. |
|
(‘ਦਸਮਗ੍ਰੰਥ` ਨਾਲ ਸਬੰਧਤ)
‘ਰਿਪੋਟ: ਸੋਧਕ ਕਮੇਟੀ` ਦੀ ਛਾਣ-ਬੀਣ
- ਗੁਰਤੇਜ ਸਿੰਘ (ਚੰਡੀਗੜ੍ਹ)
ਕੁਝ ਬੜਬੋਲੇ ਹਲਕਿਆਂ ਵਿੱਚ ਇੱਥੇ ਪਰਖੇ ਜਾ ਰਹੇ ਦਸਤਾਵੇਜ਼ ਉੱਤੇ ਚੋਖਾ
ਭਰੋਸਾ ਕੀਤਾ ਜਾਂਦਾ ਹੈ। ਇਸ ਨੂੰ ‘ਦਸਮਗ੍ਰੰਥ` ਦੀ ਪ੍ਰਮਾਣਕਤਾ ਦੇ ਸਬੂਤ ਵਜੋਂ ਮਾਨਤਾ ਦਿੱਤੀ
ਜਾਂਦੀ ਹੈ ਅਤੇ ਇਸ ਨੂੰ ਦਸਮ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਿਖਿਆ ਹੋਣਾ ਸਿੱਧ ਕਰਨ ਲਈ ਵਰਤਿਆ
ਜਾਂਦਾ ਹੈ। ਏਸ ਵਿੱਚ ਸਮੁੱਚੀ ਕਾਰਵਾਈ ਨੂੰ ਇਉਂ ਪੇਸ਼ ਕੀਤਾ ਗਿਆ ਹੈ ਕਿ ਜਿਵੇਂ ਇਹ ਅਕਾਲ ਤਖ਼ਤ ਦੇ
ਆਦੇਸ਼ਾਂ ਤਹਿਤ ਕੀਤੀ ਗਈ ਹੋਵੇ ਅਤੇ ਇਸੇ ਸਦਕਾ ਹੀ ਏਸ ਗ੍ਰੰਥ ਦਾ ਅਸਲ ਸਰੂਪ ਪ੍ਰਾਪਤ ਹੋਇਆ ਦਰਸਾਇਆ
ਗਿਆ ਹੈ। ਇਸ ਲਈ ਜ਼ਰੂਰੀ ਹੈ ਕਿ ਇਸ ਦਸਤਾਵੇਜ਼ ਨੂੰ ਇਸ ਵਿੱਚ ਪੇਸ਼ ਕੀਤੇ ਗਏ ਸਬੂਤ ਦੀ ਪੁਖਤਗੀ ਜਾਣਨ
ਹਿਤ ਘੋਖਿਆ ਜਾਵੇ। ਜਦੋਂ ਤਾਈਂ ਇਸ ਦਾ ਡੂੰਘਾ ਵਿਸ਼ਲੇਸ਼ਣ ਨਹੀਂ ਕੀਤਾ ਜਾਂਦਾ, ਇਸ ਦੀ ਉਪਰੋਕਤ
ਧਾਰਨਾਵਾਂ ਦੇ ਹੱਕ ਵਿੱਚ ਨਿਰਣਾਇਕ ਵੁੱਕਤ ਦਾ ਤਰਕਸੰਗਤ ਅਤੇ ਠੀਕ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ।
ਹੱਥਲੇ ਕਾਰਜ ਦਾ ਸਿੱਧਾ ਜਿਹਾ ਮੰਤਵ ‘ਰਿਪੋਟ: ਸੋਧਕ ਕਮੇਟੀ` ਨਾਮੀ ਕਿਤਾਬਚੇ ਵਿੱਚ ਪੇਸ਼ ਕੀਤੇ ਗਏ
ਸੋਧਕ ਕਮੇਟੀ ਦੁਆਰਾ ਨਿਭਾਏ ਅਸਲੀ ਕਾਰਜ ਦੀ ਪ੍ਰਮਾਣਕ ਵੁੱਕਤ ਨਿਰਧਾਰਤ ਕਰਨਾ ਹੈ।
ਭਾਈ ਮੰਨਾ ਸਿੰਘ ਦੀ ‘ਰਿਪੋਟ: ਸੋਧਕ ਕਮੇਟੀ`, ਦੀ ਨਿਊ ਐਂਗਲੋ ਗੁਰਮੁਖੀ
ਪ੍ਰੈੱਸ, ਅੰਮ੍ਰਿਤਸਰ, 1897, ਪੰਨੇ 27, 1897 ਈ: ਵਿੱਚ ‘ਦਸਮਗ੍ਰੰਥ` ਦੀਆਂ 32 ਬੀੜਾਂ ਵਿਚਲੀਆਂ
ਰਚਨਾਵਾਂ ਦੀ ਆਪਸ ਵਿੱਚ ਤੁਲਨਾ ਦੇ ਕਾਰਜ ਦਾ ਦਿਖਾਵੇਮਾਤਰ ਵਿਸਥਾਰਪੂਰਵਕ ਵਰਣਨ ਹੈ। ਕਥਿਤ ਰੂਪ `ਚ
ਦਾਅਵਾ ਕੀਤਾ ਗਿਆ ਹੈ ਕਿ ਇਹ ਕਾਰਜ ਅਕਾਲ ਤਖ਼ਤ ਦੀ ਸਰਪ੍ਰਸਤੀ ਹੇਠ ਕੀਤਾ ਗਿਆ।1 ਇਸ ਕਾਰਜ ਦੀ
ਜ਼ਿੰਮੇਵਾਰੀ ਉਠਾਉਣ ਦਾ ਉਤਸ਼ਾਹ ਉਦੋਂ ਪ੍ਰਾਪਤ ਹੋਇਆ ਮੰਨਿਆ ਗਿਆ ਹੈ ਜਦੋਂ ਪਤਾ ਲੱਗਿਆ ਕਿ ਇੱਕ
ਪਰੂਫ -ਰੀਡਰ, ਭਾਈ ਹਰੀ ਸਿੰਘ, ਨੇ ਆਪਣੇ ਵੱਲੋਂ ਛਾਪੇ ਗਏ ‘ਦਸਮਗ੍ਰੰਥ` ਵਿੱਚ ਨਾ ਕੇਵਲ ਬਹੁਤ
ਸਾਰੀਆਂ ਗਲਤੀਆਂ ਰਹਿਣ ਦਿੱਤੀਆਂ ਸਨ ਸਗੋਂ ਉਸ ਵਿੱਚ ਆਪਣੀਆਂ ਦੋ ਰਚਨਾਵਾਂ ਵੀ ਮੂਲ-ਪਾਠ ਵਜੋਂ
ਸ਼ਾਮਲ ਕਰ ਦਿੱਤੀਆਂ ਸਨ।2 ਖ਼ਾਲਸਾ ਦੀਵਾਨ, ਅੰਮ੍ਰਿਤਸਰ ਏਸ ਮੁੱਦੇ `ਤੇ ਖ਼ਾਸਾ ਪਰੇਸ਼ਾਨ ਹੋਇਆ ਦੱਸਿਆ
ਗਿਆ ਹੈ ਅਤੇ ਰਿਪੋਟ ਦੇ ਪ੍ਰਕਾਸ਼ਕ (ਅਤੇ ਸ਼ਾਇਦ ਲੇਖਕ ਵੀ) ਭਾਈ ਮੰਨਾ ਸਿੰਘ, ਜਿਹੜਾ ਕਿ ਅੰਮ੍ਰਿਤਸਰ
ਦੀ ਗੁਰਮਤਿ ਪ੍ਰਚਾਰਕ ਸਭਾ3 ਦਾ ਸਕੱਤਰ ਸੀ, ਨੂੰ ਆਪਸ ਵਿੱਚ ਮੇਲ ਨਾ ਖਾਂਦੀਆਂ ਵੱਖ-ਵੱਖ ਬੀੜਾਂ
ਨੂੰ ਸੋਧਣ ਦੀ ਜ਼ਿੰਮੇਵਾਰੀ ਉਠਾਉਣ ਦੀ ਹਿਦਾਇਤ ਕੀਤੀ ਦੱਸੀ ਗਈ ਹੈ।
ਰਿਪੋਟ ਵਿੱਚ ਵਰਣਨ ਕੀਤੀ ਗਈ ਸਮੁੱਚੀ ਕਾਰਵਾਈ ਵਿੱਚ ਭਾਈ ਮੰਨਾ ਸਿੰਘ
ਕੇਂਦਰੀ ਪਾਤਰ ਹੈ। ਇਹ ਇਸ ਤੋਂ ਵੀ ਜ਼ਾਹਰ ਹੋ ਜਾਂਦਾ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਇਸ ਕਾਰਜ ਦੇ
ਆਰੰਭ ਤੋਂ ਰਿਪੋਟ ਛਪਣ ਦੇ ਰੂਪ `ਚ ਇਸ ਦੇ ਅੰਤ ਤੱਕ ਦਾ ਸਮੁੱਚਾ ਖ਼ਰਚਾ ਛੇ ਸੌ ਤਿੰਨ (603/-)
ਰੁਪਏ ਆਇਆ ਅਤੇ ਇਸ ਵਿੱਚ ਮੰਨਾ ਸਿੰਘ ਨੇ ਇਕੱਲਿਆਂ ਹੀ ਪੰਜ ਸੌ (500/-) ਰੁਪਏ ਤੋਂ ਵੱਧ ਦਾ
ਯੋਗਦਾਨ ਪਾਇਆ। ਉਹ ਏਸ ਕਾਰਜ ਦਾ ਸਮੁੱਚੇ ਰੂਪ `ਚ ਨਿਗਰਾਨ ਸੀ, ਤੁਲਨਾ ਲਈ ਵੱਖ-ਵੱਖ ਬੀੜਾਂ ਉਸ ਦੀ
ਦਰਬਾਰ ਸਾਹਿਬ ਨੇੜਲੀ ਹਵੇਲੀ `ਚ ਇਕੱਠੀਆਂ ਕੀਤੀਆਂ ਗਈਆਂ ਅਤੇ ਅਸਲ ਕੰਮ ਦਾ ਸੰਚਾਲਨ ਉਸੇ ਨੇ
ਕੀਤਾ। ਸਾਰੇ ਖ਼ਰਚੇ ਉਸ ਦੇ ਕੰਟਰੋਲ ਹੇਠ ਸਨ ਅਤੇ ਉਸ ਨੇ ਬਾਰੀਕੀ ਪੂਰਨ ਲੇਖਾ-ਜੋਖਾ ਰੱਖਿਆ ਜਿਹੜਾ
