ਗੁਰਬਾਣੀ ਵਿਚ ਪੌਰਾਣਕ ਕਥਾਵਾਂ
(ਕਿਸ਼ਤ ਨੰ: 40)
ਪ੍ਰੋ: ਇੰਦਰ
ਸਿੰਘ ‘ਘੱਗਾ’
1. ਰੁਦਰ ਜਾਂ ਸ਼ਿਵ:-
ਇਹ ਸ੍ਰਿਸ਼ਟੀ ਪਾਲਦਾ ਤੇ ਖਤਮ ਕਰਦਾ ਹੈ। ਸ਼ਿਵ ਦੀਆਂ ਤਿੰਨ ਅੱਖਾਂ ਹਨ, ਗਲਾ ਨੀਲਾ ਹੈ। ਇਹ ਖੁਦ
ਹੀ ਬ੍ਰਹਮਾ ਹੈ, ਖੁਦ ਹੀ ਇੰਦਰ ਹੈ। ਬਹੁਤੀ ਵਾਰੀ ਇਹ ਮੜ੍ਹੀਆਂ ਵਿੱਚ ਵਾਸਾ ਕਰਦਾ ਹੈ। ਸ਼ਰਾਬ ਅਤੇ
ਹੋਰ ਕਈ ਤਰ੍ਹਾਂ ਦੇ ਨਸ਼ੇ ਵਰਤਦਾ ਹੈ। ਮਨੁੱਖੀ ਖੋਪੜੀਆ ਦੀ ਗਲ ਵਿੱਚ ਮਾਲਾ ਪਾ ਕੇ ਰੱਖਦਾ ਹੈ।
ਜਦੋਂ ਕਰੋਧ ਵਿੱਚ ਆਉਂਦਾ ਹੈ ਤਾਂ ਪਾਰਵਤੀ ਨਾਲ ਰਲਕੇ, ਭਿਆਨਕ (ਤਾਂਡਵ) ਨਾਚ ਨੱਚਦਾ ਹੈ, ਉਦੋਂ
ਪਰਲੋ ਆਉਂਦੀ ਹੈ। ਇਸ ਦੇ ਮੱਥੇ ਵਿੱਚ ਚੰਦਰਮਾ ਹੈ, ਵਾਲਾਂ ਵਿਚੋਂ ਗੰਗਾ ਨਿਕਲਦੀ ਹੈ। ਗਲ ਵਿੱਚ
ਸੱਪ ਲਟਕਾ ਲੈਂਦਾ ਹੈ। ਇਸ ਦੀ ਪੋਸ਼ਾਕ ਸ਼ੇਰ ਜਾਂ ਹਾਥੀ ਦੀ ਖੱਲ ਤੋਂ ਬਣੀ ਹੁੰਦੀ ਹੈ। ਨੰਦੀ ਬਲਦ ਤੇ
ਸਵਾਰੀ ਕਰਦਾ ਹੈ। ਹੱਥ ਵਿੱਚ ਧਨੁਸ਼ ਤੇ ਡਮਰੂ ਹੁੰਦਾ ਹੈ। ਇੱਕ ਗਦਾ ਤੇ ਰੱਸਾ ਭੀ ਰੱਖਦਾ ਹੈ। ਇਸ
ਦੀ ਸਹਾਇਤਾ ਕਰਨ ਲਈ ਭੂਤ ਪ੍ਰੇਤ ਹੁੰਦੇ ਹਨ। ਸ਼ਿਵ ਦਾ ਤੀਜਾ ਨੇਤਰ ਬੜਾ ਮਾਰੂ ਹੈ। ਇਸੇ ਨੇਤਰ ਨਾਲ
ਸ਼ਿਵ ਨੇ ਪ੍ਰੇਮ ਦੇ ਦੇਵਤੇ ਨੂੰ ਸੁਆਹ ਕਰ ਦਿੱਤਾ ਸੀ। ਇਸ ਦੀ ਕਰੋਪ ਵਾਲੀ ਇੱਕੋ ਨਜ਼ਰ ਨਾਲ ਸਾਰੇ
ਦੇਵਤੇ ਅਤੇ ਸਾਰਾ ਬ੍ਰਹਮੰਡ ਨਸ਼ਟ ਹੋ ਜਾਂਦਾ ਹੈ। ਇਸ ਦਾ ਸਵਰਗ ਕੈਲਾਸ਼ ਪਰਬਤ ਹੈ। ਇਹ ਅਤਿਅੰਤ ਕਾਮੀ
ਹੈ, ਕਾਮੀ ਅਵਸਥਾ ਵਿੱਚ ਨੰਗਾ ਘੁੰਮਣ ਲੱਗਾ। ਦੇਵ ਪਤਨੀਆਂ ਨੇ ਮੋਹਿਤ ਹੋ ਕੇ ਆਪਣਾ ਆਪਾ ਇਸ ਦੇ
ਹਵਾਲੇ ਕਰ ਦਿੱਤਾ। ਦੇਵਤਿਆਂ ਨੇ ਲਿੰਗ ਸੜ ਜਾਣ ਦਾ ਸਰਾਪ ਦੇ ਦਿੱਤਾ। ਲਿੰਗ ਅਗਨੀ ਇੰਨੀ ਭੜਕ ਗਈ
ਕਿ ਸੰਸਾਰ ਸੜਨ ਲੱਗਾ। ਦੇਵਤਿਆਂ ਵੱਲੋਂ ਬੇਨਤੀ ਕਰਨ ਤੇ ਪਾਰਵਤੀ ਨੇ ਲਿੰਗ ਧਾਰਨ ਕਰ ਲਿਆ ਤੇ
ਸ਼ਾਂਤੀ ਵਰਤਾਈ। ਸ਼ਾਂਤੀ ਦੀ ਕਾਮਨਾ ਕਰਦਿਆਂ ਲਿੰਗ ਯੋਨੀ ਦੀ ਪੂਜਾ ਕਰਦੇ ਹਨ। (ਹਿੰਦੂ ਮਿਥਿਹਾਸ
ਕੋਸ਼, ਪੰਨਾ-120)
2. ਰੁਦਰ ਰੋਂਦੂ ਜਾਂ ਰੋਣ ਵਾਲਾ, ਸ਼ਿਵ:- ਵਿਸ਼ਨੂੰ ਪੁਰਾਣ
ਵਿੱਚ ਲਿਖਿਆ ਹੈ ਕਿ ਬ੍ਰਹਮਾ ਨੇ ਇੱਛਾ ਕੀਤੀ ਕਿ ਮੇਰੇ ਪੁੱਤਰ ਹੋਵੇ। ਉਸੇ ਵਕਤ ਬ੍ਰਹਮਾ ਦੇ ਮੱਥੇ
ਵਿਚੋਂ ਬਾਲਕ ਪੈਦਾ ਹੋ ਗਿਆ। ਜੋ ਜੰਮਦਿਆਂ ਹੀ ਰੋਣ ਲੱਗਾ। ਬ੍ਰਹਮਾ ਨੇ ਉਸ ਦਾ ਨਾਮ ਹੀ ਰੋਂਦੂ
(ਰੁਦਰ) ਰੱਖ ਦਿੱਤਾ। ਇਸ ਤੋਂ ਮਗਰੋਂ ਭੀ ਸ਼ਿਵ ਨੇ ਸੱਤ ਵਾਰੀ ਰੋ ਕੇ ਆਖਿਆ ਕਿ ਮੇਰੇ ਹੋਰ ਨਾਮ
ਰੱਖੋ। ਤਦ ਬ੍ਰਹਮਾ ਨੇ ਇਸ ਦੇ ਸੱਤ ਨਾਮ ਹੋਰ ਰੱਖੇ। ਵਿਸ਼ਨੂੰ ਬ੍ਰਹਮਾ ਕ੍ਰਿਸ਼ਨ ਤੇ ਰਾਮ ਭੀ ਕਈ
ਥਾਈਂ ਇਸ ਦੀ ਪੂਜਾ ਕਰਦੇ ਵਿਖਾਏ ਗਏ ਹਨ। (ਮਹਾਨ ਕੋਸ਼, ਪੰਨਾ-1042)
ਵਿਚਾਰ:- ਉਂਞ ਤਾਂ ਸ਼ਿਵ ਨੂੰ “ਤ੍ਰੀਮੂਰਤੀ” ਦਾ ਤੀਸਰਾ,
ਮੌਤ ਦਾ ਦੇਵਤਾ ਮੰਨਿਆ ਜਾਂਦਾ ਹੈ। ਪਰ ਪੁਰਾਣਾਂ ਦੀ ਕੋਈ ਇੱਕ ਸਪੱਸ਼ਟ ਵਿਚਾਰਧਾਰਾ ਨਹੀਂ ਹੈ। ਅਸਲ
ਵਿੱਚ ਪੌਰਾਣਕ ਪੁਸਤਕਾਂ ਬਹੁਤੀਆਂ ਕਲਪਨਾ ਦੇ ਆਧਾਰ ਤੇ ਲਿਖੀਆਂ ਹੋਈਆਂ ਹਨ। ਅੱਡੋ ਅੱਡ ਦੇਵਤਿਆਂ
ਦੇ ਪੁਜਾਰੀਆਂ ਵੱਲੋਂ ਲਿਖੀਆਂ ਗਈਆਂ ਹਨ। ਸਮਾਜ ਵਿੱਚ ਉਥਲ ਪੁਥਲ ਮਚੀ ਹੋਈ ਸੀ। ਦੇਸ਼ ਲੁੱਟਿਆ ਜਾ
ਰਿਹਾ ਸੀ। ਬਦੇਸੀ ਧਾੜਵੀ ਮੰਦਰਾਂ ਨੂੰ ਲੁੱਟ ਰਹੇ ਸਨ, ਮੂਰਤੀਆਂ ਨੂੰ ਚੂਰ ਚੂਰ ਕਰ ਰਹੇ ਸਨ। ਹਿੰਦ
ਦੀਆਂ ਸੁਨੱਖੀਆਂ ਧੀਆਂ ਨੂੰ, ਅਰਬ ਦੇਸਾਂ ਵਿੱਚ ਲਿਜਾ ਕੇ ਵੇਚ ਰਹੇ ਸਨ।
