ਗੁਰ ਕਾ ਬਚਨੁ ਬਸੈ ਜੀਅ ਨਾਲੇ
ਗੁਰਸ਼ਰਨ ਸਿੰਘ ਕਸੇਲ, ਕਨੇਡਾ
ਸਿੱਖ ਧਰਮ ਅਨੁਸਾਰ “ਸ਼ਬਦ” ਨੂੰ ਗੁਰੂ ਮੰਨਿਆਂ ਜਾਂਦਾ ਹੈ। ਇਸ ਦਾ ਮੁੱਖ
ਕਾਰਨ ਇਹ ਹੈ ਕਿ ਦੇਹ, ਫੋਟੋ ਜਾਂ ਮੂਰਤੀ ਹਮੇਸ਼ਾਂ ਹਰ ਜਗ੍ਹਾ ਹਰੇਕ ਸਮੇਂ ਸਾਡਾ ਸਾਥ ਨਹੀਂ ਦੇ
ਸਕਦੀ ਪਰ ਸੱਚ ਦਾ ਗਿਆਨ ਸਾਡੀ ਜਿੰਦਗੀ ਦੇ ਹਰ ਪਲ ਸਾਡਾ ਸਾਥ ਦੇਂਦਾ ਹੈ। ਇਸੇ ਕਰਕੇ ਹੀ ਤਾਂ ਸਿੱਖ
ਧਰਮ ਦੇ ਬਾਨੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜਦੋਂ ਸਿਧਾਂ ਨੇ ਪੁੱਛਿਆ ਸੀ ਕਿ ਤੁਹਾਡਾ ਗੁਰੂ ਕੌਣ
ਤਾਂ ਗੁਰੂ ਜੀ ਨੇ ਜਵਾਬ ਦਿੱਤਾ ਸੀ ਕਿ: ਸਬਦੁ ਗੁਰੂ, ਸੁਰਤਿ ਧੁਨਿ ਚੇਲਾ॥ (ਪੰਨਾ ੯੪੨)
ਇਥੇ ਇਹ ਵੀ ਯਾਦ ਰੱਖਣ ਵਾਲੀ ਗੱਲ ਹੈ ਕਿ ਗੁਰੂ ਜੀ ਨੇ ਤਾਂ ਚੇਲਾ ਵੀ ਸਰੀਰ ਨੂੰ ਨਹੀਂ ਮੰਨਿਆਂ।
ਉਨ੍ਹਾਂ ਤਾਂ ਚੇਲਾ ਵੀ ਸੁਰਤ (ਧਿਆਨ) ਨੂੰ ਮੰਨਿਆਂ ਹੈ। ਗੁਰੂ ਦੀ ਹਜ਼ੂਰੀ ਵਿੱਚ ਵੀ ਅਸੀਂ ਉਦੋਂ ਹੀ
ਪ੍ਰਵਾਨ ਹੁੰਦੇ ਹਾਂ ਜਦੋਂ ਸਾਡਾ ਧਿਆਨ ਗੁਰਬਾਣੀ ਵਿੱਚ ਹੁੰਦਾ ਹੈ; ਉਂਝ ਭਾਂਵੇ ਸਾਰ ਦਿਨ ਸ੍ਰੀ
ਗੁਰੂ ਗ੍ਰੰਥ ਸਾਹਿਬ ਦੀ ਬੀੜ ਲਾਗੇ ਜਾਂ ਗੁਰਦੁਆਰੇ ਦੀ ਹਦੂਦ ਵਿੱਚ ਬੈਠੇ ਰਹੀਏ। ਹੁਣ ਵੇਖਣ ਵਿੱਚ
ਆਮ ਹੀ ਆ ਰਿਹਾ ਹੈ ਕਿ ਹੋਰਨਾਂ ਧਰਮਾਂ ਦੀ ਦੇਖਾ-ਦੇਖੀ ਸਿੱਖ ਵੀ ਦੇਹਧਾਰੀ ਗੁਰੂ ਡੰਮ ਨੂੰ ਧਾਰਨ
ਕਰਨ ਵੱਲ ਜਾ ਰਹੇ ਹਨ। ਇਸ ਦੇ ਕਈ ਕਾਰਨ ਹੋ ਸਕਦੇ ਹਨ ਪਰ ਇੱਕ ਮੁੱਖ ਕਾਰਨ ਸਿੱਖਾਂ ਵਿੱਚ “ਸ਼ਬਦ
