.

❁ ਅਜੂਨੀ ਸੈਭੰ ❁
(ਕਿਸ਼ਤ ਨੰ: 01)

ਜਗਤਾਰ ਸਿੰਘ ਜਾਚਕ, ਆਨਰੇਰੀ ਇੰਟਰਨੈਸ਼ਨਲ ਸਿੱਖ ਮਿਸ਼ਨਰੀ

ਦਿਸ਼੍ਰਟਮਾਨ ਜਗਤ ਦੇ ਜਿਤਨੇ ਵੀ ਚੇਤੰਨ ਪ੍ਰਾਣੀ ਅਤੇ ਜੜ੍ਹ ਪਦਾਰਥ ਆਪਣੀ ਹੋਂਦ ਰਖਦੇ ਹਨ, ਕਾਦਰ ਦੀ ਕੁਦਰਤ ਵਿੱਚ ਉਨ੍ਹਾਂ ਸਾਰਿਆਂ ਦੀ ਪੈਦਾਇਸ਼ ਦਾ ਕੋਈ-ਨ-ਕੋਈ ਕਾਰਣ, ਸਾਧਨ ਅਤੇ ਉਤਪਤੀ -ਸਥਾਨ ਮਜੂਦ ਹੈ। ਸੰਸਕ੍ਰਿਤ ਭਾਸ਼ਾ ਵਿੱਚ ਉਤਪਤੀ ਦੇ ਅਜਿਹੇ ਸਾਧਨ ਤੇ ਸਥਾਨ ਨੂੰ ‘ਯੋਨਿ’ (Organ of generation) ਜਾਂ ‘ਖਾਨਿ’ (ਖਾਣੀ, Mineral resources) ਕਿਹਾ ਜਾਂਦਾ ਹੈ। ਗਹਿਰਾਈ ਵਿੱਚ ਦੇਖਿਆ ਜਾਏ ਤਾਂ ਇਹ ਦੋਵੇਂ ਪਦ ਲਗਭਗ ਸਮਾਨਰਥਕ ਹਨ। ਕਿਉਂਕਿ, ‘ਮਹਾਨ ਕੋਸ਼’ ਵਿੱਚ ਜੇ ‘ਯੋਨਿ’ ਪਦ ਦੇ ਅਰਥ ਕੀਤੇ ਗਏ ਹਨ; ਆਕਰ, ਖਾਨਿ, ਖਾਣਿ, ਕਾਰਣ, ਸਬਬ, ਭਗ, ਪ੍ਰਾਣੀਆਂ ਦਾ ਉਤਪਤੀਸਥਾਨ। ਤਾਂ ਉਥੇ, ‘ਖਾਨਿ’ ਪਦ ਦੇ ਅਰਥ ਵੀ ਲਗਭਗ ਇਹੀ ਹਨ। ਜਿਵੇਂ, ਆਕਰ, ਖਾਨ, ਜੀਵਾਂ ਦੀ ਯੋਨਿ ਦਾ ਵਿਭਾਗ।
ਗੁਰੂ ਨਾਨਕ ਦ੍ਰਿਸ਼ਟੀ ਵਿੱਚ ਸਾਰੀ ਸ੍ਰਿਸ਼ਟੀ ਦਾ ਅਦ੍ਰਿਸ਼ਟ ਮੂਲ-ਸ਼੍ਰੋਤ ਇੱਕ ਅਕਾਲ ਪੁਰਖ ਹੈ, ਜਿਸ ਨੂੰ ਉਹ ‘ੴ ’ ਦੇ ਸੰਕੇਤ ਨਾਲ ਪ੍ਰਗਟ ਕਰਦੇ ਹਨ। ਪਰ, ਜਦੋਂ ਸ੍ਰਿਸ਼ਟੀ ਰਚਨਾ ਦੇ ਦ੍ਰਿਸ਼ਟਮਾਨ ਸ਼੍ਰੋਤਾਂ ਅਥਵਾ ਪ੍ਰਗਟ ਉਤਪਤੀ ਸਥਾਨਾਂ ਦਾ ਗੱਲ ਆਉਂਦੀ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਪ੍ਰਭੂ ਦੀ ਬੇਅੰਤਤਾ ਪ੍ਰਗਟਾਂਦਿਆਂ ਭਾਵੇਂ ‘ਕੇਤੀਆ ਖਾਣੀ’ ਦਾ ਬਹੁਵਚਨੀ ਅਨਿਸ਼ਚਤ ਸੰਖਿਆ ਵਿਸ਼ੇਸ਼ਣ ਵਰਤਿਆ ਗਿਆ ਹੈ, ਜੋ ਗੁਰੂ ਨਾਨਕ ਦ੍ਰਿਸ਼ਟੀਕੋਨ ਤੋਂ ਇੱਕ ਸਚਾਈ ਹੈ। ਜਿਵੇਂ ਗੁਰਵਾਕ ਹੈ: ‘ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ।। ’ (ਜਪੁ, ਪੰ: ੭) ਪਰ, ਭਾਰਤ ਦੇ ਪ੍ਰਚੀਨ ਫ਼ਲਸਫ਼ੇ ਵਿੱਚ ਉਤਪਤੀ ਦੇ ਜਿਹੜੇ ਚਾਰ ਮੁਖ ਸੋਮੇ ਅਥਵਾ ਸਾਧਨ ਮੰਨੇ ਗਏ ਹਨ, (ਜਿਨ੍ਹਾਂ ਨੂੰ ਅੰਡਜ, ਜੇਰਜ, ਸੇਤਜ, ਉਤਭੁਜ ਦੇ ਨਾਵਾਂ ਹੇਠ ’ਚਾਰ ਯੋਨੀਆਂ’ ਜਾਂ ’ਚਾਰ ਖਾਣੀਆਂ’ ਆਖਿਆ ਜਾਂਦਾ ਹੈ, ਜਿਨ੍ਹਾਂ ਤੋਂ ਅੱਗੇ ਚੁਰਾਸੀ ਲੱਖ ਜੂਨੀਆਂ ਦਾ ਵਿਸਥਾਰ ਹੋਇਆ ਮੰਨਦੇ ਹਨ) ਉਨ੍ਹਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਜਿਵੇਂ, ਹੇਠ ਲਿਖੀਆਂ ਪਾਵਨ ਪੰਕਤੀਆਂ ਵਿੱਚ ਗੁਰਦੇਵ ਜੀ ਨਿਰੰਕਾਰ ਪ੍ਰਭੂ ਨੂੰ ਸੰਬੋਧਤ ਹੋ ਕੇ ਆਖਦੇ ਹਨ ਕਿ ਹੇ ਕਰਤਾਰ! ਇਸ ਜਗਤ ਵਿੱਚ ਮਾਇਆ ਦੇ ਤਿੰਨ ਗੁਣ (ਰਜੋ, ਤਮੋ, ਸਤੋ) ਤੇਰੇ ਹੀ ਪੈਦਾ ਕੀਤੇ ਹੋਏ ਹਨ। ਜਗਤ-ਉਤਪੱਤੀ ਦੀਆਂ ਚਾਰ ਖਾਣੀਆਂ ਤੇਰੀਆਂ ਹੀ ਰਚੀਆਂ ਹੋਈਆਂ ਹਨ। ਪੰਛੀਆਂ, ਸੱਪਾਂ ਤੇ ਮੱਛੀਆਂ ਵਾਂਗ ਅੰਡੇ ਵਿਚੋਂ (ਅੰਡਜ), ਮਨੁਖਾਂ ਤੇ ਪਸ਼ੂਆਂ ਵਾਂਗ ਜਿਓਰ ਵਿਚੋਂ (ਜੇਰਜ), ਬਨਾਸਪਤੀ ਵਾਂਗ ਪਾਣੀ ਰਾਹੀਂ ਧਰਤੀ ਵਿਚੋਂ (ਉਤਭੁਜ) ਅਤੇ ਖੁੰਬਾਂ ਵਾਂਗ ਧਰਤੀ ਵਿਚੋਂ ਹੁੰਮਸ
