☬ ਕ੍ਰਿਪਾਨ ਚਿੰਨ੍ਹ ਕਿ ਸ਼ਸ਼ਤ੍ਰ ☬
ਅਵਤਾਰ ਸਿੰਘ ਮਿਸ਼ਨਰੀ-ਜਨਰਲ ਸਕੱਤਰ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ USA
ਭਾਈ ਕਾਨ੍ਹ ਸਿੰਘ ਨਾਭਾ ਮਹਾਂਨ
ਕੋਸ਼ ਦੇ ਪੰਨਾ 359 ਤੇ ਕ੍ਰਿਪਾਨ ਦੇ ਅਰਥ ਕਰਦੇ ਹਨ ਕਿ ਕ੍ਰਿਪਾਨ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ
ਅਰਥ ਹੈ ਜੋ ਕ੍ਰਿਪਾ ਨੂੰ ਫੈਂਕ ਦੇਵੇ, ਜਿਸ ਦੇ ਚਲਾਉਣੇ ਵੇਲੇ ਰਹਿਮ ਨਾ ਆਵੇ, ਤਲਵਾਰ, ਸ੍ਰੀ
ਸਾਹਿਬ, ਸ਼ਮਸ਼ੇਰ, ਸਿੰਘਾਂ ਦਾ ਦੂਜਾ ਕਕਾਰ ਜੋ ਅੰਮ੍ਰਿਤਧਾਰੀ ਨੂੰ ਪਹਿਨਣਾ ਵਿਧਾਨ ਹੈ ਅਤੇ ਗੁਰਮਤਿ
ਮਾਰਤੰਡ ਦੇ ਪੰਨਾ 108 ਤੇ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਵੈ ਰੱਖਿਆ ਅਤੇ ਦੇਸ਼ ਰੱਖਿਆ
ਵਾਸਤੇ ਸ਼ਸ਼ਤ੍ਰ ਧਾਰਨੇ ਸਮਾਜਿਕ ਨਿਯਮ ਥਾਪਿਆ ਹੈ। ਪੁਰਾਤਨ ਸਮੇਂ ਕ੍ਰਿਪਾਨ ਸੂਰਮਿਆਂ ਦਾ ਸਿਰਮੌਰ
ਸ਼ਸ਼ਤ੍ਰ ਹੋਇਆ ਕਰਦੀ ਸੀ। ਭਾਈ ਸਾਹਿਬ ਲਿਖਦੇ ਹਨ ਕਿ ਜਿਉਂ ਜਿਉਂ ਸਮਾਂ ਬਦਲਿਆ, ਵਿਗਿਆਨ ਨੇ ਤਰੱਕੀ
ਕੀਤੀ ਤਾਂ ਹਥਿਆਰ ਸ਼ਸ਼ਤ੍ਰ ਆਦਿਕ ਵੀ ਬਦਲੇ। ਗੁਰੂ ਸਾਹਿਬ ਤੋਂ ਪਹਿਲਾਂ ਦਾ ਸਮਾਂ ਬੜਾ ਭਿਆਨਕ ਸੀ।
ਮੁਗਲੀਆ ਹਕੂਮਤ ਦਾ ਰਾਜ ਸੀ। ਮੁਗਲਾਂ ਨੇ ਫੁਰਮਾਨ ਜਾਰੀ ਕੀਤੇ ਹੋਏ ਸਨ ਕਿ ਮੁਸਲਮਾਨਾਂ ਤੋਂ ਬਿਨਾਂ
ਕੋਈ ਸ਼ਸ਼ਤ੍ਰ ਨਹੀਂ ਰੱਖ ਸਕਦਾ, ਸ਼ਿਕਾਰ ਨਹੀਂ ਖੇਡ ਸਕਦਾ, ਘੌੜ ਸਵਾਰੀ ਨਹੀਂ ਕਰ ਸਕਦਾ, ਦਸਤਾਰ ਸਜਾ
