.

ਮਿਲਿ ਸੰਗਤਿ ਹੰਸੁ ਕਰਾਈਐ

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਗੁਰਮਤਿ ਨੇ ਬਹੁਤ ਹੀ ਸਿੱਧੇ ਢੰਗ ਨਾਲ ਸੰਸਾਰ ਨੂੰ ਸਚਿਆਰ ਬਣਨ ਦਾ ਉਪਦੇਸ਼ ਦਿੱਤਾ ਹੈ। ਜੀਵਨ ਵਿੱਚ ਵਿਚਰਦਿਆਂ ਦੋ ਬਿਰਤੀਆਂ ਨਾਲ ਵਾਸਤਾ ਪੈਂਦਾ ਹੈ। ਇੱਕ ਤਾਂ ਗੁਰਮੁਖਾਂ ਦੀ ਬਿਰਤੀ ਹੈ, ਇਹਨਾਂ ਦੀ ਸੰਗਤ ਕਰਨ `ਤੇ ਜ਼ੋਰ ਦਿੱਤਾ ਗਿਆ ਹੈ। ‘ਸੇਈ ਪਿਆਰੇ ਮੇਲ’ ਆਖ ਕੇ ਵਡਿਆਇਆ ਗਿਆ ਹੈ। ਦੂਸਰੀ ਬਿਰਤੀ ਰੱਬ ਨਾਲੋਂ ਟੁੱਟਿਆਂ ਹੋਇਆਂ ਦੀ ਹੈ, ਇਹਨਾਂ ਨੂੰ ਸਾਕਤ ਜਾਂ ਮਨਮੁਖ ਆਖ ਕੇ, ਗੁਰਮੁਖਾਂ ਦਾ ਰਸਤਾ ਅਖਤਿਆਰ ਕਰਨ ਲਈ ਪ੍ਰੇਰਤ ਕੀਤਾ ਹੈ। ਡੂੰਘੀਆਂ ਰਮਜ਼ਾਂ ਰਾਂਹੀਂ ਵੀ ਸਾਕਤਾਂ ਤੇ ਗੁਰਮੁਖਾਂ ਨੂੰ ਵੱਖ ਵੱਖ ਨਾਵਾਂ ਨਾਲ ਸੰਬੋਧਨ ਕੀਤਾ ਹੈ। ਇਸ ਸ਼ਬਦ ਵਿੱਚ ਵੀ ਦੋ ਬਿਰਤੀਆਂ ਨੂੰ ਲਿਆ ਹੈ, ਸਾਕਤ ਬਿਰਤੀ ਨੂੰ ਕਾਂ ਨਾਲ ਤੁਲਨਾਇਆ ਗਿਆ ਹੈ ਤੇ ਗੁਰਮੁਖ ਬਿਰਤੀ ਨੂੰ ਹੰਸ ਨਾਲ ਵਡਿਆਇਆ ਗਿਆ ਹੈ। ਇੱਕ ਉਸ ਬਿਰਤੀ ਦਾ ਵੀ ਪਾਜ ਉਧੇੜ੍ਹਿਆ ਗਿਆ ਹੈ ਜਿਸ ਦਾ ਲਿਬਾਸ ਤਾਂ ਧਰਮੀਆਂ ਵਾਲਾ ਹੈ, ਪਰ ਨਿਯਤ ਸਾਫ਼ ਨਹੀਂ ਏ, ਉਸ ਸਖ਼ਸ਼ ਨੂੰ ਬਗਲਾ ਕਹਿ ਕੇ ਪੁਕਾਰਿਆ ਗਿਆ ਹੈ। ਬਗ਼ਲਾ ਤੇ ਕਾਂ ਹੰਸ ਬਣ ਸਕਦੇ ਹਨ, ਜੇਕਰ ਉਹ ਗੁਰਮੁਖਾਂ ਦੀ ਸੰਗਤ ਨੂੰ ਅਪਨਾ ਲੈਣ। ਚੌਥੇ ਪਾਤਸ਼ਾਹ ਸਾਹਿਬ ਗੁਰੂ ਰਾਮਦਾਸ ਜੀ ਦਾ ਇੱਕ ਬਹੁਤ ਹੀ ਪਿਆਰਾ ਸ਼ਬਦ ਰਾਮਕਲੀ ਰਾਗ ਵਿੱਚ ਅੰਕਤ ਹੈ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰ: ੮੮੧ `ਤੇ ਅੰਕਤ ਹੈ:-----

