❁ ਗੁਰ-ਪ੍ਰਸਾਦਿ ❁
(ਕਿਸ਼ਤ ਨੰ: 04)
ਜਗਤਾਰ ਸਿੰਘ ਜਾਚਕ, ਆਨਰੇਰੀ ਇੰਟਰਨੈਸ਼ਨਲ ਸਿੱਖ ਮਿਸ਼ਨਰੀ
ਗੁਰੂ ਦਰਬਾਰ ਦੇ ਕੀਰਤਨੀਏ ਭਾਈ
ਬਲਵੰਡ ਦਾ ਸਾਥੀ ਭਾਈ ਸੱਤਾ ਜੀ ਵੀ ਗਵਾਹੀ ਭਰਦੇ ਹਨ ਕਿ ਚਾਰੇ ਗੁਰੂ ਆਪੋ ਆਪਣੇ ਸਮੇ ਰੌਸ਼ਨ ਹੋਏ
ਹਨ, ਅਕਾਲ ਪੁਰਖ ਆਪ ਹੀ ਉਹਨਾਂ ਵਿੱਚ ਪਰਗਟ ਹੋਇਆ ਹੈ। ਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਨੂੰ
ਸ੍ਰਿਸ਼ਟੀ ਦੇ ਰੂਪ ਵਿੱਚ ਜ਼ਾਹਰ ਕੀਤਾ ਤੇ ਆਪ ਹੀ ਗੁਰੂ-ਰੂਪ ਹੋ ਕੇ ਸ੍ਰਿਸ਼ਟੀ ਨੂੰ ਸਹਾਰਾ ਦੇ ਰਿਹਾ
ਹੈ। ਜੀਵਾਂ ਦੀ ਅਗਵਾਈ ਲਈ, ਪੂਰਨੇ ਪਾਣ ਲਈ ਪ੍ਰਭੂ ਆਪ ਹੀ ਪੱਟੀ ਹੈ ਆਪ ਹੀ ਕਲਮ ਹੈ ਤੇ ਗੁਰੂ-ਰੂਪ
ਹੋ ਕੇ ਆਪ ਹੀ ਗੁਰਉਦੇਸ਼ ਰੂਪ ਪੂਰਨੇ ਲਿਖਣ ਵਾਲਾ ਹੈ। ਸਾਰੀ ਸ੍ਰਿਸ਼ਟੀ ਤਾਂ ਜਨਮ ਮਰਨ ਦੇ ਗੇੜ ਵਿੱਚ
ਹੈ, ਪਰ ਪ੍ਰਭੂ ਆਪ ਸਦਾ ਨਵਾਂ ਹੈ ਤੇ ਨਿਰੋਆ ਹੈ। ਭਾਵ, ਹਰ ਨਵੇਂ ਰੰਗ ਵਿੱਚ ਹੀ ਹੈ ਤੇ ਨਿਰਲੇਪ
ਵੀ ਹੈ:
ਚਾਰੇ ਜਾਗੇ ਚਹੁ ਜੁਗੀ, ਪੰਚਾਇਣੁ (ਪ੍ਰਭੂ) ਆਪੇ ਹੋਆ।। ਆਪੀਨ੍ਹ੍ਹੈ ਆਪੁ
ਸਾਜਿਓਨੁ, ਆਪੇ ਹੀ ਥੰਮਿ੍ਹ੍ਹ ਖਲੋਆ।। ਆਪੇ ਪਟੀ ਕਲਮ ਆਪਿ, ਆਪਿ ਲਿਖਣਹਾਰਾ ਹੋਆ।। ਸਭ ਉਮਤਿ ਆਵਣ
ਜਾਵਣੀ, ਆਪੇ ਹੀ ਨਵਾ ਨਿਰੋਆ।। {ਗੁ. ਗ੍ਰੰ. ਪੰ. ੯੬੮}
{ਪਦ ਅਰਥ: —ਚਾਰੇ—ਚਾਰੇ (ਪਹਿਲੇ ਗੁਰੂ)। ਚਹੁ ਜੁਗੀ—ਆਪਣੇ ਚਹੁੰਆਂ ਜਾਮਿਆਂ
ਵਿਚ। ਜਾਗੇ—ਪਰਗਟ ਹੋਏ, ਰੌਸ਼ਨ ਹੋਏ। ਪੰਚਾਇਣੁ— (ਪੰਜ ਤੱਤਾਂ ਦਾ ਸੋਮਾ) ਅਕਾਲ ਪੁਰਖ। : ਜਿਵੇਂ:
ਮਾਣਕੁ ਮਨੁ ਮਹਿ ਮਨੁ ਮਾਰਸੀ, ਸਚਿ ਨ ਲਾਗੈ ਕਤੁ।। ਰਾਜਾ ਤਖਤਿ ਟਿਕੈ ਗੁਣੀ, ਭੈ ਪੰਚਾਇਣ ਰਤੁ।।
੧।। ਮਾਰੂ ਮਹਲਾ ੧।। ਆਪੀਨ੍ਹ੍ਹੈ—ਆਪ ਹੀ ਨੇ; ਪ੍ਰਭੂ ਨੇ ਆਪ ਹੀ। ਆਪੁ—ਆਪਣੇ ਆਪ ਨੂੰ।
ਸਾਜਿਓਨੁ—ਉਸ ਨੇ ਪਰਗਟ ਕੀਤਾ (ਸ੍ਰਿਸ਼ਟੀ ਦੇ ਰੂਪ ਵਿਚ)। ਥੰਮਿ੍ਹ੍ਹ—ਥੰਮ੍ਹ ਕੇ, ਸਹਾਰਾ ਦੇ ਕੇ।
ਲਿਖਣਹਾਰਾ—ਲਿਖਣ ਵਾਲਾ, ਪੂਰਨੇ ਪਾਣ ਵਾਲਾ। ਉਮਤਿ—ਸ੍ਰਿਸ਼ਟੀ। ਨਿਰੋਆ—ਨਿਰ-ਰੋਗ, ਰੋਗ-ਰਹਿਤ।}
ਕਿਉਂਕਿ, ਗੁਰੂ ਨਾਨਕ ਸਾਹਿਬ ਜੀ ਦਾ ਮੁਖ ਮਨੋਰਥ ਗੁਰੂ ਤੇ ਸਿੱਖ ਦੀ ਸੰਧੀ
ਵਿਚੋਂ ਸਰੀਰ ਨੂੰ ਮਨਫ਼ੀ ਕਰਕੇ ਲੋਕਾਈ ਨੂੰ ਸ਼ਬਦ ਗੁਰੂ (ਗਿਆਨ ਗੁਰੂ) ਦੀ ਅਗਵਾਈ ਵਿੱਚ ਤੋਰਦਿਆਂ
ਸਿੱਧਾ ਨਿਰੰਕਾਰ ਨਾਲ ਜੋੜਣਾ ਸੀ। ਉਨ੍ਹਾਂ ਦੇ “ਸਬਦੁ ਗੁਰੂ, ਸੁਰਤਿ ਧੁਨਿ ਚੇਲਾ” ਦੇ ਕਥਨ ਵਿੱਚ
ਵੀ ਇਹੀ ਰਾਜ਼ ਛੁਪਿਆ ਹੈ। ਜਿਸ ਤੋਂ ਇਹ ਤੱਥ ਸਹਿਜੇ ਹੀ ਪ੍ਰਗਟ ਹੋ ਜਾਂਦਾ ਹੈ ਕਿ ਨਾ ਤਾਂ ਕੋਈ
ਸਰੀਰ ਗੁਰੂ ਹੁੰਦਾ ਹੈ ਅਤੇ ਨਾ ਹੀ ਸਿੱਖ। ਗੁਰਇਤਿਹਾਸ ਦੀ ਘਟਨਾਵਾਂ ਵਿਚੋਂ ਵੀ ਅਜਿਹੇ ਬਹੁਤ
ਪ੍ਰਮਾਣ ਮਿਲ ਜਾਂਦੇ ਹਨ, ਜਦੋਂ ਸਤਿਗੁਰੂ ਜੀ ਨੇ ਗੁਰਸਿੱਖ ਸ਼ਰਧਾਲੂਆਂ ਨੂੰ ਗੁਰੂ ਦੇ ਸਰੀਰ ਨਾਲ
ਜੁੜਣ ਦੀ ਥਾਂ ਗੁਰੂ ਦੇ ਸ਼ਬਦ ਨਾਲ ਜੁੜਣ ਦੀ ਪ੍ਰੇਰਨਾ ਕੀਤੀ। ਭਾਵ, ਗਿਆਨ-ਗੁਰੂ ਦੀ ਅਗਵਾਈ ਵਿੱਚ
ਤੋਰਨ ਦਾ ਯਤਨ ਕੀਤਾ।
ਜਿਵੇਂ, ਸ਼੍ਰੀ ਕਰਤਾਰਪੁਰ ਵਿਖੇ ਭਾਈ ‘ਪਿਰਥਾ` ਤੇ ‘ਖੇਡਾ` ਨੇ, ਜਦੋਂ ਗੁਰੂ
ਨਾਨਕ ਸਾਹਿਬ ਜੀ ਅੱਗੇ ਬੇਨਤੀ ਕੀਤੀ ਕਿ ਮਹਾਰਾਜ! ਸਾਡੀ ਇੱਛਾ ਤਾਂ ਇਹ ਹੈ ਕਿ ਅਸੀਂ ਹਮੇਸ਼ਾਂ ਲਈ
ਤੁਹਾਡੀ ਚਰਨ ਸ਼ਰਨ ਵਿੱਚ ਰਹੀਏ। ਇਥੇ ਰਹਿ ਕੇ ਤੁਹਾਡੀ ਸੇਵ ਕਮਾਈਏ। ਸੋਹਣੇ ਦਰਸ਼ਨ ਕਰੀਏ। ਤੁਹਾਡੀ
ਅੰਮ੍ਰਿਤ ਰਸਨਾ ਤੋਂ ਅੰਮ੍ਰਿਤ ਬਚਨ ਸੁਣ ਕੇ ਨਿਹਾਲ ਹੁੰਦੇ ਰਹੀਏ। ਪਰ, ਕੀ ਕਰੀਏ? ਗ੍ਰਿਹਸਥੀ ਹਾਂ।
ਕੰਮ ਧੰਦਿਆਂ ਵਿਚੋਂ ਇਤਨਾ ਵੇਹਲ ਕਢਣਾ ਮੁਸ਼ਕਲ ਹੈ। ਸੋ, ਇਸ ਲਈ ਕਿਰਪਾ ਕਰਕੇ ਐਸਾ ਉਪਦੇਸ਼ ਬਖਸ਼ੋ,
ਜਿਸ ਸਦਕਾ ਅਸੀਂ ਕਿਰਤਕਾਰ ਕਰਦੇ ਹੋਏ ਕਰਤੇ-ਪੁਰਖ ਨਾਲ ਜੁੜੇ ਰਹੀਏ। ਜੀਵਨ ਨਿਰਬਾਹ ਲਈ ਪਦਾਰਥਕ
ਵਰਤੋਂ ਕਰਦਿਆਂ, ਸਾਡੀ ਸੁਰਤ ਪਰਮਾਤਮਾ ਵਲ ਲਗੀ ਰਹੇ।
ਉੱਤਰ ਵਿੱਚ ਗੁਰਦੇਵ ਜੀ ਬੋਲੇ; ਭਾਈ ! ਮਤਾਂ ਇਸ ਭੁਲੇਖੇ ਵਿੱਚ ਰਹਿਣਾ ਕਿ
ਜੇ ਤੁਸੀਂ ਕਰਤਾਰਪੁਰ ਪਹੁੰਚ ਕੇ ਸਾਡੇ ਸਰੀਰਕ ਦਰਸ਼ਨ ਕਰਦੇ ਹੋਏ ਅਤੇ ਸਾਡੀ ਰਸਨਾ ਤੋਂ ਬਚਨ ਸੁਣਦੇ
ਹੋਏ ਸਤਿਸੰਗ ਕਰੋ, ਸਾਡੀ ਸੇਵਾ ਕਰੋ, ਤਾਂ ਹੀ ਤੁਸੀਂ ਸਾਡੀ ਚਰਨ ਸ਼ਰਨ ਵਿੱਚ ਹੁੰਦੇ ਹੋ। ਨਹੀਂ!
ਨਹੀਂ! ਭਾਈ! ਦੋ ਤ੍ਰੈ ਗੱਲਾਂ ਅਥਵਾ ਨੁੱਕਤੇ ਧਿਆਨ ਨਾਲ ਸਮਝ ਲਵੋ। ਪਹਿਲੀ ਗੱਲ ਤਾਂ ਇਹ ਹੈ ਕਿ
ਗੁਰਬਾਣੀ ਦੀ ਰੌਸ਼ਨੀ ਵਿੱਚ ਜਿਥੇ ਵੀ ਸਤਿਸੰਗ ਹੋ ਰਿਹਾ ਹੋਵੇ, ਐਸਾ ਸਮਝੋ ਕਿ ਉਥੇ ਹੀ ਸਾਡਾ ਨਿਵਾਸ
ਹੈ।
ਦੂਜੀ ਗੱਲ ਇਹ ਹੈ ਕਿ ਜੇ ਤੁਸੀਂ ਗੁਰੂ ਆਗਿਆ ਦਾ ਪਾਲਣ ਕਰਦੇ ਹੋਏ ਨਿਰੰਕਾਰ
ਦੀ ਯਾਦ ਵਿੱਚ ਜੀਊਂਦੇ ਹੋ ਅਤੇ ਧਰਮ ਦੀ ਕਿਰਤ ਕਰਕੇ ਵੰਡ ਕੇ ਛਕਦੇ ਹੋ, ਤਾਂ ਤੁਸੀਂ ਜਿਥੇ ਵੀ
ਹੋਵੋ, ਸਮਝੋ ਕਿ ਸਦਾ ਹੀ ਸਾਡੀ ਚਰਨ-ਸ਼ਰਨ ਵਿੱਚ ਹੋ। ਕਿਉਂਕਿ, ਸਿੱਖੀ ਕਿਰਤੀਆਂ ਦਾ ਧਰਮ ਹੈ,
ਵਿਹਲੜਾਂ ਦਾ ਨਹੀ।
ਤੀਜੀ ਗੱਲ, ਜੋ ਸਭ ਤੋਂ ਮਹਤਵ ਪੂਰਨ ਹੈ, ਉਹ ਇਹ ਹੈ ਕਿ ਸਰੀਰ ਸਾਡਾ ਸਰਗੁਣ
ਸਰੂਪ ਹੈ। ਜੇ ਕਰ ਤੁਸੀਂ ਸਾਡੇ ਸਰੀਰ ਨਾਲ ਜੁੜੋਗੇ, ਸਾਡੇ ਸਰੀਰ ਦਾ ਧਿਆਨ ਧਰੋਗੇ, ਤਾਂ ਤਹਾਨੂੰ
ਇੱਕ ਦਿਨ ਸਾਡੇ ਨਾਲੋਂ ਵਿਛੜਨਾ ਪੈ ਜਾਏਗਾ। ਕਿਉਂਕਿ, ਸਰੀਰ ਕਾਲ ਚੱਕਰ ਦੇ ਅਧੀਨ ਹੋਣ ਕਰਕੇ
ਬਿਨਸਨਹਾਰ ਹੈ। ਇਸ ਨੇ ਇੱਕ ਦਿਹਾੜੇ ਮਿੱਟੀ ਵਿੱਚ ਰੁਲਣਾ ਹੈ। ਤਦੇ ਤਾਂ ਅਸਾਂ ਸਰੀਰ ਨੂੰ ਸੰਬੋਧਨ
ਕਰਕੇ ਆਖਿਆ ਹੈ;
‘ਤੂੰ ਕਾਇਆ
ਮੈ ਰੁਲਦੀ ਦੇਖੀ ਜਿਉ ਧਰ ਉਪਰਿ ਛਾਰੋ`। ਪਰ, ਸ਼ਬਦ
ਸਾਡਾ ਹਿਰਦਾ ਹੈ। ਸਾਡੀ ਆਤਮਾ ਹੈ। ਇਹ ਸਾਡਾ ਨਿਰਗੁਣ ਸਰੂਪ ਹੈ, ਜੋ ਮਰਨਹਾਰ ਨਹੀਂ। ਸਗੋਂ,
ਅਬਿਨਾਸ਼ੀ ਹੈ। ਹਮੇਸ਼ਾਂ ਕਾਇਮ ਰਹਿਣ ਵਾਲਾ ਹੈ।
ਸੋ, ਇਸ ਲਈ ਪਿਆਰਿਓ! ਅਸੀਂ ਤਾਂ ਚਹੁੰਦੇ ਹਾਂ ਕਿ ਤੁਸੀਂ ਗੁਰ ਸ਼ਬਦ ਨਾਲ
ਜੁੜੋ। ਕਿਉਂਕਿ, ਜੇ ਕਰ ਤੁਸੀਂ ਗੁਰਸ਼ਬਦ ਨਾਲ ਜੁੜੋਗੇ, ਗੁਰਸ਼ਬਦ ਵੀਚਾਰ ਦੀ ਰੌਸ਼ਨੀ ਵਿੱਚ ਜੀਵੋਗੇ
ਤਾਂ ਤਹਾਨੂੰ ਸਾਡੇ ਨਾਲੋਂ ਵਿਛੜਨਾ ਨਹੀ ਪਵੇਗਾ। ਤਹਾਨੂੰ ਸੰਪੂਰਨ ਜ਼ਿੰਦਗੀ ਵਿੱਚ ਹਰ ਸਮੇਂ, ਹਰੇਕ
ਥਾਂ ਗੁਰਸ਼ਬਦ ਤੋਂ ਹਰ ਪ੍ਰਕਾਰ ਦੀ ਅਗਵਾਈ ਮਿਲਦੀ ਰਹੇਗੀ। ਇਸ ਪ੍ਰਕਾਰ ਗੁਰਸ਼ਬਦ ਸਰੂਪ ਵਿੱਚ
‘ਸਤਿਗੁਰੂ`, ਸਦਾ ਹੀ ਤੁਹਾਡੇ ਅੰਗ ਸੰਗ ਵਰਤਦਾ ਰਹੇਗਾ। ਸਤਿਗੁਰੂ ਜੀ ਦਾ ਅਜਿਹਾ ਕਥਨ ‘ਸ਼੍ਰੀ ਗੁਰ
ਨਾਨਕ ਪ੍ਰਕਾਸ਼` ਵਿੱਚ ਭਾਈ ਸੰਤੋਖ ਸਿੰਘ ਜੀ ਨੇ ਇਉਂ ਕਲਮਬੰਦ ਕੀਤਾ ਹੈ:
ਬੋਲੇ ਸ਼੍ਰੀ ਪ੍ਰਭ ‘ਹਮ ਪੱਗ ਤਹਿਂਵਾ। ਬਸਹਿਂ ਸਦਾ, ਸਤਿਸੰਗਤ ਜਹਿਂਵਾ।
ਧਰਮ ਕ੍ਰਿਤ ਕਰ ਵੰਡ ਸੋ ਖਾਓ। ਚਰਨ ਸਰਨ ਨਿੱਤ ਇਉਂ ਜਿ ਕਮਾਓ।
ਸਰਗੁਣ ਰੂਪ ਸਰੀਰ ਪਛਾਨੋ। ਸ਼ਬਦ ਰਿਦਾ ਮਮ, ਨਿਰਗੁਣ ਮਾਨੋ।
ਮਿਲੇ ਸਰੀਰ ਬਿਛੁਰ ਸੇ ਜਾਵਹਿਂ। ਸ਼ਬਦ ਮਿਲੇ ਨਾ ਬਿਛੁਰਨ ਪਾਵਹਿਂ`। ੫੬।
{ਉਤਰਾਰਧ ਅਧਿਆਇ-੪੨}
ਪੰਜਾਬ ਦੀ ਧਰਤੀ ਉਪਰ ਸ਼੍ਰੀ ਤਰਨ-ਤਾਰਨ ਦੇ ਜਿਲੇ ਵਿੱਚ ਇੱਕ ਬੜਾ ਪ੍ਰਸਿੱਧ
ਨਗਰ ਹੈ ‘ਚੋਹਲਾ`। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਇਸ ਨਗਰ ਦੇ ਲੋਕਾਂ ਦੇ ਸੇਵਾ ਤੋਂ ਪ੍ਰਸੰਨ ਹੋ
ਕੇ ਬਖ਼ਸ਼ਿਸ਼ ਭਰਿਆ ਬਚਨ ਕੀਤਾ ਸੀ, “ਚੋਹਲਾ, ਗੁਰੂ ਕਾ ਓਲ੍ਹਾ”। ਇਥੋਂ ਦੇ ਇੱਕ ਗੁਰਮੁਖ ਗੁਰਸਿਖ
ਸਾਧੂ ਹੋਏ ਹਨ ਬਾਬਾ ‘ਦੇਵਾ ਸਿੰਘ` ਜੀ। ਦਾਸ ਨੂੰ ਬਚਪਨ ਵਿੱਚ ਉਨ੍ਹਾਂ ਦੀ ਸੰਗਤ ਕਰਨ ਦਾ ਅਵਸਰ
ਪ੍ਰਾਪਤ ਹੁੰਦਾ ਰਿਹਾ ਹੈ। ਉਨ੍ਹਾਂ ਪਾਸ ਇੱਕ ਬਿਰਧ ਗ੍ਰਹਿਸਥੀ ਜੋੜਾ ਆਇਆ। ਮਾਈ ਨੇ ਅੱਖਾਂ ਵਿੱਚ