(Swelter) ਨਾਲ ਤੇ ਜੂਆਂ ਤੇ ਪਿਸੂਆਂ ਵਾਂਗ ਜੀਵਾਂ ਦੇ ਪਸੀਨੇ (Sweat) ਵਿਚੋਂ (ਸੇਤਜ) ਜੰਮੇ ਹੋਏ ਇਹ ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ, ਜਿਹੜੇ ਅਨੇਕਾਂ ਰੰਗਾਂ ਤੇ ਕਿਸਮਾਂ ਦੇ ਹਨ। ਪਰ ਮੈਂ ਤੇਰੀ ਅਚਰਜ ਖੇਡ ਵੇਖਦਾ ਹਾਂ ਕਿ ਤੂੰ ਇਹਨਾਂ ਸਭਨਾਂ ਜੀਵਾਂ ਵਿੱਚ ਮੌਜੂਦ ਹੈਂ:
ਤੀਨਿ ਗੁਣਾ, ਤੇਰੇ ਜੁਗ ਹੀ ਅੰਤਰਿ; ਚਾਰੇ ਤੇਰੀਆ ਖਾਣੀ।। {ਗੁ. ਗ੍ਰੰ. ਪੰ. ੪੨੩}
ਅੰਡਜ, ਜੇਰਜ, ਉਤਭੁਜ, ਸੇਤਜ; ਤੇਰੇ ਕੀਤੇ ਜੰਤਾ।।
ਏਕੁ ਪੁਰਬੁ, ਮੈ ਤੇਰਾ ਦੇਖਿਆ; ਤੂ, ਸਭਨਾ ਮਾਹਿ ਰਵੰਤਾ।। {ਗੁ. ਗ੍ਰੰ. ਪੰ. ੫੯੬}

ਅਜੋਕੇ ਸਾਇੰਸਦਾਨਾਂ ਨੇ ਸਿੱਧ ਕੀਤਾ ਹੈ ਕਿ ਜੇਕਰ ਰਸਾਇਣਕ ਵਿਗਿਆਨ ਦੀ ਸਟੱਰਲਾਈਜੇਸ਼ਨ
(sterilization) ਕ੍ਰਿਆ ਦੁਆਰਾ ਜੀਵਾਂ ਦੀ ਚਮੜੀ ਨੂੰ ਜੀਵ-ਰਹਿਤ (ਬਾਂਝ) ਤੇ ਧਰਤੀ ਨੂੰ ਬੀਜ-ਰਹਿਤ (ਬੰਜਰ) ਕਰ ਦਿਤਾ ਜਾਵੇ, ਤਾਂ ਪਸੀਨੇ ਜਾਂ ਹੁੰਮਸ ਤੋਂ ਪੈਦਾ ਹੋਣ ਵਾਲੀਆਂ ਜੂਨਾਂ (ਜੂਆਂ, ਖੁੰਬਾਂ, ਉੱਲੀ ਤੇ ਹੋਰ ਸੂਖਸ਼ਮ ਬੈਕਟੀਰੀਆ ਆਦਿਕ) ਪੈਦਾ ਨਹੀ ਹੋ ਸਕਦੀਆਂ। ਇਸ ਤੱਥ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਹਰੇਕ ਕਿਸਮ ਦੀ ਪੈਦਾਇਸ਼ ਲਈ, ਭਾਵੇਂ ਕਿ ਉਹ ਨਰ ਤੇ ਮਦੀਨ ਦੇ ਮਿਲਾਪ ਦੀ ਕਾਮਿਕ (Sexual) ਕ੍ਰਿਆ ਹੈ ਜਾਂ ਸੁਤੇ-ਸਿੱਧ ਪੈਦਾ ਕਰਨ ਵਾਲੀ ਕੋਈ ਅਕਾਮਿਕ (Asexual) ਕ੍ਰਿਆ ਹੈ, {ਜਿਵੇਂ ਕਿ ਉੱਲੀ (Fangie) ਜਾਂ ਇੱਕ ਸਿੱਲੀ ਜੰਤੂ ‘ਅੰਬੀਬਾ’ (Amoeba), ਜਿਸ ਦਾ ਸਰੀਰ ਸਮਾਂ ਪਾ ਕੇ ਆਪਣੇ ਆਪ ਹੀ ਉਸ ਅੰਦਰਲੀ ਬਾਈਨਰੀਫਿਸ਼ਨ (binary fission) ਪ੍ਰਕ੍ਰਿਆ ਦੁਆਰਾ ਦੋ ਹਿਸਿਆਂ ਵਿੱਚ ਵੰਡਿਆ ਜਾਂਦਾ ਹੈ। ਤੇ ਇਸ ਤਰ੍ਹਾਂ ਉਹ ਜੀਵ ਇੱਕ ਤੋਂ ਦੋ ਅਤੇ ਦੋ ਤੋਂ ਚਾਰ ਦੇ ਵਾਧੇ ਨਾਲ ਵਧਦੇ ਰਹਿੰਦੇ ਹਨ} ਉਸ ਲਈ ਕਿਸੇ ਪ੍ਰਕਾਰ ਦੇ ਜਿਊਂਦੇ ਬੀਜ, ਅੰਡੇ ਜਾਂ ਜੀਵ ਦੀ ਹੋਂਦ ਦਾ ਹੋਣਾ ਜ਼ਰੂਰੀ ਹੈ।
ਇਸ ਲਈ ਜਦ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਆਪਣੇ ਰੂਹਾਨੀ ਅਨੁਭਵ ਵਿਚੋਂ “ੴ ਤੋਂ ਗੁਰ ਪ੍ਰਸਾਦਿ” ਤੱਕ ਦੇ ਵਿਚਾਰ ਅਧੀਨ ਆਦਿ-ਮੰਗਲਾਚਰਨ ਵਿੱਚ ਨਿਰੰਕਾਰ ਦੇ ਇੱਕਓਅੰਕਾਰੀ, ਕਰਤਾਰੀ, ਨਿਰਭਉ ਤੇ ਨਿਰਵੈਰ ਗੁਣਾਂ ਦਾ ਵਿਵਰਣ ਕਰਦਿਆਂ ‘ਸਤਿ, ਨਾਮ’ ਅਤੇ ‘ਅਕਾਲ-ਮੂਰਤਿ’ ਕਹਿ ਕੇ ਉਸ ਦੀ ਸਰਬ ਵਿਆਪਕ ਹੋਂਦ ਅਥਵਾ ਹਸਤੀ ਦੀ ਸਦੀਵੀ ਸਚਾਈ ਨੂੰ ਪ੍ਰਗਟ ਕੀਤਾ ਤਾਂ ਇਹ ਸੁਆਲ ਖੜਾ ਹੋਣਾ ਸੁਭਾਵਿਕ ਸੀ ਕਿ ਜੇ ਕਰ ਉਹ ਅਜਿਹੀ ਮੂਰਤਿ (ਹਸਤੀ) ਹੈ, ਜਿਹੜੀ ਕਾਲ ਦੀ ਲਪੇਟ ਵਿੱਚ ਨਹੀ ਆਉਂਦੀ। ਤਾਂ ਫਿਰ ਉਹਦੀ ਹੋਂਦ ਦਾ ਅਧਾਰ ਕੀ ਹੈ? ਉਹ ਕਿਵੇਂ ਪੈਦਾ ਹੋਈ ਹੈ? ਕਿਉਂਕਿ, ਕੁਦਰਤ ਦੇ ਉਪਰ ਪ੍ਰਗਟਾਏ ਨਿਯਮ ਮੁਤਾਬਿਕ ਹਰੇਕ ਵਸਤੂ ਦਾ ਕੋਈ ਉਤਪਤੀਸਥਾਨ ਹੈ। ਕੋਈ ਯੋਨੀ ਹੈ, ਕੋਈ ਖਾਣੀ ਹੈ। ਹਰੇਕ ਵਸਤੂ ਦੀ ਪੈਦਾਇਸ਼ ਦੇ ਕੋਈ-ਨ-ਕੋਈ ਕਾਰਣ ਅਥਵਾ ਸਾਧਨ ਵੀ ਹਨ।
