ਵਿਸਾਖੀ 1469 ਜਾਂ 1699?
ਵਿਸਾਖੀ ਵਾਲੇ ਦਿਨ ਕੀ ਹੋਇਆ, ਕੀ
ਨਹੀ ਹੋਇਆ, ਇਹਦੇ ਬਾਰੇ ਵੀਚਾਰ ਆਪਾਂ ਅੱਗੇ ਚੱਲ ਕੇ ਕਰਾਂਗੇ। ਸੱਭ ਤੋਂ ਅਹਿਮ ਸਵਾਲ ਇਹ ਹੈ ਕਿ
ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾਉਣ (ਖੰਡੇ-ਬਾਟੇ ਦੀ ਪਾਹੁਲ) ਵਾਸਤੇ ਵਿਸਾਖੀ ਨੂੰ ਹੀ
ਕਿਉਂ ਚੁਣਿਆ? ਸਾਡਾ ਇਤਹਾਸ ਗੰਧਲਾ ਕਰ ਦਿੱਤਾ ਗਿਆ ਹੋਣ ਕਰਕੇ ਅੱਜ ਜ਼ਿਆਦਾਤਰ ਸਿੱਖਾਂ ਨੂੰ ਇਹ ਨਹੀ
ਪਤਾ ਕਿ ਪਹਿਲੇ ਪਾਤਸ਼ਾਹ, ਗੁਰੂ ਨਾਨਕ ਸਾਹਿਬ, ਦਾ ਜਨਮ ਦਿਹਾੜਾ ਕੀ ਹੈ? ਪਾਲ ਸਿੰਘ ਪੁਰੇਵਾਲ,
ਨਾਨਕ ਸ਼ਾਹੀ ਕੈਲੰਡਰ ਵਾਲਿਆਂ ਮੁਤਾਬਕ {Asu vadi 10, 1596 BK= 1596
Asu 8 (Sunday) subtract age 70 y 5m 7d= birth date = 1526 Vaisakh 1 ( Monday)}
ਇਸ ਦਿਨ ਵੈਸਾਖ ਦੀ ਪੂਰਨਮਾਸ਼ੀ ਸੀ ਨਾ ਕਿ ਕਤਕ ਦੀ।
ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਗੁਰੂ ਨਾਨਕ ਸਾਹਿਬ ਨੂੰ ਨੀਵਾਂ ਦਿਖਾਉਣ ਤੇ ਆਮ ਮਨੁੱਖ ਦੀ
ਤਰ੍ਹਾਂ ਦੁਨੀਆਂ ਦਾ ਭਰਮਣ ਕਰਦਾ ਇਸ ਕਰਕੇ ਦਿਖਾਇਆ ਗਿਆ ਹੈ ਕਿ ਗੁਰੂ ਨਾਨਕ ਸਾਹਿਬ ਨੂੰ ਪਿਛਲੇ
ਜਨਮ ਵਿੱਚ ਰਾਜੇ ਜਨਕ ਦਾ ਸਰਾਪ ਲੱਗਿਆ ਸੀ ਤੇ ਉਹ ਸਰਾਪ ਪੂਰਾ ਹੋਣ ਤੇ ਹੀ ਗੁਰੂ ਜੀ ਦਾ ਉਧਾਰ
ਹੋਣਾ ਹੈ। ਸਾਖੀਆਂ ਲਿਖਣ ਵਾਲਿਆਂ ਦਾ ਮੰਤਵ ਇਹੀ ਹੈ ਕਿ ਪਹਿਲੇ ਪਾਤਸ਼ਾਹ ਨੇ ਦੁਨੀਆਂ ਦਾ ਉਧਾਰ ਕਰਨ
ਲਈ ਆਪਣੇ ਪ੍ਰਚਾਰ ਦੌਰੇ ਨਹੀ ਕੀਤੇ ਸਗੋਂ ਸਰਾਪ ਪੂਰਾ ਕਰਨ ਲਈ, ਜੋ ਕਿ ਗੁਰੂ ਜੀ ਨਾਲ ਸਰਾ-ਸਰ
ਧ੍ਰੋਹ ਹੈ। ਪੁਰਾਤਨ ਜਨਮ ਸਾਖੀ ਵਾਲੇ ਲਿਖਾਰੀ ਨੇ ਤਾਂ ਗੁਰੂ ਨਾਨਕ ਸਾਹਿਬ ਦੀ ਜਨਮ ਤਾਰੀਖ ਤਿੰਨ
ਵਿਸਾਖ ਹੀ ਮੰਨੀ ਹੈ। ਪਰ ਜ਼ਿਆਦਾ ਮਸ਼ਹੂਰ ਹੋ ਚੁੱਕੀ ਭਾਈ ਬਾਲੇ ਵਾਲੀ ਸਾਖੀ ਨੇ ਤਾਂ ਗੁਰੂ ਦੀ
ਇਕੱਲ਼ੀ ਜਨਮ ਤਾਰੀਖ ਹੀ ਨਹੀ ਬਦਲੀ ਸਗੋਂ ਜਨਮ ਤਾਰੀਖ ਹੀ ਬ੍ਰਾਹਮਣੀ ਵਿਸ਼ਵਾਸ਼ ਅਨੁਸਾਰ ਕਿਸੇ ਮਨਹੂਸ
ਦਿਨ ਤੇ ਮਹੀਨੇ ਨਾਲ ਜੋੜ ਦਿੱਤੀ। ਜਿਸ ਮਹੀਨੇ ਵਿੱਚ ਬੱਚਾ ਤਾਂ ਕੀ ਕੱਟਾ ਵੱਛਾ ਪੈਦਾ ਹੋਇਆ ਹੀ
ਮਾੜਾ ਸਮਝਿਆ ਜਾਂਦਾ ਸੀ।
ਸ੍ਰ. ਕਰਮ ਸਿੰਘ ਪਹਿਲੇ ਹਿਸਟੋਰੀਅਨ ਹੋਏ ਹਨ ਜਿਨ੍ਹਾਂ ਨੇ ਖੋਜ ਦੇ ਅਧਾਰ ਤੇ ‘ਕਤਕ ਕਿ ਵੈਸਾਖ’
ਕਿਤਾਬ ਲਿਖ ਕਿ ਇਹ ਸਿੱਧ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਤਿੰਨ ਵੈਸਾਖ ਨੂੰ ਪੈਦਾ ਹੋਏ ਹਨ। ਇਸ
ਕਰਕੇ ਸ੍ਰ. ਕਰਮ ਸਿੰਘ ਹਿਸਟੋਰੀਅਨ ਨੂੰ ਸਿੱਖ ਪੰਥ ਵਿਚੋਂ ਛੇਕਣ ਦੀਆਂ ਪੂਰੀਆਂ ਤਿਆਰੀਆਂ ਤਾਂ
ਹੋਈਆਂ ਸਨ ਪਰ ਛੇਤੀ ਅਕਾਲ ਚਲਾਣਾ ਕਰਨ ਕਰਕੇ ਉਹ ਪੁਜਾਰੀਵਾਦ ਦੀ ਜਾੜ੍ਹ ਹੇਠਾਂ ਆਉਣੋ ਬੱਚ ਨਿਕਲੇ।
