.

ਅਨਦ ਸੇਤੀ ਬਨੁ ਗਾਹੀ

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਰਾਗੁ ਗੂਜਰੀ ਅੰਦਰ ਪੰਚਮ ਪਿਤਾ ਜੀ ਦੀ ਸਲੋਕਾਂ ਸਮੇਤ ਉਚਾਰਨ ਕੀਤੀ ਹੋਈ ਇੱਕ ਵਾਰ ਹੈ। ਉਸ ਵਾਰ ਅੰਦਰ ਸੰਸਾਰ ਨੂੰ ਚਿੱਕੜ ਖੋਭੇ ਵਾਲੀ ਨਦੀ, ਡਰਾਉਣਾ ਜੰਗਲ਼ ਅਤੇ ਬੇਗਾਨੀ ਜੂਹ ਕਰਕੇ ਬਿਆਨਿਆ ਹੈ। ਇਹ ਦ੍ਰਿਸ਼ਟਾਂਤ ਦੇ ਕੇ ਗੁਰਦੇਵ ਜੀ ਨੇ ਜੀਵਨ ਜਾਚ ਸਿਖਾਈ ਹੈ। ਆਪਣੀ ਜ਼ਿੰਦਗੀ ਵਿੱਚ ਅਨੰਦ ਭਰਨ ਦੀ ਸੰਭਾਵਨਾ ਦ੍ਰਿੜ ਕਰਾਈ ਹੈ। ਸਭ ਤੋਂ ਪਹਿਲਾਂ ਭਿਆਨਕ ਜੰਗਲ ਸੰਬੰਧੀ ਵਿਚਾਰ ਪੇਸ਼ ਕਰਦੇ ਹਾਂ, ਭਿਆਨਕ ਜੰਗਲ ਵਿੱਚ ਰਾਹ ਆਦਿ ਦੀ ਅਵਸਥਾ ਨਹੀਂ ਹੁੰਦੀ ਤੇ ਕੰਡਿਆਲੀਆਂ ਝਾੜ੍ਹੀਆਂ ਤੁਰਨ ਨਹੀਂ ਦੇਂਦੀਆਂ। ਚਾਰ ਚੁਫੇਰੇ ਕੀੜੇ--ਮਕੌੜੇ ਰੀਂਗਦੇ ਦਿਸਦੇ ਹਨ, ਖ਼ੂੰ--ਖ਼ਾਰ ਜਨਵਰਾਂ ਦੀਆਂ ਅਜੀਬੋ ਗ਼ਰੀਬ ਅਵਾਜ਼ਾਂ ਹਮੇਸ਼ਾਂ ਮਨੁੱਖ ਨੂੰ ਡਰਾਈ ਰੱਖਦੀਆਂ ਹਨ। ਜੰਗਲ ਵਿੱਚ ਹਰ ਕੀੜਾ--ਮਕੌੜਾ, ਜਨਵਰ ਆਪ ਮੁਹਾਰਾ ਹੋਈ ਤੁਰਿਆ ਫਿਰਦਾ ਨਜ਼ਰ ਆਏਗਾ। ਇਸ ਅਵਸਥਾ ਨੂੰ ਜੰਗਲ ਰਾਜ ਆਖਿਆ ਜਾਂਦਾ ਹੈ। ਅਜੇਹੇ ਜੰਗਲ ਵਿੱਚ ਗ਼ੁਜ਼ਰਨਾ ਮੌਤ ਤੋਂ ਖ਼ਾਲੀ ਨਹੀਂ ਹੁੰਦਾ। ਅਜੇਹੀ ਡਰਾਉਂਣੀ ਅਵਸਥਾ ਵਿੱਚ ਕੋਈ ਸਾਥੀ ਮਿਲ ਜਾਏ, ਜੋ ਜੰਗਲ ਦੇ ਰਸਤੇ ਤੋਂ ਜਾਣੂੰ ਹੋਵੇ ਤੇ ਉਸ ਪਾਸ ਜੰਗਲ ਵਿੱਚ ਆਈ ਮੁਸੀਬਤ ਦਾ ਟਾਕਰਾ ਕਰਨ ਲਈ ਪੂਰੀ ਸਿਖਲਾਈ ਹੋਵੇ, ਤਾਂ ਜੰਗਲ ਦਾ ਰਸਤਾ ਔਖਾ ਮਹਿਸੂਸ ਨਹੀਂ ਹੁੰਦਾ। ਗੁਰਦੇਵ ਪਿਤਾ ਜੀ ਨੇ ਸੰਸਾਰ ਨੂੰ ਜੰਗਲ ਆਖਿਆ ਹੈ, ਤੇ ਉਹ ਵੀ ਭਿਆਨਕ। ਸੰਸਾਰ ਵਿੱਚ ਰੱਬੀ ਨਿਯਮਾਵਲੀ ਨਹੀਂ ਰਹੀ, ਭਰਮਾਂ ਤੇ ਕਰਮ—ਕਾਂਡਾਂ ਦੀਆਂ ਕੰਡਿਆਲੀਆਂ ਝਾੜ੍ਹੀਆਂ ਇਸ ਨੂੰ ਝੰਬ੍ਹ ਰਹੀਆਂ ਹਨ। ਲੋਕ ਦਿਖਾਵਾ, ਧਰਮ ਦੇ ਨਾਂ ਤੇ ਲੁੱਟ, ਤੀਰਥਾਂ ਦਾ ਇਸ਼ਨਾਨ, ਡੇਰਾ ਵਾਦ ਦੀਆਂ ਬੁਰਜੀਆਂ, ਸੰਤਗੀਰੀ ਦਾ ਮੱਕੜੀ ਜਾਲ ਤੇ ਕਰਮ—ਕਾਂਡ ਦੀਆਂ ਡਰਾਉਣੀਆਂ ਅਵਾਜ਼ਾਂ ਮਨੁੱਖ ਨੂੰ ਸੁਚੱਜਾ ਜੀਵਨ ਨਹੀਂ ਜਿਉਣ ਦੇ ਰਹੀਆਂ। ਭਾਈ ਗੁਰਦਾਸ ਜੀ ਨੇ ਰਾਜਿਆਂ ਦੀ ਅੰਦਰਲੀ ਕਰੂਪਤਾ, ਪਰਜਾ ਦਾ ਅੰਧਾ ਵਿਸ਼ਵਾਸ, ਧਰਮੀ ਆਗੂਆਂ ਕਾਜ਼ੀਆਂ ਦੀ ਬੇ-ਇਨਸਾਫ਼ੀ, ਚੇਲਿਆਂ ਤੇ ਨਾਮ ਧਰੀਕ ਗੁਰੂਆਂ ਦੀ ਲੁੱਟ ਤੇ ਇਸਤ੍ਰੀ—ਪੁਰਖ ਦੀ ਕੇਵਲ ਪੈਸੇ ਦੀ ਸਾਂਝ ਦੀ ਅਚਸਥਾ ਦਾ ਜ਼ਿਕਰ ਕਰਦਿਆਂ ਦੱਸਿਆ ਹੈ ਕਿ ਚਾਰ-ਚੁਫੇਰੇ ਪਾਪ ਹੀ ਪਾਪ ਪਸਰਿਆ ਹੋਇਆ ਸੀ। ਇਸ ਭਿਆਨਕ ਜੰਗਲ ਦੀ ਰੂਪ-ਰੇਖਾ ਵਿੱਚ ਅਨੰਦ ਦੀ ਥਾਂ `ਤੇ ਕੁਹਰਾਮ ਮੱਚਿਆ ਹੋਇਆ ਸੀ:----