ਗੁਰੂ” ਦਾ ਸਹੀ ਪ੍ਰਚਾਰ ਨਾ ਹੋਣ ਦਾ ਕਾਰਨ ਵੀ ਹੈ। ਇਥੋਂ ਤੀਕਰ ਕਿ ਬਹੁਤੇ ਡੇਰਿਆਂ ਵਿੱਚ ਬੈਠੇ
ਸਿੱਖ ਪ੍ਰਚਾਰਿਕ ਅਖਵਾਉਣ ਵਾਲੇ ਵੀ “ਸ਼ਬਦ ਗੁਰੂ” ਕੀ ਹੈ, ਇਸ ਸਿਧਾਂਤ ਨੂੰ ਨਾ ਸਮਝਦੇ ਹੋਏ ਜਾਂ
ਜਾਣਬੁਝ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿਖਾਵੇ ਦੇ ਤੌਰ ਤੇ ਸਿੱਖਾਂ ਦੇ ਸਾਹਮਣੇ ਤਾਂ
“ਦੇਹ” ਦੇ ਰੂਪ ਵਿੱਚ ਪ੍ਰਚਾਰ ਕਰਦੇ ਹਨ ਪਰ ਬਹੁਤੇ ਡੇਰਿਆਂ ਤੇ ਕਾਬਜ ਬਾਬਿਆਂ ਦੀਆਂ ਗੁਰਮਤਿ
ਵਿਰੋਧੀ ਕਾਰਵਾਈਆਂ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਇਹ ਲੋਕ ਸਿਰਫ ਸਿੱਖਾਂ ਸਾਹਮਣੇ ਲੋਕ ਵਿਖਾਵਾ
ਹੀ ਕਰਦੇ ਹਨ। ਅੱਜ ਗੁਰਮਤਿ ਪ੍ਰਤੀ ਸਹੀ ਪ੍ਰਚਾਰ ਨਾ ਹੋਣ ਕਰਕੇ ਸਾਡੇ ਵਿੱਚ ਅਗਿਆਨਤਾ ਹੈ ਤਾਂ ਹੀ
ਤਾਂ ਅਸੀਂ ਦੇਹਧਾਰੀ ਗੁਰੂ ਡੰਮ, ਡੇਰਿਆਂ ਵਾਲਿਆਂ ਅਖੌਤੀ ਸਾਧਾਂ, ਸੰਤਾਂ, ਅਤੇ ਮੜੀਆਂ ਕਬਰਾਂ ਵੱਲ
ਭਜੇ ਫਿਰਦੇ ਹੋਣ ਕਰਕੇ ਹਰੇਕ ਧਰਮ ਸਿੱਖੀ ਨੂੰ ਖਤਮ ਕਰਨ ਬਾਰੇ ਤਤਪੱਰ ਹੈ।
ਇਕ ਕਾਰਨ ਇਹ ਵੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਦੀਵੀ ਸੱਚ
ਹੈ ਅਤੇ ਉਹ ਦੇਹਧਾਰੀ ਗੁਰੂ ਡੰਮ ਜਾਂ ਅਖੌਤੀ ਸੰਤਾਂ ਸਾਧਾਂ ਵਾਂਗਰ ਨਾਂ ਤਾਂ ਵੱਡੇ ਵੱਡੇ ਇਕੱਠ
ਕਰਨ ਦੀ ਖਾਤਰ ਝੂਠੇ ਲਾਰੇ ਲਾਊਂਦੀ ਅਤੇ ਨਾਂਹੀ ਝੂਠੀਆਂ ਅਸ਼ੀਰਵਾਦਾਂ ਦੇਂਦੀ ਹੈ। ਇਸ ਦਾ ਤਾਂ
ਸਪੱਸ਼ਟ ਫੁਰਮਾਨ ਹੈ: ਜੇਹਾ ਬੀਜੈ ਸੋ ਲੁਣੈ, ਕਰਮਾ