ਹੰਝੂ ਵਹਾਉਂਦਿਆਂ ਹੱਥ ਜੋੜ ਕੇ ਆਖਿਆ ਕਿ ‘ਬਾਬਾ ਜੀ! ਪਤਾ ਨਹੀ! ਸਾਡੀ ਕਿਸਮਤ ਨੂੰ ਕੀ ਹੋ ਗਿਆ
ਹੈ? ਪਤਾ ਨਹੀ! ਕੀ ਹੋ ਗਿਆ ਹੈ?
ਬਾਬਾ ਦੇਵਾ ਸਿੰਘ ਜੀ ਦਿਲਾਸਾ ਦਿੰਦੇ ਹੋਏ ਬੋਲੇ “ਅੱਲਾਹ ਰੱਖੀ! ਦੱਸ ਤਾਂ
ਸਹੀ, ਕੀ ਗੱਲ ਐ”। ਮਾਈ ਹੁਟਕੋਰੇ ਲੈਂਦੀ ਹੋਈ ਬੋਲੀ: ਮਹਾਰਾਜ! ਕੀ ਦਸਾਂ! ਪਹਿਲਾਂ ਮੈਂ ਪੇਕੇ ਘਰ
ਆਪਣੀ ਮਾਤਾ ਜੀ ਨਾਲ ਇੱਕ ਬਹੁਤ ਪ੍ਰਸਿਧੀ ਪ੍ਰਾਪਤ ਸੰਤ ਨੂੰ ਗੁਰੂ ਧਾਰਨ ਕੀਤਾ। ਬਾਬਾ ਜੀ! ਮਾੜੀ
ਕਿਸਮਤ! ਮੇਰੇ ਵਿਆਹ ਵਾਲੇ ਦਿਨ ਹੀ ਉਹ ਜੋਤੀ-ਜੋਤਿ ਸਮਾ ਗਏ।
ਫਿਰ, ਮੈਂ ਆਪਣੇ ਪਤੀ ਨੂੰ ਲੈ ਕੇ ਇੱਕ ਹੋਰ ਗੁਰੂ ਜੀ ਦੀ ਸ਼ਰਨ ਤੱਕੀ ਤੇ
ਉਹਦੇ ਪਾਸੋਂ ਨਾਮ ਲਿਆ। ਰੱਬ ਜਾਣੇ ਜੀ! ਡੇਰੇ ਵਿੱਚ ਉਸ ਨੇ ਕੀ ਕਰਤੂਤ ਕੀਤੀ, ਲੋਕਾਂ ਨੇ ਉਸ ਨੂੰ
ਕੁੱਟ ਕੁੱਟ ਕੇ ਹੀ ਮਾਰ ਸੁਟਿਆ। ਮਹਾਰਾਜ! ਅਸੀਂ ਤਾਂ ਭੋਲੇ-ਭਾਲੇ ਬੰਦੇ ਹਾਂ। ਹਰੇਕ ਤੇ ਵਿਸ਼ਵਾਸ਼
ਕਰ ਲੈਂਦੇ ਹਾਂ। ਸਾਨੂੰ ਕੀ ਪਤਾ ਸੀ ਕਿ ਇਹ ਸਾਧ ਹੰਸ ਨਹੀ, ਬਗਲਾ ਹੈ। ਉਥੇ, ਨੇੜੇ ਹੀ ਬੈਠੇ ਸਨ
ਉਸ ਡੇਰੇ ਦੇ ਪਾਠੀ ਭਾਈ ਮਹਿੰਦਰ ਸਿੰਘ, ਉਹ ਬੋਲੇ; ਵਾਹ! ਵਾਹ! ਸਤਿਗੁਰੂ ਜੀ ਦੇ ਬਚਨ ਬਿਲਕੁਲ ਸੱਚ
ਹਨ;
ਮੈ ਜਾਣਿਆ ਵਡ ਹੰਸੁ ਹੈ ਤਾਂ ਮੈ ਕੀਤਾ ਸੰਗੁ।।
ਜੇ ਜਾਣਾ ਬਗੁ ਬਪੁੜਾ ਜਨਮਿ ਨ ਭੇੜੀ ਅੰਗੁ।। {ਗੁ. ਗ੍ਰੰ. ਪੰ. ੧੩੮੪}
ਬਾਬਾ ਜੀ ਬੋਲੇ; ਭਲਿਆ ਅਰਦਾਸ ਕਰਿਆ ਕਰ ‘ਡੋਲਨ ਤੇ ਰਾਖਹੁ ਪ੍ਰਭੂ, ਨਾਨਕ
ਦੇ ਕਰਿ ਹਥ`। ਹਾਂ ਮਾਈ! ਤੂੰ ਆਪਣੀ ਕਹਾਣੀ ਸੁਣਾਂ। ਮਾਈ ਬੋਲੀ; ਮਹਾਰਾਜ! ਤੁਹਾਡੇ ਵਰਗੇ ਹੀ ਇੱਕ
ਸੰਤ ਜੀ ਪਾਸੋਂ ਹੀ ਅਸੀਂ ਬਚਨ ਸੁਣੇ ਸਨ ਕਿ ‘ਨਿਗੁਰੇ ਕਾ ਹੈ ਨਾਉ ਬੁਰਾ`, ਨਿਗੁਰੇ ਨੂੰ ਦਰਗਾਹ
ਵਿੱਚ ਢੋਈ ਨਹੀ ਮਿਲਦੀ। ਇਸ ਲਈ ਅਸੀਂ ਡਰਦੇ ਮਾਰੇ ਇੱਕ ਹੋਰ ਬਜ਼ੁਰਗ ਸਾਧੂ ਕੋਲ ਗਏ ਅਤੇ ਉਸ ਪਾਸੋਂ
ਨਾਮ-ਮੰਤਰ ਲਿਆ। (ਮੱਥੇ ਉਤੇ ਹੱਥ ਮਾਰ ਕੇ ਬੋਲੀ) ਮਹਾਰਾਜ! ਮਾੜੀ ਕਿਸਮਤ ਨੂੰ ਕੁੱਝ ਦਿਨ ਪਹਿਲਾਂ
ਉਹ ਵੀ ਮਰ ਗਿਆ ਜੇ। ਇਸ ਲਈ ਹੁਣ ਤੁਹਾਡੀ ਸ਼ਰਨ ਵਿੱਚ ਆਏ ਹਾਂ।
ਬਾਬਾ ਦੇਵਾ ਸਿੰਘ ਜੀ ਨੇ ਹੱਥ ਦੇ ਇਸ਼ਾਰੇ ਨਾਲ ਮਾਈ ਨੂੰ ਚੁੱਪ ਕਰਾਇਆ ਅਤੇ
ਮੁਸਕਰਾਂਦੇ ਹੋਏ ਬੋਲੇ; “ਬੀਬਾ ਜੀ ਹੁਣ ਫਿਰ ਸਾਨੂੰ ਵੀ ਮਾਰਨ ਦਾ ਇਰਾਦਾ ਹੈ”। ਉਥੇ ਬੈਠੇ ਸਾਰੇ
ਲੋਕ ਖਿੜ ਖਿੜਾ ਕੇ ਹੱਸੇ। ਬਾਬਾ ਦੇਵਾ ਸਿੰਘ ਜੀ ਫਿਰ ਬੋਲੇ “ਪੁਤਰ ਸਾਡਾ ਵੀ ਕੀ ਪਤਾ ਹੈ, ਕਿਹੜੇ
ਵੇਲੇ ਸੁਆਸ ਨਿਕਲ ਜਾਣ। ਕਿਹੜੇ ਵੇਲੇ ਮਨ ਡੋਲ ਜਾਵੇ। ਇਸ ਦਾ ਕੋਈ ਭਰੋਸਾ ਨਹੀ, ਭਾਈ! ਜਿਸ ਨੇ
ਭਰੋਸਾ ਕੀਤਾ, ਬਸ! ਓਹੀ ਮਰਿਆ। ਇਸ ਖੁਟੜ ਮਨ ਦਾ ਭਰੋਸਾ ਤਾਂ ਪ੍ਰਤੱਖ ਹਰਿ, ਸ਼੍ਰੀ ਗੁਰੂ ਅਰਜਨ ਦੇਵ
ਜੀ ਮਹਾਰਾਜ ਵੀ ਨਹੀ ਕੀਤਾ। ਮਨ ਦੀਆਂ ਚਾਲਾਂ ਨੂੰ ਧਿਆਨ ਵਿੱਚ ਰੱਖ ਕੇ ਉਨ੍ਹਾਂ ਇਉਂ ਆਖਿਆ ਹੈ:
ਕਵਨ ਕਵਨੁ ਨਹੀ ਪਤਰਿਆ ਤੁਮ੍ਹ੍ਹਰੀ ਪਰਤੀਤਿ।।
ਮਹਾ ਮੋਹਨੀ ਮੋਹਿਆ ਨਰਕ ਕੀ ਰੀਤਿ।। {ਗੁ. ਗ੍ਰੰ. ਪੰ. ੮੧੫}
ਅਰਥ:-ਹੇ ਮਨ! ਤੇਰਾ ਇਤਬਾਰ ਕਰ ਕੇ ਕਿਸ ਕਿਸ ਨੇ ਧੋਖਾ ਨਹੀਂ ਖਾਧਾ? ਤੂੰ
ਵੱਡੀ ਮੋਹਣ ਵਾਲੀ ਮਾਇਆ ਦੇ ਮੋਹ ਵਿੱਚ ਫਸਿਆ ਰਹਿੰਦਾ ਹੈਂ (ਤੇ, ਇਹ) ਰਸਤਾ (ਸਿੱਧਾ) ਨਰਕਾਂ ਦਾ
ਹੈ।