ਕਲਿ ਆਈ ਕੁਤੇ ਮੁਹੀ ਖਾਜੁ ਹੋਆ ਮੁਰਦਾਰ ਗੁਸਾਈ॥

ਰਾਜੇ ਪਾਪੁ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ॥

ਪਰਜਾ ਅੰਧੀ ਗਿਆਨ ਬਿਨੁ ਕੂੜ ਕੁਸਤੁ ਮੁਖਹੁ ਅਲਾਈ॥

ਚੇਲੇ ਸਾਜ ਵਜਾਇਂਦੇ ਨਚਨਿ ਗੁਰੂ ਬਹੁਤੁ ਬਿਧਿ ਭਾਈ॥

ਚੇਲੇ ਬੈਠਨਿ ਘਰਾਂ ਵਿਚਿ ਗੁਰਿ ਉਠਿ ਘਰੀਂ ਤਿਨਾੜੇ ਜਾਈ॥

ਕਾਜ਼ੀ ਹੋਏ ਰਿਸ਼ਵਤੀ ਵਢੀ ਲੈ ਕੇ ਹਕ ਗਵਾਈ॥

ਇਸਤ੍ਰੀ ਪੁਰਖੈ ਦਾਮਿ ਹਿਤੁ ਭਾਵੈ ਆਇ ਕਿਥਾਉ ਜਾਈ॥

ਵਰਤਿਆ ਪਾਪੁ ਸਭਸਿ ਜਗਿ ਮਾਹੀ॥ ੩੦॥ ੧॥

ਵਾਰਾਂ ਭਾਈ ਗੁਰਦਾਸ ਜੀ

ਅਜੇਹੀ ਅਵਸਥਾ ਵਿੱਚ ਗੁਰੂ ਹੀ ਸਾਡੇ ਜੀਵਨ ਵਿਚ, ਆਪਣਾ ਗਿਆਨ ਦੇ ਕੇ ਅਨੰਦ ਭਰ ਸਕਦਾ ਹੈ। ਕਈਆਂ ਨੇ ਸੰਸਰ ਨੂੰ ਦੁੱਖਾਂ ਦਾ ਘਰ ਵੀ ਕਿਹਾ ਹੈ। ਹਾਂ ਆਏ ਦੁੱਖ ਮਹਿਸੂਸ ਨਹੀਂ ਹੁੰਦੇ, ਜੇ ਗੁਰੂ ਜੀ ਦੇ ਦੱਸੇ ਮਾਰਗ `ਤੇ ਚੱਲਿਆ ਜਾਏ ਤਾਂ। ਗੁਰੂ ਅਰਜਨ ਪਾਤਸ਼ਹ ਜੀ ਫਰਮਾਉਂਦੇ ਹਨ –ਮੈਨੂੰ ਇਸ ਭਿਆਨਕ ਜੰਗਲ ਵਿੱਚ ਪਰਮਾਤਮਾ ਰੂਪੀ ਸਾਥੀ ਮਿਲ ਗਿਆ ਹੈ, ਜਿਸ ਨੇ ਮੇਰੇ ਆਤਮਿਕ ਦੁੱਖਾਂ ਨੂੰ ਭਜਾ ਦਿੱਤਾ ਹੈ ਤੇ ਮੇਰੇ ਜੀਵਨ ਵਿੱਚ ਅਨੰਦ ਭਰ ਦਿੱਤਾ ਹੈ। ਮੇਰੇ ਜੀਵਨ ਵਿੱਚ ਅਜੇਹੀ ਅਨੰਦ ਦੀ ਅਵਸਥਾ ਆ ਗਈ ਹੈ ਕਿ ਮੈਂ ਪਰਮਾਤਮਾ ਤੋਂ ਸਦਾ ਲਈ ਸਦਕੇ ਜਾਂਦਾ ਹਾਂ। ਮੇਰੀ ਅਧਿਆਤਮਿਕ ਜ਼ਿੰਦਗੀ ਦੇ ਕਾਰਜ ਰਾਸ ਹੋ ਗਏ ਹਨ ਤੇ ਇਹ ਸੇਧ ਸਿੱਖ ਵਾਸਤੇ ਵੀ ਜ਼ਰੂਰੀ ਹੈ, ਇੱਕ ਵਾਕ ਰਾਂਹੀ ਜੰਗਲ ਤੇ ਅਨੰਦ ਦੇ ਦਰਸ਼ਨ ਕਰਨ ਦਾ ਯਤਨ ਕਰੀਏ:----

