❁ ਅਜੂਨੀ ਸੈਭੰ ❁
(ਕਿਸ਼ਤ ਨੰ: 06)
ਜਗਤਾਰ ਸਿੰਘ ਜਾਚਕ, ਆਨਰੇਰੀ ਇੰਟਰਨੈਸ਼ਨਲ ਸਿੱਖ ਮਿਸ਼ਨਰੀ
ਸਦ ਅਫ਼ਸੋਸ ਹੈ ਕਿ ਸਿੱਖ ਇਸ ਵਹਿਮ
ਵਿੱਚ ਪਏ ਰਹਿੰਦੇ ਹਨ ਕਿ ਮਰਨ ਉਪਰੰਤ ਉਨ੍ਹਾਂ ਦਾ ਆਵਾਗਉਣ ਮਿਟੇਗਾ ਜਾਂ ਨਹੀ। ਉਨ੍ਹਾਂ ਨੂੰ ਕਥਾ
ਕਰਨ ਵਾਲਿਆਂ ਨੇ ਜੀਵਨ-ਮਨੋਰਥ ਜਾਂ ਮੁਕਤੀ ਬਾਰੇ ਜੋ ਕੁੱਝ ਸੁਣਾਇਆ ਹੈ, ਉਸ ਨਾਲ ਕੁਦਰਤੀ ਹੀ
ਉਨ੍ਹਾਂ ਦਾ ਵਹਿਮ ਮਜ਼ਬੂਤ ਹੁੰਦਾ ਹੈ। ਜਦੋਂ ਕਿ ਸਿੱਖ ਬਣਨ ਉਪਰੰਤ ਅਜਿਹਾ ਵਹਿਮ ਖ਼ਤਮ ਹੋਣਾ ਚਾਹੀਦਾ
ਸੀ। ਗੁਰਬਾਣੀ ਵਿੱਚ ਵਾਕ ਹੈ:
ਸਤਿਗੁਰ ਕੈ ਜਨਮੇ ਗਵਨ ਮਿਟਾਇਆ।। (ਰਾਮਕਲੀ ਮ: ੧, ੯੪੦)
ਪਰ, ਸਿੱਖ ਬਣ ਕੇ ਵੀ ਗੁਰੂ ਦੇ ਬਚਨ ਉੱਪਰ ਸਾਡਾ ਨਿਸ਼ਚਾ ਨਹੀ। ਅਸੀਂ ਵੀ
ਦੂਜਿਆਂ ਵਾਂਗ ਆਵਾਗਉਣ ਦੇ ਚੱਕਰ ਵਿੱਚ ਪਏ ਹਾਂ ਤਾਂ ਸਾਡੇ ਵਿੱਚ ਤੇ ਉਨ੍ਹਾਂ ਵਿੱਚ ਫ਼ਰਕ ਕੀ ਹੋਇਆ?
ਇਸ ਸਿਧਾਂਤ ਦੀ ਕੁੱਝ ਵਿਗਿਆਨਕ ਵਿਆਖਿਆ ਵੀ ਹੋ ਸਕਦੀ ਹੈ। ਵਿਗਿਆਨ ਮੰਨਦਾ
ਹੈ ਕਿ
Matter can neither be created nor destroyed.
ਮਾਦੇ ਦਾ ਰੂਪ ਬਦਲ ਸਕਦਾ ਹੈ, ਪਰ ਇਸ ਨੂੰ ਖ਼ਤਮ ਨਹੀ ਕੀਤਾ ਜਾ ਸਕਦਾ। ‘ਕਈ ਜਨਮ ਭਏ ਕੀਟ ਪਤੰਗਾ’
ਦਾ ਵਿਗਿਆਨਕ ਅਰਥ ਇਹ ਵੀ ਹੋ ਸਕਦਾ ਹੈ ਕਿ ਮਨੁੱਖ ਨੂੰ ਹੋਂਦ ਵਿੱਚ ਆਉਣ ਤੋਂ ਪਹਿਲਾਂ ਪਸ਼ੂ-ਪੰਸ਼ੀ,
ਬਨਾਸਪਤੀ ਜਾਂ ਪਾਣੀ ਦੇ ਜਾਨਵਰ ਹੋਦ ਵਿੱਚ ਆਏ। ਇਹੀ ਡਾਰਵਿਨ ਦਾ ਵਿਕਾਸ ਸਿਧਾਂਤ ਹੈ। ਆਵਾਗਉਣ ਦੀ
ਵਿਆਖਿਆ ਜੀਨ-ਥਿਊਰੀ ਰਾਹੀਂ ਵੀ ਸੰਭਵ ਹੈ ਕਿ ਸਾਡੀ ਹੋਂਦ ਵਿੱਚ ਸਾਡੇ ਮਾਂ-ਬਾਪ, ਦਾਦੀ-ਦਾਦੇ,
ਪੜਦਾਦੀ-ਪੜਦਾਦੇ ਆਦਿ ਦੇ (ਭਾਵ, ਕਈ ਪੀੜ੍ਹੀਆਂ ਦੇ ਇਥੋਂ ਤਕ ਕਿ ਨਾਨੀ, ਪੜਨਾਨੀ-ਪੜਨਾਨਾ ਆਦਿ ਦੇ)
ਅੰਸ਼ ਵੀ ਮੌਜੂਦ ਰਹਿੰਦੇ ਹਨ। ਇਹੀ ਕਾਰਣ ਹੈ ਕਿ ਸਾਡੇ ਵਿੱਚ ਖ਼ਾਨਦਾਨੀ (Hereditary)
ਗੁਣ ਤੇ ਦੋਸ਼ ਅਤੇ ਇਥੋਂ ਤੀਕ ਕਿ ਬਿਮਾਰੀਆਂ ਵੀ
ਤੁਰੀਆਂ ਆ ਰਹੀਆਂ ਹਨ"।
ਪੰਥ ਦਾ ਇਤਿਹਾਸ ਗਵਾਹ ਹੈ ਕਿ ਅਠਾਰਵੀਂ ਸਦੀ ਦੇ ਸਿੰਘ ਸੂਰਮੇਂ ਆਪਣੇ ਆਪ
ਨੂੰ ਚੌਰਾਸੀ ਲੱਖ ਜੂਨੀਆਂ ਦੇ ਚੱਕਰ ਤੋਂ ਮੁਕਤ ਮੰਨਦੇ ਸਨ। ਉਹ ਐਲਾਨੀਆ ਕਹਿੰਦੇ ਸਨ ਕਿ ਹੋਰ
ਹੋਣਗੇ ਚੌਰਾਸੀ ਦੇ ਗੇੜ ਵਿੱਚ; ਪਰ, ਅਸੀਂ ਤਾਂ ਅਬਿਨਾਸ਼ੀ ਪ੍ਰਭੂ ਦੀ ਅੰਸ਼ ਹੋਣ ਕਰਕੇ ਅਬਿਨਾਸ਼ੀ
ਹਾਂ। ਜਿਸ ਦਾ ਭਾਵਾਰਥ ਹੈ ਕਿ ਅਸੀਂ ਬਿਪਰਵਾਦੀ ਆਵਾਗਵਣ ਅਥਵਾ ਜੂਨਾਂ ਦੇ ਚੱਕਰ ਤੋਂ ਅਜ਼ਾਦ ਹਾਂ।
ਇਤਿਹਾਸ ਦੇ ਪੰਨਿਆਂ ’ਤੇ ਅੰਕਤ ਹੈ ਕਿ ਹੈ ਕਿ ਜਦੋਂ ਅਹਿਮਦਸ਼ਾਹ ਅਬਦਾਲੀ ਨੇ ਲਹੌਰ ਦੇ ਸੂਬੇਦਾਰ
