.

ਸੂਰਜ ਕਿਰਣਿ ਮਿਲੇ

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਜਦੋਂ ਵੀ ਕਿਸੇ ਮਿਰਤਕ ਪ੍ਰਾਣੀ ਦੇ ਭੋਗ ਤੇ ਜਾਣਾ ਪਏ ਤਾਂ ਆਮ ਕਰਕੇ ਉਹਨਾਂ ਸ਼ਬਦਾਂ ਦਾ ਹੀ ਕੀਰਤਨ ਸੁਣਨ ਨੂੰ ਮਿਲਦਾ ਹੈ ਜਿਹਨਾਂ ਦਾ ਉਸ ਸਮੇਂ ਨਾਲ ਕੋਈ ਵੀ ਸਬੰਧ ਨਹੀਂ ਹੁੰਦਾ। ਉਂਜ ਗੁਰਬਾਣੀ ਦੇ ਕਿਸੇ ਵੀ ਸ਼ਬਦ ਦਾ ਕੀਰਤਨ ਜਾਂ ਪਾਠ ਕੀਤਾ ਜਾ ਸਕਦਾ ਹੈ ਪਰ ਸ਼ਰਤ ਇਹ ਹੋਣੀ ਚਾਹੀਦੀ ਹੈ ਕਿ ਉਸ ਦਾ ਭਾਵ ਅਰਥ ਜ਼ਰੂਰ ਸਮਝਾਇਆ ਜਾਏ ਤਾਂ ਕਿ ਸੰਗਤ ਨੂੰ ਕੁੱਝ ਨਾ ਕੁੱਝ ਸ਼ਬਦ ਵਿਚੋਂ ਰੱਬੀ ਗਿਆਨ ਤੇ ਆਤਮਿਕ ਜੀਵਨ ਦਾ ਲਾਭ ਪਰਾਪਤ ਹੋ ਸਕੇ। ਗੁਰਬਾਣੀ ਉਪਦੇਸ਼ ਸੁਣ ਕੇ ਕਿਸੇ ਨਾ ਕਿਸੇ ਮਨੁੱਖ ਦੇ ਜੀਵਨ ਵਿੱਚ ਬਦਲਾ ਆ ਸਕਦਾ ਹੈ। ਬਹੁਤ ਦਫਾ ਪਰਵਾਰਾਂ ਨੂੰ ਖੁਸ਼ ਕਰਨ ਲਈ ਹੀ ਉਚੇਚੇ ਤੌਰ ਤੇ ਸ਼ਬਦਾਂ ਦੀ ਚੋਣ ਕਰਕੇ ਉਹਨਾਂ ਦਾ ਪਾਠ ਜਾਂ ਗਾਇਨ ਕੀਤਾ ਜਾਂਦਾ ਹੈ। ਸਗੋਂ ਇਹ ਧਿਆਨ ਵੀ ਰੱਖਿਆ ਜਾਂਦਾ ਹੈ, ਕਿ ਜੋ ਸ਼ਬਦ ਪੜ੍ਹਿਆ ਜਾ ਰਿਹਾ ਏ, ਉਸ ਵਿੱਚ ਕੋਈ ਨਾ ਕੋਈ ਅਜੇਹਾ ਸ਼ਬਦ ਤਾਂ ਲਾਜ਼ਮੀ ਹੋਣਾ ਚਾਹੀਦਾ ਹੈ ਜੋ ਪਰਵਾਰ ਦੀ ਹਉਮੇ ਨੂੰ ਵਧਾਉਂਦਾ ਹੋਵੇ। ਇੰਜ ਕੀਤਿਆਂ ਪਰਵਾਰ ਵਾਲੇ ਖੁਸ਼ ਹੋਕੇ ਵਾਹਵਾ ਸੇਵਾ ਕਰ ਦੇਂਦੇ ਹਨ। ਕਈ ਵਾਰੀ ਤੇ ਅਸੀਂ ਮੁਹਾਵਰਿਆਂ ਨੂੰ ਵੀ ਮਾਤ ਪਾ ਜਾਂਦੇ ਹਾਂ।

ਕਹਿੰਦੇ ਨੇ ਇੱਕ ਵਾਰੀ ਪੰਡਤ ਜੀ ਤੇ ਤੇਲੀ ਜੀ ਦੀ ਪਿੰਡ ਵਾਲਿਆਂ ਨੇ ਅਪਸ ਵਿੱਚ ਬਹਿਸ ਕਰਵਾ ਦਿੱਤੀ, ਕਿਉਂਕਿ ਪੰਡਤ ਜੀ ਨੂੰ ਆਪਣੀ ਵਿਦਿਆ ਤੇ ਪੂਰਾ ਪੂਰਾ ਮਾਣ ਸੀ। ਇਸ ਲਈ ਪੰਡਤ ਜੀ ਕਿਸੇ ਵੀ ਮਾਈ ਦੇ ਲਾਲ ਨੂੰ ਖੰਘਣ ਨਹੀਂ ਦੇਂਦਾ ਸੀ, ਜਣੇ ਖਣੇ ਦੀ ਪਤ ਲਾਹੁੰਦਿਆਂ ਹਰ ਮਨੁੱਖ ਨਾਲ ਕਵਿਤਾ ਵਿੱਚ ਹੀ ਗੱਲ ਕਰਦਾ ਸੀ। ਲੋਕਾਂ ਨੇ ਚੁੱਕ ਚੁਕਾ ਕੇ ਤੇਲੀ ਨੂੰ ਉਸ ਦੇ ਮੁਕਾਬਲੇ ਵਿੱਚ ਲੈ ਆਂਦਾ, ਪੰਡਤ ਜੀ ਨੇ ਕਵਿਤਾ ਨੂੰ ਢੰਗ ਤਰੀਕੇ ਨਾਲ ਉਚਾਰਿਆ। ਪਰ ਤੇਲੀ ਜੀ ਦੀ ਵਾਰੀ ਆਈ ਤਾਂ ਤੇਲੀ ਕਹਿੰਦਾ, ‘ਪੰਡਤਾ, ਪੰਡਤਾ ਤੇਰੇ ਸਿਰ ਤੇ ਕੋਹਲੂ’ ਪੰਡਤ ਜੀ ਕਹਿਣ ਲੱਗੇ, ‘ਭਲੇ ਲੋਕ ਤੇਰੀ ਗੱਲ ਬਣੀ ਕੋਈ ਨਹੀਂ, ਕਿਉਂਕਿ, ਕਵਿਤਾ ਦਾ ਤੋਲ ਪੂਰਾ ਨਹੀਂ ਹੈ’ ਤੇਲੀ ਵਿਚਾਰਾ ਕਹਿੰਦਾ, “ਗੱਲ ਬਣੇ ਚਾਹੇ ਨਾ ਬਣੇ ਪਰ ਯਾਦ ਰੱਖੀ ਤੂੰ ਭਾਰ ਨਾਲ ਜ਼ਰੂਰ ਮਰੇਂਗਾ”। ਇਦਾਂ ਹੀ ਇੱਕ ਵੀਰ ਜੀ ਨੂੰ ਪੁੱਛਿਆ ਵੀਰ ਐ ਜਿਹੜਾ ਤੁਸਾਂ ਸ਼ਬਦ ਪੜ੍ਹਿਆ ਹੈ ‘ਲਖ ਖੁਸੀਆ ਪਾਤਸਾਹੀਆਂ’ ਇਸ ਦੇ ਅਰਥ ਤਾ ਹੋਰ ਬਣਦੇ ਹਨ, ਅੱਗੋਂ ਸਹਿਜ ਸੁਭਾਅ ਉੱਤਰ ਦੇਂਦੇ ਨੇ, “ਚੱਲਦਾ ਏ ਸਭ ਕੁੱਝ ਏੱਥੇ ਇਹਨਾਂ ਨੂੰ ਕਿਹੜੀ ਸਮਝ ਏ। ਇਹ ਪਰਵਾਰ ਵਾਲੇ ਤਾਂ ਭਾਊ ਜੀ ਲੱਖ ਖੁਸ਼ੀਆਂ ਨਾਲ ਹੀ ਖੁਸ਼ ਹੋ ਗਏ ਨੇ, ਤੇ ਸਾਡਾ ਵਾਹਵਾ ਤੋਰੀ ਫੁਲਕੇ ਦਾ ਕੰਮ ਬਣ ਗਿਆ, ਇਹਨਾਂ ਨੂੰ ਕੀਰਤਨ ਦੀ ਸਮਝ ਹੈ ਕੋਈ ਨਹੀਂ, ਇਹਨਾਂ ਨੂੰ ਤੇ ਸਿਰਫ ਖੁਸ਼ੀਆਂ ਚਾਹੀਦੀਆਂ ਨੇ ਉਹ ਅਸੀਂ ਪੂਰੀਆ ਹੇਕਾਂ ਲਾ ਲਾ ਕੇ ਪੜ੍ਹਤੀਆਂ, ਅਰਥਾਂ ਨਾਲ ਇਹਨਾਂ ਵਿਚਾਰਿਆਂ ਦਾ ਕੀ ਵਾਸਤਾ ਹੈ”, ਤੇਲੀ ਦੀ ਕਵਿਤਾ ਬਣੇ ਚਾਹੇ ਨਾ ਬਣੇ ਪਰ ਪੰਡਿਤ ਜੀ ਭਾਰ ਨਾਲ ਤੇ ਜ਼ਰੂਰ ਮਰੇਗਾ ਈ ਨਾ – ਸਾਨੂੰ ਸ਼ਬਦ ਦੇ ਅਰਥਾਂ ਦੀ ਕਹਾਣੀ ਨਾਲ ਕੋਈ ਸਰੋਕਾਰ ਨਹੀਂ, ਸਾਨੂੰ ਤੇ ਸਿਰਫ ਪਰਵਾਰ ਵਾਲੇ ਖੁਸ਼ ਚਾਹੀਦੇ ਨੇ।

