.

ਤੇਰੇ ਗੁਣ ਗਲਿਆ

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਗਲਿਆ ਕਾਗਜ਼, ਕੱਪੜਾ ਲਿੱਖਣ ਪਹਿਨਣ ਦੇ ਕੰਮ ਨਹੀਂ ਅਉਂਦਾ। ਜ਼ਿਆਦਾ ਪੱਕਿਆ ਹੋਇਆ ਫਲ਼ ਗੱਲ਼ ਜਾਂਦਾ ਏ ਜੋ ਖਾਣ ਯੋਗ ਨਹੀਂ ਰਹਿੰਦਾ ਤੇ ਕੂੜੇ ਤੇ ਸੁੱਟ ਦਿੱਤਾ ਜਾਂਦਾ ਹੈ। ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਆਗੂਆਂ ਦੇ ਗੁਣਾਂ ਵਲ ਦੇਖਿਆਂ ਤਾਂ ਇੱਕ ਵਾਰ ਮਨੁੱਖ ਸੋਚਣ ਤੇ ਮਜ਼ਬੂਰ ਹੋ ਜਾਂਦਾ ਹੈ ਕਿ ਕੀ ਗੁਣ ਇਹੋ ਜੇਹੇ ਹੁੰਦੇ ਹਨ? ਗੁਰਬਾਣੀ ਨੇ ਸਦਾਚਾਰਕ ਕਦਰਾਂ ਕੀਮਤਾਂ ਦੀ ਗੱਲ ਕੀਤੀ ਹੈ। ਮੱਥਾ ਟੇਕਿਆ ਜਾਂਦਾ ਹੈ, ਹੁਕਮ ਮੰਨਣ ਤੋਂ ਇਨਕਾਰੀ ਹੈ। ਸਿੱਖ ਧਰਮ ਦੇ ਰਾਜਸੀ ਤੇ ਧਾਰਮਿਕ ਆਗੂਆਂ ਦੇ ਕਿਰਦਾਰ ਵਲ ਨਜ਼ਰ ਮਾਰਿਆਂ ਆਪਣੇ ਆਪ ਮੂੰਹੋਂ ਇਹ ਨਿਕਲਦਾ ਹੈ ਕਿ ‘ਖੁਦਾ ਕੇ ਬੰਦੋਂ ਕੋ ਦੇਖ ਕਰ ਮੁਨਕਰ ਹੋਤੀ ਹੈ ਖੁਦਾ ਦੁਨੀਆਂ। ਐਸੇ ਬੰਦੋਂ ਕਾ ਜੋ ਖੁਦਾ ਹੈ ਵਹੁ ਤੋ ਅੱਛਾ ਨਹੀਂ ਹੈ” ਇਹੀ ਅੱਜ ਤਰਾਸਦੀ ਜਾਪ ਰਹੀ ਹੈ, ਜੇ ਕੋਈ ਆਦਮੀ ਸਾਡੇ ਧਾਰਮਿਕ ਆਗੂ ਜਾਂ ਰਾਜਨੀਤਿਕ ਲੀਡਰਾਂ ਵੱਲ ਦੇਖਕੇ ਇਹ ਆਖੇ ਕਿ ਸਿੱਖ ਧਰਮ ਇਹੋ ਜੇਹਾ ਹੁੰਦਾ ਹੈ ਤਾਂ ਉਹ ਆਦਮੀ ਕੂਕ ਕੂਕ ਕੇ ਆਖੇਗਾ ਫਿਰ ਇਹਨਾਂ ਦਾ ਗੁਰੂ ਵੀ ਇਹੋ ਜੇਹਾ ਹੋਏਗਾ। ਇੰਜ ਜਾਪ ਰਿਹਾ ਹੈ ਕਿ ਇਹਨਾਂ ਦੋਨਾਂ ਕਿਸਮ ਦੇ ਆਗੂਆਂ ਨੇ ਆਪਣੀ ਜ਼ਿੰਮੇਦਾਰੀ ਨੂੰ ਭੁਲਾ ਦਿੱਤਾ ਹੋਇਆ ਹੈ। ਗੁਣ ਤਾਂ ਉਡਾਰੀ ਮਾਰ ਕੇ ਕਿਤੇ ਉੱਡ ਗਏ ਹਨ। ਦੁਨੀਆਂ ਵਿੱਚ ਇੱਕ ਨੰਬਰ ਦੀ ਸਿੱਖ ਰਾਜਨੀਤੀ ਅੱਜ ਔਗੁਣਾਂ ਤੇ ਧੜਿਆਂ ਦੀ ਸ਼ਿਕਾਰ ਹੋ ਕੇ ਰਹਿ ਗਈ ਹੈ।