ਵੇਸ਼ਵਾ ਗਮਨੀ ਜਾਂ ਗੁਲਾਮੀ ਕਰਨ ਲਈ ਮਜਬੂਰ ਕਰਦੇ ਸਨ। ਕੋਈ ਟਿਕਾਉ ਵਾਲਾ
ਰਾਜ ਨਹੀਂ ਸੀ। ਧਰਮ ਮੁਖੀ ਪਾਖੰਡਾਂ ਦੇ ਸਹਾਰੇ ਪੇਟ ਪੂਰਤੀ ਕਰ ਰਹੇ ਸਨ ਤੇ ਆਮ ਲੋਕਾਂ ਨੂੰ “ਬਲਦੀ
ਦੇ ਬੁੱਥੇ”, ਆਗੂ ਰਹਿਤ ਛੱਡ ਕੇ ਬਰਬਾਦ ਹੁੰਦੇ, ਤੜਪਦੇ ਵੇਖ ਕੇ ਭੀ ਟੱਸ ਤੋਂ ਮੱਸ ਨਹੀਂ ਹੋ ਰਹੇ
ਸਨ। ਜਿੰਨੇ ਕੁ “ਸਿਆਣੇ ਲੋਕ” ਸਨ, ਉਹ ਘਰ ਤਿਆਗ ਕੇ ਜੰਗਲਾਂ ਪਹਾੜਾਂ ਗੁਫਾਵਾਂ ਵਿੱਚ ਜਾ ਲੁਕੇ।
ਅੱਠਵੀਂ ਤੋਂ ਸੋਲਵੀਂ ਸਦੀ ਤੱਕ ਦੇ ਵਿਚਕਾਰ ਅੱਠ ਸੌ ਸਾਲ ਭਾਰਤ ਵਾਸੀਆਂ ਲਈ ਅਤਿ ਦੇ ਤਬਾਹ ਕੁੰਨ
ਸਾਲ ਸਨ। ਇਹਨਾਂ ਅੱਠ ਸੌ ਸਾਲਾਂ ਦੇ ਵਿਚਕਾਰਲੇ ਸਮੇਂ ਵਿੱਚ ਸਾਰੇ ਪੌਰਾਣਕ ਗਰੰਥ ਲਿਖੇ ਗਏ, ਸਰਬ
ਵਿਦੱਤ ਹੈ। ਆਮ ਮਨੁੱਖ ਅਣਪੜ੍ਹ ਸੀ, ਬ੍ਰਾਹਮਣ ਨੇ ਹੋਰ ਸਭ ਤੋਂ ਪੜ੍ਹਨ ਲਿਖਣ ਦੇ ਅਧਿਕਾਰ ਖੋਹ ਲਏ
ਸਨ। ਪੜ੍ਹਿਆ ਹੋਇਆ ਵਰਗ ਸੁੱਖ ਰਹਿਣਾ ਸੀ ਪੁਜਾਰੀ ਪੁਰੋਹਿਤ ਐਸ਼ਵਾਲਾ ਜੀਵਨ ਬਤੀਤ ਕਰ ਰਿਹਾ ਸੀ।
ਹਫੜਾ ਦਫੜੀ, ਮਾਰਕਾਟ ਤੋਂ ਡਰ ਕੇ ਬਹੁਤ ਸਾਰੇ ਬ੍ਰਾਹਮਣ ਗੁਫਾਵਾਂ ਵਿੱਚ ਜਾ ਲੁਕੇ। ਮਨ ਬੇਚੈਨ ਸੀ
ਕੁੱਝ ਕਰਨਾ ਲੋਚਦੇ ਸਨ। ਪੁਜਾਰੀ ਲੋਕ ਕਰਾਂਤੀਕਾਰੀ ਰਾਹ ਅਖਤਿਆਰ ਨਹੀਂ ਕਰ ਸਕਦੇ। ਸਦੀਆਂ ਤੋਂ
ਦੁੱਧ ਮਲਾਈਆਂ ਛਕਣ ਵਾਲੇ, ਗੋਪੀਆਂ ਵਿੱਚ ਕਾਹਨ ਬਣ ਕੇ “ਰਾਸ ਲੀਲਾ” ਰਚਾਉਣ ਵਾਲੇ, ਸਰੀਰ ਨੂੰ ਕਸ਼ਟ
ਕਿਵੇਂ ਦੇ ਸਕਦੇ ਸਨ?
ਪੌਰਾਣਕ ਗਰੰਥ ਲਿਖਣ ਵਾਲੇ ਇਹ ਬੇਚੈਨ ਲੋਕ ਸਨ। ਇਹਨਾਂ ਕੋਲ ਕੋਈ ਭਵਿੱਖ ਦੀ
ਰੂਪ ਰੇਖਾ ਨਹੀਂ ਸੀ। ਜ਼ਿੰਦਗੀ ਦਾ ਕੋਈ ਤਜਰਬਾ ਨਹੀਂ ਸੀ। ਆਮ ਲੋਕਾਂ ਨਾਲ ਜੋ ਬੀਤ ਰਹੀ ਸੀ ਉਸ ਦਾ
ਗਿਆਨ ਨਹੀਂ ਸੀ। ਇਹਨਾਂ ਨੇ ਪੌਰਾਣਾਂ ਵਿੱਚ ਉਹੀ ਲਿਖਿਆ ਜੋ ਇਹਨਾਂ ਦੇ ਕੋਲ ਸੀ। ਇਸ ਚਿਤਰਪਟ ਨੂੰ
ਸਾਹਮਣੇ ਰੱਖ ਕੇ ਆਓ ਹੁਣ ਸ਼ਿਵ ਜਾਂ ਰੁਦਰ ਦੇ ਬਾਰੇ ਵਿਚਾਰ ਕਰਦੇ ਹਾਂ। ਭਾਵੇਂ ਖੁਦ ਹੀ ਬ੍ਰਾਹਮਣ
ਲਿਖਾਰੀਆਂ ਨੇ ਹਜਾਰਾਂ ਥਾਈਂ ਲਿਖਿਆ ਹੈ ਕਿ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਬ੍ਰਹਮਾ ਹੈ। ਭਾਵੇਂ ਕਿ
ਸਾਰੇ ਲੋਕ ਹੁਣ ਸਮਝ ਚੁੱਕੇ ਹਨ ਕਿ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਕੇਵਲ ਇੱਕ ਅਕਾਲ ਪੁਰਖ ਹੀ ਹੈ।
ਇਹਨਾਂ ਨੇ ਅਪਣੇ ਹੀ ਗਰੰਥਾਂ ਦੀ ਮਿੱਟੀ ਪਲੀਤ ਕਰਦਿਆਂ ਲਿਖ ਦਿੱਤਾ ਕਿ ਕਾਇਨਾਤ ਨੂੰ ਸਾਜਣ ਵਾਲਾ
ਸ਼ਿਵ ਹੈ। ਵਿਸ਼ਨੂੰ ਦੀ ਡਿਊਟੀ ਭੀ ਇਸੇ ਨੂੰ ਸੰਭਾਲ ਦਿੱਤੀ ਗਈ। ਅੱਗੋਂ ਦੋ ਅੱਖਾਂ ਨਾਲ ਰੁਦਰ ਦਾ
ਕੰਮ ਨਹੀਂ ਚੱਲਿਆ, ਤਿੰਨ ਅੱਖਾਂ ਫਿੱਟ ਕਰ ਦਿੱਤੀਆਂ। ਜਿਵੇਂ ਗੱਡੀਆਂ ਮੋਟਰਾਂ ਦੇ ਨਾਲ ਇੱਕ ਵਾਧੂ
ਟਾਇਰ ਫਿੱਟ ਹੁੰਦਾ ਹੈ। ਜੇ ਕਿਤੇ ਪੈਂਚਰ ਹੋ ਜਾਵੇ ਤਾਂ ਟਾਇਰ ਬਦਲਿਆ ਜਾ ਸਕੇ। ਲੱਗਦਾ ਹੈ ਸ਼ਿਵ ਨੇ
ਪਹਿਲਾਂ ਹੀ ਇੱਕ ਵਾਧੂ ਅੱਖ ਫਿੱਟ ਕਰਵਾ ਲਈ। ਜੇ ਇੱਕ ਦੋ ਅੱਖਾਂ ਖਰਾਬ ਹੋ ਜਾਣ ਤਾਂ ਭੀ ਕੰਮ ਚਲਦਾ
ਰਹੇ।
ਸਮੁੰਦਰ ਰਿੜਕਣ ਵਕਤ ਜਦੋਂ ਹੋਰ “ਰਤਨਾਂ” ਦੇ ਨਾਲ ਨਾਲ ਜ਼ਹਿਰ ਦਾ ਪਿਅਲਾ ਭੀ
ਸਮੁੰਦਰ ਵਿਚੋਂ ਨਿਕਲਿਆ ਤਾਂ ਇਹ ਸ਼ਿਵਜੀ ਨੇ ਬੜੇ ਚਾਈਂ ਚਾਈਂ ਪੀ ਲਿਆ। ਹੋਰ ਤਾਂ ਕੁੱਝ ਨਾ
ਵਿਗਿੜਿਆ ਹਾਂ ਗਲਾ ਨੀਲਾ ਹੋ ਗਿਆ। ਇਹ ਭੱਦਰ ਪੁਰਸ਼ ਸ਼ੌਕ ਨਾਲ ਹੀ ਸੱਪ ਭੀ ਦੋ ਚਾਰ ਗਲ ਵਿੱਚ ਪਾ ਕੇ
ਰੱਖਦਾ ਸੀ। ਮੜ੍ਹੀਆਂ ਮਸਾਣਾਂ ਵਿੱਚ ਵਾਸਾ ਕਰੇ, ਸ਼ਰਾਬ, ਭੰਗ, ਅਫੀਮ, ਧਤੂਰਾ ਅਦਿ ਸਾਰੇ ਨਸ਼ੇ ਇਸ
