.

❁ ਗੁਰ-ਪ੍ਰਸਾਦਿ ❁
(ਕਿਸ਼ਤ ਨੰ: 02)

ਜਗਤਾਰ ਸਿੰਘ ਜਾਚਕ, ਆਨਰੇਰੀ ਇੰਟਰਨੈਸ਼ਨਲ ਸਿੱਖ ਮਿਸ਼ਨਰੀ

ਅਸਟਪਦੀ।। ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ।। ਤਿਸੁ ਠਾਕੁਰ ਕਉ ਰਖੁ ਮਨ ਮਾਹਿ।।

ਜਿਹ ਪ੍ਰਸਾਦਿ ਸੁਗੰਧਤ ਤਨਿ ਲਾਵਹਿ।। ਤਿਸ ਕਉ ਸਿਮਰਤ ਪਰਮ ਗਤਿ ਪਾਵਹਿ।।

ਜਿਹ ਪ੍ਰਸਾਦਿ ਬਸਹਿ ਸੁਖ ਮੰਦਰਿ।। ਤਿਸਹਿ ਧਿਆਇ ਸਦਾ ਮਨ ਅੰਦਰਿ।।

ਜਿਹ ਪ੍ਰਸਾਦਿ ਗ੍ਰਿਹ ਸੰਗਿ ਸੁਖ ਬਸਨਾ।। ਆਠ ਪਹਰ ਸਿਮਰਹੁ ਤਿਸੁ ਰਸਨਾ।।

ਜਿਹ ਪ੍ਰਸਾਦਿ ਰੰਗ ਰਸ ਭੋਗ।। ਨਾਨਕ ਸਦਾ ਧਿਆਈਐ ਧਿਆਵਨ ਜੋਗ।। ੧।। {ਪੰਨਾ ੨੬੯}

ਅਰਥ: — (ਹੇ ਭਾਈ!) ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਕਈ ਕਿਸਮਾਂ ਦੇ ਸੁਆਦਲੇ ਖਾਣੇ ਖਾਂਦਾ ਹੈਂ, ਉਸ ਨੂੰ ਮਨ ਵਿੱਚ (ਚੇਤੇ) ਰੱਖ।

ਜਿਸ ਦੀ ਮਿਹਰ ਨਾਲ ਆਪਣੇ ਸਰੀਰ ਉਤੇ ਤੂੰ ਸੁਗੰਧੀਆਂ ਲਾਉਂਦਾ ਹੈਂ, ਉਸ ਨੂੰ ਯਾਦ ਕੀਤਿਆਂ ਤੂੰ ਉੱਚਾ ਦਰਜਾ ਹਾਸਲ ਕਰ ਲਏਂਗਾ।

ਜਿਸ ਦੀ ਦਇਆ ਨਾਲ ਤੂੰ ਸੁਖ-ਮਹਲਾਂ ਵਿੱਚ ਵੱਸਦਾ ਹੈਂ, ਉਸ ਨੂੰ ਸਦਾ ਮਨ ਵਿੱਚ ਸਿਮਰ।

ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਘਰ ਮੌਜਾਂ ਨਾਲ ਵੱਸ ਰਿਹਾ ਹੈਂ, ਉਸ ਨੂੰ ਜੀਭ ਨਾਲ ਅੱਠੇ ਪਹਰ ਯਾਦ ਕਰ।

ਹੇ ਨਾਨਕ! ਜਿਸ (ਪ੍ਰਭੂ) ਦੀ ਬਖ਼ਸ਼ਸ਼ ਕਰਕੇ ਚੋਜ-ਤਮਾਸ਼ੇ, ਸੁਆਦਲੇ ਖਾਣੇ ਤੇ ਪਦਾਰਥ (ਨਸੀਬ ਹੁੰਦੇ ਹਨ) ਉਸ ਧਿਆਉਣ-ਜੋਗ ਨੂੰ ਸਦਾ ਹੀ ਧਿਆਉਣਾ ਚਾਹੀਦਾ ਹੈ। ੧।

ਅਸਟਪਦੀ ਦੇ ਅਖੀਰਲੇ ਪਦੇ ਵਿੱਚ ਇਹ ਵੀ ਸਮਝਾ ਦਿੱਤਾ ਹੈ ਕਿ ਉਹੀ ਮਨੁੱਖ ਪ੍ਰਭੂ ਦਾ ਨਾਮ ਜਪਦਾ ਹੈ ਜਿਸ ਪਾਸੋਂ ਆਪ ਜਪਾਉਂਦਾ ਹੈ, ਉਹੀ ਮਨੁੱਖ ਹਰੀ ਦੇ ਗੁਣ ਗਾਉਂਦਾ ਹੈ ਜਿਸ ਨੂੰ ਗਾਵਣ ਲਈ ਪ੍ਰੇਰਦਾ ਹੈ। ਪ੍ਰਭੂ ਦੀ ਮੇਹਰ ਨਾਲ (ਮਨ ਵਿੱਚ ਗਿਆਨ ਦਾ) ਪ੍ਰਕਾਸ਼ ਹੁੰਦਾ ਹੈ; ਉਸ ਦੀ ਦਇਆ ਨਾਲ ਹਿਰਦਾ-ਰੂਪ ਕਉਲ ਫੁੱਲ ਖਿੜਦਾ ਹੈ। ਉਹ ਪ੍ਰਭੂ (ਉਸ ਮਨੁੱਖ ਦੇ) ਮਨ ਵਿੱਚ ਵੱਸਦਾ ਹੈ ਜਿਸ ਉਤੇ ਉਹ ਤ੍ਰੁੱਠਦਾ ਹੈ, ਪ੍ਰਭੂ ਦੀ ਮੇਹਰ ਨਾਲ (ਮਨੁੱਖ ਦੀ) ਮੱਤ ਚੰਗੀ ਹੁੰਦੀ ਹੈ। ਹੇ ਪ੍ਰਭੂ! ਤੇਰੀ ਮੇਹਰ ਦੀ ਨਜ਼ਰ ਵਿੱਚ ਸਾਰੇ ਖ਼ਜ਼ਾਨੇ ਹਨ, ਆਪਣੇ ਜਤਨ ਨਾਲ ਕਿਸੇ ਨੇ ਭੀ ਕੁੱਝ ਨਹੀਂ ਲੱਭਾ (ਭਾਵ, ਜੀਵ ਦਾ ਉੱਦਮ ਤਦੋਂ ਹੀ ਸਫਲ ਹੁੰਦਾ ਹੈ ਜਦੋਂ ਤੂੰ ਸਵੱਲੀ ਨਜ਼ਰ ਕਰਦਾ ਹੈਂ)।

ਆਪਿ ਜਪਾਏ ਜਪੈ ਸੋ ਨਾਉ।। ਆਪਿ ਗਾਵਾਏ ਸੁ ਹਰਿ ਗੁਨ ਗਾਉ।। ਪ੍ਰਭ ਕਿਰਪਾ ਤੇ ਹੋਇ ਪ੍ਰਗਾਸੁ।। ਪ੍ਰਭੂ ਦਇਆ ਤੇ ਕਮਲ ਬਿਗਾਸੁ।। ਪ੍ਰਭ ਸੁਪ੍ਰਸੰਨ ਬਸੈ ਮਨਿ ਸੋਇ।। ਪ੍ਰਭ ਦਇਆ ਤੇ ਮਤਿ ਊਤਮ ਹੋਇ।। ਸਰਬ ਨਿਧਾਨ ਪ੍ਰਭ ਤੇਰੀ ਮਇਆ।। ਆਪਹੁ ਕਛੂ ਨ ਕਿਨਹੂ ਲਇਆ।। ਜਿਤੁ ਜਿਤੁ ਲਾਵਹੁ ਤਿਤੁ ਲਗਹਿ ਹਰਿ ਨਾਥ।। ਨਾਨਕ ਇਨ ਕੈ ਕਛੂ ਨ ਹਾਥ।। ੮।। {ਗੁ. ਗ੍ਰੰ. ਪੰ. ੨੭੧}

