ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ॥
ਗੁਰਸ਼ਰਨ ਸਿੰਘ ਕਸੇਲ
ਜਦੋਂ ਵੀ ਕਿਤੇ ਸ਼ਰਧਾ ਦੀ ਗੱਲ ਹੁੰਦੀ ਹੈ ਤਾਂ ਲੋਕ ਆਮ ਹੀ ਆਖਦੇ ਸੁਣੀਦੇ
ਹਨ ਕਿ ਜੇ ਸ਼ਰਧਾ ਹੋਵੇ ਤਾਂ ਲੋਕ ਪੱਥਰ ਵਿੱਚੋਂ ਵੀ ਰੱਬ ਪਾ ਲੈਂਦੇ ਹਨ; ਜਿਵੇਂ ਭਗਤ ਧੰਨਾ ਜੀ ਨੇ
ਪੱਥਰ ਪੂਜਕੇ ਰੱਬ ਪਾ ਲਿਆ ਸੀ। ਕੀ ਇਹ ਵਾਕਿਆ ਹੀ ਸੱਚ ਹੈ? ਦੂਸਰੇ ਪਾਸੇ ਸੋਚੀਏ ਤਾਂ ਇਹ ਵੀ ਹੈ
ਕਿ ਭਗਤ ਧੰਨਾ ਜੀ ਦੇ ਉਚਾਰੇ ਹੋਏ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ਼ ਹਨ। ਜਦ ਕੇ ਸਿੱਖ
ਸਿਧਾਂਤ ਮੁਤਾਬਕ ਬਾਣੀ ਸਿਰਫ ਤੇ ਸਿਰਫ ਉਹਨਾਂ ਮਹਾਪੁਰਖਾਂ ਦੀ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ
ਦਰਜ਼ ਹੋ ਸਕਦੀ ਸੀ ਜਿਹੜੇ ਸਿਰਫ ਇੱਕ ਅਕਾਲ ਪੁਰਖ ਦੇ ਹੀ ਉਪਾਸ਼ਕ ਹੋਣ।
ਕੋਈ ਵੀ ਸੂਝਵਾਨ ਸਿੱਖ ਇਹ ਕਿਵੇਂ ਸੋਚ ਵੀ ਸਕਦਾ ਹੈ ਕਿ ਮੂਰਤੀ ਪੂਜਾ ਦਾ
ਖੰਡਣ ਕਰਨ ਵਾਲੇ ਗੁਰੂ ਜੀ, ਮੂਰਤੀ ਪੂਜਕਾ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਕਰਕੇ
ਬਰਾਬਰ ਦਾ ਦਰਜ਼ਾ ਦੇ ਸਕਦੇ ਹਨ ਅਤੇ ਆਪਣੇ ਸਿੱਖਾਂ ਨੂੰ ਕਿਵੇਂ ਉਸ ਅੱਗੇ ਸਿਰ ਝੁਕਾਉਣ ਦਾ ਹੁਕਮ ਕਰ
ਸਕਦੇ ਹਨ?
ਆਓ ਵੇਖਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਨੂੰ ਪੱਥਰ ਪੂਜਣ ਜਾਂ ਮੂਰਤੀ
ਪੂਜਣ (ਫੋਟੋ) ਵਾਲਿਆਂ ਬਾਰੇ ਕੀ ਉਪਦੇਸ਼ ਦੇਂਦੇ ਹਨ:
ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ॥ ਨਾਰਦਿ ਕਹਿਆ ਸਿ ਪੂਜ ਕਰਾਂਹੀ॥
ਅੰਧੇ ਗੁੰਗੇ ਅੰਧ ਅੰਧਾਰੁ॥ ਪਾਥਰੁ ਲੇ ਪੂਜਹਿ ਮੁਗਧ ਗਵਾਰ ॥
ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ॥ (ਮ: 1, ਪੰਨਾ ੫੫੬)
ਜੋ ਪਾਥਰ ਕਉ ਕਹਤੇ ਦੇਵ॥ ਤਾ ਕੀ ਬਿਰਥਾ ਹੋਵੈ ਸੇਵ॥