ਸੋ, ਇਸੇ ਲਈ ਭਗਤ ਕਬੀਰ ਜੀ ਆਖਿਆ ਹੈ ਕਿ ਭਾਈ! ਐਸਾ ਗੁਰੂ ਧਾਰਨ ਕਰੋ ਕਿ
ਦੂਜੀ ਵਾਰ ਗੁਰੂ ਧਾਰਨ ਦੀ ਲੋੜ ਹੀ ਨਾਹ ਰਹੇ। ਭਾਵ, ਬਾਰ ਬਾਰ ਗੁਰੂ ਬਦਲਨਾ ਨਾਹ ਪਵੇ।
‘ਸੋ ਗੁਰੁ ਕਰਹੁ ਜਿ ਬਹੁਰਿ ਨ ਕਰਨਾ`
(ਗੁ, ਗ੍ਰੰ. ਪੰ. ੩੨੭) ਭਾਈ! ਇਹੀ ਕਾਰਨ ਸੀ ਕਿ
ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸ਼ਬਦ ਗੁਰੂ ਦੇ ਸਿਧਾਂਤ ਉਪਰ ਵਧੇਰੇ ਜ਼ੋਰ ਦਿਤਾ। ‘ਬਾਣੀ
ਗੁਰੂ ਗੁਰੂ ਹੈ ਬਾਣੀ` (ਗੁ. ਗ੍ਰ. ਪੰ. ੯੯੨) ਦਾ ਇਲਾਹੀ ਨਗਮਾ ਗਾਇਆ ਅਤੇ ਆਖਿਰ ਵਿੱਚ ਸਾਨੂੰ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਕਿ ਨਾ ਤਾਂ ਕਿਸੇ ਵਿਅਕਤੀ ਦੀ ਮੰਦੀ ਕਰਤੂਤ ਕਰਕੇ
ਪਛਤਾਣਾ ਪਵੇ ਅਤੇ ਨਾ ਹੀ ਸਾਨੂੰ ਬਾਰ ਬਾਰ ਗੁਰੂ ਬਦਲਣਾ ਪਵੇ।
ਪਿਆਰਿਓ! ਸਾਨੂੰ ਸਦਾ ਚੇਤੇ ਰਖਣਾ ਚਾਹੀਦਾ ਹੈ ਕਿ ਗੁਰਬਾਣੀ
‘ਗੁਰ-ਪ੍ਰਸਾਦੁ` ਹੈ। ਜਗਤ ਜਲੰਦਾ ਤੇ ਡੁੱਬਦਾ ਵੇਖ ਕੇ ਮਿਹਰਵਾਨ ਸਤਿਗੁਰਾਂ ਨੇ ਕਿਰਪਾ ਕਰਕੇ ਸਾਡੇ
ਉਧਾਰ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸੰਗ੍ਰਹਿਤ ਕੀਤੀ ਤੇ ਐਲਾਨ ਕੀਤਾ ਹੈ ਕਿ ਜਿਹੜਾ
ਕੋਈ ਮਨੁੱਖ ਗੁਰਬਾਣੀ ਦੁਆਰਾ ਪਰਮਾਤਮਾ ਦੇ ਗੁਣ ਗਾਂਦਾ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਦਾ
ਹੈ, ਪਰਮਾਤਮਾ ਦੇ ਗੁਣਾਂ ਨੂੰ ਆਪਣੇ ਮਨ ਵਿੱਚ ਵਸਾਂਦਾ ਹੈ ਅਤੇ ਇਸ ਪ੍ਰਕਾਰ ਪਰਮਾਤਮਾ ਦੀ
ਸਿਫ਼ਤ-ਸਾਲਾਹ ਕਰਨ ਦਾ ਉਪਦੇਸ਼ ਹੋਰਨਾ ਨੂੰ ਕਰਦਾ ਹੈ (ਤੇ ਆਪ ਭੀ ਉਸ ਸਿਫ਼ਤਿ-ਸਾਲਾਹ ਨੂੰ ਆਪਣੇ ਮਨ
ਵਿਚ) ਪੱਕੀ ਕਰਕੇ ਟਿਕਾਂਦਾ ਹੈ, ਉਸ ਮਨੁੱਖ ਦਾ ਵਿਕਾਰਾਂ ਤੋਂ ਬਚਾਉ ਹੋ ਜਾਂਦਾ ਹੈ। ਉਹ ਮਨੁੱਖ
ਆਪਣੇ ਅੰਦਰੋਂ ਵਿਕਾਰ ਕੱਟ ਲੈਂਦਾ ਹੈ; ਉਸ ਦਾ ਜੀਵਨ ਪਵਿਤ੍ਰ ਹੋ ਜਾਂਦਾ ਹੈ; ਅਨੇਕਾਂ ਜਨਮਾਂ ਦੇ
ਕੀਤੇ ਹੋਏ ਵਿਕਾਰਾਂ ਦੀ ਮੈਲ ਉਸ ਦੇ ਅੰਦਰੋਂ ਦੂਰ ਹੋ ਜਾਂਦੀ ਹੈ। ਲੋਕ ਪ੍ਰਲੋਕ ਵਿੱਚ ਉਸ ਦਾ ਮੂੰਹ
ਰੌਸ਼ਨ ਰਹਿੰਦਾ ਹੈ, ਕਿਉਂਕਿ ਮਾਇਆ ਉਸ ਉਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ
:
“ਕੋਈ ਗਾਵੈ ਕੋ ਸੁਣੈ, ਕੋਈ ਕਰੈ ਬੀਚਾਰੁ।। ਕੋ ਉਪਦੇਸੈ ਕੋ ਦ੍ਰਿੜੈ, ਤਿਸ ਕਾ ਹੋਇ ਉਧਾਰੁ।।
ਕਿਲਬਿਖ ਕਾਟੈ ਹੋਇ ਨਿਰਮਲਾ, ਜਨਮ ਜਨਮ ਮਲੁ ਜਾਇ।। ਹਲਤਿ ਪਲਤਿ ਮੁਖੁ ਊਜਲਾ, ਨਹ ਪੋਹੈ ਤਿਸੁ
ਮਾਇ।। “ {ਗੁ. ਗ੍ਰੰ. ਪੰ. ੩੦੦}
ਸੋ ਲੋੜ ਤਾਂ ਹੁਣ ਇਹ ਹੈ ਕਿ ਅਸੀਂ ‘ਗੁਰ-ਪ੍ਰਸਾਦੁ` ਦੇ ਪ੍ਰਗਟ ਸਰੂਪ
‘ਸ੍ਰੀ ਗੁਰੂ ਗ੍ਰੰਥ ਸਾਹਿਬ, ਜੀ ਦੀ ਸੰਗਤ ਕਰਦੇ ਹੋਏ ਗੁਰ-ਸ਼ਬਦ ਵੀਚਾਰ ਦੀ ਰੌਸ਼ਨੀ ਵਿੱਚ ‘ੴ ਤੋਂ
ਗੁਰਪ੍ਰਸਾਦਿ` ਦੇ ਮੂਲ-ਮਹਾਂਵਾਕ ਵਾਲੇ ਰੱਬੀ ਗੁਣ ਆਪਣੇ ਅੰਦਰੋਂ ਪ੍ਰਗਟ ਕਰੀਏ। ਕਿਉਂਕਿ, ਗੁਰਬਾਣੀ
ਅੰਦਰ ਗੁਰੂ-ਸੰਗਤ ਦੇ ਸਿੱਟੇ ਵਜੋਂ ਨਾਮੁ ਦੀ ਪ੍ਰਾਪਤੀ ਆਤਮਿਕ-ਤ੍ਰਿਪਤੀ ਤੇ ਰੱਬੀ-ਗੁਣਾਂ ਦੇ
ਪ੍ਰਗਾਸ ਹੋਣ ਦੇ ਰੂਪ ਵਿੱਚ ਹੀ ਮੰਨੀ ਗਈ ਹੈ। ਜਿਵੇਂ ਗੁਰਵਾਕ ਹੈ:
ਹਰਿ ਜਨ ਕੇ ਵਡਭਾਗ ਵਡੇਰੇ, ਜਿਨ ਹਰਿ ਹਰਿ ਸਰਧਾ ਹਰਿ ਪਿਆਸ।।
ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ, ਮਿਲਿ ਸੰਗਤਿ ਗੁਣ ਪਰਗਾਸਿ।। {ਗੁ.
