.

ਧਰਮ ਗ੍ਰੰਥਾਂ ਦੇ ਪ੍ਰਚਾਰ ਅਤੇ ਸਤਿਕਾਰ ਸਬੰਧੀ ਬਿਬੇਕ ਵਿਚਾਰ

ਅਵਤਾਰ ਸਿੰਘ ਮਿਸ਼ਨਰੀ- (510-432-5827)

ਕੀ ਧਰਮ ਗ੍ਰੰਥਾਂ ਨੂੰ ਇਕੱਲੇ ਰੁਮਾਲਿਆਂ ਵਿੱਚ ਵਲੇਟ ਕੇ ਰੱਖਣਾ, ਮੱਥੇ ਟੇਕਣੇ ਅਤੇ ਧੂਫਾਂ ਧਖੌਣੀਆਂ ਹੀ ਸਤਿਕਾਰ ਹੈ? ਜਾਂ ਉੱਨ੍ਹਾਂ ਵਿੱਚ ਦਿੱਤੇ ਉਪਦੇਸ਼ਾਂ ਨੂੰ ਬਿਬੇਕ ਬੁੱਧੀ ਨਾਲ ਵਿਚਾਰਨਾ-ਧਾਰਨਾ ਅਤੇ ਦੁਨੀਆਂ ਭਰ ਦੀਆਂ ਬੋਲੀਆਂ ਵਿੱਚ ਉਲੱਥਾ ਕਰਕੇ, ਵੱਡੀਆਂ-ਵੱਡੀਆਂ ਲਾਇਬ੍ਰੇਰੀਆਂ, ਸਕੂਲਾਂ ਕਾਲਜਾਂ, ਯੂਨੀਵਰਸਿਟੀਆਂ ਵਿੱਚ ਧਰਮ ਪੁਸਤਕਾਂ-ਗ੍ਰੰਥ, ਸੀਡੀਆਂ, ਵੀਡੀਓ ਫਿਲਮਾਂ ਆਦਿਕ ਨੂੰ ਰੱਖਣਾ (ਅਖ਼ਬਾਰ, ਰਸਾਲੇ, ਰੇਡੀਓ, ਟੀ. ਵੀ. ਇੰਟਰਨੈੱਟ ਅਤੇ ਮੌਕੇ ਦੇ ਅਧੁਨਿਕ ਸਾਧਨਾਂ ਆਦਿਕ) ਰਾਹੀਂ ਗੁਰਬਾਣੀ ਦਾ ਪ੍ਰਚਾਰ ਕਰਨਾ ਅਸਲੀ ਸਤਿਕਾਰ ਹੈ?
ਆਓ ਇਸ ਬਾਰੇ ਡੂੰਘੀ ਵਿਚਾਰ ਕਰੀਏ। ਇਤਿਹਾਸ ਵਾਚਣ ਤੋਂ ਪਤਾ ਚਲਦਾ ਹੈ ਕਿ ਧਰਮ ਪ੍ਰਚਾਰ ਦੇ ਸਾਧਨ ਵੱਖ-ਵੱਖ ਸਮੇਂ ਵੱਖ-ਵੱਖ ਸਨ। ਸਮੇਂ ਅਨੁਸਾਰ ਤਬਦੀਲੀ ਹੁੰਦੀ ਰਹੀ। ਪਹਿਲਾਂ ਤਾਂ ਧਰਮ ਦਾ ਪ੍ਰਚਾਰ ਧਰਮ ਦੇ ਰਹਿਬਰ ਆਗੂ ਜਬਾਨੀ ਆਪਣੇ ਮੁਖੋਂ ਕਰਦੇ ਸਨ ਜੋ ਉਨ੍ਹਾਂ ਨੂੰ ਗਿਆਨ ਇਲਹਾਂਮ ਹੁੰਦਾ ਸੀ ਫਿਰ ਸਮਾਂ ਆਇਆ ਉਨ੍ਹਾ ਦੇ ਖ਼ਲੀਫੇ ਜਾਂ ਜਾਂਨਸ਼ੀਨ ਪੈਰੋਕਾਰਾਂ ਨੇ ਉਸ ਗਿਆਨ ਨੂੰ ਉਸ ਵੇਲੇ ਦੇ ਸਾਧਨਾਂ ਮੁਤਾਬਿਕ ਲਿਖਣਾ ਸ਼ੁਰੂ ਕਰ ਦਿੱਤਾ। ਦਰੱਖਤਾਂ ਦੇ ਪਤਿਆਂ ਅਤੇ ਪੱਥਰਾਂ ਦੀਆਂ ਸ਼ਿਲਾਵਾਂ ਉੱਪਰ ਉੱਕਰਿਆ ਗਿਆ ਵੀ ਮਿਲਦਾ ਹੈ ਜਿਨ੍ਹਾਂ ਨੂੰ ਸ਼ਿਲਾ ਲੇਖ ਵੀ ਕਹਿੰਦੇ ਹਨ। ਫਿਰ ਜਦ ਕਾਗਜ਼ ਹੋਂਦ ਵਿੱਚ ਆ ਗਿਆ ਓਹੀ ਗਿਆਨ ਕਾਨੇ ਦੀਆਂ ਕਲਮਾਂ ਨਾਲ ਕਾਗਦ ਉੱਪਰ ਲਿਖਣਾ ਸ਼ੁਰੂ ਹੋ ਗਿਆ। ਇਵੇਂ ਹੀ ਚਾਰ ਵੇਦ, ਛੇ ਸ਼ਾਸ਼ਤਰ, ਸਤਾਈ ਸਿਮਰਤੀਆਂ, ਅਠਾਰਾਂ ਪੁਰਾਨ, ਮਹਾਂਭਾਰਤ, ਗੀਤਾ, ਰਾਮਾਇਣ, ਤੌਰੇਤ, ਜੰਬੂਰ, ਬਾਈਬਲ, ਕੁਰਾਨ ਅਤੇ ਗੁਰੂ ਗ੍ਰੰਥ ਸਾਹਿਬ ਲਿਖੇ ਗਏ। ਦੇਸ਼ ਕਾਲ ਤੇ ਇਲਾਕੇ ਦੀਆਂ ਵੱਖ-ਵੱਖ ਬੋਲੀਆਂ ਵਿੱਚ ਜਿਵੇਂ ਹਿੰਦੂ ਗ੍ਰੰਥ ਸੰਸਕ੍ਰਿਤ ਅਤੇ ਹਿੰਦੀ ਵਿੱਚ, ਮੁਸਲਿਮ ਗ੍ਰੰਥ ਅਰਬੀ-ਫਾਰਸੀ ਅਤੇ ਉਰਦੂ ਵਿੱਚ, ਬਾਈਬਲ ਫਸਟ ਹੀਬਰੋ ਨਿਊ ਟੈਸਟਾਮੈਂਟ ਯੁਨਾਨੀ (ਗਰੀਕ) ਤੇ ਹੁਣ ਇੰਗਲਿਸ਼ ਤੇ ਹੋਰ ਲੱਖਾਂ ਬੋਲੀਆਂ ਵਿੱਚ।
ਭਗਤਾਂ ਤੇ ਸਿੱਖ ਗੁਰੂਆਂ ਨੇ ਰੱਬੀ ਗਿਆਨ ਆਪਣੇ ਹੱਥੀਂ ਲਿਖਿਆ ਤੇ ਅੱਗੇ ਸਿੱਖਾਂ ਨੂੰ ਲਿਖਣ ਦਾ ਹੁਕਮ ਵੀ ਕੀਤਾ "ਗੁਰਬਾਣੀ ਲਿਖ ਪੋਥੀਆਂ ਤਾਲ ਮ੍ਰਿਦੰਗ ਰਬਾਬ ਵਜਾਵੈ" (ਭਾ. ਗੁਰਦਾਸ ਜੀ) ਪ੍ਰਚਾਰਕ ਦੌਰਿਆਂ ਦੌਰਾਨ ਗੁਰੂ ਨਾਨਕ ਜੀ ਜਿਹੜੇ ਵੀ ਭਗਤਾਂ ਨੂੰ ਮਿਲੇ ਉਨ੍ਹਾਂ ਦੀ ਪਵਿਤਰ ਬਾਣੀ ਆਪਣੀ ਪੋਥੀ ਵਿੱਚ ਆਪ ਦਰਜ ਕੀਤੀ ਤੇ ਆਪਣੀ ਬਾਣੀ ਵੀ ਦਰਜ ਕਰਦੇ ਗਏ। ਗੁਰੂ ਜੀ ਜਿਥੇ ਵੀ ਜਾਂਦੇ ਪੋਥੀ (ਕਿਤਾਬ) ਨਾਲ ਰੱਖਦੇ "ਆਸਾ ਹਥਿ ਕਿਤਾਬ ਕਛਿ ਕੂਜ਼ਾ ਬਾਂਗ ਮੁਸੱਲਧਾਰੀ" (ਭਾ. ਗੁਰਦਾਸ ਜੀ) ਜਦ ਮੱਕੇ ਵਿੱਚ ਕਾਜ਼ੀਆਂ ਦਾ ਭਰਮ ਦੂਰ ਕੀਤਾ ਕਿ ਰੱਬ ਹਰ ਥਾਂ ਤੇ ਹਰ ਪਾਸੇ ਹੈ ਤਾਂ ਉਨ੍ਹਾਂ ਵੀ ਪੁਛਿਆ ਕਿ ਇਹ ਤੁਹਾਡੀ ਧਰਮ ਕਿਤਾਬ ਹਿੰਦੂਆਂ ਤੇ ਮੁਸਲਮਾਨਾਂ ਬਾਰੇ ਕੀ ਕਹਿੰਦੀ ਹੈ "ਪੁਛਿਨ ਖੋਲਿ ਕਿਤਾਬ ਨੂੰ ਵੱਡਾ ਹਿੰਦੂ ਕਿ ਮੁਸਲਮਾਨੋਈ। … ਬਾਬਾ ਆਖੈ ਹਾਜੀਆਂ ਸ਼ੁਭ ਅਮਲਾਂ ਬਾਝਹੁ ਦੋਨੋ ਰੋਈ। (ਭਾ. ਗੁਰਦਾਸ ਜੀ) ਫਿਰ ਗੁਰੂ ਸਾਹਿਬਾਨ ਨੇ ਦੂਰ ਦੁਰਾਡੇ ਬੈਠੇ ਸਿੱਖਾਂ ਨੂੰ ਪੋਥੀ ਚੋਂ ਬਾਣੀ ਦੇ ਉਤਾਰੇ ਕਰਨ ਦਾ ਹੁਕਮ ਦੇ ਦਿੱਤਾ ਸਿੱਖ ਸ਼ਬਦ ਲਿਖ ਲੈਂਦੇ ਤੇ ਹਰ ਰੋਜ ਪੜਦੇ, ਵਿਚਾਰਦੇ ਅਤੇ ਜੀਵਨ ਵਿੱਚ ਢਾਲਦੇ। ਫਿਰ ਗੁਰੂ ਨਾਨਕ ਨੇ ਪੋਥੀ ਗੁਰਤਾ ਸਮੇਂ ਗੁਰੂ ਅੰਗਦ ਜੀ ਨੂੰ ਸੌਂਪ ਦਿੱਤੀ। "ਤਿਤ ਮਹਿਲ ਜੋ ਸ਼ਬਦ ਹੋਆ ਸੋ ਪੋਥੀ ਗੁਰ ਅੰਗਦ ਜੋਗ ਮਿਲੀ" (ਪੁਰਾਤਨ ਜਨਮ ਸਾਖੀ) ਫਿਰ ਸਿਲਸਿਲੇ ਵਾਰ ਜਦ ਇਹ ਬਾਣੀ ਦੀ ਪੋਥੀ ਗੁਰੂ ਅਰਜਨ ਦੇਵ ਜੀ ਕੋਲ ਪਹੁੰਚੀ ਤਾਂ ਉਨ੍ਹਾਂ ਨੇ ਆਦਿ ਗ੍ਰੰਥ ਦੇ ਸਿਰਲੇਖ ਹੇਠ ਭਾਈ ਗੁਰਦਾਸ ਜੀ ਤੋਂ ਆਦਿ ਗ੍ਰੰਥ ਲਿਖਵਾਇਆ ਫਿਰ ਇਸ ਪਵਿੱਤਰ ਗ੍ਰੰਥ ਦੇ ਅੱਗੇ ਕਈ ਉਤਾਰੇ ਹੋਏ ਤੇ ਦਸਵੇਂ ਪਾਤਸ਼ਾਹ ਨੇ ਮੁਕੰਮਲ ਕਰਕੇ ਦਮਦਮੇ ਸਾਹਿਬ ਗੁਰਬਾਣੀ ਪੜ੍ਹਨ ਲਿਖਣ ਤੇ ਵਿਚਾਨ ਦੀ ਰੀਤ ਚਲਾਈ ਇਸ ਯਾਦ ਵਿੱਚ ਗੁਰਦੁਆਰਾ ਲਿਖਣਸਰ ਵੀ ਹੈ ਅਤੇ ਅੰਤਮ ਸਮੇਂ ਹਜ਼ੂਰ ਸਾਹਿਬ (ਨਾਦੇੜ) ਵਿਖੇ ਗੁਰਤਾ ਪ੍ਰਦਾਨ ਕਰਦੇ ਹੋਏ ਹੁਕਮ ਕੀਤਾ- … “ਸਭਿ ਸਿਖਨ ਕਉ ਹੁਕਮ ਹੈ ਗ੍ਰੁਰੂ ਮਾਨਿਓਂ ਗ੍ਰੰਥ”
ਗੁਰੂ ਨਾਨਕ ਜੀ ਨੇ ਹੀ ਜਪੁਜੀ ਸਾਹਿਬ ਵਿੱਚ ਅੱਖਰਾਂ ਬਾਰੇ ਲਿਖਿਆ ਹੈ "ਅਖਰੀ ਗਿਆਨ ਗੀਤ ਗੁਣ ਗਾਹ॥ … ਅਖਰੀ ਲਿਖਣ ਬੋਲਣ ਬਾਣ॥ (ਜਪੁਜੀ) ਭਾਵ ਅੱਖਰਾਂ ਦੁਆਰਾ ਹੀ ਗਿਆਨ ਲਿਖਿਆ, ਪੜ੍ਹਿਆ ਅਤੇ ਗਾਇਆ ਜਾਂਦਾ ਹੈ। ਗੁਰੂ ਸਾਹਿਬਾਨ ਹੁਕਮਨਾਮੇ ਵੀ ਅੱਖਰਾਂ ਵਿੱਚ ਲਿਖਿਆ ਕਰਦੇ ਸਨ। ਗੁਰੂ ਗੋਬਿੰਦ ਸਿੰਘ ਵੇਲੇ ਤਾਂ 52 ਕਵੀ ਲਿਖਾਰੀ ਸਨ ਜਿਨ੍ਹਾਂ ਨੇ ਵੱਖ-ਵੱਖ ਵਿਸ਼ਿਆਂ ਤੇ ਸਾਹਿਤ ਰਚਿਆ ਲਿਖਿਆ ਤੇ ਵੰਡਿਆ ਅਤੇ ਗੁਰੂ ਜੀ ਕੋਲੋਂ ਸਨਮਾਨ ਪ੍ਰਾਪਤ ਕੀਤਾ। ਗੁਰੂ ਜੀ ਨੇ ਆਪ ਵੀ ਬਹੁਤ ਸਾਰਾ ਸਾਹਿਤ ਲਿਖਿਆ ਜੋ ਸਰਸਾ ਦੀ ਭੇਟ ਹੋ ਗਿਆ ਨਹੀਂ ਤਾਂ ਅੱਜ ਸਾਡੇ ਇਨ੍ਹੇ ਸ਼ੰਕੇ ਨਹੀਂ ਹੋਣੇ ਸਨ। ਇਸ ਤੋਂ ਬਾਅਦ ਵਿਦਵਾਨਾਂ ਨੇ ਲੱਖਾਂ ਹੀ ਗ੍ਰੰਥ ਲਿਖੇ ਜੋ ਗੁਰਮੁਖੀ ਅੱਖਰਾਂ, ਗੁਰਬਾਣੀ ਦੇ ਸ਼ਬਦਾਂ ਤੇ ਕਿਤਾਬਾਂ ਦੇ ਰੂਪ ਵਿੱਚ ਵੀ ਹਨ। ਫਿਰ ਪਾਠਸ਼ਾਲਾਂ, ਗੁਰਦੁਆਰਿਆਂ ਤੇ ਅੱਜ ਸਕੂਲਾਂ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵੀ ਕੋਈ ਨਾ ਕੋਈ ਧਾਰਮਿਕ ਪੀਰਡ ਲੱਗਦਾ ਹੈ ਅਤੇ ਮਿਸ਼ਨਰੀ ਕਾਲਜਾਂ ਤੇ ਕੁੱਝ ਧਾਰਮਿਕ ਵਿਦਿਆਲਿਆਂ ਵਿੱਚ ਤਾਂ ਬਕਾਇਦਾ ਧਰਮ ਗ੍ਰੰਥਾਂ ਦੀ ਰਚਨਾਂ ਕਿਤਾਬਾਂ ਚ’ ਲਿਖ ਕੇ ਸਿਲੇਬਸ ਅਨੁਸਾਰ ਪੜ੍ਹਾਈ ਜਾਂਦੀ ਹੈ।