ਦੀ ਜ਼ਿੰਦਗੀ ਦਾ ਹਿੱਸਾ ਸਨ। ਮਨੁੱਖਾਂ ਨੂੰ ਮਾਰ ਕੇ ਉਹਨਾਂ ਦੀਆਂ ਖੋਪੜੀਆਂ ਦੀ ਮਾਲਾ ਬਣਾ ਕੇ ਗਲ
ਵਿੱਚ ਪਾ ਕੇ ਰੱਖਦਾ ਸੀ …. . । ਉੱਪਰ ਵਰਣਿਤ ਕਿਰਦਾਰ ਜੇ ਕਿਸੇ ਵਿਅਕਤੀ ਦਾ ਹੋਵੇ, ਤਾਂ ਕੀ ਉਸ
ਨੂੰ ਦੇਵਤਾ ਕਿਹਾ ਜਾ ਸਕਦਾ ਹੈ? ਇੰਨੇ ਨੀਚ ਤੇ ਨਖਿੱਧ ਕੰਮ ਕਰਨ ਵਾਲਾ ਜੇ ਦੇਵਤਾ ਹੈ, ਫਿਰ
ਚੰਡਾਲ, ਕਾਤਿਲ, ਨਸ਼ਈ, ਵਿਸ਼ਈ ਮਨੁੱਖ ਸਾਰੇ ਹੀ ਪੂਜਣ ਜੋਗ ਹਨ। ਆਪਣੇ ਆਪ ਨੂੰ ਸੰਤ ਸਾਧ ਕਹਾਉਣ
ਵਾਲੇ, ਜੇ ਨਸ਼ੇ ਕਰਨ, ਵਿਭਚਾਰ ਕਰਨ, ਨੰਗੇ ਰਹਿਣ, ਕੋਈ ਕੰਮ ਨਾ ਕਰਨ ਸਗੋਂ ਲੋਕਾਂ ਨੂੰ ਇਸ ਪਾਸੇ
ਆਉਣ ਲਈ ਪ੍ਰੇਰਨਾ ਕਰਨ …. . । ਕੀ ਉਹਨਾਂ ਨੂੰ ਸਾਧਾਰਣ ਇਨਸਾਨ ਮੰਨਿਆ ਜਾ ਸਕਦਾ ਹੈ। ਸਗੋਂ ਅਜਿਹੇ
ਲੋਕ ਤਾਂ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਹੋਣੇ ਚਾਹੀਦੇ ਸਨ। ਜੀ ਨਹੀਂ! ਜਿਨ੍ਹਾਂ ਦਾ ਪਰਮ
ਪਿਆਰਾ ਦੇਵਤਾ ਰੁਦਰ ਹੈ, ਜ਼ਿੰਦਗੀ ਦਾ ਮਾਡਲ ਹੈ, ਉਹੀ ਸ਼ਿਵ ਵਾਲੇ ਸਾਰੇ ਕੰਮ ਕਰਨੇ, ਸੇਵਕਾਂ ਦਾ
“ਧਰਮ” ਬਣ ਜਾਂਦਾ ਹੈ। ਅਜਿਹੇ ਦੇਵਤਿਆਂ ਵਾਲੇ ਸਮਾਜ ਦਾ ਸੁਧਾਰ ਹੋਣਾ ਬਹੁਤ ਔਖਾ ਹੈ।
ਸ਼ਿਵ ਦੇ ਮੱਥੇ ਵਿੱਚ ਚੰਦਰਮਾ ਹੈ, ਵਾਲਾਂ ਵਿਚੋਂ ਗੰਗਾ ਨਿਕਲਦੀ ਹੈ … …।
ਪਾਠਕ ਜਨੋਂ! ਇਸ ਸਾਰੇ ਕੂੜ੍ਹ ਕੁਸਤ ਨੂੰ “ਧਰਮ ਦਾ ਪਵਿੱਤਰ ਅੰਗ” ਜਾਣ ਕੇ ਸ਼ਰਧਾ ਸਹਿਤ ਮੰਨਿਆ,
ਪਰਚਾਰਿਆ ਤੇ ਲਿਖਿਆ ਜਾ ਰਿਹਾ ਹੈ। ਧਰਤੀ ਤੋਂ ਛੇ ਲੱਖ ਕਿਲੋਮੀਟਰ ਦੀ ਦੂਰੀ ਤੇ ਸਥਿਤ ਚੰਦ, ਅੱਜ
ਭੀ ਆਮ ਵੇਖਿਆ ਜਾ ਸਕਦਾ ਹੈ। ਕਦੀ ਸਾਨੂੰ ਦਿਸਦਾ ਹੈ ਤੇ ਕਦੀ ਦੂਜੇ ਪਾਸੇ ਹੋ ਜਾਣ ਕਰਕੇ ਦਿਸਣੋਂ
ਹੱਟ ਜਾਂਦਾ ਹੈ। ਧਰਤੀ ਵਾਂਗ ਚੰਦ ਭੀ ਇੱਕ ਛੋਟੀ ਧਰਤੀ ਹੈ। ਉੱਪਰ ਜਾ ਕੇ ਵਿਗਿਆਨੀ ਸਭ ਕੁੱਝ ਵੇਖ
ਆਏ ਹਨ। ਹੋਰ ਕਮਾਲ ਇਹ ਕਿ ਆਹ ਸ਼ਿਵ ਦੇ ਮੱਥੇ ਚਿਪਕਿਆ ਚੰਦ, ਸਮੁੰਦਰ ਵਿਚੋਂ ਕੱਢਿਆ ਗਿਆ ਸੀ। ਸ਼ਿਵ
ਨੂੰ ਚੰਗਾ ਲੱਗਿਆ ਤਾਂ ਚੁੱਕ ਕੇ ਆਪਣੇ ਮੱਥੇ ਵਿੱਚ ਫਿੱਟ ਕਰ ਲਿਆ। ਚੰਦ ਬਾਰੇ ਦੁਨੀਆ ਜਾਣ ਗਈ ਕਿ
ਕੀ ਹੈ। ਭਾਰਤ ਵਾਸੀ ਸ਼ਿਵ ਦੇ ਸੇਵਕ ਅਜੇ ਭੀ ਚੰਦ ਨੂੰ ਸ਼ਿਵ ਜੀ ਦੇ ਮੱਥੇ ਦਾ ਸ਼ਿੰਗਾਰ ਹੀ ਸਮਝੀ ਜਾ
ਰਹੇ ਹਨ। ਹੈ ਨਾ ਕਮਾਲ, ਸਾਡਾ ਭਾਰਤ ਦੇਸ਼ ਕਿੰਨੀ ਤਰੱਕੀ ਕਰ ਗਿਆ ਹੈ? ਗੰਗਾ ਇੱਕ ਦਰਿਆ ਹੈ ਆਮ
ਦਰਿਆਵਾਂ ਵਰਗਾ। ਗੰਗਾ, ਹਰਿਦਵਾਰ ਦੇ ਸਥਾਨ ਤੋਂ ਲੱਗਭਗ ਤਿੰਨ ਸੌ ਕਿਲੋਮੀਟਰ ਉਪਰਲੇ ਪਾਸੇ ਤੋਂ,
ਗੋਮੁੱਖ ਚਸ਼ਮੇ ਵਿਚੋਂ, ਜੋ 13800 ਫੁੱਟ ਦੀ ਉਚਾਈ ਤੇ ਹੈ ਉਸ ਵਿਚੋਂ ਨਿਕਲਦੀ ਹੈ। ਕਰੀਬ 2700
ਕਿਲੋਮੀਟਰ ਦਾ ਸਫਰ ਤੈਅ ਕਰਕੇ, ਗੰਗਾ ਸਮੁੰਦਰ ਵਿੱਚ ਮਿਲ ਜਾਂਦੀ ਹੈ। ਇੱਕ ਪਾਸੇ ਧਰਤੀ ਤੇ ਵਰਤ
ਰਿਹਾ ਪਰਤੱਖ ਵਰਤਾਰਾ ਹੈ। ਦੂਜੇ ਪਾਸੇ ਕੂੜ੍ਹ ਕਹਾਣੀਆਂ ਆਪਣਾ ਜਲਵਾ ਅਜੇ ਭੀ ਵਿਖਾਈ ਜਾ ਰਹੀਆਂ
ਹਨ। ਗੁਰੂ ਘਰ ਵਿੱਚ ਸ਼ਿਵ, ਗੰਗਾ ਜਾਂ ਚੰਦ ਨੂੰ ਕੋਈ ਮਾਨਤਾ ਨਹੀਂ ਮਿਲੀ ਹੋਈ। ਇਹਨਾਂ ਨੂੰ ਸਾਜਣ
ਵਾਲਾ ਅਤੇ “ਸੂਤ” ਵਿੱਚ ਪਰੋ ਕੇ ਨਿਅਮ ਵਿੱਚ ਬੰਨ੍ਹਣ ਵਾਲਾ, ਕਰਤਾਰ ਹੀ ਸਿੱਖਾਂ ਦੀ ਸ਼ਰਧਾ ਦਾ
ਪਾਤਰ ਹੈ। ਗੁਰਬਾਣੀ ਰਚਣ ਵਾਲੇ ਮਹਾਂ ਪੁਰਖਾਂ ਨੇ ਬਹੁਤ ਪਹਿਲਾਂ ਇਹਨਾਂ ਗੱਲਾਂ ਨੂੰ ਗਹਿਰਾਈ ਨਾਲ
ਸਮਝ ਲਿਆ ਸੀ। ਉਹ ਚਾਹੁੰਦੇ ਸਨ ਭਾਰਤੀ ਸਮਾਜ ਇਹਨਾਂ ਝੂਠ ਕਹਾਣੀਆਂ ਦਾ ਪੂਰੀ ਤਰ੍ਹਾਂ ਤਿਆਗ ਕਰ