ਕੇ ਅਤੇ ਉੱਚਾ ਸਿਰ ਕਰਕੇ ਕੋਈ ਨਹੀਂ ਤੁਰ ਸਕਦਾ। ਇਵੇਂ ਹੀ ਬ੍ਰਾਹਮਣਾਂ ਨੇ ਵੀ ਰੀਤ ਚਲਾਈ ਹੋਈ ਸੀ
ਕਿ ਕੋਈ ਸ਼ੂਦਰ ਧਰਮ ਗ੍ਰੰਥ ਨਹੀਂ ਸੀ ਪੜ੍ਹ ਸਕਦਾ, ਧਰਮ ਕਰਮ ਨਹੀਂ ਕਰ ਸਕਦਾ ਆਦਿਕ। ਜਿਸ ਸਦਕਾ
ਜਾਤਿ ਅਭਿਮਾਨੀ, ਅਮੀਰ, ਖਾਨ ਅਤੇ ਰਜਵਾੜੇ ਕਿਰਤੀਆਂ ਅਤੇ ਬਰੀਬਾਂ ਨੂੰ ਗੁਲਾਮ ਬਣਾਈ ਰੱਖਦੇ ਸਨ।
ਭਾਂਵੇਂ ਗੁਰੂ ਨਾਨਕ ਜੀ ਨੇ ਇਸ ਸਭ ਦਾ ਗਿਆਨ ਤਰਕ ਸ਼ਾਂਸ਼ਤ੍ਰ ਰਾਹੀਂ ਤਕੜਾ ਵਿਰੋਧ ਕੀਤਾ ਅਤੇ ਸਭ
ਬਨਾਵਟੀ ਦਿਖਾਵੇ ਵਾਲੇ ਧਰਮ ਕਰਮ ਅਤੇ ਰੁਹ ਰੀਤਾਂ ਤੋਂ ਉੱਪਰ ਉੱਠਣ ਦਾ ਉਪਦੇਸ਼ ਦਿੱਤਾ ਪਰ ਜਦ ਧਰਮ
ਦੇ ਠੇਕੇਦਾਰ ਅਤੇ ਜ਼ਾਲਮ ਬਾਜ ਨਾ ਆਏ ਤਾਂ 6ਵੇਂ ਜਾਮੇ ਵਿੱਚ ਅਕਾਲ ਤਖ਼ਤ ਦੀ ਰਚਨਾ ਕਰਕੇ, ਮੀਰੀ ਅਤੇ
ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਐਲਾਨ ਕੀਤਾ ਕਿ ਸਿੱਖ ਸ਼ਸ਼ਤ੍ਰ ਵੀ ਪਹਿਰੇਗਾ, ਸ਼ਿਕਾਰ ਵੀ
ਖੇਡੇਗਾ, ਦਸਤਾਰ ਵੀ ਸਜਾਏਗਾ, ਘੋੜ ਸਵਾਰੀ ਵੀ ਕਰੇਗਾ। ਜ਼ੁਲਮ ਅਤੇ ਧੱਕੇਸ਼ਾਹੀ ਵਿਰੁੱਧ ਇਕੱਲੀ ਅਵਾਜ਼
ਹੀ ਨਹੀਂ ਉਠਾਏਗਾ ਸਗੋਂ ਫੌਜੀ ਰੂਪ ਵਿੱਚ ਜ਼ਾਲਮ ਵੈਰੀਆਂ ਦਾ ਟਾਕਰਾ ਤਲਵਾਰ ਆਦਿਕ ਸ਼ਸ਼ਤਰਾਂ ਰਾਹੀਂ
ਵੀ ਕਰੇਗਾ। ਮੁਗਲੀਆ ਹਕੂਮਤ ਨਾਲ ਚਾਰ ਜੰਗਾਂ ਵਿੱਚ ਚਿੱਤ ਕਰਕੇ ਦੰਦ ਖੱਟੇ ਕਰਨੇ ਇਸ ਦਾ ਸਬੂਤ ਅਤੇ
ਇੱਕ ਇਤਿਹਾਸਕ ਸਚਾਈ ਹੈ। ਭਾਈ ਗੁਰਦਾਸ ਜੀ ਵੀ ਲਿਖਦੇ ਹਨ ਕਿ-ਖੇਤੀ ਵਾੜਿ ਸੁ ਢਿੰਗਰੀ, ਕਿਕਰ ਆਸ