ਸੋ ਧਰਮ ਪ੍ਰਚਾਰ ਦਾ ਪਹਿਲਾ ਢੰਗ ਬੋਲ ਕੇ, ਦੂਜਾ ਲਿਖ ਕੇ (ਧਰਮ ਗ੍ਰੰਥਾਂ, ਧਾਰਮਿਕ ਕਿਤਾਬਾਂ ਅਤੇ ਅਖ਼ਬਾਰਾਂ) ਤੇ ਤੀਜਾ ਅੱਜ ਰੇਡੀਓ, ਟੀ. ਵੀ. ਅਤੇ ਇੰਟ੍ਰਨੈੱਟ ਰਾਹੀਂ। ਜਿਵੇਂ ਅੱਜ ਕੱਲ੍ਹ ਲੱਖਾਂ ਹੀ ਕਿਤਾਬਾਂ ਗੁਰਬਾਣੀ ਅਰਥਾਂ ਵਿੱਚ ਲਿਖੀਆਂ ਮਿਲਦੀਆਂ ਹਨ। ਫਿਰ ਅੱਖਬਾਰਾਂ ਸ਼ੁਰੂ ਹੋਈਆਂ, ਰਸਾਲੇ (ਮੈਗਜ਼ੀਨ) ਹੋਂਦ ਵਿੱਚ ਆਏ। ਵਿਦਿਅਕ ਢੰਗਾਂ ਨੇ ਤਰੱਕੀ ਕੀਤੀ। ਅਧੁਨਿਕ ਸਾਧਨਾਂ ਰਾਹੀਂ ਧਾਰਮਿਕ ਸਾਹਿਤ ਪ੍ਰਚਾਰਿਆ ਜਾਣ ਲੱਗਾ। ਪਹਿਲੇ ਇਸਲਾਮ ਦਾ ਬੋਲਬਾਲਾ ਹੋਣ ਕਰਕੇ ਇਸਲਾਮੀ ਬੋਲੀ ਹੀ ਲਿਖੀ ਜਾਂਦੀ ਸੀ ਜਿਵੇਂ "ਘਰਿ ਘਰਿ ਮੀਆ ਸਭਨਾ ਜੀਆ ਬੋਲੀ ਅਵਰ ਤੁਮਾਰੀ" (1191) ਅੰਗ੍ਰੇਜਾਂ ਦੇ ਰਾਜ ਤੋਂ ਬਾਅਦ ਵੀ ਸਕੂਲਾਂ ਕਾਲਜਾਂ ਵਿੱਚ ਉਰਦੂ ਹੀ ਪੜਾਇਆ ਜਾਂਦਾ ਸੀ। ਪੰਜਾਬੀ (ਗੁਰਮੁਖੀ) ਤਾਂ ਕਾਫੀ ਬਾਅਦ ਵਿੱਚ ਸੁਹਿਰਦ ਪੰਜਾਬੀਆਂ ਦੇ ਯਤਨਾਂ ਨਾਲ ਆਰੰਭ ਹੋਈ। ਫਿਰ ਰੇਡੀਓ ਹੋਂਦ `ਚ ਆਇਆ, ਫਿਰ ਟੀ. ਵੀ. ਆ ਗਿਆ ਤੇ ਹੁਣ ਇੰਟਰਨੈੱਟ ਦਾ ਯੁੱਗ ਹੈ ਇਹ ਸਭ ਪ੍ਰਚਾਰ ਦੇ ਸਾਧਨ ਹਨ। ਜੋ ਸਮੇਂ ਦੇ ਸਾਧਨਾ ਦੀ ਵੇਲੇ ਸਿਰ ਵਰਤੋਂ ਨਾ ਕਰ ਸਕਿਆ ਉਹ ਪਛੜ ਗਿਆ। ਅੱਜ ਈਸਾਈ ਵੀਰਾਂ ਨੇ ਇਨ੍ਹਾਂ ਸਾਧਨਾਂ ਦੀ ਵਰਤੋਂ ਕਰਕੇ ਪਵਿੱਤਰ ਬਾਈਬਲ ਨੂੰ ਦੁਨੀਆਂ ਦੀ ਹਰੇਕ ਬੋਲੀ ਵਿੱਚ ਉਲੱਥੇ ਕਰਕੇ ਪ੍ਰਚਾਰ ਦਿੱਤਾ ਹੈ। ਇਸ ਕਰਕੇ ਦੁਨੀਆਂ ਵਿੱਚ ਪਹਿਲੇ ਨੰਬਰ ਤੇ ਈਸਾਈ ਤੇ ਦੂਜੇ ਤੇ ਇਸਲਾਮ ਧਰਮ ਹੈ। ਦੁਨੀਆਂ ਦੀ ਹਰੇਕ ਲਾਇਬ੍ਰੇਰੀ ਵਿੱਚ ਈਸਾਈ ਤੇ ਇਸਲਾਮ ਦੇ ਧਰਮ ਪੁਸਤਕ ਤਾਂ ਮਿਲ ਜਾਣਗੇ ਪਰ ਗੁਰਬਾਣੀ ਦੀ ਪੁਸਤਕ ਨਹੀਂ ਕਿਉਂਕਿ ਅਸੀਂ ਕੱਟੜਵਾਦੀ ਹੋ ਗਏ ਕਿ ਇਹ ਗੁਰਬਾਣੀ ਦੀ ਬੇਅਦਬੀ ਹੈ। ਇਸ ਕਰਕੇ ਅੱਜ ਸਾਡਾ ਧਰਮ ਜਿਹੜਾ ਸਾਰੀ ਦੁਨੀਆਂ ਦਾ ਸਰਬ-ਸਾਂਝਾ ਧਰਮ ਹੈ ਕੇਵਲ ਤੇ ਕੇਵਲ ਕੁਝਕੁ ਪੰਜਾਬੀਆਂ ਤੱਕ ਹੀ ਸੀਮਤ ਰਹਿ ਗਿਆ ਹੈ। ਇਤਿਹਾਸ ਪੜ੍ਹ ਕੇ ਦੇਖੋ ਗੁਰੂ ਨਾਨਕ ਦਾ ਚਲਾਇਆ ਸ੍ਰੇਸ਼ਟ ਧਰਮ-ਸਰਬ ਧਰਮ ਮਹਿ ਸ੍ਰੇਸਟ ਧਰਮ॥ ਹਰਿ ਕੋ ਨਾਮ ਜਪਿ ਨਿਰਮਲ ਕਰਮ॥ (266) ਛੇਵੇਂ ਪਾਤਸ਼ਾਹ ਵੇਲੇ ਭਾਰਤ ਦੀ 9 ਕਰੋੜ ਦੀ ਅਬਾਦੀ ਵਿੱਚੋਂ 6 ਕਰੋੜ ਗੁਰੂ ਨਾਨਕ ਨਾਲ ਲੇਵਾ ਦਾ ਸੀ। ਇਹ ਕਥਨ ਛੇਵੇਂ ਪਾਤਸ਼ਾਹ ਦੇ ਸਮਕਾਲੀ ਇਤਿਹਾਸਕਾਰ "ਦਬਿਸਤਾਨਿ ਮਜ਼ਾਹਬ" ਦੇ ਲਿਖਾਰੀ ਮੋਹਸਨਫਾਨੀ ਦਾ ਹੈ ਅੱਜ ਭਾਰਤ ਦੀ ਅਬਾਦੀ ਇੱਕ ਅਰਬ ਤੋਂ ਵੀ ਉੱਪਰ ਹੈ ਤੇ ਅਸੀਂ ਧਾਰਮਿਕ ਕੱਟੜਤਾ ਤੇ ਬ੍ਰਾਹਮਣੀ ਰੀਤਾਂ ਦੇ ਜਾਲ ਵਿੱਚ ਫਸ ਕੇ ਪੂਰੇ ਸੰਸਾਰ ਵਿੱਚ ਦੋ-ਢਾਈ ਕਰੋੜ ਗਿਣੇ ਜਾਂਦੇ ਹਾਂ ਐਸਾ ਕਿਉਂ?
ਗੁਰਬਾਣੀ ਜਿਥੇ ਵੀ ਹੋਵੇਗੀ ਆਪਣਾ ਗਿਆਨ ਪ੍ਰਕਾਸ਼ ਕਰੇਗੀ। ਇਹ ਇੱਕ ਪਾਰਸ ਕਲਾ ਹੈ ਪਾਰਸ ਜੰਗਾਲੇ ਲੋਹੇ ਨੂੰ ਸੋਨਾ ਬਣਾ ਦਿੰਦਾ ਹੈ ਤੇ ਸੋਨੇ ਨੂੰ ਭਾਵੇਂ ਗੰਦੀ ਥਾਵੇਂ, ਪਾਣੀ ਜਾਂ ਅੱਗ ਵਿੱਚ ਸੁੱਟ ਦਿਉ ਉਨ੍ਹੇ ਤਾਂ ਚੱਮਕਣਾ ਹੀ ਹੈ। ਫਿਰ ਗੁਰਬਾਣੀ ਤਾਂ ਸੋਨੇ ਤੋਂ ਕਿਤੇ ਉੱਪਰ ਚਮਕ ਵਾਲੀ ਹੈ ਇਸ ਦੀ ਚਮਕ (ਗਿਆਨ) ਨੂੰ ਕੌਣ ਮੈਲਾ ਕਰ ਸਕਦਾ ਹੈ-"ਨਾਮ ਨਾ ਮੈਲਾ ਹੋਇ" (ਗਰਬਾਣੀ) ਸਗੋਂ ਗੁਰਬਾਣੀ ਦਾ ਹੁਕਮ ਨਾਂ ਮੰਨਣਾ ਹੀ ਗੁਰਬਾਣੀ ਦੀ ਬੇਅਦਬੀ ਤੇ ਹੁਕਮ ਮੰਨ ਕੇ ਉਸ ਅਨੁਸਾਰ ਚਲਣਾ ਹੀ ਗੁਰਬਾਣੀ ਦਾ ਸਤਿਕਾਰ ਹੈ "ਹੁਕਮਿ ਮੰਨਿਐ ਹੋਵੈ ਪ੍ਰਵਾਣ ਤਾਂ ਖਸਮੇ ਕਾ ਮਹਿਲ ਪਾਇਸੀ" (471) ਗੁਰਬਾਣੀ ਦੀ ਸੇਵਾ ਸੰਭਾਲ ਤੇ ਮੱਥਾ ਟੇਕਣਾ ਵੀ ਸਤਿਕਾਰ ਹੈ ਪਰ ਜੇ ਨਿਰਾ ਬਾਹਰੀ ਸਤਿਕਾਰ ਹੀ ਕਰਦੇ ਰਹੇ ਗੁਰ ਮਾਰਗ ਤੇ ਨਾਂ ਚੱਲੇ ਤਾਂ ਗੁਰਬਾਣੀ ਦੇ ਮਹਾਂਨ ਖ਼ਜ਼ਾਨੇ ਤੋਂ ਵਾਂਝੇ ਰਹਿ ਜਾਂਵਾਂਗੇ। ਜਿਵੇਂ ਇੱਕ ਧੰਨਾਢ ਬਾਪ ਖ਼ਜ਼ਾਨੇ ਦੀਆਂ ਚਾਬੀਆਂ ਆਪਣੇ ਬੱਚਿਆਂ ਨੂੰ ਦੇ ਜਾਂਦਾ ਹੈ ਕਿ ਬੱਚੇ ਖ਼ਜ਼ਾਨੇ ਦਾ ਜੰਦਰਾ ਖੋਲ੍ਹ ਕੇ ਵੰਡ ਲੈਣ ਪਰ ਬੱਚੇ ਜੇ ਖ਼ਜ਼ਾਨੇ ਨੂੰ ਧੂਫ-ਵੱਟੀ ਹੀ ਕਰੀ ਜਾਣ, ਚਾਬੀ ਲਾ ਕੇ ਖੋਲਣ ਹੀ ਨਾਂ ਤਾਂ ਖ਼ਜ਼ਾਨੇ ਚੋਂ ਕੁੱਝ ਵੀ ਪ੍ਰਾਪਤ ਨਹੀਂ ਕਰ ਸਕਦੇ, "ਪੀਊ ਦਾਦੇ ਕਾ ਖੋਲਿ ਡਿਠਾ ਖ਼ਜ਼ਾਨਾ॥ ਤਉ ਮੇਰੇ ਮਨਿ ਭਇਆ ਨਿਧਾਨਾ॥ … (ਪੰਨਾ-186) ਇਵੇਂ ਹੀ ਇਸ ਖ਼ਜ਼ਾਨੇ ਨੂੰ ਅਸੀਂ ਵਰਤਨਾ ਤੇ ਹੋਰਨਾਂ ਨੂੰ ਵਰਤਾਉਣਾ ਹੈ।
