.

ਜੋ ਦਰਿ ਰਹੇ ਸੋ ਉਬਰੇ

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਗੁਰੂ ਅਰਜਨ ਦੇਵ ਜੀ ਨੇ ਇੱਕ ਪਿੰਡਾਂ ਦੀ ਜ਼ਿੰਦਗੀ ਦਾ ਹਵਾਲਾ ਦੇ ਕੇ ਖੂਬਸੂਰਤ ਢੰਗ ਨਾਲ ਸਮਝਾਇਆ ਹੈ ਕਿ ਅੱਕ ਦਾ ਬੂਟਾ ਪਸ਼ੂਆਂ ਦੀਆਂ ਚਰਾਂਦਾਂ ਵਿੱਚ ਆਮ ਉੱਗਿਆ ਮਿਲ ਜਾਂਦਾ ਹੈ। ਅੱਕ ਦੇ ਬੂਟੇ ਨਾਲ ਖੱਖੜੀ ਲੱਗੀ ਹੁੰਦੀ ਹੈ। ਖੱਖੜੀ ਦੇਖਣ ਨੂੰ ਬਹੁਤ ਹੀ ਸੁੰਦਰ ਲੱਗਦੀ ਹੈ – ਇਹ ਇੰਜ ਸੁੰਦਰ ਲੱਗਦੀ ਹੈ ਜਿਵੇਂ ਅੱਕ ਦੇ ਬੂਟੇ ਨੂੰ ਅੰਬੀ ਲੱਗੀ ਹੋਵੇ। ਅੰਬੀ ਦਾ ਝਾਉਲ਼ਾ ਉਤਨਾ ਚਿਰ ਪੈਂਦਾ ਹੈ, ਜਿਤਨੀ ਦੇਰ ਖੱਖੜੀ ਟਾਹਣੀ ਨਾਲ ਲੱਗੀ ਹੁੰਦੀ ਹੈ। ਪਸ਼ੂ ਚਾਰਨ ਵਾਲੇ ਬੱਚੇ ਅੱਕ ਦੀਆਂ ਖੱਖੜੀਆਂ ਨਾਲ ਅਕਸਰ ਖੇਡਦੇ ਰਹਿੰਦੇ ਹਨ। ਹੱਥਾਂ ਵਿੱਚ ਪੱਕੜੀਆਂ ਸੋਟੀਆਂ ਨਾਲ ਖੱਖੜੀਆਂ ਨੂੰ ਟਾਹਣੀਆਂ ਨਾਲੋਂ ਤੋੜ ਦੇਂਦੇ ਹਨ। ਟੁੱਟੀਆਂ ਹੋਈਆਂ ਖੱਖੜੀਆਂ ਸੁੱਕ ਕੇ ਫੁੱਟ ਜਾਂਦੀਆਂ ਹਨ। ਫੁੱਟੀਆਂ ਹੋਈਆਂ ਖੱਖੜੀਆਂ ਦੇ ਹਜ਼ਾਰਾਂ ਹੀ ਰੂੰ ਦੇ ਤੂੰਬੇ ਬਣ ਕੇ ਉੱਡ ਜਾਂਦੇ ਹਨ। ਖੱਖੜੀਆਂ ਦੀ ਆਪਣੀ ਹੋਂਦ ਗੁਆਚ ਜਾਂਦੀ ਹੈ। ਖੱਖੜੀ ਦਾ ਜੀਵਨ ਉਤਨਾ ਚਿਰ ਹੈ, ਜਿਤਨਾ ਚਿਰ ਉਹ ਟਹਿਣੀ ਨਾਲ ਜੁੜੀ ਹੋਈ ਹੈ। ਟਾਹਣੀ ਨਾਲੋਂ ਵੱਖਰੀ ਹੁੰਦਿਆਂ ਹੀ ਸਾਰ ਹੀ ਆਪਣਾ ਜੀਵਨ ਗਵਾ ਲੈਂਦੀ ਹੈ। ਏਸੇ ਤਰ੍ਹਾਂ ਹੀ ਮਨੁੱਖ ਦਾ ਮਨ ਪਰਮਤਾਮਾ ਨਾਲੋਂ ਟੱਟ ਜਾਏ ਤਾਂ ਹਜ਼ਾਰਾਂ ਹੀ ਚਿੰਤਾਵਾਂ, ਫਿਕਰ ਸੰਸੇ ਇਸ ਮਨ ਨੂੰ ਘੇਰ ਲੈਂਦੇ ਹਨ। ਸੌਖਿਆਂ ਹੀ ਸਮਝਣ ਲਈ ਇਸ ਨੂੰ ਇੰਝ ਆਖਾਂਗੇ, ਕਿ ਗੁਰਬਾਣੀ ਨਾਲੋਂ ਟੱਟੇ ਹੋਏ ਮਨੁੱਖ ਨੂੰ ਹਜ਼ਾਰਾਂ ਹੀ ਰੋਗ ਚਿੰਬੜ ਜਾਂਦੇ ਹਨ। ਵਿਕਾਰਾਂ ਦੀ ਦਲ਼ਦਲ਼ ਵਿੱਚ ਖੁੱਭ ਕੇ ਰਹਿ ਜਾਂਦਾ ਹੈ, ਆਤਮਿਕ ਜੀਵਨ ਗਵਾਚ ਜਾਂਦਾ ਹੈ। ਗੁਰਬਾਣੀ ਦਾ ਅਰਸ਼ੀ ਅਰਸ਼ਾਦ ਹੈ:----