ਸੰਦੜਾ ਖੇਤੁ॥ (ਮ: ੫, ਪੰਨਾ ੧੩੪) ਸਾਡਾ ਇਹ “ਸ਼ਬਦ ਗੁਰੂ” ਹਰ ਵੇਲੇ ਸਾਡੇ ਨਾਲ ਹੋਣ ਕਰਕੇ
ਸਾਨੂੰ ਹਰ ਸਮੇਂ ਸੋਝੀ ਦੇਂਦਾ ਹੈ। ਅਸੀਂ ਜਦ ਵੀ ਕੋਈ ਮਾੜਾ ਕਰਮ ਕਰਨ ਬਾਰੇ ਸੋਚਾਂਗੇ ਤਾਂ ਇਹ
ਸਾਨੂੰ ਚੇਤੇ ਆਵੇਗਾ ਅਤੇ ਅਸੀਂ ਆਉਣ ਵਾਲੀ ਮੁਸੀਬਤ ਤੋਂ ਬੱਚ ਸਕਾਂਗੇ। ਜਿਵੇਂ ਕਿਸੇ ਦਾ ਹੱਕ ਮਾਰਨ
ਵੇਲੇ:
ਹਕੁ
ਪਰਾਇਆ ਨਾਨਕਾ, ਉਸ ਸੂਅਰੁ ਉਸ ਗਾਇ॥ ਗੁਰੁ ਪੀਰੁ ਹਾਮਾ ਤਾ ਭਰੇ, ਜਾ ਮੁਰਦਾਰੁ ਨ ਖਾਇ॥ ਗਲੀ ਭਿਸਤਿ
ਨ ਜਾਈਐ ਛੁਟੈ ਸਚੁ ਕਮਾਇ॥ ਮਾਰਣ ਪਾਹਿ ਹਰਾਮ ਮਹਿ, ਹੋਇ ਹਲਾਲੁ ਨ ਜਾਇ॥ ਨਾਨਕ ਗਲੀ ਕੂੜੀਈ, ਕੂੜੋ
ਪਲੈ ਪਾਇ॥ (ਮ: 1, ਪੰਨਾ ੧੪੧)
ਇਵੇਂ ਹੀ ਆਪਣੀ ਹਉਮੈ ਨੂੰ ਪੱਠੇ ਪਾਉਣ ਦੀ ਖਾਤਰ ਚੌਧਰ, ਜਾਂ ਮਾਇਆ ਦੇ
ਲਾਲਚ ਵੱਸ ਹੋਇਆਂ ਝੂਠ ਬੋਲਣ ਲੱਗਿਆਂ ਗੁਰੂ ਸਾਨੂੰ ਜ਼ਰੂਰ ਸੁਚੇਤ ਕਰਦਾ ਹੈ:
ਕੂੜੁ ਬੋਲਿ ਮੁਰਦਾਰੁ ਖਾਇ॥ ਅਵਰੀ ਨੋ ਸਮਝਾਵਣਿ ਜਾਇ॥ ਮੁਠਾ ਆਪਿ ਮੁਹਾਏ
ਸਾਥੈ॥ ਨਾਨਕ ਐਸਾ ਆਗੂ ਜਾਪੈ॥ (ਮ: 1, ਪੰਨਾ ੧੪੦)
ਇਹ ਗੱਲ ਵੱਖਰੀ ਹੈ ਕਿ ਅਸੀਂ ਗੁਰੂ ਜੀ ਨੂੰ ਅਣਗੋਲਿਆ ਕਰਕੇ ਆਪਣੀ ਮਤ ਪਿੱਛੇ ਤੁਰੀ ਜਾਈਏ।
ਕਈ ਵਾਰੀ ਅਸੀਂ ਇਸ ਤਰ੍ਹਾਂ ਦੇ ਬੰਦੇ ਨਾਲ ਕਿਸੇ ਵਿਸ਼ੇ ਬਾਰੇ ਵਿਚਾਰ
ਵਿਟਾਂਦਰਾ ਕਰਨ ਲੱਗ ਪੈਂਦੇ ਹਾਂ ਜੋ ਸਰੀਰਕ ਪਹਿਰਾਵੇ ਵਾਲੀ ਦਿਖ ਤੋਂ ਤਾਂ ਸੁਲਝਿਆ ਹੋਇਆ ਲੱਗਦਾ
ਹੈ ਪਰ ਕੁੱਝ ਚਿਰ ਗੱਲਾਂ ਕਰਨ ਨਾਲ ਪਤਾ ਲੱਗਦਾ ਹੈ ਕਿ ਇਹ ਤਾਂ “ਮੈ ਨਾ ਮਾਨੂੰ” ਵਾਲੀ ਜ਼ਿੱਦੀਅਲ
