. |
|
ਕਉਣ ਮਾਸ ਕਉਣ ਸਾਗ ਕਹਾਵੈ?
(ਕਿਸ਼ਤ ਨੰ: 06)
ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ
ਮਿਸ਼ਨਰੀ, ਦਿੱਲੀ
ਇਸ ਸਾਰੇ ਵੇਰਵੇ ਤੋਂ ਬਾਦ ਅਸੀਂ ਇਸ ਸਿੱਟੇ ਤੇ ਪੁੱਜਦੇ ਹਾਂ
੧. ਸ਼ਬਦ ਦੀ ਵਿਚਾਰ ਸਮਝਣ ਤੋਂ ਬਾਦ ਇਹ ਤੋਖਲਾ ਨਹੀਂ ਰਹਿ ਜਾਣਾ ਚਾਹੀਦਾ ਕਿ
ਮਾਸ ਬਾਰੇ ਗੁਰਬਾਣੀ ਦਾ ਫ਼ੈਸਲਾ ਕੀ ਹੈ? ਫ਼ਿਰ ਵੀ ਜੇ ਕੁੱਝ ਸੱਜਣ ਇਹੀ ਰੱਟ ਲਗਾਉਂਦੇ ਜਾਣ ਕਿ
ਗੁਰਬਾਣੀ `ਚ ਮਾਸ ਬਾਰੇ ਕਿੱਥੇ ਫ਼ੈਸਲਾ ਦਿੱਤਾ ਹੈ ਤਾਂ ਇਸਨੂੰ ਪੰਥਕ ਦੁਖਾਂਤ ਹੀ ਕਿਹਾ ਜਾ ਸਕਦਾ
ਹੈ।
(੨) ਮਾਸ ਜਾਂ ਸਾਗ, ਦੋਨਾਂ ਦੀ ਉਤਪਤੀ ਇਕੋ ਹੀ ਪਾਣੀ ਤੋਂ ਹੈ। ਸਮਾਜ `ਚ
ਅਜੇਹੇ ਝਗੜੇ ਪੈਦਾ ਕਰਨ ਵਾਲਿਆਂ ਨੂੰ ਗੁਰਦੇਵ ਨੇ ਮੂਰਖ ਭਾਵ ਨਾਸਮਝ ਕਿਹਾ ਹੈ, ਕਿਉਂਕਿ ਪ੍ਰਭੁ
ਰਚਨਾ ਦੇ ਨੀਯਮ `ਚ ਮਾਸ ਹੋਵੇ ਜਾਂ ਸਾਗ ਇਸ `ਚ ਭੇਦ ਨਹੀਂ।
(੩) ਸਾਰਾ ਦ੍ਰਿਸ਼ਟਮਾਨ ਸੰਸਾਰ ਮੂਲ ਰੂਪ `ਚ ਮਾਸ ਦੇ ਹੀ ਭਿੰਨ ਭਿੰਨ ਰੂਪ
ਹਨ। ਕਾਦਿਰ ਦੀ ਰਚਨਾ `ਚੋ ਇਸ ਬਾਰੇ ਦੋ ਰਾਵਾਂ ਜਾਂ ਸੋਚਣੀਆਂ ਸਾਡੀ ਅਪਣੀ ਸੋਚ ਸੀਮਾਂ ਦਾ ਅੰਤਰ
ਹਨ।
(੪) ਜਿਸ ਪਾਣੀ ਤੋਂ ਮਾਤਾ ਦਾ ਰਕਤ ਅਤੇ ਪਿਤਾ ਦਾ ਵੀਰਜ ਬਣਦਾ ਹੈ ਅਤੇ ਫ਼ਿਰ
ਦੋਨਾਂ ਦੇ ਮਿਲਾਪ ਤੋਂ ਜੀਵ ਦਾ ਜਨਮ ਹੁੰਦਾ ਹੈ। ਦਰਅਸਲ ਉਸੇ ਹੀ ਪਾਣੀ ਤੋਂ ਖੇਤ `ਚ ਕਮਾਦ, ਅੰਨ,
ਗੰਨਾ ਆਦਿ ਉਗਦਾ ਹੈ। ਦੋਨਾਂ ਦੀ ਬੁਨਿਆਦ ਇਕੋ ਹੈ, ਮੂਲ ਤੱਤ ਇਕੋ ਹੈ, ਕੇਵਲ ਸ਼ਕਲਾਂ, ਰੂਪਾਂ,
ਨਸਲਾਂ ਤੇ ਰੰਗਾਂ ਦੀ ਹੀ ਭਿੰਨਤਾ ਹੈ।
ਉਪ੍ਰੋਕਤ ਸਲੋਕ ਦਾ ਇਤਿਹਾਸਕ ਪਿਛੋਕੜ-
ਜ਼ਰੂਰੀ ਨਹੀਂ, ਗੁਰਬਾਣੀ ਦੇ ਹਰੇਕ ਸ਼ਬਦ, ਸਲੋਕ ਜਾਂ ਰਚਨਾ ਨਾਲ ਕੋਈ ਇਤਿਹਾਸਕ ਪਿਛੌਕੜ ਵੀ ਜੁੜਿਆ
ਹੋਵੇ। ਗੁਰਬਾਣੀ ਦਾ ਫ਼ੁਰਮਾਣ ਹੈ:
“ਪਰਥਾਇ ਸਾਖੀ ਮਹਾ ਪੁਰਖ ਬੋਲਦੇ
ਸਾਝੀ ਸਗਲ ਜਹਾਨੈ”
(ਪੰ: ੬੪੭) ਅਤੇ
“ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ”
(ਪੰ: ੩੩੫)
ਗੁਰਬਾਣੀ ਤਾਂ ਮਨੁੱਖਾ ਜੀਵਨ ਲਈ ਸਦੀਵਕਾਲੀ ਸਿਧਾਂਤ ਅਤੇ ਸੇਧ ਹੈ। ਫ਼ਿਰ ਵੀ
ਹੱਥਲੇ ਸਲੋਕਾਂ ਸੰਬੰਧੀ ਪਾਠਕਾਂ ਦੀ ਜਾਣਕਾਰੀ ਹਿੱਤ, ਸੰਬੰਧਤ ਸਾਖੀ ਜੋ ਮਿਲਦੀ ਹੈ ਉਸਨੂੰ ਵੀ
ਝੁਠਲਾਣਾ ਸੋਖਾ ਨਹੀਂ। ਸਾਖੀ ਇਸਤਰ੍ਹਾਂ ਹੈ:
“ਬ੍ਰਾਹਮਣ ਮੱਤ ਰਾਹੀ ਪਾਏ ਗਏ ਭਰਮਜਾਲ ਮੁਤਾਬਕ ਮਿਥਿਹਾਸਕ ਮਨੌਤ ਹੈ ਕਿ
ਰਾਹੂ `ਤੇ ਕੇਤੂ ਰਾਕਸ਼ਾਂ ਦੀ ਪੱਕੜ ਜਦ ਕਦੇ ਸੂਰਜ ਜਾਂ ਚੰਦ (ਦੇਵਤਾ) ਤੇ ਆ ਜਾਂਦੀ ਹੈ ਤਾਂ
ਉਨ੍ਹਾਂ ਪਕੜਾਂ ਨੂੰ ਸੂਰਜ ਗ੍ਰਹਿਣ `ਤੇ ਚੰਦ੍ਰ ਗ੍ਰਹਿਣ ਦਾ ਨਾਮ ਦਿਤਾ ਜਾਂਦਾ ਹੈ। ਅਜੇਹੇ ਸੂਰਜ
ਗ੍ਰਿਹਣ ਦੇ ਮੌਕੇ ਤੇ ਇਸ ਪਖੋਂ ਅੰਧ-ਵਿਸ਼ਵਾਸੀ ਲੋਕ ਉਚੇਚੇ ਕੁਰਖੇਤ੍ਰ ਪੁਜ ਕੇ ਗ੍ਰਿਹਣ ਹਟ ਜਾਣ
ਤੋਂ ਉਥੇ ਸਰੋਵਰ `ਚ ਇਸ਼ਨਾਨ ਕਰਦੇ ਹਨ। ਉਨ੍ਹਾਂ ਅਨੁਸਾਰ ਗ੍ਰਿਹਣ ਸਮੇਂ ਸੂਰਜ (ਜਾਂ ਚੰਦ), ਚੂੰਕਿ
