ਕਉਣ ਮਾਸ ਕਉਣ ਸਾਗ ਕਹਾਵੈ?
(ਕਿਸ਼ਤ ਨੰ: 03)
ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ
ਮਿਸ਼ਨਰੀ, ਦਿੱਲੀ
ਗੁਰਬਾਣੀ ਅਤੇ ਮਾਸ ਦਾ ਭੋਜਨ? -
ਉਂਝ
ਤਾਂ ਇਸ `ਚ ਦੋ ਰਾਵਾਂ ਨਹੀਂ ਅਤੇ ਮਾਸ ਨੂੰ ਆਦਿਕਾਲ ਤੋਂ ਹੀ ਸੰਸਾਰ ਪੱਧਰ ਤੇ ਭੋਜਨ ਵਜੋਂ ਲਿਆ
ਗਿਆ ਹੈ। ਅਜ ਦੇ ਜੁੱਗ `ਚ ਜਦੋਂ ਵਿਗਿਆਨ, ਡਾਕਟਰੀ ਸਾਇੰਸ ਅਤੇ ਜੀਵ ਵਿਗਿਆਨ
(Biology) ਇੰਨੀ ਅਗੇ
ਜਾ ਚੁਕੇ ਹਨ ਤਾਂ ਮਨੁੱਖ ਸਮਾਜ `ਚ ਕਿੱਧਰੇ ਵੀ ਇਹ ਝਗੜਾ ਰਹਿ ਹੀ ਨਹੀਂ ਜਾਣਾ ਚਾਹੀਦਾ। ਹੋਰ ਤਾਂ
ਹੋਰ ਸਰੀਰਕ ਡਾਕਟਰ (Physician)
ਕੋਲ ਜਾਵੋ ਤਾਂ ਉਹ ਵੀ ਮਰੀਜ਼ ਨੂੰ ਸ਼ਰਾਬ, ਤਮਾਕੂ, ਗਾਂਜਾ,
ਅਫੀਮ, ਚਰਸ ਆਦਿ ਨਸ਼ਿਆਂ ਤੋਂ ਤਾਂ ਜ਼ਰੂਰ ਮਨ੍ਹਾ ਕਰਦੇ ਹਨ ਪਰ ਅੰਡੇ-ਮਾਸ ਬਾਰੇ ਉਸ ਤਰ੍ਹਾਂ ਹੀ
ਮਨ੍ਹਾਂ ਕਰਦੇ ਹਨ ਜਿਵੇਂ ਕਿਸੇ ਨੂੰ ਰਾਜਮਾ, ਚਾਵਲ, ਦਾਲਾਂ, ਆਲੂ ਆਦਿ ਵਾਈ-ਬਾਦੀ ਵਸਤਾਂ ਤੋਂ; ਉਹ
ਵੀ ਕੇਵਲ ਬਿਮਾਰੀ ਅਤੇ ਸਰੀਰ-ਸਰੀਰ ਦੀ ਲੋੜ ਅਨੁਸਾਰ।
ਇਸੇ ਤਰ੍ਹਾਂ ਜੇਕਰ ਗੁਰੂ ਦੇ ਨਿਰਮਲ ਭਉ `ਚ ਰਹਿੰਦੇ ਹੋਏ ਬੜੀ ਨੇਕ ਨੀਯਤੀ
ਨਾਲ ਗੁਰਬਾਣੀ ਵਿਚੋਂ ਘੋਖੀਏ ਤਾਂ ਸਾਫ਼ ਹੋ ਜਾਂਦਾ ਹੈ ਕਿ ਗੁਰਬਾਣੀ `ਚ ਵੀ ਸ਼ਰਾਬ ਆਦਿ ਨਸ਼ਿਆਂ ਤੋਂ
ਤਾਂ ਪੂਰੀ ਤਰ੍ਹਾਂ ਵਰਜਿਆ ਹੈ ਪਰ ਮਾਸ ਨੂੰ ਮਨੁੱਖੀ ਭੋਜਨ ਵਜੋਂ ਸਵੀਕਾਰ ਕੀਤਾ ਹੈ। ਠੀਕ ਉਸੇ
ਤਰ੍ਹਾਂ ਜਿੱਥੇ ਸਦੀਆਂ ਬਾਦ ਅਜ ਮੈਡੀਕਲ ਸਾਇੰਸ ਪੁਜੀ ਹੈ, ਗੁਰਬਾਣੀ ਦਾ ਇਹੀ ਫ਼ੈਸਲਾ ਸਦੀਆਂ
ਪਹਿਲਾਂ ਤੋਂ ਮੋਜੂਦ ਹੈ। ਜਿਉਂ ਜਿਉਂ ਅਗੇ ਚਲਾਂਗੇ ਇਹ ਗਲ ਵੀ ਖੁਲਦੀ ਜਾਵੇਗੀ ਕਿ ਸੰਪੂਰਣ
ਗੁਰਬਾਣੀ ਰਚਨਾ `ਚ ਮਨੁੱਖੀ ਭੋਜਨ ਵਜੋਂ ਮਾਸ ਲਈ ਕਿੱਧਰੇ ਵੀ ਮਨ੍ਹਾਂ ਨਹੀਂ ਕੀਤਾ ਗਿਆ। ਫ਼ਿਰ ਵੀ
ਸਨਿਮ੍ਰ ਬੇਨਤੀ ਹੈ, ਜੇਕਰ ਸਾਡੇ ਸਤਿਕਾਰਜੋਗ ਮਾਸ ਵਿਰੋਧੀ ਸੱਜਣਾ ਨੇ ਕੁੱਝ ਸ਼ਬਦਾਂ ਜਾਂ ਗੁਰਬਾਣੀ
ਪ੍ਰਮਾਣਾ ਨੂੰ ‘ਮਾਸ ਵਿਰੋਧੀ ਦਸਿਆ ਹੈ ਤਾਂ ਉਨ੍ਹਾਂ ਦੇ ਅਰਥ ਵੀ ਨਾਲ-ਨਾਲ ਅਤੇ ਬਾਕੀ ਵੱਖਰੇ ਤੌਰ
ਤੇ ਫ਼ਿਰ ਤੋਂ ਘੋਖਣ ਦਾ ਜ਼ਰੂਰ ਜਤਨ ਕੀਤਾ ਜਾਵੇਗਾ, ਤਾਕਿ ਵੱਧ ਤੋਂ ਵੱਧ ਭੁਲੇਖੇ ਨਿਕਲ ਸਕਣ।
ਇਸੇ ਤਰ੍ਹਾਂ ਚਲਦੇ ਪ੍ਰਕਰਣ ਅਨੁਸਾਰ, ਕੇਵਲ ਵਿਸ਼ੇ ਨੂੰ ਸਮਝਣ ਲਈ ਮਿਸਾਲ
ਵਜੋਂ ਗੁਰਬਾਣੀ `ਚਂ ਕੁੱਝ ਸ਼ਬਦ ਇਸਤਰ੍ਹਾਂ ਹਨ, ਜਿਨਾਂ ਨੂੰ ਸਾਡੇ ਮਾਸ ਵਿਰੋਧੀ ਸੱਜਣਾਂ ਨੇ ਮਾਸ
ਛੱਕਣ ਦੇ ਵਿਰੁਧ ਵਰਤਿਆ ਹੈ ਜਿਵੇਂ:
“ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ॥
ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ॥
ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ” (ਮ: ੧ ਪੰ: ੧੫)
ਧਿਆਨ ਰਹੇ! ਇਥੇ ਮਨੁੱਖ ਦੇ ਮਾਇਆ `ਚ ਖੱਚਤ ਰਹਿਣ ਵਾਲੇ ਸੁਭਾਅ ਨੂੰ
ਵੰਗਾਰਿਆ ਹੈ, ਮਾਸ ਛਕਣ ਨੂੰ ਨਹੀਂ। ਮਨੁੱਖ ਨੂੰ ਚੇਤੇ ਕਰਵਾਇਆ ਹੈ, ਐ ਭਾਈ! ਸੰਸਾਰ `ਚ ਰਹਿਣ ਲਈ
ਕਰਤੇ ਨੇ ਤੇਰੀ ਵਰਤੋਂ ਲਈ ਤੈਨੂੰ ਬੇਅੰਤ ਦਾਤਾਂ ਬਖਸ਼ੀਆਂ ਹਨ। ਪਰ ਤੂੰ ਦਾਤਾਂ ਨੂੰ ਹੀ