ਗ੍ਰੰ. ਪੰ. ੧੦।।
ਭਾਵ, ਜੇ ਮੂਲ-ਮਹਾਵਾਕ ਅਨੁਸਾਰ ਸ੍ਰਿਸ਼ਟੀ ਦਾ ਮੂਲ ਪਰਮਾਤਮਾ ਇੱਕ (ੴ) ਹੈ
ਤਾਂ ਸਾਡੀ ਦਿਸ਼੍ਰਟੀ ਤੇ ਵਿਹਾਰ ਵਿੱਚ ਏਕਤਾ ਤੇ ਸਮਾਨਤਾ ਆਵੇ। ਜੇ ਉਹ ਸਤਿ ਸਰੂਪ ਨਾਮਣੇ ਵਾਲਾ ਤੇ
ਸੰਸਾਰ ਦੀ ਚੇਤੰਨ ਸਰੂਪ ਅਧਾਰਭੂਤ ਸੱਤਾ (ਸਤਿ ਨਾਮੁ) ਹੈ, ਤਾਂ ਅਸੀਂ ਵੀ ਸਚਿਆਰ ਹੋਣ ਦਾ ਨਾਮਣਾ
ਖਟੀਏ ਅਤੇ ਨਿਓਟਿਆਂ ਦੀ ਓਟ ਤੇ ਨਿਆਸਰਿਆਂ ਦਾ ਆਸਰਾ ਬਣ ਕੇ ਜੀਵੀਏ। ਜੇ ਉਹ ਕਰਤਾਪੁਰਖ, ਨਿਰਭਉ,
ਨਿਰਵੈਰ ਹੈ ਤਾਂ ਅਸੀਂ ਵੀ ਕਰਤਾ-ਪਨ ਦੀ ਹਉਮੈ ਛੱਡ ਕੇ ਕਿਰਤਕਾਰ ਕਰਦੇ ਹੋਏ ਨਿਰਭਉ ਨਿਰਵੈਰ ਹੋ ਕੇ
ਬੰਧਨ ਮੁਕਤ ਅਵਸਥਾ ਵਿੱਚ ਵਿਚਰੀਏ। ਸਭਨਾਂ ਜੀਆਂ ਨਾਲ ਪਿਆਰ ਸਹਿਤ ਵਰਤੀਏ। ਅਕਾਲਮੂਰਤਿ ਤੇ ਅਜੂਨੀ
ਹੋਣ ਕਰਕੇ, ਜੇ ਉਹ ਜਨਮ ਮਰਨ ਤੋਂ ਰਹਿਤ ਹੈ ਤਾਂ ਅਸੀਂ ਵੀ ਹੁਕਮ ਪਛਾਣ ਕੇ ਆਵਾਗਵਣ ਦੇ ਭਰਮਜਾਲ
ਤੋਂ ਮੁਕਤ ਹੋਈਏ। ਜੇ ਉਹਦੀ ਹੋਂਦ ਆਪਣੇ ਆਪ ਤੋਂ (ਸੈਭੰ) ਹੈ, ਤਾਂ ਅਸੀਂ ਵੀ ਦੂਜਿਆਂ `ਤੇ ਕਿਸੇ
ਕਿਸਮ ਦਾ ਭਾਰ ਨਾ ਬਣਦੇ ਹੋਏ ਫੁੱਲ ਵਾਂਗ ਨਿਰਭਾਰ ਤੇ ਖੇੜੇ ਭਰਪੂਰ ਜੀਵਨ ਜੀਵੀਏ। ਜੇ ਅਜਿਹੇ
ਗੁਣਨਿਧਾਨ ਗੁਰੂ-ਪਰਮੇਸ਼ਰ ਦੀ ਕਿਰਪਾ (ਗੁਰ ਪ੍ਰਸਾਦਿ) ਦੁਆਰਾ ਹੀ ਜੀਵਾਂ ਨੂੰ ਸਭ ਕੁੱਝ ਪ੍ਰਾਪਤ ਹੋ
ਰਿਹਾ ਹੈ, ਤਾਂ ਅਸੀਂ ਵੀ ਆਪਣੇ ਸਭਾਅ ਵਿੱਚ ਆਦਿ-ਗੁਰੂ ਪਰਮੇਸ਼ਰ ਦੇ ਕ੍ਰਿਪਾਲੂ ਤੇ ਬਖਸ਼ਿੰਦ ਬਿਰਦ
ਨੂੰ ਸ਼ਾਮਲ ਕਰੀਏ। ਭਾਵ, ਜਿਵੇਂ ਗੁਰੂ ਪਰਮੇਸ਼ਰ ਬਿਨਾਂ ਸ਼ਰਤ ਸਾਰਿਆਂ ਨੂੰ ਹਰ ਪ੍ਰਕਾਰ ਦੀਆਂ ਦਾਤਾਂ
ਬਖਸ਼ ਰਿਹਾ ਹੈ, ਹਰ ਕਿਸਮ ਦਾ ਗਿਆਨ ਕਰਵਾ ਰਿਹਾ ਹੈ। ਤਿਵੇਂ ਹੀ ਅਸੀਂ ਵੀ ਪ੍ਰਭੂ ਬਖ਼ਸ਼ੀਆਂ ਦਾਤਾਂ
ਨੂੰ ਬਿਨਾਂ ਕਿਸੇ ਵਿਤਕਰੇ ਸਾਰਿਆਂ ਨਾਲ ਵੰਡ ਕੇ ਛਕੀਏ। ਜਿਹੜਾ ਵੀ ਕੋਈ ਗੁਣ ਸਾਨੂੰ ਪ੍ਰਾਪਤ
ਹੋਵੇ, ਸਰਬਤ ਦਾ ਭਲਾ ਲੋਚਦੇ ਹੋਏ ਉਹ ਵੀ ਹੋਰਨਾ ਨਾਲ ਸਾਂਝਾ ਕਰਨ ਲਈ ਸਦਾ ਯਤਨਸ਼ੀਲ ਰਹੀਏ। ਜ਼ਿੰਦਗੀ
ਵਿੱਚ ਆਏ ਅਜਿਹੇ ਪ੍ਰੀਵਰਤਨ ਤੋਂ ਹੀ ਨਿਸ਼ਚੇ ਹੁੰਦਾ ਹੈ ਕਿ ਇਹ ਇਨਸਾਨ ਗੁਰੂ ਕਿਰਪਾ ਦਾ ਪਾਤਰ ਹੈ।
ਕਿਉਂਕਿ, ਜਦੋਂ ਕੋਈ ਇਨਸਾਨ ਆਦਿ ਗੁਰੂ-ਪਰਮੇਸ਼ਰ ਦੀ ਮਿਹਰ ਦਾ ਪਾਤਰ ਬਣਦਾ ਹੈ ਤਾਂ ਤਦੋਂ ਜਿਹੜੀ
ਅਚਰਜ ਘਟਨਾ ਘਟਦੀ ਹੈ, ਉਹ ਇਹੀ ਹੈ ਕਿ ਗੁਰੂ ਉਸ ਨੂੰ ਆਪਣੇ ਸ਼ਬਦ ਵਿੱਚ ਜੋੜ ਕੇ ਪ੍ਰਭੂ-ਚਰਨਾਂ
ਵਿੱਚ ਮਿਲਾ ਦੇਂਦਾ ਹੈ। ਭਾਵ, ਸੇਵਕ ਸਿੱਖ ਗੁਰੂ ਸ਼ਬਦ-ਵੀਚਾਰ ਦੀ ਰੌਸ਼ਨੀ ਵਿੱਚ ਪ੍ਰਭੂ ਦੀ ਹਜ਼ੂਰੀ
ਵਿੱਚ ਜੀਊਣ ਲਗਦਾ ਹੈ। ਜਿਵੇਂ, ਅੱਗ ਦਾ ਸੇਕ ਸੋਨੇ ਆਦਿਕ ਧਾਤੂ ਵਿਚੋਂ ਮੈਲ ਕੱਢ ਕੇ ਸ਼ੁਧ ਕਰ
ਦਿੰਦਾ ਹੈ। ਤਿਵੇਂ ਹੀ ਪ੍ਰਭੂ ਦੀ ਹਜ਼ੂਰੀ ਦਾ ਅਹਿਸਾਸ ਸੇਵਕ ਸਿੱਖ ਦੇ ਅੰਦਰੋਂ ਖੋਟੀ ਮੱਤ ਨੂੰ
ਮਿਟਾ ਦਿੰਦਾ ਹੈ। ਇਸ ਪ੍ਰਕਾਰ ਗੁਰੂ ਦੇ ਸਨਮੁਖ ਹੋ ਕੇ ਜੀਊਣ ਵਾਲਾ ਵਡਭਾਗਾ ਜੀਵ ਰੱਬੀ-ਗੁਣ ਆਪਣੇ
ਅੰਦਰ ਇਕੱਠੇ ਕਰ ਕੇ ਗੁਰ-ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਔਗੁਣ ਸਾੜ ਦੇਂਦਾ ਹੈ। ਇਸ ਪ੍ਰਕਾਰ
ਗੁਰੂ ਦੇ ਸਨਮੁਖ ਹੋ ਕੇ ਮਨੁੱਖ ਨਾਮ-ਧਨ ਲੱਭ ਲੈਂਦਾ ਹੈ। ਗੁਰਵਾਕ ਹੈ
:
ਨਦਰਿ ਕਰੇ ਤਾ ਮੇਲਿ ਮਿਲਾਏ।। ਗੁਣ ਸੰਗ੍ਰਹਿ, ਅਉਗਣ ਸਬਦਿ ਜਲਾਏ।। ਗੁਰਮੁਖਿ ਨਾਮੁ ਪਦਾਰਥੁ ਪਾਏ।।
{ਗੁ. ਗ੍ਰੰ. ਪੰ. ੨੨੨}
ਸਪਸ਼ਟ ਹੈ ਕਿ ਗੁਰੂ ਦ੍ਰਿਸ਼ਟੀ ਵਿੱਚ ਨਾਮੁ-ਪਦਾਰਥ ਦੀ ਪ੍ਰਾਪਤੀ ਗੁਰ
ਸ਼ਬਦ-ਵੀਚਾਰ ਸਦਕਾ ਅਉਗਣਾਂ ਨੂੰ ਆਪਣੇ ਅੰਦਰੋਂ ਮਿਟਾਉਣਾ ਅਤੇ ਰੱਬੀ ਗੁਣਾਂ ਨੂੰ ਗ੍ਰਹਿਣ ਕਰਦਿਆਂ
ਸਹਜੇ ਸਹਜੇ ਰੱਬ-ਰੂਪ ਹੋਣਾ ਹੈ। ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿਖੇ ਭਗਤ ਕਬੀਰ ਸਾਹਿਬ ਜੀ ਦੇ
ਸ਼ਬਦਾਂ ਵਿੱਚ ਹੇਠ ਲਿਖੇ ਚਾਰ ਸ਼ਲੋਕਾਂ ਦੁਆਰਾ ਪ੍ਰਭੂ ਦੇ ਸਿਮਰਨ ਦੀ ਸਹੈਤਾ ਨਾਲ ਜੀਵਨ ਨੂੰ ਸਹਜੇ
ਸਹਜੇ ਉੱਚਾ ਕਰ ਕੇ ਪਰਮਾਤਮਾ ਨਾਲ ਇਕ-ਮਿਕ ਹੋਣ ਲਈ ਰੋੜੇ, ਧੂੜ ਅਤੇ ਪਾਣੀ ਦਾ ਦ੍ਰਿਸ਼ਟਾਂਤ ਦੇ ਕੇ
ਇਹਨਾਂ ਦੇ ਗੁਣ ਧਾਰਨ ਅਤੇ ਇਹਨਾਂ ਵਾਲੇ ਅਵਗੁਣ ਛੱਡਣ ਦਾ ਉਪਦੇਸ਼ ਕੀਤਾ ਗਿਆ ਹੈ:
ਕਬੀਰ ਰੋੜਾ ਹੋਇ ਰਹੁ ਬਾਟ ਕਾ ਤਜਿ ਮਨ ਕਾ ਅਭਿਮਾਨੁ ॥ ਐਸਾ ਕੋਈ ਦਾਸੁ ਹੋਇ ਤਾਹਿ ਮਿਲੈ
ਭਗਵਾਨੁ ॥੧੪੬॥
ਅਰਥ:-
ਹੇ ਕਬੀਰ! (ਜੇ
‘ਜਾ ਕੇ ਸੰਗ ਤੇ ਬੀਛੁਰਾ, ਤਾ ਹੀ ਕੇ ਸੰਗਿ` ਮਿਲਣ ਦੀ ਤਾਂਘ ਹੈ, ਤਾਂ) ਅਹੰਕਾਰ ਛੱਡ ਕੇ ਰਾਹ
ਵਿੱਚ ਪਏ ਹੋਏ ਰੋੜੇ ਵਰਗਾ ਹੋ ਜਾਹ (ਤੇ ਹਰੇਕ ਰਾਹੀ ਦੇ ਠੇਡੇ ਸਹਾਰ)! ਜੇਹੜਾ ਕੋਈ ਮਨੁੱਖ ਅਜੇਹਾ
ਸੇਵਕ ਬਣ ਜਾਂਦਾ ਹੈ, ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ। ੧੪੬।
ਕਬੀਰ ਰੋੜਾ ਹੂਆ ਤ ਕਿਆ ਭਇਆ ਪੰਥੀ ਕਉ ਦੁਖੁ ਦੇਇ ॥ ਐਸਾ ਤੇਰਾ ਦਾਸੁ ਹੈ ਜਿਉ ਧਰਨੀ ਮਹਿ ਖੇਹ
॥੧੪੭॥
ਅਰਥ:-
ਪਰ ਹੇ ਕਬੀਰ! ਰੋੜਾ ਬਣਿਆਂ ਭੀ ਅਜੇ ਪੂਰੀ ਕਾਮਯਾਬੀ ਨਹੀਂ ਹੁੰਦੀ, ਕਿਉਂਕਿ (ਰੋੜਾ ਠੇਡੇ ਤਾਂ
ਸਹਾਰਦਾ ਹੈ, ਪਰ ਨੰਗੀਂ ਪੈਰੀਂ ਤੁਰਨ ਵਾਲੇ) ਰਾਹੀਆਂ ਦੇ ਪੈਰਾਂ ਵਿੱਚ ਚੁੱਭਦਾ ਭੀ ਹੈ (ਤੂੰ ਕਿਸੇ
ਨੂੰ ਦੁੱਖ ਨਹੀਂ ਦੇਣਾ)। ਹੇ ਪ੍ਰਭੂ! ਤੇਰਾ ਭਗਤ ਤਾਂ ਅਜੇਹਾ (ਨਰਮ-ਦਿਲ) ਬਣ ਜਾਂਦਾ ਹੈ ਜਿਵੇਂ
ਰਾਹ ਦੀ ਬਾਰੀਕ ਧੂੜ। ੧੪੭।
ਕਬੀਰ ਖੇਹ ਹੂਈ ਤਉ ਕਿਆ ਭਇਆ ਜਉ ਉਡਿ ਲਾਗੈ ਅੰਗ ॥ ਹਰਿ ਜਨੁ ਐਸਾ ਚਾਹੀਐ ਜਿਉ ਪਾਨੀ ਸਰਬੰਗ
॥੧੪੮॥
ਅਰਥ:-
ਹੇ ਕਬੀਰ! ਖੇਹ (ਵਾਂਗ) ਬਣਿਆਂ ਭੀ ਅਜੇ ਕਸਰ ਰਹਿ ਜਾਂਦੀ ਹੈ, ਖੇਹ (ਪੈਰਾਂ ਨਾਲ) ਉੱਡ ਕੇ
(ਰਾਹੀਆਂ ਦੇ) ਅੰਗਾਂ ਉਤੇ ਪੈਂਦੀ ਹੈ। ਪਰਮਾਤਮਾ ਦਾ ਭਗਤ ਅਜੇਹਾ ਚਾਹੀਦਾ ਹੈ ਜਿਵੇਂ ਪਾਣੀ ਹਰੇਕ
ਸ਼ਕਲ ਦੇ ਭਾਂਡੇ ਨਾਲ ਸਮਾਈ ਰੱਖਦਾ ਹੈ। ੧੪੮।
ਕਬੀਰ ਪਾਨੀ ਹੂਆ ਤ ਕਿਆ ਭਇਆ ਸੀਰਾ ਤਾਤਾ ਹੋਇ ॥ ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ
॥੧੪੯॥ {ਪੰਨਾ ੧੩੭੨}
ਅਰਥ:-
ਹੇ ਕਬੀਰ! ਪਾਣੀ
ਵਾਂਗ ਸਭ ਨਾਲ ਮੇਲ ਰੱਖਿਆਂ (ਭੀ) ਅਜੇ ਪੂਰਨਤਾ ਨਸੀਬ ਨਹੀਂ ਹੁੰਦੀ, ਪਾਣੀ ਕਦੇ ਠੰਢਾ ਤੇ ਕਦੇ
ਤੱਤਾ ਹੋ ਜਾਂਦਾ ਹੈ, ਭਗਤ ਅਜੇਹਾ ਹੋਣਾ ਚਾਹੀਦਾ ਹੈ (ਕਿ ਦੁਨੀਆ ਨਾਲ ਵਰਤਦਾ ਹੋਇਆ ਆਪਣੇ ਸੁਭਾਵ
ਨੂੰ ਇਤਨਾ ਅਡੋਲ ਰੱਖੇ) ਕਿ ਇਸ ਵਿੱਚ ਤੇ ਪਰਮਾਤਮਾ ਵਿੱਚ ਕੋਈ ਫ਼ਰਕ ਨਾਹ ਰਹਿ ਜਾਏ। ੧੪੯।
ਇਨ੍ਹਾਂ ਸਲੋਕਾਂ ਦਾ ਸਾਰੰਸ਼ ਇਹ ਹੈ ਕਿ ਜਿਵੇਂ ਰਸਤੇ ਵਿੱਚ ਪਿਆ ਹੋਇਆ ਰੋੜਾ
