ਗੁਰਬਾਣੀ ਵਿਚ ਪੌਰਾਣਕ ਕਥਾਵਾਂ
(ਕਿਸ਼ਤ ਨੰ: 42)
ਪ੍ਰੋ: ਇੰਦਰ
ਸਿੰਘ ‘ਘੱਗਾ’
ਵੇਦ:- ਸਨਾਤਨ ਮਤ ਦੇ ਗਿਆਨ ਦੇਣ ਵਾਲੇ ਵੇਦ ਕਹੇ ਜਾਂਦੇ ਹਨ। ਅਸਲ
ਵਿੱਚ ਇੱਕੋ ਗਰੰਥ ਰਿਗਵੇਦ ਤੋਂ ਵਿਸਥਾਰ ਕਰਕੇ ਬਣਾਏ ਗਏ ਸਨ। ਪਿਛਲੇ ਸਮੇਂ ਵਿੱਚ ਤਿੰਨ ਵੇਦ ਬਣੇ
ਸਨ। ਫਿਰ ਕੁੱਲ ਸੱਤ ਸੌ ਸੱਤਰ ਮੰਤਰ ਅਲੱਗ ਕਰਕੇ ਲਿਖੇ ਗਏ ਜੋ ਜਾਦੂ ਟੂਣੇ, ਅਹੁਤੀਆਂ, ਧਾਗੇ ਤਵੀਤ
ਕਰਨ ਲਈ ਵਰਤੇ ਜਾਣ ਲੱਗੇ। ਇਸੇ ਨੂੰ ਅਥਰਵ ਵੇਦ ਕਿਹਾ ਗਿਆ। ਵੇਦ ਕਿਸੇ ਇੱਕ ਵਿਅਕਤੀ ਦੇ ਰਚੇ ਹੋਏ
ਨਹੀਂ ਹਨ। ਵਿਸ਼ਵਾਮਿੱਤਰ, ਵਸ਼ਿਸ਼ਟ ਭਾਰਦਵਾਜ ਆਦਿ ਲਿਖੇ ਮੰਨੇ ਜਾਂਦੇ ਹਨ। ਜਿਨ੍ਹਾਂ ਵਿੱਚ ਸੂਰਜ,
ਅਗਨੀ, ਹਵਾ, ਇੰਦਰ ਆਦਿ ਦੀ ਮਹਿਮਾ ਹੈ। ਰਿਗਵੇਦ ਦੇ ਦਸ ਮੰਡਲ, 1028 ਸੂਕਤ ਅਤੇ 153826 ਸਲੋਕ
ਹਨ। ਜਿਸ ਵਿੱਚ ਯੱਗ ਅਤੇ ਬਲੀਦਾਨ ਦੀਆਂ ਵਿਧੀਆਂ ਹਨ, ਉਹ ਯਜੁਰਵੇਦ ਹੈ। ਇੱਕ ਸੇਵਕ ਯਾਗਵਾਲਕ ਨੇ
ਵੇਦ ਮੰਤਰ ਸਿੱਖਣ ਲਈ ਸੂਰਜ ਦੀ ਲੰਮੀ ਅਰਾਧਨਾ ਕੀਤੀ। ਜਿਸ ਤੋਂ ਪ੍ਰਸੰਨ ਹੋ ਕੇ ਸੂਰਜ ਨੇ ਘੋੜੇ ਦਾ
ਰੂਪ ਧਾਰ ਕੇ ਵੇਦ ਮੰਤਰ ਪੜ੍ਹਾਏ। ਹਿੰਦੂ ਮਤ ਦੇ ਗ੍ਰੰਥਾਂ ਵਿੱਚ ਵੇਦ ਪੜ੍ਹਨ ਦਾ ਅਧਿਕਾਰ ਕੇਵਲ
ਬ੍ਰਾਹਮਣ ਖੱਤਰੀ ਤੇ ਵੈਸ਼ ਨੂੰ ਹੈ। ਸ਼ੂਦਰ ਅਤੇ ਹੋਰ ਨੀਚ ਜਾਤੀਆਂ ਨੂੰ ਵੇਦ ਪੜ੍ਹਨਾਂ ਤਾਂ ਇੱਕ
ਪਾਸੇ ਰਿਹਾ ਸੁਣਨ ਦਾ ਅਧਕਾਰ ਭੀ ਨਹੀਂ ਹੈ। ਵੇਦਾਂ ਦੇ ਰੰਗ ਭੀ ਲਿਖੇ ਮਿਲਦੇ ਹਨ। ਹੀਰੇ ਜਿਹਾ ਵੇਦ
ਸ਼ਾਮਵੇਦ, ਪਲਿੱਤਣ ਨਾਲ ਗੋਰਾ ਰਿਗਵੇਦ, ਸੂਹਾ ਲਾਲ ਰੰਗ ਯਜੁਰ ਵੇਦ, ਪੀਸੇ ਹੋਏ ਸੁਰਮੇ ਵਰਗਾ ਅਧਰਵ
ਵੇਦ ਹੈ। ਮਹਾਂ ਭਾਰਤ ਦੇ ਵਣ ਪਰਬ ਵਿੱਚ ਭਗਵਾਨ ਨੇ ਆਪਣੇ ਰੰਗ ਭੀ ਦੱਸੇ ਹਨ। ਸੱਤਯੁਗ ਵਿੱਚ ਸਫੈਦ
ਰੰਗ, ਤ੍ਰੇਤੇ ਵਿੱਚ ਪੀਲਾ, ਦੁਆਪਰ ਵਿੱਚ ਲਾਲ ਅਤੇ ਕਲਯੁਗ ਵਿੱਚ ਕਾਲਾ ਰੰਗ। (ਮ: ਕੋ: ਪੰਨਾ -
1108)
ਵਿਚਾਰ:- ਜਦੋਂ ਮਨੁੱਖਤਾ ਹਾਲੀ ਗਿਆਨ ਦੇ ਮੁਢਲੇ ਪੜਾਅ ਵਿੱਚ ਸੀ।
ਕਬੀਲਾ ਜੁਗ ਪੂਰੀ ਤਰ੍ਹਾਂ ਹਾਵੀ ਸੀ। ਮਨੁੱਖ ਜਤਨ ਕਰਕੇ ਗਿਆਨ ਹਾਸ ਕਰਨ ਲਈ ਕੋਸ਼ਿਸ਼ ਵਿੱਚ ਸੀ।
ਜਿਵੇਂ ਜਿਵੇਂ ਸ਼ਕਤੀਆਂ ਬਾਰੇ ਥੋੜ੍ਹੀ ਬਹੁਤੀ ਸਮਝ ਆਉਂਦੀ ਉਸਦੀ ਜਗਿਆਸਾ ਹੋਰ ਵੱਧਦੀ ਚਲੀ ਜਾਂਦੀ।
ਕਬੀਲਿਆਂ ਦੇ ਮੁਖੀਆਂ ਨੇ ਆਮ ਲੋਕਾਂ ਨੂੰ ਜੋ ਕਹਿਣਾ ਉਹ ਮੰਨਣਾ ਜ਼ਰੂਰੀ ਸੀ। ਕਬੀਲੇ ਦਾ ਮੁਖੀ ਪੂਰੀ
ਤਰ੍ਹਾਂ ਡਿਕਟੇਟਰ ਸੀ। ਨਿਹਕਲੰਕ ਸੀ, ਭਗਵਾਨ ਸੀ। ਆਪਣੀ ਸਹਾਇਤਾ ਵਾਸਤੇ ਕੁੱਝ ਸਲਾਹਕਾਰ ਭੀ ਨਾਲ
ਰੱਖ ਲੈਂਦਾ ਸੀ। ਇਹ ਸਮਾਂ ਬਹੁਤ ਹੀ ਸੰਘਰਸ਼ਸ਼ੀਲ ਸੀ। ਇਸੇ ਮੁਢਲੇ ਪੜਾਅ ਵਿੱਚ ਅੱਗ, ਸੂਰਜ, ਹਵਾ
ਅਤੇ ਪਾਣੀ ਇਹ ਦੇਵਤੇ ਬਣ ਕੇ ਉਭਰੇ। ਰਿਗ ਵੇਦ ਵਿੱਚ ਜ਼ਿਆਦਾ ਇਹਨਾਂ ਦਾ ਹੀ ਗੁਣਗਾਨ ਹੈ। ਇਹਨਾਂ ਦੀ
ਪੂਜਾ ਕਿਵੇਂ ਕੀਤੀ ਜਾਵੇ? ਲੰਮੀ ਸੋਚ ਵਿਚਾਰ ਤੋਂ ਬਾਦ ਇਹਨਾਂ ਦਾ ਮਾਨਵੀਕਰਣ (ਭਾਵ ਕਿ ਮਨੁੱਖੀ
ਸ਼ਕਲਾਂ ਤੇ ਸਰੀਰ ਵਾਲੇ) ਕਲਪਿਆ ਗਿਆ ਤੇ ਪੂਜਾ ਆਰੰਭ ਹੋ ਗਈ। ਪੂਜਾ ਲਈ ਤਰ੍ਹਾਂ ਤਰ੍ਹਾਂ ਦੀਆਂ
ਮੂਰਤੀਆਂ ਬਣਨ ਲੱਗੀਆਂ, ਮਿੱਟੀ, ਪੱਥਰ, ਲੱਕੜੀ ਆਦਿ ਦੀਆਂ। ਫਿਰ ਰੁੱਖਾਂ, ਪੰਛੀਆਂ ਤੇ ਪਸ਼ੂਆਂ ਦੀ
ਭੀ ਕਈ ਪਰਕਾਰ ਪੂਜਾ ਭੀ ਹੋਈ ਤੇ ਬਲੀ ਭੀ ਦਿੱਤੀ ਜਾਣ ਲੱਗੀ। ਲੰਮੇ ਸਮੇਂ ਤੱਕ ਇਹ ਸਿਲਸਿਲਾ ਚਲਦਾ
ਰਿਹਾ। ਬਹੁਤੀਆਂ ਇਹੋ ਹੀ ਮੁਢਲੇ ਪੜਾਅ ਦੀਆਂ ਗੱਲਾਂ ਹਨ ਰਿਗਵੇਦ ਵਿਚ। ਸਮਾਂ ਬੀਤਣ ਨਾਲ ਮਨੁੱਖ ਦਾ