ਇਸ ਲਈ ਸਤਿਗੁਰੂ ਜੀ ਮਹਾਰਾਜ ਜੀ ਨੇ ਰੱਬੀ ਹੋਂਦ ਦਾ ਸ਼ਬਦੀ ਪ੍ਰਕਾਸ਼ ਕਰਦਿਆਂ ਜਦੋਂ ‘ਅਕਾਲ-ਮੂਰਤਿ) ਦਾ ਵਿਸ਼ੇਸ਼ਣ ਵਰਤਿਆ ਤਾਂ ਉਸ ਦੇ ਨਾਲ ਹੀ ਉਸ ਨੂੰ ‘ਅਜੂਨੀ’ ਤੇ ‘ਸੈਭੰ’ ਕਹਿ ਕੇ ਸਪਸ਼ਟ ਕਰ ਦਿੱਤਾ ਕਿ ਉਹ ਜੂਨ ਰਹਿਤ (ਅਜੂਨੀ) ਹੈ ਅਤੇ ਉਸ ਦੀ ਅਜਿਹੀ ਅਕਾਲੀ ਮੂਰਤਿ ਦਾ ਪ੍ਰਕਾਸ਼ ਵੀ ਸੁਤੇ-ਸਿਧ ਉਹਦੇ ਆਪਣੇ ਆਪ ਤੋਂ (ਸੈਭੰ) ਹੀ ਹੈ। ਭਾਵ, ਉਸ ਦੀ ਪੈਦਾਇਸ਼ ਦਾ ਕੋਈ ਅਧਾਰ ਰੂਪ ਕਾਰਣ ਨਹੀ ਹੈ, ਜਿਵੇਂ ਘੜੇ ਦਾ ਕਾਰਨ ਹੈ ਮਿੱਟੀ, ਤਲਵਾਰ ਦਾ ਕਾਰਣ ਹੈ ਲੋਹਾ ਅਤੇ ਸਾਰੇ ਮਾਨਵ ਪ੍ਰਾਣੀਆਂ ਦਾ ਕਾਰਨ ਹੈ ਮਾਂ ਦੀ ਰਕਤ ਅਤੇ ਪਿਤਾ ਦੀ ਬਿੰਦ (ਵੀਰਜ)। ਗੁਰਵਾਕ ਹੈ ‘ਮਾ ਕੀ ਰਕਤੁ, ਪਿਤਾ ਬਿੰਦੁ ਧਾਰਾ।। ਮੂਰਤਿ ਸੂਰਤਿ ਕਰਿ ਆਪਾਰਾ।।” (ਗੁ. ਗ੍ਰੰ. ਪੰ. ੧੦੨੨) ਇਸ ਲਈ ਇਨ੍ਹਾਂ ਅਰਥਾਂ ਨੂਂ ਇਉਂ ਵੀ ਬਿਆਨਿਆ ਜਾ ਸਕਦਾ ਹੈ ਕਿ ਉਸ ਰੱਬੀ ਮੂਰਤਿ ਦਾ ਨਰ ਤੇ ਮਦੀਨ (ਮਾਤਾ ਪਿਤਾ) ਦੇ ਮਿਲਾਪ ਵਾਲੀ ਕਾਮਿਕ ਜਾਂ ਅਕਾਮਿਕ ਕ੍ਰਿਆ ਦੁਆਰਾ ਕਿਸੇ ਰੂਪ ਵਿੱਚ ਵੀ ਕੋਈ ਜਨਮ ਨਹੀ ਹੁੰਦਾ। ਉਸ ਦੀ ਇੱਕਓਅੰਕਾਰੀ ਸਦੀਵੀ ਹਸਤੀ ਸੁਤੇ-ਸਿਧ ਉਹਦੇ ਆਪਣੇ ਆਪੇ ਤੋਂ ਹੀ ਪ੍ਰਕਾਸ਼ਮਾਨ ਹੋ ਰਹੀ ਹੈ।
ਇਹੀ ਕਾਰਣ ਹੈ ਕਿ ਗੁਰੂ ਨਾਨਕ ਦ੍ਰਿਸ਼ਟੀ ਵਿੱਚ ਉਹ ਦੀ ਵਿਆਪਕ ਹਸਤੀ ਜਨਮ ਮਰਣ ਦੇ ਖਲਜਗਣ ਤੋਂ ਮੁਕਤ ਹੈ। ਹਜ਼ੂਰ ਦਾ ਫ਼ੁਰਮਾਨ ਹੈ ‘ਜਨਮਿ ਮਰਣਿ ਨਹੀ ਧੰਧਾ ਧੈਰ’। (ਗੁ. ਗ੍ਰੰ. ਪੰ. ੯੩੧) ਕਿਉਂਕਿ, ਜਦ ਉਹਦਾ ਮਾਂ ਬਾਪ ਦੇ ਤੌਰ ’ਤੇ ਜਨਮ ਦਾ ਕੋਈ ਕਾਰਣ ਨਹੀ ਹੈ ਤਾਂ ਫਿਰ ਉਹਦੇ ਮਰਣ ਦਾ ਵੀ ਕੋਈ ਮਤਲਬ ਹੀ ਨਹੀ ਰਹਿ ਜਾਂਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਖ ਵਾਕ ਹਨ:
ਨਾ ਤਿਸੁ ਮਾਤ ਪਿਤਾ ਸੁਤ ਬੰਧਪ, ਨਾ ਤਿਸੁ ਕਾਮੁ ਨ ਨਾਰੀ।।
ਅਕੁਲ ਨਿਰੰਜਨ ਅਪਰ ਪਰੰਪਰੁ, ਸਗਲੀ ਜੋਤਿ ਤੁਮਾਰੀ।। {ਪੰਨਾ ੫੯੭}

ਅਰਥ: —ਉਸ ਪ੍ਰਭੂ ਦੀ ਨਾਹ ਮਾਂ ਨਾਹ ਪਿਉ ਨਾਹ ਉਸ ਦਾ ਕੋਈ ਪੁੱਤਰ ਨਾਹ ਰਿਸ਼ਤੇਦਾਰ। ਨਾਹ ਉਸ ਨੂੰ ਕਾਮ-ਵਾਸਨਾ ਫੁਰਦੀ ਹੈ ਤੇ ਨਾਹ ਹੀ ਉਸ ਦੀ ਕੋਈ ਵਹੁਟੀ ਹੈ। ਉਸ ਦੀ ਕੋਈ ਖ਼ਾਸ ਕੁਲ ਨਹੀਂ, ਉਹ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਬੇਅੰਤ ਹੈ ਪਰੇ ਤੋਂ ਪਰੇ ਹੈ। ਹੇ ਪ੍ਰਭੂ! ਸਭ ਥਾਂ ਤੇਰੀ ਹੀ ਜੋਤਿ ਪ੍ਰਕਾਸ਼ ਕਰ ਰਹੀ ਹੈ। ੨।
• ਬੇਦ ਕਤੇਬੀ ਭੇਦੁ ਨ ਜਾਤਾ।। ਨਾ ਤਿਸੁ ਮਾਤ ਪਿਤਾ ਸੁਤ ਭ੍ਰਾਤਾ।।