ਬਾਅਦ ਵਿੱਚ ਪ੍ਰੋ ਸਾਹਿਬ ਸਿੰਘ ਤੇ ਕਈ ਹੋਰਨਾਂ ਨੇ ਵੀ ਗੁਰੂ ਨਾਨਕ ਸਾਹਿਬ ਦਾ ਜਨਮ ਵੈਸਾਖ ਦਾ ਹੀ
ਸਿੱਧ ਕੀਤਾ ਹੈ। ਇਹੀ ਕਾਰਣ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ-ਬਾਟੇ ਦੀ ਪਾਹੁਲ ਲਈ ਵੈਸਾਖ
ਨੂੰ ਹੀ ਚੁਣਿਆ।
ਗੁਰੂ ਬਾਣੀ ਮੁਤਾਬਕ ਵੈਸਾਖ ਦੀ ਮਹੱਤਤਾ।
ਆਮ ਸਿੱਖ ਸੰਗਤਾਂ ਦੀ ਵਾਕਫੀ ਲਈ ਇਹ ਲਿਖ ਰਿਹਾ ਹਾਂ ਕਿ ਗੁਰੂ ਨਾਨਕ ਸਾਹਿਬ ਤੁਖਾਰੀ ਰਾਗ ਵਿਚ,
ਪੰਨਾ 1107, ਤੇ ਗੁਰੂ ਅਰਜਨ ਦੇਵ ਜੀ ਮਾਝ ਰਾਗ ਵਿਚ, ਪੰਨਾ 133 ਤੇ ਬਾਰਹ ਮਾਹਾ ਲਿਖਦੇ ਹਨ।
ਦੋਹਾਂ ਬਾਰਹ ਮਾਹਾ ਪਰਸ-ਪਰ ਮੇਲ ਕਰਕੇ ਦੇਖਣ ਤੋਂ ਪਤਾ ਚੱਲਦਾ ਹੈ ਕਿ ਕਿਤਨੀ ਸਾਂਝ ਹੈ, ਇੱਕ ਦੂਜੇ
ਦੀ ਤਰਜਮਾਨੀ ਹੈ।
ਵੈਸਾਖੁ ਭਲਾ, ਸਾਖਾ ਵੇਸ ਕਰੇ॥ ਧਨ ਦੇਖੈ ਹਰਿ ਦੁਆਰਿ ਆਵਹੁ ਦਇਆ ਕਰੇ॥
ਘਰਿ ਆਉ ਪਿਆਰੇ ਦੁਤਰ ਤਾਰੇ ਤੁਧੁ ਬਿਨੁ ਅਢੁ ਨ ਮੋਲੋ॥ ਕੀਮਤਿ ਕਉਣ ਕਰੇ ਤੁਧੁ ਭਾਵਾਂ ਦੇਖਿ
ਦਿਖਾਵੈ ਢੋਲੋ॥ ਦੂਰਿ ਨ ਜਾਨਾ ਅੰਤਰਿ ਮਾਨਾ ਹਰਿ ਕਾ ਮਹਲੁ ਪਛਾਨਾ॥ ਨਾਨਕ ਵੈਸਾਖੀਂ ਪ੍ਰਭੁ ਪਾਵੈ
ਸੁਰਤਿ ਸਬਦਿ ਮਨੁ ਮਾਨਾ॥ 6॥ {ਪੰਨਾ 1108}
ਵੈਸਾਖਿ ਧੀਰਨਿ ਕਿਉ ਵਾਢੀਆ, ਜਿਨਾ ਪ੍ਰੇਮ ਬਿਛੋਹੁ॥ ਹਰਿ ਸਾਜਨੁ ਪੁਰਖੁ ਵਿਸਾਰਿ ਕੈ, ਲਗੀ ਮਾਇਆ
ਧੋਹੁ॥ ਪੁਤ੍ਰ ਕਲਤ੍ਰ ਨ ਸੰਗਿ ਧਨਾ, ਹਰਿ ਅਵਿਨਾਸੀ ਓਹੁ॥ ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ
ਮੋਹੁ॥ ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ॥ ਦਯੁ ਵਿਸਾਰਿ ਵਿਗੁਚਣਾ, ਪ੍ਰਭ ਬਿਨੁ ਅਵਰੁ ਨ
ਕੋਇ॥ ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ॥ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪਰਾਪਤਿ
ਹੋਇ॥ ਵੈਸਾਖੁ ਸੁਹਾਵਾ ਤਾਂ ਲਗੈ, ਜਾ ਸੰਤ ਭੇਟੈ ਹਰਿ ਸੋਇ॥ 3॥ {ਪੰਨਾ 133}
ਵੈਸਾਖ ਦਾ ਮਹੀਨਾ ਕਿਤਨਾ ਚੰਗਾ ਲੱਗਦਾ ਹੈ। ਨਵੀਆਂ ਕਰੂੰਬਲਾਂ ਨੂੰ ਦੇਖ ਕੇ ਮਨ ਵਿੱਚ ਇਹ ਸਵਾਲ
ਪੈਦਾ ਹੁੰਦਾ ਹੈ ਕਿ ਐ ਬੰਦੇ ਸਾਰੀ ਬਨਾਸਪਤੀ ਬਦਲ ਗਈ ਹੈ ਕੀ ਤੇਰੇ ਵਿੱਚ ਵੀ ਕੋਈ ਤਬਦੀਲੀ ਆਈ ਹੈ?
ਜਿਹੜਾ ਤੇਰਾ ਅਸਲੀ ਮਿਤਰ ਹੈ ਉਸਨੂੰ ਵਿਸਾਰ ਕੇ ਤੂੰ ਸਿਰਫ ਮਾਇਆ ਵਿੱਚ ਗਲਤਾਨ ਹੋਇਆ ਹੋਇਆ ਹੈਂ।
ਇਸ ਕਰਕੇ ਤੇਰੇ ਬੱਚੇ ਵੀ ਭੂਤਨਿਆਂ ਦੀ ਤਰ੍ਹਾਂ ਹੀ ਹੋ ਜਾਣਗੇ। ਕੁੱਝ ਸਮਝ ਕਰ।
ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ। ਬਾਬੇ ਤਾਰੇ ਚਾਰਿ ਚਕਿ ਨਉ ਖਡਿ ਪ੍ਰਿਥਵੀ
ਸਚਾ ਢੋਆ। ਗੁਰਮੁਖਿ ਕਲਿ ਵਿਚਿ ਪਰਗਟੁ ਹੋਆ॥ ਵਾਰ ਪਹਿਲੀ ਪਉੜੀ 27.