ਜੇ ਵਡਭਾਗ ਹੋਵਹਿ ਵਡ ਮੇਰੇ ਜਨ ਮਿਲਦਿਆ ਢਿਲ ਨ ਲਾਈਐ॥

ਹਰਿ ਜਨ ਅੰਮ੍ਰਿਤ ਕੁੰਟ ਸਰ ਨੀਕੇ ਵਡਭਾਗੀ ਤਿਤੁ ਨਾਵਾਈਐ॥ ੧॥

ਰਾਮ ਮੋ ਕਉ ਹਰਿ ਜਨ ਕਾਰੈ ਲਾਈਐ॥

ਹਉ ਪਾਣੀ ਪਖਾ ਪੀਸਉ ਸੰਤ ਆਗੈ ਪਗ ਮਲਿ ਮਲਿ ਧੁਰਿ ਮੁਖਿ ਲਾਈਐ॥ ਰਹਾਉ॥ ੧॥

ਹਰਿ ਜਨ ਵਡੇ ਵਡੇ ਵਡ ਊਚੇ ਜੋ ਸਤਗੁਰ ਮੇਲਿ ਮਿਲਾਈਐ॥

ਸਤਗੁਰ ਜੇ ਵਡੁ ਅਵਰੁ ਨ ਕੋਈ ਮਿਲਿ ਸਤਗੁਰ ਪੁਰਖ ਧਿਆਈਐ॥ ੨॥

ਸਤਗੁਰ ਸਰਣਿ ਪਰੇ ਤਿਨ ਪਾਇਆ ਮੇਰੇ ਠਾਕੁਰ ਲਾਜ ਰਖਾਈਐ॥

ਇੱਕ ਆਪਣੈ ਸੁਆਇ ਆਇ ਬਹਹਿ ਗੁਰ ਆਗੈ, ਜਿਉ ਬਗਲ ਸਮਾਧਿ ਲਗਾਈਐ॥ ੩॥

ਬਗੁਲਾ ਕਾਗੁ ਨੀਚ ਕੀ ਸੰਗਤਿ ਜਾਇ ਕਰੰਗ ਬਿਖੂ ਮੁਖਿ ਲਾਈਐ॥

ਨਾਨਕ ਮੇਲਿ ਮੇਲਿ ਪ੍ਰਭ ਸੰਗਤਿ ਮਿਲਿ ਸੰਗਤਿ ਹੰਸ ਕਰਾਈਐ॥ ੪॥

ਪੰਨਾ ੮੮੧ --

ਹੰਸ ਦੀ ਇੱਕ ਤਾਰੀਫ਼ ਹੈ, ਇਹ ਮੋਤੀ ਚੁੱਗਦਾ ਹੈ ਅਤੇ ਮੋਤੀ ਹੀ ਉਗ਼ਲ਼ਦਾ ਹੈ। ਦੂਸਰਾ ਇਸ ਦੀ ਚੁੰਜ ਵਿੱਚ ਖਟਿਆਈ ਹੁੰਦੀ ਹੈ, ਜਦ ਇਹ ਦੁੱਧ ਵਿੱਚ ਚੁੰਜ ਪਾਉਂਦਾ ਹੈ ਤਾਂ ਦੁੱਧ ਫੁੱਟ ਜਾਂਦਾ ਹੈ। ਦੁੱਧ ਦੀਆਂ ਫੁੱਟੀਆਂ ਚੁੱਗ ਲੈਂਦਾ ਹੈ ਤੇ ਪਾਣੀ ਵਿਚੇ ਪਿਆ ਰਹਿਣਾ ਦੇਂਦਾ ਹੈ। ਹੰਸਾਂ ਦਾ ਨਿਵਾਸ ਵੀ ਸਰੋਵਰਾਂ ਦੇ ਕਿਨਾਰਿਆਂ `ਤੇ ਹੁੰਦਾ ਹੈ। ਦੂਸਰੇ ਪਾਸੇ ਕਾਂ ਹਮੇਸ਼ਾਂ ਗੰਦਗੀ ਵਿੱਚ ਚੁੰਜ ਮਾਰਦਾ ਹੈ ਤੇ ਬਗ਼ਲ਼ਾ ਸਿਖ਼ਰ ਦੁਪਹਿਰੇ ਇੱਕ ਲੱਤ `ਤੇ ਖਲੋ ਕੇ ਆਪਣੇ ਸ਼ਿਕਾਰ ਦੀ ਭਾਲ਼ ਵਿੱਚ ਰਹਿੰਦਾ ਹੈ। ਇਸ ਸ਼ਬਦ ਵਿੱਚ ਤਿੰਨਾਂ ਸੁਭਾਆਂ ਦਾ ਜ਼ਿਕਰ ਆਉਂਦਾ ਹੈ ਪਹਿਲਾਂ ਅਸੀਂ ਰਹਾਉ ਦੀ ਤੁਕ ਦੀ ਵਿਚਾਰ ਕਰਾਂਗੇ:-----

ਰਾਮ ਮੋ ਕਉ ਹਰਿ ਜਨ ਕਾਰੈ ਲਾਈਐ॥

ਹਉ ਪਾਣੀ ਪਖਾ ਪੀਸਉ ਸੰਤ ਆਗੈ ਪਗ ਮਲਿ ਮਲਿ ਧੂਰਿ ਮੁਖਿ ਲਾਈਐ॥

ਇਹਨਾਂ ਤੁਕਾਂ ਵਿੱਚ ਸੰਤ ਜਨ ਭਾਵ ਸੰਗਤ ਦੀ ਸੇਵਾ ਵਿੱਚ ਆਪਣੇ ਆਪ ਨੂੰ ਲਗਾਉਣ ਲਈ ਕਿਹਾ ਹੈ ---- ਪਾਣੀ ਢੋਅ ਕੇ ਲਿਆਉਣਾ, ਗਰਮੀਆਂ ਦੇ ਦਿਨਾਂ ਵਿੱਚ ਪੱਖੇ ਦੀ ਸੇਵਾ ਕਰਨੀ, ਆਟਾ ਪੀਹਣ ਦੀ ਗੱਲ ਕਰਨੀ ਤੇ ਚਰਨ ਧੂੜ ਨੂੰ ਆਪਣੇ ਮਸਤਿਕ ਨਾਲ ਲਗਾਉਣ ਲਈ ਆਖਿਆ ਹੈ। ਕਾਂ ਬਿਰਤੀ ਕਦੇ ਵੀ ਸੇਵਾ ਵਿੱਚ ਨਹੀਂ ਆਏਗੀ। ਇਹ ਹੰਸ ਬਿਰਤੀ ਹੀ ਸੇਵਾ ਨਿਭਾਅ ਸਕਦੀ ਹੈ। ਉਪਰੋਕਤ ਸ਼ਬਦ ਵਿੱਚ ਜੋ ਸੇਵਾਂਵਾਂ ਆਈਆਂ ਹਨ ਇਹ ਸਾਰੀਆਂ ਪੁਰਾਤਨ ਰੂਪ ਦੀਆਂ ਹਨ, ਸੇਵਾਂਵਾਂ ਤਾਂ ਉਹ ਹੀ ਹਨ ਪਰ ਹੁਣ ਅਧੁਨਿਕ ਯੁੱਗ ਦੀਆਂ ਕੁੱਝ ਹੋਰ ਬਹੁਤ ਸਾਰੀਆਂ ਸੇਵਾਂਵਾਂ ਆ ਜਾਂਦੀਆਂ ਹਨ। ਇਹਨਾਂ ਸਾਰੀਆਂ ਸੇਵਾਂਵਾਂ ਨੂੰ ਆਪਣੇ ਜੀਵਨ ਕਾਲ ਵਿੱਚ ਹੀ ਨਿਭਾਹੁੰਣਾ ਹੈ। ਇਹ ਸੇਵਾਂਵਾਂ ਨਿਭਾਉਂਦਿਆਂ ਨਿੰਮ੍ਰਤਾ ਦਾ ਪੱਲਾ ਨਹੀਂ ਛੱਡਣਾ। “ਪਗ ਮਲਿ ਮਲਿ ਧੋਵਾ” ਦਾ ਅਰਥ ਹੈ ਨਿੰਮ੍ਰਤਾ ਦੇ ਨਮੂਨੇ ਨੂੰ ਗ੍ਰਹਿਣ ਕਰਨਾ, ਕਦੇ ਵੀ ਤੈਸ਼ ਵਿੱਚ ਨਹੀਂ ਆਉਣਾ। ਦੂਸਰਾ ਪਗ ਧੋਣ ਦਾ ਭਾਵ ਅਰਥ ਜਿਸ ਤਰ੍ਹਾਂ ਦੂਸਰੇ ਸਿੱਖ ਸੇਵਾ ਕਰ ਰਹੇ ਹਨ ਉਹਨਾਂ ਵਲ ਦੇਖ ਕੇ ਮੈਂ ਵੀ ਸੇਵਾ ਨੂੰ ਆਪਣੇ ਜੀਵਨ ਦਾ ਅੰਗ ਬਣਾ ਲਵਾਂ। ਪਗ, ਪੈਰ ਦਾ ਅਰਥ ਰਸਤਾ ਭਾਵ ਜਿਸ ਰਸਤੇ ਤੇ ਗੁਰਸਿੱਖ ਚੱਲ ਰਹੇ ਹਨ ਜਾਂ ਜੋ ਗੁਰੂ ਸਾਹਿਬ ਜੀ ਨੇ ਸਾਡੇ ਲਈ ਮਾਰਗ ਦਰਸ਼ਨ ਕੀਤਾ ਹੈ ਉਸ ਰਸਤੇ ਨੂੰ ਸਹੀ ਢੰਗ ਨਾਲ ਸਮਝ ਕੇ ਉਸ `ਤੇ ਤੁਰਨ ਨੂੰ ਚਰਨ ਧੂੜ ਜਾਂ ਪਗ ਮਲ ਮਲ ਕੇ ਧੋਣਾ ਕਿਹਾ ਗਿਆ ਜਾਪਦਾ ਹੈ। ਜਦ ਸੇਵਾ ਵਿੱਚ ਜੁੜਨਾ ਹੈ ਤਾਂ ਹਮੇਸ਼ਾਂ ਮਨ ਕਰਕੇ ਸੇਵਾ ਨਿਭਾਉਣੀ ਹੈ। ਗੁਰੂ ਅਮਰਦਾਸ ਜੀ ਦਾ ਅਰਸ਼ੀ ਫਰਮਾਣ ਹੈ --- ਸੋਰਠਿ ਰਾਗ ਦੀ ਵਾਰ ਅੰਦਰ ਕਿ ਜਿਸ ਤਰ੍ਹਾਂ ਹਾਥੀ ਲੋਹੇ ਦੇ ਸੁੰਬੇ ਭਾਵ ਸੂਏ ਥੱਲੇ ਸਿਰ ਦੇਂਦਾ ਹੈ, ਅਹਿਰਣ ਲੋਹੇ ਦੇ ਭਾਰੇ ਵਦਾਨ ਥੱਲੇ ਸਿਰ ਦੇਂਦੀ ਹੈ; ਏਸੇ ਤਰ੍ਹਾਂ ਆਪਣਾ ਮਨ ਤੇ ਆਪਣਾ ਤਨ ਗੁਰੂ ਜੀ ਦੇ ਚਰਨਾਂ ਵਿੱਚ ਅਰਪ ਕੇ ਗੁਰੂ-ਦਰ ਦੀ ਸੇਵਾ ਕਰਨੀ ਹੈ। ਦਰ ਅਸਲ ਗੁਰੂ ਦਰ ਦੀ ਸੇਵਾ ਤਾਂ ਇੱਕ ਪੂਰਨਾ ਹੈ; ਸੇਵਾ ਅਸਲ ਵਿੱਚ ਮਨੁੱਖਤਾ ਦੀ ਕਰਨੀ ਹੈ। ਅਜੇਹੀ ਸੇਵਾ ਕਮਾਉਂਦਿਆਂ ਆਤਮਿਕ ਅਨੰਦ ਦੀ ਪ੍ਰਾਪਤੀ ਹੋਏਗੀ ਜੋ ਸਾਰੀ ਸ੍ਰਿਸ਼ਟੀ ਦੇ ਰਾਜ ਭਾਗ ਦੀ ਲਿਖਾਇਕ ਹੈ ਕੈਸਾ ਸੁੰਦਰ ਵਾਕ ਹੈ।

ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰੁ ਦੇਇ॥

ਮਨੁ ਤਨੁ ਆਗੈ ਰਾਖਿ ਕੈ ਊਭੀ ਸੇਵ ਕਰੇਇ॥

ਇਉ ਗੁਰਮੁਖਿ ਆਪੁ ਨਿਵਾਰੀਐ ਸਭੁ ਰਾਜ ਸ੍ਰਿਸਟਿ ਕਾ ਲੇਇ॥

ਵਾਰ ਸੋਰਠਿ ਸਲੋਕੁ ਮ: ੩ ਪੰਨਾ ੬੪੭ –

ਇੰਜ ਹੀ ਗੁਰੂ ਰਾਮਦਾਸ ਜੀ ਨੇ ਰਹਾਉ ਦੀਆਂ ਤੁਕਾਂ ਵਿੱਚ ਪਰਮਾਤਮਾ ਅੱਗੇ ਇਹ ਅਰਜ਼ ਕੀਤੀ ਹੈ ਕਿ ਹੇ ਪਰਮਾਤਾਮਾ! ਮੈਨੂੰ ਮਨੁੱਖਤਾ ਦੀ ਸੇਵਾ ਵਿੱਚ ਹਮੇਸ਼ਾਂ ਲਗਾਈ ਰੱਖ। ਨਿੰਮਰਤਾ ਮੇਰੇ ਸੁਭਾਅ ਦਾ ਜ਼ਰੂਰੀ ਅੰਗ ਹੋਵੇ, ਇਹ ਤਦ ਹੀ ਹੋ ਸਕਦਾ ਹੈ ਜੇ ਕਰ ਬਗ਼ਲੇ ਵਾਲੀ ਬਿਰਤੀ ਤੋਂ ਉੱਪਰ ਉੱਠਿਆ ਜਾਏ। ਅਜੇਹੇ ਨੁਕਤੇ ਸੰਗਤ ਵਿੱਚ ਆਇਆਂ ਅਸਾਨੀ ਨਾਲ ਸਮਝੇ ਜਾ ਸਕਦੇ ਹਨ। ਸੰਗਤ, ਸੇਵਾ ਤੇ ਨਿੰਮ੍ਰਤਾ ਰਹਾਉ ਦੀਆਂ ਤੁਕਾਂ ਦੇ ਤਿੰਨ ਬੁਨਿਆਦੀ ਨੁਕਤੇ ਹਨ ਅਤੇ ਇਹਨਾਂ ਤਿਨਾਂ ਨੁਕਤਿਆਂ ਦੀ ਬਾਕੀ ਸ਼ਬਦ ਵਿੱਚ ਵਿਚਾਰ ਕੀਤੀ ਗਈ ਹੈ। ਸ਼ਬਦ ਦੀਆਂ ਅਰੰਭਕ ਤੁਕਾਂ ਇਸ ਪ੍ਰਕਾਰ ਹਨ:----

