਅੰਦਾਜ਼ੇ ਲਗਾ ਕੇ
ਅਗਾਂਹ ਇਤਿਹਾਸ ਲਿਖਿਆ ਗਿਆ। ਗੁਰ ਬਿਲਾਸ ਪਾਤਸ਼ਾਹੀ 6 ਬੇ—ਨਾਮੀ ਪੁਸਤਕ ਜੋ ਗੁਰੂ ਨਿੰਦਿਆ ਨਾਲ ਭਰੀ
ਪਈ ਹੈ ਉਸ ਦੀਆਂ ਸਾਖੀਆਂ ਨੂੰ ਹੀ ਪੜ੍ਹ ਕੇ ਸੁਣਾਇਆ ਹੈ। ਚਾਹੀਦਾ ਤਾਂ ਇਹ ਸੀ ਕਿ ਇਤਿਹਾਸ ਨੂੰ
ਖੋਜਦੇ ਤੇ ਗੁਰਬਾਣੀ ਨਾਲ ਪਰਖਦੇ ਤੇ ਉਸ ਅਨੁਸਾਰ ਅਸੀਂ ਆਪਣਾ ਜੀਵਨ ਬਣਾਉਂਦੇ ਪਰ ਅਜੇਹਾ ਹੋਇਆ
ਨਹੀਂ ਹੈ – ਗੁਰਬਾਣੀ ਗੁਰੂ ਸਾਹਿਬਾਨ ਜੀ ਨੇ ਉਚਾਰਨ ਕੀਤੀ ਹੈ; ਇਤਿਹਾਸ ਬਿਗਾਨਿਆਂ ਨੇ ਲਿਖਿਆ ਹੈ
ਪਰ ਸਾਡਾ ਜੀਵਨ ਬ੍ਰਹਮਣ ਦੇ ਬੁਣੇ ਹੋਏ ਮੱਕੜੀ ਜਾਲ ਵਿੱਚ ਫਸ ਗਿਆ ਹੈ ਤੇ ਇਹ ਮੱਕੜੀ ਜਾਲ
ਦਿਨ-ਬ-ਦਿਨ ਵੱਧਦਾ ਹੀ ਵੱਧਦਾ ਜਾ ਰਿਹਾ ਹੈ ਜੋ ਮੁਕਣ ਦਾ ਨਾਂ ਹੀ ਨਹੀਂ ਲੈਂਦਾ। ਇਸ ਮੱਕੜੀ ਜਾਲ
ਨੂੰ ਤੋੜਨ ਲਈ ਕਿਸੇ ਇਕੱਲੇ ਕਾਰੇ ਦਾ ਕੰਮ ਨਹੀਂ ਹੈ ਇਹ ਤੇ ਸਾਰੀ ਕੌਮ ਨੂੰ ਨਵੇਂ ਸਿਰੇ ਤੋਂ
ਹੰਭਲਾ ਮਾਰਨ ਦੀ ਲੋੜ ਹੈ। ਸਮੇਂ ਦੀ ਮੰਗ ਹੈ ਗੁਰਬਾਣੀ ਵਿਚਾਰ, ਇਤਿਹਾਸ ਦੀ ਖੋਜ ਤੇ ਸਿੱਖੀ ਦਾ
ਨਿਆਰਾਪਨ ਕਾਇਮ ਰੱਖਣ ਦੀ। ਪੰਥ ਦਾ ਦਰਦ ਦਿੱਲੋਂ ਮਹਿਸੂਸ ਕਰਦਿਆਂ ਪਿੰਸੀਪਲ ਹਰਭਜਨ ਸਿੰਘ ਜੀ ਅਕਸਰ
ਇਹ ਸ਼ੇਅਰ ਪੜ੍ਹ ਕੇ ਸਣਾਉਂਦੇ ਹੁੰਦੇ ਸਨ।
ਉਠੋ ਵਰਗਨਾ ਮਹੱਸ਼ਰ ਨਾ ਹੋਗਾ ਫਿਰ ਕਭੀ,
ਦੌੜੋ ਜ਼ਮਾਨਾ ਚਾਲ ਕਿਆਮਤ ਕੀ ਚਲਾ ਗਿਆ।
ਇੰਜ ਹੀ ਬਾਬਾ ਬੁੱਢਾ ਜੀ ਦਾ ਜੀਵਨ ਗੁਰਬਾਣੀ ਅਨੁਸਾਰ ਦੇਖਣ ਵਿਚਾਰਨ ਤੇ ਸਣਾਉਂਣ ਦਾ ਯਤਨ ਕਰਨਾ
ਚਾਹੀਦਾ ਹੈ ਤੇ ਉਹਨਾਂ ਦੇ ਜੀਵਨ ਦੀ ਇਤਿਹਾਸਕ ਖੋਜ ਕਰਨ ਦੀ ਜ਼ਰੂਰਤ ਹੈ। ਆਹ ਤੁਸਾਂ ਇੱਕ ਪੰਜਾਬੀ
