ਗੁਰਬਾਣੀ ਵਿਚ ਪੌਰਾਣਕ ਕਥਾਵਾਂ
(ਕਿਸ਼ਤ ਨੰ: 35)
ਪ੍ਰੋ: ਇੰਦਰ
ਸਿੰਘ ‘ਘੱਗਾ’
ਪੁਰਾਣ:- ਪੁਰਾਣਾ ਗਰੰਥ,
ਬੇਦ ਬਿਆਸ ਵੱਲੋਂ ਅਤੇ ਉਸਦਾ ਨਾਉਂ ਵਰਤ ਕੇ ਹੋਰ ਲਿਖਾਰੀਆਂ ਵੱਲੋਂ ਲਿਖੇ ਇਤਿਹਾਸ ਅਤੇ ਮਿਥਿਹਾਸ
ਵਾਲੇ ਗਰੰਥ। ਜਿਨ੍ਹਾਂ ਦੀ ਗਿਣਤੀ ਅਠਾਰਾਂ ਹੈ। ਇਹਨਾਂ ਵਿਚਲੇ ਸਲੋਕਾਂ ਦੀ ਗਿਣਤੀ ਚਾਰ ਲੱਖ ਹੈ।
ਪੁਰਾਣ ਦੇ ਲੱਛਣ ਇਹ ਦੱਸੇ ਜਾਂਦੇ ਹਨ:- ਜਗਤ ਉਤਪਤੀ, ਪ੍ਰਲੈ, ਦੇਵਤੇ ਅਤੇ ਪਿਤਰਾਂ ਦੀ ਬੰਸਾਵਲੀ,
ਮੰਨੂੰ ਦੇ ਰਾਜ ਦਾ ਸਮਾਂ, ਸੂਰਜ ਬੰਸ ਤੇ ਚੰਦਰ ਬੰਸ ਦੀ ਕਥਾ। ਜਿਸ ਵਿੱਚ ਇਹ ਪੰਜ ਪ੍ਰਸੰਗ ਹੋਣ ਉਹ
ਪੁਰਾਣ ਹੈ। ਪੁਰਾਣਾਂ ਦੇ ਨਾਮ ਇਹ ਹਨ - ਵਿਸ਼ਨੂੰ ਪੁਰਾਣ, ਪਦਮ, ਬ੍ਰਹਮ, ਸ਼ਿਵ, ਭਾਗਵਤ, ਨਾਰਦ,
ਮਾਰਕੰਡੇ, ਅਗਨੀ, ਬ੍ਰਹਮਵੈਵਰਤ, ਲਿੰਗ, ਵਾਰਾਹ ਸਕੰਦ, ਵਾਮਨ, ਕੂਰਮ, ਮਤਸਯ, ਗੁਰੜ, ਬ੍ਰਹਮਾਂਡ
ਅਤੇ ਭਵਿੱਖਤ ਪੁਰਾਣ। ਇਹਨਾਂ ਤੋਂ ਇਲਾਵਾ ਅਠਾਰਾਂ ਉਪ ਪੁਰਾਣ ਭੀ ਹਨ। ਇਹ ਜ਼ਿਆਦਾ ਪੁਰਾਣੇ ਨਹੀਂ
ਹਨ। ਅੱਠਵੀਂ ਸਦੀ ਤੋਂ ਸ਼ੁਰੂ ਹੋ ਕੇ ਸੋਲਵੀਂ ਸਦੀ ਵਿਚਕਾਰ ਲਿਖੇ ਗਏ ਹਨ। ਇਹਨਾਂ ਵਿੱਚ ਬਹੁਤੀਆਂ
ਪਰਾਭੌਤਿਕ ਕਹਾਣੀਆਂ ਹਨ। (ਮਹਾਨ ਕੋਸ਼, ਪੰਨਾ-778, ਹਿੰਦੂ ਮਿਥਿਹਾਸ ਕੋਸ਼, ਪੰਨਾ-352)