ਜੋ ਪਾਥਰ ਕੀ ਪਾਈ ਪਾਇ॥ ਤਿਸ ਕੀ ਘਾਲ ਅਜਾਈ ਜਾਇ॥
ਠਾਕੁਰੁ ਹਮਰਾ ਸਦਾ ਬੋਲੰਤਾ॥ ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ॥ ਰਹਾਉ॥
ਅੰਤਰ ਦੇਉ ਨ ਜਾਨੈ ਅੰਧੁ॥ ਭ੍ਰਮ ਕਾ ਮੋਹਿਆ ਪਾਵੈ ਫੰਧੁ॥
ਨਾ ਪਾਥਰੁ ਬੋਲੈ ਨ ਕਿਛੁ ਦੇਇ॥ ਫੋਟਕ ਕਰਮ ਨਿਹਫਲ ਹੈ ਸੇਵ॥ (ਮ: 5. ਪੰਨਾ
1160)
ਘਰ ਮਹਿ ਠਾਕੁਰੁ ਨਦਰਿ ਨ ਆਵੈ॥ ਗਲ ਮਹਿ ਪਾਹਣੁ ਲੈ ਲਟਕਾਵੈ॥
ਭਰਮੇ ਭੂਲਾ ਸਾਕਤੁ ਫਿਰਤਾ॥ ਨੀਰੁ ਬਿਰੋਲੈ ਖਪਿ ਖਪਿ ਮਰਤਾ॥ 1॥ ਰਹਾਉ॥
ਜਿਸੁ ਪਾਹਣ ਕਉ ਠਾਕੁਰੁ ਕਹਤਾ॥ ਓਹੁ ਪਾਹਣੁ ਲੈ ਉਸ ਕਉ ਡੁਬਤਾ॥
ਗੁਨਹਗਾਰ ਲੂਣ ਹਰਾਮੀ॥ ਪਾਹਣ ਨਾਵ ਨ ਪਾਰਗਿਰਾਮੀ॥
ਗੁਰ ਮਿਲਿ ਨਾਨਕ ਠਾਕੁਰੁ ਜਾਤਾ॥ ਜਲਿ ਥਲਿ ਮਹੀਅਲਿ ਪੂਰਨ ਬਿਧਾਤਾ॥ (ਮ: 5,
ਪੰਨਾ 739)
ਏਕੈ ਪਾਥਰ ਕੀਜੈ ਭਾਉ॥ ਦੂਜੈ ਪਾਥਰ ਧਰੀਐ ਪਾਉ॥
ਜੇ ਓਹੁ ਦੇਉ ਤ ਓਹੁ ਭੀ ਦੇਵਾ॥ ਕਹਿ ਨਾਮ ਦੇਉ ਹਮ ਹਰਿ ਕੀ ਸੇਵਾ॥ (ਨਾਮਦੇਵ
ਜੀ, ਪੰਨਾ 525)
ਪਾਖਾਨ ਗਢਿ ਕੈ ਮੂਰਤਿ ਕੀਨ੍ਹ੍ਹੀ, ਦੇ ਕੈ ਛਾਤੀ ਪਾਉ॥ ਜੇ ਏਹ ਮੂਰਤਿ ਸਾਚੀ
ਹੈ ਤਉ ਗੜ੍ਹਣਹਾਰੇ ਖਾਉ॥ ਭਾਤੁ ਪਹਿਤਿ ਅਰੁ ਲਾਪਸੀ, ਕਰਕਰਾ ਕਾਸਾਰੁ॥ ਭੋਗਨਹਾਰੇ ਭੋਗਿਆ, ਇਸੁ
ਮੂਰਤਿ ਕੇ ਮੁਖ ਛਾਰੁ॥ (ਭਗਤ ਕਬੀਰ ਜੀ, ਪੰਨਾ 479)
ਅਰਥ: (ਮੂਰਤੀ ਘੜਨ ਵਾਲੇ ਨੇ) ਪੱਥਰ ਘੜ ਕੇ, ਤੇ (ਘੜਨ ਵੇਲੇ ਮੂਰਤੀ ਦੀ)
ਛਾਤੀ ਉੱਤੇ ਪੈਰ ਰੱਖ ਕੇ ਮੂਰਤੀ ਤਿਆਰ ਕੀਤੀ ਹੈ। ਜੇ ਇਹ ਮੂਰਤੀ ਹੀ ਅਸਲੀ ਦੇਵਤਾ ਹੈ ਤਾਂ (ਇਸ
ਨਿਰਾਦਰੀ ਦੇ ਕਾਰਨ) ਘੜਨ ਵਾਲੇ ਨੂੰ ਹੀ ਖਾ ਜਾਂਦੀ।
ਭੱਤ, ਦਾਲ, ਲੱਪੀ ਅਤੇ ਮੁਰਕਣੀ ਪੰਜੀਰੀ ਤਾਂ ਛਕਣ ਵਾਲਾ (ਪੁਜਾਰੀ ਹੀ) ਛਕ
ਜਾਂਦਾ ਹੈ, ਇਸ ਮੂਰਤੀ ਦੇ ਮੂੰਹ ਵਿੱਚ ਕੁੱਝ ਭੀ ਨਹੀਂ ਪੈਂਦਾ (ਕਿਉਂਕਿ ਇਹ ਤਾਂ ਨਿਰਜਿੰਦ ਹੈ,
ਖਾਵੇ ਕਿਵੇਂ
?)