• ਸਗਲੇ ਸੈਲ ਉਪਾਇ ਸਮਾਏ, ਅਲਖੁ ਨ ਲਖਣਾ ਜਾਈ ਹੇ।। {ਪੰਨਾ ੧੦੨੧}

ਅਰਥ: ਨਾਹ ਹੀ ਹਿੰਦੂ ਧਰਮ ਦੀਆਂ ਵੇਦ ਆਦਿਕ ਧਰਮ-ਪੁਸਤਕਾਂ ਨੇ ਤੇ ਨਾਹ ਹੀ ਸ਼ਾਮੀ ਮਤਾਂ ਦੀਆਂ ਕੁਰਾਨ ਆਦਿਕ ਕਿਤਾਬਾਂ ਨੇ ਪਰਮਾਤਮਾ ਦੀ ਹਸਤੀ ਦੀ ਡੂੰਘਾਈ ਨੂੰ ਸਮਝਿਆ ਹੈ। ਉਸ ਪਰਮਾਤਮਾ ਦੀ ਨਾਹ ਕੋਈ ਮਾਂ, ਨਾਹ ਉਸ ਦੇ ਕੋਈ ਖ਼ਾਸ ਪੁੱਤਰ ਤੇ ਨਾਹ ਕੋਈ ਭਰਾ ਹਨ। ਵੱਡੇ ਵੱਡੇ ਪਹਾੜ ਆਦਿਕ ਪੈਦਾ ਕਰ ਕੇ (ਜਦੋਂ ਚਾਹੇ) ਸਾਰੇ ਹੀ ਆਪਣੇ ਵਿੱਚ ਲੀਨ ਕਰ ਲੈਂਦਾ ਹੈ। ਉਸ ਦਾ ਸਰੂਪ ਬਿਆਨ ਤੋਂ ਪਰੇ ਹੈ, ਬਿਆਨ ਕੀਤਾ ਨਹੀਂ ਜਾ ਸਕਦਾ।
ਸਾਹਿਤੱਕ ਦ੍ਰਿਸ਼ਟੀਕੋਨ ਤੋਂ ‘ਅਜੂਨੀ’ ਲਫ਼ਜ਼ ਇੱਕ ਨਕਾਰਤਮਿਕ
(Negative) ਤੇ ਵਿਰੋਧਾਰਥਕ (Contradictory) ਨਾਂਵ ਹੈ। ਕਿਉਂਕਿ, ਮੂਲਿਕ (original) ਨਾਂਵ ਹੈ ‘ਜੂਨੀ’ (ਜਿਹੜਾ ਸੰਸਕ੍ਰਿਤ ਦੇ ਨਾਂਵ ‘ਯੋਨਿ’ ਦਾ ਪੰਜਾਬੀ ਰੂਪ ਹੈ) ਅਤੇ ਇਸ ਦੇ ਮੂਹਰੇ ‘ਅ’ ਅਗੇਤਰ (Prefix) ਲੱਗਾ ਹੈ, ਜਿਸ ਨੇ ਇਸ ਨੂੰ ਨਕਾਰਤਮਿਕ ਅਰਥ ਦਿੰਦਿਆਂ ‘ਜੂਨੀ’ ਲਫ਼ਜ਼ ਦੇ ਉਲਟ ਅਰਥ ਰਖਣ ਵਾਲਾ ਵਿਰੋਧੀ ਨਾਂਵ ਬਣਾ ਦਿੱਤਾ ਹੈ। ਅੰਗਰੇਜ਼ੀ ਹਿੰਦੀ ਤੇ ਪੰਜਾਬੀ ਸ਼ਬਦ ਕੋਸ਼ਾਂ ਵਿੱਚ ‘ਜੂਨੀ’ ਲਫ਼ਜ਼ ਦੇ ਸੰਸਕ੍ਰਿਤਕ ਪਿਛੋਕੜ ਨੂੰ ਧਿਆਨ ਵਿੱਚ ਰਖਦਿਆਂ ਅਰਥ ਕੀਤੇ ਗਏ ਹਨ; ਉਤਪਤੀ-ਸਥਾਨ, ਜਨਮ, ਬਚੇਦਾਨੀ (ਗਰਭ ਰਖਣ ਵਾਲਾ ਮਦੀਨ ਸ਼੍ਰੇਣੀ ਅਥਵਾ ਇਸਤ੍ਰੀ ਦਾ ਅੰਗ, ਜਿਸ ਨੂੰ ਇੰਗਲਿਸ਼ ਵਿੱਚ ‘ਵੂੰਬ’ ਜਾਂ ‘ਯੂਟਰੱਸ’ ਕਿਹਾ ਜਾਂਦਾ ਹੈ), ਇਸਤ੍ਰੀ ਦਾ ਜਣਨ ਅੰਗ ‘ਭਗ’ (Genital organ), ਜੀਵਾਂ ਦੀ ਆਕਰ, ਜੀਵਾਂ ਦੀ ਖਾਨਿ।
ਭਾਰਤ ਵਿਚਲੇ ੨੦ਵੀਂ ਸਦੀ ਦੇ ਉੱਚਕੋਟੀ ਵਿਦਵਾਨਾਂ ਵਿਚੋਂ ਭਾਰਤੀ ਸੰਵਿਧਾਨ ਦੇ ਘੜਣਹਾਰੇ ਡਾ: ਅੰਬੇਡਕਰ ਹੀ ਇੱਕੋ ਇੱਕ ਅਜਿਹੀ ਪ੍ਰਮੁੱਖ ਸ਼ਖਸੀਅਤ ਹਨ, ਜਿਨ੍ਹਾਂ ਨੇ ‘ਅਜੂਨੀ’ ਸ਼ਬਦ ਦੇ ਉਪੋਰਕਤ ਅਰਥਾਂ ਬਾਰੇ ਟਿਪਣੀ ਕਰਦਿਆਂ ਲਿਖਿਆ ਹੈ ਕਿ ਇਹ ਲਫ਼ਜ਼ ਪਹਿਲਾਂ ਅਜੋਕੇ ਅਰਥਾਂ ਵਿੱਚ ਨਹੀ ਸੀ ਵਰਤਿਆ ਜਾਂਦਾ। ਕਿਉਂਕਿ, ਮਹਾਰਾਸ਼ਟ੍ਰ ਸਰਕਾਰ ਦੁਆਰਾ ਪ੍ਰਕਾਸ਼ਿਤ, ‘ਡਾ: ਬਾਬਾ ਸਾਹਿਬ ਅੰਬੇਡਕਰ ਰਾਈਟਿੰਗਜ ਐਂਡ ਸਪੀਚੇਜ’ ਖੰਡ ਨੰ ੩ ਪੰਨਾ ੧੫੩-੧੫੭ ਤੇ ਅਧਾਰਿਤ ਉਨ੍ਹਾਂ ਦਾ ਕਥਨ ਹੈ ਕਿ “ਆਰੀਆ ਲੋਕਾਂ ਵਿੱਚ ‘ਅਯੋਨੀ’ ਨਾਮਕ ਇੱਕ ਪ੍ਰਥਾ ਪ੍ਰਚਲਿਤ ਸੀ। ਯੋਨੀ ਸ਼ਬਦ ਦਾ ਜੈਸਾ ਅਰਥ ਹੁਣ ਲਗਾਇਆ ਜਾਂਦਾ ਹੈ, ਵੈਸਾ ਸ਼ੁਰੂ ਵਿੱਚ ਨਹੀ ਸੀ। ਸ਼ਬਦ ‘ਯੂਨੀ’ ਦਾ ਮੂਲਤ ਅਰਥ ਹੈ-ਘਰ। ਅਯੋਨੀ ਦਾ ਅਰਥ ਹੈ ਐਸਾ ਗਰਭ ਜੋ ਘਰ ਦੇ ਬਾਹਰ ਠਹਿਰਾਇਆ ਗਿਆ ਹੋਵੇ। ਅਜੋਨਿ-ਪ੍ਰਥਾ ਵਿੱਚ ਕੋਈ ਬੁਰਿਆਈ ਨਹੀ ਸੀ ਮੰਨੀ ਜਾਂਦੀ। ਸੀਤਾ ਅਤੇ ਦ੍ਰੋਪਦੀ ਦੋਵਾਂ ਦਾ ਜਨਮ ਅਯੋਨੀ (ਯਾਨੀ, ਘਰ ਦੇ ਬਾਹਰ) ਹੋਇਆ ਸੀ।