ਵਿਚਾਰ:- ਉੱਪਰ ਵਰਣਿਤ ਵੱਖੋ ਵੱਖਰੇ ਵਿਅਕਤੀਆਂ ਦੁਆਰਾ ਲਿਖੇ ਗਏ ਅਲੱਗ ਅਲੱਗ ਸਮੇਂ ਤੇ
ਲਿਖੇ ਗਏ, ਇੱਕ ਦੂਜੇ ਦੇ ਵਿਰੋਧੀ ਵਿਚਾਰਾਂ ਨਾਲ ਭਰਪੂਰ ਪੁਸਤਕਾਂ ਇਹੀ ਪੁਰਾਣ ਹਨ। ਵੇਦਾਂ ਦੀ
ਸਿੱਖਿਆ ਨੂੰ ਕਥਾਵਾਂ ਦੁਆਰਾ ਸਮਝਾਉਣ ਦੇ ਇਹ ਮੁੱਢਲੇ ਜਤਨ ਸਨ। ਜਦੋਂ ਹਾਲੀ ਮਾਨਸਿਕ ਵਿਕਾਸ ਆਰੰਭਕ
ਦੌਰ ਵਿੱਚ ਸੀ। ਬਿਆਨ ਕੀਤੀਆਂ ਗਈਆਂ ਕਥਾਵਾਂ, ਲੋਕਾਂ ਨੂੰ ਰੌਚਕਤਾ ਕਾਰਨ ਸਮਝ ਆਉਂਦੀਆਂ ਸਨ। ਇਸੇ
ਕਾਰਨ ਇਹ ਲੋਕਾਂ ਵਿੱਚ ਮਕਬੂਲ ਹੁੰਦੇ ਗਏ। ਇਹਨਾਂ ਵਿੱਚ ਕਿਸੇ ਇੱਕ ਪੁਰਾਣ ਦੇ ਦੂਜੇ ਨਾਲ ਵਿਚਾਰ
ਉੱਕਾ ਹੀ ਮੇਲ ਨਹੀਂ ਖਾਂਦੇ। ਸਗੋਂ ਬਹੁਤੀ ਥਾਈਂ ਵਿਚਾਰ ਟਕਰਾਉਂਦੇ ਹਨ। ਜਿਸ ਵਿਅਕਤੀ ਨੇ ਕੋਈ
ਪੁਰਾਣ ਲਿਖਿਆ ਹੋਵੇ, ਉਹ ਜਿਸ ਦੇਵਤੇ ਦਾ ਪੁਜਾਰੀ ਹੈ ਉਸੇ ਦੀ ਪ੍ਰੰਸ਼ਸਾ ਕਰਦਿਆਂ ਆਪਣੇ ਦੇਵਤੇ ਨੂੰ
ਅੰਬਰਾਂ ਤੱਕ ਉੱਚਾ ਚੁੱਕ ਦੇਵੇਗਾ। ਰੱਬ ਦੇ ਬਰਾਬਰ ਬਿਠਾ ਦੇਵੇਗਾ। ਸਗੋਂ ਕਹਿਣਾ ਵਾਜਬ ਹੋਵੇਗਾ ਕਿ
ਰੱਬ ਨੂੰ ਖਤਮ ਹੀ ਕਰ ਦੇਵੇਗਾ। ਰੱਬ ਦੀ ਥਾਂ ਆਪਦੇ ਮਨ ਪਸੰਦ ਦੇ ਦੇਵਤੇ ਨੂੰ ਸਥਾਪਤ ਕਰ ਦੇਵੇਗਾ।
ਜਦੋਂ ਰੱਬ ਦੀ ਸਖ਼ਸੀਅਤ ਹੀ ਨਕਾਰ ਦਿੱਤੀ ਗਈ, ਤਾਂ ਬਾਕੀ ਦੇਵਤੇ ਕਿਹੜੇ ਬਾਗ ਦੀ ਮੁਲੀ ਹਨ? ਅਨੇਕ
ਵਲ-ਛਲ ਵਰਤ ਕੇ, ਪੁੱਠੇ ਸਿੱਧੇ ਕੰਮ ਕਰਵਾ ਕੇ ਬਾਕੀ ਸਾਰੇ ਦੇਵਤਿਆਂ ਨੂੰ ਆਪਣੇ ਵਾਲੇ ਦੇਵਤੇ ਦੇ