ਪਾਸ ਜਿਉਂ ਬਾਗੈ। ਸਪ ਪਲੇਟੈ ਚੰਨਣੈ, ਬੂਹੇ ਜੰਦਾ ਕੁਤਾ ਜਾਗੈ। ਫਿਰ 1699 ਦੀ ਵੈਸਾਖੀ ਨੂੰ ਖੰਡੇ
ਦੀ ਪਹੁਲ ਦੇਣ ਵੇਲੇ ਇਹ ਪੱਕਾ ਐਲਾਨ ਵੀ ਕਰ ਦਿੱਤਾ-ਜਬ ਹਮਰੇ ਦਰਸ਼ਨ ਕਉ ਆਵਹੁ॥ ਬਨਿ ਸੁਚੇਤ ਤਨਿ
ਸ਼ਸ਼ਤ੍ਰ ਸਜਾਵਹੁ॥ (ਗੁਰੂ ਗੋਬਿੰਦ ਸਿੰਘ) ਅਤੇ ਕ੍ਰਿਪਾਨ ਰੂਪੀ ਸ਼ਸ਼ਤ੍ਰ ਨੂੰ ਪੰਜਾਂ ਕਕਾਰਾਂ ਵਿੱਚ
ਸ਼ਾਮਲ ਕਰ ਦਿੱਤਾ ਕਿ ਸਿੱਖ ਨੇ ਸਦਾ ਕ੍ਰਿਪਾਨ ਨੂੰ ਸ਼ਸ਼ਤ੍ਰ ਜਾਣ ਕੇ ਇਸ ਦੀ ਸੰਭਾਲ ਤੇ ਸੁਯੋਗ ਵਰਤੋਂ
ਕਰਨੀ ਹੈ।
ਸੋ ਸਿੱਖ ਦੀ ਕ੍ਰਿਪਾਨ ਹੋਰ ਧਰਮਾਂ ਦੇ ਚਿੰਨ੍ਹਾਂ ਵਰਗਾ ਇਕੱਲਾ ਚਿੰਨ੍ਹ ਹੀ ਨਹੀਂ ਸਗੋਂ ਸ਼ਸ਼ਤ੍ਰ ਵੀ
ਹੈ। ਈਸਾਈ ਕਰਾਸ ਲਟਕਾਉਂਦੇ ਹਨ, ਬ੍ਰਾਹਮਣ ਜਨੇਊ, ਜੋਗੀ ਜਟਾਂ ਰੱਖਦੇ ਹਨ, ਮੁਸਲਿਮ ਸੁਨਤ ਕਰਦੇ ਤੇ
ਲਵਾਂ ਕਟਾਉਂਦੇ ਹਨ ਪਰ ਉਨ੍ਹਾਂ ਦੇ ਇਹ ਚਿੰਨ੍ਹ ਸ਼ਸ਼ਤ੍ਰ ਨਹੀਂ ਹਨ। ਕ੍ਰਿਪਾਨ ਇੱਕ ਸ਼ਸ਼ਤ੍ਰ ਹੈ, ਸਿੱਖ
ਨੇ ਜਨੇਊ ਦੀ ਤਰ੍ਹਾਂ ਗਾਤਰੇ ਪਾ ਕੇ ਇਸ ਦੀ ਪੂਜਾ ਨਹੀਂ ਕਰਨੀ ਸਗੋਂ ਲੋੜ ਪੈਣ ਤੇ ਸਵੈ ਰੱਖਿਆ ਅਤੇ
ਜ਼ਾਲਮ ਦੀ ਭਖਿਆ ਵਾਸਤੇ ਇਸ ਦੀ ਸੁਜੋਗ ਵਰਤੋਂ ਕਰਨੀ ਹੈ। ਸਿੱਖ ਇੱਕ ਸੰਤ ਸਿਪਾਹੀ ਫੌਜੀ ਹੈ। ਜਿਵੇਂ
ਫੌਜ ਦੀ ਵਰਦੀ ਤੇ ਸ਼ਸ਼ਤ੍ਰ ਹੁੰਦੇ ਹਨ ਇਵੇਂ ਹੀ ਖ਼ਾਲਸੇ ਦੀ ਪੰਜ ਕਕਾਰੀ ਵਰਦੀ ਤੇ ਸ਼ਸ਼ਤ੍ਰ ਹਨ
ਕਿਉਂਕਿ-ਖ਼ਾਲਸਾ ਅਕਾਲ ਪੁਰਖ ਕੀ ਫੌਜ॥ ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ॥ (ਗੁਰੂ ਗੋਬਿੰਦ ਸਿੰਘ)