ਖਖੜੀਆ ਸੁਹਾਵੀਆ ਲਗੜੀਆ ਅਕ ਕੰਠਿ॥

ਬਿਰਹਾ ਵਿਛੋੜਾ ਧਣੀ ਸਿਉ ਨਾਨਕ ਸਹਸੈ ਗੰਠਿ॥

ਗਉੜੀ ਕੀ ਵਾਰ ਮ: 5 ਪੰਨਾ 319 –

ਖੱਖੜੀ ਤੇ ਅੱਕ ਦੁਨਿਆਵੀ ਪ੍ਰਤੀਕ ਲਏ ਹਨ। ‘ਖੱਖੜੀ’ ਮਨੁੱਖੀ ਜੀਵਨ ਤੇ ਅੱਕ ਗੁਰਬਾਣੀ ਗਿਆਨ ਲਿਆ ਹੈ “ਧਣੀ ਸਿਉ” ਰੱਬੀ ਨਿਯਮਾਵਲੀ ਹੈ। ‘ਸਹਸੇ ਗੰਠਿ’ ਹਜ਼ਾਰਾਂ ਪਰਕਾਰ ਦੀਆਂ ਚਿੰਤਾਵਾਂ ਵਿੱਚ ਡੁੱਬ ਜਾਂਦਾ ਹੈ ਅਤੇ ਜੀਵਨ ਜਾਚ ਗਵਾਚ ਜਾਂਦੀ ਹੈ। ਖੱਖੜੀ ਸੋਹਣੀ ਲੱਗਦੀ ਹੈ ਜਦ ਟਹਿਣੀ ਨਾਲ ਜੁੜੀ ਹੁੰਦੀ ਹੈ। ਮਨੁੱਖ ਦਾ ਜੀਵਨ ਵੀ ਤਦ ਹੀ ਸੋਹਣਾ ਲੱਗਦਾ ਹੈ ਜੇਕਰ ਰੱਬੀ ਨਿਯਮਾਵਲੀ ਨਾਲ ਬੱਧਾ ਹੋਵੇ। ਮਨੁੱਖੀ ਜੀਵਨ ਵਿੱਚ ਬੇ--ਤਰਤੀਬੀ ਹੈ, ਏਸੇ ਲਈ ਖੱਖੜੀ ਦੇ ਤੂੰਬਿਆਂ ਵਾਂਗ ਉੱਡ ਰਿਹਾ ਹੈ। ਇਸ ਦਾ ਹੋਰ ਵੀ ਗਹਿਰਾ ਪਰਤੀਕ ਹੈ, ਖੱਖੜੀ ਅੱਕ ਨਾਲ ਲੱਗੀ ਸੋਹਣੀ ਲੱਗਦੀ ਹੈ। ਜਦ ਇਸ ਦੀ ਉਮਰ ਪੁੱਗ ਜਾਏ ਤਾਂ ਵੀ ਤੂੰਬਾ ਤੂੰਬਾ ਹੋ ਜਾਂਦੀ ਹੈ। ਮਨੁੱਖੀ ਜੀਵਨ ਹੈ ਹੀ ਏਸੇ ਤਰ੍ਹਾਂ ਦਾ। ਨਿਯਮਾਵਲ਼ੀ ਵਿੱਚ ਬੱਧਾ ਹੋਇਆ ਹੀ ਸਚਿਆਰ ਬਣ ਸਕਦਾ ਹੈ। ਜ਼ਰਾ ਕੁ ਨਿਯਮਾਵਲ਼ੀ ਨਾਲੋਂ ਟੁਟਿਆ ਤੇ ਨ੍ਹੀ ਤੇ ਜੀਵਨ ਜਾਚ ਖਤਮ ਹੋਈ ਨ੍ਹੀਂ।

ਇਸ ਵਿਚਾਰ ਦੀ ਹੋਰ ਪ੍ਰੋੜਤਾ ਕਰਦਿਆਂ ਗੁਰੂ ਆਰਜਨ ਪਾਤਸ਼ਾਹ ਜੀ ਨੇ ‘ਸਲੋਕ ਸਹਸਕ੍ਰਿਤੀ’ ਅੰਦਰ ਸਮਝਾਇਆ ਹੈ ਕਿ ਦਰੱਖਤਾਂ ਦੇ ਪੱਤੇ ਆਪਣੀਆਂ ਸ਼ਾਖਾਂ ਨਾਲ ਜੁੜੇ ਹੁੰਦੇ ਹਨ, ਉਹ ਹਰੇ ਭਰੇ ਲੱਗਦੇ ਹਨ। ਜਿਵੇਂ ਜਿਵੇਂ ਪਤਝੜ੍ਹ ਆਉਂਦੀ ਹੈ, ਪੱਤੇ ਸੁੱਕਦੇ ਜਾਂਦੇ ਹਨ ਤੇ ਧਰਤੀ ਤੇ ਡਿੱਗਦੇ ਰਹਿੰਦੇ ਹਨ। ਸੁੱਕਿਆ ਹੋਇਆ ਪੱਤਾ ਜ਼ਮੀਨ ਤੇ ਡਿੱਗ ਕੇ ਆਪਣੀ ਹੋਂਦ ਗਵਾ ਲੈਂਦਾ ਹੈ। ਲੱਖਾਂ ਯਤਨ ਕਰਨ ਦੇ ਬਾਵਜੂਦ ਵੀ ਸੁੱਕਾ ਪੱਤਾ ਟਾਹਣੀ ਨਾਲ ਨਹੀਂ ਜੋੜਿਆ ਜਾ ਸਕਦਾ ਤੇ ਪੱਤਾ ਲਾਵਾਰਸ ਹੋ ਜਾਂਦਾ ਹੈ। ਜਿਸ ਪਾਸੇ ਤੋਂ ਹਵਾ ਆਉਂਦੀ ਹੈ ਪੱਤਾ ਉਸ ਪਾਸੇ ਹੀ ਤੁਰ ਪੈਂਦਾ ਹੈ। ਪਿੱਛੇ ਪਿੱਛੇ ਹਵਾ ਤੇ ਅੱਗੇ ਅੱਗੇ ਪੱਤਾ ਤੁਰਦਾ ਦਿਖਾਈ ਦੇਂਦਾ ਹੈ। ਜੇ ਕਰ ਏਹੀ ਪੱਤਾ ਦਰੱਖਤ ਦੀ ਟਹਿਣੀ ਨਾਲ ਲੱਗਿਆ ਹੋਵੇ ਤਾਂ ਪੱਤਾ ਹਰਿਆ ਹੁੰਦਾ ਹੈ ਤੇ ਪੱਤੇ ਦੀ ਆਪਣੀ ਹੋਂਦ ਹੁੰਦੀ ਹੈ। ਮਨੁੱਖਾ ਜੀਵਨ ਵੀ ਕੁੱਝ ਇਸ ਤਰ੍ਹਾਂ ਦਾ ਹੀ ਹੈ ਪਰਮਤਾਮਾ ਦਰੱਖਤ ਹੈ ਤੇ ਇਸ ਦਰੱਖਤ ਦੀ ਟਹਿਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਪੱਤੇ ਮਨੁੱਖੀ ਜੀਵਨ ਹਨ। ਮਨੁੱਖੀ ਜੀਵਨ ਗੁਰੂ ਦੇ ਗਿਆਨ ਨਾਲੋਂ ਟੁੱਟ ਜਾਏ ਤਾਂ ਸੁੱਕੇ ਪੱਤੇ ਵਾਲੀ ਕਹਾਣੀ ਹੋ ਜਾਂਦੀ ਹੈ। ਗੁਰਬਾਣੀ ਨਾਲੋਂ ਟੁਟਿਆ ਮਨੁੱਖ ਦਿਨੇ ਰਾਤ ਜੂਨਾਂ ਵਿੱਚ ਭਟਕਦਾ ਰਹਿੰਦਾ ਹੈ। ਮਨੁੱਖੀ ਜ਼ਿੰਦਗੀ ਦੀ ਮਹਾਨਤਾ ਨੂੰ ਸਮਝਣ ਲਈ ਪੱਤਿਆਂ ਦਾ ਪ੍ਰਤੀਕ ਲੈ ਕੇ ਗੁਰੂ ਅਰਜਨ ਪਾਤਸ਼ਾਹ ਜੀ ਫਰਮਾਉਂਦੇ ਹਨ:------

