.

ਗੋਤਕਨਾਲ਼ਾ

ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਮਹਾਨਕੋਸ਼ ਅਨੁਸਾਰ, "ਗੋਤਕੁਨਾਲਾ/ਗੋਤਕੁਨਾਲੀ: ਨਵੀ ਵਿਆਹੀ ਇਸਤਰੀ ਨੂੰ ਗੋਤਰ ਵਿੱਚ ਸ਼ਾਮਲ ਕਰਨ ਲਈ, ਕੁਨਾਲੀ (ਮਿੱਟੀ ਦੀ ਥਾਲੀ) ਵਿੱਚ ਭੋਜਨ ਪਰੋਸ ਕੇ ਪਰਵਾਰ ਤੇ ਸ਼ਰੀਕੇ ਦੀਆਂ ਨੂੰਹਾਂ ਧੀਆਂ ਦੇ ਇੱਕ ਥਾਂ ਖਾਣ ਦੀ ਰੀਤਿ। 'ਇਸ ਕੋ ਭਯੋ ਨ ਗੋਤਕੁਨਾਲਾ॥ ' (ਗੁਪ੍ਰਸੂ) "
ਬਹੁਤ ਸਮਾ ਪਹਿਲਾਂ ਪੰਜਾਬ ਦੇ ਪੇਂਡੂ ਭਾਈਚਾਰੇ ਵਿੱਚ ਇਹ ਸ਼ਬਦ ਆਮ ਸੁਣਨ ਵਿੱਚ ਆਉਂਦਾ ਸੀ; ਵਰਤਦਾ ਤਾਂ ਭਾਵੇਂ ਵੇਖਣ ਦਾ ਅਵਸਰ ਨਹੀ ਮਿਲਿਆ। ਇਸਦਾ ਮਤਲਬ ਇਹ ਹੈ ਕਿ ਵਿਆਹ ਸਮੇ ਇੱਕ ਗੋਤ ਦੇ ਸਾਰੇ ਜੀ ਇਕੋ ਬਰਤਨ ਵਿੱਚ ਮਿਠਿਆਈ ਖਾ ਕੇ, ਗੋਤ ਦੇ ਇਤਫ਼ਾਕ ਦਾ ਸਬੂਤ ਦਿੰਦੇ ਹੁੰਦੇ ਸਨ। ਫੇਰ ਕਦੀ ਜਦੋਂ ਕਿਸੇ ਨੂੰ ਘੜੱਮਸ ਜਿਹੀ ਪਾਈ ਵੇਖੀਏ, ਖਾਸ ਕਰਕੇ ਖਾਣ ਵਾਲੀਆਂ ਵਸਤੂਆਂ ਦੀ, ਤਾਂ ਆਮ ਹੀ ਕੁੱਝ ਗੁੱਸੇ ਜਿਹੇ ਵਿੱਚ ਮੂਹੋਂ ਨਿਕਲ ਜਾਂਦਾ ਹੈ, "ਇਹ ਕੀ ਤੂੰ ਗੋਤਕਨਾਲਾ ਜਿਹਾ ਪਾਈ ਬੈਠਾ ਏਂ? "
ਪਰ ਅਸੀਂ ਏਥੇ ਇਸਦੇ ਵਿਸਥਾਰ ਵਿੱਚ ਨਹੀ ਜਾਣਾ ਸਗੋਂ ਅਸੀਂ ਸਿੱਖਾਂ ਦੇ ਅੰਦਰ ਆਪਣੇ ਨਾਂ ਪਿੱਛੇ ਗੋਤ ਵਰਤਣਾ ਹੈ ਜਾਂ ਨਹੀ ਵਰਤਣਾ, ਇਸ ਘੀਚਮਚੋਲੇ ਜਿਹੇ ਬਾਰੇ ਵਿਚਾਰਨਾ ਹੈ।
ਏਥੇ ਇਹ ਗੱਲ ਜ਼ਰੂਰ ਸਮਝ ਲਈਏ ਕਿ ਜਾਤ ਤੇ ਗੋਤ ਦੋ ਵੱਖੋ ਵੱਖ ਚੀਜਾਂ ਹਨ। ਅਸੀਂ ਆਮ ਕਰਕੇ ਗੋਤ ਨੂੰ ਜਾਤ ਹੀ ਸਮਝ ਲੈਂਦੇ ਹਾਂ ਇਹ ਇੱਕ ਵੱਡਾ ਭੁਲੇਖਾ ਹੈ। ਜਾਤ ਕਰਕੇ ਭਾਰਤ ਵਿੱਚ ਮਨੁਖ ਵਿਤਕਰੇ ਦਾ ਸ਼ਿਕਾਰ ਹੁੰਦਾ ਹੈ ਜਦੋਂ ਕਿ ਗੋਤ ਕਰਕੇ ਬਹੁਤਾ ਨਹੀ ਗੌਲਿਆ ਜਾਂਦਾ। ਇਕੋ ਗੋਤ ਵਾਲਿਆਂ ਦੀਆਂ ਵੱਖ ਵੱਖ ਜਾਤਾ ਹੋ ਸਕਦੀਆਂ ਹਨ; ਜਿਵੇਂ ਕਿ ਸੰਧੂ ਜੱਟ ਵੀ ਹੋ ਸਕਦਾ ਹੈ, ਰਾਮਗੜ੍ਹੀਆ ਵੀ ਤੇ ਦਲਿਤ ਵੀਰ ਵੀ। ਵੈਸੇ ਤਾਂ ਅਠਾਰਵੀਂ ਸਦੀ ਦੇ ਸਿੰਘਾਂ ਦੀ ਜੀਵਨ ਸ਼ੈਲੀ ਨੂੰ ਵੇਖਦਿਆਂ ਪ੍ਰਸਿਧ ਸਿੱਖ ਵਿਦਵਾਨ, ਗਿਆਨੀ ਗਿਆਨ ਸਿੰਘ ਨੇ ਆਪਣੇ ਗ੍ਰੰਥ 'ਪੰਥ ਪ੍ਰਕਾਸ਼' ਵਿਚ, "ਜਾਤ ਗੋਤ ਸਿੰਘਨ ਕੀ ਦੰਗਾ॥ ਦੰਗਾ ਹੀ ਇਨ ਗੁਰ ਤੇ ਮੰਗਾ॥ ਅੰਨ ਨ ਪਚੈ ਕੀਏ ਬਿਨ ਦੰਗਾ॥ " ਲਿਖ ਕੇ ਵਿਅੰਗ ਵੀ ਕੱਸਿਆ ਹੈ। ਸ਼ਾਇਦ ਏਹੀ ਕੁੱਝ ਕਾਰਨ ਹੋਵੇ ਕਿ ਤਕਰੀਬਨ ਹਰੇਕ ਦੇਸ਼ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਉਪਰ ਕਬਜੇ ਦੇ ਮਸਲੇ ਨੂੰ ਲੈ ਕੇ ਦੰਗੇ ਵਰਗੀ ਹਾਲਤ ਅਕਸਰ ਹੀ ਸਮੇ ਸਮੇ ਪੈਦਾ ਹੋ ਜਾਂਦੀ ਹੈ।
ਮੰਨੂ ਸਿਮ੍ਰਤੀ ਅਨੁਸਾਰ ਆਰੀਆ ਜਾਤੀ ਨੂੰ ਚਾਰ ਵਰਣਾਂ: ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ ਵਿੱਚ ਵੰਡਿਆ ਗਿਆ ਸੀ। ਫਿਰ ਅੱਗੋਂ ਜਾਤਾਂ ਵਿੱਚ ਵੰਡ ਹੋਈ, ਜੋ ਕਿ ਹਿੰਦੁਸਤਾਨ ਵਿੱਚ ਤਕਰੀਬਨ ਛੇ ਕੁ ਹਜਾਰ ਹਨ। ਅੱਗੋਂ ਗੋਤਾਂ ਵਿੱਚ ਵੰਡ ਹੋਈ ਜੋ ਕਿ ਸ਼ਾਇਦ ਲੱਖਾਂ ਵਿੱਚ ਹੋਵੇ। ਇਸ ਤੋਂ ਵੀ ਅੱਗੇ ਵਧ ਕੇ ਇੱਕ ਹੋਰ ਚੀਜ ਆਉਂਦੀ ਹੈ; ਜਿਸਦਾ ਨਾਂ ਹੈ 'ਅੱਲ'। ਕੁੱਝ ਵਿਆਕਤੀਆਂ ਜਾਂ ਘਰਾਣਿਆਂ ਦੀ ਕੋਈ ਨਾ ਕੋਈ ਅੱਲ ਪੈ ਜਾਂਦੀ ਹੈ ਜੋ ਕਿ ਪਿਛੋਂ ਜਾਕੇ ਇੱਕ ਗੋਤ ਹੀ ਬਣ ਜਾਂਦੀ ਹੈ। ਇੱਕ ਵਿਦਵਾਨ ਸਜਣ ਕੈਨੇਡਾ ਵਿੱਚ ਮਿਲੇ। ਉਹ ਆਪਣੇ ਨਾਂ ਦੇ ਪਿਛੇ ਤਾਤਲੇ ਲਿਖਦੇ ਸਨ ਪਰ ਆਪਣਾ ਪਰਵਾਰਕ ਸਬੰਧ ਇੱਕ ਇਤਿਹਾਸ ਪ੍ਰਸਿਧ ਸਿੱਖ, ਝਬਾਲ ਦੇ ਚੌਧਰੀ ਲੰਗਾਹ, ਨਾਲ ਜੋੜਦੇ ਸਨ। ਜਦੋਂ ਮੈ ਆਖਿਆ ਕਿ ਉਹਨਾਂ ਦੀ ਗੋਤ ਤਾਂ ਢਿੱਲੋਂ ਸੀ। ਜਵਾਬ ਵਿੱਚ ਉਹਨਾਂ ਨੇ ਜਾਣਕਾਰੀ ਦਿਤੀ ਕਿ ਚੌਧਰੀ ਲੰਗਾਹ ਦੇ ਖ਼ਾਨਦਾਨ ਵਿੱਚ ਇੱਕ ਵਿਅਕਤੀ ਥਥਲਾ ਕੇ ਬੋਲਦੇ ਸਨ। ਉਹ ਸਾਡੇ ਬਜ਼ੁਰਗ ਸਨ। ਉਸਦੀ ਸਾਰੀ ਸੰਤਾਨ ਦੀ ਅੱਲ ਹੀ ਥਥਲੇ ਪੈ ਗਈ, ਜੋ ਕਿ ਅੰਗ੍ਰੇਜ਼ੀ ਵਿੱਚ ਲਿਖਣ ਕਰਕੇ 'ਤਾਤਲੇ' ਬਣ ਗਈ। ਹੁਣ ਉਹ ਸਾਰੇ ਵਿਅਕਤੀ ਆਪਣੇ ਫੈਮਲੀ ਨੇਮ ਵਜੋਂ ਤਾਤਲੇ ਹੀ ਲਿਖਣ ਲੱਗ ਪਏ ਹਨ।
ਏਸੇ ਤਰ੍ਹਾਂ ਪੂਰਬੀ ਪੰਜਾਬ ਦੀਆਂ ਸਿੱਖ ਰਿਆਸਤਾਂ ਦੇ ਪਰਵਾਰਾਂ ਦਾ ਆਰੰਭ ਤਾਂ ਜੈਸਲਮੇਰ (ਰਾਜਸਥਾਨ) ਦੇ ਭੱਟੀ ਰਾਜਪੂਤਾਂ ਤੋਂ ਚੱਲਿਆ। ਫੇਰ ਇਸ ਗੋਤ ਵਿੱਚ ਇੱਕ ਪ੍ਰਸਿਧ ਵਿਅਕਤੀ ਸਿਧੂ ਹੋਇਆ ਤੇ ਉਸ ਤੋਂ ਅੱਗੇ ਏਸੇ ਨਾਂ ਦਾ ਗੋਤ ਚਲ ਪਿਆ। ਫੇਰ ਸਿਧੂਆਂ ਚੋਂ 'ਬਰਾੜ' ਦੇ ਨਾਂ ਤੇ ਗੋਤ ਚੱਲ ਪਿਆ। ਫੇਰ ਛੇਵੇਂ ਪਾਤਿਸ਼ਾਹ ਸਮੇ ਬਾਬਾ ਫੂਲ ਤੋਂ ਏਸੇ ਨਾਂ ਦਾ ਗੋਤ ਚੱਲ ਪਿਆ ਤੇ ਅਠਾਰਵੀਂ ਸਦੀ ਦੌਰਾਨ ਸਿੱਖਾਂ ਦੀਆਂ ਬਾਰਾਂ ਮਿਸਲਾਂ ਵਿਚੋਂ ਇੱਕ ਮਿਸਲ ਦਾ ਨਾਂ 'ਫੂਲਕੀਆਂ ਮਿਸਲ' ਵੀ ਪ੍ਰਸਿਧ ਹੋਈ। ਹੁਣ ਕਈ ਸੱਜਣ ਆਪਣੇ ਨਾਂ ਪਿਛੇ 'ਫੂਲਕਾ' ਲਿਖਦੇ ਹਨ।
ਆਮ ਤੌਰ ਤੇ ਆਖਿਆ ਤੇ ਸਮਝਿਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ ਨੂੰ ਜਾਤ ਪਾਤ ਤੋਂ ਉਪਰ ਉਠ ਕੇ ਸੰਸਾਰ ਵਿੱਚ ਕੇਵਲ ਤੇ ਕੇਵਲ ਗੁਰੂ ਕੇ ਸਿੱਖ ਦੇ ਰੂਪ ਵਿੱਚ ਹੀ ਵਿਚਰਨਾ ਚਾਹੀਦਾ ਹੈ ਤੇ ਜਾਤ ਗੋਤ ਦਾ ਵਖੇਵਾਂ ਦੱਸਣ ਵਾਲੇ ਕਿਸੇ ਸ਼ਬਦ ਨੂੰ ਨਹੀ ਵਰਤਣਾ ਚਾਹੀਦਾ। ਇਸ ਵਿਚਾਰ ਨਾਲ ਅਸਹਿਮਤ ਹੋਣ ਲਈ ਕੋਈ ਕਾਰਨ ਨਹੀ ਲਭਦਾ। ਅਜਿਹੇ ਆਦੇਸ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਵੱਲੋਂ ਵੀ ਸਮੇ ਸਮੇ ਦਿਤੇ ਜਾਂਦੇ ਰਹੇ ਹਨ, ਪਰ ਝੰਮੇਲਿਆਂ ਤੋਂ ਬਚਣ ਲਈ ਇਸ ਸਮਾਜ ਵਿੱਚ ਆਪਣੇ ਨਾਂ ਨਾਲ ਗੋਤ ਦਾ ਨਾਂ ਵਰਤਣ ਦਾ ਮਤਲਬ ਹਰਗਿਜ਼ ਇਹ ਨਹੀ ਹੋ ਸਕਦਾ ਕਿ ਅਜਿਹਾ ਕਰਨ ਵਾਲਾ ਸਿੱਖ ਆਪਣੀ ਜਾਤ ਦਾ ਗਰਬ ਕਰਦਾ ਹੈ।
ਜਦੋਂ ਅਸੀਂ ਆਪਣੇ ਦੇਸ਼ ਪੰਜਾਬ ਦੇ ਦਾਇਰੇ ਅੰਦਰ ਹੀ ਵਿਚਰਦੇ ਹਾਂ ਤਾਂ ਆਪਣਾ ਉਪਨਾਮ, ਪਰਵਾਰਕ ਨਾਂ, ਗੋਤ, ਤਖੱਲਸ ਆਦਿ ਵਰਤਣ ਦੀ ਸਾਨੂੰ ਕੋਈ ਮਜਬੂਰੀ ਨਹੀ ਹੁੰਦੀ ਕਿਉਂਕਿ ਓਥੇ ਅਸੀਂ ਆਪਣੇ ਪਹਿਲੇ ਤੇ ਅਸਲੀ ਨਾਂ ਨਾਲ ਹੀ ਜਾਣੇ ਜਾਂਦੇ ਹਾਂ। ਸਰਕਾਰੀ ਕਾਗਜ਼ਾਂ ਵਿੱਚ ਵੀ ਫਲਾਣਾ ਸਿੰਘ ਵਲਦ ਫਲਾਣਾ ਸਿੰਘ ਤੇ ਫਲਾਣੀ ਕੌਰ ਪੁੱਤਰੀ/ਪਤਨੀ ਫਲਾਣਾ ਸਿੰਘ ਲਿਖਿਆ ਜਾਣ ਦਾ ਰਿਵਾਜ਼ ਹੈ; ਪਰ ਜਦੋਂ ਅਸੀਂ ਪੱਛਮੀ ਸੋਸਾਇਟੀ ਵਿੱਚ ਆਉਂਦੇ ਹਾਂ ਤਾਂ ਸਾਡੇ ਲਈ 'ਫੈਮਲੀ ਨੇਮ' ਦਾ ਝਮੇਲਾ ਇੱਕ ਸਮੱਸਿਆ ਦਾ ਰੂਪ ਧਾਰ ਲੈਂਦਾ ਹੈ। ਏਥੇ ਕਿਸੇ ਨੂੰ ਪੂਰੇ ਨਾਂ ਜਾਂ ਪਿਉ ਦੇ ਨਾਂ ਤੋਂ ਨਹੀ ਬਲਕਿ ਉਸਦੇ ਪਰਵਾਰਕ ਨਾਂ ਤੋਂ ਹੀ ਜਾਣਿਆ ਜਾਂਦਾ ਹੈ; ਮਿਸਾਲ ਵਜੋਂ ਮਿਸਟਰ ਫਲਾਣਾ ਤੇ ਮਿਸਜ਼ ਫਲਾਣੀ।