ਦੇਵੇ। ਸੱਚੇ ਪਰਮੇਸ਼ਰ ਦੀ ਅਰਾਧਨਾ ਕਰੇ, ਤੇ ਸਚਿਆਰਾ ਜੀਵਨ ਬਤੀਤ ਕਰੇ। ਆਉ ਸ਼ਿਵ, ਚੰਦਰਮਾ ਜਾਂ
ਗੰਗਾ ਬਾਰੇ ਗੁਰਬਾਣੀ ਤੋਂ ਪੁੱਛੀਏ:-
ਸੰਕਰਾ ਮਸਤਕਿ ਬਸਤਾ ਸੁਰਸਰੀ ਇਸਨਾਨ ਰੇ।।
ਕੁਲ ਜਨ ਮਧੇ ਮਿਲਿਓ ਸਾਰਗ ਪਾਨ ਰੇ।।
ਕਰਮ ਕਰਿ ਕਲੰਕੁ ਮਫੀਟਸਿ ਰੀ।। (695)
ਭਗਤ ਤਰਲੋਚਨ ਜੀ ਹਿੰਦੂ ਸਮਾਜ ਵਿੱਚ ਜੰਮੇ ਪਲੇ, ਬ੍ਰਾਹਮਣੀ ਵਾਤਾਵਰਣ ਵਿੱਚ
ਜਵਾਨ ਹੋਏ ਸਨ। ਹਿੰਦੂਆਂ ਦੇ ਗਰੰਥਾਂ ਦਾ ਗਹਿਰਾ ਮੁਤਾਲਿਆ ਉਨ੍ਹਾਂ ਕੀਤਾ ਹੋਇਆ ਸੀ। ਹਿੰਦੂ
ਸਾਧੂਆਂ ਤੇ ਹੋਰ ਵਿਦਵਾਨ ਜਨਾਂ ਨੂੰ ਮਿਲਕੇ ਵਿਚਾਰ ਚਰਚਾ ਭੀ ਕਰਦੇ ਰਹਿੰਦੇ ਸਨ। ਕਿਉਂ ਜੋ ਪ੍ਰੌੜ
ਗਿਆਨ ਉਹਨਾਂ ਦੀ ਲੇਖਣੀ ਵਿਚੋਂ ਆਪ ਮੁਹਾਰੇ ਫੁੱਟ ਫੁੱਟ ਕੇ ਬਾਹਰ ਆ ਰਿਹਾ ਹੈ। ਇਸ ਇੱਕੋ ਸ਼ਬਦ
ਵਿੱਚ ਭਗਤ ਜੀ ਨੇ ਸਾਰੇ ਪ੍ਰਮੁੱਖ ਦੇਵੀ ਦੇਵਤਿਆਂ ਤੇ ਅਵਤਾਰਾਂ ਦੀਆਂ ਜੜ੍ਹਾਂ ਹਿਲਾ ਕੇ ਰੱਖ
ਦਿੱਤੀਆਂ। ਜੋ ਸਵਾਲ ਉਹਨਾਂ ਇਸ ਸ਼ਬਦ ਵਿੱਚ ਉਠਾਏ ਹਨ, ਉਨ੍ਹਾਂ ਦਾ ਅੱਜ ਤੱਕ ਕੋਈ ਜਵਾਬ ਨਹੀਂ ਦੇ
ਸਕਿਆ। ਅੱਗੋਂ ਦੇ ਭੀ ਨਹੀਂ ਸਕੇਗਾ। ਜੋ ਕੁੱਝ ਲੋਕਾਂ ਦੇ ਅੰਦਰ ਉਲੱਦ ਦਿੱਤਾ ਗਿਆ ਹੈ, ਉਹ ਮਾਨਸਿਕ
ਬਣਤਰ ਕਾਰਨ ਲੋਕੀਂ ਪੂਜਾ ਵਿਧੀਆਂ ਤੋਂ ਹਟਣਗੇ ਤਾਂ ਨਹੀਂ ਪਰ ਉਠਾਏ ਗਏ ਸੁਆਲਾਂ ਦਾ ਜੁਆਬ
ਨਾਮੁਮਕਿਨ ਹੈ। ਭਗਤ ਜੀ ਫੁਰਮਾਨ ਕਰਦੇ ਹਨ:- ਹੇ ਸੰਸਾਰ ਦੇ ਲੋਕੋ, ਸੁਣੋ ਧਿਆਨ ਨਾਲ! ਸ਼ਿਵ ਸ਼ੰਕਰ
ਨੂੰ ਮਹਾਨ ਤਾਕਤਾਂ, ਬਰਕਤਾਂ ਦਾ ਦਾਤਾ ਜਾਣਕੇ, ਪੂਜਾ ਕਰਨ ਵਾਲਿਓ, ਧਿਆਨ ਨਾਲ ਪਰਖ ਕਰੋ। ਚੰਦਰਮਾ
ਸ਼ਿਵ ਦੇ ਮੱਥੇ ਵਿੱਚ ਵਸਦਾ ਆਖਦੇ ਹੋ। ਜਿਸ ਗੰਗਾ ਵਿੱਚ ਤੁਸੀਂ ਕਦੀ ਕਦੀ ਇਸ਼ਨਾਨ ਕਰਕੇ ਜਨਮਾਂ
ਜਨਮਾਂ ਦੇ ਪਾਪ ਕੱਟੇ ਜਾਣੇ ਮੰਨਦੇ ਹੋ। ਜਦੋਂ ਚੰਦਰਮਾਂ ਨੇ ਇੰਦਰ ਦੇ ਆਖੇ ਲੱਗ ਕੇ ਕੁੱਕੜ ਬਣਕੇ
ਬਾਂਗ ਦਿੱਤੀ ਸੀ। ਉਸ ਵਕਤ ਗੌਤਮ ਨੇ ਇਸ ਨੂੰ ਸਰਾਪ ਦਿੱਤਾ ਸੀ। ਉਸੇ ਸਰਾਪ ਕਾਰਨ ਚੰਦ ਵਿੱਚ ਦਾਗ
ਹਨ। ਗ੍ਰਿਹਣ ਭੀ ਲਗਦੇ ਹਨ। ਨਿੱਤ ਗੰਗਾ ਜਲ ਵਿੱਚ ਇਸ਼ਨਾਨ ਕਰਕੇ, ਸ਼ਿਵ ਵਰਗੇ ਦੇਵਤੇ ਦੇ ਮੱਥੇ ਵਿੱਚ
ਰਹਿਕੇ ਭੀ ਅਗਰ ਚੰਦ ਦਾ ਕਲੰਕ ਦੂਰ ਨਹੀਂ ਹੋਇਆ। ਤਸੀਂ ਕਿਵੇਂ ਆਸ ਕਰ ਸਕਦੇ ਹੋ ਕਿ ਸ਼ਿਵ ਤੁਹਾਡਾ
ਕਲਿਆਣ ਕਰ ਸਕੇਗਾ। ਚੰਦਰਮਾ ਦੀ ਕੁਲ ਵਿਚੋਂ ਪੈਦਾ ਹੋਇਆ ਵਿਸ਼ਨੂੰ ਦਾ ਅਵਤਾਰ ਕ੍ਰਿਸ਼ਨ ਭੀ ਚੰਦਰਬੰਸੀ
ਹੀ ਸੀ। ਜਾਣੀ ਕਿ ਕ੍ਰਿਸ਼ਨ ਨਾਲ ਖਾਨਦਾਨੀ ਰਿਸ਼ਤਾ ਭੀ ਦਾਗ ਨਾ ਮਿਟਾ ਸਕਿਆ। ਚੰਦ ਨੇ ਜੋ ਪਾਪ ਕਰਕੇ
ਕਲੰਕ ਲਵਾ ਲਿਆ ਸੀ ਉਹ ਨਹੀਂ ਮਿਟਿਆ। ਤਸੀਂ ਕਿਵੇਂ ਆਸ ਰੱਖਦੇ ਹੋ ਕਿ ਸ਼ੰਕਰ ਤੁਹਾਡਾ ਕਲਿਆਣ ਕਰ
ਦੇਵੇਗਾ?
ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ।।
ਮੋਦੀ ਕੇ ਘਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ।। (875)
ਇਸ ਪਰਮਾਣ ਵਿੱਚ ਭਗਤ ਨਾਮਦੇਵ ਜੀ ਬਹੁਤ ਸਖਤ ਟਿੱਪਣੀਆਂ ਕਰਦੇ ਹਨ। ਹੇ
ਪਾਂਡੇ! ਧਿਆਨ ਨਾਲ ਸੁਣ ਤੇਰੇ ਸ਼ੰਕਰ ਮਹਾਦੇਵ ਨੂੰ ਮੈਂ ਚੰਗੀ ਤਰ੍ਹਾਂ ਜਾਣ ਲਿਆ ਹੈ। ਉਸ ਬਾਰੇ
ਬਹੁਤ ਪੜ੍ਹ, ਸੁਣ ਲਿਆ ਹੈ। ਸ਼ਿਵ ਜੀ ਇੱਕ ਸ਼ਰਧਾਵਾਨ ਸੇਵਕ ਨੇ ਖਾਣਾ ਤਿਆਰ ਕੀਤਾ। ਸ਼ਿਵ ਪਾਰਬਤੀ
ਅੱਗੇ ਪਰੋਸ ਕੇ ਰੱਖਿਆ। ਖਾਣਾ ਪਸੰਦ ਨਾ ਆਇਆ। ਉਸ ਸੇਵਕ ਦੇ ਪੁੱਤਰ ਨੂੰ ਸਰਾਪ ਦੇ ਕੇ ਮਾਰ ਦਿੱਤਾ।
ਸਿਰਫ ਖਾਣਾ ਪਸੰਦ ਨਾ ਆਉਣਾ ਤੇ ਪੁੱਤਰ ਮਾਰ ਦੇਣਾ? ਇਹ ਦੇਵਤਾ ਪੁਣਾ ਹੈ?
