ਕੀ ਕਹਿੰਦੇ ਹਨ ਇਹ ਜਥੇਦਾਰ ਲਓ ਸੁਣੋ—ਖ਼ਾਲਸੇ ਦਾ ਜਨਮ ਅਸਥਾਨ ਪਟਨਾ ਹੈ ਨਾ
ਕਿ ਅਨੰਦਪੁਰ। ਸਿੱਖਾਂ ਦਾ ਪਹਿਲਾ ਤਖ਼ਤ ਪਟਨਾ ਹੈ ਅਕਾਲ ਤਖ਼ਤ ਨਹੀਂ। ਗੁਰੂ ਗੋਬਿੰਦ ਸਿੰਘ ਜੀ ਨੇ ਆਪ
ਆਪਣੀ ਤਸਵੀਰ ਬਣਵਾ ਕੇ ਪਟਨਾ ਵਿਖੇ ਭੇਜੀ ਜੋ ਅੱਜ ਵੀ ਉਥੇ ਮੌਜੂਦ ਹੈ। ਦਸ ਪਾਤਸ਼ਾਹੀਆਂ ਹੀ ਅਕਾਲ
ਪੁਰਖ ਹਨ। ਗੁਰੂ ਅਰਜਨ ਦੇਵ ਜੀ ਨੇ ਗੱਦੀ ਉੱਤੇ ਬੈਠਣ ਸਮੇਂ ਬਚਨ ਕੀਤੇ। ਜਦ ਤਕ ਗੁਰਿਆਈ ਮੇਰੇ ਕੋਲ
ਰਹੇਗੀ, ਗੋਇੰਦਵਾਲ ਵਿਚ ਜਮ ਨਹੀਂ ਆਵੇਗਾ। ਗੁਰੂ ਜੀ 25 ਸਾਲ ਗੁਰਗੱਦੀ `ਤੇ ਬਿਰਾਜਮਾਨ ਰਹੇ ਜਿਸ
ਦੌਰਾਨ ਗੋਇੰਦਵਾਲ ਵਿਖੇ ਕੋਈ ਨਾ ਮਰਿਆ। ਗੁਰੂ ਤੇਗ਼ ਬਹਾਦਰ ਜੀ ਨੇ ਇਕ ਦੈਂਤ ਨੂੰ ਮਾਰ ਕੇ ਮਾਖੋਵਾਲ
(ਅਨੰਦਪੁਰ) ਵਸਾਇਆ ਸੀ।
ਇਸ ਜਥੇਦਾਰ ਨੇ ਸਿੱਖ ਮਿਸ਼ਨਰੀਆਂ `ਤੇ ਵੀ ਕਿੰਤੂ ਕੀਤਾ ਹੈ। ਜਦ ਕਿ ਮਿਸ਼ਨਰੀ
ਵੀਰ/ਭੈਣਾਂ ਬੜੀ ਹੀ ਨਿਸ਼ਠਾ ਅਤੇ ਲਗਨ ਨਾਲ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਲੱਗੇ ਹੋਏ ਹਨ
ਅਤੇ ਇਹੀ ਉਹਨਾਂ ਦੀ ਗੁਰਮਤਿ ਪ੍ਰਤੀ ਪ੍ਰੇਮ ਅਤੇ ਦ੍ਰਿੜਤਾ ਦਾ ਹੀ ਨਤੀਜਾ ਹੈ ਕਿ ਪੰਜਾਬ ਦੇ
ਪਿੰਡਾਂ ਸ਼ਹਿਰਾਂ ਵਿਚ ਸਿੱਖੀ ਹੁਣ ਤਕ ਕਾਇਮ ਹੈ।
ਇਹ ਜਥੇਦਾਰ ਗੁਰਮਤਿ ਪ੍ਰਤੀ ਕਿੰਨਾ ਕੁ ਗਿਆਨ ਰੱਖਦੇ ਹਨ। ਉਕਤ ਵਿਚਾਰਾਂ
ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ। ਇਹ ਆਪਸ ਵਿਚ ਇਕ ਦੂਜੇ ਤੋਂ ਆਪਣੇ ਆਪ ਨੂੰ ਵੱਡਾ ਸਿੱਧ ਕਰਨ `ਤੇ