ਹੇਠ ਲਿਖੇ ਸ਼ਬਦ ਵਿੱਚ ਤਾਂ ਸਤਿਗੁਰੂ ਜੀ ਸਿੱਧੇ ਰੂਪ ਵਿੱਚ ਹੀ ਆਖਿਆ ਹੈ ਕਿ (ਹੇ ਪਾਰਬ੍ਰਹਮ ਪ੍ਰਭੂ!) ਤੇਰੀ ਮਿਹਰ ਨਾਲ ਹੀ ਤੇਰਾ ਨਾਮ ਜਪਿਆ ਜਾ ਸਕਦਾ ਹੈ। ਤੇਰੀ ਕਿਰਪਾ ਨਾਲ ਹੀ ਤੇਰੀ ਦਰਗਾਹ ਵਿੱਚ (ਜੀਵ ਨੂੰ) ਇੱਜ਼ਤ ਮਿਲ ਸਕਦੀ ਹੈ। ਹੇ ਪਾਰਬ੍ਰਹਮ ਪ੍ਰਭੂ! ਤੈਥੋਂ ਬਿਨਾ ਜੀਵਾਂ ਦਾ ਹੋਰ ਕੋਈ ਆਸਰਾ ਨਹੀਂ ਹੈ। ਤੇਰੀ ਕਿਰਪਾ ਨਾਲ ਹੀ ਜੀਵ ਨੂੰ ਸਦਾ ਲਈ ਆਤਮਕ ਆਨੰਦ ਮਿਲ ਸਕਦਾ ਹੈ। ਹੇ ਪਾਰਬ੍ਰਹਮ ਪ੍ਰਭੂ! ਜੇ ਤੂੰ ਜੀਵ ਦੇ ਮਨ ਵਿੱਚ ਆ ਵੱਸੇਂ ਤਾਂ ਉਸ ਨੂੰ ਕੋਈ ਦੁੱਖ ਪੋਹ ਨਹੀਂ ਸਕਦਾ। ਤੇਰੀ ਮਿਹਰ ਨਾਲ ਜੀਵ ਦੀ ਭਟਕਣਾ ਦੂਰ ਹੋ ਜਾਂਦੀ ਹੈ, ਜੀਵ ਦਾ ਡਰ-ਸਹਮ ਭੱਜ ਜਾਂਦਾ ਹੈ। ਹੇ ਪਾਰਬ੍ਰਹਮ ਪ੍ਰਭੂ! ਹੇ ਬੇਅੰਤ ਪ੍ਰਭੂ! ਹੇ ਜਗਤ ਦੇ ਮਾਲਕ ਪ੍ਰਭੂ! ਹੇ ਸਾਰੇ ਜੀਵਾਂ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ! ; ਜੇ ਤੇਰੀ ਮਿਹਰ ਹੋਵੇ ਤਾਂ ਹੀ ਮੈਂ ਆਪਣੇ ਗੁਰੂ ਅੱਗੇ ਇਹ ਅਰਦਾਸ ਕਰ ਸਕਦਾ ਹਾਂ ਕਿ ਮੈਨੂੰ ਨਾਨਕ ਨੂੰ ਪ੍ਰਭੂ ਦਾ ਨਾਮ ਮਿਲੇ। ਕਿਉਂਕਿ, ਮੇਰੇ ਲਈ ਨਾਮ ਹੀ ਸਦਾ ਕਾਇਮ ਰਹਿਣ ਵਾਲਾ ਸਰਮਾਇਆ ਹੈ:

ਗਉੜੀ ਮਹਲਾ ੫।। ਤੁਮਰੀ ਕ੍ਰਿਪਾ ਤੇ ਜਪੀਐ ਨਾਉ।। ਤੁਮਰੀ ਕ੍ਰਿਪਾ ਤੇ ਦਰਗਹ ਥਾਉ।। ੧।। ਤੁਝ ਬਿਨੁ ਪਾਰਬ੍ਰਹਮ ਨਹੀ ਕੋਇ।। ਤੁਮਰੀ ਕ੍ਰਿਪਾ ਤੇ ਸਦਾ ਸੁਖੁ ਹੋਇ।। ੧।। ਰਹਾਉ।। ਤੁਮ ਮਨਿ ਵਸੇ ਤਉ ਦੂਖੁ ਨ ਲਾਗੈ।। ਤੁਮਰੀ ਕ੍ਰਿਪਾ ਤੇ ਭ੍ਰਮੁ ਭਉ ਭਾਗੈ।। ੨।। ਪਾਰਬ੍ਰਹਮ ਅਪਰੰਪਰ ਸੁਆਮੀ।। ਸਗਲ ਘਟਾ ਕੇ ਅੰਤਰਜਾਮੀ।। ੩।। ਕਰਉ ਅਰਦਾਸਿ ਅਪਨੇ ਸਤਿਗੁਰ ਪਾਸਿ।। ਨਾਨਕ, ਨਾਮੁ ਮਿਲੈ ਸਚੁ ਰਾਸਿ।। ੪।। {ਗੁ. ਗ੍ਰੰ. ਪੰ. ੧੯੨}

ਸ਼ਾਇਦ ਇਹੀ ਕਾਰਣ ਹੈ ਕਿ ਗੁਰਮਤਿ ਸਿਧਾਂਤਾਂ ਦੇ ਪ੍ਰਮਾਣੀਕ ਵਿਆਖਿਆਕਾਰ ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ‘ਮਹਾਨ ਕੋਸ਼` ਵਿੱਚ ‘ਸਿੱਖ ਧਰਮ` ਦੇ ਅੰਦਰਾਜ਼ ਹੇਠ ਜਦੋਂ ਗੁਰੂ-ਨਾਨਕ ਮੱਤ ਅਨੁਸਾਰ ਅਕਾਲਪੁਰਖੁ ਪਰਮਾਤਮਾ ਦਾ ਸਰੂਪ ਵਰਨਣ ਕੀਤਾ ਹੈ ਤਾਂ ‘ਗੁਰਪ੍ਰਸਾਦਿ` ਦੇ ਪ੍ਰਚਲਿਤ ਸੀਮਤ ਅਰਥਾਂ (‘ੴ ਤੋਂ ਸੈਭੰ` ਤੱਕ ਦੇ ਗੁਣਾਂ ਵਾਲਾ ਰੱਬ, ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ) ਤੋਂ ਉੱਚਾ ਉਠਦਿਆਂ ਲਗਭਗ ਓਹੀ ਅਰਥ ਕੀਤੇ ਹਨ, ਜੋ ਤੁਸੀਂ ਦਾਸ ਦੇ ਲਿਖੇ ਅਖਰਾਂ ਵਿੱਚ ਪਹਿਲਾਂ ਪੜ੍ਹ ਚੁੱਕੇ ਹੋ। ਭਾਈ ਸਾਹਿਬ ਜੀ ਦੀ ਲਿਖਤ ਹੈ:

“ੴ ਸਤਿਨਾਮੁ, ਕਰਤਾ ਪੁਰਖੁ, ਨਿਰਭਉ, ਨਿਰਵੈਰੁ, ਅਕਾਲ ਮੂਰਤਿ, ਅਜੂਨੀ, ਸੈਭੰ, ਗੁਰਪ੍ਰਸਾਦਿ. “ ਅਰਥਾਤ- ਵਾਹਗੁਰੂ ਇੱਕ (ਅਦੁੱਤੀ) ਹੈ, ਸਦਾ ਅਵਿਨਾਸ਼ੀ ਹੈ, ਸਭ ਦੇ ਰਚਣ ਵਾਲਾ ਉਹੀ ਹੈ, ਅਤੇ ਆਪਣੀ ਰਚਨਾ ਦੇ ਅੰਦਰ ਸਮਾਇਆ ਹੋਇਆ ਹੈ। ਦੇਵਤਿਆਂ ਵਾਂਗ ਉਹ ਕਿਸੇ ਤੋਂ ਭੈ ਕਰਦਾ ਜਾਂ ਵੈਰੀਆਂ ਨੂੰ ਡਰਾਉਣ ਵਾਲਾ ਨਹੀ, ਨਿਤ ਅਨੰਦਰੂਪ ਹੈ। ਜਨਮ ਮਰਨ ਵਿੱਚ ਨਹੀ ਅਉਂਦਾ, ਉਹ ਸਭ ਦਾ ਕਰਤਾ ਹੈ, ਉਸ ਦਾ ਕਰਤਾ ਕੋਈ ਨਹੀ, ਉਸ ਮਹਾਂ ਜੋਤਿ ਦੀ ਕ੍ਰਿਪਾ ਨਾਲ ਸਭ ਕੁੱਝ ਪ੍ਰਾਪਤ ਹੋ ਸਕਦਾ ਹੈ”।

ਗੁਰਬਾਣੀ ਦੇ ਬਹੁਤ ਸਾਰੇ ਵਿਆਖਿਆਕਾਰ ਵਿਦਵਾਨਾਂ ਦਾ ਮੱਤ ਤਾਂ ਭਾਵੇਂ ਇਹੀ ਹੈ ਕਿ ੴ ਤੋਂ ਗੁਰਪ੍ਰਸਾਦਿ ਤੱਕ ਦੇ ਮਹਾਂਵਾਕ ਵਿੱਚਲੇ ਸਾਰੇ ਲਫ਼ਜ਼ ਰੱਬੀ-ਗੁਣਾਂ ਨੂੰ ਹੀ ਪ੍ਰਗਟ ਕਰਦੇ ਹਨ। ਪਰ, ਉਹ ਇਨ੍ਹਾਂ ਸਾਰੇ ਲਫ਼ਜ਼ਾਂ ਨੂੰ ਨਾਮ-ਰੂਪ ਗੁਣਵਾਚਕ ਵਿਸੇਸ਼ਣਾਂ ਦੇ ਤੌਰ `ਤੇ ਹੀ ਦੇਖਦੇ ਹਨ। ਉਹ ‘ਗੁਰਪ੍ਰਸਾਦਿ` ਨੂੰ ਇੱਕ ਸਮਾਸੀ-ਪਦ ਮੰਨਣ ਦੀ ਥਾਂ, ਦੋ ਵਖ ਵਖ ਲਫ਼ਜ਼ ਮੰਨ ਕੇ ‘ਗੁਰ` ਲਫ਼ਜ਼ ਦਾ ਅਰਥ ਕਰਦੇ ਹਨ; ਵੱਡਾ, ਗੁਰੂ, ਗਿਆਨ-ਸਰੂਪ ਅਤੇ ‘ਪ੍ਰਸਾਦਿ` ਦਾ ਅਰਥ ਕਰਦੇ ਹਨ: ਕ੍ਰਿਪਾਲੂ, ਦਿਆਲੂ ਜਾਂ ਪ੍ਰਸਾਦ-ਸਰੂਪ।

ਪਰ, ਗੁਰਬਾਣੀ ਅੰਦਰਲਾ ਵਿਆਕਰਣਿਕ ਨੀਯਮ (ਜਿਹੜਾ ਸੁਖਮਨੀ ਦੇ ਛੇਵੇਂ ਸ਼ਲੋਕ ਤੇ ਅਸ਼ਟਪਦੀ ਦੇ ਪ੍ਰਮਾਣ ਵਿਚੋਂ ਉਪਰ ਪ੍ਰਗਟ ਹੋ ਚੁੱਕਾ ਹੈ) ਅਜਿਹੇ ਅਰਥ ਕਰਨ ਦੀ ਆਗਿਆ ਨਹੀ ਦਿੰਦਾ। ਕਿਉਂਕਿ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਜਿਥੇ ਵੀ ਇਹ ਦੋਨੋ ਲਫ਼ਜ਼ ਸੰਗਿਆ (ਨਾਮ) ਦੇ ਤੌਰ `ਤੇ ਗੁਣ-ਵਾਚਕ ਵਿਸ਼ੇਸ਼ਣ ਦੇ ਰੂਪ ਵਿੱਚ ਕਰਤਾ ਕਾਰਕ ਜਾਂ ਕਰਮ-ਕਾਰਕ ਦੇ ਤੌਰ `ਤੇ ਵਰਤੇ ਗਏ ਹਨ, (ਭਾਵੇਂ ਇਹ ਵਖਰੇ ਵਖਰੇ ਹਨ ਜਾਂ ਇਕੱਠੇ) ਉਥੇ ਹੀ ਇਹ ਮੂਲ-ਮਹਾਂਵਾਕ ਵਿਚਲੇ ‘ਸਤਿਨਾਮੁ, ਕਰਤਾਪੁਰਖੁ, ਨਿਰਭਉ, ਨਿਰਵੈਰੁ, ਪਦਾਂ ਵਾਂਗ ਅੰਤਲੇ ਔਂਕੜ ਸਹਿਤ ‘ਗੁਰੁ` ਤੇ ‘ਪ੍ਰਸਾਦੁ` ਦੇ ਅਖਰੀ ਸਰੂਪ ਵਿੱਚ ਹਨ। ਜਿਵੇਂ:

ਗੁਰੁ ਪਰਸਾਦੁ ਕਰੇ ਨਾਮੁ ਦੇਵੈ, ਨਾਮੇ ਨਾਮਿ ਸਮਾਵਣਿਆ।। {ਗੁ. ਗ੍ਰੰ. ਪੰ. ੧੩੦}

ਕਰਿ ਪ੍ਰਸਾਦੁ ਦਇਆ ਪ੍ਰਭਿ ਧਾਰੀ।। ਨਾਨਕ ਨਿਬਹੀ ਖੇਪ ਹਮਾਰੀ।। {ਗੁ. ਗ੍ਰੰ. ਪੰ. ੨੯੫}

ਨਾਨਕ, ਪ੍ਰਭ ਸਰਣਾਗਤੀ, ਕਰਿ ਪ੍ਰਸਾਦੁ ਗੁਰਦੇਵ।। {ਗੁ. ਗ੍ਰੰ. ਪੰ. ੨੬੯}

ਗੁਰੁ ਕੁੰਜੀ, ਪਾਹੂ ਨਿਵਲੁ, ਮਨੁ ਕੋਠਾ, ਤਨੁ ਛਤਿ।। {ਗੁ. ਗ੍ਰੰ. ਪੰ. ੧੨੩੭}

ਗੁਰੁ ਪਰਸਾਦੁ ਕਰੇ ਨਾਮੁ ਦੇਵੈ, ਨਾਮੇ ਨਾਮਿ ਸਮਾਵਣਿਆ।। {ਪੰ. ੧੩੦}

ਇਸੇ ਤਰ੍ਹਾਂ ਗੁਰਬਾਣੀ ਵਿੱਚ ਜਿਥੇ ਵੀ ‘ਗੁਰ ਪ੍ਰਸਾਦਿ` ਦੇ ਅਰਥ ‘ਗੁਰੂ ਦੀ ਕਿਰਪਾ ਨਾਲ` ਜਾਂ ‘ਗੁਰੂ ਕਿਰਪਾ ਕਰਕੇ` ਹੁੰਦੇ ਹਨ, ਉਥੇ ਹੀ ਸਬੰਧਕੀ ਪਦ ਹੋਣ ਕਰਕੇ ਇੱਕ ਤਾਂ ‘ਗੁਰ` ਦਾ ‘ਰ` ਮੁਕਤਾ ਹੁੰਦਾ ਹੈ ਅਤੇ ਦੂਜੇ, ਕ੍ਰਿਆ ਵਿਸ਼ੇਸ਼ਣ ਤੇ ਕਰਣ-ਕਾਰਕ ਹੋਣ ਕਰਕੇ ‘ਪ੍ਰਸਾਦਿ` ਦੇ ਦੱਦੇ ਨੂੰ ਸਿਹਾਰੀ ਲਗੀ ਹੋਈ ਹੁੰਦੀ ਹੈ। (ਬਿਹਾਰੀ ਤੇ ਲਾਂਵ ਵੀ ਹੋ ਸਕਦੀ ਹੈ)। ਜਿਵੇਂ: ਗੁਰ ਪ੍ਰਸਾਦਿ ਅੰਮ੍ਰਿਤੁ ਬਿਖੁ ਖਾਟੀ।। {ਗੁ. ਗ੍ਰੰ. ਪੰ. ੧੭੭} ਤੂੰ ਗੁਰ ਪ੍ਰਸਾਦਿ ਕਰਿ ਰਾਜ ਜੋਗੁ।। {ਗੁ. ਗ੍ਰੰ. ਪੰ. ੨੧੧} ਗੁਰ ਪਰਸਾਦਿ ਪਰਮ ਪਦੁ ਪਾਇਆ, ਸੂਕੇ ਕਾਸਟ ਹਰਿਆ।। {ਗੁ. ਗ੍ਰੰ. ਪੰ. ੧੦} ਗੁਰ ਪਰਸਾਦਿ ਕਰੇ ਬੀਚਾਰੁ।। {ਗੁ. ਗ੍ਰੰ. ਪੰ. ੨੫}

ਗੁਰ ਪਰਸਾਦੀ ਮਨਿ ਵਸੈ, ਹਉਮੈ ਦੂਰਿ ਕਰੇਇ।। {ਗੁ. ਗ੍ਰੰ. ਪੰ. ੩੦} ਗੁਰ ਪਰਸਾਦੀ ਛੁਟੀਐ, ਬਿਖੁ ਭਵਜਲੁ ਸਬਦਿ ਗੁਰ ਤਰਣਾ।। {ਪੰ. ੩੩}

ਹਮ ਆਈ ਵਸਗਤਿ ਗੁਰ ਪਰਸਾਦੇ।। {ਗੁ. ਗ੍ਰੰ. ਪੰ. ੩੭੦}

ਹਮ ਕਾਹੂ ਕੀ ਕਾਣਿ ਨ ਕਢਤੇ ਅਪਨੇ ਗੁਰ ਪਰਸਾਦੇ।। {ਗੁ. ਗ੍ਰੰ. ਪੰ. ੯੬੯}

ਸੋ, ਮੇਰੀ ਜਾਚੇ, ਹੈ ਤਾਂ ‘ਗੁਰ-ਪ੍ਰਸਾਦਿ` ਪਦ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵਲੋਂ ਪ੍ਰਭੂ ਜੀ ਦੇ ਗੁਣਾਤਮਿਕ ਸਰੂਪ ਨੂੰ ਪ੍ਰਗਟਾਉਂਦੇ ਹੋਏ ‘ੴ ਤੋਂ ਗੁਰਪ੍ਰਸਾਦਿ` ਤੱਕ ਦੇ ਸ਼ਬਦਾਦਿਕ ਚਿਤ੍ਰ ਵਿੱਚ ਮੂਲਿਕ ਰੱਬੀ-ਗੁਣ, ਜੋ ਪ੍ਰਗਟ ਕਰਦਾ ਹੈ ਕਿ ਇੱਕ ਓਅੰਕਾਰੀ ਪ੍ਰਭੂ ਮੂਲ ਰੂਪ ਵਿੱਚ ‘ਬਖਸ਼ਿੰਦ ਗੁਰੂ-ਦਾਤਾ` ਵੀ ਹੈ। ਪਰ, ਕਿਉਂਕਿ ਇਸ ਵਿੱਚ ਜੀਵਾਂ ਨੂੰ ਹਰ ਕਿਸਮ ਦੀਆਂ ਪਦਾਰਥਕ ਦਾਤਾਂ ਤੇ ਸੋਝੀ ਬਖ਼ਸ਼ਦਿਆਂ, ਸ਼ਬਦ-ਗੁਰੂ ਸਰੂਪ ਵਿੱਚ ਮਾਇਕ ਪ੍ਰਭਾਵ ਹੇਠ ਭੁੱਲੇ-ਭਟਕੇ ਜੀਵਾਂ ਨੂੰ ਸ੍ਵੈ-ਮੂਲ ਦੀ ਸੋਝੀ ਕਰਵਾ ਕੇ ਮੁੜ ਆਪਣੇ ਨਾਲ ਮਿਲਾ ਲੈਣ ਦੀ ਬਖ਼ਸਿੰਦ-ਕ੍ਰਿਆ ਨੂੰ ਪ੍ਰਮੁਖਤਾ ਹਾਸਲ ਹੈ। ਜਿਸ ਕਰਕੇ ਅਜਿਹਾ ਵਿਸ਼ੇਸ਼ ਰੱਬੀ-ਗੁਣ, (ਜਿਸ ਵਿੱਚ ਸਾਧਕ ਲਈ ਰੱਬੀ ਮਿਲਾਪ ਦੀ ਕੁਦਰਤੀ-ਜੁਗਤਿ ਵੀ ਸਮਿੱਲਤ ਹੈ) ਸਧਾਰਨ ਗੁਣਵਾਚਕ–ਵਿਸ਼ੇਸ਼ਣ ਦੀ ਥਾਂ ਕ੍ਰਿਆ-ਵਿਸ਼ੇਸ਼ਣ ਦੇ ਰੂਪ ਵਿੱਚ ਹੀ ਅੰਕਤ ਕੀਤਾ ਗਿਆ ਹੈ।