ਪਤ੍ਰ ਭੁਰਿਜੇਣ ਝੜੀਯੰ, ਨਹ ਜੜੀਅੰ ਪੇਡ ਸੰਪਤਾ॥

ਨਾਮ ਬਿਹੂਣ ਬਿਖਮਤਾ ਨਾਨਕ ਬਹੰਤਿ ਜੋਨਿ ਬਾਸਰੋ ਰੈਣੀ॥

ਗਾਥਾ ਮ: 5 ਪੰਨਾ 1360

ਬਸੰਤ ਰੁੱਤ ਆਉਂਦਿਆਂ ਹੀ ਅੰਬਾਂ ਨੂੰ ਬੂਰ ਪੈਣਾ ਸ਼ੁਰੂ ਹੋ ਜਾਂਦਾ ਹੈ, ਅਗਾਂਹ ਗਰਮੀਆਂ ਸ਼ੁਰੂ ਹੋ ਜਾਂਦੀਆਂ ਹਨ। ਬੂਰ ਅੰਬੀਆਂ ਦਾ ਰੂਪ ਧਾਰਨ ਕਰਨਾ ਸ਼ੁਰੂ ਕਰ ਦੇਂਦਾ ਹੈ। ਕੱਚੇ ਫ਼ਲ਼ਾਂ ਨੂੰ ਗਾਲ਼੍ਹੜ, ਤੋਤੇ ਟੁੱਕ ਕੇ ਸੁੱਟਦੇ ਹਨ ਤੇ ਕੁੱਝ ਖਾਦੇ ਹਨ। ਜਦੋਂ ਅੰਬੀਆਂ ਅੰਬਾਂ ਦਾ ਰੂਪ ਧਾਰਨ ਕਰਦੀਆਂ ਹਨ ਤਾਂ ਓਦੋਂ ਹਨ੍ਹੇਰੀਆਂ ਵੀ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਅੰਬ ਝੜਨੇ ਸ਼ੁਰੂ ਹੋ ਜਾਂਦੇ ਹਨ। ਬਹੁਤ ਸਾਰੇ ਅੰਬ ਪੱਕ ਜਾਂਦੇ ਹਨ। ਪੱਕਿਆਂ ਹੋਇਆਂ ਅੰਬਾਂ ਨੂੰ ਬਾਗ਼ ਦਾ ਮਾਲੀ ਟੋਕਰੀ ਵਿੱਚ ਸਜਾ ਕੇ ਮਾਰਕੀਟ ਵਿੱਚ ਵੇਚ ਦੇਂਦਾ ਹੈ। ਸੜਿਆਂ ਅੰਬਾਂ ਨੂੰ ਮਾਲਕ ਬਾਹਰ ਸੁੱਟੀ ਜਾਂਦਾ ਹੈ। ਕੁੱਝ ਉਹ ਅੰਬ ਹਨ ਜੋ ਟਾਹਣੀ ਦੇ ਨਾਲ ਲੱਗੇ ਰਹਿੰਦੇ ਹਨ ਪਰ ਉਹ ਕਿਸੇ ਕੰਮ ਨਹੀਂ ਆਉਂਦੇ ਕਿਉਂਕਿ ਜਦੋਂ ਤੇਜ਼ ਹਨੇਰੀਆਂ ਆਉਂਦੀਆਂ ਹਨ ਤਾਂ ਟਾਹਣੀ ਨਾਲ ਜੁੜਿਆ ਹੋਇਆ ਅੰਬ ਝਟਕਾ ਖਾ ਜਾਂਦਾ ਹੈ। ਝਟਕੇ ਵਾਲਾ ਅੰਬ ਇੱਕ ਪਾਸੇ ਤੋਂ ਹਰਿਆ ਹੁੰਦਾ ਹੈ ਤੇ ਦੂਸਰੇ ਪਾਸੇ ਤੋਂ ਸੜਿਆ ਜਾਂ ਸੁੱਕਾ ਹੋਇਆ ਹੁੰਦਾ ਹੈ। ਅਜੇਹਾ ਅੰਬ ਕਿਸੇ ਕੰਮ ਨਹੀਂ ਆਉਂਦਾ। ਏਹੀ ਹਾਲ ਜਗਤ ਦੇ ਮਨੁੱਖ ਦਾ ਹੈ ਸੰਸਾਰ ਦੇ ਸਾਰੇ ਵਿਕਾਰ ਹੀ ਇਨਸਾਨ ਨੂੰ ਪ੍ਰਭੂ ਨਾਲੋਂ ਵਿਛੋੜਦੇ ਹਨ। ਜੋ ਇਨਸਾਨ ਵਿਕਾਰਾਂ ਦੇ ਹੱਲਿਆਂ ਤੋਂ ਬੱਚ ਕੇ ਪੂਰੀ ਸ਼ਰਧਾ ਨਾਲ ਗੁਰੂ ਦੇ ਦਰ ਤੇ ਟਿਕੇ ਰਹਿੰਦੇ ਹਨ, ਉਹ ਹੀ ਮਾਲਕ ਪ੍ਰਭੂ ਦੀਆਂ ਨਜ਼ਰਾਂ ਵਿੱਚ ਜੱਚਦੇ ਹਨ। ਕਬੀਰ ਜੀ ਦਾ ਇਸ ਸਬੰਧੀ ਬਹੁਤ ਹੀ ਕੀਮਤੀ ਖਿਆਲ ਹੈ। ਅੰਬਾਂ ਦੇ ਬੂਟਿਆਂ ਨੂੰ ਪਹਿਲਾਂ ਫ਼ਲ਼ ਲੱਗਦੇ ਹਨ, ਫਿਰ ਸਹਿਜੇ ਸਹਿਜੇ ਪੱਕਣੇ ਸ਼ੁਰੂ ਹੋ ਜਾਂਦੇ ਹਨ। ਪੱਕਣ ਤੋਂ ਪਹਿਲਾਂ ਜੋ ਅੰਬ ਹਨੇਰੀ ਆਦਿਕ ਦੇ ਝੱਟਕਿਆਂ ਤੋਂ ਬੱਚ ਜਾਣ, ਉਹ ਹੀ ਮਾਲਕ ਤੀਕ ਪਾਹੁੰਚਦੇ ਹਨ। ਅੰਬਾਂ ਦਾ ਪ੍ਰਤੀਕ ਮਨੁੱਖ ਨੂੰ ਲਿਆ ਗਿਆ ਹੈ ਅਤੇ ਟਹਿਣੀ ਗੁਰੂ ਦੇ ਗਿਆਨ ਨੂੰ ਲਿਆ ਹੈ। ਜੋ ਆਦਮੀ ਗੁਣਾਂ ਦੀ ਟਹਿਣੀ ਨਾਲੋਂ ਟੁੱਟ ਗਏ, ਗਿਆਨ ਹੀਣ ਹੋ ਗਏ, ਉਹ ਸਚਿਆਰ ਮਨੁੱਖ ਨਹੀਂ ਬਣ ਸਕਦੇ। ਦਾਗ਼ੀ ਅੰਬ ਮਾਲਕ ਪਾਸ ਨਹੀਂ ਪਾਹੁੰਚਦੇ। ਅਚਾਰਹੀਣ ਮਨੁੱਖ ਵੀ ਸਮਾਜ ਵਿੱਚ ਪ੍ਰਵਾਨ ਨਹੀਂ ਹੁੰਦੇ। ਜੋ ਸਿੱਖ ਗੁਰਬਾਣੀ ਰੂਪੀ ਟਹਿਣੀ ਨਾਲ ਜੁੜਿਆ ਹੈ, ਸ਼ਬਦ ਦੀ ਵਿਚਾਰ ਨੂੰ ਨਿਜੀ ਜੀਵਨ ਵਿੱਚ ਅਪਣਾ ਲਿਆ ਹੈ, ਉਹ ਹੀ ਗੁਰੂ ਦੇ ਦਰ ਉੱਤੇ ਅਤੇ ਸਮਾਜ ਵਿੱਚ ਮਾਣ ਸਤਿਕਾਰ ਪ੍ਰਾਪਤ ਕਰਦਾ ਹੈ। ਕਬੀਰ ਜੀ ਦਾ ਸੁੰਦਰ ਨੁੱਕਤਾ ਜਗਤ ਦੇ ਸਾਹਮਣੇ ਹੈ:---