ਲਾਲਸਾ-ਚੱਸਕੇ ਬਣਾਕੇ ਇਨ੍ਹਾਂ `ਚ ਹੀ ਖੱਚਤ ਹੋਕੇ ਰਹਿ ਗਿਆ। ਤੂੰ ਅਪਣੇ ਮਨ ਨੂੰ ਇਨ੍ਹਾਂ ਰਸਾਂ ਦਾ
ਅਜੇਹਾ ਗੁਲਾਮ ਬਣਾ ਲਿਆ ਕਿ ਦਾਤਾਂ ਕਾਰਣ ਜਿਸ ਕਰਤੇ ਦੀ ਤੈਨੂੰ ਯਾਦ ਆਉਣੀ ਚਾਹੀਦੀ ਸੀ, ਉਸ ਕਰਤਾਰ
ਨੂੰ ਤਾਂ ਤੂੰ ਭੁਲਾ ਦਿੱਤਾ ਅਤੇ ਦਾਤਾਂ `ਚ ਹੀ ਮਸਤ ਹੋ ਗਿਆ।
ਧਿਆਨ ਰਹੇ! ਗੁਰਦੇਵ ਨੇ ਇਥੇ ਸੋਨਾ, ਚਾਂਦੀ, ਸੁਗੰਧੀਆਂ, ਘੋੜੇ (ਵਧੀਆ
ਸੁਆਰੀ) ਗ੍ਰਿਹਸਥ ਜੀਵਨ ਦੇ ਨਾਲ ਨਾਲ ਜਦੋਂ ਮਨੁੱਖ ਦੇ ਭੋਜਨਾਂ ਦੀ ਗਲ ਕੀਤੀ ਤਾਂ ਮਾਸ ਨੂੰ ਦੂਜੇ
ਭੋਜਨਾਂ ਤੋਂ ਮਹਿੰਗੇ, ਵਧੀਆ `ਤੇ ਸੁਆਦਲੇ ਭੋਜਨ ਵਜੋਂ ਕੇਵਲ ਬਰਾਬਰੀ ਹੀ ਨਹੀਂ ਦਿੱਤੀ ਬਲਕਿ ਸਭ
ਤੋਂ ਉਪਰ ਰਖਿਆ ਹੈ। ਇਸੇਤਰ੍ਹਾਂ ਇੱਕ ਹੋਰ ਸ਼ਬਦ:
“ਕਿਆ ਖਾਧੈ ਕਿਆ ਪੈਧੈ ਹੋਇ॥ ਜਾ ਮਨਿ ਨਾਹੀ ਸਚਾ ਸੋਇ॥
ਕਿਆ ਮੇਵਾ ਕਿਆ ਘਿਉ ਗੁੜੁ ਮਿਠਾ ਕਿਆ ਮੈਦਾ ਕਿਆ ਮਾਸੁ॥
ਕਿਆ ਕਪੜੁ ਕਿਆ ਸੇਜ ਸੁਖਾਲੀ ਕੀਜਹਿ ਭੋਗ ਬਿਲਾਸ॥
ਕਿਆ ਲਸਕਰ ਕਿਆ ਨੇਬ ਖਵਾਸੀ ਆਵੈ ਮਹਲੀ ਵਾਸੁ॥
ਨਾਨਕ ਸਚੇ ਨਾਮ ਵਿਣੁ ਸਭੇ ਟੋਲ ਵਿਣਾਸੁ” (ਮ: ੧ ਪੰ: ੧੪੨)
ਭਾਵ ਮਨੁੱਖ ਨੇ ਜੇਕਰ ਕਰਤਾਰ ਦੀਆਂ ਬੇਅੰਤ ਦਾਤਾਂ ਤਾਂ ਵਰਤ ਲਈਆਂ ਪਰ ਬਦਲੇ
`ਚ ਦਾਤਾਂ ਦੇਣ ਵਾਲਾ ਦਾਤਾ ਹੀ ਵਿਸਰਿਆ ਰਿਹਾ। ਉਸ ਦਾਤਾਰ ਦਾ ਸਿਮਰਨ ਹੀ ਨਹੀਂ ਕੀਤਾ ਤਾਂ ਇਨ੍ਹਾਂ
ਸਾਰੇ ਪਦਾਰਥਾਂ ਦਾ ਵਰਤਣਾ ਵੀ “ਨਾਨਕ ਸਚੇ ਨਾਮ ਵਿਣੁ ਸਭੇ ਟੋਲ ਵਿਣਾਸੁ” ਵਿਅਰਥ ਹਨ। ਇਥੇ
ਦੇਖਣਾ ਹੈ ਕਿ ਇਸ ਸਲੋਕ `ਚ ਵੀ ਜਦੋਂ ਖਾਣ ਵਾਲੀਆਂ ਵਸਤਾਂ ਜਿਵੇ ਮੇਵਾ, ਗੁੜ, ਮੈਦਾ ਆਦਿ ਦਾ ਜ਼ਿਕਰ
ਆ ਰਿਹਾ ਹੈ ਮਾਸ ਦਾ ਦਰਜਾ ਖਾਣ ਵਾਲੀਆਂ ਵਸਤਾਂ ਦੀ ਗਿਣਤੀ `ਚ ਹੀ, ਵੱਖ ਨਹੀਂ ਬਲਕਿ ਭੋਜਨਾਂ
ਵਿਚੋਂ ਵਿਸ਼ੇਸ਼ ਭੋਜਨ ਅਤੇ ਉਪਰ ਹੀ ਦਸਿਆ ਹੈ। ਹੋਰ ਲਵੋ:
“ਕਹੁ ਬਕਰਾ ਰਿੰਨ ਖਾਇਆ”. . -
ਜੰਜੂ ਨਾਲ ਸੰਬੰਧਤ ਸਲੋਕਾਂ `ਚ ਗੁਰਦੇਵ ਪੰਡਤ ਨੂੰ ਸਮਝਾਉਂਦੇ ਹਨ “ਇਹ ਪੰਡਤ ਜੀ! ਜਿਸ ਜੰਜੂ ਨੂੰ
ਪਾਕੇ ਤੁਸੀਂ ਜਜਮਾਨ ਨੂੰ ਧਰਮ `ਚ ਪ੍ਰਵੇਸ਼ ਕਰਵਾਉਣ ਦੀ ਗਲ ਕਰਦੇ ਹੋ। ਜੰਜੂ ਵਾਲੀ ਇਸ ਸਾਰੀ ਕਿਰਿਆ
`ਚ ਜੀਵਨ ਦਾਤੇ ਜਾਂ ਧਰਮ `ਚ ਪ੍ਰਵੇਸ਼ ਕਰਨ ਵਾਲਾ ਕੋਈ ਉਦਮ ਤਾਂ ਹੈ ਹੀ ਨਹੀਂ। ਬਲਕਿ ਇਥੇ ਤਾਂ ਧਰਮ
ਦੇ ਪੜਦੇ `ਚ ਤੁਸੀਂ ਕੇਵਲ ਅਪਣੀ ਗੁਲਾਮੀ ਦੇਂਦੇ ਹੋ ਫ਼ੁਰਮਾਨ ਹੈ
“ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ॥
ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ॥
ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ” (ਪੰ: ੪੭੧)।
ਜੰਜੂ ਪ੍ਰਥਾਏ ਇਥੇ ਚਾਰ ਸਲੋਕ ਆਏ ਹਨ, ਅਤੇ ਇਹ ਚਾਰੇ ਸਲੋਕ ਇਕੋ ਲੜੀ `ਚ
ਹਨ। ਇਸ ਲੜੀ ਦੇ ਤੀਜੇ ਸਲੋਕ `ਚ ਪਾਤਸ਼ਾਹ ਦਾ ਫ਼ੁਰਮਾਨ ਹੈ ਜੰਜੂ `ਚ ਧਰਮੀ ਜੀਵਨ ਲਈ ਕੋਈ ਉਦਮ ਹੈ
ਹੀ ਨਹੀਂ, ਇਹੀ ਕਾਰਣ ਹੈ ਕਿ ਜੰਜੂ ਪੁਆਉਣ ਤੋਂ ਬਾਦ ਵੀ ਜਜਮਾਨ ਦੀ ਰਹਿਣੀ, ਸੋਚਣੀ, ਕਰਣੀ ਆਦਿ
ਕਿਸੇ ਪਖੋਂ ਉਸਦੇ ਜੀਵਨ `ਚ ਉੱਕਾ ਤੱਬਦੀਲੀ ਨਹੀਂ ਆਉਂਦੀ। ਜੇ ਕੋਈ ਮਨੁੱਖ ਪਹਿਲਾਂ ਤੋਂ ਚੋਰ,