{ਘਰ ਘਰ ਵਿਖੇ ਧਰਮਸਾਲਾਂ ਹੋਈਆਂ ਅਰ ਕੀਰਤਨ ਹੋਣ ਲੱਗਾ (ਮਾਨੋ) ਸਦਾ ਵਿਸਾਖੀ ਰਹਿੰਦੀ ਹੈ।}
ਵਿਸੋਆ ਦਾ ਮਤਲਬ ਹੈ ਵਿਸਾਖੀ। ਭਾਈ ਗੁਰਦਾਸ ਜੀ ਵੀ ਵਿਸਾਖੀ ਮਨਾਉਣ ਦੇ ਉਤਸ਼ਾਹ ਦਾ ਜ਼ਿਕਰ ਕਰਦੇ ਹਨ।
ਦਰਅਸਲ ਵਿਸਾਖੀ ਮਨਾਉਣ ਦਾ ਅਧਿਕਾਰੀ ਬ੍ਰਾਹਮਣ ਸੀ, ਦੁਸਿਹਰਾ ਖੱਤਰੀਆਂ ਦਾ, ਦੀਵਾਲੀ ਵੈਸ਼ਾਂ ਦੀ ਤੇ
ਹੋਲੀ ਸ਼ੁਦਰਾਂ ਦੀ। ਇਹ ਵੀ ਇੱਕ ਚਤਰਾਈ ਹੀ ਹੈ ਕਿ ਹੋਲੀ ਤੇ ਗੰਦ-ਪਿਲ ਖਿਲਾਰੋ ਕਿਉਂਕਿ ਸਾਫ ਤਾਂ
ਬਾਅਦ ਵਿੱਚ ਸ਼ੂਦਰ ਕੋਲੋਂ ਹੀ ਕਰਵਾਉਣਾ ਹੈ। ਇਸ ਤਰ੍ਹਾਂ ਕਰਕੇ ਸ਼ੂਦਰਾਂ ਦੀ ਗੰਦ ਨੂੰ ਸਾਫ ਕਰਨ ਦੀ
ਆਦਤ ਬਣੀ ਰਹੇ। ਪਰ ਇਸ ਦੇ ਉਲਟ ਗੁਰੂ ਸਾਹਿਬਾਨ ਨੇ ਵਿਸਾਖੀ ਦੇ ਅਤੇ ਹੋਲੀ ਦੇ ਤਿਉਹਾਰ ਦੀ ਕਾਇਆਂ
ਹੀ ਪਲਟ ਦਿੱਤੀ ਅਤੇ ਐਲਾਨ ਕੀਤਾ ਕਿ ਕੋਈ ਵੀ ਤਿਉਹਾਰ ਹਰ ਕੋਈ ਮਨਾ ਸਕਦਾ ਹੈ। ਹੋਲੀ ਨੂੰ
ਹੋਲੇ-ਮਹੱਲੇ ਵਿੱਚ ਬਦਲ ਦਿੱਤਾ। ਇਨ੍ਹਾਂ ਦਿਨਾਂ ਤੇ ਲੋਕਾਂ ਨੂੰ ਫੌਜਾਂ ਦੀਆਂ ਜੰਗੀ ਤਿਆਰੀਆਂ ਦੇ
ਕਰਤਵ ਦਿਖਾਏ ਗਏ। ਜਿਹੜੇ ਨਿਹੰਗ ਸਿੰਘ ਅੱਜ ਗਤਕੇ ਦੇ ਕਰਤਵ ਅਨੰਦ ਪੁਰ ਜਾਂ ਕਿਧਰੇ ਹੋਰ ਦਿਖਾਉਂਦੇ
ਹਨ ਇਹ ਸੱਭ ਕੁੱਝ ਗੁਰੂ ਸਾਹਿਬਾਨ ਦੀ ਹੀ ਦੇਣ ਹੈ। ਜਿਸ ਭੰਗੜੇ ਨੂੰ ਪੰਜਾਬੀ ਅੱਜ ਲੋਕ ਨਾਚ ਕਰਕੇ
ਪ੍ਰਚਾਰਦੇ ਹਨ ਜੇ ਇਸਦੇ ਕਦਮ ਤੇ ਹੱਥਾਂ ਵਿੱਚ ਡਾਗਾਂ ਵੱਲ ਗਹੁ ਨਾਲ ਵੇਖਿਆ ਜਾਵੇ ਤਾਂ ਪਤਾ ਚੱਲਦਾ
ਹੈ ਕਿ ਭੰਗੜਾ ਗੱਤਕੇ ਦੀ ਹੀ ਦੇਣ ਹੈ ਜੋ ਆਪਣੀ ਰੱਖਿਆ ਵਾਸਤੇ ਗੁਰੂ ਕੀਆਂ ਫੌਜ਼ਾਂ ਸਿਖਿਆ ਕਰਦੀਆਂ
ਸਨ।
ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ ਹੀ ਲੋਕਾਂ ਨੂੰ ਆਪਣੇ ਹੱਕਾਂ ਲਈ ਜੂਝਣ ਲਈ ਤਿਆਰ ਕੀਤਾ ਜਾ
ਰਿਹਾ ਸੀ। ਭਗਤ ਕਬੀਰ ਜੀ ਦੇ ਵੇਲੇ ਤੋਂ ਹੀ ਗੁਰਬਾਣੀ ਨਾਲ ਜੁੜਨ ਵਾਲਿਆਂ ਨੂੰ ਖਾਲਸਾ ਸੋਚ ਨਾਲ
ਜੋੜਿਆ ਜਾ ਰਿਹਾ ਸੀ।
ਪਰਿਓ ਕਾਲੁ ਸਭੈ ਜਗ ਊਪਰ, ਮਾਹਿ ਲਿਖੇ ਭ੍ਰਮ ਗਿਆਨੀ॥ ਕਹੁ ਕਬੀਰ ਜਨ ਭਏ
ਖਾਲਸੇ, ਪ੍ਰੇਮ ਭਗਤਿ ਜਿਹ ਜਾਨੀ॥ 4॥ 3॥ {ਪੰਨਾ 654}
ਇਸੇ ਹੀ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਖਲਕਤ ਵਿੱਚ ਖਾਲਸਾਈ ਸੋਚ ਭਰਦੇ ਹਨ ਤੇ ਆਪਣੇ ਹੱਕਾਂ ਲਈ
ਜਾਨਾਂ ਵਾਰਨ ਲਈ ਉਨ੍ਹਾਂ ਨੂੰ ਤਿਆਰ ਕਰਦੇ ਹਨ।
ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ
ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥ 20॥ (ਪੰਨਾ 1412)
ਮ: 1 ਸਲੋਕੁ॥ ਸੋ ਜੀਵਿਆ, ਜਿਸੁ ਮਨਿ ਵਸਿਆ ਸੋਇ॥ ਨਾਨਕ ਅਵਰੁ ਨ ਜੀਵੈ
ਕੋਇ॥ ਜੇ ਜੀਵੈ, ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥ ਰਾਜਿ ਰੰਗੁ, ਮਾਲਿ ਰੰਗੁ, ਰੰਗਿ