ਕਿਉਂਕਿ, ਇੱਕ ਤਾਂ ਆਰੀਆ ਲੋਕ ਵਧੀਆ ਸੰਤਾਨ ਪੈਦਾ ਕਰਨ ਵਾਸਤੇ ਆਪਣੀਆਂ ਔਰਤਾਂ ਨੂੰ ਦੇਵ ਨਾਮਕ ਇੱਕ ਵਰਗ ਨੂੰ ਸਉਂਪ ਦਿੰਦੇ ਸਨ। ਸਪਤਪਦੀ ਦੀ ਪ੍ਰਥਾ (ਵਿਆਹ ਵੇਲੇ ਵੇਦੀ ਦੇ ਸੱਤ ਫੇਰੇ) ਦੀ ਅਰੰਭਤਾ ਦਾ ਵੀ ਅਧਾਰ ਇਹੀ ਰੀਤ ਹੈ। ਕਿਉਂਕਿ, ਵਿਆਹ ਮੰਡਪ ਵਿੱਚ ਜਿਹੜੀ ਵਧੂ (ਵਿਆਹ ਵਾਲੀ ਔਰਤ) ਪਵਿਤ੍ਰ ਅਗਨੀ ਦੇ ਦੁਆਲੇ ਸੱਤ ਚੱਕਰ ਕਟ ਲੈਂਦੀ ਸੀ। ਉਸ ਨੂੰ ਸਮਾਜਿਕ ਤੌਰ ਤੇ ਦੇਵ ਤੋਂ ਮੁਕਤ ਕਰਾਰ ਦੇ ਦਿੱਤਾ ਜਾਂਦਾ ਸੀ ਅਤੇ ਐਸਾ ਹੋਣ ’ਤੇ ਵਰ ਉਸ ਨੂੰ ਲਿਜਾ ਸਕਦਾ ਸੀ।
ਦੂਜੇ, ਆਰੀਆਂ ਵਿੱਚ ਔਰਤਾਂ ਨੂੰ ਭਾੜੇ (ਕਿਰਾਏ) ਤੇ ਵੀ ਦੇ ਦਿੱਤਾ ਜਾਂਦਾ ਸੀ। ਮਾਧਵੀ ਦੀ ਕਹਾਣੀ ਇਸ ਦਾ ਇੱਕ ਸਪਸ਼ਟ ਪ੍ਰਮਾਣ ਹੈ। ਰਾਜਾ ਯਯਾਤੀ ਨੇ ਆਪਣੀ ਬੇਟੀ ਮਾਧਵੀ ਨੂੰ ਆਪਣੇ ਬ੍ਰਾਹਮਣ ਗੁਰੂ ਗਾਲਵ ਨੂੰ ਭੇਟਾ ਵਜੋਂ ਦਿੱਤੀ। ਗਾਲਵ ਨੇ ਮਾਧਵੀ ਨੂੰ ਅੱਗੇ ਵਾਰੀ ਵਾਰੀ ਤਿੰਨ ਰਾਜਿਆਂ ਪਾਸ ਭਾੜੇ ਤੇ ਦਿੱਤਾ। ਇਸ ਪਿਛੋਂ ਗਾਲਵ ਨੇ ਮਾਧਵੀ ਦਾ ਵਿਆਹ ਆਪਣੇ ਗੁਰੂ ਵਿਸ਼ਵਾਮਿਤ੍ਰ ਨਾਲ ਕਰ ਦਿੱਤਾ। ਜਦੋਂ ਵਿਸ਼ਵਾਮਿਤ੍ਰ ਦੁਆਰਾ ਮਾਧਵੀ ਨੇ ਇੱਕ (‘ਅਸ਼ਟਕ’ ਨਾਮੀ) ਪੁਤ੍ਰ ਨੂੰ ਜਨਮ ਦਿੱਤਾ ਤਾਂ ਫਿਰ ਗਾਲਵ ਨੇ ਇਸ ਨੂੰ ਵਾਪਿਸ ਲੈ ਕੇ ਮੁੜ ਉਸ ਦੇ ਪਿਤਾ (ਯਯਾਤੀ) ਨੂੰ ਸਉਂਪ ਦਿੱਤਾ। “
ਡਾ: ਅੰਬੇਡਕਰ ਜੀ ਵਰਗੇ ਪ੍ਰਬੁੱਧ ਵਿਦਵਾਨ ਦੀ ਟਿਪਣੀ ਨੂੰ, ਭਾਵੇਂ, ਅੱਖੋਂ ਪਰੋਖੇ ਨਹੀ ਕੀਤਾ ਜਾ ਸਕਦਾ। ਕਿਉਂਕਿ, ਆਰੀਆਂ ਦੇ ਇਸਤ੍ਰੀ ਸ਼੍ਰੇਣੀ ਪ੍ਰਤੀ ਅਜਿਹੇ ਘਟੀਆ ਵਿਹਾਰ ਦੀ ਪ੍ਰੋੜਤਾ ‘ਹਿੰਦੂ ਮਿਥਿਹਾਸ ਕੋਸ਼’ ਵਿਚੋਂ ਵੀ ਹੁੰਦੀ ਹੈ। ਜਿਸ ਵਿੱਚ ‘ਗਾਲਵ’ ਦੇ ਅੰਦਰਾਜ਼ ਵਿੱਚ ਲਿਖਿਆ ਹੈ ਕਿ ਜਦੋਂ ਕਿਸੇ ਰਾਜੇ ਦੁਆਰਾ ਮਾਧਵੀ ਦੀ ਕੁਖੋਂ ਇੱਕ ਬੱਚਾ ਜਨਮ ਲੈ ਲੈਂਦਾ ਸੀ, ਤਾਂ ਗਾਲਵ ਉਸ ਦੇ ਬਦਲੇ ਵਿੱਚ ਹਰੇਕ ਰਾਜੇ ਪਾਸੋਂ ੨੦੦ ਘੋੜਾ ਲੈਂਦਾ ਸੀ। ਪਰ, ਇਸ ਸਚਾਈ ਤੋਂ ਵੀ ਇਨਕਾਰ ਨਹੀ ਕੀਤਾ ਜਾ ਸਕਦਾ ਕਿ ਭਾਰਤ ਦੇ ਸਾਹਿਤਕ ਖੇਤਰ ਵਿੱਚ ਵੇਦਕ ਕਾਲ ਦੇ ਸਮੇਂ ਤੋਂ ਹੀ ‘ਯੋਨੀ’ ਪਦ ਇਸਤ੍ਰੀ ਦੀ ਜਨਨਿ ਇੰਦ੍ਰੀ ਲਈ ਹੀ ਵਰਤਿਆ ਜਾ ਰਿਹਾ ਹੈ। ਛੰਦੋਗ ਉਪਨਿਸ਼ਦ ਵਿੱਚ ਇਸ ਪਦ ਦੀ ਇਸੇ ਹੀ ਅਰਥ ਵਿੱਚ ਖੁਲ੍ਹੀ ਵਰਤੋਂ ਮਿਲਦੀ ਹੈ।
ਦੂਜੀ ਗੱਲ ਇਹ ਵੀ ਹੈ ਕਿ ਜਿਉਂ ਜਿਉਂ ਮਨੁੱਖੀ ਸਭਿਅਤਾ ਦਾ ਵਿਕਾਸ ਹੁੰਦਾ ਹੈ ਅਤੇ ਸਮਾਜਿਕ ਤੇ ਧਾਰਮਿਕ ਖੇਤਰ ਵਿੱਚ ਕੋਈ ਵੀਚਾਰਧਾਰਕ ਪ੍ਰੀਵਰਤਨ ਆਉਂਦਾ ਹੈ। ਤਿਉਂ ਤਿਉਂ ਸਬਦਾਂ ਦੇ ਅਰਥ ਤੇ ਮੁਹਾਵਰੇ ਵੀ ਬਦਲਦੇ ਰਹਿੰਦੇ ਹਨ। ਕਿਉਂਕਿ, ਸਾਹਿਤੱਕ ਸ਼ਬਦਾਵਲੀ ਨੂੰ ਅਰਥ ਮਾਨਵੀ ਸਮਾਜ ਹੀ ਦਿੰਦਾ ਹੈ। ਜਿਵੇਂ, ਲਫ਼ਜ਼ ‘ਦੇਵਤਾ’ ਆਮ ਤੌਰ ਤੇ ਦੈਵੀ ਪ੍ਰਾਣੀ ਜਾਂ ਹਿੰਦੂ ਮਤ ਦੇ ਸਮੂਹ ਦੇਵਤਾ ਵਰਗ ਲਈ ਵਰਤਿਆਂ ਜਾਂਦਾ ਹੈ। ਪਰ, ਹਿੰਦੂ ਮਿਥਿਹਾਸ ਕੋਸ਼ ਮੁਤਾਬਿਕ ਸਾਹਿਤਕ ਇਤਹਾਸ ਵਿੱਚ ਅਜਿਹਾ ਦੌਰ ਵੀ ਮਿਲਦਾ ਹੈ, ਜਦੋਂ ਇਹ ਵਧੇਰੇ ਕਰਕੇ ਅਧਮ-ਦੇਵਤਿਆਂ (ਨੀਚ ਸ਼੍ਰੇਣੀ) ਲਈ ਪ੍ਰਯੁਕਤ ਕੀਤਾ ਜਾਂਦਾ ਸੀ। ‘ਅਵਤਾਰ’ ਲਫ਼ਜ਼ ਦੇ ਮੂਲਿਕ ਅਰਥ ਹਨ ‘ਜਨਮ’। ਪਰ, ਪੁਰਾਣਿਕ ਯੁੱਗ ਵਿੱਚ ਪਹੁੰਚ ਕੇ ਇਹ ਲਫ਼ਜ਼ ਕੇਵਲ ਵਿਸ਼ਨੂੰ ਆਦਿਕ ਕਿਸੇ ਦੇਵਤੇ (ਭਗਵਾਨ) ਵਲੋਂ ਦੇਹ ਰੂਪ ਵਿੱਚ ਪ੍ਰਗਟ ਹੋਣ ਦੇ ਅਰਥਾਂ ਵਿੱਚ ਹੀ ਸਥਾਪਿਤ ਹੋ ਗਿਆ। ਰਿਗ ਵੇਦ ਵਿੱਚ ‘ਭਗ’ ਇੱਕ ਰਿਸ਼ੀ ਦਾ ਨਾਮ ਹੈ। ਪਰ, ਪਿਛੋਂ ਜਾ ਕੇ ਇਹ ਲਫ਼ਜ਼ ਵੀ “ਯੋਨਿ’ ਦਾ ਸਮਾਨਥਕ ਨਾਂਵ ਬਣ ਗਿਆ।
ਪ੍ਰਕਰਣ ਅਨੁਸਾਰ ਵੀ ਸ਼ਬਦਾਂ ਦੇ ਅਰਥ ਬਦਲ ਜਾਂਦੇ ਹਨ। ਸੋ ਇਸ ਵਾਸਤੇ ਸਾਹਿਤ ਦਾ ਇਹ ਕੋਈ ਪੱਕਾ ਨਿਯਮ ਨਹੀ ਹੈ ਕਿ ਜੇਕਰ ‘ਅਯੋਨਿ’ ਲਫ਼ਜ਼ ਪਹਿਲਾਂ ਕਿਸੇ ਸਮਾਜਿਕ ਪ੍ਰਥਾ ਲਈ ਵਰਤਿਆ ਜਾਂਦਾ ਸੀ, ਤੇ ਇਸ ਲਈ ਹੁਣ ਇਹਨੂੰ ਇਸ ਦੇ ਅਜੋਕੇ ਪ੍ਰਚਲਿਤ ਅਰਥਾਂ ਵਿੱਚ ਨਹੀ ਵਰਤਿਆ ਜਾ ਸਕਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਵੀ ‘ਯੋਨਿ’ ਪਦ ਦੇ ਉਪਰੋਕਤ ਪ੍ਰਚਲਿਤ ਅਰਥਾਂ ਦੀ ਹੀ ਪੁਸ਼ਟੀ ਹੁੰਦੀ ਹੈ। ਕਿਉਂਕਿ, ‘ਜੂਨੀ’, ਜੂਨਿ, ‘ਜੋਨਿ’, ‘ਜੋਨੀ’ ਅਤੇ ‘ਜ+ਨੀਐ’ ਆਦਿਕ ਲਫ਼ਜ਼; ਭਗ, ਗਰਭ, ਜਨਮ, ਸਰੀਰ ਅਤੇ ਜਨਮ ਮਰਣ ਦੇ ਗੇੜ ਦੇ ਅਰਥਾਂ ਵਿੱਚ ਵਰਤੇ ਮਿਲਦੇ ਹਨ। ਜਿਵੇਂ ਕਿ ਗੁਰਵਾਕ ਹਨ:
ਜੂਨੀ (ਭਗ) : ਭਾਗਹੀਨ ਸਤਿਗੁਰੁ ਨਹੀ ਪਾਇਆ, ਮਨਮੁਖੁ ਗਰਭ ਜੂਨੀ ਨਿਤਿ ਪਉਦਾ ਜੀਉ।। {ਪੰ. ੯੫}
ਜੂਨੀ (ਵਖ ਵਖ ਜੀਵਾਂ ਦੇ ਰੂਪ ਵਿੱਚ ਜਨਮ) : ਜੋ ਜੋ ਜੂਨੀ ਆਇਓ ਤਿਹ ਤਿਹ ਉਰਝਾਇਓ,

ਮਾਣਸ ਜਨਮੁ ਸੰਜੋਗਿ ਪਾਇਆ।। {ਪੰ. ੬੮੬}
ਜੂਨਿ (ਜਨਮ, ਸਰੀਰ) : ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ।। {ਪੰ. ੧੪੧੮}
ਜੋਨਿ (ਗਰਭ) : ਜੋਨਿ ਛਾਡਿ ਜਉ ਜਗ ਮਹਿ ਆਇਓ।। {ਪੰ. ੩੩੭}
ਜੋਨਿ (ਜੂਨਾਂ ਦੇ ਜੀਵ) : ਅਵਰ ਜੋਨਿ ਤੇਰੀ ਪਨਿਹਾਰੀ।।
ਲਖ ਚਉਰਾਸੀਹ ਜੋਨਿ (ਜੂਨੀਆਂ, ਜਨਮਾ ਦਾ ਗੇੜ) ਭ੍ਰਮਾਇਆ।। {ਪੰ. ੧੭੬}
ਜੋਨੀ (ਜੂਨਾਂ ਦੇ) : ਆਵਤ ਜਾਤ ਜੋਨੀ ਦੁਖ ਖੀਨਾ।। {ਪੰ. ੧੯੦}
ਜੋਨੀ (ਜੋਨੀ ਵਾਲਾ, ਸਰੀਰ ਵਾਲਾ) : ਆਸਾ ਮਾਹਿ ਨਿਰਾਲਮੁ ਜੋਨੀ, ਅਕੁਲ ਨਿਰੰਜਨੁ ਗਾਇਆ।। {ਪੰ. ੧੦੪੦}
ਜ+ਨੀਐ (ਜੂਨਾਂ / ਜਨਮ ਮਰਨ ਦਾ ਗੇੜ): ਤਹ ਜਨਮ ਨ ਮਰਣਾ ਆਵਣ ਜਾਣਾ ਬਹੁੜਿ ਨ ਪਾਈਐ ਜ+ਨੀਐ।। {. ਪੰ. ੭੮੩}