ਚਰਨਾਂ ਵਿੱਚ ਬਿਠਾ ਦੇਵੇਗਾ। ਦੂਜਾ ਕੋਈ ਹੋਰ ਲੇਖਕ ਉੱਠਦਾ ਹੈ। ਉਸ ਦੀ ਗਿਆਨ ਵਾਲੀ ਰਗ ਫੜਕਣ
ਲੱਗਦੀ ਹੈ। ਪੁਰਾਣ ਲਿਖਣ ਬੈਠ ਜਾਂਦਾ ਹੈ। ਪਹਿਲਾਂ ਵਾਲੇ ਦੇਵਤੇ ਨੂੰ ਕੱਖੋਂ ਹੌਲਾ ਕਰਨ ਵਿੱਚ
ਪੂਰਾ ਟਿੱਲ ਲਾ ਦੇਵੇਗਾ। ਆਪਣੇ ਦੇਵਤੇ ਨੂੰ ਸੂਰਜ ਬਣਾ ਕੇ ਚਮਕਾ ਦੇਵੇਗਾ। ਲੱਗਭਗ ਸਾਰੇ ਪੁਰਾਣ
ਇੱਕ ਦੂਜੇ ਦੀ ਚੰਗੀ ਧੌੜੀ ਲਾਹੁੰਦੇ ਵੇਖੇ ਜਾ ਸਕਦੇ ਹਨ। ਜ਼ਿੰਦਗੀ ਨੂੰ ਕੋਈ ਉੱਤਮ ਸੇਧ ਦੇਣ ਦੀ
ਗੱਲ ਇਹਨਾਂ ਵਿਚੋ ਲੱਭਣੀ ਖੋਤੇ ਦੇ ਸਿਰ ਤੋਂ ਸਿੰਗ ਲੱਭਣ ਵਾਂਗ ਹੀ ਹੋਵੇਗਾ।
ਇਹਨਾਂ ਨੂੰ ਸੱਚ ਬਣਾਉਣ ਲਈ ਬ੍ਰਾਹਮਣ ਲਿਖਾਰੀਆਂ ਨੇ ਬੜੀਆਂ ਚਤੁਰਾਈਆਂ ਵਰਤੀਆਂ ਹਨ। ਵਿਸ਼ਨੂੰ
ਪੁਰਾਣ- “ਅਖੇ ਜੀ ਵਿਸ਼ਨੂੰ ਭਗਵਾਨ ਨੇ ਆਪਣੀ ਸਵਾਰੀ ਗਰੁੜ ਨੂੰ ਇਹ ਕਥਾ ਸੁਣਾਈ ਸੀ”। ਜੋ ਨਿਰਾ
ਕੁਫਰ ਹੈ। ਗਰੁੜ ਇੱਕ ਪੰਛੀ ਹੈ। ਛੋਟਾ ਜਿਹਾ। ਜੋ ਮਨੁੱਖੀ ਬੋਲੀ ਨਹੀਂ ਸਮਝਦਾ। ਸਿਤਮ ਇਹ ਕਿ
ਵਿਸ਼ਨੂੰ ਵਾਲਾ ਗਰੁੜ ਪੰਛੀ ਚੰਗੀ ਸੋਹਣੀ ਸੰਸਕ੍ਰਿਤ ਸਮਝ ਲੈਂਦਾ ਸੀ। ਫਿਰ ਸੋਚੋ! ਉਸ ਵਕਤ ਨਾਲ ਨਾਲ
ਕਲਮ ਦਵਾਤ ਤੇ ਪੇਪਰਾਂ ਦਾ ਥੱਬਾ ਲੈ ਕੇ ਕੌਣ ਨਾਲ ਰਿਹਾ ਸੀ? ਫਿਰ ਇਹਨਾਂ ਪੁਰਾਣਾਂ ਵਿੱਚ ਮੱਤ ਕੀ