ਸੰਸਾਰ ਇਸ ਅਮੋਲਕ ਖ਼ਜ਼ਾਨੇ ਨੂੰ ਤਰਸ ਰਿਹਾ ਹੈ ਇਸ ਲਈ ਸੰਸਾਰ ਦੀ ਹਰੇਕ ਬੋਲੀ ਵਿੱਚ ਗੁਰਬਾਣੀ ਦਾ ਉਲੱਥਾ ਕਰਕੇ ਲਿਟ੍ਰੇਚਰ ਵੰਡਣਾ ਤੇ ਇਲਿਕਟ੍ਰੌਨਕ ਮੀਡੀਏ ਦੀ ਸੁਯੋਗ ਵਰਤੋਂ ਕਰਕੇ ਪ੍ਰਚਾਰ ਕਰਨਾ ਹੀ ਇਸ ਖ਼ਜ਼ਾਨੇ ਨੂੰ ਵੰਡਣਾ ਤੇ ਗੁਰਬਾਣੀ ਦਾ ਅਦਬ ਸਤਿਕਾਰ ਕਰਨਾ ਹੈ ਕਿਉਂਕਿ ਗੁਰਬਾਣੀ ਸਭ ਸੰਸਰ ਲਈ ਹੈ ਇਕੱਲੇ ਪੰਜਾਬੀਆਂ ਜਾਂ ਸਿੱਖਾਂ ਵਾਸਤੇ ਹੀ ਨਹੀਂ। ਇਸ ਕਰਕੇ ਗੁਰੂ ਸਾਹਿਬ ਨੇ ਬਹੁਤ ਸਾਰੀਆਂ ਬੋਲੀਆਂ ਗੁਰਬਾਣੀ ਵਿੱਚ ਵਰਤੀਆਂ ਹਨ। ਇੱਕ ਬੱਚਾ ਪੜ੍ਹਦੇ ਸਮੇਂ ਕਈ ਕਾਇਦੇ ਪਾੜਦਾ ਹੈ ਜੇ ਬੱਚੇ ਨੂੰ ਕਾਇਦੇ ਫਟਣ ਕਰਕੇ ਪੜ੍ਹਨ ਹੀ ਨਾ ਦਿੱਤਾ ਜਾਵੇ ਤਾਂ ਉਹ ਬੀਏ ਐਮੇ ਤੱਕ ਕਿਵੇਂ ਪਹੁੰਚੇਗਾ? ਅਤੇ ਅੱਗੇ ਡਿਲੋਮੇ ਡਿਗਰੀਆਂ ਕਿਵੇਂ ਪ੍ਰਾਪਤ ਕਰੇਗਾ? ਜੇ ਇਵੇਂ ਅਸੀਂ ਅਧੁਨਿਕ ਸ਼ਾਧਨਾਂ ਰਾਹੀਂ ਗੁਰਬਾਣੀ ਦੇ ਪ੍ਰਚਾਰ ਨੂੰ ਬੇਅਦਬੀ ਸਮਝਦੇ ਰਹੇ ਤਾਂ ਗੁਰਬਾਣੀ ਦੇ ਪਵਿੱਤਰ ਸੰਦੇਸ਼ ਨੂੰ ਦੂਰ-ਦੂਰ ਕਿਵੇਂ ਪਹੁੰਚਾ ਸਕਾਂਗੇ? ਸਾਡਾ ਗੁਰੂ, ਗਿਆਨ ਹੈ, ਸ਼ਬਦ ਹੈ, ਇਕੱਲੇ ਅੱਖਰ ਨਹੀਂ, ਇਹ ਤਾਂ ਸਗੋਂ ਬਾਹਰੀ ਜਾਮਾਂ ਹਨ, ਗਿਆਨ ਨੂੰ ਸਮਝਣ ਦੇ ਸਾਧਨ ਹਨ। "ਸਬਦ ਗੁਰੂ ਸੁਰਤਿ ਧੁਨਿ ਚੇਲਾ॥ (943) ਗਿਆਨ ਗੁਰੂ ਆਤਮ ਉਪਦੇਸਹੁ॥ (ਅਕਾਲ ਉਸਤਤਿ) "ਸਬਦ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੇ ਜਗੁ ਬਉਰਾਨੰ॥ (635) ਜੇ ਗੁਰੂਆਂ ਭਗਤਾਂ ਵੇਲੇ ਅੱਜ ਵਾਲੇ ਪ੍ਰਚਾਰ ਸਾਧਨ ਹੁੰਦੇ ਤਾਂ ਗੁਰਬਾਣੀ ਦੇ ਵੱਧ ਤੋਂ ਵੱਧ ਪ੍ਰਚਾਰ ਤੇ ਪ੍ਰਸਾਰ ਲਈ ਜਰੂਰ ਸੁਯੋਗ ਵਰਰਤੋਂ ਕਰਦੇ। ਸੋ ਗੁਰਮੁਖੋ ਗੁਰਬਾਣੀ ਨੂੰ ਵੱਧ ਤੋਂ ਵੱਧ ਬੋਲੀਆਂ ਵਿੱਚ ਲਿਖਣਾ-ਪ੍ਰਚਾਰਣਾ ਅਤੇ ਦੁਨੀਆਂ ਭਰ ਦੀਆਂ ਬੋਲੀਆਂ ਵਿੱਚ ਉਲੱਥਾ ਕਰਕੇ ਸਮੁੱਚੇ ਵਿਸ਼ਵ ਦੇ ਧਰਮ ਅਸਥਾਨਾਂ, ਸਕੂਲਾਂ, ਕਾਲਜਾਂ ਦੀਆਂ ਅਤੇ ਵੱਡੀਆਂ-ਵੱਡੀਆਂ ਪਬਲਿਕ ਲਾਇਬ੍ਰੇਰੀਆਂ ਵਿੱਚ ਪ੍ਰਚਾਰ ਵਾਸਤੇ ਰੱਖਣਾ ਬੇਅਦਬੀ ਨਹੀਂ ਸਗੋਂ ਵੱਧ ਸਤਿਕਾਰ ਹੈ।
