ਗੁਰਬਾਣੀ ਵਿਚ ਪੌਰਾਣਕ ਕਥਾਵਾਂ
(ਕਿਸ਼ਤ ਨੰ: 38)
ਪ੍ਰੋ: ਇੰਦਰ
ਸਿੰਘ ‘ਘੱਗਾ’
ਰਾਮ ਚੰਦਰ:- ਅਜੁੱਧਿਆ ਦੇ
ਰਾਜੇ ਦਸ਼ਰਥ ਦਾ ਇੱਕ ਪੁੱਤਰ ਰਾਮ। ਇਹ ਵਿਸ਼ਨੂੰ ਦਾ ਸੱਤਵਾਂ ਅਵਤਾਰ ਸੀ। ਪੁੱਤਰ ਪ੍ਰਾਪਤੀ ਲਈ ਦਸਰਥ
ਨੇ ਅਸ਼ਵਮੇਧ ਜੱਗ ਕੀਤਾ। ਅਗਨੀ ਕੁੰਡ ਵਿਚੋਂ ਵਿਸ਼ਨੂੰ ਪ੍ਰਗਟ ਹੋਏ। ਅੰਮ੍ਰਿਤ ਦਾ ਭਰਿਆ ਕਟੋਰਾ,
ਦਸਰਥ ਨੂੰ ਦਿੱਤਾ। ਦਸਰਥ ਨੇ ਅੰਮ੍ਰਿਤ ਦਾ ਅੱਧਾ ਹਿੱਸਾ ਕੌਸਲਿਆ ਨੂੰ ਦਿੱਤਾ, ਜਿਸ ਤੋਂ ਰਾਮ
ਵਿਸ਼ਨੂੰ ਦੇ ਅੱਧੇ ਅੰਸ਼ ਰੂਪ ਵਿੱਚ ਪੈਦਾ ਹੋਇਆ। ਬਾਕੀ ਅੱਧੇ ਦਾ ਅੱਧ ਕੈਕੇਈ ਨੂੰ ਦਿੱਤਾ, ਜਿਸ ਤੋ
ਭਰਤ ਵਿਸ਼ਨੂੰ ਦਾ ਚੌਥਾ ਹਿੱਸਾ ਅਵਤਾਰੀ ਸ਼ਕਤੀ ਲੈ ਕੇ ਪੈਦਾ ਹੋਇਆ। ਬਚਿਆ ਹੋਇਆ ਚੌਥਾ ਹਿੱਸਾ,
ਸੁਮਿੱਤਰਾ ਨੂੰ ਪਿਲਾਇਆ ਗਿਆ। ਜਿਸ ਤੋਂ ਲਛਮਣ ਤੇ ਸ਼ਤਰੂਘਨ, ਵਿਸ਼ਨੂੰ ਅਵਤਾਰ ਦਾ ਅੱਠਵਾਂ ਅੱਠਵਾਂ
ਹਿੱਸਾ ਲੈ ਕੇ ਜਨਮੇ। ਕੈਕੇਈ ਵੱਲੋਂ ਕਿਸੇ ਪਹਿਲਾਂ ਕੀਤੇ ਵਚਨ ਮੁਤਾਬਕ, ਆਪਣੇ ਪੁੱਤਰ ਭਰਤ ਲਈ
ਅਜੁੱਧਿਆ ਦਾ ਰਾਜ ਤੇ ਰਾਮ ਚੰਦਰ ਲਈ ਚੌਦਾਂ ਸਾਲ ਦਾ ਬਨਵਾਸ ਦਿੱਤਾ ਗਿਆ। ਦਸਰਥ ਰਾਮ ਦੇ ਵਿਛੋੜੇ
ਵਿੱਚ ਮਰ ਗਿਆ। ਇਸ ਤੋਂ ਪਹਿਲਾਂ ਸਵੰਬਰ ਰਾਹੀਂ ਰਾਮ ਨੇ ਸੀਤਾ ਵਿਆਹ ਲਈ। ਸੀਤਾ ਦੀ ਭੈਣ ਲਛਮਣ ਨਾਲ
ਤੇ ਦੋ ਭਤੀਜੀਆਂ ਦੂਜੇ ਦੋ ਭਰਾਵਾਂ ਨਾਲ ਵਿਆਹ ਦਿੱਤੀਆਂ। ਜੰਗਲ ਵਾਸ ਸਮੇਂ ਰਾਵਣ ਦੀ ਭੈਣ ਸਰੂਪ
ਨਖਾਂ, ਰਾਮ ਤੇ ਮੋਹਿਤ ਹੋ ਗਈ। ਰਾਮ ਤੇ ਲਛਮਣ ਵੱਲੋਂ ਪਰਵਾਨ ਨਾ ਕੀਤੀ ਜਾਣ ਤੇ ਇਹ ਸੀਤਾ ਨੂੰ
ਮਾਰਨ ਜਾ ਪਈ। ਰਾਮ ਤੇ ਲਛਮਣ ਨੂੰ ਕੁਬੋਲ ਬੋਲੇ। ਲਛਮਣ ਨੇ ਗੁੱਸੇ ਵਿੱਚ ਆ ਕੇ ਨੱਕ, ਕੰਨ ਕੱਟ ਕੇ
ਛੱਡ ਦਿੱਤੀ। ਇਸ ਨੇ ਭਰਾ ਰਾਵਣ ਅੱਗੇ ਸਾਰੀ ਹੋਈ ਬੀਤੀ ਰੋ ਰੋ ਕੇ ਦੱਸੀ। ਰਾਵਣ ਵਿਮਾਨ (ਜਹਾਜ) ਤੇ
ਸਵਾਰ ਹੋ ਕੇ ਆਇਆ, ਤੇ ਸੀਤਾ ਨੂੰ ਚੁੱਕ ਕੇ ਲੈ ਗਿਆ। ਰਾਮ ਚੰਦਰ ਨੇ ਸੁਗ੍ਰੀਵ ਤੇ ਹਨੂੰਮਾਨ ਨਾਲ
ਦੋਸਤੀ ਗੰਢੀ, ਉਹਨਾਂ ਦੇ ਵਿਰੋਧੀ ਬਾਲੀ ਨੂੰ ਮਾਰਿਆ। ਫਿਰ ਤਿਆਰੀ ਕਰਕੇ ਲੰਕਾ ਤੇ ਧਾਵਾ ਬੋਲਿਆ।
ਲੰਮੀ ਖੂਨੀ ਜੰਗ ਵਿੱਚ ਰਾਵਣ ਮਾਰਿਆ ਗਿਆ। ਸੀਤਾ ਵਾਪਸ ਲਿਆਂਦੀ, ਅਗਨੀ ਪ੍ਰੀਖਿਆ ਹੋਈ। ਸਾਰੇ ਵਾਪਸ
ਅਯੁੱਧਿਆ ਆ ਗਏ। ਰਾਮ ਸੀਤਾ ਨੂੰ ਮਨੋਂ ਸਵੀਕਾਰ ਨਾ ਕਰ ਸਕਿਆ। ਪਰਜਾ ਵਿਚੋਂ ਭੀ ਲੋਕਾਂ ਨੇ ਤਾਹਨੇ
ਦਿੱਤੇ। ਗਰਭਵਤੀ ਸੀਤਾ ਨੂੰ ਜੰਗਲਾਂ ਵਿੱਚ ਵਾਲਮੀਕ ਆਸ਼ਰਮ ਛੱਡ ਦਿੱਤਾ ਗਿਆ। ਇਥੇ ਦੋ ਜੌੜੇ ਪੁੱਤਰ
ਲਵ ਤੇ ਕੁਸ਼ ਪੈਦਾ ਹੋਏ। ਰਾਮ ਨੇ ਅਸ਼ਵਮੇਧ ਜੱਗ ਕੀਤਾ ਘੋੜਾ ਛੱਡਿਆ। ਲਵ ਕੁਸ਼ ਨੇ ਰਾਮ ਦਾ ਛੱਡਿਆ
ਘੋੜਾ ਫੜ ਲਿਆ। ਭਰਤ, ਲਛਮਣ, ਸ਼ਤਰੂਘਨ ਤੇ ਹਨੂੰਮਾਨ ਨੂੰ ਹਾਰ ਹੋਈ। ਫਿਰ ਖੁਦ ਰਾਮ ਜੰਗ ਵਿੱਚ ਆਇਆ,
ਉਸ ਨੇ ਪੁੱਤਰ ਪਛਾਣ ਲਏ। ਅੰਗੀਕਾਰ ਕਰ ਲਏ। ਸੀਤਾ ਨੂੰ ਫਿਰ ਪ੍ਰੀਖਿਆ ਲਈ ਕਿਹਾ ਗਿਆ। ਉਸ ਨੇ
ਸੱਚਾਈ ਦਾ ਸਬੁਤ ਦਿੱਤਾ ਤੇ ਧਰਤੀ ਵਿੱਚ ਗਰਕ ਹੋ ਕੇ ਜਾਨ ਦੇ ਦਿੱਤੀ। ਰਾਮ ਬਹੁਤ ਉਦਸ ਹੋ ਗਿਆ।
ਪਹਿਲਾਂ ਲਛਮਣ ਨੂੰ ਮਰ ਜਾਣ ਨੂੰ ਕਿਹਾ, ਫਿਰ ਖੁਦ ਸਰਯੁ ਨਦੀ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ
ਲਈ। (ਹਿੰਦੂ ਮਿਥਿਹਾਸ ਕੋਸ਼, ਪੰਨਾ - 464)
ਵਿਚਾਰ:- ਹਿੰਦੂ ਸਮਾਜ ਵਿੱਚ ਜੇ ਪਹਿਲੇ ਦਰਜੇ ਤੇ ਕੋਈ ਪੂਜਨੀਕ ਵਿਅਕਤੀ ਹੈ ਤਾਂ ਉਹ
ਕ੍ਰਿਸ਼ਨ ਨੂੰ ਮੰਨਿਆ ਜਾ ਸਕਦਾ ਹੈ। ਦੂਜੇ ਦਰਜੇ ਤੇ ਤ੍ਰੇਤੇ ਵਾਲਾ ਰਾਮ ਚੰਦਰ, ਦਸਰਥ ਪੁੱਤਰ ਹੀ
ਹੋਵੇਗਾ। ਇਸ ਵਿਅਕਤੀ ਨੂੰ ਜਨਮ ਕਿਉਂ ਲੈਣਾ ਪਿਆ ਇਹ ਭੀ ਬੜੀ ਹਾਸੋ ਹੀਣੀ ਕਹਾਣੀ ਹੈ। ਭ੍ਰਿਗੂ
