ਗੁਰਬਾਣੀ ਵਿਚ ਪੌਰਾਣਕ ਕਥਾਵਾਂ
(ਕਿਸ਼ਤ ਨੰ: 36)
ਪ੍ਰੋ: ਇੰਦਰ
ਸਿੰਘ ‘ਘੱਗਾ’
ਬੇਦ ਬਿਆਸ:- ਇੱਕ ਰਿਸ਼ੀ
ਜੋ ਸਤਯਵਤੀ ਦੇ ਉਦਰ ਤੋਂ ਪ੍ਰਾਸ਼ਰ ਦੀ ਨਾਜਾਇਜ਼ ਔਲਾਦ ਸੀ। ਇਸ ਨੇ ਵੇਦਾਂ ਨੂੰ ਤਰਤੀਬ ਦਿੱਤੀ।
ਪੁਰਾਣ ਕਥਾਵਾਂ ਨੂੰ ਵਿਸਥਾਰ ਦਿੱਤਾ। ਇਸੇ ਕਰਕੇ ਇਸ ਨੂੰ ਬੇਦ ਬਿਆਸ ਕਰਕੇ ਜਾਣਿਆ ਜਾਂਦਾ ਹੈ। ਇਸ
ਨੇ ਨਾਜਾਇਜ਼ (ਨਾਯੋਗ) ਤਰੀਕੇ ਨਾਲ ਧਿਰਧ੍ਰਾਸਟਰ, ਪਾਂਡੂ ਤੇ ਵਿਦੁਰ ਪੈਦਾ ਕੀਤੇ। ਇਹ ਵੱਡਾ ਕਵੀ ਤੇ
ਚਤਰ ਵਿਅਕਤੀ ਹੋਇਆ ਹੈ। ਇਸ ਨੇ ਵੇਦਾਂਤ ਸੂਤਰ ਰਚਕੇ ਛੇਵਾਂ ਦਰਸ਼ਨ ਕਾਇਮ ਕੀਤਾ। ਪੁਰਾਣਾਂ ਵਿੱਚ
ਲੱਗਭਗ ਵੀਹ ਬੇਦ ਬਿਆਸਾਂ ਦਾ ਜ਼ਿਕਰ ਮਿਲਦਾ ਹੈ। ਇਹਨਾਂ ਸਾਰਿਆਂ ਨੂੰ ਬ੍ਰਹਮਾ ਜਾਂ ਵਿਸ਼ਨੂੰ ਦੇ
ਅਵਤਾਰ ਮੰਨਿਆ ਗਿਆ ਹੈ। ਜੋ ਸਮੇਂ ਸਮੇਂ ਵੇਦਾਂ ਨੂੰ ਸੰਗ੍ਰਿਹ ਕਰਨ ਤੇ ਧਰਤੀ ਤੇ ਪ੍ਰਚਾਰਨ ਲਈ
ਪ੍ਰਗਟ ਹੁੰਦੇ ਰਹੇ। (ਮਹਾਨ ਕੋਸ਼-860, ਹਿੰਦੂ ਮਿਥਿਹਾਸ ਕੋਸ਼ -501)
ਵਿਚਾਰ:- ਹਿੰਦੂ ਧਰਮ ਦੇ ਬਹੁਤੇ ਗ੍ਰੰਥਾਂ ਦਾ ਲਿਖਾਰੀ ਬੇਦ ਬਿਆਸ ਹੀ ਮੰਨਿਆ ਗਿਆ ਹੈ। ਇਹ
ਸਾਰੇ ਗਰੰਥ ਜਿਵੇਂ ਕਿ ਪਿੱਛੇ ਜ਼ਿਕਰ ਆ ਚੁੱਕਿਆ ਹੈ, ਅੱਠਵੀਂ ਸਦੀ ਤੋਂ ਲੈ ਕੇ ਸੋਹਲਵੀਂ ਸਦੀ ਦੇ
ਵਿਚਕਾਰਲੇ ਸਮੇਂ ਵਿੱਚ ਲਿਖੇ ਗਏ। ਲੱਗਭਗ ਅੱਠ ਸੌ ਸਾਲ ਦੇ ਲੰਮੇ ਸਮੇਂ ਵਿਚਕਾਰ ਕਿੰਨੇ ਸਾਰੇ ਬੇਦ
ਬਿਆਸ ਪੈਦਾ ਹੋਏ। ਆਪਣੇ ਆਪ ਨੂੰ ਸਾਰੇ ਬੇਦ ਬਿਆਸ ਕਰਕੇ ਹੀ ਲਿਖਦੇ ਰਹੇ। ਇਹ ਖੁਦ ਭੀ ਮਾਤਾ ਪਿਤਾ
ਦੀ ਨਾਜਾਇਜ਼ ਔਲਾਦ ਸੀ। ਅੱਗੋਂ ਨਾਜਾਇਜ਼ ਔਲਾਦ ਪੈਦਾ ਭੀ ਕੀਤੀ ਤੇ ਨਾਜਾਇਜ਼ ਔਲਾਦ ਨੂੰ ਪਰਵਾਨਗੀ ਭੀ
ਦਿੱਤੀ। ਮਹਾਂਭਾਰਤ ਗਰੰਥ ਇਸੇ ਦੀ ਕਿਰਤ ਮੰਨਿਆ ਜਾਂਦਾ ਹੈ। ਇਸ ਰਚਨਾ ਵਿੱਚ ਬੇਦ ਬਿਆਸ ਨੇ ਆਪਣੀ
ਵਿਦਵਤਾ ਦੇ ਖੂਬ ਝੰਡੇ ਗੱਡ ਦਿੱਤੇ ਹਨ। ਆਪਣੇ ਜ਼ਮਾਨੇ ਦਾ ਬਹੁਤ ਹੀ ਦਿਲਚਸਪੀ ਨਾਲ ਪੜ੍ਹਿਆ, ਸੁਣਿਆ
ਜਾਣ ਵਾਲਾ ਬਿਰਤਾਂਤ ਹੈ ਇਹ। ਜੰਗ ਦੀਆਂ ਘਟਨਾਵਾਂ ਭਾਵੇਂ ਕਰਾਮਾਤੀ ਰੰਗਣ ਵਿੱਚ ਹਨ, ਪਰ ਹਨ ਬੜੀਆਂ
ਰੌਚਕ। ਅਸਲ ਵਿੱਚ ਇਹ ਇੱਕ ਰਾਜਨੀਤਿਕ ਕਲਾਬਾਜ਼ੀਆਂ ਨਾਲ ਭਰਪੂਰ ਲਿਖਤ ਹੈ। ਜਿਸ ਵਿਚਲੇ ਬਹੁਤ ਸਾਰੇ
ਪਾਤਰ ਇੰਨੇ ਮਕਬੂਲ ਹੋਏ ਹਨ ਕਿ ਅੱਜ ਤੱਕ ਭੀ ਉਹਨਾਂ ਨਾਵਾਂ ਦੇ ਰਾਹੀਂ ਮੌਜੂਦਾ ਰਾਜਸੀ ਲੋਕਾਂ ਨੂੰ
ਸੰਬੋਧਨ ਕੀਤਾ ਜਾਂਦਾ ਹੈ। ਸ਼ਕੁਨੀ ਮਾਮਾ ਭੇੜ ਪੁਆਣ ਵਾਲਾ ਲਾਜੁਆਬ ਪਾਤਰ ਹੈ। ਕਰਣ, ਸਾਰੀਆਂ
ਤਾਕਤਾਂ ਦਾ ਮਾਲਕ ਹੋ ਕੇ ਭੀ ਲਾਚਾਰ ਹੈ, ਬੇਬਸ ਹੈ। ਰਾਜ ਮੁਖੀ ਧਿਰਧ੍ਰਾਸ਼ਟਰ ਅੰਨ੍ਹਾ ਹੈ ਜਿਵੇਂ
