ਬਰਤਾਨੀਆ ਵਿੱਚ ਸਭ ਤੋਂ ਪੁਰਾਣਾ ਅਤੇ ਪਹਿਲਾ ਲੋਕਤੰਤ੍ਰਕ ਨਿਜ਼ਾਮ ਹੈ। ਸਭ
ਤੋਂ ਪੁਰਾਣਾ ਸ਼ਾਹੀ ਖਾਨਦਾਨ ਵੀ ਬਰਤਾਨੀਆ ਵਿੱਚ ਹਕੂਮਤ ਕਰਨ ਦਾ ਚਿੰਨ੍ਹ ਹੈ। ਬਰਤਾਨੀਆ ਵਿੱਚ ਹੀ
ਸਭ ਤੋਂ ਪਹਿਲਾ ਅਤੇ ਪੁਰਾਣਾ ਨੈਸ਼ਨਲ ਐਂਥਮ ਅਥਵਾ ਕੌਮੀ ਗੀਤ ਹੈ। ਜਿਸ ਦੁਆਰਾ ਰਾਜੇ ਜਾਂ ਰਾਣੀ, ਜੋ
ਵੀ ਹੁਕਮਰਾਨ ਹੋਵੇ, ਦੀ ਲੰਬੀ ਉਮਰ ਵਾਸਤੇ ਪ੍ਰਾਥਨਾ ਕੀਤੀ ਜਾਂਦੀ ਹੈ। ਅਮਰੀਕਾ ੧੭੭੪ ਈ: ਵਿੱਚ
ਬਰਤਾਨੀਆਂ ਦੀ ਹਕੂਮਤ ਕੋਲੋਂ ਬਾਗ਼ੀ ਹੋ ਕੇ, ਲੜਾਈ ਲੜ ਕੇ ਅਤੇ ਆਪਣੀ ਜਿੱਤ ਪ੍ਰਾਪਤ ਕਰ ਕੇ, ਅਜ਼ਾਦ
ਹੋਇਆ ਸੀ। ਇਸ ਦਾ ਵੀ ਆਪਣਾ ਨੈਸ਼ਨਲ ਐਂਥਮ ਹੈ।
ਅੰਗਰੇਜ਼ਾਂ ਦੀ ਹਕੂਮਤ ਨੇ ਦੂਜੀ ਵਿਸ਼ਵ ਜੰਗ ੧੯੪੫ ਈ: ਵਿੱਚ ਜਿਤਣ ਪਿਛੋਂ
ਭਾਰਤ ਅਤੇ ਪਾਕਿਸਤਾਨ ਨੂੰ ੧੯੪੭ ਈ: ਵਿੱਚ ਅਜ਼ਾਦ ਕਰ ਦਿੱਤਾ ਸੀ। ਭਾਰਤ ਅਤੇ ਪਾਕਿਸਤਾਨ ਦੇ ਵੀ
ਆਪਣੇ ਆਪਣੇ ਨੈਸ਼ਨਲ ਐਂਥਮ ਹਨ। ਭਾਰਤ ਦਾ ਨੈਸ਼ਨਲ ਐਂਥਮ ਮਸ਼ਹੂਰ ਬੰਗਾਲੀ ਕਵੀ ਟੈਗੋਰ ਦਾ ਲਿਖਿਆ ਇੱਕ
ਗੀਤ ਹੈ ਜੋ ਉਸ ਨੇ ਬਰਤਾਨੀਆ ਦੇ ਬਾਦਸ਼ਾਹ ਦੇ ੧੯੧੧ ਈ: ਵਿੱਚ ਭਾਰਤ ਦੇ ਸ਼ਹਿਰ ਕਲਕੱਤਾ ਵਿੱਚ ਪਹਿਲੀ
ਵਾਰ ਪੈਰ ਪਾਉਣ ਉੱਤੇ ਗਾਇਆ ਸੀ। ਕੇਵਲ ਇੱਕ ਸਿੱਖ ਹੀ ਹਨ, ਜਿਨ੍ਹਾਂ ਨੇ ਆਪਣੇ ਕੌਮੀ ਗੀਤ ਦੀ ਚੋਣ
ਆਪ ਨਹੀਂ ਕੀਤੀ। ਇਹ ਤਾਂ ਇਨ੍ਹਾਂ ਨੂੰ ਬਣਿਆ ਬਣਾਇਆ ਕਿਸੇ ਨੇ ਦੇ ਦਿੱਤਾ ਹੈ। ੧੯੬੬ ਈ: ਵਿੱਚ
