.

ਹਮ ਧਨਵੰਤ

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਕਿਸੇ ਅਮੀਰ ਬਾਪ ਨੇ ਆਪਣੇ ਬੇਟੇ ਨੂੰ ਸਾਰਾ ਖ਼ਜ਼ਾਨਾ ਧਨ ਦੌਲਤ ਸੌਂਪ ਦਿੱਤਾ ਏ ਪਰ ਬੇਟੇ ਦੀ ਬਦ-ਕਿਸਮਤੀ ਏ ਕਿ ਉਹ ਚੁਰਾਹਿਆਂ ਵਿੱਚ ਖਲੋ ਕੇ ਫਿਰ ਵੀ ਮੰਗ ਰਿਹਾ ਹੈ। ਹਰ ਆਉਣ ਜਾਣ ਵਾਲਾ ਆਦਮੀ ਬੱਚੇ ਨੂੰ ਜਾਣਦਾ ਏ ਤੇ ਆਖਦਾ ਹੈ – ਐ ਬੇਟਾ! “ਤੇਰਾ ਘਰ ਤਾਂ ਪਦਾਰਥਾਂ ਨਾਲ ਭਰਿਆ ਪਿਆ ਏ; ਤੂੰ ਫਿਰ ਵੀ ਰਾਹਾਂ ਵਿੱਚ ਖਲੋ ਕੇ, ਕਿਉਂ ਮੰਗ ਰਿਹਾਂ ਏਂ” ? ਬੱਚਾ ਉੱਤਰ ਦੇਂਦਾ ਹੈ; “ਘਰ ਤਾਂ ਠੀਕ ਏ ਭਰਿਆ ਪਿਆ ਹੈ ਪਰ ਮੈਨੂੰ ਚਾਬੀਆਂ ਲਗਾਉਣੀਆਂ ਨਹੀਂ ਆਉਂਦੀਆਂ ਖ਼ਜ਼ਾਨੇ ਨੂੰ ਖੋਲ੍ਹਾਂ ਕਿਵੇਂ” ? ਏਹੀ ਹਾਲਤ ਸਿੱਖ ਕੌਮ ਦੀ ਹੋਈ ਪਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਅਮੀਰ ਖ਼ਜ਼ਾਨਾ ਇਸ ਕੋਲ ਹਾਜ਼ਰ ਹੈ, ਇਹ ਫਿਰ ਵੀ ਡੇਰਿਆਂ ਠਾਠਾਂ `ਤੇ ਭਟਕ ਰਿਹਾ ਹੈ ਤੇ ਓਥੋਂ ਦਾਤਾਂ ਦੀ ਆਸ ਲਗਾਈ ਬੈਠਾ ਹੈ। ਸਾਡਾ ਦੁਖਾਂਤ ਏਹੀ ਹੈ ਕਿ ਅਸੀਂ ਆਪ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਨ, ਸੁਣਨ ਤੇ ਸਮਝਣ ਲਈ ਤਿਆਰ ਨਹੀਂ ਹਾਂ। ਬਾਹਰੋਂ ਮੰਗ ਕੇ ਖਾਣ ਵਿੱਚ ਯਕੀਨ ਰੱਖਦੇ ਹਾਂ। ਸਿੱਖ ਪੰਥ ਦਾ ਇਤਿਹਾਸ, ਗ੍ਰੰਥ ਇਤਨਾ ਅਮੀਰ ਹੈ ਜੋ ਕਿ ਅਜੇ ਤਾਈਂ ਅਸੀਂ ਆਪ ਵੀ ਨਹੀਂ ਸਮਝ ਸਕੇ। ਗੁਰਬਾਣੀ ਨੂੰ ਸਮਝਣ ਸਮਝਾਉਣ ਦਾ ਸਾਰਥਿਕ ਯਤਨ ਵੀ ਕੋਈ ਨਹੀਂ ਕਰ ਰਹੇ। ਅਸੀਂ ਕਿਤਨੇ ਅਮੀਰ ਹਾਂ, ਇਸ ਸ਼ਬਦ ਰਾਹੀਂ ਜਾਨਣ ਦਾ ਯਤਨ ਕਰਾਂਗੇ। ਰਾਗ ਗਉੜੀ ਅੰਦਰ ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਬਦ ਸਾਡੇ ਸਾਹਮਣੇ ਹੈ:----

ਹਮ ਧਨਵੰਤ ਭਾਗਠ ਸਚੁ ਨਾਇ॥ ਹਰਿ ਗੁਣ ਗਾਵਹ ਸਹਜਿ ਸੁਭਾਇ॥ 1॥ ਰਹਾਉ॥

ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ॥ ਤਾ ਮੇਰੇ ਮਨਿ ਭਇਆ ਨਿਧਾਨਾ॥ 1॥

ਰਤਨ ਲਾਲ ਜਾ ਕਾ ਕਛੂ ਨ ਮੋਲੁ॥ ਭਰੇ ਭੰਡਾਰ ਅਖੂਟ ਅਤੋਲ॥ 2॥

ਖਾਵਹਿ ਖਰਚਹਿ ਰਲਿ ਮਿਲਿ ਭਾਈ॥ ਤੋਟਿ ਨ ਆਵੈ ਵਧਦੋ ਜਾਈ॥ 3॥

ਕਹੁ ਨਾਨਕ ਜਿਸੁ ਮਸਤਕਿ ਲੇਖੁ ਲਿਖਾਇ॥ ਸੁ ਏਤੁ ਖਜਾਨੈ ਲਇਆ ਰਲਾਇ॥ 4॥

ਗਉੜੀ ਗੁਆਰੇਰੀ ਮਹਲਾ 5 ਪੰਨਾ 185 –

ਇਸ ਪਾਵਨ ਸ਼ਬਦ ਦੇ ਰਹਾਉ ਦੀਆਂ ਤੁਕਾਂ ਦੇਖਾਂਗੇ ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਜਿਉਂ ਜਿਉਂ ਅਸੀਂ ਪਰਮਾਤਮਾ ਦੇ ਗੀਤ ਗਾਉਂਦੇ ਹਾਂ, ਤਿਉਂ ਤਿਉਂ ਹੀ ਨਾਮ ਦੀ ਬਰਕਤ ਨਾਲ ਭਾਵ ਗੁਰਬਾਣੀ ਦੀ ਵੀਚਾਰ ਨਾਲ ਅਸੀਂ ਧਨੀ ਬਣਦੇ ਜਾਂਦੇ ਹਾਂ ਤਥਾ ਭਾਗਾਂ ਵਾਲੇ ਬਣਦੇ ਜਾਂਦੇ ਹਾਂ ਤੇ ਅਸੀ ਆਤਮਿਕ ਅਡੋਲਤਾ ਵਿੱਚ ਟਿਕਦੇ ਜਾਂਦੇ ਹਾਂ।

ਹਮ ਧਨਵੰਤ ਭਾਗਠ ਸਚ ਨਾਇ॥

ਹਰਿ ਗੁਣ ਗਾਵਹ ਸਹਜਿ ਸੁਭਾਇ॥

ਧਨੀ ਚੰਗੇ ਭਾਗ ਤੇ ਸਹਿਜ ਅਵਸਥਾ ਦਾ ਜ਼ਿਕਰ ਆਇਆ ਹੈ। ਸਦੀਵ ਕਾਲ ਪਰਮਾਤਮਾ ਦੀ ਪ੍ਰਣਾਲ਼ੀ ਨੂੰ ਸਮਝਣਾ ਹੈ। “ਹਰਿ ਗੁਣ ਗਾਵਹ” ਰੱਬੀ ਨਿਯਮਾਵਲੀ ਨੂੰ ਅਪਨਾਉਣਾ ਹੈ ਤੇ ਭਰਮ ਭੁਲੇਖੇ ਨੂੰ ਦੂਰ ਕਰਨਾ ਹੈ। ਅਗਿਆਨਤਾ ਦਾ ਖ਼ਾਤਮਾ ਕਰਕੇ ਗਿਆਨ ਦੀ ਪ੍ਰਾਪਤੀ ਕਰਨੀ ਹੈ। “ਸਹਿਜ ਸੁਭਾਇ” ਅਡੋਲਤਾ ਨੂੰ ਛੂਹਣਾ ਹੈ। “ਹਰਿ ਗੁਣ ਗਾਵਹ” ਭਾਵ ਗਿਆਨ ਦੀ ਪ੍ਰਾਪਤੀ ਕੀਤਿਆਂ ਵਿਕਾਰਾਂ ਤੋਂ ਖਹਿੜਾ ਛੁੱਟਦਾ ਹੈ। ਆਤਮਿਕ ਤੌਰ ਤੇ ਅਮੀਰ ਹੁੰਦੇ ਹਾਂ, ਚੰਗੇ ਭਾਗ ਬਣਦੇ ਹਨ ਤੇ ਸਹਿਜ ਅਵਸਥਾ ਆ ਜਾਂਦੀ ਹੈ।

ਚੰਗੇ ਭਾਗ, ਧਨੀ ਤੇ ਸਹਿਜ ਅਵਸਥਾ ਕਦੋਂ ਬਣੀ, ਜਦੋਂ ਪਿਉ ਦਾਦੇ ਦਾ ਖ਼ਜ਼ਾਨਾ ਖੋਲ੍ਹ ਕੇ ਵੇਖਿਆ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਰਾਮਦਾਸ ਜੀ ਤਕ ਦਾ ਸਾਰਾ ਖ਼ਜ਼ਾਨਾ ਦੇਖਿਆ। ਮੇਰਾ ਮਨ ਖੁਸ਼ੀਆਂ ਨਾਲ ਭਰ ਗਿਆ।

ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ॥ ਤਾ ਮੇਰੈ ਮਨਿ ਭਇਆ ਨਿਧਾਨਾ॥

ਸ਼ਬਦ ਦੇ ਇਸ ਬੰਦ ਅੰਦਰ ਖ਼ਜ਼ਾਨਾ ਖੋਲ੍ਹਣ ਦਾ ਸ਼ਬਦ ਆਇਆ ਹੈ। ਘਰ ਦੀ ਜਾਇਦਾਦ ਦੇ ਸਾਰੇ ਕਾਗ਼ਜ਼ ਇੱਕ ਸੰਦੂਕ ਵਿੱਚ ਪਏ ਹੋਏ ਹਨ ਤੇ ਸੰਦੂਕ ਬੰਦ ਪਿਆ ਹੈ, ਇਕੱਲਾ ਸੰਦੂਕ ਹੀ ਬੰਦ ਨਹੀਂ ਸਗੋਂ ਕਮਰਾ ਵੀ ਬੰਦ ਪਿਆ ਹੋਇਆ ਹੈ ਪਰ ਕਮਰੇ ਵਿੱਚ ਵੀ ਬਹੁਤ ਕੀਮਤੀ ਸਮਾਨ ਪਿਆ ਹੋਇਆ ਹੈ। ਹਾਂ ਇਹ ਸਾਰੇ ਤਾਲੇ ਖੋਲ੍ਹਾਂਗੇ ਤਾਂ ਹੀ ਪਤਾ ਲੱਗ ਸਕੇਗਾ ਕਿ ਕਿੰਨਾ ਕਿੰਨਾ ਕੀਮਤੀ ਸਮਾਨ ਇਸ ਕਮਰੇ ਵਿੱਚ ਪਿਆ ਹੋਇਆ ਹੈ। ਨਿਰਾ ਕਮਰਾ ਖ੍ਹੋਲਣਾ ਹੀ ਨਹੀਂ ਹੈ ਸਗੋਂ ਦੇਖਣਾ ਵੀ ਹੈ। ਡਿਠਾ ---ਦੇਖਣਾ, ਪਿਓ ਦਾਦੇ ਦਾ ਖ਼ਜ਼ਾਨਾ ਭਾਵ ਗੁਰੂ ਨਾਨਕ ਸਾਹਿਬ ਜੀ ਤੋਂ ਲੇ ਕੇ ਗੁਰੂ ਰਾਮਦਾਸ ਜੀ ਤਕ ਦਾ ਸਾਰਾ ਇਤਿਹਾਸ ਤੇ ਗੁਰਬਾਣੀ ਖੋਹਲ ਕੇ ਦੇਖੀ, ਪੜ੍ਹੀ, ਵਿਚਾਰੀ ਤਾ ਮੇਰੇ ਅੰਦਰ ਆਤਮਿਕ ਅਨੰਦ ਪੈਦਾ ਹੋ ਗਿਆ, ਸਹਿਜ ਅਵਸਥਾ ਆ ਗਈ। ਬੱਚਾ ਦਸਵੀਂ ਜਮਾਤ ਵਿੱਚ ਪੜ੍ਹਦਾ ਹੈ ਤੇ ਉਹ ਰੋਜ਼ ਸਵੇਰੇ ਉੱਠ ਕੇ, ਹਿਸਾਬ, ਕਮਿਸਟਰੀ, ਫ਼ਿਜ਼ਿਕਸ, ਇਤਿਹਾਸ ਤੇ ਅੰਗਰੇਜ਼ੀ ਆਦਿਕ ਦੀਆਂ ਸਾਰੀਆਂ ਪੁਸਤਕਾਂ ਦੁਆਲ਼ੇ ਰੰਗ – ਬਰੰਗੀਆਂ ਧੂਪਾਂ ਧੁਖਾਅ ਕੇ, ਤੇ ਜੋਤਾਂ ਹੀ ਜਗਾਈ ਜਾਵੇ, ਸ਼ਰਧਾ ਵੱਸ ਫੁੱਲ ਵੀ ਚੜਾਈ ਜਾਏ ਪਰ ਇਹਨਾਂ ਕੀਮਤੀ ਪੁਸਤਕਾਂ ਨੂੰ ਕਦੇ ਵੀ ਖੋਲ੍ਹ ਕੇ ਨਾ ਦੇਖੇ, ਕੀ ਅਜੇਹਾ ਬੱਚਾ ਦਸਵੀਂ ਜਮਾਤ ਦੀ ਪ੍ਰੀਖਿਆ ਵਿਚੋਂ ਪਾਸ ਹੋ ਜਾਏਗਾ? ਉੱਤਰ ਹੈ, ਕਦੇ ਵੀ ਅਜੇਹਾ ਬੱਚਾ ਜਮਾਤ ਵਿਚੋਂ ਪਾਸ ਨਹੀਂ ਹੋ ਸਕਦਾ। ਅੱਜ ਅਸੀਂ ਵੀ ਧੂਪਾਂ ਤੇ ਜੋਤਾਂ ਜਗਾਉਣ ਤਕ ਸੀਮਤ ਹੋ ਗਏ ਹਾਂ, ਕਦੇ ਵੀ ਇਸ ਕੀਮਤੀ ਖ਼ਜ਼ਾਨੇ ਨੂੰ ਸਮਝਣ ਦਾ ਯਤਨ ਹੀ ਨਹੀਂ ਕੀਤਾ। ਅਸੀਂ ਇਤਿਹਾਸ, ਗੁਰਬਾਣੀ ਪੱਖੋਂ ਬਹੁਤ ਹੀ ਅਮੀਰ ਹਾਂ। ਏਹੋ ਜੇਹਾ ਨਾ ਤਾਂ ਕਿਸੇ ਕੌਮ ਪਾਸ ਗ੍ਰੰਥ ਹੈ ਤੇ ਨਾ ਹੀ ਏਹੋ ਜੇਹਾ ਕਿਸੇ ਕੌਮ ਪਾਸ ਇਤਿਹਾਸ ਹੈ। ਜ਼ਰਾ ਕੁ ਝਾਤ ਮਾਰ ਕੇ ਦੇਖਣ ਦਾ ਯਤਨ ਕਰੀਏ ---

ਪ੍ਰੋ. ਪਿਆਰਾ ਸਿੰਘ ‘ਪਦਮ’ ਨੇ, ਬਹੁਤ ਹੀ ਮਹੱਤਵ ਪੂਰਨ ਸੰਖੇਪ ਰੂਪ ਵਿਚ, ਸਿਖ ਇਤਿਹਾਸ ਦੀ ਇੱਕ ਪੁਸਤਕ ਲਿਖੀ ਹੈ। ਉਸ ਪੁਸਤਕ ਵਿੱਚ ਇੱਕ ਵੰਡ ਬਹੁਤ ਕਮਾਲ ਦੀ ਕੀਤੀ ਹੈ ਤਾ ਕੇ ਹਰ ਆਦਮੀ ਗੁਰਬਾਣੀ ਅਤੇ ਇਤਿਹਾਸ ਨੂੰ ਸਮਝ ਸਕੇ।

1469 ਈਸਵੀ ਤੋਂ ਲੇ ਕੇ 1604 ਈਸਵੀ ਤਕ ਗੁਰਬਾਣੀ ਯੁੱਗ ਮੰਨਿਆ ਹੈ। ਇਸ ਯੁੱਗ ਅੰਦਰ ਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਸਾਰੀ ਬਾਣੀ ਇਕੱਤਰ ਕੀਤੀ ਤੇ ਆਪ ਬਾਣੀ ਉਚਾਰਣ ਕੀਤੀ। ਇਕੱਤਰ ਕੀਤੀ ਬਾਣੀ ਤੇ ਆਪਣੀ ਉਚਾਰਨ ਕੀਤੀ ਬਾਣੀ, ਉਹਨਾਂ ਨੇ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਦੇ ਦਿੱਤੀ। ਗੁਰੂ ਅੰਗਦ ਪਾਤਸ਼ਾਹ ਜੀ ਨੇ ਇਹ ਸਾਰਾ ਖ਼ਜ਼ਾਨਾ ਗੁਰੂ ਅਮਰਦਾਸ ਜੀ ਨੂੰ ਦੇ ਦਿੱਤਾ। ਗੁਰੂ ਅਮਰਦਾਸ ਜੀ ਨੇ ਇਹ ਸਾਰਾ ਖ਼ਜ਼ਾਨਾ ਗੁਰੂ ਰਾਮਦਾਸ ਜੀ ਨੂੰ ਦੇ ਦਿੱਤਾ। ਗੁਰੂ ਰਾਮਦਾਸ ਜੀ ਨੇ ਇਹ ਸਾਰਾ ਅੰਮ੍ਰਿਤ ਮਈ ਖ਼ਜ਼ਾਨਾ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਗੁਰਆਈ ਮੌਕੇ ਤੇ ਸੰਭਾਲ ਦਿੱਤਾ। ਗੁਰੂ ਅਰਜਨ ਪਾਤਸ਼ਾਹ ਜੀ ਨੇ ਆਪ ਫਿਰ ਸਮੇਂ ਦੀ ਲੋੜ ਨੂੰ ਮਹਿਸੂਸ ਕਰਦਿਆਂ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਾਈ। ਭਾਈ ਗੁਰਦਾਸ ਜੀ ਨੂੰ ਇਸ ਮਹਾਨ ਕਾਰਜ ਲਈ ਲਿਖਾਰੀ ਨਿਯੁਕਤ ਕੀਤਾ। ਪਾਵਨ ਪਵਿੱਤਰ ਬੀੜ ਤਿਆਰ ਕਰਕੇ ਇਸ ਦਾ ਪਹਿਲਾ ਪ੍ਰਕਾਸ਼ 1604 ਈਸਵੀ ਨੂੰ ਕੀਤਾ। ਚਲ ਰਹੀ ਪ੍ਰਥਾ ਅਨੁਸਾਰ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਇਸ ਲਈ ਇਸ ਯੁੱਗ ਨੂੰ ਗੁਰਬਾਣੀ ਯੁੱਗ ਨਾਲ ਯਾਦ ਕੀਤਾ ਜਾਂਦਾ ਹੈ।

1604 ਈਸਵੀ ਤੋਂ ਲੇ ਕੇ 1708 ਈਸਵੀ ਤਕ ਦੇ ਯੁੱਗ ਨੂੰ ਸ਼ਹੀਦੀ ਯੁੱਗ ਆਖਿਆ ਗਿਆ ਹੈ। 1606 ਈਸਵੀ ਤੋਂ ਸ਼ਹੀਦੀਆਂ ਦਾ ਦੌਰ ਅਰੰਭ ਹੁੰਦਾ ਹੈ। 30 ਮਈ 1606 ਈਸਵੀ ਨੂੰ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹੀਦੀ ਹੋਈ ਤੇ ਫਿਰ ਸ਼ਹੀਦੀਆਂ ਦਾ ਨਿਰੰਤਰ ਪਰਵਾਹ ਚੱਲਿਆ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ, ਭਾਈ ਮਤੀ ਦਾਸ ਜੀ ਦੀ ਸ਼ਹੀਦੀ, ਭਾਈ ਦਇਆਲਾ ਜੀ ਦੀ ਸ਼ਹੀਦੀ, ਭਾਈ ਸਤੀ ਦਾਸ ਜੀ ਦੀ ਸ਼ਹੀਦੀ 1675 ਈਸਵੀ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਹੋਈ। 1687 ਈਸਵੀ ਨੂੰ ਭੰਗਾਣੀ ਦਾ ਯੁੱਧ ਹੋਇਆ; ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਚਾਰ ਜੰਗਾਂ ਲੜੀਆਂ। ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ; ਛੋਟੇ ਸਾਹਿਬਜ਼ਾਦੇ ਤੇ ਮਾਤਾ ਗੂਜਰੀ ਜੀ ਨੇ ਸ਼ਹਾਦਤ ਦਾ ਜਾਮ ਪੀਤਾ। ਸਰਸਾ ਨਦੀ ਤੇ ਸਿੰਘਾਂ ਨੇ ਕੁਰਬਾਨੀਆਂ ਦਿੱਤੀਆਂ। ਚਮਕੌਰ ਦੀ ਜੂਹ ਸ਼ਹਾਦਤਾਂ ਨਾਲ ਖਿੜ ਉੱਠੀ, ਮੁਕਤਸਰ ਦੀ ਜੰਗ ਅੱਜ ਵੀ ਸੰਸਾਰ ਨੂੰ ਨਿਵੇਕਲਾ ਸੁਨੇਹਾਂ ਦੇ ਰਹੀ ਹੈ। ਸ਼ਹੀਦੀਆਂ ਦਾ ਇਹ ਨਿਰੰਤਰ ਪਰਵਾਹ ਚੱਲਿਆ। ਗੁਰੂ ਕੇ ਪਿਆਰ ਵਾਲਿਆਂ ਨੇ ਗੁਰੂ ਚਰਨਾਂ ਤੋਂ ਆਪਣੀਆਂ ਜਾਨਾਂ ਵਾਰੀਆਂ। ਮਨੁੱਖਤਾ ਦੇ ਭਲੇ ਲਈ ਕੁਰਬਾਨ ਹੋਏ। ਇਸ ਲਈ ਇਸ ਨੂੰ ਸ਼ਹੀਦੀਆਂ ਦਾ ਯੁੱਗ ਆਖਿਆ ਗਿਆ ਹੈ।

1708 ਈਸਵੀ ਤੋਂ ਲੈ ਕੇ 1762 ਈਸਵੀ ਤਕ ਦੇ ਯੁੱਗ ਨੂੰ ਪ੍ਰੀਖਿਆ ਦਾ ਯੁੱਗ ਕਿਹਾ ਗਿਆ ਹੈ। ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ, ਉਹਨਾਂ ਦੇ ਪੁੱਤਰ ਸਮੇਤ ਤੇ ਸੈਂਕੜੇ ਸਿੰਘਾਂ ਨੂੰ ਦਿਲ ਕੰਬਾਊ ਤਸੀਹੇ ਦੇ ਕੇ ਦਿੱਲੀ ਦੇ ਵਿੱਚ ਸ਼ਹੀਦ ਕੀਤਾ ਗਿਆ; ਪਰ ਕਿਸੇ ਨੇ ਵੀ ਆਪਣਾ ਇਮਾਨ ਨਹੀਂ ਛੱਡਿਆ ਸਾਰੇ ਹੀ ਇਸ ਭਿਆਨਕ ਪ੍ਰੀਖਿਆ ਵਿਚੋਂ ਪੂਰੇ ਦੇ ਪੂਰੇ ਨੰਬਰ ਲੈ ਕੇ ਪਾਸ ਹੋਏ। ਪ੍ਰੀਖਿਆ ਦਾ ਇਹ ਭਿਆਨਕ ਦੌਰ ਚੱਲਿਆ; ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਭਾਈ ਸਾਹਬਾਜ਼ ਸਿੰਘ ਜੀ, ਭਾਈ ਸੁਬੇਗ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਕਾਹਨੂੰਵਾਨ ਦੇ ਸ਼ੰਭ ਵਿੱਚ ਛੋਟਾ ਘੱਲੂਘਾਰਾ ਹੋਇਆਂ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਸਿੰਘਾਂ ਨੇ ਸ਼ਹਾਦਤ ਦਾ ਜਾਮ ਪੀਤਾ। 1762 ਈਸਵੀ ਨੂੰ ਵੱਡਾ ਘੱਲੂਘਾਰਾ ਹੋਇਆ ਜਿਸ ਵਿੱਚ ਲਗ ਪਗ 30000 ਦੇ ਕਰੀਬ ਸਿੰਘ ਸਿੰਘਣੀਆਂ ਨੇ ਅਨੋਖੀ ਪ੍ਰੀਖਿਆ ਦੇ ਕੇ ਸੰਸਾਰ ਤੇ ਨਵੀਆਂ ਪੈੜਾਂ ਪਾਈਆਂ। ਇਸ ਯੁੱਗ ਵਿੱਚ ਸਿੱਖਾਂ ਦਾ ਸਰਕਾਰਾਂ ਨੇ ਸ਼ਿਕਾਰ ਖੇਡਿਆ ਤੇ ਸਿਰਾਂ ਦਾ ਮੁੱਲ ਪਾਇਆ ਗਿਆ। ਬੱਚਿਆਂ ਦੇ ਟੁਕੜੇ ਟੁਕੜੇ ਕਰਾ ਕੇ ੳਹਨਾਂ ਦੇ ਹਾਰ ਬਣਾ ਕੇ ਸਤਿਕਾਰ ਯੋਗ ਮਾਵਾਂ ਦੇ ਗ਼ਲ਼ਾਂ ਵਿੱਚ ਪਾਏ ਗਏ ਪਰ ਕਿਸੇ ਨੇ ਚੀਸ ਨਾ ਵੱਟੀ। ਨੇਜ਼ਿਆਂ ਤੇ ਟੰਗਿਆ ਗਿਆ, ਕੋਇਆ ਗਿਆ, ਹਰ ਪਰਕਾਰ ਦਾ ਤਸ਼ਦੱਦ ਕੀਤਾ ਗਿਆ ਪਰ ਸਿੰਘ ਦੀ ਜ਼ਬਾਨ `ਤੇ ਇਹ ਮੁਹਾਵਰਾ ਆਪ ਮੁਹਾਰੇ ਹੀ ਆਉਣ ਲੱਗ ਪਿਆ, “ਮਨੂੰ ਹੈ ਸਾਡੀ ਦਾਤਰੀ ਅਸੀਂ ਮਨੂੰ ਦੇ ਸੋਏ, ਜਿਉਂ ਮਨੂੰ ਵੱਢਦਾ ਅਸੀਂ ਦੂਣੇ- ਚੌਣੇ ਹੋਏ”। ਗੱਲ ਕੀ, ਅਸੀਂ ਹਰ ਪ੍ਰੀਖਿਆ ਵਿਚੋਂ ਸੌ ਪ੍ਰਤੀਸ਼ਤ ਨੰਬਰ ਲੈ ਕੇ ਪਾਸ ਹੋਏ।

1762 ਈਸਵੀ ਤੋਂ ਲੈ ਕੇ 1799 ਈਸਵੀ ਤਕ ਦੇ ਸਮੇਂ ਨੂੰ ਸਰਦਾਰੀ ਯੁੱਗ ਕਿਹਾ ਗਿਆ ਹੈ। ਮਿਸਲਾਂ ਕਾਇਮ ਹੋਈਆਂ ਤੇ ਸਰਦਾਰੀ ਦੀ ਹੋਂਦ ਪ੍ਰਗਟ ਕਰ ਦਿੱਤੀ। ਫਿਰ ਖਾਲਸਾ ਰਾਜ ਕਾਇਮ ਹੋਇਆ, ਅੰਗਰੇਜ਼ ਦਾ ਰਾਜ ਆਇਆ। ਗੁਰਦੁਆਰਾ ਸੁਧਾਰ ਲਹਿਰ ਚੱਲੀ, ਅਨੇਕਾਂ ਸ਼ਹਾਦਤਾਂ ਹੋਈਆਂ, ਗੁਰਦੁਆਰੇ ਮਹੰਤਾਂ ਪਾਸੋਂ ਅਜ਼ਾਦ ਕਰਾਏ। ਗੱਲ ਕੀ ਹਰ ਪੱਖੋਂ ਅਸੀਂ ਅਮੀਰ ਹਾਂ ਪਰ ਅਮੀਰ ਹੁੰਦੇ ਹੋਏ ਵੀ ਅਸੀਂ ਗ਼ਰੀਬ ਹਾਂ; ਕਿਉਂਕਿ ਕਦੇ ਵੀ ਆਪਣੇ ਅਮੀਰ ਵਿਰਸੇ ਨੂੰ ਖੋਹਲ ਕੇ ਦੇਖਿਆ ਨਹੀਂ ਹੈ। ਮੁਆਫ਼ ਕਰਨਾ ਅਜੇ ਤਾਂਈਂ ਤਾਂ ਅਸੀਂ ਵਿਰਸੇ ਨੂੰ ਖੋਲ੍ਹਿਆ ਹੀ ਨਹੀਂ ਹੈ; ਦੇਖਣਾ ਤਾਂ ਇੱਕ ਪਾਸੇ ਰਿਹਾ। ਇਸ ਮਹਾਨ ਸ਼ਬਦ ਵਿੱਚ ਗ਼ੰਭੀਰ ਵਿਸ਼ੇ ਵਲ ਧਿਆਨ ਦਿਵਾਇਆ ਹੈ। “ਪੀਉ ਦਾਦੇ ਕਾ ਖੋਲਿ ਡਿਠਾ ਖਜਾਨਾ”, ਦੀ ਗੱਲ ਕੀਤੀ ਗਈ ਹੈ। ਗੁਰੂ ਨਾਨਕ ਸਾਹਿਬ ਜੀ ਤੋਂ ਲੇ ਕੇ ਤੇ ਹੁਣ ਤਕ ਦੇ ਇਤਿਹਾਸ ਤੇ ਗੁਰਬਾਣੀ ਨੂੰ ਅਸੀਂ ਆਪਣੀ ਜ਼ਿੰਦਗੀ ਅੰਦਰ ਵਿਚਾਰ ਦਾ ਹਿੱਸਾ ਬਣਾਉਂਣਾ ਸੀ ਪਰ ਅਜੇ ਤਾਂਈਂ ਅਸੀਂ ਆਪਣੇ ਕੀਮਤੀ ਵਿਰਸੇ ਵਲ ਨੂੰ ਮੁੜੇ ਨਹੀਂ ਹਾਂ। ਅਸੀਂ ਪੂਜਾ ਪਾਠ ਤਕ ਹੀ ਸੀਮਤ ਹੋ ਕੇ ਰਹਿ ਗਏ ਹਾਂ। ਏਸੇ ਸ਼ਬਦ ਦੀ ਅਗਲੀ ਤੁਕ ਨਿਧਾਨ ਦ੍ਰਿੜ ਕਰਾਉਂਦੀ ਹੈ। ਨਿਧਾਨ ਤਾਂ ਹੀ ਦ੍ਰਿੜ ਹੋਏਗਾ ਜੇ ਅਸੀਂ ਪੜ੍ਹਾਂਗੇ ਤੇ ਵੀਚਰਾਂਗੇ। ਤਾਂ, “ਮੇਰੈ ਮਨਿ” ਦਾ ਸ਼ਬਦ ਸੰਕੇਤ ਦੇਂਦਾ ਹੈ, ਖੋਹਲਣਾ, ਦੇਖਣਾ ਤੇ ਵੀਚਾਰਨਾ ਇਸ ਨੂੰ ਜ਼ਿੰਦਗੀ ਦਾ ਜ਼ਰੂਰੀ ਅੰਗ ਬਣਾਉਣਾ ਹੈ।

ਰਤਨ ਲਾਲ ਜਾ ਕਾ ਕਛੂ ਨ ਮੋਲੁ।

ਭਰੇ ਭੰਡਾਰ ਅਖੁਟ ਅਤੋਲ॥

ਰਤਨ ਤੇ ਲਾਲ ਦੀ ਬਜ਼ਾਰ ਵਿੱਚ ਬਹੁਤ ਕੀਮਤ ਹੈ। ਰਤਨ ਤੇ ਲਾਲਾਂ ਤੇ ਅਕਸਰ ਵਪਾਰੀ ਧਨੀ ਲੋਕ ਹੀ ਹੁੰਦੇ ਹਨ। ਗੁਰਬਾਣੀ ਦੇ ਸ਼ਬਦਾਂ ਦੀ ਬਹੁਤ ਕੀਮਤ ਹੈ ਪਰ ਇਹਨਾਂ ਰਤਨਾਂ ਦਾ ਵਪਾਰ ਹਰ ਵਿਆਕਤੀ ਕਰ ਸਕਦਾ ਹੈ। ਏਥੱੇ ਅਮੀਰ ਗ਼ਰੀਬ ਦੀ ਗੱਲ ਨਹੀਂ; ਏੱਥੇ ਤਾਂ ਪਿਆਰ ਅਤੇ ਭਾਵਨਾ ਦੀ ਗੱਲ ਕੀਤੀ ਗਈ ਹੈ। ਕੀਮਤੀ ਸ਼ਬਦਾਂ ਰੂਪੀ ਲਾਲਾਂ ਨਾਲ ਇਹ ਭੰਡਾਰ ਭਰਿਆ ਪਿਆ ਹੈ। ਡੱਡੂ ਨੂੰ ਚਿਕੜ ਦੀ ਸਾਰ ਤਾਂ ਹੈ ਪਰ ਕੰਵਲ ਦੇ ਫੁੱਲ ਦੀ ਸਾਰ ਨਹੀਂ ਹੈ। “ਕਹਿੰਦੇ ਨੇ” ; ਇੱਕ ਪਰਜਾਪਤ ਨੂੰ ਕੀਮਤੀ ਲਾਲ ਲੱਭਾ ਪਰ ਉਸ ਨੂੰ ਲਾਲ ਦੀ ਕੀਮਤ ਦਾ ਪਤਾ ਨਹੀਂ ਸੀ ਇਸ ਲਈ ਉਸ ਨੇ ਚਮਕਦੀ ਹੋਈ ਵਸਤੂ ਜਾਣਦਿਆਂ ਆਪਣੇ ਗੱਧੇ ਦੇ ਗੱਲ਼ ਨਾਲ਼ ਬੰਨ੍ਹ ਲਿਆ। ਰਸਤੇ ਵਿੱਚ ਇੱਕ ਵਪਾਰੀ ਮਿਲ ਗਿਆ, ਵਪਾਰੀ ਨੇ ਪਰਜਾਪਤ ਨੂੰ ਲਾਲ ਵੇਚਣ ਲਈ ਕਿਹਾ। ਪਰਜਾਪਤ ਨੇ ਗੱਧੇ ਦੇ ਗੱਲ਼ ਨਾਲ ਬੰਨ੍ਹੇ ਹੋਏ ਲਾਲ ਦਾ ਇੱਕ ਹਜ਼ਾਰ ਰੁਪਇਆ ਮੰਗ ਲਿਆ। ਵਪਾਰੀ ਚਲਾਕ ਬਿਰਤੀ ਦੀ ਸੀ, “ਕਹਿੰਦਾ ਪੰਚ ਸੌ ਰੁਪਇਆ ਲੈ ਲੈ ਤੇ ਲਾਲ ਮੈਨੂੰ ਦੇ ਦੇ”। ਪਰਜਾਪਤ ਨੇ ਲਾਲ ਵੇਚਣ ਤੋਂ ਨਾਂਹ ਕਰ ਦਿੱਤੀ ਤੇ ਪਰਜਾਪਤ ਇੱਕ ਹਜ਼ਾਰ ਰੁਪਏ ਤੇ ਅੜ ਗਿਆ। ਮੁੱਕਦੀ ਗੱਲ ਦੋਨਾਂ ਦਾ ਸੌਦਾ ਨਾ ਬਣ ਸਕਿਆ। ਪਰਜਾਪਤ ਤੁਰਿਆ ਜਾ ਰਿਹਾ ਸੀ; ਰਾਹ ਵਿੱਚ ਉਸ ਨੂੰ ਇੱਕ ਹੋਰ ਵਪਾਰੀ ਮਿਲ ਗਿਆ। ਉਸ ਵਪਾਰੀ ਨੇ ਵੀ ਲਾਲ ਖ਼ਰੀਦਣ ਦੀ ਇੱਛਾ ਜ਼ਾਹਰ ਕੀਤੀ ਤੇ ਪਰਜਾਪਤ ਨੂੰ ਪੁੱਛਦਾ, “ਕਿਊਂ ਭਈ, ਐ ਜੋ ਤੂੰ ਗੱਧੇ ਦੇ ਗੱਲ਼ ਨਾਲ ਚੀਜ਼ ਬੰਨ੍ਹੀ ਹੋਈ ਊ ਇਹ ਵੇਚਣੀ ਆਂ”। ਪਰਜਾਪਤ ਨੇ ਲਾਪ੍ਰਵਾਹੀ ਨਾਲ ਕਿਹਾ, “ਜੇ ਪੈਸੇ ਚੰਗੇ ਮਿਲ ਜਾਣਗੇ ਤਾਂ ਜ਼ਰੂਰ ਵੇਚ ਦਿਆਂਗਾ”। ਵਪਾਰੀ ਪੁੱਛਦਾ, “ਕਿੰਨੇ ਪੈਸੇ ਲੈਣੇ ਈਂ”। ਪਰਜਾਪਤ ਨੇ ਦਸ ਹਜ਼ਾਰ ਰੁਪਇਆ ਮੰਗ ਲਿਆ। ਵਪਾਰੀ ਨੇ ਸੋਚਿਆ ਇਹ ਸੌਦਾ ਮਹਿੰਗਾ ਨਹੀਂ ਹੈ। ਉਸ ਨੇ ਦਸ ਹਜ਼ਾਰ ਰੁਪਇਆ ਦੇ ਕੇ ਲਾਲ ਖ਼ਰੀਦ ਲਿਆ ਤੇ ਚਲਾ ਗਿਆ। ਇਤਨੇ ਚਿਰ ਵਿੱਚ ਪਹਿਲਾ ਵਪਾਰੀ ਵੀ ਆ ਗਿਆ ਤੇ ਪੁੱਛਦਾ, “ਕਿਉਂ ਭਈ ਲਾਲ ਵੇਚਣ ਦਾ ਮਨ ਬਣਾਇਆ ਹੈ ਕਿ ਨਹੀਂ” ? ਪਰਜਾਪਤ ਨੇ ਕਿਹਾ, “ਮੈਂ ਦਸ ਹਜ਼ਾਰ ਰੁਪਏ ਦਾ ਲਾਲ ਵੇਚ ਦਿੱਤਾ ਹੈ”। ਵਪਾਰੀ ਨੇ ਕਾਲ਼੍ਹਾ ਪੈਂਦਿਆਂ ਆਖਿਆ, “ਭਲੇ ਲੋਕ! ਤੂੰ ਨਿਰਾ ਮੂਰਖ ਨਿਕਲਿਆ, ਉਹ ਤਾਂ ਪੂਰੇ ਵੀਹ ਹਜ਼ਾਰ ਰੁਪਏ ਦਾ ਸੀ, ਬੜਾ ਘਾਟਾ ਖਾ ਗਿਆਂ ਏਂ”। ਪਰਜਾਪਤ ਨੇ ਮੋੜੜਾਂ ਉੱਤਰ ਦੇਂਦਿਆਂ ਆਖਿਆ, “ਭਲ਼ਿਆ ਮੂਰਖ ਮੈਂ ਨਹੀਂ ਮੂਰਖ ਤੂੰ ਵੇਂ, ਤੈਨੂੰ ਲਾਲ ਦੀ ਪਛਾਣ ਹੋਣ ਦੇ ਬਾਵਜੂਦ ਵੀ ਤੂੰ ਮੈਨੂੰ ਇੱਕ ਹਜ਼ਾਰ ਰੁਪਇਆ ਦੇਣ ਲਈ ਵੀ ਤਿਆਰ ਨਾ ਹੋਇਆ ਤੇ ਇੱਕ ਹਜ਼ਾਰ ਰੁਪਏ ਵਿੱਚ ਲਾਲ ਨਾ ਖ਼ਰੀਦ ਸਕਿਆ; ਮੈਨੂੰ ਤਾਂ ਲਾਲਾਂ ਦੀ ਪਹਿਛਾਣ ਹੀ ਨਹੀਂ ਹੈ। ਤੈਨੂੰ ਪਛਾਣ ਸੀ ਪਰ ਤੂੰ ਫਿਰ ਵੀ ਮੇਰੇ ਨਾਲ ਸੌਦੇਬਾਜ਼ੀ ਕਰਦਾ ਰਿਉਂ”। ਪਰਜਾਪਤ ਦਾ ਸਿੱਧ ਪੱਧਰਾ ਉੱਰਤ ਸੁਣ ਕੇ ਵਪਾਰੀ ਆਪਣੀ ਬੇ-ਅਕਲੀ ਤੇ ਪਛਤਾਇਆ ਤੇ ਸ਼ਰਮਸਾਰ ਵੀ ਹੋਇਆ ਹਏਗਾ। ਇਹ ਘਟਨਾ ਵਾਪਰੀ ਤਾਂ ਕਿਤੇ ਵੀ ਨਹੀਂ ਹੋਣੀ ਪਰ ਇੰਨ -ਬਿੰਨ ਸਾਡੀ ਕੌਮ ਤੇ ਜ਼ਰੂਰ ਢੁੱਕਦੀ ਐ। ਸਾਨੂੰ ਪਤਾ ਹੈ ਗੁਰਬਾਣੀ ਬਹੁਤ ਹੀ ਕੀਮਤੀ ਹੈ, ਇਸ ਦਾ ਇਕ-ਇਕ ਸ਼ਬਦ ਮਨੁੱਖਤਾ ਦਾ ਜੀਵਨ ਬਦਲ ਸਕਦਾ ਹੈ। “ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ ਬਾਹੁੜਿ ਜਨਮਿ ਨ ਆਵਾ”॥ ਗੁਰਬਾਣੀ ਜੀਵਨ ਜਾਚ ਤੇ ਰੱਬੀ ਗਿਆਨ ਹੈ ਜੋ ਸੰਸਰ ਵਿੱਚ ਰਹਿੰਦਿਆ ਹੋਇਆਂ ਪ੍ਰਮਾਤਮਾ ਨਾਲ ਮਿਲਾਪ ਕਰਾਉਂਦੀ ਤੇ ਸਾਨੂੰ ਵਿਕਾਰਾਂ ਵਲੋਂ ਮੁਕਤ ਕਰਾਉਂਦੀ ਹੈ। ਅੱਜ ਹਾਲਾਤ ਕੁੱਝ ਹੋਰ ਤਰ੍ਹਾਂ ਦੇ ਹੋ ਗਏ ਹਨ ਤੇ ਅਸੀਂ ਪੂਜਾ ਵਲ ਨੂੰ ਵੱਧ ਗਏ ਹਾਂ। ਪੂਜਾ ਸਾਡੇ ਦਿਲੋ-ਦਿਮਾਗ ਅੰਦਰ ਇਤਨੀ ਘਰ ਕਰ ਗਈ ਹੈ ਕਿ ਅਸੀਂ ਗੁਰਬਾਣੀ ਵਿਚਾਰਨੀ ਹੀ ਛੱਡ ਦਿੱਤੀ ਹੈ। ਅੱਜ ਸਾਨੂੰ ਗੁਰਬਾਣੀ ਪੜ੍ਹਨ ਤੇ ਵਿਚਾਰਨ ਦਾ ਯਤਨ ਕਰਨਾ ਚਾਹੀਦਾ ਹੈ। ਦਰ-ਅਸਲ ਸਾਡੀ ਕਹਾਣੀ ਹੋਰ ਹੈ, ਅਸੀਂ ਨਹੀਂ ਚਾਹੁੰਦੇ ਕਿ ਗੁਰਬਾਣੀ ਦੀ ਵੀਚਾਰ ਹੋਵੇ, ਕਿਉਂਕਿ, ਵੀਚਾਰ ਨਾਲ ਸਾਨੂੰ ਆਪਣਾ ਜੀਵਨ ਬਦਲਣਾ ਪੈਣਾ ਹੈ; ਪਰ ਅਸੀਂ ਅਪਣਾ ਜੀਵਨ ਬਦਲਣਾ ਨਹੀਂ ਚਾਹੁੰਦੇ, ਤੇ ਨਾ ਹੀ ਵਿਕਾਰਾਂ ਤੋਂ ਉੱਪਰ ਉੱਠਣਾ ਚਾਹੁੰਦੇ ਹਾਂ, ਸਗੋਂ ਪੁਰਾਣੀਆਂ ਜੁਲੀਆਂ ਵਿੱਚ ਹੀ ਉਂਘਲਾਈ ਜਾਣਾ ਪਸੰਦ ਕਰਦੇ ਹਾਂ। ਅਸੀਂ ਨਿਸ਼ਾਨਾ ਮਿੱਥ ਲਿਆ ਹੈ, ਕਿ ਸਿਰਫ ਪੂਜਾ ਹੀ ਕੀਤੀ ਜਾਏ, ਠੇਕੇ ਤੇ ਪਾਠ ਕਰਾ ਲਏ ਜਾਣ ਤੇ ਸਾਨੂੰ ਪ੍ਰਲੋਕ ਦੀਆਂ ਸਿੱਧੀਆਂ ਟਿਕਟਾਂ ਹੀ ਮਿਲ ਜਾਣ।

ਕਿੱਡਾ ਵੱਡਾ ਵੀ ਰਾਜ-ਭਾਗ ਹੋਵੇ ਤੇ ਕਿੰਨਾ ਵੱਡਾ ਉਸ ਦਾ ਖ਼ਜ਼ਾਨਾ ਕਿਉਂ ਨਾ ਹੋਵੇ; ਅਖ਼ੀਰ ਨੂੰ ਖ਼ਜ਼ਾਨੇ ਖਾਲੀ ਹੋ ਜਾਂਦੇ ਹਨ। ਸਿਆਣੇ ਆਖਦੇ ਹਨ ਕਿ ਖਾਧਿਆਂ ਖੂਹ ਖਾਧੇ ਜਾਂਦੇ ਨੇ ਤੇ ਉਹ ਵੀ ਅਖੀਰ ਨੂੰ ਮੁੱਕ ਜਾਂਦੇ ਹਨ। ਕਿੱਡਾ ਵੱਡਾ ਵੀ ਭੰਡਾਰਾ ਹੋਵੇ, ਅਕਸਰ ਨੂੰ ਮੁੱਕ ਹੀ ਜਾਂਦਾ ਹੈ। ਪਰ ਗੁਰਬਾਣੀ ਤਾਂ ਅਜੇਹਾ ਖ਼ਜ਼ਾਨਾ ਹੈ ਜੋ ਕਦੇ ਵੀ ਮੁੱਕਣ ਵਾਲਾ ਨਹੀਂ ਹੈ। ਅਗਲ਼ੀਆਂ ਤੁਕਾਂ ਵਿੱਚ ਹੋਰ ਗਹਿਰੀ ਰਮਜ਼ ਹੈ:----

ਖਾਵਹਿ ਖਰਚਹਿ ਰਲਿ ਮਿਲਿ ਭਾਈ॥

ਤੋਟਿ ਨ ਆਵੈ ਵਧਦੋ ਜਾਈ॥

ਆਮ ਕਰਕੇ ਕੋਈ ਵੀ ਕਿਤਾਬ ਪੜ੍ਹੀਏ ਤਾਂ ਸਮਝ ਘੱਟ ਲੱਗਦੀ ਹੈ। ਫਿਰ ਕਿਸੇ ਉਸਤਾਦ ਦਾ ਸਹਾਰ ਲੈਣਾ ਪੈਂਦਾ। ਉਸ ਨਾਲ ਵਿਚਾਰ ਕੀਤਿਆਂ ਸਹਿਜੇ ਹੀ ਸਮਝ ਆ ਜਾਂਦੀ ਹੈ। ਸਿੱਖ ਪੰਥ ਅੰਦਰ ਏਸੇ ਲਈ ਸੰਗਤ ਤੇ ਜ਼ਿਅਦਾ ਜ਼ੋਰ ਦਿੱਤਾ ਹੈ। “ਰਲਿ ਮਿਲਿ” ਦਾ ਭਾਵ ਸਾਧ ਸੰਗਤ ਵਿੱਚ ਸ਼ਬਦ ਦੀ ਵੀਚਾਰ, “ਖਾਵਹਿ” —ਗੁਰਬਾਣੀ ਪੜ੍ਹਨੀ, “ਖਰਚਹਿ” ਵੀਚਾਰਨੀ ਹੈ। ਇਹ ਵੀਚਾਰਾਂ ਕਦੇ ਵੀ ਖ਼ਤਮ ਨਹੀਂ ਹੁੰਦੀਆਂ। ਗੁਰਬਾਣੀ ਅੰਦਰ ਜੀਵਨ ਜਾਚ ਦੀਆਂ ਡੂੰਘੀਆਂ ਵੀਚਾਰਾਂ ਹਨ। ਗੁਣਾਂ ਦੀ ਕਦੇ ਵੀ ਤੋਟ ਨਹੀਂ ਆ ਸਕਦੀ। ਚੰਗੀਆਂ ਵੀਚਾਰਾਂ ਨਾਲ ਚੰਗੇ ਗੁਣ ਪੈਦਾ ਹੁੰਦੇ ਹਨ। ਇਹਨਾਂ ਪੰਕਤੀਆਂ ਅੰਦਰ ਸੰਗਤ ਵਿੱਚ ਬੈਠ ਕੇ ਗੁਰਬਾਣੀ ਦੇ ਗੁਣਾਂ ਦੀ ਵੀਚਾਰ ਕਰਨ `ਤੇ ਜ਼ੋਰ ਦਿੱਤਾ ਗਿਆ ਹੈ। ਇਹਨਾਂ ਭੰਡਾਰਿਆਂ ਦੀ ਕਦੇ ਵੀ ਤੋਟ ਨਹੀਂ ਆ ਸਕਦੀ ਹੈ।

ਅਖ਼ੀਰਲੀਆਂ ਤੁਕਾਂ ਵਿੱਚ ਮਸਤਕ ਲੇਖਾਂ ਦੀ ਗੱਲ ਕੀਤੀ ਗਈ ਹੈ। ਜਿਸ ਦੇ ਮੱਥੇ ਦੇ ਲੇਖ ਲਿਖੇ ਹੋਣ, ਉਹ ਹੀ ਇਸ ਖ਼ਜ਼ਾਨੇ ਵਿੱਚ ਰਲ਼ ਸਕਦਾ ਹੈ

ਕਹੁ ਨਾਨਕ ਜਿਸੁ ਮਸਤਕਿ ਲੇਖੁ ਲਿਖਾਇ॥

ਸੁ ਏਤੁ ਖਜਾਨੈ ਲਇਆ ਰਲਾਇ॥

ਗੁਰੂ ਅਰਜਨ ਪਾਤਸ਼ਾਹ ਜੀ ਨੇ ਲੇਖਾਂ ਵਲ ਇਸ਼ਾਰਾ ਕੀਤਾ ਹੈ। ਮੱਥੇ ਦੇ ਲੇਖਾਂ ਨੂੰ ਲਿਖਾਉਣਾ ਹੈ। ਪਹਿਲਾ ਨੁਕਤਾ ਏ ਕਿ ਅਸੀਂ ਧੰਨਵਾਨ ਤੇ ਭਾਗਾਂ ਵਾਲੇ ਹਾਂ ਕਿਉਂਕਿ ਸਾਡੇ ਪਾਸ ਪਿਉ—ਦਾਦੇ ਦਾ ਅਮੋਲਕ ਖ਼ਜ਼ਾਨਾ ਹੈ। ਇਸ ਖ਼ਜ਼ਾਨੇ ਵਿੱਚ ਕੀਮਤੀ ਰਤਨ ਪਏ ਹੋਏ ਹਨ। ਇਹ ਗੁਣਾਂ ਦਾ ਖ਼ਜ਼ਾਨਾ ਹੈ। ਦੱਸਣ ਦਾ ਯਤਨ ਕੀਤਾ ਗਿਆ ਹੈ ਕਿ ਗੁਰਬਾਣੀ ਅਤੇ ਇਤਿਹਾਸ ਦੇ ਕੀਮਤੀ ਵਿਰਸੇ ਕਰਕੇ ਅਸੀਂ ਬਹੁਤ ਹੀ ਅਮੀਰ ਹਾਂ। ਫਿਰ ਸੰਗਤ ਵਿੱਚ ਆ ਕਿ ਗੁਣਾਂ ਦੀ ਵੀਚਾਰ ਚਰਚਾ ਸੁਣ ਕੇ ਅਸੀਂ ਜੀਵਨ ਵਿੱਚ ਅਪਨਾਉਂਣਾ ਹੈ। ਜਿਉਂ ਹੀ ਅਸੀਂ ਗੁਣਾਂ ਨੂੰ ਅਪਨਾਉਣ ਦਾ ਯਤਨ ਕਰਾਂਗੇ, ਸਾਡਾ ਸੁਭਾਅ ਉਹੋ ਜੇਹਾ ਹੀ ਬਣਨਾ ਸ਼ੁਰੂ ਹੋ ਜਾਏਗਾ। ਇਸ ਨੂੰ ਕਹਾਂਗੇ ਮੱਥੇ ਦੇ ਲੇਖ ਲਿਖੇ। ਪਰਮਾਤਮਾ ਨੇ ਸੰਸਾਰ ਨੂੰ ਥਾਪ ਦਿੱਤਾ ਹੈ, ਨਾਲ ਹੀ ਸਦੀਵ—ਕਾਲ ਨਿਆਂ, ਨਿਯਮ ਥਾਪ ਦਿੱਤੇ ਹਨ। ਇਹ ਨਿਯਮਾਵਲ਼ੀ ਤਬਦੀਲ ਨਹੀਂ ਹੁੰਦੀ। ਹੁਣ ਕਿਸੇ ਕਾਰੀਗਰ ਨੇ ਬਿਜਲੀ ਫਿੱਟ ਕੀਤੀ ਹੈ, ਬਲਬ ਨਹੀਂ ਜਗਿਆ, ਪੱਖਾ ਨਹੀਂ ਚੱਲਿਆ, ਟੀ ਵੀ ਨਹੀਂ ਚੱਲਿਆ ਤਾਂ ਇਸ ਦਾ ਅਰਥ ਇਹ ਨਹੀਂ ਕਿ ਬਿਜਲੀ ਦੀ ਨਿਯਮਾਵਲੀ ਵਿੱਚ ਕੁੱਝ ਫਰਕ ਆ ਗਿਆ ਹੈ ਜਾਂ ਬਿਜਲੀ ਵਿੱਚ ਕੁੱਝ ਨੁਕਸ ਹੈ। ਹਾਂ ਨੁਕਸ ਫਿਟਿੰਗ ਵਿੱਚ ਹੋ ਸਕਦਾ ਹੈ। ਹੁਣ ਕਾਰੀਗਰ ਬਿਜਲੀ ਨੂੰ ਬੁਰਾ ਭਲਾ ਆਖੇ ਇਹ ਕਾਰੀਗਰ ਦੀ ਮੂਰਖਤਾ ਹੀ ਹੋ ਸਕਦੀ ਹੈ। ਬਿਜਲੀ ਨੂੰ ਬੁਰਾ—ਭਲਾ ਕਹਿਣ ਦੀ ਬਜਾਏ ਦੁਬਾਰਾ ਜੋੜ ਚੈੱਕ ਕਰੇ ਤਾਂ ਨੁਕਸ ਲੱਭ ਸਕਦਾ ਹੈ। ਇੰਜ ਹੀ ਅਸਾਂ ਨੇ ਪਰਮਾਤਮਾ ਦੇ ਨਿਯਮ ਨੂੰ ਸਮਝਣਾ ਹੈ ਤੇ ਜਿਵੇਂ ਜਿਵੇਂ ਸਮਝਣ ਦਾ ਯਤਨ ਕਰਾਂਗੇ, ਮੱਥੇ ਦਾ ਲੇਖ ਲਿਖਿਆ ਜਾਏਗਾ। ਰੱਬੀ ਹੁਕਮ ਬੱਚੇ ਦੇ ਜਨਮ ਲੈਣ ਨਾਲ ਹੀ ਸ਼ੁਰੂ ਹੋ ਜਾਂਦਾ ਹੈ। ਜੇਹੋ ਜੇਹੀ ਪ੍ਰਣਾਲੀ ਅਪਨਾਵਾਂਗੇ, ਉਹੋ ਜੇਹੇ ਹੀ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ। ਅਸੀਂ ਆਪਣਾ ਸੁਭਾਅ ਤਬਦੀਲ ਕਰਨ ਲਈ ਤਿਆਰ ਨਹੀਂ ਹਾਂ। ਸਾਡੇ ਕੀਤੇ ਕਰਮਾਂ ਦਾ ਹੀ ਫ਼ਲ਼ ਸਾਨੂੰ ਮਿਲਨਾ ਹੈ ਪਰ ਦੁਖਾਂਤ ਇਹ ਹੈ ਕਿ ਕੋਈ ਮਾੜਾ ਨਤੀਜਾ ਆ ਗਿਆ ਤਾਂ ਓਸੇ ਵੇਲੇ ਹੀ ਅਸੀਂ ਪਰਮਾਤਮਾ ਨੂੰ ਦੋਸ਼ ਦੇਣ ਲੱਗ ਪੈਂਦੇ ਹਾਂ। “ਮਸਤਕਿ ਲੇਖਿ ਲਿਖਇ” ਸ਼ਬਦ ਵਿਚਲੇ ਗੁਣਾਂ ਨੂੰ ਅਪਨਾਇਆਂ, ਗੁਰੂ ਦੇ ਖ਼ਜ਼ਾਨੇ ਦੇ ਭਾਗੀਦਾਰ, ਹਿੱਸੇਦਾਰ ਬਣ ਸਕਦੇ ਹਾਂ। “ਏਤੁ ਖਜਾਨੈ ਲਇਆ ਰਲਾਇ” ਸਤਸੰਗੀ ਬਣ ਜਾਂਦਾ ਹੈ। ਖਾਲਸਾ ਪੰਥ ਦਾ ਨਿਰੋਆ ਅੰਗ ਬਣ ਸਕਦਾ ਹੈ। ਕੋਈ ਬੱਚਾ ਸਕੂਲ ਵਿੱਚ ਦਾਖ਼ਲ ਕਰਾਉਂਦੇ ਹਾਂ। ਜਿਵੇਂ ਬੱਚਾ ਸਕੂਲ ਵਿੱਚ ਪੜ੍ਹਾਈ ਕਰਦਾ ਹੈ ਤਿਵੈਂ ਤਿਵੇਂ ਉਸ ਦੇ ਮੱਥੇ ਦਾ ਭਾਗ ਬਣਦਾ ਜਾਂਦਾ ਹੈ। ਅਸੀਂ ਅਮੀਰ ਹੁੰਦੇ ਹੋਏ ਵੀ ਆਤਮਿਕ ਤਲ਼ `ਤੇ ਗ਼ਰੀਬ ਬਣੇ ਬੈਠੇ ਹਾਂ ਤੇ ਬੇ—ਲੋੜਾ ਕਿਸਮਤ ਨੂੰ ਕੋਸ ਰਹੇ ਹੁੰਦੇ ਹਾਂ। ਗੁਰਬਾਣੀ ਜੀਵਨ ਜਾਚ ਸਿਖਾਉਂਦੀ ਹੈ। “ਜਿਸੁ ਮਸਤਕਿ ਲੇਖਿ ਲਿਖਾਇ” ਜਿਸ ਦੇ ਮੱਥੇ ਦੇ ਲੇਖ ਲਿਖੇ ਹੁੰਦੇ ਹਨ। ਕਿਸ ਦੇ ਲਿਖੇ ਹੁੰਦੇ ਹਨ? ਜੋ ਸ਼ਬਦ ਵਿਚਲੇ ਨਿਯਮਾਂ ਨੂੰ ਅਪਨਾ ਲੈਂਦਾ ਹੈ, ਉਹ ਹੀ ਏਸ ਖ਼ਜ਼ਾਨੇ ਨਾਲ਼ ਰਲ਼ਦਾ ਹੈ।




.