ਕਿ ਸਾਰੇ ਹੀ ਰਾਜੇ ਅੰਨ੍ਹੇ ਹੋਇਆ ਹੀ ਕਰਦੇ ਹਨ। ਉਸਦੀ ਰਾਣੀ, ਗਾਂਧਾਰੀ ਨੇ ਅੱਖਾਂ ਦੇ ਹੁੰਦਿਆਂ
ਹੀ ਅੱਖਾਂ ਤੇ ਪੱਟੀ ਬੰਨ੍ਹ ਲਈ ਸੀ, ਭਾਵ ਜੋ ਹੁੰਦਾ ਹੈ ਹੋਣ ਦਿਓ। ਜੇ ਪਤੀ ਅੰਨ੍ਹਾ ਹੈ ਤਾਂ ਮੈਂ
ਕਿਉਂ ਸੁਜਾਖੀ ਹੋ ਕੇ ਆਲਾ ਦੁਆਲਾ ਵੇਖਾਂ?
ਪਾਂਡੂ ਰਾਜਾ ਵਿਚਾਰਾ “ਨਾਮਰਦ” ਹੈ, ਕੁੱਝ ਭੀ ਕਰ ਸਕਣ ਤੋਂ ਅਸਮਰੱਥ। ਕੁੰਤੀ ਦੇ ਰਹਿਮੋ ਕਰਮ ਤੇ
ਜੀਅ ਰਿਹਾ ਕੇਵਲ। ਸਾਰੀ ਉਮਰ ਵਿੱਚ ਉਸ ਨੇ ਕੋਈ ਜ਼ਿਕਰਯੋਗ ਕੰਮ ਨਹੀਂ ਕੀਤਾ। ਭੀਸ਼ਮ ਆਪਣੇ ਹੀ
ਪੁੱਤਰਾਂ ਪੋਤਰਿਆਂ ਨੂੰ ਮਾਰਨ ਦਾ ਅਪਰਾਧ ਕਰਨ ਦਾ ਭਾਗੀਦਾਰ ਬਣਿਆ। ਭੀਮ ਦਾ ਧੱਕੜਪੁਣਾ ਤੇ ਅਰਜਣ
ਦੀ ਬਹਾਦਰੀ ਭੀ ਇਸ ਕਹਾਣੀ ਵਿੱਚ ਖੂਬ ਵਿਖਾਈ ਗਈ ਹੈ। ਯੁਧਿਸ਼ਟਰ ਨੂੰ ਇਸ ਜੰਗ ਵਿੱਚ ਕਈ ਵਾਰੀ ਝੂਠ
ਬੋਲਦੇ ਭੀ ਵਿਖਾਇਆ ਗਿਆ ਹੈ। ਜਿਸ ਦਾ ਮਤਲਬ ਹੈ ਕਿ ਕਿੰਨਾ ਭੀ ਕੋਈ ਸੱਚਾ ਹੋਵੇ, ਝੂਠ ਤੋਂ ਬਿਨਾਂ
ਸਰਦਾ ਨਹੀਂ। ਕ੍ਰਿਸ਼ਨ ਦੀਆਂ ਚਾਲਬਾਜ਼ੀਆਂ ਇਸ ਕਥਾ ਵਿੱਚ ਸਿਖਰ ਤੇ ਹਨ। ਅਵਤਾਰ ਹੋ ਕੇ ਭੀ ਕ੍ਰਿਸ਼ਨ
ਕਿਵੇਂ ਝੂਠ ਫਰੇਬ ਤੇ ਮੱਕਾਰੀਆਂ ਕਰਦਾ ਹੈ। ਕਿਵੇਂ ਖਚਰੀ ਹਾਸੀ ਹੱਸਦਾ ਹੋਇਆ ਸਭ ਨੂੰ ਮਾਤ ਦੇ