ਸਿੱਖਾਂ ਨੂੰ ਪੰਜਾਬੀ ਸੂਬਾ ਭਾਰਤ ਦੀ ਸਰਕਾਰ ਨੇ ਕਈ ਸਾਲਾਂ ਦੀ ਜੱਦੋ ਜਿਹਦ ਪਿੱਛੋਂ ਦੇ ਦਿੱਤਾ
ਸੀ। ਉਸ ਮੋਰਚੇ ਦਾ ਲੀਡਰ ਸੰਤ ਫਤੇਹ ਸਿੰਘ ਸੀ। ਉਸ ਕੋਲ ਫਿਲਮਾਂ ਬਨਾਉਣ ਵਾਲੇ ਲੋਕ ਪੁੱਜੇ ਅਤੇ
ਬੇਨਤੀ ਕੀਤੀ ਕਿ ਉਨ੍ਹਾਂ ਨੂੰ ਸਿੱਖ ਧਰਮ ਬਾਰੇ ਫਿਲਮਾਂ ਬਨਾਉਣ ਦੀ ਆਗਿਆ ਦਿੱਤੀ ਜਾਵੇ। ਉਸ ਤੋਂ
ਪਹਿਲਾਂ ਮਾਸਟਰ ਤਾਰਾ ਸਿੰਘ ਸਿੱਖਾਂ ਦਾ ਲੀਡਰ ਸੀ, ਜਿਸ ਨੇ ਸਿੱਖ ਧਰਮ ਬਾਰੇ ਫਿਲਮਾਂ ਬਨਾਉਣ ਉਤੇ
ਪਾਬੰਦੀ ਲਾਈ ਹੋਈ ਸੀ। ਸੰਤ ਫਤੇਹ ਸਿੰਘ ਨੇ ਇਨ੍ਹਾਂ ਲੋਕਾਂ ਦੀ ਬੇਨਤੀ ਮਨਜ਼ੂਰ ਕਰ ਕੇ ਇਨ੍ਹਾਂ ਨੂੰ
ਸਿੱਖ ਧਰਮ ਬਾਰੇ ਫਿਲਮਾਂ ਬਣਾਉਣ ਦੀ ਆਗਿਆ ਦੇ ਦਿੱਤੀ ਸੀ। ਇਸ ਦੇ ਫਲਸਰੂਪ ਪਹਿਲੀ ਫਿਲਮ ਨਾਨਕ ਨਾਮ
ਜਹਾਜ਼ ਹੈ ਬਨਾਈ ਗਈ ਸੀ। ਇਸ ਫਿਲਮ ਵਿੱਚ ਦਸਮ ਗ੍ਰੰਥ ਵਿਚੋਂ ਕੁੱਝ ਗੀਤ ਚੁਣ ਕੇ ਗਾਏ ਗਏ ਸਨ ਅਤੇ
ਇਨ੍ਹਾਂ ਵਿਚੋਂ ਇੱਕ ਗੀਤ ਸੀ ਜੋ ਸਿੱਖਾਂ ਨੇ ਹੌਲੀ ਹੌਲੀ ਆਪਣਾ ਨੈਸ਼ਨਲ ਐਂਥਮ ਜਾਂ ਕੌਮੀ ਗੀਤ ਹੀ
ਮੰਨ ਲਿਆ ਹੈ। ਇਸ ਬਾਰੇ ਭਾਵੇਂ ਕਿਸੇ ਸਿੱਖ ਸੰਸਥਾ ਨੇ ਕੋਈ ਫੈਸਲਾ ਨਹੀਂ ਲਿਆ, ਪਰ ਇਹ ਹਰ ਸਮਾਗਮ
ਉੱਤੇ ਗਾਇਆ ਜਾ ਰਿਹਾ ਹੈ। ਇਸ ਬਾਰੇ ਕਿਸੇ ਨੇ ਜੇ ਕੋਈ ਉਜ਼ਰ ਕੀਤਾ ਵੀ ਹੈ ਤਾਂ ਉਸ ਨੂੰ ਚੁੱਪ ਦੀ