ਰਾਹੂ ਕੇਤੂ ਦੀ ਪਕੜ `ਚ ਹੁੰਦਾ ਹੈ ਅਤੇ ਬ੍ਰਾਹਮਣੀ ਵਿਸ਼ਵਾਸਾਂ ਅਨੁਸਾਰ ਜ਼ਰੂਰੀ ਹੁੰਦਾ ਹੈ ਕਿ ਉਸ
ਦੋਹਰਾਨ ਕੋਈ ਚੁੱਲ੍ਹਾ ਨਹੀਂ ਬਾਲਨਾ, ਇਸ਼ਨਾਨ ਨਹੀਂ ਕਰਨਾ। ਉਸ ਸਮੇਂ ਪੂਜਾ-ਪਾਠ ਰਾਹੀਂ ਕੇਵਲ ਇਹੀ
ਕਾਮਨਾ ਕਰਨੀ ਕਿ ਸੂਰਜ (ਜਾਂ ਚੰਦ) ਦੇਵਤਾ, ਇਨ੍ਹਾ ਰਾਕਸ਼ਾ ਦੀ ਪਕੜ ਤੋਂ ਆਜ਼ਾਦ ਹੋ ਜਾਵੇ। ਕਿਉਂਕਿ
ਜੇਕਰ ਅਜੇਹਾ ਨਾ ਹੋਇਆ ਤਾਂ ਸੰਸਾਰ ਚੱਕਰ ਨਹੀਂ ਚਲ ਸਕੇਗਾ।
ਸਮੇਂ ਦੇ ਨਾਲ ਵਿਗਿਆਨਕ ਖੋਜਾਂ ਨੇ ਸਾਬਤ ਕਰ ਦਿਤਾ ਹੈ ਕਿ ਇਹ ਸਭ
ਬ੍ਰਾਹਮਣੀ ਮਾਇਆਜਾਲ ਹੈ, ਤਾਕਿ ਇਨ੍ਹਾਂ ਭਰਮਾਂ ਦਾ ਸ਼ਿਕਾਰ ਅਗਿਆਨੀ ਲੋਕ ਉਸ ਸਮੇਂ ਦਾਨ-ਪੁੰਨ ਦੇ
ਨਾਮ ਤੇ ਬ੍ਰਾਹਮਣਾ ਨੂੰ ਵੱਧ ਤੋਂ ਵੱਧ ਦਾਨ-ਦੱਛਣਾ ਦੇਣ ਅਤੇ ਇਸਦੇ ਪਿਛੇ ਹੋਰ ਕੁੱਝ ਨਹੀਂ। ਸਾਇੰਸ
ਤਾਂ ਫ਼ਿਰ ਵੀ ਅਜ ਦੀ ਗਲ ਹੈ ਪਰ ਗੁਰਦੇਵ ਨੇ ਤਾਂ ਸਦੀਆਂ ਪਹਿਲਾਂ ਸੱਚਾਈ ਨੂੰ ਪ੍ਰਗਟ ਕਰ ਦਿਤਾ ਅਤੇ
ਲੋਕਾਈ ਨੂੰ ਇਸ ਭਰਮ ਜਾਲ ਵਲੋਂ ਸੁਚੇਤ ਕਰ ਦਿਤਾ ਸੀ। ਫ਼ਿਰ ਵੀ ਵਹਿਮੀ ਅਤੇ ਅੰਧਵਿਸ਼ਵਾਸੀ ਲੋਕ ਜੋ
ਕੁਰਖੇਤ ਨਹੀਂ ਵੀ ਜਾਂਦੇ ਪਰ ਅਜੇਹੇ ਸਮੇਂ ਅਪਣੇ ਗ੍ਰਿਹ ਵਿਖੇ ਉਸ ਦੌਹਰਾਨ ਅਜ ਵੀ ਚੁੱਲ੍ਹਾ ਨਹੀਂ
ਬਾਲਦੇ, ਇਸ਼ਨਾਨ ਨਹੀਂ ਕਰਦੇ। ਉਂਝ ਇਨ੍ਹਾਂ ਵਿਸ਼ਵਾਸਾਂ ਵਾਲੇ ਲਖਾਂ ਲੋਕ ਅਜੇਹੇ ਸਮੇਂ ਉਚੇਚੇ
ਕੁਰਖੇਤ ਪੁਜਦੇ ਹਨ। ਗ੍ਰਿਹਣ ਉਪਰੰਤ ਇਸ਼ਨਾਨ ਕਰਕੇ ਬ੍ਰਾਹਮਣਾਂ ਨੂੰ ਦਾਨ ਪੁੰਨ ਕਰਨ ਤੋਂ ਬਾਦ ਹੀ
ਚੁਲ੍ਹੇ ਬਾਲਦੇ ਅਤੇ ਅਪਣੇ ਛਕਣ ਦਾ ਪ੍ਰਬੰਧ ਕਰਦੇ ਹਨ।
ਅਜੇਹੇ ਹੀ ਇੱਕ ਸੂਰਜ ਗ੍ਰਿਹਣ ਸਮੇਂ ਲੋਕਾਈ ਨੂੰ ਇਸ ਭਰਮਜਾਲ ਚੋਂ ਕੱਢਣ ਲਈ
ਗੁਰੂ ਨਾਨਕ ਪਾਤਸ਼ਾਹ ਉਚੇਚੇ ਕੁਰਖੇਤ ਪੁਜੇ। ਕਾਦਿਰ ਦੀ ਕਰਨੀ, ਉਸ ਸਮੇਂ ਇੱਕ ਰਾਜਕੁਮਾਰ ਜਿਸਨੇ
ਤਾਜ਼ਾ-ਤਾਜ਼ਾ ਹਿਰਨ ਦਾ ਸ਼ਿਕਾਰ ਕੀਤਾ ਸੀ ਲਿਆਕੇ ਗੁਰਦੇਵ ਦੀ ਸੇਵਾ `ਚ ਭੇਟ ਕੀਤਾ। ਇਥੋਂ ਇਹ ਵੀ
ਸਾਬਤ ਹੁੰਦਾ ਹੈ ਕਿ ਗੁਰਦੇਵ ਨੂਂ ਮਾਸ ਸੰਬੰਧੀ ਨਾ ਕੋਈ ਪ੍ਰਹੇਜ਼ ਸੀ ਅਤੇ ਨਾ ਹੀ ਭਰਮ। ਨਹੀਂ ਤਾਂ
ਰਾਜਕੁਮਾਰ ਗੁਰਦੇਵ ਅਗੇ ਅਜੇਹੀ ਭੇਟ ਹਾਜ਼ਰ ਹੀ ਕਿਉਂ ਕਰਦਾ? ਖੈਰ! ਗੁਰਦੇਵ ਨੇ ਵੀ ਸੂਰਜ ਗ੍ਰਿਹਣ
ਦੌਰਾਨ ਹੀ ਚੁਲ੍ਹਾ ਬਾਲ ਕੇ ਉਸ ਹਿਰਨ ਨੂੰ ਰਿੰਨਣ ਲਈ ਰਖ ਦਿੱਤਾ। ਗੁਰਦੇਵ ਵਲੋਂ ਸੱਚ ਦੇ ਪ੍ਰਕਾਸ਼
ਦੇ ਰਾਹ ਤੇ ਇਹ ਇੰਨੀ ਵੱਡੀ ਸੂਰਮਤਾਈ ਸੀ ਜਿਸ ਨੂੰ ਕਿ ਆਮ ਇਨਸਾਨ ਸੋਚ ਵੀ ਨਹੀਂ ਸਕਦਾ। ਫ਼ਿਰ ਉਹ
ਵੀ ਅਜੇਹੇ ਸਥਾਨ `ਤੇ ਪੁੱਜ ਕੇ ਜਿੱਥੇ ਸਮੇਂ ਅਨੁਸਾਰ ਲਖਾਂ ਦੀ ਗਿਣਤੀ `ਚ ਵੱਡੇ ਭਰਮੀ ਕੱਠੇ ਹੋਏ
ਪਏ ਸਨ।
ਆਖਿਰ ਲੋਕਾਈ ਨੂੰ ਅਗਿਆਣਤਾ ਦੇ ਹਨੇਰੇ ਅਤੇ ਇਸ ਭਰਮਜਾਲ ਚੋਂ ਕੱਢਣ ਲਈ ਹੀ
ਤਾਂ ਗੁਰੂ ਪਿਤਾ ਨੇ ਇਹ ਢੰਗ ਵਰਤਿਆ ਸੀ। ਉਂਝ ਵੀ ਸੱਚ ਦੇ ਪ੍ਰਸਾਰ ਲਈ ਉਨਾਂ ਦਾ ਪਹਿਲੇ ਦਿਨ ਤੋਂ
ਹੀ ਇਹ ਢੰਗ ਸੀ। ਅਗਿਆਨਤਾ `ਤੇ ਬ੍ਰਾਹਮਣੀ ਵਿਸ਼ਵਾਸਾਂ ਦੇ ਜੂਲੇ `ਚ ਫਸੇ ਲਖਾਂ ਦਾ ਇਕੱਠ ਅਤੇ