ਰਤਾ, ਨਚੈ ਨੰਗੁ॥ ਨਾਨਕ ਠਗਿਆ ਮੁਠਾ ਜਾਇ॥ ਵਿਣੁ ਨਾਵੈ ਪਤਿ ਗਇਆ ਗਵਾਇ॥ 1॥ {ਪੰਨਾ 142}
ਆਪਣੀ ਪੱਤ ਦੀ ਰਾਖੀ ਲਈ ਲੋਕਾਂ ਨੂੰ ਗੁਰੂ ਨਾਨਕ ਦੇਵ ਜੀ ਸੱਚ ਨਾਲ ਜੁੜਨ ਦਾ ਸੱਦਾ ਦਿੰਦੇ
ਹਨ। ਲੋਕੋ ਸੱਚ ਦੀ ਪਹਿਚਾਣ ਕਰੋ, ਸੱਚ ਨੂੰ ਜ਼ਿੰਦਗੀ ਵਿੱਚ ਅਪਣਾਉ ਤੇ ਸੱਚ ਹੀ ਮੇਰਾ ਸਾਹਿਬ ਹੈ।
ਗੁਰੂ ਤਾਂ ਉਸਨੂੰ ਹੀ ਜਿਉਂਦਾ ਮੰਨਦੇ ਹਨ ਜਿਸ ਦੇ ਮਨ ਵਿੱਚ ਸੱਚ ਰੂਪੀ ਪ੍ਰਮਾਤਮਾ ਵਸਿਆ ਹੋਇਆ ਹੈ
ਬਾਕੀ ਦਿਆਂ ਨੂੰ ਤਾਂ ਗੁਰੂ ਜੀ ਜਿਉਂਦਾ ਹੀ ਨਹੀ ਮੰਨਦੇ।
ਮੈ ਬੰਦਾ ਬੈ ਖਰੀਦੁ ਸਚੁ ਸਾਹਿਬੁ ਮੇਰਾ॥ ਜੀਉ ਪਿੰਡੁ ਸਭੁ ਤਿਸ ਦਾ ਸਭੁ
ਕਿਛੁ ਹੈ ਤੇਰਾ॥ 1॥ ਮਾਣੁ ਨਿਮਾਣੇ ਤੂੰ ਧਣੀ ਤੇਰਾ ਭਰਵਾਸਾ॥ ਬਿਨੁ ਸਾਚੇ ਅਨ ਟੇਕ ਹੈ ਸੋ ਜਾਣਹੁ
ਕਾਚਾ॥ 1॥ ਰਹਾਉ॥ ਮ 5, ਪੰਨਾ 396॥
ਕੁੱਝ ਲੋਕ ਐਸਾ ਪ੍ਰਚਾਰ ਕਰਨ ਵਿੱਚ ਰੁਝੇ ਹੋਏ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਬਾਕੀ ਨੌਂ ਗੁਰੂ
ਸਾਹਿਬਾਨ ਨਾਲੋਂ ਬਿਲਕੁਲ ਵੱਖਰੇ ਸਨ। “ਵਾਹ ਵਾਹ ਗੋਬਿੰਦ ਸਿੰਘ ਆਪੁ ਗੁਰ ਚੇਲਾ”। ਵਾਰ 41ਵੀਂ।
ਆਪਣੇ ਇਤਹਾਸ ਤੋਂ ਅਸੀਂ ਆਪ ਹੀ ਵਾਕਿਫ ਨਹੀ ਹੋਣਾ ਚਾਹੁੰਦੇ ਤਾਂ ਇਸ ਵਿੱਚ ਕਿਸੇ ਦਾ ਕੀ ਕਸੂਰ।
ਆਪਣੇ ਚੇਲੇ ਮੂਹਰੇ ਆਪਣਾ ਸੀਸ ਨਿਵਾ ਕੇ ਉਸਨੂੰ ਆਪਣੀ ਪਦਵੀ ਦੇ ਦੇਣ ਦੀ ਪ੍ਰਿਤ ਗੁਰੂ ਨਾਨਕ ਸਾਹਿਬ
ਤੋਂ ਸਿੱਖ ਧਰਮ ਵਿੱਚ ਚੱਲੀ ਆ ਰਹੀ ਹੈ ਅਤੇ ਨਿਰਮਲ ਪੰਥ/ਖਾਲਸਾ ਪੰਥ ਦੀ ਨੀਂਹ ਵੀ ਗੁਰੂ ਨਾਨਕ
ਸਾਹਿਬ ਆਪ ਹੀ ਰੱਖਦੇ ਹਨ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਅਟੱਲ ਹੈ ਜਾਂ ਦਸਮ ਗ੍ਰੰਥ ਦਾ?
ਗੁਰਿ ਚੇਲੇ ਰਹਰਾਸਿ ਕੀਈ, ਨਾਨਕਿ ਸਲਾਮਤਿ ਥੀਵਦੈ॥ ਸਹਿ ਟਿਕਾ ਦਿਤੋਸੁ
ਜੀਵਦੈ॥ 1॥ {ਪੰਨਾ 966} ਆਪਣੀ ਸਲਾਮਤੀ ਵਿੱਚ ਹੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖ
(ਬਾਬਾ ਲਹਿਣਾ ਜੀ) ਅੱਗੇ ਮੱਥਾ ਟੇਕਿਆ, ਤੇ ਸਤਿਗੁਰੂ ਜੀ ਨੇ ਜਿਊਂਦਿਆਂ ਹੀ ਬਾਬਾ ਲਹਿਣਾ ਜੀ ਨੂੰ
ਗੁਰਗੱਦੀ ਦੀ ਬਖਸ਼ਿਸ਼ ਕੀਤੀ। 1.
ਗੁਰਬਾਣੀ ਦੀ ਅਗਲੀ ਤੁਕ ਇਹ ਜ਼ਾਹਰ ਕਰਦੀ ਹੈ ਕਿ ਹਰ ਗੁਰੂ ਸਹਿਬਾਨ ਨਵੇਂ ਥਾਪੇ ਜਾ ਰਹੇ ਗੁਰੂ ਨੂੰ
ਗੁਰਬਾਣੀ ਦਾ ਟਿਕਾ ਹੀ ਲਾਉਂਦੇ ਸਨ। ਰਾਮਦਾਸ ਸੋਢੀ ਤਿਲਕੁ ਦੀਆ, ਗੁਰ
ਸਬਦੁ ਸਚੁ ਨੀਸਾਣੁ ਜੀਉ॥ 5॥ {ਪੰਨਾ 923}
ਮਾਰਿਆ ਸਿਕਾ ਜਗਾ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਥਾਪਿਆ ਲਹਿਣਾ
ਜੀਵਦੇ ਗੁਰਿਆਈ ਸਿਰਿ ਛਤ੍ਰ ਫਿਰਾਇਆ। ਵਾਰ ਪਹਿਲੀ, ਪਉੜੀ 45.