ਚਲਾਕੀ ਦਾ ਢੱਕਣ ਦੇ ਕੇ ਬੰਦ ਕਰ ਦਿੱਤਾ ਜਾਂਦਾ ਰਿਹਾ ਹੈ। ਆਉ ਇਸ ਕੌਮੀ ਗੀਤ ਬਾਰੇ ਜਾਣਕਾਰੀ ਹਾਸਲ
ਕਰੀਏ। ਇਹ ਚੰਡੀ ਚਰਿਤ੍ਰ (ਉਕਤਿ ਬਿਲਾਸ) ਦਾ ਸਵੈਯਾ ੨੩੧ ਹੈ। ਇਹ ਸਵੈਯਾ ਅਤੇ ਇਸ ਦੇ ਅਰਥ ਪਾਠਕਾਂ
ਦੀ ਸੇਵਾ ਵਿੱਚ ਹੇਠਾਂ ਦਿੱਤੇ ਗਏ ਹਨ।
ਦੇਹ ਸਿਵਾ ਬਰ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋ। ਨ ਡਰੋ ਅਰਿ ਸੋ ਜਬ
ਜਾਇ ਲਰੋ ਨਿਸਚੈ ਕਰਿ ਅਪੁਨੀ ਜੀਤ ਕਰੋ। ਅਰੁ ਸਿਖ ਹੋ ਆਪਨੇ ਹੀ ਮਨ ਕੋ ਇਹ ਲਾਲਚ ਹਉ ਗੁਨ ਤਉ
ਉਚਰੋ। ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋ। ੨੩੧. ੧. ੧ ਦਸਮ ਗ੍ਰੰਥ ਭਾਗ ੧
ਜੱਗੀ-ਜੱਗੀ ਪੰਨਾ ੨੫੮
ਅਰਥ: ਹੇ ਸ਼ਿਵਾ! ਮੈਨੂੰ ਇਹ ਵਰ ਦੇ ਕਿ (ਮੈਂ) ਸ਼ੁਭ ਕੰਮਾਂ (ਨੂੰ ਕਰਨੋ) ਨ
ਟਲਾਂ। ਜਦੋਂ ਵੈਰੀ ਨਾਲ (ਰਣ ਭੂਮੀ ਵਿੱਚ ਜਾ ਕੇ) ਲੜਾਂ ਤਾਂ (ਜ਼ਰਾ) ਨ ਡਰਾਂ ਅਤੇ ਨਿਸਚੇ ਹੀ ਆਪਣੀ
ਜਿੱਤ ਪ੍ਰਾਪਤ ਕਰਾਂ। ਆਪਣੇ ਮਨ ਨੂੰ ਸਿਖਿਆ ਦੇਵਾਂ ਕਿ ਮੈਨੂੰ (ਸਦਾ) ਇਹ ਲਾਲਚ (ਬਣਿਆ ਰਹੇ ਕਿ
ਮੈਂ) ਤੇਰੇ ਗੁਣਾਂ ਨੂੰ ਉਚਾਰਦਾ ਰਹਾਂ। ਜਦੋਂ ਉਮਰ ਦਾ ਅੰਤਿਮ ਸਮਾਂ ਆ ਜਾਏ ਤਾਂ ਅਤਿ ਦੇ ਯੁੱਧ
ਵਿੱਚ ਲੜਦਾ ਹੋਇਆ ਮਰ ਜਾਵਾਂ (੨੩੧)।
ਇਸ ਸਵੈਯੇ ਦੇ ਅਰਥਾਂ ਉੱਤੇ ਵਿਚਾਰ ਕਰਨ ਤੋਂ ਪਹਿਲਾਂ ਇਸ ਤੋਂ ਪਿਛੋਂ ਆਏ