ਬਿਰਤੀ ਦਾ ਆਦਮੀ ਹੈ। ਉਸ ਸਮੇਂ ਜੇਕਰ ਸਾਨੂੰ ਯਾਦ ਆਉਂਦਾ ਹੈ ਕਿ ਮੇਰੇ ਗੁਰੂ ਜੀ ਨੇ ਤਾਂ ਅਜਿਹੇ
ਲੋਕਾਂ ਨਾਲ ਸਿਰ ਨਾਂ ਖਪਾਉਣ ਬਾਰੇ ਹੀ ਤਾਂ ਇਹ ਸ਼ਬਦ ਉਚਾਰਿਆ ਹੈ:
ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ॥ ਮੂਰਖੈ ਨਾਲਿ ਨ ਲੁਝੀਐ॥ (ਮ:
1, ਪੰਨਾ ੪੭੩)
ਤਾਂ ਅਸੀਂ ਅਜਿਹੇ ਆਦਮੀ ਨਾਲ
ਬਹਿਸ-ਬਸੀਆ ਕਰਨ ਨਾਲੋਂ ਚੁੱਪ ਰਹਿਕੇ ਆਪਣਾ ਸਮਾਂ ਅਤੇ ਝਗੜਾ ਕਰਨ ਤੋਂ ਬੱਚ ਜਾਂਦੇ ਹਾਂ।
ਸ੍ਰੀ ਗੁਰੂ ਗ੍ਰੰਥ ਸਾਹਿਬ “ਸ਼ਬਦ ਗੁਰੂ” ਹਰ ਜਗ੍ਹਾ ਸਾਡੇ ਅੰਗ ਸੰਗ ਹੈ। ਇਸ
ਬਾਰੇ ਇੱਕ ਛੋਟੀ ਜਿਹੀ ਹੱਡਬੀਤੀ ਆਪ ਨਾਲ ਸਾਂਝੀ ਕਰਦਾ ਹਾਂ। ਆਪਣੀ ਕੰਮ ਵਾਲੀ ਥਾਂ ਤੇ ਕਿਸੇ ਨਾਲ
ਕੰਮ ਕਰ ਰਿਹਾ ਸਾਂ। ਉਥੇ ਅਸੀਂ ਦੋ ਜਾਣਿਆਂ ਨੇ ਆਮੋ-ਸਾਹਮਣੇ ਕੰਮ ਕਰਨਾ ਹੁੰਦਾ ਹੈ। ਮੇਰੇ ਤੋਂ
ਪਹਿਲਾਂ ਉਥੇ ਕੋਈ ਹੋਰ ਕੰਮ ਕਰਦਾ ਸੀ। ਮੈਂ ਉਹ ਜੋਬ ਲੈ ਲਈ ਪਰ ਉਥੇ ਜਿਹੜੇ ਆਦਮੀ ਨੇ ਮੇਰੇ ਨਾਲ
ਕੰਮ ਕਰਨਾ ਸੀ ਉਹ ਚਾਹੁੰਦਾ ਸੀ ਕਿ ਮੈਂ ਉਥੇ ਕੰਮ ਨਾਂ ਕਰਾਂ ਤੇ ਪਹਿਲਾਂ ਵਾਲਾ ਆਦਮੀ ਹੀ ਇਥੇ
ਰਹੇ। ਜੇ ਮੈਂ ਉਥੋਂ ਕੰਮ ਕਰਨ ਤੋਂ ਨਾਂਹ ਕਰ ਦੇਂਦਾ ਸਾਂ ਤਾਂ ਫਿਰ ਪਹਿਲਾਂ ਵਾਲੇ ਆਦਮੀ ਨੂੰ ਉਹ
ਜੋਬ ਮਿਲ ਜਾਣੀ ਸੀ। ਜਿਸ ਤਰੀਕੇ ਨਾਲ ਉਹ ਮੈਂਨੂੰ ਉਥੋਂ ਹਟਾਉਣਾ ਚਾਹੁੰਦੇ ਸਨ ਮੈਂ ਉਸ ਤਰੀਕੇ ਨਾਲ
ਵਾਪਸ ਆਪਣੀ ਪੁਰਾਣੀ ਜੋਬ ਤੇ ਜਾਣ ਲਈ ਤਿਆਰ ਨਹੀਂ ਸੀ। ਉਂਝ ਵੀ ਇਸ ਜੋਬ ਤੇ ਮੇਰਾ ਹੱਕ ਸੀ। ਖੈਰ,