ਜਾਂਦਾ ਹੈ ਕਮਾਲ ਦੀ ਕਲ੍ਹਾ ਕਿਰਤੀ ਹੈ। ਦੋਵਾਂ ਧਿਰਾਂ ਦਾ ਗੁਰੂ ਦਰੋਣਾਚਾਰੀਆ ਕਿਵੇਂ ਝੂਠ ਬੋਲ ਕੇ
ਮਾਰਿਆ ਜਾਂਦਾ ਹੈ। ਫਿਰ ਦ੍ਰੋਣ ਦਾ ਪੁੱਤਰ ਅਸਵਥਾਮਾ ਪਾਂਡਵਾਂ ਤੋਂ ਪਿਤਾ ਦਾ ਬਦਲਾ ਲੈਣ ਲਈ
ਦਰੋਪਤੀ ਦੇ ਪੰਜਾਂ ਛੋਟੇ ਬੱਚਿਆਂ ਨੂੰ ਕਿਵੇਂ ਬੇਰਹਿਮੀ ਨਾਲ ਕਤਲ ਕਰ ਦਿੰਦਾ ਹੈ। ਪਰ ਬ੍ਰਾਹਮਣ
ਜਾਤ ਹੋਣ ਕਰਕੇ ਪਾਂਡੋ ਭਰਾ ਉਸਨੂੰ ਮਾਰਨ ਤੋਂ ਅਸਮਰੱਥ ਹੋ ਜਾਂਦੇ ਹਨ। ਉਸ ਦੇ ਪਿਤਾ ਦ੍ਰੋਣ ਨੂੰ
ਤਾਂ ਬ੍ਰਾਹਮਣ ਹੋਣ ਕਰਕੇ ਛੱਡਿਆ ਨਹੀਂ ਗਿਆ। ਪੁੱਤਰ ਨੂੰ ਮਾਰਨ ਲਈ ਹਥਿਆਰ ਨਾ ਉੱਠੇ। ਇਸ ਕਹਾਣੀ
ਵਿੱਚ ਗਿਆਨ ਵਰਧਕ ਮਸਾਲਾ ਬੇਅੰਤ ਹੈ। ਸਿੱਖਿਆਵਾਂ ਚੰਗੀਆਂ ਹਨ। ਪਰ ਇਹ ਇਤਿਹਾਸ ਨਹੀਂ ਹੈ।
ਗੁਰਸਿੱਖਾਂ ਦੀ ਵਿਰਾਸਤ ਮਹਾਨ ਗੁਰਬਾਣੀ ਹੈ। ਜੀਵਤ ਇਤਿਹਾਸ ਸੁਰਮਗਤੀ ਦੀਆਂ ਘਟਨਾਵਾਂ ਨਾਲ ਲਬਰੇਜ
ਹੈ। ਇਹਨਾਂ ਕਹਾਣੀਆਂ ਨੂੰ ਕਿਤੇ ਸਿੱਖਿਆ ਲਈ ਇੱਕ ਅੱਧਾ ਮਿੰਟ ਵਰਤ ਲਿਆ ਜਾਵੇ ਤਾਂ ਠੀਕ ਹੈ। ਖਿਆਲ
ਰਹੇ ਇਹ ਸਿਧਾਂਤ ਨਹੀਂ ਹਨ ਕੇਵਲ ਪਰਮਾਣ ਹਨ ਉਦਾਹਰਣਾਂ ਹਨ। ਗੁਰਬਾਣੀ ਵਿੱਚ ਇਸ ਦਾ ਜ਼ਿਕਰ ਘੱਟ ਆਇਆ
ਹੈ ਕੁੱਝ ਪੰਕਤੀਆਂ ਪੜ੍ਹੋ:-
ਨਾਨਾ ਖਿਆਨ ਪੁਰਾਨਬੇਦ ਬਿਧਿ ਚਉਤੀਸ ਅਖਰ ਮਾਂਹੀ।।