ਭਨਿ ਭਹਿਵਲੈ ਹਿਕੁ ਸਾਥੀ ਲਧਮੁ ਦੁਖ ਹਰਤਾ ਹਰਿ ਨਾਮਾ॥

ਬਲਿ ਬਲਿ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾ॥

ਵਾਰ ਗੂਜਰੀ ਸਲੋਕ ਮ: ੫ ਪੰਨਾ ੫੧੯ –

ਇਸ ਸਲੋਕ ਵਿੱਚ ਦੋ ਗੱਲਾਂ `ਤੇ ਜ਼ੋਰ ਦਿੱਤਾ ਗਿਆ ਹੈ। ਹਰਿ ਨਾਮ ਦੀ ਪ੍ਰਾਪਤੀ ਹੋ ਜਾਏ, ਤਾਂ ਦੁੱਖਾਂ ਦਾ ਨਾਸ਼ ਹੁੰਦਾ ਹੈ, ਦੂਸਰਾ ਨਾਮ ਮਿਲਦਾ ਹੈ ਗੁਰੂ ਜੀ ਤੋਂ; ਜੋ ਸਾਡੇ ਦੈਵੀ ਗੁਣਾਂ ਦੇ ਕਾਰਜ ਰਾਸ ਕਰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਦੁਆਰਾ ਨਾਮ ਦੀ ਪ੍ਰਾਪਤੀ ਹੁੰਦੀ ਹੈ, ਸੋਝੀ ਆਉਂਦੀ ਹੈ, ਜੀਵਨ ਜਾਚ ਮਿਲਦੀ ਹੈ ਜਿਸ ਦੁਆਰਾ ਭਿਆਨਕ ਜੰਗਲ ਡਰਾਉਣਾ ਨਹੀਂ ਲੱਗਦਾ, ਸਗੋਂ ਇਸ ਜੰਗਲ ਵਿੱਚ ਤੁਰਨ ਦੀ ਜਾਚ ਆ ਜਾਂਦੀ ਹੈ। ਗੁਰੂ ਸਾਹਿਬ ਜੀ ਨੇ ਰੱਬੀ ਨਿਯਮਾਵਲੀ ਨੂੰ ਸਮਝਣ ਲਈ ਆਖਿਆ ਹੈ। ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਦਕੇ ਜਾਣਾ ਚਾਹੀਦਾ ਹੈ, ਕਿਉਂਕਿ ਸੰਸਾਰ ਵਿੱਚ ਵਿਚਰਨ ਦਾ ਬਹੁਤ ਹੀ ਖੁਬਸੂਰਤੀ ਨਾਲ ਢੰਗ ਦੱਸਿਆ ਹੈ। ਭਿਆਨਕ ਜੰਗਲ ਦੇ ਰਾਹ ਤੋਂ ਜਾਣੂੰ ਹੋਣ ਕਰਕੇ ਮਨੁੱਖ ਆਪਣੀ ਮੰਜ਼ਿਲ `ਤੇ ਪਾਹੁੰਚਣ ਦੀ ਬਜਾਏ ਭਟਕ ਜਾਂਦਾ ਹੈ। ਸੰਸਾਰ ਵਿੱਚ ਅਸੀਂ ਵੀ ਭਟਕੇ ਹੀ ਪਏ ਹਾਂ, ਗਵਾਚੇ ਪਏ ਹੋਏ ਹਾਂ। ਕਦੋਂ ਅਸੀਂ ਜੀਵਨ ਦੀ ਪ੍ਰਾਪਤੀ ਕਰਾਂਗੇ। “ਪੂਰਨ ਕਾਮਾ” ਜੀਵਨ ਪਦ ਦੀ ਮੰਜ਼ਿਲ, ਜੀਵਨ ਜਾਚ ਤੇ ਪ੍ਰਭੂ ਮਿਲਾਪ ਦੀ ਸਿੱਖਰਤਾ ਹੈ।

ਸੰਸਾਰ ਪ੍ਰਤੀ ਦੂਸਰਾ ਪ੍ਰਤੀਕ ਨਦੀ ਦਾ ਲਿਆ ਹੈ। ਨਦੀ ਡੂੰਘੀ ਤੇ ਖੋਭੇ ਗਾਰੇ ਵਾਲੀ ਹੋ ਸਕਦੀ ਹੈ। ਸਾਨੂੰ ਨਦੀ ਦਾ ਪੂਰਾ ਗਿਆਨ ਨਹੀਂ ਹੈ ਤੇ ਨਾ ਹੀ ਨਦੀ ਦੇ ਕੰਢੇ `ਤੇ ਤੁਰਨ ਦੇ ਕਾਬਲ ਹਾਂ ਪਰ ਨਦੀ ਤੋਂ ਪਾਰ ਸਾਡੀ ਮੰਜ਼ਿਲ ਹੈ। ਉਸ ਮੰਜ਼ਿਲ `ਤੇ ਅਸੀਂ ਪਾਹੁੰਚਣਾ ਹੈ ਪਰ ਹੁਣ ਸਾਨੂੰ ਤਰਨਾ ਵੀ ਨਹੀਂ ਆਉਂਦਾ। ਜੇ ਤੁਰ ਕੇ ਪਾਰ ਕਰਨ ਦਾ ਯਤਨ ਕਰਦੇ ਹਾਂ, ਪਾਣੀ ਅੰਦਰ ਖੋਭਾ ਹੈ, ਇਸ ਲਈ ਪੈਰ ਅਗਾਂਹ ਪੁੱਟਿਆ ਨਹੀਂ ਜਾਂਦਾ। ਦਰ ਅਸਲ ਇਹ ਸਾਰੇ ਪ੍ਰਤੀਕ ਹੀ ਆਏ ਹਨ । ਨਦੀ ਸੰਸਾਰ ਹੈ, ਚਿੱਕੜ ਖੋਭਾ ਮੋਹ ਹੈ ਜੋ ਸਾਨੂੰ ਤੁਰਨ ਨਹੀਂ ਦੇਂਦਾ।

ਅਜੇਹੀ ਅਵਸਥਾ ਵਿੱਚ ਬੇੜੀ ਤੇ ਸਿਆਣਾ ਮਲਾਹ ਮਿਲ ਜਾਏ ਤਾ ਖੋਭੇ ਤੇ ਡੂੰਘੇ ਪਾਣੀ ਵਾਲੀ ਨਦੀ ਨੂੰ ਸਹਿਜੇ ਹੀ ਪਾਰ ਕੀਤਾ ਜਾ ਸਕਦਾ ਹੈ। ਗੁਰੂ ਸਾਹਿਬ ਜੀ ਆਖਦੇ ਹਨ ਕਿ ਮੇਰੀ ਪ੍ਰੀਤੀ ਪਰਮਾਤਮਾ ਨਾਲ ਲੱਗ ਗਈ ਹੈ, ਹੁਣ ਮੇਰਾ ਪੈਰ ਮੋਹ ਦੇ ਖੋਭੇ ਵਿੱਚ ਨਹੀਂ ਖੁਭਦਾ, ਪ੍ਰਿਥੀ ਚੰਦ ਦਾ ਲਾਹੌਰ ਜਾਣ ਨੂੰ ਜੀ ਨਹੀਂ ਕਰਦਾ, ਪਦਾਰਥਾਂ ਦੇ ਮੋਹ ਵਿੱਚ ਫਸਿਆ ਪਿਆ ਹੈ, ਪੰਚਮ ਪਿਤਾ, ਗੁਰੂ ਰਾਮਦਾਸ ਜੀ ਦੀ ਆਗਿਆ ਵਿੱਚ ਰਹਿੰਦਿਆਂ ਲਾਹੌਰ ਵਲ ਨੂੰ ਚੱਲ ਪਏ ਹਨ ਕਿਉਂਕਿ ਉਹਨਾਂ `ਤੇ ਪਦਾਰਥਾਂ ਦੇ ਮੋਹ ਦਾ ਕੋਈ ਵੀ ਪ੍ਰਭਾਵ ਨਹੀਂ ਹੈ – ਪਰਮਾਣ ਹੈ:---

ਨਦੀ ਤਰੰਦੜੀ ਮੈਡਾ ਖੋਜੁ ਨ ਖੁੰਭੇ ਮੰਝਿ ਮੁਹਬਤਿ ਤੇਰੀ॥

ਤਉ ਸਹ ਚਰਣੀ ਮੈਡਾ ਹੀਅੜਾ ਸੀਤਮੁ ਹਰਿ ਨਾਨਕ ਤੁਲਹਾ ਬੇੜੀ॥

ਵਾਰ ਗੂਜਰੀ ਸਲੋਕ ਮ: ੫ ਪੰਨਾ ੫੧੯ ---

ਸੰਸਾਰ ਰੂਪੀ ਨਦੀ ਵਿੱਚ ਤਰਦੀ ਦਾ ਮੇਰਾ ਪੈਰ (ਮੋਹ ਦੇ ਚਿੱਕੜ ਵਿਚ) ਨਹੀਂ ਖੁੱਭਦਾ, ਕਿਉਂਕਿ ਮੇਰੇ ਹਿਰਦੇ ਵਿੱਚ ਤੇਰੀ ਪ੍ਰੀਤੀ ਹੈ। ਹੇ ਪ੍ਰਭੂ! ਮੈਂ ਆਪਣਾ ਨਿਮਾਣਾ ਜੇਹਾ ਦਿਲ ਤੇਰੇ ਚਰਨਾ ਵਿੱਚ ਪ੍ਰੋਅ ਲਿਆ ਹੈ। ਹੇ ਹਰੀ! ਸੰਸਾਰ ਵਿਚੋਂ ਤਰਨ ਲਈ ਤੂੰ ਹੀ ਨਾਨਕ ਦਾ ਤੁਲਹਾ ਹੈਂ, ਤੂੰ ਹੀ ਬੇੜੀ ਹੇਂ। ਸਿੱਖ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਬੇੜੀ ਤਥਾ ਤੁਲਹਾ ਹੈ। ਇਹ ਮਹਾਂ ਗਿਆਨ ਹਮੇਸ਼ਾਂ ਸੁਚੇਤ ਕਰਦਾ ਹੈ. ਸੰਸਾਰ ਦੇ ਪਦਾਰਥ ਤੇ ਪਰਵਾਰਕ ਮੋਹ ਤੋਂ ਉੱਪਰ ਚੁੱਕ ਕੇ ਜੀਵਨ ਵਿੱਚ ਅਨੰਦ ਭਰ ਦੇਂਦਾ ਹੈ। ਜੀਵਨ ਜਾਚ ਆ ਜਾਂਦੀ ਹੈ। ਗੁਰਬਾਣੀ ਦਾ ਗਿਆਨ ਸਾਰੇ ਸੰਸਾਰ ਲਈ ਸੁਚੱਜੀ ਜੀਵਨ ਜਾਚ ਹੈ।