ਜੇ ਵਡਭਾਗ ਹੋਵਹਿ ਵਡ ਮੇਰੇ ਜਨ ਮਿਲਦਿਆਂ ਢਿਲ ਨ ਲਾਈਐ॥

ਹਰਿ ਜਨ ਅੰਮ੍ਰਿਤ ਕੁੰਟ ਸਰ ਨੀਕੇ ਵਡਭਾਗੀ ਤਿਤੁ ਨਵਾਈਐ॥

ਇਹਨਾਂ ਤੁਕਾਂ ਵਿੱਚ ਚੰਗੇ ਭਾਗ, ਢਿੱਲ ਨਾ ਕਰਨੀ, ਸੰਗਤ ਵਿੱਚ ਆ ਕੇ ਆਤਮਾ ਦਾ ਇਸ਼ਨਾਨ ਕਰਾਉਣਾ ਇੱਕ ਜ਼ਿੰਦਗੀ ਦਾ ਮਨੋਰਥ ਮੰਨਿਆ ਗਿਆ ਹੈ। ਜੇ ਆਦਮੀ ਉਦਮ ਕਰੇ, ਆਲਸ ਦਾ ਤਿਆਗ ਕਰੇ, ਸਮੇਂ ਅਨੁਸਾਰ ਸੰਗਤ ਵਿੱਚ ਆਉਣਾ ਦਾ ਉਪਰਾਲਾ ਕਰੇ; ਭਾਵ ਸੰਗਤ ਵਿੱਚ ਆਉਣ ਲੱਗਿਆਂ ਢਿੱਲ ਨਾ ਕਰੇ, ਇਸ ਪਰਨਾਲ਼ੀ ਨੂੰ ਅਪਨਾਇਆਂ ਆਪਣੇ ਆਪ ਹੀ ਚੰਗੇ ਭਾਗ ਬਣ ਸਕਦੇ ਹਨ। ਸੰਗਤ ਅਤੀ ਸੁੰਦਰ ਸਰੋਵਰ ਹੈ; ਜਿਸ ਤਰ੍ਹਾਂ ਸਰੀਰ ਦਾ ਇਸ਼ਨਾਨ ਕਰਾਉਂਣਾ ਹੈ ਏਸੇ ਤਰ੍ਹਾਂ ਇਸ ਆਤਮਾ ਦਾ ਵੀ ਸੰਗਤ ਰੂਪੀ ਸਰੋਵਰ ਵਿਚੋਂ ਗੁਰਬਾਣੀ ਗਿਆਨ ਦੁਅਰਾ ਇਸ਼ਨਾਨ ਕਰਾਉਂਣਾ ਹੈ। ਆਤਮਿਕ ਇਸ਼ਨਾਨ ਦਾ ਭਾਵ ਅਰਥ ਹੀ ਹੈ ਆਗਿਆਨਤਾ ਦਾ ਖ਼ਾਤਮਾ ਤੇ ਗਿਆਨ ਦਾ ਪ੍ਰਕਾਸ਼ ਹੋ ਜਾਣਾ ਤਥਾ ਆਪਣੇ ਆਪ ਦੀ ਸੋਝੀ ਆ ਜਾਣੀ, ਕਿ, ਮੈਂ ਦੁਨੀਆਂ ਵਿੱਚ ਕੀ ਕਰਨ ਲਈ ਆਇਆ ਹਾਂ ਤੇ ਜੀਵਨ ਜਾਚ ਨੂੰ ਸਮਝ ਲੈਣਾ। ਜੇ ਕਰ ਕਾਂ ਤੇ ਬਗਲਾ ਵੀ ਸੰਗਤ ਵਿੱਚ ਆ ਜਾਏ ਤਾਂ ਹੰਸ ਬਣ ਸਕਦਾ ਹੈ, ਭਾਵ ਸਾਕਤ ਬਿਰਤੀਆਂ ਤਬਦੀਲ ਹੋ ਸਕਦੀਆਂ ਹਨ। ਤਾਂ ਫਿਰ ਸੰਗਤ ਵਿੱਚ ਆਉਣ ਲੱਗਿਆਂ ਕਦੇ ਵੀ ਢਿੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਸੰਗਤ ਵਿਚੋਂ ਆਤਮਿਕ ਜੀਵਨ ਮਿਲਦਾ ਹੈ ਤੇ ਚੰਗੇ ਭਾਗ ਬਣਦੇ ਹਨ। ਏੱਥੇ ਸਰੀਰ ਦੇ ਇਸਨਾਨ ਦੀ ਗੱਲ ਨਹੀਂ ਹੈ; ਗੱਲ ਆਤਮਾ ਦੇ ਇਸ਼ਨਾਨ ਦੀ ਹੈ ਜਿਸ ਨਾਲ ਪਰਮਾਤਮਾ ਦੀ ਪ੍ਰਾਪਤੀ ਹੈ।

ਸ਼ਬਦ ਦੇ ਦੂਸਰੇ ਬੰਦ ਵਿੱਚ ਤਿੰਨ ਗੱਲਾਂ `ਤੇ ਜ਼ੋਰ ਦਿੱਤਾ ਗਿਆ ਹੈ। ਸਤਿਗੁਰ ਦਾ ਮਿਲਾਪ; ਸੰਗਤ ਤੇ ਫਿਰ ਪ੍ਰਭੂ ਮਿਲਾਪ ਦੀ ਅਵਸਥਾ ਰੱਖੀ ਗਈ ਹੈ। ਇਹਨਾਂ ਤੁਕਾਂ ਦਾ ਪਾਠ ਇਸ ਤਰ੍ਹਾਂ ਹੈ:-----