ਸਵੈਯੇ ੨੩੨ ਦੀ ਆਖਰੀ ਤੁਕ ਅਤੇ ਇਸ ਦੇ ਅਰਥ ਪਾਠਕਾਂ ਦੀ ਜਾਣਕਾਰੀ ਵਾਸਤੇ ਦੇਣੇ ਲਾਹੇਵੰਦ ਹੋਣਗੇ।
ਇਹ ਪਾਠਕਾਂ ਦੀ ਸੇਵਾ ਵਿੱਚ ਹੇਠਾਂ ਦਿੱਤੇ ਗਏ ਹਨ।
ਜਾਹਿ ਨਮਿਤ ਪੜੈ ਸੁਨਿ ਹੈ ਨਰ ਸੋ ਨਿਸਚੈ ਕਰਿ ਤਾਹਿ ਦਈ ਹੈ। ੨੩੨। ੧. ੨
ਦਸਮ ਗ੍ਰੰਥ ਭਾਗ ੧ ਜੱਗੀ-ਜੱਗੀ ਪੰਨਾ ੨੫੮
ਅਰਥ: ਜਿਸ (ਮਨੋਰਥ) ਲਈ (ਕੋਈ) ਪੁਰਸ਼ (ਇਸ ਰਚਨਾ ਨੂੰ) ਪੜ੍ਹੇ ਅਤੇ
ਸੁਣੇਗਾ, ਉੱਸ ਨੂੰ ਅਵੱਸ਼ ਹੀ (ਦੇਵੀ) ਉਹੀ (ਵਰ) ਪ੍ਰਦਾਨ ਕਰੇਗੀ। ੨੩੨।
ਅਸੀਂ ਆਖਰੀ ਦੋਹਰਾ, ਜਿਸ ਨਾਲ ਇਹ ਮਾਰਕੰਡੇ ਪੁਰਾਨ ਦਾ ਚੰਡੀ ਚਰਿਤ੍ਰ ਉਕਤਿ
ਬਿਲਾਸ ਖਤਮ ਹੁੰਦਾ ਹੈ, ਅਰਥਾਂ ਸਮੇਤ ਪਾਠਕਾਂ ਦੀ ਸੇਵਾ ਵਿੱਚ ਹੇਠਾਂ ਦੇਣਾ ਮੁਨਾਸਬ ਸਮਝਦੇ ਹਾਂ,
ਜਿਸ ਨਾਲ ਸਾਰੇ ਵਿਸ਼ੇ ਉੱਤੇ ਚਰਚਾ ਕਰਨੀ ਸੁਖਾਲੀ ਹੋਵੇਗੀ।
ਗ੍ਰੰਥ ਸਤਿ ਸਇਆਂ ਕੋ ਕਰਿਓ ਜਾ ਸਮ ਅਵਰੁ ਨ ਕੋਇ। ਜਹ ਨਮਿਤ ਕਵਿ ਨੇ ਕਹਿਓ
ਸੁ ਦੇਹ ਚਡਿਕਾ ਸੋਇ। ੨੩੩। ੧. ੩ ਦਸਮ ਗ੍ਰੰਥ ਭਾਗ ੧ ਜੱਗੀ-ਜੱਗੀ ਪੰਨਾ ੨੫੮
ਅਰਥ: (ਮੈਂ) ਸਤਸਈ (ਦੁਰਗਾ ਸਪਤਸ਼ਤੀ) ਗ੍ਰੰਥ ਦੀ ਰਚਨਾ ਕੀਤੀ ਹੈ ਜਿਸ ਦੇ
ਸਮਾਨ ਹੋਰ ਕੋਈ (ਗ੍ਰੰਥ) ਨਹੀਂ ਹੈ। ਹੇ ਚੰਡਕਾ! ਜਿਸ ਮਨੋਰਥ ਲਈ ਕਵੀ ਨੇ (ਇਹ ਕਥਾ) ਕਹੀ ਹੈ, ਉਸ
ਦਾ ਉਹੀ (ਮਨੋਰਥ) ਪੂਰਾ ਕਰੋ। ੨੩੩।
ਅਖੀਰਲੀਆਂ ਦੋ {੧. ੨ ਅਤੇ ੧. ੩} ਤੁਕਾਂ ਦੇ ਅਰਥਾਂ ਤੋਂ ਸਪਸ਼ਟ ਹੈ, ਕਿ