ਉਸ ਨੇ ਰਿਪੋਟ ਦੀ ਅੰਤਿਕਾ ਵਜੋਂ ਨੱਥੀ ਕੀਤਾ ਹੈ। ਸਾਰੇ ਲੋੜੀਂਦੇ ਪ੍ਰਚਾਰ ਦਾ ਬੰਦੋਬਸਤ ਉਸ ਨੇ
ਕੀਤਾ, ਕੰਮ ਕਰਨ ਵਾਲਿਆਂ ਨੂੰ ਸੇਵਾ-ਭੱਤੇ ਦੀ ਅਦਾਇਗੀ ਉਸ ਨੇ ਕੀਤੀ ਅਤੇ ਅਖ਼ੀਰ `ਤੇ ਤੁਲਨਾ ਉਪਰੰਤ
ਸੋਧ ਕੇ ਤਿਆਰ ਹੋਈਆਂ ਦੋ ਨਿਪੁੰਨ ਬੀੜਾਂ `ਚੋਂ ਇੱਕ ਦੀ ਸਪੁਰਦਗੀ ਲਈ ਆਦਿ ਆਦਿ...।4 ਕਿਉਂਕਿ ਉਸ
ਨੇ ਏਸ ਰਿਪੋਟ ਦਾ ਸੰਗ੍ਰਹਿ ਅਤੇ ਪ੍ਰਕਾਸ਼ਨ ਵੀ ਕੀਤਾ, ਸਾਨੂੰ ਸਮੁੱਚੀ ਪ੍ਰਕਿਰਿਆ ਸਬੰਧੀ ਅਤੇ
ਤੁਲਨਾਤਮਕ ਕਾਰਜ ਨਾਲ ਜੁੜੇ ਸਭ ਮੁੱਦਿਆਂ ਬਾਰੇ ਅਤੇ ਆਖ਼ਰਕਾਰ ਇਹ ਕਾਰਜ ਕਿਉਂ ਵਿੱਢਿਆ ਗਿਆ ਬਾਰੇ
ਉਸ ਦੀ ਰਾਏ ਨੂੰ ਇੱਕ ਠੋਸ ਗਵਾਹੀ ਵਜੋਂ ਮੰਨਣਾ ਬਣਦਾ ਹੈ। ਡੂੰਘਾਈ ਨਾਲ ਘੋਖਿਆਂ ਹਰੇਕ ਵਿਅਕਤੀ
ਬੁੱਝ ਲਏਗਾ ਕਿ ਭਾਵੁਕ ਤ੍ਰਿਪਤੀ ਵਾਲਾ ਸਮਝਣ ਤੋਂ ਇਲਾਵਾ ਉਸ ਨੇ ਇਸ ਨੂੰ ਇੱਕ ਠੋਸ ਵਪਾਰਕ ਤਜਵੀਜ਼
ਵਜੋਂ ਵੀ ਧਿਆਨ `ਚ ਰੱਖਿਆ। ਇਸ ਰਿਪੋਟ `ਚ ਲਿਖੇ ਅਨੁਸਾਰ ਹੀ, ਇਹ ਇੱਕ ਆਰਜ਼ੀ ਦਸਤਾਵੇਜ਼ ਹੈ। ਏਸ ਦੇ
ਵਿਸ਼ੇ ਉੱਤੇ ਅੰਤਮ ਨਿਰਣਾ ਹੋਣਾ ਅਜੇ ਬਾਕੀ ਸੀ, ਜਿਵੇਂ ਕਿ ਰਿਪੋਟ ਦੇ ਅੰਤ ਵਿੱਚ ਪ੍ਰਕਾਸ਼ਤ
ਇਸ਼ਤਿਹਾਰ ਤੋਂ ਪ੍ਰਤੱਖ ਹੈ।
ਪੈਸਿਆਂ ਸਬੰਧੀ ਇਸ ਤੱਥ `ਤੇ ਜ਼ੋਰ ਦੇਣਾ ਲੋੜੀਂਦਾ ਹੈ ਕਿ ਫੰਡ ਜੁਟਾਉਣ ਲਈ
ਵਿਸ਼ਵ-ਪੱਧਰੀ ਅਪੀਲ5 ਦੇ ਬਾਵਜੂਦ ਆਮ ਜਨਤਾ ਨੇ ਏਸ ਮਕਸਦ ਲਈ ਕੇਵਲ ਤਰਵੰਜਾ (53/-) ਰੁਪਏ ਦਾ
ਯੋਗਦਾਨ ਪਾਇਆ। ਆਰੰਭਕ ਅਤੇ ਸਮਾਪਤੀ ਸਮਾਗਮਾਂ ਨੂੰ ਜਸ਼ਨ ਦਾ ਰੂਪ ਦੇਣ ਦਾ ਯਤਨ ਕੀਤਾ ਗਿਆ ਅਤੇ
ਇਨ੍ਹਾਂ ਮੌਕਿਆਂ ਲਈ ਚੋਖਾ ਲੋਕ-ਪ੍ਰਚਾਰ ਕੀਤਾ ਗਿਆ ਪਰੰਤੂ ਇਸ ਨਾਲ ਕੋਈ ਜਨਤਕ ਉਤਸ਼ਾਹ ਪੈਦਾ ਹੋਇਆ
ਨਹੀਂ ਜਾਪਦਾ। ਅਕਾਲ ਤਖ਼ਤ ਨੇ ਇਨ੍ਹਾਂ ਮੌਕਿਆਂ `ਤੇ ਹੋਏ ਖ਼ਰਚੇ ਵਿੱਚ ਇੱਕ ਪਾਈ ਤੱਕ ਦਾ ਵੀ ਹਿੱਸਾ
ਨਾ ਪਾਇਆ - ਇੱਥੋਂ ਤੱਕ ਕਿ ਪਰੰਪਰਕ ਅਤੇ ਰਸਮੀ ਕੜਾਹ ਪ੍ਰਸਾਦਿ ਦੇ ਪੈਸੇ ਵੀ ਕਮੇਟੀ ਦੇ ਕੰਮ ਲਈ
ਇਕੱਠੇ ਕੀਤੇ ਗਏ ਫੰਡਾਂ `ਚੋਂ ਖ਼ਰਚੇ ਗਏ।
ਰਿਪੋਟ ਵਿਚਲੇ ਵਰਣਨ ਤੋਂ ਇਹ ਵੀ ਜ਼ਾਹਰ ਹੁੰਦਾ ਹੈ ਕਿ ਏਸ ਕਾਰਜ ਦੀ ਜਗ੍ਹਾ
ਅਸਲ ਵਿੱਚ ਅਕਾਲ ਤਖ਼ਤ ਨਹੀਂ ਬਲਕਿ ਤਖ਼ਤ ਅਕਾਲ ਬੁੰਗੇ ਦੇ ਨਾਲ ਲੱਗਦੇ ਮਲਵਈ ਬੁੰਗੇ ਦੀ ਬੈਠਕ ਜਾਂ
ਮੁੱਖ ਹਾਲ (ਹੂੰਡੀ) ਸੀ।6 ਪਹਿਲੇ ਅੱਠ ਮਹੀਨੇ ਏਥੇ ਕੰਮ ਹੁੰਦਾ ਰਿਹਾ ਅਤੇ ਅੰਤਮ ਛੋਹਾਂ ਵੀ ਮਲਵਈ
ਬੁੰਗੇ ਵਿੱਚ ਹੀ ਦਿੱਤੀਆਂ ਗਈਆਂ। ਰਸਮੀ ਸਮਾਪਤੀ ਸਮਾਗਮ ਅਕਾਲ ਤਖ਼ਤ ਅਤੇ ਦਰਸ਼ਨੀ ਡਿਓਢੀ ਵਿਚਾਲੜੀ
ਖੁੱਲ੍ਹੀ ਜਗ੍ਹਾ ਵਿੱਚ ਕੀਤਾ ਗਿਆ। ਕਾਰਜ ਦੇ ਰਸਮੀ ਆਰੰਭਕ ਸਮਾਗਮ ਅਤੇ ਰਸਮੀ ਸਮਾਪਤੀ ਮੌਕੇ ਵੀ
ਭਾਈ ਮੁਲਤਾਨਾ ਸਿੰਘ, ਜਿਹੜਾ ਕਿ ਅਕਾਲ ਤਖ਼ਤ `ਤੇ ਸੁਸ਼ੋਭਿਤ ਸ਼ਸਤਰਾਂ ਦਾ ਪਹਿਰੇਦਾਰ ਸੀ, ਨੇ ਅਰਦਾਸ
ਕੀਤੀ। ਉਸ ਨੇ ਬੀੜਾਂ ਦੀ ਤੁਲਨਾ ਕਰਨ ਦੇ ਕਾਰਜ ਵਿੱਚ ਵੀ ਹਿੱਸਾ ਪਾਇਆ ਤੇ ਆਪਣੀਆਂ ਸੇਵਾਵਾਂ ਬਦਲੇ
ਕੁੱਝ ਮਾਲੀ ਮਿਹਨਤਾਨਾ ਪ੍ਰਾਪਤ ਕੀਤਾ।7
ਅੰਮ੍ਰਿਤਸਰ ਦੇ ਗੁਰਦੁਆਰਿਆਂ ਦੇ ਸਰਬਰਾਹ ਭਾਈ ਅਰਜਨ ਸਿੰਘ ਤਾਈਂ ਤੁਲਨਾਤਮਕ
ਕਾਰਜ ਹਿਤ ਕੁੱਝ ਬੀੜਾਂ ਮੁਹੱਈਆ ਕਰਵਾਉਣ ਲਈ ਪਹੁੰਚ ਕੀਤੀ ਗਈ। ਉਹ ਗੁਰਮਤਿ ਗ੍ਰੰਥ ਪ੍ਰਚਾਰ ਸਭਾ
ਦਾ ਪ੍ਰਧਾਨ ਵੀ ਸੀ। ਉਸ ਨੇ ਆਪਣੇ ਅਧਿਕਾਰ-ਖ਼ੇਤਰ `ਚ ਆਉਂਦੇ ਪੁਜਾਰੀਆਂ ਨਾਲ ਗੱਲ ਕੀਤੀ ਅਤੇ ਉਹ
ਆਪਣੇ ਕੋਲ ਪਈਆਂ ਬੀੜਾਂ ਉਧਾਰ ਦੇਣੀਆਂ ਮੰਨ ਗਏ। ਵਰਤੀਆਂ ਗਈਆਂ ਬੀੜਾਂ ਦੀ ਸੂਚੀ ਰਿਪੋਟ ਵਿੱਚ
ਮੁਹੱਈਆ ਕੀਤੀ ਗਈ ਹੈ। ਇਹ ਜ਼ਾਹਰ ਹੁੰਦਾ ਹੈ ਕਿ ਇਹ ਬੀੜਾਂ ਜਿੱਥੋਂ ਵੀ ਹੱਥ ਲੱਗੀਆਂ, ਲੈ ਕੇ
ਇਕੱਠੀਆਂ ਕਰ ਲਈਆਂ ਗਈਆਂ ਅਤੇ ਇਹ ਸਾਰੀਆਂ ਦੀਆਂ ਸਾਰੀਆਂ ਅੰਮ੍ਰਿਤਸਰ ਅਤੇ ਇਸ ਦੇ ਆਲੇ-ਦੁਆਲੇ ਦੇ
ਇਲਾਕੇ `ਚੋਂ ਪ੍ਰਾਪਤ ਕੀਤੀਆਂ ਗਈਆਂ ਸਨ। ਰਿਪੋਟ ਤੋਂ ਸਪਸ਼ਟ ਹੈ ਕਿ ਤੁਲਨਾਤਮਕ ਕਾਰਜ ਹੱਥ ਵਿੱਚ
ਲੈਣ ਦੇ ਸਮੇਂ ਤੱਕ ‘ਦਸਮਗ੍ਰੰਥ` ਦਾ ਕੋਈ ਵੀ ਮੌਲਿਕ ਸਰੂਪ ਵਜੂਦ ਵਿੱਚ ਨਹੀਂ ਸੀ। ਇਹੋ ਸੋਧਕ
ਕਮੇਟੀ ਦੇ ਕਾਰਜ ਲਈ ਇੱਕ ਹੋਰ ਆਧਾਰ ਹੋ ਨਿੱਬੜਿਆ।
ਕਿਸੇ ਅਣਦੱਸੇ ਸਰੋਤ ਦੁਆਰਾ ਪ੍ਰਦਾਨ ਕੀਤੀ ਇੱਕ ਬੀੜ ਛੇਵੇਂ ਅਤੇ ਦਸਵੇਂ
ਪਾਤਸ਼ਾਹ ਦੀ ਇੱਕ-ਇੱਕ ਤਸਵੀਰ ਨਾਲ ਸ਼ਿੰਗਾਰੀ ਹੋਈ ਸੀ। ਇਹਦੇ ਵਿੱਚ ਇੱਕ ਹੁਕਮਨਾਮਾ ਵੀ ਦਰਜ ਸੀ ਅਤੇ
ਇਹਦੇ ਵਿੱਚ ਕੁੱਝ ਪੰਨੇ ‘ਸ਼ਾਇਦ ਦਸਮ ਗੁਰੂ ਦੁਆਰਾ`8 ਲਿਖੇ ਹੋਏ ਵੀ ਸ਼ਾਮਲ ਸਨ। ਏਸ ਨੂੰ ਗੁਰੂ-ਲਿਖਤ
ਸਾਬਤ ਕਰਨ ਲਈ ਉਦੋਂ ਤੱਕ ਈਜ਼ਾਦ ਕੀਤੇ ਗਏ ਸਾਰੇ ਨੁਸਖੇ ਏਸ ਖ਼ਾਸ ਬੀੜ `ਤੇ ਥੋਪੇ ਗਏ। ਏਸ ਵਿਚਲੇ
ਅੰਦਰੂਨੀ ਪ੍ਰਮਾਣ ਨੇ ਇਸ ਦਾ ਉਤਾਰਾ ਦੋ ਨਕਲ-ਨਵੀਸਾਂ, ਦਰਬਾਰੀ ਸਿੰਘ (ਵੱਡਾ) ਅਤੇ ਦਰਬਾਰੀ ਸਿੰਘ
(ਛੋਟਾ) ਦੁਆਰਾ ਕੀਤਾ ਗਿਆ ਸਿੱਧ ਕਰ ਦਿੱਤਾ। ਬਿਨਾ ਕਿਸੇ ਸਬੂਤ ਇਹ ਮੰਨ ਲਿਆ ਗਿਆ ਕਿ ਇਹ ਦੋਵੇਂ
ਨਕਲ-ਨਵੀਸ ਗੁਰੂ ਦੇ ਦਰਬਾਰੀ ਸਨ। ਇਉਂ ਹੀ ਬਿਨਾ ਕਿਸੇ ਤਰਕ ਦੇ ਝਟਪਟ “ਮੰਨ ਲਿਆ ਗਿਆ ”
ਕਿ ਇਸ ਬੀੜ ਦੀ ਸੁਧਾਈ ਗੁਰੂਸਾਹਿਬ ਨੇ ਖ਼ੁਦ ਕੀਤੀ ਸੀ। ਏਸ ਵਿੱਚ ਓਨੇਂ ਹੀ ਪੁਰਾਣੇ ਪੰਨੇ ਸਨ
ਜਿੰਨੇ ਕਿ ਬਦਲੇ ਹੋਏ ਨਵੇਂ ਪੰਨੇ ਏਸ ਵਿੱਚ ਵੱਖ-ਵੱਖ ਥਾਂਈਂ ਫੈਲੇ ਹੋਏ ਸਨ। ਇਸ ਵਿੱਚ ਕੋਈ ‘ਚੰਡੀ
ਦੀ ਵਾਰ` ਨਹੀਂ ਸੀ। ਰੋਜ਼ਾਨਾ ਅਰਦਾਸ ਦੀ ਆਰੰਭਕ ਪਉੜੀ ਬਦਲੇ ਗਏ ਜਾਂ ਨਵੇਂ ਪੰਨਿਆਂ `ਚੋਂ ਕਿਸੇ
ਇੱਕ ਵਿੱਚ ਘੁਸੇੜ ਦਿੱਤੀ ਗਈ ਸੀ। ‘ਦਸਮਗ੍ਰੰਥ` ਦੀਆਂ ਰਚਨਾਵਾਂ ਵਿੱਚ ਅਰਦਾਸ ਦੀ ਪਉੜੀ ਦਾ ਰਲਾ
ਏਸੇ ਬੀੜ ਤੋਂ ਆਰੰਭ ਹੋਇਆ ਜਾਪਦਾ ਹੈ। ਅਖ਼ੀਰ `ਤੇ ਸੋਧੇ ਹੋਏ ਰੂਪ ਵਜੋਂ ਅਪਨਾਈ ਗਈ ਬੀੜ ਨਾਲੋਂ ਇਹ
ਸਮਗਰੀ ਪੱਖੋਂ ਵੀ ਭਿੰਨ ਸੀ। ਤਾਂ ਵੀ ਇਸ ਨੂੰ ਮੁੱਢਲੀ ਜਾਂ ‘ਮੁੱਖ` ਬੀੜ ‘ਮੰਨ ਲਿਆ` ਗਿਆ। ਅਜਿਹੀ
ਗੈਰ-ਜ਼ਿੰਮੇਵਾਰਾਨਾ ਪਹੁੰਚ ਸੀ ਜਿਸ ਦਾ ਆਸਰਾ ‘ਦਸਮਗ੍ਰੰਥ` ਨੂੰ ਸਿੱਖਾਂ ਵਿੱਚ ਪ੍ਰਚੱਲਤ ਕਰਨ `ਤੇ
ਉਤਾਰੂ ਜਾਅਲਸਾਜ਼ਾਂ ਨੇ ਲਿਆ। ਮੰਨਾ ਸਿੰਘ ਕਿਤੇ ਮਾਮੂਲੀ ਸੰਕੇਤ ਤੱਕ ਵੀ ਨਹੀਂ ਦਿੰਦਾ ਕਿ ਇਸ ਬੀੜ
ਦੀ ਘੋਖ ਦੌਰਾਨ ਨਿਰਪੱਖਤਾ ਦੀ ਕਿਸੇ ਸਥਾਪਤ ਕਸਵੱਟੀ ਨੂੰ ਅਪਨਾਇਆ ਗਿਆ ਹੋਵੇ। ਹੈਰਾਨੀ ਹੈ ਕਿ ਇਹ
ਵੀ ਸਪਸ਼ਟ ਨਹੀਂ ਕੀਤਾ ਗਿਆ ਕਿ ਇਸ ਨਿਵੇਕਲੀ ਬੀੜ ਨੂੰ ਹੂ-ਬ-ਹੂ ਕਿਉਂ ਪ੍ਰਵਾਨ ਨਾ ਕੀਤਾ ਗਿਆ ਜਦੋਂ
ਕਿ ਇਸ ਨੂੰ ਗੁਰੂ ਸਾਹਿਬ ਵੱਲੋਂ ਖ਼ੁਦ ਸੋਧੀ ਗਈ ਤਸਲੀਮ ਕਰ ਲਿਆ ਗਿਆ ਸੀ। ਇਉਂ ਅਸੀਂ ਦੇਖਦੇ ਹਾਂ
ਕਿ ਬੇਅਸੂਲੇ ਜਾਅਲਸਾਜ਼ਾਂ ਲਈ ਓਸ ਸਮੇਂ ਦੇ ਸਾਦਾ-ਸੁਭਾਅ ਸਿਰਦਾਰਾਂ ਨੂੰ ਆਪਣਾ ਸੌਦਾ ਵੇਚਣਾ ਕਿੰਨਾ
ਸੁਖਾਲਾ ਸੀ। ਜ਼ਾਹਰ ਹੈ ਕਿ ਕਾਗਜ਼ ਅਤੇ ਸਿਆਹੀ ਤੋਂ ਇਲਾਵਾ, ਕਿਸੇ ਵਿਅਕਤੀ ਨੂੰ, ਕੋਈ ਦਸਤਾਵੇਜ਼
ਗੁਰੂ ਸਾਹਿਬ ਦਾ ਲਿਖਿਆ ਸਿੱਧ ਕਰਨ ਲਈ ਕੇਵਲ ਅਸਾਧਾਰਨ ਹੱਥ-ਲਿਖਤ ਲੋੜੀਂਦੀ ਸੀ। ਕਿਸੇ ਦਸਤਾਵੇਜ਼
`ਤੇ ਉਜਰ ਕਰਨ ਜਾਂ ਉਸਦੀ ਛਾਣ-ਬੀਣ ਕਰਨ ਨੂੰ ਗੁਰੂ ਸਾਹਿਬ `ਤੇ ਤੁਹਮਤ ਲਾਉਣ ਦੇ ਤੁਲ ਜਾਣਿਆ
ਜਾਂਦਾ ਸੀ ਅਤੇ ਇਸ ਤੋਂ ਪਲੇਗ ਦੀ ਤਰ੍ਹਾਂ ਬਚ ਕੇ ਰਿਹਾ ਜਾਂਦਾ ਸੀ। ਜਦੋਂ ਇਤਿਹਾਸਕਾਰ ਲਿਵੀ ਨੇ
ਕਿਹਾ ਕਿ ‘ਦੇਵਤਿਆਂ ਨੇ ਗਾਵਾਂ ਨੂੰ ਮਨੁੱਖਾਂ ਵਾਂਗ ਬੋਲਣ ਲਾ ਦਿੱਤਾ` ਤਾਂ ਇਸ ਕਥਨ ਨੂੰ ਚੁਣੌਤੀ
ਦੇਣਾ ਦੇਵਤਿਆਂ ਤੋਂ ਬੇਮੁੱਖ ਹੋਣਾ ਸਮਝਿਆ ਗਿਆ। ਇਉਂ ਲਿਵੀ ਦਾ ਝੂਠ ਜਿਉਂ ਦਾ ਤਿਉਂ ਬਰਕਰਾਰ
ਰਿਹਾ।
ਮੰਨਾ ਸਿੰਘ ਓਸ ਸਮੇਂ ਦੀ ਪ੍ਰਚੱਲਤ ਪਰੰਪਰਕ ਸੋਝੀ ਦਾ ਗਿਆਨੀ ਪ੍ਰਤੀਤ
ਹੁੰਦਾ ਹੈ। ਇਹ ਸਪਸ਼ਟ ਹੈ ਕਿ ਓਸ ਨੇ ਆਪਣੇ ਸਮੇਂ ਦੇ ਚੰਗੇ ਜਾਣੇ-ਪਛਾਣੇ ਵਿਦਵਾਨਾਂ ਵਿੱਚੋਂ
ਬਹੁਤਿਆਂ ਨਾਲ ਵਿਚਾਰ-ਵਟਾਂਦਰਾ ਕੀਤਾ ਹੋਇਆ ਸੀ। ਉਸ ਨੇ (ਸਰਦੂਲ ਸਿੰਘ ਦੀ ਮਦਦ ਨਾਲ?) ਕਿਤਾਬਚੇ