ਕਿਉਂਕਿ ਪੰਜਾਬ ਵਿੱਚ ਰਹਿੰਦਿਆਂ ਅਜਿਹੀ ਕਦੀ ਸੋਚ ਹੀ ਨਹੀ ਆਉਂਦੀ ਤੇ ਸਾਡੇ ਸਾਰੇ ਕਾਗਜ਼ਾਂ, ਪਾਸਪੋਰਟਾਂ ਆਦਿ ਉਪਰ ਫਲਾਣਾ ਸਿੰਘ ਪੁੱਤਰ ਫਲਾਣਾ ਸਿੰਘ ਤੇ ਫਲਾਣੀ ਕੌਰ ਪੁੱਤਰੀ/ਪਤਨੀ ਫਲਾਣਾ ਸਿੰਘ ਹੀ ਲਿਖਿਆ ਹੁੰਦਾ ਹੈ। ਏਥੇ ਪੱਛਮੀ ਸਮਾਜ ਵਿੱਚ ਆਣ ਕੇ ਅਜੀਬ ਰੋਲਘਚੋਲਾ ਜਿਹਾ ਪੈ ਜਾਂਦਾ ਹੈ। ਅਸੀਂ ਸਾਰੇ ਮਿਸਟਰ ਸਿੰਘ ਬਣ ਜਾਂਦੇ ਹਾਂ ਤੇ ਸਾਡੀਆਂ ਵਹੁਟੀਆਂ ਮਿਸਜ਼ ਕੌਰ ਬਣ ਜਾਂਦੀਆਂ ਹਨ। ਫੇਰ ਅਸੀਂ ਇਹਨਾਂ ਦੇ ਨਾਲ ਮਿਲਣ ਲਈ ਆਪਣੀਆਂ ਵਹੁਟੀਆਂ ਨੂੰ ਮਿਸਜ਼ ਸਿੰਘ ਬਣਾਉਣ ਦੇ ਰਾਹ ਤੁਰਦੇ ਹਾਂ। ਸਾਡੀਆਂ ਰਵਾਇਤਾਂ ਤੋਂ ਅਣਜਾਣ ਗੋਰੇ ਲੋਕ ਗ਼ਲਤੀ ਨਾਲ ਕਈ ਵਾਰੀ ਸਾਨੂੰ ਵੀ 'ਮਿਸਟਰ ਕੌਰ' ਬਣਾ ਧਰਦੇ ਹਨ। ਆਏ ਦਿਨ ਥਾਂ ਥਾਂ ਸਾਨੂੰ ਸਪੱਸ਼ਟੀਕਰਣ ਦੇਣੇ ਪੈਂਦੇ ਹਨ।
ਪਹਿਲੀ ਵਾਰ ਇਸ ਸਮੱਸਿਆ ਨਾਲ ਮੈਨੂੰ ਓਦੋਂ ਦੋ ਚਾਰ ਹੋਣਾ ਪਿਆ ਜਦੋਂ, ੧੯੭੩ ਵਿੱਚ ਮੈ ਦੇਸੋਂ ਨਿਕਲ ਕੇ ਮਲਾਵੀ ਮੁਲਕ ਵਿੱਚ ਗਿਆ। ਓਥੇ ਭਾਵੇਂ ਅਸੀਂ ਬੜੇ ਹੀ ਥੋਹੜੇ ਸਿੱਖ ਸਾਂ ਪਰ ਫਿਰ ਵੀ ਇਕੋ ਨਿਕੇ ਜਿਹੇ ਟਾਊਨ ਲਿੰਬੀ ਵਿੱਚ ਅਸੀਂ ਅੱਠ ਐਸ. ਸਿੰਘ ਬਣ ਗਏ ਜਿਨ੍ਹਾਂ ਵਿਚੋਂ ਤਿੰਨ ਤਾਂ ਸਿਧੇ ਹੀ ਸੰਤੋਖ ਸਿੰਘ ਸਨ। ਇੱਕ ਦਾ ਚੈਕ ਦੂਜੇ ਦੇ ਅਕਾਊਂਟ ਵਿੱਚ ਤੇ ਦੂਜੇ ਦਾ ਤੀਜੇ ਦੇ ਵਿਚ। ਇੱਕ ਦੀ ਚਿੱਠੀ ਦੂਜੇ ਦੇ ਪੋਸਟ ਬਾਕਸ ਵਿੱਚ ਤੇ ਦੂਜੇ ਦੀ ਤੀਜੇ ਦੇ ਵਿਚ। ਮੈ ਇਸ ਝਗੜੇ ਤੋਂ ਬਚਣ ਲਈ ਆਪਣੇ ਨਾਂ ਅੱਗੇ ਗਿਆਨੀ ਲਿਖਣਾ ਤੇ ਲਿਖਵਾਉਣਾ ਸ਼ੁਰੂ ਕਰ ਦਿਤਾ। ਪਤਾ ਓਦੋਂ ਲੱਗਾ ਕਿ ਇਸਦਾ ਕੀ ਪੁਆੜਾ ਪਵੇਗਾ ਜਦੋਂ ਮੇਰੇ ਵੱਡੇ ਲੜਕੇ ਦੀ ਪੈਦਾਇਸ਼ ਸਮੇ ਉਸਦੀ ਮਾਂ ਨੂੰ ਹਸਪਤਾਲ ਦਾਖਲ ਕਰਵਾਇਆ। ਓਸੇ ਸਮੇ ਹੀ ਇੱਕ ਹੋਰ ਸੰਤੋਖ ਸਿੰਘ ਦੀ ਪਤਨੀ ਵੀ ਏਸੇ ਸਿਰਜਣਾ ਦੇ ਕਾਰਜ ਵਾਸਤੇ ਹੀ ਓਸੇ ਹਸਪਤਾਲ ਵਿੱਚ ਦਾਖਲ ਹੋਈ ਸੀ। ਬੱਚਿਆਂ ਦੇ ਬਦਲ ਜਾਣ ਦੇ ਡਰੋਂ, ਮੈ ਉਚੇਚਾ ਧਿਆਨ ਦੇ ਕੇ ਆਪਣੇ ਨਾਂ ਅੱਗੇ ਗਿਆਨੀ ਲਿਖਵਾਇਆ। ਜਦੋਂ ਪੁੱਤਰ ਦਾ ਸਰਟੀਫੀਕੇਟ ਲੈਣ ਗਿਆ ਤਾਂ ਹਸਪਤਾਲ ਵਾਲਾ ਕਲਰਕ ਮੁੰਡੇ ਦੇ ਨਾਂ ਅਗੇ ਵੀ ਗਿਆਨੀ ਲਿਖਣ ਲਈ ਜਿਦ ਕਰੇ। ਬੜਾ ਹੀ ਯਤਨ ਕੀਤਾ ਉਸਨੂੰ ਸਮਝਾਉਣ ਦਾ ਕਿ ਇਹ ਸਾਡਾ ਫੈਮਲੀ ਨੇਮ ਨਹੀ ਬਲਕਿ ਡਿਗਰੀ ਹੈ, ਪਰ ਉਹ ਟੱਸ ਤੋਂ ਮੱਸ ਨਾ ਹੋਵੇ ਤੇ ਆਖੇ ਕਿ ਜਦੋਂ ਪਿਉ ਗਿਆਨੀ ਹੈ ਤਾਂ ਪੁੱਤ ਕਿਉਂ ਨਹੀ ਗਿਆਨੀ! ਅਖੀਰ ਇੱਕ ਹੋਰ ਸਾਥੀ ਅਫ਼ਸਰ ਵੱਲੋਂ ਇਹ ਆਖ ਕੇ ਕਿ ਚੀਨਿਆਂ ਦਾ ਵੀ ਕੁੱਝ ਏਹੋ ਜੇਹਾ ਹੀ ਘਾਲਾ ਮਾਲਾ ਜਿਹਾ ਹੁੰਦਾ ਹੈ। ਚਲ ਤੂੰ ਕੱਟ ਦੇ ਪਰਚਾ ਬਿਨਾ ਗਿਆਨੀ ਲਿਖੇ ਦੇ ਹੀ। ਇਸ ਤਰ੍ਹਾਂ ਸਾਡੀ ਇਸ ਸਮੱਸਿਆ ਦਾ ਸਮਾਧਾਨ ਉਸ ਸਮੇ ਹੋ ਗਿਆ। ਮੇਰੇ ਨਾਲ ਗਏ ਸੱਜਣ ਨੇ ਕਿਹਾ, "ਮੈਨੂੰ ਇਸ ਸਮੇ ਸਮੇ ਪੈਣ ਵਾਲੇ ਝਮੇਲੇ ਦਾ ਪਤਾ ਸੀ ਤੇ ਏਸੇ ਕਰਕੇ ਮੈ ਆਪਣੇ ਨਾਂ ਨਾਲ ਮੈਟ੍ਰਿਕ ਦੇ ਸਰਟੀਫ਼ੀਕੇਟ ਤੇ ਹੀ ਪੂਰਨ ਸਿੰਘ ਦੇ ਨਾਲ ਸਿਧੂ ਵੀ ਲਿਖਵਾ ਲਿਆ ਸੀ, ਭਾਵੇਂ ਕਿ ਮੇਰੇ ਪਿੰਡ ਦਾ ਪ੍ਰਸਿਧ ਅਕਾਲੀ ਆਗੂ, ਜ. ਮੱਲ ਸਿੰਘ ਚੜਿੱਕ, ਮੈਨੂੰ ਇਸ ਬਾਰੇ ਟਾਂਚਾਂ ਜਿਹੀਆਂ ਵੀ ਕਰਿਆ ਕਰਦਾ ਸੀ। "
ਇਸ ਮਸਲੇ ਬਾਰੇ ਮੈ ਪਹਿਲਾਂ ਏਨਾ ਜਿਦੀ ਸਾਂ ਕਿ ਜਦੋਂ ਏਥੇ ਆਸਟ੍ਰੇਲੀਆ ੧੯੮੧ ਵਿੱਚ ਮੇਰਾ ਪਰਵਾਰ ਆਇਆ ਤਾਂ ਹਮਦਰਦੀ ਤੇ ਸਹਾਇਤਾ ਵਜੋਂ ਇੱਕ ਵਕੀਲਣੀ ਅੰਗ੍ਰੇਜ਼ ਬੀਬੀ ਨੇ ਸਾਡੇ ਬੱਚਿਆਂ ਨੂੰ ਪਹਿਲੇ ਦਿਨ ਸਕੂਲ ਤੋਰਨ ਸਮੇ ਮੇਰੀ ਬੱਚੀ ਦੇ ਬਸਤੇ ਆਦਿ ਉਤੇ 'ਰਵੀਨ ਸਿੰਘ' ਲਿਖ ਦਿਤਾ, ਜਿਸਦਾ ਮੈ ਇਤਰਾਜ਼ ਕੀਤਾ, "ਕੌਰ ਦੇ ਥਾਂ ਸਿੰਘ ਕਿਉਂ? " ਤਾਂ ਉਸਨੇ ਕਿਹਾ, "ਮੈਨੂੰ ਪਤਾ ਹੈ ਤੁਹਾਡਾ ਫੈਮਲੀ ਨੇਮ ਹੁੰਦਾ ਹੈ। ਪੰਝੀ ਡਾਲਰ ਫੀਸ ਲੱਗਦੀ ਹੈ ਜੋ ਕਿ ਮੈ ਆਪਣੇ ਕੋਲੋਂ ਪੇ ਕਰ ਦਿਆਗੀ ਤੁਸੀਂ ਆਪਣੇ ਨਾਂ ਨਾਲ ਡੀਡ ਪੋਲ ਰਾਹੀਂ ਆਪਣਾ ਫੈਮਲੀ ਨੇਮ ਲਿਖਵਾ ਲਵੋ। ਇਸ ਨਾਲ ਥਾਂ ਥਾਂ ਪੈਣ ਵਾਲੀਆਂ ਗ਼ਲਤਫ਼ਹਿਮੀਆਂ ਦੂਰ ਹੋ ਜਾਣਗੀਆਂ।" ਪ੍ਰੋਫ਼ੈਸ਼ਨ ਵਜੋਂ ਇੱਕ ਪ੍ਰਸਿਧ ਵਕੀਲ ਹੋਣ ਕਰਕੇ ਉੇਹ ਇਹ ਸਾਰਾ ਕੁੱਝ ਜਾਣਦੀ ਸੀ। ਮੈ ਗੁੱਸੇ ਵਿੱਚ ਜਵਾਬ ਦਿਤਾ, "ਮੈ ਆਸਟ੍ਰੇਲੀਆ ਛੱਡ ਜਾਵਾਂਗਾ ਪਰ 'ਸੰਤੋਖ ਸਿੰਘ' ਤੋਂ 'ਮਿਸਟਰ ਪੈਡਾ' ਨਹੀ ਬਣਾਂਗਾ। ਮੇਰੇ ਪਰਵਾਰ ਨੇ ਮੇਰਾ ਨਾਂ 'ਸੰਤੋਖ' ਰੱਖਿਆ ਹੈ ਤੇ ਮੇਰੇ ਗੁਰੂ ਨੇ ਮੈਨੂੰ 'ਸਿੰਘ' ਨਾਂ ਬਖ਼ਸ਼ਿਆ ਹੈ। ਮੈ ਇਹਨਾਂ ਨੂੰ ਤਿਆਗ ਕੇ 'ਮਿਸਟਰ ਪੈਡਾ' ਬਣ ਕੇ ਆਪਣੇ ਪਰਵਾਰ ਤੇ ਗੁਰੂ ਨੂੰ ਬੇਦਾਵਾ ਨਹੀ ਦੇ ਸਕਦਾ। "
ਇਸ ਸਮਾਜ ਵਿੱਚ ਥਾਂ ਥਾਂ ਵਿਆਖਿਆ ਕਰਕੇ ਇਹ ਦੱਸਣਾ ਪੈਂਦਾ ਰਿਹਾ ਕਿ ਮੇਰੀ ਵਹੁਟੀ ਕੌਰ ਕਿਉਂ ਹੈ ਤੇ ਮੈ ਸਿੰਘ ਕਿਉਂ ਹਾਂ। ਫੇਰ ਇਹ ਵੀ ਕਈਆਂ ਨੇ ਪੁਛਣਾ ਕਿ ਹਰੇਕ ਫੀਮੇਲ ਦੇ ਤਿੰਨ ਨਾਂ ਕਿਉਂ ਤੇ ਹਰੇਕ ਮੇਲ ਦੇ ਦੋ ਨਾਂ ਕਿਉਂ, ਦੇ ਜਵਾਬ ਵੀ ਹਰੇਕ ਸਮੇ ਦੇਣੇ ਪੈਂਦੇ ਰਹੇ।
ਕੁਝ ਸਾਲ ਹੋਏ ਏਥੇ ਮੇਰੇ ਪਾਸ ਲੰਡਨ ਤੋਂ ਗਿਆਨੀ ਪ੍ਰੀਤਮ ਸਿੰਘ ਜੀ ਆਏ। ਉਹ ਸੰਤ ਬਾਬਾ ਗੁਰਬਚਨ ਸਿੰਘ ਜੀ ਹੋਰਾਂ ਦੇ ਨਾ ਕੇਵਲ ਵਿਦਿਆਥੀ ਹੀ ਸਨ ਬਲਕਿ ਉਹਨਾਂ ਦੇ ਲਿਖਾਰੀ ਵੀ ਰਹੇ ਤੇ ਬਹੁਤ ਹੀ ਮਹੱਤਵਪੂਰਨ ਗੁਰੂ ਘਰਾਂ ਵਿੱਚ ਮੁਖ ਗ੍ਰੰਥੀ ਦੀ ਸੇਵਾ ਵੀ ਕਰਦੇ ਰਹੇ। ਹਵਾਈ ਅੱਡੇ ਤੇ ਉਹਨਾਂ ਨੂੰ ਤੋਰਨ ਸਮੇ ਉਹਨਾਂ ਦੇ ਪਾਸਪੋਰਟ ਤੇ ਨਿਗਾਹ ਪਈ ਤਾਂ ਕੀ ਵੇਖਿਆ! ਨਾਂ ਅੱਗੇ ਕੰਗ ਲਿਖਿਆ ਹੋਇਆ। ਹੈਰਾਨੀ ਨਾਲ ਪੁੱਛਿਆ, "ਗਿਆਨੀ ਜੀ ਇਹ ਕਿਉਂ? " ਤਾਂ ਜਵਾਬ ਮਿਲਿਆ, "ਭੰਬਲਭੂਸਿਆਂ ਤੋਂ ਬਚਣ ਲਈ ਇਹ ਲਿਖਵਾ ਲਿਆ ਹੈ। " ੧੯੯੬ ਵਿੱਚ ਜਦੋਂ ਵੈਨਕੂਵਰ ਗਿਆ ਤਾਂ ਇੱਕ ਪੁਰਾਣੇ ਧਾਰਮਿਕ ਵਿਦਵਾਨ ਸੱਜਣ ਨੇ ਜਦੋਂ ਆਪਣਾ ਸਿਰਨਾਵਾਂ ਲਿਖ ਕੇ ਦਿਤਾ ਤਾਂ ਹੈਰਾਨੀ ਹੋਈ ਵੇਖ ਕੇ; ਲਿਖਿਆ ਸੀ, 'ਡੀ. ਐਸ. ਥਿੰਦ' ਇਹ ਕੀ? ਤੁਸੀਂ 'ਗਿਆਨੀ ਦਰਸ਼ਨ ਸਿੰਘ ਸ਼ਹੀਦ ਜੀ' ਤੋਂ ਇਹ ਨਵਾਂ 'ਅਵਤਾਰ' ਕਦੋਂ ਧਾਰ ਲਿਆ? "ਏਥੇ ਦਾ ਕਾਨੂੰਨ ਹੈ ਕਿ ਆਪਣੇ ਨਾਂ ਨਾਲ ਫੈਮਲੀ ਦਾ ਨਾਂ ਜ਼ਰੂਰ ਲਿਖਣਾ ਹੈ। " ਜਵਾਬ ਪ੍ਰਾਪਤ ਭਇਆ। ੧੯੭੮ ਦੀ ਵੈਨਕੂਵਰ ਯਾਤਰਾ ਦੌਰਾਨ, ਇੱਕ ਬਹੁਤ ਹੀ ਸੁਹਿਰਦ ਸੱਜਣ, ਗਿਆਨੀ ਗੁਰਮੁਖ ਸਿੰਘ ਦੀਵਾਨਾ ਜੀ, ਨਾਲ ਸੰਪਰਕ ਹੋਇਆ ਸੀ। ੧੯੯੬ ਵਾਲੀ ਕੈਨੇਡਾ ਫੇਰੀ ਸਮੇ ਉਹਨਾਂ ਨੇ ਵੀ ਜਦੋਂ ਮੈਨੂੰ ਆਪਣਾ ਕਾਰਡ ਦਿਤਾ ਤਾਂ ਉਸ ਉਤੇ 'ਗਿਆਨੀ ਗੁਰਮੁਖ ਸਿੰਘ ਦੀਵਾਨਾ ਢਿੱਲੋਂ' ਲਿਖਿਆ ਪੜ੍ਹਿਆ। ਇਸ ਨਾਂ ਬਦਲੀ ਦੇ ਪੁੱਛਣ ਦੀ ਮੈ ਲੋੜ ਹੀ ਨਾ ਸਮਝੀ।
੧੯੯੮ ਦੇ ਅਖ਼ੀਰਲੇ ਮਹੀਨਿਆਂ ਵਿੱਚ ਜਦੋਂ ਅਸੀਂ ਸਾਰਾ ਪਰਵਾਰ ਦੇਸ ਵੱਡੇ ਮੁੰਡੇ ਨੂੰ ਵਿਆਹੁਣ ਜਾਣ ਦੀਆਂ ਤਿਆਰੀਆਂ ਵਿੱਚ ਸਾਂ ਤਾਂ ਇੱਕ ਦਿਨ ਉਸਨੇ ਕਹਿ ਦਿਤਾ ਕਿ ਵਿਆਹ ਤੋਂ ਪਹਿਲਾਂ ਉਹ ਆਪਣੇ ਨਾਂ ਨਾਲ ਗੋਤ ਵੀ ਐਡ ਕਰਵਾਏਗਾ। ਮਨ ਤਾਂ ਮੇਰਾ ਪਹਿਲਾਂ ਹੀ ਨਿਤ ਦਿਨ ਦੀਆਂ ਝਮੇਲੀਆਂ ਜਿਹੀਆਂ ਕਰਕੇ ਅਧਾ ਕੁ ਬਣਿਆ ਹੋਇਆ ਸੀ; ਸੋ ਸਾਰੇ ਪਰਵਾਰ ਨੇ ਫੈਸਲਾ ਕਰ ਲਿਆ ਕਿ ਪਿਉ ਮਿ. ਸਿੰਘ, ਮਾਂ ਮਿਸਜ਼ ਕੌਰ ਤੇ ਪੁੱਤ ਮਿ. ਪੱਡਾ ਬਣਕੇ ਘਰ ਵਿੱਚ ਹੀ ਮਿਨੀ ਯੂ. ਐਨ. ਜਿਹੀ ਬਣਾਉਣ ਨਾਲੋਂ ਏਹੀ ਚੰਗਾ ਹੈ ਕਿ ਸਾਰੇ ਜਣੇ ਹੀ ਆਪਣੇ ਨਾਂਵਾਂ ਨਾਲ ਫੈਮਲੀ ਨਾਂ ਸ਼ਾਮਲ ਕਰ ਲਈਏ। "ਆਖ ਦੇ ਬੁਢੇ ਨੂੰ ਬਾਬਾ ਤੇ ਨਿਤ ਦਾ ਕਲੇਸ ਮੁੱਕ ਜਾਏ। " ਵਾਲੀ ਲੋਕ ਬੋਲੀ ਤੇ ਅਮਲ ਕਰਦਿਆਂ ਹੋਇਆਂ, ਵਾਹਵਾ ਖ਼ਰਚ, ਖੇਚਲ ਤੇ ਥਾਂ ਥਾਂ ਫਿਰ ਕੇ ਅਸੀਂ ਸਾਰੇ ਪਰਵਾਰਕ ਮੈਬਰਾਂ ਦੇ ਨਾਂਵਾਂ ਨਾਲ ਆਪਣੀ ਗੋਤ ਵੀ ਸ਼ਾਮਲ ਕਰਵਾ ਲਈ।
ਫਿਰ ਹਾਲਤ ਅਜਿਹੀ ਬਣ ਗਈ ਕਿ ਏਨੇ ਸਾਲ ਬੀਤ ਜਾਣ ਪਿਛੋਂ ਵੀ ਜਦੋਂ ਕਿਸੇ ਬੈਂਕ, ਦਫ਼ਤਰ ਆਦਿ ਦਾ ਕੋਈ ਕਰਮਚਾਰੀ 'ਮਿ. ਪਾਦਾ' ਕਹਿਕੇ ਅਵਾਜ਼ ਮਾਰੇ ਤਾਂ ਇੱਕ ਦੋ ਵਾਰ ਤਾਂ ਸਮਝ ਹੀ ਨਹੀ ਆਉਂਦੀ ਕਿ ਮੈਨੂੰ ਬੁਲਾਇਆ ਜਾ ਰਿਹਾ ਹੈ ਕਿਉਂਕਿ ਕੰਨ ਦਹਾਕਿਆਂ ਤੋਂ 'ਮਿ. ਸਿੰਘ' ਸੁਣਨ ਦੇ ਆਦੀ ਹੋਏ ਹੋਏ ਹਨ। ਫੇਰ ਪੰਜਾਬ ਵਿੱਚ ਬਣ ਚੁੱਕੇ ਰਿਵਾਜ਼ ਅਨੁਸਾਰ ਕੋਈ ਵਾਕਫ਼ ਜਾਂ ਨਵਾਂ ਰਿਸ਼ਤੇਦਾਰ ਜਾਂ ਈ-ਮੇਲ ਵਿਚ, ਮਜਬੂਰੀ ਵੱਸ ਪਾਏ ਗਏ ਨਾਂ ਕਰਕੇ, ਈ-ਮੇਲ ਦੁਆਰਾ 'ਪੱਡਾ ਸਾਹਿਬ' ਕਹਿ ਕੇ ਸੰਬੋਧਨ ਕਰਦਾ ਹੈ ਤਾਂ ਬੜਾ ਅਜੀਬ ਜਿਹਾ ਲੱਗਦਾ ਹੈ। ਏਸੇ ਲਈ ਮੈ ਨਵੇ ਈ-ਐਡ੍ਰੈਸ ਵਿੱਚ ਆਪਣੇ ਨਾਂ ਤੋਂ ਪਹਿਲਾਂ 'ਗਿਆਨੀ' ਸ਼ਾਮਲ ਕਰ ਲਿਆ ਹੈ।
ਰਹੀ ਗੱਲ ਸਮੇ ਸਮੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਥੇਦਾਰ ਸਾਹਿਬਾਨ ਵੱਲੋਂ ਜਾਰੀ ਕੀਤੇ ਜਾਂਦੇ ਇਸ ਫੁਰਮਾਨ ਦੀ ਕਿ ਆਪਣੇ ਨਾਂ ਨਾਲ ਜਾਤ ਗੋਤ ਨਾ ਲਿਖੋ, ਤਖ਼ਤ ਦੇ ਜਥੇਦਾਰਾਂ ਦੇ ਆਪਣੇ ਨਾਂ ਵੀ, ਜੋ ਕਿ ਕੁੱਝ ਕੁ ਇਸ ਸਮੇ ਮੇਰੀ ਯਾਦ ਵਿੱਚ ਆ ਸਕੇ ਹਨ, ਤੁਸੀਂ ਵੀ ਪੜ੍ਹ ਲਵੋ:
ਜ. ਫੂਲਾ ਸਿੰਘ ਅਕਾਲੀ, ਜ. ਤੇਜਾ ਸਿੰਘ ਭੁੱਚਰ, ਜ. ਤੇਜਾ ਸਿੰਘ ਅਕਰਪੁਰੀ, ਸੰਤ ਬਾਬਾ ਵਿਸਾਖਾ ਸਿੰਘ ਦਦੇਹਰ, ਜ. ਊਧਮ ਸਿੰਘ ਨਾਗੋਕੇ, ਜ. ਮੋਹਨ ਸਿੰਘ ਨਾਗੋਕੇ, ਜ. ਮੋਹਨ ਸਿੰਘ ਤੁੜ, ਜ. ਸਾਧੂ ਸਿੰਘ ਭੌਰਾ, ਗਿ. ਗੁਰਮੁਖ ਸਿੰਘ ਮੁਸਾਫ਼ਰ, ਜ. ਗੁਰਦਿਆਲ ਸਿੰਘ ਅਜਨੋਹਾ, ਭਾਈ ਜਸਬੀਰ ਸਿੰਘ ਰੋਡੇ, ਭਾਈ ਗੁਰਦੇਵ ਸਿੰਘ ਕਾਉਂਕੇ, ਪ੍ਰੋ. ਦਰਸ਼ਨ ਸਿੰਘ ਖ਼ਾਲਸਾ, ਗਿ. ਜੋਗਿੰਦਰ ਸਿੰਘ ਵੇਦਾਂਤੀ ਆਦਿ।
ਬਹੁਤੇ ਵਿਦਵਾਨ ਜਥੇਦਾਰ ਸਾਹਿਬਾਨ ਨੂੰ ਆਪਣੇ ਨਾਂ ਪਿਛੇ, ਆਪਣੀ ਪਛਾਣ ਕਰਵਾਉਣ ਵਾਸਤੇ, ਕੁੱਝ ਨਾ ਕੁੱਝ ਲਾਉਣ ਦੀ ਲੋੜ ਪੈਂਦੀ ਹੈ ਜਦੋਂ ਕਿ ਓਥੇ ਸਾਡੇ ਏਥੋਂ ਵਾਲੀ ਕਾਨੂੰਨੀ ਮਜਬੂਰੀ ਵੀ ਨਹੀ ਹੈ। ਇਹਨਾਂ ਤੋਂ ਇਲਾਵਾ ਬਾਕੀ ਦੇ ਜਥੇਦਾਰ ਸਾਹਿਬਾਨ: ਗਿ. ਪਰਤਾਪ ਸਿੰਘ ਜੀ, ਜ. ਅੱਛਰ ਸਿੰਘ ਜੀ, ਗਿ. ਚੇਤ ਸਿੰਘ ਜੀ, ਗਿ. ਕ੍ਰਿਪਾਲ ਸਿੰਘ ਜੀ, ਭਾਈ ਰਣਜੀਤ ਸਿੰਘ ਜੀ ਤੇ ਗਿ. ਪੂਰਨ ਸਿੰਘ ਜੀ ਆਪਣੇ ਨਾਂ ਦੇ ਅਖੀਰ ਵਿੱਚ ਕੁੱਝ ਵਰਤਿਆਂ ਬਿਨਾ ਹੀ ਡੰਗ ਸਾਰ ਲੈਂਦੇ ਸਨ ਪਰ ਆਨੀ ਬਹਾਨੀ ਕਦੀ ਕਦਾਈਂ ਇਹ ਪਤਾ ਲਗਾ ਹੀ ਦਿਤਾ ਜਾਂਦਾ ਸੀ ਕਿ ਗਿ. ਕ੍ਰਿਪਾਲ ਸਿੰਘ ਜੀ ਬਰਾੜ ਹਨ।
ਇਸ ਤੋਂ ਇਲਾਵਾ ਅੱਜ ਕਲ੍ਹ 'ਵਾਲੇ' ਲਿਖਣ ਦਾ, ਕੁੱਝ ਕੁ ਦਹਾਕਿਆਂ ਤੋਂ ਵਾਹਵਾ ਹੀ ਰਿਵਾਜ਼ ਚੱਲ ਨਿਕਲਿਆ ਹੈ ਜਿਸਦਾ ਮਕਸਦ, ਮੇਰੇ ਖਿਆਲ ਵਿਚ, ਆਪਣੀ ਪਛਾਣ ਵਖਰਿਆਉਣ ਦਾ ਹੀ ਇੱਕ ਯਤਨ ਹੈ। ਸ਼ਾਇਦ ਇਹ ਸ਼ੁਰੂ ਵੀ ਇੱਕ ਪ੍ਰਸਿਧ ਰਾਗੀ ਸਿੰਘ ਤੋਂ ਹੋਇਆ ਸੀ; ਜਿਵੇਂ ਕਿ, ਜਗਾਧਰੀ ਵਾਲੇ, ਸ੍ਰੀ ਨਗਰ ਵਾਲੇ, ਕੌਲਸਰ ਵਾਲੇ, ਭਿੰਡਰਾਂ ਵਾਲੇ, ਮਾਲੂਵਾਲ ਵਾਲੇ, ਰਾੜਾ ਸਾਹਿਬ ਵਾਲੇ, ਰਤਵਾੜਾ ਸਾਹਿਬ ਵਾਲੇ, ਨਾਨਕਸਰ ਵਾਲੇ, ਢਡਰੀਆਂ ਵਾਲੇ ਆਦਿ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ।
ਏਸੇ ਤਰ੍ਹਾਂ ਲਿਖਾਰੀ ਤੇ ਖਾਸ ਕਰਕੇ ਕਵੀ ਸੱਜਣਾਂ ਵਿੱਚ ਕੋਈ ਨਾ ਕੋਈ ਤੱਖਲਸ ਰੱਖਣ ਦਾ ਰਿਵਾਜ਼ ਰਿਹਾ ਹੈ ਤੇ ਅਜੇ ਵੀ ਹੈ; ਜਿਵੇਂ ਕਿ ਚਾਤ੍ਰਿਕ. ਪਰਵਾਨਾ, ਸ਼ਮ੍ਹਾ, ਜ਼ਖ਼ਮੀ, ਨਿਰਛਲ, ਦੀਪਕ, ਕੰਵਲ, ਤੀਰ, ਧੀਰ, ਗਾਰਗੀ, ਕੁਸ਼ਤਾ, ਆਜਿਜ, ਸ਼ਰਫ਼, ਪਤੰਗਾ, ਵੰਤਾ, ਹਮਦਰਦ, ਵੈਰਾਗੀ, ਵੈਦ, ਰਾਹੀ, ਦਿਲਗੀਰ, ਭੰਵਰ, ਚਮਕ ਆਦਿ। ਇਸ ਤਰ੍ਹਾਂ ਆਪਣੇ ਨਾਂ ਨਾਲ ਤਖੱਲਸ ਜੋੜਨ ਵਾਲੇ ਸੱਜਣ ਪੂਰਾ ਨਾਂ ਲਏ ਜਾਣ ਦੀ ਬਜਾਇ ਆਪਣੇ ਤੱਖਲਸ ਦੇ ਨਾਲ ਸਾਹਿਬ ਲਗਾ ਕੇ ਸੰਬੋਧਨ ਕਰਵਾਉਣ ਵਿੱਚ ਫ਼ਖ਼ਰ ਮਹਿਸੂਸ ਕਰਦੇ ਹਨ ਪਰ ਗੋਤ ਦਾ ਨਾਂ ਨਹੀ ਵਰਤਦੇ।