ਸਿਰਜਨਹਾਰ ਮਾਲਕ-ਪਭੂ ਵਲੋਂ ਆਪਣੇ ਗੁਰੂ-ਬਿਰਧ ਦੀ ਪਾਲਣਾ ਕਰਦਿਆਂ ਜੀਵਾਂ ਦੀ ਮਨੁੱਖਾ ਸ਼੍ਰੇਣੀ ਨੂੰ ਸਰੀਰਕ ਤਲ ਤੇ ਜੀਉਣ, ਆਪਣੇ ਆਪ ਨੂੰ ਸੁਰਖਿਅਤ ਰਖਣ ਅਤੇ ਸ੍ਵੈ-ਮੂਲ ਦੀ ਸੋਝੀ ਬਖ਼ਸ਼ ਕੇ ਮੁੜ ਆਪਣੇ ਨਾਲ ਮਿਲਾ ਲੈਣ ਦੀ ਗੱਲ ਤਾਂ ਛੱਡੋ। ਉਸ ਆਦਿ ਗੁਰੂ ਪਰਮੇਸ਼ਰ ਨੇ ਤਾਂ ਹਰੇਕ ਕਿਸਮ ਦੇ ਕੀੜੇ ਮਕੌੜੇ ਤੇ ਪਸ਼ੂ ਪੰਛੀਆਂ ਨੂੰ ਵੀ ਜੀਵਨ ਜੀਊਣ ਬਾਰੇ ਹਰ ਪ੍ਰਕਾਰ ਦਾ ਗਿਆਨ ਬਖ਼ਸ਼ ਛੱਡਿਆ ਹੈ। ਉਹ ਵੀ ਜਾਣਦੇ ਹਨ ਕਿ ਬੱਚਿਆਂ ਨੂੰ ਜਨਮ ਕਿਵੇਂ ਦੇਣਾ ਹੈ ਅਤੇ ਉਨ੍ਹਾਂ ਦੀ ਪਾਲਣਾ ਕਿਵੇਂ ਕਰਣੀ ਹੈ। ਸਰਦੀ ਗਰਮੀ ਤੇ ਮੀਂਹ ਅੰਧੇਰੀ ਆਦਿਕ ਤੋਂ ਕਿਵੇਂ ਬਚਣਾ ਹੈ। ਆਪਣੇ ਆਪ ਨੂੰ ਸੁਰਖਿਅਤ ਰਖਣ ਲਈ ਜਿਤਨੇ ਵਧੀਆ ਆਲ੍ਹਣੇ ਪੰਛੀ ਬਣਾ ਲੈਂਦੇ ਹਨ। ਕਈ ਦਫ਼ਾ ਉਸ ਢੰਗ ਦੀ ਸੋਹਣੀ ਬਣਤਰ ਤੇ ਬੁਣਾਈ ਕਿਸੇ ਮਨੁਖ ਪਾਸੋਂ ਬੁਣੀ ਜਾ ਸਕਣੀ ਅਸੰਭਵ ਹੁੰਦੀ ਹੈ।

ਕਿਸੇ ਕਿਸਮ ਦਾ ਭੂਚਾਲ ਜਾਂ ਸਮੁੰਦਰੀ ਤੂਫਾਨ ਆਦਿਕ ਆਉਣਾ ਹੋਵੇ, ਤਾਂ ਮਨੁਖ ਨੂੰ ਕਈ ਵਾਰ ਵਿਗਿਆਨਕ ਜੰਤਰਾਂ ਨਾਲ ਵੀ ਪਤਾ ਨਹੀ ਚਲਦਾ। ਪਰ, ਪਸ਼ੂ ਪੰਛੀਆਂ ਨੂੰ ਇਹ ਬੋਧ ਸੁਭਾਵਿਕ ਹੀ ਹੋ ਜਾਂਦਾ ਹੈ। ਘੋੜੀ, ਮੱਝ ਆਦਿਕ ਦੇ ਕਿਸੇ ਬੱਚੇ ਨੂੰ ਜੰਮਦਿਆਂ ਸਾਰ ਨਦੀ ਨਾਲੇ ਵਿੱਚ ਸੁੱਟੋ, ਉਹ ਤਰਨ ਲਗ ਪੈਂਦੇ ਹਨ। ਸੁਆਲ ਉੱਠਦਾ ਹੈ ਕਿ ਅਜਿਹੇ ਗਿਆਨ ਲਈ ਪਛੂ-ਪੰਛੀਆਂ ਨੂੰ ਕਿਹੜੇ ਸਕੂਲ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਹੈ। ਉਨ੍ਹਾਂ ਨੂੰ ਕਿਹੜੀਆਂ ਕਿਤਾਬਾਂ ਪੜਾਂਈਆਂ ਜਾਂਦੀਆਂ ਜਾਂ ਕਿਹੜੇ ਲੈਕਚਰ ਦਿੱਤੇ ਜਾਂਦੇ ਹਨ। ਸਪਸ਼ਟ ਹੈ ਕਿ ਇਹ ਸਾਰਾ ਗਿਆਨ ਉਨ੍ਹਾਂ ਨੂੰ ਅੰਤਰ ਆਤਮੇ ਆਦਿ ਗੁਰੂ ਕਰਤਾਪੁਰਖ ਵਾਹਿਗੁਰੂ ਵਲੋਂ ਹੀ ਬਖ਼ਸ਼ਿਸ਼ ਹੁੰਦਾ ਹੈ।

ਇਹੀ ਕਾਰਣ ਹੈ ਕਿ ਗੁਰਬਾਣੀ ਵਿੱਚ ਬਹੁਤ ਥਾਈਂ, ਜਿਥੇ, ਅਜਿਹੇ ਗੁਣਨਿਧਾਨ, ਕ੍ਰਿਪਾਲੂ ਤੇ ਸ਼੍ਰਿਸ਼ਟੀ ਦੇ ਮੂਲ ਪਰਮਾਤਮਾ ਨੂੰ ‘ਗੁਰੁ` (ਗੁਰੂ) ਅਤੇ ‘ਗੁਰੁ ਪਰਮੇਸਰ` ਕਹਿ ਕੇ ਯਾਦ ਕੀਤਾ ਗਿਆ ਹੈ। ਉਥੇ, ਕਿਸੇ ਅਜਿਹੀ ਪਰਉਪਕਾਰੀ ਮਾਨਵੀ ਸ਼ਖ਼ਸੀਅਤ ਨੂੰ ਵੀ ‘ਗੁਰੁ-ਪਰਮੇਸ਼ਰ` ਕਹਿ ਕੇ ਸਤਿਕਾਰਿਆ ਹੈ, ਜੋ ਆਪਣੇ ਅੰਦਰ ‘ਗੁਰ ਪ੍ਰਸਾਦਿ` ਵਿੱਚ ਲੁਪਤ ਗੁਰਤਾ ਤੇ ਕ੍ਰਿਪਾਲਤਾ ਵਰਗੇ ਰੱਬੀ ਗੁਣ ਪ੍ਰਗਟ ਕਰਕੇ ਪਰਮੇਸ਼ਰ ਨਾਲ ਇੱਕ-ਸੁਰ ਹੋ ਕੇ ਵਿਚਰਦੇ ਹੋਏ, ਆਪਣੇ ਵਿਅਕਤਵ ਨੂੰ ਮਨਫ਼ੀ ਕਰਕੇ ਬਿਨਾਂ ਕਿਸੇ ਵਿਤਕਰੇ ਤੇ ਸੁਆਰਥ ਤੋਂ ਮਾਨਵੀ ਭਾਈਚਾਰੇ ਨੂੰ ਸ੍ਵੈ-ਮੂਲ ਦੀ ਸੋਝੀ ਕਰਵਾਂਦਿਆਂ ਪਰਮੇਸ਼ਰ ਨਾਲ ਜੋੜਣ ਲਈ ਯਤਨਸ਼ੀਲ ਹੋ ਜਾਂਦੇ ਹਨ।