ਵਿੱਚ ਸਾਵਧਾਨੀਪੂਰਵਕ ‘ਦਸਮਗ੍ਰੰਥ` ਦਾ ਇਤਿਹਾਸ ਪੇਸ਼ ਕੀਤਾ ਹੈ। ਇਹ ਯਕੀਨਨ ਮੰਨਿਆ ਜਾ ਸਕਦਾ ਹੈ ਕਿ
ਰਿਪੋਟ ਵਿੱਚ ਜੋ ਕੁੱਝ ਛਾਪਿਆ ਗਿਆ ਹੈ ਓਸ ਵਿੱਚ ਰਿਪੋਟ ਲਿਖਣ ਦੇ ਸਮੇਂ ਤੱਕ ‘ਦਸਮਗ੍ਰੰਥ` ਦੀ
ਇਤਿਹਾਸਕ ਤੌਰ `ਤੇ ਉਪਲਬਧ ਸਾਰੀ ਜਾਣਾਕਾਰੀ ਸ਼ਾਮਲ ਹੈ।
ਮੰਨਿਆ ਗਿਆ ਸੀ ਕਿ ਗ੍ਰੰਥ ਵਿਚਲੀਆਂ ਰਚਨਾਵਾਂ ਦਸਵੇਂ ਪਾਤਸ਼ਾਹ ਨੇ ਲਿਖੀਆਂ
ਸਨ। ਕਿਸੇ ਤਰ੍ਹਾਂ, ਪਿੱਛੋਂ ਹੋਈਆਂ ਜੰਗਾਂ ਅਤੇ ਉਥਲ-ਪੁਥਲ ਵਾਲੇ ਹਾਲਾਤਾਂ ਦੌਰਾਨ, ਮੌਲਿਕ ਗ੍ਰੰਥ
ਨਸ਼ਟ ਹੋ ਗਿਆ।9 ਭਾਵੇਂ ਇਹ ਮੰਨਣਯੋਗ ਨਾ ਲੱਗੇ ਪਰ ਅਜਿਹੀ ਫਰਜ਼ੀ ਧਾਰਨਾ ਇੱਕ ਹੋਂਦ ਨਾ ਰੱਖਦੀ
ਪੁਸਤਕ ਲਈ, ਉਸ ਦੀ ਮੌਲਿਕ ਬੀੜ ਵਜੋਂ ਪ੍ਰਮਾਣਕਤਾ ਅਤੇ ਪਛਾਣ ਸਥਾਪਤ ਕਰਨ ਅਤੇ ਉਸ ਨੂੰ
ਗੁਰੂ-ਕ੍ਰਿਤ ਸਿੱਧ ਕਰਨ ਲਈ ਵਰਤੀ ਗਈ ਹੈ। ਇਤਫਾਕ ਨਾਲ, ਇਹ ਧਾਰਨਾ ਮੰਨਾ ਸਿੰਘ ਵੱਲੋਂ ਹੁਣ ਹੱਥ
`ਚ ਲਏ ਵਪਾਰਕ ਮਨਸੂਬੇ ਨੂੰ ਵੀ ਖ਼ੂਬ ਰਾਸ ਆਉਂਦੀ ਸੀ। ਨਸ਼ਟ ਹੋ ਚੁੱਕੀ ਮੰਨੀ ਗਈ ਮੌਲਿਕ ਬੀੜ
ਵਿਚਲੀਆਂ ਰਚਨਾਵਾਂ ਦੀ ਝਲਕ ਦੇਖੇ ਬਿਨਾ ਹੀ ਪ੍ਰਾਪਤ ਬੀੜ ਦੀਆਂ ਰਚਨਾਵਾਂ ਨੂੰ ਗੁਰੂ ਸਾਹਿਬ ਵੱਲੋਂ
ਰਚੀਆਂ ਹੋਣ ਨੂੰ ਇੱਕ ਸਥਾਪਤ ਤੱਥ ਮੰਨ ਲਿਆ ਗਿਆ। ਕੇਵਲ ਦਲੀਲਾਂ ਨੂੰ ਇਸ ਅੰਦਾਜ਼ ਵਿੱਚ ਪੇਸ਼ ਕੀਤੇ
ਜਾਣਾ ਬਾਕੀ ਸੀ ਜਿਸ ਨਾਲ ਜ਼ਿਆਦਾ ਘੋਖੀ ਬਿਰਤੀ ਨਾ ਰੱਖਣ ਵਾਲਾ ਹਰ ਵਿਅਕਤੀ ਇਸ ਨੂੰ ਅਸਲੀ ਮੰਨ
ਲਵੇ। ਕਈ ਗੁੰਮਨਾਮ ਰਚਨਾਵਾਂ ਮਹਿਜ਼ ਏਸ ਲਈ ਗੁਰੂ ਸਾਹਿਬ ਦੇ ਨਾਂ ਮੜ੍ਹੀਆਂ ਗਈਆਂ ਕਿਉਂਕਿ ਉਹ
ਗੁੰਮਨਾਮ ਸਨ। ‘ਚੌਬੀਸਅਵਤਾਰ` ਪੁਸਤਕ ਵਿੱਚ ਕਵੀ ਸਿਆਮ (ਭਾਵ ‘ਸਿਆਹ`) ਦੇ ਸਪਸ਼ਟ ਉਲੇਖ ਨੇ ਵੀ ਕੋਈ
ਮੁਸ਼ਕਲ ਖੜ੍ਹੀ ਨਾ ਕੀਤੀ। ਏਸ ਹਕੀਕਤ ਨੂੰ ਬਿਨਾ ਛਾਣ-ਬੀਣ ਨਜ਼ਰਅੰਦਾਜ਼ ਕਰ ਦਿੱਤਾ ਗਿਆ ਕਿ
‘ਕ੍ਰਿਸ਼ਨਅਵਤਾਰ` ਵਿੱਚ ਉਸ ਦਾ ਲੇਖਕ ਵਜੋਂ ਬਹੁਤ ਥਾਵਾਂ `ਤੇ ਉਲੇਖ ਹੈ। ਮੰਨਾ ਸਿੰਘ ਏਸ ਜ਼ਾਹਰਾ
ਅੜਿੱਕੇ ਨੂੰ ਵੀ ਫਰਜ਼ੀ ਧਾਰਨਾ ਘੜ ਕੇ ਸਰ ਕਰ ਲੈਂਦਾ ਹੈ। ਉਹ ਇਸ ਨੂੰ ਦਸਵੇਂ ਗੁਰੂ, ਜਿਹੜੇ ਕਿ
ਇੱਕ ਬੀੜ ਵਿਚਲੀ ਉਹਨਾਂ ਦੀ ਜਨਮ-ਮਿਤੀ ਅਨੁਸਾਰ ਸਤਭਿਖਾ ਗ੍ਰਹਿ ਦੇਦੂਜੇ (ਹਨੇਰੇ) ਪੱਖ ਵਿੱਚ ਜਨਮੇ
ਸਨ, ਵੱਲੋਂ ਰੀਤੀ ਅਨੁਸਾਰ ਰੱਖਿਆ ਗਿਆ ਕਾਵਿਕ ਨਾਮ ਮੰਨਦਾ ਹੈ।10 ਇਸ ਵਿਆਖਿਆ ਨੇ ਉਦੋਂ ਇੱਕ
ਮੁਸ਼ਕਿਲ ਖੜ੍ਹੀ ਕਰ ਦਿੱਤੀ ਜਦੋਂ ਗੁਰੂ ਸਾਹਿਬ ਦਾ ਜਨਮ ਪੋਹ ਮਹੀਨੇ ਦੇ ਚਾਨਣੇ ਅੱਧ ਵਾਲੇ ਪੱਖ ਨਾਲ
ਮੇਲ ਖਾਂਦਾ ਮੁਕੱਰਰ ਹੋ ਗਿਆ। ਏਸ ਚੁਣੌਤੀ ਨੂੰ ਵੀ ਫਤਹਿ ਕਰ ਲਿਆ ਗਿਆ ਅਤੇ ਕੋਈ ਸੱਠ ਸਾਲ ਮਗਰੋਂ
ਪਹਿਲਾਂ ਵਾਂਗ ਹੀ ਚਤੁਰਾਈ ਭਰਪੂਰ ਇੱਕ ਨਵਾਂ ਸਪਸ਼ਟੀਕਰਨ ਪ੍ਰਦਾਨ ਕੀਤਾ ਗਿਆ। ਬਦਨਾਮ
‘ਚਰਿਤਰੋਪਾਖਿਆਨ` ਹਿੱਸੇ ਵਿੱਚ ਲੇਖਕ ਵਜੋਂ ਪ੍ਰਗਟ ਹੋਏ ਕਿਸੇ ਰਾਮ ਦਾ ਨਾਮ ਵੀ, ਉਸੇ ਚਲਾਕੀ ਤਹਿਤ
ਇਹ ਕਹਿ ਕੇ ਕਿ ਇਹ ਗਲਤੀ ਨਾਲ ਹੋਈ ਇੱਕ ਨਵੀਂ ਤਬਦੀਲੀ ਸੀ ਜੋ ਕਿ ਪਹਿਲਾਂ ਹੋਰ ਬੀੜ ਵਿੱਚ ਆਏ
ਸਿਆਮ ਦੀ ਜਗ੍ਹਾ ਹੋਈ ਸੀ, ਬੇਝਿਜਕ ਹਜ਼ਮ ਕਰ ਲਿਆ ਗਿਆ। ਇਹ ਸਮਝਣਾ ਡਾਢਾ ਮੁਸ਼ਕਿਲ ਹੈ ਕਿ ਸੁਧਾਈ ਦੇ
ਕੰਮ `ਚ ਜੁਟੀ ਕਮੇਟੀ ਨੇ ਏਥੇ ਪਹਿਲੇ ਮੌਲਿਕ ਨਾਮ (ਸਿਆਮ) ਨੂੰ ਪੁਨਰ-ਦਰਜ ਕਰਕੇ ਗਲਤੀ ਦੀ ਸੁਧਾਈ
ਕਰਨ ਦੀ ਸਿਆਣਪ ਕਿਉਂ ਨਾ ਦਿਖਾਈ। ਭਰਪੂਰ ਚੌਕਸੀ ਵਜੋਂ ਇੱਕ ਹੋਰ ਤਰਕ ਦਿੱਤਾ ਗਿਆ। ਇਹ ਸੀ ਕਿ,
ਕਿਉਂਕਿ ਇਸ ਹਿੱਸੇ ਦੀਆਂ ਕੁੱਝ ਰਚਨਾਵਾਂ ਦੀ ਛੰਦਬੰਦੀ ਹਨੂੰਮਾਨ ਨਾਟਕ - ਜੋ ਫਰਜ਼ੀ ਰੂਪ `ਚ ਗੁਰੂ
ਸਾਹਿਬ ਦਾ ਖ਼ਾਸ ਪਸੰਦੀਦਾ ਮੰਨਿਆ ਜਾਂਦਾ ਹੈ - ਵਰਗੀ ਸੀ, ਇਸ ਲਈ ਗੁਰੂ ਸਾਹਿਬ ਨੂੰ ਆਪਣਾ ਫਰਜ਼ੀ
ਨਾਮ ਰਾਮ ਵਰਤਣ ਦਾ ਯਕੀਨਨ ਅਧਿਕਾਰ ਸੀ।11
ਏਸ ਉਪਰੰਤ ਵੀ ਸਮੁੱਚੇ ‘ਦਸਮਗ੍ਰੰਥ` ਨੂੰ ਦਸਮ ਗੁਰੂ ਦੀ ਲਿਖਤ ਸਿੱਧ ਕਰਨ