ਹੋਰ ਵਿਕਾਸ ਹੋਇਆ ਤਾਂ ਵੇਦਾਂ ਦਾ ਗਿਆਨ ਬੋਝਲ ਅਤੇ ਫਜ਼ੂਲ ਜਿਹਾ ਜਾਪਣ ਲੱਗਿਆ। ਨਤੀਜੇ ਵਜੋਂ ਪੁਰਾਣ
ਸਾਹਿਤ ਰਚਿਆ ਜਾਣ ਲੱਗਾ। ਜਿਸ ਵਿੱਚ ਗਿਆਨ ਘੱਟ ਤੇ ਰੌਚਕਤਾ ਜ਼ਿਆਦਾ ਸੀ। ਇਸ ਤੋਂ ਪਿਛਲੇਰੇ ਕਾਲ
ਵਿੱਚ ਸਮੇਂ ਸਮੇਂ ਛੇ ਸ਼ਾਸ਼ਤਰ ਲਿਖੇ ਗਏ ਜੋ ਕਾਫੀ ਗੂੜ੍ਹ ਗਿਆਨ ਦਿੰਦੇ ਹਨ। ਇਹਨਾਂ ਵੇਦਾਂ,
ਗ੍ਰੰਥਾਂ ਵਿਚੋਂ ਮਨੁੱਖੀ ਵਿਕਾਸ ਕਰਮ ਨੂੰ ਸਮਝਣ ਵਾਸਤੇ ਸਹਾਇਤਾ ਜ਼ਰੂਰ ਮਿਲ ਸਕਦੀ ਹੈ। ਉਂਞ ਅੱਜ
ਦੀ ਜ਼ਿੰਦਗੀ ਵਾਸਤੇ ਇਹਨਾਂ ਵਿੱਚ ਕੁੱਝ ਖਾਸ ਨਹੀਂ ਹੈ।
ਵੇਦਾਂ ਦੇ ਜਿਸ ਪੱਖ ਨੂੰ ਛੁਪਾਇਆ ਗਿਆ ਹੈ। ਸਦੀਆਂ ਤੱਕ ਲੋਕਾਂ ਨੂੰ ਇਸ
ਹਨ੍ਹੇਰੇ ਵਿੱਚ ਰੱਖਿਆ ਗਿਆ ਹੈ, ਉਹ ਹੈ ਆਰੀਅਨ ਕਬੀਲਿਆਂ ਦਾ ਭਾਰਤ ਤੇ ਹਮਲਾ। ਇਥੋਂ ਦੇ ਸੁਖੀ
ਜੀਵਨ ਬਤੀਤ ਕਰਨ ਵਾਲੇ ਲੋਕਾਂ ਨੂੰ ਬੜੀ ਬੇਰਹਿਮੀ ਨਾਲ ਕੁਚਲਿਆ ਗਿਆ। ਇਹ ਜੰਗ ਸਦੀਆਂ ਤੱਕ ਚਲਦੀ
ਰਹੀ, ਜਿੰਨੀ ਦੇਰ ਤੱਕ “ਬਾਗੀਆਂ” ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕਰ ਦਿੱਤਾ ਗਿਆ ਜਾਂ ਗੁਲਾਮ ਨਹੀਂ
ਬਣਾ ਲਿਆ ਗਿਆ। ਦਰਾਵੜਾਂ ਤੇ ਕੀਤੇ ਗਏ ਜੁਲਮਾਂ ਦੀ ਲੰਮੀ ਦਾਸਤਾਨ ਹੈ ਇਹ ਰਿਗਵੇਦ। ਜਿਸ ਨੂੰ ਆਮ
ਲੋਕਾਂ ਤੋਂ ਛੁਪਾ ਕੇ ਭੀ ਰੱਖਿਆ ਗਿਆ ਹੈ ਧਰਮ ਗਰੰਥ ਭੀ ਐਲਾਨਿਆ ਗਿਆ ਹੈ। ਵਿਆਹ, ਸ਼ਾਦੀਆਂ ਵਕਤ,
ਹਵਨ ਸਮੇਂ ਇਸ ਵਿਚੋਂ “ਮੰਤਰ” ਪੜ੍ਹੇ ਜਾਂਦੇ ਹਨ। ਉਹਨਾਂ ਮੰਤਰਾਂ ਵਿਚੋਂ ਅੱਜ ਤੱਕ ਗੁਲਾਮ ਬਣਾਏ
ਕਤਲ ਕੀਤੇ ਗਏ, ਉਜਾੜੇ ਗਏ ਲੋਕਾਂ ਵਿਰੁੱਧ ਚੰਗੇਜ਼ੀ ਹੁਕਮ ਨਾਮੇ ਪੜ੍ਹੇ ਜਾ ਸਕਦੇ ਹਨ। ਸੰਸਕ੍ਰਿਤ
ਪੜ੍ਹਨ ਤੇ ਇਸੇ ਲਈ ਪਾਬੰਦੀ ਲਾਈ ਗਈ ਸੀ ਕਿ ਰਿਗਵੇਦ ਵਿੱਚ ਲਿਖੀ ਹੋਈ ਅਮੁੱਕ ਜ਼ੁਲਮਾਂ ਦੀ ਦਾਸਤਾਨ
ਪੜ੍ਹਕੇ ਦਰਾਵੜੀ ਨੌਜਵਾਨਾਂ ਅੰਦਰ ਮੁੜ ਤੋਂ ਰੋਹ ਪੈਦਾ ਨਾ ਹੋ ਜਾਵੇ। ਆਪਣੀ ਕੌਮ ਤੇ ਹੋਏ ਜ਼ੁਲਮਾਂ
ਨੂੰ ਪੜ੍ਹ ਵਿਚਾਰ ਕੇ ਆਰੀਅਨ ਧਾੜਵੀਆਂ ਵਿਰੁੱਧ ਬਗਾਵਤ ਦਾ ਬਿਗਲ ਨਾ ਵਜਾ ਦੇਣ। ਜੋ ਲੋਕ ਕਦੀ ਇਸ
ਦੇਸ਼ ਦੇ ਮਾਲਕ ਸਨ, ਜਿਨ੍ਹਾਂ ਦੇ ਸੋਹਣੇ ਘਰ ਸਨ। ਲਹਿ ਲਹਾਂਦੀਆਂ ਫਸਲਾਂ ਖੇਤਾਂ ਵਿੱਚ ਉੱਗਦੀਆਂ
ਸਨ। ਦੁੱਧ ਦੀਆਂ ਜਿਥੇ ਨਦੀਆਂ ਵਹਿੰਦੀਆਂ ਸਨ। ਉਸ ਦੇ ਮਾਲਕਾਂ ਦੀ ਅੱਜ ਇੰਨੀ ਦੁਰਗਤ ਹੋ ਚੁੱਕੀ ਹੈ
ਖੇਤੀ ਲਈ ਜ਼ਮੀਨ ਤਾਂ ਕਿਤੇ ਰਹੀ ਉਹਨਾਂ ਨੂੰ ਸੌ ਦੋ ਸੌ ਗਜ਼ ਧਰਤੀ ਛੱਪਰ ਬਣਾ ਕੇ ਟੱਬਰ ਸਾਂਭਣ ਪਾਲਣ
ਲਈ ਭੀ ਨਹੀਂ ਰਹੀ।
ਸਿੱਖਾਂ ਨੇ ਭੀ ਉਪਦੇਸ਼ਮਈ ਗੁਰਬਾਣੀ ਨੂੰ ਬਹੁਤੀ ਹੀ “ਪਵਿੱਤਰ” ਸਮਝ ਦੇ
ਸਿਰਫ ਪੂਜਣਾ ਸ਼ੁਰੂ ਕਰ ਦਿੱਤਾ ਹੈ। ਅਖੰਡ ਪਾਠ, ਸੰਪਟ ਪਾਠ, ਅਤੀ ਸੰਪਟ ਪਾਠ, ਮੋਨ ਪਾਠ ਜਾਂ
ਗਿਆਰਾਂ, ਇੱਕੀ, ਇੱਕ ਸੌ ਇੱਕ (ਇਕੱਠੇ) ਅਖੰਡ ਪਾਠ ਕਰਨ ਦੀਆਂ ਵਿਧੀਆਂ ਚਾਲੂ ਕਰ ਲਈਆਂ ਹਨ। ਮੰਤਰ
ਰੂਪ ਵਿੱਚ ਬਾਣੀ ਬਹੁਤ ਪੜ੍ਹੀ ਜਾ ਰਹੀ ਹੈ। ਨਾਮ ਸਿਮਰ ਕੇ, ਮੰਤਰ ਪੜ੍ਹਕੇ, ਮਾਲਾ ਫੇਰ ਕੇ, ਪਾਠਾਂ
ਦੀਆਂ ਲੜੀਆਂ ਚਲਾਕੇ ਤਰ੍ਹਾਂ ਤਰ੍ਹਾਂ ਦੇ ਕੀਰਤਨ ਦਰਬਾਰ ਕਰਵਾ ਕੇ ਪੰਥ ਦੀ ਚੜ੍ਹਦੀ ਕਲਾ ਦੀ ਕੂੜੀ
ਆਸ ਲਾਈ ਜਾ ਰਹੀ ਹੈ। “ਗੁਰਬਾਣੀ ਬਹੁਤ ਮਿੱਠੀ ਹੈ, ਪੜ੍ਹ ਸੁਣਕੇ ਮਨ ਸ਼ਾਂਤ ਹੋ ਜਾਂਦਾ ਹੈ”, ਦਾ
ਬੜਾ ਸਟੇਜੀ ਭਾਸ਼ਣ ਸੁਣਨ ਨੂੰ ਮਿਲ ਜਾਂਦਾ ਹੈ। ਕੀ ਸੱਚਮੁੱਚ ਇਸ ਤਰ੍ਹਾਂ ਹੈ? ਕਦੀ ਇਹਨਾਂ ਸ਼ਬਦਾਂ
ਨੂੰ ਭੀ ਪੜ੍ਹ ਵਿਚਾਰ ਕੇ ਵੇਖੀਏ ਕੀ ਇਹ ਗੁਰਬਾਣੀ ਨਹੀਂ ਹਨ?