ਕਬੀਰ ਫਲ ਲਾਗੇ ਫਲਨਿ ਪਾਕਨਿ ਲਾਗੇ ਆਬ॥

ਜਾਇ ਪਹੂਚਹਿ ਖਸਮ ਕਉ ਜਉ ਬੀਚਿ ਨ ਖਾਹੀ ਕਾਂਬ॥

ਸਲੋਕ ਕਬੀਰ ਜੀ ਪੰਨਾ 1371 –

“ਜਾਇ ਪਹੂਚਹਿ ਖਸਮ ਕਉ” ਮਨੁੱਖੀ ਜੀਵਨ ਦਾ ਸਿੱਖਰ ਹੈ। ਜੇ ਵਿੱਚ ਕਾਂਬਾ ਨਹੀਂ ਖਾਧਾ ਤਾਂ ਅੰਬ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੋ ਜਾਂਦਾ ਹੈ। ਅਸੀਂ ਦੇਖਣ ਨੂੰ ਤਾਂ ਸਿੱਖ ਲੱਗਦੇ ਹਾਂ ਪਰ ਸਾਡੇ ਰੀਤੀ ਰਿਵਾਜ ਸਾਰੇ ਹੀ ਬ੍ਰਹਾਮਣੀ ਕਰਮ ਕਾਂਡ ਵਾਲੇ ਹੋ ਗਏ ਹਨ। ਅਸੀਂ ਟਹਿਣੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਵੀ ਜੁੜੇ ਹੋਏ ਹਾਂ ਤੇ ਗੁਰਮਤਿ ਤੋਂ ਦੂਰ ਵੀ ਹਾਂ। ਮੱਥਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਟੇਕਦੇ ਹਾਂ ਪਰ ਸਾਡੇ ਰੀਤੀ ਰਿਵਾਜ ਵੱਖ ਵੱਖ ਧਰਮਾਂ ਦੇ ਅਪਨਾਏ ਹੋਏ ਹਨ। ਦੇਖਣ ਨੂੰ ਸਿੱਖ ਹਾਂ ਪਰ ਬੱਚੇ ਦੇ ਜਨਮ ਦਿਨ ਤੇ ਜਦੋਂ ਕੇਕ ਕੱਟ ਰਹੇ ਹੁੰਦੇ ਹਾਂ, ਤਦ ਓਦੋਂ ਰਸਮ ਅਸੀਂ ਇਸਾਈ ਮਤ ਦੀ ਕਰ ਰਹੇ ਹੁੰਦੇ ਹਾਂ। ਚੁੰਨੀ ਚੜ੍ਹਾਉਂਣ ਦੀ ਰਸਮ ਰਾਜਿਸਥਾਨ ਦੀ ਹੈ, ਬੱਚੇ ਬੱਚੀ ਦੇ ਵਿਆਹ ਤੇ ਸਿੱਖ ਚੁੰਨੀ ਚੜ੍ਹਾਉਂਣ ਦੀ ਰਸਮ ਨੂੰ ਸਭ ਤੋਂ ਵੱਡੀ ਰਸਮ ਮੰਨੀ ਬੈਠੇ ਹਨ ਤੇ ਜੈ ਮਾਲ਼ਾ ਪਾਉਣ ਨੂੰ ਅਨੰਦ ਕਾਰਜ ਦਾ ਸਭ ਤੋਂ ਵੱਡਾ ਅੰਗ ਸਮਝੀਂ ਬੈਠੇ ਹਾਂ। ਉਂਝ ਅਸੀਂ ਸਿੱਖ ਹਾਂ ਪਰ ਝੱਟਕੇ ਬਹੁਤ ਖਾ ਬੈਠੇ ਹਾਂ। ਅੰਬ ਟਾਹਣੀ ਨਾਲ ਲੱਗਿਆ ਹਇਆ ਵੀ ਹੈ ਤੇ ਸੁੱਕਾ ਹੋਇਆ ਵੀ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਦੇ, ਸੁਣਦੇ ਤੇ ਮੱਥਾ ਜ਼ਰੂਰ ਟੇਕਦੇ ਹਾਂ ਪਰ ਰੀਤੀ ਰਿਵਾਜ ਅਸੀਂ ਹੋਰਨਾਂ ਧਰਮਾਂ ਵਾਲੇ ਕਰਦੇ ਹਾਂ। ਕਹਿਣਾ ਪਏਗਾ ਕਿ ਅੰਬ ਵਾਂਗ ਅਸੀਂ ਵੀ ਝਟਕੇ ਖਾ ਬੈਠੇ ਹਾਂ। ਜੋ ਗੁਰੂ ਦਾ ਲਾਲ ਮਜ਼ਬੂਤੀ ਨਾਲ ਗੁਰੂ ਸਿਧਾਂਤ ਨਾਲ ਜੁੜਿਆ ਹੋਇਆ ਹੈ --- ਉਹ ਹੀ ਆਤਮਿਕ ਜੀਵਨ ਉਚੇਰਾ ਬਣਾ ਸਕਦਾ ਤੇ ਸਚਿਆਰ ਬਣ ਸਕਦਾ ਹੈ।

ਗੁਰੂ ਨਾਨਕ ਸਾਹਿਬ ਜੀ ਨੇ ਸਲੋਕ ਵਾਰਾਂ ਤੇ ਵਧੀਕ ਅੰਦਰ ਸਰੋਵਰ ਨਾਲ ਗੱਲ ਕਰਦਿਆਂ ਬਹੁਤ ਹੀ ਪਿਆਰਾ ਨੁਕਤਾ ਦਿੱਤਾ ਹੈ। ਜਦ ਸਰੋਵਰ ਅੰਦਰ ਪਾਣੀ ਹੋਵੇ ਤਾਂ ਸਰੋਵਰ ਦਾ ਚਾਰ ਚੁਫੇਰਾ ਹਰਿਆ ਭਰਿਆ ਰਹਿੰਦਾ ਹੈ। ਕੌਲ਼ ਦੇ ਫੁੱਲ ਖਿੜੇ ਹੋਏ ਸੋਨੇ ਰੰਗੀ ਭਾਅ ਮਾਰਦੇ ਹਨ। ਜਿਵੇਂ ਜਿਵੇਂ ਗਰਮੀ ਦੀ ਰੁੱਤ ਆਉਂਦੀ ਹੈ ਤਿਵੇਂ ਤਿਵੇਂ ਸਰੋਵਰ ਸੁੱਕਣਾ ਸ਼ੁਰੂ ਹੋ ਜਾਂਦਾ ਹੈ। ਸਰੋਵਰ ਅੰਦਰ ਹਰਿਆਵਲ ਸੀ, ਜੋ ਖਿੜਿਆ ਹੋਇਆ ਰੂਪ ਸੀ ਤੇ ਸੋਹਣਾ ਸਰੂਪ ਸੀ। ਇਹ ਦੇਖਦਿਆਂ ਦੇਖਦਿਆਂ ਹੀ ਕਾਲ਼ਾ ਹੋ ਗਿਆ ਹੈ। ਗੁਰਦੇਵ ਜੀ ਨੇ ਸਰੋਵਰ ਦੇ ਸੁੱਕਣ ਦਾ ਮੂਲ ਕਾਰਣ ਸਰੋਵਰ ਪਾਸੋਂ ਪੁੱਛਿਆ ਹੈ। ਸਰੋਵਰ ਅੱਗੋਂ ਉੱਤਰ ਦੇਂਦਾ ਹੈ ਕਿ ਮੇਰੀ ਹਰਿਆਵਲ ਪਾਣੀ ਕਰਕੇ ਸੀ। ਮੇਰੇ ਵਿਚੋਂ ਪਾਣੀ ਸੁੱਕ ਗਿਆ, ਨਾਲ ਹੀ ਖੁਸ਼ਹਾਲੀ, ਹਰਿਆਵਲ, ਰੌਣਕ, ਖੇੜਾ ਵੀ ਖਤਮ ਹੋ ਗਿਆ। ਪਾਣੀ ਦੇ ਸੁੱਕ ਜਾਣ ਕਰਕੇ ਮੇਰਾ ਰੰਗ ਕਾਲ਼ਾ ਪੈ ਗਿਆ ਹੈ। ਸਰੋਵਰ ਮਨੁੱਖੀ ਜੀਵਨ ਹੈ ਤੇ ਪਾਣੀ ਪਰਮਾਤਮਾ ਰੂਪੀ ਰੱਬੀ ਗੁਣ ਹਨ। ਜਿਸ ਮਨੁੱਖੀ ਜੀਵਨ ਵਿਚੋਂ ਪਰਮਾਤਮਾ ਦੇ ਗੁਣ ਸੁੱਕ ਜਾਣ, ਉਹ ਜੀਵਨ ਵੀ ਸੁੱਕ ਜਾਂਦਾ ਹੈ। ਸੌਖਿਆਂ ਸਮਝਣ ਲਈ ਪਰਮਾਤਮਾ ਦੀ ਯਾਦ ਵਿਸਰ ਜਾਏ ਤਾਂ ਸੁਭਾਅ ਵਿੱਚ ਕਾਲ਼ਖ਼ ਤੇ ਤਲ਼ਖ਼ੀ ਆ ਜਾਂਦੀ ਹੈ। ਮਨੁੱਖ ਨੇ ਹਮੇਸ਼ਾਂ ਆਪਣੇ ਮੂਲ ਸੋਮੇਂ ਨਾਲ ਜੁੜੇ ਰਹਿਣਾ ਹੈ ਤੇ ਸਾਡਾ ਮੂਲ ਸੋਮਾ ਗੁਰਬਾਣੀ ਹੈ ਗਿਆਨ ਹੈ। ਗੁਰੂ ਸਾਹਿਬ ਜੀ ਦਾ ਫਰਮਾਣ ਹੈ:---

ਪਬਰ ਤੂੰ ਹਰਿਆਵਲਾ ਕਵਲਾ ਕੰਚਨ ਵੰਨਿ॥

ਕੈ ਦੋਖੜੈ ਸੜਿਓਹਿ ਕਾਲੀ ਹੋਈਆ ਦੇਹੁਰੀ, ਨਾਨਕ ਮੈ ਤਨਿ ਭੰਗ॥

ਜਾਣਾ ਪਾਣੀ ਨ ਲਹਾਂ ਜੈ ਸੇਤੀ ਮੇਰਾ ਸੰਗੁ॥

ਜਿਤੁ ਡਿਠੈ ਤਨੁ ਪਰਫੁੜੈ ਚੜੈ ਚਵਗਣਿ ਵੰਨੁ॥

ਸਲੋਕ ਵਾਰਾਂ ਤੇ ਵਧੀਕ ਮ: 1 ਪੰਨਾ 1412

ਜਿਹੜੀ ਕੌਮ ਆਪਣੇ ਕੇਂਦਰੀ ਧੁਰੇ ਨਾਲੋਂ ਟੁੱਟ ਜਾਂਦੀ ਹੈ ਉਹ ਕੌਮ ਹਮੇਸ਼ਾਂ ਲਈ ਮਰ ਜਾਂਦੀ ਹੈ। ਜੇ ਕਰ ਕੌਮ ਆਪਣੇ ਮਰਕਜ਼ ਨਾਲ ਜੁੜੀ ਰਹਿੰਦੀ ਹੈ ਤਾਂ ਉਹ ਕੌਮ ਕਦੇ ਵੀ ਖਤਮ ਨਹੀਂ ਹੋ ਸਕਦੀ।

ਕੌਮੌ ਕੇ ਲੀਏ ਮੌਤ ਹੈ ਮਰਕਜ਼ ਸੇ ਜੁਦਾਈ।

ਹੋ ਸਾਹਿਬ ਮਰਕਜ਼ ਤੋ ਖ਼ੁਦੀ ਕਿਆ ਖ਼ੁਦਾਈ।

ਭਾਈ ਗੁਰਦਾਸ ਜੀ ਨੇ ਕੁੱਝ ਉਦਾਹਰਣਾਂ ਦੇ ਕੇ ਮਨੁੱਖੀ ਭਾਈ ਚਾਰੇ ਨੂੰ ਸਮਝਾਇਆ ਹੈ ਕਿ ਜੋ ਵੀ ਵਸਤੂ ਆਪਣੇ ਧੁਰੇ ਨਾਲ ਜੁੜੀ ਰਹਿੰਦੀ ਹੈ ਉਸ ਵਿੱਚ ਟਿਕਾਅ, ਘੁੰਮਣ ਦੀ ਸ਼ਕਤੀ ਤੇ ਅਸਮਾਨ ਵਿੱਚ ਉੱਡਣ ਦੀ ਤਾਕਤ ਆ ਜਾਂਦੀ ਹੈ। ਸੁੰਦਰ ਉਦਾਹਰਣਾਂ ਹਨ --- ਗੁੱਡੀ ਉਡਾਉਣ ਲਈ ਹਲਕੀ ਜੇਹੀ ਹਵਾ ਚਾਹੀਦੀ ਹੈ। ਜਾਣੀ ਕੇ ਗੁੱਡੀ ਉੱਡਣ ਦਾ ਅਧਾਰ ਹਵਾ ਹੈ। ਬੱਚੇ ਡੋਰੀ ਤੇ ਲਾਟੂ ਲੈ ਕੇ ਆਉਂਦੇ ਹਨ, ਡੋਰੀ ਨੂੰ ਲਾਟੂ ਦੁਆਲੇ ਖਿਚ ਕੇ ਲਪੇਟ ਦੇਂਦੇ ਹਨ। ਜੇ ਕਰ ਡੋਰੀ ਵਿੱਚ ਪੂਰਾ ਖਿਚਾਅ ਨਾ ਹੋਵੇ ਤਾਂ ਲਾਟੂ ਨਹੀਂ ਪੂਰਾ ਨਹੀਂ ਘੁੰਮੇਗਾ। ਜੇ ਕਰ ਸੋਨੇ ਵਿੱਚ ਖੋਟ ਹੋਵੇ ਤਾਂ ਸੋਨਾ ਕੁਠਾਲੀ ਵਿੱਚ ਭੱਜਿਆ ਫਿਰਦਾ ਹੈ। ਪਰ ਖੋਟ ਮਰਨ ਤੇ ਸੋਨੇ ਵਿੱਚ ਟਿਕਾ ਆ ਜਾਂਦਾ ਹੈ ਤੇ ਚਮਕ ਵੀ ਦੂਣੀ ਹੋ ਜਾਂਦੀ ਹੈ। ਮਨੁੱਖ ਅੰਦਰ ਵੀ ਖੋਟੀ ਮਤ ਹੈ ਜੋ ਇਸ ਨੂੰ ਕਦੇ ਵੀ ਟਿਕਣ ਨਹੀਂ ਦੇਂਦੀ। ਗੁਰਬਾਣੀ ਗਿਆਨ ਮਨ ਅੰਦਰ ਆ ਜਾਏ ਤਾਂ ਖੋਟੀ ਮਤ ਤੇ ਵਿਕਾਰਾਂ ਵਾਲੀ ਬੁੱਧੀ ਖਤਮ ਹੋ ਜਾਂਦੀ ਹੈ।