ਜਿੱਥੇ ਸੰਸਾਰ ਨੂੰ ਮੋਹ ਦੇ ਚਿੱਕੜ ਦੀ ਨਦੀ ਤੇ ਭਿਆਨਕ ਡਰਾਉਣਾ ਜੰਗਲ ਆਖਿਆ ਹੈ, ਓਥੇ ਇਸ ਰੰਗਲ਼ੀ ਦੁਨੀਆਂ ਨੂੰ ਬਿਗਾਨੀ ਜੂਹ ਵੀ ਆਖਿਆ ਹੈ। ਜੂਹ ਉਸ ਨੂੰ ਆਖਿਆ ਗਿਆ ਹੈ ਜਿੱਥੇ ਵਾਗੀ ਪਸ਼ੂ ਚਾਰਦੇ ਹੋਣ। ਪੰਜਾਬ ਵਿਚੋਂ ਅੱਜ ਕੱਲ੍ਹ ਜੂਹਾਂ ਖ਼ਤਮ ਹੋ ਗਈਆਂ ਹਨ। ਆਪੋ ਆਪਣੇ ਪਿੰਡਾਂ ਦੀਆਂ ਵੱਖੋ ਵੱਖਰੀਆਂ ਜੂਹਾਂ ਹੁੰਦੀਆਂ ਸਨ। ਕਦੇ ਕਦਾਈਂ ਬਿਗਾਨੀ ਜੂਹ ਵਿੱਚ ਪਸ਼ੂ ਚਲੇ ਜਾਣ ਤਾਂ ਜੂਹ ਦੇ ਮਾਲਕ ਦੂਰੋਂ ਹੀ ਅਵਾਜ਼ਾਂ ਦੇਣ ਲੱਗ ਪੈਂਦੇ ਸਨ ਤੇ ਪਸ਼ੂਆਂ ਨੂੰ ਅਗਾਂਹ ਭਜਾ ਦੇਂਦੇ ਸਨ। ਕਈਆਂ ਨੇ ਕੁੱਤਿਆਂ ਨੂੰ ਪਾਲ਼ਿਆਂ ਹੋਇਆ ਸੀ। ਪਸ਼ੂਆਂ ਨੂੰ ਭਜਾਉਣ ਲਈ ਕੁੱਤੇ ਵੀ ਪਿੱਛੇ ਭੱਜਦੇ ਸਨ ਤੇ ਪਸ਼ੂਆਂ ਨੂੰ ਅਗ਼ਲ਼ੀ ਜੂਹ ਵਿੱਚ ਕਰ ਆਉਂਦੇ ਸਨ। ਬਿਗਾਨੀਆਂ ਜੂਹਾਂ ਦੇ ਰਾਹਾਂ ਦਾ ਵੀ ਪਤਾ ਨਹੀਂ ਹੁੰਦਾ ਸੀ, ਆਮ ਆਦਮੀ ਬਿਗਾਨੀ ਜੂਹ ਵਿੱਚ ਰਾਹ ਭੁੱਲ ਕੇ ਭਟਕ ਜਾਂਦੇ ਸਨ। ਗੁਰਦੇਵ ਪਿਤਾ ਜੀ ਆਖਦੇ ਹਨ ਕਿ ---- ਇਹ ਰੰਗਲ਼ੀ ਦੁਨੀਆਂ ਵੀ ਬਿਗਾਨੀ ਜੂਹ ਹੈ। ਹਰ ਪਾਸੇ ਲਲਕਾਰੇ ਵੱਜ ਰਹੇ ਹਨ, ਪੂਰਾ ਸ਼ੋਰ ਸ਼ਰਾਬਾ ਮੱਚਿਆ ਪਿਆ ਹੋਇਆ ਹੈ। ਤ੍ਰਿਸ਼ਨਾ ਦੀ ਅੱਗ ਦਾ ਸੇਕ ਤਨ ਮਨ ਨੂੰ ਸਾੜ ਰਿਹਾ ਹੈ, ਵਿਕਾਰ ਕੂਕਾਂ ਮਾਰ ਰਹੇ ਹਨ। ਹਾਂ ਜੇ ਬਿਗਾਨੀ ਜੂਹ ਅੰਦਰ ਕੋਈ ਜਾਣੂੰ ਮਿਲ ਜਾਏ ਤਾਂ ਫਿਰ ਸਫਰ ਅਰਾਮ ਨਾਲ ਕੱਟਿਆ ਜਾਂਦਾ ਹੈ। ਇਹ ਰੰਗਲ਼ੀ ਦੁਨੀਆਂ ਬਿਗਾਨੀ ਜੂਹ ਹੈ। ਗੁਰਦੇਵ ਪਿਤਾ ਜੀ ਦਾ ਅਰਸ਼ੀ ਫਰਮਾਣ ਹੈ:----