ਉਨ੍ਹਾਂ ਵਿਚਕਾਰ ਇਕੱਲਾ ਮਰਦਸੂਰਮਾ ਗੁਰੂ ਨਾਨਕ ਅਤੇ ਉਨ੍ਹਾਂ ਨਾਲ ਭਾਈ ਮਰਦਾਨਾ, ਸਾਰੇ ਪਾਸੇ ਹਾਏ
ਤੋਬਾ ਮੱਚ ਗਈ। ਗੁਰਦੇਵ ਦੀ ਇਸ ਖੇਡ ਦਾ ਤਾਂ ਮੱਕਸਦ ਹੀ ਅਗਿਆਨਤਾ ਦੇ ਘੁੱਪ ਹਨੇਰੇ `ਚ ਸੁਤਿਆਂ
ਨੂੰ ਝੰਜੋੜ ਕੇ ਜਗਾਣਾ ਸੀ। ਇੱਕ ਪਾਸੇ ਗੁਰੂ ਨਾਨਕ ਦਰ ਦੇ ਉਹ ਸੱਤਸੰਗੀ ਜਿਨ੍ਹਾਂ ਦੀ ਗਿਣਤੀ
ਦਿਨੋਦਿਨ ਵੱਧ ਰਹੀ ਸੀ, ਦੂਜੇ ਪਾਸੇ ਅੰਧਵਿਸ਼ਵਾਸੀਆਂ ਦਾ ਹਜੂਮ।
ਅੰਧਵਿਸ਼ਵਾਸੀਆਂ ਦਾ ਆਗੂ ਸੀ ਪੰਡਤ ਨੈਨੂ ਅਤੇ ਉਸਦੇ ਲਖਾਂ ਪੈਰੋਕਾਰਾਂ ਦਾ
ਹੜ। ਸਾਖੀ ਅਨੁਸਾਰ ਗੁਰਦੇਵ ਨੇ ਉਨ੍ਹਾਂ ਲੋਕਾਂ ਨੂੰ ਸਮਝਾਉਣ ਲਈ ਉਥੇ ਉਪ੍ਰੋਕਤ ਦੋਨਾਂ ਸਲੋਕਾਂ ਦਾ
ਉਚਾਰਣ ਅਤੇ ਨਾਲ ਉਸ ਆਧਾਰ ਤੇ ਵਿਚਾਰ ਵਿਟਾਂਦਰੇ ਨਾਲ ਸਾਰਿਆਂ ਨੂੰ ਨਿਰੁਤਰ ਕਰ ਦਿਤਾ। ਇਸ ਸਾਰੇ
ਦਾ ਨਤੀਜਾ ਉਹੀ ਪੰਡਤ ਨੈਨੂ ਜੋ ਪਹਿਲਾਂ ਲੋਹ ਲਾਖਾ ਹੋ ਰਿਹਾ ਸੀ ਅਤੇ ਵਿਰੋਧੀਆਂ ਦਾ ਆਗੂ ਸੀ,
ਸੱਚਾਈ ਪ੍ਰਗਟ ਹੋਣ ਬਾਦ ਪਾਤਸ਼ਾਹ ਦੇ ਚਰਣੀ ਢੱਠਾ। ਗੁਰਦੇਵ ਨੇ ਉਸਨੂੰ ਉਸ ਇਲਾਕੇ ਲਈ ਗੁਰੂਦਰ ਦਾ
ਪ੍ਰਚਾਰਕ ਥਾਪਿਆ।
ਕਿਤਨੀ ਹੈਰਾਨੀ ਦੀ ਗਲ ਹੈ ਜਦੋਂ ਸਦੀਆਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ
ਰਾਹੀਂ ਪ੍ਰਗਟ ਸੂਰਜ-ਚੰਦ ਗ੍ਰਿਹਣ ਵਾਲੀਆਂ ਸੱਚਾਈਆਂ ਸੰਸਾਰ ਸਾਹਮਣੇ ਪੂਰੀ ਤਰ੍ਹਾਂ ਪ੍ਰਗਟ ਹੋ
ਚੁਕੀਆਂ ਹਨ। ਇਸਦੇ ਨਾਲ ਨਾਲ ਰਾਹੂ-ਕੇਤੂ ਵਾਲੀਆਂ ਮਿਥਿਹਾਸਕ ਮਨੌਤਾਂ ਵੀ ਅਪਣੀ ਹੋਂਦ ਗੁਆ ਚੁਕੀਆਂ
ਹਨ, ਅੱਜ ਵੀਹਵੀ `ਤੇ ਇਕੀਵੀ ਸਦੀ ਦੇ ਕੁੱਝ ਲਿਖਾਰੀ ਬਦੋਬਦੀ ਲਿਖਣ ਦਾ ਜਤਨ ਕਰ ਰਹੇ ਹਨ ਕਿ
ਪਾਤਸ਼ਾਹ ਨੇ ਜਦੋਂ ਢੱਕਣ ਚੁਕਿਆਂ ਤਾਂ ਚੁਲ੍ਹੇ ਤੇ ਹਿਰਨ ਦਾ ਮਾਸ ਨਹੀਂ ਬਲਕਿ ਖੀਰ ਸੀ। ਖੂਬੀ ਇਹ
ਕਿ ਜਦੋਂ ਪੁਰਾਤਨ ਜਨਮ ਸਾਖੀਆਂ `ਚ ਇਸ ਘਟਨਾ ਸੰਬੰਧੀ ਸੰਬਾਦ ਤੀਕ ਮੌਜੂਦ ਹਨ। ਇਸਤੋਂ ਬਾਦ ਮਾਸ
ਇੱਕ ਅਜੇਹਾ ਪੱਕਵਾਨ ਹੈ ਜਿਸਦੀ ਖੁਸ਼ਬੂ ਹੀ ਵੱਖਰੀ ਹੁੰਦੀ ਹੈ। ਤੀਜੀ ਗਲ, ਜੇਕਰ ਇਹ ਵੀ ਮੰਨ ਲਿਆ
ਜਾਵੇ ਕਿ ਇਹ ਹਿਰਨ ਦਾ ਮਾਸ ਨਹੀਂ, ਖੀਰ ਸੀ ਤਾਂ ਵੀ ਅਜੇਹੇ ਲਿਖਾਰੀ ਚੁਲ੍ਹਾ ਬਾਲਣ ਵਾਲੀ ਘਟਨਾ
ਨੂੰ ਤਾਂ ਫ਼ਿਰ ਵੀ ਨਹੀਂ ਕੱਟ ਸਕੇ।
ਦਰਅਸਲ ਕੀ ਅਜੇਹੇ ਕਮਜ਼ੋਰ ਲਿਖਾਰੀ ਗੁਰਦੇਵ ਦੀ ਇਸ ਬੇਅੰਤ ਸੂਰਮਤਾਈ ਵਾਲੀ
ਘਟਨਾ ਤੋਂ ਬਾਦ ਇਹ ਸਾਬਤ ਕਰਨਾ ਚਾਹੁੰਦੇ ਹਨ ਕਿ ਗੁਰਦੇਵ ਨੇ ਗੋਡੇ ਟੇਕ ਦਿੱਤੇ ਅਤੇ ਹਿਰਨ ਦੇ ਮਾਸ
ਨੂੰ ਖੀਰ `ਚ ਬਦਲਕੇ ਗਲ ਮੁੱਕਾ ਦਿੱਤੀ। ਇੰਨਾ ਹੀ ਨਹੀ ਸਾਡੇ ਮਾਸ ਵਿਰੋਧੀ ਸੱਜਣ ਤਾਂ ਇਥੋਂ ਤੀਕ
ਕਹਿੰਦੇ ਸੁਣੇ ਹਨ `ਚਲੋ ਮੰਨ ਲਿਆ ਗੁਰਦੇਵ ਨੇ ਹਿਰਣ ਹੀ ਰਿੰਨਿਆ ਸੀ ਪਰ ਰਿਨੰਣ ਤੋਂ ਬਾਦ ਉਸ ਨੂੰ
ਖਾਣ ਦਾ ਕੀ ਸਬੂਤ ਹੈ, ਕਿ ਉਹ ਖਾਧਾ ਵੀ ਕਿ ਨਹੀ? ਕਿੰਨੀ ਹਾਸੋਹੀਣੀ ਮੰਤਕ ਹੈ, ਜੇ ਰਿੰਨਣ ਦੀ ਗਲ
ਪੱਕੀ ਹੋ ਗਈ ਤਾਂ ਖਾਣ ਬਾਰੇ ਭੁਲੇਖਾ ਕਾਹਦਾ?