ਭਲਿਆ ਜ਼ਮਾਨਿਆਂ ਵਿੱਚ ਪੇਂਡੂ ਵੀਰਾਂ ਤੇ ਡਾਕਟਰਾਂ ਦੇ ਵੀ ਕਈ ਲਤੀਫੇ ਸੁਣਨ ਨੂੰ ਮਿਲ ਜਾਂਦੇ ਸਨ। ਕਹਿੰਦੇ ਨੇ ਡਾਕਟਰ ਸਾਹਿਬ ਜੀ ਪਾਸ ਉਹਨਾਂ ਦਾ ਇੱਕ ਦੋਸਤ ਬੈਠਾ ਹੋਇਆ ਸੀ, ਉਸ ਨੇ ਦੋ ਘਟਨਾਵਾਂ ਦੇਖੀਆਂ। ਪਹਿਲੀ ਘਟਨਾ ਇੰਜ ਵਾਪਰੀ ਕਿ, ਡਾਕਟਰ ਸਾਹਿਬ ਜੀ ਪਾਸ ਇੱਕ ਪੇਂਡੂ ਮਰੀਜ਼ ਦੁਖ਼ਦੀ ਦਾੜ੍ਹ ਕਢਾਉਂਣ ਲਈ ਆਇਆ। ਪੇਂਡੂ ਵੀਰ ਨੇ ਪੈਸੇ ਪੁੱਛੇ, “ਅੱਗੋਂ ਡਾਕਟਰ ਜੀ ਕਹਿਣ ਲੱਗੇ ਕੇ ਮੈਂ ਵੀਹ ਰੁਪਏ ਲਵਾਂਗਾ”, ਸੌਦਾ ਤਹਿ ਹੋ ਗਿਆ। ਕੁਦਰਤੀ ਡਾਕਟਰ ਜੀ ਪਾਸੋਂ ਦੁਖਦੀ ਦਾੜ੍ਹ ਦੀ ਥਾਂ ਤੇ ਤੰਦਰੁਸਤ ਦਾੜ੍ਹ ਦਾ ਬਟਨ ਨੱਪਿਆ ਗਿਆ। ਦੁਖ਼ਦੀ ਰਹਿ ਗਈ ਤੇ ਤੰਦਰੁਸਤ ਪੁੱਟ ਕੇ ਡਾਕਟਰ ਸਾਹਿਬ ਜੀ ਨੇ ਮਰੀਜ਼ ਦੇ ਹੱਥ ਫੜਾਈ। ਮਰੀਜ਼ ਨੇ ਮਹਿਸੂਸ ਕੀਤਾ ਕੇ ਮੇਰੀ ਦੁਖ਼ਦੀ ਦਾੜ੍ਹ ਤਾਂ ਪੁੱਟੀ ਹੀ ਨਹੀਂ ਗਈ, ਜੋ ਦਾੜ੍ਹ ਠੀਕ ਠਾਕ ਸੀ ਡਾਕਟਰ ਜੀ ਨੇ ਉਹਦਾ ਰਾਮ-ਨਾਮ-ਸਤ ਬੋਲਤਾ, ਮਰੀਜ਼ ਪਰੇਸ਼ਾਨ ਹੋ ਕੇ ਪੁੱਛਦਾ, “ਡਾਕਟਰ ਜੀ ਮੈਨੂੰ ਲੱਗਦਾ ਏ ਕਿ ਮੇਰੀ ਦੁਖ਼ਦੀ ਦਾੜ ਤਾਂ ਪੁੱਟੀ ਹੀ ਨਹੀਂ ਗਈ, ਕਿਉਂਕਿ ਉਹ ਤੇ ਅਜੇ ਉਸੇ ਤਰ੍ਹਾਂ ਹੀ ਦੁਖ ਰਹੀ ਹੈ”। ਡਾਕਟਰ ਜੀ ਨੇ ਆਪਣੇ ਪੂਰੇ ਤਜਰਬੇ ਦਾ ਫਾਇਦਾ ਉਠਾਉਂਦਿਆ ਗਰੀਬ ਮਰੀਜ਼ ਦੀ ਮਾਨਸਿਕ ਹਾਲਤ ਪੜ੍ਹਦਿਆਂ ਕਹਿਣ ਲੱਗਾ, “ਕੋਈ ਨਈਂ ਮਿੱਤਰਾਂ ਕੋਈ ਨਈਂ, ਉਂਝ ਤਾਂ ਇਹ ਵੀ ਖਰਾਬ ਹੀ ਸੀ, ਤੇ ਇਹ ਵੀ ਪੁਟਣੀ ਹੀ ਪੈਣੀ ਸੀ ਚੰਗਾ ਹੋਇਆ ਪਹਿਲਾਂ ਹੀ ਪੁੱਟੀ ਗਈ ਏ। ਦੂਸਰਾ ਕੀੜਾ ਵੀ ਇਹਦੇ ਤੇ ਬੈਠ ਕੇ ਹੀ ਦੂਸਰੀ ਦਾੜ੍ਹ ਨੂੰ ਡੰਗ ਮਾਰਦਾ ਸੀ, ਚੱਲ ਤੂੰ ਘਬਰਾ ਨਾ ਮੈਂ ਤੇਰੇ ਪਾਸੋਂ ਪੈਸੇ ਇੱਕ ਦਾੜ੍ਹ ਪੁੱਟਣ ਦੇ ਹੀ ਲੈ ਲਵਾਂਗਾ ਕਿਉਂਕਿ ਤੂੰ ਆਪਣੇ ਘਰਦਾ ਈ ਆਦਮੀ ਏਂ, ਪੈਸਿਆਂ ਦੀ ਕੋਈ ਬਹੁਤੀ ਗੱਲ ਨਹੀਂ ਏਂ ਅਰਾਮ ਆਉਣਾ ਚਾਹੀਦਾ ਹੈ”। ਮਰੀਜ਼ ਵਿਚਾਰਾ ਡਾਕਟਰ ਦੀਆਂ ਚੋਪੜੀਆ ਚੋਪੜੀਆਂ ਗੱਲਾਂ ਤੇ ਵਿਸ਼ਵਾਸ ਕਰਕੇ ਖੁਸ਼ ਹੋ ਗਿਆ ਤੇ ਇੱਕ ਦਾੜ੍ਹ ਦੇ ਚਾਂਈ ਚਾਂਈਂ ਪੈਸੇ ਦੇ ਕੇ ਆਪਣੇ ਘਰ ਆ ਗਿਆ, ਡਾਕਟਰ ਵੀ ਖੁਸ਼ ਤੇ ਮਰੀਜ਼ ਵੀ ਖੁਸ਼।