ਦਿੱਤੀ ਗਈ ਹੈ? ਜੋ ਜ਼ਿੰਦਗੀ ਵਿੱਚ ਕਿਤੇ ਕੰਮ ਨਹੀਂ ਆਵੇਗੀ। ਚੌਵੀ ਅਵਤਾਰਾਂ ਨੇ, ਤੇਤੀ ਕਰੋੜ
ਦੇਵੀਆਂ ਦੇਵਤਿਆਂ ਨੇ ਇੱਕ ਅੱਖਰ ਭੀ ਨਹੀਂ ਲਿਖਿਆ। ਇਹਨਾਂ ਦੀ ਕੋਈ ਲਿਖਤ ਧਰਤੀ ਦੇ ਤਖਤੇ ਤੇ
ਮੌਜੂਦ ਨਹੀਂ ਹੈ। ਜੋ ਕੁੱਝ ਮਿਲਦਾ ਹੈ ਇਹ ਚਾਲਬਾਜ਼ ਬ੍ਰਾਹਮਣ ਲਿਖਾਰੀਆਂ ਦੀ ਲਿਖਤ ਹਨ। ਹਰ ਤਰ੍ਹਾਂ
ਦੀ ਨੀਤੀ ਵਰਤ ਕੇ ਇਹਨਾਂ ਨੂੰ ਲੋਕ ਮਨਾਂ ਵਿੱਚ ਬਿਠਾ ਦਿੱਤਾ ਗਿਆ ਤੇ ਸੱਚਾਈ ਉੱਡ ਪੁਡ ਗਈ।
ਬ੍ਰਾਹਮਣੀ ਵਿੱਦਿਆ ਅਤੇ ਪੁਰਾਣਾਂ ਬਾਰੇ ਪਰਮਾਣ ਪੜ੍ਹੋ:-
ਪੜਿ ਪੜਿ ਪੋਥੀ ਸਿਮ੍ਰਿਤਿ ਪਾਠਾ।। ਬੇਦ ਪੁਰਾਣ ਪੜੈ ਸੁਣਿ ਥਾਟਾ।।
ਬਿਨ ਰਸ ਰਾਤੇ ਮਨੁ ਬਹੁਤ ਨਾਟਾ।। (226)
ਹੇ ਬ੍ਰਾਹਮਣ! ਤੇਰੀਆਂ ਧਰਮ ਪੋਥੀਆਂ ਸਿਮ੍ਰਿਤੀਆਂ ਦੇ ਬੜੇ ਪਾਠ ਕਰ ਵੇਖੇ, ਚੰਗੀ ਤਰ੍ਹਾਂ ਖੋਜ
ਵਿਚਾਰ ਲਈਆਂ। ਵੇਦ ਅਤੇ ਪੁਰਾਣ ਭੀ ਚੰਗੀ ਤਰ੍ਹਾਂ ਪਰਖ ਲਏ ਪਰ ਉਹਨਾਂ ਵਿਚੋਂ ਕੁੱਝ ਨਹੀਂ ਮਿਲੇਗਾ।
ਰੱਬ ਦੇ ਰੰਗ ਵਿੱਚ ਰੰਗੇ ਜਾਣ ਤੋਂ ਬਿਨਾਂ ਇਹ ਬਾਕੀ ਸਾਰੇ ਨਾਟਕ ਹਨ। ਮਨ ਨੂੰ ਸਹੀ ਗਿਆਨ ਦੇਣ
ਵਾਲਾ ਇਹਨਾਂ ਵਿੱਚ ਕੁੱਝ ਭੀ ਨਹੀਂ ਹੈ। ਕਿਉਂ ਸਮਾਂ ਵਿਅਰਥ ਗਵਾਉਂਦੇ ਹੋ?
ਬੇਦ ਪੁਰਾਣ ਕਥੇ ਸੁਣੇ ਹਾਰੇ ਮੁਨੀ ਅਨੇਕਾ।। ਅਠਸਠਿ ਤੀਰਥ ਬਹੁ ਘਣਾ
ਭ੍ਰਮਿ ਥਾਕੇ ਭੇਖਾ।। …. .