ਕਬੀਰ ਜੀ ਗਉੜੀ॥ ਕਿਆ ਜਪੁ, ਕਿਆ ਤਪੁ, ਕਿਆ ਬ੍ਰਤ ਪੂਜਾ॥ ਜਾ ਕੈ ਰਿਦੈ ਭਾਉ
ਹੈ ਦੂਜਾ॥
ਰੇ ਜਨ, ਮਨੁ ਮਾਧਉ ਸਿਉ ਲਾਈਐ॥ ਚਤੁਰਾਈ ਨ ਚਤੁਰਭੁਜੁ ਪਾਈਐ॥ 1॥ ਰਹਾਉ॥
ਪਰਹਰੁ ਲੋਭੁ ਅਰੁ ਲੋਕਾਚਾਰੁ॥ ਪਰਹਰੁ ਕਾਮੁ ਕ੍ਰੋਧੁ ਅਹੰਕਾਰੁ॥ 2॥ ਕਰਮ
ਕਰਤ ਬਧੇ ਅਹੰਮੇਵ॥
ਮਿਲਿ, ਪਾਥਰ ਕੀ ਕਰਹੀ ਸੇਵ॥ ਕਹੁ ਕਬੀਰ ਭਗਤਿ ਕਰਿ ਪਾਇਆ॥ ਭੋਲੇ ਭਾਇ ਮਿਲੇ
ਰਘੁਰਾਇਆ॥ (ਪੰਨਾ 324)
ਅਰਥ
:
—ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦਾ ਪਿਆਰ ਹੈ, ਉਸ ਦਾ ਜਪ ਕਰਨਾ ਕਿਸ
ਭਾ ? ਉਸ ਦਾ ਤਪ ਕਿਸ
ਅਰਥ ? ਉਸ ਦੇ ਵਰਤ ਤੇ
ਪੂਜਾ ਕਿਹੜੇ ਗੁਣ ?
ਹੇ ਭਾਈ ! ਮਨ ਨੂੰ
ਪਰਮਾਤਮਾ ਨਾਲ ਜੋੜਨਾ ਚਾਹੀਦਾ ਹੈ (ਸਿਮਰਨ ਛੱਡ ਕੇ ਹੋਰ) ਸਿਆਣਪਾਂ ਨਾਲ ਰੱਬ ਨਹੀਂ ਮਿਲ ਸਕਦਾ। 1.
ਰਹਾਉ।
(ਹੇ ਭਾਈ
!)
ਲਾਲਚ, ਵਿਖਾਵਾ, ਕਾਮ, ਕੋ੍ਰਧ ਅਤੇ ਅਹੰਕਾਰ ਛੱਡ ਦੇਹ। 2.
ਮਨੁੱਖ ਧਾਰਮਿਕ ਰਸਮਾਂ ਕਰਦੇ ਕਰਦੇ ਹਉਮੈ ਵਿੱਚ ਬੱਝੇ ਪਏ ਹਨ, ਅਤੇ ਰਲ ਕੇ
ਪੱਥਰਾਂ ਦੀ (ਹੀ) ਪੂਜਾ ਕਰ ਰਹੇ ਹਨ (ਪਰ ਇਹ ਸਭ ਕੁੱਝ ਵਿਅਰਥ ਹੈ)। 3.
ਹੇ ਕਬੀਰ
!