ਦੋਸਤ ਦੇ ਬੈਠਿਆਂ ਬੈਠਿਆਂ ਡਾਕਟਰ ਸਾਹਿਬ ਜੀ ਦੇ ਪਾਸ ਇੱਕ ਹੋਰ ਮਰੀਜ਼ ਆ ਗਿਆ ਜਿਸ ਦੇ ਗੋਡੇ ਦੁਖਦੇ ਸਨ। ਮਰੀਜ਼ ਕਹਿਣ ਲੱਗਾ ਕੇ ਡਾਕਟਰ ਜੀ ਮੇਰੇ ਗੋਡੇ ਬਹੁਤ ਦੁਖਦੇ ਰਹਿੰਦੇ ਹਨ ਕੋਈ ਪੱਕਾ ਇਲਾਜ ਕਰਿਆ ਜੇ, ਮੈਨੂੰ ਟੂਟੀਆਂ ਆਦਿਕ ਵੀ ਲਾ ਕੇ ਦੇਖਿਆ ਜੇ ਮੈਂ ਠੀਕ ਹੋ ਜਾਂਵਾਗਾ ਕੇ ਨਹੀਂ। ਡਾਕਟਰ ਸਾਹਿਬ ਜੀ ਨੇ ਸਟੈਥੀਓ ਨੂੰ ਕੰਨ ਵਿੱਚ ਲਾਇਆ ਤੇ ਉਸ ਦੇ ਗੋਡੇ ਗਿਟਿਆਂ ਤੇ ਲਾ ਲਾ ਕੇ ਵੇਖੇ। ਮਰੀਜ਼ ਨੂੰ ਕਦੇ ਪੁੱਠਾ ਬੈਠਣ ਲਈ ਕਹੇ ਤੇ ਕਦੇ ਮਰੀਜ਼ ਨੂੰ ਲੰਬਾ ਪੈਣ ਲਈ ਕਹੇ, ਮਰੀਜ਼ ਸਾਊ ਪੁੱਤ ਵਾਂਗ ਡਾਕਟਰ ਸਾਹਿਬ ਜੀ ਦੇ ਹੁਕਮ ਦੀ ਤਾਮੀਲ ਕਰੀ ਜਾਵੇ। ਅਖੀਰ ਡਾਕਟਰ ਸਾਹਿਬ ਜੀ ਨੇ ਪੇਨ ਕਿਲਰ ਦੀਆਂ ਗੋਲ਼ੀਆਂ ਦੇ ਕੇ ਚੌਥੇ ਦਿਨ ਨੂੰ ਦੁਬਾਰਾ ਆਉਣ ਲਈ ਹੁਕਮ ਚਾੜ੍ਹ ਦਿੱਤਾ।