ਵਿਭਚਾਰੀ, ਧੋਖੇਬਾਜ਼, ਫ਼ਰੇਬੀ ਜਾਂ ਕੁੱਝ ਵੀ ਸੀ ਤਾਂ ਜੰਜੂ ਪਾਉਣ ਤੋਂ ਬਾਦ ਵੀ ਉਸਦੇ ਜੀਵਨ `ਚ
ਰੱਤਾ ਫ਼ਰਕ ਨਹੀਂ ਆਉਂਦਾ। ਇਹ ਵੱਖਰੀ ਗਲ ਹੈ ਕਿ ਸਰਦੇ-ਪੁਜਦੇ ਪ੍ਰਵਾਰਾਂ `ਚ ਉਚੇਚਾ ਪ੍ਰਭਾਵ ਦੇਣ
ਜਾਂ ਭੱਲ ਬਨਾਉਣ ਲਈ ਬੱਕਰੇ ਆਦਿ ਦੇ (ਮੰਹਿਗੇ) ਪੱਕਵਾਨ ਤਿਆਰ ਕਰਵਾਏ ਜਾਂਦੇ ਹਨ। ਉਪਰੰਤ
ਰਿਸ਼ਤੇਦਾਰ, ਸੰਬੰਧੀ, ਮਿੱਤਰ “ਸਭੁ ਕੋ ਆਖੈ ਪਾਇ” ਅਨੁਸਾਰ ਮੁਬਾਰਕਾਂ ਦੇਂਦੇ ਅਤੇ ਕਹਿੰਦੇ
ਹਨ “ਮੁਬਾਰਕ ਹੋਵੇ ਜੀ, ਕਾਕੇ ਨੇ ਜੰਜੂ ਪਾਇਆ ਹੈ” ਆਦਿ, ਇਸ ਤੋਂ ਵੱਧ ਹੋਰ ਕੁੱਝ ਨਹੀਂ। ਪੂਰਾ
ਸਲੋਕ ਇਸਤਰ੍ਹਾਂ ਹੈ:
“ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ॥
ਲਖ ਠਗੀਆ ਪਹਿਨਾਮੀਆ ਰਾਤਿ ਦਿਨਸੁ ਜੀਅ ਨਾਲਿ॥
ਤਗੁ ਕਪਾਹਹੁ ਕਤੀਐ ਬਾਮ੍ਹ੍ਹਣੁ ਵਟੇ ਆਇ॥
ਕੁਹਿ ਬਕਰਾ ਰਿੰਨਿ੍ਹ੍ਹ ਖਾਇਆ ਸਭੁ ਕੋ ਆਖੈ ਪਾਇ॥
ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ॥
ਨਾਨਕ ਤਗ ਨ ਤੁਟਈ ਜੇ ਤਗਿ ਹੋਵੈ ਜੋਰੁ॥
੨ ॥”
(ਪੰ: ੪੭੧)
ਧਿਆਨ ਦੇਣ ਵਾਲੀ ਗਲ ਇਹ ਹੈ ਕਿ ਇਥੇ ਵੀ ਮਾਸ ਦਾ ਜ਼ਿਕਰ ਵਧੀਆ ਅਤੇ ਮੰਹਿਂਗੇ
ਮਨੁੱਖੀ ਭੋਜਨ ਵਜੋਂ ਹੈ ਅਤੇ ਭੁਲੇਖੇ ਵਾਲੀ ਉਕਾ ਗਲ ਨਹੀਂ ਰਹਿ ਜਾਂਦੀ।
ਬਲਕਿ ਇਥੇ ਤਾਂ ਇੱਕ ਹੋਰ ਵਿਸ਼ਾ ਵੀ ਉਘੜ ਕੇ ਸਾਹਮਣੇ ਆਉਂਦਾ ਹੈ, ਚੂੰਕਿ
ਸਾਖੀ ਅਨੁਸਾਰ ਗੁਰਦੇਵ ਨੇ ਇਨ੍ਹਾਂ ਸਲੋਕਾਂ ਦਾ ਉਚਾਰਣ ਉਦੋਂ ਕੀਤਾ ਜਦੋਂ ਕੁਲ ਰੀਤੀ ਅਨੁਸਾਰ ਪੰਡਤ
ਹਰਦਿਆਲ ਨੇ ਗੁਰਦੇਵ ਨੂੰ ਜੰਜੂ ਪਾਉਣ ਲਈ ਅਪਣੀ ਬਾਂਹ ਉਚੀ ਕੀਤੀ। ਉਸ ਸਮੇਂ ਗ੍ਰਿਹ ਵਿਖੇ ਸਾਰੀ
ਬਿਰਾਦਰੀ ਅਤੇ ਰਾਜਸੀ ਆਗੂ ਵੀ ਜੁੜੇ ਹੋਏ ਸਨ। ਚੇਤੇ ਰਹੇ! ਇੱਕ ਪਾਸੇ, ਬ੍ਰਾਹਮਣੀ ਵਰਣਵੰਡ ਅਨੁਸਾਰ
ਗੁਰਦੇਵ ਦਾ ਨਿਜੀ ਸੰਬੰਧ ਵੀ ਬੇਦੀ ਭਾਵ ਉਚੀ ਕੁਲ ਨਾਲ ਸੀ। ਇਸਦੇ ਨਾਲ, ਪਿਤਾ ਕਾਲੂ ਰਾਇਬੁਲਾਰ ਦੇ
ਦੱਸ ਪਿੰਡਾਂ ਦੇ ਪਟਵਾਰੀ ਅਤੇ ਉਸਦੇ ਮੰਤ੍ਰੀਮੰਡਲ (ਕੈਬਨਿਟ) `ਚ ਮੰਤ੍ਰੀ (ਮਹਿਤਾ) ਵੀ ਸਨ। ਤਾਂਤੇ
ਆਪ ਦੇ ਪ੍ਰਵਾਰ ਦਾ ਰਾਜਸੀ ਰੁੱਤਬਾ ਵੀ ਖਾਸਾ ਉਚਾ ਸੀ। ਜ਼ਰੂਰੀ ਹੈ ਉਸ ਸਮੇਂ ਗ੍ਰਿਹ ਵਿਖੇ ਜੁੜਿਆ
ਮੇਲ ਵੀ ਬਹੁਤ ਵੱਡਾ ਹੀ ਹੋਵੇਗਾ। ਇਸਤਰ੍ਹਾਂ ਸਲੋਕ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਅਜੇਹੇ ਸਮੇਂ
ਗੁਰਦੇਵ ਦੇ ਗ੍ਰਹਿ ਵਿਖੇ ਵੀ ਬਕਰੇ ਆਦਿ ਦੇ ਪੱਕਵਾਨ ਬਣੇ ਹੋਏ ਸਨ। ਸਪੱਸ਼ਟ ਹੈ ਇਸੇ ਕਾਰਣ “ਕੁਹਿ
ਬਕਰਾ ਰਿੰਨਿ੍ਹ੍ਹ ਖਾਇਆ ਸਭੁ ਕੋ ਆਖੈ ਪਾਇ” ਵਾਲਾ ਇਹ ਵਿਸ਼ਾ ਇਸ ਸਲੋਕ `ਚ ਆਇਆ ਹੈ।
ਸ਼ਰਾਬ, ਮਾਸ ਅਤੇ ਸਰੀਰਕ ਰੱਸ-
ਇਥੇ ਇਹ ਗਲ ਵੀ ਵਧੇਰੇ ਧਿਆਨ ਮੰਗਦੀ ਹੈ ਕਿ ਗੁਰਬਾਣੀ `ਚ ਕੇਵਲ ਜੀਭ ਦੇ ਚੱਸਕਿਆਂ ਦਾ ਹੀ ਵਿਰੋਧ
ਨਹੀਂ ਅਤੇ ਨਾ ਹੀ ਗਲ ਕੇਵਲ ਮਾਸ ਜਾਂ ਸ਼ਰਾਬ ਆਦਿ ਦੀ ਹੈ। ਗੁਰਬਾਣੀ `ਚ ਤਾਂ ਪਹਿਰਾਵਾ, ਸੁਆਰੀ,
ਐਸ਼ੋ-ਆਰਾਮ, ਵਿੱਦਵਤਾ ਦੀ ਹਉਮੈ, ਧਰਮ-ਕਰਮ ਭਾਵ ਹਰੇਕ ਪ੍ਰਕਾਰ ਦੀ ਉਹ ਕਰਨੀ ਜੋ ਕਰਤੇ ਨੂੰ ਵਿਸਾਰ
ਕੇ ਹੈ ਜਾਂ ਪ੍ਰਭੁ ਨੂੰ ਵਿਸਾਰਣ ਵਾਲੀ ਅਤੇ ਸੱਚ ਦੇ ਰਾਹ ਤੇ ਰੁਕਾਵਟ ਹੈ, ਗੁਰੂਦਰ ਤੇ ਪ੍ਰਵਾਨ