ਸਾਰਾ ਜ਼ੋਰ ਲਾ ਰਹੇ ਹਨ। ਜਿਹੜੇ ਅਸਲ ਵਿਚ ਪੰਥ ਦੋਖੀ ਹਨ।
ਡੇਰਾਵਾਦ ਸਾਧ ਵਾਧੇ ਨੂੰ ਖਤਮ ਕਰਨ ਦੀ ਬਜਾਏ ਇਹ ਡੇਰੇਦਾਰਾਂ ਨੂੰ ਸਿੰਘ
ਸਾਹਿਬਾਂ ਦੀਆਂ ਪਦਵੀਆਂ ਨਾਲ ਨਿਵਾਜ ਰਹੇ ਹਨ। ਇਸੇ ਜਥੇਦਾਰ ਨੇ ਮਿਤੀ 25-12-98 ਪੋਹ ਸੁਦੀ ਸਤਵੀਂ
ਨੂੰ ਬਾਬਾ ਗੁਰਬਚਨ ਸਿੰਘ ਅੰਮ੍ਰਿਤਸਰ ਵਾਲੇ ਨੂੰ ਸ੍ਰੀ ਸਿੰਘ ਸਾਹਿਬ ਦੀ ਉਪਾਧੀ ਦਿੱਤੀ। ਸ਼੍ਰੋਮਣੀ
ਕਮੇਟੀ ਪ੍ਰਧਾਨਾਂ ਨੇ ਵੀ ਕਈ ਵਾਰੀ ਅਖ਼ਬਾਰਾਂ ਵਿਚ ਬਿਆਨ ਦੇ ਕੇ ਕਿਹਾ ਹੈ ਕਿ ਡੇਰਾਵਾਦ ਪੰਥ ਵਾਸਤੇ
ਨੁਕਸਾਨ ਦੇਹ। ਪਰ ਇਹਨਾਂ ਜਥੇਦਾਰਾਂ ਉੱਤੇ ਕੋਈ ਅਸਰ ਨਹੀਂ ਹੈ।
ਧਰਮ ਪ੍ਰਚਾਰ ਕਮੇਟੀ ਤੋਂ 10 ਸਵਾਲਾਂ ਦੇ ਉੱਤਰ ਮੰਗੇ ਜੋ ਸਾਢੇ ਚਾਰ ਮਹੀਨੇ
ਦੇ ਲੰਮੇ ਸਮੇਂ ਤੋਂ ਉਪਰੰਤ, ਉਨ੍ਹਾਂ ਸਵਾਲਾਂ ਦੇ ਜਵਾਬ, ਧਰਮ ਪ੍ਰਚਾਰ ਕਮੇਟੀ ਦੇ ਲੈਟਰ-ਪੈਡ `ਤੇ
ਲਿਖੇ ਹੋਏ ਮਿਲੇ।
ਮੇਰੇ ਵਜੋਂ ਭੇਜੇ ਗਏ ਦਸ ਸਵਾਲ ਅਤੇ ਉੱਚ ਪਧਰੀ ਧਾਰਮਕ ਕਮੇਟੀ ਵੱਲੋਂ
ਦਿੱਤੇ ਗਏ ਜਵਾਬ, ਸਪੋਕਸਮੈਨ ਦੇ ਪਾਠਕਾਂ ਦੀ ਸੇਵਾ ਵਿਚ ਪੇਸ਼ ਕਰਨ ਦੀ ਆਗਿਆ ਚਾਹਾਂਗਾ:
1: ਮੂਲ ਮੰਤਰ ਕਿਥੋਂ ਤੀਕ ਹੈ—ਗੁਰਪ੍ਰਸਾਦਿ ਤਕ ਜਾਂ ਨਾਨਕ ਹੋਸੀ ਭੀ ਸਚੁ
ਤਕ?
2: ਅਰਦਾਸ ਵਿਚ “ਦਾਨਾ ਸਿਰ ਦਾਨ” ਨਾਮ ਦਾਨ ਹੀ ਹੈ, ਜਾਂ ਫਿਰ ਕੇਸ ਦਾਨ
ਜਾਂ ਰਹਿਤਦਾਨ ਵੀ ਹੋ ਸਕਦਾ ਹੈ ਜਿਹਾ ਕਿ ਬਹੁਤ ਸਾਰੇ ਅਰਦਾਸੀਏ ਕਹਿੰਦੇ ਸੁਣੇ ਗਏ ਹਨ?
3: ਕੀ ਭਗਤ ਧੰਨਾ ਜੀ ਨੇ ਠਾਕਰ ਵਿਚੋਂ ਭਗਵਾਨ (ਵਾਹਿਗੁਰੂ) ਨੂੰ ਪਾਇਆ ਸੀ
ਜਾਂ ਨਾਮ ਦੇ ਲੜ ਲੱਗ ਕੇ?