ਆਖਿਰ ਅਜ ਸਿੱਖ ਇਤਿਹਾਸ ਨਾਲ ਹੋ ਕੀ ਰਿਹਾ ਹੈ? ਸੱਚਾਈ ਇਹ ਹੈ ਕਿ ਉਸ ਸਮੇਂ
ਨਾਲ ਸੰਬੰਧਤ ਜੇਕਰ ਇਹ ਗੁਰਬਾਣੀ ਰਚਨਾ ਵੀ ਮੌਜੂਦ ਨਾ ਹੁੰਦੀ, ਤਾਂ ਸ਼ਾਇਦ ਅਜੇਹਾ ਭੁਲੇਖਾ ਪੈ ਵੀ
ਜਾਂਦਾ ਅਤੇ ਵੀ ਪਾ ਦਿੱਤਾ ਜਾਂਦਾ। ਠੀਕ ਉਸੇਤਰ੍ਹਾਂ, ਜਿਵੇਂ ਮਾਸ ਵਿਰੋਧੀ ਸੱਜਣਾ ਵਲੋਂ, ਹੋਰ
ਸੰਬੰਧਤ ਸਾਖੀਆਂ ਨਾਲ ਅਜੇਹੇ ਬਦੋਬਦੀ ਦੇ ਜਤਨ ਕੀਤੇ ਜਾ ਰਹੇ ਹਨ। ਖੈਰ! ਕੁਰਖੇਤ ਵਾਲੀ ਸਾਖੀ ਨੂੰ,
ਅਜੌਕੇ ਸਮੇਂ `ਚ ਪੰਥ ਦੀ ਸਤਿਕਾਰਜੋਗ ਹਸਤੀਆਂ ਭਾਈ ਵੀਰ ਸਿੰਘ ਅਤੇ ਡਾਕਟਰ ਸਾਹਿਬ ਸਿੰਘ ਜੀ ਨੇ
ਬੜੇ ਸੁਲਝੇ ਢੰਗ ਨਾਲ ਬਿਆਨਿਆ ਹੈ। ਸੱਚਾਈ ਇਹ ਹੈ ਕਿ ਚੂੰਕਿ ਕੁਰਖੇਤ ਵਾਲੀ ਇਸ ਘਟਣਾ ਨਾਲ ਸੰਬੰਧਤ
ਗੁਰਬਾਣੀ ਰਚਨਾ ਦੀ ਮੌਜੂਦਗੀ `ਚ ਮਿਲਾਵਟ ਸੰਭਵ ਹੀ ਨਹੀਂ ਸੀ।
“ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ” - ਗੁਰਦੇਵ
ਦੇ ਉਪਰ ਬਖਸ਼ੇ ਸ਼ਬਦ ਬਾਰੇ ਆਏ ਇਤਿਹਾਸਕ ਵੇਰਵੇ ਤੋਂ ਇਹ ਗਲ ਆਪ ਮੁਹਾਰੇ ਸਪੱਸ਼ਟ ਹੋ
ਜਾਂਦੀ ਕਿ ਇਹ ਵਿਸ਼ਾ ਸਾਡਾ ਹੈ ਹੀ ਨਹੀਂ ਸੀ। ਮਾਸ ਵਾਲਾ ਇਹ ਝੱਗੜਾ ਤਾਂ ਆਪਣੀ ਹੀ ਕਿਸੇ ਨਾਸਮਝੀ
ਕਾਰਣ ਅਸਾਂ ਬਦੋਬਦੀ ਅਪਣੇ ਗਲ ਪਾ ਲਿਆ ਹੈ। ਸੰਸਾਰ ਪੱਧਰ ਤੇ ਦੇਖ ਲਵੋ ਸਾਈਬੇਰੀਆ ਭਾਵ ਉਤਰੀ `ਤੇ
ਦੱਖਣੀ ਧਰੁਵ ਆਦਿ ਸੰਸਾਰ ਅੰਦਰ ਕੁੱਝ ਅਜੇਹੇ ਇਲਾਕੇ ਵੀ ਹਨ ਜਿੱਥੇ ਸਾਗ-ਸਬਜ਼ੀ ਹੁੰਦੀ ਹੀ ਨਹੀਂ।
ਆਖਿਰ ਉਹ ਧਰਤੀ ਅਤੇ ਉਸ ਧਰਤੇ ਦੇ ਵਾਸੀ ਮਨੁੱਖ ਵੀ ਤਾਂ ਕਰਤਾਰ ਨੇ ਹੀ ਬਣਾਏ ਹਨ। ਜੇਕਰ ਸੱਚਮੁਚ
ਮਾਸ ਮਨੁੱਖੀ ਭੋਜਨ ਹੀ ਨਹੀਂ ਸੀ ਤਾਂ ਕਰਤਾ ਉਥੇ ਮਨੁੱਖਾਂ ਨੂੰ ਜਨਮ ਹੀ ਨਾ ਦੇਂਦਾ ਅਤੇ ਜੇ ਉਸਨੇ
ਉਨ੍ਹਾਂ ਨੂੰ ਉਥੇ ਜਨਮ ਦੇਣਾ ਹੀ ਸੀ ਤਾਂ ਸਾਗ-ਸਬਜ਼ੀ-ਅੰਨ ਦੀ ਤਰਜ਼ ਤੇ ਉਨ੍ਹਾਂ ਲਈ ਉਥੇ ਭੋਜਨ ਦਾ
ਕੋਈ ਉਸੇਤਰ੍ਹਾਂ ਦਾ ਹੀ ਵਸੀਲਾ ਵੀ ਬਣਾ ਦੇਂਦਾ। ਪਰ ਅਭੁੱਲ ਕਰਤੇ ਨੇ ਅਜੇਹਾ ਨਹੀਂ ਕੀਤਾ, ਉਥੇ
ਮਨੁੱਖ ਵੀ ਪੈਦਾ ਕੀਤੇ ਹਨ ਅਤੇ ਗੁਰਬਾਣੀ ਦਾ ਇਸਬਾਰੇ ਫ਼ੈਸਲਾ ਵੀ ਇਹੀ ਹੈ:
“ਪਹਿਲੋ ਦੇ ਤੈਂ ਰਿਜਕੁ ਸਮਾਹਾ॥ ਪਿਛੋ ਦੇ ਤੈਂ ਜੰਤੁ ਉਪਾਹਾ”
(ਪੰ: ੧੩੦)
ਜਿਸਦੇ ਅਰਥ ਹਨ ਕਿ ਕਰਤਾ ਪਹਿਲਾਂ ਰਿਜ਼ਕ ਦਾ ਪ੍ਰਬੰਧ ਕਰਦਾ ਹੈ ਅਤੇ ਬਾਦ `ਚ
ਜੀਵ ਨੂੰ ਜਨਮ ਦੇਂਦਾ ਹੈ। ਕਰਤੇ ਦੇ ਉਸ ਇਲਾਹੀ ਸਿਧਾਂਤ ਅਨੁਸਾਰ ਵੀ ਉਨ੍ਹਾਂ ਉਤਰੀ ਤੇ ਦਖਣੀ
ਧਰੁਵਾਂ ਦੇ ਮਨੁੱਖਾਂ ਲਈ ਕੇਵਲ ਰਿਜ਼ਕ ਹੀ ਨਹੀਂ ਬਲਕਿ ਉਨ੍ਹਾਂ ਦੇ ਸੰਪੂਰਣ ਪਹਿਰਾਵੇ ਸਮੇਤ ਉਨ੍ਹਾ
ਲੋਕਾਂ ਲਈ ਕਰਤਾਰ ਨੇ ਆਪ ਹੀ ਰੇੰਡੀਅਰ ਦਾ ਮਾਸ ਵਾਲਾ ਨੀਯਮ ਘੜਿਆ ਹੈ। ਜੇਕਰ ਮਾਸ ਸੱਚਮੁਚ ਹੀ
ਇਨਸਾਨੀ ਭੋਜਨ ਨਾ ਹੁੰਦਾ ਤਾਂ ਕਰਤਾਰ ਵਲੋਂ ਜਾਂ ਤਾਂ ਉੱਥੇ ਮਾਨਵ ਦੀ ਸਿਰਜਣਾ ਨਾ ਹੁੰਦੀ ਜਾਂ ਉਸ
ਲਈ ਰਿਜ਼ਕ ਦਾ ਪ੍ਰਬੰਧ ਵੀ ਕੋਈ ਦੂਜਾ ਹੁੰਦਾ। ਸ਼ਾਇਦ ਸਾਡੇ ਮਾਸ ਵਿਰੋਧੀ ਸੱਜਣਾ ਲਈ ਇਸ ਤੋਂ ਵੱਡਾ
ਹੋਰ ਕੋਈ ਸਬੂਤ ਨਹੀਂ ਮਾਸ ਕਰਤੇ ਵਲੋਂ ਹੀ ਮਨੁੱਖੀ ਭੋਜਨ ਹੈ।
ਸੰਸਾਰ ਪੱਧਰ ਦਾ ਮਨੁੱਖੀ ਭੋਜਨ ਹੈ ਮਾਸ-
ਇਸ ਮਾਸ ਵਾਲੇ ਵਿਸ਼ੇ ਨੂੰ ਜੇਕਰ ਥੋੜਾ ਹੋਰ