ਆਖ—ਪਰਮਾਤਮਾ ਬੰਦਗੀ ਕਰਨ ਨਾਲ (ਹੀ) ਮਿਲਦਾ ਹੈ, ਭੋਲੇ ਸੁਭਾਉ ਨਾਲ ਮਿਲਦਾ ਹੈ।
ਨੋਟ
:
—ਭੋਲੇ ਸੁਭਾਉ (innocence)
ਅਤੇ ਅਗਿਆਨਤਾ, ਨਾਵਾਕਫ਼ੀਅਤ
(ignorance)
ਵਿਚ ਫ਼ਰਕ ਸਮਝਣ ਦੀ ਲੋੜ ਹੈ। ਕਿਸੇ ‘ਮੂਰਤੀ’ ਦੀ
ਬਾਬਤ ਕਦੇ ਇਹ ਸਮਝ ਲੈਣਾ ਕਿ ਇਹ ਪਰਮਾਤਮਾ ਹੈ—ਇਹ ਭੋਲਾ ਸੁਭਾਉ ਨਹੀਂ ਹੈ, ਇਹ ਨਾਵਾਕਫ਼ੀਅਤ ਹੈ, ਇਹ
ਅੰਞਾਣਪੁਣਾ ਹੈ, ਇਹ ਅਗਿਆਨਤਾ ਹੈ। ਭੋਲਾ-ਪਣ ਛੋਟੇ ਬਾਲਕ ਦਾ ਸੁਭਾਉ ਹੈ; ਕਿਸੇ ਨਾਲ ਵੈਰ ਦੀ ਪੱਕੀ
ਗੰਢ ਨਾਹ ਬੰਨ੍ਹ ਲੈਣੀ, ਇਹ ਭੋਲਾਪਣ ਹੈ; ਸਭ ਬੰਦੇ ਇਕੋ ਜਿਹੇ ਜਾਪਣੇ, ਉੱਚੇ ਨੀਵੇਂ ਦਾ ਵਿਤਕਰਾ
ਨਾਹ ਹੋਣਾ—ਇਹ ਭੋਲਾ-ਪਣ ਹੈ।
ਹੁਣ ਵੇਖਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਸ਼ੋਭਿਤ ਭਗਤ ਧੰਨਾ
ਜੀ ਦਾ ਅਤੇ ਗੁਰੂ ਅਰਜਨ ਸਾਹਿਬ ਜੀ ਦਾ ਉਹ ਸ਼ਬਦ ਜਿਸ ਤੋਂ ਸਿੱਧ ਹੋਵੇਗਾ ਕਿ ਸਦੀਆਂ ਤੋਂ
ਪੁਜਾਰੀਵਾਦ ਵੱਲੋਂ ਜਨਤਾ ਵਿੱਚ ਪ੍ਰਚਾਰੀ ਜਾ ਰਹੀ ਇਸ ਸਾਖੀ ਵਿੱਚ ਕੁੱਝ ਸਚਾਈ ਵੀ ਹੈ ਕਿ ਨਹੀਂ?
ਇਸ ਬਾਰੇ ਗੁਰੂ ਅਰਜਨ ਪਾਤਸ਼ਾਹ ਅਤੇ ਭਗਤ ਧੰਨਾ ਜੀ ਖੁਦ ਕੀ ਫੁਰਮਾਉਂਦੇ ਹਨ।
ਪਹਿਲਾਂ ਵੇਖਦੇ ਹਾਂ, ਭਗਤ ਧੰਨਾ ਜੀ ਵਲੋਂ ਉਚਾਰਿਆ ਹੋਇਆ ਗੁਰਬਾਣੀ ਦਾ ਇਹ
ਸ਼ਬਦ, ਜਿਸ ਵਿੱਚ ਉਹ ਦੱਸਦੇ ਹਨ ਕਿ ਉਹਨਾਂ ਪ੍ਰਭੂ ਦੀ ਪ੍ਰਾਪਤੀ ਕਿਵੇਂ ਕੀਤੀ:
ਭ੍ਰਮਤ ਫਿਰਤ ਬਹੁ ਜਨਮ ਬਿਲਾਨੇ ਤਨੁ ਮਨੁ ਧਨੁ ਨਹੀਂ ਧੀਰੇ॥
ਲ਼ਾਲਚ ਬਿਖੁ ਕਾਮ ਲੁਬਧ ਰਾਤਾ ਮਨਿ ਬਿਸਰੇ ਪ੍ਰਭ ਹੀਰੇ॥ ਰਹਾਉ
ਬਿਖੁ ਫਲ ਮੀਠ ਲਗੇ ਮਨ ਬਉਰੇ ਚਾਰ ਬਿਚਾਸ ਨ ਜਾਨਿਆ॥
ਗੁਨ ਤੇ ਪ੍ਰੀਤਿ ਬਢੀ ਅਨ ਭਾਤੀ ਜਨਮ ਮਰਨ ਫਿਰਿ ਤਾਨਿਆ॥ 1॥