ਗੁਰਬਾਣੀ ਸੁਚੱਜਾ ਜੀਵਨ ਜਿਉਣ ਦਾ ਅਰਥ ਭਰਪੂਰ ਸੁਨੇਹਾਂ ਦੇਂਦੀ ਹੈ। ਕੋਈ ਵੀ ਸ਼ਬਦ ਲਿਆ ਜਾਏ ਹਰ ਸ਼ਬਦ ਵਿਚੋਂ ਜ਼ਿੰਦਗੀ ਵਿੱਚ ਅਨੰਦ ਭਰਨ ਦੀ ਗੱਲ ਕੀਤੀ ਗਈ ਹੈ। ਗੁਰਬਾਣੀ ਨੂੰ ਸਮਝਣ ਦੀ ਬਜਾਏ ਬ੍ਰਾਹਮਣੀ ਮਤ ਦੇ ਅਧਾਰਤ ਮੰਤਰਾਂ ਵਾਂਗੂ ਜਾਪ ਕਰਨ ਵਿੱਚ ਲੱਗ ਗਏ ਹਾਂ। ਹੁਣ ਤੇ ਅਰਦਾਸਾਂ ਵਿੱਚ ਵੀ ਇਹੀ ਆਖਣ ਲੱਗ ਪਏ ਹਾਂ ਸੁਖਮਨੀ ਦੇ ਜਾਪ ਹੋਏ, ਜਪੁਜੀ ਦੇ ਜਾਪ ਹੋਏ, ਅਖੰਡ ਪਾਠ ਦੇ ਜਾਪ ਹੋਏ ਹਨ। ਜੇਹੋ ਜੇਹਾ ਅਸੀਂ ਕਰਮ ਕਰਦੇ ਜਾ ਰਹੇ ਹਾਂ ਉਹ ਜੇਹਾ ਹੀ ਸਾਡਾ ਸੁਭਾਅ ਬਣਦਾ ਜਾ ਰਿਹਾ ਹੈ। ਰਾਗ ਮਾਰੂ ਵਿਚੋਂ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਸ਼ਬਦ ਲਿਆ ਹੈ ਜੋ ਕੇ ਪੰਨਾਂ ਨੰ. 990 ਤੇ ਅੰਕਤ ਹੈ। ਇਸ ਦੀਆਂ ਗਹਿਰਾਈਆਂ ਤੀਕ ਅਪੜ੍ਹਨ ਦਾ ਇੱਕ ਨਿਮਾਣਾ ਜੇਹਾ ਯਤਨ ਕੀਤਾ ਗਿਆ ਹੈ। ਸ਼ਬਦ ਦਾ ਮੂਲ ਪਾਠ ਇਸ ਤਰ੍ਹਾਂ ਹੈ-----

ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੋਇ ਲੇਖ ਪਏ॥

ਜਿਉ ਜਿਉ ਕਿਰਤੁ ਚਲਾਏ ਤਿਉ ਚਲੀਐ ਤਉ ਗੁਣ ਨਾਹੀ ਅੰਤ ਹਰੇ॥ 1॥

ਚਿਤ ਚੇਤਸਿ ਕੀ ਨਹੀ ਬਾਵਰਿਆ॥

ਹਰਿ ਬਿਸਰਤ ਤੇਰੇ ਗੁਣ ਗਲਿਆ॥ ਰਹਾਉ॥ 1॥

ਜਾਲੀ ਰੈਨਿ ਜਾਲੁ ਦਿਨੁ ਹੂਆ ਜੇਤੀ ਘੜੀ ਫਾਹੀ ਤੇਤੀ॥

ਰਸਿ ਰਸਿ ਚੋਗ ਚੁਗਹਿ ਨਿਤ ਫਾਸਹਿ ਛੁਟਸਿ ਮੂੜੇ ਕਵਨ ਗੇਣੀ॥ 2॥

ਕਾਇਆ ਆਰਣੁ ਮਨੁ ਵਿਚਿ ਲੋਹਾ ਪੰਚ ਅਗਨਿ ਤਿਤੁ ਲਾਗਿ ਰਹੀ॥

ਕੋਇਲੇ ਪਾਪ ਪੜੇ ਤਿਸੁ ਉਪਰਿ ਮਨੁ ਜਲਿਆ ਸੰਨ੍ਹੀ ਚਿੰਤ ਭਈ॥ 3॥

ਭਇਆ ਮਨੂਰੁ ਕੰਚਨੁ ਫਿਰਿ ਹੋਵੈ ਜੇ ਗੁਰੁ ਮਿਲੈ ਤਿਨੇਹਾ॥

ਏਕੁ ਨਾਮੁ ਅੰਮ੍ਰਿਤੁ ਓਹੁ ਦੇਵੈ ਤਉ ਨਾਨਕ ਤ੍ਰਿਸਟਸਿ ਦੇਹਾ॥ 4॥

ਰਾਗ ਮਾਰੂ ਮਹਲਾ 1 ਪੰਨਾ 990॥

ਮਨ ਨੂੰ ਕਮਲਾ ਕਹਿ ਕੇ ਗੁਰੂ ਜੀ ਆਖਦੇ ਹਨ ਤੂੰ ਪਰਮਾਤਮਾ ਨੂੰ ਯਾਦ ਕਿਉਂ ਨਹੀਂ ਕਰਦਾ? ਜਿਉਂ ਜਿਉਂ ਤੂੰ ਪਰਮਾਤਮਾ ਨੂੰ ਵਿਸਾਰਦਾ ਜਾਏਂਗਾ ਤੇਰੇ ਅੰਦਰੋਂ ਰੱਬੀ ਗੁਣ ਘੱਟਦੇ ਜਾਣਗੇ। ਇਕ ਨੁਕਤਾ ਬੜਾ ਪਿਆਰਾ ਹੈ ਕਿ ਚਿਤ ਚੇਤਸਿ-ਮੂੰਹ ਨਾਲ ਬੰਦਾ ਰੱਬ ਜੀ ਨੂੰ ਬਹੁਤ ਯਾਦ ਕਰਦਾ ਹੈ, ਪਰ ਇਸਦੇ ਹਿਰਦੇ ਵਿੱਚ ਨਹੀਂ ਹੈ। ਜਿਸ ਦਿਨ ਹਿਰਦੇ ਵਿੱਚ ਆ ਗਿਆ ਇਸਦਾ ਸੁਭਾਅ ਅਤੇ ਜੀਵਨ ਬਦਲ ਜਾਏਗਾ। ਕਹਿੰਦੇ ਨੇ ਇੱਕ ਉਸਤਾਦ ਆਪਣੇ ਚੇਲਿਆਂ ਨੂੰ ਪੜਉਂਦਿਆਂ ਅਕਸਰ ਹੀ ਇੱਕ ਗੱਲ ਤੇ ਜ਼ੋਰ ਦੇਂਦਾ ਹੁੰਦਾ ਸੀ ਕਿ ਖੁਦਾ ਹਰ ਥਾਂ ਤੇ ਹੈ। ਅਚਾਨਕ ਇਕ ਦਿਨ ਇੱਕ ਚੇਲੇ ਨੇ ਕਹਿ ਦਿੱਤਾ ਉਸਤਾਦ ਜੀ ਖੁਦਾ ਜੀ ਇੱਕ ਜਗ੍ਹਾ ਨਹੀਂ ਹੈ ਬਾਕੀ ਸਾਰੀਆਂ ਥਾਂਵਾਂ ਤੇ ਹੋਵੇਗਾ। ਉਸਤਾਦ ਜੀ ਨੇ ਹੈਰਾਨ ਹੁੰਦਿਆਂ ਪੁਛਿਆ ਕੇ ਉਹ ਕਿਹੜੀ ਜਗ੍ਹਾ ਹੈ ਜਿੱਥੇ ਰੱਬ ਜੀ ਨਹੀਂ ਹਨ ਤਾਂ ਚੇਲੇ ਨੇ ਅੱਗੋਂ ਉੱਤਰ ਦਿੱਤਾ, ਉਸਤਾਦ ਜੀ ਤੁਸੀਂ ਠੀਕ ਆਖਦੇ ਹੋ ਖੁਦਾ ਹਰ ਥਾਂ ਤੇ ਹੈ ਹਰ ਵੇਲੇ ਦੇਖਦਾ ਹੈ, ਪਰ ਮਨੁੱਖ ਦੇ ਹਿਰਦੇ ਵਿੱਚ ਨਹੀਂ ਹੈ। ਜ਼ਬਾਨ ਤਾਂ ਇਸਦੀ ਚਲਦੀ ਹੈ ਪਰ ਜੀਵਨ ਵਿੱਚ ਤਬਦੀਲੀ ਕੋਈ ਨਹੀਂ ਹੈ। ਸ਼ਬਦ ਦੇ ਰਹਾਉ ਦੀਆਂ ਤੁਕਾਂ ਵਿੱਚ ਚਿਤ ਤੇ ਖੁਦਾ ਨਾਲੋਂ ਦੂਰ ਰਹਿਣ ਦੀ ਗੱਲ ਕੀਤੀ ਗਈ ਹੈ।

ਚਿਤ ਚੇਤਸਿ ਕੀ ਨਹੀਂ ਬਾਵਰਿਆ॥

ਹਰਿ ਬਿਸਰਤ ਤੇਰੇ ਗੁਣ ਗਲਿਆ॥

ਪਰਮਾਤਮਾ ਦੀ ਕੋਈ ਮੂਰਤ ਨਹੀਂ ਹੈ ਇਸ ਲਈ ਉਸਦੇ ਜੋ ਕੁਦਰਤੀ ਗੁਣ ਹਨ ਉਹਨਾਂ ਨੂੰ ਅਪਨਾਇਆਂ ਅਸੀਂ ਗੁਣ ਵਾਲੇ ਬਣ ਸਕਦੇ ਹਾਂ। ਖੁਦਾ ਦੇ ਗੁਣਾਂ ਨੂੰ ਛੱਡਿਆਂ ਸਾਡੇ ਅੰਦਰੋਂ ਕੁਦਰਤੀ ਖੁਦਾ ਵਿਸਰ ਜਾਏਗਾ ਤੇ ਔਗੁਣ ਆ ਜਾਣਗੇ। ਅਰਦਾਸ ਦੇ ਬਹੁਤ ਕੀਮਤੀ ਬੋਲ ਹਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੇ। ਗੱਲ ਚਿਤ ਵਿੱਚ ਅਉਣ ਦੀ ਹੈ। ਤੋਤੇ ਵਾਂਗੂੰ ਜ਼ਬਾਨ ਤਾਂ ਬਹੁਤ ਚੱਲਦੀ ਹੈ, ਪਰ ਸੁਭਾਅ ਵਿੱਚ ਅੱਤ ਦਰਜੇ ਦੀ ਕੁੜੱਤਣ ਭਰੀ ਪਈ ਏ। ਕੀ ਅਜੇਹਾ ਸਿਮਰਨ ਸਾਰਥਿਕ ਹੋ ਸਕਦਾ ਹੈ? ਇਹ ਕੁੜੱਤਣ ਗੁਣ ਗਲਿਆ ਤੇ ਖੁਦਾ ਵਿਸਰਿਆ ਹੋਇਆ ਹੈ। ਗੁਣ ਗਲ਼ਣ ਦੀ ਅਗਾਂਹ ਚਰਚਾ ਕੀਤੀ ਗਈ ਹੈ।