ਮਾਣਸ
ਖਾਣੇ ਕਰਹਿ ਨਿਵਾਜ।। ਛੁਰੀ ਵਗਾਇਨਿ ਤਿਨ ਗਲਿ ਤਾਗ।।
ਤਿਨ ਘਰਿ ਬ੍ਰਾਹਮਣ ਪੂਰਹਿ ਨਾਦ।। ਉਨ੍ਹਾ ਭਿ ਆਵਹਿ ਓਈ ਸਾਦ।।
ਕੂੜੀ ਰਾਸਿ ਕੂੜਾ ਵਾਪਾਰੁ।। ਕੁੜੁ ਬੋਲਿ ਕਰਹਿ ਆਹਾਰੁ।।
ਸਰਮ ਧਰਮ ਦਾ ਡੇਰਾ ਦੂਰਿ।। ਨਾਨਕ ਕੂੜੁ ਰਹਿਆ ਭਰਪੂਰਿ।।
ਮਥੈ ਟਿਕਾ ਤੇੜਿ ਧੋਤੀ ਕਖਾਈ।। ਹਥਿ ਛੁਰੀ ਜਗਤ ਕਾਸਾਈ।। …. (471)
ਆਦਿ ਗੁਰੂ ਜੀ ਫੁਰਮਾਨ ਕਰਦੇ ਹਨ; ਹੇ ਭਾਈ! ਵੇਖੋ ਕੀ ਵਰਤਾਰਾ ਵਰਤ ਰਿਹਾ
ਹੈ। ਮਨੁੱਖਾਂ ਤੇ ਵੱਡੇ ਭਾਰੇ ਜ਼ੁਲਮ ਢਾਹੁਣ ਵਾਲੇ ਭੀ ਧਰਮੀ ਬਣਨ ਦਾ ਨਾਟਕ ਕਰਦੇ ਹਨ। ਮਸਜਿਦ ਵਿੱਚ
ਨਿਵਾਜ ਅਦਾ ਕਰਕੇ ਖੁਦਾ ਨੂੰ ਖੁਸ਼ ਕਰਦੇ ਹਨ। ਇਨ੍ਹਾਂ ਦੇ ਨੋਕਰ ਖੱਤਰੀ ਕਿਹੜਾ ਘੱਟ ਗੁਜਾਰਦੇ ਹਨ
ਉਹ ਭੀ ਆਪਣੇ ਹੀ ਭਰਾਵਾਂ ਦਾ ਗਲ ਵੱਢਦੇ ਹਨ। ਵੈਸੇ ਜੰਜੂ ਜ਼ਰੂਰ ਪਾ ਕੇ ਰੱਖਦੇ ਹਨ। ਧਰਮੀ ਹੋਣ ਦਾ
ਪੂਰਾ ਢਕਵੰਜ ਕਰਦੇ ਹਨ। ਇਨ੍ਹਾਂ ਖੱਤਰੀਆਂ ਨੇ ਫਿਰ “ਦਾਨੀ” ਬਣਕੇ ਬ੍ਰਾਹਮਣਾਂ ਨੂੰ ਸੱਦ ਕੇ “ਦਾਨ”
ਕਰਨਾ ਹੁੰਦਾ ਹੈ। ਬ੍ਰਾਹਮਣ ਪਾਪੀ ਵਿਅਕਤੀ ਤੋਂ ਜ਼ੁਲਮ ਕਰਕੇ ਇਕੱਠੀ ਕੀਤੀ ਦੌਲਤ ਵਿਚੋਂ ਦਾਨ ਲੈ ਕੇ
ਉਤਨੇ ਪਾਪਾਂ ਦਾ ਭਾਗੀਦਾਰ ਬਣਦਾ ਹੈ। ਵੈਸੇ ਇਹ ਪੁਜਾਰੀ ਬ੍ਰਾਹਮਣ ਬੜਾ ਧਰਮੀ ਬਣਕੇ ਵਿਖਾਉਂਦਾ ਹੈ।
ਇਹ ਸਾਰੇ ਲੋਕ ਫਰੇਬ ਦੀ ਪੂੰਜੀ ਜ਼ੁਲਮ ਦਾ ਵਪਾਰ ਕਰਦੇ ਸਾਫ ਵੇਖੇ ਜਾ ਸਕਦੇ ਹਨ। ਧੋਖਾਧੜੀ ਅਤੇ ਝੂਠ
ਬੋਲ ਕੇ ਐਸ਼ ਪ੍ਰਸਤੀ ਵਾਲੀ ਜ਼ਿੰਦਗੀ ਜਿਉਂਦੇ ਹਨ। ਇਹਨਾਂ ਸਾਰਿਆਂ ਤਾਂ ਸ਼ਰਮ ਹੀ ਲਾਹ ਛੱਡੀ ਹੈ। ਧਰਮ
ਤਾਂ ਇਨ੍ਹਾਂ ਦੇ ਨੇੜੇ ਤੇੜੇ ਭੀ ਨਹੀਂ ਹੈ। ਵਿਖਾਵੇ ਲਈ ਇਹ ਸਾਰੇ ਬਹੁਤ ਧਰਮੀ ਬਣਦੇ ਹਨ।
ਗੁਰਸਿੱਖ ਪਾਠਕੋ! ਇਹ ਸ਼ਬਦ ਇੱਕ ਨਹੀਂ ਸੈਂਕੜੇ ਅਜਿਹੇ ਸ਼ਬਦ ਗੁਰੂ ਗ੍ਰੰਥ
ਸਾਹਿਬ ਵਿੱਚ ਮੌਜੂਦ ਹਨ। ਇਹਨਾਂ ਦੀ ਕਦੀ ਕਥਾ ਵਿਚਾਰ ਨਹੀਂ ਹੁੰਦੀ। ਕੀ ਵਾਕਿਆ ਹੀ ਇਹ ਸ਼ਬਦ
“ਮਿੱਠੇ” ਹਨ? ਜਿਵੇਂ ਕਿ ਪ੍ਰਚਾਰਿਆ ਗਿਆ ਹੈ? ਇੱਕ ਹੋਰ ਪੱਖ ਤੋਂ ਮਿੱਠੇ ਹਨ ਕਿ ਸਾਰੇ ਸਮਾਜ ਨੂੰ
ਬੁਰਾਈਆਂ ਤੋਂ ਬਚਣ ਵਾਸਤੇ ਉਚਾਰੇ ਹਨ। ਪਰ ਕੀ ਸਿੱਖ ਅਖਵਾਣ ਵਾਲੇ ਕਿਰਪਾਨ ਪਹਿਨਣ ਵਾਲੇ, ਲੰਮੀਆਂ
ਦਾਹੜੀਆਂ ਵਾਲੇ, ਧਰਮੀ ਹੋਣ ਦਾ ਫਰੇਬ ਕਰਨ ਵਾਲੇ, ਇਹੀ ਕੁੱਝ ਨਹੀਂ ਕਰ ਰਹੇ ਜੋ ਉਪਰਲੇ ਸ਼ਬਦ ਵਿੱਚ
ਵਰਨਣ ਕੀਤਾ ਗਿਆ ਹੈ?
ਭਾਰਤ ਵਿੱਚ ਵਸਣ ਵਾਲੇ ਨਿਰਮਲ ਬੁੱਧ ਉੱਦਮੀ ਲੋਕਾਂ ਨੂੰ ਧੋਖੇ ਫਰੇਬ ਨਾਲ
ਜਿਵੇਂ ਕੁਚਲਿਆ ਗਿਆ, ਉਹ ਬਿਆਨ ਤੋਂ ਬਾਹਰਾ ਹੈ। ਲੰਮਾਂ ਸਮਾਂ ਬੀਤਣ ਤੇ ਜੇਤੂ ਅਰੀਅਨ ਲੋਕ ਭੀ
ਸੁੱਖ ਰਹਿਣੇ, ਆਲਸੀ ਜਾਂ ਐਸ਼ ਪ੍ਰਸਤ ਹੋ ਗਏ। ਦੁਬਾਰਾ ਫਿਰ ਇਤਿਹਾਸ ਨੇ ਕਰਵਟ ਬਦਲੀ। ਇਨ੍ਹਾਂ
ਵਿਲਸਤਾ ਵਿੱਚ ਗਰਕ ਹੋਏ ਰਾਜਿਆਂ ਤੇ ਪੂਜਾ ਵਿੱਚ ਮਸਤ ਹੋਏ ਪੁਜਾਰੀਆਂ ਨੂੰ ਆ ਧੌਣ ਤੋ ਫੜਿਆ,
ਮੁਸਲਮਾਨ ਹਮਲਾਵਰਾਂ ਨੇ। ਲੱਗਭਗ ਇੱਕ ਹਜਾਰ ਸਾਲ ਤੱਕ ਉਹੀ ਦੁਰਦਸ਼ਾ ਆਰੀਅਨਾਂ (ਖੱਤਰੀਆਂ ਬ੍ਰਾਹਮਣ)
ਦੀ ਹੋਈ ਜੋ ਉਨ੍ਹਾਂ ਨੇ ਦਰਾਵੜਾਂ ਦੀ ਕੀਤੀ ਸੀ। ਵੇਦਾਂ ਵਿਚੋਂ ਕੀ ਪ੍ਰਾਪਤ ਹੋਇਆ? ਜਗ ਕਰਨ ਵਰਗੇ
ਅਤੀ ਖਰਚੀਲੇ ਕਰਮ ਜੋ ਅੱਜ ਭੀ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ ਹਨ। ਵੇਦਾਂ ਨੇ ਦਿੱਤੀਆਂ
ਵੇਸਵਾਵਾਂ ਦੀਆਂ ਮੰਡੀਆਂ ਜੋ ਮੰਦਰਾਂ ਵਿੱਚ ਪ੍ਰਵਾਨ ਚੜ੍ਹਦੀਆਂ ਹਨ। ਜਿਨ੍ਹਾਂ ਨੂੰ ਧਾਰਮਕ
ਸਰਪ੍ਰਸਤੀ ਹਾਸਿਲ ਹੈ। ਵੇਦਾਂ ਨੇ ਦਿੱਤੇ ਚਾਰ ਵਰਣ, ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ। ਜਿਨ੍ਹਾਂ
ਨੇ ਮਨੁੱਖਤਾ ਵਿੱਚ ਅਜਿਹੀ ਜ਼ਹਿਰੀਲੀ ਲਕੀਰ ਖਿੱਚੀ ਕਿ ਮਿਟਣ ਦਾ ਨਾਮ ਹੀ ਨਹੀਂ ਲੈਂਦੀ। ਵੇਦਾਂ ਨੇ
ਦਿੱਤੀ ਔਰਤਾਂ ਲਈ ਗੁਲਾਮੀ ਜੋ ਅੱਜ ਤੱਕ ਬਾ-ਦਸਤੂਰ ਜਾਰੀ ਹੈ। ਵੇਦਾਂ ਨੇ ਦਿੱਤਾ ਘਰ ਦਾ ਤਿਆਗ,
ਸਾਧ ਸੰਨਿਆਸੀ, ਜੋਗੀ, ਰਿਸ਼ੀ, ਤਪੱਸਵੀ, ਬ੍ਰਹਮਚਾਰੀ ਬਣ ਕੇ ਵਿਹਲੜ, ਮੁਫਤਖੋਰ ਬਣਕੇ ਕਿਰਤੀਆਂ ਦੀ
ਕਿਰਤ ਦੇ ਪਲਣਾ ਤੇ ਉਨ੍ਹਾਂ ਨੂੰ ਆਪਣੇ ਨਾਲੋਂ ਨੀਵੇਂ ਭੀ ਗਿਣਨਾ। ਵੇਦਾਂ ਨੇ ਦਿੱਤਾ ਅਵਤਾਰਵਾਦ,
ਕਿ ਪਰਮਾਤਮਾ ਜਨਮ ਲੈ ਕੇ ਧਰਤੀ ਤੇ ਆਉਂਦਾ ਹੈ ਤੇ ਸਾਰੇ ਦੁੱਖਾਂ ਦਾ ਖਾਤਮਾ ਕਰਦਾ ਹੈ। ਵੇਦਾਂ ਨੇ
ਦਿੱਤਾ “ਬਲੀ” ਵਾਲਾ ਅਤੀ ਕਰੂਰ ਕਾਤਿਲ ਸਿਧਾਂਤ ਕਿ ਭਗਵਾਨ ਨੂੰ ਖੁਸ਼ ਕਰਨ ਲਈ ਨਰ ਬਲੀ ਦਿਓ। ਜੋ
ਸਦੀਆਂ ਤੱਕ ਇਹ ਦੁਸ਼ਟਤਾ ਭਾਰਤ ਵਿੱਚ ਚਲੱਦੀ ਰਹੀ। ਅਜੇ ਭੀ ਕਿਤੇ ਕਿਤੇ ਮੌਜੂਦ ਹੈ। ਵੇਦਾ ਨੇ
ਦਿੱਤੀ ਪਸ਼ੂ ਬਲੀ ਦੀ ਬੇਰਹਿਮ ਕਰਤੂਤ। ਜੋ ਅੱਜ ਤਾਈਂ ਮੰਦਰਾਂ ਵਿੱਚ ਨਿਰਵਿਘਨ ਜਾਰੀ ਹੈ। ਵੇਦਾਂ ਨੇ
ਦਿੱਤੀ ਔਰਤ ਨੂੰ ਮਰ ਗਏ ਪਤੀ ਨਾਲ ਸੜ ਕੇ ਮਰਨ ਦੀ ਨਸੀਹਤ। ਆਪਣੇ ਘਰ ਦੇ ਇੱਕ ਜੀਅ ਨੂੰ ਆਪਣੀਆਂ
ਅੱਖਾਂ ਸਾਹਮਣੇ ਅੱਗ ਵਿੱਚ ਜਲਦੇ ਵੇਖਣਾ ਕਿਤਨਾ ਹੌਲਨਾਕ ਦ੍ਰਿਸ਼ ਹੋਵੇਗਾ। ਵੇਦਾਂ ਨੇ ਦਿੱਤੀ ਔਰਤਾਂ
ਲਈ ਜ਼ਿੰਦਗੀ ਭਰ ਵਿਧਵਾ ਜ਼ਿੰਦਗੀ, ਅਤੀ ਦੁੱਖਾਂ ਭਰੀ। ਜਿੰਨੀ ਦੇਰ ਜਿਉਣ ਰੋ ਰੋ ਕੇ ਹਉਕੇ ਲੈ ਕੇ
ਕੰਡਿਆਂ ਤੇ ਤੁਰਦਿਆਂ ਇੱਕ ਇੱਕ ਪਲ ਬਤੀਤ ਕਰਨਾ। ਵੇਦਾਂ ਨੇ ਦਿੱਤੀਆਂ ਕਰਾਮਾਤੀ ਝੂਠੀਆਂ ਕਹਾਣੀਆਂ
ਜੋ ਕਦੀ ਵਾਪਰੀਆਂ ਹੀ ਨਹੀਂ।
ਵੇਦਾਂ ਨੇ ਦਿੱਤੇ ਜਾਦੂ ਮੰਤਰ, ਧਾਗੇ ਤਵੀਤ, ਹਥੌਲੇ, ਜਿਨ੍ਹਾਂ ਨੇ ਕਦੀ
ਕਿਸੇ ਦਾ ਕੁੱਝ ਨਹੀਂ ਸੰਵਾਰਿਆ। ਜਦੋ ਕਿ ਵਿਗਾੜਿਆ ਬਹੁਤ ਹੈ। ਵੇਦਾਂ ਨੇ ਦਿੱਤੇ ਨਰਕ ਸੁਰਗ ਦੇ ਡਰ
ਤੇ ਇਸ ਡਰ ਕਾਰਨ ਬ੍ਰਾਹਮਣਾਂ ਵੱਲੋਂ ਮਨੁੱਖਤਾ ਦੀ ਦੋਹੀਂ ਹੱਥੀਂ ਲੁੱਟ। ਵੇਦਾਂ ਨੇ ਦਿੱਤੇ
ਧਰਮਰਾਜ, ਯਮਰਾਜ, ਚਿਤਰ ਗੁਪਤ ਅਤੇ ਜਮਦੂਤਾਂ ਦੇ ਗੋਰਖਧੰਦੇ ਤੇ ਮਨੁੱਖਤਾ ਨੂੰ ਲੁੱਟ ਕੇ ਖਾਣਾ।
ਵੇਦਾਂ ਨੇ ਦਿੱਤੀ ਜੜ੍ਹ ਵਸਤੂਆਂ ਦੀ ਪੂਜਾ ਦਾ ਸਿਧਾਂਤ। ਚੰਦ, ਸੂਰਜ, ਤਾਰੇ, ਧਰਤੀ, ਹਵਾ, ਅੱਗ,
ਪਾਣੀ, ਰੁੱਖਾਂ, ਪੱਥਰਾਂ, ਪੰਛੀਆਂ, ਪਸ਼ੂਆਂ ਤੇ ਮਨੁੱਖਾਂ ਦੀ ਪੂਜਾ। ਜੋ ਅੱਜ ਤੱਕ ਗਲੋਂ ਨਹੀਂ ਲੱਥ
ਰਹੀ। ਵੇਦਾਂ ਨੇ ਦਿੱਤੀ “ਦੇਵਤਿਆਂ ਦੀ ਤਿੱਕੜੀ” ਜਿਹੜੀ ਹੈ ਹੀ ਨਹੀਂ। ਵੇਦਾਂ ਨੇ ਦਿੱਤੇ ਚੌਵੀ
ਅਵਤਾਰ ਜਿਨ੍ਹਾਂ ਨੇ ਮਨੁੱਖਤਾ ਦਾ ਕਦੀ ਕੁੱਝ ਨਹੀਂ ਸੰਵਾਰਿਆ। ਵੇਦਾਂ ਨੇ ਦਿੱਤੀ ਮੰਨੂੰ ਸਿਮ੍ਰਿਤੀ
ਜਿਸ ਨੇ ਸਮਾਜ ਤੇ ਅਤੀ ਘਿਨੌਣੇ ਜ਼ੁਲਮਾਂ ਨੂੰ ਧਰਮ ਦੀ ਚਾਦਰ ਵਿੱਚ ਵਲੇਟ ਕੇ ਸਤਿਕਾਰਿਆ। ਵੇਦਾਂ ਨੇ
ਦਿੱਤੇ ਝੂਠ ਦੇ ਪੁਲੰਦੇ, ਅਠਾਰਾਂ ਪੁਰਾਣ, ਜਿਨ੍ਹਾਂ ਵਿੱਚ ਮਨੁੱਖਤਾ ਦੇ ਕਲਿਆਣ ਵਾਲੀ ਕੋਈ ਗੱਲ
ਨਹੀਂ ਲੱਭਦੀ। ਵੇਦਾਂ ਨੇ ਸਿਖਾਇਆ ਬਿਨਾ ਮਤਲਤ ਤੋਂ ਸਰੀਰ ਨੂੰ ਕਸ਼ਟ ਦੇਣਾ। ਧੂਣੀਆਂ ਤਾਪਣੀਆਂ,
ਜਲਧਾਰੇ ਕਰਨੇ, ਪੁੱਠੇ ਲਟਕਣਾ, ਆਰੇ ਨਾਲ ਸਰੀਰ ਕਾਸ਼ੀ ਵਰਗੇ ਤੀਰਥਾਂ ਤੇ ਜਾ ਕੇ ਚਿਰਵਾ ਲੈਣਾ।
ਵੇਦਾਂ ਨੇ ਲੋਕਾਂ ਨੂੰ ਬੇਅਕਲ ਰੂੜ੍ਹੀਵਾਦੀ ਤੇ ਪਿਛਾਂਹ ਖਿੱਚੂ ਬਣਾਇਆ। ਇਸੇ ਕਾਰਨ ਭਾਰਤ ਵਿੱਚ
ਕਦੇ ਕੋਈ ਨਵੀਂ ਵਿਗਿਆਨਕ ਪ੍ਰਾਪਤੀ ਨਹੀਂ ਹੋਈ, ਨਵੀਂ ਕਾਢ ਨਹੀਂ ਕੱਢੀ ਗਈ। ਉਚੇਰੀ ਪੜ੍ਹਾਈ ਕਰਨ
ਭਾਰਤ ਦੇ ਨੌਜਵਾਨ ਬਦੇਸ਼ਾਂ ਵਿੱਚ ਜਾਂਦੇ ਹਨ। “ਭਗਤੀ ਦੇ ਦਾਅ ਪੇਚ ਸਿੱਖਣ” ਲਈ ਲੋਕੀ ਭਾਰਤ ਵੱਲ
ਆਉਂਦੇ ਹਨ। ਭਾਰਤ ਵਾਸੀਆਂ ਨੂੰ ਇੱਕੋ ਚੀਜ਼ ਤੇ ਮਾਣ ਹੈ ਕਿ ਉਨ੍ਹਾਂ ਨੂੰ ਗਣਿਤ ਵਿੱਚ “0” ਦਿੱਤੀ
ਹੈ। ਬਸ ਇਸ ਜ਼ੀਰੋ ਤੋਂ ਬਿਨਾਂ ਭਾਰਤ “0” ਹੀ ਤਾਂ ਹੈ। ਝੂਠ ਫਰੇਬ ਬੇਈਮਾਨੀ, ਵਿਹਲੜ ਪੁਣੇ ਤੇ
ਮਾਣ, ਕੇਵਲ ਵੇਦਾਂ ਨੇ ਸਿਖਾਇਆ ਹੈ। ਇਨ੍ਹਾਂ ਸ਼ਰਮਨਾਕ ਬੁਰਾਈਆਂ ਨੂੰ ਹਿੱਕ ਤਾਣ ਕੇ ਪੂਰੀ ਬੇਸ਼ਰਮੀ
ਨਾਲ “ਧਰਮ” ਦਾ ਅੰਗ ਮੰਨਿਆ ਜਾਂਦਾ ਹੈ, ਪਰਚਾਰਿਆ ਜਾਂਦਾ ਹੈ। “ਗਰਬ ਸੇ ਕਹੋ ਵੇਦ ਬਹੁਤ ਮਹਾਨ ਹੈ,
ਗਰਬ ਸੇ ਕਹੋ ਹਮ ਹਿੰਦੂ ਹੈਂ”।
ਆਮ ਮਨੁੱਖ ਧਰਮ ਬਾਰੇ ਬਹੁਤਾ ਨਹੀਂ ਜਾਣਦਾ, ਜਿਸ ਧਰਮ ਨੂੰ ਮੰਨਣ ਦਾ ਕੋਈ
ਮਨੁੱਖ ਦਾਹਵਾ ਕਰਦਾ ਹੈ, ਉਸਦੀ ਰੋਜ਼ਮਰਾ ਦੀ ਜੀਵਨ ਕਿਰਿਆ ਨੂੰ ਵੇਖ ਕੇ ਅੰਦਾਜ਼ਾ ਲਾਇਆ ਜਾਂਦਾ ਹੈ
ਕਿ ਇਸ ਦੇ ਧਰਮ ਨੇ ਕਿਹੋ ਜਿਹੇ ਮਨੁੱਖ ਦੀ ਘਾੜਤ ਘੜੀ ਹੈ। ਅੱਜ ਹਿੰਦੂ ਸਮਾਜ ਦਾ, ਰਾਜਨੀਤੀਵਾਨਾਂ
ਦਾ “ਧਰਮ” ਉਨ੍ਹਾਂ ਦੇ ਵਿਹਾਰ ਵਿਚੋਂ ਸਪਸ਼ਟ ਨਜ਼ਰ ਆ ਰਿਹਾ ਹੈ। ਹਿੰਦੂ ਮੱਤ ਦੇ ਧਰਮ ਮੁਖੀਆਂ ਦੇ
ਜੀਵਨ ਨੂੰ ਵੇਖ ਕੇ ਕੋਈ ਸ਼ੱਕ ਬਾਕੀ ਨਹੀਂ ਰਹਿ ਜਾਂਦਾ ਕਿ ਵੇਦਾਂ ਦਾ ਧਰਮ ਮਨੁੱਖ ਨੂੰ ਕੀ
ਸਿਖਾਉਂਦਾ ਹੈ। ਕਿਉਂਕਿ ਜੇ ਧਰਮ ਮੁਖੀ ਜਿਨ੍ਹਾਂ ਨੇ ਆਮ ਲੋਕਾਂ ਦਾ ਬਹੁਪੱਖੀ ਸੁਧਾਰ ਕਰਨਾ ਸੀ,
ਗਿਆਨ ਦੇਣਾ ਸੀ। ਜੇ ਉਹ ਖੁਦ ਹੀ ਕੁਕਰਮੀ ਹਨ, ਪਾਖੰਡੀ ਹਨ, ਅਗਿਆਨਤਾ ਵਿੱਚ ਡੁੱਬੇ ਹੋਏ ਹਨ ਤਾਂ
ਅੰਦਾਜ਼ਾ ਲੱਗਦਾ ਹੈ ਕਿ ਇਨ੍ਹਾਂ ਦੇ ਧਰਮ ਗ੍ਰੰਥਾਂ ਨੇ ਇਹੋ ਮੱਤ ਦਿੱਤੀ ਹੈ। ਇਹ ਸ਼ਰਤ ਕੇਵਲ
ਹਿੰਦੂਆਂ ਜਾਂ ਵੇਦਾਂ ਤੇ ਹੀ ਲਾਗੂ ਨਹੀਂ ਹੁੰਦੀ, ਸਿੱਖਾਂ ਤੇ ਭੀ ਲਾਗੂ ਹੁੰਦੀ ਹੈ। ਗੁਰੂ ਗ੍ਰੰਥ
ਸਾਹਿਬ ਦੀ ਬਾਣੀ ਬਹੁਤ “ਪਵਿੱਤਰ” ਕਹਿਣ ਵਾਲੇ ਦਾ ਜੀਵਨ “ਪਵਿੱਤਰ” ਹੈ ਕਿ ਨਹੀਂ, ਇਹ ਵੇਖ ਕੇ ਹੀ
ਨਿਰਣਾ ਕੀਤਾ ਜਾਵੇਗਾ ਕਿ ਸੱਚ ਕੀ ਹੈ? ਅੱਜ ਸਿੱਖਾਂ ਦਾ ਬਹੁਤਾ ਲਾਣਾ ਗੁਆਂਢੀਆਂ ਦੀ ਰੀਸੇ (ਸਿੱਖੀ
ਦਾ ਪ੍ਰਚਾਰ ਨਾ ਹੋਣ ਕਰਕੇ) ਉਹ ਸਾਰੇ ਕੰਮ ਕਰਦਾ ਦਿਸਦਾ ਹੈ, ਜਿਨ੍ਹਾਂ ਤੋਂ ਗੁਰਬਾਣੀ ਨੇ ਸਖਤੀ
ਨਾਲ ਮਨ੍ਹਾ ਕੀਤਾ ਹੋਇਆ ਹੈ। ਸਮੂੰਹਕ ਤਰੀਕੇ ਜੋ ਜੰਗਜੂ ਤੇ ਅਣਖੀਲਾ ਸੁਭਾਅ ਸਿੱਖਾਂ ਨੂੰ ਸਤਿਗੁਰੂ
ਸਾਹਿਬ ਜੀ ਨੇ ਲੰਮੀ ਘਾਲਣਾ ਉਪ੍ਰੰਤ ਬਖਸ਼ਿਆ ਸੀ, ਅੱਜ ਡੇਰੇਦਾਰਾਂ ਦੀਆਂ ਮੰਤਰ ਪਾਠ ਤੇ ਸਿਮਰਨ ਦੀ
ਬਿਨਾਂ ਸਮਝੇ ਤੋਤਾ ਰੱਟ ਲਗਵਾਉਣ ਵਾਲੀਆਂ ਧਾੜਾਂ ਕਿਸ ਪਾਸੇ ਲਿਜਾ ਰਹੀਆਂ ਹਨ? ਉਸੇ ਪਾਸੇ ਜਿਸ ਤੋਂ
ਗੁਰਬਾਣੀ ਨੇ ਵਰਜਿਆ ਹੋਇਆ ਹੈ। ਹਿੰਦੂ ਲੀਡਰ ਬਹੁਤ ਵਾਰ ਸਿੱਖਾਂ ਨੂੰ ਖੁੱਲ੍ਹੀ ਪੇਸ਼ਕਸ਼ ਕਰ ਚੁੱਕੇ
ਹਨ ਕਿ “ਅਸੀਂ ਗੁਰੂ ਨਾਨਕ ਸਾਹਿਬ ਨੂੰ ਬ੍ਰਹਮਾ ਦਾ ਅਵਤਾਰ ਮੰਨਣ ਲਈ ਤਿਆਰ ਹਾਂ। ਗੁਰੂ ਗ੍ਰੰਥ
ਸਾਹਿਬ ਨੂੰ ਪੰਜਵਾਂ ਵੇਦ ਮੰਨਣ ਲਈ ਤਿਆਰ ਹਾਂ। ਬਸ ਸਿੱਖ ਇੱਕੋ ਗੱਲ ਸਵੀਕਾਰ ਕਰ ਲੈਣ ਕਿ “ਸਿੱਖ
ਵੱਖਰੀ ਕੌਮ” ਨਹੀਂ ਹਨ। ਭਾਰਤੀ (ਅਸਲ ਵਿੱਚ ਹਿੰਦੂ) ਮੁਖਧਾਰਾ ਵਿੱਚ ਸ਼ਾਮਿਲ ਹੋ ਜਾਣ”।
ਸਿੱਖ ਧਰਮ ਹਿੰਦੂ ਮਤ ਦਾ ਕੋਈ ਸੁਧਾਰਵਾਦੀ ਫਿਰਕਾ ਨਹੀਂ ਹੈ। ਇਹ ਸੰਪੂਰਣ
ਜੀਵਨ ਫਲਸਫਾ ਹੈ। ਮਨੁੱਖ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਵਾਲਾ ਦਲੀਲ ਅਧਾਰਤ ਵਿਗਿਆਨਿਕ ਧਰਮ
ਹੈ। ਜੋ ਮੂੜ੍ਹਤਾ ਦੀ ਸਿਖਰ ਛੋਹਣ ਵਾਲੇ ਉਪਦੇਸ਼ ਹਿੰਦੂ ਧਰਮ ਗ੍ਰੰਥਾਂ ਵਿੱਚ ਦਰਜ ਹਨ, ਉਨ੍ਹਾਂ ਦੀ
ਮੌਜੂਦਗੀ ਵਿੱਚ ਸੁਧਾਰ ਦੀ ਆਸ ਰੱਖਣੀ ਸਮਾਂ ਬਰਬਾਦ ਕਰਨ ਤੋਂ ਸਿਵਾਏ ਕੁੱਝ ਪੱਲੇ ਨਹੀਂ ਪਵੇਗਾ।
ਗੁਰੂ ਨਾਨਕ ਸਾਹਿਬ ਅਤੇ ਗੁਰਬਾਣੀ ਰਚੈਤਾ ਭਗਤ ਸਾਹਿਬਾਨ ਨੇ ਦੀਰਘ ਪਰਖ ਤੋਂ ਬਾਦ ਹੀ ਵੇਦਾਂ
ਪੁਰਾਣਾਂ ਅਤੇ ਸਿਮ੍ਰਿਤੀਆਂ ਦੇ ਮਤ ਨਾਲੋਂ ਤੋੜ ਵਿਛੋੜੇ ਦਾ ਐਲਾਨ ਕੀਤਾ ਹੈ ਪੜ੍ਹੋ:-
ਕਥਾ ਕਹਾਣੀ ਬੇਦੀ ਆਣੀ, ਪਾਪੁ ਪੁੰਨੁ ਬੀਚਾਰੁ।।
ਦੇ ਦੇ ਲੈਣਾ ਲੈ ਲੈ ਦੇਣਾ, ਨਰਕਿ ਸੁਰਗਿ ਅਵਤਾਰ।।
ਉਤਮ ਮਧਿਮ ਜਾਤੀਂ ਜਿਨਸੀ, ਭਰਮਿ ਭਵੈ ਸੰਸਾਰੁ।।
ਅੰਮ੍ਰਿਤ ਬਾਣੀ ਤਤੁ ਵਖਾਣੀ ਗਿਆਨ ਧਿਆਨ ਵਿਚਿ ਆਈ।।
ਗੁਰਮੁਖਿ ਆਖੀ ਗੁਰਮੁਖਿ ਜਾਤੀ ਸੁਰਤੀ ਕਰਮਿ ਧਿਆਈ।। (1243)
ਸਤਿਗੁਰੂ ਜੀ ਮੱਤ ਦੇ ਰਹੇ ਹਨ: ਹੇ ਭਾਈ! ਇਹ ਵਾਧੂ ਦੀਆਂ ਮਨਘੜਤ ਕਹਾਣੀਆਂ
ਵੇਦਾਂ ਦੀ ਦੇਣ ਹਨ। ਕਿਸ ਕੰਮ ਕਰਨ ਨਾਲ ਪਾਪ ਲੱਗੇਗਾ, ਕਿਸ ਨਾਲ ਪੁੰਨ ਫਲ ਮਿਲੇਗਾ, ਇਹ ਭੀ ਫਜ਼ੂਲ
ਚੀਜ਼ਾਂ ਵੇਦਾਂ ਦੀ ਦੇਣ ਹਨ। ਜੇ ਐਹ ਦਾਨ ਕਰੋਗੇ, ਇਸ਼ਨਾਨ ਕਰੋਗੇ, ਤਪ ਕਰੋਗੇ ਤਾਂ ਵੱਟੇ ਵਿੱਚ ਐਹ
ਫਲ ਮਿਲੇਗਾ। ਨਰਕਾਂ ਵਿੱਚ ਮਨੁੱਖ ਕਿਨ੍ਹਾਂ ਕੰਮਾਂ ਕਰਕੇ ਜਾਂਦਾ ਹੈ। ਸੁਰਗ ਦੀ ਪ੍ਰਾਪਤੀ ਕਿਵੇਂ
ਹੁੰਦੀ ਹੈ। ਇਹ ਸਾਰਾ ਭਰਮਜਾਲ ਵੇਦਾਂ ਰਾਹੀਂ ਹੀ ਆਇਆ ਹੈ। ਬ੍ਰਾਹਮਣ ਉੱਚਾ ਹੈ, ਖੱਤਰੀ ਉਸ ਤੋਂ
ਨੀਵਾਂ ਹੈ ਤੇ ਸ਼ੂਦਰ ਸਭ ਤੋਂ ਨੀਚ ਹੈ। ਇਹ ਮਨੁੱਖਤਾ ਵਿੱਚ ਵੰਡੀਆਂ ਪਾਉਣ ਵਾਲੇ, ਨਖਿੱਧ ਵਿਚਾਰ ਭੀ
ਵੇਦਾਂ ਦੁਆਰਾ ਹੀ ਆਏ ਹਨ। ਇਸ ਤਰ੍ਹਾਂ ਅਨੇਕ ਭਰਮ ਪੈਦਾ ਕੀਤੇ ਹਨ ਇਨ੍ਹਾਂ ਲਿਖਤਾਂ ਨੇ। ਅੰਮ੍ਰਿਤ
ਦਾ ਸੋਮਾ, ਪਰਉਪਕਾਰ ਜੀਵਨ ਜਾਚ ਬਖ਼ਸ਼ਣ ਵਾਲੀ, ਗਿਆਨ ਵੰਡਣ ਵਾਲੀ, ਸੁਰਤੀਆਂ ਉੱਚੀਆਂ ਕਰਨ ਵਾਲੀ
ਗੁਰਬਾਣੀ ਆ ਗਈ ਹੈ। ਗੁਰੂ ਨੇ ਰੱਬੀ ਲਿਵਲੀਨਤਾ ਵਿਚੋਂ ਪ੍ਰਗਟ ਕੀਤੀ ਹੈ। ਸਮਸਤ ਸੰਸਾਰ ਨੂੰ
ਗੁਰਮੁਖ ਬਣਾਉਣ ਯੋਗ ਹੈ।
ਬੇਦੁ ਪੁਕਾਰੈ ਪੁੰਨੁ ਪਾਪੁ ਸੁਰਗ ਨਰਕ ਕਾ ਬੀਉ।। ਜੋ ਬੀਜੈ ਸੋ ਉਗਵੈ ਖਾਦਾ
ਜਾਣੈ ਜੀਉ।।
ਬੇਦੁ ਵਪਾਰੀ ਗਿਆਨੁ ਰਾਸਿ ਕਰਮੀ ਪਲੈ ਹੋਇ।। ਨਾਨਕ ਰਾਸੀ ਬਾਹਰਾ ਲਦਿ ਨ
ਚਲਿਆ ਕੋਇ।। (1243)
ਹੇ ਭਾਈ! ਵੇਦਾਂ ਵਿੱਚ ਕੇਵਲ ਪੁੰਨ ਪਾਪ ਦੀਆਂ ਹੀ ਕਹਾਣੀਆਂ ਪਾਈਆਂ ਗਈਆਂ
ਹਨ। ਨਰਕ ਤੋਂ ਬਚਣਾ ਕਿਵੇਂ ਹੈ ਤੇ ਸੁਰਗ ਦੀ ਪ੍ਰਾਪਤੀ ਕਿਵੇਂ ਹੋਣੀ ਹੈ, ਇਹ ਲੇਖਾ ਜੋਖਾ ਹੈ। ਜੋ
ਬੀਜੋਗੇ ਉਹੀ ਵੱਢੋਗੇ, ਜੋ ਦਾਨ ਕਰੋਗੇ ਉਹੀ ਅੱਗੇ ਮਿਲੇਗਾ। ਇਹ ਤਾਂ ਨਿਰਾ ਵਪਾਰੀਆਂ ਵਾਂਗ ਰੱਬ
ਨਾਲ ਭੀ ਹਿਸਾਬ ਕਿਤਾਬ ਕੀਤਾ ਜਾ ਰਿਹਾ ਹੈ। ਵੱਧ ਤੋਂ ਵੱਧ ਜੇ ਕੋਈ ਵੇਦ ਪੜ੍ਹ ਕੇ ਪ੍ਰਾਪਤੀ ਹੁੰਦੀ
ਹੈ ਤਾਂ ਸਿਰਫ ਚੁਸਤੀਆਂ, ਚਤੁਰਾਈਆਂ, ਦੂਜਿਆਂ ਨੂੰ ਧਰਮ ਕਰਮ ਦੇ ਬਹਾਨੇ ਕਿਵੇਂ ਲੁੱਟਣਾ ਹੈ। ਭਾਈ
ਨਿਰੰਕਾਰ ਇਨ੍ਹਾਂ ਨਫੇ ਨੁਕਸਾਨ ਤੋਂ ਉੱਪਰ ਦੀ ਹਸਤੀ ਹੈ। ਉਸ ਨਾਲ ਵਪਾਰੀ ਬਣਕੇ ਪਿਆਰ ਨਹੀਂ
ਪੈਂਦਾ, ਸਗੋਂ ਆਪਾ ਭਾਵ ਗਵਾ ਦੇ ਹੀ ਪਰਵਾਨ ਹੋਈਦਾ ਹੈ।
ਸਨਕ ਸਨੰਦ ਅੰਤੁ ਨਹੀਂ ਪਾਇਆ।। ਬੇਦ ਪੜੇ ਪੜਿ ਬ੍ਰਹਮੇ ਜਨਮੁ ਗਵਾਇਆ।।
ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ।। ਸਹਜਿ ਬਿਲੋਵਹੁ ਜੈਸੇ ਤਤੁ ਨ
ਜਾਈ।। (478)
ਹੇ ਭਾਈ! ਬ੍ਰਹਮਾ ਦੇ ਬੇਟੇ ਸਨਤ ਕੁਮਾਰ ਤੇ ਸਨੰਤਨ ਕੁਮਾਰ ਉਹ ਭੀ ਨਿਰੰਕਾਰ
ਦਾ ਗਿਆਨ ਨਾ ਲੈ ਸਕੇ। ਕਿਥੋਂ ਲੈਂਦੇ? ਕਿਉਂਕਿ ਬ੍ਰਹਮਾ ਦਾ ਆਪਣਾ ਜੀਵਨ ਹੀ ਨਿਕੰਮਾ ਸੀ। ਬੇਦ
ਪੜ੍ਹਕੇ ਉਸ ਨੇ ਆਪਣਾ ਜੀਵਨ ਹੀ ਬਰਬਾਦ ਕੀਤਾ।
ਬੇਦ ਪੜੇ ਪੜਿ ਬ੍ਰਹਮੇ ਹਾਰੇ, ਇਕੁ ਤਿਲੁ ਨਹੀਂ ਕੀਮਤਿ ਪਾਈ।।
ਸਾਧਿਕ ਸਿਧ ਫਿਰਹਿ ਬਿਲਲਾਤੇ ਤੇ ਭੀ ਮੋਹੇ ਮਾਈ।।
ਦਸ ਅਉਤਾਰ ਰਾਜੇ ਹੋਇ ਵਰਤੇ ਮਹਾਦੇਵ ਅਉਧੂਤ।।
ਤਿਨ ਭੀ ਅੰਤੁ ਨ ਪਾਇਓ ਤੇਰਾ ਲਾਇ ਥਕੇ ਬਿਭੂਤਾ।। (747)
ਹੇ ਭਾਈ! ਬੇਦਾਂ ਨੂੰ ਪੜ੍ਹ ਪੜ੍ਹ ਕੇ ਬ੍ਰਹਮੇ ਨੇ ਕੋਈ ਮਤ ਨਾ ਲਈ, ਤਿਲ
ਜਿੰਨਾ ਆਪਣਾ ਜੀਵਨ ਉਸ ਨੇ ਨਾ ਸੰਵਾਰਿਆ। ਹੋਰ ਸਾਧਨਾ ਕਰਨ ਵਾਲੇ, ਸਿੱਧ, ਜੋਗੀ, ਮੁਨੀ ਅਖਵਾਣ
ਵਾਲੇ ਤ੍ਰਿਸ਼ਨਾ ਵਿੱਚ ਵਿਲ੍ਹਕਦੇ ਰਹੇ। ਇਹ ਸਾਰੇ ਮਾਇਆ ਦੇ ਅਧੀਨ ਜੀਵਨ ਵਿਅਰਥ ਗਵਾ ਗਏ। (ਮਿੱਥੇ
ਹੋਏ) ਕਿਤੇ ਵਿਸ਼ਨੂੰ ਦੇ, ਕਿਤੇ ਬ੍ਰਹਮੇ ਦੇ, ਕਿਤੇ ਸ਼ਿਵ ਦੇ ਅਵਤਾਰ ਹੋ ਗੁਜ਼ਰੇ ਹਨ। ਕਈ ਰਾਜਿਆਂ
ਨੂੰ ਅਵਤਾਰ ਪ੍ਰਚਾਰ ਦਿੱਤਾ। ਇਨ੍ਹਾਂ ਵਿੱਚ ਮਹਾਦੇਵ (ਸ਼ਿਵ) ਸੁਆਹ ਮਲ ਕੇ ਘੁੰਮਦਾ ਦੱਸੀਦਾ ਹੈ,
ਤਿਆਗੀ ਅਵਧੂਤ। ਉਹ ਭੀ ਸੁਆਹ ਹੀ ਮਲਦਾ ਰਿਹਾ ਜੀਵਨ ਬਰਬਾਦ ਕਰ ਲਿਆ। ਪਰ ਨਿਰੰਕਾਰ ਦਾ ਨਾਮ ਨਹੀਂ
ਜਪ ਸਕੇ, ਉਸ ਦਾ ਅੰਤ ਨਹੀਂ ਪਾ ਸਕੇ।
ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ।।
ਟੁਕੁ ਦਮੁ ਕਰਾਰੀ ਜਉ ਕਰਹੁ, ਹਾਜਿਰ ਹਜੂਰਿ ਖੁਦਾਇ।। … ….
ਦਰੋਗੁ ਪੜਿ ਪੜਿ ਖੁਸੀ ਹੋਇ, ਬੇ ਖਬਰ ਬਾਦੁ ਬਕਾਹਿ।।
ਹਕੁ ਸਚੁ ਖਾਲਕੁ ਖਲਕ ਮਿਆਨੇ, ਸਿਆਮ ਮੂਰਤਿ ਨਾਹਿ।। (727)
ਹੇ ਭਾਈ! ਬੇਦ ਅਤੇ ਕਤੇਬ (ਮੁਸਲਮਾਨੀ ਧਰਮ ਪੁਸਤਕਾਂ) ਇਹ ਬਣਾਵਟੀ ਗੱਲਾਂ
ਨਾਲ ਭਰੀਆਂ ਪਈਆਂ ਹਨ। ਤਤ ਵਸਤੂ ਕਿਤੇ ਮਾਮੂਲੀ ਜਿਹੀ ਲੱਭਦੀ ਹੈ। ਇਸੇ ਕਾਰਨ ਬਣਾਵਟੀ ਕਹਾਣੀਆਂ
ਨਾਲ ਸਹੀ ਅਗਵਾਈ ਕਿਵੇਂ ਮਿਲੇਗੀ? ਅੰਦਰ ਦੇ ਸ਼ੰਕੇ ਕਿਵੇਂ ਨਵਿਰਤ ਹੋਣਗੇ? ਦੋ ਟੁਕ ਸਹੀ ਫੈਸਲਾ ਇਹ
ਹੈ ਕਿ ਖੁਦਾ ਹਰ ਥਾਂ ਹਾਜ਼ਰ ਨਾਜ਼ਰ ਹੈ, ਵੇਖਣ ਵਾਲੀ ਅੱਖ ਚਾਹੀਦੀ ਹੈ। ਮੂਰਖ ਲੋਕ ਝੂਠੀਆਂ ਕਹਾਣੀਆਂ
ਪੜ੍ਹ ਕੇ ਖੁਸ਼ ਹੋ ਰਹੇ ਹਨ। ਐ ਬੇਖਬਰ ਮੂੜ੍ਹ ਲੋਕ, ਕਿਉਂ ਬਕਵਾਸ ਲਾਈ ਹੈ, ਕਿਉਂ ਝੂਠ ਦੇ ਮਗਰ
ਲੱਗੇ ਹੋ? ਉਹ ਸੱਚ ਦੀ ਮੂਰਤ ਖੁਦਾ ਆਪਣੀ ਸਾਜੀ ਸ੍ਰਿਸ਼ਟੀ ਵਿੱਚ ਵਸਦਾ ਹੈ। ਸਾਰੇ ਜੀਵਾਂ ਵਿੱਚ ਉਸ
ਦੀ ਆਪਣੀ ਜੋਤ ਹੈ। ਜਿਸ ਕ੍ਰਿਸ਼ਨ ਨੂੰ ਤੁਸੀਂ ਭਗਵਾਨ ਮੰਨੀ ਜਾ ਰਹੇ ਹੋ, ਉਹ ਖੁਦਾ ਨਹੀਂ ਹੈ,
ਤੁਸੀਂ ਕੁਰਾਹੇ ਪੈ ਗਏ ਹੋ।
ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ, ਇਨ ਪੜਿਆ ਮੁਕਤਿ ਨ ਹੋਈ।।
ਏਕੁ ਅਖਰੁ ਜੋ ਗੁਰਮੁਖਿ ਜਾਪੈ, ਤਿਸ ਕੀ ਨਿਰਮਲ ਸੋਈ।। (747)
ਸਤਿਗੁਰੂ ਜੀ ਫੁਰਮਾਨ ਕਰਦੇ ਹਨ; ਹੇ ਭਾਈ! ਹਿੰਦੂਆਂ ਦੀਆਂ ਧਰਮ ਪੁਸਤਕਾਂ
ਬੇਦ ਆਦਿਕ ਅਤੇ ਮੁਸਲਮਾਨੀ ਪੁਸਤਕਾਂ ਕੁਰਾਨ ਆਦਿਕ ਇਹ ਮਨੁੱਖ ਨੂੰ ਬੰਧਨਾਂ ਤੋਂ ਮੁਕਤ ਕਰਨ ਦੇ ਯੋਗ
ਨਹੀਂ ਹਨ। ਇੱਕ ਵਾਹਿਗੁਰੂ ਦੇ ਨਾਮ ਰੂਪੀ ਅੱਖਰ ਨਾਲ ਹੀ ਬੰਧਨ ਟੁੱਟ ਸਕਦੇ ਹਨ। ਇਸ ਤਰ੍ਹਾਂ ਮਨੁੱਖ
ਨਿਰਮਲ ਸੁਭਾਅ ਤੇ ਨਿਰਮਲ ਕਰਮਾਂ ਵਾਲਾ ਬਣ ਜਾਂਦਾ ਹੈ।
ਚਾਰਿ ਬੇਦ ਜਿਹਵ ਭਨੇ।। ਦਸ ਅਸਟ ਖਸਟ ਸ੍ਰਵਨ ਸੁਨੇ।।
ਨਹੀਂ ਤੁਲਿ ਗੋਬਿੰਦ ਨਾਮ ਧੁਨੇ।। ਮਨ ਚਰਨ ਕਮਲ ਲਾਗੇ।। (1229)
ਹੇ ਭਾਈ! ਚਾਰੇ ਬੇਦਾਂ ਦਾ ਪਾਠ ਜ਼ੁਬਾਨੀ ਕਰ ਲਿਆ। ਅਠਾਰਾਂ ਪੁਰਾਣ ਤੇ ਛੇ
ਸ਼ਾਸ਼ਤਰ ਭੀ ਪੜ੍ਹ ਸੁਣ ਲਏ। ਇਹ ਸਾਰੇ ਰਲਕੇ ਭੀ ਪਰਮੇਸ਼ਰ ਦੇ ਨਾਮ ਬਰਾਬਰ ਨਹੀਂ ਹਨ। ਇਸ ਲਈ ਹੇ ਮਨਾ,
ਵਾਹਿਗੁਰੂ ਦੇ ਚਰਨਾਂ ਦਾ ਧਿਆਨ ਧਰ।
ਵੇਦੁ ਪੜੈ ਅਨਦਿਨੁ ਵਾਦ ਸਮਾਲੇ।। ਨਾਮੁ ਨ ਚੇਤੈ ਬਧਾ ਜਮਕਾਲੇ।।
ਦੂਜੈ ਭਾਇ ਸਦਾ ਦੁਖੁ ਪਾਇ ਤ੍ਰੈ ਗੁਣ ਭਰਮਿ ਭੁਲਇਦਾ।। (1066)
ਹੇ ਭਾਈ! ਵੇਦ ਆਦਿ ਪੜ੍ਹ ਕੇ ਕੀ ਪ੍ਰਾਪਤੀ ਕੀਤੀ? ਕੇਵਲ ਵਾਦ ਵਿਵਾਦ ਕੀਤਾ,
ਜੀਵਨ ਵਿੱਚ ਬਦਲਾਓ ਤਾਂ ਨਹੀਂ ਆਈ। ਵੇਦਾਂ ਨੂੰ ਛੱਡ ਕੇ ਵਾਹਿਗੁਰੂ ਦੇ ਚਰਨਾਂ ਨਾਲ ਜੁੜੋ। ਜੋ ਨਾਮ
ਨਾਲ ਸਾਂਝ ਨਹੀਂ ਪਾਵੇਗਾ ਉਹ ਅਤਮਕ ਮੌਤ ਮਰ ਜਾਵੇਗਾ। ਹੋਰ ਸਾਰੇ ਵੇਦਾਂ ਅਵਤਾਰਾਂ ਨੂੰ ਧਿਆਉਣ
ਕਾਰਨ ਹੀ ਮਨੁੱਖ ਦੁਖੀ ਹੁੰਦੇ ਹਨ। ਭਰਮਾਂ ਵਿੱਚ ਪੈਂਦੇ ਹਨ, ਇੱਕ ਤੇ ਭਰੋਸਾ ਰੱਖੋ।
ਵੇਦ ਪੜਹਿ ਤੈ ਵਾਦ ਵਖਾਣਹਿ, ਬਿਨੁ ਹਰਿ ਪਤਿ ਗਵਾਈ।।
ਸਚਾ ਸਤਿਗੁਰੁ ਸਾਚੀ ਬਾਣੀ, ਭਜਿ ਛੂਟਹਿ ਗੁਰ ਸਰਣਾਈ।। (638)
ਹੇ ਭਾਈ! ਕੀ ਦਿੱਤਾ ਵੇਦਾਂ ਨੇ? ਕੇਵਲ ਬਹਿਸ ਮੁਬਾਸੇ ਦਿੱਤੇ ਹਨ। ਹਰੀ ਨਾਮ
ਤੋਂ ਬਿਨਾਂ ਕੱਖੋਂ ਹੌਲੇ ਹੋ ਗਏ ਹੋ। ਹੁਣ ਸੱਚ ਸਤਿਗੁਰੂ ਸੱਚ ਦਾ ਉਪਦੇਸ਼ ਆਪਣੀ ਬਾਣੀ ਦੁਆਰਾ ਦੇ
ਰਿਹਾ ਹੈ। ਇਸ ਲਈ ਛੇਤੀ ਨਾਲ ਗੁਰੂ ਦੀ ਸ਼ਰਣ ਵਿੱਚ ਇਕੱਤਰ ਹੋ ਜਾਵੋ ਤਾਂ ਹੀ ਤੁਹਾਡਾ ਭਲਾ ਹੋਵੇਗਾ।
ਗੁਰਸਿੱਖੀ ਦਾ ਸਿਖਣਾ ਗੁਰਮੁਖਿ ਸਾਧਸੰਗਤਿ ਦੀ ਸੇਵਾ।।
ਦਸ ਅਵਤਾਰ ਨ ਸਿਖਿਆ ਗੀਤਾ ਗੋਸਟਿ ਅਲਖ ਅਭੇਵਾ।।
ਵੇਦ ਨ ਜਾਣਨ ਭੇਦ ਕਿਹੁ ਲਿਖਿ ਪੜਿ ਸੁਣਿ ਸਣੁ ਦੇਵੀ ਦੇਵਾ।।
ਸਿਧ ਨਾਥ ਨ ਸਮਾਧਿ ਵਿਚਿ ਤੰਤ ਨ ਮੰਤ ਲੰਘਾਇਨਿ ਖੇਵਾ।।
ਲਖ ਭਗਤਿ ਜਗਤ ਵਿਚਿ ਲਿਖਿ ਨ ਗਏ ਗੁਰਸਿਖੀ ਟੇਵਾ।।
ਮਿਲਾ ਅਲੂਣੀ ਚਟਣੀ ਸਾਦਿ ਨ ਪੁਜੈ ਲਖ ਲਖ ਮੇਵਾ।।
ਸਾਧ ਸੰਗਤਿ ਗੁਰ ਸ਼ਬਦ ਸਮੇਵਾ। (ਭਾ. ਗੁ. ਵਾਰ-28-4)
ਹੇ ਗੁਰਸਿੱਖ ਵੀਰੋ! ਗੁਰਸਿੱਖੀ ਦੀ ਸਿੱਖਿਆ ਇਹ ਹੈ ਕਿ ਬਿਨ ਵਿਤਕਰੇ ਤੋਂ
ਸਾਰਿਆਂ ਦੀ ਸੇਵਾ ਕਰੋ। ਇਹ ਮਨੁੱਖਤਾ ਦੀ ਸੇਵਾ ਦਸ ਅਵਤਾਰਾਂ ਨੇ ਨਹੀਂ ਸਿੱਖੀ, ਨਾ ਕੀਤੀ। ਗੀਤਾ
ਵਿੱਚ ਸੇਵਾ ਦਾ ਉਪਦੇਸ਼ ਨਹੀਂ ਹੈ। ਅਲੱਖ ਪ੍ਰਭੂ ਦੀ ਵਿਚਾਰ ਨਹੀਂ ਹੈ, ਗੀਤਾ ਵਿਚ। ਵੇਦਾਂ ਨੇ