ਦੀ ਅਖ਼ਬਾਰ ਜੋ ਨਿਉਯਾਰਕ ਤੋਂ ਏਸੇ ਹੀ ਹਫਤੇ ਛੱਪੀ ਹੈ ਸਭ ਨੇ ਦੇਖੀ ਹੈ ਇਸ ਵਿੱਚ ਬਾਬਾ ਬੁੱਢਾ ਜੀ
ਨੂੰ ਭੀਸ਼ਮ ਪਿਤਾਮਾ ਦਾ ਖਿਤਾਬ ਦਿੱਤਾ ਹੋਇਆ ਹੈ। ਭੀਸ਼ਮ ਪਿਤਾਮਾ ਤਾਂ ਮਾਊਂ ਬਣ ਕੇ ਦਰੋਪਤੀ ਦਾ ਸੀਨ
ਅੱਖਾਂ ਨਾਲ ਦੇਖਦਾ ਰਿਹਾ ਹੈ। ਭੀਸ਼ਮ ਦਾ ਜਨਮ ਵੀ ਕੁਦਰਤੀ ਨਿਯਮਾਂ ਦੇ ਉਲਟ ਗੰਗਾ ਦੀ ਕੁਖ ਤੋਂ
ਹੋਇਆਂ ਦਰਸਾਇਆ ਗਿਆ ਹੈ ਜੋ ਵਿਚਾਰੀ ਬ੍ਰਹਮਾਂ ਦੇ ਕਰਮੰਡਲ ਤੇ ਕਦੇ ਸ਼ਿਵ ਦੀਆਂ ਜੜਾਵਾਂ ਵਿੱਚ ਲੁਕ
ਕੇ ਬੈਠੀ ਰਹੀ। ਬਾਬਾ ਜੀ ਦਾ ਜੀਵਨ ਮਿੱਥ-ਇਤਿਹਾਸਕ ਪਾਤਰਾਂ ਨਾਲ ਨਹੀਂ ਤੁਲਨਾਇਆ ਜਾ ਸਕਦਾ।
ਗੁਰਬਾਣੀ ਨੇ ਗੁਰਮੁਖ, ਸਿੱਖ, ਸੇਵਕ ਦਾ ਚਿਤ੍ਰਨ ਜੋ ਚਿਤਰਿਆ ਹੈ ਉਸ ਦਾ ਤਸੱਵਰ ਸਾਡੇ ਸਾਹਮਣੇ ਪੇਸ਼
ਕੀਤਾ ਹੈ, ਬਾਬਾ ਜੀ ਉਸ ਦਾ ਉੱਚ ਕੋਟੀ ਦਾ ਨਮੂਨਾ ਸਨ। ਬਾਬਾ ਜੀ ਨੇ ਹਰ ਪਲ ਗੁਰਬਾਣੀ ਅਨੁਸਾਰ
ਜੀਵਆ ਹੈ ਇਸ ਲਈ ਹਰ ਸਾਖੀ ਸਣਾਉਣ ਤੋਂ ਪਹਿਲਾਂ ਗੁਰਬਾਣੀ ਸਿਧਾਂਤ ਨਾਲ ਵਾਚਣੀ ਚਾਹੀਦੀ ਹੈ ਜੋ ਕਿ
ਇਹ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ।
ਕਾਫ਼ਲਾ ਲੂਟ ਜਾਨੇ ਕਾ ਗ਼ਮ ਨਹੀਂ ਹੈ,
ਸੁਆਲ ਤੋ ਤੇਰੀ ਰਹਿਬਰੀ ਕਾ ਥਾ।
ਬਾਬਾ ਜੀ ਦਾ ਵਿਸ਼ਾਲ ਅਨੁਭਵ ਉਹਨਾਂ ਦੇ ਜੀਵਨ ਨੂੰ ਪ੍ਰਭਾਵ ਸ਼ਾਲੀ ਬਣਾਉਂਦਾ ਹੈ ਜੋ ਇਤਿਹਾਸ ਦੇ ਹਰ
ਪੰਨੇ ਤੇ ਪ੍ਰਗਟ ਹੁੰਦਾ ਹੈ। ਅਸਲ ਵਿੱਚ ਉਹ ਇੱਕ ਮਹਾਂ- ਆਤਮਾ ਜੋ ਆਪਣੇ ਉਦੇਸ਼ ਪ੍ਰਤੀ ਪੂਰੀ