ਸਿਆਣਿਆਂ ਦਾ ਕਥਨ ਹੈ ਮਨੁੱਖ ਦੇ ਮਨ ਚਿਤ ਅੰਦਰ ਪਹਿਲਾਂ ਖਿਆਲ ਅਉਂਦਾ ਹੈ, ਫਿਰ ਕਰਮ ਕਰਦਾ ਹੈ। ਕਰਮ ਕਰਦਿਆਂ 2 ਇਸਦਾ ਸੁਭਾਅ ਬਣ ਜਾਂਦਾ ਹੈ। ਚੰਗੇ ਮੰਦੇ ਖਿਆਲਾਂ ਦੀ ਪ੍ਰੇਰਨਾ ਸਦਕਾ ਕੰਮ ਕਰਦੇ ਹਾਂ। ਇਸ ਵਿੱਚ ਅਸੀਂ ਪਰਮਾਤਮਾ ਨੂੰ ਦੋਸ਼ ਨਹੀਂ ਦੇ ਸਕਦੇ। ਪਰਮਾਤਮਾ ਤਾਂ ਗੁਣਾਂ ਦਾ ਖਜ਼ਾਨਾ ਹੈ।

ਪਹਿਲੀਆਂ ਤੁਕਾਂ ਦਾ ਪਾਠ ਇਸ ਪਰਕਾਰ ਹੈ------

ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ॥

ਜਿਉ ਜਿਉ ਕਿਰਤੁ ਚਲਾਏ ਤਿਉ ਚਲੀਐ ਤਉ ਗੁਣ ਨਾਹੀ ਅੰਤੁ ਹਰੇ॥

ਸਵਾਲ ਪੈਦਾ ਹੁੰਦਾ ਹੈ ਕਿ ਸਾਡੇ ਗੁਣ ਕਿਉਂ ਗਲ਼ ਰਹੇ ਹਨ?

ਪਹਿਲਾ ਕਾਰਨ ਗੁਰੂ ਜੀ ਨੇ ਮਨੁੱਖ ਦੀ ਆਪਣੀ ਸੋਚ ਦੱਸਿਆ ਏ। ਇਸ ਸੋਚ ਵਿੱਚ ਦੋ ਖਿਆਲ ਚੰਗੇ ਜਾਂ ਮੰਦੇ ਅਉਂਦੇ ਹਨ ਤੇ ਉਹਨਾਂ ਦੇ ਅਧੀਨ ਹੋ ਕੇ ਹੀ ਕਰਮ ਕਰਦਾ ਹੈ। ਮਨ ਨੂੰ ਸਿਆਹੀ ਤੇ ਕਰਣੀ ਨੂੰ ਕਾਗਜ਼ ਆਖਿਆ ਏ। ਮਨ ਦਾ ਭਾਵ ਫੁਰਨੇ ਹਨ। ਇਹਨਾਂ ਫੁਰਨਿਆਂ ਦੇ ਅਧਾਰਤ ਹੀ ਕਰਮ ਕੀਤਾ ਜਾਂਦਾ ਹੈ। ਸਾਡੇ ਜੋ ਚਿਤ ਵਿੱਚ ਆਏਗਾ ਉਹ ਅਸੀਂ ਕਰਾਂਗੇ। ਮਨੁੱਖ ਦੇ ਸਾਹਮਣੇ ਬੁਰਾ ਤੇ ਭਲਾ ਦੋ ਕਰਮ ਹਨ, ਇਹ ਕਰਮ ਕਰਨ ਵਿੱਚ ਅਜ਼ਾਦ ਹੈ ਪਰ ਫਲ ਦੀ ਪਰਾਪਤੀ ਲਈ ਅਜ਼ਾਦ ਨਹੀਂ ਹੈ। ਰਸਤੇ ਦੋ ਨੇ ਪਰ ਚੋਣ ਅਸਾਂ ਆਪ ਕਰਨੀ ਹੈ। ਮਨ ਵਿੱਚ ਜਿਹੜਾ ਵੀ ਫੁਰਨਾ ਫੁਰਦਾ ਹੈ, ਉਹ ਹੀ ਸਾਡਾ ਸੰਸਕਾਰ ਬਣਦਾ ਜਾਂਦਾ ਹੈ। ਸਾਡੇ ਆਚਰਣ ਰੂਪੀ ਕਾਗਜ਼ ਤੇ ਕੀਤੇ ਚੰਗੇ ਜਾਂ ਮੰਦੇ ਸੰਸਕਾਰ ਹਮੇਸ਼ਾਂ ਉਗੜਦੇ ਰਹਿੰਦੇ ਹਨ। ਏਥੇ ਇਕ ਹੋਰ ਪੁਖਤਾ ਅਸੂਲ ਕੰਮ ਕਰਦਾ ਦਿਸਦਾ ਏ ਕਿ ਜੋ ਅਸਾਂ ਪਿਛਲੇ ਸਮੇਂ ਵਿਚ ਕਰਮ ਕੀਤੇ ਉਹ ਅਸੀਂ ਵਰਤਮਾਨ ਸਮੇਂ ਵਿੱਚ ਭੁਗਤ ਰਹੇ ਹੁੰਦੇ ਹਾਂ। ਜੋ ਅੱਜ ਕਰਮ ਕਰਾਂਗੇ ਉਹ ਅਉਣ ਵਾਲੇ ਸਮੇਂ ਵਿੱਚ ਭੁਗਤਾਂਗੇ। ਕਿਰਤ ਚਲਾਏ-ਕੀਤੇ ਹੋਏ ਕੰਮ ਅਨੁਸਾਰ ਜੀਵਨਦੇ ਰਾਹ ਤੇ ਤੁਰੇ ਜਾ ਰਹੇ ਹਾਂ। ਅਸਲ ਮੁੱਦਾ ਇਹ ਹੈ ਕਿ ਮਨੁੱਖ ਦੇ ਗੁਣ ਗਲ਼ਦੇ ਕਿਉਂ ਜਾ ਰਹੇ ਹਨ? ਪਹਿਲੀਆਂ ਤੁਕਾਂ ਤੋਂ ਸਪਸ਼ਟ ਹੋ ਜਾਂਦਾ ਕਿ ਬੁਰੇ ਲੇਖ ਲਿਖਣ ਕਰਕੇ ਅਸਲੀ ਗੁਣ ਗਲਦੇ ਜਾਂਦੇ ਹਨ। ਮੰਦਾ ਚਿਤਵਨਾ ਹੀ ਪਰਮਾਤਮਾ ਨੂੰ ਵਿਸਰਨਾ ਹੈ। ਹਰੀ ਜੀ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ। ਪਹਿਲਾ ਗੁਣ ਮੰਦਿਆਂ ਕੰਮਾਂ ਨੂੰ ਸਮਝਣਾਂ ਤੇ ਉਹਨਾਂ ਦਾ ਤਿਆਗ ਕਰਨਾ ਦੂਸਰਾ ਭਲਿਆਂ ਕੰਮਾਂ ਨੂੰ ਸਮਝ ਕੇ ਉਹਨਾਂ ਤੇ ਤੁਰਨ ਦਾ ਯਤਨ ਕਰਨਾ ਤਾਂ ਕੇ ਕੁਦਰਤੀ ਗੁਣ ਗਲ਼ਣ ਤੋਂ ਬਚ ਸਕਣ।