ਨਾਉ ਕਰਤਾ ਕਾਦਰੁ ਕਰੇ, ਕਿਉ ਬੋਲੁ ਹੋਵੈ ਜੋਖੀਵਦੈ॥ ਦੇ ਗੁਨਾ ਸਤਿ ਭੈਣ ਭਰਾਵ ਹੈ, ਪਾਰੰਗਤਿ ਦਾਨੁ
ਪੜੀਵਦੈ॥ ਨਾਨਕਿ ਰਾਜੁ ਚਲਾਇਆ, ਸਚੁ ਕੋਟੁ ਸਤਾਣੀ ਨੀਵ ਦੈ॥ {ਪੰਨਾ 966}
ਹੁਣ ਕੁੱਝ ਉਦਾਹਰਣਾਂ ਦਸਮ ਗ੍ਰੰਥ ਵਿਚੋ।
ਬਚਿਤ੍ਰ ਨਾਟਕ ਧਿਆਇ ਛੇਵਾਂ ਅਕਾਲ ਪੁਰਖ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਆਹਮਣੇ ਸਾਹਮਣੇ ਹੋਈ
ਗੱਲਬਾਤ ਹੈ। ਦਸਮ ਗ੍ਰੰਥ ਪੰਨਾ 57॥
ਮੈ ਅਪਨਾ ਸੁਤ ਤੋਹਿ ਨਿਵਾਜਾ॥ ਪੰਥ ਪ੍ਰਚੁਰ ਕਰਬੇ ਕਹੁ ਸਾਜਾ॥ ਜਾਹਿ ਤਹਾਂ ਤੈ ਧਰਮੁ ਚਲਾਇ॥ ਕਬੁਧਿ
ਕਰਨ ਤੇ ਲੋਕ ਹਟਾਇ॥ 29॥
ਜੇ ਇਹ ਸੱਚੀ ਗੱਲ ਹੈ ਤਾਂ ਅਕਾਲ ਪੁਰਖ ਦੇ ਮੂੰਹ ਦੇ ਨਾਲ ਨਾਲ ਸ਼ਰੀਰ ਦਾ ਹੋਣਾ ਲਾਜ਼ਮੀ ਹੈ। ਜੇ ਇਹ
ਗੱਲ ਹੈ ਤਾਂ ਅਕਾਲ ਪੁਰਖ ਨਿਰਾਕਾਰ ਨਹੀ। ਭਾਵ ਇਹ ਅਕਾਲ ਪੁਰਖ ਗੁਰੂ ਨਾਨਕ ਸਾਹਿਬ ਦੇ ਅਕਾਲ ਪੁਰਖ
ਤੋਂ ਵੱਖਰਾ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਦਾ ਅਕਾਲ ਪੁਰਖ ਤਾਂ ‘ਅਜੂਨੀ ਸੈਭੰ’ ਹੈ
ਗੁਰੂ ਗੋਬਿੰਦ ਸਿੰਘ ਜੀ ਦਾ ਜਵਾਬ। ਕਬਿ ਬਾਚ॥ ਦੋਹਰਾ॥ ਅਧਿਆਇ 6॥
ਠਾਢ ਭਯੋ ਮੈ ਜੋਰਿ ਕਰ ਬਚਨ ਕਹਾ ਸਿਰ ਨਯਾਇ॥ ਪੰਥ ਚਲੈ ਤਬ ਜਗਤ ਮੈ ਜਬ ਤੁਮ ਕਰਹੁ ਸਹਾਇ॥ 30॥
ਜੇ ਇਹ ਗੱਲ ਸੱਚੀ ਹੈ ਤਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਸੱਤੇ ਬਲਵੰਡ ਦੀ ਵਾਰ, ਜਿਸ ਵਿੱਚ
ਗੁਰੂ ਨਾਨਕ ਪਾਤਸ਼ਾਹ ਦੇ ਨਿਰਮਲ ਪੰਥ ਦੇ ਚਲਾਉਣ ਦੀ ਗੱਲ ਕੀਤੀ ਗਈ ਹੈ, ਜੋ ਗੁਰੂ ਗ੍ਰੰਥ ਸਾਹਿਬ
ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਨੇ ਆਪ ਦਰਜ਼ ਕੀਤੀ ਹੈ, ਗਲਤ ਹੈ? ਜੋ ਸੱਚੇ ਪਾਤਸ਼ਾਹ ਆਪ ਲਿਖ ਕੇ ਗਏ
ਹਨ ਗਲਤ ਨਹੀ ਹੋ ਸਕਦਾ। ਦਸਮ ਗ੍ਰੰਥ ਦੇ ਕਰਤੇ ਦਾ ਕੋਈ ਥਓ ਪਤਾ ਨਹੀ, ਕੁੱਝ ਕੁ ਭੁਲੇਖਾ ਪਾਊ
ਬਣੀਆਂ ਨੂੰ ਛੱਡ ਕੇ ਬਾਕੀ ਸਾਰੇ ਦਾ ਸਾਰਾ ਗ੍ਰੰਥ ਲੁਚੀਆਂ ਲੰਡੀਆਂ ਤੇ ਕੰਜਰ ਕਵਿਤਾਵਾਂ ਨਾਲ ਭਰਿਆ
ਪਿਆ ਹੈ, ਬਾਰੇ ਸੰਗਤਾਂ ਨੂੰ ਛੇਤੀ ਹੀ ਕੋਈ ਸਮੂਹਕ ਫੈਸਲਾ ਕਰਨਾ ਪੈਣਾ ਹੈ ਨਹੀ ਤਾਂ ਸਿੱਖ ਧਰਮ ਇਸ
ਜਾਨ ਲੇਵਾ ਹਮਲੇ ਤੋਂ ਬੱਚ ਨਹੀ ਸਕੇਗਾ।
ਖਾਲਸਾ ਜੀ ਇਹ ਸੱਭ ਕੁੱਝ ਸੋਚੀ ਸਮਝੀ ਚਾਲ ਮੁਤਾਬਕ ਹੋ ਰਿਹਾ ਹੈ। ਦਸਮ ਗ੍ਰੰਥ ਦੇ ਹਾਮੀ ਸੱਜਣ ਇਹ