ਬਾਰਿ ਵਿਡਾਨੜੈ ਹੁੰਮਸ ਧੁੰਮਸ ਕੂਕਾ ਪਈਆ ਰਾਹੀ॥

ਤਉ ਸਹ ਸੇਤੀ ਲਗੜੀ ਡੋਰੀ ਨਾਨਕ ਅਨਦ ਸੇਤੀ ਬਨੁ ਗਾਹੀ॥

ਵਾਰ ਗੂਜਰੀ ਸਲੋਕ ਮ: ੫ ੫੨੦ ---

ਅੱਜ ਕੱਲ੍ਹ ਆਵਾਜਾਈ ਦੇ ਸਾਧਨ ਅਸਾਨ ਹੋ ਗਏ ਹਨ। ਪੁਰਾਣੇ ਸਮਿਆਂ ਵਿੱਚ ਆਦਮੀ ਤੁਰ ਕੇ ਜਾਂਦੇ ਸਨ। ਬਹੁਤ ਦਫ਼ਾ ਡਾਕੂ ਲੁਟੇਰੇ ਘਾਤ ਲਗਾ ਕੇ ਬੈਠੇ ਹੁੰਦੇ ਸਨ, ਜੋ ਰਾਂਹੀਆਂ-ਮੁਸਾਫਰਾਂ ਨੂੰ ਦਿਨ ਦੀਵੀਂ ਲੁੱਟ ਲੈਂਦੇ ਹੁੰਦੇ ਸਨ, ਲੁੱਟ ਲੈਣ ਦੀ, ਲੁੱਟੇ ਜਾਣ ਦੀ ਅਵਸਥਾ ਜਿਉਂ ਦੀ ਤਿਉਂ ਹੀ ਹੈ। ਇਹ ਲੁਟੇਰੇ ਧਨ ਪਦਾਰਥ ਲੁੱਟ ਲੈਂਦੇ ਸਨ ਤੇ ਕਈ ਦਫ਼ਾ ਜਾਨੋਂ ਵੀ ਮਾਰ ਦੇਂਦੇ ਸਨ। ਏਸੇ ਤਰ੍ਹਾਂ ਅੱਜ ਕੱਲ੍ਹ ਚਾਰ—ਚੁਫੇਰੇ ਵਿਕਾਰਾਂ ਦੀ ਹਾਲ ਦੁਹਾਈ ਮੱਚੀ ਹੋਈ ਪਈ ਹੈ, ਆਤਮਿਕ ਗੁਣ ਲੁੱਟੇ ਜਾ ਰਹੇ ਹਨ ਇਸ ਲਈ ਆਤਮਿਕ ਮੌਤੇ ਆਦਮੀ ਮਰ ਰਿਹਾ ਹੈ। ਬਿਗਾਨੀ ਜੂਹ ਅੰਦਰ ਕੋਈ ਵਾਕਿਫ਼ਕਾਰ ਮਿਲ ਜਾਏ ਤਾਂ ਜੂਹ ਦੇ ਰਸਤੇ ਤੋਂ ਜਾਣੂੰ ਹੋ ਜਾਈਦਾ ਹੈ। ਵਾਕਿਫ਼ਕਾਰ ਬਿਗਾਨੀ ਜੂਹ ਵਿੱਚ ਆਉਣ ਵਾਲੇ ਖ਼ਤਰਿਆਂ ਤੋਂ ਚੰਗੀ ਤਰ੍ਹਾਂ ਦਸ ਦੇਂਦਾ ਹੈ। ਉਸ ਦੇ ਦੱਸੇ ਮੁਤਾਬਿਕ ਤੁਰਿਆਂ ਆਪਣੀ ਮਿੱਥੀ ਮੰਜ਼ਿਲ `ਤੇ ਪਾਹੁੰਚ ਜਾਈਦਾ ਹੈ। ਉਪਰੋਕਤ ਸਲੋਕ ਵਿੱਚ “ਲਗੜੀ ਡੋਰੀ” ਦਾ ਅਰਥ ਗੁਰੂ ਦੇ ਗਿਆਨ ਦਾ ਭੰਡਾਰ ਹੈ। “ਕੂਕਾਂ ਪਈਆਂ” – ਵਿਕਾਰ ਲੁੱਟ ਰਹੇ ਹਨ। ਹਾਂ ਬਿਗਾਨੀ ਜੂਹ ਅੰਦਰ ਅਨੰਦ ਬਣਾਉਂਣਾ ਹੈ ਤਾਂ ਗੁਰੂ ਦੇ ਗਿਆਨ ਨੂੰ ਸਮਝਣਾ ਪਏਗਾ। ਗੁਰੂ ਦੇ ਗਿਆਨ ਨੂੰ ਸਮਝਿਆਂ, ਜੀਵਨ ਵਿੱਚ ਅਪਨਾਇਆਂ ਵਿਕਾਰਾਂ ਦੀ ਖੱਡ ਤੋਂ ਡਿੱਗਣੋਂ ਬਚ ਸਕਦੇ ਹਾਂ। ਸਾਡੀ ਮੰਜ਼ਿਲ ਅਨੰਦ ਦੀ ਹੈ ਤੇ ਇਹ ਅਨੰਦ ਤਾਂ ਹੀ ਆ ਸਕਦਾ ਹੈ ਜੇ ਜੀਵਨ ਜਾਚ ਹੋਵੇ। ਜੀਵਨ ਜਾਚ ਲਈ ਗੁਰੂ ਦਾ ਪਿਅਰ ਤੇ ਉਸ ਦਾ ਗਿਆਨ ਹੀ ਸਹਾਈ ਹੋ ਸਕਦਾ ਹੈ। ਇਸ ਬਿਗਾਨੀ ਜੂਹ ਅੰਦਰ ਸਾਨੂੰ ਗੁਰੂ ਦਾ ਗਿਆਨ ਸਹੀ ਸੇਧ ਦੇ ਸਕਦਾ ਹੈ।

ਫ਼ਰੀਦ ਜੀ ਨੇ ਆਪਣੀ ਬਾਣੀ ਵਿੱਚ ਸੰਸਾਰ ਨੂੰ ਸਰੋਵਰ ਆਖਿਆ ਹੈ ਤੇ ਪੰਖੀ ਜੀਵ ਨੂੰ ਆਖਿਆ ਹੈ। ਤਰ੍ਹਾਂ ਤਰ੍ਹਾਂ ਦੀਆਂ ਲਹਿਰਾਂ ਇਸ ਨੂੰ ਆਪਣੇ ਕਲ਼ਾਵੇ ਵਿੱਚ ਲੈ ਕੇ ਡੋਬ ਰਹੀਆਂ ਹਨ। ਪਰਮਾਤਮਾ ਦੇ ਚਰਨਾਂ ਦਾ ਆਸਰਾ ਹੀ ਇਸ ਜੀਵ ਨੂੰ ਬਚਾ ਸਕਦਾ ਹੈ। ਫਰਮਾਣ ਹੈ:----