ਜ਼ਕਰੀਆ ਖਾਂ ਪਾਸੋਂ ਸਿੰਘਾਂ ਬਾਰੇ ਜਾਣਕਾਰੀ ਹਾਸਲ ਕਰਨੀ ਚਾਹੀ ਤਾਂ ਉਸ ਨੇ ਆਖਿਆ:
ਮੁਰਸ਼ਦ ਇਨ ਕਾ ਬਲੀ ਭਇਓ ਹੈ। ਇਨ ਕੋ ਆਬਿ ਹਿਯਾਤ ਦਇਓ ਹੈ।
ਗਜ਼ਬ ਅਸਰ ਤਿਨ ਕਾ ਹਮ ਦੇਖਾ। ਬੁਜ਼ਦਲ ਹੋਵਤ ਸ਼ੇਰ ਬਸ਼ੇਖਾ।
ਕਾਣ ਨ ਕਾਹੂੰ ਕੀ ਇਹ ਰਾਖਤ। ਸ਼ਹਿਨਸ਼ਾਹ ਖ਼ੁਦ ਹੀ ਕੋ ਭਾਖਤ।
ਅਵਰ ਸਭਨ ਕੋ ਜਾਨਿ ਚੁਰਾਸੀ। ਮਾਨਤ ਆਪ ਤਾਈਂ ਅਬਿਨਾਸ਼ੀ।
ਕਿਉਂਕਿ, ਉਨ੍ਹਾਂ ਗੁਰਸਿੱਖਾਂ
‘ਗੁਰ ਪਰਸਾਦੀ ਜੀਵਤੁ ਮਰੈ, ਹੁਕਮੈ
ਬੂਝੈ ਸੋਇ।। ਨਾਨਕ, ਐਸੀ ਮਰਨੀ ਜੋ ਮਰੈ, ਤਾ ਸਦ ਜੀਵਣੁ ਹੋਇ।। ’ (ਗੁ. ਗ੍ਰੰ. ਪੰ. ੫੫੫)
ਗੁਰਵਾਕ ਦਾ ਸੱਚ ਸਮਝ ਕੇ ਆਪਣੇ ਆਪ ਨੂੰ ਹੁਕਮੀ ਦੇ ਹੁਕਮ ਵਿੱਚ ਲੀਨ ਕੀਤਾ ਹੋਇਆ ਸੀ। ਸੋ, ਇਸ ਲਈ
ਹੁਣ ਤਕ ਚਾਹੀਦਾ ਤਾਂ ਇਹ ਸੀ ਕਿ ਗੁਰੂ ਨਾਨਕ ਸਾਹਿਬ ਜੀ ਦੇ ਬਖ਼ਸ਼ੇ ‘ਅਜੂਨੀ ਸੈਭੰ’ ਸਿਧਾਂਤ ਦੀ
ਰੌਸ਼ਨੀ ਵਿੱਚ ਸਮੂਹ ਸਿੱਖ-ਜਗਤ ਬਿਪਰੀ ਅਵਤਾਰਵਾਦ ਅਤੇ ਆਵਾਗਉਣ ਦੇ ਭਰਮੀ ਚੱਕਰ ਵਿਚੋਂ ਨਿਕਲਕੇ,
ਗੁਰੂ ਸਾਹਿਬਾਨ ਅਤੇ ਭਗਤ-ਜਨਾਂ ਦੇ ਜੀਵਨ ਦੁਆਰਾ ਉੱਪਰ ਪ੍ਰਗਟਾਈ ਨਿਰਮਲ ਨਿਆਰੀ ‘ਅਜੂਨੀ ਸੈਭੰ’
ਅਵਸਥਾ ਵਿੱਚ ਵਿਚਰਦਾ। ਉਹ ਭਗਤ ਖ਼ਾਲਸੇ ਕਬੀਰ ਜੀ ਵਾਂਗ ਐਲਾਨੀਆ ਕਹਿੰਦੇ
‘ਪੰਡਿਤ ਮੁਲਾਂ ਜੋ ਲਿਖਿ ਦੀਆ।। ਛਾਡਿ
ਚਲੇ ਹਮ ਕਛੂ ਨ ਲੀਆ।। ’ (ਗੁ. ਗ੍ਰੰ. ਪੰ. ੧੧੫੯)
ਪਰ, ਅਫ਼ਸੋਸ ਹੈ ਕਿ ਕੁੱਝ ਸੰਪਰਦਾਈ ਗੁਰਸਿੱਖ ਪ੍ਰਚਾਰਕਾਂ ਵਲੋਂ ਗੁਰਬਾਣੀ
ਵਿੱਚ ਸਮਕਾਲੀ ਸਮਾਜ ਲਈ ਵਰਤੀ ਗਈ ਪ੍ਰਵਾਣਿਤ ਪ੍ਰਚਾਰ-ਜੁਗਤੀ, ਧਾਰਮਿਕ ਖੇਤਰ ਤੇ ਦਾਰਸ਼ਨਿਕ ਸਾਹਿੱਤ
ਦੀ ਪ੍ਰਚਲਿਤ ਸ਼ਬਦਾਵਲੀ ਅਤੇ ਮੁਹਾਵਰੇ ਨੂੰ ਨਾ ਸਮਝ ਸਕਣ ਦੀ ਅਸਮਰਥਾ, ਗੁਰਇਤਿਹਾਸ ਨੂੰ ਵਿਗਾੜਣ
ਵਾਲੀਆਂ ਬਿਪਰਵਾਦੀ ਸਾਜਸ਼ਾਂ ਅਤੇ ਸੰਪਰਦਾਈ ਹੱਠ ਕਾਰਨ, ਸਿੱਖੀ ਮੰਡਲ ਵੀ ਅਵਤਾਰਵਾਦ ਦੀਆਂ ਬੱਦਲੀਆਂ
ਦੇ ਪ੍ਰਛਾਵੇਂ ਹੇਠੋਂ ਹੀ ਗੁਜ਼ਰ ਰਿਹਾ ਹੈ। ਜਿਸ ਕਰਕੇ ਇਹਦੀ ਸੂਰਜਵੱਤ ਮਾਨਵਵਾਦੀ, ਨਿਰਮਲ ਤੇ
ਨਿਰਾਲੀ ਆਭਾ ਵੀ ਫਿਕੀ ਪੈ ਰਹੀ ਹੈ। ਕਾਰਨ ਇਹ ਹੈ ਕਿ ਸਿੱਖੀ ਮੂਲਿਕ ਤੌਰ ’ਤੇ ਭਾਵੇਂ ਸੰਪਰਦਾਇਕ
ਨਹੀ ਹੈ। ਪਰ, ਫਿਰ ਵੀ ਗੁਰਮਤਿ ਸਿਧਾਂਤਾਂ ਦੀ ਨਿਰਣੈਜਨਕ ਸੂਝ ਤੇ ਸਪਸ਼ਟਤਾ ਦੀ ਘਾਟ, ਵਿਅਕਤੀਗਤ
ਵਡਿਆਈ ਦੀ ਲਾਲਸਾ ਅਤੇ ਗੁਰਮਤਿ-ਵਿਰੋਧੀ ਸ਼ਕਤੀਆਂ ਵਲੋਂ ਪੰਥਕ-ਏਕਤਾ ਨੂੰ ਖੇਰੂੰ ਖੇਰੂੰ ਕਰਕੇ ਗੁਰੂ
ਨਾਨਕ ਦੇ ਨਿਰਮਲ ਤੇ ਨਿਆਰੇ ਪੰਥ ਨੂੰ ਬਿਪਰਵਾਦ ਦੇ ਖਾਰੇ ਸਮੁੰਦਰ ਵਿੱਚ ਗਰਕ ਕਰਨ ਵਾਲੀਆਂ