ਆਖਦੇ ਹਨ ਕਿ ਦਸਮ ਗ੍ਰੰਥ ਵਿੱਚ ਦਸਾਂ ਗੁਰੂ ਸਾਹਿਬਾਨ ਨੂੰ ਇੱਕ ਜੋਤ ਸਾਬਤ ਕੀਤਾ ਹੈ ਪਰ ਇਹ ਸੱਚ
ਨਹੀ। ਧਿਆਇ ਪੰਜਵਾਂ ਬਚਤ੍ਰਿ ਨਾਟਕ ਦੇ 7, 8, 9, 10, 11 ਤੇ 12ਵੇਂ ਬੰਦ ਵੱਲ ਨਜ਼ਰ ਮਾਰੋ (ਦਸਮ
ਗ੍ਰੰਥ ਪੰਨਾ 54)।
ਨਾਨਕ ਅੰਗਦ ਕੋ ਬਪੁ ਧਰਾ॥ ਧਰਮ ਪ੍ਰਚੁਰਿ ਇਹ ਜਗ ਮੋ ਕਰਾ॥ ਅਮਰਦਾਸ ਪੁਨਿ ਨਾਮੁ ਕਹਾਯੋ॥ ਜਨ ਦੀਪਕ
ਤੇ ਦੀਪ ਜਗਾਯੋ॥ 7॥ ਜਬ ਬਰ ਦਾਨਿ ਸਮੈ ਵਹੁ ਆਵਾ॥ ਰਾਮਦਾਸ ਤਬ ਗੁਰੂ ਕਹਾਵਾ॥ ਤਿਹ ਬਰ ਦਾਨਿ
ਪੁਰਾਤਨਿ ਦੀਆ॥ ਅਮਰਦਾਸ ਸੁਰਪੁਰਿ ਮਗੁ ਲੀਆ॥ 8॥ ਸ੍ਰੀ ਨਾਨਕ ਅੰਗਦਿ ਕਰਿ ਮਾਨਾ॥ ਅਮਰਦਾਸ ਅੰਗਦ
ਪਹਿਚਾਨਾ॥ ਅਮਰਦਾਸ ਰਾਮਦਾਸ ਕਹਾਯੋ॥ ਸਾਧਨਿ ਲਖਾ ਮੂੜ ਨਹਿ ਪਾਯੋ॥ 9॥ ਭਿੰਨ ਭਿੰਨ ਸਬਹੂੰ ਕਰਿ
ਜਾਨਾ॥ ਏਕ ਰੂਪ ਕਿਨਹੂੰ ਪਹਿਚਾਨਾ॥ ਜਿਨ ਜਾਨਾ ਤਿਨ ਹੀ ਸਿਧ ਪਾਈ॥ ਬਿਨ ਸਮਝੇ ਸਿਧ ਹਾਥ ਨ ਆਈ॥ 10॥
ਰਾਮਦਾਸ ਹਰਿ ਸੋਂ ਮਿਲ ਗਏ॥ ਗੁਰਤਾ ਦੇਤ ਅਰਜਨਹਿ ਭਏ॥ ਜਬ ਅਰਜਨ ਪ੍ਰਭ ਲੋਕ ਸਿਧਾਏ॥ ਹਰਿਗੋਬਿੰਦ
ਤਿਹ ਠਾਂ ਠਹਰਾਏ॥ 11॥ ਹਰਿਗੋਬਿੰਦ ਪ੍ਰਭ ਲੋਕ ਸਿਧਾਏ॥ ਹਰੀਰਾਇ ਤਿਹ ਠਾਂ ਬੈਠਾਰੇ॥ ਹਰੀਕ੍ਰਿਸ਼ਨ
ਤਿਨ ਕੇ ਸੁਤ ਵਏ॥ ਤਿਨ ਤੇ ਤੇਗ ਬਹਾਦਰ ਭਏ॥ 12॥ ਤਿਲਕ ਜੰਞੂ ਰਾਖਾ ਪ੍ਰਭ ਤਾਕਾ॥ ਕੀਨੋ ਬਡੋ ਕਲੂ
ਮਹਿ ਸਾਕਾ॥ ਸਾਧਨ ਹੇਤਿ ਇਤੀ ਜਿਨਿ ਕਰੀ॥ ਸੀਸੁ ਦੀਆ ਪਰੁ ਸੀ ਨ ਉਚਰੀ॥ 13॥
ਸੱਤਵੇਂ ਤੇ ਅੱਠਵੇਂ ਸਲੋਕ ਵਿੱਚ ਲਿਖਾਰੀ ਆਪਣੀ ਕੁਟਲ ਨੀਤੀ ਅਨੁਸਾਰ ਗੁਰੂ ਨਾਨਕ ਸਾਹਿਬ ਨੂੰ ਚੌਥੇ
ਗੁਰੂ ਰਾਮਦਾਸ ਨਾਲ ਜੋੜ ਕੇ ਤੀਸਰੇ ਨੂੰ ਸੁਰ ਪੁਰ (ਸਵਰਗ) ਵਿੱਚ ਭੇਜ ਦਿੰਦਾ ਹੈ। ਬੇਦੀਆਂ ਤੇ
ਸੋਢੀਆਂ ਨੂੰ ਰੱਖ ਕੇ ਤ੍ਰੇਹਣ ਤੇ ਭੱਲਿਆ ਨੂੰ ਵਿਚੋਂ ਇਸ ਕਰਕੇ ਕੱਢਣਾ ਹੈ ਕਿ ਗਿਣਤੀ ਮਿਣਤੀ ਨਾਲ
ਪਾਈ ਲਵ ਤੇ ਕੁਛ ਵਾਲੀ ਕਹਾਣੀ ਨੂੰ ਸੱਚਾ ਸਾਬਤ ਕਰਨਾ ਹੈ। ਸੱਤਵੇਂ ਤੇ ਅੱਠਵੇਂ ਸਲੋਕ ਵਿੱਚ ਦੂਜੇ
ਤੇ ਤੀਜੇ ਗੁਰੂ ਸਾਹਿਬਾਨ ਨੂੰ ਗੁਰਗੱਦੀ ਦਿੰਦੇ ਨਹੀ ਵਿਖਾਇਆ ਗਿਆ ਪਰ ਗੁਰੂ ਅਰਜਨ ਦੇਵ ਤੋਂ ਤੇਗ
ਬਹਾਦਰ ਤੇ ਲਿਜਾ ਕੇ ਫਿਰ ਗੁਰਗੱਦੀ ਦੇਣ ਦਾ ਸਿਲਸਿਲਾ ਖਤਮ ਇਸ ਕਰਕੇ ਕੀਤਾ ਗਿਆ ਹੈ ਕਿਉਂਕਿ ਗੁਰੂ
ਗੋਬਿੰਦ ਸਿੰਘ ਜੀ ਨੂੰ ਇੱਕ ਕਿਸੇ ਵੱਖਰੇ ਅਕਾਲ ਪੁਰਖ ਨੇ ਸੁਤ/ ਆਪਣਾ ਪੁਤਰ ਬਣਾ ਕੇ ਭੇਜਿਆ ਹੈ।
ਖਾਲਸਾ ਜੀ ਸਮਝੋ ਦਸਮ ਗ੍ਰੰਥ ਦੀ ਕੂਟ ਨੀਤੀ ਨੂੰ।
ਵਿਸਾਖੀ ਸੰਨ 1699 ਨੂੰ ਕੀ ਵਾਪਰਿਆ?