ਬਿਆਸ ਬਿਚਾਰਿ ਕਹਿਓ ਪਰਮਾਰਥੁ ਰਾਮ ਨਾਮ ਸਰਿ ਨਾਹੀ।। (658)
ਅਨੇਕ ਪਰਕਾਰ ਦੇ ਗਰੰਥ ਜਿਵੇਂ ਬੇਦ ਪੁਰਾਨ, ਸਿਮ੍ਰਿਤੀਆਂ, ਮਹਾਂਭਾਰਤ ਆਦਿ ਕੋਈ ਉੱਪਰੋਂ ਉੱਤਰੀ
ਹੋਈ ਰਚਨਾ ਨਹੀਂ ਹਨ। ਆਮ ਜਿਹੀ ਵਿੱਦਿਆ ਵਰਗੀਆਂ ਪੁਸਤਕਾਂ ਹਨ ਉਹਨਾਂ ਹੀ ਚੌਂਤੀ ਪੈਂਤੀ ਅੱਖਰਾਂ
ਵਿੱਚ ਲਿਖੀਆਂ ਗਈਆਂ ਹਨ, ਜਿਨ੍ਹਾਂ ਵਿੱਚ ਹੋਰ ਗਿਆਨ ਲਿਖੀਦਾ ਹੈ। ਫਿਰ ਵੱਖਰੀਆਂ ਕਿਵੇਂ ਹੋਈਆਂ?
ਬਿਆਸ ਵਰਗੇ ਵੱਡੇ ਵੱਡੇ ਵਿਦਵਾਨਾਂ ਨੂੰ ਮੰਨਣਾ ਪਿਆ ਹੈ ਕਿ ਸਭ ਤੋਂ ਉੱਪਰ ਤਾਂ ਪਰਮੇਸ਼ਰ ਦਾ ਨਾਮ
ਹੀ ਹੈ, ਫਿਰ ਨਾਮ ਹੀ ਕਿਉਂ ਨਾ ਸਿਮਰੀਏ?
ਸੋ ਜੇ ਕਦੀ ਕਿਸੇ ਸਿੱਖਿਆ ਦਾਇਕ ਕਥਾ ਕਹਾਣੀ ਦਾ ਹਵਾਲਾ ਦੇਣਾ ਪੈ ਜਾਵੇ ਤਾਂ ਉਸ ਨੂੰ ਗੁਰਬਾਣੀ ਦੇ
ਪਿੱਛੇ ਟੋਰਨਾ ਹੁੰਦਾ ਹੈ ਨਾ ਕਿ ਗੁਰਬਾਣੀ ਨੂੰ ਸਾਖੀਆਂ ਪਿੱਛੇ ਲਾਉਣਾ ਹੈ। ਜਨਮਸਾਖੀਆਂ ਵਿੱਚ ਭੀ
ਇਵੇਂ ਕੀਤਾ ਗਿਆ। ਗੁਰਬਾਣੀ ਨੂੰ ਪੜ੍ਹ ਕੇ ਸਾਖੀ ਘੜੀ ਗਈ ਹੈ। ਜਦੋਂ ਇੱਕ ਵਾਰੀ ਕਿਸੇ ਦੇ ਮਨ ਨੂੰ
ਚੰਗੀ ਭਾ ਗਈ, ਫਿਰ ਇਹ ਹੋੜ ਜਿਹੀ ਲੱਗ ਜਾਂਦੀ ਹੈ ਕਿ ਮੈਂ ਵਧੀਆ ਮਿਰਚ ਮਸਾਲਾ ਲਾ ਕੇ ਸਾਖੀ ਤਿਆਰ
ਕਰਾਂ। ਦੂਜਾ ਉਸ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦਾ ਹੈ। ਭਗਤ ਮਾਲਾ ਇੱਕ ਪੁਸਤਕ ਹੈ। ਉਸ ਵਿੱਚ