ਹਿੰਦੂ ਅੰਨ੍ਹਾ ਤੁਰਕੂ ਕਾਣਾ।। ਦੁਹਾ ਤੇ ਗਿਆਨੀ ਸਿਆਣਾ।। (875)
ਹੇ ਭਾਈ! ਤੁਸੀਂ ਕੋਈ ਵਿਚਾਰ ਤਾਂ ਕਰਦੇ ਨਹੀਂ ਭੇਡਾਂ ਵਾਂਗ ਇੱਕ ਦੂਜੇ ਦੇ
ਪਿੱਛੇ ਲੱਗੇ ਜ਼ਿੰਦਗੀ ਬਿਤਾ ਦਿੰਦੇ ਹੋ। ਜੋ ਕੰਮ ਤੁਸੀਂ ਕਰ ਰਹੇ ਹੋ, ਉਹ ਨਿਰੇ ਅੰਨ੍ਹਿਆਂ ਵਾਲੇ
ਕੰਮ ਹਨ, ਅਕਲ ਤਾਂ ਕਿਤੇ ਨੇੜੇ ਤੇੜੇ ਭੀ ਨਹੀਂ ਹੈ। ਖੁਦ ਹੀ ਦੇਵਤੇ ਜਾਣਕੇ ਪੂਜਾ ਕਰਨੀ ਤੇ ਖੁਦ
ਹੀ ਉਹਨਾਂ ਵਿਰੁੱਧ ਸਖਤ ਇਲਜ਼ਾਮ ਭੀ ਲਾਉਣੇ? ਹਿੰਦੂ ਗਿਆਨ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ਅੰਨ੍ਹੇ
ਹੋ ਚੁੱਕੇ ਹਨ। ਮੁਸਲਮਾਨ ਮੰਨਦੇ ਤਾਂ ਇੱਕ ਖੁਦਾ ਨੂੰ ਹਨ ਪਰ ਬਾਕੀਆਂ ਨਾਲ ਚੰਗਾ ਵਿਹਾਰ ਨਹੀਂ
ਕਰਦੇ। ਇਸ ਲਈ ਕਾਣੇ ਮੰਨੀਂਦੇ ਹਨ। ਗਿਆਨਵਾਨ ਪੁਰਖ ਨਿਰੰਕਾਰ ਤੇ ਭਰੋਸਾ ਰੱਖਦਾ ਹੈ। ਸਾਰੇ ਜੀਵਾਂ
ਨਾਲ ਇੱਕਸਾਰ ਵਰਤਦਾ ਹੈ।
ਆਪਣੇ ਦੇਵਤਿਆਂ ਬਾਰੇ ਜੋ ਚੰਗੇ ਮੰਦੇ ਵਿਚਾਰ ਬਿਪਰ ਲਿਖਾਰੀਆਂ ਲਿਖੇ ਹਨ,
ਉਸਦੇ ਜ਼ਿੰਮੇਵਾਰ ਤਾਂ ਉਹ ਖੁਦ ਹੀ ਹਨ। ਇਹਨਾਂ ਦੀ ਕੋਈ ਨਵੀਂ ਵਿਆਖਿਆ ਵਿਧੀ ਭਾਵੇਂ ਈਜਾਦ ਕਰ ਦੇਣ।
ਉਂਞ ਇਨ੍ਹਾਂ ਆਪਣੇ ਹੀ ਦੇਵਤਿਆਂ ਦਾ ਛੱਡਿਆ ਕੱਖ ਨਹੀਂ। ਅਖੇ ਸ਼ਿਵ ਦੀ ਕਰੋਪੀ ਵਾਲੀ ਇੱਕੋ ਨਜ਼ਰ ਨਾਲ
ਸਾਰਾ ਬ੍ਰਹਿਮੰਡ ਨਸ਼ਟ ਹੋ ਜਾਂਦਾ ਹੈ। ਕਰੋਪੀ ਤਾਂ ਇੱਕ ਦਿਨ ਵਿੱਚ ਇਹ ਕਈ ਕਈ ਵਾਰੀ ਕਰਦਾ ਹੈ। ਇਸ
ਦਾ ਸੁਭਾਅ ਹੀ ਇਸ ਤਰ੍ਹਾਂ ਸੁਣੀਂਦਾ ਹੈ। ਫਿਰ ਬ੍ਰਹਿਮੰਡ ਬਚਿਆ ਕਿਵੇਂ ਆ ਰਿਹਾ ਹੈ?
ਸਾਡੇ ਸਮਾਜ ਵਿੱਚ ਅਤੇ ਬਾਕੀ ਦੁਨੀਆ ਭਰ ਵਿੱਚ ਜੇ ਕਿਸੇ ਇਸਤਰੀ ਪੁਰਖ ਨੂੰ
ਬਹੁਤ ਜ਼ਿਆਦਾ ਅਪਮਾਨਤ ਕਰਨਾ ਹੋਵੇ ਤਾਂ ਉਸਨੂੰ ਸਭ ਦੇ ਸਾਹਮਣੇ ਸਰੇ-ਬਾਜਾਰ ਵਿੱਚ ਅਲਫ ਨੰਗਾ ਕਰ
ਦਿੱਤਾ ਜਾਂਦਾ ਹੈ। ਅਜਿਹੀ ਅਵਸਥਾ ਵਿਚੋਂ ਲੰਘਦਿਆਂ ਵਿਅਕਤੀ ਇਸ ਸਦਮੇ ਨੂੰ ਜ਼ਿੰਦਗੀ ਭਰ ਭੁਲਾ ਨਹੀਂ
ਸਕਦਾ। ਔਰਤਾਂ ਦੀ ਹਾਲਤ ਹੋਰ ਭੀ ਮੰਦੀ ਹੋ ਜਾਂਦੀ ਹੈ। ਬਿਪਰ ਲਿਖਾਰੀ ਆਪਣੀਆਂ ਲਿਖਤਾਂ ਵਿੱਚ ਕੀ
ਲਿਖ ਰਹੇ ਹਨ ਦਰਸ਼ਨ ਕਰੋ:- “ਦਾਰੂ ਨਾਂ ਦੇ ਜੰਗਲ ਵਿੱਚ ਸ਼ਿਵ ਕਾਮ ਅਵਸਥਾ ਵਿੱਚ ਘੁੰਮ ਰਹੇ ਸਨ, ਅਲਫ
ਨੰਗੇ। ਰਿਸ਼ੀਆਂ ਦੀ ਪਰਵਾਹ ਨਾ ਕਰਦਿਆਂ। ਕਾਮ ਤ੍ਰਿਪਤੀ ਦੀਆਂ ਚਾਹਵਾਨ ਰਿਸ਼ੀ ਪਤਨੀਆਂ ਸ਼ਿਵ ਨੂੰ ਵੇਖ
ਕੇ ਕਾਮਾਤੁਰ ਤੱਕ ਦੇ ਆਪ ਭੀ ਉਤੇਜਿਤ ਹੋਈਆਂ ਫਿਰਨ। ਰਿਸ਼ੀ ਪਰਤ ਕੇ ਆਏ ਤਾਂ ਕਾਮੁਕ ਦ੍ਰਿਸ਼ ਵੇਖ ਦੇ
ਗੁੱਸੇ ਨਾਲ ਭਰ ਗਏ। ਸ਼ਿਵ ਨੂੰ ਇਸ ਬੇਹਯਾਈ ਦੇ ਬਦਲੇ ਨਰ ਅੰਗ ਟੁੱਟਣ ਦਾ ਸਰਾਪ ਦੇ ਦਿੱਤਾ। ਸ਼ਿਵ ਦਾ
ਨਰ ਅੰਗ ਟੁੱਟ ਕੇ ਧਰਤੀ ਤੇ ਡਿੱਗਾ। ਉਸੇ ਵਕਤ ਨਰ ਅੰਗ ਵਿਚੋਂ ਪ੍ਰਚੰਡ ਅਗਨੀ ਭੜਕ ਉੱਠੀ ਲੱਗੀ
ਤ੍ਰਲੋਕੀ ਸੜਨ। ਸਾਰੇ ਦੇਵਤੇ ਅਤੇ ਰਿਸ਼ੀ ਭੈਅ ਭੀਤ ਹੋ ਕੇ ਬ੍ਰਹਮਾ ਕੋਲ ਫਰਿਆਦੀ ਹੋਏ। ਬ੍ਰਹਮਾ ਨੇ
ਪਾਰਬਤੀ ਕੋਲ ਜਾ ਕੇ ਮਿੰਨਤ ਕਰਨ ਲਈ ਕਿਹਾ। ਪਾਰਬਤੀ ਨੇ ਇਹਨਾਂ ਦੀਆਂ ਅਰਜੋਈਆਂ ਮੰਨਕੇ ਨਰ ਅੰਗ
ਯੋਨੀ ਰੂਪ ਹੋ ਕੇ ਸਦਾ ਲਈ ਧਾਰਨ ਕਰ ਲਿਆ। ਕਿਹਾ ਜਾਂਦਾ ਹੈ ਕਿ ਇੱਥੋਂ ਹੀ ਪੱਥਰ ਦੇ ਲਿੰਗ ਯੋਨੀ
ਦੀ ਪੂਜਾ ਸ਼ੁਰੂ ਹੋਈ ਸੀ। (ਸ਼ਿਵ ਪੁਰਾਣ, ਕੋਟ ਰੁਦਰ ਸੰਹਿਤਾ-4-ਅਧਿ-12)
ਸ਼ਿਵ ਜੀ ਮਹਾਰਾਜ ਦਾ ਜਨਮ ਬੜਾ ਅਲੋਕਿਕ ਤਰੀਕੇ ਹੋਇਆ ਸੀ। ਜਦੋਂ ਬ੍ਰਹਮਾਂ