ਕੁੱਟਲਨੀਤੀਆਂ ਕਾਰਨ, ਜਿਹੜੀਆਂ ਸਿੱਖ-ਸੰਪਰਦਾਵਾਂ ਕਾਇਮ ਹੋ ਚੁੱਕੀਆਂ ਹਨ। ਉਨ੍ਹਾਂ ਵਲੋਂ ਕਿਰਤੀ
ਗੁਰਸਿਖਾਂ ਦੀ ਮਾਇਆ ਦੁਆਰਾ ਗੁਰਬਾਣੀ ਤੇ ਗੁਰਇਤਿਹਾਸ ਬਾਰੇ ਜੋ ਗ੍ਰੰਥ ਪ੍ਰਕਾਸ਼ਤ ਹੋ ਰਹੇ ਹਨ ਅਤੇ
ਗੁਰਸਿੱਖੀ ਸਰੂਪ ਵਿੱਚ ਜਿਹੜੇ ਪ੍ਰਚਾਰਕ ਤਿਆਰ ਕਰਕੇ ਸਿੱਖ ਸਟੇਜਾਂ ਤੇ ਭੇਜੇ ਜਾ ਰਹੇ ਹਨ, ਉਨ੍ਹਾਂ
ਦੁਆਰਾ ਗੁਰਮਤਿ ਵੀਚਾਰ ਦੇ ਭੁਲੇਖੇ ਪਚਾਨਵੇਂ ਪ੍ਰਤੀਸ਼ਤ (੯੫%) ਬਿਪਰਵਾਦ ਹੀ ਪ੍ਰਚਾਰਿਆ ਜਾ ਰਿਹਾ
ਹੈ।
ਕਿਉਂਕਿ, ਅਜਿਹੀਆਂ ਪਰੰਪਰਾਵਾਦੀ ਸੰਪਰਦਾਵਾਂ ਦੇ ਮੋਢੀ ਉਦਾਸੀਆਂ ਤੇ
ਨਿਰਮਲਿਆਂ ਦੇ ਭੇਖ ਵਿੱਚ ਵਿਚਰਨ ਵਾਲੇ ਵਿਦਵਾਨ ਸਜਣ ਐਸੇ ਸਨ, ਜਿਨ੍ਹਾਂ ਦੀ ਵਿਦਿਆ ਦਾ ਅਧਾਰ ਸੀ
ਵੇਦਾਂਤ-ਸਿਧਾਂਤ, ਵਿਚਾਰਸਾਗਰ, ਵਿਚਾਰਮਾਲਾ, ਵੈਰਾਗਸ਼ਤਕ, ਭਾਵਰ-ਸਾਮ੍ਰਿਤ, ਪ੍ਰਬੋਧ ਚੰਦਰ ਨਾਟਿਕ,
ਹਨੂੰਮਾਨ ਨਾਟਕ, ਚੌਬੀਸ ਅਵਤਾਰ ਵਰਨਣ ਵਾਲੇ ‘ਬਚਿੱਤਰ ਨਾਟਕ’ (ਕਥਿਤ ਦਸਮ ਗ੍ਰੰਥ) ਅਤੇ ਭਗਤਮਾਲ
ਵਰਗੇ ਬਿਪਰਵਾਦੀ ਤੇ ਪੁਰਾਣਿਕ-ਮਤੀ ਗ੍ਰੰਥ। ਸਿੱਖੀ ਦੀਆਂ ਅਜਿਹੀਆਂ ਸੰਪਰਦਾਈ ਟਕਸਾਲਾਂ ਵਿੱਚ
ਵਿਦਿਆਰਥੀਆਂ ਨੂੰ ਗੁਰਇਤਿਹਾਸ ਦੀ ਜਾਣਕਾਰੀ ਦੇਣ ਲਈ ਗੁਰਬਿਲਾਸ ਪਾ: ੬, ਸ੍ਰੀ ਗੁਰਪ੍ਰਤਾਪ ਸੂਰਜ
(ਸੂਰਜ ਪ੍ਰਕਾਸ਼) ਅਤੇ ਅਤੇ ਪੰਥ ਪ੍ਰਕਾਸ਼ ਆਦਿਕ ਜਿਹੜੇ ਗ੍ਰੰਥ ਹੁਣ ਤੱਕ ਪੜਾਏ ਜਾ ਰਹੇ ਹਨ, ਉਹ
ਲਗਭਗ ਸਾਰੇ ਦੇ ਸਾਰੇ ਗੁਰਇਤਿਹਾਸ ਨੂੰ ਵਿਗਾੜਣ ਦੀਆਂ ਸਾਜਿਸ਼ਾਂ ਤਹਿਤ ਬਿਪਰਵਾਦੀ ਰੰਗ ਵਿੱਚ ਰੰਗੇ
ਜਾ ਚੁੱਕੇ ਹਨ।
ਇਸ ਲੜੀ ਦੇ ਮੁੱਢਲੇ ਗ੍ਰੰਥ ਬਾਰੇ ਸੋਹਣ ਸਿੰਘ ‘ਸੀਤਲ’ ਲਿਖਦੇ ਹਨ
“ਗੁਰਬਿਲਾਸ ਪਾਤਸ਼ਾਹੀ ਛੇਵੀਂ ਦਾ ਲੇਖਕ (ਆਪਣੇ ਆਪ ਨੂੰ) ਭਾਵੇਂ ਗੁਰੂ ਦਾ ਸਿੱਖ (ਪ੍ਰਗਟਾਉਂਦਾ)
ਹੈ, ਅਤੇ ਭਾਈ ਮਨੀ ਸਿੰਘ ਦਾ ਸ਼ਰਧਾਲੂ (ਦਸਦਾ ਹੈ, ਪਰ) ਹਿੰਦੂ ਮਤ ਦੇ ਵਿਚਾਰਾਂ ਦਾ ਉਹਦੇ ਉਤੇ
ਤਕੜਾ ਪ੍ਰਭਾਵ ਹੈ। ਜਿਥੇ ਉਹ ਗੁਰੂ ਸਾਹਿਬਾਨ ਨੂੰ ਨਮਸਕਾਰਦਾ ਹੈ, ਨਾਲ ਹੀ ਉਹ ਦੇਵੀ ਦੀ ਉਸਤਤ ਵੀ
ਕਰਦਾ ਹੈ। ਜੀਵਨੀ ਵਿੱਚ ਉਸ ਨੇ ਕਈ ਥਾਈਂ ਪੁਰਾਣਿਕਤਾ ਭਰ ਦਿੱਤੀ ਹੈ। ਕਈ ਸਾਖੀਆਂ ਦੀਆਂ ਘਟਨਾਵਾਂ
ਨੂੰ ਪਿਛਲੇ ਜਨਮ ਨਾਲ ਜੋੜਿਆ ਹੈ। ਗੁਰੂ ਸਾਹਿਬਾਨ ਨੂੰ ਭੰਗ ਦੀ ਵਰਤੋਂ ਕਰਦੇ ਵਿਖਾਇਆ ਹੈ, ਸ਼ਾਇਦ
ਉਹ ਇਹ ਗਲਾਂ ਨਸ਼ੇ ਵਿੱਚ ਬੈਠ ਕੇ ਕਹਿੰਦਾ ਹੈ। ਉਸ ਨੇ ਅਜਿਹੀਆਂ ਕਈ ਗਲਾਂ ਕੀਤੀਆਂ ਹਨ, ਜਿਹੜੀਆਂ
ਗੁਰਮਤਿ ਦੀ ਵਿਚਾਰ ਪ੍ਰਨਾਲੀ ਨਾਲ ਮੇਲ ਨਹੀ ਖਾਂਦੀਆਂ”। (ਸਿੱਖ ਇਤਿਹਾਸ ਦੇ ਸੋਮੇ-ਭਾਗ ਪਹਿਲਾ,