ਨਹੀਂ। ਬਾਣੀ `ਚ ਬਾਰ-ਬਾਰ ਚੇਤਾਇਆ ਹੈ ਕਿ ਐ ਇਨਸਾਨ! ਕਰਤੇ ਨੇ ਸਾਰੀਆਂ ਦਾਤਾਂ ਕੇਵਲ ਤੇਰੇ ਲਈ
ਬਖਸ਼ੀਆਂ ਹਨ ਫ਼ੁਰਮਾਣ ਹੈ
“ਅਵਰ ਜੋਨਿ ਤੇਰੀ ਪਨਿਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ॥
ਸੁਇਨਾ ਰੂਪਾ ਤੁਝ ਪਹਿ ਦਾਮ॥ ਸੀਲੁ ਬਿਗਾਰਿਓ ਤੇਰਾ ਕਾਮ” (ਪੰ: ੩੭੪)
ਪਰ ਦਾਤੇ ਨੂੰ ਵਿਸਾਰ ਕੇ ਉਸਦੀਆ ਦਾਤਾਂ `ਚ ਡੁੱਬ ਜਾਣਾ, ਇਨ੍ਹਾਂ ਨੂੰ ਹੀ
ਲਾਲਸਾ, ਚੱਸਕੇ ਅਤੇ ਜੀਵਨ ਦੇ ਰਸ ਮੰਨਕੇ ਦਾਤੇ ਨੂੰ ਭੁਲੇ ਰਹਿਣਾ। ਇਸਤਰ੍ਹਾਂ ਇਹ ਤਾਂ ਸਾਰਾ ਜੀਵਨ
ਹੀ ਇਨ੍ਹਾਂ ਰਸਾਂ ਕਸਾਂ `ਚ ਤੱਬਾਹ ਕਰਕੇ ਮੁੜ ਜਨਮ-ਮਰਣ ਦੇ ਗੇੜ੍ਹ `ਚ ਫ਼ਸਣਾ ਹੈ। ਇਸੇ ਹੀ ਗੁਮਰਾਹ
ਜੀਵਨ ਦਾ ਅਗਲਾ ਪਹਿਲੂ ਇਹ ਹੈ, ਜਦੋਂ ਪ੍ਰਭੁ ਨੂੰ ਭੁੱਲ ਕੇ ਜੀਵਨ `ਚ ਲਗਾਈ ਹੋਈ ਇਸ ਦੀ ਇਹ ਦੌੜ
ਇਸਨੂੰ ਪੂਰੀ ਤਰ੍ਹਾਂ ਅਉਗਣਾਂ `ਚ ਹੀ ਗ਼ਰਕ ਕਰ ਦੇਦੀ ਹੈ। ਸ਼ਰਾਬ ਆਦਿ ਨਸ਼ਿਆਂ `ਚ ਡੁੱਬਿਆ ਇਹ
ਮਨੁੱਖ, ਅਮੁਲੇ ਮਨੁੱਖਾ ਸਰੀਰ ਨੂੰ ਵੀ ਜੀਂਦੇ ਜੀਅ ਨਰਕ ਬਣਾ ਲੈਂਦਾ ਹੈ ਅਤੇ ਸਰੀਰਕ ਤੌਰ ਤੇ ਮਰਨੋ
ਪਹਿਲਾਂ ਹੀ ਇਸ ਅੰਦਰ ਭਿਅੰਕਰ ਰੋਗਾਂ ਨੂੰ ਜਨਮ ਦੇ ਦੈਂਦਾ ਹੈ। ਇਸੇ ਸਾਰੇ ਦਾ ਨਤੀਜਾ ਆਖਿਰ ਇੱਕ
ਦਿਨ ਤੜਫ਼-ਤੜਫ਼ ਕੇ ਹੀ ਦਮ ਤੋੜਦਾ ਹੈ।
ਇਹੀ ਕਾਰਣ ਹੈ ਜਦੋਂ ਗੁਰਦੇਵ ਨੇ ਸ਼ਰਾਬ ਵਿੱਭਚਾਰ ਆਦਿ ਤੋਂ ਵਰਜਿਆ ਹੈ ਤਾਂ
ਉਸ ਸਮੇਂ ਉਨ੍ਹਾਂ ਕਰਣੀਆਂ ਨਾਲ ਵਰਤੀਆਂ ਜਾ ਰਹੀਆਂ ਵਸਤਾਂ ਭਾਵੇਂ ਰੋਟੀਆਂ ਹਨ, ਘਿਉ, ਮੈਦਾ, ਮਾਸ,
ਗੁੜ ਜਾਂ ਅਜੌਕੇ ਸਮੇਂ ਸ਼ਰਾਬ ਨਾਲ ਨਮਕੀਨ, ਖਾਰੇ-ਸੋਡੇ ਦੀ ਵਰਤੋਂ ਹੈ, ਉਨ੍ਹਾਂ ਸਾਰੀਆਂ ਵਸਤਾਂ
ਨੂੰ ਵੀ ਸ਼ਰਾਬ ਦੇ ਨਾਲ ਬਿਆਨਿਆ ਹੈ। ਇਹ ਵੱਖਰੀ ਗਲ ਹੈ ਤਾਂ ਵੀ ਗਲਤ ਕਿਹਾ ਤਾਂ ਕੇਵਲ ਸ਼ਰਾਬ,
ਵਿੱਭਚਾਰ ਨੂੰ। ਇਸ ਤਰ੍ਹਾਂ ਸੰਪੂਰਣ ਗੁਰਬਾਣੀ ਰਚਨਾ `ਚ, ਕਿੱਧਰੇ ਵੀ ਦਰਸ਼ਨ ਕਰ ਲਵੋ! ਜਿੰਨੀ ਵੱਧ
ਗਹਿਰਾਈ `ਚ ਜਾਵਾਂਗੇ, ਦੇਖਾਂਗੇ ਕਿ ਮਾਸ ਨੂੰ ਭੋਜਨ ਵਜੋਂ ਕਿੱਧਰੇ ਇੱਕ ਵਾਰੀ ਵੀ ਨਹੀਂ ਕਟਿਆ।
ਇੱਕਲੀ ਸ਼ਰਾਬ-ਵਿੱਭਚਾਰ ਦਾ ਵਿਰੋਧ-
ਇਸੇਤਰ੍ਹਾਂ ਹੋਰ ਧਿਆਨ ਨਾਲ ਦੇਖੋ! ਗੁਰਬਾਣੀ `ਚ ਸ਼ਰਾਬ
ਨੂੰ ਤਾਂ ਇਕਲੇ ਤੌਰ ਤੇ ਵੀ ਅਨੇਕਾਂ ਵਾਰੀ ਕਟਿਆ ਹੈ ਜਿਵੇਂ:
“ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ” (ਪੰ: ੩੬੦)
ਜਾਂ
“ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ॥
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥
ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ॥
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ” (ਪੰ: ੫੫੪)
ਹੋਰ ਤਾਂ ਹੋਰ ਗੁਰਬਾਣੀ ਅਨੁਸਾਰ ਭੋਜਨ ਦੇ ਵਿਸ਼ੇ ਤੇ ਵਿਚਾਰ ਕਰਦੇ ਅਸੀਂ
ਭਲੀ ਪ੍ਰਕਾਰ ਦੇਖ ਚੁਕੇ ਹਾਂ ਕਿ ਪ੍ਰਭੁ ਨੂੰ ਵਿਸਾਰ ਕੇ ਗਲ ਕੇਵਲ ਮਾਸ ਦੇ ਖਾਣ ਦੀ ਵੀ ਨਹੀਂ ਰਹਿ