ਨੇ ਇੱਛਾ ਕੀਤੀ ਕਿ ਮੇਰੇ ਲੜਕਾ ਹੋਵੇ। ਤੁਰੰਤ ਬ੍ਰਹਮਾ ਦੇ ਮੱਥੇ ਵਿਚੋਂ ਲੜਕਾ ਪੈਦਾ ਹੋ ਗਿਆ। ਵਾਹ
ਵਾਹ! ਕਿੰਨਾ ਵਧੀਆ ਕੁਦਰਤੀ ਤਰੀਕਾ ਸੀ ਬੱਚੇ ਪੈਦਾ ਕਰਨ ਦਾ। ਬਿਪਰ ਲਿਖਾਰੀਆਂ ਨੇ ਆਪਣੇ
“ਭਗਵਾਨਾਂ” ਦਾ ਹੀ ਹੁਲੀਆ ਵਿਗਾੜ ਕੇ ਰੱਖ ਦਿੱਤਾ ਹੋਰ ਕਿਸੇ ਨਾਲ ਕੀ ਭਲੇ ਮਾਣਸੀ ਕਰਨੀ ਹੈ। ਕਈ
ਪੁਸਤਕਾਂ ਵਿੱਚ ਵਿਸ਼ਨੂੰ ਬ੍ਰਹਮਾ ਰਾਮ ਤੇ ਕ੍ਰਿਸ਼ਨ ਭੀ ਸ਼ਿਵ ਦੀ ਪੂਜਾ ਕਰਦੇ ਵਿਖਾਏ ਗਏ ਹਨ।
ਇੰਦ੍ਰਪੁਰੀ ਮਹਿ ਸਰਪਰ ਮਰਣਾ।। ਬ੍ਰਹਮ ਪੁਰੀ ਨਿਹਚਲੁ ਨਹੀਂ ਰਹਣਾ।।
ਸ਼ਿਵ ਪੁਰੀ ਦਾ ਹੋਇਗਾ ਕਾਲਾ।। ਤ੍ਰੈ ਗੁਣ ਮਾਇਆ ਬਿਨਸਿ ਬਿਤਾਲਾ।। (237)
ਹੇ ਭਾਈ! ਪਰਮੇਸ਼ਰ ਬਹੁਤ ਉੱਚਾ ਹੈ। ਸਮਝੋ ਉਸ ਨੇ ਕਰੋੜਾਂ ਹੀ ਬਿਸਨੂੰ ਵਰਗੇ
ਅਵਤਾਰ ਪੈਦਾ ਕੀਤੇ ਹਨ, ਕਰ ਸਕਦਾ ਹੈ। ਇੱਕ ਬ੍ਰਹਮੰਡ ਦੀ ਕੀ ਗੱਲ ਹੈ, ਕਰੋੜਾਂ ਬ੍ਰਹਮੰਡ ਉਹ ਪੈਦਾ
ਕਰ ਸਕਦਾ ਹੈ। ਕਹਿੰਦੇ ਹਨ ਕਿ ਸ਼ਿਵ ਸਾਰਿਆਂ ਦਾ ਖਾਤਮਾ ਕਰਦਾ ਹੈ। ਪਰ ਕਰੋੜਾਂ ਹੀ ਸ਼ਿਵ ਵਰਗਿਆਂ
ਨੂੰ ਖਤਮ ਕਰਨ ਵਾਲਾ ਨਿਰੰਕਾਰ ਖੁਦ ਹੈ। ਕਹਿੰਦੇ ਹਨ ਬ੍ਰਹਮਾ ਸ੍ਰਿਸ਼ਟੀ ਰਚਨਾ ਕਰਦਾ ਹੈ। ਪਰ
ਕਰੋੜਾਂ ਹੀ ਬ੍ਰਹਮੇ ਪੈਦਾ ਕਰਕੇ, ਕਰਤਾ ਪੁਰਖ ਜਗ ਦੀ ਸਾਜਨਾ ਵਾਸਤੇ ਆ ਸਕਦਾ ਹੈ। ਉਸ ਦੀ ਤਾਕਤ
ਅਸੀਮ ਹੈ। ਪਰੇ ਤੇ ਪਰੇ ਹੈ ਮੇਰੀ ਨਮਸ਼ਕਾਰ ਹੈ ਉਸ ਨੂੰ।
ਸ਼ਿਵ ਨੂੰ ਬੜਾ ਧੱਕੜ, ਬਹੁਤ ਸ਼ਕਤੀਸ਼ਾਲੀ, ਨਸ਼ੱਈ, ਜ਼ਹਿਰ ਨਾਲ ਭਰਿਆ, ਗਲ ਵਿੱਚ
ਸੱਪ ਤੇ ਮਨੁੱਖੀ ਖੋਪੜੀਆਂ ਦੀ ਮਾਲਾ, ਕਾਮਾਤੁਰ ਨਗਨ ਅਵਸਥਾ ਵਿਚ, ਕਾਲੇ ਰੰਗ ਦਾ ਕਿਉਂ ਵਿਖਾਇਆ
ਗਿਆ ਹੈ? ਬਹੁਤ ਸਾਰੀ ਖੋਜ ਤੋਂ ਬਾਦ ਮੈਂ ਜਿਸ ਸਿੱਟੇ ਤੇ ਪੁੱਜਿਆ ਹਾਂ, ਉਹ ਹੁਣ ਤੱਕ ਦੀਆਂ
ਪਰੰਪਰਾਵਾਂ ਨਾਲੋਂ ਵੱਖਰੀ ਹੈ। ਹਿੰਦੂਆਂ (ਆਰੀਅਨ) ਦੇ ਬਹੁਤੇ ਦੇਵਤੇ ਜਾਂ ਅਵਤਾਰ ਗੋਰੇ ਰੰਗ ਵਾਲੇ
ਹਨ, ਸ਼ਿਵ ਕਾਲਾ ਹੈ, ਕਿਉਂ? ਬਾਕੀ ਅਵਤਾਰ ਕੱਪੜੇ ਪਾਉਂਦੇ ਹਨ, ਸ਼ਿਵ ਨੰਗਾ ਹੈ, ਕਿਉਂ? ਬਾਕੀ ਦੇਵਤੇ
ਸ਼ਿੰਗਾਰ ਕਰਦੇ ਹਨ, ਸ਼ਿਵ ਸੁਆਹ ਮਲਦਾ ਹੈ ਗਲ ਵਿੱਚ ਮਨੁੱਖੀ ਖੋਪੜੀਆਂ ਦੀ ਮਾਲਾ ਪਾਉਂਦਾ ਹੈ, ਕਿਉਂ?
ਬਾਕੀ ਦੇਵਤੇ ਅੰਨ ਧੰਨ ਸਵਰਗ ਆਦਿ ਦਿੰਦੇ ਹਨ, ਸ਼ਿਵ ਮੌਤ ਦਿੰਦਾ ਹੈ, ਕਿਉਂ? ਬਾਕੀ ਦੇਵਤੇ ਰੰਗ
ਰਲੀਆਂ ਮਨਾਉਂਦੇ ਹਨ ਨਾਚ ਗੀਤ ਸੰਗੀਤ ਕਰਦੇ ਹਨ, ਸ਼ਿਵ ਖੁਦ ਹੀ ਆਪਣੀ ਪਤਨੀ ਪਾਰਬਤੀ ਨਾਲ ਰਲਕੇ
“ਤਾਂਡਵ” ਨਾਚ ਨੱਚਦਾ ਹੈ ਕਿਉਂ? ਹੋਰ ਦੇਵਤੇ ਜੀਵਨ ਦਾਨ ਦੇਣ ਦੇ ਲਾਰੇ ਲਾਉਂਦੇ ਹਨ ਸ਼ਿਵ ਮੌਤ
ਲਿਆਉਂਦਾ ਹੈ, ਕਿਉਂ?
ਇਉਂ ਪ੍ਰਤੀਤ ਹੁੰਦਾ ਹੈ ਕਿ ਸ਼ਿਵ ਰਾਵਣ, ਹਰਨਾਖਸ ਤੇ ਬਲਿ ਰਾਜੇ ਵਾਂਗ
ਦਰਾਵੜ ਜਰਨੈਲ ਹੋਵੇਗਾ। ਅਜਿੱਤ ਅਡੋਲ, ਫੌਲਾਦੀ ਜਿਗਰ ਤੇ ਫੌਲਾਦੀ ਸਰੀਰ ਵਾਲਾ। ਆਪਣੀ ਤੂਫਾਨੀ ਫੌਜ
ਨੂੰ ਲੈ ਕੇ ਜਿੱਧਰ ਪੈਂਦਾ ਹੋਵੇਗਾ, ਸੱਥਰ ਵਿਛਦੇ ਜਾਂਦੇ ਹੋਣਗੇ। ਲੱਗਦਾ ਹੈ, ਲੰਮੇ ਸਮੇਂ ਤੱਕ ਇਹ
ਆਰੀਅਨ ਲੋਕਾਂ ਲਈ ਮੌਤ ਦਾ ਫਰਿਸ਼ਤਾ (ਦੇਵਤਾ) ਬਣਿਆ ਰਿਹਾ। ਇਸੇ ਲਈ ਸ਼ਿਵ ਦਾ ਮੌਤ ਨਾਲ ਸੰਬੰਧ ਜੋੜ
ਦਿੱਤਾ ਕਿ ਇਹ ਮੌਤ ਦਾ ਦੇਵਤਾ ਹੈ। ਸਾਰੇ ਆਰੀਅਨ ਲੋਕ ਗੋਰੇ ਹਨ, ਦਰਾਵੜ ਕਾਲੇ ਹਨ। ਕਾਲੇ ਰੰਗ ਤੋਂ
ਇਹ ਦਰਾਵੜਾਂ ਦਾ ਮੁਖੀ ਹੋ ਸਕਦਾ ਹੈ। ਹੋ ਸਕਦਾ ਹੈ ਇਹ ਆਰੀਅਨਾਂ ਦੀਆਂ ਔਰਤਾਂ ਨੂੰ ਜਬਰੀਂ ਚੁੱਕ
ਲਿਜਾਂਦਾ ਹੋਵੇ, ਉਨ੍ਹਾਂ ਨੇ ਇਸ ਤੇ ਅਜਿਹੇ ਨੰਗਾ ਰਹਿਣ, ਵਾਸ਼ਨਾ ਵਿੱਚ ਗ੍ਰੱਸਿਆ ਹੋਣ ਦੇ ਇਲਜ਼ਾਮ