ਬੜੀਆਂ ਹੀ ਹਾਸੋ ਹੀਣੀਆਂ, ਭਗਤਾਂ ਦੀ ਸ਼ਾਨ ਦੇ ਖਿਲਾਫ ਅਤੇ ਤੌਹੀਨ ਕਰਨ ਵਾਲੀਆਂ ਸਾਖੀਆਂ ਫਿੱਟ
ਕੀਤੀਆਂ ਪਈਆਂ ਹਨ। ਸਟੇਜਾਂ ਤੇ ਬਿਨਾਂ ਕੋਈ ਸੋਧ ਕੀਤੇ, ਸੁਣਾਈਆਂ ਜਾ ਰਹੀਆਂ ਹਨ। ਹੇ ਨਿਰੰਕਾਰ
ਜੀਉ ਸਾਨੂੰ ਨਿਮਾਣਿਆਂ ਨੂੰ ਸੁਮੱਤ ਦੇ ਤਾਂ ਅਸੀਂ ਤੇਰੀ ਵਡਿਆਈ ਚੰਗੇ ਤਰੀਕੇ ਕਰ ਸਕੀਏ।
ਸਿਆਮ ਵੇਦ ਕਉ ਸੋਧਿ ਕਰਿ ਮਥਿ ਵੇਦਾਂਤ ਬਿਆਸਿ ਸੁਣਾਇਆ।।
ਕਥਨੀ ਬਦਨੀ ਬਾਹਰਾ ਆਪੇ ਅਪਣਾ ਬ੍ਰਹਮੁ ਜਣਾਇਆ।।
ਨਦਰੀ ਕਿਸੈ ਨ ਲਿਆਵਈ, ਹਉਮੈ ਅੰਦਰਿ ਭਰਮਿ ਭੁਲਾਇਆ।।
ਆਪੁ ਪੁਜਾਇ ਜਗਤ ਵਿਚਿ ਭਾਉ ਭਗਤਿ ਦਾ ਮਰਮੁ ਨ ਪਾਇਆ।।
ਤ੍ਰਿਪਤਿ ਨ ਆਵੀ ਵੇਦਿ ਮਥਿ ਅਗਨੀ ਅੰਦਰਿ ਤਪਤਿ ਤਪਾਇਆ।।
ਮਾਇਆ ਡੰਡ ਨ ਉਤਰੈ ਜੰਮ ਡੰਡੈ ਬਹੁ ਦੁਖਿ ਰੁਆਇਆ।।
ਨਾਰਦਿ ਮੁਨਿ ਉਪਦੇਸਿਆ ਮਥਿ ਭਾਗਵਤ ਗੁਨਿ ਗੀਤ ਕਰਾਇਆ।।
ਬਿਨੁ ਸਰਨੀ ਨਹਿ ਕੋਇ ਤਰਾਇਆ।। (ਭਾ. ਗੁ. ਵਾਰ, 1-11)
ਹੇ ਭਾਈ! ਸਿਆਮ ਵੇਦ ਨੂੰ ਤਰਤੀਬ ਦੇ ਕੇ ਵੇਦਾਂ ਨੂੰ ਸਮਝਣ ਲਈ ਵੇਦਾਂਤ (ਵੇਦਾਂ ਦਾ ਨਿਚੋੜ) ਸਾਰ
ਤਿਆਰ ਕੀਤਾ, ਬਿਆਸ ਦਾ ਇਹ ਵੱਡਾ ਕੰਮ ਮੰਨੀਦਾ ਹੈ। ਉਸ ਨੂੰ ਸਵੀਕਾਰ ਕਰਨਾ ਪਿਆ ਕਿ ਪਰਮੇਸ਼ਰ ਦਾ