ਸ਼ਿਵਾ, ਦੁਰਗਾ, ਚੰਡਕਿਾ ਅਤੇ ਚੰਡੀ, ਸਾਰੇ ਨਾਉਂ ਮਹਾ ਦੇਵੀ ਦੇ ਹੀ ਰੂਪ ਹਨ ਜੋ ਤੰਤਰਕਿ ਫਿਰਕੇ ਦੀ
ਦੇਵੀ ਪੂਜਾ ਦਾ ਕੇਂਦਰੀ ਇਸ਼ਟ ਹੈ। ਅਸੀਂ ਪਹਿਲਾਂ ਦੱਸ ਆਏ ਹਾਂ ਕਿ ਬੁੱਧ ਮੱਤ ਵਿਚੋਂ ਤੰਤਰਿਕ ਸ਼ਾਖਾ
ਦੀ ਸੋਚਣੀ ਨੂੰ ਬ੍ਰਾਹਮਣ ਨੇ ਫੜ ਕੇ ਉਸ ਨੂੰ ਮਹਾ ਦੇਵੀ ਦੇ ਰੰਗ ਵਿੱਚ ਰਾਜਪੂਤਾਂ ਦੇ ਰਾਜ ਵਿੱਚ
ਪੇਸ਼ ਕੀਤਾ ਸੀ। ਮੁਗ਼ਲਾਂ ਦੇ ਰਾਜ ਵਿੱਚ ਇਸ ਨੂੰ ਜਾਰੀ ਰੱਖਣ ਦਾ ਵੱਡਾ ਕਾਰਨ ਸੀ ਹਿੰਦੂ ਧਰਮ ਦੀ
ਖੁੱਸਦੀ ਸਰਦਾਰੀ, ਜਿਸ ਨੂੰ ਮੁੜ ਸੁਰਜੀਤ ਕਰਨ ਦਾ ਅਸਫਲ ਯਤਨ ਪੰਜਾਬ ਵਿੱਚ ਸਿੱਖ ਧਰਮ ਨੂੰ ਨਿਗਲਣ
ਲਈ ਕੀਤਾ ਗਿਆ। ਇਹ ਅੱਜ ਵੀ ਕਿਸੇ ਨ ਕਿਸੇ ਸ਼ਕਲ ਵਿੱਚ ਜਾਰੀ ਹੈ। ਕੇਵਲ ਸਿੱਖਾਂ ਨੂੰ ਸਿੱਖ ਧਰਮ ਦੇ
ਬੁਨਿਆਦੀ ਨਿਯਮਾਂ ਨੂੰ ਲੋਕਾਂ ਤਕ ਅਪੜਾਉਣ ਦੇ ਵਸੀਲੇ ਵਰਤਨ ਲਈ ਇੱਕ ਝੰਡੇ ਹੇਠਾਂ ਇਕੱਠੇ ਹੋ ਕੇ
ਇੱਕ ਆਵਾਜ਼ ਨਾਲ ਗੱਲ ਕਰਨ ਦੀ ਲੋੜ ਹੈ।
ਸਵਾਲ ੧: ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਨੇ ਆਦਿ
ਗੁਰੂ ਗ੍ਰੰਥ ਸਾਹਿਬ ਨੂੰ ਸਬਦ ਗੁਰੂ ਸਥਾਪਤ ਕਰ ਕੇ ਦੇਹਧਾਰੀ ਗੁਰੂ ਦੀ ਪਰੰਪਰਾ ਨੂੰ ਖਤਮ ਕੀਤਾ
ਸੀ। ਕੀ ਕੌਮੀ ਗੀਤ ਕਿਸੇ ਵੀ ਹੋਰ ਗ੍ਰੰਥ ਵਿਚੋਂ ਲੈਣਾ ਸਿੱਖਾਂ ਦੀ ਸਿਆਣਪ ਦਾ ਸਬੂਤ ਹੈ?