ਹੁਣ ਪਾਸ ਬੈਠੇ ਦੋਸਤ ਦੇ ਸਬਰ ਦਾ ਪਿਆਲਾ ਭਰ ਗਿਆ ਤੇ ਆਪਣੇ ਡਾਕਟਰ ਦੋਸਤ ਨੂੰ ਪੁੱਛਣ ਲੱਗਾ, — “ਦੋਸਤਾ ਮੈਂ ਸਦਕੇ ਜਾਂਵਾ ਤੇਰੀ ਡਾਕਟਰੀ ਦੇ, ਤੇ ਸਦਕੇ ਜਾਂਵਾਂ ਉਹਨਾਂ ਗਰੀਬ ਮਰੀਜ਼ਾਂ ਦੇ, ਜੋ ਤੇਰੇ ਤੇ ਅਥਾਹ ਸ਼ਰਧਾ ਰੱਖ ਕੇ, ਤੇਰੇ ਪਾਸ ਤੁਰੇ ਆ ਰਹੇ ਹਨ। ਇਕ ਮਰੀਜ਼ ਦੀ ਤੂੰ ਤੰਦਰੁਸਤ ਦਾੜ੍ਹ ਕੱਢ ਕੇ ਰੱਖ ਦਿੱਤੀ ਅਤੇ ਦੂਸਰੇ ਮਰੀਜ਼ ਦੇ ਤੂੰ ਸਟੈਥੀਓ ਗਿਟਿਆਂ ਗੋਡਿਆ ਦੇ ਲਾ ਲਾ ਕੇ ਉਸ ਨੂੰ ਪੂਰਾ ਬੇਵਕੂਫ ਬਣਾ ਕੇ ਤੋਰ ਦਿੱਤਾ ਈ ਮੈਨੂੰ ਤੇਰੀ ਥਿਊਰੀ ਦੀ ਭੋਰਾ ਵੀ ਸਮਝ ਨਹੀਂ ਆਈ”। ਡਾਕਟਰ ਸਾਹਿਬ ਜੀ ਠਹਾਕਾ ਮਾਰ ਕੇ ਖੂਬ ਉੱਚੀ ਉੱਚੀ ਹੱਸੇ ਤੇ ਅਸਲੀ ਭੇਤ ਵਾਲੀ ਗੱਲ ਸਣਾਉਣ ਲੱਗੇ, “ਕਿ ਭਲੇ ਦੋਸਤ ਸਾਰੇ ਮਰੀਜ਼ ਦੁਆਈਆਂ ਨਾਲ ਠੀਕ ਨਹੀਂ ਹੁੰਦੇ, ਇਹਨਾਂ ਦਾ ਦਿਮਾਗੀ ਪੱਧਰ ਸਮਝ ਕੇ ਇਹਨਾਂ ਨਾਲ ਗੱਲ ਕਰੀ ਦੀ ਏ”। ਹੁਣ ਤੂੰ ਦੇਖ ਜੋ ਦਾੜ੍ਹ ਵਾਲਾ ਮਰੀਜ਼ ਸੀ ਉਸ ਦੀ ਮੇਰੇ ਪਾਸੋਂ ਗਲਤੀ ਨਾਲ ਤੰਦਰੁਸਤ ਦਾੜ੍ਹ ਨਿਕਲ ਗਈ ਸੀ ਪਰ ਉਹ ਮਰੀਜ਼ ਕੇਵਲ ਵੀਹ ਰੁਪਏ ਹੀ ਦੇ ਸਕਦਾ ਸੀ। ਉਸ ਨੂੰ ਦਾੜ੍ਹ ਦਾ ਬਹੁਤਾ ਫਿਕਰ ਨਹੀਂ ਸੀ ਕਿ ਦਾੜ੍ਹ ਕਿਹੜੀ ਨਿਕਲ ਗਈ ਏ ਉਸ ਵਿਚਾਰੇ ਨੂੰ ਪੈਸਿਆਂ ਦਾ ਸੰਸਾ ਪੈ ਗਿਆ ਕੇ ਵੀਹ ਰੁਪਏ ਮੈਂ ਹੋਰ ਕਿਥੋਂ ਦਿਆਂਗਾ, ਕਿਉਂਕਿ ਮੇਰੇ ਪਾਸੋਂ ਇੱਕ ਦਿਨ ਪਹਿਲਾਂ ਪੁੱਛ ਗਿਆ ਸੀ ਕਿ ਪੈਸੇ ਵੱਧ ਤਾਂ ਨਹੀਂ ਲਉਗੇ। ਉਸ ਵਿਚਾਰੇ ਨੂੰ ਦਾੜ੍ਹ ਦਾ ਘੱਟ ਤੇ ਵੀਹਾਂ ਦਾ ਵੱਧ ਫਿਕਰ ਵੱਢ ਵੱਢ ਖਾਈ ਜਾ ਰਿਹਾ ਸੀ ਮੇਰੇ ਕਹਿਣ ਤੇ ਕੇ ਭਈ ਕੋਈ ਗੱਲ ਨਹੀਂ ਤੂੰ ਘਰਦਾ ਆਦਮੀ ਹੀਂ ਏਂ ਉਹ ਆਦਮੀ ਖੁਸ਼ ਹੋ ਗਿਆ, ਕਿ ਸ਼ੁਕਰ ਹੈ ਮੇਰੇ ਵੀਹ ਬਚ ਗਏ।

ਗੋਡਿਆਂ ਵਾਲੇ ਨੂੰ ਇਹ ਚਿੰਤਾ ਸੀ ਕਿ ਡਾਕਟਰ ਸਾਹਿਬ ਪਤਾ ਨਹੀਂ ਮੈਨੂੰ ਟੂਟੀਆਂ ਲੱਗਾ ਕੇ ਦੇਖਦੇ ਵੀ ਆ ਕੇ ਨਹੀਂ। ਮੇਰੇ ਖਿਆਲ ਅਨੁਸਾਰ ਉਸ ਨੇ ਦਵਾਈਆਂ ਨਾਲ ਘੱਟ ਤੇ ਟੂਟੀਆਂ ਨਾਲ ਜ਼ਿਆਦਾ ਠੀਕ ਹੋਣਾ ਸੀ। ਉਸ ਦਾ ਮਾਨਸਿਕ ਪੱਧਰ ਟੂਟੀਆਂ ਤਕ ਹੀ ਸੀਮਤ ਸੀ ਇਸ ਲਈ ਉਸ ਨੂੰ ਮੈਂ ਟੂਟੀਆਂ ਤੇਰੇ ਸਾਹਮਣੇ ਹੀ ਲੱਗਾ ਕੇ ਦੇਖਿਆ ਤੇ ਇਹ ਯਕੀਨ ਕਰ ਦਿੱਤਾ ਤੂੰ ਜ਼ਰੂਰ ਠੀਕ ਹੋ ਜਾਏਂਗਾ। ਹੁਣ ਇਸ ਆਦਮੀ ਨੇ ਸਾਰਿਆਂ ਨੂੰ ਜਾ ਦੱਸਣਾ ਹੈ ਕਿ ਉਹ ਡਾਕਟਰ ਸਾਹਿਬ ਜੀ ਬਹੁਤ ਵੱਡੇ ਡਾਕਟਰ ਹਨ, ਜਿਹਨਾਂ ਨੇ ਮੈਨੂੰ ਕਈ ਕਈ ਵਾਰੀ ਕਈ ਟੂਟੀਆਂ ਲਾ ਲਾ ਕੇ ਦੇਖਿਆ। ਬੱਸ ਮਿੱਤਰਾ ਇਸ ਨੂੰ ਦਵਾਈ ਘੱਟ ਤੇ ਟੂਟੀਆਂ ਦੀ ਜ਼ਿਆਦਾ ਜ਼ਰੂਰਤ ਸੀ ਉਹ ਮੈਂ ਪੂਰੀ ਕਰ ਦਿੱਤੀ।

ਪਹਿਲੀ ਉਦਾਹਰਣ ਤੋਂ ਤਾਂ ਇਹ ਪ੍ਰਤੀਤ ਹੁੰਦਾ ਹੈ ਕਿ ਕਵਿਤਾ ਬਣੇ ਭਾਵੇਂ ਨਾ ਬਣੇ ਪਰ ਪੰਡਿਤ ਜੀ ਕੋਹਲੂ ਦਾ ਭਾਰ ਜ਼ਰੂਰ ਮਹਿਸੂਸ ਕਰਨਗੇ---ਇੰਜ ਹੀ ਕੀਰਤਨ ਦੀ ਘਰ ਵਾਲਿਆਂ ਵਿਚੋਂ ਕਿਸੇ ਨੂੰ ਸਮਝ ਆਏ ਜਾਂ ਨਾ ਆਏ ਪਰ ਇਹ ਮਹਿਸੂਸ ਜ਼ਰੂਰ ਕਰਨਗੇ ਕਿ ਬਾਣੀ ਪੜ੍ਹਨ ਵਾਲਿਆ ਨੇ ਸਾਡਾ ਬਹੁਤ ਖਿਆਲ ਰੱਖਿਆ ਹੈ ਕਿੰਨੇ ਪਿਆਰੇ ਸ਼ਬਦ ਇਹਨਾਂ ਨੇ ਪੜ੍ਹੇ ਨੇ ਦੇਖੋ ਜੀ ਮਹਾਂਰਾਜ ਜੀ ਦੀ ਕਿੰਨੀ ਕ੍ਰਿਪਾ ਹੋਈ ਕਿ ਸ਼ਬਦ ਵਿੱਚ ਵੀ ਸਾਡੇ ਲਈ ਖੁਸ਼ੀਆਂ ਸ਼ਬਦ ਆਇਆ ਹੈ।