ਮੈਂ ਉਥੇ ਕੰਮ ਕਰਨ ਦਾ ਫੈਸਲਾ ਕਰ ਲਿਆ ਤੇ ਉਹ ਮੇਰੀ ਪੱਕੀ ਜੋਬ ਬਣ ਗਈ। ਉਥੇ ਮੇਰੇ ਨਾਲ ਦੂਸਰੇ
ਆਦਮੀ ਨੇ ਕੁੱਝ ਔਖਾ ਹੋਣ ਦੀ ਕੋਸ਼ਿਸ਼ ਕੀਤੀ ਪਰ ਮੈਂ “ਗੁਰੂ” ਦੇ ਇਸ ਸ਼ਬਦ ਨਾਲ “ਗੁਸਾ ਮਨਿ ਨ ਹਢਾਇ”
ਆਪਣੀ ਪੰਜਾਬੀਆਂ ਦੇ ਗੁਸੇ ਵਾਲੀ ਤੇ ਕਾਨੂੰਨ ਹੱਥ ਵਿੱਚ ਲੈਣ ਵਾਲੀ ਆਦਤ ਤੇ ਕਾਬੂ ਪਾਉਂਦਾ ਰਿਹਾ,
ਉਂਝ ਉਸ ਬੰਦੇ ਬਾਰੇ ਮੈਨੂੰ ਕੰਪਨੀ ਦੇ ਹੋਰ ਵਰਕਰਾਂ ਤੇ ਪ੍ਰਬੰਧਕਾਂ ਨੇ ਦਸਿਆ ਸੀ। ਖੈਰ, ਗੱਲ ਤਾਂ
ਇਥੇ “ਸ਼ਬਦ ਗੁਰੂ” ਦੇ ਬਚਨ ਦੇ ਜੀਅ ਨਾਲ ਹੋਣ ਦੀ ਕਰਨੀ ਹੈ। ਉਸ ਆਦਮੀ ਨੂੰ ਅਲਰਜੀ ਹੈ ਇਸ ਕਰਕੇ
ਇੱਕ ਦਿਨ ਕੁੱਝ ਠੀਕ ਨਹੀ ਸੀ। ਫਿਰ ਮੈਂਨੂੰ ਆਪਣੇ ਗੁਰੂ ਦਾ ਇਹ ਸ਼ਬਦ ਯਾਦ ਆਇਆ:
ਫਰੀਦਾ ਬੁਰੇ ਦਾ ਭਲਾ ਕਰਿ, ਗੁਸਾ ਮਨਿ
ਨ ਹਢਾਇ॥ ਦੇਹੀ ਰੋਗੁ ਨ ਲਗਈ, ਪਲੈ ਸਭੁ ਕਿਛੁ ਪਾਇ॥ (ਪੰਨਾ ੧੩੮੨)
ਅਤੇ ਮੈਂ ਉਸ ਨੂੰ ਦੱਸਿਆਂ ਕਿ ਮੇਰੇ ਕੋਲ ਇਸ ਦੀ ਦਵਾਈ ਹੈ ਜੇ ਚਾਹੁੰਦਾ ਹੈ ਤਾਂ ਦੇ ਦੇਨਾਂ ਹਾਂ।
ਉਸਨੇ ਦਵਾਈ ਲੈ ਕੇ ਪੜ੍ਹੀ ਤੇ ਖਾ ਲਈ; ਅੰਗਰੇਜੀ ਦਵਾਈ ਸੀ। ਕੁੱਝ ਦਿਨ ਬਾਅਦ ਉਸਨੇ ਆਪਣੇ ਪਹਿਲੇ
ਵਤੀਰੇ ਪ੍ਰਤੀ “ਸੋਰੀ” ਆਖੀ। ਉਸਨੇ ਕਿਹਾ, ਕਿ ਮੈਂਨੂੰ ਹੈਰਾਨੀ ਹੋਈ ਹੈ ਕਿ ਮੇਰੇ ਮਾੜੇ ਵਤੀਰੇ ਦੇ
ਬਾਵਜ਼ੂਦ ਵੀ ਤੂੰ ਮੈਂਨੂੰ ਦਵਾਈ ਅਤੇ ਸਹੀ ਸਲਾਹ ਦਿੱਤੀ। ਮੈਂ ਆਪਣੇ ਦਿੱਲ ਵਿੱਚ ਗੁਰੂ ਸਾਹਿਬ ਅਤੇ
ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ; ਜਿਹਨਾਂ ਮੈਂਨੂੰ ਇੱਜ਼ਤ ਬਖ਼ਸ਼ੀ। ਇਹ “ਸ਼ਬਦ ਗੁਰੂ” ਦੇ ਕਾਰਨ ਹੀ ਹੋ
ਸਕਿਆ: ਕਿਸੇ ਮੂਰਤੀ, ਫੋਟੋ ਜਾਂ ਦੇਹਧਾਰੀ ਗੁਰੂ ਡੰਮ
ਕਰਕੇ ਨਹੀ।
ਇੰਝ ਹੀ ਬਹੁਤ ਸਾਰੇ ਅਜਿਹੇ ਗੁਰਬਾਣੀ ਦੇ ਸ਼ਬਦ ਹਨ ਜੋ ਆਸਾਨੀ ਨਾਲ ਸਾਨੂੰ
ਯਾਦ ਆ ਜਾਂਦੇ ਹਨ ਅਤੇ ਅਸੀਂ ਜੀਵਨ ਦੀਆਂ ਕਈ ਮੁਸੀਬਤਾਂ ਵਿੱਚ ਪੈਣ ਤੋਂ ਬੱਚ ਜਾਂਦੇ ਹਾਂ। ਜਿਵੇਂ
ਕਿਸੇ ਵਹਿਮੀ ਭਰਮੀ ਜਾਂ ਠੱਗ ਬਾਬੇ ਦੇ ਕਹੇ ਲੱਗ ਕੇ ਮੜੀਆਂ ਜਾਂ ਸਮਾਧਾਂ ਨੂੰ ਪੂਜਣ ਦਾ ਮਨ ਬਣਾ
ਲੈਣਾ ਪਰ ਗੁਰੂ ਦਾ ਇਹ ਸ਼ਬਦ ਯਾਦ ਆਉਣ ਤੇ ਅੰਧਵਿਸ਼ਵਾਸ, ਵਹਿਮਾਂ ਭਰਮਾਂ ਦੀ ਘੁੰਮਣਘੇਰੀ ਵਿੱਚ ਪੈਣ
ਤੋਂ ਬੱਚ ਜਾਈਦਾ ਹੈ:
ਦੁਬਿਧਾ ਨ ਪੜਉ ਹਰਿ ਬਿਨੁ ਹੋਰੁ
ਨ ਪੂਜਉ ਮੜੈ ਮਸਾਣਿ ਨ ਜਾਈ॥ (ਮ: 1,
ਪੰਨਾ 634)
ਜਿਵੇਂ ਗੁਰਬਾਣੀ ਦਾ ਇਹ ਸ਼ਬਦ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਲਈ ਆਖਦਾ ਹੈ:
ਫਰੀਦਾ ਜੇ ਤੂ ਅਕਲਿ ਲਤੀਫੁ, ਕਾਲੇ ਲਿਖੁ ਨ ਲੇਖ॥ ਆਪਨੜੇ ਗਿਰੀਵਾਨ ਮਹਿ,
ਸਿਰੁ ਨੀਵਾਂ ਕਰਿ ਦੇਖੁ॥ (ਪੰਨਾ ੧੩੭੮)
ਇਸੇ ਤਰ੍ਹਾਂ ਗੁਰਬਾਣੀ ਦਾ ਇਹ ਸ਼ਬਦ ਹੈ:
ਫਰੀਦਾ ਜਿਨ੍ਹ੍ਹੀ ਕੰਮੀ ਨਾਹਿ ਗੁਣ,
ਤੇ ਕੰਮੜੇ ਵਿਸਾਰਿ॥ ਮਤੁ ਸਰਮਿੰਦਾ ਥੀਵਹੀ, ਸਾਂਈ ਦੈ ਦਰਬਾਰਿ॥ (ਪੰਨਾ ੧੩੮੧)
ਸਾਡੇ ਬਹੁਤ ਸਾਰੇ ਪੇਸ਼ਾਵਰ ਪ੍ਰਚਾਰਕ ਗੁਰੂ ਸਾਹਿਬਾਨ ਬਾਰੇ ਅਜਿਹੀਆਂ
ਕਹਾਣੀਆਂ ਸੁਣਾਉਂਦੇ ਹਨ ਜੋ ਗੁਰਬਾਣੀ ਅਤੇ ਗੁਰੂ ਸਾਹਿਬਾਨ ਦੇ ਜੀਵਨ ਕਾਲ ਨਾਲ ਬਿਲਕੁਲ ਮੇਲ ਨਹੀਂ