ਲਈ ਅਜੀਬੋ-ਗਰੀਬ ਤਰਕਾਂ ਦੇ ਠੁੰਮ੍ਹਣੇ ਦਿੱਤੇ ਗਏ। ਮਿਸਾਲ ਵਜੋਂ ਇਹ ਕਿਹਾ ਗਿਆ ਹੈ ਕਿ ਨਾ ਬੀੜ ਦੇ
ਆਰੰਭ ਵਿੱਚ ਤੇ ਨਾ ਹੀ ਅੰਤ ਵਿੱਚ ਕਿਤੇ ਜ਼ਿਕਰ ਹੈ ਕਿ ਇਹ ਕਿਸੇ ਹੋਰ ਵੱਲੋਂ ਲਿਖੀ ਗਈ ਹੈ। ਇਹ ਤਰਕ
ਦਿੱਤਾ ਗਿਆ ਕਿ ਕਿਉਂਕਿ ਆਰੰਭਕ ਜਾਪੁ ਗੁਰੂ ਦੇ ਆਪਣੇ ਹੱਥਾਂ ਦਾ ਲਿਖਿਆ ਹੋਇਆ ਸੀ (ਦੋਵਾਂ
ਧਾਰਨਾਵਾਂ ਦੀ ਪ੍ਰਮਾਣਕਤਾ ਸ਼ੱਕੀ ਹੈ) ਅਤੇ ਕਿਉਂਕਿ ਬਾਕੀ ਦੀ ਲਿਖਤ ਨਕਲ-ਨਵੀਸ ਦੇ ਹੱਥ ਦੀ ਹੈ, ਇਸ
ਲਈ ਜੇ ਬਾਕੀ ਲਿਖਤ ਹੋਰ ਕਵੀਆਂ ਵੱਲੋਂ ਲਿਖੀ ਗਈ ਹੁੰਦੀ ਤਾਂ ਇਸ ਦਾ ਸੰਕੇਤ ਵੀ ਦਿੱਤਾ ਜਾ ਸਕਦਾ
ਸੀ।12 ਕਿਉਂਕਿ ਅਜਿਹਾ ਕੋਈ ਸੰਕੇਤ ਨਹੀਂ ਹੈ, ਇਸ ਲਈ, ਸਮੁੱਚੇ ਗ੍ਰੰਥ ਦਾ ਕਰਤ੍ਰਿਤਵ ਗੁਰੂ ਦੇ
ਨਾਂ ਲੱਗਣਾ ਚਾਹੀਦਾ ਹੈ। ਏਸ ਕਿਸਮ ਦੇ ਤਰਕ ਨਾਲ ਕੋਈ ਵੀ ਚੀਜ਼ ਕਿਸੇ ਦੇ ਵੀ ਨਾਂ ਮੜ੍ਹਨ ਦਾ
ਚਮਤਕਾਰ ਕੀਤਾ ਜਾ ਸਕਦਾ ਸੀ ਅਤੇ ਕਰ ਦਿੱਤਾ ਗਿਆ। ਕੁੱਝ ਪਾਠਕਾਂ ਨੂੰ ‘ਐਲਿਸ ਇਨ ਵੰਡਰਲੈਂਡ`
ਕਹਾਣੀ ਵਿਚਲੇ ਅਦਾਲਤ ਦੇ ਦ੍ਰਿਸ਼ ਦੀ ਯਾਦ ਦਿਵਾਈ ਜਾ ਸਕਦੀ ਹੈ। ਇੱਕ ਗੋਲੇ `ਤੇ ਕਿਸੇ ਹੋਰ ਦੀ
ਹੱਥਲਿਖਤ ਵਿੱਚ ਇੱਕ ਵਿਦਰੋਹ-ਭੜਕਾਊ ਚਿੱਠੀ (ਜੋ ਕਿ ਚਿੱਠੀ ਵੀ ਨਹੀਂ ਬਲਕਿ ਅਦਾਲਤ ਦੇ ਕਮਰੇ ਵਿੱਚ
ਉੱਡਿਆ ਫਿਰਦਾ ਇੱਕ ਕਾਗਜ਼ ਦਾ ਟੁਕੜਾ ਸੀ) ਲਿਖਣ ਦਾ ਇਲਜ਼ਾਮ ਲੱਗ ਗਿਆ। ਕਾਤਰ ਦੇ ਬਗਾਵਤੀ ਖਾਸੇ ਨੂੰ
ਅਤੇ ਗੋਲੇ ਦੀ ਇਸ ਵਿੱਚ ਸ਼ਮੂਲੀਅਤ ਨੂੰ ਸਹਿਜੇ ਹੀ ਮੰਨ ਲਿਆ ਗਿਆ।
ਮੰਨਾ ਸਿੰਘ ਇਹ ਵੀ ਸੂਚਿਤ ਕਰਦਾ ਹੈ ਕਿ ਕੁੱਝ ਬੀੜਾਂ ਵਿੱਚ ‘ਸੁਖਮਨਾ ਅਤੇ
ਮਾਲ ਕਉਸ ਦੀ ਵਾਰ` ਅਤੇ ਕਈ ਵਾਧੂ ਕਵਿਤਾਵਾਂ ਵੀ ਮੌਜੂਦ ਸਨ।13 ਇਉਂ ਜ਼ਾਹਰ ਹੁੰਦਾ ਹੈ ਕਿ
‘ਦਸਮਗ੍ਰੰਥ` ਦਾ ਕਿੱਸਾ ਉਦੋਂ ਤਾਈਂ ਵੀ ਦਿਨ ਦੁੱਗਣਾ ਰਾਤ ਚੌਗੁਣਾ ਵਧ-ਫੁੱਲ ਰਿਹਾ ਸੀ। ਗੁਰੂ
ਸਾਹਿਬ ਦੇ ਨਾਂ `ਤੇ ਕਾਵਿ-ਰਚਨਾ ਦੀ ਪਿਰਤ 1897 ਈ: , ਭਾਵ ਉਹਨਾਂ ਦੇ ਜੋਤੀ-ਜੋਤਿ ਸਮਾਉਣ ਤੋਂ ਦੋ
ਸਦੀਆਂ ਬਾਅਦ, ਤੱਕ ਵੀ ਠੱਲ੍ਹੀ ਨਹੀਂ ਸੀ। ਗੁਰੂ ਸਾਹਿਬ ਦੀਆਂ ਲਿਖਤਾਂ ਵਿੱਚ ਵਾਧਾ ਕਰਨ ਵਿੱਚ ਭਾਈ
ਹਰੀ ਸਿੰਘ ਦਾਯੋਗਦਾਨ ਪਹਿਲਾਂ ਹੀ ਉੱਪਰ ਦੇਖ ਚੁੱਕੇ ਹਾਂ। ਇਹ ਵਿਸ਼ਵਾਸ ਕਰਨਾ ਔਖਾ ਹੈ ਕਿ ਇਹਨਾਂ
ਤੱਥਾਂ ਵਿੱਚ ਮੰਨਾ ਸਿੰਘ ਤੇ ਹੋਰਨਾਂ ਲਈ ਕੋਈ ਸੰਕੇਤ ਨਹੀਂ ਸੀ। ਗੁਰਮਤਿ ਗ੍ਰੰਥ ਪ੍ਰਚਾਰ ਸਭਾ
ਵੱਲੋਂ ਪਾਏ ਯੋਗਦਾਨ ਦਾ ਇੱਕ ਲਾਭਦਾਇਕ ਸਿੱਟਾ ਇਹ ਨਿਕਲਿਆ ਕਿ ਰਚਨਾਵਾਂ ਦੀ ਨਿਰੰਤਰ ਵਧਦੀ ਜਾਂਦੀ
ਗਿਣਤੀ ਨੂੰ ਅਤੇ ਇਹਨਾਂ ਨੂੰ ਗੁਰੂ ਦੇ ਨਾਂ ਮੜ੍ਹਨ ਦੀ ਪ੍ਰਕਿਰਿਆ ਨੂੰ ਦਇਆਪੂਰਵਕ ਠੱਲ੍ਹ ਪੈ ਗਈ।
ਸ਼ਾਇਦ ਇਹੋ ਇੱਕੋ-ਇੱਕ ਲਾਭ ਸੀ ਜੋ ਮੰਨਾ ਸਿੰਘ ਤੋਂ ਬਾਅਦ ਦੀਆਂ ਪੀੜ੍ਹੀਆਂ ਨੂੰ ਉਹਦੇ ਅਤੇ ਸੋਧਕ
ਕਮੇਟੀ ਵੱਲੋਂ ਕੀਤੇ ਕੰਮ ਤੋਂ ਪ੍ਰਾਪਤ ਹੋਇਆ।
ਤੁਲਨਾਤਮਕ ਕਾਰਜ ਲਈ ਵਰਤੀਆਂ ਗਈਆਂ ਬੀੜਾਂ ਦੀ ਸੂਚੀ ਬੜੀ ਸਾਵਧਾਨੀ ਸਹਿਤ
ਮੁਹੱਈਆ ਕੀਤੀ ਗਈ ਹੈ। ਇਹ ਪ੍ਰਤੱਖ ਹੈ ਕਿ ਇਹ ਸਾਰੀਆਂ ‘ਜੋ ਹੱਥ ਲੱਗੀ ਸੋ ਪ੍ਰਵਾਨ ਹੈ` ਦੀ ਵਿਧੀ
ਅਨੁਸਾਰ ਅੰਮ੍ਰਿਤਸਰ ਦੇ ਇਲਾਕੇ `ਚੋਂ ਹੀ ਇਕੱਤਰ ਕੀਤੀਆਂ ਗਈਆਂ ਸਨ। ਇਹ ਨਿਖੇੜਾ ਕਰਨ ਦਾ ਕੋਈ ਯਤਨ
ਨਹੀਂ ਸੀ ਕੀਤਾ ਗਿਆ ਕਿ ਕਿਸ ਕਿਸਮ ਦੀਆਂ ਬੀੜਾਂ ਏਸ ਮੰਤਵ ਲਈ ਲਾਹੇਵੰਦ ਸਨ। ਇਉਂ ਹੀ, ਇਹ ਵੀ
ਆਪਹੁਦਰੇ ਢੰਗ ਨਾਲ ਨਿਰਣਾ ਕਰ ਲਿਆ ਗਿਆ ਕਿ ਇੱਕ ਖ਼ਾਸ ਬੀੜ ਨੂੰ ਖ਼ੁਦ ਗੁਰੂਸਾਹਿਬ ਵੱਲੋਂ ਸੋਧੀ ਹੋਈ
ਐਲਾਨ ਦਿੱਤਾ ਜਾਵੇ। ਕਿਸੇ ਪ੍ਰਕਾਰ ਦੀ ਕੋਈ ਵੀ ਵਿਧੀ ਇਸ ਫੈਸਲੇ `ਤੇ ਪੁੱਜਣ ਲਈ ਨਾ ਅਪਨਾਈ ਗਈ ਕਿ
ਇਹ ਸੱਚਮੁੱਚ ਇਵੇਂ ਹੈ ਵੀ ਸੀ ਜਾਂ ਨਹੀਂ। ਇਸ ਦੇ ਕੁੱਝ ਪੰਨਿਆਂ ਦਾ ਬਹੁਤ ਪੁਰਾਣੇ ਵਿਖਾਈ ਦੇਣਾ
ਹੀ ਇਹ ਦੂਰਗਾਮੀ ਫੈਸਲਾ ਕਰਨ ਲਈ ਢੁਕਵਾਂ ਤਰਕ ਮੰਨ ਲਿਆ ਗਿਆ। ਇਹ ਇੱਕ ਅਜਿਹੀ ਕਲਪਨਾ ਸੀ ਜਿਸ `ਤੇ