ਮਨ ਨੂੰ ਪੰਛੀ ਵੀ ਆਖਿਆ ਗਿਆ ਹੈ, ਸ਼ਿਕਾਰੀ ਪੰਛੀਆਂ ਨੂੰ ਫੜਨ ਲਈ ਜਾਲ ਲਗਾ ਕੇ ਚੋਗਾ ਪਉਂਦਾ ਹੈ। ਭੋਲੇ ਪੰਛੀ ਭੋਜਨ ਦੀ ਭਾਲ ਵਿੱਚ ਚੋਗਾ ਚੁਗਦਿਆਂ ਇਤਨਾ ਮਸਤ ਹੋ ਜਾਂਦੇ ਹਨ ਕੇ ਉਡਣਾ ਭੁਲ ਜਾਂਦੇ ਹਨ। ਸ਼ਿਕਾਰੀ ਜਾਲ ਇਕੱਠਾ ਕਰਕੇ ਪੰਛੀਆਂ ਨੂੰ ਪਕੜ ਲੈਂਦਾ ਹੈ। ਪੰਛੀ ਪਾਸ ਕੋਈ ਗੁਣ ਨਹੀਂ ਜਿਸ ਦੁਆਰਾ ਉਹ ਆਪਣੀ ਬੰਦ ਖਲਾਸ ਕਰਾ ਸਕੇ। ਮਨੁੱਖ ਵੀ ਵਿਕਾਰਾਂ, ਸੁਆਦਾਂ ਦੇ ਜਾਲ ਵਿੱਚ ਫਸ ਗਿਆ ਹੈ। ਇਸ ਪਾਸ ਕੋਈ ਵੀ ਗੁਣ ਨਹੀਂ ਜਿਸ ਰਾਂਹੀਂ ਇਸ ਦੀ ਮੁਕਤੀ ਹੋ ਸਕੇ। ਦੂਸਰੇ ਬੰਦ ਵਿੱਚ ਇਸ ਸਮੱਸਿਆ ਤੇ ਹੋਰ ਚਰਚਾ ਕੀਤੀ ਗਈ ਹੈ।

ਜਾਲੀ ਰੈਨਿ ਜਾਲੁ ਦਿਨੁ ਹੂਆ ਜੇਤੀ ਘੜੀ ਫਾਹੀ ਤੇਤੀ॥

ਰਸਿ ਰਸਿ ਚੋਗ ਚੁਗਹਿ ਨਿਤ ਫਾਸਹਿ ਛੁਟਸਿ ਮੂੜੇ ਕਵਨ ਗੁਣੀ॥

ਦਿਨ ਅਤੇ ਰਾਤ ਜਾਲ ਦਾ ਕੰਮ ਕਰ ਰਹੇ ਹਨ, ਜਿਤਨੀਆਂ ਘੜੀਆਂ ਨੇ ਉਹ ਫਾਹੀ ਦਾ ਕੰਮ ਕਰ ਰਹੀਆਂ ਹਨ। ਦਿਨ ਰਾਤ ਦੂਸਰੇ ਨੂੰ ਧੋਖਾ ਦੇਣ ਵਿੱਚ ਲੱਗਿਆ ਹੋਇਆ ਹੈ। ਹੇਰਾ ਫੇਰੀ ਦੁਆਰਾ ਪਦਾਰਥਾਂ ਨੂੰ ਇਕੱਠਾ ਕਰਨ ਵਿੱਚ ਲੱਗਾ ਹੋਇਆ ਹੈ। ਹਰ ਘੜੀ ਇਸੇ ਤਾਕ ਵਿੱਚ ਉਤਾਵਲਾ ਰਹਿੰਦਾ ਹੈ। ਜਦੋਂ ਪਦਾਰਥ ਆ ਜਾਂਦੇ ਹਨ ਤਾਂ ਫਾਲਤੂ ਦੇ ਵਿਕਾਰ ਵੀ ਆਣ ਮੂੰਹ ਦਿਖਾਲਦੇ ਹਨ। ਨਿਤ ਫਾਸਹਿ ਇੱਕ ਦਿਨ ਦਾ ਕੰਮ ਨਹੀਂ ਇਹ ਪਰਕਿਰਿਆ ਹਰ ਰੋਜ਼ ਚਲਦੀ ਰਹਿੰਦੀ ਹੈ। ਦਿਨ, ਰਾਤ, ਘੜੀਆਂ, ਰਸਾਂ ਕਸਾਂ ਵਿੱਚ ਫਸਿਆ ਹੋਇਆ ਮਨੁੱਖ ਆਤਮਿਕ ਗੁਣ ਗਵਾ ਲੈਂਦਾ ਹੈ। ਔਗੁਣਾਂ ਭਰੀ ਜ਼ਿੰਦਗੀ ਵਿੱਚ ਗੁਣ ਗਲ ਜਾਂਦੇ ਹਨ। ਕੁਝ ਕੁ ਨੂੰ ਛੱਡ ਕੇ ਬਾਕੀ ਦੇ ਜ਼ਿਆਦਾ ਤਰ ਰਾਜਨੀਤਿਕ ਲੋਕ ਇਸ ਜਾਲ ਵਿੱਚ ਫਸੇ ਪਏ ਹਨ। ਇਖਲਾਕ ਤੋਂ ਗਿਰ ਚੁੱਕੇ ਨੇਤਾ ਮੁੜ ਕਚਿਹਰੀਆਂ ਦੇ ਹੀ ਚੱਕਰ ਕੱਢਦੇ ਨਜ਼ਰ ਅਉਂਦੇ ਹਨ। ਮੂਰਖ ਮਨ ਹੁਣ ਕਿਹੜੇ ਗੁਣ ਦੁਆਰਾ ਤੇਰਾ ਕਲਿਆਣ ਹੋਏਗਾ।