ਹਰਿ ਜਨ ਵਡੇ ਵਡੇ ਵਡ ਊਚੇ ਜੋ ਸਤਿਗੁਰ ਮਲਿ ਮਿਲਾਈਐ॥

ਸਤਗੁਰ ਜੇਵਡ ਅਵਰੁ ਨ ਕੋਈ ਮਿਲਿ ਸਤਗੁਰ ਪੁਰਖ ਧਿਆਈਐ॥

ਹੇ ਭਾਈ! ਪ੍ਰਭੂ ਦੇ ਮਿਲਾਪ ਵਾਲੇ ਸੇਵਕ ਉੱਚੇ ਜੀਵਨ ਵਾਲੇ ਹੋ ਜਾਂਦੇ ਹਨ। ਐਸੇ ਮਨੁੱਖਾਂ ਦਾ ਮਿਲਾਪ ਸਤਿਗੁਰ ਦੀ ਸੰਗਤ ਵਿੱਚ ਬਣਿਆ ਰਹਿੰਦਾ ਹੇ। ਗੁਰੂ ਨੂੰ ਮਿਲ ਕੇ ਪਰਮਾਤਮਾ ਦੇ ਮਿਲਾਪ ਦਾ ਪਤਾ ਲੱਗਦਾ ਹੈ। ਪਰਮਾਤਮਾ ਦੀ ਨਿਯਮਾਵਲੀ ਨੂੰ ਸਮਝਣ ਲਈ ਗਰੁ ਦੇ ਗਿਆਨ ਦਾ ਹੋਣਾ ਜ਼ਰੂਰੀ ਹੈ। ਮਨੁੱਖੀ ਸੁਭਾਅ ਨੂੰ ਤਰ੍ਹਾਂ ਤਰ੍ਹਾਂ ਦੇ ਰੋਗ ਚਿੰਬੜੇ ਹੋਏ ਹਨ ਇਸ ਲਈ ਸੰਗਤ ਵਿੱਚ ਆਉਣ ਦਾ ਆਦੀ ਨਹੀਂ ਏਂ। ਗੁਰੂ ਦੀ ਸੰਗਤ ਦਾ ਭਾਵ ਹੈ ਗੁਰੂ ਦੇ ਗਿਆਨ ਦੀ ਪਰਾਪਰ ਜਾਣਕਾਰੀ ਹੋਣੀ। ਗੁਰੂ ਗਿਆਨ ਅਥਵਾ ਉਪਦੇਸ਼ ਸਾਡੇ ਪਾਲ਼ੇ ਹੋਏ ਭਰਮਾਂ ਨੂੰ ਚਕਨਾ ਚੂਰ ਕਰਦਾ ਹੈ। ਗੁਰੂ ਦੇ ਗਿਆਨ ਵਰਗਾ ਸਿੱਧਾ ਸਾਦਾ ਤੇ ਸਰਲ ਹੋਰ ਗਿਆਨ ਹੀ ਕੋਈ ਨਹੀਂ ਹੈ ਤੇ ਇਹ ਗਿਆਨ ਸਾਨੂੰ ਜੀਵਨ ਜਾਚ ਦੇਂਦਾ ਹੈ। ਜੀਵਨ ਜਾਚ ਹੀ ਉਚਤਮ ਜੀਵਨ ਪਦਵੀ ਹੈ। “ਮਿਲਿ ਸਤਗੁਰ ਪੁਰਖ ਧਿਆਈਐ” ; ਰੱਬੀ ਨਿਯਮਾਵਲ਼ੀ ਨੂੰ ਸਮਝਣ ਦਾ ਯਤਨ ਕਰਨਾ ਹੈ। ਅਜੇਹਾ ਕਰਨ ਵਾਲਾ ਹੀ ਵੱਡਿਆਂ ਭਾਗਾਂ ਵਾਲਾ ਹੈ। ਇਹ ਵੱਡੇ ਭਾਗ ਅਸੀਂ ਆਪ ਗੁਰੂ ਦੀ ਰੋਸ਼ਨੀ ਵਿੱਚ ਤੁਰ ਕੇ ਬਣਾਉਂਣੇ ਹਨ।

ਸ਼ਬਦ ਦੇ ਤੀਸਰੇ ਬੰਦ ਅੰਦਰ ਸਤਿਗੁਰ ਦੀ ਸ਼ਰਨ ਵਿੱਚ ਆਉਣਾ, ਠਾਕਰ ਵਲੋਂ ਇਜ਼ਤ ਰੱਖਣਾ, ਪੱਥ--ਪ੍ਰਦਸ਼ਕ ਹੈ। ਪਰ ਕੁੱਝ ਲੋਕ ਉਹ ਹਨ ਜੋ ਆਪਣੀ ਗ਼ਰਜ਼ ਦੀ ਖ਼ਾਤਰ ਹੀ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਨ। ਆਪਣੀ ਗ਼ਰਜ਼ ਦੀ ਖ਼ਾਤਰ ਆਏ ਮਨੁੱਖ ਨੂੰ ਚਿੱਟੇ ਬਗਲਿਆਂ ਨਾਲ ਤੁਲਨਾਇਆ ਗਿਆ ਹੈ। ਸਤਿਗੁਰ ਦੀ ਸ਼ਰਨ ਵਿੱਚ ਆਉਣ ਦਾ ਮਕਸਦ ਕੇਵਲ ਇਤਨਾ ਹੀ ਨਹੀਂ ਕਿ ਗੁਰਦੁਆਰੇ ਆਏ ਮੱਥਾ ਟੇਕਿਆ, ਵਾਪਸ ਚੱਲਦੇ ਬਣੇ। ਇਹ ਸਿਰਫ ਮਨ ਨੂੰ ਧਰਵਾਸ ਦੇਣਾ ਹੀ ਹੈ ਕਿ ਅਸੀਂ ਗੁਰਦੁਆਰੇ ਆਏ ਹਾਂ। ਸ਼ਰਨ ਵਿੱਚ ਆਉਣ ਦਾ ਪ੍ਰਯੋਜਨ ਗੁਰੂ ਦੇ ਗਿਆਨ ਨੂੰ ਸਮਝਣਾ ਤੇ ਅਪਨਾਉਣਾ ਹੈ। ਜਦੋਂ ਇਸ ਪ੍ਰਣਾਲ਼ੀ ਨੂੰ ਅਪਨਾ ਲਵਾਂਗੇ, ਕੁਦਰਤੀ ਆਦਮੀ ਦੀ ਇਜ਼ਤ ਵੱਧਦੀ ਹੈ। ਦਰ-ਅਸਲ ਅਸੀਂ ਚਾਹੁੰਦੇ ਹਾਂ ਕਿ ਸਾਡੀ ਇਜ਼ੱਤ ਵੱਧੇ ਪਰ ਨਿਯਮ ਸਾਡੇ ਆਪਣੇ ਹੋਣੇ ਚਾਹੀਦੇ ਹਨ। ਸਾਡੇ ਆਪਣਿਆਂ ਤਰੀਕਿਆਂ ਨਾਲ ਇਜ਼ੱਤ ਨਹੀਂ ਵੱਧਦੀ ਪਰ ਹੰਕਾਰ ਜ਼ਰੂਰ ਮਿਲਦਾ ਹੈ। ਹਾਂ ਜੇ ਕਰ ਅਸੀਂ ਗੁਰੂ ਦੀ ਸ਼ਰਨ ਵਿੱਚ ਆਏ ਵੀ ਹਾਂ ਤਾਂ ਇਸ ਪਿੱਛੇ ਸਾਡਾ ਮਨੋਰਥ ਛੁਪਿਆ ਹੋਇਆ ਹੈ; ਸਾਡਾ ਆਪਣਾ ਸੁਆਰਥ ਹੈ। ਜਿਸ ਤਰ੍ਹਾਂ ਬਗਲਾ ਸਿੱਖਰ ਦੁਪਹਿਰੇ ਪਾਣੀ ਵਿੱਚ ਖਲੋ ਕੇ ਡੱਡੀਆਂ ਦੀ ਭਾਲ ਕਰਦਾ ਹੈ; ਪਰ ਦੇਖਣ ਵਾਲੇ ਨੂੰ ਇੰਜ ਲੱਗਦਾ ਹੈ ਕਿ ਇਹ ਬਹੁਤ ਹੀ ਦੇਵੀ ਭਗਤ ਹੈ। ਇੰਜ ਖਲੋਣਾ ਬਗਲੇ ਦੀ ਮਜ਼ਬੂਰੀ ਹੈ ਕਿਉਂਕਿ ਉਹ ਆਪਣੇ ਸ਼ਿਕਾਰ ਦੀ ਭਾਲ ਵਿੱਚ ਹੈ; ਉਸ ਦਾ ਆਪਣਾ ਸੁਆਰਥ ਹੈ। ਅਜਹੇ ਸੁਆਰਥੀ ਆਦਮੀ ਨੂੰ ਗੁਰੂ ਸਾਹਿਬ ਜੀ ਨੇ ਬਗਲਾ ਭਗਤ ਆਖਿਆ ਹੈ। ਅਜੇਹੀ ਬਿਰਤੀ ਵਾਲਾ ਆਦਮੀ ਸਾਕਤ ਹੋ ਸਕਦਾ ਹੈ ਜੋ ਗੁਰੂ ਜੀ ਦੀ ਨਿਯਮਾਵਲੀ ਨੂੰ ਨਹੀਂ ਸਮਝਦਾ, ਕੇਵਲ ਆਪਣੇ ਸੁਆਰਥ ਦੀ ਖ਼ਾਤਰ ਭੇਖ ਧਾਰਨ ਕੀਤਾ ਹੋਇਆ ਹੈ। ਬਗਲਾ ਦੋ ਪ੍ਰਤੀਕ ਦੇ ਰਿਹਾ ਹੈ; ਇੱਕ ਸਮਾਧੀ ਦੂਜਾ ਧਾਰਮਿਕ ਭੇਖ ਦਾ ਹੈ। ਅਜੇਹੇ ਲੋਕ ਵਿਖਾਵੇ, ਗੁਰੂ ਜੀ ਨੇ ਰਦ ਕੀਤੇ ਹਨ; ਫਿਰ ਸਪਸ਼ਟ ਹੈ ਕਿ ਗੁਰੂ ਜੀ ਦੀ ਸ਼ਰਨ ਆਇਆਂ ਭਾਵ ਗੁਰੂ ਸਾਹਿਬ ਜੀ ਦਾ ਗਿਆਨ ਤਥਾ ਗੁਰ-ਉਪਦੇਸ਼ ਨੂੰ ਗ੍ਰਹਿਣ ਕਰਨਾ ਹੈ ਤੇ ਇਸ ਉਪਦੇਸ਼ ਨੂੰ ਅਪਨਾਇਆਂ ਹੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ।