ਗਹਿਰਾਈ ਤੋਂ ਲਈਏ ਤਾਂ ਸਿਵਾਇ ਭਾਰਤ ਦੇ ਕੁੱਝ ਵੈਸ਼ਨਵੀ ਜਾਂ ਜੈਨੀ ਲੋਕਾਂ ਨੂੰ ਛੱਡਕੇ, ਸਾਰੇ ਭਾਰਤ
ਦੀ ਵਸੋਂ ਮਾਸ ਛੱਕਣ ਵਾਲੀ ਹੈ। ਇਸਤੋਂ ਬਾਦ ਦੇਖੋਗੇ ਤਾਂ ਸਿਵਾਏ ਭਾਰਤ ਦੇ ਲਗਭਗ ਸਾਰੇ ਸੰਸਾਰ `ਚ
ਮਾਸ ਛੱਕਣ ਬਾਰੇ ਕੋਈ ਝੱਗੜਾ ਹੈ ਹੀ ਨਹੀ। ਗੁਰਬਾਣੀ ਵਿਚੋਂ ਵੀ ਇਸਬਾਰੇ ਕਾਫ਼ੀ ਰਚਨਾਵਾਂ, ਬਲਕਿ
ਖਾਸਕਰ ਉਹ ਰਚਨਾਵਾਂ ਜਿਨ੍ਹਾਂ ਬਾਰੇ ਮਾਸ ਵਿਰੋਧੀ ਹੋਣ ਦਾ ਟੱਪਲਾ ਖਾਧਾ ਗਿਆ, ਉਹਨਾ ਵਿਚੋਂ ਇੱਕ
ਵੀ ਰਚਨਾ ਮਾਸ ਵਿਰੁਧ ਸਾਬਤ ਨਹੀਂ ਹੋਈ, ਇਸਦੇ ਬਾਵਜੂਦ, ਗੁਰੂ ਨਾਨਕ ਦੇ ਵੇਹੜੇ ਇਹ ਝੱਗੜਾ ਕਿਉਂ?
ਸੰਸਾਰ ਪੱਧਰ ਤੇ ਦੇਖੀਏ ਤਾਂ ਡਾਕਟਰੀ, ਇੰਡਸਟਰੀਅਲ, ਖੇਤੀ-ਬਾੜੀ, ਇਲੈਕਟਰੋਨਿਕ ਤੋਂ ਲੈਕੇ ਕਾਸਮੋਸ
ਤੀਕ ਜਿੰਨੇ ਵੀ ਉਪਰਲੇ ਖਿਤਿਆਂ `ਚ ਮਨੁੱਖ ਨੇ ਤਰੱਕੀ ਕੀਤੀ ਹੈ। ਉਨ੍ਹਾਂ ਲੋਕਾਂ `ਚੋਂ ਕਿੱਧਰੇ ਵੀ
ਉਹ ਲੋਕ ਅਜੇਹੇ ਫ਼ਾਲਤੂ ਝਗੜਿਆਂ ਦਾ ਸ਼ਿਕਾਰ ਨਹੀਂ ਮਿਲਣਗੇ। ਬਲਕਿ ਉਹ ਲੋਕ ਤਾਂ ਕਰਤੇ ਦੀ ਦੇਣ ਨੂੰ
ਮਨੁੱਖ ਮਾਤ੍ਰ ਦੇ ਵਾਧੇ ਲਈ ਉਪਲਬਧੀਆਂ `ਚ ਹੀ ਲਗਾਂਦੇ ਹਨ। ਇਥੇ ਗੁਰੂਦਰ ਤੇ ਜਦੋਂਕਿ ਗੁਰੂ
ਪਾਤਸ਼ਾਹ ਵਲੋਂ ਵੀ ਇਸ ਬਾਰੇ ਸਖਤ ਤਾੜਣਾ ਹੈ ਕਿ “ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ
ਨਹੀ ਜਾਣੈ” ਤਾਂ ਵੀ ਅਸੀਂ ਇਨ੍ਹਾਂ ਬੇਸਿਰਪੈਰ ਦੇ ਝਗੜਿਆਂ `ਚ ਫ਼ਸੇ ਰਹੀਏ ਤਾਂ ਕਿਹਾ ਜਾ ਸਕਦਾ
ਹੈ ਕਿ ਗੁਰੂ ਪਾਤਸ਼ਾਹ ਦੇ ਇਸ ਉਲ੍ਹਾਮੇ ਵਲੋਂ “ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ
ਚੂਕ … “ (ਪੰ: ੧੩੭੮)
ਕਿਸੇ ਤਰ੍ਹਾਂ ਨਹੀਂ ਬਚ ਸਕਾਂਗੇ।
ਭਗਤ ਸਧਨਾ ਜੀ ਅਤੇ ਮਾਸ ਦਾ ਭੋਜਨ-
ਇਸ ਸਚਾਈ ਵਲ ਵਧਦੇ ਇੱਕ ਹੋਰ ਗਲ ਨੂੰ ਅਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਗੁਰਬਾਣੀ ਖਜ਼ਾਨੇ `ਚ
ਗੁਰੂਨਾਨਕ ਪਾਤਸ਼ਾਹ ਨੇ ਆਪ ਬਖਸ਼ਿਸ਼ ਕਰਕੇ ਪੰਦਰ੍ਹਾਂ ਭਗਤਾਂ ਦੀ ਬਾਣੀ ਦਰਜ ਕੀਤੀ ਹੈ। ਇਨ੍ਹਾਂ
ਪੰਦਰ੍ਹਾਂ ਭਗਤਾਂ ਵਿਚੋਂ ਦੋ ਭਗਤ ਅਜੇਹੇ ਹਨ ਜਿਨ੍ਹਾਂ ਦਾ ਜੀਵਨ ਭਰ ਕਿੱਤਾ ਹੀ ਮਾਸ ਨਾਲ ਸੰਬੰਧਤ
ਹੈ। ਪਹਿਲੇ ਨੰਬਰ ਤੇ ਆਉਂਦੇ ਹਨ ਰਵੀਦਾਸ ਜੀ ਜਿਨ੍ਹਾਂ ਬਾਰੇ ਗੁਰਬਾਣੀ ਦਾ ਫ਼ੁਰਮਾਨ ਹੈ
“ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ”
(ਪੰ: ੪੮੭)
ਭਾਵ ਰਵੀਦਾਸ ਜੀ ਦਾ ਤਾਂ ਕਿੱਤਾ ਹੀ ਮੋਏ ਹੋਏ ਡੰਗਰਾਂ
ਨੂੰ ਢੋਣਾ ਸੀ। ਇਸਤੋਂ ਬਾਦ ਦੂਜੇ ਨੰਬਰ ਤੇ ਆਉਂਦੇ ਹਨ ਭਗਤ ਸਧਨਾ ਜੀ, ਜਿਨ੍ਹਾਂ ਦਾ ਪੇਸ਼ਾ ਹੀ
ਕਸਾਈ ਦਾ ਸੀ। ਜੇਕਰ ਗੁਰੂ ਪਾਤਸ਼ਾਹ ਨੂੰ ਸੱਚਮੁਚ ਹੀ ਮਾਸ ਦਾ ਵਿਰੋਧ ਹੁੰਦਾ ਤਾਂ ਇਹ ਭਗਤ ਪ੍ਰਵਾਣ
ਹੀ ਕਿਵੇਂ ਹੋ ਸਕਦੇ ਸਨ? ਗੁਰੂ ਗ੍ਰੰਥ ਜੀ ਅੰਦਰ ਬਾਕੀ ਭਗਤਾਂ `ਤੇ ਲਿਖਾਰੀਆਂ ਨਾਲ ਇਹ ਦੋਵੇ ਭਗਤ
ਵੀ ਉਹ ਹਨ ਜਿਨ੍ਹਾਂ ਦੇ ਚਰਣਾਂ `ਚ ਹਰੇਕ ਗੁਰੂਨਾਨਕ ਨਾਮ ਲੇਵਾ ਮੱਥਾ ਟੇਕਦਾ ਹੈ ਅਤੇ ਇਸ ਕਾਰਜ
ਅੰਦਰ ਸਾਡੇ ਮਾਸ ਵਿਰੋਧੀ ਵੀ ਉਸੇਤਰ੍ਹਾਂ ਸ਼ਾਮਲ ਹਨ ਜਿਸਤਰ੍ਹਾਂ ਕਿ ਦੂਜੇ, ਇਸਦੇ ਬਾਵਜੂਦ ਇਸ ਵਿਸ਼ੇ
ਤੇ ਖਿਚਾਤਾਣੀ ਕਿਉਂ?
ਦੁਧ ਤੇ ਮਾਸ ਦਾ ਆਪਸੀ ਰਿਸ਼ਤਾ? -
ਹੋਰ ਲਵੋ! ਅਜੋਕਾ ਵਿਗਿਆਨ ਸਾਬਤ ਕਰ ਚੁੱਕਾ ਹੈ ਕਿ ਦੁੱਧ
ਅਪਣੇ ਆਪ `ਚ ਸਿੱਧੇ ਤੌਰ ਤੇ ਤਰਲ ਮਾਸ ਹੀ ਹੁੰਦਾ ਹੈ। ਵਿਗਿਆਨਕਾਂ ਅਨੁਸਾਰ ਇਹੀ ਕਾਰਣ ਹੈ ਕਿ ਜਿਸ
ਗਊ-ਮੱਝ ਦੇ ਸਰੀਰ `ਚ ਖੂਨ ਦਾ ਘਾਟਾ ਹੋ ਜਾਵੇ ਉਹ ਜਾਨਵਰ ਦੁੱਧ ਦੀ ਉਤਪਤੀ ਦੇ ਯੋਗ ਨਹੀਂ ਰਹਿੰਦਾ
ਜਾਂ ਉਸਦਾ ਦੁੱਧ ਬਹੁਤ ਘੱਟ ਜਾਂਦਾ ਹੈ। ਇਸੇਤਰ੍ਹਾਂ ਇਨਸਾਨੀ ਜ਼ਿੰਦਗੀ `ਚ ਵੀ ਦੇਖ ਲਵੋ! ਜਿਸ ਮਾਤਾ
ਦੇ ਸਰੀਰ `ਚ ਖੂਨ ਘੱਟ ਬਣਦਾ ਹੋਵੇ ਜਾਂ ਘੱਟ ਜਾਵੇ, ਉਸਦੀਆਂ ਛਾਤੀਆਂ `ਚ ਬੱਚੇ ਲਈ ਦੁੱਧ ਦੀ ਵੀ
ਘਾਟ ਆ ਜਾਂਦੀ ਹੈ। ਹੋਰ ਤਾਂ ਹੋਰ! ਜਨਮ ਤੋਂ ਪਹਿਲਾਂ ਨਾਭੀ ਰਾਹੀਂ ਜੋ ਖੁਰਾਕ ਬੱਚੇ ਨੂੰ ਪੁੱਜ
ਰਹੀ ਹੁੰਦੀ ਹੈ, ਉਹ ਵੀ ਸਿੱਧੇ ਤੌਰ ਤੇ ਮਾਤਾ ਦੇ ਖੂਨ ਤੋਂ ਹੀ ਦੁੱਧ ਬਣਦਾ ਹੈ ਉਪ੍ਰੰਤ ਨਾਭੀ
ਰਾਹੀਂ ਉਹ ਦੁਧ ਬੱਚੇ ਦੀ ਖੁਰਾਕ ਹੁੰਦਾ ਹੈ। ਤਾਂਤੇ ਉਹ ਦੁੱਧ ਜਿਸ ਨੂੰ ਕਿ ਗੁਰੂ ਕੇ ਲਾਲ
ਸਮੁੰਦ੍ਰ ਦੇ ਖਾਲਸਾਈ ਨਾਮ ਨਾਲ ਡੱਟ ਕੇ ਛੱਕਦੇ ਹਨ, ਮਾਸ ਵਾਲੇ ਚਲਦੇ ਪ੍ਰਕਰਣ ਅਨੁਸਾਰ ਸਾਡੇ ਲਈ
ਦੁਧ ਦੇ ਇਸ ਪੱਖ ਨੂੰ ਸਮਝਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਮਾਸ ਤਾਂ ਦੂਰ, ਦੁੱਧ ਦੇ ਛੱਕਣ ਉਪਰ
ਵੀ ਉਹੀ ਇਲਾਹੀ ਨੀਯਮ ਲਾਗੂ ਹੁੰਦਾ ਹੈ। ਦੁੱਧ ਹੋਵੇ ਮਾਸ ਜਾਂ ਕੋਈ ਹੋਰ ਵਸਤ, ਉਸਦਾ ਛੱਕਣਾ ਜਾਂ
ਨਾ ਛੱਕਣਾ ਵੀ ਕਿਸੇ ਦੀ ਨਿਜੀ ਇਛਾ ਤੇ ਜ਼ਰੂਰਤ ਅਨੁਸਾਰ ਹੀ ਹੁੰਦਾ ਹੈ। ਵਿਚਾਰਣ ਦੀ ਲੋੜ ਹੈ ਕਿ
ਜਿਸ ਨੂੰ ਅਸੀਂ ਮਾਸ ਕਹਿੰਦੇ ਹਾਂ ਉਸ ਬਾਰੇ ਇਹੀ ਗਲ ਅਜੌਕੀ ‘ਸਿੱਖ ਰਹਿਤ ਮਰਿਆਦਾ’ ਅਨੁਸਾਰ ਹੈ
ਅਤੇ ਇਸ ਬਾਰੇ ਇਹੀ ਗਲ ਗੁਰਬਾਣੀ ਸੇਧ ਅਨੁਸਾਰ ਵੀ ਹੈ, ਭਾਵ ‘ਕੋਈ ਛਕੇ ਜਾਂ ਨਾ ਛੱਕੇ’ ਲੋੜ ਹੈ
ਤਾਂ ਵਾਧੂ ਦੀ ਇਸ ਖਿਚਾਤਾਣੀ ਤੋ ਪੰਥ ਨੂੰ ਬਚਾੳਣ ਦੀ ਤਾਕਿ ਆਪਸੀ ਖਿੱਚ ਤੇ ਪਿਆਰ ਵੱਧ ਸਕੇ।
ਲਫ਼ਜ਼ ‘ਜੀਅ’, ‘ਜੀਅ ਦਇਆ’ ਅਤੇ ਅਰਥਾਂ ਦਾ ਅਨਰਥ? - ਦਇਆ
ਜੀਅ ਦਇਆ ਜਾਂ ਜੀਵ ਹਤਿਆ ਮਨੁੱਖੀ ਕੋਸ਼ `ਚ ਨਵੇਂ ਲਫ਼ਜ਼ ਨਹੀਂ ਫ਼ਿਰ ਵੀ ਗੁਰੂਦਰ ਤੇ ਇਨ੍ਹਾਂ ਦੇ ਅਰਥ
ਵੱਖਰੇ `ਤੇ ਨਰੋਏ ਹਨ। ਹਜ਼ਾਰਾਂ ਸਾਲਾਂ ਤੋਂ ਬ੍ਰਾਹਮਣ ਵਰਗ ਨੇ ਵੀ ਇਨ੍ਹਾਂ ਲਫ਼ਜ਼ਾਂ ਨੂੰ ਵਰਤਿਆ ਹੈ
ਪਰ ਜਪ, ਤੱਪ, ਸੰਜਮ, ਸੱਚ, ਝੂਠ, ਨਾਮ, ਸਿਮਰਨ, ਭਾਗ, ਅੰਮ੍ਰਿਤ-ਗੁਰੂ, ਸਾਧੂ, ਭਗਤ, ਸੰਤ, ਧਰਮ,