ਜਿਨ੍ਹਾਂ ਕੰਮਾਂ ਦੀ ਸਮਾਜ ਇਖਲਾਕ ਆਗਿਆ ਨਹੀਂ ਦੇਂਦਾ ਉਹ ਕੰਮ ਕਰਦਿਆਂ ਆਪਣੇ ਅੰਦਰਲੇ ਗੁਣਾਂ ਨੂੰ ਗਾਲ ਲੈਂਦਾ ਹੈ। ਇਹਨਾਂ ਤੁਕਾਂ ਵਿੱਚ ਜ਼ਿੰਮੇਦਾਰ ਆਦਮੀਆਂ ਨੂੰ ਸੁਆਲ ਪੁਛਿਆ ਗਿਆ ਹੈ। ਇਸ ਹਾਲਤ ਵਿੱਚ ਗੁਜ਼ਰਦਿਆਂ ਕਈ ਚਿੰਤਾਵਾਂ, ਤ੍ਰਿਸ਼ਨਾ ਤੇ ਵਿਕਾਰ ਇਸ ਨੂੰ ਸਾੜ ਰਹੇ ਹਨ। ਤੀਸਰੇ ਬੰਦ ਵਿੱਚ ਗਲ਼ੇ ਸੜੇ ਗੁਣਾਂ ਦੀ ਗੱਲ ਕੀਤੀ ਹੈ।