ਤਰ੍ਹਾਂ ਸੁਚੇਤ ਤੇ ਸਮਰਪਤ ਸਨ। ਬਾਬਾ ਜੀ ਰਹਸ ਵਾਦੀ ਭਾਵ (ਅਜ ਦੀ ਬੋਲੀ ਵਿੱਚ ਨਾਮ ਰਸੀਏ) ਸਾਧਕ
ਹੁੰਦਿਆ ਹਇਆਂ ਵੀ ਰਾਜਨੀਤਕ, ਸਮਾਜਿਕ, ਧਾਰਮਿਕ ਅਤੇ ਆਰਥਿਕ ਹਿੱਤਾਂ ਸਬੰਧੀ ਪੂਰੀ ਤਰ੍ਹਾਂ
ਜਾਗੁਰਿਕ ਸਨ। ਗੰਭੀਰ ਚਿੰਤਕ, ਹਰ ਵੇਲੇ ਦਿਆਲੂ ਸੁਭਾਅ ਤੇ ਸਹਿਜ ਅਵਸੱਥਾ ਵਿੱਚ ਵਿਚਰਨ ਵਾਲੇ ਲੋਕ
ਨਾਇਕ ਸਨ। ਗੁਰੂ ਸਾਹਿਬ ਜੀ ਨਾਲ ਮਿਲਕੇ ਰੂੜੀਵਾਦੀ ਪਰੰਪਰਾਂਵਾਂ ਤੇ ਧਾਰਮਿਕ ਕਰਮਕਾਂਡ ਛੱਡ ਕੇ
ਇੱਕ ਮਾਨਵ ਧਰਮ ਦੀ ਸਥਾਪਨਾ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ।
ਬਾਬਾ ਬੁੱਢਾ ਜੀ ਨੇ ਆਪਣੀ ਜ਼ਿੰਦਗੀ ਦੇ ਅੰਤਲੇ ਦਿਨ ਰਮਦਾਸ ਨਗਰ ਵਿਖੇ ਬਤੀਤ ਕੀਤੇ। ਉਹ ਸਾਰੀ
ਜ਼ਿੰਦਗੀ ਗੁਰ ਸ਼ਬਦ ਵਿੱਚ ਅਭੇਦ ਰਹੇ ਭਾਵ ਗੁਰਬਾਣੀ ਅਨੁਸਾਰ ਉਹਨਾਂ ਨੇ ਜੀਵਨ ਜੀਵਆ। ਇਸ ਵਿੱਚ ਕੋਈ
ਦੋ ਰਾਂਵਾਂ ਨਹੀਂ ਹਨ ਕਿ ਮਪਿਆ ਵਲੋਂ ਰੱਖਿਆ ਨਾਂ ਬੂੜਾ ਗੁਰੂ ਨਾਨਕ ਸਾਹਿਬ ਜੀ ਦੀ ਚਰਨ ਛੋਹ ਕਰਕੇ
ਵਿਦਵੱਤਾ, ਬਜ਼ੁਰਗੀ ਬਾਬਾ ਬੁੱਢਾ ਜੀ ਦੇ ਰੂਪ ਵਿੱਚ ਪ੍ਰਗਟ ਹੋਈ। ਉਹਨਾਂ ਨੇ ਆਪਣੇ ਜੀਵਨ ਦੀ ਯਾਤਰਾ
ਗੁਰੂ ਚਰਨਾਂ ਵਿੱਚ ਮੁਕੰਮਲ ਕੀਤੀ ਗੁਰਬਾਣੀ ਦਾ ਪਵਿੱਤਰ ਵਾਕ ਹੈ:----
ਸੁ ਪ੍ਰਸੰਨ ਗੋਪਾਲ ਰਾਇ, ਕਾਟੈ ਰੇ ਬੰਧਨ ਮਾਇ, ਗੁਰ ਕੈ ਸਬਦਿ, ਮੇਰਾ
ਮਨ ਰਾਤਾ ॥
ਸਦਾ ਸਦਾ ਅਨੰਦੁ, ਭੇਟਿਓ ਨਿਰਭੈ ਗੋਬਿੰਦੁ ਸੁਖ, ਨਾਨਕ, ਲਾਧੇ ਹਰਿ ਚਰਨ ਪਰਾਤਾ ॥
ਸਫਲ ਸਫਲ ਭਈ ਸਫਲ ਜਾਤ੍ਰਾ ॥ ਆਵਣ ਜਾਣ ਰਹੇ ਮਿਲੇ ਸਾਧਾ ॥