ਖਾਂਦੀਆਂ। ਗੁਰੂ ਸਾਹਿਬਾਨ ਨੇ ਜੋ ਕੁੱਝ ਲੋਕਾਂ ਵਿੱਚ ਪ੍ਰਚਾਰਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ ਵਿੱਚ ਦਰਜ ਕੀਤਾ ਉਨ੍ਹਾਂ ਉਹੀ ਕੁੱਝ ਆਪਣੇ ਜੀਵਨ ਕਾਲ ਵਿੱਚ ਕਮਾਇਆ। ਉਨ੍ਹਾਂ ਦੀ ਕਹਿਣੀ ਅਤੇ
ਕਰਨੀ ਵਿੱਚ ਰਤਾ ਭਰ ਵੀ ਫਰਕ ਨਹੀਂ ਸੀ। ਗੁਰੂ ਨਾਨਕ ਦੇਵ ਜੀ ਦੀ ਇੱਕ ਸਾਖੀ ਆਪ ਨਾਲ ਸਾਂਝੀ ਕਰਦਾ
ਹਾਂ ਜੋ “ਸ਼ਬਦ ਗੁਰੂ” ਦੇ ਸਿਧਾਤ ਤੇ ਪੂਰੀ ਉਤਰਦੀ ਹੈ। ਆਪ ਸੱਭ ਨੇ ਵੀ ਕਈ ਵਾਰ ਇਹ ਸਾਖੀ ਸੁਣੀ
ਹੋਵੇਗੀ। ਕਿਸੇ ਗੁਰਦੁਆਰੇ ਵਿੱਚ ਪ੍ਰਚਾਰਕ ਸੁਣਾ ਰਿਹਾ ਸੀ ਕਿ “ਇਕ ਵਾਰੀ ਗੁਰੂ ਨਾਨਕ ਪਾਤਸ਼ਾਹਜੀ
ਜੀ ਜੰਗਲ ਵੱਲ ਚਲੇ ਗਏ। ਸਾਰੇ ਸਿੱਖ ਵੀ ਪਿੱਛੇ ਗਏ। ਫਿਰ ਗੁਰੂ ਜੀ ਸਿੱਖਾਂ ਨੂੰ ਢੇਮ੍ਹਾ-ਰੋੜੇ
ਮਾਰਨ ਲੱਗ ਪਏ। ਇਹ ਵੇਖਕੇ ਭਾਈ ਲਹਿਣਾ ਜੀ (ਗੁਰੂ ਅੰਗਦ ਸਾਹਿਬ) ਤੋਂ ਬਿਨਾਂ ਸਾਰੇ ਸਿੱਖ ਮੁੜ ਆਏ
ਅਤੇ ਕਹਿਣ ਲੱਗੇ ਗੁਰੂ ਜੀ ਦੇ ਦਿਮਾਗ ਨੂੰ ਕੁੱਝ ਹੋ ਗਿਆ ਹੈ। ਪਰ ਭਾਈ ਲਹਿਣਾ ਜੀ ਇਸ ਖੇਡ ਬਾਰੇ
ਸੱਭ ਕੁੱਝ ਸਮਝਦੇ ਸਨ ਇਸ ਕਰਕੇ ਉਹ ਪਿੱਛੇ ਨਾਂ ਮੁੜੇ। ਕੁੱਝ ਚਿਰ ਪਿੱਛੋਂ ਗੁਰੂ ਨਾਨਕ ਜੀ ਵਾਪਸ ਆ
ਗਏ ਅਤੇ ਸਿੱਖਾਂ ਨੂੰ ਪੁਛਿੱਆ ਕਿ ਤੁਸੀਂ ਕਿਊਂ ਮੁੜ ਆਏ ਸੀ ਤਾਂ ਸਿੱਖਾਂ ਨੇ ਜਵਾਬ ਦਿੱਤਾ ਕਿ
ਅਸੀਂ ਸੋਚਿਆ ਸੀ ਕਿ ਤੁਹਾਡੇ ਦਮਾਗ ਨੂੰ ਕੁੱਝ ਹੋ ਗਿਆ ਹੈ; ਇਸ ਕਰਕੇ ਅਸੀਂ ਮੁੜ ਆਏ ਸੀ। ਫਿਰ