ਜਮ ਆਦਿ ਹਜ਼ਾਰਾਂ ਦੂਜੇ ਲਫ਼ਜ਼ਾਂ ਦੀ ਤਰ੍ਹਾਂ, ਗੁਰੂਦਰ ਤੇ ‘ਦਇਆ ਜਾਂ ਜੀਅ ਦਇਆ, ਜੀਵ ਹਤਿਆ’ ਦੇ ਵੀ
ਬ੍ਰਾਹਮਣੀ ਜਾਂ ਪੁਰਾਤਨ ਅਰਥ ਪ੍ਰਵਾਣ ਨਹੀਂ ਹਨ। ਸੱਚਾਈ ਤੀਕ ਪੁਜਣ ਲਈ, ਗੁਰਬਾਣੀ ਸ਼ਬਦਾਵਲੀ
ਅਨੁਸਾਰ ਇਨ੍ਹਾਂ ਦੇ ਅਰਥ ਵੀ ਗੁਰਬਾਣੀ `ਚੋਂ ਹੀ ਲੈਣੇ ਹੋਣਗੇ, ਇਨ੍ਹਾ ਦੇ ਪੁਰਾਤਨ, ਜੈਨੀ ਜਾਂ
ਬ੍ਰਾਹਮਣੀ ਅਰਥ ਸਾਨੂੰ ਗੁਰੂ ਪਾਤਸ਼ਾਹ ਤੋਂ ਦੁਰੇਡੇ ਤਾਂ ਲੈ ਜਾਣਗੇ, ਨੇੜੇ ਨਹੀਂ। ਅਜ ਸਾਡੇ ਮਾਸ
ਵਿਰੋਧੀ ਸੱਜਣਾ ਨਾਲ ਵੀ ਇਨ੍ਹਾਂ ਲਫ਼ਜ਼ਾ ਬਾਰੇ ਦਰਅਸਲ ਇਹੀ ਕਲਾ ਵਰਤ ਰਹੀ ਹੈ, ਜਿਥੋਂ ਕਿ ਉਹ ਸੱਚਾਈ
ਪਖੋਂ ਉਖੜੇ ਪਏ ਹਨ।
ਦੋਹਰਾਣਾ ਚਾਹੁੰਦੇ ਹਾਂ, ਗੁਰਬਾਣੀ `ਚ ‘ਦਇਆ, ਜੀਅ ਦਇਆ ਜਾਂ ਜੀਵ ਹਤਿਆ’
ਲਫ਼ਜ਼ਾਂ ਨੂੰ ਬ੍ਰਾਹਮਣੀ ਅਰਥਾਂ `ਚ ਉਕਾ ਪ੍ਰਵਾਨ ਨਹੀਂ ਕੀਤਾ ਗਿਆ। ਇਹ ਵੱਖਰੀ ਗਲ ਹੈ ਕਿ ਗੁਰਮਤਿ
ਅਨੁਸਾਰ ‘ਦਇਆ’ ਮਨੁਖੀ ਜੀਵਨ ਲਈ ਅਜੇਹਾ ਜ਼ਰੂਰੀ ਗੁਣ ਹੈ ਜਿਸਤੋਂ ਬਿਨਾ ਮਨੁੱਖਾ ਜੀਵਨ ਅੰਦਰ ਇਲਾਹੀ
ਧਰਮ ਦਾ ਪਣਪਣਾ ਹੀ ਸੰਭਵ ਨਹੀਂ। ਬਲਕਿ ਇਉਂ ਸਮਝਣਾ ਚਾਹੀਦਾ ਹੈ ਕਰਤੇ ਦਾ ਨਿਰਮਲ ਭਉ, ਪਰੋਪਕਾਰ,
ਸੰਤੋਖ, ਸਦਾਚਾਰ, ਉਚਾ ਆਚਰਣ, ਆਦਰਸ਼ਕ ਜੀਵਨ ਅਦਿ ਰੱਬੀ ਗੁਣ ਮਨੁੱਖਾ ਜੀਵਨ ਅੰਦਰ ਇਸ ਇਕੋ ਗੁਣ
‘ਦਇਆ’ ਉਪਰ ਹੀ ਆਧਾਰਤ ਹਨ। ਸ਼ਰਤ ਹੈ ਜਦੋਂ ਇਸ ‘ਦਇਆ ਜਾਂ ਜੀਅ ਦਇਆ, ਜੀਵ ਹਤਿਆ’ ਦੇ ਅਰਥ ਵੀ
ਗੁਰੂਨਾਨਕ ਪਾਤਸ਼ਾਹ ਭਾਵ ਗੁਰਬਾਣੀ ਤੋਂ ਲਏ ਹੋਣ। ਇਥੇ ਇਨ੍ਹਾਂ ਲਫ਼ਜ਼ਾਂ ਦੇ ਬ੍ਰਾਹਮਣੀ ਅਰਥ ਬਿਲਕੁਲ
ਨਹੀਂ ਹੋਣੇ ਚਾਹੀਦੇ। ਇਥੋਂ ਤੀਕ ਕਿ ਗੁਰਬਾਣੀ `ਚ ਲਫ਼ਜ਼ ‘ਦਇਆ’ ਨੂੰ ਅਕਾਲਪੁਰਖ ਦੇ ਗੁਣਵਾਚਕ ਤੀਕ
ਵੀ ਵਰਤਿਆ ਹੈ ਜਿਵੇਂ
“ਧੌਲੁ ਧਰਮੁ ਦਇਆ ਕਾ ਪੂਤੁ”
(ਬਾਣੀ ਜਪੁ)
ਜਿਸਦੇ ਅਰਥ ਹਨ, ‘ਸਮੁਚੀ ਰਚਨਾ ਦਇਆ (ਅਕਾਲਪੁਰਖ) ਤੋਂ ਪੈਦਾ ਹੋਏ (ਪੂਤ)
(ਬਿਨਾ ਖੋਟ) ਚਿੱਟੇ (ਧੌਲ) ਧਰਮ `ਚ ਬੱਝੀ ਹੋਈ ਹੈ ਅਤੇ ਕਰਤਾਰ ਨੇ ਇਸ ਇਲਾਹੀ ਧਰਮ ਰੂਪੀ ਨੀਯਮ
ਨੂੰ ‘ਸੰਤੋਖ’ ਦੇ ਧਾਗੇ `ਚ ਪਰੋਇਆ ਹੈ’।
ਗੁਰਦੇਵ ਜਦੋਂ ਜੋਗੀਆਂ ਜਾਂ ਬ੍ਰਾਹਮਣਾ ਨੂੰ ਇਲਾਹੀ ਧਰਮ ਦੀ ਗਲ ਸਮਝਾਂਦੇ
ਹਨ ਤਾਂ ਸੱਚਾ ਧਰਮੀ ਬਨਣ ਲਈ ਸੰਤੋਖ, ਸਦਾਚਾਰ, ਕਰਤੇ ਲਈ ਅਕੱਟ ਵਿਸ਼ਵਾਸ ਆਦਿ ਗੁਣਾ ਦੇ ਨਾਲ ਨਾਲ
‘ਦਇਆ’ ਨੂੰ ਵੀ ਜ਼ਰੂਰੀ ਗੁਣ ਦੇ ਤੌਰ ਤੇ ਬਿਆਨਦੇ ਹਨ:
“ਭੁਗਤਿ ਗਿਆਨੁ ਦਇਆ ਭੰਡਾਰਣਿ
ਘਟਿ ਘਟਿ ਵਾਜਹਿ ਨਾਦ॥
ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ”
ਅਤੇ