ਅੰਤ ਨਹੀਂ ਪਾਇਆ ਜਾ ਸਕਦਾ। ਇਹ ਪੁਸਤਕਾਂ ਲਿਖ ਕੇ ਬਿਆਸ ਹੋਰ ਹੰਕਾਰ ਵਿੱਚ ਆ ਗਿਆ। ਨਾਮ ਜਪਕੇ
ਸ਼ਾਂਤੀ ਮਿਲਣ ਦੀ ਥਾਂ ਸਗੋਂ ਹੋਰ ਬੇਚੈਨ ਹੋ ਗਿਆ। ਇਹ ਆਪਣੀ ਹੀ ਪੂਜਾ ਕਰਵਾਣ ਲੱਗ ਪਿਆ। ਵਾਹਿਗੁਰੂ
ਜੀ ਦੀ ਸਿਫਤ ਸਾਲਾਹ ਕਰਨ ਕਰਾਉਣ ਦੀ ਥਾਵੇਂ ਖੁਦ ਹੀ ਰੱਬ ਦਾ ਸ਼ਰੀਕ ਬਣ ਬੈਠਾ। ਵਿਸ਼ਨੂੰ ਦਾ ਅਵਤਾਰ
ਹੋਣ ਦਾ ਐਲਾਨ ਕਰ ਦਿੱਤਾ। ਇੰਨੀ ਵਿੱਦਿਆ ਪੜ੍ਹ ਲਿਖ ਕੇ ਭੀ ਮਨ ਸ਼ਾਂਤ ਨਾ ਹੋਇਆ ਸਗੋਂ ਹੋਰ ਭੜਕ
ਪਿਆ। ਕਰੋਧ ਦੀ ਅੱਗ ਤ੍ਰਿਸ਼ਨਾ ਦੀ ਅੱਗ ਅੰਦਰ ਲਟ ਲਟ ਬਲਦੀ ਰਹੀ। ਮਾਇਆ ਦਾ ਪਰਭਾਵ ਉੱਤੇ ਸਵਾਰ ਹੋ
ਗਿਆ ਬੇਦ ਬਿਆਸ ਖੁਦ ਹੀ ਮਾਇਆ ਵਿੱਚ ਗਰੱਸਿਆ ਗਿਆ ਇਸ ਤਰ੍ਹਾਂ ਨਿੱਤ ਦੁੱਖ ਭੋਗਦਾ ਰਿਹਾ। ਫਿਰ ਉਸ
ਨੂੰ ਗੁਰੂ ਮਿਲਿਆ ਉਸਨੇ ਅੱਧੀ ਪਚੱਧੀ ਮੱਤ ਦਿੱਤੀ। ਉਸ ਦੇ ਉਪਦੇਸ਼ ਤੋਂ ਮਗਰੋਂ ਇਸ ਨੇ ਭਾਗਵਤ ਗੀਤਾ
ਲਿਖੀ। ਕਹਿੰਦੇ ਹਨ ਫਿਰ ਕੁੱਝ ਟਿਕਾਉ ਮਹਿਸੂਸ ਹੋਇਆ। ਸੱਚ ਹੈ, ਸੱਚੇ ਸਤਿਗੁਰੂ ਦੀ ਸ਼ਰਣ ਵਿੱਚ ਆਉਣ
ਤੋਂ ਬਿਨਾਂ ਮਨ ਟਿਕਾਉ ਵਿੱਚ ਨਹੀਂ ਆਵੇਗਾ। ਗੁਰੂ ਨਾਨਕ ਸਾਹਿਬ ਜੀ ਨੇ ਇਸੇ ਲਈ ਨਾਮ ਦੀ ਮਹਿਮਾ
ਗਾਈ ਹੈ, ਦੇਵੀਆਂ ਦੇਵਤਿਆਂ ਦੀ ਨਹੀਂ।