ਪੰਨਾ ੫)
ਕਿਉਂਕਿ, ਇਸ ਗ੍ਰੰਥ ਦੇ ਪਹਿਲੇ ਅਧਿਆਏ ਵਿੱਚ ਹੀ ਲਿਖਿਆ ਹੈ ਕਿ ਦੇਵਤਿਆਂ
ਨੇ ਬ੍ਰਹਮਾ ਦੀ ਅਗਾਵਈ ਵਿੱਚ ਕਾਲ-ਪੁਰਖ (ਮਹਾਂਕਾਲ) ਅੱਗੇ ਬੇਨਤੀ ਕੀਤੀ ਕਿ ਜਗਤ ਵਿੱਚ ਮਲੇਸ਼ਾਂ ਦੀ
ਬੰਸ (ਮੁਸਲਮਾਨਾਂ ਦੀ ਉਲਾਦ) ਬਹੁਤ ਵਧ ਗਈ ਹੈ। ਗਊ ਬੱਧ ਦਾ ਪਾਪ ਹੋ ਰਿਹਾ ਹੈ। ਇਸ ਲਈ ਕਿਰਪਾ
ਕਰਕੇ ਮਲੇਸ਼ਾਂ ਦਾ ਨਾਸ ਕਰੋ। ਬ੍ਰਹਮਾ ਦੀ ਬੇਨਤੀ ਸੁਣ ਕੇ ਕਾਲ-ਪੁਰਖ ਨੇ ਕਿਹਾ ਕਿ ਮੈਂ ਤੁਹਾਡੇ ਲਈ
ਗੁਰੂ ਅਰਜਨ ਦੇ ਘਰ ਜਨਮ ਧਾਰਨ ਕਰਕੇ ਸ਼ਤਰੂ ਖ਼ਤਮ ਕਰ ਦਵਾਂਗਾ:
“ਬ੍ਰਹਮਾ ਕੀ ਬਿਨਤੀ ਸੁਨਿ ਪਾਈ।। ਕਾਲ ਪੁਰਖ ਬੋਲੇ ਸੁਖਦਾਈ।।
ਤੁਮ ਹਿਤਿ ਧਰੋਂ ਜਨਮ ਸੁਖ ਪਾਏ।। ਤੁਮਰੇ ਸ਼ਤ੍ਰੂ ਦੇਊਂ ਖਪਾਏ।। ੧੬੯।।
ਸੁਧਾਂ ਸਰੋਵਰ ਨਿਕਟ ਵਡਾਲੀ।। ਧਰੋਂ ਸਰੂਪ ਤਿਹ ਠਾਂ ਅਰਿ ਟਾਲੀ।।
ਗੁਰੂ ਅਰਜਨ ਕੇ ਧਾਂਮ ਮਝਾਰੇ।। ਧਰੋਂ ਸਰੂਪ ਤੁਮ ਚਿੰਤ ਨਿਵਾਰੇ।। ੧੭੧।।
ਸ੍ਰੀ ਹਰਿਗੋਬਿੰਦ ਸਾਹਿਬ ਜੀ ਦੇ ਅਵਤਾਰ ਧਾਰਨ ਸਮੇਂ ਅਕਾਸ਼ ਤੋਂ ਸਭ ਦੇਵਤੇ
ਅਰਾਏ ਤੇ ਉਨ੍ਹਾਂ ਨੇ ਮੁੱਖੋਂ ਜੈ-ਜੈਕਾਰ ਬੋਲਦਿਆਂ ਫੁੱਲ ਸੁੱਟੇ। ਘਰੋ ਘਰ ਖੁਸ਼ੀਆਂ ਹੋ ਰਹੀਆਂ ਸਨ,
ਕਿਉਂਕਿ, ਅਵਤਾਰਾਂ ਦੇ ਅਵਤਾਰ ਪ੍ਰਗਟ ਹੋਏ ਸਨ:
ਨਭ ਮੈ ਦੇਵ ਆਏ ਸਭ ਹੀ, ਜੈ ਜੈ ਮੁਖਿ ਭਾਖ ਸੁ ਫੁਲਨ ਡਾਰੀ।।
ਮੰਗਲ ਹੋਹਿ ਘਰਾ ਘਰ ਮੈ, ਉਤਰਯੋ ਅਵਤਾਰਨ ਕੋ ਅਵਤਾਰੀ।।
‘ਬੰਸਾਵਲੀ ਨਾਮੇ’ ਦਾ ਲੇਖਕ ਕੇਸਰ ਸਿੰਘ ਛਿੱਬਰ ਬਾਰ ਬਾਰ ਲਿਖਦਾ ਹੈ ਕਿ
ਵਿਸ਼ਨੂ ਦੇ ਸਹੀ ਅਵਤਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਨ:
ਵਿਸ਼ਨ ਅਉਤਾਰ ਸਹੀ ਤੂ ਜੱਗ ਮਹਿ ਆਇਆ। ਧਰਮ ਪੰਥ ਤੈਂ ਜਗਤ ਚਲਾਇਆ ।। ੨੩੧।।
ਵਿਸ਼ਨ ਅਉਤਾਰ ਤੂ ਹੀ ਜੱਗ ਆਇਆ। ਖੀਰ ਸਮੁੰਦ੍ਰ ਤਿਸ ਆਸਨ ਲਾਇਆ ।। ੨੩੩।।
ਭਾਈ ਸੰਤੋਖ ਸਿੰਘ ਜੀ ਕ੍ਰਿਤ ‘ਸ੍ਰੀ ਗੁਰ ਪ੍ਰਤਾਪ ਸੂਰਜ’ (ਸੂਰਜ ਪ੍ਰਕਾਸ਼)
ਵਿੱਚ ਤਾਂ ਗੁਰਇਤਿਹਾਸ ਦੇ ਭਗਵਾਂਕਰਨ ਦੀ ਕੁਚਾਲ ਦੇ ਨਾਲ ਨਾਲ ਗੁਰਬਾਣੀ ਨੂੰ ਵੀ ਮਿਲਗੋਭਾ ਕਰਨ ਦੀ
ਕੋਝੀ ਕੋਸ਼ਿਸ਼ ਕੀਤੀ ਗਈ ਹੈ। ਕਿਉਂਕਿ, ਬਹੁਤ ਸਾਰੇ ਅਜਿਹੇ ਸ਼ਬਦ ਵੀ ਪ੍ਰਸੰਗਾਂ ਵਿੱਚ ਲਿਖੇ ਹੋਏ ਹਨ,
ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਨਹੀ ਹਨ। ਅਜੇ ਕੁੱਝ ਹੀ ਸਾਲ ਹੋਏ ਹਨ, ਜਦੋਂ ‘ਭਾਸ਼ਾ ਵਿਭਾਗ
ਪੰਜਾਬ’ ਨੇ ਇਹ ਸਾਰਾ ਗ੍ਰੰਥ ਦਸ ਜਿਲਦਾਂ ਵਿੱਚ ਦੇਵਨਾਗਰੀ ਲਿੱਪੀ (ਹਿੰਦੀ) ਵਿੱਚ ਛਾਪ ਦਿੱਤਾ ਹੈ।
ਹਿੰਦੀ ਰੂਪਾਂਤਕਾਰ ਹਨ ਡਾ: ਜਯਭਗਵਾਨ ਗੋਯਲ (