ਤੰਬੂ ਵਿੱਚ ਕੀ ਵਾਪਰਿਆ ਸਾਨੂੰ ਇਹਦੇ ਬਾਰੇ ਕਿਆਸਅਰਾਈਆਂ ਲਾਉਣ ਦੀ ਲੋੜ ਨਹੀ। ਜੇ ਗੁਰੂ ਜੀ ਨੇ ਇਸ
ਗੱਲ ਨੂੰ ਗੁਪਤ ਰੱਖਿਆ ਹੈ ਤਾਂ ਕਿਸੇ ਨੂੰ ਕੀ ਪਤਾ ਕਿ ਕੀ ਹੋਇਆ। ਗਿਆਨੀ ਗੁਰਬਚਨ ਸਿੰਘ ਭਿੰਡਰਾਂ
ਵਾਲੇ ਆਪਣੀ ਪੁਸਤਕ ‘ਗੁਰਬਾਣੀ ਪਾਠ ਦਰਸ਼ਨ’ 1976 ਤਕ ਤੇ ਬਾਅਦ ਵਿੱਚ ‘ਗੁਰਬਾਣੀ ਪਾਠ ਦਰਪਣ’ ਵਿੱਚ
ਸਾਰਾ ਕੂੜ ਲਿਖਵਾ ਗਏ ਹਨ।
“ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥”
ਵੈਸੇ ਤਾਂ ਬਾਣੀ ਨੂੰ ਗੁਰੂ, ਗੁਰੂ ਨਾਨਕ ਪਤਾਸਾਹ ਦੇ ਵੇਲੇ ਤੋਂ ਹੀ ਮੰਨਿਆ ਜਾ ਰਿਹਾ ਸੀ ਪਰ ਗੁਰੂ
ਗੋਬਿੰਦ ਸਿੰਘ ਜੀ ਨੇ ਜ਼ਾਹਿਰਾ ਐਲਾਣ ਕੀਤਾ ਕਿ ਅੱਜ ਤੋਂ ਬਾਅਦ, ‘ਗੁਰੂ ਮਾਨਿਓ ਗ੍ਰੰਥ’। ਇਸਦੇ ਨਾਲ
ਹੀ ਗੁਰੂ ਗ੍ਰੰਥ ਸਾਹਿਬ ਦੇ ਵਾਧੇ ਘਾਟੇ ਤੇ ਵੀ ਪਾਬੰਦੀ ਲੱਗ ਗਈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ
ਤਕ ਹਰੇਕ ਗੁਰ ਵਿਆਕਤੀ ਨੂੰ ਆਪਣੀ ਬਾਣੀ ਆਦਿ ਗ੍ਰੰਥ ਵਿੱਚ ਜੋੜਨ ਦਾ ਹੱਕ ਸੀ।
ਗੁਰੂ ਜੁਗਤ ਨੂੰ ਵਰਤਾਉਣ ਵਾਸਤੇ ਸਰੀਰਕ ਜ਼ਿਮੇਵਾਰੀ ਇੱਕ ਗੁਰੂ ਵਿਆਕਤੀ ਤੋਂ ਪੰਜ ਸਰੀਰਾਂ
(ਪਿਆਰਿਆਂ) ਤੇ ਸਮੂਹਿਕ ਰੂਪ ਵਿੱਚ ਪਾਈ ਗਈ। ਇਨ੍ਹਾਂ ਪੰਜਾਂ ਦੀ ਜੁਮੇਵਾਰੀ ਦੀ ਪ੍ਰੀਖਿਆ ਵੀ ਲਈ
ਗਈ। ਇੱਕ ਵਾਰੀ ਜਦੋਂ ਗੁਰੂ ਸਾਹਿਬ ਨੇ ਖੁਦ ਦਾਦੂ ਦੀ ਕਬਰ ਨੂੰ ਤੀਰ ਨਾਲ ਨਮਸਕਾਰ ਕੀਤੀ ਤਾਂ
ਇਨ੍ਹਾਂ ਪਿਆਰਿਆਂ ਨੇ ਗੁਰੂ ਜੀ ਨੂੰ ਤਨਖਾਹ ਲਾਈ ਤਾਂ ਗੁਰੂ ਜੀ ਨੇ ਇਹ ਅਹਿਸਾਸ ਕੀਤਾ ਕਿ ਹੁਣ
ਖਾਲਸਾ ਪੰਥ ਦੀ ਜੁਮੇਵਾਰੀ ਲਈ ਇਹ ‘ਪਿਆਰੇ’ ਤਿਆਰ ਬਰ ਤਿਆਰ ਹਨ। ਦੂਸਰੀ ਵਾਰ ਜਦੋਂ ਗੁਰੂ ਜੀ
ਇਨ੍ਹਾਂ ਪਿਆਰਿਆਂ ਦਾ ਹੁਕਮ ਮੰਨ ਕੇ ਚਮਕੌਰ ਦੀ ਗੜ੍ਹੀ ਛੱਡਣ ਲਈ ਤਿਆਰ ਹੁੰਦੇ ਹਨ।
ਸਿੱਖਾਂ ਲਈ ਸਿੱਖ ਧਰਮ ਮੁਤਾਬਕ ਨਾਮ ਦੇ ਪਿਛੇ ਸਿੰਘ ਤੇ ਕੌਰ ਲਾਉਣ ਦੀ ਹਦਾਇਤ ਕੀਤੀ।
ਸਿੱਖ ਧਰਮ ਵਿੱਚ ਪ੍ਰਵੇਸ਼ ਹੋਣ ਦੇ ਨਿਯਮ ਨੂੰ ਬਦਲਿਆ ਗਿਆ। `ਚਰਣ ਪਾਹੁਲ’ ਤੋਂ ‘ਖੰਡੇ ਦੀ ਪਾਹੁਲ’
ਵਿੱਚ ਬਦਲਿਆ ਗਿਆ ਪਰ ਮਤਲਬ ਓਹੋ ਹੀ ਸੀ। `ਚਰਣ’ ਦਾ ਭਾਵ ਜਰੂਰੀ ਨਹੀ ਕਿ ਪੈਰ ਹੀ ਹਨ। ਜਿਵੇਂ:
ਮਾਝ ਮਹਲਾ 5॥ ਕੀਨੀ ਦਇਆ ਗੋਪਾਲ ਗੁਸਾਈ॥ ਗੁਰ ਕੇ ਚਰਣ ਵਸੇ ਮਨ ਮਾਹੀ॥ ਪੰਨਾ 107॥ ਗੁਰ ਕੇ ਚਰਣ
ਹਿਰਦੈ ਵਸਾਇ॥ ਪੰਨਾ 190॥ ਗੁਰੂ ਜੀ ਦੇ ਪੈਰ ਤਾਂ ਹਿਰਦੇ ਵਿੱਚ ਨਹੀ ਵਸਾਏ ਜਾ ਸਕਦੇ। ਇੱਥੇ `ਚਰਣ’