ਖ਼ਾਲਸੇ ਨੇ ਸ਼ਸ਼ਤ੍ਰਾਂ ਨੂੰ ਸਦਾ ਅੰਗ ਸੰਗ ਰੱਖਣਾ ਹੈ ਭਾਵ ਤਿਆਰ ਬਰ ਤਿਆਰ ਰਹਿਣਾ ਹੈ ਪਰ ਇਹ ਵਹਿਮ
ਨਹੀਂ ਕਰਨਾ ਕਿ ਜੇ ਕਿਤੇ ਸੌਂਦੇ, ਨਹਾਉਂਦੇ, ਤੈਰਦੇ, ਕਬੱਡੀ ਆਦਿਕ ਖੇਡਾਂ ਖੇਡਦੇ ਅਤੇ ਹਵਾਈ ਜਹਾਜ
ਆਦਿਕ ਵਿੱਚ ਸਫਰ ਕਰਦੇ ਸਮੇਂ ਜੇ ਕਿਤੇ ਕ੍ਰਿਪਾਨ ਉਤਾਰਨੀ ਵੀ ਪੈ ਜਾਏ ਤਾਂ ਗੁਰੂ ਨਿਰਾਜ ਹੋ
ਜਾਵੇਗਾ।
ਚਿੰਨ੍ਹਾਂ ਦੀ ਕੇਵਲ ਪੂਜਾ ਕਰਨ ਵਾਲੀਆਂ ਕੌਮਾਂ ਓਨਾਂ ਚਿਰ ਗੁਲਾਮ ਰਹਿੰਦੀਆਂ ਹਨ ਜਿਨਾਂ ਚਿਰ ਉਹ
ਜਾਗਦੀਆਂ ਨਹੀਂ। ਇਸ ਦੀ ਮਸਾਲ ਹਿੰਦੂ ਕੌਮ ਹੈ ਜੋ ਐਸਾ ਕਰਕੇ ਸਦੀਆਂ ਮੁਗਲਾਂ ਤੇ ਅੰਗ੍ਰੇਜਾਂ ਦੇ
ਗੁਲਾਮ ਰਹੀ। ਸਿੱਖ ਕੌਮ ਨੇ ਗੁਲਾਮੀ ਦੇ ਸੰਗਲ ਕੱਟ ਕੇ ਇਸ ਨੂੰ ਅਜ਼ਾਦ ਕਰਵਾਇਆ ਪਰ ਅੱਜ ਡੇਰੇਦਾਰ
ਸਾਧਾਂ ਸੰਪ੍ਰਦਾਈਆਂ ਨੇ ਕੌਮ ਨੂੰ ਕੇਵਲ ਚਿੰਨ੍ਹਾਂ ਦੀ ਪੂਜਾ ਦੀ ਸਿਖਿਆ ਦੇ ਦੇ ਕੇ ਫਿਜੀਕਲੀ ਅਤੇ
ਮਾਨਸਿਕ ਤੌਰ ਤੇ ਸਰਕਾਰ ਦੀ ਅਤੇ ਆਪਣੀ ਗੁਲਾਮ ਬਣਾ ਲਿਆ ਹੈ। ਅੱਜ ਦਾ ਕ੍ਰਿਪਾਨਧਾਰੀ ਸਿੱਖ ਵੀ
ਡੇਰੇਦਾਰ ਸਾਧਾਂ ਸੰਪ੍ਰਦਾਈਆਂ ਦਾ ਗੁਲਾਮ ਹੈ ਇਸ ਦਾ ਪ੍ਰਤੱਖ ਸਬੂਤ ਹੈ ਕਿ ਸਿੱਖ ਗੁਰੂ ਗ੍ਰੰਥ
ਸਾਹਿਬ ਜੀ ਦੀ ਅਗਵਾਈ ਅਤੇ ਅਕਾਲ ਤਖ਼ਤ ਦੀ ਮਰਯਾਦਾ ਛੱਡਕੇ ਡੇਰੇਦਾਰਾਂ ਦੀ ਪੂਜਾ ਅਤੇ ਮਰਯਾਦਾ ਦਾ
ਪੂਰਨ ਗੁਲਾਮ ਹੋ ਚੁੱਕਾ ਹੈ। ਨਹਾਉਂਦੇ ਸਮੇਂ ਕ੍ਰਿਪਾਨ ਨੂੰ ਕਦੇ ਸਿਰ ਤੇ ਬੰਨ੍ਹਦਾ, ਕਦੇ ਲੱਕ ਨਾਲ
ਬੰਨ੍ਹਦਾ ਅਤੇ ਕਦੇ ਧਾਗੇ ਵਿੱਚ ਪਰੋ ਕੇ ਗਲ ਵਿੱਚ ਲਟਕਾਉਂਦਾ ਹੈ। ਸਿੱਖ ਨੇ ਇੱਕ ਸੰਤ ਸਿਪਾਹੀ