ਸਤਗੁਰ ਸਰਣਿ ਪਰੇ ਤਿਨ ਪਾਇਆ ਮੇਰੇ ਠਾਕੁਰ ਲਾਜ ਰਖਾਈਐ॥

ਇਕਿ ਆਪਣੈ ਸੁਆਇ ਆਇ ਬਹਹਿ ਗੁਰ ਆਗੈ, ਜਿਉ ਬਗੁਲ ਸਮਾਧਿ ਲਗਾਈਐ॥

ਸ਼ਬਦ ਦੇ ਚੌਥੇ ਬੰਦ ਵਿੱਚ ਨੀਚ ਸੁਭਾਵਾਂ ਦਾ ਜ਼ਿਕਰ ਕੀਤਾ ਹੈ। ਇਹ ਨੀਚ ਬਿਰਤੀਆਂ ਗੰਦਗੀ ਭਾਲਦੀਆਂ ਰਹਿੰਦੀਆਂ ਹਨ। ਕਾਂ ਦੀ ਸੰਗਤ ਨੀਚਾਂ ਨਾਲ ਹੈ ਤੇ ਇਸ ਦੀ ਰਹਿਣੀ ਗੰਦਗੀ ਭਰਪੂਰ ਹੈ। ਬਗਲਾ ਵੀ ਗੰਦਗੀ ਵਿੱਚ ਤੁਰਿਆ ਫਿਰਦਾ ਹੈ। ਇਹ ਦੋਵੇਂ ਬਿਰਤੀਆਂ ਐਸੀਆਂ ਹਨ ਜੋ ਗੰਦਗੀ ਨੂੰ ਤਰਜੀਹ ਦੇਂਦੀਆਂ ਹਨ ਤੇ ਇਹਨਾਂ ਦੀ ਸੰਗਤ ਨੀਵੇਂ ਪੱਧਰ ਦੀ ਹੈ। ਇਹ ਦੋ ਪ੍ਰਤੀਕ, ਰੱਬ ਨਾਲੋਂ ਟੁਟੇ ਹੋਏ ਬੰਦਿਆ ਦੇ ਹਨ। ਉਹਨਾਂ ਬੰਦਿਆਂ ਦੀ ਸੰਗਤ ਉੱਚ ਪਾਏ ਦੀ ਨਹੀਂ ਹੁੰਦੀ। “ਜਾਇ ਕਰੰਗ ਬਿਖੂ ਮੁਖਿ ਲਾਈਐ”, ਨਸ਼ੇ ਤੇ ਨਿੰਦਿਆ ਦੋਵੇਂ ਨੀਚ ਸੁਭਾਅ ਹੀ ਹਨ। ਸਾਡੇ ਸਮਾਜ ਨੇ ਨਸ਼ਿਆਂ ਨੂੰ ਨਖਿੱਧ ਆਖਿਆ ਹੈ, ਜਾਤ ਤਾਂ ਇਸ ਦੀ ਮਨੁੱਖ ਹੈ ਪਰ ਕਰਤੂਤ ਇਸ ਦੀ ਪਸੂਆਂ ਵਾਲੀ ਹੈ। ਗੁਰਦੇਵ ਜੀ ਨੇ ਇੱਕ ਗੱਲ ਤੇ ਜ਼ੋਰ ਦਿੱਤਾ ਹੈ ਬੇ-ਸ਼ੱਕ ਕਾਂ ਤੇ ਬਗਲਾ ਆਪਣਾ ਸੁਭਾਅ ਨਹੀਂ ਬਦਲਦੇ ਪਰ ਮਨੁੱਖ ਬਦਲਿਆ ਜਾ ਸਕਦਾ ਹੈ ਤੇ ਹਰ ਮਨੁੱਖ ਆਪਣਾ ਸੁਭਾਅ ਬਦਲ ਸਕਦਾ ਹੈ। ਸੁਭਾੳ ਵਿੱਚ ਬਦਲਾਅ ਲਿਆਉਣ ਲਈ ਗੁਰੂ ਜੀ ਨੇ ਗੁਰੂ ਦੀ ਸੰਗਤ ਤੇ ਜ਼ੋਰ ਦਿੱਤਾ ਹੈ। ਸੰਗਤ ਕਰਕੇ ਮਨੁੱਖ ਵਿੱਚ ਹੰਸ ਵਰਗੀ ਬਰਤੀ ਆ ਸਕਦੀ ਹੈ।