ਬ੍ਰਾਹਮਣ ਪਰਖ ਕਰਨ ਲਈ ਨਿਕਲਿਆ ਕਿ ਤਿੰਨਾਂ ਪ੍ਰਮੁੱਖ ਦੇਵਤਿਆਂ ਵਿਚੋਂ ਸਭ ਤੋਂ ਸ਼੍ਰੋਮਣੀ ਨੰਬਰ ਤੇ
ਕਿਹੜਾ ਹੈ। ਬ੍ਰਹਮਾ ਦੀ ਪੁਰੀ ਵਿੱਚ ਗਿਆ ਤਾਂ ਉਹ ਅੱਗੇ ਵਿਦਵਾਨਾਂ ਨਾਲ ਗਿਆਨ ਗੋਸ਼ਟੀ ਵਿੱਚ ਇੰਨਾ
ਮਸ਼ਰੂਫ ਸੀ ਕਿ ਭ੍ਰਿਗੂ ਦਾ ਸਨਮਾਨ ਨਾ ਕੀਤਾ। ਹੰਕਾਰੇ ਹੋਏ ਬ੍ਰਾਹਮਣ ਨੇ ਤੁਰੰਤ ਸਰਾਪ ਰੂਪੀ ਬੰਬ
ਚਲਾ ਦਿੱਤਾ “ਜਾਉ ਤੁਹਾਡੀ ਕਿਤੇ ਪੂਜਾ ਨਹੀਂ ਹੋਵੇਗੀ”। ਬ੍ਰਹਮਾ ਭ੍ਰਿਗੂ ਦੇ ਚਰਨਾਂ ਤੇ ਢਹਿ ਪਿਆ,
ਮੁਆਫੀ ਮੰਗਦਿਆਂ ਤਰਲਾ ਕੀਤਾ, “ਸਜ਼ਾ ਘੱਟ ਕਰੋ ਜੀ”। “ਠੀਕ ਹੈ ਠੀਕ ਹੈ”। ਇੱਕ ਥਾਵੇਂ ਮੰਦਰ ਮੂਰਤੀ
ਰਾਹੀਂ ਪੂਜਾ ਕਰਾਉਣ ਦੀ ਆਗਿਆ ਹੋਵੇਗੀ। ਭ੍ਰਿਗੂ ਅੱਗੇ ਸ਼ਿਵ ਪੁਰੀ ਜਾ ਪੁੱਜੇ। ਉਥੇ ਸ਼ਿਵ ਪਾਰਬਤੀ
ਕਾਮ ਕ੍ਰੀੜਾ ਵਿੱਚ ਲਿਪਤ ਵੇਖੇ। “ਜਾਉ ਲਿੰਗ ਤੇ ਯੋਨੀ ਰੂਪ ਹੋ ਜਾਉ”। ਭਿਆਨਕ ਸਰਾਪ ਦੇ ਦਿੱਤਾ।
ਵਿਚਾਰੇ ਦੋਵੇਂ ਭ੍ਰਿਗੂ ਦੇ ਚਰਨਾਂ ਤੇ ਢਹਿ ਪਏ। “ਬਖਸ਼ ਲਓ ਮਹਾਰਾਜ ਗਲਤੀ ਹੋ ਗਈ”। “ਠੀਕ ਹੈ
ਰਹੋਗੇ ਤਾਂ ਲਿੰਗ ਅਤੇ ਯੋਨੀ ਰੂਪ ਵਿੱਚ ਹੀ ਪਰ ਲੋਕੀਂ ਇਸ ਰੂਪ ਨੂੰ ਪਵਿੱਤਰ ਜਾਣ ਕੇ ਪਰਵਾਨ ਕਰ
ਲੈਣਗੇ। ਇਸੇ ਰੂਪ ਵਿੱਚ ਪੂਜਾ ਹੋਵੇਗੀ”। ਭ੍ਰਿਗੁ ਨੇ ਸਜ਼ਾ ਨਰਮ ਕਰ ਦਿੱਤੀ, ਉਸ ਸਮੇਂ ਤੋਂ ਸ਼ਿਵ
ਪਾਰਬਤੀ ਦੀ ਅਸ਼ਲੀਲ ਤਰੀਕੇ ਦੀ ਪੂਜਾ ਹੁੰਦੀ ਆ ਰਹੀ ਕਹੀਦੀ ਹੈ। ਅੱਗੇ ਇਹ ਬ੍ਰਾਹਮਣ ਭ੍ਰਿਗੂ ਪੁੱਜ
ਗਿਆ ਵਿਸ਼ਨ ਪੁਰੀ ਵਿਚ। ਚਾਰੇ ਬੰਨ੍ਹੇ ਮਧੁਰ ਸੰਗੀਤ ਚੱਲ ਰਿਹਾ ਹੈ, ਉੱਤਮ ਦਰਜੇ ਦਾ ਰਾਗਾਂ ਵਿਚ,
ਗਾਇਕ ਜੋੜੀਆਂ ਗਾ ਰਹੀਆਂ ਹਨ। ਜੋਬਨ ਮੱਤੇ ਗਦਰਾਏ ਸੁੰਦਰ ਸਰੀਰ, ਨੱਚਦਿਆਂ ਧਮਾਲਾਂ ਪਾ ਰਹੇ ਹਨ।
ਅਤਰ ਫੁਲੇਲ ਦੀਆਂ ਮਹਿਕਾਂ ਬਿਖਰ ਰਹੀਆਂ ਹਨ, ਸੋਮ ਰਸ ਭਰ ਭਰ ਪਿਆਲੇ ਡਕਾਰੇ ਜਾ ਰਹੇ ਹਨ। ਜੂਏ
ਦੀਆਂ ਬਾਜ਼ੀਆਂ ਲੱਗ ਰਹੀਆਂ ਹਨ। ਅਨੇਕ ਪਰਕਾਰ ਦੇ ਭੁੰਨੇ, ਤਲੇ ਹੋਏ, ਬਲਦਾਂ, ਝੋਟਿਆਂ ਦੇ ਮਾਸ ਨਾਲ
ਥਾਲ ਭਰ ਭਰ, ਦੇਵੀਆਂ ਦੇਵਤਿਆਂ ਅੱਗੇ ਪਰੋਸੇ ਜਾ ਰਹੇ ਹਨ। ਇਸ ਸਾਰੇ ਰਾਗ ਰੰਗ ਦੇ ਮੁਖੀ, ਉੱਚੇ
ਸੁੰਦਰ ਸਿੰਘਾਸਣ ਤੇ ਭਗਵਾਨ ਵਿਸ਼ਨੂੰ ਜੀ “ਸਵਰਗੀ ਸੁੱਖ” ਭੋਗ ਰਹੇ ਹਨ। ਸਾਜ਼, ਨਾਚ, ਰਾਗ, ਰੂਪ ਰੰਗ
ਵਿੱਚ ਮਦਹੋਸ਼ …. । ਭ੍ਰਿਗੂ ਕਿਵੇਂ ਬਰਦਾਸ਼ਤ ਕਰ ਸਕਦਾ ਸੀ, ਕੋਈ ਦੇਵਤਾ ਬ੍ਰਾਹਮਣ ਦੀ ਇੱਛਾ ਤੋਂ
ਬਿਨਾਂ ਆਹ ਸਾਰੇ ਸੁੱਖ ਭੋਗੇ? ਅਸੰਭਵ … ਅਸੰਭਵ।
“ਹੇ ਦੁਸ਼ਟ! ਤੂੰ ਬ੍ਰਹਮ ਰਿਸ਼ੀ ਦਾ ਸਨਮਾਨ ਨਹੀਂ ਕੀਤਾ, ਸਗੋਂ ਅਪਮਾਨ ਕੀਤਾ ਹੈ। ਤਖਤ ਤੋਂ ਉੱਠ ਕੇ
ਬ੍ਰਾਹਮਣ ਅੱਗੇ ਝੁਕਿਆ ਨਹੀਂ। ਜਾਉ ਮੇਰਾ ਸਰਾਪ ਹੈ। ਧਰਤੀ ਤੇ ਜਾ ਕੇ ਰਾਮ ਦੇ ਰੂਪ ਵਿੱਚ ਜਨਮ ਲਓ।
ਆਹ ਮੇਰੀ ਮੋਹਰ ਛਾਪ ਸਦਾ ਤੇਰੇ ਨਾਲ ਰਹੇਗੀ। ਉਥੇ ਜਾ ਕੇ ਸੀਤਾ ਪਤਨੀ ਦੇ ਵਿਯੋਗ ਵਿੱਚ ਵਿਲਕਦਾ
ਤੜਪਦਾ ਫਿਰ”। ਇੰਨਾ ਕਹਿ ਕੇ ਭ੍ਰਿਗੂ ਨੇ ਵਿਸ਼ਨੂੰ ਦੇ ਛਾਤੀ ਵਿੱਚ ਜ਼ੋਰ ਨਾਲ ਲੱਤ ਮਾਰ ਦਿੱਤੀ। ਪੈਰ
ਦਾ ਨਿਸ਼ਾਨ ਛਾਤੀ ਪੁਰ ਛਪ ਗਿਆ। ਅਗਲੇ ਰਾਮ ਦੇ ਜਨਮ ਸਮੇਂ ਭੀ ਇਹ ਨਿਸ਼ਾਨ ਨਾਲ ਹੀ ਛਾਤੀ ਵਿੱਚ
ਦਿਸਦਾ ਰਿਹਾ। ਵਿਸ਼ਨੂੰ ਤ੍ਰਬਕ ਕੇ ਉੱਠਿਆ, ਭ੍ਰਿਗੂ ਦੇ ਚਰਨਾਂ ਤੇ ਡਿੱਗ ਕੇ ਗਿੜਗਿੜਾਇਆ-” ਦੇਵਤਾ
ਜੀ! ਬ੍ਰਹਮ ਰਿਸ਼ੀ ਜੀ! ! ਗਲਤੀ ਹੋ ਗਈ ਮੁਆਫ ਕਰ ਦਿਓ, ਮੁਆਫ ਕਰ ਦਿਓ”। ਭ੍ਰਿਗੂ ਜੀ ਨਰਮ ਪੈ ਗਏ,
ਬਖਸ਼ਿਸ਼ ਦੇ ਘਰ ਆਏ, ਆਖਣ ਲੱਗੇ - “ਜਾਉ ਜਨਮ ਤਾਂ ਲੈਣਾ ਪਵੇਗਾ, ਪਰ ਉਸ ਜਨਮ ਵਿੱਚ ਭੀ ਤੁਹਾਡੀ
ਪੂਜਾ ਬਹੁਤ ਹੋਵੇਗੀ। ਵਿਸ਼ਨੂੰ ਰੂਪ ਵਿੱਚ ਭੀ ਸਭ ਤੋਂ ਜ਼ਿਆਦਾ ਪੂਜਾ ਤੁਸੀਂ ਕਰਵਾਓਗੇ”।