ਕਾਇਆ ਆਰਣੁ ਮਨੁ ਵਿਚਿ ਲੋਹਾ ਪੰਚ ਅਗਨਿ ਤਿਤੁ ਲਾਗਿ ਰਹੀ॥

ਕੋਇਲੇ ਪਾਪ ਪੜੇ ਤਿਸੁ ਉਪਰਿ ਮਨੁ ਜਲਿਆ ਸੰਨ੍ਹੀ ਚਿੰਤ ਭਈ॥

ਇਹਨਾਂ ਤੁਕਾਂ ਵਿੱਚ ਪਿੰਡ ਦੇ ਲੁਹਾਰ ਦੀ ਅਹਿਰਣ, ਤੱਪਿਆ ਹੋਇਆ ਲੋਹਾ, ਮਘ ਰਹੇ ਕੋਇਲੇ ਤੇ ਸੰਨ੍ਹੀ ਦਾ ਅਲੰਕਾਰ ਲਿਆ ਹੈ। ਕਾਂਇਆਂ ਤੱਪ ਰਹੀ ਅਹਿਰਣ ਤੇ ਮਨ ਮਘ ਰਿਹਾ ਲੋਹਾ ਹੈ। ਵਿਕਾਰਾਂ ਦੀਆਂ ਲਾਲ ਸੁਰਖ ਲਾਟਾਂ ਨਿਕਲ ਰਹੀਆਂ ਹਨ। ਮਨ ਦੀ ਮਾੜੀ ਸੋਚ ਦਾ ਨਾਂ ਪਾਪ ਹੈ ਤੇ ਇਹ ਪਾਪ ਸਾਨੂੰ ਦਿੱਸਦਾ ਨਹੀਂ ਹੈ। ਮਨ ਦੁਆਰਾ ਕੀਤੇ ਪਾਪਾਂ ਦੇ ਕੋਇਲੇ ਇਸ ਤੱਪਸ਼ ਵਿੱਚ ਹੋਰ ਵਾਧਾ ਕਰ ਰਹੇ ਹਨ। ਲੁਹਾਰ ਦੇ ਪਾਸ ਸੰਨ੍ਹੀ ਹੁੰਦੀ ਏ ਜਿਸ ਰਾਂਹੀ ਮਘ ਰਹੇ ਲੋਹੇ ਦੇ ਪਾਸੇ ਪਰਦਾ ਹੈ ਤਾਂ ਕੇ ਲੋਹੇ ਦਾ ਕੋਈ ਪਾਸਾ ਰਹਿ ਨਾ ਜਾਏ ਜਿਸ ਨੂੰ ਚੰਗੀ ਤਰ੍ਹਾਂ ਸੇਕ ਨਾ ਲੱਗੇ। ਅਹਿਰਣ ਵਿੱਚ ਮੱਘਦਾ ਸੇਕ ਤੇ ਕਾਂਇਆਂ ਮੱਘਦੀ-ਅੱਖਾਂ, ਕੰਨ, ਜ਼ਬਾਨ ਤੇ ਬਾਕੀ ਇੰਦਰੀਆਂ ਦਾ ਕੰਟਰੋਲ ਤੋਂ ਰਹਿਤ ਹੋਣਾ ਹੈ। ਇਹ ਸਾਰੀਆਂ ਇੰਦਰੀਆਂ ਗਲਤ ਸੂਚਨਾ ਇਕੱਤਰ ਕਰਕੇ ਮਨ ਨੂੰ ਉਲ਼ਝਾਅ ਕੇ ਪੂਰਾ ਤਾਅ ਦੇਂਦੀਆਂ ਹਨ। ਪੰਚ ਅਗਨ, ਕੰਨਾਂ ਦੀ ਨਿੰਦਿਆ ਸੁਣੀ ਅੱਖਾਂ ਦਾ ਪਰਾਇਆ ਰੂਪ ਦੇਖਣ ਦੀ ਆਦਤ, ਜ਼ਬਾਨ ਭਾਵਨਾ ਦਾ ਸਤਕਾਰ ਨਾ ਰੱਖ ਕੇ ਬੋਲਣਾ ਗੱਲ ਕੀ ਹਰ ਪਰਕਾਰ ਦੀ ਪੂਰੀ ਅੱਗ ਬਾਲਣੀ ਤੇ ਭੈੜੀ ਸੋਚ ਦੇ ਕੋਇਲੇ ਪਾ ਕੇ ਚੰਗੀ ਸੋਚ ਨੂੰ ਸਾੜ ਦੇਣਾ ਆਦਤ ਬਣ ਗਿਆ ਹੈ। ਲੁਹਾਰ ਪਾਸ ਸੰਨ੍ਹੀ ਹੁੰਦੀ ਹੈ ਜਿਸ ਦੁਆਰਾ ਲੋਹੇ ਨੂੰ ਪੂਰਾ ਸੇਕਣ ਲਈ ਉਸਦੇ ਪਾਸੇ ਪਰਤਦਾ ਰਹਿੰਦਾ ਹੈ। ਇਹ ਸੰਨ੍ਹੀ ਚਿੰਤਾ ਦੀ ਹੈ। ਜੋ ਹਰ ਵੇਲੇ ਮਨ ਦਾ ਅਮਨ ਸ਼ਾਤੀ ਖੋਹ ਕੇ ਰੱਖਦੀ ਹੈ। ਚਿੰਤਾ ਦੀ ਸੰਨ੍ਹੀ ਚੋਭਾਂ ਮਾਰਦੀ ਰਹਿੰਦੀ ਹੈ। ਮਨ ਜਲ਼ਿਆ-ਤੇਰੇ ਅਤਮਿਕ ਗੁਣ ਗਲ਼ ਗਏ। ਇਹਨਾਂ ਗੁਣਾਂ ਨੂੰ ਸਾੜਣ ਲਈ ਵਿਕਾਰਾਂ ਦਾ ਖਾਸ ਯੋਗ ਦਾਨ ਹੈ।

ਲੁਹਾਰ ਪਾਸੋਂ ਭੱਠੀ ਵਿੱਚ ਅੱਗ ਜ਼ਿਆਦਾ ਬਲ਼ ਜਾਏ ਤਾਂ ਲੋਹਾ ਸੜ੍ਹ ਕੇ ਸੁਆਹ ਹੋ ਜਾਂਦਾ ਹੈ। ਉਸ ਲੋਹੇ ਦਾ ਕੋਈ ਸੰਦ ਨਹੀਂ ਬਣਦਾ ਤੇ ਬੇਕਾਰ ਵਿੱਚ ਸੁਟਣਾ ਪੈਂਦਾ ਹੈ ਪਰ ਸੜੇ ਹੋਏ ਮਨ ਦਾ ਗੁਰੂ ਜੀ ਪਾਸ ਇਲਾਜ ਹੈ। ਸਾਡੇ ਸਾਹਮਣੇ ਇਤਿਹਾਸ ਦੀਆਂ ਕਈ ਮਿਸਾਲਾਂ ਨੇ ਜੋ ਸੜਿਆ ਹੋਇਆ ਜੀਵਨ ਲੈ ਕੇ ਆਏ ਤੇ ਗੁਰੂ ਜੀ ਦੇ ਅੰਮ੍ਰਿਤ ਬਚਨਾ ਦੁਆਰਾ ਹਰਿਆ ਭਰਿਆ ਜੀਵਨ ਲੈ ਕੇ ਗਏ। ਮਗਰਲੇ ਬੰਦ ਵਿੱਚ ਗਲ਼ੇ ਸੜੇ ਗੁਣ ਠੀਕ ਹੋਣ ਦੀ ਜੁਗਤੀ ਸਮਝਾਈ ਹੈ।