ਇਸ ਲਈ ਸਪਸ਼ਟ ਹੈ ਕਿ ਗੁਰੂ ਨਾਨਕ ਸਾਹਿਬ ਜੀ ਵਲੋਂ ਰੱਬੀ ਸਰੂਪ ਦਾ ਚਿਤਰਨ ਕਰਨ ਦੇ ਉਪਕਾਰੀ ਯਤਨਾਂ ਵਿੱਚ ‘ਅਜੂਨੀ’ ਲਫ਼ਜ਼ ਦਾ ਅਰਥ ਇਹੀ ਬਣਦਾ ਹੈ ਕਿ ਉਹ ਦੀ ਅਕਾਲੀ-ਹਸਤੀ, ਜੀਵਾਂ ਦੇ ਮਾਂ ਦੀ ਕੁਖੋਂ ਜਨਮ ਲੈਣ ਵਾਂਗ ਕਿਸੇ ਕਿਸਮ ਦੀ ਵੀ ਪੈਦਾਇਸ਼ੀ ਕਿਰਿਆ ਦੁਆਰਾ ਪੈਦਾ ਨਹੀ ਹੁੰਦੀ। ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਉਚਾਰਨ ਕੀਤਾ ਹੇਠ ਲਿਖਿਆ ਗੁਰਵਾਕ ‘ਅਜੂਨੀ’ ਪਦ ਦੇ ਅਰਥਾਂ ਪ੍ਰਤੀ ਕੋਈ ਭੁਲੇਖਾ ਨਹੀ ਰਹਿਣ ਦਿੰਦਾ। ਜਿਸ ਦਾ ਅਰਥ ਹੈ ਕਿ ਹੇ ਪ੍ਰਭੂ! ਤੂੰ ਪਾਰਬ੍ਰਹਮ ਹੈਂ, ਸਭ ਤੋਂ ਵੱਡਾ ਮਾਲਕ ਹੈਂ, ਕਿਉਂਕਿ, ਤੂੰ ਜੋਨੀ ਵਿੱਚ ਨਹੀਂ ਆਉਂਦਾ। ਭਾਵ, ਤੂੰ ਹੋਰ ਜੀਵਾਂ ਵਾਂਗ ਨਹੀ ਜਨਮਦਾ। ਸਗੋਂ, ਤੂੰ ਆਪਣੇ ਹੁਕਮ ਨਾਲ ਜਗਤ ਦੀ ਸਿਰਜਨਾ ਕਰਦਾ ਹੈਂ ਅਤੇ ਜਗਤ ਸਾਜ ਕੇ ਅਰਥਾਤ ਪੈਦਾ ਕਰ ਕੇ ਉਸ ਵਿੱਚ ਵਿਆਪਕ ਵਰਤ ਰਿਹਾ ਹੈਂ:
ਤੂ ਪਾਰਬ੍ਰਹਮੁ ਪਰਮੇਸਰੁ, ਜੋਨਿ ਨ ਆਵਹੀ।।
ਤੂ ਹੁਕਮੀ ਸਾਜਹਿ ਸ੍ਰਿਸਟਿ ਸਾਜਿ ਸਮਾਵਹੀ।। {ਗੁ. ਗ੍ਰੰ. ਪੰ. ੧੦੯੫}

ਗੁਰਸ਼ਬਦ ਰਤਨਾਕਰ (ਮਹਾਨ ਕੋਸ਼) ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਅਨੁਸਾਰ ‘ਸੈਭੰ’ ਲਫ਼ਜ਼ ਵੀ ਸੰਸਕ੍ਰਿਤਕ ਨਾਂਵ ‘ਸ੍ਵਯੰਭੂ’ ਅਥਵਾ ‘ਸ੍ਵਯੰਭਵ’ ਦਾ ਪ੍ਰਕ੍ਰਿਤਕ ਰੂਪ ਹੈ, ਜਿਸ ਦਾ ਅਰਥ ਹੈ: (ਸ੍ਵਯੰ+ਭੂ) ਆਪਣੇ ਆਪ ਤੋਂ ਹੋਣ ਵਾਲਾ
(Self-existent)। ਜੋ ਕਿਸੇ ਤੋਂ ਨਹੀ ਬਣਿਆਂ। ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ। ਇਥੇ ਲਫ਼ਜ਼ ‘ਪ੍ਰਕਾਸ਼’ ਉਪਜਣ ਅਤੇ ਮੂਰਤੀਮਾਨ ਹੋਣ ਦੇ ਅਰਥਾਂ ਵਿੱਚ ਵਰਤਿਆ ਗਿਆ ਹੈ, ਚਾਨਣ ਦੇ ਅਰਥਾਂ ਵਿੱਚ ਨਹੀ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਰਚਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼’ (ਐਡੀਸ਼ਨ ੬ਵੀਂ) ਵਿੱਚ ਵੀ ਲਗਭਗ ਉਪਰੋਕਤ ਅਰਥਾਂ ਦੀ ਹੀ ਪ੍ਰੋੜਤਾ ਮਿਲਦੀ ਹੈ। ਭਾਵੇਂ ਕਿ ਕੋਸ਼ ਵਿਚਲੇ ਸੈਭੰ ਪਦ ਦੇ ਦੂਜੇ ਅਰਥ ਦਾ ਅਧਾਰ ਉਨ੍ਹਾਂ ਦੀ ‘ਸੰਥਿਆ ਪੋਥੀ’ ਵਿਚਲੀ ਵਿਆਖਿਆ ਹੈ। ਜਿਸ ਵਿੱਚ ‘ਭੰ’ ਲਫ਼ਜ਼ ਦਾ ਮੂਲ ਸੰਸਕ੍ਰਿਤਕ ਲਫ਼ਜ਼ ‘ਭਾ’ (ਜਿਸ ਦਾ ਅਰਥ ਹੈ ਪ੍ਰਕਾਸ਼) ਮੰਨ ਕੇ ਸੈਭੰ ਪਦ ਦੇ ਅਰਥ ਕੀਤੇ ਗਏ ਹਨ, ਉਹ ਰੱਬੀ ਹਸਤੀ ਜੋ “ਆਪਣੇ ਆਪ ਤੋਂ ਹੀ ਪ੍ਰਕਾਸ਼ ਸਰੂਪ ਹੈ ਅਰਥਾਤ ਜੋਤੀ ਸਰੂਪ ਹੈ”।
ਪਰ, ਫਿਰ ਵੀ ਕੋਸ਼ ਵਿੱਚ ਤੀਜੇ ਨੰਬਰ ਤੇ ਜੋ ਵਿਆਖਿਆ ਕੀਤੀ ਗਈ ਹੈ, ਉਹ ਭਾਈ ਕਾਹਨ ਸਿੰਘ ਨਾਭਾ ਤੇ ਪ੍ਰਿਸੀਪਲ ਸਾਹਿਬ ਸਿੰਘ ਜੀ ਹੁਰਾਂ ਦੀ ਅਰਥ-ਪਧਤੀ ਨਾਲ ਹੀ ਜਾ ਮਿਲਦੀ ਹੈ। ਭਾਵੇਂ ਕਿ ਉਥੇ ਵੀ, ਮਹਾਨ ਕੋਸ਼ ਤੇ ਦਰਪਣ ਤੋਂ ਹਟ ਕੇ ‘ਅਜੋਨੀ’ ਤੇ ‘ਸੈਭੰ’ ਪਦਾਂ ਨੂੰ ਇਕੱਠਿਆਂ ਅਰਥਾਇਆ ਗਿਆ ਹੈ। ਜਿਵੇਂ ਕਿ ਕੋਸ਼ ਦੀ ਲਿਖਤ ਹੈ:
ਸੈਭੰ {ਸੰ: / ਸੰਸਕ੍ਰਿਤ, ਸ੍ਵਯਮ = ਆਪਣੇ ਆਪ + ਭੂ = ਹੋਣਾ}
੧. ਸੁਯੰਭਵ। ਆਤਮਾ ਦਾ ਵਿਸ਼ੇਖਣ ਹੈ, ਜੋ ਆਪਣੇ ਆਪ ਤੋਂ ਹੋਵੇ।