M.A.Ph.D)।
ਉਹ ਸੂਰਜ ਪ੍ਰਕਾਸ਼ ਦੇ ਪਹਿਲੇ ਭਾਗ ਨਾਨਕ ਪ੍ਰਕਾਸ਼ ਦੀ ਭੁਮਿਕਾ ਵਿੱਚ ਲਿਖਦੇ ਹਨ “ਸਿੱਖ ਮੱਤ ਮੇਂ
ਗੁਰੂ ਨਾਨਕ ਤਥਾ ਦੂਸਰੇ ਗੁਰੂਓਂ ਨੇ ਸਪਸ਼ਟ ਰੂਪ ਸੇ ਅਵਤਾਰਵਾਦ ਕਾ ਖੰਡਨ ਕੀਯਾ ਹੈ। ਲੇਕਿੰਨ ‘ਨਾਨਕ
ਪ੍ਰਕਾਸ਼’ ਅਵਤਾਰ-ਵਾਦੀ ਭਾਵਨਾ ਪਰ ਹੀ ਅਧਾਰਿਤ ਹੈ। “
‘ਸਿੱਖ ਇਤਿਹਾਸ ਦੇ ਸੋਮੇ’ (ਤੀਜਾ ਭਾਗ) ਨਾਮਕ ਪੁਸਤਕ ਦੇ ਮੁੱਖ ਬੰਦ ਵਿੱਚ
ਸਰਬੰਗੀ ਲੇਖਕ ਗਿ: ਸੋਹਣ ਸਿੰਘ ‘ਸੀਤਲ’ ਚੂੜਾਮਣਿ ਕਵੀ ਭਾਈ ਸੰਤੋਖ ਸਿੰਘ ਜੀ ਦੇ ਸਬੰਧ ਵਿੱਚ
ਲਿਖਿਆ ਹੈ “ਕਵੀ ਜੀ ਬਾਰੇ ਸਾਡੀ ਰਾਇ ਹੈ, ਕਿ ਆਪ ਸਿੱਖ ਸਨ, ਪਰ ਜੋ ਕੁਛ ਉਨ੍ਹਾਂ ਲਿਖਿਆ ਹੈ,
ਪੰਡਤਾਂ ਦੇ ਪ੍ਰਭਾਵ ਥੱਲੇ ਲਿਖਿਆ ਹੈ। ਇਸ ਲਈ ਉਨ੍ਹਾਂ ਦੀ ਸਮੁੱਚੀ ਰਚਨਾ (ਸੂਰਜ ਪ੍ਰਕਾਸ਼) ਸਿੱਖ
ਸਿਧਾਂਤ ਅਨੁਸਾਰ ਨਹੀ”। ਕਿਉਂਕਿ, ਕਥਿਤ ਦਸਮ ਗ੍ਰੰਥ ਦੀ ਤਰ੍ਹਾਂ ਇਸ ਰਚਨਾ ਦਾ ਆਰੰਭ ਤਾਂ ਭਾਵੇਂ
ਕਵੀ ‘ੴ ਸਤਿਗੁਰ ਪ੍ਰਸਾਦਿ’ ਦੇ ਮੰਗਲਾ ਚਰਨ ਨਾਲ ਕਰਦਾ ਹੈ। ਪਰ, ਅਗਲੇ ਹੀ ਮੰਗਲ ਰੂਪ ਕਬਿਤ ਵਿੱਚ
ਉਹ ਟਪੂਸੀ ਮਾਰ ਕੇ ‘ਮਾਤ ਚੰਡਿਕਾ’ (ਕਾਲਕਾ/ਚੰਡੀ ਦੇਵੀ) ਦੀ ਗੋਦ ਵਿੱਚ ਜਾ ਬੈਠਦਾ ਅਤੇ ਉਹਦੀ
ਜੈ-ਜੈਕਾਰ ਕਰਨ ਲਗਦਾ ਹੈ। ਜਿਵੇਂ:
“ਤੀਨੋ ਲੋਕ ਬਰਦਾਨੀ, ਤੀਨੋ ਜਾਚੈ ਮਹਾਰਾਨੀ,
ਤੀਨੋ ਤਾਪ ਹਾਨੀ, ਆਦਿ ਤੀਨੋ ਗੁਨ ਮੰਡਿਕਾ।।
ਨਮੋ ਨਮੋ ਬਾਕ ਬਾਨੀ, ਜੋਤਿ ਬਿਦਤਾਨੀ,
ਦਾਸ ਰਸਨਾ ਬਸਾਨੀ, ਜੈਤਿ ਜੈਤਿ ਮਾਤ ਚੰਡਿਕਾ।। ੨।।
ਭਾਈ ਵੀਰ ਸਿੰਘ ਜੀ ਹੁਰਾਂ ਲਿਖਿਆ ਹੈ ਕਿ ਜਿਸ ਸਮੇਂ ਇਹ ਗ੍ਰੰਥ ਲਿਖਿਆ ਗਿਆ
“ਤਦੋਂ ਅਕਸਰ ਵਿਸ਼ੇਸ਼ ਸਿੱਖ ਗਿਆਨੀਆਂ ਦਾ ਰੌ ਇਹ ਸੀ ਕਿ ਹਿੰਦੂ ਲੋਕ ਸਿੱਖ ਗੁਰੂ ਸਾਹਿਬਾਨ ਨੂੰ
ਅਵਤਾਰ ਮੰਨ ਲੈਣ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੇਦ ਸਥਾਨੀ ਦਰਜਾ ਦੇਣ। ……ਇਸ ਸਮੇਂ
ਲਾਹੌਰ ਦਰਬਾਰ ਦੇ ਡੋਗਰੇ ਅਹਿਲਕਾਰ ਬੀ ਸਿੱਖੀ ਵਿੱਚ ਬੇ-ਮਲੂਮ ਰਲੇ ਪੁਆ ਰਹੇ ਸਨ। ਸੋ ਸਾਰੇ ਦੇਸ਼
ਵਿੱਚ ਨਿਰੋਲ ਸਿੱਖੀ ਦੇ ਖਯਾਲਾਂ ਵਿੱਚ ਰਲਵਾਂ ਰੰਗ ਪੈ ਰਿਹਾ ਸੀ। ਰਾਜੇ ਸਰਦਾਰ ਰਾਜਸੀ ਕੰਮਾਂ
ਵਿੱਚ ਰੁੱਝੇ ਪਏ ਸਨ ਤੇ ਸਿੱਖੀ ਧਰਮ ਵਿੱਚ ਇੱਕ ਰਲੇ ਦਾ ਰੌ ਚੱਲ ਰਿਹਾ ਸੀ’।
ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ‘ਗੁਰਮਤਿ ਮਾਰਤੰਡ’ ਦੀ ਭੂਮਿਕਾ ਦੇ ਅਰੰਭ
ਵਿੱਚ ਗੁਰਇਤਿਹਾਸ ਦੇ ਉਪਰੋਕਤ ਸਾਰੇ ਗ੍ਰੰਥਾਂ ਬਾਰੇ ਆਪਣੀ ਰਾਇ ਇਉਂ ਪ੍ਰਗਟ ਕੀਤੀ ਹੈ:
“ਇਨ੍ਹਾਂ ਗ੍ਰੰਥਾਂ ਦੇ ਡੂੰਘੇ ਖੋਜ ਤੋਂ ਪ੍ਰਤੀਤ ਹੁੰਦਾ ਹੈ ਕਿ ਸਾਡੇ ਮੱਤ
ਦੇ ਕਵੀਆਂ ਨੇ ਅਨ੍ਯਮਤੀ ਗ੍ਰੰਥਕਾਰਾਂ ਦੀ ਨਕਲ ਕਰਦੇ ਹੋਏ ਇਹ ਭਾਰੀ ਭੁੱਲ ਕੀਤੀ ਹੈ ਕਿ ਸਮਾਜ,
ਨੀਤੀ ਅਤੇ ਧਰਮ ਆਦਿਕ ਦੇ ਵਿਸ਼ਯ ਇਕੱਠੇ ਕਰਕੇ ਸਭ ਨੂੰ ਮਜ਼ਹਬੀ ਰੰਗਤ ਦੇ ਦਿੱਤੀ ਹੈ। ਬਿਨਾ ਛਾਣ-ਬੀਣ
ਕੀਤੇ ਅਨੇਕ ਪ੍ਰਸੰਗ ਐਸੇ ਲਿਖੇ ਹਨ, ਜੋ ਮੂਲੋਂ ਨਿਰਮੂਲ ਅਥਵਾ ਗੁਰਮਤ ਤੋਂ ਦੂਰ ਲੈ ਜਾਣ ਵਾਲੇ
ਹਨ”।
ਇਹੀ ਕਾਰਨ ਹੈ ਕਿ ਸਨਾਤਨੀ ਪ੍ਰਭਾਵ ਵਾਲੀਆਂ ਸੰਪਰਦਾਈ ਸਿੱਖ-ਟਕਸਾਲਾਂ ਚੋਂ
ਵਿਦਿਆ ਪ੍ਰਾਪਤ ਕਰਨ ਵਾਲੇ ਗੁਰਸਿੱਖ ਵੀਰ, ਜਦੋਂ ਗੁਰੂ ਸਾਹਿਬਾਨ ਦੀ ਬੰਸਾਵਲੀ ਦਾ ਵਰਨਣ ਕਰਦੇ ਹਨ
ਤਾਂ ਉਹ ਸਤਿਗੁਰਾਂ ਦੇ ਜਨਮ ਦਿਹਾੜੇ ਨੂੰ ‘ਅਵਤਾਰ ਪੁਰਬ’, ਅਸਥਾਨ ਨੂੰ ‘ਅਵਤਾਰ ਧਾਰਨ ਪਿੰਡ’ ਅਤੇ
ਜਨਮ ਸਮੇਂ ਨੂੰ ‘ਅਵਤਾਰ ਧਾਰਨ ਸੰਮਤ’ ਹੀ ਲਿਖਦੇ ਤੇ ਬੋਲਦੇ ਹਨ। ਸਤਿਗੁਰਾਂ ਦੀ ਉਪਮਾ ਕਰਨ ਵੇਲੇ
ਤੁੱਲਨਾ ਵੀ ਵਿਸ਼ਨੂੰ ਦੇ ਅਵਤਾਰਾਂ ਨਾਲ ਹੀ ਕਰਦੇ ਹਨ। ਗੁਰਬਾਣੀ ਦਾ ਨਿਰਣਾ ਹੈ ਕਿ ‘ਗੁਰਮੁਖਿ ਉਪਜੈ
ਸਾਚਿ ਸਮਾਵੈ।। ਨਾ ਮਰਿ ਜੰਮੈ ਨ ਜੂਨੀ ਪਾਵੈ।। ’ ਭਗਤ-ਜਨ ਤਾਂ ਕਹਿ ਰਹੇ ਹਨ ਕਿ ਅਸੀਂ ਫਿਰ ਕਦੇ
ਜਨਮ ਮਰਨ ਦੇ ਗੇੜ ਵਿੱਚ ਨਹੀਂ ਆਵਾਂਗੇ। ਕਿਉਂਕਿ, ਇਹ ਜਨਮ ਮਰਨ ਦਾ ਗੇੜ ਪ੍ਰਭੂ ਦੀ ਰਜ਼ਾ ਅਨੁਸਾਰ
ਹੀ ਹੈ ਅਤੇ ਅਸੀਂ ਉਸ ਰਜ਼ਾ ਨੂੰ ਸਮਝ ਕੇ ਰਜ਼ਾ ਵਿੱਚ ਲੀਨ ਹੋ ਗਏ ਹਾਂ। ਉਨ੍ਹਾਂ ਦੇ ਬਚਨ ਹਨ:
‘ਬਹੁਰਿ ਹਮ ਕਾਹੇ ਆਵਹਿਗੇ।।
ਆਵਨ ਜਾਨਾ ਹੁਕਮੁ ਤਿਸੈ ਕਾ, ਹੁਕਮੈ ਬੁਝਿ ਸਮਾਵਹਿਗੇ।। ’ (ਗੁ. ਗ੍ਰੰ. ਪੰ. ੧੧੦੩)
ਪਰ, ਅਜਿਹੇ ਗੁਰਵਾਕਾਂ ਦੇ ਵਿਪਰੀਤ ਸੰਪਰਦਾਈ ਪ੍ਰਚਾਰਕ, ਜਿਥੇ, ਸ੍ਰੀ ਗੁਰੂ
ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਪੰਥਕ ਅਗਵਾਈ ਲਈ ਚੁਣੇ ਗਏ ਪੰਜ ਗੁਰਮੁਖ ਪਿਆਰਿਆਂ ਨੂੰ ਅਵਤਾਰਵਾਦ
ਦੀ ਝੋਲੀ ਹੀ ਪਾਈ ਜਾ ਰਹੇ ਹਨ। ਉਥੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚਲੇ ਬ੍ਰਹਮ-ਲੀਨ ਭਗਤਾਂ
ਨੂੰ ਵੀ ਜਨਮ ਮਰਨ ਦੇ ਗਧੀ-ਗੇੜ ਵਿੱਚ ਸੁੱਟੀ ਜਾ ਰਹੇ ਹਨ। ਜਿਵੇਂ ਕਿ ‘ਗੁਰਬਾਣੀ ਪਾਠ ਦਰਸ਼ਨ’ ਤੇ
‘ਗੁਰਬਾਣੀ ਪਾਠ ਦਰਪਨ’ ਵਰਗੀਆਂ ਵੱਡ-ਅਕਾਰੀ ਸੰਪਰਦਾਈ ਪੁਸਤਕਾਂ ਵਿੱਚ ਗੁਰੂ ਪਿਆਰੇ ਭਾਈ ਦਇਆ ਸਿੰਘ
ਜੀ ਨੂੰ ਸ੍ਰੀ ਰਾਮਚੰਦਰ ਜੀ ਦੇ ਬੇਟੇ ‘ਲਊ’ (ਲਵ) ਦੇ ਅਵਤਾਰ, ਭਾਈ ਹਿੰਮਤ ਸਿੰਘ ਜੀ ਨੂੰ
ਚਤੁਰਭੁਜੀ (ਵਿਸ਼ਨੂੰ ਭਗਵਾਨ) ਨੂੰ ਪਕੜਣ ਵਾਲੇ ਫੰਧਕ (ਸ਼ਿਕਾਰੀ) ਦੇ ਅਵਤਾਰ, ਭਾਈ ਧਰਮ ਸਿੰਘ ਜੀ