ਪਾਠਕ ਜਨੋਂ! ਤੁਸੀਂ ਸਮਝ ਹੀ ਗਏ ਹੋਵੋਗੇ ਇਸ ਕਹਾਣੀ ਨੂੰ ਬਿਆਨ ਕਰਨ ਕਰਕੇ। ਬ੍ਰਾਹਮਣ ਚਾਹੇ ਤਾਂ
ਕਿਸੇ ਦੀ ਪੂਜਾ ਕਰਵਾ ਦੇਵੇ, ਚਾਹੇ ਤਾਂ ਮਿੱਟੀ ਵਿੱਚ ਮਿਲਾ ਦੇਵੇ। ਅਸੀਂ ਤੁਸੀਂ ਕਿਹੜੇ ਬਾਗ ਦੀ
ਮੁਲੀ ਹਾਂ। ਇਸ ਨੇ ਵੱਡੇ ਵੱਡੇ ਭਗਵਾਨਾਂ ਨੂੰ ਰੋਲ ਕੇ ਰੱਖ ਦਿੱਤਾ ਹੈ। “ਮਰਿਆਦਾ ਪੁਰਸ਼ੋਤਮ” ਰਾਮ
ਜੀ ਇਸ ਮਾਤ ਲੋਕ ਵਿੱਚ ਅਜੁੱਧਿਆ ਪੁਰੀ ਵਿੱਚ ਲੋਕਾਂ ਦਾ ਕਲਿਆਣ ਕਰਨ ਲਈ ਨਹੀਂ ਪਧਾਰੇ ਸਨ। ਨਾ ਹੀ
ਉਹਨਾਂ ਆ ਕੇ ਕੋਈ ਕਾਰਜ ਸੰਵਾਰਿਆ ਹੈ। ਇੱਕੋ ਅਤੀ ਮਹੱਤਵ ਪੂਰਨ ਕਾਰਜ ਸੀ ਭ੍ਰਿਗੂ ਵੱਲੋਂ ਦਿੱਤਾ
ਗਿਆ ਸਰਾਪ ਭੁਗਤਣਾ, ਸਜ਼ਾ ਪੂਰੀ ਕਰਨੀ। ਜੇ ਬਣਵਾਸ ਮਿਲਿਆ ਤਾਂ ਇਸ ਲਈ ਕਿ ਪਿਤਾ ਮਰ ਜਾਵੇ। ਕਿਉਂਕਿ
ਦਸਰਥ ਨੂੰ ਭੀ ਸਰਾਪ ਮਿਲਿਆ ਹੋਇਆ ਸੀ। ਇਸ ਦੇ ਰਾਜ ਵਿੱਚ ਬਹੁਤ ਭਲਾ ਨੌਜਵਾਨ ਆਪਣੇ ਨੇਤਰਹੀਣ ਮਾਤਾ
ਪਿਤਾ ਨੂੰ ਤੀਰਥ ਇਸ਼ਨਾਨ ਲਈ ਲੈ ਕੇ ਆਇਆ ਸੀ। ਰਾਤ ਸਮੇਂ ਮਾਤਾ ਪਿਤਾ ਨੇ ਪਾਣੀ ਮੰਗਿਆ। ਸਰਵਣ ਪਾਣੀ
ਲੈਣ ਗਿਆ, ਪਾਣੀ ਵਿੱਚ ਬਰਤਨ ਡੋਬਿਆ ਤਾਂ ਆਵਾਜ਼ ਹੋਈ। ਦਸਰਥ ਪਾਣੀ ਪੀਣ ਆਏ ਹਿਰਨਾਂ ਦਾ ਸ਼ਿਕਾਰ ਕਰਨ
ਦੀ ਤਾਕ ਵਿੱਚ ਪਹਿਲਾਂ ਹੀ ਤਿਆਰ ਸੀ ਪਾਣੀ ਦੀ ਅਵਾਜ਼ ਸੁਣ ਕੇ ਉਸੇ ਦਿਸ਼ਾ ਵੱਲ ਤੀਰ ਛੱਡ ਦਿੱਤਾ।
ਮਨੁੱਖੀ ਆਵਾਜ਼ ਨੇ ਹਾਏ ਮਾਂ ਆਖਿਆ। ਦਸਰਥ ਨੇ ਕੋਲ ਜਾ ਕੇ ਵੇਖਿਆ ਇੱਕ ਨੌਜਵਾਨ ਤੜਫ ਰਿਹਾ ਸੀ।
ਰਾਜੇ ਨੇ ਪੁੱਛਿਆ ਤੂੰ ਕੌਣ ਹੈਂ, ਸਾਰੀ ਗੱਲ ਦੱਸੀ, ਦਸਰਥ ਇਸ ਨੂੰ ਚੁੱਕ ਕੇ ਮਾਤਾ ਪਿਤਾ ਕੋਲ ਲੈ
ਗਿਆ। ਸਾਰੀ ਹੋਈ ਬੀਤੀ ਬਜ਼ੁਰਗਾਂ ਨੂੰ ਦੱਸੀ, ਧਾਹਾਂ ਮਾਰ ਮਾਰ ਦੋਵੇਂ ਰੋਏ। ਨਾਲ ਹੀ ਸਰਾਪ ਦੇ
ਦਿੱਤਾ, “ਹੇ ਪਾਪੀ ਮਨੁੱਖ! ਤੂੰ ਸਾਡੇ ਪੁੱਤਰ ਨੂੰ ਬਿਨਾਂ ਕਸੂਰ ਤੋਂ ਮਾਰਿਆ ਹੈ। ਤੂੰ ਭੀ ਪੁੱਤਰ
ਦੇ ਵਿਛੋੜੇ ਵਿੱਚ ਹੀ ਮਰੇਂਗਾ”। ਇਸ ਤੋਂ ਬਾਦ ਸਰਵਣ ਤੇ ਉਸਦੇ ਮਾਤਾ ਪਿਤਾ ਦਮ ਤੋੜ ਗਏ। ਇਸੇ ਸਰਾਪ
ਕਾਰਨ ਦਸਰਥ ਨਾਲੋਂ ਰਾਮ ਦਾ ਵਿਛੋੜਾ ਪਿਆ। ਸਰਾਪ ਕਾਰਨ ਹੀ ਪੁੱਤਰ ਵਿਯੋਗ ਵਿੱਚ ਦਸਰਥ ਦੀ ਮੌਤ
ਹੋਈ।
ਦਸਰਥ ਰੱਥ ਤੇ ਸਵਾਰ ਸਫਰ ਕਰ ਰਿਹਾ ਸੀ। ਰਥ ਦਾ ਇੱਕ ਪਹੀਆ ਨਿਕਲ ਕੇ ਡਿੱਗਣ ਹੀ ਵਾਲਾ ਸੀ ਕਿ ਕੈਕਈ
ਰਾਣੀ ਨੇ ਆਪਣੀ ਉਂਗਲ ਉਸ ਖਾਸ ਥਾਂ ਫਿੱਟ ਕਰ ਦਿੱਤੀ ਤਾਂ ਕਿ ਪਹੀਆ ਨਿਕਲੇ ਨਾ। ਇਸ ਤਰ੍ਹਾਂ ਲੰਮਾ
ਸਫਰ ਨਿਰਬਿਘਨ ਸਮਾਪਤ ਤਾਂ ਹੋ ਗਿਆ ਪਰ ਕੈਕਈ ਦਾ ਹੱਥ ਲਹੂ ਲੁਹਾਣ ਹੋ ਗਿਆ, ਮਸਾਂ ਉਸ ਨੂੰ ਕਿੱਲੀ
ਵਾਲੀ ਥਾਂ ਤੋਂ ਕੱਢਿਆ ਗਿਆ। ਰਾਜੇ ਨੇ ਪਰਸੰਨ ਹੋ ਕੇ ਕੁੱਝ ਮੰਗਣ ਲਈ ਕਿਹਾ। ਦੂਰ ਅੰਦੇਸ਼ ਔਰਤ
ਰਾਣੀ ਕੈਕੇਈ ਨੇ ਕਿਹਾ, “ਮਾਮਲਾ ਵਿਚਾਰ ਅਧੀਨ ਰੱਖ ਲਉ। ਫਿਰ ਵਕਤ ਆਉਣ ਤੇ ਮੰਗ ਲਵਾਂਗੀ”। ਸਮਾਂ
ਬੀਤਿਆ ਪੁੱਤਰ ਹੋਏ ਜਵਾਨੀ ਚੜ੍ਹੇ ਵਿਆਹ ਕੀਤੇ। ਰਾਜ ਗੱਦੀ ਵੱਡੇ ਬੇਟੇ ਰਾਮ ਚੰਦਰ ਨੂੰ ਹੀ ਮਿਲਣੀ
ਸੀ।
ਕੈਕੇਈ ਨੇ ਆਪਣੀ ਕਈ ਸਾਲ ਤੋਂ ਬੰਦ ਪਈ ਫਾਈਲ ਖੁਲਵਾ ਲਈ। ਦਸਰਥ ਨੂੰ ਯਾਦ ਕਰਾਇਆ “ਮਹਾਰਾਜ! ਮੇਰਾ
ਉਪਕਾਰ ਤੁਹਾਡੇ ਵੱਲ ਅਜੇ ਬਾਕੀ ਹੈ, ਮੈਂ ਕੁੱਝ ਮੰਗਣਾ ਚਾਹੁੰਦੀ ਹਾਂ ਤਿਆਰ ਹੋ ਦੇਣ ਲਈ”? “ਹਾਂ
ਹਾਂ ਮਹਾਰਾਣੀ ਮੈਨੂੰ ਭੁੱਲਿਆ ਨਹੀਂ ਤੇਰਾ ਉਪਕਾਰ, ਮੰਗ ਕੀ ਮੰਗਣਾ ਹੈ”? ਰਾਣੀ ਕੈਕੇਈ ਨੇ ਤੀਰ
ਭੱਥੇ ਵਿਚੋਂ ਪੂਰੀ ਤਾਕਤ ਨਾਲ ਦਾਗ ਦਿੱਤਾ, ਜੋ ਠੀਕ ਨਿਸ਼ਾਨੇ ਤੇ ਬੈਠਾ। “ਕੀਤੇ ਵਚਨ ਮੁਤਾਬਕ ਮੇਰੇ
ਪੁੱਤਰ ਭਰਤ ਨੂੰ ਰਾਜ ਤਿਲਕ ਮਿਲੇ, ਰਾਮ ਨੂੰ ਚੌਦਾਂ ਸਾਲ ਤੱਕ ਜੰਗਲੀਂ ਵਾਸਾ ਕਰਨਾ ਹੋਵੇਗਾ,
ਮੰਜੂਰ ਹੈ”? ਬੁੱਕੀਂ ਹੰਝੂ ਕੇਰਦਿਆਂ, ਘਿਗਿਆਈ ਆਵਾਜ਼ ਵਿੱਚ ਦਸਰਥ ਨੇ ਕਿਹਾ, “ਹਾਂ ਮੰਜੂਰ ਹੈ”।