ਡਾਕਟਰ ਮਰੀਜ਼ਾਂ ਦੀ ਮਾਨਸਿਕ ਅਵਸਥਾ ਦੇਖ ਕੇ ਦਵਾਈ ਦੇਂਦਿਆਂ ਉਹਨਾਂ ਦੀ ਛਿੱਲ ਉਧੇੜ੍ਹੀ ਜਾ ਰਿਹਾ ਹੈ। ਇੰਝ ਸਿੱਖੀ ਪਰਚਾਰ ਸਾਡਾ ਨਾਲ ਕੋਈ ਸਰੋਕਾਰ ਨਹੀਂ ਹੈ ਕਿ ਸ਼ਬਦ ਦੇ ਕੀ ਅਰਥ ਨਿਕਲਦੇ ਹਨ ਸਾਡਾ ਇਸ ਦੇ ਨਾਲ ਦੂਰ ਦਾ ਵੀ ਵਾਹ ਵਾਸਤਾ ਨਹੀਂ ਹੈ। ਅਸਾਂ ਤੇ ਪਰਵਾਰਾਂ ਦੀ ਮਾਨਸਿਕ ਦਸ਼ਾ ਦੇਖ ਕੇ ਹੀ ਕੀਰਤਨ ਕਰਨਾ ਏਂ, ਇਸ ਲਈ ਅਰਥਾਂ ਦੀ ਬਹੁਤੀ ਜ਼ਰੂਰਤ ਨਹੀਂ ਹੈ ਪਰ ਲੋਕ ਕਹਿ ਰਹੇ ਹਨ ਦੇਖੋ ਜੀ ਕੀਰਤਨ ਕਿੰਨਾ ਸੁੰਦਰ ਕੀਤਾ ਹੈ ਕੋਈ ਜੁਆਬ ਨਹੀਂ ਭਾਈ ਸਾਹਿਬ ਜੀ ਦੀ ਅਵਾਜ਼ ਦਾ।

ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਹੀਦੀ ਸ਼ਤਾਬਦੀ, ਜਾਨੀ ਕੇ ਚਾਰ ਸੌ ਸਾਲਾ ਸ਼ਹੀਦੀ ਪੁਰਬ, ਸੰਸਾਰ ਪੱਧਰ ਤੇ ਮਨਾਇਆ ਗਿਆ ਹੈ। ਇਸ ਚਾਰ ਸੌ ਸਾਲਾ ਸ਼ਤਾਬਦੀ ਮਨਾਉਂਣ ਲਈ ਮੈਨੂੰ ਬਹਿਰੀਨ ਅਉਣ ਦਾ ਸਵੱਬ ਬਣਿਆ। ਏਥੇ ਕੋਈ ਛੇ ਸਤ ਥਾਂਵਾਂ ਤੇ ਗੁਰਦੁਆਰੇ ਹਨ ਜਿੱਥੇ ਹਫਤੇ ਦੇ ਹਰ ਦਿਨ ਇੱਕ ਗੁਰਦੁਆਰੇ ਕਥਾ ਕੀਰਤਨ ਹੁੰਦਾ ਹੈ। ਦੇਖਿਆ ਗਿਆ ਕਈ ਵੀਰਾਂ ਨੇ ਕੀਰਤਨ ਦਾ ਸਮਾਂ ਲਿਆ ਏ ਉਹਨਾਂ ਵਿਚੋਂ ਬਹੁਤਿਆਂ ਨੇ ਇਕੋ ਹੀ ਸ਼ਬਦ ਦੁਆਰਾ ਆਪਣੀ ਕੀਰਤਨ ਦੀ ਹਾਜ਼ਰੀ ਲਗਾਈ। ਹਾਲਾਂ ਕੇ ਇਸ ਸ਼ਬਦ ਦੇ ਪਹਿਲੇ ਦਿਨ ਹੀ ਅਰਥ ਕਰ ਦਿੱਤੇ ਸਨ, ਫਿਰ ਵੀ ਵੀਰ ਮੁੜ ਮੁੜ ਇਕੋ ਸ਼ਬਦ ਪੜ੍ਹੀ ਜਾ ਰਹੇ ਸਨ, “ਸੂਰਜ ਕਿਰਣਿ ਮਿਲੈ ਜਲ ਕਾ ਜਲੁ ਹੂਆ ਰਾਮ”। ਪਰ ਸਾਨੂੰ ਗੁਰ ਉਪਦੇਸ਼ ਇਸ ਸ਼ਬਦ ਵਿਚੋਂ ਕੀ ਮਿਲਦਾ ਹੈ? ਇਸ ਲਈ ਅੱਜ ਜ਼ਰੂਰਤ ਹੈ ਸ਼ਬਦ ਨੂੰ ਸਮਝਣ ਦੀ, ਕਿ ਇਸ ਦੀ ਕੀ ਮਹਾਨਤਾ ਹੈ? ਤੇ ਸਾਡੀ ਜ਼ਿੰਦਗੀ ਵਿੱਚ ਇਸ ਸ਼ਬਦ ਦੁਆਰਾ ਕਿਵੇਂ ਬਦਲਾ ਆ ਸਕਦਾ ਹੈ।

ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥

ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ॥

ਬ੍ਰਹਮੁ ਦੀਸੈ ਬ੍ਰਹਮੁ ਸੁਣੀਐ ਏਕੁ ਏਕੁ ਵਖਾਣੀਐ॥

ਆਤਮ ਪਸਾਰਾ ਕਰਣਹਾਰਾ ਪ੍ਰਭ ਬਿਨਾ ਨਹੀਂ ਜਾਣੀਐ॥

ਆਪਿ ਕਰਤਾ ਆਪਿ ਭੁਗਤਾ ਆਪਿ ਕਾਰਣੁ ਕੀਆ॥

ਬਿਨਵੰਤਿ ਨਾਨਕ ਸੇਈ ਜਾਣਹਿ ਜਿਨੀ ਹਰਿ ਰਸੁ ਪੀਆ॥

ਬਿਲਾਵਲੁ ਮਹਲਾ –5----ਪੰਨਾ----846-----

ਮੈਨੂੰ ਕਈ ਥਾਂਵਾ ਤੇ ਇਹ ਸ਼ਬਦ ਸੁਣਨ ਨੂੰ ਮਿਲਿਆ ਤੇ ਹਰੇਕ ਜਗ੍ਹਾ ਤੇ ਤਕਰੀਬਨ ਇਕੋ ਹੀ ਅਰਥ ਸੁਣਨ ਨੂੰ ਮਿਲੇ। ਕੀਰਤਨੀਏ ਵੀਰ ਅਰਥ ਕਰ ਰਹੇ ਸਨ ਕੇ ਸਾਧ ਸੰਗਤ ਜੀ ਜਿਸ ਤਰ੍ਹਾਂ ਸੂਰਜ ਵਿਚੋਂ ਸਵੇਰੇ ਕਿਰਨਾਂ ਨਿਕਲਦੀਆਂ ਹਨ ਤੇ ਸ਼ਾਮ ਨੂੰ ਉਹ ਕਿਰਨਾਂ ਫਿਰ ਸੂਰਜ ਵਿੱਚ ਹੀ ਸਮਾ ਜਾਂਦੀਆਂ ਨੇ ਏਸੇ ਤਰ੍ਹਾਂ ਹੀ ਬੰਦਾ ਜਨਮ ਪਰਮਾਤਮਾ ਵਿਚੋਂ ਲੈਂਦਾ ਏ, ਤੇ ਫਿਰ ਮੁੜ ਕੇ ਪਰਮਾਤਮਾ ਵਿੱਚ ਹੀ ਸਮਾ ਜਾਂਦਾ ਹੈ। ਜਿਸ ਤਰ੍ਹਾਂ ਸੂਰਜ ਦੀ ਕਿਰਨ ਸੂਰਜ ਵਿੱਚ ਸਮਾ ਜਾਂਦੀ ਹੈ ਇੰਜ ਹੀ ਮਰ ਚੁੱਕੇ ਬੰਦੇ ਦੀ ਜੋਤ ਵੀ ਪਰਮਾਤਮਾ ਵਿੱਚ ਸਮਾ ਜਾਂਦੀ ਹੈ। ‘ਸੂਰਜਿ ਕਿਰਣਿ’, ਤੇ ‘ਜੋਤੀ ਜਤਿ ਰਲੀ’ ਦੋ ਸ਼ਬਦਾਂ ਨੂੰ ਲੈ ਕੇ ਘਰਦਿਆਂ ਨੂੰ ਪੂਰਾ ਯਕੀਨ ਦਵਾ ਦਿੱਤਾ ਜਾਂਦਾ ਹੈ ਕਿ ਤੁਹਾਡਾ ਬਜ਼ੁਰਗ ਸੂਰਜ ਦੀ ਕਿਰਨ ਵਾਂਗ ਰੱਬ ਜੀ ਨਾਲ ਮਿਲ ਗਿਆ ਹੈ ਤੇ ਉਸ ਦੀ ਪਵਿੱਤ੍ਰ ਜੋਤ ਰੱਬ ਜੀ ਦੀ ਜੋਤ ਵਿੱਚ ਰਲ਼ ਗਈ ਹੈ। ਕੀਰਤਨ ਰਾਂਹੀਂ ਘਰਦਿਆਂ ਨੂੰ ਸਮਝਾ ਦਿੱਤਾ ਕਿ ਤੁਹਾਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ, ਤੇ ਹੁਣ ਤੁਸੀਂ ਕਿਸੇ ਕਿਸਮ ਦਾ ਫਿਕਰ ਵੀ ਨਾ ਕਰਿਆ ਜੇ, ਕਿਉਂਕਿ ਬਜ਼ੁਰਗ ਸਵਰਗ ਵਿੱਚ ਸਿੱਧੇ ਹੀ ਪਾਹੁੰਚ ਗਏ ਹਨ। ਦਰ ਅਸਲ ਇਹ ਪਵਿੱਤਰ ਕੀਰਤਨ, ਪਿੱਛੇ ਰਹਿ ਗਏ ਪਰਵਾਰ ਨੂੰ, ਗੁਰਬਾਣੀ ਦੁਆਰਾ ਢਾਰਸ ਦੇਣ ਲਈ ਹੈ, ਨਾ ਕੇ ਮਰ ਚੁੱਕੇ ਆਦਮੀ ਲਈ ਹੈ।

ਇਹੋ ਹੀ ਸ਼ਬਦ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹੀਦੀ ਤੇ ਪੜ੍ਹਿਆ ਜਾਂਦਾ ਹੈ ਤੇ ਬਾਕੀ ਗੁਰੂ ਸਾਹਿਬਾਨ ਜੀ ਦੇ ਜੋਤੀ ਜੋਤ ਸਮਾਉਣ ਦੇ ਗੁਰਪੁਰਬਾਂ ਤੇ ਵੀ ਪੜ੍ਹਿਆ ਜਾਂਦਾ ਹੈ। ਸਰਬ ਕਾਲੀ, ਸਰਬ ਦੇਸ਼ੀ, ਸਰਬ ਸਾਂਝੀ ਗੁਰਬਾਣੀ ਦੇ ਇਸ ਮਹਾਨ ਸ਼ਬਦ ਦੀ ਵਿਚਾਰ ਦੇਖੀਏ------

ਇਹ ਤੁਕਾਂ ਬਿਲਾਵਲ ਰਾਗੁ ਦੇ ਇੱਕ ਛੰਤ ਦੀਆਂ ਮਗਰਲੇ ਬੰਦ ਦੀਆਂ ਹਨ। ਇਸ ਵਾਕ ਵਿੱਚ ਗੁਰੂ ਸਾਹਿਬ ਜੀ ਕਠੋਰ ਮਨ ਦੀ ਅਵਸਥਾ ਬਰਫ ਦਾ ਪ੍ਰਤੀਕ ਲੈ ਕੇ ਦੱਸ ਰਹੇ ਹਨ। ਸੂਰਜ ਦੀਆਂ ਕਿਰਨਾਂ ਜਦੋਂ ਪਾਣੀ ਨਾਲ ਮਿਲ ਮਿਲਦੀਆਂ ਹਨ ਤਾਂ ੳਦੋਂ ਪਾਣੀ ਦਾ ਪਾਣੀ ਹੋ ਜਾਂਦਾ ਹੈ। ਸਵਾਲ ਉੱਠਦਾ ਹੈ ਕਿ ਪਾਣੀ ਦਾ ਪਾਣੀ ਕਿਵੇਂ ਹੋ ਗਿਆ। ਪਾਣੀ ਠੋਸ, ਤਰਲ ਤੇ ਗੈਸ ਦੇ ਤਿੰਨਾਂ ਰੂਪਾਂ ਵਿੱਚ ਮਿਲਦਾ ਹੈ। ਪਾਣੀ ਨੂੰ ਗਰਮ ਕੀਤਾ ਜਾਏ ਤਾਂ ਪਾਣੀ ਭਾਫ਼ ਬਣ ਜਾਂਦਾ ਹੈ ਤੇ ਉਸੇ ਹੀ ਪਾਣੀ ਨੂੰ ਮਾਈਨਸ ਡਿਗਰੀ ਤੋਂ ਥੱਲੇ ਲੈ ਆਈਏ ਤਾਂ ਉਹੀ ਪਾਣੀ ਬਰਫ ਦਾ ਰੂਪ ਧਾਰਨ ਕਰ ਜਾਂਦਾ ਹੈ। ਗੁਰੂ ਸਾਹਿਬ ਜੀ ਮਨੁੱਖੀ ਕਠੋਰਤਾ ਦੀ ਗੱਲ ਕਰ ਰਹੇ ਹਨ, ਜਿਸ ਤਰ੍ਹਾਂ ਪਾਣੀ ਜੰਮ ਜਾਏ ਤਾਂ ਸਖਤ ਬਰਫ ਹੋ ਜਾਂਦਾ ਹੈ ਏਸੇ ਤਰ੍ਹਾਂ ਹੀ ਗੁਰੂ ਨਾਲੋਂ ਟੁਟਿਆ ਮਨੁੱਖ ਦਾ ਮਨ ਵੀ ਸਖਤ ਬਰਫ ਵਰਗਾ ਕਠੋਰ ਹੋ ਜਾਂਦਾ ਹੈ। ਬਰਫ ਤੇ ਜਦੋਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਹਨ ਤਾਂ ਪਾਣੀ ਪਿਘਲ਼ਦਾ ਹੈ ਬਰਫ ਪਿਘਲ ਕੇ ਆਪਣੇ ਅਸਲੀ ਰੂਪ ਪਾਣੀ ਵਿੱਚ ਆ ਜਾਂਦੀ ਹੈ।

ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮੁ॥

‘ਜਲ ਕਾ ਜਲੁ ਹੂਆ’ ਪਾਣੀ ਜੰਮਿਆ ਬਰਫ ਸੀ ਤੇ ਗਰਮੀ ਨਾਲ ਪਿਘਲ ਕੇ ਪਾਣੀ ਬਣ ਗਿਆ ਸੂਰਜ ਗਿਆਨ ਦੇ ਪ੍ਰਤੀਕ ਵਜੋਂ ਆਇਆ ਏ, ਜਿੰਨਾ ਚਿਰ ਗੁਰਬਾਣੀ ਗਿਆਨ ਨਹੀਂ ਸੀ ਮਨ ਹਮੇਸ਼ਾਂ ਹੀ ਕਠੋਰ ਅਵਸਥਾ ਵਿੱਚ ਵਿਚਰ ਕੇ ਖੁਸ਼ ਹੁੰਦਾ ਸੀ। ਹੁਣ ਜਦੋਂ ਦਾ ਗੁਰੂ ਗਿਆਨ ਪਰਾਪਤ ਹੋ ਗਿਆ ਹੈ ਮਨ ਦੀ ਕਠੋਰਤਾ ਤੇ ਰੁੱਖਾ-ਪਨ ਖਤਮ ਹੀ ਨਹੀਂ ਹੋਈ ਸਗੋਂ ਮਨ ਤੇ ਪਰਮਾਤਮਾ ਦੀ ਇਕਮਿਕਤਾ ਹੋ ਗਈ ਹੈ। ਦੂਸਰੀ ਤੁਕ ਵਿੱਚ ਹੋਰ ਵੀ ਸਪੱਸ਼ਟ ਹੋ ਜਾਂਦਾ ਹੈ।

ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ॥

ਮਨੁੱਖੀ ਮਨ ਅਸਲ ਵਿੱਚ ਹੈ ਪਰਮਾਤਮਾ ਦੇ ਗੁਣਾਂ ਦਾ ਸਰੂਪ ਹੈ ਪਰ ਸੰਸਾਰ ਵਿੱਚ ਰਹਿੰਦਿਆਂ ਰੱਬੀ ਗੁਣਾਂ ਨਾਲੋਂ ਟੁਟਿਆਂ ਇਹ ਹਉਮੇ, ਈਰਖਾ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਜਿਸ ਤਰ੍ਹਾਂ ਬਰਫ ਨੂੰ ਸੂਰਜ ਦੀਆਂ ਕਿਰਨਾਂ ਮਿਲਦੀਆਂ ਨੇ ਤੇ ਉਸ ਦਾ ਪਾਣੀ ਬਣ ਜਾਂਦਾ ਹੈ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਲੈ ਕੇ ਅਸੀਂ ਆਪਣੇ ਮਨ ਦੀ ਕਠੋਰਤਾ ਦੂਰ ਕਰ ਸਕਦੇ ਹਾਂ। ਜੋ ਰੱਬ ਜੀ ਦੇ ਗੁਣ ਹਨ ਉਹ ਸਾਰੇ ਗੁਣ ਸਾਡੇ ਵਿੱਚ ਆ ਸਕਦੇ ਹਨ ਤੇ ਇਸ ਨੂੰ ਕਿਹਾ ਗਿਆ ਹੈ ‘ਜੋਤੀ ਜੋਤਿ ਰਲ਼ੀ ਸੰਪੂਰਨੁ ਥੀਆ ਰਾਮ’ ਰੱਬ ਜੀ ਦੀ ਨਿਯਮਾਵਲੀ, ਸਿਧਾਂਤ, ਹੁਕਮ ਨੂੰ ਸਮਝ ਕੇ ਉਸ ਵਿੱਚ ਆਪਣੇ ਆਪ ਨੂੰ ਢਾਲਣਾ, ਉਸ ਦਾ ਨਿਤਾ ਪ੍ਰਤੀ ਅਭਿਆਸ ਕਰਨ ਨੂੰ ਜੋਤੀ ਜੋਤ ਰਲ਼ੀ ਕਿਹਾ ਜਾ ਸਕਦਾ ਹੈ।

ਮਨੁੱਖੀ ਮਨ ਦੀ ਸਭ ਤੋਂ ਵੱਡੀ ਕਠੋਰਤ ਨਫਰਤ ਦੀ ਹੈ। ਜੇ ਇਹ ਨਫਰਤ ਵਰਗੀ ਭਿਆਨਕ ਬਿਮਾਰੀ ਦੇ ਕਿਟਾਣੂੰ ਇਸ ਦੇ ਦਿਮਾਗ ਵਿਚੋਂ ਨਿਕਲ ਜਾਣ ਤਾਂ ਇਸ ਰੱਬ ਦੇ ਬੰਦੇ ਨੂੰ ਚਾਰ ਚੁਫੇਰੇ ਆਪਣੇ ਹੀ ਆਪਣੇ ਨਜ਼ਰ ਆਉਣਗੇ, ਦੁਸ਼ਮਣੀ ਦੀਆਂ ਵਲੱਗਣਾਂ ਸਦਾ ਲਈ ਢਹਿ ਜਾਣਗੀਆਂ ਤੇ ਹਰ ਪਾਸੇ ਰੱਬ ਜੀ ਦੇ ਹੀ ਦੀਦਾਰੇ ਹੋਣਗੇ। ਇੰਜ ਲੱਗੇਗਾ ਜਿਵੇਂ ਪਰਮਾਤਮਾ ਹੀ ਆਪ ਸੁਣ ਰਿਹਾ ਹੈ, ਉਹ ਆਪ ਹੀ ਵੇਖ ਰਿਹਾ ਹੈ, ਤੇ ਫਿਰ ਹਰ ਵਿੱਚ ੳਹ ਹੀ ਵੱਸਦਾ ਨਜ਼ਰੀਂ ਆਏਗਾ।

ਬ੍ਰਹਮੁ ਦੀਸੈ ਬ੍ਰਹਮੁ ਸੁਣੀਐ ਏਕੁ ਏਕੁ ਵਖਣੀਐ॥

ਸਾਰੇ ਸੰਸਾਰ ਦਾ ਖਿਲਰਿਆਂ ਹੋਇਆ ਖਿਲਾਰਾ ਪਰਮਾਤਮਾ ਦਾ ਹੀ ਰੂਪ ਨਜ਼ਰ ਆਏਗਾ, ਪਰਮਾਤਮਾ ਦੇ ਗੁਣਾਂ ਤੋਂ ਬਿਨਾਂ ਹੋਰ ਕੁੱਝ ਵੀ ਨਹੀਂ ਦਿੱਸੇਗਾ। ਫਿਰ ਮਨੁੱਖ ਨੂੰ ਨਿਸਚਾ ਹੋ ਜਾਂਦਾ ਹੈ ਪਰਮਾਤਮਾ ਆਪ ਹੀ ਸਭ ਨੂੰ ਪੈਦਾ ਕਰਨ ਵਾਲਾ ਹੈ ਤੇ ਆਪ ਹੀ ਜੀਵਾਂ ਵਿੱਚ ਬੈਠ ਕੇ ਆਪ ਹੀ ਰੰਗ ਮਾਣ ਰਿਹਾ ਹੈ ਤੇ ਉਹ ਆਪ ਹੀ ਹਰੇਕ ਕੰਮ ਕਰਨ ਦੀ ਪ੍ਰੇਰਨਾ ਦੇ ਰਿਹਾ ਹੈ।