ਨੂੰ ਭਗਤ ਧੰਨਾ ਜੀ ਦੇ ਅਵਤਾਰ, ਭਾਈ ਸਾਹਿਬ ਸਿੰਘ ਜੀ ਨੂੰ ਭਗਤ ਸੈਣ ਜੀ ਦੇ ਅਵਤਾਰ ਅਤੇ ਭਾਈ
ਮੋਹਕਮ ਸਿੰਘ ਜੀ ਨੂੰ ਭਗਤ ਨਾਮਦੇਵ ਜੀ ਦੇ ਅਵਤਾਰ ਲਿਖਿਆ ਹੋਇਆ ਹੈ।
ਜਦ ਕਿ ਭਗਤ ਨਾਮਦੇਵ ਜੀ ਦਾ ਆਪਣਾ ਐਲਾਨ ਹੈ ਕਿ ਮੈਂ ਮੁੜ ਮੁੜ ਜਨਮ ਮਰਨ
ਵਿੱਚ ਨਹੀਂ ਆਵਾਂਗਾ। ਕਿਉਂਕਿ, ਮੈਂ ਚਿੱਤ ਜੋੜ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ
ਹਾਂ ਤੇ ਆਪਣੇ ਮਨ ਨੂੰ ਸਹੀ ਜੀਵਨ ਦੀ ਸਿੱਖਿਆ ਦੇਂਦਾ ਰਹਿੰਦਾ ਹਾਂ ਅਜਿਹੇ ਅਰਥ-ਭਾਵ ਰਖਦੇ ਉਨ੍ਹਾਂ
ਦੇ ਅੰਮ੍ਰਿਤ ਬੋਲ ਹਨ:
‘ਪਾਛੈ ਬਹੁਰਿ ਨ ਆਵਨੁ ਪਾਵਉ।।
ਅੰਮ੍ਰਿਤ ਬਾਣੀ ਘਟ ਤੇ ਉਚਰਉ, ਆਤਮ ਕਉ ਸਮਝਾਵਉ।। (ਗੁ. ਗ੍ਰੰ. ਪੰ. ੬੯੩)
ਭਾਈ ਕਾਨ੍ਹ ਸਿੰਘ ਜੀ ਨਾਭਾ ਵਰਗੇ ਪ੍ਰਮਾਣੀਕ ਗੁਰਸਿੱਖ ਵਿਦਵਾਨ ਨੇ ਸਾਡੇ
ਕੌਮੀ ਵਰਤਾਰੇ ਨੂੰ ਧਿਆਨ ਵਿੱਚ ਰਖ ਕੇ ਭਾਵੇਂ ਇਉਂ ਖੇਦ ਪ੍ਰਗਟ ਕੀਤਾ ਹੈ ਕਿ ‘ਸਾਡੀ ਕੌਮ ਵਿੱਚ
ਪਰਮਾਰਥ ਗ੍ਯਾਤਾ, ਸਤ੍ਯ ਦੇ ਖੋਜੀ ਵਿਦਵਾਨ ਬਹੁਤ ਹੀ ਘੱਟ ਹਨ, ਸਗੋਂ ਖੋਜੀਆਂ ਦੇ ਵੈਰੀ ਅਤੇ ਯਦਾਰਥ
ਲਿਖਣ ਜਾਂ ਕਹਿਣ ਵਾਲਿਆਂ ਨੂੰ ਨਾਸਤਿਕ ਆਖਣ ਵਾਲਿਆਂ ਦੀ ਗਿਣਤੀ ਬਹੁਤੀ ਹੈ’। ਪਰ, ਅਸਾਂ ਆਸ ਨਹੀ
ਛਡਣੀ। ਜੇ ਚਹੁਂ ਪਾਸੀਂ ਅੰਧੇਰਾ ਹੀ ਅੰਧੇਰਾ ਹੈ ਤਾਂ ਘਬਰਾਈਏ ਨਹੀ, ਕਿਤੇ ਚਾਨਣ ਵੀ ਹੋਵੇਗਾ। ਜੇ
ਪਤਝੜ ਹੈ ਤਾਂ ਕੋਈ ਗੱਲ ਨਹੀ, ਬਹਾਰ ਦਾ ਮੋਸਮ ਵੀ ਆਏਗਾ।
ਦੇਖੋ! ਧਰਮ ਪ੍ਰਚਾਰ ਦੀ ਆਸ਼ਾਵਾਦੀ ਲਗਨ ਦਾ ਕਮਾਲ। ਇਸਾਈ ਮਿਸ਼ਨ ਦੇ ਸਾਬਕਾ
ਮੁਖੀ ‘ਡਾ: ਰਿਚਰਡ ਵੁਰਮਬ੍ਰਾਂਡ’ ਰੂਮਾਨੀਆਂ ਵਿੱਚ ੧੪ ਸਾਲ ਦੀ ਕਰੜੀ ਕੈਦ ਭੁਗਤ ਚੁੱਕੇ ਹਨ।
ਕਿਉਂਕਿ, ਉਹ ਗੈਰ ਇਸਾਈ ਮੁਲਕਾਂ ਵਿੱਚ ਧਾਰਮਕ ਲਿਟ੍ਰੇਚਰ ਸਮਗਲ ਕਰਨ ਦੇ ਦੋਸ਼ੀ ਪਾਏ ਗਏ ਸਨ।
ਉਨ੍ਹਾਂ ਨੇ ਇੱਕ ਭੇਂਟ ਵਾਰਤਾ ਵਿੱਚ ਹਜ਼ੂਰ ਸਾਹਿਬ ਤੋਂ ਪ੍ਰਕਾਸ਼ਤ ਹੋਣ ਵਾਲੀ ਮਾਸਿਕ ਪਤ੍ਰਿਕਾ
‘ਸਚਖੰਡ’ ਦੇ ਐਡੀਟਰ ਸ੍ਰ: ਨਿਰਵੈਰ ਸਿੰਘ ਅਰਸ਼ੀ ਨੂੰ ਦਸਿਆ ਸੀ ਕਿ ਭਾਵੇਂ ਕਮਿਊਨਿਸ਼ਟ ਦੇਸ਼ਾਂ ਵਿੱਚ
ਧਾਰਮਿਕ ਲਿਟ੍ਰੇਚਰ ਲਿਜਾਣ ਦੀ ਮਨਾਹੀ ਹੈ। ਪਰ, ਅਸੀਂ ਆਪਣੇ ਸਾਹਿਤ ਦੀਆਂ ਲੱਖਾਂ ਕਾਪੀਆਂ ਪਲਾਸਟਿਕ
ਬੈਗਾਂ ਵਿੱਚ ਪਾ ਕੇ, ਇਸ ਆਸ ਨਾਲ ਸਮੁੰਦਰ ਵਿੱਚ ਰੋੜ ਦਿੰਦੇ ਹਾਂ ਕਿ ਥੋੜਾ ਵੀ ਕਿਧਰੇ ਕਿਨਾਰੇ ਲਗ
ਗਿਆ ਤਾਂ ਸਾਡਾ ਉਦੇਸ਼ ਪੂਰਾ ਜਾਏਗਾ। (ਦੇਖੋ: ਅਰਸ਼ੀ ਜੀ ਦੀ ਪੁਸਤਕ ‘ਸਿੱਖੀ ਸਿਦਕ’)