ਫੌਜੀ ਰੂਪ ਵਿੱਚ ਵਿਚਰਨਾ ਹੈ ਨਾ ਕਿ ਇੱਕ ਚਿੰਨ੍ਹਧਾਰੀ ਹੋ ਕੇ। ਸਿੱਖ ਨੇ ਲੋੜ ਪੈਣ ਤੇ ਕ੍ਰਿਪਾਨ
ਦੀ ਸੁਯੋਗ ਵਰਤੋਂ ਕਰਨੀ ਹੈ ਨਾ ਕਿ ਹਰ ਵੇਲੇ ਸਰੀਰ ਨਾਲ ਰੱਖਣ ਵਾਲੀ ਚਿੰਨ੍ਹ ਪੂਜਾ ਹੀ ਕਰੀ ਜਾਣੀ
ਹੈ। ਚਿੰਨ੍ਹ ਪੂਜੇ ਤੇ ਸਤਕਾਰੇ ਜਾਂਦੇ ਹਨ ਪਰ ਸ਼ਸ਼ਤ੍ਰ ਸਦਾ ਹੀ ਸੰਭਾਲ ਕੇ ਰੱਖੇ ਅਤੇ ਵਰਤੇ ਜਾਂਦੇ
ਹਨ। ਸਿੱਖ ਨੇ ਕ੍ਰਿਪਾਨ ਧਾਰਨ ਕਰਕੇ ਖਾਹ ਮਖਾਹ ਕਿਸੇ ਨਾਲ ਨਹੀਂ ਲੜਨਾ ਅਤੇ ਭੀੜ ਪੈ ਜਾਣ ਤੇ ਆਪਣੇ
ਅਤੇ ਮਜਲੂਮ ਦੇ ਬਚਾ ਲਈ ਵਰਤਨਾ ਹੈ। ਜਿਨ੍ਹਾਂ ਚਿਰ ਕ੍ਰਿਪਾਨਧਾਰਨ ਕਰਨ ਅਤੇ ਕ੍ਰਿਪਾਨ ਦੀ ਅਹਿਮੀਅਤ
ਨਹੀਂ ਸਮਝ ਜਾਂ ਸਮਝਾ ਲਈ ਜਾਂਦੀ ਧਾਰਨ ਨਹੀਂ ਕਰਨੀ ਚਾਹੀਦੀ ਜਿਵੇਂ ਸਕੂਲੀ ਬੱਚੇ ਕ੍ਰਿਪਾਨ ਦੀ
ਮਹਾਨਤਾ ਨੂੰ ਨਾ ਜਾਣਦਿਆਂ ਹੋਇਆਂ ਇਸ ਦੀ ਗਲਤ ਵਰਤੋਂ ਵੀ ਕਰ ਲੈਂਦੇ ਹਨ ਇਸ ਕਰਕੇ ਆਮ ਸਕੂਲਾਂ
ਵਿੱਚ ਕ੍ਰਿਪਾਨ ਪਾ ਕੇ ਨਹੀ ਆਉਣ ਦਿੱਤਾ ਜਾਂਦਾ। ਗੁਰੂ ਸਾਹਿਬ ਨੇ ਖ਼ਾਲਸੇ ਨੂੰ ਵਹਿਮਾਂ ਭਰਮਾਂ
ਭੇਖਾਂ ਚੋਂ ਕੱਢਿਆ ਸੀ-ਭਰਮ ਭੇਖ ਤੇ ਰਹੈ ਨਿਆਰਾ॥ (ਗੁਰੂ ਗੋਬਿੰਦ ਸਿੰਘ) ਅਤੇ ਅਗਾਹ ਵਧੂ ਸਮੇ ਦਾ
ਹਾਣੀ ਹੋਣਾ ਸਿਖਾਇਆ ਸੀ-ਅਗਾਹ ਕੂ ਤ੍ਰਾਂਗ ਪਿਛਾ ਫੇਰਿ ਨਾ ਮੋਢੜਾ॥ (ਗੁਰੂ ਗ੍ਰੰਥ) ਭਾਈ ਕਾਨ੍ਹ
ਸਿੰਘ ਨਾਭਾ ਲ਼ਿਖਦੇ ਹਨ ਕਿ ਸਿੱਖ ਨੇ ਸਮੇ ਅਨੁਸਾਰ ਅਧੁਨਿਕ ਸ਼ਸ਼ਤ੍ਰਾਂ ਵੀ ਧਾਰਨ ਕਰਨੇ ਹਨ। ਸਿੱਖ ਨੇ
“ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ ਅਤੇ ਦਿਦਾਰ ਖ਼ਾਲਸੇ ਦਾ” ਦੇ ਸਿਧਾਂਤ ਤੇ ਪਹਿਰਾ ਦੇਣਾ ਹੈ। ਸਿੱਖ
ਧਰਮ ਦੁਨੀਆਂ ਦਾ ਅਗਾਹ ਵਧੂ, ਵਿਗਿਆਨਕ ਅਤੇ ਸੰਸਾਰਕ ਧਰਮ ਹੈ ਇਸ ਨੇ ਸੰਸਾਰਕ ਸਮਾਜ ਭਾਈਚਾਰੇ ਵਿੱਚ
ਰਹਿੰਦਿਆ ਸਿੱਖੀ ਦੇ ਮਾਰਗ ਤੇ ਚਲਦਿਆਂ ਸੰਸਾਰਕ ਤਰੱਕੀ ਦੀ ਪੁਲਾਗਾਂ ਵੀ ਪੁਟਣੀਆਂ ਹਨ ਨਾ ਕਿ
ਤੱਪੜਾ, ਘੋੜਿਆਂ ਤੇ ਬਾਣੇ ਤੱਕ ਹੀ ਸੀਮਤ ਰਹਿਣਾ ਹੈ। ਇਹ ਸਭ ਸਮੇਂ ਦੇ ਸਾਧਨ ਸਨ ਪਰ ਅੱਜ ਇਸ ਤੋਂ
ਬਹੁਤ ਅੱਗੇ ਹੈ, ਕਾਰਾਂ ਹਨ, ਹਵਾਈ ਜਹਾਜ਼ ਹਨ, ਫੋਨ ਹਨ, ਮੀਡੀਆ ਹੈ, ਇੰਟ੍ਰਨੈੱਟ ਹੈ ਹੋਰ ਸੁਖ
ਸਹੂਲਤਾਂ ਹਨ ਜੋ ਅੱਜ ਦੀ ਜਿੰਦਗੀ ਦੀਆਂ ਲੋੜਾਂ ਬਣ ਚੁਕੀਆਂ ਹਨ। ਸੋ ਕ੍ਰਿਪਾਨ ਤਵੀਤਾਂ ਦੀ ਤਰ੍ਹਾਂ
ਧਾਗੇ ਚ’ ਪਾ ਕੇ ਗਲੇ ਲਟਾਈ ਫਿਰਨਾ, ਜਾਂ ਕਦੇ ਸਿਰ ਤੇ ਬੰਨ੍ਹ, ਕਦੇ ਲੱਕ ਨਾਲ ਬੰਨ੍ਹ ਅਤੇ ਕਦੇ
ਕੇਵਲ ਧੂਪ ਧੁਖਾ ਕੇ ਹੀ ਪੂਜਾ ਕਰਨੀ ਅਤੇ ਇੱਕ ਚਿੰਨ੍ਹ ਹੀ ਸਮਝ ਲੇਣਾ ਕ੍ਰਿਪਾਨ ਦੀ ਅਹਿਮੀਅਤ ਤੋਂ
ਅਨਜਾਣਤਾ ਹੈ। ਦੇਗ ਤੇਗ ਦਾ ਮਤਲਵ ਹੈ ਮੀਰੀ ਪੀਰੀ, ਤੇਗ (ਕ੍ਰਿਪਾਨ) ਮੀਰੀ ਦੀ ਲਖਾਇਕ ਹੈ। ਅੱਜ ਦੇ
ਜਮਾਨੇ ਵਿੱਚ ਲੋਹੇ ਸਟੀਲ ਦੀ ਕ੍ਰਿਪਾਨ ਦੇ ਨਾਲ ਨਾਲ ਗਿਆਨ ਵਿਗਿਆਨ ਆਦਿਕ ਸਿਖਿਆ ਦੀ ਕ੍ਰਿਪਾਨ ਵੀ
ਅਤਿਅੰਤ ਲੋੜ ਹੈ। ਸੋ ਕ੍ਰਿਪਾਨ ਇਕੱਲਾ ਚਿੰਨ੍ਹ ਨਹੀਂ ਸ਼ਸ਼ਤ੍ਰ ਵੀ ਹੈ ਅਤੇ ਅਤਿਅੰਤ ਲੋੜ ਪੈਣ ਤੇ
ਸਿੱਖ ਇਸ ਦੀ ਸੁਯੋਗ ਵਰਤੋਂ ਕਰ ਸਕਦਾ ਹੈ।
PO BOX 65 Hayward CA 94543
510-432-5827