ਸਰਵਰ ਪੰਖੀ ਹੇਕੜੋ ਫਾਹੀਵਾਲ ਪਚਾਸ॥

ਇਹੁ ਤਨੁ ਲਹਰੀ ਗਡੁ ਥਿਆ ਸਚੇ ਤੇਰੀ ਆਸ॥

ਪੰਨਾ ੧੩੮੪ –

ਫਰੀਦ ਜੀ ਨੇ ਕੁੱਝ ਨੁਕਤਿਆਂ ਦਾ ਸੁਝਾਅ ਸਾਰੇ ਸੰਸਾਰ ਨੂੰ ਦਿੱਤਾ ਹੈ। ਹਰ ਆਦਮੀ ਇਹਨਾਂ ਨੁਕਤਿਆਂ ਨੂੰ ਆਪਨਾ ਲਏ ਤਾਂ ਸੰਸਰ ਦੇ ਚਿੱਕੜ ਵਿੱਚ ਨਹੀਂ ਫਸ ਸਕਦਾ, ਭਿਆਨਕ ਜੰਗਲ਼ ਤੇ ਬਿਗਾਨੀ ਜੂਹ ਵਿੱਚ ਤੁਰਨ ਦੀ ਜਾਚ ਆ ਸਕਦੀ ਹੈ। ਸਫਲ ਜੀਵਨ ਲਈ ਸ਼ੇਖ਼ ਫਰੀਦ ਜੀ ਦੇ ਦੋ ਸਲੋਕਾਂ ਦਾ ਹੋਰ ਅਧਾਰ ਲਵਾਂਗੇ। ਪਹਿਲੇ ਸਲੋਕ ਵਿੱਚ ਜੀਵਨ ਦੀ ਸਫਲਤਾ ਲਈ ਚਾਰ ਸਵਾਲ ਪੁੱਛੇ ਹਨ ਤੇ ਦੂਸਰੇ ਸਲੋਕ ਵਿੱਚ ਚਾਰ ਸਵਾਲਾਂ ਦੇ ਤਿੰਨ ਉੱਤਰ ਦਿੱਤੇ ਹਨ। ਪਹਿਲਾ ਸਲੋਕ:---

ਕਵਣੁ ਸੁ ਅਖ਼ਰੁ ਕਵਣੁ ਗੁਣੁ, ਕਵਣੁ ਸੁ ਮਣੀਆ ਮੰਤੁ॥

ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੈ ਕੰਤੁ॥ ੧੨੬॥

ਪੰਨਾ ੧੩੮੪ ---

ਸਫਲ ਜੀਵਨ ਲਈ ਤੇ ਸਫਲ ਜੀਵਨ ਵਿੱਚ ਅਨੰਦ ਭਰਨ ਲਈ, ਉਹ ਅੱਖ਼ਰ ਕਿਹੜਾ ਹੈ? ਉਹ ਗੁਣ ਕਿਹੜਾ? ਉਹ ਮੰਤਰ ਕਿਹੜਾ ਹੈ ਅਤੇ ਪਹਿਰਾਵਾ ਕੀ ਹੈ, ਜਿਸ ਨਾਲ ਪਰਮਾਤਮਾ ਵੱਸ ਵਿੱਚ ਆ ਜਾਏ। ਪਰਮਾਤਮਾ ਵੱਸ ਵਿੱਚ ਆਉਣਾ ਦਾ ਅਰਥ ਹੈ – ਜੀਵਨ ਵਿੱਚ ਵਿਕਾਰਾਂ ਵਲੋਂ ਮੁਕਤੀ ਤਥਾ ਜੀਵਨ ਵਿੱਚ ਅਨੰਦ ਦੀ ਸਿਖਰਤਾ ਨੂੰ ਹਾਸਲ ਕਰਨਾ ਹੈ। ਇਸ ਸਿਖਰਤਾ ਦੀ ਪ੍ਰਾਪਤੀ ਦਾ ਢੰਗ ਦੱਸਦਿਆਂ ਦੈਵੀ ਗੁਣਾਂ ਦੀ ਗੱਲ ਕੀਤੀ ਹੈ। ਦੂਸਰਾ ਸਲੋਕ ਵੀ ਵਿਚਾਰ ਵਾਲਾ ਹੈ ---

ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ॥

ਏ ਤ੍ਰੈ ਭੈਣੇ ਵੇਸ ਕਰਿ ਤਾ ਵਸਿ ਆਵੀ ਕੰਤੁ॥ ੧੨੭॥

ਪੰਨਾ ੧੩੮੪ ---

ਅਨੰਦ ਦੀ ਦਿਸ਼ਾ ਵਲ ਨੂੰ ਚੱਲਦਿਆਂ ਪਹਿਲਾ ਨੁਕਤਾ ਨਿੰਮ੍ਰਤਾ ਗ੍ਰਹਿਣ ਕਰਨੀ, ਦੂਸਰਾ ਨੁਕਤਾ ਸਹਿਨਸ਼ੀਲਤਾ ਤੀਸਰਾ ਨੁਕਤਾ ਜ਼ਬਾਨ ਦੀ ਮਿਠਾਸ ਰੱਖਣੀ। ਇਹਨਾਂ ਤਿੰਨਾਂ ਨੁਕਤਿਆਂ ਨੂੰ ਆਪਣੀ ਆਤਮਾ ਦਾ ਪਹਿਰਾਵਾ ਬਣਾਉਣਾ ਹੈ। ਫਿਰ ਪਰਮਾਤਮਾ ਵੱਸ ਵਿੱਚ ਆ ਸਕਦਾ ਹੈ ਭਾਵ ਸ਼ੁਭ ਗੁਣਾਂ ਦੀ ਪ੍ਰਾਪਤੀ ਕਰਨੀ ਹੈ। ਇਹ ਜੀਵਨ ਦੀ ਮੰਜ਼ਿਲ ਹੈ। ਇਹਨਾਂ ਸਿਧਾਂਤਾਂ ਨੂੰ ਅਪਨਾਇਆਂ ਚਿੱਕੜ-ਖੋਭੇ ਵਾਲੀ ਨਦੀ ਪਾਰ ਕਰ ਸਕਦੇ ਹਾਂ। ਬਿਗਾਨੀ ਜੂਹ ਤੇ ਭਿਆਨਕ ਜੰਗਲ ਦਾ ਰਸਤਾ ਸੁਖਦਇਕ ਹੋ ਸਕਦਾ ਹੈ, ਪਰ ਹੋਇਆ ਇਹ ਕਿ ਸਦੀਵੀ ਸੁੱਖ ਲੈਣ ਦੀ ਖ਼ਾਤਰ ਮਨੁੱਖ ਰਾਹ ਤੋਂ ਭਟਕ ਗਿਆ ਹੈ। ਨਸ਼ਿਆਂ ਵਿਚੋਂ, ਵਿਕਾਰਾਂ ਵਿਚੋਂ ਸ਼ਾਤੀ ਲੱਭਣ ਦਾ ਯਤਨ ਕਰ ਰਿਹਾ ਹੈ। ਰਾਗ--ਰੰਗ ਤਮਾਸ਼ਿਆਂ ਵਿਚੋਂ ਕਦੇ ਵੀ ਅਨੰਦ ਨਹੀਂ ਮਿਲ ਸਕਦਾ। ਗੁਰੂ ਅਰਜਨ ਪਾਤਸ਼ਾਹ ਜੀ ਆਖਦੇ ਹਨ – ਮੇਰੀ ਸੋਹਣੇ ਵਾਹਿਗੁਰੂ ਜੀ ਨਾਲ ਪ੍ਰੀਤੀ ਲੱਗ ਗਈ ਹੈ। ਤ੍ਰਿਸ਼ਨਾ, ਲੋਭ, ਵਿਕਾਰਾਂ ਦੀਆਂ ਲਹਿਰਾਂ ਮੇਰਾ ਕੁੱਝ ਨਹੀਂ ਵਿਗਾੜ ਸਕਦੀਆਂ। ਜਦੋਂ ਸਿੱਖ ਦੀ ਪ੍ਰੀਤੀ ਗੁਰੂ ਨਾਲ ਜੁੜ ਜਾਏ ਤਾਂ ਉਸ ਦੇ ਜੀਵਨ ਵਿੱਚ ਵੀ ਅਨੰਦ ਭਰ ਸਕਦਾ ਹੈ। ਸਾਡੀ ਸੋਹਣੇ ਗੁਰੂ ਨਾਲ ਸੁਰਤ ਜੁੜ ਗਈ ਹੈ ਹੁਣ ਮੈਨੂੰ ਵਿਕਾਰ ਸਤਾ ਨਹੀਂ ਸਕਦੇ ਇਹ ਹਰ ਸਿੱਖ ਦਾ ਨਿਸ਼ਾਨਾਂ ਹੋਣਾ ਚਾਹੀਦਾ ਹੈ, ਜੈਸਾ ਕਿ ਗੁਰਵਾਕ ਹੈ ---

ਲਗੜੀ ਸੁਥਾਨਿ ਜੋੜਣਹਾਰੈ ਜੋੜੀਆ॥

ਨਾਨਕ ਲਹਰੀ ਲਖ ਸੈ ਆਨ ਡੱਬਣ ਦੇਇ ਨ ਮਾ ਪਿਰੀ॥

ਵਾਰ ਗੂਜਰੀ ਮ: ੫ ਪੰਨਾ ੫੧੯ –

ਸਿੱਖ ਦੀ ਮੰਜ਼ਿਲ ਅਨੰਦ ਦੀ ਹੈ, ਹਰ ਇਨਸਾਨ ਚਾਹੁੰਦਾ ਹੈ ਕਿ ਮੈਨੂੰ ਅਨੰਦ ਮਿਲ ਜਾਏ ਪਰ ਮਿਲ ਨਹੀਂ ਰਿਹਾ, ਕਿਉਂਕਿ ਅਸੀਂ ਗਲਤ ਧਾਰਨਾਵਾਂ ਜੋੜ ਲਈਆਂ ਹਨ। ਗੁਰਬਾਣੀ ਸਿੱਖ ਲਈ ਜੀਵਨ ਜਾਚ ਦਾ ਉੱਚਤਮ ਨਮੂਨਾ ਹੈ। ਗੁਰਬਾਣੀ ਦੇ ਚਾਨਣ ਵਿੱਚ ਤੁਰਿਆਂ ਸਿੱਖ ਨੂੰ ਮੰਜ਼ਿਲ ਸਿੱਧੀ ਮਿਲ ਜਾਂਦੀ ਹੈ, ਇਸ ਲਈ ਰਸਮੀ ਪਾਠਾਂ ਤੋਂ ਮੁਕਤ ਹੁੰਦਿਆਂ, ਗੁਰਬਾਣੀ ਦੇ ਗਿਆਨ ਉਪਦੇਸ਼ ਨੂੰ ਅੱਜ ਸਮਝਣ ਦਾ ਸਾਰਥਿਕ ਯਤਨ ਅਰੰਭਣਾ ਚਾਹੀਦਾ ਹੈ।




.