ਜਿਵੇਂ, ਹੇਠ ਲਿਖੇ ਪਹਿਲੇ ਤਿੰਨ ਗੁਰਵਾਕਾਂ ਵਿਚ, ਜਿਥੇ, ਸਿੱਧੇ ਤੌਰ `ਤੇ ਅਕਾਲਪੁਰਖ ਨੂੰ ‘ਗੁਰੁ ਪਰਮੇਸ਼ਰ` ਆਖਿਆ ਹੈ। ਉਥੇ, ਚੌਥੇ, ਪੰਜਵੇਂ ਤੇ ਛੇਵੇਂ ਵਾਕ ਵਿੱਚ ਗੁਰੂ ਤੇ ਪਰਮੇਸ਼ਰ ਦੀ ਗੁਣਾਤਮਿਕ ਏਕਤਾ ਨੂੰ ਮੁੱਖ ਰਖ ਕੇ ‘ਗੁਰੂ-ਵਿਅਕਤੀ` ਨੂੰ ‘ਗੁਰ ਪਰਮੇਸ਼ਰ` ਕਹਿ ਕੇ ਸਲਾਹਿਆ ਹੈ:

(੧) ਗੁਰੁ ਆਦਿ ਪੁਰਖੁ ਹਰਿ ਪਾਇਆ।। {ਗੁ. ਗ੍ਰੰ. ਪੰ. ੮੭੯} (੨) ਹਮ ਚਾਕਰ ਗੋਬਿੰਦ ਕੇ ਠਾਕੁਰੁ ਮੇਰਾ ਭਾਰਾ।। ਕਰਨ ਕਰਾਵਨ ਸਗਲ ਬਿਧਿ ਸੋ ਸਤਿਗੁਰੂ ਹਮਾਰਾ।। {ਗੁ. ਗ੍ਰੰ. ਪੰ. ੩੯੯}

ਅਰਥ: — (ਹੇ ਭਾਈ!) ਮੈਂ ਉਸ ਗੋਬਿੰਦ ਦਾ ਸੇਵਕ ਹਾਂ ਮੇਰਾ ਉਹ ਮਾਲਕ ਹੈ ਜੋ ਸਭ ਤੋਂ ਵੱਡਾ ਹੈ ਜੋ (ਸਭ ਜੀਵਾਂ ਵਿੱਚ ਵਿਆਪਕ ਹੋ ਕੇ ਆਪ ਹੀ) ਸਾਰੇ ਤਰੀਕਿਆਂ ਨਾਲ (ਸਭ ਕੁਝ) ਕਰਨ ਵਾਲਾ ਹੈ ਤੇ (ਜੀਵਾਂ ਪਾਸੋਂ) ਕਰਾਣ ਵਾਲਾ ਹੈ, ਉਹੀ ਮੇਰਾ ਗੁਰੂ ਹੈ (ਮੈਨੂੰ ਜੀਵਨ-ਰਾਹ ਦਾ ਚਾਨਣ ਦੇਣ ਵਾਲਾ ਹੈ)।

(੩) ਤਹ ਜਨਮ ਨ ਮਰਣਾ ਆਵਣ ਜਾਣਾ, ਬਹੁੜਿ ਨ ਪਾਈਐ ਜ+ਨੀਐ।। ਨਾਨਕ, ਗੁਰੁ ਪਰਮੇਸਰੁ ਪਾਇਆ, ਜਿਸੁ ਪ੍ਰਸਾਦਿ ਇਛ ਪੁਨੀਐ।। {ਗੁ. ਗ੍ਰੰ. ਪੰ. ੭੮੩}

{ਅਰਥ:- ਹੇ ਭਾਈ! ਉਸ (ਆਤਮ ਮੰਡਲ ਦੇ ‘ਅਬਿਚਲ ਨਗਰ`) ਵਿੱਚ ਟਿਕਿਆਂ ਜਨਮ-ਮਰਨ ਦਾ ਗੇੜ ਨਹੀਂ ਰਹਿ ਜਾਂਦਾ, ਮੁੜ ਮੁੜ ਜੂਨਾਂ ਵਿੱਚ ਨਹੀਂ ਪਈਦਾ। ਹੇ ਨਾਨਕ, (ਆਖ—ਹੇ) ਭਾਈ!) ਜਿਸ ਗੁਰੂ-ਪਰਮੇਸ਼ਰ ਦੀ ਮਿਹਰ ਨਾਲ (ਮਨੁੱਖ ਦੀ) ਹਰੇਕ ਇੱਛਾ ਪੂਰੀ ਹੁੰਦੀ ਜਾਂਦੀ ਹੈ, ਉਹ ਗੁਰੂ ਉਹ ਪਰਮੇਸਰ (ਉਸ ‘ਅਬਿਚਲ ਨਗਰ` ਵਿੱਚ ਟਿਕਿਆਂ) ਮਿਲ ਪੈਂਦਾ ਹੈ।}