ਭਇਆ ਮਨੂਰੁ ਕੰਚਨੁ ਫਿਰਿ ਹੋਵੈ ਜੇ ਗੁਰੁ ਮਿਲੈ ਤਿਨੇਹਾ॥

ਏਕੁ ਨਾਮੁ ਅੰਮ੍ਰਿਤੁ ਓਹੁ ਦੇਵੈ ਤਉ ਨਾਨਕ ਤ੍ਰਿਸਟਸਿ ਦੇਹਾ॥

ਜੇ ਗੁਰੁ ਮਿਲੈ ਤਿਨੇਹਾ-ਜੇਕਰ ਗੁਰੂ ਜੀ ਦੀ ਵਿਚਾਰਧਾਰਾ ਨੂੰ ਮਨੋਂ ਅਪਨਾਅ ਲਿਆ ਜਾਏ, ਦੱਸੇ ਹੋਏ ਉਪਦੇਸ਼ ਨੂੰ ਜੀਵਨ ਵਿੱਚ ਢਾਲ ਲਿਆ ਜਾਏ ਤਾਂ ਨਤੀਜਾ ਸੋਨੇ ਦੇ ਰੂਪ ਵਿੱਚ ਨਿਕਦਾ ਹੈ। ਸੋਨਾ ਮਹਿੰਗੀ ਵਸਤੂ ਹੈ ਤੇ ਮਤ ਕੀਮਤੀ ਹੋ ਜਾਏਗੀ। ਮਨੂਰ ਤੋਂ ਸਫਰ ਅਰੰਭ ਕਰਕੇ ਸੋਨੇ ਤੀਕ ਪਹੁੰਚਣ ਦਾ ਇੱਕ ਸੰਕਲਪ ਦ੍ਰਿੜ ਕਰਾਇਆ ਗਿਆ ਹੈ। ਏਕੁ ਨਾਮੁ ਅੰਮ੍ਰਿਤ-ਗੁਰੂ ਆਤਮਿਕ ਜੀਵਨ ਦੇਣ ਵਾਲੇ ਕੀਮਤੀ ਗੁਣ ਦੇਂਦਾ ਹੈ। ਨਾਮ ਦਾ ਅਰਥ ਕੇਵਲ ਵਾਹਿਗੁਰੂ ਵਾਹਿਗੁਰੂ ਕਰ ਲਿਆ ਤੇ ਕਹਿ ਦਿੱਤਾ ਅਸੀਂ ਨਾਮ ਜੱਪ ਲਿਆ ਅਜੇਹਾ ਨਹੀਂ ਹੈ। ਇਹ ਤੇ ਰੱਬੀ ਗੁਣਾਂ ਨੂੰ ਅਪਨਾਅ- ਜੀਵਨ ਸੁਭਾਅ ਵਿੱਚ ਤਬਦੀਲੀ ਲਿਆਉਣ ਦਾ ਦਾਹਵਾ ਹੈ। ਤ੍ਰਿਸਟਸਿ ਦੇਹਾ-ਸਰੀਰ ਤੇ ਗਿਆਨ ਇੰਦਰੇ ਟਿਕ ਜਾਂਦੇ ਹਨ। ਮਨੁੱਖ ਨੇ ਦੁਨੀਆਂ ਵਿੱਚ ਪਰਵੇਸ਼ ਕੀਤਾ ਸੀ ਧੂਮ ਧੜੱਕੇ ਤੇ ਗੁਣਾਂ ਨਾਲ ਲੈਸ ਹੋ ਕੇ ਪਰ ਇਸ ਧੂਮ ਧੜੱਕੇ ਵਿੱਚ ਗੁਣ ਗੁਲ ਹੋ ਗਏ। ਚਮਕ ਦਮਕ ਨੇ ਐਸਾ ਉਲਝਾਇਆ ਹੈ ਕਿ ਗੁਣ ਸਾਰੇ ਹੀ ਗੁਆ ਲਏ ਹਨ। ਸੋਚਣ ਵਾਲੀ ਗੱਲ ਹੈ, ਕੀ ਸਾਡੇ ਅਕਾਲੀਆਂ ਲੀਡਰਾਂ ਜਾਂ ਜੱਥੇਦਾਰਾਂ ਵਿੱਚ ਧਰਮ ਪ੍ਰਤੀ ਕੋਈ ਜ਼ਿੰਮੇਵਾਰੀ ਵੀ ਹੈ? ਅਕਾਲੀ ਕਾਨਫੰਰਸਾਂ, ਸ਼ਹੀਦੀ ਜੋੜ ਮੇਲਿਆਂ, ਕੀਰਤਨ ਦਰਬਾਰਾਂ ਵਿੱਚ ਕਦੇ ਸਿੱਖੀ ਸਿਧਾਂਤ ਦੀ ਵੀ ਗੱਲ ਕੀਤੀ ਗਈ ਹੈ? ਕਿਰਦਾਰ ਨਾਂ ਦੇ ਗੁਣ ਇੰਜ ਲੱਗਦਾ ਏ ਜਿਵੇਂ ਗਲ਼ ਚੁੱਕੇ ਹੋਣ? ਇਸ ਸ਼ਬਦ ਦੁਆਰਾ ਮਨੂਰ-ਸੜ ਚੁੱਕਿਆ ਲੋਹਾ-ਗਲੇ ਹੋਏ ਗੁਣਾਂ ਵਾਲਾ ਕਿਰਦਾਰ ਫਿਰ ਤੋਂ ਸੋਇਨਾ ਬਣ ਸਕਦਾ ਹੈ। ਜੇ ਗੁਰ ਗਿਆਨ ਨੂੰ ਸਮਝ ਕੇ ਜੀਵਨ ਵਿੱਚ ਅਪਨਾ ਲਿਆ ਜਾਏ।

ਸਤਿਗੁਰ ਕੀ ਜੇ ਸਰਣੀ ਆਵੈ ਫਿਰਿ ਮਨੂਰਹੁ ਕੰਚਨੁ ਹੋਹਾ॥

ਸਤਿਗੁਰੁ ਨਿਰਵੈਰੁ ਪੁਤ੍ਰ ਸਤ੍ਰ ਸਮਾਨੇ ਅਉਗੁਣ ਕਟੇ ਕਰੇ ਸੁਧੁ ਦੇਹਾ॥

ਮ. 5॥ 960॥




.