ਧਨਾਸਰੀ ਮਹਲਾ 5 ਪੰਨਾ----687----
ਸੋ ਮੈਂ ਇਹਨਾਂ ਸ਼ਬਦਾਂ ਨਾਲ ਆਪਣੀਆਂ ਭੁਲਾਂ ਦੀ ਖਿਮਾਂ ਮੰਗਦਾ ਹੋਇਆ ਫਤਹ ਬਲਾਉਂਦਾ ਹਾਂ ਵਹਿਗੁਰੂ
ਜੀ ਕਾ ਖਾਲਸਾ ॥ ਵਹਿਗੁਰੂ ਜੀ ਕੀ ਫਤਹ ॥
ਸਰੋਤਾ ਜਨਾਂ ਵਿਚੋਂ ਸੁਆਲ ਆਇਆ ਕਿ ਕੀ ਬਾਬਾ ਜੀ ਦੇ ਜੀਵਨ ਵਿੱਚ ਵਰ ਸਰਾਪ ਜਾਂ ਗੰਢ੍ਹਾ ਭੰਨਣ ਦੀ
ਘਟਨਾ ਨਹੀਂ ਹੋਈ? ਸਟੇਜ ਦੀ ਸੇਵਾ ਬਾ - ਖੂਬੀ ਨਿਭਾਅ ਰਹੇ ਗਿਆਨੀ ਭੁਪਿੰਦਰ ਸਿੰਘ ਜੀ ਨੇ ਉਹਨਾਂ
ਦਾ ਇਹ ਸੁਆਲ ਪੜ੍ਹ ਕੇ ਸੁਣਾਇਆ। ਉੱਤਰ ਦਿੱਤਾ ਗਿਆ ਕਿ ਗੁਰਮਤਿ ਵਰ ਤੇ ਸਰਾਪ ਨੂੰ ਨਹੀਂ ਮੰਨਦੀ,
ਬਲ ਕੇ ਰੱਬ ਜੀ ਦੇ ਹੁਕਮ ਨੂੰ ਮੰਨਦੀ ਹੈ। ਗੁਰੂ ਸਾਹਿਬ ਜੀ ਦੀ ਬਾਣੀ ਵਿੱਚ ਆਇਆ ਹੈ
ਭਾਈ ਮਤ ਕੋਈ ਜਾਣਹੁ ਕਿਸੀ ਕੈ ਕਿਛੁ ਹਾਥਿ ਹੈ, ਸਭ ਕਰੈ ਕਰਾਇਆ ॥
ਜਰਾ ਮਰਾ ਤਾਪੁ ਸਿਰਤਿ ਸਾਪੁ ਸਭ ਹਰਿ ਕੈ ਵਸਿ ਹੈ
ਕੋਈ ਲਾਗ ਨ ਸਕੈ ਬਿਨੁ ਹਰਿ ਕਾ ਲਾਇਆ ॥
ਐਸਾ ਹਰਿ ਨਾਮੁ ਮਨਿ ਚਿਤਿ ਨਿਤਿ ਧਿਆਵਹੁ,
ਜਨ ਨਾਨਕ, ਜੋ ਅੰਤੀ ਅਉਸਰਿ ਲਏ ਛਡਾਇਆ ॥
ਗਉੜੀ ਬਰੈਗਾਣਿ ਮਹਲਾ 4 -- ਪੰਨਾ – 168 --
ਅਤੇ ਨਾਲ ਇਹ ਦੱਸਿਆ ਗਿਆ ਕੇ ਹਰੇਕ ਦਾਤ ਪਰਮਾਤਮਾ ਦੇ ਹੱਥ ਵਿੱਚ ਹੀ ਹੈ ਹੋਰ ਕਿਸੇ
ਮਨੁੱਖ ਦੇ ਵੱਸ ਵਿੱਚ ਕੁੱਝ ਵੀ ਨਹੀਂ ਹੈ ਜਿਹਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਰਾਗ ਸੋਰਠਿ ਵਿੱਚ
ਫਰਮਾਇਆ ਹੈ –
ਵਡਾ ਕਰਿ ਸਾਲਾਹਣਾ ਹੈ ਭੀ ਹੋਸੀ ਸੋਇ ॥
ਸਭਨਾ ਦਾਤਾ ਏਕੁ ਤੂ ਮਾਣਸ ਦਾਤਿ ਨਾ ਹੋਇ ॥