ਜਾਂਦੀ ਬਲਕਿ ਖਾਣਾ, ਪਹਿਨਣਾ, ਭੁੰਚਣਾ, ਸਰੀਰ ਦੀਆਂ ਹੋਰ ਬੇਅੰਤ ਲੋੜਾਂ ਅਤੇ ਰੱਸ `ਤੇ ਚੱਸਕੇ ਸਭ
ਨਿੰਦਣਜੋਗ ਦਸੇ ਹਨ। ਇਸਤੋਂ ਵੱਧ ਗੁਰਬਾਣੀ ਰਚਨਾ `ਚ ਵਿੱਭਚਾਰੀ ਜੀਵਨ ਨੂੰ ਤਾਂ ਉਕਾ ਹੀ ਪ੍ਰਵਾਣ
ਨਹੀਂ ਕੀਤਾ ਮਿਸਾਲ ਵਜੋਂ:
“ਏ ਮਨ ਮੇਰੇ ਬਾਵਲੇ ਹਰਿ ਰਸੁ ਚਖਿ ਸਾਦੁ ਪਾਇ॥
ਅਨ ਰਸਿ ਲਾਗਾ ਤੂੰ ਫਿਰਹਿ ਬਿਰਥਾ ਜਨਮੁ ਗਵਾਇ” (ਪੰ: ੪੩੦)
ਹੁਣ ਇਥੇ ਵੀ ਲੈ ਲਵੋ! ਜੇਕਰ ਸਾਡੇ ਮਾਸ ਵਿਰੋਧੀ ਸੱਜਣ ਇਥੇ “ਅਨ ਰਸਿ
ਲਾਗਾ ਤੂੰ ਫਿਰਹਿ. .” ਵਿਚੋ ਅਨਿ ਰਸ ਦਾ ਬਦੋਬਦੀ ਅਰਥ ਹੀ ਮਾਸ ਲਈ ਫ਼ਿਰਣ ਤਾਂ ਕਿਸੇ ਕੋਲ ਇਸਦਾ ਕੀ
ਇਲਾਜ? ਜਦਕਿ ਇਥੇ “ਅਨ ਰਸ” ਲਫ਼ਜ਼ ਉਸੇ ਤਰ੍ਹਾਂ ਹੈ ਜਿਸਤਰ੍ਹਾਂ ਇਸਤੋਂ ਪਹਿਲਾਂ “ਰਸੁ ਸੁਇਨਾ ਰਸੁ
ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ” ਆਦਿ ਸ਼ਬਦਾਂ `ਚ ਆਇਆ ਹੈ। ਤਾਂਤੇ ਹੋਰ ਲਵੋ:
“ਜੇਤਾ ਮੋਹੁ ਪਰੀਤਿ ਸੁਆਦ॥ ਸਭਾ ਕਾਲਖ ਦਾਗਾ ਦਾਗ॥
ਦਾਗ ਦੋਸ ਮੁਹਿ ਚਲਿਆ ਲਾਇ॥ ਦਰਗਹ ਬੈਸਣ ਨਾਹੀ ਜਾਇ” (ਪੰ: ੬੬੨)
ਅਤੇ “ਜਿਤੁ ਮੁਖਿ ਨਾਮੁ ਨ ਊਚਰਹਿ ਬਿਨੁ ਨਾਵੈ ਰਸ ਖਾਹਿ॥
ਨਾਨਕ ਏਵੈ ਜਾਣੀਐ ਤਿਤੁ ਮੁਖਿ ਥੁਕਾ ਪਾਹਿ” (ਪੰ: ੪੭੩)।
ਅਕਾਲਪੁਰਖੁ ਦੀ ਬੇਅੰਤ ਰਚਨਾ `ਚ ਮਾਸ ਦਾ ਭੋਜਨ-
ਇਸ ਪੱਖ ਤੇ ਕੁੱਝ ਵਿਚਾਰ ਤਾਂ ਅਸੀਂ ਕਰ ਹੀ ਚੁੱਕੇ ਹਾਂ ਕਿ ਗੁਰਬਾਣੀ `ਚ ਮਾਸ ਨੂੰ ਅਨੇਕਾਂ ਥਾਵੇਂ
ਮਨੁੱਖੀ ਭੋਜਨ ਵਜੋਂ ਸਪੱਸ਼ਟ ਦਸਿਆ ਹੈ। ਗੁਰਬਾਣੀ `ਚ ਭੋਜਨ ਵਜੋਂ ਮਾਸ ਦਾ ਕਿੱਧਰੇ ਇੱਕ ਵਾਰੀ ਵੀ
ਵਿਰੋਧ ਨਹੀਂ। ਇਥੋਂ ਤੀਕ ਕਿ ਛਕਣ ਵਾਲੀਆਂ ਵਸਤਾਂ ਦਾ ਜ਼ਿਕਰ ਕਰਦਿਆਂ ਮਾਸ ਦਾ ਜ਼ਿਕਰ ਘਿਉ, ਗੁੜ,
ਮੈਦਾ, ਰੋਟੀਆਂ ਆਦਿ ਪਦਾਰਥਾਂ ਨਾਲ ਕੇਵਲ ਬਰਾਬਰੀ ਤੇ ਹੀ ਨਹੀਂ, ਬਲਕਿ ਸੁਆਦਲੇ, ਮੰਹਿਗੇ ਪੱਕਵਾਣਾ
ਵਜੋਂ ਬਿਆਨਿਆ ਹੈ।
ਆਓ! ਹੁਣ ਇਸ ਵਿਸ਼ੇ ਨੂੰ ਥੋੜਾ ਕਰਤੇ ਦੀ ਬੇਅੰਤ ਰਚਨਾ ਦੇ ਪਖੋਂ ਵੀ ਲੈਣ ਦਾ
ਜਤਣ ਕਰੀਏ। ਦੇਖਣ ਦੀ ਗਲ ਹੈ ਕਰਤਾਰ ਦੀ ਰਚਨਾ `ਚ ਬੇਅੰਤ ਕੀੜੇ ਮਕੌੜੇ ਹਨ ਜਿਨ੍ਹਾਂ ਦਾ ਭੋਜਨ ਹੀ
ਦੂਜੇ ਕੀੜੇ ਮਕੌੜੇ ਜਾਂ ਜੀਵ ਹਨ, ਬਲਕਿ ਉਹ ਤਾਂ ਘਾਸ-ਫੂਸ ਸਬਜ਼ੀ ਆਦਿ ਖਾ ਹੀ ਨਹੀਂ ਸਕਦੇ। ਉਨ੍ਹਾਂ
ਨੂੰ ਅਪਣੀ ਲੋੜ ਦੇ ਕੀੜੇ-ਮਕੌੜੇ ਆਦਿ ਜਾਂ ਦੂਜੇ ਮਾਸ ਦਾ ਭੋਜਨ ਨਾ ਮਿਲੇ ਤਾਂ ਉਹ ਜ਼ਿੰਦਾ ਹੀ ਨਹੀਂ
ਰਹਿ ਸਕਦੇ। ਵਿਚਾਰਣ ਦੀ ਗਲ ਹੈ, ਆਖਿਰ ਇਨ੍ਹਾਂ ਜੀਵਾਂ ਦੀ ਉਤਪਤੀ ਵੀ ਉਸ ਕਰਤਾਰ ਨੇ ਹੀ ਕੀਤੀ ਹੀ
ਜਿਸ ਨੇ ਸਾਡੇ ਸਮੇਤ ਸਾਰੀ ਰਚਨਾ ਦੀ ਕੀਤੀ ਹੈ।
ਇਸਤਰ੍ਹਾਂ ਜੇਕਰ ਸੱਚਮੁਚ ਮਾਸ ਭੋਜਨ ਹੀ ਨਾ ਹੁੰਦਾ ਤਾਂ ਕਾਦਿਰ ਉਨ੍ਹਾਂ
ਕੀੜੇ ਮਕੌੜਿਆਂ ਨੂੰ ਪੈਦਾ ਹੀ ਨਾ ਕਰਦਾ ਜਾਂ ਉਨ੍ਹਾਂ ਦਾ ਭੋਜਨ ਵੀ ਕੋਈ ਦੂਜੀ ਤਰ੍ਹਾਂ ਦਾ ਕਾਇਮ
ਕਰਦਾ। ਕਰਤਾਰ ਉਨ੍ਹਾਂ ਨੂੰ ਵੀ ਗਊ, ਬਕਰੀ, ਹਾਥੀ, ਦਰਿਆਈ ਘੋੜੇ ਆਦਿ ਦੀ ਤਰ੍ਹਾਂ ਦੀ ਘਾਸ-ਫੁਸ
ਛੱਕਣ ਵਾਲਾ ਬਣਾਂਦਾ। ਆਖਿਰ ਇਹ ਦੋਵੇਂ ਤਰ੍ਹਾਂ ਦੀ ਰਚਨਾ ਵੀ ਤਾਂ ਉਸ ਹੀ ਕਰਤੇ ਦੀ ਹੈ। ਇਕਨਾ ਦਾ
ਤਾਂ ਉਸਨੇ ਭੋਜਨ ਹੀ ਨਿਰਾ ਮਾਸ ਘੜਿਆ ਅਤੇ ਦੂਜੇ ਹਨ ਕਿ ਉਹ ਮਾਸ ਖਾ ਹੀ ਨਹੀਂ ਸਕਦੇ। ਆਓ!