ਇਹ ਲੇਖ ਦਾਸ ਨਾਲ ਕੁੱਝ ਸਮਾਂ ਪਹਿਲਾਂ ਫਰੀਮਾਂਟ ਤੇ ਐੱਲਸ ਬਰਾਂਟੇ ਵਾਪਰੀ ਘਟਨਾਂ ਤੇ ਫਿਰ ਹੁਣ ਸ੍ਰ. ਪੂਰਨ ਸਿੰਘ “ਸਿੱਖ ਮਾਰਗ ਪਰਚਾ” ਕਨੇਡਾ ਵਾਲਿਆਂ ਤੋਂ ਸੁਣਿਆਂ ਕਿ ਕਨੇਡਾ ਵਿਖੇ ਪਬਲਿਕ ਲਾਇਬ੍ਰੇਰੀਆਂ ਵਿੱਚ ਰੱਖੇ ਧਰਮ ਗ੍ਰੰਥਾਂ ਪੋਥੀਆਂ ਆਦਿਕ ਨੂੰ ਰੁਮਾਲਿਆਂ ਵਿੱਚ ਵਲੇਟ ਕੇ ਰੱਖਣ ਦੀ ਗੱਲ ਕੁੱਝ ਸਿੱਖ ਵਿਦਿਅਰਥੀਆਂ ਵਲੋਂ ਕਰਨ ਕਰਕੇ ਕਨੇਡੀਅਨ ਲੋਕਾਂ ਨੇ ਕੁੱਝ ਥਾਵਾਂ ਤੋਂ ਧਾਰਮਿਕ ਲਿਟ੍ਰੇਚਰ ਚੁੱਕਵਾ ਦਿੱਤਾ ਦੀ ਹਿਰਦੇ ਵੇਧਕ ਘਟਨਾ ਨੂੰ ਮੁੱਖ ਰੱਖ ਕੇ ਲਿਖਿਆ ਹੈ। ਇਹ ਭਾਣਾ ਕੁੱਝ ਕੱਟੜਵਾਦੀ ਮਾਪਿਆਂ ਅਤੇ ਧਰਮ ਅਧਿਆਪਕਾਂ ਦੀ ਬੱਚਿਆਂ ਨੂੰ ਦਿੱਤੀ ਸਿੱਖਿਆ ਕਰਕੇ ਵਾਪਰਿਆ। ਜੇ ਅਸੀਂ ਇਨ੍ਹੇ ਕੱਟੜ ਹੋ ਗਏ ਤਾਂ ਦੁਨੀਆਂ ਦੇ ਸਰਬ ਸਾਂਝੇ ਗ੍ਰੰਥ “ਗੁਰੂ ਗ੍ਰੰਥ ਸਾਹਿਬ ਜੀ” ਦੀ ਸਿੱਖਿਆ ਨੂੰ ਦੁਨੀਆਂ ਨਾਲੋਂ ਤੋੜ ਕੇ ਕੇਵਲ ਤੇ ਕੇਵਲ ਕੁੱਝ ਪੰਜਾਬੀ ਸਿੱਖਾਂ ਤੱਕ ਹੀ ਸੀਮਤ ਕਰ ਦੇਵਾਂਗੇ। ਦੇਖੋ ਅੱਜ ਈਸਾਈ ਧਰਮ ਦਾ ਗਿਆਨ ਵੰਡਣ ਵਾਲੀ ਪਵਿੱਤਰ ਬਾਈਬਲ ਦੁਨੀਆਂ ਦੀਆਂ ਬਹੁਤਾਤ ਥਾਵਾਂ ਲਾਇਬ੍ਰੇਰੀਆਂ ਆਦਿਕ ਵਿਖੇ ਕਰੀਬ ਹਰੇਕ ਬੋਲੀ ਵਿੱਚ ਸ਼ੁਸ਼ੋਬਤ ਹੈ। ਇਸ ਕਰਕੇ ਦੁਨੀਆਂ ਦਾ ਬਹੁਤਾਤ ਹਿੱਸਾ ਬਾਈਬਲ ਤੇ ਈਸਾਈ ਧਰਮ ਬਾਰੇ ਜਾਣਕਾਰੀ ਰੱਖਦਾ ਹੈ ਅਤੇ ਈਸਾਈ ਧਰਮ ਨੂੰ ਅਪਣਾਅ ਵੀ ਰਿਹਾ ਹੈ ਪਰ ਸਾਡੇ ਧਰਮ ਆਗੂਆਂ ਦੀ ਬਹੁਤੀ ਬੇਅਰਥ ਕੱਟੜਤਾ ਕਰਕੇ ਸਾਡੀ ਨੌਂਜਵਾਨ ਪੀੜੀ ਸਿੱਖ ਧਰਮ ਤੋਂ ਬਾਗੀ ਹੁੰਦੀ ਜਾ ਰਹੀ ਹੈ। ਜਰਾ ਠੰਡੇ ਦਿਲ ਦਿਮਾਗ ਨਾਲ ਸੋਚੋ ਬੱਚੇ ਲਈ ਪਿਉ ਦਾ ਸਤਿਕਾਰ ਹੁਕਮ ਮੰਨਣ ਵਿੱਚ ਹੈ ਨਾ ਕਿ ਕੇਵਲ ਬਾਹਰੀ ਆਓ ਭਗਤ ਵਿੱਚ। ਹਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਛੁੱਟ ਬਾਕੀ ਪੋਥੀਆਂ ਜਾਂ ਸਟੀਕਾਂ ਭਾਵ ਅਰਥਾਂ ਵਾਲੀਆਂ ਪੋਥੀਆਂ ਲਿਟ੍ਰੇਚਰ ਆਦਿਕ ਲਾਇਬ੍ਰੇਰੀਆਂ ਵਿਖੇ ਬਿਨਾ ਰੁਮਾਲ ਵਲੇਟੇ ਵੀ ਰੱਖੀਆਂ ਜਾ ਸਕਦੀਆਂ ਹਨ ਤਾਂ ਕਿ ਪਾਠਕ ਨੂੰ ਲਿਸਟ ਦੇਖ ਕੇ ਲੱਭਣ ਵਿੱਚ ਕੋਈ ਦਿੱਕਤ ਨਾ ਆਵੇ। ਕੱਟੜਵਾਦੀਓ ਜਰਾ ਸੋਚੋ ਇੰਟ੍ਰਨੈੱਟ ਤੇ ਪਏ “ਗੁਰੂ ਗ੍ਰੰਥ ਸਾਹਿਬ ਜੀ” ਨੂੰ ਕਿਵੇਂ ਰੁਮਾਲਿਆਂ ਵਿੱਚ ਵਲੇਟ ਸਕੋਗੇ? ਜਿੱਥੇ ਅੱਜ ਸਿੱਖੀ ਦੀ ਦੁਸ਼ਮਣ ਜਮਾਤ ਆਰ. ਐਸ ਐਸ ਅਤੇ ਸਾਧ ਡੇਰੇਦਾਰ ਸਿੱਖੀ ਨੂੰ ਵੱਧਣ ਫੁੱਲਣ ਤੋਂ ਰੋਕਣ ਲਈ “ਕਰਮਕਾਂਡਾਂ ਦੀ ਅਮਰਵੇਲ” ਵਾਂਗ ਛਾਏ ਹੋਏ ਹਨ ਓਥੇ ਆਪਣੇ ਆਪ ਨੂੰ ਪੰਥਿਕ ਅਖਵਾਉਂਦੀਆਂ ਕੁੱਝ ਜਥੇਬੰਦੀਆਂ ਤੇ ਸੰਪ੍ਰਦਾਵਾਂ ਵੀ ਘੱਟ ਨਹੀਂ ਹਨ ਉਹ ਵੀ ਅਕਾਲ ਤਖ਼ਤ ਤੋਂ ਪ੍ਰਮਾਣਿਤ “ਸਿੱਖ ਰਹਿਤ ਮਰਯਾਦਾ” ਤੋਂ ਬਾਗੀ ਹੋ ਰਹੀਆਂ ਹਨ। ਖਿਆਲ ਕਰਿਓ “ਗਿਆਨ ਦੇ ਸੂਰਜ” ਨੂੰ ਬਹੁਤੇ ਸਮੇਂ ਲਈ ਅਗਿਆਨਤਾ ਅਤੇ ਅਖੌਤੀ ਕਰਮਕਾਂਡਾ ਦੇ ਬੱਦਲਾਂ ਥੱਲੇ ਦਬਾਇਆ ਨਹੀਂ ਜਾ ਸਕਦਾ। ਡਰੈਕਸ਼ਨ ਨੂੰ ਫਾਲੋ ਕਰਕੇ ਮੰਜ਼ਿਲ ਤੇ ਪਹੁੰਚਣਾ ਹੈ ਨਾ ਕਿ ਉਸ ਨੂੰ ਕੇਵਲ ਕਿਸੇ ਸੁਨਹਿਰੀ ਵਸਤੂ ਵਿੱਚ ਰੱਖ ਤੁਰੀ ਜਾਣਾ। ਹਉਂਮੇ ਹੰਕਾਰ ਈਰਖਾ ਵਿੱਚ ਜਲਦੇ ਬਲਦੇ ਸੰਸਾਰ ਨੂੰ ਗੁਰੂ ਗਿਆਨ ਰੂਪੀ ਚੰਦਨ ਦੀ ਸ਼ੀਤਲਤਾ ਦੀ ਅਤਿਅੰਤ ਲੋੜ ਹੈ “ਬਲਤੋ ਜਲਤੋ ਤਉਂਕਿਆ ਗੁਰੁ ਚੰਦਨੁ ਸੀਤਲਾਇਓ॥ (ਪੰਨਾ-241) ਆਤਿਸ਼ ਦੁਨੀਆਂ ਖੁਨਕ ਨਾਮਿ ਖੁਦਾਇਆ॥ (ਪੰਨਾ-1291) ਗੁਰੂ ਗਿਆਨ ਰੂਪੀ ਚੰਦਨ “ਗੁਰੂ ਗ੍ਰੰਥ ਸਾਹਿਬ ਜੀ” ਦੀ ਸ਼ੀਤਲਤਾ ਨੂੰ ਜਾਨਣਾ ਮਾਨਣਾ, ਤੇ ਉਸ ਦੇ ਆਸ਼ੇ ਅਨੁਸਾਰ ਜੀਣਾ ਅਤੇ ਇਸ ਅਮੁਕ ਤੇ ਠੰਡ ਵਰਤਾਉਣ ਵਾਲੇ ਪਵਿੱਤਰ ਖ਼ਜ਼ਨੇ ਨੂੰ ਸੰਸਾਰ ਵਿੱਚ ਖੁਲ੍ਹ ਦਿਲੀ ਨਾਲ ਵੰਡਣਾ ਹੀ ਗੁਰਬਾਣੀ ਦਾ ਅਸਲ ਸਤਿਕਾਰ ਤੇ ਅਦਬ ਹੈ।
Guru Granth Parchar Mission of USA
PO Box 65 Hayward CA 94543
510-432-5827




.