ਪਵਨ ਗਵਨ ਜੈਸੇ ਗੁਡੀਆ ਊਡਤ ਰਹੇ, ਪਵਨ ਰਹਿਤ ਗੁਡੀ ਉੱਡ ਨਾ ਸਕਤ ਹੈ॥

ਡੋਰੀ ਕੀ ਮਰੋਰ ਜੈਸੇ ਲਟੂਆ ਫਿਰਤ ਰਹੇ, ਤਾਉ ਹਾਊ ਮਿਟੈ ਗਿਰ ਪਰੈ ਹੁਇ ਥਕਤ ਹੈ॥

ਕੰਚਨ ਅਸੁਧ ਜਿਉ ਕੁਠਾਲੀ ਠਹਿਰਾਤ ਨਾਹਿ, ਸੁਧ ਭਏ ਨਿਹਚਲ ਕੇ ਛਬਿ ਕੇ ਛਕਤ ਹੈ॥

ਦੁਰਮਤਿ ਦੁਬਿਧਾ ਭ੍ਰਮਤ ਚਤੁਰ ਕੁੰਟ, ਗੁਰਮਤਿ ਏਕ ਟੇਕ ਮੋਨਿ ਨਾ ਬਕਤ ਹੈ॥

ਕੋਇਲੇ ਨੂੰ ਦੁੱਧ ਵਿੱਚ ਪਾ ਦਿੱਤਾ ਜਾਏ, ਕਦੇ ਵੀ ਚਿੱਟਾ ਨਹੀਂ ਹੋ ਸਕਦਾ। ਦਹੀਂ ਵਿੱਚ ਪਾਇਆ ਕੋਇਲਾ ਕਦੇ ਵੀ ਆਪਣਾ ਰੰਗ ਤਬਦੀਲ ਨਹੀਂ ਕਰਦਾ। ਧੋਬੀ ਨੂੰ ਕਿਹਾ ਜਾਵੇ ਕਿ ਕੋਇਲੇ ਨੂੰ ਖੁੰਭ ਤੇ ਚਾੜ੍ਹ ਕੇ ਇਸ ਦਾ ਰੰਗ ਤਬਦੀਲ ਕੀਤਾ ਜਾਏ, ਕਦੇ ਵੀ ਇਸ ਦਾ ਰੰਗ ਤਬਦੀਲ ਨਹੀਂ ਹੋ ਸਕਦਾ। ਰੰਗ – ਬਰੰਗੇ ਸਾਬਣਾਂ ਨਾਲ ਕੋਇਲਾ ਰਗੜਿਆਂ ਕਦੇ ਵੀ ਆਪਣੀ ਕਾਲ਼ਖ਼ ਦੂਰ ਨਹੀਂ ਕਰਦਾ ਭਾਈ ਵੀਰ ਸਿੰਘ ਜੀ ਨੇ ਇੱਕ ਪਿਆਰਾ ਖ਼ਿਆਲ ਦਿੱਤਾ ਹੈ:----

ਸਾਬਣ ਲਾ ਲਾ ਧੋਤਾ ਕੋਇਲਾ ਦੁੱਧ ਦਹੀਂ ਵਿੱਚ ਪਾਇਆ,

ਖੁੰਭੇ ਚਾੜ੍ਹ ਰੰਗਣ ਵੀ ਧਰਿਆ ਪਰ ਰੰਗ ਨਾ ਉਸ ਨਾ ਵਟਾਇਆ।

ਵਿਛੜ ਕੇ ਸੀ ਕਾਲਖ ਆਈ ਬਿਨ ਮਿਲਿਆਂ ਨਹੀਂ ਲਹਿੰਦੀ,

ਅੰਗ ਅੱਗ ਨਾਲ ਲਾ ਕੇ ਦੇਖੋ ਚਾੜਦਾ ਰੂਪ ਸਵਾਇਆ।

ਕੋਇਲੇ ਦਾ ਮੂਲ ਅੱਗ ਹੈ, ਕਾਲ਼ੇ ਕੋਇਲੇ ਨੂੰ ਅੱਗ ਵਿੱਚ ਪਾ ਦਿੱਤਾ ਜਾਏ ਕੋਇਲਾ ਆਪਣੇ ਆਪ ਹੀ ਰੰਗ ਤਬਦੀਲ ਕਰ ਲੈਂਦਾ ਹੈ। ਕੋਇਲਾ ਆਪਣੇ ਕੇਂਦਰੀ ਧੁਰੇ ਨਾਲ ਮਿਲ ਗਿਆ, ਇਸ ਦੀ ਕਾਲਖ ਦੂਰ ਹੋ ਗਈ। ਸਿੱਖ ਦਾ ਧੁਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਮਈ ਬਾਣੀ ਦਾ ਹੈ। ਜਿਉਂ ਹੀ ਅਸੀਂ ਇਸ ਰੱਬੀ ਗਿਆਨ ਨਾਲ ਸਾਂਝ ਪਾਵਾਂਗੇ ਤਾਂ ਸਾਡੇ ਅੰਦਰੋਂ ਭਰਮਾਂ, ਵਿਕਾਰਾਂ ਤੇ ਆਪਸੀ ਵਿਤਕਰਿਆਂ ਦੀ ਕਾਲਖ ਦੂਰ ਹੋਏਗੀ।