ਜੋ ਤਿਸੁ ਭਾਵੈ ਸੋ ਥੀਐ ਰੰਨ ਕਿ ਰੁੰਨੈ ਹੋਇ ॥
ਸੋਰਠਿ ਮਹਲਾ 1 --ਪੰਨਾ –595 –
ਸਿੱਧਾ ਤੇ ਸਪਸ਼ਟ ਉੱਤਰ ਸੁਣ ਕੇ ਸੰਗਤਾਂ ਵਲੋਂ ਜੈਕਾਰੇ ਰਾਹੀਂ ਇਸ ਉਤਰ ਨੂੰ ਪਰਵਾਨਗੀ ਮਿਲੀ।
ਦੂਸਰਾ ਸੁਆਲ -- ਕੀ ਗੁਰੂ ਨਾਨਕ ਸਾਹਿਬ ਜੀ ਨੇ ਇਹ ਕਿਹਾ ਸੀ ਕਿ ਬੁੱਢਿਆ ਤੂੰ ਮੈਨੂੰ ਜਦੋਂ ਯਾਦ
ਕਰੇਂਗਾ ਮੈਂ ਤੈਨੂੰ ਉਸੇ ਵੇਲੇ ਦੀਦਾਰ ਦੇਸਾਂ ਜਿਸ ਤਰ੍ਹਾਂ ਕਿ ਕੁੱਝ ਕਥਾ ਵਾਚਕ ਕਹਿ ਰਹੇ ਹਨ,
ਵਾਕਿਆ ਹੀ ਗੁਰੂ ਸਾਹਿਬ ਜੀ ਸਰੀਰ ਕਰਕੇ ਦਰਸ਼ਨ ਦੇਂਦੇ ਸਨ?
ਉੱਤਰ ਗੁਰੂ ਪਿਆਰੀ ਸਾਧ ਸੰਗਤ ਜੀਉ ਸਰੀਰ ਕਰਕੇ ਗੁਰੂ ਜੀ ਸਾਨੂੰ ਕਦੇ ਵੀ ਦੀਦਾਰ ਨਹੀਂ ਦੇਣਗੇ
ਸਗੋਂ ਗੁਰਬਾਣੀ ਕਰਕੇ ਹਰ ਵੇਲੇ ਗੁਰੂ ਜੀ ਸਾਡੇ ਅੰਗ ਸੰਗ ਹਨ ਜਿਹਾ ਕੇ ਗੁਰਬਾਣੀ ਦਾ ਪਿਆਰਾ ਵਾਕ
ਹੈ।
ਗੁਰੁ ਮੇਰੈ ਸੰਗਿ ਸਦਾ ਹੈ ਨਾਲੇ ॥ ਸਿਮਰਿ ਸਿਮਰਿ ਤਿਸੁ ਸਦਾ ਸਮਾਲੈ
॥
ਆਸਾ ਮਹਲਾ 5 -- ਪੰਨਾ 394 –
ਭਾਵ ਗੁਰਬਾਣੀ ਦਾ ਉਪਦੇਸ਼ ਹਮੇਸ਼ਾ ਹੀ ਸਾਡੇ ਨਾਲ ਹੈ ਪਰ ਅਜੇਹੀਆਂ ਸਾਖੀਆਂ ਤੋਂ ਕੁੱਝ
ਸਾਧਾਂ ਨੇ ਜ਼ਰੂਰ ਸੰਗਤ ਨੂੰ ਕੁਰਾਹੇ ਪਾਉਣ ਦਾ ਯਤਨ ਕੀਤਾ ਹੈ ਕਿ ਸਾਨੂੰ ਗੁਰੂ ਜੀ ਦਾ ਦੀਦਾਰ ਹੋਇਆ
ਹੈ ਜਾਂ ਫਲਾਣੇ ਸਾਧ ਨੂੰ ਗੁਰੂ ਜੀ ਆ ਕੇ ਮਿਲਦੇ ਹੁੰਦੇ ਸਨ। ਸੋ ਬਾਬਾ ਬੁੱਢਾ ਜੀ ਦਾ ਜੀਵਨ ਗੁਰੂ
ਸਾਹਿਬ ਜੀ ਦੇ ਉਪਦੇਸ਼ ਵਿੱਚ ਢੱਲ਼ਿਆ ਹੋਇਆ ਸੀ। ਸੰਗਤ ਵਿਚੋਂ ਇੱਕ ਸਿੰਘ ਨੇ ਫਿਰ ਜੈਕਾਰਾ ਬੁਲਾਇਆ
ਤੇ ਇਹਨਾਂ ਸ਼ਬਦਾਂ ਦੀ ਪਰੋੜਤਾ ਕੀਤੀ।