ਇਹ ਵਰਦਾਨ ਤੇ ਸਰਾਪ ਲਗਾਤਾਰ ਚੱਲਦੇ ਰਹਿੰਦੇ ਹਨ, ਹਿੰਦੂ ਸਾਹਿਤ ਦਾ ਇਹ ਇੱਕ ਜ਼ਰੂਰੀ ਅੰਗ ਹਨ।
ਇਹਨਾਂ ਵਰਾਂ ਸਰਾਪਾਂ ਤੋਂ ਬਿਨਾਂ ਕਹਾਣੀ ਵਿੱਚ ਸਸਪੈਂਸ ਯਾਨੀ ਰੌਚਕਤਾ ਹੀ ਬਾਕੀ ਨਹੀਂ ਰਹਿੰਦੀ।
ਹਾਂ ਤਾਂ ਰਾਮ ਭਗਵਾਨ ਜੀ ਨੇ ਸੁਗ੍ਰੀਵ ਨਾਲ ਵੱਡੇ ਭਰਾ ਤੋਂ ਰਾਜ ਖੋਹ ਕੇ ਦੁਆਉਣ ਦਾ ਵਿਸ਼ਵਾਸ ਦੇ
ਕੇ ਆਪਣੇ ਨਾਲ ਗੰਢਿਆ। ਸਾਰੇ ਇਨਸਾਨੀ ਅਸੂਲਾਂ ਨੂੰ ਤਿਲਾਂਜਲੀ ਦੇ ਕੇ ਬਾਲੀ ਤੇ ਗੁੱਝਾ ਵਾਰ ਕੀਤਾ।
ਬਾਲੀ ਦੀ ਪਤਨੀ ਭੀ ਸੁਗ੍ਰੀਵ ਦੇ ਹਵਾਲੇ ਕਰ ਦਿੱਤੀ ਗਈ। ਇਸੇ ਤਰ੍ਹਾਂ ਇੱਕ ਸ਼ੂਦਰ ਮਹਾਤਮਾ, ਸ਼ੰਭੂਕ
ਨੂੰ ਰਾਮ ਚੰਦਰ ਨੇ ਕਤਲ ਕੀਤਾ ਬਿਨਾਂ ਕਸੂਰ ਤੋਂ। ਸ਼ੰਭੂਕ ਜੰਗਲ ਵਿੱਚ ਇੱਕ ਆਸ਼ਰਮ ਚਲਾ ਰਿਹਾ ਸੀ।
ਕਾਫੀ ਸਾਰੇ ਸ਼ੂਦਰ ਨੌਜਵਾਲ ਉਸ ਤੋਂ ਸ਼ਸ਼ਤਰ ਅਤੇ ਸ਼ਾਸ਼ਤਰ ਪੜ੍ਹ ਰਹੇ ਸਨ। ਇਸ ਉਮੀਦ ਨਾਲ ਕਿ ਸ਼ਾਇਦ
ਅਸੀਂ ਭੀ ਕਦੀ ਇੱਜ਼ਤ ਦੀ ਜ਼ਿੰਦਗੀ ਜਿਉ ਸਕੀਏ। ਇੱਕ ਬ੍ਰਾਹਮਣ ਦਾ ਲੜਕਾ ਪਤਾ ਨਹੀਂ ਕਿਹੜੀ ਬਿਮਾਰੀ
ਨਾਲ ਮਰਿਆ ਪਰ ਇਲਜਾਮ ਇਹ ਲਾਇਆ ਕਿ ਸੰਭੂਕ ਸ਼ੂਦਰ ਦੇ ਭਗਤੀ ਕਰਨ ਕਰਕੇ ਬ੍ਰਾਹਮਣ ਪੁੱਤਰ ਮਰਿਆ ਹੈ।
ਰਾਮ ਨੂੰ ਤਿਆਰ ਕਰਕੇ ਲਿਆਂਦਾ ਗਿਆ, ਰਾਮ ਨੇ ਰਸਮੀ ਗੱਲਬਾਤ ਤੋਂ ਬਾਦ ਸੰਭੂਕ ਨੂੰ ਕਤਲ ਕਰ ਦਿੱਤਾ।
ਆਕਾਸ਼ ਵਿਚੋਂ ਦੇਵਤਿਆਂ ਨੇ ਖੁਸ਼ੀ ਵਿੱਚ ਫੁੱਲ ਬਰਸਾਏ। ਜੈ ਜੈ ਕਾਰ ਹੋਈ “ਰਾਮ ਤੁੰ ਧੰਨ ਹੈਂ” ਦੀਆਂ
ਆਵਾਜ਼ਾਂ ਗੂੰਜੀਆਂ। ਬ੍ਰਾਹਮਣ ਦਾ ਮਰਿਆ ਪੁੱਤਰ ਤੁਰੰਤ ਜੀਵਤ ਹੋ ਗਿਆ। ਵਾਹ ਮੇਰੇ ਕਰਤਾਰ! ਇਹ
ਇਨਸਾਫ “ਮਰਿਆਦਾ ਪੁਰਸ਼ੋਤਮ” ਰਾਮ ਦਾ?
ਰਾਵਣ ਦੀ ਭੈਣ ਨੇ ਸਹਿਜ ਨਾਲ ਰਾਮ ਅੱਗੇ ਵਿਆਹ ਦਾ ਸੁਝਾਉ ਰੱਖਿਆ। ਉਹ ਜਾਣਦੀ ਸੀ ਕਿ ਰਾਮ ਸੋਹਣਾ
ਹੈ, ਜੁਆਨ ਹੈ, ਰਾਜ ਕੁਮਾਰ ਹੈ। ਰਾਜੇ ਅਕਸਰ ਇੱਕ ਤੋਂ ਵੱਧ ਵਿਆਹ ਭੀ ਕਰਵਾ ਲੈਂਦੇ ਹਨ। ਸਰੁਪਨਖਾਂ
ਭੀ ਤਾਂ ਰਾਜੇ ਦੀ ਬੇਟੀ, ਰਾਜੇ ਦੀ ਭੈਣ, ਸੋਹਣੀ ਜਵਾਨ ਮੁਟਿਆਰ ਸੀ। ਉਹ ਜਾਣਦੀ ਸੀ ਕਿ ਸੀਤਾ ਦਸ
ਬਾਰਾਂ ਸਾਲ ਵਿੱਚ ਬੱਚੇ ਨੂੰ ਜਨਮ ਨਹੀਂ ਦੇ ਸਕੀ ਤਾਂ ਬੱਚੇ ਦੀ ਪ੍ਰਾਪਤੀ ਵਾਸਤੇ, ਰਾਮ ਵਿਆਹ
ਕਰਾਉਣਾ ਮੰਨ ਹੀ ਜਾਵੇਗਾ। ਰਾਮ ਲਛਮਣ ਦੀ ਭਲੇਮਾਣਸੀ ਵੇਖੋ। ਬਜਾਏ ਸਮਝਾ ਬੁਝਾ ਕੇ ਵਾਪਸ ਭੇਜ
ਦਿੰਦੇ, ਉਸ ਦੀ ਨੱਕ ਵੱਢ ਦਿੱਤੀ। ਕਿੰਨੀ ਸੁੰਦਰ ਮਿਸਾਲ ਪੇਸ਼ ਕੀਤੀ ਹੈ, ਮਰਿਆਦਾ ਪ੍ਰਸ਼ੋਤਮ ਜੀ ਨੇ।
ਅਸਲ ਵਿੱਚ ਇਸ ਨੱਕ ਵੱਢਣ ਵਾਲੀ ਘਟਨਾ ਪਿੱਛੇ, ਕੋਈ ਛੁਪਿਆ ਰਾਜ ਹੈ। ਜਿਵੇਂ ਕੋਈ ਔਰਤ ਵਿਧਵਾ ਹੋ
ਜਾਵੇ ਤਾਂ ਕਹਿ ਦਿੱਤਾ ਜਾਂਦਾ ਹੈ “ਸਿਰੋਂ ਨੰਗੀ ਹੋ ਗਈ”। ਕਿਸੇ ਬੁਰੀ ਘਟਨਾ ਮਗਰੋਂ ਕਹਿ ਦਿੱਤਾ
ਜਾਂਦਾ ਹੈ “ਪੱਗ ਨੂੰ ਦਾਗ ਲੱਗ ਗਿਆ”। ਕਿਸੇ ਔਰਤ ਦੇ ਗਰਭ ਵਿੱਚ ਬੱਚਾ ਹੋਵੇ ਤਾਂ ਕਿਹਾ ਜਾਂਦਾ ਹੈ
“ਪੈਰ ਭਾਰੀ ਹੈ”। ਇਹਨਾਂ ਸਾਰੀਆਂ ਗੱਲਾਂ ਦੇ ਭਾਵ ਅਰਥ ਹੋਰ ਹਨ, ਸ਼ਬਦ ਅਰਥ ਹੋਰ ਹਨ। ਸਰੂਪ ਨਖਾਂ
ਦਾ “ਨੱਕ ਵੱਢ ਦਿੱਤਾ”। ਇਸ ਦਾ ਮਤਲਬ ਹੈ ਉਸ ਨਾਲ ਬਲਾਤਕਾਰ ਕੀਤਾ ਗਿਆ। ਉਸ ਨੂੰ ਬੇਪਤ ਕੀਤਾ ਗਿਆ
ਹੈ। ਨੱਕ ਚਾਕੂ ਛੁਰੀ ਲੈ ਕੇ ਨਹੀਂ ਵੱਢਿਆ, ਸਗੋਂ ਇੱਜ਼ਤ ਲਾਹ ਦਿੱਤੀ ਗਈ। ਇਹ ਸੀ ਕਰਤੂਤ ਇਹਨਾਂ
“ਲਛਮਣ ਜਤੀ ਅਤੇ ਰਾਮ ਮਰਿਆਦਾ ਪੁਰਸ਼ੋਤਮ” ਦੀ।
ਸਰੂਪਨਖਾਂ ਨੇ ਵਿਲ੍ਹਕਦਿਆਂ ਸਾਰੀ ਹੋਈ ਬੀਤੀ ਆਪਦੇ ਭਰਾ ਰਾਵਣ ਨੂੰ ਕਹਿ ਸੁਣਾਈ। ਕੌਣ ਭਰਾ ਜੋ ਭੈਣ
ਦੇ ਅਪਮਾਨ ਨੂੰ ਸੁਣ ਕੇ ਆਪੇ ਤੋਂ ਬਾਹਰ ਨਹੀਂ ਹੋਵੇਗਾ? ਮਰਨ ਮਾਰਨ ਤੇ ਨਹੀਂ ਉਤਰੇਗਾ? ਰਾਵਣ ਆਇਆ