ਹਰਿ ਪੜੀਐ ਹਰਿ ਬੁਝੀਐ ਗੁਰਮਤੀ ਨਾਮਿ ਉਧਾਰਾ।। ਗੁਰਿ ਪੂਰੈ ਪੂਰੀ ਮਤਿ ਹੈ ਪੂਰੇ ਸਬਦਿ ਬੀਚਾਰਾ।।
ਜਲੁ ਬਿਲੋਵੈ, ਜਲੁ ਮਥੈ, ਤਤੁ ਲੋੜੇ ਅੰਧੁ ਅਗਿਆਨਾ।। ਗੁਰਮਤੀ ਦਧਿ
ਮਥੀਐ, ਅੰਮ੍ਰਿਤ ਪਾਈਐ ਨਾਮੁ ਨਿਧਾਨਾ।। ਮਨਮੁਖ ਤਤੁ ਨ ਜਾਣਨੀ ਪਸ਼ੂ ਮਾਹਿ ਸਮਾਨਾ।। (1008)
ਹੇ ਭਾਈ! ਸਾਰੇ ਬੇਦ, ਸਾਰੇ ਪੁਰਾਣ ਪੜ੍ਹਨ ਵਾਲਿਆਂ ਪੜ੍ਹੇ, ਸਰੋਤਿਆਂ ਨੇ ਸੁਣੇ, ਇਹੀ ਕੰਮ ਕਰਦੇ
ਮੁਨੀ ਦੇਵਤੇ ਹਾਰ ਗਏ, ਹੰਭ ਗਏ, ਇਹਨਾਂ ਵਿਚੋਂ ਕੋਈ ਪ੍ਰਾਪਤੀ ਨਹੀਂ ਹੋਈ। ਅਠਾਹਠ ਤੀਰਥ ਜੋ
ਦੇਵਤਿਆਂ ਨਾਲ ਸਬੰਧਤ ਦੱਸੇ ਜਾਂਦੇ ਹਨ, ਇਹਨਾਂ ਤੇ ਇਸ਼ਨਾਨ ਕਰਕੇ ਯਾਤਰਾ ਕਰਦਿਆਂ ਉਮਰਾਂ ਬੀਤ ਗਈਆਂ
ਕੋਈ ਤੱਤ ਨਾ ਲੱਭਾ। ਬੜੇ ਤਰ੍ਹਾਂ ਦੇ ਧਾਰਮਿਕ ਭੇਖ (ਪਹਿਰਾਵੇ) ਕੀਤੇ ਜੀਵਨ ਵਿੱਚ ਚੰਗਿਆਈ ਨਹੀਂ
ਆਈ। ਜੇ ਆਪਣੇ ਸਮਾਜ ਦਾ ਭਲਾ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਲੋਕਾਂ ਨੂੰ ਨਿਰੰਕਾਰ ਬਾਰੇ ਗਿਆਨ
ਦਿਓ। ਪੜ੍ਹੋ ਲਿਖੋ ਤੇ ਪੜ੍ਹਾਓ, ਉਸ ਸਰਬ ਸਮਰੱਥ ਵਾਹਿਗੁਰੂ ਬਾਰੇ। ਇਹ ਉੱਤਮ ਦਰਜੇ ਦੀ ਪੜ੍ਹਾਈ
ਗੁਰੂ ਤੋਂ ਪ੍ਰਾਪਤ ਹੁੰਦੀ ਹੈ। ਗੁਰੂ ਦੀ ਸਿੱਖਿਆ (ਬਾਣੀ) ਵਿਚੋਂ ਮਿਲਦੀ ਹੈ। ਇਸੇ ਸਿੱਖਿਆ ਨਾਲ
ਲੋਕਾਂ ਦਾ ਕਲਿਆਣ ਹੋ ਸਕੇਗਾ। ਅਨੇਕ ਤਰ੍ਹਾਂ ਦੀ ਗੁਲਾਮੀ ਦੇ ਬੰਧਨ ਟੁੱਟ ਜਾਣਗੇ। ਸਤਿਗੁਰੂ ਨੂੰ