ਗੁਰਬਾਣੀ ਖਜ਼ਾਨੇ ਚੋਂ ਹੀ ਇਸ ਪੱਖ ਤੇ ਕੁੱਝ ਹੋਰ ਵੇਰਵੇ ਨਾਲ ਦਰਸ਼ਨ ਕਰੀਏ। ਗੁਰਬਾਣੀ ਦਾ ਫ਼ੁਰਮਾਣ
ਹੈ
“ਸਿੰਘ ਰੁਚੈ ਸਦ ਭੋਜਨੁ ਮਾਸ॥ ਰਣੁ ਦੇਖਿ ਸੂਰੇ ਚਿਤ ਉਲਾਸ” (ਪੰ:
੧੧੮੦)
ਗੁਰਦੇਵ ਨੇ ਇਥੇ ਹੋਰ ਮਿਸਾਲਾਂ ਨਾਲ ਜਦੋਂ ਮਿਸਾਲ ਦਿੱਤੀ ਤਾਂ ਉਹ ਮਿਸਾਲ
ਵੀ ਸ਼ੇਰ ਦੇ ਭੋਜਨ ਦੀ ਹੀ ਦਿੱਤੀ ਹੈ। ਗੁਰਦੇਵ ਨੇ ਸ਼ੇਰ ਦਾ ਭੋਜਨ ਆਪ ਹੀ ਮਾਸ ਨੂੰ ਬਿਆਨਿਆ ਹੈ।
ਵਿਸ਼ੇਸ਼ ਧਿਆਨ ਮੰਗਦਾ ਹੈ ਕਿ ਆਖਿਰ ਸ਼ੇਰ ਵੀ ਉਸੇ ਕਰਤੇ ਦੀ ਰਚਨਾ ਹੈ ਅਤੇ ਉਸ ਵਰਗੇ ਬਘਿਆੜ, ਚੀਤਾ
ਆਦਿ ਜਾਨਵਰਾਂ ਦਾ ਭੋਜਨ ਵੀ ਉਸੇ ਹੀ ਪ੍ਰਭੂ ਨੇ ਨੀਯਤ ਕੀਤਾ ਹੈ, ਮਨੁੱਖ ਨੇ ਨਹੀਂ। ਸਪੱਸ਼ਟ ਹੈ ਕਿ
ਬੇਅੰਤ ਰਚਨਾ `ਚ ਮਾਸ ਨੂੰ ਭੋਜਨ ਵਜੋਂ ਪ੍ਰਗਟ ਕਰਨਾ ਵੀ ਉਸ ਕਰਤਾਰ ਦੀ ਹੀ ਖੇਡ ਹੈ, ਮਾਸ ਵਿਰੋਧੀ
ਸੱਜਣਾ ਅਨੁਸਾਰ ਕਿਸੇ ‘ਮਾਸ-ਖੌਰੇ’ ਮਨੁੱਖ ਦੀ ਨਹੀਂ।
ਬਲਕਿ ਇਸੇ ਹੀ ਪ੍ਰਮਾਣ ਅੰਦਰ ਗੁਰਦੇਵ ਫ਼ੁਰਮਾਅ ਰਹੇ ਹਨ “ਰਣੁ ਦੇਖਿ
ਸੂਰੇ ਚਿਤ ਉਲਾਸ” (ਪੰ: ੧੧੮੦) ਅਤੇ ਮਾਸ ਵਿਰੋਧੀ ਸੱਜਣਾਂ ਲਈ ਤਾਂ ਇਹ ਗਲ ਮਾਸ ਛੱਕਣ ਤੋਂ ਵੀ
ਬਹੁਤ ਅਗੇ ਚਲੀ ਜਾਂਦੀ ਹੈ। ਮਾਸ ਛੱਕਣ ਦੇ ਮੁਆਮਲੇ `ਚ ਤਾਂ ਕੁੱਦਰਤ ਦੀ ਖੇਡ ਅੰਦਰ ‘ਜੀਅ’ ਨੂੰ
ਨਹੀਂ ਕੇਵਲ ਉਸਦੀ ਮਿੱਟੀ ਨੂੰ ਹੀ ਵਰਤਿਆ ਜਾ ਰਿਹਾ ਹੁੰਦਾ ਹੈ ਪਰ ਇਥੇ ਤਾਂ ਸੂਰਮੇ ਅਪਣੀ, ਅਪਣੇ
ਦੇਸ਼ ਜਾਂ ਅਪਣੀ ਅਣਖ-ਗ਼ੈਰਤ ਦੀ ਰਾਖੀ ਲਈ ਭੁੰਚਣ ਜੋਗ ਜੀਵਾਂ ਤੋਂ ਵੀ ਬਹੁਤ ਅਗੇ ਜਾਕੇ ‘ਅਪਣੇ ਵਰਗੇ
ਮਨੁੱਖਾਂ ਦੀ ਹੀ ਹਤਿਆ ਕਰਕੇ ਉਸ `ਚ ਖੁਸ਼ੀ ਮਨਾ ਰਹੇ ਹੁੰਦੇ ਹਨ ਤਾਂ ਕਿਉਂ? ਕਿਉਂਕਿ ਜੇਕਰ ਉਹ
ਅਜੇਹਾ ਨਾ ਕਰਣ ਤਾਂ ਜਾਂ ਉਹ ਆਪ ਗੁਲਾਮੀ ਦੀਆਂ ਜੰਜੀਰਾਂ `ਚ ਬੱਝਣ ਜਾਂ ਅਪਣੇ ਉਨ੍ਹਾਂ ਵੈਰੀਆਂ ਤੋ
ਂਅਪਣੀਆਂ ਜਾਨਾਂ ਗੁਆ ਬੈਠਣ।
ਅਜੇ ਕਲ ਦੀ ਗਲ ਹੈ ਜਦੋ ਸੰਨ ੧੯੬੫ ਅਤੇ ਸੰਨ ੧੯੭੨ ਦੀਆਂ ਪਕਿਸਤਾਨ ਨਾਲ
ਜੰਗਾਂ ਸਮੇਂ ਦੋਵੇ ਪਾਸਿਆਂ ਤੋਂ ਮਾਵਾਂ ਦੇ ਲਾਲ. ਬਚਿਆਂ ਦੇ ਪਿਤਾ ਅਤੇ ਸੁਹਾਗਣਾ ਦੇ ਸੁਹਾਗ ਮਾਰੇ
ਗਏ। ਅਜੇਹੇ ਕਤਲੋ-ਗਾਰਤ ਦੇ ਸਮੇਂ ਵੀ ਕਿਸੇ ਮਾਸ ਵਿਰੋਧੀ ਸੱਜਣ ਨੇ ਵਿਰੋਧੀਆਂ ਦੇ ਮਾਰੇ ਜਾਣ ਉਪਰ
ਹਾ ਦਾ ਨਾਹਰਾ ਤੀਕ ਨਹੀਂ ਸੀ ਮਾਰਿਆ। ਹਾਲਾਂਕਿ ਇਹ ਕਤਲ ਮੁਰਗੇ, ਮੱਛੀਆਂ, ਬਕਰਿਆਂ, ਜਾਨਵਰਾਂ,
ਤਿੱਤਰਾਂ, ਬਟੇਰਾਂ ਆਦਿ ਦਾ ਨਹੀਂ ਸੀ। ਬਲਕਿ ਇਹ ਖੂਨ ਅਤੇ ਕਤਲੇਆਮ ਤਾਂ ਮਨੁੱਖਾਂ ਦਾ ਹੀ ਕਤਲੇਆਮ
ਸੀ। ਅਜੇਹੇ ਹਾਲਾਤ `ਚ ਤਾਂ ਵੈਰੀ ਫੋਜਾਂ ਦੇ ਬੰਦਿਆਂ ਦੇ ਮਰਣ ਤੇ ਮਾਸ ਛੱਕਣ ਵਾਲੇ ਸੱਜਣ ਵੀ ਉਤਨੇ
ਹੀ ਖੁਸ਼ ਹੁੰਦੇ ਸਨ, ਜਿੰਨੇ ਦੂਜੇ ਵਰਗਾਂ ਜਾਂ ਸੋਚਣੀ ਦੇ, ਆਖਿਰ ਕਿਉਂ?