“ਦਇਆ ਕਪਾਹ ਸੰਤੋਖੁ ਸੂਤੁ
ਜਤੁ ਗੰਢੀ ਸਤੁ ਵਟੁ”।
ਇਸੇਤਰ੍ਹਾਂ ਗੁਰਦੇਵ ਜਦੋਂ ਧਰਮ ਦੇ ਆਗੂ ਬ੍ਰਾਹਮਣਾ, ਖਤ੍ਰੀਆਂ, ਜੋਗੀਆਂ,
ਕਾਜ਼ੀਆਂ ਆਦਿ ਨੂੰ ਗ਼ਰੀਬਾਂ-ਮਜ਼ਲੂਮਾ ਦਾ ਖੂਨ ਚੂਸਣ, ਉਨ੍ਹਾਂ ਦਾ ਹੱਕ ਜਾਂ ਵੱਢੀ ਆਦਿ ਖਾਣ ਤੋਂ
ਸੁਚੇਤ ਕਰਦੇ ਹਨ ਜਾਂ ਬ੍ਰਾਹਮਣੀ ਦਇਆ ਤੋਂ ਸੁਚੇਤ ਕਰਦੇ ਹਨ ਤਾਂ ਵੀ ਲਫ਼ਜ਼ ‘ਦਇਆ’ ਜਾਂ ‘ਜੀਅ ਦਇਆ’
ਆਦਿ ਦੀ ਹੀ ਵਰਤੋਂ ਹੋਈ ਹੈ। ਫ਼ਿਰ ਵੀ ਇਹ ਗਲ ਸਭਤੋਂ ਉਪਰ ਹੈ ਕਿ ਗੁਰਬਾਣੀ `ਚ ਸੈਂਕੜੇ ਵਾਰੀ ਵਰਤੇ
ਗਏ ਲਫ਼ਜ਼ ‘ਦਇਆ ਜਾਂ ਜੀਅ ਦਇਆ’ ਦੇ ਜਦੋਂ ਤੀਕ ਪ੍ਰਕਰਣ ਅਨੁਸਾਰ ਅਰਥ ਗੁਰੂ ਸਾਹਿਬ ਤੋਂ ਨਾ ਲੈਕੇ
ਬ੍ਰਾਹਮਣੀ ਅਰਥ ਲੈਂਦੇ ਰਵਾਂਗੇ, ਤਾਂ ਯਕੀਨਣ ਗੁਰਬਾਣੀ ਤੋਂ ਅਸੀਂ ਕੁੱਝ ਵੀ ਨਾ ਲੈਕੇ ਇਧਰ-ਓਧਰ ਹੀ
ਭੱਟਕੇ ਤੇ ਕੁਰਾਹੇ ਪਏ ਰਵਾਂਗੇ।
ਦਰਅਸਲ ‘ਦਇਆ’, ‘ਜੀਅ ਦਇਆ’, ‘ਜੀਅ ਹਤਿਆ’ ਆਦਿ ਲਫ਼ਜ਼ਾਂ ਬਾਰੇ ਬਹੁਤਾ ਕਰਕੇ
ਇਹੀ ਭਾਣਾ ਸਾਡੇ ‘ਮਾਸ ਵਿਰੋਧੀ’ ਸੱਜਣਾ ਨਾਲ ਵਰਤਿਆ ਹੈ। ਕਹਿੰਦੇ ਹਨ ਜਿਸ ਮਕਾਨ ਦੀ ਨੀਂਵ ਹੀ
ਟੇੜ੍ਹੀ ਹੋਵੇਗੀ, ਲਖ ਜੱਤਨ ਕਰਨ ਤੇ ਵੀ ਉਹ ਮਕਾਨ ਸਿੱਧਾ ਨਹੀਂ ਉਸਾਰਿਆ ਜਾ ਸਕਦਾ। ਜਦੋਂ ਮਾਸ
ਵਿਰੋਧੀ ਰਚਨਾਵਾਂ ਨੂੰ ਗਹੁ ਨਾਲ ਪੜੋ ਤਾਂ ਸਪੱਸ਼ਟ ਹੁੰਦੇ ਦੇਰ ਨਹੀਂ ਲਗਦੀ ਕਿ ਗੁਰੂ ਕੇ ਲਾਡਲੇ
ਪੰਥ ਅੰਦਰ ਸਾਡੇ ‘ਪਰਮ ਸਤਿਕਾਰਜੋਗ ਮਾਸ ਵਿਰੋਧੀ ਸੱਜਣਾ ਨਾਲ ਵੀ ਬਿਲਕੁਲ ਇਹੀ ਭਾਣਾ ਵਰਤਿਆ ਹੈ।
ਉਸੇ ਦਾ ਨਤੀਜਾ ਹੈ ਕਿ ਗੁਰਬਾਣੀ `ਚ ਜਿੱਥੇ-ਕਿੱਥੇ ਲਫ਼ਜ਼ ‘ਦਇਆ ਜਾਂ ਜੀਅ ਦਇਆ’ ਆਇਆ ਉਨ੍ਹਾ ਨੇ
ਲਗਭਗ ਸਾਰੇ ਹੀ ਉਨ੍ਹਾਂ ਗੁਰਪ੍ਰਮਾਣਾ ਦਾ ਅਗਾ ਪਿਛਾ ਦੇਖੈ ਬਿਨਾ ਹੀ ਉਨ੍ਹਾਂ ਨੂੰ ਮਾਸ ਵਿਰੁਧ
ਵਰਤਿਆ ਮੰਨ ਲਿਆ। ਇਸਤਰ੍ਹਾਂ ਉਨ੍ਹਾਂ ਸੱਜਣਾ ਨੇ ਅਜੇਹੇ ਗੁਰਬਾਣੀ ਪ੍ਰਮਾਣਾ ਨੂੰ ਗੁਰਬਾਣੀ ਅਰਥਾਂ
`ਚ ਲੈਣ ਦੀ ਬਜਾਏ, ਬਹੁਤਾ ਕਰਕੇ ਬ੍ਰਾਹਮਣੀ ਜਾਂ ਜੈਨੀ ਆਦਿ ਅਰਥਾਂ `ਚ ਲੈਣ ਵਾਲੀ ਅਵਗਿਆ ਕਰ ਲਈ।
ਇਸਤਰ੍ਹਾਂ ਜਦੋਂ ਅਰਥਾਂ ਨੂੰ ਲੈਣ ਲਈ ਬੁਨਿਆਦ ਹੀ ਗਲਤ ਸੀ ਤਾਂ ਇਹ ਜ਼ੋਰ ਵੀ ਲਗਾ ਕਿ ਜਿਹੜਾ ਮਨੁੱਖ
ਮਾਸ ਖਾਂਦਾ ਹੈ ਉਸ `ਚ ‘ਬ੍ਰਾਹਮਣੀ ਦਇਆ’ ਨਾ ਹੋਣ ਕਾਰਣ’ ਉਸਦੇ ਜੀਵਨ ਅੰਦਰ ਪਰੋਪਕਾਰ, ਸੰਤੋਖ,
ਪ੍ਰਭੁ ਦਾ ਭਉ, ਸਦਾਚਾਰ ਆਦਿ ਗੁਣ ਉਪਜ ਹੀ ਨਹੀਂ ਸਕਦੇ। ਗਲ ਉਹੀ ਕਿ ਜਦੋਂ ਜਾਣੇ-ਅਣਜਾਣੇ ਆਧਾਰ ਹੀ
ਗਲਤ ਲੈ ਲਿਆ ਤਾਂ ਟੇਡੀ ਨੀਂਵ ਤੇ ਬਾਕੀ ਉਸਾਰੀ ਵੀ ਟੇਡੀ ਹੀ ਚਲਣੀ ਸੀ ਅਤੇ ਉਹ ਚਲੀ।
|
. |