ਖ਼ੁਦ ਸੋਧਕ ਕਮੇਟੀ ਸਮੇਤ ਕਿਸੇ ਨੂੰ ਵੀ ਭਰੋਸਾ ਨਹੀਂ ਸੀ - ਨਹੀਂ ਤਾਂ ਏਸ ਖੋਜ ਉਪਰੰਤ ਤੁਲਨਾਤਮਕ
ਕਾਰਜ ਦੇ ਸਾਰੇ ਕੰਮ-ਕਾਜ ਦਾ ਇੱਥੇ ਹੀ ਅੰਤ ਹੋ ਜਾਂਦਾ।
ਤੁਲਨਾਤਮਕ ਕਾਰਜ ਲਈ ਚੁਣੇ ਗਏ ਲੋਕਾਂ ਦੀ ਯੋਗਤਾ ਅਤੇ ਕਾਰਕਰਦਗੀ ਬੇਹੱਦ
ਤਰੁੱਟੀਪੂਰਨ ਹੈ ਅਤੇ ਸਮੁੱਚੀ ਕਾਰਵਾਈ ਦਾ ਨਾਲਾਇਕੀ ਭਰਿਆ ਪ੍ਰਭਾਵ ਉਘਾੜਦੀ ਹੈ। ਏਸ ਕਾਰਜ ਵਿੱਚ
ਹਿੱਸਾ ਲੈਣ ਵਾਲਿਆਂ `ਚੋਂ ਗਿਆਰਾਂ ਨੇ ਕੋਈ ਸੇਵਾ-ਭੱਤਾ ਸਵਿਕਾਰ ਨਹੀਂ ਕੀਤਾ। ਇਹਨਾਂ ਵਿੱਚ ਭਾਈ
ਮੰਨਾ ਸਿੰਘ ਅਤੇ ਨਰਾਇਣ ਸਿੰਘ, ਜਿਸ ਬਾਰੇ ਦਰਜ ਹੈ ਕਿ ‘ਕਦੇ ਹੀ` ਕਾਰਜ-ਸਭਾ ਵਿੱਚ ਆਉਂਦਾ ਸੀ,
ਸ਼ਾਮਲ ਹਨ। ਦੋ ਹੋਰ ਵੀ ਅੱਧੀਆਂ ਸਭਾਵਾਂ `ਚੋਂ ਗੈਰ-ਹਾਜ਼ਰ ਰਹੇ।14 ਬਾਕੀਆਂ ਸਬੰਧੀ ਦਰਜ ਹੈ ਕਿ
ਸੂਰਤ ਸਿੰਘ ਨੇ ਕੇਵਲ ਤਿੰਨ ਮਹੀਨੇ ਕੰਮ ਕੀਤਾ ਅਤੇ ਭਗਵਾਨ ਸਿੰਘ ਸਿੰਧੀ ਕੰਮ ਦੇ ਪੂਰਾ ਹੋਣ ਤੋਂ
ਪਹਿਲਾਂ ਚੱਲ ਵੱਸਿਆ। ਇਹਨਾਂ ਦੀ ਥਾਂਵੇਂ ਕੋਈ ਨਵੇਂ ਵਿਅਕਤੀ ਲਾਏ ਜਾਣ ਦਾ ਕੋਈ ਜ਼ਿਕਰ ਨਹੀਂ ਹੈ।
ਇੱਕ ਬਹਾਦਰ ਨਿਹੰਗ, ਦਰਬਾਰਾ ਸਿੰਘ, ਸਬੰਧੀ ਟਿੱਪਣੀ ਰਾਹੀਂ ਇੱਕ ਹਸਾਉਣੀ ਛੋਹ ਪ੍ਰਦਾਨ ਕੀਤੀ ਗਈ
ਹੈ ਜਿਸ ਬਾਰੇ ਉਲੇਖ ਕੀਤਾ ਗਿਆ ਹੈ ਕਿ ਉਹ ਗੁਰੂ ਪ੍ਰਤੀ ‘ਸ਼ਰਧਾ`15 ਅਧੀਨ ਅੰਤ ਤਾਈਂ ਕੰਮ `ਤੇ
ਲੱਗਾ ਰਿਹਾ, ਭਾਵੇਂ ਕਿ ਉਹ ਠੀਕ ਤਰ੍ਹਾਂ ਪੜ੍ਹਨਾ ਨਹੀਂ ਸੀ ਜਾਣਦਾ। ਅਜਿਹੀਆਂ ਟਿੱਪਣੀਆਂ ਮੰਨਾ
ਸਿੰਘ ਦੀ ਸਰਪ੍ਰਸਤੀ ਹੇਠ ਹੋਈ ਕਾਰਵਾਈ ਦੇ ਗੈਰ-ਜ਼ਿੰਮੇਵਾਰ ਖਾਸੇ ਉੱਤੇ ਰੌਸ਼ਨੀ ਪਾਉਣ ਵਿੱਚ ਸਹਾਈ
ਹੁੰਦੀਆਂ ਹਨ।
ਸਿੰਘ ਆਪਣੀ ਸਭਾ ਵੱਲੋਂ ਕੀਤੇ ਗਏ ਤੁਲਨਾਤਮਕ ਕਾਰਜ ਦੇ ਵਿਧੀ-ਵਿਧਾਨ ਦਾ ਵੀ
ਸਪਸ਼ਟ ਜ਼ਿਕਰ ਨਹੀਂ ਕਰਦਾ- ਸਿਵਾਏ ਇਸ ਤੋਂ ਕਿ ਇੱਕ ਜਣਾ ਆਪਣੀ ਬੀੜ ਤੋਂ ਪੜ੍ਹ ਕੇ ਸੁਣਾਉਂਦਾ ਸੀ
ਅਤੇ ਬਾਕੀ ਸਾਰੇ ਆਪਣੇ ਅੱਗੇ ਪਈਆਂ ਬੀੜਾਂ ਦੀ ਸੁਧਾਈ ਕਰਦੇ ਸਨ। ਪੜ੍ਹ ਕੇ ਸੁਣਾਉਣ ਵਾਲੇ ਦੀ ਚੋਣ
ਕਰਨ ਦੀ ਵਿਧੀ ਬਾਰੇ ਵੀ ਕੋਈ ਜ਼ਿਕਰ ਨਹੀਂ ਕੀਤਾ ਗਿਆ। ਪੜ੍ਹ ਕੇ ਸੁਣਾਉਣ ਵਾਲਾ ਇੱਕ ਤੋਂ ਬਾਅਦ
ਦੂਜੀ ਬੈਠਕ ਵਿੱਚ ਬਦਲਿਆ ਜਾਂਦਾ ਸੀ ਜਾਂ ਨਹੀਂ, ਬਾਰੇ ਵੀ ਕੋਈ ਜ਼ਿਕਰ ਨਹੀਂ ਪਰ ਅਜਿਹਾ ਕਿਆਸ ਕਰ
ਲੈਣਾ ਰਿਪੋਟ ਦੀ ਸ਼ਬਦਾਵਲੀ ਦੇ ਵਿਰੋਧ ਵਿੱਚ ਵੀ ਨਹੀਂ ਹੋਵੇਗਾ। ਅਜਿਹਾ ਜ਼ਿਕਰ ਵੀ ਨਹੀਂ ਹੈ ਕਿ ਇੱਕ
ਖ਼ਾਸ ਵਿਅਕਤੀ ਹੀ ਪੜ੍ਹ ਕੇ ਸੁਣਾਉਂਦਾ ਸੀ ਜਾਂ ਇੱਕ ਖ਼ਾਸ ਬੀੜ ਹੀ ਪੜ੍ਹ ਕੇ ਸੁਣਾਉਣ ਲਈ ਵਰਤੀ
ਜਾਂਦੀ ਸੀ। ਕਿਤਾਬਚੇ ਵਿੱਚ ਕੀਤੇ ਗਏ ਅਸਲੀ ਕੰਮ ਬਾਰੇ ਬਹੁਤ ਥੋੜ੍ਹਾ ਸੁਣਾਈ ਦਿੰਦਾ ਹੈ। ਏਸ ਤੋਂ
ਇਸ ਬਾਰੇ ਕੋਈ ਭਿਣਕ ਨਹੀਂ ਪੈਂਦੀ ਕਿ ਅਜਿਹੀ ਵਿਧੀ ਦੁਆਰਾ ‘ਮੌਲਿਕ` ਬੀੜ ਪ੍ਰਗਟ ਕਰਨ ਦਾ ਹਿਸਾਬ
ਕਿਵੇਂ ਲਾਇਆ ਗਿਆ। ਪਹਿਲੇ ਦੌਰ ਵਿੱਚ ਕੀਤੇ ਗਏ ਕੰਮ ਨੂੰ ਇਕੱਤਰ ਕਰਨ ਲਈ ਮਲਵਈ ਬੁੰਗੇ `ਚ ਜੁੜਨ
ਵਾਲੇ ਤੇਰ੍ਹਾਂ ਵਿਅਕਤੀਆਂ `ਚੋਂ ਚਾਰ ਰੋਜ਼ਾਨਾ ਹਾਜ਼ਰ ਹੁੰਦੇ ਅਤੇ ਬਾਕੀ ਨੌਂ ‘ਕਦੇ-ਕਦਾਈਂ`। ਕੋਈ
ਵਿਸ਼ੇਸ਼ ਕੰਮ ਨਹੀਂ ਸੀ ਨਿਪਟਾਇਆ ਗਿਆ। ਇਸ ਲਈ, ਕਿਤਾਬਚੇ ਵਿੱਚ ਕਿਸੇ ਵਿਸ਼ੇਸ਼ ਪ੍ਰਾਪਤੀ ਦਾ ਵੀ ਕੋਈ
ਜ਼ਿਕਰ ਨਹੀਂ ਹੈ। ਇਹ ਇੱਕ ਖ਼ੇਤਰ ਹੈ ਜਿਸ ਵਿੱਚ ਉਹ ਵਿਸ਼ੇਸ਼ ਰੂਪ `ਚ ਆਪਣਾ ਪੱਖ ਸਪਸ਼ਟ ਨਹੀਂ ਕਰ
ਸਕਿਆ। ਇਸ ਨਾਲ ਇੱਕ ਰਹੱਸਮਈ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਉਸਦਾ ਟੀਚਾ ਪ੍ਰਚਾਰੇ ਗਏ ਮਕਸਦ ਦੀ
ਬਜਾਏ ਕੋਈ ਹੋਰ ਸੀ ਜਾਂ ਕੀ ਉਸਦੀ ਸਭਾ ਵੱਲੋਂ ਹੱਥ `ਚ ਲਏ ਗਏ ਕੰਮ ਸਬੰਧੀ ਉਸਦੀ ਸਮਝ ਅਫਸੋਸਨਾਕ
ਹੱਦ ਤੱਕ ਨਾਕਾਫੀ ਸੀ? ਇਹ ਸਵਾਲ ਵੀ ਪੁੱਛਿਆ ਜਾਣਾ ਜਾਇਜ਼ ਹੋਵੇਗਾ ਕਿ ਕੀ ਇਹ ਕਾਰਜ ਸਮੇਂ ਦੇ
ਰਾਜਸੀ ਪ੍ਰਭੂਆਂ ਵੱਲੋਂ ਸੁਝਾਇਆ ਗਿਆ ਸੀ?