ਪਰਮੇਸ਼ਰ ਨੇ ਬੇਅੰਤ ਗਿਆਨ ਦੇ ਕੇ ਧਰਤੀ ਤੇ ਭੇਜਿਆ ਹੈ। ਗੁਰੂ ਦੇ ਸ਼ਬਦ ਉਪਦੇਸ਼ ਰਾਹੀਂ ਸਭ ਭਰਮਾਂ ਦੇ
ਛੌੜ ਕੱਟੇ ਜਾਣਗੇ। ਤੁਸੀਂ ਤਾਂ ਅਜਿਹਾ ਮੁਰਖਾਂ ਵਾਲਾ ਰਾਹ ਫੜਿਆ ਹੋਇਆ ਹੈ ਕਿ ਪਾਣੀ ਵਿੱਚ ਮਧਾਣੀ
ਪਾਈ ਪਾਣੀ ਹੀ ਰਿੜਕ ਰਹੇ ਹੋ। ਮੂਰਖੋ! ਪਾਣੀ ਵਿਚੋਂ ਮੱਖਣ ਨਹੀਂ ਨਿਕਲਿਆ ਕਰਦਾ। ਅਕਲ ਦੇ
ਅੰਨ੍ਹਿਆਂ ਨੂੰ ਸਮਝ ਹੀ ਨਹੀਂ ਆ ਰਹੀ। ਜਿਵੇਂ ਦਹੀਂ ਰਿੜਕਿਆਂ ਮੱਖਣ ਪ੍ਰਾਪਤ ਕਰੀਦਾ ਹੈ ਇਸੇ
ਤਰ੍ਹਾਂ ਸਤਿਗੁਰੂ ਦੀ ਉੱਤਮ ਸਿੱਖਿਆ ਲੈ ਕੇ ਇਹ ਕੁਚੀਲ ਜੀਵਨ, ਬੇਕਾਰ ਜਾ ਰਿਹਾ ਜੀਵਨ ਅੰਮ੍ਰਿਤ
ਵਰਗਾ ਬਣ ਜਾਵੇਗਾ। ਅੰਦਰੋਂ ਸਾਰੇ ਵਿਕਾਰ ਖਤਮ ਹੋ ਜਾਣਗੇ ਤੇ ਆਪਣੇ ਦੇਸ਼, ਧਰਮ ਕੌਮ ਦਾ ਕੁੱਝ
ਸੰਵਾਰ ਸਕੋਗੇ। ਇਹ ਬੇਦ ਪੁਰਾਣਾ ਦੇ ਪਿੱਛੇ ਲੱਗੇ ਲੋਕ ਮਨ ਕਰਕੇ ਪੱਥਰਾਂ ਵਰਗੇ ਲੋਕ ਜ਼ਿੰਦਗੀ ਦਾ
ਤੱਤ ਸਾਰ ਨਹੀਂ ਜਾਣਦੇ। ਜਿਵੇਂ ਹੋਰ ਬੇਅੰਤ ਪਸ਼ੂ ਜਨਮ ਲੈ ਕੇ ਪੇਟ ਪੂਰਤੀ ਕਰਦਿਆਂ ਬੱਚੇ ਪੈਦਾ
ਕਰਦਿਆਂ ਸੰਸਾਰ ਤੋਂ ਚਲੇ ਜਾਂਦੇ ਹਨ ਇਸੇ ਤਰ੍ਹਾਂ ਇਹ ਲੋਕ ਪਸ਼ੂਆਂ ਵਰਗੇ ਰੀਤਾਂ ਹਨ।
ਬੇਦ ਪੁਰਾਨ ਸਭ ਦੇਖੇ ਜੋਇ।। ਊਹਾਂ ਤਉ ਜਾਈਐ ਜਉ ਈਹਾਂ ਨ ਹੋਇ।।
(1195)
ਹੇ ਭਾਈ! ਬੇਦਾਂ ਦੀ ਵਿਚਾਰਧਾਰਾ ਸਾਰੀ ਖੋਜ ਲਈ, ਪੁਰਾਣਾ ਦੀਆਂ ਕਥਾ ਕਹਾਣੀਆਂ ਚੰਗੀ ਤਰ੍ਹਾਂ ਪੜ੍ਹ
ਸੁਣ ਲਈਆਂ। ਕੀ ਹੈ ਉਹਨਾਂ ਵਿਚ? ਪਰਮਾਤਮਾਂ ਤਾਂ ਹਰ ਥਾਂ ਵਿਆਪਕ ਹੈ। ਕਿਸੇ ਖਾਸ ਥਾਂ ਤੇ ਰੱਬ ਨੂੰ