ਬਾਦ ਵਿੱਚ ਲਾ ਕੇ ਬਦਨਾਮ ਕਰ ਦਿੱਤਾ ਹੋਵੇ। ਪਾਰਬਤੀ ਕਾਲੇ ਰੰਗ ਦੀ ਨਹੀਂ ਹੈ। ਇਉਂ ਪ੍ਰਤੀਤ ਹੁੰਦਾ
ਹੈ ਕਿ ਆਰੀਅਨਾਂ ਨੇ ਇਸ ਨੂੰ ਠੰਢਾ ਕਰਨ ਲਈ, ਕਾਬੂ ਕਰਨ ਲਈ ਕੋਈ ਆਪਣੇ ਵੱਲੋਂ ਆਰੀਅਨ ਤੀਵੀਂ ਜੋ
ਬਹੁਤ ਚਤੁਰ ਹੋਵੇ, ਇਸ ਨੂੰ ਦੇ ਦਿੱਤੀ ਹੋਵੇ ਕਿ ਇਸ ਨੂੰ ਕਿਸੇ ਧੋਖੇ ਨਾਲ ਖਤਮ ਕਰਵਾ ਦਿਓ,
ਸਾਹਮਣੇ ਮੱਥੇ ਇਹ ਕਾਬੂ ਨਹੀਂ ਆਉਂਦਾ। ਸ਼ਿਵ ਨੂੰ ਪਸ਼ੂਪਤੀ ਭੀ ਕਹਿੰਦੇ ਹਨ। ਨੇਪਾਲ ਅਤੇ ਭਾਰਤ ਵਿੱਚ
ਪਸ਼ੂਪਤੀ ਦੀ ਕਾਫੀ ਪੂਜਾ ਹੁੰਦੀ ਹੈ। ਇਹ ਪਸ਼ੂ ਕੌਣ ਹਨ? ਆਰੀਅਨਾਂ ਵੱਲੋਂ ਦਰਾਵੜ ਲੋਕਾਂ ਨੂੰ ਪਸ਼ੂ,
ਵਾਨਰ, ਜਟਾਯੁ, ਮਾਰੀਚ (ਹਿਰਨ) ਕਾਕ, ਗਿੱਧ ਅਦਿ ਆਖ ਕੇ ਅਪਮਾਨਤ ਕੀਤਾ ਗਿਆ ਹੈ। ਇਹ ਸ਼ਿਵ ਇਹਨਾਂ
ਭਾਰਤੀ ਦਰਾਵੜ ਲੋਕਾ ਦਾ (ਪਸ਼ੂਪਤੀ-ਪਸ਼ੂਆਂ ਵਰਗੇ ਲੋਕਾਂ ਦਾ ਮਾਲਕ) ਦੇਵਤਾ। ਲੱਗਦਾ ਹੈ ਪਾਰਵਤੀ ਨੇ
ਇਸ ਨੂੰ ਭੰਗ, ਸ਼ਰਾਬ ਆਦਿ ਨਸ਼ੇ ਦੇ ਕੇ ਅੱਧ ਪਾਗਲ ਜਿਹਾ ਕਰ ਦਿੱਤਾ। ਜੋ ਸਾਰਾ ਦਿਨ ਸੈਕਸ ਪੂਰਤੀ
ਕਰਦਾ ਹੀ ਸਮਾਂ ਬਰਬਾਦ ਕਰਦਾ ਗਿਆ। ਆਪਣੇ ਲੋਕਾਂ ਦੇ ਦੁੱਖ ਭੁੱਲ ਗਏ। ਆਰੀਅਨਾਂ ਨੇ ਇਸ ਨੂੰ ਇੱਕ
ਨਖਿੱਧ ਜਿਹਾ, ਚਰਿੱਤਰ ਹੀਣ ਦੇਵਤਾ ਬਣਾ ਕੇ, ਅਧਮੰਨੇ ਮਨ ਨਾਲ, ਪੂਜਾ ਵਿੱਚ ਸ਼ਾਮਿਲ ਕਰ ਲਿਆ। ਜਿਸ
ਦੀ ਸ਼ਖ਼ਸੀਅਤ ਅਜੀਬੋ ਗਰੀਬ ਜਿਹੀ ਹੈ।
ਹੁਣ ਇਸ ਦਾ ਜੀਵਨ ਜਾਂ ਇਸ ਦੀ ਪੂਜਾ ਕਿਸੇ ਦਾ ਕੁੱਝ ਨਹੀਂ ਸੰਵਾਰ ਸਕਦੀ।
ਸਿੱਖਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਬਹੁਤ ਸਾਰੇ ਸਿਰ ਫਿਰੇ ਪ੍ਰਚਾਰਕ, ਇਹੋ ਜਿਹੇ ਕਾਮੀ ਕੀੜੇ
ਤੇ ਨਸ਼ਿਆਂ ਵਿੱਚ ਡੁੱਬੇ ਦੇਵਤਿਆਂ ਦੀਆਂ ਕਹਾਣੀਆਂ ਸਿੱਖ ਸਟੇਜਾਂ ਤੇ ਸਣਾਉਂਦੇ ਫੜੇ ਗਏ ਹਨ।
ਉਨ੍ਹਾਂ ਨੂੰ ਤੁਰੰਤ ਸਟੇਜ ਤੋਂ ਲਾਹ ਦੇਣਾ ਚਾਹੀਦਾ ਹੈ। ਸਾਡੇ ਕੋਲ ਬਹੁਤ ਉੱਤਮ ਦਰਜੇ ਦੇ ਸੂਰਮੇ
ਅਤੇ ਪਰਉਪਕਾਰੀ ਗੁਰਸਿੱਖਾਂ ਦਾ ਜੀਵਨ ਹੈ, ਉਹ ਕਿਉਂ ਨਾ ਸੁਣਾਈਏ? ਝੂਠੀਆਂ ਬਣਾਵਟੀ, ਬੇਸਿਰ ਪੈਰ
ਦੀਆਂ ਕਹਾਣੀਆਂ ਕਿਉਂ ਪਰਵਾਨ ਕਰੀਏ?
ਬ੍ਰਹਮ ਲੋਕ ਅਰੁ ਰੁਦ੍ਰ ਲੋਕ ਆਈ ਇੰਦ੍ਰ ਲੋਕ ਤੇ ਧਾਇ।।
ਸਾਧ ਸੰਗਤਿ ਕਉ ਜੋਹਿ ਨ ਸਾਕੈ ਮਲਿ ਮਲਿ ਧੋਵੈ ਪਾਇ।। (500)
ਹੇ ਭਾਈ! ਸਾਰੇ ਸੰਸਾਰ ਨੂੰ ਤਿੰਨਾਂ ਲੋਕਾਂ ਨੂੰ ਮਾਇਆ ਆਪਣੇ ਬਸ ਵਿੱਚ ਕਰ
ਲੈਂਦੀ ਹੈ। ਇਹ ਮਾਇਆ ਬ੍ਰਹਮਾ ਦੀ ਪੁਰੀ ਨੂੰ, ਸ਼ਿਵ ਪੁਰੀ ਨੂੰ ਅਤੇ ਇੰਦ੍ਰ ਦੀ ਪੁਰੀ ਨੂੰ ਇਸ ਨੇ
ਕਾਬੂ ਕਰ ਲਿਆ ਹੈ। ਇਨ੍ਹਾਂ ਥਾਵਾਂ ਤੇ ਇਨਸਾਨੀਅਤ ਤੋਂ ਗਿਰੇ ਕੰਮ ਹੁੰਦੇ ਸੁਣੀਂਦੇ ਹਨ। ਜਦੋਂ ਇਸ
ਮਾਇਆ ਨੇ ਗੁਰੂ ਘਰ ਵੱਲ ਆਉਣ ਦੀ ਕੋਸ਼ਿਸ਼ ਕੀਤੀ ਤਾਂ ਇਸ ਨੇ ਉੱਚੀਆਂ ਕਦਰਾਂ ਕੀਮਤਾਂ ਵਾਲੇ ਸਤਿਗੁਰੂ
ਨੂੰ ਵੇਖਿਆ। ਉਹਨਾਂ ਦੀ ਆਗਿਆ ਵਿੱਚ ਜੀਵਨ ਬਤੀਤ ਕਰਦੇ ਗੁਰਸਿੱਖਾਂ ਨੂੰ ਵੇਖਿਆ ਤਾਂ ਮਾਇਆ ਦੀ ਕੋਈ
ਪੇਸ਼ ਨਾ ਗਈ। ਇਸ ਨੇ ਮੁਕੰਮਲ ਤੌਰ ਤੇ ਹਾਰ ਮੰਨ ਲਈ। ਸਗੋਂ ਗੁਰਸਿੱਖਾਂ ਦੀ ਸੇਵਾ ਵਿੱਚ ਹਾਜ਼ਰ ਹੋ
ਗਈ। ਇਸ ਮਾਇਆ ਨੇ ਸਿੱਖਾਂ ਦੇ ਚਰਨ ਧੋਣ ਦੀ ਸੇਵਾ ਸੰਭਾਲ ਲਈ।
ਲਖ ਬ੍ਰਹਮੇ ਲਖ ਵੇਦ ਪੜਿ, ਨੇਤ ਨੇਤ ਕਰਿ ਕਰਿ ਸਭ ਥਕੇ।।
ਮਹਾਦੇਵ ਅਵਧੂਤ ਲਖ, ਜੋਗ ਧਿਆਨ ਉਣੀਦੈ ਅਕੇ।।
ਲਖ ਬਿਸਨ ਅਵਤਾਰ ਲੈ ਗਿਆਨ ਖੜਗੁ ਫੜਿ ਪਹੁਚਿ ਨ ਸਕੇ।। …. .