4: ਗੁਰ-ਸ਼ਬਦ ਦੀ ਵਿਚਾਰ ਜਾਂ ਕਥਾ ਕਰਦਿਆਂ, ਮਿਥਹਾਸਕ ਕਥਾਵਾਂ ਜਾਂ ਮਨ-ਘੜਤ
ਕਹਾਣੀਆਂ ਸੁਣਾਉਣੀਆਂ ਕਿਥੋਂ ਤੀਕ ਉਚਿਤ ਹਨ?
5: ਕੀ ਗੁਰਮਤਿ ਅਨੁਸਾਰ ਸੰਗਰਾਂਦ, ਮਸਾਂਤ, ਪੂਰਨਮਾਸ਼ੀ, ਇਕਾਦਸੀ, ਦੁਆਦਸੀ
ਆਦਿ ਪੁਰਬ ਮਨਾਉਣੇ ਉਚਿਤ ਹਨ?
6: ਕੜਾਹ ਪ੍ਰਸ਼ਾਦ ਵਿਚ ਕਿਰਪਾਨ ਭੇਟ ਕਰ ਕੇ ਪ੍ਰਵਾਨਗੀ ਲਈ ਜਾਂਦੀ ਹੈ ਜਾਂ
ਭੋਗ ਲੁਆਇਆ ਜਾਂਦਾ ਹੈ।
7: ਕੀ ਗੁਰ-ਸਿੱਖ ਨਰਕ, ਸੁਰਗ ਵਿਚ ਵਿਸ਼ਵਾਸ ਰੱਖਦਾ ਹੈ? ਸਰੀਰ ਤਿਆਗ ਕੇ ਕੀ
ਗੁਰਸਿੱਖ ਵਾਹਿਗੁਰੂ ਦੇ ਚਰਨਾਂ ਵਿਚ ਨਿਵਾਸ ਪਾਉਂਦਾ ਹੈ ਜਾਂ ਸਵਰਗ ਵਿਚ।
8: ਸ੍ਰੀ ਅਖੰਡ ਪਾਠ ਦੇ ਨਾਲ ਪੋਥੀ ਪਾਠ ਕਰਨਾ ਕਿਥੋਂ ਤੀਕ ਉਚਿਤ ਹੈ?
9: ਕੀ ਪਾਠ ਦੇ ਲਾਗੇ ਰੱਖਿਆ ਹੋਇਆ ਜਲ ਅੰਮ੍ਰਿਤ ਬਣ ਜਾਂਦਾ ਹੈ?
10: ਅਖੰਡ ਪਾਠ ਸਮੇਂ “ਮਧ ਦੇ ਭੋਗ” ਦੀ ਕੀ ਮਹਾਨਤਾ ਹੈ?
ਇਨ੍ਹਾਂ ਸਵਾਲਾਂ ਦੇ ਜਵਾਬ ਉਸ ਕਮੇਟੀ ਵੱਲੋਂ ਮਿਲੇ, ਜਿਸ ਦੇ ਜ਼ਿੰਮੇ ਧਰਮ
ਪ੍ਰਚਾਰ ਕਰਨਾ ਤੇ ਗੁਰਮਤਿ ਸਿਧਾਂਤ ਦੀ ਵਿਆਖਿਆ ਕਰ ਕੇ ਸੰਗਤ ਨੂੰ ਸੇਧ ਦੇਣਾ ਹੈ। ਉਸ ਵੱਲੋਂ
ਸੁਆਲਾਂ ਦੇ ਜਵਾਬ ਇਸ ਪ੍ਰਕਾਰ ਹਨ:
ਮੂਲ ਮੰਤਰ ਜੇਕਰ “ਨਾਨਕ ਹੋਸੀ ਭੀ ਸੱਚ” ਤਕ ਪੜ੍ਹ ਲਿਆ ਜਾਏ ਤਾਂ ਕੀ ਹਰਜ਼
ਹੈ? ਇਹ ਸਾਰੀ ਗੁਰਬਾਣੀ ਹੀ ਤਾਂ ਹੈ ਜੋ ਸਤਿਗੁਰਾਂ ਦੀ ਉਚਾਰੀ ਹੋਈ ਹੈ।
ਭਗਤ ਧੰਨਾ ਜੀ ਨੇ ਠਾਕਰ (ਪੱਥਰ) ਵਿਚੋਂ ਅਕਾਲ-ਪੁਰਖ ਦੀ ਪ੍ਰਾਪਤੀ ਕੀਤੀ।
ਇਸ ਸੰਬੰਧ ਵਿਚ ਭਾਈ ਗੁਰਦਾਸ ਜੀ ਆਪਣੀ ਵਾਰ ਨੰ: 10 ਪਉੜੀ ਨੰ: 13 ਵਿਚ ਗਵਾਹੀ ਦਿੰਦੇ ਹਨ। ਕੀ ਉਹ
ਝੂਠ ਬੋਲਦੇ ਹਨ?