ਲੱਭਣ ਕਿਉਂ ਜਾਈਏ।
ਬੇਦ ਪੁਰਾਨ ਪੜੇ ਕਾ ਕਿਆ ਗੁਨੁ ਖਰ ਚੰਦਨ ਜਸ ਭਾਰਾ।।
ਰਾਮ ਨਾਮ ਕੀ ਗਤਿ ਨਹੀ ਜਾਨੀ ਕੈਸੇ ਉਤਰਸਿ ਪਾਰਾ।। (1103)
ਇਸ ਸਿਧਾਂਤਕ ਸ਼ਬਦ ਵਿੱਚ ਕਬੀਰ ਜੀ ਤਾੜਨਾ ਮਈ ਬਚਨ ਕਰਦੇ ਹਨ। ਹੇ ਭਾਈ! ਬੇਦ ਪੁਰਾਨ ਪੜ੍ਹਨ
ਨਾਲ ਕੀ ਪ੍ਰਾਪਤੀ ਹੋਵੇਗੀ? ਜਿਵੇਂ ਖੋਤੇ ਤੇ ਚੰਦਨ ਲੱਦ ਦਿਓ ਜਾਂ ਮਿੱਟੀ ਲੱਦ ਦਿਓ ਕੀ ਫਰਕ ਪੈਂਦਾ
ਹੈ? ਤੁਸੀਂ ਇਹਨਾਂ ਗਰੰਥਾਂ ਦਾ ਕਿਉਂ ਭਾਰ ਚੁੱਕੀ ਫਿਰਦੇ ਹੋ? ਕੀ ਸਵਾਰਿਆ ਹੈ ਇਹਨਾਂ ਨੇ ਮਨੁੱਖਤਾ
ਦਾ?
ਇਹਨਾਂ ਪੁਰਾਣਾਂ ਵਿੱਚ ਅਸ਼ਲੀਲ, ਸੱਭਿਅਤਾ ਤੋਂ ਗਿਰੀਆਂ ਕਹਾਣੀਆਂ ਆਮ ਹੀ ਪੜ੍ਹਨ ਨੂੰ ਮਿਲ ਜਾਂਦੀਆਂ
ਨੇ। ਭਾਰਤੀ ਲੋਕਾਂ ਨੂੰ ਅੰਧ ਵਿਸ਼ਵਾਸੀ, ਮੂਰਖ ਤੇ ਕਰਾਮਾਤਾਂ ਤੇ ਯਕੀਨ ਕਰਨ ਵਾਲੇ ਇਹਨਾਂ ਪੁਰਾਣਾਂ
ਨੇ ਹੀ ਬਣਾਇਆ ਹੈ। ਕਾਸ਼ ਕਦੀ ਸਿੱਖਾਂ ਦੇ “ਠੇਕੇਦਾਰਾਂ” ਨੂੰ ਇਸ ਗੱਲ ਦੀ ਸਮਝ ਪੈ ਜਾਵੇ ਕਿ ਸਿੱਖ
ਪੰਥ ਨੂੰ ਨਿਆਰਾ ਤੇ ਨਿਰੋਲ ਜੇ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਕੁਫਰ ਕਥਾਵਾਂ ਦਾ ਤਿਆਗ ਕਰਨਾ ਹੀ
ਪਵੇਗਾ।
ਪੜਿ ਪੜਿ ਪੰਡਿਤ ਮਨੀ ਥਕੇ ਦੇਸੰਤਰ ਭਵਿ ਥਕੇ ਭੇਖਧਾਰੀ।।
ਦੂਜੈ ਭਾਇ ਨਾਉ ਕਦੇ ਨ ਪਾਇਨਿ ਦੁਖੁ ਲਾਗਾ ਅਤਿ ਭਾਰੀ।।
ਮੂਰਖ ਅੰਧੇ ਤ੍ਰੈ ਗੁਣ ਸੇਵਹਿ ਮਾਇਆ ਕੈ ਬਿਉਹਾਰੀ।।
ਅੰਦਰਿ ਕਪਟੁ ਉਦਰੁ ਭਰਣ ਕੈ ਤਾਈ ਪਾਠ ਪੜਹਿ ਗਾਵਾਰੀ।। 1246)