ਸਾਧ ਸੰਗਤਿ ਆਸਕੁ ਹੋਇ ਤਕੇ।। (ਭਾ. ਗੁ. ਵਾਰ-29-16)
ਹੇ ਗੁਰਸਿੱਖ ਵੀਰੋ! ਲੱਖਾਂ ਹੀ ਬ੍ਰਹਮੇ ਲੱਖਾਂ ਹੀ ਵੇਦ ਪੜ੍ਹਕੇ ਹਾਰ
ਚੁੱਕੇ ਹਨ। ਮਹਾਂਦੇਵ ਵਰਗੇ ਅਵਧੂਤ ਤਿਆਗੀ, ਲੱਖਾਂ ਹੋ ਗੁਜਰੇ ਹਨ। ਜੋਗ ਅਤੇ ਧਿਆਨ ਜੋੜਦੇ ਨੀਂਦਾਂ
ਝਾਗਦੇ, ਦੁੱਖ ਭੋਗਦੇ ਮਰ ਗਏ ਹਨ, ਰੱਬ ਦਾ ਥਾਹ ਨਹੀਂ ਪਾ ਸਕੇ। ਵਿਸ਼ਨੂੰ ਵਰਗੇ ਲੱਖਾਂ ਅਵਤਾਰ ਜਨਮ
ਲੈ ਚੁੱਕੇ ਹਨ, ਗਿਆਨ ਹਾਸਲ ਕਰਕੇ ਭੀ ਨਿਰੰਕਾਰ ਨੂੰ ਜਾਣ ਨਾ ਸਕੇ। ਗੁਰੂ ਦੀ ਮਤ ਲੈ ਰਹੀ ਸਾਧ
ਸੰਗਤ - ਗੁਰਸਿੱਖ ਸਭਾ - ਇਹਨਾਂ ਤੋਂ ਬਹੁਤ ਉੱਚੀ ਹੈ। ਜੋ ਕਰਤਾਰ ਦਾ ਧਿਆਨ ਧਰਦੀ ਹੈ, ਨਿਰਮਲ
ਜੀਵਨ ਬਤੀਤ ਕਰਦੀ ਹੈ।
ਇਕ ਦੂ ਗਿਆਰਹ ਰੁਦ੍ਰ ਹੋਇ, ਘਰਬਾਰੀ ਅਉਧੂਤੁ ਸਦਾਇਆ।।
ਜਤੀ ਸਤੀ ਸੰਤੋਖੀਆਂ, ਸਿਧ ਨਾਥ ਕਰਿ ਪਰਚਾ ਲਾਇਆ।।
ਸੰਨਿਆਸੀ ਦਸਨਾਮ ਧਰਿ, ਜੋਗੀ ਬਾਰਹ ਪੰਥ ਚਲਾਇਆ।। …
ਮੇਲਾ ਕਰਿ ਸਿਵਰਾਤ ਦਾ ਕਰਾਮਾਤ ਵਿਚਿ ਵਾਦੁ ਵਧਾਇਆ।।
ਪੋਸਤ ਭੰਗ ਸਰਾਬ ਦਾ ਚਲੈ ਪਿਆਲਾ ਭੁਗਤ ਭੁੰਚਾਇਆ।।
ਸਾਧ ਸੰਗਤਿ ਵਿਣੁ ਭਰਮਿ ਭੁਲਾਇਆ।। (ਭਾ. ਗੁ. ਵਾਰ-39-16)
ਹੇ ਭਾਈ! ਇੱਕ ਸ਼ਿਵ ਦੀ ਕੀ ਗੱਲ ਕਰੀਏ ਇਨ੍ਹਾਂ ਨੇ ਤਾਂ ਇੱਕ ਦੇ ਗਿਆਰਾਂ
ਅਵਤਾਰ ਬਣਾ ਧਰੇ। ਸ਼ਿਵ ਗ੍ਰਿਸਤੀ ਹੋ ਕੇ ਭੀ ਅਵਧੂਤ (ਤਿਆਗੀ) ਬਣਿਆ ਰਿਹਾ। ਟਿਕ ਕੇ ਘਰ ਨਾ ਬਸਾਇਆ।
ਇਸ ਦੇ ਚੇਲੇ ਜਤੀ ਸਤੀ ਹੋਣ ਦੇ ਪਾਖੰਡ ਕਰਦੇ ਰਹੇ। ਕੋਈ ਸਿੱਧ ਕੋਈ ਨਾਥ ਅਖਵਾਉਂਦੇ ਰਹੇ। ਇਸੇ
ਤਰ੍ਹਾਂ ਸਨਿਆਸੀਆਂ ਦੇ ਦਸ ਫਿਰਕੇ ਬਣ ਗਏ। ਜੋਗੀਆਂ ਨੇ ਭੀ ਬਾਰਾਂ ਰਾਹ (ਪੰਥ) ਬਣਾ ਲਏ। ਅਚੱਲ
ਵਟਾਲੇ ਸਲਾਨਾ ਮੇਲਾ ਕਰਨ ਲੱਗੇ। ਲੋਕਾਂ ਨੂੰ ਝੂਠੀਆਂ ਕਰਾਮਾਤਾਂ ਨਾਲ ਡਰਾ ਕੇ ਲੁੱਟਣ ਲੱਗੇ। ਵਾਦ
ਵਿਵਾਦ ਤੋਂ ਸਿਵਾਏ ਇਨ੍ਹਾਂ ਕੋਲ ਹੋਰ ਕੁੱਝ ਨਹੀਂ ਸੀ। ਇਨ੍ਹਾਂ ਦੇ ਇਕੱਠਾਂ ਵਿੱਚ ਪੋਸਤ ਭੰਗ ਤੇ
ਸ਼ਰਾਬ ਪ੍ਰਸ਼ਾਦ ਰੂਪ ਵਿੱਚ ਨਿਰਲੱਜਤਾ ਨਾਲ ਵਰਤਾਈ ਜਾਣ ਲੱਗੀ। ਯਾਦ ਰੱਖੋ, ਗੁਰੂ ਕੀ ਸਾਧ ਸੰਗਤ ਤੋਂ
ਬਿਨਾਂ ਇਹ ਸਾਰੇ ਭਰਮਾਂ ਵਿੱਚ ਭਟਕ ਰਹੇ ਲੋਕ ਹਨ।
ਬ੍ਰਹਮਾ ਬਿਸ ਮਹੇਸੁ ਦੁਆਰੈ।। ਉਭੇ ਸੇਵਹਿ ਅਲਖ ਅਪਾਰੈ।।
ਹੋਰ ਕੇਤੀ ਦਰਿ ਦੀਸੈ ਬਿਲਲਾਦੀ ਮੈ ਗਵਤ ਨ ਆਵੈ ਕਾਈ ਹੇ।।
ਸਾਚੀ ਕੀਰਤਿ ਸਾਚੀ ਬਾਣੀ।। ਹੋਰ ਨ ਦੀਸੈ ਬੇਦ ਪੁਰਾਣੀ।।
ਪੁੰਜੀ ਸਾਚੁ ਸਚੇ ਗੁਣ ਗਾਵਾ ਮੈ ਧਰ ਹੋਰ ਨ ਕਾਈ ਹੇ।।
ਜੁਗੁ ਜੁਗੁ ਸਾਚਾ ਹੈ ਭੀ ਹੋਸੀ।। ਕਉਣੁ ਨ ਮੂਆ ਕਉਣੁ ਨ ਮਰਸੀ।।
ਨਾਨਕੁ ਨੀਚੁ ਕਹੈ ਬੇਨੰਤੀ ਦਰਿ ਦੇਖਹੁ ਲਿਵ ਲਾਈ ਹੇ।। (1062)
ਹੇ ਭਾਈ ਕਰਤਾਰ ਦੇ ਦਰ ਤੇ ਬ੍ਰਹਮਾ ਬਿਸਨ ਸ਼ਿਵ ਵਰਗੇ ਅਣਗਿਣਤ ਹੀ ਸੇਵਾ
ਵਿੱਚ ਸਿਰ ਝੁਕਾਈ ਨਿਮਾਣੇ ਹੋ ਕੇ ਖੜ੍ਹੇ ਰਹਿੰਦੇ ਹਨ। ਹੋਰ ਪਤਾ ਨਹੀਂ ਕਿੰਨੇ ਹਨ ਜੋ ਨਿਰੰਕਾਰ ਦੀ
ਸੇਵਾ ਵਿੱਚ ਲੱਗੇ ਹੋਏ ਹਨ। ਸਹੀ ਵਿਚਾਰ ਇਹ ਹੈ ਕਿ ਸੱਚੇ ਦੀ ਸਿਫਤ ਸਾਲਾਹ ਕਰਨੀ ਚਾਹੀਦੀ ਹੈ। ਇਹ
ਸੱਚਾਈ ਗੁਰੂ ਕੀ ਬਾਣੀ ਵਿਚੋਂ ਪ੍ਰਾਪਤ ਹੁੰਦੀ ਹੈ। ਹੋਰ ਬੇਦ ਪੁਰਾਣਾਂ ਵਿੱਚ ਸੱਚੇ ਵਿਚਾਰ ਨਹੀਂ
ਦਿਸਦੇ, ਕੇਵਲ ਬਣਾਵਟੀ ਕਹਾਣੀਆਂ ਹਨ। ਮੈਨੂੰ ਹੋਰ ਕੋਈ ਆਸਰਾ ਟਿਕਾਣਾ ਨਹੀਂ ਹੈ, ਕੇਵਲ ਸੱਚੇ ਤੇ
ਵਿਸ਼ਵਾਸ ਹੈ। ਜੁੱਗਾਂ ਜੁਗਾਂਤਰਾਂ ਤੋਂ ਜੋ ਅਟੱਲ ਹੈ, ਥਿਰ ਹੈ, ਸੱਚਾ ਹੈ, ਉਸ ਨੂੰ ਮੰਨੀਏ। ਬਾਕੀ
ਇਹ ਦੇਵੀਆਂ ਦੇਵਤੇ ਜੇ ਜੰਮੇ ਮੰਨ ਲਈਏ ਤਾਂ ਮਰ ਗਏ ਭੀ ਮੰਨਣਾ ਪਵੇਗਾ। ਅੱਜ ਤੱਕ ਸਾਰੇ ਲੋਕ ਮਰਦੇ
ਆਏ ਹਨ, ਹੋਰ ਕਿਵੇਂ ਨਹੀਂ ਮਰਨਗੇ? ਨਿਮਾਣਾ ਨਾਨਕ ਵਿਚਾਰ ਪੇਸ਼ ਕਰਦਾ ਹੈ, ਡੂੰਘੀ ਪਰਖ ਕਰਕੇ ਵੇਖੋ,
ਮੇਰੀਆਂ ਆਖੀਆਂ ਗੱਲਾਂ ਖਰੀਆਂ ਪ੍ਰਤੀਤ ਹੋਣਗੀਆਂ।