ਮੈ ਜਦੋਂ 'ਹੌਟਮੇਲ' ਤੋਂ 'ਯਾਹੂ' ਤੇ ਆਪਣਾ ਈ-ਐਡ੍ਰੈਸ ਬਦਲਣ ਸਮੇ ਫੈਮਲੀ ਨਾਂ ਨੂੰ ਬੇਲੋੜਾ ਸਮਝ ਕੇ, ਹਟਾ ਦਿਤਾ ਤਾਂ ਕਈ ਸੁਲਝੇ ਹੋਏ ਸੱਜਣਾਂ ਨੇ, ਇਹ ਸਮਝ ਕੇ ਕਿ ਸ਼ਾਇਦ ਮੈ 'ਕੱਟੜਪੰਥੀਆਂ' ਦੀ ਬੇਲੋੜੀ ਨੁਕਤਾਚੀਨੀ ਦੇ ਦਬਾ ਹੇਠ ਆ ਕੇ ਅਜਿਹਾ ਕੀਤਾ ਹੈ, ਬਹੁਤ ਸਾਰੇ ਸਨੇਹੀਆਂ ਵੱਲੋਂ, ਈ-ਮੇਲਾਂ ਰਾਹੀ ਪਰਵਾਰਕ ਨਾਂ ਨੂੰ ਮਾਣ ਸਹਿਤ ਆਪਣੇ ਨਾਂ ਨਾਲ ਜੋੜੀ ਰੱਖਣ ਦਾ ਸੁਝਾ ਦਿਤਾ ਗਿਆ। ਮੈ ਉਹਨਾਂ ਦੀ ਹੌਂਸਲਾ ਅਫ਼ਜ਼ਾਈ ਦਾ ਧੰਨਵਾਦੀ ਹਾਂ ਤੇ ਮੈਨੂੰ ਆਪਣੀ ਗੋਤ ਦੇ ਨਾਂ ਤੋਂ ਕੋਈ ਘਟੀਆਪਣ ਦਾ ਅਹਿਸਾਸ ਵੀ ਨਹੀ ਹੈ ਕਿਉਂਕਿ ਹਰੇਕ ਗੋਤ ਕਿਸੇ ਨਾ ਕਿਸੇ ਬਹੁਤ ਸੂਰਮੇ ਵਿਅਕਤੀ ਦੇ ਨਾਂ ਤੋਂ ਹੀ ਚਾਲੂ ਹੁੰਦੀ ਹੈ, ਪਰ ਮੇਰੀ ਜਾਣ-ਪਛਾਣ ਸਾਰੇ ਸੰਸਾਰ ਤੇ ਸੁਖੀ ਵੱਸ ਰਹੀਆ ਸਿੱਖ ਸੰਗਤਾਂ ਤੇ ਬਾਕੀ ਸੁਹਿਰਦ ਸੱਜਣਾਂ ਵਿਚ, 'ਗਿਆਨੀ ਸੰਤੋਖ ਸਿੰਘ' ਕਰਕੇ ਹੈ। ਇਸ ਲਈ ਮੈਨੂੰ ਆਪ ਹੀ ਚੰਗਾ ਜਿਹਾ ਨਹੀ ਸੀ ਲੱਗ ਰਿਹਾ ਜਦੋਂ ਕਈ ਸੁਹਿਰਦ ਸੱਜਣ ਤੇ ਮੇਰੇ ਨਵੇ ਸਬੰਧੀ ਮੈਨੂੰ 'ਪੱਡਾ ਸਾਹਿਬ' ਕਰਕੇ ਸੰਬੋਧਨ ਕਰਨ ਲੱਗ ਪਏ।
ਪੰਜਾਬ ਵਿੱਚ ਬਹੁਤ ਵਾਰੀਂ ਇਕੋ ਨਾਂ ਦੇ ਇਕੋ ਸਮੇ ਕਈ ਵਿਅਕਤੀ ਹੋਣ ਕਰਕੇ ਵੀ ਇਹ ਜਾਨਣ ਲਈ ਕਿ ਇਹ ਕੇਹੜਾ ਸੱਜਣ ਹੈ, ਉਸਦੇ ਨਾਂ ਨਾਲ ਉਸਦੇ ਪਿੰਡ ਦਾ ਨਾਂ, ਗੋਤ ਦਾ ਨਾਂ ਜਾਂ ਉਸਦਾ ਆਪਣਾ ਚੁਣਿਆਂ ਹੋਇਆ ਕੋਈ ਤਖ਼ੱਲਸ ਸ਼ਾਮਲ ਕਰਕੇ ਜਾਂ ਉਂਜ ਹੀ 'ਫਲਾਣਾ ਸਾਹਿਬ' ਕਰਕੇ ਸੰਬੋਧਨ ਕਰਨ ਦਾ ਰਿਵਾਜ਼ ਜਿਹਾ ਹੈ। ਜਿਵੇਂ ਇੱਕ ਵਾਰ ਅਕਾਲੀ ਲਹਿਰ ਸਮੇ ਕਈ ਤੇਜਾ ਸਿੰਘ ਸਿੱਖ ਪਲੇਟਫਾਰਮ ਤੇ ਵਿਚਰਦੇ ਸਨ, ਤਾਂ ਹਰੇਕ ਦੇ ਨਾਂ ਨਾਲ ਕੁੱਝ ਨਾ ਕੁੱਝ ਲਾ ਕੇ ਉਹਨਾਂ ਨੂੰ ਆਪਸ ਵਿੱਚ ਵਖਰਿਆਇਆ ਜਾਂਦਾ ਸੀ: ਜ. ਤੇਜਾ ਸਿੰਘ ਸਮੁੰਦਰੀ, ਜ. ਤੇਜਾ ਸਿੰਘ ਅਕਰਪੁਰੀ, ਸ. ਤੇਜਾ ਸਿੰਘ ਸੁਤੰਤਰ, ਪ੍ਰੋਫੈਸਰ ਤੇਜਾ ਸਿੰਘ, ਸੰਤ ਤੇਜਾ ਸਿੰਘ, ਗਿਆਨੀ ਤੇਜਾ ਸਿੰਘ, ਸੰਤ ਗਿਆਨੀ ਤੇਜਾ ਸਿੰਘ, ਸ. ਤੇਜਾ ਸਿੰਘ ਕੋਹਲੀ, ਜ. ਤੇਜਾ ਸਿੰਘ ਭੁੱਚਰ, ਤੇਜਾ ਸਿੰਘ ਚੂਹੜਕਾਣਾ, ਬਾਬਾ ਤੇਜਾ ਸਿੰਘ ਆਦਿ। ਹੁਣ ਵੀ ਸਿੱਖ ਸਿਆਸਤ ਵਿੱਚ ਵਿਚਰਦੇ ਮਨਜੀਤ ਸਿੰਘਾਂ ਦੀ ਵੱਖਰੀ ਪਛਾਣ ਲਈ, ਪ੍ਰੋਫੈਸਰ, ਭਾਈ, ਕਲਕੱਤਾ, ਖਹਿਰਾ, ਤਰਨ ਤਾਰਨੀ ਆਦਿ ਆਪਣੇ ਨਾਵਾਂ ਨਾਲ ਉਹਨਾਂ ਨੂੰ 'ਖ਼ਿਤਾਬ' ਵਰਤਣੇ ਪੈ ਰਹੇ ਹਨ।
ਏਸੇ ਤਰ੍ਹਾਂ ਜਦੋਂ ਅਠਾਰਵੀਂ ਸਦੀ ਵਿੱਚ ਇਕੋ ਨਾਂ ਦੇ ਦੋ ਸੂਰਮੇ ਸਿੰਘ ਸਿੱਖ ਸੰਘਰਸ਼ ਵਿੱਚ ਪਰਗਟ ਹੋਏ ਤਾਂ ਉਹਨਾਂ ਨੂੰ ਵਖਰਿਆਉਣ ਲਈ ਵੀ ਇੱਕ ਦੇ ਨਾਂ ਨਾਲ 'ਆਹਲੂਵਾਲੀਆ' ਤੇ ਦੂਜੇ ਦੇ ਨਾਂ ਨਾਲ 'ਰਾਮਗੜ੍ਹੀਆ' ਪ੍ਰਚਲਤ ਹੋਇਆ। ਇਹ ਉਹਨਾਂ ਦੀਆਂ ਗੋਤਾਂ ਦੇ ਨਾਂ ਨਹੀ ਸਨ ਤੇ ਮੈਨੂੰ ਅੱਜ ਤੱਕ ਵੀ ਨਹੀ ਪਤਾ ਕਿ ਉਹਨਾਂ ਦੀਆਂ ਗੋਤਾਂ ਕੇਹੜੀਆਂ ਸਨ। ਸ. ਜੱਸਾ ਸਿੰਘ ਰਾਮਗੜ੍ਹੀਆ (ਕਿਲ੍ਹਾ ਰਾਮਗੜ੍ਹ ਕਰਕੇ) ਆਪਣੀ ਮਿਸਲ ਦਾ ਆਗੂ ਸੀ ਜੋ ਕਿ ਪਹਿਲਾਂ ਸ. ਨੰਦ ਸਿੰਘ ਸਾਂਙਣੀਆਂ ਦੇ ਜਥੇ ਵਿੱਚ ਸ਼ਾਮਲ ਸੀ ਤੇ ਸ. ਜੱਸਾ ਸਿੰਘ ਆਹਲੂਵਾਲ ਪਿੰਡ ਤੋਂ ਹੋਣ ਕਰਕੇ ਆਹਲੂਵਾਲੀਆ ਕਰਕੇ ਜਾਣਿਆਂ ਗਿਆ ਜੋ ਕਿ ਆਪਣੀ ਏਸੇ ਨਾਂ ਵਾਲੀ ਮਿਸਲ ਦਾ ਆਗੂ ਹੋਣ ਦੇ ਨਾਲ ਨਾਲ ਸਾਰੇ 'ਦਲ ਖ਼ਾਲਸਾ' ਦਾ ਸ਼੍ਰੋਮਣੀ ਜਥੇਦਾਰ ਵੀ ਸੀ; ਪਰ ਹੁਣ ਹੈਰਾਨੀ ਹੁੰਦੀ ਹੈ ਇਹ ਪੜ੍ਹ ਕੇ ਜਦੋਂ ਬਾਬਾ ਬੁਢਾ ਜੀ ਦੇ ਨਾਂ ਨਾਲ ਰੰਧਾਵਾ, ਭਾਈ ਬੋਤਾ ਸਿੰਘ ਜੀ ਦੇ ਨਾਂ ਨਾਲ ਸੰਧੂ, ਭਾਈ ਸੁੱਖਾ ਸਿੰਘ ਜੀ ਦੇ ਨਾਂ ਨਾਲ ਕਲਸੀ, ਭਾਈ ਮਹਿਤਾਬ ਸਿੰਘ ਦੇ ਨਾਂ ਨਾਲ ਭੰਗੂ, ਤੇ ਸ਼ਹੀਦ ਭਗਤ ਸਿੰਘ ਦੇ ਨਾਂ ਨਾਲ ਸੰਧੂ ਟਾਂਕਣ ਦੀ ਨਵੀ ਬਿਮਾਰੀ ਪਰਗਟ ਹੋ ਗਈ ਹੈ। ਏਥੋਂ ਤੱਕ ਕਿ ਇੱਕ ਦਿਨ ਅਜੀਤ ਅਖ਼ਬਾਰ ਵਿੱਚ ਕਿਸੇ ਸੱਜਣ ਦਾ ਲੇਖ ਆਇਆ, ਸੰਤ ਚੰਨਣ ਸਿੰਘ ਜੀ 'ਧਨੋਆ'। "ਫੋਟੋ ਸ਼੍ਰੋਮਣੀ ਕਮੇਟੀ ਦੇ ਸਾਬਕ ਪ੍ਰਧਾਨ ਸਵਰਗਵਾਸੀ ਸੰਤ ਚੰਨਣ ਸਿੰਘ ਜੀ ਦੀ ਹੈ ਤੇ ਇਹ 'ਧਨੋਆ' ਕੀ ਹੋਇਆ? "; ਅਜਿਹੀ ਸੋਚ ਇੱਕ ਦਮ ਆਈ। ਸਾਰਾ ਲੇਖ ਪੜ੍ਹਨ ਉਪ੍ਰੰਤ ਸਮਝ ਪਈ ਕਿ ਇਹ ਬੇਲੋੜਾ ਗੋਤ ਵਾਚਕ ਨਾਂ, ਸਵਰਗੀ ਸੰਤ ਚੰਨਣ ਸਿੰਘ ਜੀ ਦੇ ਨਾਂ ਨਾਲ, ਬਿਨਾ ਕਿਸੇ ਲੋੜੋਂ, ਚਮੋੜਿਆ ਗਿਆ ਹੈ। ਪਤਾ ਨਹੀ ਲੇਖਕ ਨੂੰ ਇਸ ਭੁਲੇਖਾ ਪਾਊ ਯਤਨ ਵਿਚੋਂ ਕੀ ਪ੍ਰਾਪਤ ਹੋਇਆ ਹੋਵੇਗਾ! ਖ਼ੁਦ ਮੈ ਪੰਜ-ਸੱਤ ਸਾਲ ਉਹਨਾਂ ਦੀ ਸੇਵਾ ਵਿੱਚ ਪੀ. ਏ. ਵਜੋਂ ਵਿਚਰਨ ਦੇ ਬਾਵਜੂਦ ਇਹ ਨਹੀ ਸੀ ਜਾਣ ਸਕਿਆ ਕਿ ਉਹਨਾਂ ਦੀ ਗੋਤ 'ਧਨੋਆ' ਹੈ।
ਗੁਰਬਾਣੀ ਵਿੱਚ "ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ॥" (ਪੰਨਾ ੧੧੨੭) ਆਖ ਕੇ ਸਖ਼ਤੀ ਸਹਿਤ ਕਥਿਤ ਉਚੇਰੀ ਜਾਤ ਦਾ ਹੰਕਾਰ ਕਰਨ ਤੋਂ ਵਰਜਿਆ ਗਿਆ ਹੈ ਪਰ ਫੇਰ ਵੀ ਜੇਕਰ ਕੋਈ ਸੱਜਣ ਗੋਤ ਦਾ ਨਾਂ ਵਰਤਿਆਂ ਤੋਂ ਬਿਨਾ ਵੀ ਉਚੀ ਜਾਤ ਦੇ ਹੰਕਾਰ ਦਾ ਭਾਰ ਆਪਣੇ ਮਗਜ਼ ਵਿੱਚ ਚੁੱਕੀ ਫਿਰੂ ਤਾਂ ਕੋਈ ਦੂਸਰਾ ਉਸਦਾ ਕੀ ਕਰ ਲਊ! ਇਹ ਜ਼ਰੂਰੀ ਨਹੀ ਕਿ ਆਪਣੇ ਨਾਂ ਪਿਛੇ ਗੋਤ ਦਾ ਨਾਂ ਵਰਤਣ ਵਾਲਾ ਹੰਕਾਰੀ ਹੈ ਤੇ ਨਾ ਵਰਤਣ ਵਾਲਾ ਹੰਕਾਰ ਰਹਿਤ ਹੈ।
ਭਾਵੇਂ ਕਿ ਇੱਕ ਪ੍ਰਸਿਧ ਵਿਦਵਾਨ 'ਜੋਐਨ ਡਿਡੀਅਨ' ਇਉਂ ਆਖਦਾ ਹੈ, "ਲਿਖਣ ਕਾਰਜ ਦਰ ਅਸਲ ਲੇਖਕ ਵੱਲੋਂ 'ਮੈ' ਦਾ ਪ੍ਰਗਟਾ ਹੈ: ਆਪਣੇ ਆਪ ਨੂੰ ਦੂਜਿਆਂ `ਤੇ ਥੋਪਣ ਦਾ; ਇਹ ਕਹਿਣ ਦਾ ਕਿ ਮੈਨੂੰ ਸੁਣੋ, ਮੇਰੇ ਢੰਗ ਨਾਲ ਸੋਚੋ ਅਤੇ ਆਪਣੀ ਸੋਚ ਬਦਲੋ। " ਪਰ ਮੇਰਾ ਅਜਿਹਾ ਮੰਤਵ ਏਥੇ ਬਿਲਕੁਲ ਇੰਜ ਨਹੀ ਹੈ।
ਜਾਂਦੇ ਜਾਂਦੇ ਇਹ ਜਾਣਕਾਰੀ ਵੀ ਤਾਜਾ ਕਰ ਲਈਏ ਕਿ ਸਾਰੇ 'ਸਿੰਘ' 'ਸਿੱਖ' ਨਹੀ ਹੁੰਦੇ ਤੇ ਸਾਰੇ 'ਸਿੱਖ' 'ਸਿੰਘ' ਹੀ ਹੋਣ, ਇਹ ਵੀ ਕੋਈ ਜ਼ਰੂਰੀ ਨਹੀ।
ਮੁਕਦੀ ਗੱਲ: ਜਿਥੇ ਲੋੜ ਨਹੀ ਓਥੇ ਗੋਤ ਦਾ ਬੇਲੋੜਾ ਵਿਖਾਵਾ ਕਰਨਾ ਹੰਕਾਰ ਹੈ ਪਰ ਇਸ ਸਮਾਜ ਵਿਚ, ਜਿਥੇ ਕਿ ਲੋੜ ਹੈ, ਕਿਸੇ ਮਜ਼੍ਹਬੀ ਸੋਚ ਅਧੀਨ ਗੋਤ ਨਾ ਵਰਤਣਾ ਬੇਲੋੜੀ ਜਿਦ ਹੈ। ਇਹ ਕੇਵਲ ਤੇ ਕੇਵਲ ਮੇਰੇ ਆਪਣੇ ਵਿਚਾਰ ਹਨ। ਮੈ ਇਹਨਾਂ ਨੂੰ ਕਿਸੇ ਉਪਰ ਲੱਦਣ ਦੀ ਕੁਚੇਸ਼ਟਾ ਨਹੀ ਕਰ ਰਿਹਾ। "ਤਾ ਕਉ ਸਮਝਾਵਣ ਜਾਈਐ ਜੇ ਕੋ ਭੂਲਾ ਹੋਈ॥ " (ਪੰਨਾ ੧੩੨੯) ਦੇ ਕਥਨ ਅਨੁਸਾਰ ਹਰੇਕ ਵਿਅਕਤੀ ਖ਼ੁਦ ਸਮਝਦਾਰ ਹੈ ਤੇ ਆਪਣਾ ਭਲਾ ਬੁਰਾ ਖ਼ੁਦ ਸੋਚ ਸਕਦਾ ਹੈ।




.