ਗੁਰੂ ਸ਼ਬਦ ਦੀ ਵਿਆਖਿਆ ਕਰਦੇ ਹੋਏ ਮਿਥਿਹਾਸਕ ਕਥਾ ਕਹਾਣੀਆਂ ਦਾ ਸਹਾਰਾ
ਲੈਣਾ ਕੋਈ ਗ਼ਲਤ ਗੱਲ ਨਹੀਂ।
ਸੰਗਰਾਂਦ ਅਤੇ ਪੂਰਨਮਾਸ਼ੀ, ਮੱਸਿਆ ਆਦਿ ਇਤਿਹਾਸਕ ਗੁਰੂ ਘਰਾਂ ਵਿਚ ਸਦੀਆਂ
ਤੋਂ ਗੁਰਸਿੱਖ ਮਨਾਉਂਦੇ ਆਏ ਹਨ। ਗੁਰਬਾਣੀ ਦਾ ਆਸਰਾ ਲੈਣਾ ਕੋਈ ਗ਼ਲਤ ਨਹੀਂ।
ਕ੍ਰਿਪਾਨ ਭੇਟ ਕਰਨ ਸਮੇਂ ਭੋਗ ਲਵਾਉਣ ਸੰਬੰਧੀ ਗੁਰਬਾਣੀ ਦੀ ਤੁਕ ਹੈ।
“ਕਰੀ ਪਾਕਸਾਲ ਸੋਚ ਪਵਿਤ੍ਰਾ, ਹੁਣਿ ਲਾਵਹੁ ਭੋਗੁ ਹਰਿ ਰਾਏ।”
ਪੋਥੀ ਪਾਠ ਵੀ ਤਾਂ ਗੁਰਬਾਣੀ ਦਾ ਹੀ ਪਾਠ ਹੈ। ਗੁਰਬਾਣੀ ਪੜ੍ਹਨ ਵਿਚ ਕੀ
ਹਰਜ ਹੈ?
ਜੇਕਰ ਤੁਸੀਂ ਬਾਣੀ ਦੀ ਸ਼ਕਤੀ ਵਿਚ ਵਿਸ਼ਵਾਸ ਰੱਖਦੇ ਹੋ ਤਾਂ ਤੁਹਾਨੂੰ ਪਤਾ
ਹੋਣਾ ਚਾਹੀਦਾ ਹੈ ਕਿ ਗੁਰਬਾਣੀ ਪਸ਼ੂ, ਪੰਛੀ ਚਰਿੰਦ ਪਰਿੰਦ, ਇਥੋਂ ਤਕ ਕਿ ਪੱਥਰਾਂ `ਤੇ ਵੀ ਅਸਰ
ਕਰਦੀ ਹੈ। ਸੋ ਜਲ ਵੀ ਪ੍ਰਭਾਵਤ ਹੁੰਦਾ ਹੈ।
ਮੱਧ ਦੇ ਭੋਗ ਵਾਲੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਇਹ ਤੁਕ ਲਿਖੀ—
“ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸ਼ਰਹਿ।”
ਇਕ ਜ਼ਿੰਮੇਵਾਰ ਸੰਸਥਾ ਜਿਸ ਦੀ ਜ਼ਿੰਮੇਵਾਰੀ ਸਿੱਖ ਸੰਗਤ ਨੂੰ ਸੇਧ ਦੇਣਾ ਹੈ,
ਉਸ ਵੱਲੋਂ ਇਹ ਜਵਾਬ ਸੁਣ ਕੇ ਨਾ ਕੇਵਲ ਹੈਰਾਨੀ ਹੀ ਹੁੰਦੀ ਹੈ ਸਗੋਂ ਦੁੱਖ ਵੀ ਹੁੰਦਾ ਹੈ। ਸਿੱਖ
ਸੰਗਤ ਸੇਧ ਕਿੱਥੋਂ ਲਵੇ, ਇਹ ਸਵਾਲ ਜਵਾਬ ਦੀ ਮੰਗ ਕਰਦਾ ਹੈ।