ਆਪਿ ਕਰਤਾ ਆਪਿ ਭੁਗਤਾ ਆਪਿ ਕਾਰਣੁ ਕੀਆ॥

ਗੁਰੂ ਅਰਜਨ ਪਾਤਸ਼ਾਹ ਜੀ ਫਰਮਾ ਰਹੇ ਹਨ ਕੇ ਇਸ ਅਵਸਥਾ ਨੂੰ ਉਹੀ ਮਨੁੱਖ ਸਮਝਦੇ ਹਨ ਜਿੰਨਾਂ ਨੇ ਪਰਮਾਤਮਾ ਦੇ ਗੁਣਾਂ ਦਾ ਸੁਆਦ ਚੱਖ ਲਿਆ ਹੈ।

ਬਿਨਵੰਤਿ ਨਾਨਕ ਸੇਈ ਜਾਣਹਿ ਜਿਨੀ ਹਰਿ ਰਸੁ ਪੀਆ॥

ਇਸ ਛੰਤ ਵਿੱਚ ਕਠੋਰਤਾ ਦੇ ਕੁੱਝ ਰੂਪ ਜਿਵੇਂ ਮਲੀਨਤਾ, ਨਿਜ ਸੁਆਰਥ ਦਾ ਮੋਹ, ਪੰਜ ਵਿਕਾਰ ਤੇ ਭੈੜੀ ਮਤ ਵੀ ਦੱਸੇ ਹਨ। ਸਾਹਿਬ ਜੀ ਫਰਮਾਉਂਦੇ ਹਨ ਕੇ ਇਹ ਸਦਾ ਲਈ ਨਹੀਂ ਬੈਠ ਸਕਦੇ ਜੇ ਕਰ ਅਸੀਂ ਆਪਣੇ ਮਨ ਦੀ ਬਾਂਹ ਗੁਰੂ ਜੀ ਨੂੰ ਫੜਾ ਕੇ ਆਪਣੇ ਆਪਨੂੰ ਸਮਰਪਣ ਕਰ ਦਈਏ।

ਕਰੁ ਗਹਿ ਭੁਜਾ ਗਹੀ ਕਟਿ ਜਮ ਕੀ ਫਾਸੀ ਰਾਮ॥

ਗਹਿ ਭੁਜਾ ਲੀਨੀ ਦਾਸੁ ਕੀਨੀ ਅੰਕੁਰਿ ਉਦੋਤੁ ਜਣਾਇਆ॥

ਮਲਨ ਮੋਹ ਬਿਕਾਰ ਨਾਠੇ ਦਿਵਸ ਨਿਰਮਲ ਆਇਆ॥

ਦ੍ਰਿਸਟਿ ਧਾਰੀ ਮਨਿ ਪਿਆਰੀ ਮਹਾ ਦੁਰਮਤਿ ਨਾਸੀ॥

ਏਸੇ ਹੀ ਛੰਤ ਦੀਆਂ ਅਰੰਭਕ ਤੁਕਾਂ ਵਿੱਚ ਗੁਰੂ ਸਾਹਿਬ ਜੀ ਦੱਸਦੇ ਹਨ ਕਿ ਸੂਰਜ ਦੀ ਕਿਰਨ ਜਦੋਂ ਬਰਫ ਤੇ ਪੈਂਦੀ ਹੈ ਤਾਂ ਇੱਕ ਬਦਲਾ ਪੈਦਾ ਹੁੰਦਾ ਹੈ। ਭਾਵ ਗੁਰੂ ਜੀ ਦੇ ਸੂਰਜ ਰੂਪੀ ਗਿਆਨ ਦੁਆਰਾ ਮਾਨਸਿਕ ਰੋਗਾਂ ਦਾ ਦੂਰ ਹੋਣਾ, ਬੇ-ਲੋੜੀਆਂ ਚਿੰਤਾਂਵਾਂ ਦਾ ਭਿਆਨਕ ਦੁੱਖ, ਆਤਮਿਕ ਤਲ ਤੇ ਜਮਣਾ ਮਰਨਾ ਖਤਮ ਹੋ ਜਾਂਦੇ ਹਨ। ਸੂਰਜ ਦੀ ਕਿਰਨ ਮਿਲਣ ਦਾ ਹੀ ਅਸਰ ਹੈ ਕਿ ਆਤਮਿਕ ਜੀਵਨ ਦੇਣ ਵਾਲੀ ਭਗਤੀ ਤੇ ਰਿਧੀਆਂ ਸਿਧੀਆਂ ਦਾ ਖਜ਼ਾਨਾ ਮਿਲ ਜਾਂਦਾ ਹੈ।

ਤਹ ਰੋਗ ਸੋਗ ਨ ਦੂਖੁ ਨ ਬਿਆਪੈ ਜਨਮ ਮਰਣੁ ਨ ਤਾਹਾ॥

ਰਿਧਿ ਸਿਧਿ ਸੁਧਾ ਰਸੁ ਅੰਮ੍ਰਿਤੁ ਭਗਤਿ ਭਰੇ ਭੰਡਾਰਾ॥

ਸੋ ਸਮਝਿਆ ਜਾ ਸਕਦਾ ਹੈ ਕਿ ਇਸ ਸ਼ਬਦ ਵਿਚੋਂ ਮਨ ਦੀ ਹਉਮੇ ਰੂਪੀ ਕਠੋਰਤਾ ਨੂੰ ਦੂਰ ਕਰਕੇ ਇਸੇ ਛੰਤ ਦੇ ਅਮਰ ਕਥਨ ਅਨੁਸਾਰ “ਬਿਨਵੰਤਿ ਨਾਨਕ ਮਿਲਿ ਸੰਗਿ ਸਾਜਨ ਅਮਰ ਪਦਵੀ ਪਵਹ” ਆਤਮਿਕ ਪਦਵੀ ਦੀ ਪਰਾਪਤੀ ਕਰਨੀ ਹੈ।

ਏ ਮਨ ਗੁਰ ਕੀ ਸਿਖ ਸੁਣਿ ਪਾਇਹਿ ਗੁਣੀ ਨਿਧਾਨੁ॥

ਸੁਖ ਦਾਤਾ ਤੇਰੇ ਮਨਿ ਵਸੈ ਹਉਮੈ ਜਾਇ ਅਭਿਮਾਨੁ॥

ਨਾਨਕ ਨਦਰੀ ਪਾਈਐ ਅੰਮ੍ਰਿਤੁ ਗੁਣੀ ਨਿਧਾਨੁ॥

ਸਲੋਕ ਮ: 3---851-----




.