(੪) ਗੁਰੁ ਪਰਮੇਸਰੁ ਏਕੁ ਹੈ ਸਭ ਮਹਿ ਰਹਿਆ ਸਮਾਇ।। {ਗੁ. ਗ੍ਰੰ, ਪੰ. ੫੩}

(੫) ਗੁਰੁ ਪਰਮੇਸਰੁ ਏਕੋ ਜਾਣੁ।। ਜੋ ਤਿਸੁ ਭਾਵੈ ਸੋ ਪਰਵਾਣੁ।। {ਗੁ. ਗ੍ਰੰ. ਪੰ ੮੬੪}

(੬) ਗੁਰੁ ਪਰਮੇਸਰੁ ਪਾਰਬ੍ਰਹਮੁ; ਗੁਰੁ, ਡੁਬਦਾ ਲਏ ਤਰਾਇ।। {ਗੁ. ਗ੍ਰੰ. ਪੰ. ੪੯}

ਗੁਰ ਪ੍ਰਸਾਦਿ` ਲਫ਼ਜ਼ ਵਿੱਚ ਲੁਪਤ ਰੱਬੀ-ਗੁਣ (ਜਿਸ ਦੁਆਰਾ ਉਹ ਗੁਰੂ ਸਰੂਪ ਹੋ ਕੇ ਸੰਸਾਰਕ ਜੀਵਾਂ ਨੂੰ ਹਰ ਕਿਸਮ ਦੀ ਸੋਝੀ ਬਖਸਦਾ ਹੋਇਆ ਆਪਣੇ ਨਾਲ ਜੋੜੀ ਰਖਣ ਦੀ ਬਖ਼ਸ਼ਿਸ਼ ਕਰਦਾ ਰਹਿੰਦਾ ਹੈ) ਦਾ ਇਹ ਗੁਹਝ-ਭੇਦ ਗੁਰਬਾਣੀ ਵਿੱਚ ਪਹਿਲਾਂ ਤਾਂ ਤਦੋਂ ਖੁਲਦਾ ਹੈ, ਜਦੋਂ ਰੱਬੀ ਹੁਕਮ ਦੀ ਸੋਝੀ ਰਖਣ ਵਾਲੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਸੰਸਾਰਕ ਰਚਨਾ ਦੇ ਕੁਦਰਤੀ-ਥਾਟ (ਬਣਤਰ, ਬਨਾਵਟ) ਦੀ ਜਾਣਕਾਰੀ ਦਿੰਦਿਆਂ ਦਸਦੇ ਹਨ ਕਿ ਮੁਕੰਮਲ ਬਣਤਰ ਬਣਾ ਕੇ ਪ੍ਰਭੂ ਨੇ ਆਪ ਹੀ ਜਗਤ ਪੈਦਾ ਕੀਤਾ ਹੈ। ਇਸ ਵਿੱਚ ਪ੍ਰਭੂ ਆਪ ਹੀ ਸਮੁੰਦਰ ਹੈ, ਆਪ ਹੀ ਜਹਾਜ਼ ਹੈ, ਤੇ ਆਪ ਹੀ ਮੱਲਾਹ ਹੈ, ਏਥੇ ਆਪ ਹੀ ਗੁਰੂ ਹੈ, ਆਪ ਹੀ ਸਿੱਖ ਹੈ, ਤੇ ਆਪ ਹੀ (ਪਾਰਲਾ) ਪੱਤਣ ਵਿਖਾਂਦਾ ਹੈ। ਭਾਵ, ਜੀਵਨ ਦੇ ਬੇੜੇ ਨੂੰ ਪਾਰ ਲੰਘਾਣ ਦੀ ਸੋਝੀ ਵੀ ਆਪ ਹੀ ਬਖਸ਼ਦਾ ਹੈ। ਇਸ ਲਈ ਹੇ ਇਨਸਾਨ ਤੂੰ ਉਸ ਪ੍ਰਭੂ ਦਾ ਨਾਮ ਸਿਮਰ ਤੇ ਆਪਣੇ ਸਾਰੇ ਪਾਪ ਦੂਰ ਕਰ ਲੈ। ਗੁਰਵਾਕ ਹੈ:

ਪਉੜੀ।। ਆਪੇ ਜਗਤੁ ਉਪਾਇਓਨੁ ਕਰਿ ਪੂਰਾ ਥਾਟੁ।।

ਆਪੇ ਸਾਹੁ ਆਪੇ ਵਣਜਾਰਾ ਆਪੇ ਹੀ ਹਰਿ ਹਾਟੁ।।

ਆਪੇ ਸਾਗਰੁ ਆਪੇ ਬੋਹਿਥਾ ਆਪੇ ਹੀ ਖੇਵਾਟੁ।।

ਆਪੇ ਗੁਰੁ ਚੇਲਾ ਹੈ ਆਪੇ ਆਪੇ ਦਸੇ ਘਾਟੁ।।

ਜਨ ਨਾਨਕ ਨਾਮੁ ਧਿਆਇ ਤੂ ਸਭਿ ਕਿਲਵਿਖ ਕਾਟੁ।। {ਗੁ. ਗ੍ਰੰ. ਪੰ. ੫੧੭}

ਜਾਂ, ਜਦੋਂ ਇਸੇ ਪ੍ਰਸੰਗ ਵਿੱਚ ਗੁਰਦੇਵ ਦਸਦੇ ਹਨ ਕਿ ਪ੍ਰਭੂ ਨੇ ਆਪ ਹੀ ਬਹਿ ਕੇ ਜਦੋਂ ਰਚਨਾ ਰਚੀ ਤਦੋਂ ਉਸ ਨੇ ਕਿਸੇ ਦੂਸਰੇ ਸੇਵਕ ਪਾਸੋਂ ਸਲਾਹ ਨਹੀਂ ਲਈ ਸੀ। ਜਦੋਂ ਹੋਰ ਦੂਸਰਾ ਕੋਈ ਪੈਦਾ ਹੀ ਨਹੀਂ ਸੀ ਕੀਤਾ, ਤਾਂ ਕਿਸੇ ਨੇ ਕਿਸੇ ਪਾਸੋਂ ਲੈਣਾ ਕੀਹ ਸੀ ਤੇ ਦੇਣਾ ਕੀਹ ਸੀ? (ਭਾਵ, ਕੋਈ ਐਸਾ ਹੈ ਹੀ ਨਹੀਂ ਸੀ ਜੋ ਪਰਮਾਤਮਾ ਨੂੰ ਸਲਾਹ ਦੇ ਸਕਦਾ)।

ਫਿਰ ਹਰੀ ਨੇ ਆਪ ਹੀ ਸੰਸਾਰ ਨੂੰ ਪੈਦਾ ਕੀਤਾ ਤੇ ਸਭ ਜੀਵਾਂ ਨੂੰ ਰੋਜ਼ੀ ਦਿੱਤੀ। ਗੁਰੂ ਦੀ ਰਾਹੀਂ ਸਿਮਰਨ ਦੀ ਜੁਗਤਿ ਪ੍ਰਭੂ ਨੇ ਆਪ ਹੀ ਬਣਾਈ ਤੇ ਆਪ ਹੀ ਉਸ ਨੇ (ਨਾਮ-ਰੂਪ) ਅੰਮ੍ਰਿਤ ਪੀਤਾ, ਪ੍ਰਭੂ ਆਪ ਹੀ ਆਕਾਰ ਤੋਂ ਰਹਿਤ ਹੈ ਤੇ ਆਪ ਹੀ ਆਕਾਰ ਵਾਲਾ ਹੈ, ਜੋ ਉਹ ਆਪ ਕਰਦਾ ਹੈ ਸੋਈ ਹੁੰਦਾ ਹੈ। ਗੁਰਵਾਕ ਹੈ:

ਪਉੜੀ।। ਜਦਹੁ ਆਪੇ ਥਾਟੁ ਕੀਆ ਬਹਿ ਕਰਤੈ, ਤਦਹੁ ਪੁਛਿ ਨ ਸੇਵਕੁ ਬੀਆ।। ਤਦਹੁ ਕਿਆ ਕੋ ਲੇਵੈ ਕਿਆ ਕੋ ਦੇਵੈ, ਜਾਂ ਅਵਰੁ ਨ ਦੂਜਾ ਕੀਆ।। ਫਿਰਿ ਆਪੇ ਜਗਤੁ ਉਪਾਇਆ ਕਰਤੈ, ਦਾਨੁ ਸਭਨਾ ਕਉ ਦੀਆ।। ਆਪੇ ਸੇਵ ਬਣਾਈਅਨੁ ਗੁਰਮੁਖਿ, ਆਪੇ ਅੰਮ੍ਰਿਤੁ ਪੀਆ।। ਆਪਿ ਨਿਰੰਕਾਰ ਆਕਾਰੁ ਹੈ ਆਪੇ, ਆਪੇ ਕਰੈ ਸੁ ਥੀਆ।। ੭।। {ਗੁ. ਗ੍ਰੰ. ਪੰ. ੫੫੧}