ਪਾਣੀ ਦੇ ਜੀਵ ਅਤੇ ਉਨ੍ਹਾਂ ਦਾ ਭੋਜਨ-
ਅਕਾਲਪੁਰਖ ਦੀ ਰਚਨਾ ਦੇ ਕਿਸੇ ਅੰਗ ਉਪਰ ਸਮੇ ਸੀਮਾ ਜਾਂ ਗਿਣਤੀ ਮਿੰਣਤੀ ਦੀਆਂ ਲਕੀਰਾਂ ਲਗਾਉਣ
ਵਾਲਿਆਂ ਨੂੰ ਗੁਰਦੇਵ ਨੇ ਧਰਮੀ ਜਾਂ ਧਰਮ ਦੇ ਆਗੂ ਨਹੀਂ ਬਲਕਿ “ਤਾ ਲਿਖੀਐ ਸਿਰਿ ਗਾਵਾਰਾ
ਗਾਵਾਰੁ” (ਬਾਣੀ ਜਪੁ ਪਉ: ੨੬) ਭਾਵ ਮੂਰਖਾਂ ਤੋਂ ਵੱਡਾ ਮੂਰਖ ਕਿਹਾ ਹੈ। ਫ਼ਿਰ ਵੀ ਕੇਵਲ ਗਲ
ਨੂੰ ਸਮਝਾਉਣ ਲਈ ਪੁਰਾਤਨ ਪ੍ਰਚਲਣਾ ਮੁਤਾਬਕ ਕਈ ਵਾਰੀ ਗੁਰਬਾਣੀ `ਚ ਉਹ ਗਿਣਤੀਆਂ-ਮਣਿਤੀਆਂ,
ਮਿਸਾਲਾਂ ਵਜੋਂ ਵੀ ਆਈਆਂ ਹਨ ਜਿਵੇਂ “ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ ਕਰਉ”
(ਪੰ: ੪੮੫) ਇਸਤਰ੍ਹਾਂ ਪੁਰਾਤਨ ਸਮੇਂ ਤੋਂ ਪਾਣੀ ਚ ਵੱਸਣ ਵਾਲੇ ਜੀਵਾਂ ਦੀ ਵੰਣਗੀ ਬਿਆਲੀ ਲੱਖ
ਦਸੀ ਹੈ।
ਅਗਲਾ ਸੁਆਲ ਇਹ ਹੈ ਕਿ ਇਨ੍ਹਾ ਬਿਆਲੀ ਲਖ ਵੰਣਗੀਆਂ ਦੇ ਜੀਵਾਂ ਦਾ ਭੋਜਨ ਕੀ
ਹੈ? ਇਸ ਬਾਰੇ ਵੀ ਗੁਰਬਾਣੀ ਦਾ ਫ਼ੈਸਲਾ ਹੈ ਕਿ:
“ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ॥
ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ॥
ਓਥੈ ਹਟੁ ਨ ਚਲਈ ਨਾ ਕੋ ਕਿਰਸ ਕਰੇਇ॥
ਸਉਦਾ ਮੂਲਿ ਨ ਹੋਵਈ ਨਾ ਕੋ ਲਏ ਨ ਦੇਇ॥
ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ॥
ਵਿਚਿ ਉਪਾਏ ਸਾਇਰਾ ਤਿਨਾ ਭਿ ਸਾਰ ਕਰੇਇ॥
ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੇਇ” (ਪੰ: ੯੫੫)
ਰੋਜ਼ ਤੱਕਦੇ ਹਾਂ ਕਿ ਡੱਡੀਆਂ, ਮੱਛੀਆਂ ਤੋਂ ਲੈਕੇ ਮਗਰਮੱਛ, ਸ਼ਾਰਕ ਆਦਿ
ਬੇਅੰਤ ਜੀਵ, ਜਿਨ੍ਹਾਂ ਦੀ ਜਨਮ ਤੋਂ ਲੈ ਕੇ ਅੰਤ ਤੀਕ ਸਾਰੀ ਸਰੀਰਕ ਕਿਰਿਆ ਹੀ ਪਾਣੀ ਵਿੱਚ ਹੈ।
ਇਥੋਂ ਤੀਕ ਕਿ “ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ” ਅਨੁਸਾਰ ਉਨ੍ਹਾਂ ਦਾ ਭੋਜਨ ਵੀ
ਕਰਤੇ ਨੇ ਉਥੇ ਹੀ ਦਿਤਾ ਹੋਇਆ ਹੈ। ਇਸ ਤੋਂ ਇਲਾਵਾ ਧਰਤੀ ਦੇ ਜੀਵਾਂ ਵਿਚੋਂ ਹੀ ਜੀਵਾਂ ਦੀਆਂ
ਬੇਅੰਤ ਸ਼੍ਰੇਣੀਆਂ ਹਨ ਜਿਵੇਂ ਛਿੱਪਕਲੀਆਂ, ਬਗੁਲੇ. ਆਦਿ ਜਿਨ੍ਹਾਂ ਦਾ ਭੋਜਨ ਹੀ ਕੀੜੇ, ਮਕੌੜੇ,
ਡੱਡੀਆਂ, ਮੱਛੀਆਂ ਹਨ। ਇਸੇਤਰ੍ਹਾਂ ਸਪਨੀ ਨੂੰ ਲਵੋ ਜਿਸ ਬਾਰੇ ਮਸ਼ਹੂਰ ਹੈ ਕਿ ਉਹ ਅਪਣੇ ਹੀ ਬਚਿਆਂ
ਨੂੰ ਖਾ ਜਾਂਦੀ ਹੈ। ਇਹੀ ਗਲ ਮੱਛੀਆਂ ਬਾਰੇ ਵੀ ਜਗ ਜ਼ਾਹਿਰ ਹੈ ਕਿ ਵੱਡੀਆਂ ਮੱਛੀਆਂ, ਛੋਟੀਆਂ
ਮੱਛੀਆਂ ਨੂੰ ਖਾਂਦੀਆਂ ਹਨ। ਹੋਰ ਲਵੋ:
“ਸ਼ੀਹਾ ਬਾਜਾਂ ਚਰਗਾ ਕੁਹਿਆ…” -
ਦਰਅਸਲ ਇਹ ਤਾਂ ਉਸ ਕਰਤਾਰ ਦੀ ਲੀਲਾ ਹੈ ਜਿਸਦਾ ਪਾਰਾਵਾਰ
ਨਹੀਂ ਪਾਇਆ ਜਾ ਸਕਦਾ। ਮਾਸ ਖਾਣ ਵਾਲੇ, ਨਾ ਖਾਣ ਵਾਲੇ ਅਤੇ ਦੋਵੇ ਤਰ੍ਹਾਂ ਦੇ ਭੋਜਨ ਛੱਕਣ ਵਾਲੇ
ਜੀਵ; ਆਖਿਰ ਇਹ ਸਭ ਉਸ ਸਿਰਜਣਹਾਰ ਦੀ ਬੇਅੰਤ ਖੇਡ ਹਨ, ਜਿਸ ਪ੍ਰਭੁ ਦਾ ਅੰਤ ਨਹੀਂ ਪਾਇਆ ਜਾ ਸਕਦਾ।
ਇਥੋਂ ਤੀਕ ਕਿ ਜਿਸ ਕਰਤਾਰ ਦੀ ਇਹ ਖੇਡ ਹੈ ਜੇ ਉਹ ਚਾਹੇ ਤਾਂ ਉਸਨੇ ਜਿਹੜੇ ਮਾਸਾਹਾਰੀ ਘੜੇ ਹਨ,
ਤਾਂ ਉਨ੍ਹਾਂ ਨੂੰ ਘਾਹ ਖਾਣ ਵਾਲਿਆਂ `ਚ ਬਦਲ ਦੇਵੇ ਅਤੇ ਜੇ ਚਾਹੇ ਤਾਂ ਨਾ ਘਾਹ ਖਾਣ ਵਾਲਿਆਂ ਨੂੰ
ਵੀ ਮਾਸ ਖਾਣ ਵਾਲੇ ਜੀਵਾਂ ਬਣਾ ਦੇਵੇ। ਫ਼ੁਰਮਾਨ ਹੈ:
“ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ॥
ਘਾਹੁ ਖਾਨਿ ਤਿਨਾ ਮਾਸੁ ਖਵਾਲੇ ਏਹਿ ਚਲਾਏ ਰਾਹ॥
ਨਦੀਆ ਵਿਚਿ ਟਿਬੇ ਦੇਖਾਲੇ ਥਲੀ ਕਰੇ ਅਸਗਾਹ॥
ਕੀੜਾ ਥਾਪਿ ਦੇਇ ਪਾਤਿਸਾਹੀ ਲਸਕਰ ਕਰੇ ਸੁਆਹ॥
ਜੇਤੇ ਜੀਅ ਜੀਵਹਿ ਲੈ ਸਾਹਾ ਜੀਵਾਲੇ ਤਾ ਕਿ ਅਸਾਹ॥
ਨਾਨਕ ਜਿਉ ਜਿਉ ਸਚੇ ਭਾਵੈ ਤਿਉ ਤਿਉ ਦੇਇ ਗਿਰਾਹ” (ਪੰ: ੧੪੪)