ਭੇਸ ਵਟਾ ਕੇ ਦੋਵਾਂ ਭਰਾਵਾਂ ਨੂੰ ਚਕਮਾ ਦੇ ਕੇ ਸੀਤਾ ਨੂੰ ਚੁੱਕ ਕੇ ਲੈ ਗਿਆ। ਆਪਣੇ ਮਹਿਲ ਵਿੱਚ
ਬੈੱਡਰੂਮ ਵਿੱਚ ਨਹੀਂ ਲੈ ਗਿਆ। ਹਾਲਾਂਕਿ ਸੀਤਾ ਉਸ ਦੇ ਰਹਿਮ ਤੇ ਸੀ। ਕਦੇ ਭੀ ਹਵਸ ਪੂਰਤੀ ਕਰ
ਸਕਦਾ ਸੀ। ਇੱਕ ਸ਼ਕਤੀਸ਼ਾਲੀ ਰਾਜਾ ਸੀ ਰਾਵਣ। ਇੱਕ ਫਕੀਰ ਦੀ ਪਤਨੀ ਦੀ ਉਸ ਅੱਗੇ ਕੀ ਤਾਕਤ ਸੀ? ਪਰ
ਉਹ ਅਸੂਲਾਂ ਤੇ ਪਹਿਰਾ ਦਿੰਦਾ ਸੀ। ਸੀਤਾ ਨੂੰ ਆਪਣੇ ਬਾਗ ਵਿੱਚ ਘਰ ਬਣਾ ਦੇ ਠਹਿਰਾਇਆ ਗਿਆ। ਸੇਵਾ
ਵਿੱਚ ਗੋਲੀਆਂ ਤੇ ਹੋਰ ਸਭ ਸਹੂਲਤਾਂ ਦਾ ਪ੍ਰਬੰਧ ਕੀਤਾ। ਹਰ ਰੋਜ਼ ਖੁਦ ਆ ਕੇ ਹਾਲ ਪੁੱਛਦਾ ਅਤੇ
ਵਿਆਹ ਬਾਰੇ “ਹਾਂ” ਕਰਾਉਣ ਦੀ ਕੋਸ਼ਿਸ਼ ਕਰਦਾ। ਸੀਤਾ ਮੂੰਹ ਵਿੱਚ ਘਾਹ ਦਾ ਤੀਲਾ ਲੈ ਕੇ ਆਪਣੀ
ਕਮਜ਼ੋਰੀ ਜਾਂ ਲਾਚਾਰਗੀ ਪਰਗਟ ਕਰਦੀ ਤਾਂ ਰਾਵਣ ਵਾਪਸ ਪਰਤ ਜਾਂਦਾ। ਲੱਗਭਗ ਇੱਕ ਸਾਲ ਤੱਕ ਰਾਵਣ ਨੇ
ਸੀਤਾ ਨਾਲ ਕੋਈ ਧੱਕਾ ਨਾ ਕੀਤਾ। ਜਦੋਂ ਜੰਗ ਲੱਗੀ, ਲੰਕਾ ਉੱਜੜੀ ਬਹੁਤ ਸਾਰੇ ਲੋਕ ਮਰੇ, ਸਾਜਿਸ਼ਾਂ
ਰਚੀਆਂ ਗਈਆਂ, ਸੀਤਾ ਵਾਪਸ ਲਿਆਂਦੀ ਗਈ। ਵਾਪਸ ਲਿਆ ਕੇ ਅਗਨੀ ਪ੍ਰੀਖਿਆ ਦੇਣ ਲਈ ਸ਼ਰਤ ਰੱਖੀ ਗਈ। ਜੇ
ਸੀਤਾ “ਪਵਿੱਤਰ” ਹੈ ਤਾਂ ਅਗਨੀ ਨਾ ਸਾੜੇ। ਸੀਤਾ ਬਚ ਗਈ। ਭਾਵੇਂ ਇਹ ਪੂਰੀ ਤਰ੍ਹਾਂ ਝੁਠ ਹੈ ਕਿ
ਸੀਤਾ ਨੂੰ ਅਗਨੀ ਨੇ ਨਹੀਂ ਸਾੜਿਆ ਅੱਗ ਕਿਸੇ ਨਾਲ ਲਿਹਾਜ਼ ਨਹੀਂ ਕਰਦੀ। ਭਾਵੇਂ ਨਵ ਜਨਮੇ ਬੱਚੇ
ਬੱਚੀ ਨੂੰ ਅਗਨੀ ਤੇ ਲਿਟਾ ਦਿਓ, ਜਿਨ੍ਹਾਂ ਹਾਲੀ ਦੁਨੀਆ ਵਿੱਚ ਕੋਈ ਪਾਪ ਨਹੀਂ ਕੀਤਾ। ਅੱਗ ਉਹਨਾਂ
ਨੂੰ ਭੀ ਉਵੇਂ ਹੀ ਸਾੜੇਗੀ ਫੂਕੇਗੀ, ਜਿਵੇਂ ਵੱਡੇ ਪਾਪੀਆਂ ਨੂੰ ਸਾੜਦੀ ਹੈ। ਅੱਗ ਕੋਲ ਅਜਿਹਾ ਕੋਈ
ਗਿਆਨ ਨਹੀਂ ਹੈ ਕਿ ਪਾਪੀਆਂ ਤੇ ਧਰਮੀਆਂ ਦੀ ਪਰਖ ਕਰ ਸਕੇ। ਔਰਤਾਂ ਵਾਸਤੇ ਹੀ ਬਾਰ ਬਾਰ ਅਗਨੀ
ਪ੍ਰੀਖਿਆ ਹੁੰਦੀ ਹੈ। ਰਾਮ ਲਈ ਕੋਈ ਅਗਨੀ ਪ੍ਰੀਖਿਆ ਨਹੀਂ ਹੈ। ਕਿਸੇ ਭੀ ਆਦਮੀ ਲਈ ਨਹੀਂ ਹੈ।
ਰਾਵਣ ਤੇ ਇਹ ਇਲਜ਼ਾਮ ਲਾਇਆ ਜਾਂਦਾ ਹੈ ਕਿ ਉਹ ਦੇਵਤਿਆਂ ਦੇ ਯੱਗ ਵਿੱਚ ਵਿਘਨ ਪਾਉਂਦਾ ਸੀ। ਕਦੀ ਸੋਚ
ਕੇ ਤਾਂ ਵੇਖੋ, ਕਿ ਯੱਗਾਂ ਵਿੱਚ ਹੁੰਦਾ ਕੀ ਹੈ? ਅਣਗਿਣਤ ਜਾਨਵਰਾਂ ਦੀ ਬਲੀ ਇੱਕ ਸਾਲ ਤੱਕ ਮਾਸ ਦੇ
ਸੜੇ ਜਾਣ ਦੀ ਦੁਰਗੰਧ। ਘੋੜਿਆਂ, ਗਊਆਂ, ਮਝਾਂ, ਬੱਕਰਿਆਂ ਦਾ ਮਾਸ ਲਗਾਤਾਰ ਖਾਣਾ ਖਵਾਉਣਾ। ਖਾਣ
ਪੀਣ ਵਾਲੀ ਬੇਅੰਤ ਸਮੱਗਰੀ ਅੱਗ ਵਿੱਚ ਸਾੜੀ ਜਾਣਾ, ਧਰਮ ਕਰਮ ਜਾਣਕੇ। ਇਨਸਾਨ ਭਾਵੇਂ ਭੁੱਖੇ
ਵਿਲ੍ਹਕ ਰਹੇ ਹੋਣ। ਰਾਵਣ ਨਹੀਂ ਸੀ ਚਾਹੁੰਦਾ ਇਸ ਤਰ੍ਹਾਂ ਦੇ ਪਾਖੰਡਾਂ ਨੂੰ ਧਰਮ ਕਿਹਾ ਜਾਵੇ। ਉਸ
ਨੇ ਅਖੌਤੀ ਦੇਵਤਿਆਂ ਨੂੰ ਚੰਗਾ ਕੁਟਾਪਾ ਚਾਹੜਿਆ। ਉਹਨਾਂ ਦੇ ਜੱਗ ਆਦਿ ਬੰਦ ਕਰਵਾ ਦਿੱਤੇ। ਇਸ ਤੋਂ
ਮਗਰੋਂ ਆਰੀਆਨ ਰਾਵਣ ਦੇਵਤਿਆਂ ਨੇ ਬੇਈਮਾਨੀ ਵਾਲਾ ਰਾਹ ਅਖਤਿਆਰ ਕੀਤਾ। ਸਾਜਿਸ਼ਾਂ ਵਿੱਚ ਮੁੱਖ
ਭਾਈਵਾਲ ਬਣਿਆ ਰਾਵਣ ਦਾ ਇੱਕ ਭਰਾ ਭਬੀਸ਼ਨ। “ਘਰ ਪਾਟਿਆ ਦਹਿਸਿਰਾ ਮਾਰਿਆ”, ਜਾ ਘਰ ਦਾ ਭੇਤੀ ਲੰਕਾ
ਢਾਹੇ” ਵਰਗੇ ਮੁਹਾਵਰੇ ਪਰਚਲਤ ਇੱਥੋਂ ਹੀ ਹੋਏ ਹਨ।
ਰਾਮ ਨੂੰ ਜਾਣੀਂ ਜਾਣ ਕਰਕੇ ਪਰਚਾਰਿਆ ਗਿਆ ਹੈ। ਉਸ ਨੂੰ ਇਹ ਜਾਣਕਾਰੀ ਕਿਉਂ ਨਹੀਂ ਸੀ ਕਿ ਬਨਵਾਸ
ਦੌਰਾਨ ਮੇਰੇ ਨਾਲ ਕੀ ਕੀ ਘਟਨਾਵਾਂ ਵਾਪਰਨਗੀਆਂ? ਸਰੂਪ ਨਖਾਂ ਨਾਲ ਜੋ ਅਤੀ ਨੀਵੀਂ ਪੱਧਰ ਦਾ ਸਲੂਕ
ਕੀਤਾ, ਕੀ ਉਸ ਦੇ ਨਤੀਜਿਆਂ ਬਾਰੇ ਭੀ ਗਿਆਨ ਨਹੀਂ ਸੀ? ਜਦੋਂ ਕਿ ਆਮ ਬੰਦਾ ਭੀ ਪਰਾਈ ਲੜਕੀ ਨਾਲ
ਅਜਿਹਾ ਸਲੂਕ ਕਰਨ ਤੋਂ ਪਹਿਲਾਂ ਕਈ ਵਾਰ ਸੋਚਦਾ ਹੈ। ਰਾਮ ਲਛਮਣ ਨੇ ਇਹ ਸੋਚਣ ਦੀ ਖੇਚਲ ਹੀ ਨਾ
ਕੀਤੀ? ਰਾਵਣ ਨੇ ਮਾਰੀਚ ਨੂੰ ਸੋਨੇ ਦਾ ਹਿਰਨ ਬਣ ਕੇ ਰਾਮ ਦੀ ਝੌਂਪੜੀ ਦੇ ਨੇੜੇ ਲੰਘਣ ਲਈ ਕਿਹਾ।