ਰਾਹੀਆਂ ਦੇ ਪੈਰਾਂ ਦੇ ਠੇਡੇ ਖਾਂਦਾ ਹੈ, ਇਸੇ ਤਰ੍ਹਾਂ ਮਨੁੱਖ ਨੇ ਦੂਜਿਆਂ ਵਲੋਂ ਆਏ ਕਲੇਸ਼ਾਂ ਤੇ
ਕੁਬੋਲਾਂ ਨੂੰ ਸਹਾਰਨ ਦੀ ਆਦਤ ਪਕਾਣੀ ਹੈ। ਰੋੜਾ ਨੰਗੀਂ ਪੈਰੀਂ ਜਾਣ ਵਾਲੇ ਰਾਹੀ ਦੇ ਪੈਰਾਂ ਵਿੱਚ
ਚੁੱਭਦਾ ਹੈ, ਭਗਤ ਨੇ ਕਿਸੇ ਗ਼ਰੀਬ ਤੋਂ ਗ਼ਰੀਬ ਨੂੰ ਭੀ ਕੋਈ ਚੋਭਵਾਂ ਬੋਲ ਨਹੀਂ ਬੋਲਣਾ, ਧੂੜ ਵਾਂਗ
ਨਰਮ-ਦਿਲ ਰਹਿਣਾ ਹੈ। ਪਰ ਧੂੜ ਮਸਾਫ਼ਿਰਾਂ ਉਤੇ ਪੈ ਕੇ ਉਹਨਾਂ ਨੂੰ ਗੰਦਾ ਕਰਦੀ ਹੈ; ਭਗਤ ਨੇ ਇਸ
ਵਾਦੀ ਤੋਂ ਬਚਣਾ ਹੈ, ਕਿਸੇ ਦੇ ਐਬ ਨਹੀਂ ਫਰੋਲਣੇ। ਜਿਵੇਂ ਪਾਣੀ ਸਾਰੇ ਅੰਗਾਂ ਵਾਸਤੇ ਇਕ-ਸਮਾਨ
ਹੁੰਦਾ ਹੈ, ਸਭ ਸ਼ਕਲਾਂ ਦੇ ਭਾਂਡਿਆਂ ਨਾਲ ਵੀ ਮੇਲ ਕਰ ਲੈਂਦਾ ਹੈ, ਭਗਤ ਨੇ ਚੰਗੇ ਮੰਦੇ ਸਭ ਨਾਲ
ਪਿਆਰ ਕਰਨਾ ਹੈ। ਪਰ ਭਗਤ ਨੇ ਸਦਾ ਠੰਢੇ ਸੁਭਾਵ ਵਾਲਾ ਰਹਿਣਾ ਹੈ, ਇਤਨਾ ਇੱਕ-ਰਸ ਕਿ ਪਰਮਾਤਮਾ ਤੇ
ਇਸ ਵਿੱਚ ਕੋਈ ਵਿੱਥ ਨਾਹ ਰਹਿ ਜਾਏ। ਇਤਹਾਸ ਗਵਾਹ ਹੈ ਕਿ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਸ੍ਰੀ
ਗੁਰੂ ਅੰਗਦ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਇੱਕ ਨਿਮਾਣੇ ਸੇਵਕ ਸਿੱਖ ਦੇ ਰੂਪ ਵਿੱਚ ਆਏ ਅਤੇ ਆਪਾ
ਮਿਟਾ ਕੇ ‘ਗੁਰ-ਪ੍ਰਸਾਦੁ` ਦੇ ਪਾਤਰ ਬਣਦਿਆਂ ਗਿਆਰਾਂ ਸਾਲਾਂ ਦੀ ਉਪਰੋਕਤ ਕਿਸਮ ਦੀ ਘਾਲਣਾ ਉਪਰੰਤ
ਜਦੋਂ ਉਹ ਗੁਰੂ ਨਾਲ ਅਭੇਦ ਹੋਏ ਅਤੇ ਇਸ ਅਭੇਦਤਾ ਕਾਰਨ ਉਨ੍ਹਾਂ ਦੇ ਜੀਵਨ-ਵਿਹਾਰ ਵਿਚੋਂ
ਰੱਬੀ-ਗੁਣਾਂ ਦੇ ਝਲਕਾਰੇ ਵਜਣ ਲੱਗੇ, ਤਾਂ ਗੁਰੂ ਅੰਗਦ ਪਾਤਸ਼ਾਹ ਵੀ ਬੇ-ਸਾਖਤਾ ਪੁਕਾਰ ਉੱਠੇ ਸਨ:
“ਅਮਰਦਾਸ! ਤੂੰ ਸਾਡਾ ਹੀ ਰੂਪ ਹੈਂ। ਜਿਵੇਂ ਸੋਨੇ ਦੇ ਦੋ ਕੰਗਣ ਭੱਠੀ ਵਿੱਚ ਅੱਗ ਦੇ ਸੇਕ ਨਾਲ ਢਲ
ਕੇ ਇੱਕ ਰੂਪ ਹੋ ਜਾਦੇ ਹਨ, ਤਿਵੇਂ ਹੀ ਤੁਸੀਂ ਗੁਰ-ਸੇਵਾ ਦੇ ਤਪ ਨਾਲ ਆਪਣੇ ਆਪ ਨੂੰ ਢਾਲ ਕੇ ਮੇਰੇ
ਨਾਲ ਅਭੇਦ ਹੋ ਗਏ ਹੋ। ਕੋਈ ਭੇਦ ਨਹੀ ਰਿਹਾ: ਕਨਕਾ ਪਾਵਕ ਦੌ ਬਿਖੈ, ਮਿਲਿ ਸਰੂਪ ਇੱਕ ਹੋਇ। ਤਿਮ
ਹਮ ਤੁਮ ਏਕੈ ਭਏ, ਭੇਦ ਨ ਜਾਨੀਯ ਕੋਇ। “ਤੁਸੀਂ ਨਿਥਾਵਿਆਂ ਦੇ ਥਾਂ ਹੋ, ਨਿਮਾਣਿਆਂ ਦੇ ਮਾਣ ਹੋ।
ਨਿਤਾਣਿਆਂ ਦਾ ਤਾਣ ਤੇ ਨਿਉਟਿਆ ਦੀ ਓਟ। ਨਿਧਰਿਆਂ ਦੀ ਧਿਰ ਤੇ ਨਿਜ਼ੋਰਾਂ ਦੇ ਜ਼ੋਰ ਹੋ। ਨਿਧੀਰਾਂ ਦੀ
ਧੀਰ ਤੇ ਪੀਰਾਂ ਦੇ ਪੀਰ ਹੋ। ਦਇਆਲ ਗਹੀ ਬਹੋੜ। ਜਗਤ ਬੰਦੀ ਛੋੜ। ਭਨਣ ਘੜਨ ਸਮਰਥ। ਜਗ ਜੀਵਕਾ ਜਿਸ
ਹੱਥ”: ਤੁਮਹੋ ਨਿਥਾਵਨ ਥਾਨ। ਕਰਿ ਹੋ ਨਿਮਾਨਹਿ ਮਾਨ। ਬਿਨ ਓਟ ਕੀ ਤੁਮ ਓਟ। ਨਿਧਰੇਨ ਕੀ ਧਿਰ
ਕੋਟ।। ੨੩।। ਬਿਨ ਜ਼ੋਰ ਕਿ ਤੁਮ ਜ਼ੋਰ। ਸਮ ਕੋ ਨ ਹੈ ਤੁਮ ਹੋਰ। ਬਿਨ ਧੀਰ ਕੋ ਬਰ ਧੀਰ। ਸਭਿ ਪੀਰ ਕੇ
ਬਡ ਪੀਰ।। ੨੪।। ਤੁਮ ਹੋ ਸੁ ਗਈ ਬਹੋੜ। ਨਰ ਬੰਧ ਕੋ ਤਿਹ ਛੋੜ। ਘੜ ਭੰਨਿਬੇ ਸਮਰੱਥ। ਜਗ ਜੀਵਕਾ
ਤੁਮ ਹੱਥ।। ੨੫।। {ਗੁ. ਪ੍ਰ. ਸੂ. ਰਾਸਿ ੧, ਅੰਸੂ ੧੭} ਇਸ ਲਈ ਆਓ! ਮਿਲ ਕੇ ਅਰਦਾਸ ਕਰੀਏ ਕਿ ਹੇ
ਗੁਰੂ ਮੇਰੀ ਜ਼ਿੰਦਗੀ ਦੀ ਬੇੜੀ ਪਾਪਾਂ ਨਾਲ ਭਰੀ ਹੋਈ ਹੈ, ਮਾਇਆ ਦਾ ਝੱਖੜ ਝੁੱਲ ਰਿਹਾ ਹੈ, ਮੈਨੂੰ
ਡਰ ਲੱਗ ਰਿਹਾ ਹੈ ਕਿ ਕਿਤੇ ਮੇਰੀ ਬੇੜੀ ਡੁੱਬ ਨ ਜਾਏ । ਚੰਗਾ ਹਾਂ ਮੰਦਾ ਹਾਂ) ਪਰਮਾਤਮਾ ਨੂੰ