ਸੋ, ਇਸ ਲਈ ਹੁਣ ਫੌਰੀ ਲੋੜ ਤਾਂ ਇਸ ਉਦਮ ਦੀ ਹੈ ਕਿ ਦੇਸ਼ ਬਿਦੇਸ਼ ਦੀਆਂ
ਗੁਰਸਿੱਖ ਸੰਗਤਾਂ ਅਤੇ ਪੰਥ-ਪ੍ਰਸਤ ਤੇ ਪੰਥ ਦਰਦੀ ਜਥੇਬੰਦੀਆਂ ਜਾਗਰੂਕ ਹੋਣ ਅਤੇ ਉਹ,
ਭੁੱਲ-ਭੁਲੇਖੇ ਪੁਰਾਣਿਕ-ਮਤੀ ਪ੍ਰਭਾਵ ਹੇਠ ਵਿਚਰ ਰਹੀਆਂ ਸਿੱਖ-ਸੰਪਰਦਾਵਾਂ ਨੂੰ, ਪੰਥ ਦੀ
ਮੁੱਖ-ਧਾਰਾ ਵਿੱਚ ਲੀਨ ਕਰਨ ਲਈ ਸਾਂਝੇ ਯਤਨ ਕਰਨ। ਪਰ, ਇਸ ਦੇ ਨਾਲ ਨਾਲ ਕੌਮੀ ਭਲੇ ਵਾਲੇ ਅਜਿਹੇ
ਉਪਕਾਰੀ ਕਾਰਜ ਦੀ ਸਫਲਤਾ ਹਿੱਤ ਹੋਰ ਵੀ ਜ਼ਰੂਰੀ ਹੈ ਕਿ ਅਜਿਹੀਆਂ ਸਿੱਖ ਜਥੇਬੰਦੀਆਂ ਆਪਣੀ
ਮੁੱਖ-ਜਥੇਬੰਦੀ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ’ ਨੂੰ ਸਹਿਯੋਗ ਦੇ ਕੇ
ਮਜ਼ਬੂਤ ਕਰਦੀਆਂ ਹੋਈਆਂ ਮਜ਼ਬੂਰ ਕਰਨ, ਕਿ ਉਹ ਧੜੇਬੰਧਕ ਤੇ ਸੁਆਰਥੀ ਰਾਜਨੀਤਕ ਖੇਲ ਖੇਲਣ ਦੀ ਥਾਂ,
‘ਇਕਾ ਬਾਣੀ ਇਕੁ ਗੁਰੁ ਇਕੋ
ਸਬਦੁ ਵੀਚਾਰਿ।। ’ (ਗੁ. ਗ੍ਰੰ. ਪੰ. ੬੪੬) ਦੇ
ਗੁਰਵਾਕ ਨੂੰ ਧਿਆਨ ਵਿੱਚ ਰਖਦੀ ਹੋਈ, ਪ੍ਰਚਾਰਕ ਸ਼੍ਰੇਣੀ ਦੇ ਗੁਰਮਤਿ ਵਿਆਖਿਆਕਾਰਾਂ, ਸੰਪਰਦਾਈ
ਵਿਦਵਾਨਾਂ, ਸਿੱਖ ਮਿਸ਼ਨਰੀ ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਵਿਗਿਆਨਕ ਦ੍ਰਿਸ਼ਟੀਕੋਨ ਰਖਣ ਵਾਲੇ
ਯੁਨੀਵਰਸਿਟੀ ਪੱਧਰ ਤੱਕ ਦੇ ਗੁਰਸਿੱਖ ਵਿਦਵਾਨਾਂ ਦੀਆਂ ਗੋਸ਼ਟੀਆਂ ਕਰਵਾ ਕੇ ਗੁਰਮਤਿ ਸਿਧਾਂਤਾਂ ਦੇ
ਨਿਰਣੈ ਕਰਵਾਏ।
ਗੁਰਇਤਿਹਾਸ ਦੇ ਮੁੱਢਲੇ ਸੋਮਿਆਂ ਨੂੰ ਗੁਰਬਾਣੀ ਦੀ ਕਸਵੱਟੀ ’ਤੇ ਪਰਖਦਿਆਂ
ਇੱਕ ਪ੍ਰਮਾਣੀਕ ਗੁਰਇਤਿਹਾਸ ਲਿਖਵਾਏ ਅਤੇ ਇਸ ਪ੍ਰਕਾਰ ਆਪਣਾ ਸੋਧਿਆ ਹੋਇਆ ਇਤਿਹਾਸ ਲੋਕਾਂ ਸਾਹਮਣੇ
ਪੇਸ਼ ਕਰੇ। ਤਾਂ ਜੁ ਗੁਰਮਤਿ ਵਿਚਾਰਧਾਰਾ ਦੀ ਨਿਰਮਲਤਾ ਤੇ ਨਿਆਰਾਪਨ ਵੀ ਕਾਇਮ ਰਹੇ ਅਤੇ ਪੰਥਕ-ਏਕਤਾ
ਵੀ ਬਣੀ ਰਹੇ। ਕਿਉਂਕਿ, ਵਿਚਾਰਧਾਰਕ ਵਖਰੇਵੇਂ ਕਾਰਨ ਕੁੱਝ ਸਿੱਖ-ਜਥੇਬੰਦੀਆਂ ਵਿੱਚ ਟਕਰਾਓ ਦੀ
ਸਥਿੱਤੀ ਪੈਦਾ ਹੋ ਰਹੀ ਹੈ, ਜਿਹੜੀ ਪੰਥਕ-ਬ੍ਰਿਧੀ ਅਥਵਾ ਵਿਕਾਸ ਲਈ ਅਤਿਅੰਤ ਹਾਨੀਕਾਰਕ ਹੈ। ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਾਂ ਕੂਕ-ਕੂਕ ਕਹਿ ਰਹੇ ਹਨ ਕਿ ਮੇਰੇ ਵੀਰੋ ਮਿਲ ਬੈਠੋ ਅਤੇ ਪਿਆਰ
ਭਰੀ ਵਿਚਾਰ ਸਹਿਤ ਹਰ ਪ੍ਰਕਾਰ ਦੀ ਦੁਬਿਧਾ ਮਿਟਾਓ! ਕਿਉਂਕਿ, ‘ਇਨਿ ਦੁਬਿਧਾ ਘਰ ਬਹੁਤੇ ਗਾਲੇ’ ਹਨ।
ਸਤਿਗੁਰੂ ਜੀ ਪ੍ਰੇਰਨਾਦਾਇਕ ਅਮਿਓ-ਵਾਕ ਹੈ:
ਹੋਇ ਇਕਤ੍ਰ ਮਿਲਹੁ ਮੇਰੇ ਭਾਈ, ਦੁਬਿਧਾ ਦੂਰਿ ਕਰਹੁ ਲਿਵ ਲਾਇ।।
ਹਰਿ ਨਾਮੈ ਕੇ ਹੋਵਹੁ ਜੋੜੀ, ਗੁਰਮੁਖਿ ਬੈਸਹੁ ਸਫਾ ਵਿਛਾਇ।। {ਗੁ. ਗ੍ਰੰ.
ਪੰ. ੧੧੮੫}