ਜਦੋਂ ਸੁਨਹਿਰੀ ਹਿਰਨ ਲੰਘਿਆ ਤਾਂ ਰਾਮ ਉਸ ਨੂੰ ਫੜਨ ਲਈ ਪਿੱਛੇ ਦੌੜਿਆ। ਕੀ ਉਸ ਨੂੰ ਇੰਨਾਂ ਭੀ
ਪਤਾ ਨਹੀਂ ਸੀ ਕਿ ਸੋਨੇ ਦੇ ਹਿਰਨ ਨਹੀਂ ਹੋਇਆ ਕਰਦੇ? ਰਾਵਣ ਨੇੜੇ ਤੇੜੇ ਹੀ ਘੁੰਮ ਰਿਹਾ ਸੀ, ਰਾਮ
ਕੁਟੀਆ ਤੋਂ ਦੂਰ ਚਲਾ ਗਿਆ ਸੀ। ਸੀਤਾ ਚੁੱਕੀ ਜਾਣੀ ਸੀ, ਰਾਮ ਨੂੰ ਤਾਂ ਕੋਈ ਇਲਮ ਨਾ ਹੋਇਆ? ਸੀਤਾ
ਨੂੰ ਰਾਵਣ ਚੱਕ ਕੇ ਲੈ ਗਿਆ। ਰਾਮ ਹਨੂੰਮਾਨ ਨੂੰ ਲੱਭਣ ਭੇਜਦਾ ਰਿਹਾ, ਆਪਣੀ ਜਾਣੀ ਜਾਣਤਾ ਵਿਚੋਂ
ਨਾ ਲੱਭ ਸਕਿਆ ਪਈ ਸੀਤਾ ਰਾਵਣ ਦੇ ਬਾਗ ਵਿੱਚ ਕੈਦ ਹੈ? ਸੀਤਾ ਨੂੰ ਵਾਪਸ ਲਿਆ ਕੇ ਅਗਨੀ ਪ੍ਰੀਖਿਆ
ਲੈਂਦਾ ਹੈ, ਉਸ ਨੂੰ “ਤੀਜੇ ਨੇਤਰ” ਦੁਆਰਾ ਪਤਾ ਨਾ ਲੱਗਾ ਕਿ ਸੀਤਾ ਪਵਿੱਤਰ ਹੈ? ਨਾਲੇ ਜੇ ਸੀਤਾ
ਨਾਲ ਰਾਵਣ ਕੋਈ ਵਧੀਕੀ ਕਰਦਾ ਭੀ ਤਾਂ ਕਸੂਰਵਾਰ ਸੀਤਾ ਨਹੀਂ ਸੀ। ਕਿਉਂਕਿ ਉਹ ਕਮਜ਼ੋਰ ਸੀ, ਲਾਚਾਰ
ਸੀ, ਰਾਜਸੀ ਤਾਕਤ ਅੱਗੇ ਬੇਬਸ ਸੀ। ਕਸੂਰਵਾਰ ਹੋਣਾ ਸੀ ਰਾਮ ਚੰਦਰ ਜੋ ਉਸ ਦੀ ਰਾਖੀ ਨਾ ਕਰ ਸਕਿਆ।
ਕਸੂਰਵਾਰ ਸੀ ਰਾਵਣ ਜਿਨ੍ਹੇ ਤਾਕਤ ਦੀ ਦੁਰਵਰਤੋਂ ਕੀਤੀ। ਫਿਰ ਅਜੋਧਿਆ ਵਾਪਸ ਪਹੁੰਚਣ ਤੇ ਕੁੱਝ ਹੀ
ਸਮੇਂ ਅੰਦਰ ਸੀਤਾ ਨੂੰ ਘਰੋਂ ਕੱਢ ਦਿੰਦਾ ਹੈ। ਉਸ ਵਕਤ ਸੀਤਾ ਗਰਭਵਤੀ ਸੀ। ਕੀ ਰਾਮ ਚੰਦਰ ਇਹੀ
ਪਰੰਪਰਾ ਕਾਇਮ ਕਰਨੀ ਚਾਹੁੰਦੇ ਸਨ ਆਪਦੇ ਰਾਮ ਰਾਜ ਵਿਚ? ਕੀ ਇਸਤਰੀ ਬੇਕਸੂਰ ਹੋਣ ਤੇ ਭੀ ਸਜ਼ਾ ਦੀ
ਭਾਗੀਦਾਰ ਹੈ, ਘਰੋਂ ਕੱਢੀ ਜਾ ਸਕਦੀ ਹੈ। ਜੋ ਹਿੰਦੂ ਜਥੇਬੰਦੀਆਂ “ਰਾਮ ਰਾਜ” ਲਿਆਉਣ ਦਾ ਬੇਸੁਰਾ
ਰਾਗ ਅਲਾਪਦੀਆਂ ਹਨ, ਕੀ ਉਹ ਇਸੇ ਤਰ੍ਹਾਂ ਦਾ ਰਾਮ ਰਾਜ ਹੋਵੇਗਾ? ਅਖੀਰ ਵਿੱਚ ਫਿਰ ਸੀਤਾ ਦੀ
ਪ੍ਰੀਖਿਆ ਹੁੰਦੀ ਹੈ, ਵਾਲਮੀਕ ਕੋਲੋ ਵਾਪਸ ਆਉਣ ਤੇ। ਕਹਾਣੀ ਮੁਤਾਬਕ ਸੀਤਾ ਪਰਮਾਤਮਾ ਅੱਗੇ ਬੇਨਤੀ
ਕਰਦੀ ਹੈ “ਹੇ ਭਗਵਾਨ! ਮੈਂਥੋਂ ਬਾਰ ਬਾਰ ਪ੍ਰੀਖਿਆਵਾਂ ਵਿਚਂ ਦੀ ਨਹੀਂਲੰਘਿਆ ਜਾਂਦਾ। ਮੈਂ ਹੋਰ
ਕਸ਼ਟ ਭੋਗਣ ਤੋਂ ਅਸਮਰੱਥ ਹਾਂ। ਜੇ ਮੈਂ ਸੱਚੀ ਹਾਂ ਤਾਂ ਧਰਤੀ ਮਾਂ ਮੈਨੂੰ ਆਪਣੇ ਵਿੱਚ ਸਮਾ ਲਵੇ”।
ਧਰਤੀ ਪਾਟ ਗਈ, ਸੀਤਾ ਸੱਚੀ ਸੀ ਧਰਤੀ ਵਿੱਚ ਸਮਾ ਗਈ। ਰਾਮ ਚੰਦਰ ਬਹੁਤ ਰੋਇਆ। ਲਛਮਣ ਨੇ ਧਰਵਾਸ
ਦੇਣ ਦਾ ਜਤਨ ਕੀਤਾ ਤਾਂ ਰਾਮ ਨੇ ਉਸ ਨੂੰ ਦਰਿਆ ਵਿੱਚ ਡੁੱਬ ਕੇ ਮਰਨ ਲਈ ਆਖ ਦਿੱਤਾ। ਲਛਮਣ ਨੇ ਭੀ
ਆਤਮ ਹੱਤਿਆ ਕਰ ਲਈ। ਫਿਰ ਰਾਮ ਚੰਦਰ ਪੂਰੇ ਸ਼ਹਾਨਾ ਠਾਠ ਨਾਲ ਪਰਜਾ ਸਮੇਤ ਸਰਜੂ ਨਦੀ ਤੇ ਜਾ
ਪਹੁੰਚਿਆ। ਸਾਰੇ ਧਾਰਮਕ ਕਾਰਜ ਨਿਭਾ ਕੇ ਅਰਦਾਸਾਂ ਕਰਕੇ ਮੰਤਰ ਪੜ੍ਹਕੇ ਦਰਿਆ ਵਿੱਚ ਛਲਾਂਗ ਲਗਾ ਕੇ
ਆਤਮ ਹੱਤਿਆ ਕਰ ਲਈ। ਬੋਲ “ਭਗਵਾਨ ਰਾਮ ਚੰਦਰ ਕੀ ਜੈ”। ਬੇਅੰਤ ਰਾਮ ਭਗਤਾਂ ਨੇ ਭੀ ਆਤਮ ਹੱਤਿਆ ਕਰ
ਲਈ। ਆਉ ਹੁਣ ਜੋ ਰਾਮ ਚੰਦਰ ਦੀ ਸ਼ਖਸੀਅਤ ਬਾਰੇ, ਗੁਰਬਾਣੀ ਦਾ ਫੈਸਲਾ ਹੈ ਪੜ੍ਹੀਏ:-
ਰੋਵੈ ਰਾਮ ਨਿਕਾਲਾ ਭਇਆ।। ਸੀਤਾ ਲਖਮਣੁ ਵਿਛੁੜਿ ਗਇਆ।। (953)
ਗੁਰੂ ਨਾਨਕ ਸਾਹਿਬ ਦੱਸਦੇ ਹਨ; ਹੇ ਭਾਈ! ਜਿਸ ਰਾਮ ਨੂੰ ਤੁਸੀਂ ਰੱਬ ਸਮਝੀਂ ਬੈਠੇ ਹੋ, ਉਹ ਰੱਬ
ਨਹੀਂ ਸੀ। ਤੁਸੀਂ ਉਸ ਦੇ ਕੰਮ ਵੇਖੋ ਪੜ੍ਹੋ। ਜਦੋਂ ਰਾਮ ਨੂੰ ਰਾਜ ਵਿਚੋਂ ਬਨਵਾਸ ਲਈ ਭੇਜਿਆ ਗਿਆ,
ਸਾਰੇ ਸੁੱਖਾਂ ਤੋਂ ਵਾਂਝਾ ਹੋ ਗਿਆ, ਉਸ ਵਕਤ ਰਾਮ ਚੰਦਰ ਧਾਹਾਂ ਮਾਰ ਕੇ ਰੋਇਆ। ਫਿਰ ਜਦੋਂ ਸੀਤਾ
ਨੂੰ ਰਾਵਣ ਲੈ ਗਿਆ ਉਸ ਵਕਤ ਰਾਮ ਬਹੁਤ ਰੋਇਆ। ਜਦੋਂ ਲਛਮਣ ਜ਼ਖਮੀ ਹੋ ਕੇ ਮਰਣ ਕਿਨਾਰੇ ਪਿਆ ਸੀ,
ਤਾਂ ਉਸ ਵਕਤ ਭੀ ਰਾਮ ਚੰਦਰ ਭੁੱਬਾਂ ਮਾਰ ਮਾਰ ਰੋਇਆ ਸੀ। ਕੀ ਰੱਬ ਇਸ ਤਰ੍ਹਾਂ ਰੋਇਆ ਕਰਦਾ ਹੈ?