ਬਗੁਲਾ ਕਾਗ ਨੀਚ ਕੀ ਸੰਗਤਿ ਜਾਇ ਕਰੰਗ ਬਿਖੂ ਮੱਖਿ ਲਾਈਐ॥

ਨਾਨਕ ਮੇਲਿ ਮੇਲਿ ਪ੍ਰਭ ਸੰਗਤਿ ਮਿਲਿ ਸੰਗਤਿ ਹੰਸੁ ਕਰਾਈਐ॥

ਅਸੀਂ ਬਾਹਰਲੇ ਇਸ਼ਨਾਨ `ਤੇ ਜ਼ਿਆਦਾ ਜ਼ੋਰ ਦਿੱਤਾ ਹੈ; ਏਸੇ ਲਈ ਅਠਾਹਠ ਤੀਰਥਾਂ ਦੇ ਸਕੰਲਪ ਨੂੰ ਮਨ ਕਰਕੇ ਮੰਨ ਲਿਆ ਹੋਇਆ ਹੈ। ਤੀਰਥਾਂ `ਤੇ ਇਸ਼ਨਾਨ ਕਰਨ ਵਾਲਾ ਆਦਮੀ ਪਵਿੱਤਰ ਨਹੀਂ ਹੁੰਦਾ। ਸੰਗਤ ਵਿੱਚ ਆ ਕਿ ਆਤਮਾ ਦਾ ਇਸ਼ਨਾਨ ਕਰਾਉਂਣਾ ਹੈ। ਗੁਰੂ ਅਰਜਨ ਪਾਤਸ਼ਾਹ ਜੀ ਦਾ ਰਾਗ ਸੋਰਠਿ ਅੰਦਰ ਬਹੁਤ ਹੀ ਪਿਆਰਾ ਵਾਕ ਆਇਆ ਹੈ:----

ਰਾਮਦਾਸ ਸਰੋਵਰਿ ਨਾਤੇ॥ ਸਭਿ ਉਤਰੇ ਪਾਪ ਕਮਾਤੇ॥

ਨਿਰਮਲ ਹੋਏ ਕਰਿ ਇਸਨਾਨਾ॥ ਗੁਰਿ ਪੂਰੈ ਕੀਨੈ ਦਾਨਾ॥ ੧॥

ਸਭਿ ਕੁਸਲ ਖੇਮ ਪ੍ਰਭਿ ਧਾਰੇ॥

ਸਹੀ ਸਲਾਮਤਿ ਸਭਿ ਥੋਕ ਉਬਾਰੇ, ਗੁਰ ਕਾ ਸਬਦੁ ਵੀਚਾਰੇ॥ ਰਹਾਉ॥ ੧॥

ਸਾਧਸੰਗਿ ਮਲੁ ਲਾਥੀ॥ ਪਾਰਬ੍ਰਹਮੁ ਭਇਓ ਸਾਥੀ॥

ਨਾਨਕ ਨਾਮੁ ਧਿਆਇਆ॥ ਆਦਿ ਪੁਰਖ ਪ੍ਰਭੁ ਪਾਇਆ॥

ਸੋਰਠਿ ਮਹਲਾ ੫॥ ਪੰਨਾ ੬੨੫ --

ਇਸ ਸ਼ਬਦ ਦੀਆਂ ਰਹਾਉ ਦੀਆਂ ਤੁਕਾਂ ਵਿੱਚ ਆਤਮਿਕ ਗੁਣਾਂ ਦੇ ਬਚਾਅ ਲਈ ਉਪਰਾਲਾ ਦੱਸਿਆ ਗਿਆ ਹੈ। ਇਹ ਉਪਰਾਲਾ ਸ਼ਬਦ ਦੀ ਵੀਚਾਰ ਵਿਚੋਂ ਨਿਕਲਦਾ ਹੈ ਜੋ ਜੀਵਨ ਜਿਊਣ ਦਾ ਉੱਚਤਮ ਰਸਤਾ ਦੱਸਦਾ ਹੈ ਤੇ ਜਿਸ ਨਾਲ ਆਤਮਿਕ ਜੀਵਨ ਦੀਆਂ ਖੁਸ਼ੀਆਂ ਪ੍ਰਾਪਤ ਹੋ ਸਕਦੀਆਂ ਹਨ। ਇਸ ਸ਼ਬਦ ਵਿੱਚ ਤਿੰਨ ਗੱਲਾਂ `ਤੇ ਜ਼ੋਰ ਦਿੱਤਾ ਗਿਆ ਹੈ। ਸ਼ਬਦ ਦੀ ਵੀਚਾਰ; ਸਦਾ ਰਹਿਣ ਵਾਲੀਆਂ ਖੁਸ਼ੀਆਂ ਤੇ ਵਿਕਾਰਾਂ ਦੇ ਬਚਾ ਦਾ ਹੱਲ।