ਸੰਸਾਰ ਦੀ ਝੋਲ਼ੀ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਸੁੰਦਰ ਖਿਆਲ ਪਾਇਆ ਹੈ, ਕਿ ਮਾਂ ਚੱਕੀ ਤੇ ਦਾਣੇ ਪੀਸ ਰਹੀ ਹੈ। ਦਾਣੇ ਆਟਾ ਬਣੀ ਜਾ ਰਹੇ ਹਨ। ਜਿਵੇਂ ਜਿਵੇਂ ਚੱਕੀ ਚੱਲਦੀ ਹੈ, ਦਾਣੇ ਚੱਕੀ ਦੀ ਧੁਰੀ ਉੱਤੇ ਪਾਏ ਜਾਂਦੇ ਹਨ ਤੇ ਨਾਲ ਦੀ ਨਾਲ਼ ਹੀ ਦਾਣੇ ਆਟਾ ਬਣੀ ਜਾਂਦੇ ਹਨ। ਇਸ ਖ਼ਿਆਲ ਨਾਲ ਕੇ ਕਿਤੇ ਕੁੱਤੇ ਚੱਕੀ ਨਾ ਚੱਟਦੇ ਰਹਿਣ, ਉੱਪਰਲਾ ਪੁੜ ਚੁੱਕ ਕੇ ਕਪੜੇ ਨਾਲ ਚੱਕੀ ਨੂੰ ਮਾਂ ਸਾਫ਼ ਕਰਦੀ ਹੈ। ਕੁੱਝ ਦਾਣੇ ਸਾਬਤ ਰਹਿੰਦੇ ਹਨ ਕਿਉਂਕਿ ਇਹਨਾਂ ਦਾਣਿਆਂ ਨੇ ਚੱਕੀ ਦੇ ਧੁਰੇ ਦਾ ਸਾਥ ਨਹੀਂ ਛੱਡਿਆ ਹੁੰਦਾ ਇਸ ਲਈ ਦਾਣੇ ਸਾਬਤ ਰਹਿੰਦੇ ਹਨ। ਬਾਕੀ ਦੇ ਦਾਣੇ ਆਟਾ ਬਣ ਗਏ। ਬਹੁਤ ਹੀ ਪਿਆਰਾ ਪ੍ਰਤੀਕ ਦੇ ਕੇ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸਮਝਾਇਆ ਹੈ ਕਿ ਅਸੀਂ ਵੀ ਇੱਕ ਦਾਣਿਆਂ ਦੀ ਤਰ੍ਹਾਂ ਹਾਂ। ਸੰਸਾਰ ਅੰਦਰ ਭਰਮਾਂ ਦੀ ਚੱਕੀ ਚੱਲ ਰਹੀ ਹੈ ਤੇ ਕਰਮ-ਕਾਂਡਾਂ ਦਾ ਪੂਰਾ ਰਗੜਾ ਲੱਗ ਰਿਹਾ ਹੈ। ਸਾਡਾ ਅਗਿਆਨਤਾ ਦਾ ਆਟਾ ਬਣੀ ਜਾ ਰਿਹਾ ਹੈ। ਸਿੱਖ ਦਾ ਧੁਰਾ ਗੁਰਬਾਣੀ ਹੈ ਤੇ ਇਸ ਮਹਾਨ ਗੁਰਬਾਣੀ ਤੋਂ ਸਾਨੂੰ ਜੀਵਨ ਸਿਹਤ ਮਿਲਣੀ ਹੈ। ਦਰ ਅਸਲ ਅਸੀਂ ਗੁਰਬਾਣੀ ਦੇ ਧੁਰੇ ਨੂੰ ਛੱਡ ਚੁੱਕੇ ਹਾਂ। ਗੁਰਬਾਣੀ ਦੀ ਕੀਮਤੀ ਵਿਚਾਰ ਨੂੰ ਮਨੁੱਖੀ ਜੀਵਨ ਦਾ ਮੰਤਵ ਨਹੀਂ ਬਣਨ ਦਿੱਤਾ। ਇਸ ਧੁਰੇ ਨੂੰ ਛੱਡ ਕੇ ਸਿੱਖੀ ਸਰੂਪ ਹੀ ਗਵਾਈ ਜਾ ਰਹੇ ਹਾਂ। ਅਰਸ਼ੀ ਫਰਮਾਣ ਹੈ:---

ਦੁਇ ਪੁੜ ਚਕੀ ਜੋੜਿ ਕੈ ਪੀਸਣ ਆਇ ਬਹਿਠੁ॥

ਜੋ ਦਰਿ ਰਹੇ ਸੁ ਉਬਰੇ ਨਾਨਕ ਅਜਬ ਡਿਠੁ॥

ਮਾਝ ਕੀ ਵਾਰ ਮ: 1 ਪੰਨਾ 142 –

ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨ ਦਾ ਅਰਥ ਹੈ, ਸਬਦ ਦੀ ਵਿਚਾਰ ਕਰਕੇ ਉਸ ਅਨੁਸਾਰ ਜੀਵਨ ਢਾਲਿਆ ਜਾਏ। ਅਸੀਂ ਤਾਂ ਪੂਜਾ ਤਕ ਹੀ ਸੀਮਤ ਹੋ ਗਏ ਹਾਂ। ਅਸੀਂ ਆਪਣੀ ਕਿਰਤ – ਕਮਾਈ ਕਰਦਿਆਂ ਗੁਰਬਾਣੀ ਦੀ ਲੋਅ ਅੰਦਰ ਮਨੁੱਖੀ ਜੀਵਨ ਦੀਆਂ ਕਦਰਾਂ ਕੀਮਤਾਂ ਨੂੰ ਕਇਮ ਰੱਖਣਾ ਹੈ। ਭਗਤ ਕਬੀਰ ਜੀ ਨੇ ਅਜਾਂਈ ਜਾ ਰਹੇ ਜੀਵਨ ਸਬੰਧੀ ਸਮਝਾਉਂਦਿਆਂ ਸੁਚੇਤ ਕੀਤਾ ਹੈ --- ਕਿ ਕੋਈ ਬੀਬੀ ਚੱਕੀ ਦੁਆਰਾ ਆਟਾ ਤਿਆਰ ਕਰਦਿਆਂ ਦੋ ਚਾਰ ਦਾਣੇ ਵੀ ਖਾ ਜਾਂਦੀ ਹੈ। ਆਟਾ ਤਿਆਰ ਕਰਕੇ ਜਦ ਉਹ ਬੀਬੀ ਆਪਣੇ ਘਰ ਨੂੰ ਆਉਂਦੀ ਹੈ ਪਰ ਤਿਲਕਣ ਕਰਕੇ ਪੈਰ ਤਿਲਕ ਗਿਆ। ਆਟੇ ਵਾਲਾ ਭਾਂਡਾ ਡਿੱਗ ਪਿਆ ਤੇ ਆਟਾ ਚਿੱਕੜ ਵਿੱਚ ਮਿਲ ਗਿਆ। ਹੁਣ ਉਸ ਮਾਤਾ ਦੇ ਪਾਸ ਬੱਚਿਆ ਕੀ ਹੈ? ਸਿਰਫ ਉਹ ਦਾਣੇ ਜੋ ਚੱਕੀ ਪੀਸਦਿਆਂ ਪੀਸਦਿਆਂ ਚੱਬ ਲਏ ਸਨ। ਸਾਰਾ ਜੀਵਨ ਵਿਆਰਥ ਵਿੱਚ ਗੁਆਚਦਾ ਜਾ ਰਿਹਾ ਹੈ ਜ਼ਿੰਦਗੀ ਵਿੱਚ ਬੱਚਤ ਉਹ ਹੀ ਹੈ ਜੋ ਚੰਗੀਆਂ ਵਿਚਾਰਾਂ ਨਾਲ ਜੁੜ ਗਏ। ਸੁੰਦਰ ਕਥਨ ਹੈ; ----

ਕਬੀਰ ਕੀਚੜਿ ਆਟਾ ਗਿਰਿ ਪਰਿਆ ਕਿਛੂ ਨ ਆਇਓ ਹਾਥ॥

ਪੀਸਤ ਪੀਸਤ ਚਾਬਿਆ ਸੋਈ ਨਿਬਹਿਆ ਸਾਥ॥ 25॥

ਸਲੋਕ ਕਬੀਰ ਜੀ ਪੰਨਾ 1370 ---

ਵਿਆਜ ਤੇ ਪੈਸੇ ਦੇਣ ਦਾ ਰਿਵਾਜ ਪਹਿਲਾਂ ਵੀ ਸੀ ਤੇ ਅੱਜ ਵੀ ਹੈ। ਪਹਿਲਾਂ ਸ਼ਾਹੂਕਾਰ ਪੈਸੇ ਦੇਂਦੇ ਸਨ ਪਰ ਅੱਜ ਕਲ੍ਹ ਇਹ ਕੰਮ ਬੈਂਕਾਂ ਕਰਦੀਆਂ ਹਨ। ਇੱਕ ਸਮੇਂ ਕਿਸੇ ਲੋੜਵੰਦ ਨੇ ਸ਼ਾਹੂਕਾਰ ਪਾਸੋਂ ਪੈਸੈ ਉਧਾਰ ਲਏ, ਪਰ ਲੋੜਵੰਦ ਪੈਸੇ ਵਾਪਸ ਕਰਨ ਤੋਂ ਅਸਮਰੱਥ ਸੀ। ਵਿਆਜ ਵੱਧਦਾ ਗਿਆ। ਸ਼ਾਹੂਕਾਰ ਨੇ ਦੋ ਚਾਰ ਵਾਰ ਪੈਸੇ ਮੰਗੇ ਪਰ ਉਸ ਨੂੰ ਪੈਸੇ ਨਾ ਮਿਲੇ। ਸਾਮੀ ਡੁੱਬਦੀ ਦੇਖ ਕੇ ਸ਼ਾਹੂਕਾਰ ਨੇ ਮੁਕੱਦਮਾ ਕਰ ਦਿੱਤਾ। ਜੱਜ ਬਹੁਤ ਸਿਆਣਾ ਸੀ। ਉਸ ਦੇਖਿਆ ਰਕਮ ਪੰਜ ਹਜ਼ਾਰ ਹੈ ਪਰ ਵਿਆਜ ਦਸ ਹਜ਼ਾਰ ਬਣਦਾ ਹੈ, ਕਿਉਂ ਨਾ ਇਸ ਦੀ ਇੱਕ ਰਕਮ ਮੁਆਫ ਕਰ ਦਿੱਤੀ ਜਾਏ। ਜੱਜ ਨੇ ਸ਼ਾਹੂਕਾਰ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਤੇਰੀ ਸਾਮੀ ਕਾਫੀ ਗਰੀਬ ਲੱਗਦੀ ਹੈ, ਇਸ ਲਈ ਜਾਂ ਤੇ ਵਿਆਜ ਛੱਡ ਦਿੱਤਾ ਜਾਏ ਜਾਂ ਫਿਰ ਇਸ ਦਾ ਮੂਲ ਛੱਡ ਦਿੱਤਾ ਜਾਏ। ਸ਼ਾਹੂਕਾਰ ਨੇ ਸੋਚਿਆ ਕਿ ਵਿਆਜ ਜ਼ਿਆਦਾ ਹੈ ਮੂਲ ਘੱਟ ਹੈ ਇਸ ਲਈ ਕਿਉਂ ਨਾ ਮੈਂ ਵਿਆਜ ਵਸੂਲ ਕਰ ਲਵਾਂ ਤੇ ਮੂਲ ਛੱਡ ਦਿਆਂ। ਸ਼ਾਹੂਕਾਰ ਜੱਜ ਨੂੰ ਕਹਿਣ ਲੱਗਾ ਕਿ ਜੀ ਜਨਾਬ ਮੈਂ ਮੂਲ ਛੱਡ ਦੇਂਦਾ ਹਾਂ, ਕਿਰਪਾ ਕਰਕੇ ਮੈਨੂੰ ਵਿਆਜ ਦਿਵਾ ਦਿਓ। ਜੱਜ ਸ਼ਾਹੂਕਾਰ ਦੀ ਨਾਦਾਨੀ ਤੇ ਹੱਸਿਆ ਤੇ ਫ਼ੈਸਲਾ ਦਿੱਤਾ, ਜੇ ਕਰ ਮਾਲਕ ਮੂਲ ਛੱਡ ਦੇਵੇ ਤਾਂ ਵਿਆਜ ਕਿਸ ਰਕਮ ਤੇ ਪਏਗਾ। ਵਿਆਜ ਤਾਂ ਮੂਲ ਤੇ ਹੀ ਪੈਂਦਾ ਹੈ। ਜੇਕਰ ਤੁਸਾਂ ਮੂਲ ਹੀ ਛੱਡ ਦਿੱਤਾ ਤਾਂ ਵਿਆਜ ਆਪਣੇ ਆਪ ਹੀ ਖਤਮ ਹੋ ਜਾਏਗਾ। ਸ਼ਾਹੂਕਾਰ ਜੀ ਤੁਸਾਂ ਮੂਲ ਛੱਡ ਦਿੱਤਾ ਮੈਂ ਇਸ ਨੂੰ ਵਿਆਜ ਛੱਡ ਦੇਂਦਾ ਹਾਂ ਕੇਸ ਖਤਮ। ਸ਼ਾਹੂਕਾਰ ਆਪਣੀ ਮੂਰਖਤਾ ਤੇ ਪੁਛਤਾਇਆ। ਏਹੀ ਅੱਜ ਸਿੱਖ ਕੌਮ ਦੀ ਕਹਾਣੀ ਹੈ। ਜੇ ਇਸ ਨੇ ਮੂਲ ਰੂਪ ਵਿੱਚ ਗੁਰਬਾਣੀ ਦੀ ਵਿਚਾਰ ਹੀ ਛੱਡ ਦਿੱਤੀ ਤਾਂ ਬਖ਼ਸ਼ਿਸ਼ਾਂ ਰੂਪੀ ਵਿਆਜ ਕਿਸ ਗੱਲ ਤੇ ਪਏਗਾ। ਅੱਜ ਜਿੱਥੇ ਗੁਰਬਾਣੀ ਦੀ ਵਿਚਾਰ ਵਲੋਂ ਪਿੱਠ ਮੋੜੀ ਬੈਠੇ ਹਾਂ, ਓਥੇ ਸਿੱਖੀ ਸਰੂਪ ਵਲੋਂ ਵੀ ਬਾਗੀ ਹੋਏ ਬੈਠੇ ਹਾਂ। ਅੱਜ ਲੋੜ ਹੈ ਗੁਰਬਾਣੀ ਧੁਰੇ ਨਾਲ ਜੁੜਨ ਦੀ “ਜੋ ਦਰਿ ਰਹੇ ਸੁ ਉਬਰੇ” ਦਾ ਅਰਥ ਹੈ ਆਪਣੇ ਕੇਂਦਰੀ ਧੁਰੇ ਸ਼ਬਦ ਵੀਚਾਰ ਨਾਲ ਜੁੜੀਏ। ਧੜਿਆਂ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਪੰਥ ਪਰਵਾਨਤ ਰਹਿਤ ਮਰਯਾਦਾ ਨੂੰ ਲਾਗੂ ਕਰਨ ਦੇ ਸਾਰਥਿਕ ਯਤਨ ਕੀਤੇ ਜਾਣ। ਪਰ ਅੱਜ ਸਾਡਾ ਪੂਜਾ ਵਾਲੇ ਪਾਸੇ ਧਿਆਨ ਜ਼ਿਆਦਾ ਹੋ ਗਿਆ ਹੈ ਤੇ ਏੱਥੇ ਹੀ ਅਸੀਂ ਅਟਕ ਗਏ ਹਾਂ। ਲੋੜ ਹੈ ਇਸ ਤੋਂ ਅੱਗੇ ਤੁਰਨ ਦੀ।




.