ਤੋਂ ਭਾਵ ਹੈ ‘ਸ਼ਬਦ’। ਲੋਕਾਂ ਨੂੰ ਸਿੱਖ ਧਰਮ ਵਿੱਚ ਪ੍ਰਵੇਸ਼ ਕਰਨ ਲਈ ਪਹਿਲੇ ਗੁਰੂ ਜੀ ਤੋਂ ਹੀ ਕੋਈ
ਨਾ ਕੋਈ ਵਿਧੀ ਅਪਣਾਈ ਹੋਈ ਸੀ।
ਜਿਸ ਨਿਡਰਤਾ ਦੀ ਮਿਸਾਲ ਗੁਰੂ ਜੀ ਨੇ ਕਾਇਮ ਕੀਤੀ ਹੈ, ਉਹ ਸਾਡੇ ਵਾਸਤੇ ਇੱਕ ਚਾਨਣ ਮੁਨਾਰਾ ਹੈ।
ਜ਼ੁਲਮ ਦੇ ਖਿਲਾਫ ਯੁੱਧ ਕਰਨਾ, ਗਰੀਬਾਂ ਦਾ ਆਸਰਾ ਬਨਣਾ, ਅਨਾਥਾਂ ਦਾ ਨਾਥ ਬਨਣਾ ਦਸਮ ਪਤਾਸ਼ਾਹ ਦਾ
ਹੀ ਕੰਮ ਸੀ। ਅੱਜ ਵੀ ਲੋੜ ਹੈ ਕਿ ਗਰੀਬਾਂ ਦੀ ਬਾਂਹ ਫੜੀ ਜਾਏ।
ਗੁਰੂ ਨਾਨਕ ਪਾਤਸ਼ਾਹ ਨੇ ਹੀ ਸਿੱਖਾਂ ਦੇ ਸਿਰਾਂ ਤੇ ਖੱਫਣ ਬੰਨ ਦਿੱਤੇ। ਛੇਵੇਂ ਪਾਤਸ਼ਾਹ ਨੇ ਸਿੱਖਾਂ
ਨੂੰ ਘੋੜਿਆਂ ਦੀਆਂ ਕਾਠੀਆਂ ਤੇ ਬਿਠਾ ਕੇ ਹੱਥਾਂ ਵਿੱਚ ਸ਼ੱਸ਼ਤਰ ਫੜਾ ਦਿੱਤੇ। ਗੁਰੂ ਗੋਬਿੰਦ ਸਿੰਘ
ਜੀ ਨੇ ਸਿੱਖ ਕੌਮ ਨੂੰ ਇੱਕ ਐਸੇ ਜੱਥੇਬੰਧਕ ਢਾਂਚੇ ਵਿੱਚ ਪਰੋਤਾ ਜਿਸ ਦੇ ਨਤੀਜੇ ਵਜੋਂ ਬੰਦਾ ਸਿੰਘ
ਬਹਾਦਰ ਵੇਲੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਈ ਗਈ। ਜਦੋਂ ਭਾਰਤੀ ਸੱਭਿਅੱਤਾ ਦੀਆਂ ਸੁੰਦਰੀਆਂ ਦਾ
ਮੁੱਲ ਗਜ਼ਨੀ ਵਿੱਚ ਸਿਰਫ ਦੋ ਦੋ ਟਕੇ ਮੁੱਲ ਪੈਂਦਾ ਸੀ ਸਿੱਖਾਂ ਦੇ ਸਿਰਾਂ ਦਾ ਮੁੱਲ ਉਦੋਂ ਵੀ 50
ਰੁਪੈ ਤੋਂ 100 ਰੁਪੈ ਤਕ ਪੈਂਦਾ ਸੀ। ਤਦ ਵੀ ਸਮੇਂ ਦੀ ਜ਼ਾਲਮ ਸਰਕਾਰ ਇਨ੍ਹਾਂ ਨੂੰ ਖਤਮ ਨਹੀ ਕਰ
ਸਕੀ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਕਰਤਵ ਨਾਲ ਜਿਹੜੀ ਰੂਹ ਇਨ੍ਹਾਂ ਵਿੱਚ ਫੂਕੀ ਇਸਦਾ ਦੂਸਰਾ
ਨਤੀਜਾ ਮਹਾਂਰਾਜਾ ਰਣਜੀਤ ਸਿੰਘ ਵੇਲੇ ਨਿਕਲਿਆ। ਬਸ ਫਿਰ ਉੱਸ ਤੋਂ ਬਾਅਦ ਦਿਨੋ ਦਿਨ ਸਿੱਖ ਕੌਮ
ਵਿੱਚ ਗਿਰਾਵੱਟ ਆਉਣੀ ਸ਼ੁਰੂ ਹੋ ਗਈ ਤੇ ਅੱਜ ਸਿੱਖ ਕੌਮ ਦੇ ਪਹਿਰੇਦਾਰ ਤਿਲਕ ਜੰਞੂ ਵਾਲਿਆਂ ਕੋਲ
ਵਿਕ ਚੁਕੇ ਹਨ।
ਸਿੱਖ ਧਰਮ ਵਿੱਚ ਕਹਾਣੀਆਂ ਨੂੰ ਕੋਈ ਥਾਂ ਨਹੀ ਪਰ ਰੰਗੀਲੇ ਤੇ ਚਮਕੀਲੇ ਕਹਾਣੀਆਂ ਸੁਣਾਉਂਦੇ
ਰਹਿਣਗੇ, ਵਾਜੇ ਤੇ ਢੋਲਕੀਆਂ ਛੈਂਣੇ ਖੜਕਾਉਂਦੇ ਰਹਿਣਗੇ, ਸੋਨੇ ਦੀ ਚਿੜੀਆ ਦੇ ਖੰਭ ਉਤਾਰਦੇ
ਰਹਿਣਗੇ, ਗੁਰਦੁਆਰਿਆਂ ਦੀਆਂ ਕਮੇਟੀਆਂ ਬਣਦੀਆਂ ਤੇ ਢਹਿਦੀਆਂ ਰਹਿਣਗੀਆਂ, ਅੰਧੀ ਰਯਿਤ ਗਿਆਨੁ
ਵਿਹੁਣੀ ਆਤਮਕ ਮੌਤੇ ਮਰਦੀ ਰਹੇਗੀ ਤੇ ਵਿਚੋਂ ਸਿੱਖੀ ਦੀ ਗੱਲ ਅਲੋਪ ਰਹੇਗੀ। ਰੱਬ ਰਾਖਾ।
ਗੁਰੂ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ।