. |
|
ਕਉਣ ਮਾਸ ਕਉਣ ਸਾਗ ਕਹਾਵੈ?
(ਕਿਸ਼ਤ ਨੰ: 01)
ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ
ਮਿਸ਼ਨਰੀ, ਦਿੱਲੀ
ਗੁਰੂ ਨਾਨਕ ਪਾਤਸ਼ਾਹ ਦਾ ਵਿਸ਼ਵ ਵਿਆਪੀ ਧਰਮ, ਸਿੱਖ ਧਰਮ-ਜਿਸਨੇ ਸਾਰੇ ਸੰਸਾਰ
ਨੂੰ ਹਰ ਪਖੋਂ ਅਗਵਾਹੀ ਦੇਣੀ ਸੀ ਅਜ ਖੁੱਦ ਅਨੇਕਾਂ ਉਲਝਣਾ `ਚ ਜੱਕੜਿਆ ਪਿਆ ਹੈ। ਦੇਖਿਆ ਜਾਵੇ ਤਾਂ
ਮੁੱਖ ਤੌਰ ਤੇ ਇਨ੍ਹਾਂ ਉਲਝਣਾ ਦੇ ਪੈਦਾ ਹੋਣ ਦੇ ਅਤੇ ਨਿੱਤ ਵੱਧਦੇ ਜਾਣ ਦੇ ਦੋ ਹੀ ਕਾਰਣ ਹਨ।
ਪਹਿਲਾ- ਗੁਰਬਾਣੀ `ਚ
ਗੁਰਦੇਵ ਨੇ ਗੁਰਸਿੱਖ ਅਥਵਾ ਪੰਥ ਨੂੰ ਜੋ ਸੇਧ ਬਖਸ਼ੀ ਉਹ ਹੈ “ਹੋਇ ਇਕਤ੍ਰ ਮਿਲਹੁ ਮੇਰੇ ਭਾਈ
ਦੁਬਿਧਾ ਦੂਰਿ ਕਰਹੁ ਲਿਵ ਲਾਇ॥ ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ”
(ਪੰ: 1185)।
ਇਸਦੇ ਉਲਟ ਗੁਰੂ ਕਾ ਸਿੱਖ ਅਜ ਗੁਰੂ ਦੇ ਨਿਰਮਲ ਭਉ ਅਤੇ ਸਤਿਕਾਰ ਨੂੰ ਤਿਆਗ ਕੇ ਕੇਵਲ ਅਪਣਾ ਮੱਤ
ਦੂਜਿਆਂ ਤੇ ਠੋਸਣ ਦਾ ਜੱਤਨ ਕਰ ਰਿਹਾ ਹੈ। ਕਈ ਵਾਰੀ ਤਾਂ ਇਸ ਦੀ ਹੱਦ ਇਥੋਂ ਤੀਕ ਅਗੇ ਵੱਧ ਜਾਂਦੀ
ਹੈ ਕਿ ਅਪਣੇ ਮੱਤ ਨੂੰ ਥੋਪਣ ਦੀ ਨੀਯਤ ਨਾਲ ਗੁਰਬਾਣੀ ਅਰਥਾਂ-ਸਿਧਾਂਤਾਂ ਤੀਕ ਦੀ ਤੋੜ-ਮਰੋੜ ਕਰ
ਦਿੱਤੀ ਜਾਂਦੀ ਹੈ।
ਦੂਜਾ- ਗੁਰੂ ਸਰੂਪਾਂ
ਸਮੇਂ ਅਜ ਦੀ ਤਰ੍ਹਾਂ ਗੁਰਦੁਆਰਿਆਂ ਉਪਰ ਵੱਖ ਪ੍ਰਬੰਧਕੀ ਢਾਂਚਾ ਨਹੀਂ ਸੀ। ਉਦੋਂ ਗੁਰਦੁਆਰੇ ਨਹੀਂ,
ਧਰਮਸਾਲਾਵਾਂ ਸਨ। ਸਹੀ ਅਰਥਾਂ `ਚ ਗੁਰਬਾਣੀ-ਧਰਮ ਨੂੰ ਕਮਾਉਣ ਦੇ ਕੇਂਦਰ। ਇਸ ਲਈ ਉਥੇ ਯੋਗਤਾ ਦੇ
ਆਧਾਰ ਤੇ ਸੰਗਤਾਂ ਦੀ ਤਿਆਰੀ ਲਈ ਪ੍ਰਚਾਰਕ ਥਾਪੇ ਜਾਂਦੇ ਸਨ। ਫ਼ਿਰ ਇਨ੍ਹਾਂ ਪ੍ਰਚਾਰਕਾਂ ਦੇ ਜੀਵਨ
ਨਿਰਬਾਹ ਲਈ ਉਨ੍ਹਾਂ ਦਾ ਕਿੱਤਾ ਕੋਈ ਦੂਜਾ ਹੋਵੇ ਜਾਂ ਗੁਰਮਤਿ ਦਾ ਪ੍ਰਚਾਰ। ਜਿਵੇਂ ਭਾਈ ਮਨਸੁੱਖ,
ਭਾਈ ਕਲਿਆਣਾ ਆਦਿ, ਸਿੱਖ ਧਰਮ ਦੇ ਮਹਾਨ ਪ੍ਰਚਾਰਕ ਵੀ ਸਨ ਪਰ ਇਨ੍ਹਾਂ ਦੀ ਰੋਟੀ ਰੋਜ਼ੀ ਦੇ ਕਿੱਤੇ
ਦੂਜੇ ਸਨ। ਇਸਦੇ ਨਾਲ ਹੀ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਭਾਈ ਬਿਧੀ ਚੰਦ ਆਦਿ, ਇਨ੍ਹਾਂ ਦਾ
ਕਿੱਤਾ ਵੀ ਸਿੱਖ ਧਰਮ ਦਾ ਪ੍ਰਚਾਰ ਹੀ ਸੀ ਅਤੇ ਜੀਵਨ ਵੀ ਪ੍ਰਚਾਰ। ਇਸੇਤਰ੍ਹਾਂ ਤੀਜੇ ਪਾਤਸ਼ਾਹ ਸਮੇਂ
੨੨ ਮੰਜੀਆਂ `ਤੇ ੫੨ ਪੀੜ੍ਹੇ, ਉਪ੍ਰੰਤ ਚੌਥੇ ਪਾਤਸ਼ਾਹ ਸਮੇਂ ਮਸੰਦ ਪ੍ਰਥਾ। ਅੱਜ ਦੀ ਤਰ੍ਹਾਂ ਕੇਵਲ
ਰੋਟੀ-ਰੋਜ਼ੀ ਦੇ ਵਿਸ਼ੇ ਨੂੰ ਲੈਕੇ ਆਪ ਬਣੇ, ਸਿੱਖ ਧਰਮ ਦੇ ਪ੍ਰਚਾਰਕ ਕਦੇ ਵੀ ਨਹੀਂ ਸਨ ਹੁੰਦੇ।
ਇਥੋਂ ਤੀਕ ਕਿ ਜਦੋਂ ਮਸੰਦ ਪ੍ਰਥਾ `ਚ ਵਿਘਨ ਆ ਗਿਆ ਤਾਂ ਦਸਮੇਸ਼ ਜੀ ਨੇ ਇਸ ਪ੍ਰਥਾ ਦਾ ਹੀ ਭੋਗ ਪਾ
ਦਿੱਤਾ। ਮੁੱਕਦੀ ਗਲ, ਉਦੋਂ ਸਿੱਖ ਧਰਮ ਦਾ ਪ੍ਰਚਾਰ ਅਜ ਦੀ ਤਰ੍ਹਾਂ ‘ਬੇ ਪੈਂਦੇ ਦਾ ਲੋਟਾ’ ਜਾਂ
ਬੱਚਿਆਂ ਦੇ ਹੱਥਾਂ `ਚ ‘ਅੱਗ ਦੀ ਖੇਡ’ ਵਾਲੀ ਗਲ ਨਹੀਂ ਸੀ। ਇਸ ਅਤਿ ਜ਼ਰੂਰੀ ਅਤੇ ਮੂਲ ਵਿਸ਼ੇ ਨੂੰ
ਪਹਿਲੇ ਪਾਤਸ਼ਾਹ ਤੋਂ ਲੈਕੇ ਦਸਮੇਸ਼ ਜੀ ਤੀਕ ਬਹੁਤ ਜ਼ਿਮੇਵਾਰੀ ਨਾਲ ਨਿਭਾਇਆ ਗਿਆ। ਗੁਰਦੇਵ ਦਾ ਇਸ
ਸੰਸਥਾ ਉਪਰ ਸਖਤ ਕੁੰਡਾ ਹੁੰਦਾ ਸੀ। ਨਤੀਜਾ ਸੀ ਕਿ ਗੁਰਬਾਣੀ ਜੀਵਨ-ਸੇਧ ਜਿਸ ਰਸਤੇ ਸੰਗਤਾਂ ਤੀਕ
ਪੁੱਜਦੀ ਸੀ ਉਹ ਰਸਤਾ ਅਤੀ ਸੁਅੱਛ `ਤੇ ਨਿਰਮਲ ਸੀ। ਉਦੋਂ ਹਰੇਕ ਪ੍ਰਚਾਰਕ ਗੁਰਬਾਣੀ ਜੀਵਨ ਵਾਲਾ,
ਸੁਲਝਿਆ ਅਤੇ ਯੋਗ ਹੁੰਦਾ ਸੀ, ਅਜ ਵਾਲਾ ਲੇਖਾ ਨਹੀਂ ਸੀ।
ਇਸਦੇ ਉਲਟ ਅਜੋਕਾ ਪ੍ਰਚਾਰਕ ਬਹੁਤਾ ਕਰਕੇ ਉਹ ਹੈ ਜੋ ਜੀਵਨ ਦੇ ਹਰੇਕ ਪੱਖ
ਤੇ ਅਸਫ਼ਲ, ਪੱਛੜਿਆ, ਸਿੱਖੀ ਜੀਵਨ ਤੋਂ ਕੋਰਾ, ਸੰਸਾਰਕ ਵਿਦਿਆ ਪਖੋਂ ਬਹੁਤਾ ਕਰਕੇ ਅਣਪੜ੍ਹ ਅਤੇ
ਅਵੱਲ ਦਰਜੇ ਦਾ ਚਾਪਲੂਸ ਹੁੰਦਾ ਹੈ। ਫ਼ਿਰ ਇਹ ਚਾਪਲੂਸੀ ਵੀ ਉਨ੍ਹਾਂ ਪ੍ਰਬੰਧਕਾਂ ਸੰਨਮੁੱਖ,
ਬਹੁਤਾ-ਕਰਕੇ ਜਿਹੜੇ ‘ਛੱਕਣ-ਡੀਕਣ’ ਵਾਲੇ ਅਤੇ ਸ਼ਰਾਬਾਂ ਆਦਿ ਵੰਡਣ ਦੇ ਕੁਕਰਮ ਕਰਕੇ, ਚੋਣਾਂ ਦੇ
ਜ਼ਲੀਲ ਰਸਤੇ ਚੁਣ ਕੇ ਆਏ ਹੁੰਦੇ ਹਨ। ਅਜੇਹੇ ਅਧੀਨ ਪ੍ਰਚਾਰਕਾਂ ਵਿਚੋਂ ਜਦੋਂ ਬਹੁਤਿਆਂ ਨੇ ਤਾਂ ਆਪ
ਹੀ ਗੁਰਮਤਿ ਤੋਂ ਕੁੱਝ ਲੈਣਾ ਦੇਣਾ ਨਹੀਂ ਹੁੰਦਾ ਤਾਂ ਉਨ੍ਹਾਂ ਨੇ ਸੰਗਤਾਂ ਨੂੰ ਕੀ ਦੇਣਾ ਹੁੰਦਾ
ਹੈ। ਖੂਬੀ ਇਹ ਕਿ ਗੁਰੂ ਨਾਨਕ ਪਾਤਸ਼ਾਹ ਦੇ ਆਲਮਗੀਰੀ, ਰੱਬੀ ਅਤੇ ਇਲਾਹੀ ਧਰਮ ਭਾਵ ਸਿੱਖ ਧਰਮ ਦੇ
ਪ੍ਰਚਾਰ ਲਈ ਜਿਸ ਚੋਣਾਂ ਵਾਲੇ ਢੰਗ ਨੂੰ ਅਸਾਂ ਜੱਫਾ ਮਾਰ ਰਖਿਆ ਹੈ, ਸੰਸਾਰ ਭਰ ਦੇ ਕਿਸੇ ਮਾੜੇ
ਤੋਂ ਮਾੜੇ ਧਰਮ ਜਾਂ ਸੰਪ੍ਰਦਾ ਨੂੰ ਚਲਾਉਣ ਲਈ ਵੀ ਕਿਸੇ ਨੇ ਚੋਣਾਂ ਦੇ ਸਿਸਟੱਮ ਨੂੰ ਨਹੀਂ
ਅਪਣਾਇਆ।
ਇੰਨਾ ਹੀ ਨਹੀਂ ਅਜੋਕੇ ਸਮੇਂ ਸਿੱਖ ਧਰਮ ਦੇ ਪ੍ਰਚਾਰ ਲਈ ਨਾ ਪ੍ਰਬੰਧਕ ਤੇ
ਕੁੰਡਾ ਹੈ `ਤੇ ਨਾ ਹੀ ਪ੍ਰਚਾਰਕ ਤੇ। ਇਸ ਤੋਂ ਵੱਧ ਪ੍ਰਚਾਰਕ ਦੀ ਤਿਆਰੀ ਲਈ ਪ੍ਰਬੰਧ ਤਾਂ ਦੂਰ,
ਅਜੋਕਾ ਪ੍ਰਚਾਰਕ ਤਾਂ ਹੈ ਹੀ ਪ੍ਰਬੰਧਕ ਦੀ ਮੁੱਠੀ `ਚ। ਇਸ ਸਾਰੇ ਦਾ ਨਤੀਜਾ, ਗੁਰਬਾਣੀ ਦੀ ਸਿੱਖੀ
ਤਾਂ ਅਸੀਂ ਦੇ ਹੀ ਨਹੀਂ ਰਹੇ; ਦੇ ਰਹੇ ਹਾਂ ਤਾਂ ਭਾਂਤ-ਭਾਂਤ ਦੀਆਂ ਸਿੱਖੀਆਂ। ਜਿੰਨੇ ਪ੍ਰਬੰਧਕ
ਉਨੀਆਂ ਸਿੱਖੀਆਂ-ਜਿੰਨੇ ਪ੍ਰਚਾਰਕ ਉਨੀਆਂ ਸਿੱਖੀਆਂ। ਸਿਖੀਆਂ ਦੀ ਭਰਮਾਰ ਪਰ ਗੁਰੂ ਨਾਨਕ-ਗੁਰੂ
ਗੋਬਿੰਦ ਸਿੰਘ ਜੀ ਦੀ ਸਿੱਖੀ ਨਦਾਰਦ। ਇਹੀ ਹੈ ਵੱਡਾ ਦੁਖਾਂਤ ਅਜੌਕੀਆਂ ਪੰਥ ਪੱਧਰ ਦੀਆਂ ਸਾਰੀਆਂ
ਖਿਚਾਤਾਣੀਆਂ ਦਾ। ਉਪ੍ਰੰਤ ਦੋਸ਼ ਦਿੱਤਾ ਜਾਂਦਾ ਹੈ ਉਲਾਦ ਨੂੰ ‘ਬੱਚੇ ਮੰਨਦੇ ਨਹੀਂ. ਬੱਚੇ ਸੁਣਦੇ
ਨਹੀਂ’। ਆਖਿਰ ਉਹ ਮੰਨਣ ਕੀ! ਇਸਤਰ੍ਹਾਂ ਉਨ੍ਹਾਂ ਨੂੰ ਸਿੱਖੀ ਤੋਂ ਬਾਗ਼ੀ ਕਰਨ ਦਾ ਸਾਮਾਨ ਤਾਂ ਦਿਨ
ਰਾਤ ਅਸੀਂ ਆਪ ਦੇ ਰਹੇ ਹਾਂ, ਕੋਈ ਬਾਹਰ ਦਾ ਨਹੀਂ।
ਕਿਆ ਕਮਾਲ ਹੈ, ਵਾਜੇ ਢੋਲਕੀਆਂ ਸਾਜ਼ਾਂ ਨਾਲ ਉਚੀ ਉਚੀ ਗਾਇਨ ਕਰਨ ਲਈ ਤਾਂ
ਅਸੀਂ ਮਾਹਿਰ ਹਾਂ “ਮੇਰੀ ਮਤਿ ਬਉਰੀ ਮੈ ਰਾਮੁ ਬਿਸਾਰਿਓ” (ਪੰ: ੪੮੨) ਪਰ ਦੂਜਿਆਂ ਉਪਰ
ਥੋਪਦੇ ਹਾਂ ਕਿ ਮੇਰੇ ਤੋਂ ਕੋਈ ਵੱਧ ਸਿਆਣਾ ਪੈਦਾ ਨਹੀਂ ਹੋਇਆ। ਪੜ੍ਹਦੇ ਹਾਂ “ਹਮ ਨਹੀ ਚੰਗੇ
ਬੁਰਾ ਨਹੀ ਕੋਇ॥ ਪ੍ਰਣਵਤਿ ਨਾਨਕੁ ਤਾਰੇ ਸੋਇ” (ਪੰ: ੭੨੮) ਪਰ ਸਾਡਾ ਅਮਲ ਹੁੰਦਾ ਹੈ ਕਿ ਸਾਡੇ
ਤੋਂ ਵੱਧ ਸਿਆਣਾ ਸਾਰੇ ਸੰਸਾਰ `ਚ ਹੀ ਪੈਦਾ ਨਹੀਂ ਹੋਇਆ, ਸਭ ਤੋਂ ਵੱਧ ਸਿਆਣੇ ਅਸੀਂ ਆਪ ਹੀ ਹਾਂ।
ਗੁਰਬਾਣੀ ਦੀ ਘੋਰ ਬੇਅਦਬੀ-
ਆਮ ਦੇਖਣ `ਚ ਆ ਰਿਹਾ ਹੈ ਕਿ ਅਪਣੀ ਵਿਚਾਰ ਨੂੰ ਦੂਜਿਆਂ ਤੇ ਥੋਪਣ ਲਈ ਗੁਰਬਾਣੀ ਅਰਥਾਂ ਦੇ ਅਨਰਥ
ਤਾਂ ਹੋ ਹੀ ਰਹੇ ਹਨ। ਇਸ ਤੋਂ ਮਾੜੀ ਗਲ ਇਹ ਹੋ ਰਹੀ ਹੈ ਜਦੋਂ ਗੁਰਬਾਣੀ ਦੇ ਅਰਥ ਸਿਧਾਂਤ ਨੂੰ
ਛਿੱਕੇ ਟੰਗ ਕੇ ਕਈ ਵਾਰੀ ਕੁੱਝ ਸੱਜਣ ਇੰਨੇ ਆਪਹੁੱਦਰੇ ਹੋ ਜਾਂਦੇ ਹਨ ਕਿ ਸ਼ਬਦ ਜਾਂ ਅਮੁੱਕੀ ਬਾਣੀ
ਰਚਨਾ ਦਾ ਮੂਲ ਵਿਸ਼ਾ ਕੁੱਝ ਵੀ ਹੋਵੇ, ਉਥੇ ਉਨ੍ਹਾਂ ਨੇ ਤਾਂ ਕੇਵਲ ਆਪਣੀ ਮਰਜ਼ੀ ਦੀ ਪੰਕਤੀ ਚੁੱਕ
ਲੈਣੀ ਹੈ ਤੇ ਕੰਮ ਚਲਾ ਲੈਣਾ ਹੈ। ਫ਼ਿਰ ਭਾਵੇਂ ਪਰੀਪੇਖ ਅਨੁਸਾਰ ਉਸ ਸ਼ਬਦ `ਚ ਗੁਰਦੇਵ ਕੁੱਝ ਵੀ
ਸਮਝਾ ਰਹੇ ਹੋਣ, ਉਨ੍ਹਾਂ ਦਾ ਉਸ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ, ਇਹੀ ਹੈ ਉਹ ਕਾਰਾ ਅਜ ਜੋ ਆਮ
ਹੋ ਰਿਹਾ ਹੈ।
ਅਸਲ `ਚ ਇਸ ਤਰੀਕੇ ਅਸੀਂ ਗੁਰਬਾਣੀ ਦੀ ਘੋਰ ਬੇਅਦਬੀ ਤਾ ਕਰ ਹੀ ਰਹੇ ਹਾਂ
ਇਸਦੇ ਨਾਲ ਨਾਲ ਕੌਮ ਦੀ ਅਜੌਕੀ ਤੱਬਾਹੀ ਦੇ ਵੀ ਜ਼ਿਮੇਵਾਰ ਹਾਂ। ਇਸਤਰ੍ਹਾਂ ਮੌਜੂਦਾ ਪੰਥਕ ਤੱਬਾਹੀ
ਬਹੁਤ ਵੱਡੇ ਕਾਰਨਾ ਵਿਚੋਂ ਇਹ ਵੀ ਇੱਕ ਕਾਰਨ ਹੈ। ਸਾਨੂੰ ਚੇਤੇ ਰਖਣਾ ਚਾਹੀਦਾ ਹੈ ਕਿ ਗੁਰੂ ਪਿਤਾ
ਨੇ ਬਾਣੀ `ਚ ਕੇਵਲ ਇੱਕ ਲਫ਼ਜ਼ ‘ਮੁਸਲਮਾਨ’ ਤੋਂ ‘ਬੇਈਮਾਨ’ ਵਾਲੀ ਤਬਦੀਲੀ ਕਰਨ `ਤੇ ਅਪਣੇ ਲਖਤੇ
ਜਿਗਰ ਤੀਕ ਨੂੰ ਮੂੰਹ ਨਹੀਂ ਸੀ ਲਾਇਆ, ਤਾਂਤੇ ਵਿਚਾਰਣ ਦਾ ਵਿਸ਼ਾ ਹੈ ਕਿ ਸਾਡੀਆਂ ਅਜੇਹੀਆਂ
ਆਪਹੁਦਰੀਆਂ ਬਦਲੇ ਸਾਡਾ ਕੀ ਹਾਲ ਹੋ ਸਕਦਾ ਹੈ। ਜ਼ਰੂਰੀ ਹੈ, ਗੁਰਬਾਣੀ ਚੋਂ ਜਦੋਂ ਅਸਾਂ ਕਿਸੇ ਵੀ
ਪੰਕਤੀ ਨੂੰ ਪ੍ਰਮਾਣ ਵਜੋਂ ਇਸਤੇਮਾਲ ਕਰਨਾ ਹੈ ਤਾਂ ਉਹ ਪੰਕਤੀ ਉਸੇ ਪਰੀਪੇਖ `ਚ ਹੋਵੇ, ਜਿਸ
ਪਰੀਪੇਖ `ਚ ਅਪਣੀ ਅਸਲ ਜਗ੍ਹਾ ਤੇ ਬਾਣੀ `ਚ ਵਰਤੀ ਗਈ ਹੋਵੇ।
ਉਲਝਣ ਮਾਸ ਦੇ ਭੋਜਨ ਲਈ ਵੀ-
ਪੰਥ ਦੀਆਂ ਉਨ੍ਹਾਂ ਉਲਝੀਆਂ ਤੰਦਾ ਵਿਚੋਂ ਇੱਕ ਮਸਲਾ ਮਾਸ
ਦੇ ਭੋਜਨ ਦਾ ਹੈ। ਅਸਲ `ਚ ਇਹ ਮਸਲਾ ਹੈ ਵੀ ਜਾਂ ਨਹੀਂ, ਵੱਖਰੀ ਗਲ ਹੈ ਪਰ ਅਜ ਅਸਾਂ ਇਸ ਨੂੰ ਲੈਕੇ
ਸਾਰੀ ਕੌਮ ਨੂੰ ਆਹਮਣੇ ਸਾਹਮਣੇ ਖੜਾ ਕੀਤਾ ਹੋਇਆ ਹੈ। ਇਸ ਵਿਸ਼ੇ ਤੇ ਸਮੂਚੇ ਪੰਥ `ਚ ਦੋ ਧਿਰਾਂ ਇਸ
ਤਰ੍ਹਾਂ ਖੜੀਆਂ ਹਨ ਜਿਵੇ ਮੈਦਾਨੇ-ਜੰਗ `ਚ ਦੋ ਦੁਸ਼ਮਣ। ਅਜੇਹੇ ਦੁਸ਼ਮਣ, ਜਿਹੜੇ ਇੱਕ ਦੂਜੇ ਦੇ ਖੂਨ
ਦੇ ਪਿਆਸੇ ਹੋਵਣ। ਜਦਕਿ ਹੈਣ ਦੋਵੇਂ ਇਕੋ ਗੁਰੂ, ਗੁਰੂ ਗ੍ਰੰਥ ਸਹਿਬ ਦੇ ਸਿੱਖ ਅਤੇ ਸਿੱਖ ਧਰਮ ਦੀ
ਤਾਕਤ। ਤਾਂ ਤੇ ਆਓ! ਸਾਰੇ ਰਲ ਕੇ, ਠੰਡੇ ਦਿਮਾਗ਼ `ਤੇ ਸਿੱਦਕ-ਦਿਲੀ ਨਾਲ ਇਸ ਸਾਰੇ ਵਿਸ਼ੇ ਨੂੰ ਸਮਝਣ
ਦਾ ਜਤਨ ਕਰੀਏ। ਜੇਕਰ ਜਲਦੀ `ਚ ਇੱਕ ਮੱਤ ਨਾ ਵੀ ਹੋ ਸਕੀਏ ਤਾਂ ਵੀ ਇੱਕ ਦੂਜੇ ਦੇ ਪਿਆਰ ਸਤਿਕਾਰ
ਨੂੰ ਕਾਇਮ ਰੱਖਦੇ ਹੋਏ, ਇੱਕ ਦੂਜੇ ਨੂੰ ਬ੍ਰਦਾਸ਼ਤ ਕਰਦੇ ਹੋਏ “ਗੁਰਮੁਖਿ ਬੈਸਹੁ ਸਫਾ ਵਿਛਾਇ”
(ਪੰ: ੧੧੮੫) ਦੇ ਦਾਇਰੇ `ਚ ਰਹਿੰਦੇ ਹੋਏ, ਬਾਰ-ਬਾਰ ਵਿਚਾਰ-ਵਿਟਾਂਦਰੇ ਕਰੀਏ। ਇਹ ਵਿਚਾਰ
ਵਿਟਾਂਦਰੇ ਲਗਾਤਾਰ ਉਦੋਂ ਤੀਕ ਜਾਰੀ ਰਹਿਣ, ਜਦਤੀਕ ਗੁਰਬਾਣੀ ਸੇਧ `ਚ ਇਮਾਨਦਾਰੀ ਨਾਲ ਕਿਸੇ ਸਿੱਟੇ
ਤੇ ਹੀ ਨਾ ਪੁੱਜ ਜਾਵੀਏ। ਜ਼ਿਆਦਾ ਨਹੀਂ ਤਾਂ ਘਟੋ-ਘੱਟ ਆਪਣੀ ਉਲਾਦ ਨੂੰ ਤਾਂ ਇਸ ਵਾਧੂ ਦੀ ਜਿੱਲਣ
ਚੋਂ ਕੱਢ ਕੇ ਹੀ ਜਾਵੀਏ।
ਇਸ ਵਿਸ਼ੇ ਤੇ ਵਿਚਾਰਣ ਜੋਗ ਮੂਲ ਵਿਸ਼ੇ-
ਇਸ ਗੁੰਝਲਾਏ ਵਿਸ਼ੇ ਨੂੰ ਸਿਰੇ ਲਾਉਣ ਲਈ ਕੁੱਝ ਵਿਸ਼ੇ ਜੋ ਖਾਸ ਧਿਆਨ ਮੰਗਦੇ ਹਨ:
੧. ਗੁਰਬਾਣੀ ਵਿੱਚ ਗੁਰਦੇਵ ਨੇ ਮਨੁੱਖ ਨੂੰ ਭੋਜਨ ਸੰਬੰਧੀ ਕੀ ਸਿਧਾਂਤ ਅਤੇ
ਕੀ ਸੇਧ ਬਖਸ਼ੀ ਹੈ।
੨. ਗੁਰਬਾਣੀ ਅਨੁਸਾਰ ਮਾਸ, ਧਰਮ ਦਾ ਮੱਸਲਾ ਹੈ ਵੀ ਜਾਂ ਭੋਜਨ ਦਾ ਹੀ ਵਿਸ਼ਾ
ਹੈ। ਜੇਕਰ ਇਹ ਹੈ ਹੀ ਭੋਜਨ ਦਾ ਵਿਸ਼ਾ ਤਾਂ ਅਸੀ ਲੜ-ਝਗੜ ਕਿਉਂ ਰਹੇ ਹਾਂ।
੩. ਜਿਥੋਂ ਤੀਕ ਭੋਜਨ ਦਾ ਸੁਆਲ ਹੈ, ਇਹ ਤਾਂ ਹਰੇਕ ਮਨੁੱਖ ਨੂੰ ਅਪਣੇ ਸਰੀਰ
ਦੇ ਹਿਸਾਬ ਨਾਲ ਪੱਕਾ ਕਰਨਾ ਹੁੰਦਾ ਹੈ। ਸੁਅੱਸਥ ਰਹਿਣ ਲਈ ਇੱਕ ਦੇ ਸਰੀਰ ਲਈ ਕੋਈ ਵਸਤ ਯੋਗ ਹੁੰਦੀ
ਹੈ ਜਦਕਿ ਦੂਜੇ ਲਈ ਉਹੀ ਅਯੋਗ। ਜੇਕਰ ਮਾਸ ਦੀ ਗਲ ਛੱਡ ਵੀ ਦੇਵੀਏ! ਤਾਂ ਵੀ ‘ਕਿਸੇ ਨੂੰ ਮਾਂਹ
ਬਾਦੀ. . ਕਿਸੇ ਨੂੰ ਮਾਂਹ ਸੁਆਦੀ’ ਅਨੁਸਾਰ ਭੋਜਨ ਇੱਕ ਅਜੇਹਾ ਵਿਸ਼ਾ ਹੈ ਕਿਸੇ ਨੂੰ ਆਲੂ, ਚਾਵਲ,
ਉੜਦ, ਰਾਜਮਾ, ਦੁੱਧ ਜਾਂ ਕੋਈ ਵਸਤ ਜੋਗ ਨਹੀਂ ਪਰ ਦੂਜੇ ਸਰੀਰ ਲਈ ਉਸੇ ਹੀ ਵਸਤ ਨਾਲ ਕੋਈ ਨੁਕਸਾਨ
ਨਹੀਂ। ਇੱਕ ਨੂੰ ਡਾਕਟਰ ਕਹਿੰਦੇ ਹਨ ‘ਦੁੱਧ-ਘਿਉ ਬਿਲਕੁਲ ਨਾ ਲਵੋ’ ਅਤੇ ਦੂਜੇ ਨੂੰ ਉਹੀ ਡਾਕਟਰ
ਕਹਿੰਦਾ ਹੈ… ਬਹੁਤਾ ਲਵੋ ਤਾਂ ਕਿਉਂ?
੪. ਖਾਣ-ਪਾਣ-ਭੋਜਨ ਦੇ ਮੁਆਮਲੇ `ਚ ਕੇਵਲ ਸਰੀਰ ਹੀ ਨਹੀਂ, ਇਸ ਬਾਰੇ
ਬੰਦੇ-ਬੰਦੇ ਦੀ ਆਪਸੀ ਪਸੰਦ `ਚ ਵੀ ਫ਼ਰਕ ਹੁੰਦੇ ਹਨ। ਕੋਈ ਵਸਤ ਇੱਕ ਨੂੰ ਬਹੁਤ ਸੁਆਦੀ `ਤੇ ਪਸੰਦ
ਹੁੰਦੀ ਹੈ ਜਦਕਿ ਦੂਜੇ ਨੂੰ ਬਿਲਕੁਲ ਚੰਗੀ ਨਹੀਂ ਲਗਦੀ। ਤਾਂਤੇ ਕੀ ਦੋਨਾਂ ਨੂੰ ਆਪਸ `ਚ ਇਸ ਲਈ
ਲੜਣਾ ਚਾਹੀਦਾ ਹੈ ਕਿ ਇੱਕ ਦੀ ਪਸੰਦ ਦੂਜੇ ਦੇ ਉਲਟ ਕਿਉਂ ਹੈ। ਇਹ ਦੇਖਣਾ ਵੀ ਜ਼ਰੂਰੀ ਹੈ ਕਿ
ਇਨਸਾਨੀ ਸਰੀਰ ਮੁਤਾਬਕ ਕਿਹੜੀ ਵਸਤ ਯੋਗ ਜਾਂ ਲਾਹੇਵੰਦ ਹੈ ਅਤੇ ਕਿਸਤਰ੍ਹਾਂ ਦੀ ਵਸਤ ਸਰੀਰ
ਵਿਰੋਧੀ?
੫. ਇਹ ਵੀ ਦੇਖਣਾ ਹੈ ਕਿ ਮਾਸ ਦੇ ਵਿਸ਼ੇ ਤੇ ਸਮੁਚੇ ਪੰਥ ਦਾ ਕੀ ਫ਼ੈਸਲਾ ਹੈ?
੬. ਮਾਸ ਖਾਣ ਦੇ ਵਿਰੋਧੀ ਸੱਜਣ ਆਮ ਤੌਰ ਤੇ ਮਾਸ ਨੂੰ ਵਿਕਾਰੀ ਭੋਜਨ ਕਹਿਕੇ
ਨਿੰਦਦੇ ਹਨ। ਕੀ ਸਰੀਰ ਵਿਗਿਆਨ ਅਨੁਸਾਰ ਵੀ ਮਾਸ ਵਿਕਾਰੀ ਭੋਜਨ ਹੈ? ਜੇ ਨਹੀਂ ਤਾਂ ਇਹ ਇਸ ਉਪਰ ਇਹ
ਦੂਸ਼ਨ ਕਿਉਂ?
੭. ਕੀ ਗੁਰਬਾਣੀ ਅਨੁਸਾਰ ਵੀ ਮਾਸ ਵਿਕਾਰੀ ਭੋਜਨ ਹੈ ਜਾਂ ਨਹੀਂ? ਜਾਂ
ਅਜੇਹੀ ਗਲ ਕੇਵਲ ਮਾਸ ਵਿਰੋਧੀਆਂ ਵਲੋਂ ਮਾਸ ਦੇ ਵਿਰੋਧ `ਚ ਕਹਿਣ ਮਾਤ੍ਰ ਹੀ ਹੈ?
੮. ਕੀ ਗੁਰਬਾਣੀ `ਚੋਂ ਵੀ ਅਜੇਹੀ ਸੇਧ ਮਿਲਦੀ ਹੈ ਜਿਸਤੋਂ ਸਪੱਸ਼ਟ ਹੋਵੇ ਕਿ
ਗੁਰਸਿੱਖ ਨੂੰ ਮਾਸ ਖਾਣ ਤੋਂ ਵਰਜਿਆ ਹੈ? ਜੇ ਵਰਜਿਆ ਹੈ ਤਾਂ ਉਹ ਕਿਹੜੇ ਕਿਹੜੇ ਸ਼ਬਦ ਹਨ ਅਤੇ
ਉਨ੍ਹਾਂ ਦੇ ਅਰਥ ਕੀ-ਕੀ ਹਨ?
੯. ਕੀ ਗੁਰਬਾਣੀ ਅਨੁਸਾਰ ‘ਜੀਅ ਦਇਆ’ ਦੇ ਉਹੀ ਅਰਥ ਹਨ ਜੋ ਮਾਸ ਵਿਰੋਧੀ
ਸੱਜਣ ਕਰਦੇ ਹਨ ਜਾਂ ਗੁਰਬਾਣੀ ਅਨੁਸਾਰ ਇਸਦੇ ਅਰਥ ਹੀ ਹੋਰ ਹਨ?
੯. ਗੁਰਬਾਣੀ ਵਿਚੋਂ ਹੀ ਕੁੱਝ ਪੰਕਤੀਆਂ/ਸਬਦਾਂ ਦੇ ਅਰਥ ਮਾਸ ਖਾਣ ਦੇ
ਵਿਰੁਧ ਪ੍ਰਚਾਰੇ ਜਾ ਰਹੇ ਹਨ, ਕੀ ਸੰਬੰਧਤ ਪੰਕਤੀਆਂ/ਸ਼ਬਦਾਂ ਅਨੁਸਾਰ ਉਨ੍ਹਾਂ ਦੇ ਉਹੀ ਅਰਥ ਹਨ
ਜਿਹੜੇ ਮਾਸ ਵਿਰੁਧ ਪ੍ਰਚਾਰੇ ਜਾ ਰਹੇ ਹਨ?
੧੦ ਜੇ ਉਨ੍ਹਾ ਰਚਨਾਵਾਂ ਦੇ ਅਰਥ ਉਹੀ ਹਨ ਜਿਹੜੇ ਮਾਸ ਵਿਰੁਧ ਪ੍ਰਚਾਰੇ ਜਾ
ਰਹੇ ਹਨ ਤਾਂ ਇਹ ਦੁਬਿਧਾ ਖਤਮ ਕਿਉਂ ਨਹੀਂ ਹੋ ਰਹੀ?
੧੧. ਇਸੇਤਰ੍ਹਾਂ ਕੁੱਝ ਸ਼ਬਦ ਉਹ ਹਨ ਜਿਹੜੇ ਮਾਸ ਖਾਣ ਦੇ ਹੱਕ `ਚ ਪ੍ਰਚਾਰੇ
ਜਾਂਦੇ ਹਨ। ਗੁਰਬਾਣੀ ਦਾ ਸਿਧਾਂਤ ਤਾਂ “ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ” (ਪੰ:
੬੪੬) ਵਾਲਾ ਹੈ। ਕਿਸੇ ਵੀ ਸ਼ਬਦ ਦੇ ਇੱਕ ਤੋਂ ਵੱਧ ਅਰਥ ਸੰਭਵ ਹੀ ਨਹੀਂ ਹਨ ਅਤੇ ਬਾਣੀ `ਚ ਕਿਧਰੇ
ਸਵੈ-ਵਿਰੋਧ ਵੀ ਨਹੀ। ਤਾਂ ਫ਼ਿਰ ਇਹ ਰੇੜਕਾ ਕਿਉਂ?
੧੨, ਘੋਖਣ ਦੀ ਲੋੜ ਹੈ, ਕਿਉਂਕਿ ‘ਗੁਰੂ ਗ੍ਰੰਥ ਸਾਹਿਬ’ `ਚ ਦੋ ਵਿਰੋਧੀ
ਅਰਥਾਂ ਵਾਲੇ ਸ਼ਬਦ ਨਹੀਂ ਦਰਜ ਨਹੀਂ ਹੋ ਸਕਦੇ। ਯਕੀਨਣ ਇਹ ਸਾਡੇ ਅਰਥ ਕਰਨ `ਚ ਕੋਈ ਨੁੱਕਸ, ਹੱਠ
ਧਰਮੀ ਜਾਂ ਵਿਰੋਧਾ ਭਾਵ ਕੰਮ ਕਰ ਰਿਹਾ ਹੈ।
੧੩. ਲਫ਼ਜ਼ ਮਾਸ ਦੀ ਪ੍ਰੀਭਾਸ਼ਾ ਕੀ ਹੈ? ਮਾਸ ਕਿਹਾ ਕਿਸਨੂੰ ਜਾਂਦਾ ਹੈ?
੧੪. ਗੁਰੂ ਸਰੂਪਾਂ ਸਮੇਂ ਸਿੱਖ ਇਤਿਹਾਸ ਵਿਚੋਂ ਮਾਸ ਖਾਣ ਜਾਂ ਨਾ ਖਾਣ
ਬਾਰੇ ਕੀ ਸੇਧ ਮਿਲਦੀ ਹੈ? ਇਹ ਵਿਸ਼ਾ ਵਿਸ਼ੇਸ਼ ਧਿਆਨ ਮੰਗਦਾ ਹੈ।
੧੫. ਕੀ ਗੁਰੁ ਸਰੂਪਾਂ ਸਮੇਂ ਵੀ ਸਿੱਖ ਧਰਮ `ਚ ਮਾਸ ਵਾਲਾ ਅਜੋਕਾ ਝੱਗੜਾ
ਮੌਜੂਦ ਸੀ, ਜੇ ਨਹੀਂ ਸੀ ਤਾਂ ਸਿੱਖ ਧਰਮ `ਚ ਇਸ ਝੱਗੜੇ ਦਾ ਅਰੰਭ ਕਦੋ ਹੋਇਆ? ਆਖਿਰ ਗੁਰੂਦਰ ਤੇ
ਇਸ ਝਗੜੇ ਦਾ ਸਿਰਾ ਕਿੱਥੇ ਹੈ?
ਇਸੇਤਰ੍ਹਾਂ ਵਿਸ਼ੇ ਦੀ ਗਹਿਰਾਈ `ਚ ਜਾਣ ਲਈ ਕੁੱਝ ਹੋਰ ਸੰਬੰਧਤ ਪਖਾਂ ਨੂੰ
ਵੀ ਵਿਚਾਰਣ ਦਾ ਜਤਨ ਕਰਾਂਗੇ। ਫ਼ਿਰ ਵੀ ਉਪ੍ਰੋਕਤ ਨੁੱਕਤੇ ਅਜੇਹੇ ਹਨ ਜੋ ਇਸ ਵਿਸ਼ੇ ਨੂੰ ਸੁਲਝਾਉਣ
ਲਈ ਸਾਡੀ ਮੱਦਦ ਕਰ ਸਕਣਗੇ।
- ਗੁਰਬਾਣੀ ਇੱਕ ਸਦੀਵੀ
ਸੱਚ- ਸਾਨੂੰ ਚੇਤੇ ਰਖਣਾ ਹੈ ਕਿ “ਸਚੁ
ਪੁਰਾਣਾ ਨਾ ਥੀਐ ਨਾਮੁ ਨ ਮੈਲਾ ਹੋਇ” (ਪੰ: ੧੨੪੮) ਅਨੁਸਾਰ ੴ ਤੋਂ ਲੈ ਕੇ ‘ਤਨੁ ਮਨੁ ਥੀਵੈ
ਹਰਿਆ’ ਤੀਕ ਸੰਪੂਰਣ ਗੁਰਬਾਣੀ ਰਚਨਾ ਅਜੇਹਾ ਸਦੀਵੀ ਸੱਚ ਹੈ ਜਿੱਥੇ ਇੱਕ ਵੀ ਸ਼ਬਦ ਨਹੀਂ ਜੋ
ਸਮੇਂ-ਸਥਾਨ ਨਾਲ ਸੱਚ ਦੀ ਕਸਵੱਟੀ ਤੇ ਪੂਰਾ ਨਾ ਉਤਰਦਾ ਹੋਵੇ। ਗੁਰਬਾਣੀ ਦੀ ਸੇਧ ਅਤੇ ਪਹੁੰਚ
ਸਰਬਕਾਲੀ, ਸਰਬਦੇਸ਼ੀ ਅਤੇ ਜੁਗੋ-ਜੁਗ ਅਟੱਲ ਹੈ। ਸਾਰੀ ਗੁਰਬਾਣੀ ਰਚਨਾ `ਚ “ਇਕਾ ਬਾਣੀ ਇਕੁ
ਗੁਰੁ ਇਕੋ ਸਬਦੁ ਵੀਚਾਰਿ” (ਪੰ: ੬੪੬) ਦਾ ਸਿਧਾਂਤ ਕੰਮ ਕਰ ਰਿਹਾ ਹੈ। ਇਥੇ ਸ਼ਬਦਾਂ ਦੇ ਅਰਥਾਂ
`ਚ ਸਵੈ ਵਿਰੋਧ ਵੀ ਨਹੀਂ। ਸੰਪੂਰਣ ਗੁਰਬਾਣੀ ਰਚਨਾ ਦਾ ਅਪਣਾ ਵਿਆਕਰਣ ਹੈ ਜਿਸਨੂੰ ਪ੍ਰਗਟ ਕਰਨਾ
ਸੰਗਤਾਂ ਵਿਚਾਲੇ ਪਹੁੰਚਾੳਣਾ-ਪ੍ਰੋਫ਼ੈਸਰ ਸਾਹਿਬ ਸਿੰਘ ਜੀ ਦੀ ਪੰਥ ਨੂੰ ਇੱਕ ਬਹੁਤ ਵੱਡੀ ਦੇਣ ਹੈ।
ਗੁਰਬਾਣੀ ਅਰਥਾਂ ਦਾ ਵਿਸ਼ੇਸ਼ ਢੰਗ ਅਤੇ ਕੁੱਝ ਮੂਲ਼ ਸਿਧਾਂਤ ਹਨ। ਇਸੇ ਕਾਰਣ ਜਦੋਂ ਕਿਸੇ ਸ਼ਬਦ ਵਿਸ਼ੇਸ਼,
ਦੇ ਦੋ ਵਿਰੋਧੀ ਅਰਥ ਕੀਤੇ ਜਾ ਰਹੇ ਹੋਣ ਤਾਂ ਗੁਰੂ ਕੇ ਸਿੱਖ ਹੋਣ ਦੇ ਨਾਤੇ, ਸਾਡਾ ਫ਼ਰਜ਼ ਬਣਦਾ ਹੈ
ਕਿ ਗੁਰਬਣੀ ਸਿਧਾਂਤ, ਵਿਆਕਰਣ ਆਦਿ ਦੀ ਮੱਦਦ ਨਾਲ ਅਮੁਕੇ ਅਰਥਾਂ ਨੂੰ ਗਹਿਰਾਈ ਤੋਂ ਘੋਖਿਆ ਜਾਵੇ।
ਜੇਕਰ ਅਜੇਹੀ ਭੁੱਲ ਅਣਜਾਣੇ `ਚ ਹੋ ਰਹੀ ਹੋਵੇ ਤਾਂ ਵੀ ਸੁਧਾਰੀ ਜਾਵੇ।
ਇਸਦੇ ਉਲਟ ਕਈ ਵਾਰੀ ਇਸਦੇ ਉਲਟ ਵੀ ਦੇਖਣ `ਚ ਆਇਆ ਹੈ। ਕਈ ਵਾਰੀ ਕੁੱਝ
ਸੱਜਣ, ਕੁੱਝ ਸ਼ਬਦਾਂ ਦੀ ਗਹਿਰਾਈ `ਚ ਜਾਣ ਦੀ ਬਜਾਏ, ਗੁਰਬਾਣੀ ਸਿਧਾਂਤ ਵਿਰੁਧ ਕੀਤੇ ਜਾ ਰਹੇ
ਅਰਥਾਂ ਉਪਰ ਹੀ ਹੱਠ ਕਰਦੇ ਹਨ। ਬਲਕਿ ਕਈ ਵਾਰੀ ਤਾਂ ਇਸਤੋਂ ਅਗੇ ਚਲੇ ਜਾਂਦੇ ਹਨ ਜਦੋਂ ਸਚਾਈ ਜਾਨਣ
ਤੋਂ ਬਾਦ ਵੀ ਕਿਸੇ ਸ਼ਬਦ ਦਾ ਪ੍ਰਚਲਤ ਅਰਥ ਦੂਜਿਆਂ ਉਪਰ ਥੋਪਣ ਦੀ ਕੋਸ਼ਿਸ਼ ਕਰਦੇ ਹਨ। ਇਸੇ ਤਰੀਕੇ
ਉਦੋਂ ਸਾਰੀ ਗਲ ਹੀ ਗ਼ਲਤ ਹੋ ਜਾਂਦੀ ਹੈ ਅਤੇ ਸਾਨੂੰ ਸੰਭਲਣ ਦੀ ਲੋੜ ਹੈ। ਸਾਨੂੰ ਸਮਝਣਾ ਚਾਹੀਦਾ ਹੈ
ਕਿ ਅਜੇਹਾ ਕਰਮ ਗੁਰਬਾਣੀ ਦੀ ਨਾ-ਕਾਬਿਲੇ ਮੁਆਫ਼ ਅਤੇ ਨਾ ਬਖਸ਼ੀ ਜਾਣ ਵਾਲੀ ਬੇਅਦਬੀ ਹੈ। ਸਾਨੂੰ ਇਹ
ਨਹੀਂ ਭੁਲਣਾ ਚਾਹੀਦਾ ਕਿ ਗੁਰਬਾਣੀ ਅਜੇਹਾ ਰੱਬੀ ਸੱਚ ਹੈ ਜਿਸ `ਚ ਇੱਕ ਅੱਖਰ ਦਾ ਵਾਧਾ-ਘਾਟਾ ਵੀ
ਗੁਰਦੇਵ ਦੇ ਨਿਆਂ `ਚ ਪ੍ਰਵਾਣ ਨਹੀਂ। ਕੋਣ ਨਹੀਂ ਜਾਣਦਾ ਕਿ ਕੇਵਲ ਇੱਕ ਲਫ਼ਜ਼ ‘ਮੁਸਲਮਾਨ’ ਤੋਂ
ਬੇਈਮਾਨ ਕਰ ਦੇਣ ਨਾਲ ਹੀ ਗੁਰਦੇਵ ਸੱਤਵੇ ਪਾਤਸ਼ਾਹ ਨੇ ਅਪਣੇ ਲਖਤੇ ਜਿਗਰ ਨੂੰ ਸਦਾ ਲਈ ਮੂੰਹ ਨਹੀਂ
ਸੀ ਲਾਇਆ। ਇਸਦੇ ਬਾਵਜੂਦ ਜੇਕਰ ਕੁੱਝ ਸੱਜਣ ਜਾਂ ਕੋਈ ਸੰਸਥਾ ਕੇਵਲ ਅਪਣੀ ਹੱਠਧਰਮੀ ਕਾਰਣ,
ਗੁਰਬਾਣੀ ਦੀ ਪੂਰੀ ਫ਼ਿਲਾਸਫ਼ੀ ਉਲਟਾਉਣ ਤੇ ਉਤਾਰੂ ਹੋਵੇ ਤਾਂ ਕਰਤੇ ਦੀ ਸੱਚੀ ਦਰਗਾਹ `ਚ
ਉਸਦਾ ਹੱਸ਼ਰ ਕੀ ਹੋ ਸਕਦਾ ਹੈ? ਦਰਅਸਲ ਅਪਣੇ ਜਿਸ ਨਾਸ਼ਵਾਨ ਸਰੀਰ ਜਾਂ ਇਸਦੀ ਫੋਕੀ-ਵੱਕਤੀ ਵਾਹ! ਵਾਹ
ਨੂੰ ਮੁੱਖ ਰਖਕੇ ਇਲਾਹੀ ਸੱਚ ਨੂੰ ਉਲਟਾਉਣ ਤੇ ਤੁਲੇ ਹੁੰਦੇ ਹਾਂ, ਚੇਤੇ ਰਖਣਾ ਹੈ ਕਿ ਅਜ ਸੰਸਾਰ
ਪੱਧਰ ਤੇ ਰਾਮਰਾਇ ਦੇ ਸਰੀਰ ਦਾ ਕੀ ਮੁਲ ਪੈ ਰਿਹਾ ਹੈ?
ਗੁਰਬਾਣੀ ਪ੍ਰਮਾਣ ਅਤੇ ਸਾਡੀ ਜ਼ਿਮੇਵਾਰੀ-
ਗੁਰਬਾਣੀ ਦੇ ਆਧਾਰ ਤੇ ਕਿਸੇ ਵੀ ਵਿਸ਼ੇ ਉਪਰ, ਕਿਸੇ ਵੀ ਸਿੱਟੇ ਤੇ ਪੁੱਜਣ ਲਈ, ਗੁਰਬਾਣੀ ਚੋਂ
ਪ੍ਰਮਾਣ ਲੈਣ ਦਾ ਇੱਕ ਵਿਸ਼ੇਸ਼ ਨੀਯਮ ਹੈ। ਉਹ ਨੀਯਮ ਇਹ ਹੈ ਕਿ ਜਿਸ ਸ਼ਬਦ ਜਾਂ ਰਚਨਾ ਵਿਚੋਂ ਅਸੀਂ
ਪ੍ਰਮਾਣ ਵਰਤ ਰਹੇ ਹਾਂ, ਉਹ ਪ੍ਰਮਾਣ ਸੰਬੰਧਤ ਰਚਨਾ ਦੇ ਕੇਂਦਰੀ ਭਾਵ ਤੇ ਅਧਾਰਤ ਹੋਵੇ। ਇਹ ਨਹੀਂ
ਕਿ ਜਿਸ ਸ਼ਬਦ ਜਾਂ ਰਚਨਾ ਚੋਂ ਪ੍ਰਮਾਣ ਲਿਆ ਹੋਵੇ, ਉਥੇ ਉਸਦਾ ਕੇਂਦਰੀ ਭਾਵ ਜਾਂ ਵਿਸ਼ਾ, ਰਹਾਓ ਦੇ
ਬੰਦ (Ref. to the Context)
ਨਾਲ ਮੇਲ ਹੀ ਨਾ ਖਾਂਦਾ ਹੋਵੇ। ਬਲਕਿ ਕਈ ਵਾਰੀ ਤਾਂ ਇਹ
ਹੋ ਰਿਹਾ ਹੈ ਕਿ ਪ੍ਰਮਾਣ ਲੈਣ ਦੇ ਨੀਯਮ ਦੇ ਬਿਲਕੁਲ ਉਲਟ, ਕੇਵਲ ਬਣ ਚੁੱਕੀ ਅਪਣੀ ਭੱਲ ਅਤੇ ਅਪਣੀ
ਧਾਰਣਾ ਨੂੰ ਠੀਕ ਸਾਬਤ ਕਰਣ ਲਈ ਹੀ ਧੂ-ਘਸੀਟ ਕੀਤੀ ਜਾ ਰਹੀ ਹੁੰਦੀ ਹੈ। ਇਹ ਵਿਸ਼ਾ ਅਪਣੇ ਆਪ `ਚ
ਗੰਭੀਰ ਅਤੇ ਗੁਰਬਾਣੀ ਦੀ ਘੋਰ ਬੇਅਦਬੀ ਹੈ। ਗਹਿਰਾਈ ਤੋਂ ਦੇਖਿਆ ਜਾਵੇ ਤਾਂ ਪੰਥ `ਚ ਅਜ ਜਿੰਨੀਆ
ਵੀ ਖਿੱਚਾਤਾਣੀਆਂ ਵੱਧ ਰਹੀਆਂ ਹਨ, ਬਹੁਤਾ ਕਰਕੇ ਉਨ੍ਹਾਂ ਦਾ ਮੁੱਖ ਕਾਰਣ ਇਹੀ ਹੈ। ਆਮ ਲੋਕਾਈ ਜਾਂ
ਸੰਗਤਾਂ ਦੀ ਪੱਧਰ ਤੇ ਗਲ ਨਾ ਵੀ ਕਰੀਏ, ਇਸਦੇ ਲਈ ਕਈ ਵਾਰੀ ਤਾਂ ਅਜੌਕੇ ਨਾਮੀ ਪ੍ਰਚਾਰਕਾਂ ਤੀਕ ਦੀ
ਗੁਰਬਾਣੀ ਅਰਥਾਂ ਬਾਰੇ ਅਗਿਆਣਤਾ ਵੀ ਸ਼ਿਖਰਾਂ ਨੂੰ ਛੂ ਰਹੀ ਹੁੰਦੀ ਹੈ। ਇਥੋਂ ਤੀਕ ਦੇਖਣ `ਚ ਆ
ਰਿਹਾ ਹੈ ਕਿ ਇਸ ਸਮੇਂ ਪੰਥ ਦੇ ਵੱਡੇ-ਵੱਡੇ ਨਾਮੀ ਸਤਿਕਾਰਜੋਗ ਵਿਦਵਾਨ `ਤੇ ਲਿਖਾਰੀ ਜਿਨ੍ਹਾਂ ਤੋਂ
ਦੂਜਿਆਂ ਨੇ ਸੇਧ ਮਿਲਣੀ ਹੁੰਦੀ ਹੈ, ਇਸ ਪਖੋਂ ਅਛੂਤੇ ਨਹੀਂ ਰਹਿ ਚੁਕੇ ਅਤੇ ਸੰਗਤਾਂ ਦੇ ਜੀਵਨ ਨਾਲ
ਖਿਲਵਾੜ ਦਾ ਕਾਰਣ ਬਣੇ ਹੋਏ ਹਨ।
ਦੇਖਣ `ਚ ਆ ਰਿਹਾ ਹੈ ਕਿ ਬੱਸ ਅਪਣੀ ਨਾਸਮਝੀ ਜਾਂ ਅਪਣੀ ਗ਼ਲਤ ਵਿਚਾਰ ਨੂੰ
ਦੂਜਿਆਂ ਉਪਰ ਥੋਪਣ ਲਈ ਸ਼ਬਦ ਵਿਚੋਂ ਕੋਈ ਇਕ-ਅੱਧੀ ਪੰਕਤੀ ਚੁੱਕੀ ਤੇ ਪ੍ਰਮਾਣ ਲਈ ਵਰਤ ਲਈ। ਦਰਅਸਲ
ਅਜੇਹੀ ਪਰੀਪਾਟੀ ਗੁਰਬਾਣੀ ਸਤਿਕਾਰ ਦੇ ਵਿਰੁਧ ਤਾ ਹੈ ਹੀ, ਇਸ ਨਾਲ ਸੰਬੰਧਤ ਵਿਸ਼ੇ ਉਪਰ ਸੰਗਤਾਂ
ਵਿਚਕਾਰ ਸ਼ੰਕੇ-ਸੁਆਲ `ਤੇ ਵਾਧੂ ਦੀਆਂ ਖਿੱਚਤਾਣੀਆਂ ਵਧਦੀਆਂ ਹਨ, ਉਸਦਾ ਜ਼ਿਮੇਵਾਰ ਕੌਣ? ਹੱਥਲੇ
ਵਿਸ਼ੇ ਦੇ ਸੰਬੰਧ `ਚ ਪੰਥ ਅੰਦਰ ਸ਼ਾਇਦ ਇਸ ਪਖੋਂ ਬਹੁਤ ਵੱਧ ਕੋਤਾਹੀ ਹੋਈ ਹੈ ਅਤੇ ਅਜ ਪੰਥ ਉਸੇ ਦਾ
ਖੁਮਿਆਜ਼ਾ ਭੋਗ ਰਿਹਾ ਹੈ।
|
. |