ਗੁਰੂ ਜੀ ਨੇ ਸਿੱਖਾਂ ਨੂੰ ਸਮਝਾਇਆਂ ਕਿ ਵੇਖੋ, ਸਰੀਰ ਕਦੀ ਵੀ “ਗੁਰੂ” ਨਹੀਂ ਹੈ ਕਿਉਂਕਿ ਸਰੀਰ
ਹਮੇਸ਼ਾਂ ਹਰ ਜਗ੍ਹਾ ਨਹੀਂ ਹੋ ਸਕਦਾ। ਇਸ ਕਰਕੇ ਮੇਰੇ ਸਰੀਰ ਦੇ ਦਰਸ਼ਨ ਕਰਨ ਦੀ ਥਾਂ “ਸ਼ਬਦ ਗੁਰੂ”
ਨੂੰ ਆਪਣੇ ਮਨ ਵਿੱਚ ਵਸਾਓ। ਇਹ ਸਾਖੀ “ਸਬਦੁ ਗੁਰੂ” ਦੇ ਸਿਧਾਂਤ ਤੇ
ਪੂਰੀ ਉਤਰਦੀ ਹੈ।
ਇਸ ਸਮੇਂ ਕਈ ਕੌਮਾਂ, ਬਹੁਤ ਸਾਰੀਆਂ ਸੰਸਥਾਵਾਂ, ਸਿੱਖਾਂ ਨੂੰ “ਸ਼ਬਦ
ਗੁਰੂ” ਨਾਲੋਂ ਤੋੜ ਕੇ ਪੂਰਤੀ ਪੂਜਾ (ਫੋਟੋ ਪੂਜਾ), ਦੇਹਧਾਰੀ ਗੁਰੂ ਡੰਮ ਦੀ ਪੂਜਾ, ਕਰਤੇ ਦੀ
ਕ੍ਰਿਤ ਦੀ ਪੂਜਾ (ਸੂਰਜ, ਚੰਦ, ਰੁੱਖ, ਨਦੀਆਂ, ਪਦਾਰਥ ਆਦਿਕ) ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਦੀ ਆੜ੍ਹ ਵਿੱਚ ਅਖੌਤੀ ਸੰਤ ਸਾਧ ਤੇ ਬਾਬੇ ਆਪਣੀ ਪੂਜਾ ਕਰਵਾ ਰਹੇ ਹਨ। ਜੇਕਰ ਗੁਰੂ ਦੇ ਸਿੱਖ
ਅਖਵਾਉਣ ਵਾਲੇ ਆਪਣੇ ਜੀਵਨ ਵਿੱਚ ਅਤੇ ਸਿੱਖ ਕੌਮ ਵਿੱਚ ਚੜ੍ਹਦੀ ਕਲਾ ਵੇਖਣੀ ਚਾਹੁੰਦੇ ਹਨ ਤਾਂ
ਸਾਨੂੰ ਗੁਰਬਾਣੀ ਦੇ ਇਸ ਸ਼ਬਦ ਰਾਹੀਂ ਦੱਸੇ ਮਾਰਗ ਅਨੁਸਾਰ “ਸ਼ਬਦ ਗੁਰੂ” ਦੇ ਸਿਧਾਂਤ ਨੂੰ ਆਪਣੇ
ਜੀਵਣ ਵਿੱਚ ਸੱਚੀ ਸ਼ਰਧਾ ਨਾਲ ਅਪਨਾਉਣਾ ਪਵੇਗਾ:
ਗੁਰ ਕਾ ਬਚਨੁ ਬਸੈ ਜੀਅ ਨਾਲੇ॥ ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ ਭਾਹਿ ਨ
ਸਾਕੈ ਜਾਲੇ॥ ੧॥ ਰਹਾਉ॥ (ਮ: 5, ਪੰਨਾ 679)
ਕਾਸ਼! ਅਸੀਂ ਹਰ ਜਗ੍ਹਾ, ਹਰ ਸਮੇਂ “ਸ਼ਬਦ ਗੁਰੂ” ਨੂੰ ਆਪਣੇ ਨਾਲ ਮਹਿਸੂਸ ਕਰ
ਸਕੀਏ।