ਅਜਿਹੇ ਮਨੁੱਖ ਨੂੰ ਤੁਸੀਂ ਪਰਮਾਤਮਾ ਕਿਵੇਂ ਆਖ ਸਕਦੇ ਹੋ?
ਪਾਂਡੇ ਤੁਮਰਾ ਰਾਮ ਚੰਦੁ ਸੋ ਭੀ ਆਵਤੁ ਦੇਖਿਆ ਥਾ।।
ਰਾਵਨ ਸੇਤੀ ਸਰਬਰ ਹੋਈ ਘਰ ਜੀ ਜੋਇ ਗਵਾਈ ਥੀ।। (875)
ਸਤਿਕਾਰਯੋਗ ਨਾਮਦੇਵ ਜੀ ਫੁਰਮਾਨ ਕਰਦੇ ਹਨ; ਹੇ ਭਾਈ! ਮੈਂ ਤੁਹਾਡੇ ਰਾਮ ਅਵਤਾਰ ਬਾਰੇ ਚੰਗੀ
ਤਰ੍ਹਾਂ ਪੜ੍ਹ ਵਿਚਾਰ ਲਿਆ ਹੈ। ਦੱਸਣ ਦੀ ਲੋੜ ਨਹੀਂ, ਮੈਂ ਜਾਣਦਾ ਹਾਂ। ਜੋ ਕੁੱਝ ਉਸ ਨੇ ਇੱਥੇ ਆ
ਕੇ ਕੀਤਾ, ਮੈਨੂੰ ਚੰਗੀ ਤਰ੍ਹਾਂ ਪਤਾ ਹੈ। ਕਿਹੜੀ ਸੂਰਮਗਤੀ ਬਿਆਨ ਕਰਨ ਲੱਗੇ ਹੋ ਉਸ ਦੀ? ਰਾਵਣ
ਨਾਲ ਟਕਰਾਉ ਹੋਇਆ, ਝਗੜਾ ਵਧਿਆ, ਨਿਕਲਿਆ ਕੀ ਆਪਣੀ ਪਤਨੀ ਗੁਆ ਬੇਠਾ। ਕੀ ਇਸੇ ਰਾਮ ਨੂੰ ਭਗਵਾਨ ਆਖ
ਰਹੇ ਹੋ?
ਰਾਮੁ ਝੁਰੈ ਦਲ ਮੇਲਵੈ, ਅੰਤਰਿ ਬਲੁ ਅਧਿਕਾਰ।। ਬੰਤਰ ਕੀ ਸੈਨਾ ਸੈਵੀਐ,
ਮਨਿ ਤਨਿ ਜੁਝੁ ਅਪਾਰੁ।।
ਸੀਤਾ ਲੈ ਗਇਆ ਦਹਸਿਰੋ ਲਛਮਣੁ ਮੂਓ ਸਰਾਪਿ।। ਨਾਨਕ ਕਰਤਾ ਕਰਣਹਾਰੁ ਕਰਿ ਵੇਖੈ ਥਾਪਿ ਉਥਾਪਿ।।
ਮਨ ਮਹਿ ਝੂਰੈ ਰਾਮ ਚੰਦੁ ਸੀਤਾ ਲਛਮਣ ਜੋਗੁ।। ਹਣਵੰਤਰੁ ਆਰਾਧਿਆ ਆਇਆ ਕਰਿ ਸੰਜੋਗੁ।। (1412)
ਗੁਰੂ ਨਾਨਕ ਸਾਹਿਬ ਅਸਲੀਅਤ ਦੱਸਦੇ ਹਨ; ਹੇ ਭਾਈ! ਰਾਮ ਚੰਦਰ ਬਹੁਤ ਘਬਰਾਇਆ ਹੋਇਆ ਹੈ। ਫੌਜ ਕੋਲ
ਨਹੀਂ ਹੈ। ਖੱਤਰੀ ਰਾਜ ਹੋਣ ਦਾ ਮਾਣ ਸੀ ਉਹ ਭੀ ਨਹੀਂ ਰਿਹਾ। ਬੰਦਰਾਂ ਦੀ ਫੌਜ ਤਿਆਰ ਕਰਨ ਬਾਰੇ
ਕੋਸ਼ਿਸ਼ ਵਿੱਚ ਹੈ। ਇਹ ਮੁਸੀਬਤ ਕੋਈ ਛੋਟੀ ਨਹੀਂ ਹੈ, ਕਿ ਸੀਤਾ ਨੂੰ ਰਾਵਣ ਉਧਾਲ ਕੇ ਲੈ ਗਿਆ। ਲਛਮਣ
ਪਿਛਲੇ ਕਿਸੇ ਸਰਾਪ ਕਾਰਨ ਮਰ ਗਿਆ। ਹੇ ਭਾਈ! ਵਾਹਿਗੁਰੂ ਕਰਤਾ ਪੁਰਖੁ ਸਮਰੱਥ ਹੈ, ਉਹ ਜਿਵੇਂ
ਚਾਹਵੇ ਕਰ ਸਕਦਾ ਹੈ। ਰਾਮ ਚੰਦਰ ਅਤੀ ਪ੍ਰੇਸ਼ਾਨੀ ਵਿੱਚ ਹੈ, ਕਿਉਂਕਿ ਸੀਤਾ ਵਿਛੁੜ ਗਈ, ਲਛਮਣ ਮਰਣ
ਕਿਨਾਰੇ ਹੈ। ਅਜਿਹੀ ਮੁਸੀਬਤ ਦੀ ਘੜੀ ਵਿੱਚ ਕੀਤਾ ਵੀ ਕੀ ਜਾ ਸਕਦਾ ਹੈ? ਹਨੂੰਮਾਨ ਕੋਲ ਸੇਵਕ
ਭੇਜੇ, ਸਾਰੀ ਦੁੱਖ ਭਰੀ ਵਿਥਿਆ ਸੁਣਾਈ। ਹਨੂੰਮਾਨ ਨੇ ਸਹਾਇਤਾ ਕਰਨ ਦਾ ਵਚਨ ਦਿੱਤਾ। ਸੰਖੇਪ ਢੰਗ
ਨਾਲ ਗੁਰਬਾਣੀ ਵਿੱਚ ਇਹਨਾਂ “ਭਗਵਾਨਾਂ” ਬਾਰੇ ਸਭ ਕੁੱਝ ਮੌਜੂਦ ਹੈ। ਕਿਸੇ ਪਰਉਪਕਾਰ ਬਾਰੇ ਰਾਮ
ਚੰਦਰ ਦੀ ਜ਼ਿੰਦਗੀ ਵਿਚੋਂ ਰਾਈ ਮਾਤਰ ਨਹੀਂ ਮਿਲੇਗਾ। ਬਹੁ ਗਿਣਤੀ ਦੇ ਜ਼ੋਰ ਰਾਮ ਚੰਦਰ ਇੱਕ ਆਮ ਜਿਹੇ
ਮਨੁੱਖ ਨੂੰ “ਸਰਬ ਕਲਾ ਸਮਰੱਥ, ਭਗਵਾਨ “ ਬਣਾ ਕੇ ਪੇਸ਼ ਕਰ ਦਿੱਤਾ ਗਿਆ ਹੈ।
ਸਿੱਖਾਂ ਦੀ ਹਾਲਤ ਪੂਰੀ ਤਰ੍ਹਾਂ ਨਿਘਰ ਚੁੱਕੀ ਹੈ। ਆਪਣੇ ਮਹਾਨ ਪਰਉਪਕਾਰੀ ਗੁਰੂ ਸਾਹਿਬਾਨ ਤੇ
ਭਗਤਾਂ ਦੀਆਂ ਕਹਾਣੀਆਂ ਸਟੇਜਾਂ ਤੇ ਕਿਤੇ ਕਿਤੇ ਹੀ ਸੁਣਾਈਆਂ ਜਾਂਦੀਆਂ ਹਨ। ਸਿੱਖਾਂ ਵੱਲੋਂ ਕੀਤੇ
ਅਨੂਠੇ ਬਹਾਦਰੀ ਤੇ ਸੇਵਾ ਦੇ ਕਾਰਜ ਲੱਗਭਗ ਵਿਸਾਰ ਦਿੱਤੇ ਗਏ ਹਨ। ਅਜਿਹੇ ਪਾਤਰ ਸਿੱਖ ਪ੍ਰਚਾਰਕਾਂ
ਲਈ ਖਾਸ ਖਿੱਚ ਰੱਖਦੇ ਹਨ। ਕਿਉਂਕਿ ਇਹ ਲੋਕ ਅੰਦਰੋਂ ਮਨ ਕਰਕੇ ਸਿੱਖ ਬਣੇ ਹੀ ਨਹੀਂ। ਕੇਵਲ ਸਿੱਖੀ
ਦਾ ਭੇਖ ਧਾਰਨ ਕੀਤਾ ਹੋਇਆ ਹੈ। ਮੁਖੀ ਜਥੇਬੰਦੀਆਂ ਗੁਰੂ ਨੂੰ ਬੇਦਾਵਾ ਦੇ ਚੁੱਕੀਆਂ ਹਨ।
ਪ੍ਰਚਾਰਕਾਂ ਦੀ ਤਿਆਰੀ ਕੋਈ ਨਹੀਂ ਹੈ। ਸਾਧ ਲਾਣਾ ਡੇਰੇ ਟਕਸਾਲਾਂ ਬ੍ਰਾਹਮਣ ਵਾਦ ਨੂੰ ਕੁੱਛੜ ਚੁੱਕ
ਕੇ ਸਿੱਖ ਸਟੇਜਾਂ ਤੇ ਕਾਬਜ਼ ਹੋ ਚੁੱਕੀਆਂ ਹਨ। ਸੱਚੀ ਬਾਣੀ, ਗੁਰਬਾਣੀ ਨੂੰ ਤਿਆਗ ਕੇ ਆਪਣੀਆਂ
ਘੜੀਆਂ ਕਵਿਤਾਵਾਂ ਨੂੰ ਗਾ ਕੇ, “ਕੀਰਤਨ” ਕੀਤਾ ਜਾ ਰਿਹਾ ਹੈ। ਸਿੱਖਾਂ ਨੂੰ ਮਾਨਸਿਕ ਪੱਖੋਂ
ਦਿਵਾਲੀਏ ਬਣਾ ਦਿੱਤਾ ਹੈ। ਇਹੋ ਜਿਹੀਆਂ ਨਖਿੱਧ ਕਥਾਵਾਂ ਗੁਰੂਆਂ ਨਾਲ ਭੀ ਜੋੜ ਦਿੱਤੀਆਂ ਹਨ।