ਮਿਲਣ ਵਾਸਤੇ (ਪ੍ਰਭੂ ਦੇ ਚਰਨਾਂ ਵਿਚ ਜੁੜਨ ਵਾਸਤੇ) ਮੈਂ ਝਾਕਾ ਲਾਹ ਕੇ ਤੇਰੇ ਦਰ ਤੇ ਆ ਗਿਆ ਹਾਂ।
ਹੇ ਗੁਰੂ! ਮੈਨੂੰ ਜ਼ਰੂਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਦਾਤਿ ਦੇਹ । ਸੰਸਾਰ-ਸਮੁੰਦਰ ਦੀਆਂ ਵਿਕਾਰਾਂ
ਦੀਆਂ ਲਹਿਰਾਂ ਵਿਚੋਂ) ਤਾਰਨ ਵਾਲੇ ਹੇ ਗੁਰੂ! ਮੈਨੂੰ (ਇਹਨਾਂ ਲਹਿਰਾਂ ਵਿਚੋਂ) ਪਾਰ ਲੰਘਾ ਲੈ।
ਸਦਾ ਕਾਇਮ ਰਹਿਣ ਵਾਲੇ ਅਤੇ ਸਰਬ-ਵਿਆਪਕ ਪਰਮਾਤਮਾ ਦੀ ਭਗਤੀ (ਦੀ ਦਾਤਿ) ਮੈਨੂੰ ਦੇਹ। ਮੈਂ ਤੈਥੋਂ
ਸਦਕੇ ਜਾਂਦਾ ਹਾਂ।
ਜਿਨ੍ਹਾਂ ਨੂੰ ਗੁਰੂ ਦਾ ਉਪਦੇਸ਼ ਮਿਲ ਜਾਂਦਾ ਹੈ ਉਹ ਮਾਲਿਕ-ਪ੍ਰਭੂ ਦੇ ਚਰਨ
ਛੁਹ ਕੇ (ਜ਼ਿੰਦਗੀ ਦੀ ਬਾਜ਼ੀ ਵਿਚ) ਕਾਮਯਾਬ ਹੋ ਜਾਂਦੇ ਹਨ, ਉਹ ਇੱਕ ਪਰਮਾਤਮਾ ਨੂੰ ਆਪਣੇ ਚਿੱਤ ਵਿਚ
ਵਸਾਂਦੇ ਹਨ, ਉਹੀ ਹਨ ਅਸਲ ਸਿੱਧ ਸਾਧਿਕ ਜੋਗੀ ਤੇ ਜੰਗਮ।੨।
ਹੇ ਪ੍ਰਭੂ! (ਜਨਮਾਂ ਜਨਮਾਂਤਰਾਂ ਦੇ ਕੀਤੇ ਕਰਮਾਂ ਦਾ ਲੇਖਾ ਨਿਬੇੜਨ
ਵਾਸਤੇ) ਮੈਂ ਕਿਸੇ ਜਪ ਤਪ ਸੰਜਮ ਆਦਿਕ ਧਾਰਮਿਕ ਕਰਮ ਨੂੰ ਕਾਫ਼ੀ ਨਹੀਂ ਸਮਝਦਾ। ਮੈਂ ਤੇਰਾ ਨਾਮ ਹੀ
ਸਿਮਰਦਾ ਹਾਂ।
ਹੇ ਨਾਨਕ! ਜਿਸ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ ਪਰਮਾਤਮਾ ਮਿਲ ਪੈਂਦਾ
ਹੈ (ਕਿਉਂਕਿ) ਗੁਰੂ ਦੇ ਸੱਚੇ ਸ਼ਬਦ ਦੀ ਰਾਹੀਂ ਉਸ ਦੇ ਜਨਮਾਂ ਜਨਮਾਂਤਰਾਂ ਦੇ ਕੀਤੇ ਕਰਮਾਂ ਦਾ
ਲੇਖਾ ਨਿੱਬੜ ਜਾਂਦਾ ਹੈ।੩।੬।
ਰਾਮਕਲੀ ਮਹਲਾ ੧।। ਹਮ ਡੋਲਤ ਬੇੜੀ ਪਾਪ ਭਰੀ ਹੈ ਪਵਣੁ ਲਗੈ ਮਤੁ ਜਾਈ।।
ਸਨਮੁਖ ਸਿਧ ਭੇਟਣ ਕਉ ਆਏ ਨਿਹਚਉ ਦੇਹਿ ਵਡਿਆਈ।। ੧।। ਗੁਰ ਤਾਰਿ ਤਾਰਣਹਾਰਿਆ।। ਦੇਹਿ ਭਗਤਿ ਪੂਰਨ
ਅਵਿਨਾਸੀ ਹਉ ਤੁਝ ਕਉ ਬਲਿਹਾਰਿਆ।। ੧।। ਰਹਾਉ।। ਸਿਧ ਸਾਧਿਕ ਜੋਗੀ ਅਰੁ ਜੰਗਮ ਏਕੁ ਸਿਧੁ ਜਿਨੀ
ਧਿਆਇਆ।। ਪਰਸਤ ਪੈਰ ਸਿਝਤ ਤੇ ਸੁਆਮੀ ਅਖਰੁ ਜਿਨ ਕਉ ਆਇਆ ।। ੨।। ਜਪ ਤਪ ਸੰਜਮ ਕਰਮ ਨ ਜਾਨਾ
ਨਾਮੁ ਜਪੀ ਪ੍ਰਭ ਤੇਰਾ।। ਗੁਰੁ ਪਰਮੇਸਰੁ ਨਾਨਕ ਭੇਟਿਓ ਸਾਚੈ ਸਬਦਿ ਨਿਬੇਰਾ।। ੩।। ੬।। —੮੭੮
ਗੁਰੂ ਅਰਜਨ ਸਾਹਿਬ ਜੀ ਮਹਾਰਾਜ ਤੋਂ ਵਰੁਸਾਏ ਭੱਟ-ਜਨਾਂ ਦਾ ਮੁਖੀਆ ਭੱਟ
ਕਲBਸਹਾਰ ਵੀ ਗਵਾਹੀ ਭਰਦਾ ਹੈ ਕਿ ਜਿਨ੍ਹਾਂ ਮਨੁੱਖਾਂ ਉਤੇ ਸਤਿਗੁਰੂ ਤ੍ਰੁੱਠਦਾ ਹੈ, (ਉਹਨਾਂ ਦੇ)
ਹਿਰਦੇ ਵਿੱਚ ਅਕਾਲ ਪੁਰਖ ਦਾ ਨਾਮ ਵਸਾਉਂਦਾ ਹੈ। ਜਿਨ੍ਹਾਂ ਉਤੇ ਗੁਰੂ ਤ੍ਰੁਠਦਾ ਹੈ, ਉਹਨਾਂ ਤੋਂ
ਪਾਪ ਦੂਰੋਂ ਹੀ ਵੇਖ ਕੇ ਭੱਜ ਜਾਂਦਾ ਹੈ। ਜਿਨ੍ਹਾਂ ਉੱਤੇ ਸਤਿਗੁਰੂ ਖ਼ੁਸ਼ ਹੁੰਦਾ ਹੈ, ਉਹਨਾਂ
ਮਨੁੱਖਾਂ ਦਾ ਅਹੰਕਾਰ ਦੂਰ ਕਰ ਦੇਂਦਾ ਹੈ। ਜਿਨ੍ਹਾਂ ਉੱਤੇ ਗੁਰੂ ਮਿਹਰ ਕਰਦਾ ਹੈ, ਉਹਨਾਂ ਮਨੁੱਖਾਂ
ਨੂੰ ਸ਼ਬਦ ਵਿੱਚ ਜੋੜ ਕੇ ਇਸ ਸੰਸਾਰ-ਸਾਗਰ ਤੋਂ ਪਾਰ ਲੰਘਾ ਦੇਂਦਾ ਹੈ।
ਗੁਰੁ ਜਿਨ੍ਹ੍ਹ ਕਉ ਸੁਪ੍ਰਸੰਨੁ, ਨਾਮੁ ਹਰਿ ਰਿਦੈ ਨਿਵਾਸੈ।। ਜਿਨ੍ਹ੍ਹ ਕਉ
ਗੁਰੁ ਸੁਪ੍ਰਸੰਨੁ, ਦੁਰਤੁ ਦੂਰੰਤਰਿ ਨਾਸੈ।। ਗੁਰੁ ਜਿਨ੍ਹ੍ਹ ਕਉ ਸੁਪ੍ਰਸੰਨੁ, ਮਾਨੁ ਅਭਿਮਾਨੁ
ਨਿਵਾਰੈ।। ਜਿਨ੍ਹ੍ਹ ਕਉ ਗੁਰੁ ਸੁਪ੍ਰਸੰਨੁ, ਸਬਦਿ ਲਗਿ ਭਵਜਲੁ ਤਾਰੈ।। {ਗੁ. ਗ੍ਰੰ. ਪੰ. ੧੩੯੮}