ਸਪਸ਼ਟ ਹੈ ਕਿ ਸਿਰਜਨਹਾਰ ਅਨੰਦੀ-ਪ੍ਰਭੂ ਨੇ ਜਦੋਂ ਜੀਵਾਂ ਅੰਦਰ ਹਉਮੈ ਅਤੇ ਮਾਇਆ ਆਦਿਕ ਦਾ ਮੋਹ ਪੈਦਾ ਕਰਕੇ ਸੰਸਾਰ ਦਾ ਹਰਖ, ਸੋਗ ਤੇ ਬੈਰਾਗ ਭਰਪੂਰ ਤ੍ਰਿਛੰਦੀ ਅਰਥਾਤ ਤ੍ਰੈ-ਗੁਣੀ ਖੇਲ (ਤੀਨਿ ਛੰਦੇ ਖੇਲੁ ਆਛੈ।। –ਪੰ. ੭੧੮) ਰਚਿਆ, ਤਾਂ ਉਸ (ਅੰਸ਼ੀ) ਨੇ ਆਪਣੀ ਅੰਸ਼ ਰੂਪ ਜੀਵਾਂ ਨੂੰ ਐਂਵੇਂ ਹੀ ਨਹੀ ਛੱਡ ਦਿੱਤਾ ਕਿ ਉਹ ਰੁਲਦੇ ਰਹਿਣ। ਨਹੀ! ਨਹੀ! ਉਸ ਨੇ ਆਪਣੇ ਕੁਦਰਤੀ ਵਿਧਾਨ ਵਿੱਚ ਇਨ੍ਹਾਂ ਨੂੰ ਆਪਣੇ ਨਾਲ ਜੋੜੀ ਰੱਖਣ ਲਈ ਗੁਰ ਪ੍ਰਸਾਦੀ ਸਿਮਰਨ ਵਿੱਚ ਜੀਊਣ ਵਾਲੀ ਇੱਕ ਆਦਰਸ਼ਕ ਤੇ ਅਟੱਲ ਜੀਵਨ-ਜੁਗਤੀ ਵੀ ਕਾਇਮ ਕੀਤੀ। ਹੇਠ ਲਿਖੀਆਂ ਪਾਵਨ ਪੰਕਤੀਆਂ ਤੋਂ ਵੀ ਇਹ ਸਚਾਈ ਇਉਂ ਉਘੜ ਰਹੀ ਹੈ:

ਗੁਰ ਪਰਸਾਦੀ ਸੇਵੀਐ, ਸਚੁ ਸਬਦਿ ਨੀਸਾਣੁ।। ਪੂਰਾ ਥਾਟੁ ਬਣਾਇਆ, ਰੰਗੁ ਗੁਰਮਤਿ ਮਾਣੁ।। ਅਗਮ ਅਗੋਚਰੁ ਅਲਖੁ ਹੈ, ਗੁਰਮੁਖਿ ਹਰਿ ਜਾਣੁ।। {ਗੁ. ਗ੍ਰੰ. ਪੰ. ੭੮੯}

{ਅਰਥ:- ਗੁਰੂ ਦੇ ਸਬਦ ਦੀ ਰਾਹੀਂ ਪ੍ਰਭ-ਸਿਮਰਨ-ਰੂਪ ਜੀਵਨ-ਆਦਰਸ਼ ਮਿਲਦਾ ਹੈ, ਸੋ, ਗੁਰੂ ਦੀ ਮਿਹਰ ਪ੍ਰਾਪਤ ਕਰ ਕੇ ਸਿਮਰਨ ਕਰੀਏ; ਪ੍ਰਭੂ ਨੇ ਸਿਮਰਨ ਦੀ ਬਣਤਰ ਐਸੀ ਬਣਾਈ ਹੈ ਜੋ ਮੁਕੰਮਲ ਹੈ (ਜਿਸ ਵਿੱਚ ਕੋਈ ਊਣਤਾ ਨਹੀਂ); (ਹੇ ਜੀਵ!) ਗੁਰੂ ਦੀ ਸਿੱਖਿਆ ਤੇ ਤੁਰ ਕੇ ਸਿਮਰਨ ਦਾ ਰੰਗ ਮਾਣ। ਪ੍ਰਭੂ ਹੈ ਤਾਂ ਅਪਹੁੰਚ, ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਤੇ ਅਦ੍ਰਿਸ਼ਟ; ਪਰ ਗੁਰੂ ਦੇ ਸਨਮੁਖ ਹੋਇਆਂ ਉਸ ਦੀ ਸੂਝ ਪੈ ਜਾਂਦੀ ਹੈ।}

ਇੱਕ ਓਅੰਕਾਰੀ ਗੁਰ-ਪਰਮੇਸ਼ਰ ਵਲੋਂ ਆਪਣੀ ਗੁਰ-ਗਿਆਨ ਸਰੂਪ ਕਿਰਪਾ ਦੁਆਰਾ ਜੀਵਾਂ ਨੂੰ ਸ੍ਵੈ-ਮੂਲ ਦੀ ਸੋਝੀ ਪ੍ਰਦਾਨ ਕਰਨ ਵਾਲੇ ਗੁਰਪ੍ਰਸਾਦੀ ਬਿਰਦ ਦਾ ਉਪਰੋਕਤ ਗੁਰਮਤੀ-ਰਹੱਸ, ਤਦੋਂ ਹੋਰ ਵੀ ਪ੍ਰਗਾਢ ਅਵਸਥਾ ਵਿੱਚ ਖੁਲਦਾ ਹੈ, ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਨਿਜੀ ਤਜ਼ਰਬੇ ਤੇ ਅਧਾਰਤ ਆਖਦੇ ਹਨ ਕਿ ਜਦੋਂ ਤੋਂ ਅਪਰੰਪਰ ਪਾਰਬ੍ਰਹਮੁ ਪਰਮੇਸਰੁ ਮੈਨੂੰ ਗੁਰੂ ਸਰੂਪ ਹੋ ਕੇ ਮਿਲਿਆ ਹੈ। ਭਾਵ, ਮੈਨੂੰ ਅੰਤਰ-ਆਤਮੇ ਉਸ ਨੇ ਸ੍ਵੈ-ਸੋਝੀ ਬਖ਼ਸ਼ੀ ਹੈ, ਤਦੋਂ ਤੋਂ ਮੈਨੂੰ ਪ੍ਰਤੀਤ ਹੋ ਰਿਹਾ ਹੈ ਕਿ ਉਹ ਹਰੀ ਪਰਮਾਤਮਾ ਜੋ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ, ਜੋ ਸਭਨਾਂ ਦਾ ਮੂਲ-ਤੱਤ ਹੈ ਅਤੇ ਸਭ ਥਾਂ ਜਿਸ ਦੀ ਜੋਤਿ ਵਿਆਪਕ ਹੋ ਰਹੀ ਹੈ, ਉਹ ਮੈਂ ਹਾਂ ਅਤੇ ਮੇਰੇ ਤੇ ਉਸ ਵਿੱਚ ਕੋਈ ਅੰਤਰ ਨਹੀ ਹੈ। ਹਜ਼ੂਰ ਦੇ ਇਨ੍ਹਾਂ ਬਚਨਾਂ ਤੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਉਨ੍ਹਾਂ (ਗੁਰੂ ਨਾਨਕ ਸਾਹਿਬ) ਦਾ ਗੁਰੂ ਅਕਾਲ ਪੁਰਖ ਵਾਹਿਗੁਰੂ ਸੀ, ਕੋਈ ਵਿਅਕਤੀ ਨਹੀ। ਗੁਰਵਾਕ ਹੈ:

ਤਤੁ ਨਿਰੰਜਨੁ ਜੋਤਿ ਸਬਾਈ, ਸੋਹੰ ਭੇਦੁ ਨ ਕੋਈ ਜੀਉ।।

ਅਪਰੰਪਰ ਪਾਰਬ੍ਰਹਮੁ ਪਰਮੇਸਰੁ, ਨਾਨਕ, ਗੁਰੁ ਮਿਲਿਆ ਸੋਈ ਜੀਉ।।

{ਗ. ਗ੍ਰੰ. ਪੰ. ੫੯੯}




.