ਨਿਰੰਕਾਰ ਦਾ ਭੇਦ ਨਹੀਂ ਜਾਤਾ, ਸਾਧ ਸੰਗਤ ਨੂੰ ਇੱਕ ਸਮਾਨ ਨਾ ਮੰਨਿਆ। ਦੇਵੀਆਂ ਦੇਵਤਿਆਂ ਬਾਰੇ
ਬਹੁਤ ਕੁੱਝ ਪੜ੍ਹਿਆ ਸੁਣਿਆ ਹੈ। ਉਹਨਾਂ ਨੇ ਸਾਰਿਆਂ ਨੂੰ ਇੱਕਸਾਰ ਨਾ ਜਾਣਿਆ। ਸਿੱਧ ਨਾਥ ਜੋਗੀ
ਸਮਾਧੀਆਂ ਵਿੱਚ ਬੈਠੇ ਰਹੇ ਦੂਜਿਆਂ ਬਾਰੇ ਨਾ ਸੋਚਿਆ। ਉਹਨਾਂ ਦੇ ਮੰਤਰਾਂ ਤੰਤਰਾਂ ਨੇ ਸੰਸਾਰ
ਸਮੁੰਦਰ ਤੋਂ ਪਾਰ ਨਹੀਂ ਲੰਘਾਉਣਾ। ਲੱਖਾਂ ਹੀ ਭਗਤੀ ਕਰਨ ਵਾਲੇ ਹੋ ਗੁਜਰੇ ਹਨ ਸੰਸਾਰ ਵਿੱਚ
ਗੁਰਸਿੱਖਾਂ ਵਰਗੀ ਕਿਸੇ ਨੇ ਸੇਵਾ ਨਹੀਂ ਕੀਤੀ। ਸਿੱਖ ਔਖੇ ਹੋ ਕੇ ਭੀ ਮਨੁੱਖ ਮਾਤਰ ਦੀ ਸੇਵਾ ਕਰਦੇ
ਹਨ। ਕੰਮ ਤਾਂ ਬਹੁਤ ਔਖਾ ਹੈ ਅਪਣੇ ਸੁੱਖ ਤਿਆਗਣੇ ਪੈਂਦੇ ਹਨ। ਪਰ ਫਿਰ ਭੀ ਗੁਰਸਿੱਖਾਂ ਨੂੰ ਇਸ
ਅਲੂਣੀ ਸਿਲ ਵਿਚੋਂ ਭੀ ਮੇਵਿਆਂ ਵਰਗਾ ਸੁਆਦ ਆਉਂਦਾ ਹੈ। ਭਾਵ ਸਿੱਖ ਸੇਵਾ ਕਰਕੇ ਖੁਸ਼ ਹੁੰਦੇ ਹਨ।
ਸਾਧ ਸੰਗਤ ਹੀ ਅਸਲ ਵਿੱਚ ਰੱਬੀ ਮਿਲਾਪ ਦੀ ਅਸਲੀ ਥਾਂ ਹੈ। ਜਿਥੇ ਗੁਰੂ ਦੇ ਸ਼ਬਦ ਦੀ ਰੌਸ਼ਨੀ ਵਿੱਚ
ਸਿੱਖ ਗਿਆਨ ਹਾਸਲ ਕਰਦੇ ਹਨ ਅਤੇ ਮਨੁੱਖਤਾ ਦਾ ਭਲਾ ਕਰਨ ਦੀ ਸਿੱਖਿਆ ਲੈਂਦੇ ਹਨ।
ਰਹੀ ਚੰਦ ਸਤਿ ਰਖਿਆ ਨਿਖਾਸ ਵਿਕਾਣਾ।। ਬਲਿ ਛਲਿਆ ਸਤੁ ਪਾਲਦਾ ਪਾਤਾਲਿ
ਸਿਧਾਣਾ।।
ਕਰਨ ਸੁ ਕੰਚਨ ਦਾਨ ਕਰਿ ਅੰਤੁ ਪਛੋਤਾਣਾ।। ਸਤਿਵਾਦੀ ਹੋਇ ਧਰਮ ਪੁਤੁ ਕੂੜ
ਜਮਪੁਰਿ ਜਾਣਾ।।
ਜਤੀ ਸਤੀ ਸੰਤੋਖੀਆ ਹਉਮੈ ਗਰਬਾਣਾ।। ਗੁਰਸਿਖ ਰੋਮ ਨ ਪੁਜਨੀ ਬਹੁ ਮਾਣੁ
ਨਿਮਾਣਾ।। (ਭਾ. ਗੁ. 38-8)
ਹੇ ਭਾਈ ਗੁਰਸਿੱਖੋ! ਵੇਦਾਂ ਪੁਰਾਣਾਂ ਦੀਆਂ ਕਹਾਣੀਆਂ ਮੁਤਾਬਕ ਤਾਂ ਚੰਗੇ
ਕੰਮ ਕਰਨ ਵਾਲੇ ਨੂੰ ਭੀ ਸਖਤ ਸਜ਼ਾ ਮਿਲਦੀ ਹੈ। ਫਿਰ ਭਲਾ ਕੋਈ ਨੇਕੀ ਕਿਉਂ ਕਰੇਗਾ? ਇਹ ਸਮਾਜ ਚੰਗਾ
ਕਿਵੇਂ ਬਣੇਗਾ? ਵਿਚਾਰ ਕੇ ਵੇਖੋ- ਹਰੀਸ਼ ਚੰਦਰ ਰਾਜੇ ਨੇ ਸੱਚ ਦਾ ਰਾਹ ਫੜਿਆ ਤਾਂ ਉਸ ਨੂੰ ਅਤਿ ਦੇ
ਦੁੱਖ ਭੋਗਣੇ ਪਏ, ਘਾਹ ਮੰਡੀ ਵਿੱਚ ਵਿਕ ਗਿਆ। ਬਲਿ ਰਾਜਾ ਸਤ ਦੇ ਮਾਰਗ ਤੇ ਚੱਲਿਆ, ਬਾਵਨ ਰੂਪ
ਵਿਸ਼ਨੂੰ ਨੇ ਧੋਖੇ ਨਾਲ ਸਭ ਕੁੱਝ ਹਥਿਆ ਲਿਆ। ਵਿਚਾਰਾ ਪਾਤਾਲ ਵਿੱਚ ਸੁੱਟ ਦਿੱਤਾ ਗਿਆ। ਬਹਾਦਰ ਕਰਨ
ਹਰ ਰੋਜ਼ ਗਰੀਬਾਂ ਨੂੰ ਦਾਨ ਦਿਆ ਕਰਦਾ ਸੀ। ਇੱਕ ਦਿਨ ਭੇਸ ਵਟਾ ਕੇ ਕ੍ਰਿਸ਼ਨ ਨੇ ਦਾਨ ਦੇ ਪੱਜ ਕਰਨ
ਦੀਆਂ ਸਾਰੀਆਂ ਮਾਰੂ ਤਾਕਤਾਂ ਖੋਹ ਲਈਆਂ। ਵਿਚਾਰਾ ਜੰਗ ਵਿੱਚ ਮਾਰਿਆ ਗਿਅ। ਯੁਧਿਸ਼ਟਰ ਨੂੰ ਧਰਮਰਾਜ
ਦਾ ਪੁੱਤਰ, ਸੱਚ ਦਾ ਪਹਿਰੇਦਾਰ ਕਹਿੰਦੇ ਹਨ। ਉਹ ਭੀ ਸੱਚ ਬੋਲਦਾ ਬੋਲਦਾ ਨਰਕਾਂ ਨੂੰ ਚਲਾ ਗਿਆ,
ਕਿਉਂਕਿ ਇੱਕ ਵਾਰ ਝੂਠ ਬੋਲ ਦਿੱਤਾ ਸੀ। ਸਾਰੇ ਜਤੀ ਸਤੀ ਸੰਤੋਖੀ ਲੋਕ ਹੰਕਾਰ ਵਿੱਚ ਗਰਕ ਹੋ ਜਾਂਦੇ
ਹਨ। ਇਹ ਵੱਡੇ ਵੱਡੇ ਆਖੀਦੇ ਲੋਕ, ਸਿੱਖ ਦੇ ਇੱਕ ਰੋਮ ਬਰਾਬਰ ਭੀ ਨਹੀਂ ਪਹੁੰਚਦੇ। ਕਿਉਂਕਿ
ਗੁਰਸਿੱਖ ਨੂੰ ਚੰਗੇ ਕੰਮਾਂ ਬਦਲੇ ਜਿੰਨਾਂ ਮਾਣ ਮਿਲਦਾ ਹੈ, ਉਤਨਾ ਹੀ ਹੋਰ ਨਿਮਰਤਾ ਧਾਰਨ ਕਰਦਾ
ਹੈ, ਹੋਰ ਸੇਵਾ ਕਰਦਾ ਹੈ, ਹੰਕਾਰ ਰਹਿਤ ਹੋ ਕੇ।
ਇਹ ਨਵੇਕਲੀ ਜੀਵਨ ਜਾਚ ਸਤਿਗੁਰੂ ਜੀ ਨੇ ਸਿਖਾਈ ਹੈ, ਵੇਦਾਂ ਸਿਮ੍ਰਿਤੀ ਜਾਂ
ਪੁਰਾਣਾਂ ਨੇ ਨਹੀਂ। ਵੇਦਾਂ ਆਦਿ ਨੂੰ ਮੰਨਣ ਵਾਲਿਆਂ ਦੀ ਰੋਜ਼ਾਨਾ ਦੀ ਜੀਵਨ ਸ਼ੈਲੀ ਵੇਖਕੇ ਝੱਟ ਪਤਾ
ਲੱਗ ਜਾਵੇਗਾ ਕਿ ਉਹ ਕਿਥੇ ਖੜ੍ਹੇ ਹਨ ਤੇ ਕੀ ਕਰ ਰਹੇ ਹਨ।
ਬਹੁ ਸਾਸਤ੍ਰ ਬਹੁ ਸਿਮ੍ਰਿਤੀ ਵੇਖੇ ਸਰਬ ਢਢੋਲਿ।। ਪੂਜਸਿ ਨਾਹੀ ਹਰਿ ਹਰੇ
ਨਾਨਕ ਨਾਮ ਅਮੋਲ।। (265)
ਹੇ ਭਾਈ! ਸਾਰੇ ਸ਼ਾਸ਼ਤਰ ਵੇਦ ਸਿਮ੍ਰਿਤੀਆਂ ਚੰਗੀ ਤਰ੍ਹਾਂ ਪਰਖ ਲਏ ਹਨ।
ਇਹਨਾਂ ਸਾਰਿਆਂ ਦੀ ਦਿੱਤੀ ਸਿੱਖਿਆ ਮਨੁੱਖ ਨੂੰ ਹਰੀ ਨਾਲ ਨਹੀਂ ਜੋੜਦੀ, ਕੇਵਲ ਕਰਮ ਕਾਂਡ
ਸਿਖਾਉਂਦੀ ਹੈ। ਸੋ ਵੇਦਾਂ ਨੇ ਸਮਾਜ ਨੂੰ ਜੋ ਕੁੱਝ ਦਿੱਤਾ ਹੈ ਉਹ ਮੌਜੂਦਾ ਹਿੰਦੂ ਸਮਾਜ ਦੇ ਜੀਵਨ
ਵਿਚੋਂ ਡੁੱਲ ਡੁੱਲ ਪੈਂਦਾ ਹੈ। ਗੁਰਬਾਣੀ ਨੇ ਨਵਾਂ ਚਾਨਣ ਦਿੱਤਾ ਹੈ ਤਾਂ ਕੁੱਝ ਤਬਦੀਲੀ ਆਈ ਸੀ।
ਪਰ ਹੁਣ ਸਿੱਖ ਪੰਥ ਗੁਰਬਾਣੀ ਤੋਂ ਦੂਰ ਹੈ, ਭਰਮਾਂ ਦੇ ਨੇੜੇ ਹੈ। ਲੋੜ ਹੈ ਗੁਰਬਾਣੀ ਅਨੁਸਾਰੀ
ਬੰਧਨਾਂ ਤੋਂ ਮੁਕਤ ਸਾਦਾ ਜੀਵਨ ਜਿਉ ਕੇ ਮਾਡਲ ਪੇਸ਼ ਕਰਨ ਦੀ ਤਾਂ ਕਿ ਵੇਖਣ ਵਾਲਾ ਸਿੱਖ ਦੇ ਜੀਵਨ
ਤੋਂ ਪ੍ਰੇਰਨਾ ਲੈ ਕੇ ਸਤ ਦੇ ਮਾਰਗ ਤੇ ਚੱਲ ਪਵੇ।