ਗੁਰਬਾਣੀ ਵਿੱਚ ਰਾਮ ਚੰਦਰ ਦਸਰਥ ਦੇ ਪੁੱਤਰ ਦਾ ਜ਼ਿਕਰ ਅਲੱਗ ਪਰਸੰਗਾਂ ਵਿੱਚ ਆਇਆ ਹੈ। ਜ਼ੱਰੇ ਜ਼ੱਰੇ
ਵਿੱਚ ਰਮੇ ਹੋਏ ਰਾਮ ਦਾ ਜ਼ਿਕਰ ਅਨੰਤ ਵਾਰੀ ਆਇਆ ਹੈ। ਸਿੱਖਾਂ ਨੂੰ ਸਤਿਗੁਰੂ ਜੀ ਨੇ ਨਿਰੰਕਾਰ ਦੇ
ਚਰਨਾਂ ਨਾਲ ਜੋੜਿਆ ਹੈ, ਦਸਰਥ ਪੁੱਤਰ ਨਾਲ ਨਹੀਂ, ਜੋ ਖੁਦ ਹੀ ਮੁਸੀਬਤਾਂ ਵਿੱਚ ਫਸਿਆ ਰੋਂਦਾ
ਵਿਲਕਦਾ ਰਿਹਾ। ਚਾਲਬਾਜ਼ ਤੇ ਅਣਜਾਣ ਲੋਕਾਂ ਨੇ ਦੋਵੇਂ “ਰਾਮਾਂ” ਨੂੰ ਰਲਗੱਡ ਕਰ ਦਿੱਤਾ ਹੈ। ਸਿੱਖ
ਲਾਣਾ ਭੁਲੇਖੇ ਦਾ ਸ਼ਿਕਾਰ ਹੋ ਗਿਆ ਹੈ। ਅਗਲੀਆਂ ਪੰਕਤੀਆਂ ਵਾਹਿਗੁਰੂ “ਰਾਮ” ਪਰਥਾਇ ਹਨ। ਆਓ ਵਿਚਾਰ
ਕਰ ਲਈਏ:-
ਰਾਮ ਰਾਮ ਸਭੁ ਕੋ ਕਹੈ, ਕਹਿਐ ਰਾਮੁ ਨ ਹੋਇ।।
ਗੁਰ ਪਰਸਾਦੀ ਰਾਮੁ ਮਨਿ ਵਸੈ ਤਾ ਫਲੁ ਪਾਵੈ ਕੋਇ।। (491)
ਹੇ ਭਾਈ! ਰਾਮ ਰਾਮ ਤਾਂ ਬਹੁਤ ਲੋਕ ਆਖ ਰਹੇ ਹਨ। ਕੇਵਲ ਕਹਿਣ ਮਾਤਰ ਨਾਲ ਕੋਈ ਪ੍ਰਾਪਤੀ ਨਹੀਂ
ਹੋਵੇਗੀ। ਗੁਰੂ ਦੀ ਸਿੱਖਿਆ ਨਾਲ, ਪਰਮੇਸ਼ਰ ਹਿਰਦੇ ਵਿੱਚ ਵਸ ਜਾਵੇ। ਮਨੁੱਖ ਮੰਦੇ ਕੰਮਾਂ ਤੋਂ ਬਚ
ਜਾਵੇ, ਇਹ ਹੈ ਰਾਮ ਕਹਿਣ ਦਾ ਮਕਸਦ।
ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ, ਰਾਮੁ ਨਾ ਪਾਇਆ ਜਾਇ।।
ਅਗਮੁ ਅਗੋਚਰੁ ਅਤਿ ਵਡਾ, ਅਤੁਲੁ ਨ ਤੁਲਿਆ ਜਾਇ।। (555)
ਹੇ ਭਾਈ ਗੁਰਸਿੱਖੋ! ਸਾਰਾ ਸੰਸਾਰ ਹੀ ਰਾਮ ਰਾਮ ਦੀ ਰਟ ਲਾਉਂਦਾ ਫਿਰ ਰਿਹਾ ਹੈ, ਪਰ ਰਾਮ ਦੀ
ਪ੍ਰਾਪਤੀ ਕਿਸੇ ਨੂੰ ਨਹੀਂ ਹੋਈ। ਉਹ ਰਾਮ ਅਤੁੱਲ ਹੈ, ਅਪਹੁੰਚ ਹੈ, ਅਤਿਅੰਤ ਵੱਡਾ ਹੈ। ਉਸ ਨੂੰ
ਪਕੜ ਵਿੱਚ ਕਿਵੇਂ ਲਿਆਓਗੇ? ਹਾਂ ਜੇ ਗੁਰੂ ਕਿਰਪਾ ਕਰ ਦੇਵੇ ਤਾਂ ਸਮਝ ਆ ਸਕਦੀ ਹੈ।
ਬਾਣੀ ਰਾਮ ਨਾਮ ਸੁਣੀ ਸਿਧਿ ਕਾਰਜ ਸਭਿ ਸੁਹਾਏ ਰਾਮ।।
ਰੋਮੇ ਰੋਮਿ ਰੋਮਿ ਰੋਮੇ ਮੈ ਗੁਰਮੁਖਿ ਰਾਮੁ ਧਿਆਏ ਰਾਮ।। (443)
ਹੇ ਭਾਈ! ਗੁਰੂ ਦੀ ਪਾਵਨ ਬਾਣੀ ਸੁਣੀ, ਜਿਸ ਵਿਚੋਂ ਰਾਮ ਨਾਮ ਦੀ ਸਮਝ ਲੱਗੀ। ਫਿਰ ਮੇਰਾ ਵਿਗੜਿਆ
ਮਨ, ਸਹੀ ਰਾਹ ਤੇ ਆ ਗਿਆ ਵਿਕਾਰ ਤਜ ਦਿੱਤੇ। ਮੈਂ ਸਵਾਸ ਸਵਾਸ ਰੋਮ ਰੋਮ, ਹਰ ਵਕਤ ਰਾਮ (ਰੱਬ) ਨੂੰ
ਯਾਦ ਕੀਤਾ। ਗੁਰੂ ਦੇ ਦੱਸੇ ਮਾਰਗ ਤੇ ਚੱਲ ਪਿਆ ਹਾਂ।
ਕਬੀਰ ਰਾਮ ਕਹਨ ਮਹਿ ਭੇਦੁ ਹੈ, ਤਾ ਮਹਿ ਏਕੁ ਬਿਚਾਰੁ।। ਸੋਈ ਰਾਮੁ ਸਭੈ
ਕਹਹਿ ਸੋਈ ਕਉਤਕਹਾਰ।।
ਕਬੀਰ ਰਾਮੈ ਰਾਮ ਕਹੁ ਕਹਿਬੇ ਮਾਹਿ ਬਿਬੇਕ।। ਏਕੁ ਅਨੈਕਹਿ ਮਿਲਿ ਗਇਆ ਏਕ ਸਮਾਨਾ ਏਕ।। (1374)
ਕਬੀਰ ਜੀ ਬੜਾ ਸੁੰਦਰ ਉਪਦੇਸ਼ ਦੇ ਰਹੇ ਹਨ; ਹੇ ਭਾਈ! ਰਾਮ ਕਹਿਣ ਵਿੱਚ ਇੱਕ ਗੁਪਤ ਭੇਦ ਹੈ। ਇਹ ਖਾਸ
ਵਿਚਾਰਨ ਯੋਗ ਗੱਲ ਹੈ। ਰਾਮ ਰਾਮ ਤਾਂ ਸਾਰੇ ਕਹਿੰਦੇ ਹਨ, ਪਰ ਸਾਰਿਆਂ ਨੂੰ ਸਮਝ ਨਹੀਂ ਹੈ। ਦਸਰਥ
ਪੁੱਤਰ ਨੂੰ ਹੀ ਰਾਮ ਮੰਨੀ ਜਾਂਦੇ ਹਨ। ਅਸਲ ਰਾਮ ਤਾਂ ਉਹ ਹੈ ਜੋ ਸਾਰੀ ਸ੍ਰਿਸ਼ਟੀ ਵਿੱਚ ਕੌਤਕ ਵਰਤਾ
ਰਿਹਾ ਹੈ। ਹੇ ਕਬੀਰ ਤੂੰ ਭੀ ਰਾਮ ਆਖ! ਪਰ ਆਖੀਂ ਬਿਬੇਕ ਬੁੱਧੀ ਨਾਲ ਤੁੰ ਉਸ ਰਾਮ ਨੂੰ ਹਿਰਦੇ
ਵਿੱਚ ਵਸਾਉਣਾ ਹੈ, ਜੋ ਘਟ ਘਟ ਵਿੱਚ ਰਮਿਆ ਹੋਇਆ ਹੈ। ਕਿਤੇ ਭੁੱਲ ਕੇ ਭੀ ਉਸ ਰਾਮ ਨੂੰ ਸਾਹਮਣੇ ਨਾ
ਲਿਆਵੀਂ ਜੋ ਆਪਣੇ ਤੱਕ ਸੀਮਿਤ ਸੀ, ਜੋ ਦਸਰਥ ਦਾ ਬੇਟਾ ਸੀ।
ਸਭੇ ਘਟ ਰਾਮੁ ਬੋਲੈ ਰਾਮਾ ਬੋਲੈ।। ਰਾਮ ਬਿਨਾ ਕੋ ਬੋਲੈ ਰੇ।। (998)
ਹੇ ਭਾਈ! ਅਸੀਂ ਉਸ ਨਿਰੰਕਾਰ ਦੇ ਮੰਨਣ ਵਾਲੇ ਹਾਂ, ਜੋ ਸਾਰੇ ਜੀਵਾਂ ਵਿੱਚ ਇੱਕ ਰਸ ਵਿਆਪਕ ਹੈ। ਉਸ
ਰਾਮ ਤੋਂ ਬਿਨਾਂ ਹੈ ਹੀ ਕੋਈ ਨਹੀਂ। ਦੂਜਾ ਰਾਮ ਤਾਂ ਰਾਵਣ ਦੇ ਨਾਲ ਹੀ ਚਲਾ ਗਿਆ:-
ਰਾਮੁ ਗਇਓ ਰਾਵਨੁ ਗਇਓ, ਜਾ ਕਉ ਬਹੁ ਪਰਵਾਰੁ।।
ਕਹੁ ਨਾਨਕ ਥਿਰੁ ਕਛੁ ਨਹੀ, ਸੁਪਨੇ ਜਿਉ ਸੰਸਾਰ।। (1428)