ਹੁਣ ਤੀਕ ਦੇ ਵੇਰਵੇ ਤੋਂ ਚਿੱਟੇ ਦਿਨ ਦੀ ਤਰ੍ਹਾਂ ਸਾਫ਼ ਹੈ ਕਿ ਜਿਸਨੂੰ ਅਜ
ਅਸੀਂ ਮਾਸ ਕਹਿੰਦੇ ਹਾਂ, ਕੇਵਲ ਮਨੁੱਖਾਂ ਲਈ ਹੀ ਨਹੀਂ ਬਲਕਿ ਮਾਲਿਕ ਨੇ ਸਮੂਚੇ ਤੋਰ ਤੇ ਆਪ ਇਸਨੂੰ
ਭੋਜਨ ਦੇ ਤੌਰ ਤੇ ਹੀ ਘੜਿਆ ਹੈ। ਫ਼ਿਰ ਮਾਸ ਦੇ ਭੋਜਨ ਵਾਲਾ ਵਿਸ਼ਾ ਅਜ ਨਵਾਂ ਵਿਸ਼ਾ ਨਹੀਂ, ਪੁਰਾਣੇ
ਸਮਿਆਂ ਤੋਂ ਹੀ ਮਾਸ ਦੀ ਵਰਤੋਂ ਹੁੰਦੀ ਚਲੀ ਆ ਰਹੀ ਹੈ। ਰਾਜੇ ਮਹਾਰਾਜੇ ਜੱਗ-ਹਵਨ ਕਰਦੇ ਸਨ।
ਉਹਨਾਂ ਜੱਗਾਂ-ਹਵਨਾਂ ਸਮੇ ਗੈਂਡਾ, ਘੋੜਾ, ਗਊ ਆਦਿਕ ਪਸ਼ੂਆਂ ਦੀ ਕੁਰਬਾਨੀ ਦਿੱਤੀ ਜਾਂਦੀ ਸੀ, ਇਸ
ਬਾਰੇ ਹੋਰ ਜ਼ਿਕਰ ਅਗੇ ਚਲਕੇ ਆਵੇਗਾ। ਕਈ ਪੱਛੜੇ ਇਲਾਕਿਆਂ ਤੇ ਦੇਸ਼ਾਂ `ਚ ਅਜ ਤਕ ਦੇਵੀ-ਦੇਵਤਿਆਂ ਦੇ
ਮੰਦਰਾਂ `ਚ ਬੱਕਰੇ, ਝੋਟੇ ਆਦਿ ਦੀ ਭੇਟਾ ਦਿੱਤੀ ਜਾ ਰਹੀ ਹੈ, ਖ਼ਾਸ ਤੌਰ ਤੇ ਦੁਸਹਿਰੇ ਵਾਲੇ ਦਿਨ।
ਇਹਨਾਂ ਜੱਗਾਂ -ਹਵਨਾਂ ਸਮੇਂ ਪੰਡਿਤ- ਬ੍ਰਾਹਮਣ ਭਾਵ ਉਨ੍ਹਾਂ ਦੇ ਧਾਰਮਿਕ ਆਗੂ ਇਸ ਸਾਰੇ ਕਾਰਜ ਦੀ
ਆਪ ਅਗਵਾਈ ਕਰਦੇ ਹਨ। ਕਹਿਣ ਤੋਂ ਭਾਵ, ਮਨੁੱਖ ਜਾਤੀ `ਚ ਵੀ ਮਾਸ ਦੇ ਭੋਜਨ ਦਾ ਚਲਣ ਆਦਿ ਕਾਲ ਤੋਂ
ਅਜ ਤੀਕ ਹੈ।
ਸੱਚਾਈ ਦੀ ਗਹਿਰਾਈ `ਚ ਜਾਣ ਲਈ ਇਸੇ ਤਸਵੀਰ ਦਾ ਇੱਕ ਹੋਰ ਰੁਖ ਵੀ ਹੈ। ਉਹ
ਇਹ, ਜੇਕਰ ਗੁਰਦੇਵ ਨੂੰ ਮਾਸ, ਭੋਜਨ ਦੇ ਤੌਰ ਤੇ ਪਸੰਦ ਨਾ ਹੁੰਦਾ ਤਾਂ ਘੱਟ ਤੋਂ ਘੱਟ ਇੰਨੀ
ਗੁਰਬਾਣੀ ਰਚਨਾ `ਚ, ਕਰਤਾਰ ਨੂੰ ਕਿੱਧਰੇ ਉਲ੍ਹਾਮਾ ਤਾਂ ਜ਼ਰੂਰ ਦੇ ਦੇਂਦੇ ਕਿ ਐ ਕਰਤਾਰ! ਤੂੰ ਇਹ
ਠੀਕ ਨਹੀਂ ਕੀਤਾ ਅਤੇ ਤੂੰ ਇਹ ਮਾਸਾਹਾਰੀ ਜੀਵ ਕਿਉਂ ਬਣਾਏ। ਖੂਬੀ ਇਹ ਕਿ ਕਰਤੇ ਨੂੰ ਕਿਸੇ ਗਲੋਂ
ਉਲ੍ਹਾਮਾ ਦੇਣਾ; ਨਾ ਗੁਰਬਾਣੀ ਦਾ ਅਸੂਲ ਹੈ ਅਤੇ ਨਾ ਹੀ ਇਹ ਕਦੇ ਹੋਣਾ ਸੀ। ਗੁਰਦੇਵ ਤਾਂ ਖੁੱਦ
ਸਾਨੂੰ ਉਸਦੀ ਕਰਨੀ ਤੇ ਕਿਉਂ ਕਿੰਤੂ ਵਾਲੀ ਘਾਟ ਤੋਂ ਉਜਾਗਰ ਕਰਕੇ ਬਾਣੀ `ਚ ਬਾਰ ਬਾਰ ਸਮਝਾਇਆ ਹੈ
ਕਿ ਕਰਤੇ ਦੀ ਕਰਨੀ `ਚ ਨਾ ਕੋਈ ਖੋਟ ਹੈ, ਨਾ ਊਣਤਾਈ, ਨਾ ਬੇਇਨਸਾਫ਼ੀ ਫ਼ੁਰਮਾਣ ਹੈ “ਪੂਰੇ ਕਾ
ਕੀਆ ਸਭ ਕਿਛੁ ਪੂਰਾ ਘਟਿ ਵਧਿ ਕਿਛੁ ਨਾਹੀ” (ਪੰ: ੧੪੧੨) ਬਲਕਿ ਸਾਨੂੰ ਇਹ ਵੀ ਜਾਚ ਸਿਖਾਈ ਹੈ
“ਉਲਾਹਨੋ ਮੈ ਕਾਹੂ ਨ ਦੀਓ” (ਪੰ: ੧੪੧੨)। ਇਥੋਂ ਤੀਕ ਸਮਝਾਇਆ ਹੈ “ਸਲਾਮੁ ਜਬਾਬੁ
ਦੋਵੈ ਕਰੇ ਮੁੰਢਹੁ ਘੁਥਾ ਜਾਇ॥ ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ” (ਪੰ: ੪੭੪) ਇਸਬਾਰੇ
ਗੁਰਦੇਵ ਦਾ ਫ਼ੈਸਲਾ ਤਾਂ ਇਸ ਹੱਦ ਤੀਕ ਹੈ “ਪੂਰਾ ਪ੍ਰਭੁ ਆਰਾਧਿਆ ਪੂਰਾ ਜਾ ਕਾ ਨਾਉ॥ ਨਾਨਕ
ਪੂਰਾ ਪਾਇਆ ਪੂਰੇ ਕੇ ਗੁਨ ਗਾਉ” (ਪੰ: ੨੯੫)। ਕਹਿਣ ਤੋਂ ਭਾਵ ਕਿ ਮਾਸ ਵਾਲਾ ਭੋਜਨ ਵੀ ਅਭੁੱਲ
ਕਰਤਾਰ ਦੀ ਬੇਅੰਤ ਲੀਲਾ ਦਾ ਅਟੁੱਟ ਹਿੱਸਾ ਹੈ ਜਿਸ ਉਪਰ ਕਿਉਂ ਕਿੰਤੂ ਕਰਨ ਦਾ ਸਾਡੇ ਕੋਲ ਹੱਕ
ਨਹੀਂ ਬਲਕਿ ਅਜੇਹਾ ਕਰਨਾ ਉਸਦੀ ਅਵਗਿਆ `ਤੇ ਗੁਸਤਾਖੀ ਹੈ।
ਕਹਿਣ ਤੋਂ ਭਾਵ, ਭੋਜਨ ਪਖੋਂ ਮਾਸ ਦੇ ਜਿਸ ਵਿਸ਼ੇ ਨੂੰ ਗੁਰਦੇਵ ਨੇ ਇੰਨਾ
ਵੱਧ ਖੁੱਲਕੇ ਆਪ ਲਿਆ ਹੈ, ਜੇ ਫ਼ਿਰ ਵੀ ਗੁਰੂ ਕੀਆਂ ਸੰਗਤਾਂ ਵਿੱਚਕਾਰ ਇਸ ਤੇ ਖਿਚਾ-ਤਾਣੀ ਚਲ ਰਹੀ
ਹੋਵੇ ਤਾਂ ਇਸਨੂੰ ਪੰਥ ਦਾ ਸੰਤਾਪ ਹੀ ਕਹਿਣਾ ਪਵੇਗਾ। ਇਸ ਤੋਂ ਵੱਡੀ ਗਲ, ਜਦੋਂ ਨਾ ਹੀ ਗੁਰਬਾਣੀ
ਅਤੇ ਨਾ ਹੀ ‘ਸਿੱਖ ਰਹਿਤ ਮਰਿਆਦਾ’ ਸੰਨ ੧੯੪੫ `ਚ ਅਜੇਹਾ ਜ਼ੋਰ ਦਿੱਤਾ ਹੈ ਕਿ ਹਰ ਕਿਸੇ ਨੇ ਮਾਸ
ਜ਼ਰੂਰ ਛੱਕਣਾ ਹੈ। ਗੁਰਬਾਣੀ `ਚ ਇਸ ਵਿਸ਼ੇ ਉਪਰ ਸਿਧਾਂਤਕ ਪਖੋਂ ਇੰਨੇ ਵੇਰਵੇ ਦੇਣ ਤੋਂ ਬਾਦ, ਕੋਈ
ਛੱਕੇ ਜਾਂ ਨਾ ਛਕੇ, ਹਰ ਕਿਸੇ ਦੀ ਇਛਾ `ਤੇ ਲੋੜ ਤੇ ਛੱਡਿਆ ਹੈ। ਇਸਦੇ ਬਾਵਜੂਦ ਪੰਥ ਵਿਚਾਲੇ
ਅਜੌਕੀ ਇੱਕ ਪਾਸੜ ਖਿੱਚਾਤਾਣੀ ਕਿਉਂ?