ਸਿਆਣਿਆਂ ਨੇ ਤਿੰਨ ਪਾਪ ਮੰਨੇ ਹਨ –ਸਰੀਰਕ, ਮਾਨਸਿਕ ਤੇ ਆਤਮਿਕ। ਗੁਰੂਆਂ ਨੇ ਜੋ ਤੀਰਥ ਦਿੱਤੇ ਹਨ ਓਥੇ ਤਿੰਨ ਹੀ ਗੱਲਾਂ ਨੂੰ ਮੁਖ ਰੱਖਿਆ ਗਿਆ ਹੈ। ਸਰੀਰਕ ਇਸ਼ਨਾਨ ਦੀ ਗੱਲ ਕੀਤੀ ਗਈ ਹੈ, ਪਰ ਇਹ ਮੰਜ਼ਿਲ ਏਂ ਸਗੋਂ ਸਫ਼ਾਈ ਦਾ ਜ਼ਰੂਰੀ ਅੰਗ ਹੈ। ਪੁਜਾਰੀ ਵਰਗ ਨੇ ਤਾਂ ਸਰੀਰ ਦੇ ਇਸ਼ਨਾਨ `ਤੇ ਹੀ ਜ਼ੋਰ ਦਿੱਤਾ ਹੈ। ਸਬਦ ਦੇ ਪਹਿਲੇ ਬੰਦ ਅੰਦਰ ਹੀ ਇਸ ਗੱਲ ਨੂੰ ਸਮਝਣ ਲਈ ਆਖਿਆ ਹੈ। ਸਰੀਰ ਆਲਸ ਤੋਂ ਮੁਕਤ ਹੋਏਗਾ ਤਾਂ ਹੀ ਸੰਗਤ ਵਿੱਚ ਬੈਠ ਸਕਦਾ ਹੈ। ਸੁਸਤੀ ਦਾ ਮਾਰਿਆ ਹੋਇਆ ਆਦਮੀ ਸੰਗਤ ਵਿੱਚ ਆ ਕੇ ਉਬਾਸੀਆਂ ਹੀ ਮਾਰੀ ਜਾਏਗਾ। ਇਸ ਲਈ ਸਰੀਰ ਦੀ ਸਫਾਈ ਨੂੰ ਮੁੱਖ ਰੱਖਦਿਆਂ ਬਾਹਰਲਾ ਇਸ਼ਨਾਨ ਕਰਨ ਲਈ ਆਖਿਆ ਹੈ ਪਰ ਮਨੁੱਖ ਇਹ ਸਮਝ ਲਏ ਕਿ ਮੈਂ ਸਰੋਵਰ ਵਿਚੋਂ ਇਸ਼ਨਾਨ ਕਰ ਲਿਆ ਹੈ ਮੈਨੂੰ ਮੁਕਤੀ ਮਿਲ ਜਾਏਗੀ ਕਦਾਚਿਤ ਗੁਰੂ ਜੀ ਇਸ ਗੱਲ ਨਾਲ ਸਹਿਮਤ ਨਹੀਂ ਹੋਏ। ਏਥੇ ਵੀ ਇੱਕ ਨਿਯਮ ਕੰਮ ਕਰਦਾ ਹੈ – ਪਹਿਲਾਂ ਸਰੀਰ ਦਾ ਇਸ਼ਨਾਨ ਹੈ, ਫਿਰ ਸੰਗਤ ਵਿੱਚ ਬੈਠ ਕੇ ਕੀਰਤਨ ਸਰਵਣ ਕਰ ਕੇ ਮਨ ਦਾ ਇਸ਼ਨਾਨ ਕਰਾਉਣਾ ਹੈ ਤੇ ਸ਼ਬਦ ਦੀ ਵਿਚਾਰ ਅਖੀਰਲਾ ਇਸ਼ਨਾਨ ਹੈ। ਅਸੀਂ ਪਹਿਲਾਂ ਤੇ ਦੂਜਾ ਇਸ਼ਨਾਨ ਧੂਮ ਧੜੱਕੇ ਨਾਲ ਕਰ ਲੈਂਦੇ ਹਾਂ ਪਰ ਸ਼ਬਦ ਦੀ ਵੀਚਾਰ ਵਾਲਾ ਜਦੋਂ ਇਸ਼ਨਾਨ ਕਰਾਉਣ ਦਾ ਸਮਾਂ ਆਉਂਦਾ ਹੈ ਤਾਂ ਅਸੀਂ ਘਰ ਨੂੰ ਉੱਠ ਕੇ ਆ ਜਾਂਦੇ ਹਾਂ। ਇਸ ਲਈ ਸਾਡੀ ਹੰਸ ਬਿਰਤੀ ਨਹੀਂ ਬਣ ਸਕੀ। ਸ਼ਬਦ ਦੇ ਗਿਆਨ ਦੁਆਰਾ ਜੀਵਨ ਜੁਗਤੀ ਆਉਂਦੀ ਹੈ। ਜੀਵਨ ਜੁਗਤੀ ਵਿੱਚ ਹੀ ਪਰਮਾਤਮਾ ਮਦਦਗਾਰ ਬਣਦਾ ਹੈ। ਅਸਲ ਇਸ਼ਨਾਨ ਸੰਗਤ ਵਿੱਚ ਆਕੇ ਗੁਰੂ ਦੇ ਗਿਆਨ ਦਾ ਹੈ। ਕਾਂ ਤੇ ਬਗਲਾ ਕਰਮ ਸਾਡੇ ਖ਼ਤਮ ਹੁੰਦੇ ਹਨ ਤੇ ਹੰਸ ਕਰਮ ਜਾਗ ਪੈਂਦਾ ਹੈ। ਗੁਰੂ ਨਾਨਕ ਸਾਿਹਬ ਜੀ ਨੇ ਬਾਹਰਲੇ ਇਸ਼ਨਾਨ ਨੂੰ ਜਪੁ ਜੀ ਦੀ ਪਹਿਲੀ ਪਾਉੜੀ ਅੰਦਰ ਹੀ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।

“ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ”॥

ਲੱਖਾਂ ਵਾਰ ਤੀਰਥਾਂ `ਤੇ ਵਾਰ ਇਸ਼ਨਾਨ ਕਰਨ ਨਾਲ ਜੀਵਨ ਦੀ ਰੌਅ ਨਹੀਂ ਬਦਲ ਸਕਦੀ, ਜਿਨਾਂ ਚਿਰ ਗੁਰੂ ਦੇ ਗਿਆਨ ਨੂੰ ਅਪਨਾਉਂਦੇ ਨਹੀਂ ਹਾਂ, “ਰਾਮਦਾਸ ਸਰੋਵਰਿ” ਦਾ ਭਾਵ ਸਾਧ ਸੰਗਤਿ ਹੈ। “ਨਾਤੈ” ਦਾ ਅਰਥ ਹੈ ਗੁਰੂ ਦੇ ਗਿਆਨ ਨੂੰ ਸਮਝਣਾ ਤੇ ਇਸ ਵਿੱਚ ਟੁੱਬੀ ਲਗਾਉਣੀ। ਪਾਣੀ ਨਾਲ ਸਰੀਰ ਦੀ ਮੈਲ ਲਹਿੰਦੀ ਹੈ ਤੇ ਗੁਰਬਾਣੀ ਗਿਆਨ ਨਾਲ ਮਨ ਦੀ ਮੈਲ ਲਹਿੰਦੀ ਹੈ। “ਆਦਿ ਪੁਰਖ ਪ੍ਰਭੁ ਪਾਇਆ” ਹੰਸ ਬਿਰਤੀ ਦਾ ਸਿੱਖਰ ਹੈ ਕਾਂ ਤੇ ਬਗਲਾ ਬਿਰਤੀ ਤੋਂ ਛੁਟਕਾਰਾ ਹੈ ਵਿਕਾਰਾਂ ਵਲੋਂ ਮੁਕਤੀ ਹੈ ਤੇ ਇਹ ਹੀ ਜੀਵਨ ਜਾਚ ਹੈ। ਏਸੇ ਨੂੰ ਸਚਿਆਰ ਆਖਿਆ ਹੈ। ਨਾਮ ਧਿਆਉਣਾ ਰੱਬੀ ਨਿਯਮਾਵਲੀ ਨੂੰ ਅਪਨਾਉਣਾ ਹੈ ਤੇ ਜੀਵਨ ਵਿੱਚ ਸਹਿਜ ਅਵਸਥਾ ਲਿਆਕੇ ਇੱਕ ਭਾਰੀ ਬਦਲਾ ਕਰਨਾ ਹੈ।




.