੨. {ਸ੍ਵਯਮ / ਭੰ = ਪ੍ਰਕਾਸ਼}
੩. ਮਾਰੂ ਸੋਲਹੇ ਵਿੱਚ ‘ਅਜੂਨੀ ਸੰਭਉ’ ਪਾਠ ਹੈ, ਭੱਟਾਂ ਦੇ ਸਵਈਆਂ ਵਿੱਚ ‘ਅਜੋਨੀ ਸੰਭਵਿਅਉ’ ਹੈ ਅਤੇ ਏਥੇ (ਆਦਿ ਮੰਗਲਾਚਰਨ ਵਿੱਚ) ਪਾਠ ਹੈ ‘ਸੈਭੰ’। ਸੋ ਜੇ ਤਿੰਨਾਂ ਦਾ ਇੱਕ ਮੂਲ ਸਮਝ ਲਈਏ ਤੇ ਇਸ ਦੀ ਵਿਤਪਤੀ ਲਈ ਅਸੀਂ ‘ਅਜੂਨੀ ਸੰਭਵ’ ਸੰਸਕ੍ਰਿਤ ਰੂਪ ਖ੍ਯਾਲ ਕਰੀਏ ਤਾਂ ‘ਅਯੋਨੀ ਸੰਭਵ’ ਦਾ ਅਰਥ ਹੈ, ਜੋ ਕਿਸੇ ਕਾਰਨ ਤੋਂ ਨਾ ਬਣਿਆ ਹੋਵੇ। ‘ਯੋਨੀ ਸੰਭਵ’ ਦਾ ਅਰਥ ਹੈ ਕਿਸੇ ਕਾਰਨ ਤੋਂ ਬਣਿਆਂ, ਜੈਸੇ ਘੜਾ ਮਿੱਟੀ ਤੋਂ ਤੇ ‘ਅਜੂਨੀ ਸੰਭਵ’ ਜੋ ਕਿਸੇ ਕਾਰਨ ਤੋਂ ਨਾ ਬਣਿਆ ਹੋਵੇ। {ਪੰਨਾ: ੧੦੯}
ਸੰਪਰਦਾਈ ਵਿਦਵਾਨਾਂ ਨੇ ‘ਸੈਭੰ’ ਲਫ਼ਜ਼ ਦੇ ਮੁੱਢਲੇ ਅਰਥ ਤਾਂ ਭਾਵੇਂ ‘ਸੁਤੇ ਪ੍ਰਕਾਸ਼’ ਹੀ ਕੀਤੇ ਹਨ। ਪਰ ਨਾਲ ਹੀ ਇਸ ਪਦ ਨੂੰ ਇਉਂ ਵੀ ਅਰਥਾਇਆ ਹੈ: ਸੈ = ਸੈਂਕੜਿਆਂ ਨੂੰ, ਭੰ = ਪ੍ਰਕਾਸ਼ਨ ਵਾਲਾ ਜਾਂ ਭੰਗ ਕਰਨ ਵਾਲਾ ਅਰਥਾਤ ਨਾਸ ਕਰਨ ਵਾਲਾ। ਸੈ = ਸੰਸਿਆਂ ਨੂੰ ਨਾਸ ਕਰਨ ਵਾਲਾ। (ਦੇਖੋ: ਗੁਰਬਾਣੀ ਪਾਠ ਦਰਪਣ –ਪੰ. ੨੧੬) ਇਸੇ ਤਰ੍ਹਾਂ ਅਕਾਦਮਿਕਤਾ ਦੀ ਦੁਨੀਆਂ ਵਿੱਚ ਜੀਊਣ ਵਾਲੇ ਇੱਕ ਗੁਰਮਤਿ ਹਤੈਸ਼ੀ ਨੇ ਬੇਨਤੀ ਰੂਪ ਵਿੱਚ ਲਿਖਿਆ ਹੈ ਕਿ “ਸੈਭੰ ਦੇ ਅਰਥ ਜੇਕਰ ਅਸੀਂ ਮੰਨ ਲਈਏ ਕਿ ‘ਸਵੈ’ ਭਾਵ ਆਪਣੇ ਆਪ ਨੂੰ ਤੇ ‘ਭੰ’ ਭਾਵ (ਭੰਗ) ਨਿੱਕਾ ਨਿੱਕਾ ਤੋੜ ਕੇ। ਸੋ ਇਸ ਅਨੁਸਾਰ ਅਰਥ ਬਣਦੇ ਹਨ ਕਿ ਰੱਬ ਜੀ ਨੇ ਆਪਣੇ ਆਪ ਨੂੰ ਜ਼ੱਰੇ-ਜ਼ੱਰੇ ’ਚ ਸਾਰੇ ਬ੍ਰਹਮੰਡ ’ਚ ਸਭ ਜਗਾ ਬਿਰਾਜਮਾਨ ਕਰ ਦਿੱਤਾ ਹੈ।"  (ਰੱਬੀ ਗੁਣ-ਪੰ. ੬੦) ਪ੍ਰੰਤੂ, ਜੇਕਰ ਗੁਰਬਾਣੀ ਦੀ ਰੌਸ਼ਨੀ ਵਿੱਚ ਇਨ੍ਹਾਂ ਅਰਥਾਂ ਨੂੰ ਗੰਭੀਰਤਾ ਸਹਿਤ ਸਹਜ ਸੇਤੀ ਵਿਚਾਰਿਆ ਜਾਵੇ ਤਾਂ ਸੁਖਾਲੇ ਹੀ ਸਿੱਧ ਹੋ ਜਾਂਦਾ ਹੈ ਕਿ ਅਜਿਹੇ ਅਰਥ ਗੁਰਮਤਿ ਵਿਚਾਰਧਾਰਾ ਦੇ ਅਨੁਕੂਲ ਨਹੀ ਹਨ।
ਕਾਰਨ ਇਹ ਹੈ ਕਿ ਜੇ ਐਸਾ ਆਖਿਆ ਜਾਵੇ ਕਿ ਰੱਬ ਸੈਂਕੜਿਆਂ ਜਾਂ ਅਸੰਖਾਂ (ਬਿਅੰਤ) ਲੋਕਾਂ ਨੂੰ ਪਾਲਣ ਵਾਲਾ, ਮਾਰਨ ਵਾਲਾ, ਪ੍ਰਕਾਸ਼ਨ ਵਾਲਾ ਹੈ ਜਾਂ ਸੈਂਕੜੇ ਵਹਿਮਾਂ ਭਰਮਾਂ, ਸੰਸਿਆਂ ਤੇ ਦੁਖਾਂ ਕਲੇਸ਼ਾਂ ਦਾ ਨਾਸ ਕਰਨ ਵਾਲਾ ਹੈ, ਤਾਂ ਇਸ ਦਾ ਗਹਿਰਾ ਅਰਥ-ਭਾਵ ਇਹੀ ਨਿਕਲਦਾ ਹੈ ਕਿ ਕੁੱਝ ਅਜਿਹੇ ਜੀਅ ਜੰਤ ਵੀ ਹਨ, ਜੋ ਉਸ ਦੀ ਪ੍ਰਤਿਪਾਲਕ ਤੇ ਸੰਘਾਰਕ ਸੱਤਾ ਦੇ ਦਾਇਰੇ ਵਿੱਚ ਨਹੀ ਆਉਂਦੇ। ਇਸ ਪ੍ਰਕਾਰ ਅਸੀਂ ਅਕਾਲਪੁਰਖ ਦੀ ਮਹਿਮਾ ਨਹੀ ਕਰ ਰਹੇ ਹੁੰਦੇ। ਸਗੋਂ, ਇਹ ਤਾਂ ਕਿਸੇ ਚਕ੍ਰਵਰਤੀ ਬਾਦਸ਼ਾਹ ਨੂੰ ਚੌਧਰੀ ਜੀ ਕਹਿਣ ਵਾਲੀ ਭੁੱਲ ਕਰਦਿਆਂ ਉਸ ਦੀ ਸਰਬੱਗਤਾ (ਸਾਰਿਆਂ ਨੂੰ ਉਪਜਾਣ, ਜਾਨਣ, ਪਾਲਣ, ਸੰਭਾਲਣ, ਸਵਾਰਨ, ਜੀਵਾਲਣ ਤੇ ਮਾਰਨ ਦੀ ਸੱਤਾ) ਨੂੰ ਨਾ ਘਟਾ ਕੇ ਪੇਸ਼ ਕਰ ਰਹੇ ਹੁੰਦੇ ਹਾਂ।




.