ਸਵਾਲ ੨: ਸਿੱਖ ਹਰ ਸਮਾਗਮ ਉੱਤੇ ਅਰਦਾਸ ਕਰਦੇ ਹਨ ਅਤੇ ਇਸ ਪਿਛੋਂ ਹੇਠ
ਦਿੱਤਾ ਦੋਹਿਰਾ ਪੜਿਆ ਜਾਂਦਾ ਹੈ।
ਗੁਰੂ ਗ੍ਰੰਥ ਜੀ ਮਾਨਿਉ ਪ੍ਰਗਟ ਗੁਰਾਂ ਕੀ ਦੇਹ। ਜੋ ਪ੍ਰਭ ਕੋ ਮਿਲਬੋ ਚਹੇ
ਖੋਜ ਸਬਦ ਮਹਿ ਲੇਹ। ੧. ੪
ਕੀ ਸਿੱਖ ਆਦਿ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਿਸੇ ਹੋਰ ਗ੍ਰੰਥ ਵਿਚੋਂ
ਸਵੈਯੇ {ਕੌਮੀ ਗੀਤ} ਪੜ੍ਹ ਕੇ, ਉੱਪਰ ਦਿੱਤੇ ਦੋਹਰੇ ਵਿੱਚ ਗੁਰੂ ਗੋਬਿੰਦ ਸਿੰਘ ਦੇ ਦਿੱਤੇ ਹੁਕਮ
ਦੀ ਉਲੰਘਣਾ ਨਹੀ ਕਰਦੇ?
ਸਵਾਲ ੩: ਕਈ ਸਿੱਖ ਵਿਦਵਾਨ, ਸਿੱਖ ਸਰੂਪ ਵਿੱਚ ਹੁੰਦੇ ਹੋਏ ਵੀ, ਸ਼ਿਵਾ ਦੇ
ਅਰਥ ਤੋੜ ਮਰੋੜ ਕੇ ਪਰਮ ਸੱਤਾ ਦੇ ਕਰਦੇ ਹਨ। ਕੁੱਝ ਸਿੱਖ ਵਿਦਵਾਨ ਸ਼ਿਵਾ ਨੂੰ ਅਕਾਲ ਪੁਰਖ ਕਹਿੰਦੇ
ਹਨ। ਕੀ ਇਨ੍ਹਾਂ ਨੂੰ ਕੇਸਾਧਾਰੀ ਹਿੰਦੂ ਕਹਿਣਾ ਗ਼ਲਤ ਹੈ? ਹਰ ਇੱਕ ਸਿੱਖ ਦਾ, ਅੱਜ ਆਦਿ ਗੁਰੂ
ਗ੍ਰੰਥ ਸਾਹਿਬ ਹੀ ਗੁਰੂ ਹੈ ਜਿਸ ਤੋਂ ਉੱਸ ਨੇ ਅਗਵਾਈ ਲੈਣੀ ਹੈ। ਅਸੀਂ ਕੁੱਝ ਗੁਰੂ ਵਾਕ ਅਰਥਾਂ
ਸਮੇਤ ਪਾਠਕਾਂ ਦੀ ਸੇਵਾ ਵਿੱਚ ਹੇਠਾਂ ਦੇ ਰਹੇ ਹਾਂ।