ਸਾਰਾਂਸ਼ ਕੀਤਿਆਂ ਕੋਈ ਗਿਆਨ-ਵਧਾਊ ਤਸਵੀਰ ਨਹੀਂ ਉੱਭਰਦੀ। ਤੁਲਨਾ ਹਿਤ
‘ਦਸਮਗ੍ਰੰਥ` ਦੀਆਂ ਸਾਰੀਆਂ 32 ਬੀੜਾਂ ਵਾਹੋਦਾਹੀ ਇਕੱਤਰ ਕੀਤੀਆਂ ਗਈਆਂ ਸਨ। ਇਹਨਾਂ `ਚੋਂ ਕਿਸੇ
ਦੀ ਵੀ ਕੋਈ ਜਾਣੀ-ਪਛਾਣੀ ਪੁਰਾਤਨਤਾ, ਪ੍ਰਮਾਣਕਤਾ ਜਾਂ ਜ਼ਿਕਰਯੋਗ ਮਹੱਤਤਾ ਨਹੀਂ ਸੀ। ‘ਮੁੱਖ` ਬੀੜ
ਨੂੰ ਉਸਦੇ ਸਰੂਪ ਸਬੰਧੀ ਕਿਸੇ ਤਰਕਪੂਰਨ ਪੜਤਾਲ ਤੋਂ ਬਿਨਾ ਮੂੰਹ-ਮੁਹਾਂਦਰੇ ਦੇ ਆਧਾਰ `ਤੇ ਚੁਣਿਆ
ਗਿਆ। ਇਹ ਸਪਸ਼ਟ ਜ਼ਿਕਰ ਕੀਤਾ ਗਿਆ ਹੈ ਕਿ ਇਸ ਵਿਚਲੀਆਂ ਰਚਨਾਵਾਂ ਕਿਸੇ ਵੀ ਹੋਰ ਪ੍ਰਾਪਤ ਬੀੜ ਨਾਲ
ਮੇਲ ਨਹੀਂ ਸਨ ਖਾਂਦੀਆਂ। ਅਸਲੀ ਕਾਰਜ ਲਈ ਚੁਣੇ ਗਏ ਵਿਅਕਤੀਆਂ `ਚੋਂ ਕੋਈ ਵੀ ਵਿਦਵਤਾ ਪੱਖੋਂ ਜਾਂ
ਕਿਸੇ ਕਿਸਮ ਦੇ ਵਿੱਦਿਅਕ ਕਾਰਜ ਨਾਲ ਮਾਮੂਲੀ ਜਿਹਾ ਵੀ ਬਾਵਾਸਤਾ ਹੋਣ ਪੱਖੋਂ ਪ੍ਰਸਿੱਧ ਨਹੀਂ ਸੀ।
ਇਹਨਾਂ `ਚੋਂ ਕੋਈ ਵੀ ਏਸ ਕੰਮ ਲਈ ਯੋਗਤਾ-ਪ੍ਰਾਪਤ ਨਹੀਂ ਸੀ ਅਤੇ ਨਾ ਹੀ ਆਪਸ ਵਿੱਚ ਮੇਲ ਨਾ
ਖਾਂਦੀਆਂ ਲਿਖਤਾਂ ਦੀ ਗੰਭੀਰ ਤੁਲਨਾ ਲਈ ਲੋੜੀਂਦੇ ਵਿਧੀ-ਵਿਧਾਨ ਤੋਂ ਵਾਕਫ ਸੀ। ਉਹਨਾਂ ਕੋਈ ਵੀ
ਨਿਰਧਾਰਤ ਪ੍ਰਣਾਲੀ ਨਹੀਂ ਅਪਨਾਈ। ਇਹਨਾਂ ਵਿੱਚੋਂ ਕੋਈ ਵੀ ਹੱਥ-ਲਿਖਤ ਖਰੜਿਆਂ ਨੂੰ ਸਮਝਣ ਵਿੱਚ
ਮਾਹਰ ਨਹੀਂ ਸੀ।16 ਇਹਨਾਂ ਨੇ ਯਕੀਨਨ ਆਪਣੀ ਮਰਜ਼ੀ ਕੀਤੀ ਅਤੇ ਕੋਈ ਵਿਗਿਆਨਕ ਢੰਗ ਨਹੀਂ ਅਪਨਾਇਆ।
ਜਿਸ ਧੂਮ-ਧੜੱਕੇ ਨਾਲ ਆਰੰਭਕ ਅਤੇ ਸਮਾਪਤੀ ਸਮਾਗਮ ਕੀਤੇ ਗਏ ਅਤੇ ਜਿਸ ਤਰ੍ਹਾਂ ਇਨ੍ਹਾਂ ਦਾ ਪ੍ਰਚਾਰ
ਸੋਚੇ-ਸਮਝੇ ਇਸ਼ਤਿਹਾਰਾਂ ਰਾਹੀਂ ਕੀਤਾ ਗਿਆ, ਵੀ ਇਹੋ ਦਰਸਾਉਂਦਾ ਹੈ। ਇਸ ਕਾਰਜ ਨੂੰ ਨਾ ਤਾਂ ਅਕਾਲ
ਤਖ਼ਤ ਦੀ ਮਨਜ਼ੂਰੀ ਸੀ, ਨਾ ਉਸ ਦੀ ਪਹਿਲਕਦਮੀ ਨਾਲ ਸ਼ੁਰੂ ਹੋਇਆ ਤੇ ਨਾ ਹੀ ਉਸ ਦਾ ਸਮਰਥਨ ਇਸ ਨੂੰ
ਹਾਸਲ ਸੀ। ਸਿੱਖ ਜਨਤਾ ਨੇ ਆਮ ਤੌਰ `ਤੇ ਇਸ ਦੇ ਖ਼ਰਚੇ ਵਿੱਚ ਕੋਈ ਯੋਗਦਾਨ ਨਾ ਪਾਇਆ ਜਿਹੜਾ ਕਿ
ਬਹੁਤਾ ਮੰਨਾ ਸਿੰਘ ਵੱਲੋਂ ਝੱਲਿਆ ਗਿਆ। ਏਸ ਦੇ ਆਰੰਭਕ ਅਤੇ ਅੰਤਲੇ ਮੌਕੇ ਬਹੁਤ ਪ੍ਰਚਾਰ ਕੀਤਾ ਗਿਆ
ਪਰ ਇਹ ਸਿੱਖ ਸੰਗਤਾਂ ਦਾ ਕੋਈ ਵੀ ਹੁੰਗਾਰਾ ਪ੍ਰਾਪਤ ਕਰਨ `ਚ ਅਸਫਲ ਰਿਹਾ। ਅਸਲ ਅਸਫਲਤਾ ਉਸ
ਕੁਚੱਜੇ ਢੰਗ `ਚ ਹੈ ਜਿਸ ਰਾਹੀਂ ਏਸ ਕਾਰਜ ਦੀ ਅਸਲ ਕਾਰਵਾਈ ਨੂੰ ਨੇਪਰੇ ਚਾੜ੍ਹਿਆ ਗਿਆ। ਮਾਮੂਲੀ
ਜਿਹੇ ਯਕੀਨ ਨਾਲ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਵਾਕਿਆ ਹੀ ਬੀੜਾਂ ਦੀ ਕੋਈ ਤੁਲਨਾ ਕੀਤੀ ਗਈ ਸੀ।
ਸੰਖੇਪ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਜੇ ਕਦੇ ਕੁੱਝ ਕੀਤਾ ਵੀ ਗਿਆ ਸੀ ਤਾਂ ਇਹ ਫਜ਼ੂਲ ਦੀ
ਕਾਰਵਾਈ ਸੀ। ਇਹ ‘ਦਸਮਗ੍ਰੰਥ` ਦੀ ਪ੍ਰਮਾਣਕਤਾ ਸਿੱਧ ਕਰਨ ਵਿੱਚ ਵੀ ਅਸਫਲ ਰਹੀ ਅਤੇ ਗੁਰੂ ਸਾਹਿਬ
ਨੂੰ ਇਸ ਦਾ ਲੇਖਕ ਸਾਬਤ ਕਰਨ ਵਿੱਚ ਵੀ ਨਾਕਾਮ ਰਹੀ।
ਜ਼ਾਹਰ ਹੁੰਦਾ ਹੈ ਕਿ ਮੰਨਾ ਸਿੰਘ, ਇਹ ਦਰਸਾਉਣ ਲਈ ਕਿ ਕੁੱਝ ਕੀਤਾ ਗਿਆ ਹੈ,
ਮਹਿਜ਼ ਕਿਸੇ ਕਿਸਮ ਦਾਸਬੂਤ ਤਿਆਰ ਕਰਨ ਦੇ ਯਤਨ ਵਿੱਚ ਸੀ। ‘ਦਸਮਗ੍ਰੰਥ` ਦੀ ਸਹੀ ਅਰਥਾਂ `ਚ ਤੁਲਨਾ
ਕਰਨਾ ਉਸਦਾ ਸਰੋਕਾਰ ਨਹੀਂ ਰਿਹਾ ਜਾਪਦਾ। ਉਸ ਨੇ ਸਮਾਪਤੀ ਸਮਾਗਮ ਦੀਆਂ ਤਸਵੀਰਾਂ ਵੀ ਖਿਚਵਾਈਆਂ
ਅਤੇ ਮਗਰੋਂ ਇਹ ਵੇਚਣ ਲਈ ਵੀ ਰੱਖੀਆਂ ਗਈਆਂ। ਉਸ ਨੇ ਇਸ ਕਾਰਵਾਈ ਦੇ ਫਲਸਰੂਪ ਤਿਆਰ ਹੋਏ ਗ੍ਰੰਥ
ਨੂੰ ਵੀ ਵੇਚਣ ਹਿਤ ਛਪਵਾਇਆ। ਉਸ ਵੱਲੋਂ ਪੇਸ਼ ਕੀਤੀ ਗਈ ਫਰਜ਼ੀ ਰਿਪੋਟ ਵੀ ਪ੍ਰਕਾਸ਼ਤ ਹੈ ਅਤੇ ਮੁੱਲ
ਵਿਕਦੀ ਹੈ। ਜਵਾਬ ਇਸ ਸਵਾਲ ਦਾ ਦੇਣਾ ਬਣਦਾ ਹੈ ਕਿ ਕੀ ਮੰਨਾ ਸਿੰਘ, ਅਸਲ ਵਿੱਚ, ਸਮੁੱਚੀ ਕਾਰਵਾਈ
ਵਿੱਚ ਕੇਵਲ ਵਪਾਰਕ ਹਿਤਾਂ ਦੀ ਪੂਰਤੀ ਦੇ ਮਨਸੂਬੇ ਤਹਿਤ ਸ਼ਾਮਲ ਹੋਇਆ ਸੀ? ਏਸ ਸੰਭਾਵਨਾ ਨੂੰ ਰੱਦ
ਕਰਨਾ ਡਾਢਾ ਕਠਿਨ ਹੈ।
ਹਵਾਲੇ ਅਤੇ ਟਿੱਪਣੀਆਂ:
1. ਦੇਖੋ, ਗੁਰਬਖ਼ਸ਼ ਸਿੰਘ ਕਾਲਾ ਅਫਗਾਨਾ ਦੀ ‘ਬਿਪਰਨ ਦੀ ਰੀਤ ਤੋਂ ਸੱਚ ਦਾ ਮਾਰਗ` (ਭਾਗ 10),
ਸ੍ਰੀ ਅਕਾਲ ਸਹਾਇ ਸੁਸਾਇਟੀ (ਰਜਿ: ), ਅੰਮ੍ਰਿਤਸਰ, ਮਈ 1999, ਪੰਨਾ 136-137
ਵਿੱਚ ਕਿਰਪਾਲ ਸਿੰਘ ਦੀ ਚਿੱਠੀ ਦਾ ਹਵਾਲਾ। ਰਿਪੋਟ ਇੰਨੀ ਅਸਪਸ਼ਟ ਹੈ ਕਿ
ਕਿਰਪਾਲ ਸਿੰਘ ਨੂੰ ਇਹ ਟਪਲਾ ਲੱਗ ਗਿਆ ਕਿ ਏਸ ਕਾਰਜ ਨੂੰ ਪੂਰਾ ਹੁੰਦਿਆਂ ਦੋ ਸਾਲ ਲੱਗੇ ਸਨ। ਅਸਲ
ਵਿੱਚ, ਇਹ ਪਹਿਲਾਂ ਅੱਠ ਤੇ ਫਿਰ ਤਿੰਨ ਮਹੀਨਿਆਂ ਵਿੱਚ ਬੜੀ ਮੱਠੀ ਚਾਲੇ ਕੀਤਾ ਗਿਆ ਸੀ। ਉਹ ਫੇਰ
ਟਪਲਾ ਖਾਂਦਿਆਂ ਏਸ ਨੂੰ ‘ਅਕਾਲ ਤਖ਼ਤ ਦੀ ਕਮੇਟੀ` ਦੀ ਰਿਪੋਟ ਵਜੋਂ ਪੇਸ਼ ਕਰਦਾ ਹੈ। ਕਿਤੇ ਹੋਰ,
ਕਿਰਪਾਲ ਸਿੰਘ ਇਸ ਨੂੰ ਸਰਦੂਲ ਸਿੰਘ ਦੁਆਰਾ ਤਿਆਰ ਕੀਤੀ ਸਮਝਦਾ ਹੈ। ਅਜਿਹਾ ਮੰਨਾ ਸਿੰਘ ਵੱਲੋਂ
ਕੀਤਾ ਗਿਆ ਜ਼ਾਹਰ ਹੁੰਦਾ ਹੈ। ਸਰਦੂਲ ਸਿੰਘ ਦਾ ਨਾਮ ਸ਼ਾਇਦ ਕੇਵਲ ਅੰਤ ਵਿੱਚ ਦਿੱਤੇ ਇਸ਼ਤਿਹਾਰ ਨੂੰ
ਜਾਰੀ ਕਰਨ ਵਾਲੇ ਵਜੋਂ ਪੇਸ਼ ਹੋਇਆ ਹੈ।
2. ਸਿੰਘ, ਭਾਈ ਮੰਨਾ ‘ਰਿਪੋਟ: ਸੋਧਕ ਕਮੇਟੀ`, ਨਿਊ ਐਂਗਲੋ ਗੁਰਮੁਖੀ ਪ੍ਰੈੱਸ, ਅੰਮ੍ਰਿਤਸਰ,
1897, ਪੰਨਾ 10
ਇਹ ਇਸੇ ਮਕਸਦ ਲਈ ਘੜੀ ਗਈ ਜਾਪਦੀ ਹੈ। ਸਾਰੀ ਪਹਿਲਕਦਮੀ ਮੰਨਾ ਸਿੰਘ ਦੀ ਦਿੱਸਦੀ ਹੈ।
ਰਿਪੋਟ ਦਾ ਇੱਕ ਸਰਸਰੀ ਪਾਠ ਸਾਰੀ ਕਾਰਵਾਈ ਵਿੱਚ ਭਾਈ ਮੰਨਾ ਸਿੰਘ ਹਕੀਮ ਦੀ ਕੇਂਦਰੀ ਭੂਮਿਕਾ
ਦੀ ਪੁਸ਼ਟੀ ਕਰਦਾ ਹੈ।
ਦੇਖੋ, ਰਿਪੋਟ ਦਾ ਪੰਨਾ 10.
6. ਦੇਖੋ, ਭਾਈ ਕਾਹਨ ਸਿੰਘ ਨਾਭਾ, ਮਹਾਨ ਕੋਸ਼, ਪੰਨਾ 280 - ਹੂਤ ਸ਼ਬਦ ਲਈ,
ਜਿਸਤੋਂ ਸ਼ਬਦ ਹੂੰਡੀ ਬਣਿਆ ਪ੍ਰਤੀਤ ਹੁੰਦਾ ਹੈ। ਹੂਤ ਦਾ ਅਰਥ ਹੈ ਨਿਮੰਤਰਤ ਵਿਅਕਤੀ। ਓਸ ਸਮੇਂ
ਦੇਰਈਸਾਂ ਨੇ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਦੁਆਲੇ ਆਰਾਮ-ਘਰ (ਬੁੰਗੇ) ਬਣਵਾਏ ਸਨ। ਉਹ ਇਹਨਾਂ
ਨੂੰ ਦਰਬਾਰ ਸਾਹਿਬ ਆਉਣ ਸਮੇਂ ਆਪਣੇ ਰਹਿਣ ਲਈ ਵਰਤਦੇ ਸਨ ਅਤੇ ਅੱਗੋਂਪਿੱਛੋਂ ਆਪਣੀਆਂ ਰਿਆਸਤਾਂ
ਤੋਂ ਆਉਣ ਵਾਲੇ ਯਾਤਰੀਆਂ ਨੂੰ ਠਹਿਰਾਉਣ ਲਈ। ਮਲਵਈ ਬੁੰਗਾ, ਅਜੋਕੇ ਅਕਾਲ ਤਖ਼ਤ ਦੇ ਨੇੜੇ ਇੱਕ
ਚਾਰ-ਮੰਜ਼ਿਲਾ ਇਮਾਰਤ ਸੀ। ਇਹ 1775 ਈ: ਵਿੱਚ ਮਾਲਵੇ ਦੇ ਰਾਜਿਆਂ ਅਤੇ ਰਈਸਾਂ ਵੱਲੋਂ ਉਸਾਰਿਆ ਗਿਆ
ਸੀ (ਦੇਖੋ, ਗਿਆਨੀ ਗਿਆਨ ਸਿੰਘ, ‘ਤਵਾਰੀਖ ਸ੍ਰੀ ਅੰਮ੍ਰਿਤਸਰ`, ਪੰਨਾ 53, ਪ੍ਰਕਾਸ਼ਨਾ: ਕੇਂਦਰੀ
ਸਿੰਘ ਸਭਾ ਕਮੇਟੀ, ਅੰਮ੍ਰਿਤਸਰ, 1977)। ਇਉਂ ਦਿੱਸਦਾ ਹੈ ਕਿ ਇਸ ਨੇ ਘੰਟਾ ਘਰ ਚੌਂਕ ਨੇੜਲੀ
ਅਜੋਕੀ ਪਾਰਕਿੰਗ ਵਾਲੀ ਜਗ੍ਹਾ ਤੋਂ ਲੈ ਕੇ ਅਕਾਲ ਤਖ਼ਤ ਦੁਆਲੇ ਦਾ ਸਾਰਾ ਖ਼ੇਤਰ ਮੱਲਿਆ ਹੋਇਆ ਸੀ। ਇਸ
ਦਾ ਹਵਾਲਾ ਪੰਜਾਬ ਸਰਕਾਰ ਦੇ 10-10-1969 ਦੇ ਨੋਟੀਿ” ਕੇਸ਼ਨ ਅਤੇ 17-11-1975 ਦੇ ਇੱਕ ਹੋਰ
ਨੋਟੀਫਿਕੇਸ਼ਨ ਵਿੱਚ ਵੇਖਿਆ ਜਾ ਸਕਦਾ ਹੈ। ਪਹਿਲੇ ਨੋਟੀਫਿਕੇਸ਼ਨ ਰਾਹੀਂ ਅੰਮ੍ਰਿਤਸਰ ਇੰਪਰੂਵਮੈਂਟ
ਟਰਸਟ ਨੇ ਲੋਕ ਨਿਰਮਾਣ ਵਿਭਾਗ (ਭਵਨ ਅਤੇ ਸੜਕਾਂ) ਦੇ ਸਟੇਟ ਅਫਸਰ ਨੂੰ ਮਲਵਈ ਬੁੰਗੇ ਦੀ 4. 10
ਏਕੜ ਜਗ੍ਹਾ ਦੇ ਇਵਜ਼ ਵਿੱਚ 5, 06, 346/- ਰੁਪਏ ਅਦਾ ਕੀਤੇ। ਦੂਜੇਨੋਟੀਫਿਕੇਸ਼ਨ ਰਾਹੀਂ ਪੰਜਾਬ
ਸਰਕਾਰ ਨੇ ਇਹ ਜਗ੍ਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪੀ। ਅਸੀਂ ਜਾਣਦੇ ਹਾਂ ਕਿ
ਸੋਧਕ ਕਮੇਟੀ ਵੱਲੋਂ ਇਹ ਕਾਰਜ ਵਿੱਢਣ ਤੋਂ ਪਹਿਲੇ ਦੋ ਦਹਾਕਿਆਂ ਦੌਰਾਨ ਬਰਤਾਨਵੀ ਬਸਤੀਵਾਦੀ ਸ਼ਾਸਨ
ਨੇ ਪੰਜਾਬ ਵਿੱਚ ‘ਦਸਮਗ੍ਰੰਥ` ਦੀ ਘੁਸਪੈਠ ਕਰ ਦਿੱਤੀ ਸੀ ਜਿਸ ਦਾ ਮੁੱਢਲੇ ਰੂਪ ਵਿੱਚ ਕੋਈ ਖਰੜਾ
ਨਹੀਂ ਸੀ। 1899 ਵਿੱਚ ਲਿਖਦਿਆਂ ਗਿਆਨੀ ਗਿਆਨ ਸਿੰਘ ਨੇ ਇਹ ਤਾੜ ਲਿਆ ਸੀ ਕਿ ਬੁੰਗਾ ਆਪਣੇ ਅਸਲ
ਉਦੇਸ਼ ਤੋਂ ਭਟਕ ਚੁੱਕਾ ਸੀ। ਬੁੰਗੇ ਦੇ ਪ੍ਰਬੰਧਕਾਂ ਨੇ ਇਸ ਦੇ ਗਹਿਣੇ ਰੱਖੇ ਹਿੱਸਿਆਂ ਨੂੰ ਆਪਣੀ
ਅੱਯਾਸ਼ੀ ਲਈ ਪੈਸੇ ਵੱਟਣਖ਼ਾਤਰ ਵੇਚ ਦਿੱਤਾ ਸੀ। ਇਹ ਸੰਭਵ ਹੈ ਕਿ ਉਨ੍ਹਾਂ ਸੋਧਕ ਕਮੇਟੀ ਨੂੰ ਪੈਸਿਆਂ
ਵੱਟੇ ਬੁੰਗੇ `ਚ ਕੰਮ ਕਰਨ ਦੀ ਇਜਾਜ਼ਤ ਦਿੱਤੀ। ਮਗਰੋਂ, 1998 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਪ੍ਰਕਾਸ਼ਤ ‘ਅੰਮ੍ਰਿਤਸਰ ਦੀ ਤਵਾਰੀਖ` ਵਿੱਚ ਕਰਮ ਸਿੰਘ ਨੇ
ਵੀ ਮਲਵਈ ਬੁੰਗੇ ਦਾ ਜ਼ਿਕਰ ਕੀਤਾ। 1946 ਵਿੱਚ ਬੁੰਗੇ ਨੂੰ ਢਾਹ ਦਿੱਤਾ ਗਿਆ ਸੀ (ਦੇਖੋ, ਕਿਰਪਾਲ
ਸਿੰਘ, ‘ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਇਤਿਹਾਸ`, ਧਰਮ ਪ੍ਰਚਾਰ ਕਮੇਟੀ, ਅੰਮ੍ਰਿਤਸਰ, 1991,
ਪੰਨਾ 460)।
7. ਦੇਖੋ, ਰਿਪੋਟ, ਪੰਨਾ 16ਡੀ
ਉਹੀ, ਪੰਨਾ 11
ਉਹੀ, ਪੰਨਾ 9
ਉਹੀ, ਪੰਨਾ 6 (ਸਿਆਮ ਦਾ ਨਾਂ ਕਵੀ ਵਜੋਂ ਛੰਦ 1116, 1119, 1147, 1159, 1177, 1180,
1222, 1233, 1298, 1300, 1412, 1416, 1430, 1449,
, 1481, 1530, 1560, 1562, 1583, 1707, 1751, 1776, 1853, 1872 ਵਿੱਚ ਅਤੇ ਅਨੇਕਾਂ
ਵਾਰ ਚਰਿਤਰੋਪਾਖਿਆਨ ਵਿੱਚ ਆਉਂਦਾ ਹੈ)
ਉਹੀ, ਪੰਨਾ 7
ਉਹੀ, ਪੰਨਾ 6 ਅਤੇ ਪੰਨਾ 7
ਉਹੀ, ਪੰਨਾ 6 (ਪੈਰਾ 12) ਅਤੇ ਪੰਨਾ 7 (15 ਨੰ: ਵਜੋਂ ਅੰਕਿਤ ਪੈਰੇ)
ਉਹੀ, ਪੰਨਾ 9 ਅਤੇ ਪੰਨਾ 6
ਉਹੀ, ਪੰਨਾ 16ਬੀ
16. ਉਹੀ ਪੰਨਾ 16ਏ, ਬੀ, ਸੀ ਅਤੇ ਡੀ
|
. |