ਜੁਗਤਿ ਜਾਨਿ ਨਹੀ ਰਿਦੈ ਨਿਵਾਸੀ ਜਲਤ ਜਾਲ ਜਮ ਫੰਧ ਪਰੇ॥
ਬਿਖੁ ਫਲ ਸੰਚਿ ਭਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਬਿਸਰੇ॥ 2॥
ਗਿਆਨ ਪ੍ਰਵੇਸੁ ਗੁਰਹਿ ਧਨੁ ਦੀਆ ਧਿਆਨੁ ਮਾਨੁ ਮਨ ਏਕ ਮਏ॥
ਪ੍ਰੇਮ ਭਗਤਿ ਮਾਨੀ ਸੁਖੁ ਜਾਨਿਆ ਤ੍ਰਿਪਿਤ ਅਘਾਨੇ ਮੁਕਤਿ ਭਏ॥ 3॥
ਜੋਤਿ ਸਮਾਇ ਸਮਾਨੀ ਜਾ ਕੈ ਅਛਲੀ ਪ੍ਰਭੁ ਪਹਿਚਾਨਿਆ॥
ਧੰਨੈ ਧਨੁ ਪਾਇਆ ਧਰਣੀਧਰ ਮਿਲਿ ਜਨ ਸੰਤ ਸਮਾਨਿਆ॥ 4॥ (ਪੰਨਾ 487)
ਅਰਥ: (ਮਾਇਆ ਦੇ ਮੋਹ ਵਿਚ) ਭਟਕਦਿਆਂ ਕਈ ਜਨਮ ਗੁਜ਼ਰ ਜਾਂਦੇ ਹਨ, ਇਹ ਸਰੀਰ
ਨਾਸ ਹੋ ਜਾਂਦਾ ਹੈ, ਮਨ ਭਟਕਦਾ ਰਹਿੰਦਾ ਹੈ ਤੇ ਧਨ ਭੀ ਟਿਕਿਆ ਨਹੀਂ ਰਹਿੰਦਾ। ਲੋਭੀ ਜੀਵ
ਜ਼ਹਿਰ-ਰੂਪ ਪਦਾਰਥਾਂ ਦੇ ਲਾਲਣ ਵਿਚ, ਕਾਮ-ਵਾਸ਼ਨਾਂ ਵਿਚ, ਰੰਗਿਆ ਰਹਿੰਦਾ ਹੈ, ਇਸ ਦੇ ਮਨ ਵਿਚੋਂ
ਅਮੋਲਕ ਪ੍ਰਭੂ ਵਿਸਰ ਜਾਂਦਾ ਹੈ। ਰਹਾਉ
ਹੇ ਕਮਲੇ ਮਨ! ਇਹ ਜ਼ਹਿਰ-ਰੂਪ ਫਲ ਤੈਨੂੰ ਮਿੱਠੇ ਲੱਗਦੇ ਹਨ, ਤੈਨੂੰ ਸੋਹਣੀ
ਵਿਚਾਰ ਨਹੀਂ ਫੁਰਦੀ; ਗੁਣਾਂ ਵਲੋਂ ਹੱਟ ਕੇ ਹੋਰ ਹੋਰ ਕਿਸਮ ਦੀ ਪ੍ਰੀਤ ਤੇਰੇ ਅੰਦਰ ਵਧ ਰਹੀ ਹੈ,
ਤੇ ਤੇਰਾ ਜਨਮ ਮਰਨ ਦਾ ਤਾਣਾ ਤਣਿਆ ਜਾ ਰਿਹਾ ਹੈ। 1.
ਹੇ ਮਨ! ਤੂੰ ਜੀਵਨ ਦੀ ਜੁਗਤ ਸਮਝ ਕੇ ਇਹ ਜੁਗਿਤ ਆਪਣੇ ਅੰਦਰ ਪੱਕੀ ਨਾਹ
ਕੀਤੀ; ਤ੍ਰਿਸ਼ਨਾ ਵਿੱਚ ਸੜਦੇ ਤੈਨੂੰ ਜਮਾਂ ਦਾ ਜਾਲ, ਜਮਾਂ ਦੇ ਫਾਹੇ ਪੈ ਗਏ ਹਨ। ਹੇ ਮਨ! ਤੂੰ
ਵਿਸ਼ੇ -ਰੂਪ ਜ਼ਹਿਰ ਦੇ ਫਲ ਹੀ ਇਕੱਠੇ ਕਰ ਕੇ ਸਾਂਭਦਾ ਰਿਹਾ, ਤੇ ਅਜਿਹਾ ਸਾਂਭਦਾ ਰਿਹਾ ਕਿ ਤੈਨੂੰ
ਪਰਮ ਪੁਰਖ ਪ੍ਰਭੂ ਭੁੱਲ ਗਿਆ। 2.
ਜਿਸ ਮਨੁੱਖ ਨੂੰ ਗੁਰੂ ਨੇ ਗਿਆਨ ਦਾ ਪ੍ਰਵੇਸ਼ -ਰੂਪ ਧਨ ਦਿੱਤਾ, ਉਸ ਦੀ
ਸੁਰਤਿ ਪ੍ਰਭੂ ਵਿੱਚ ਜੁੜ ਗਈ, ਉਸ ਦੇ ਅੰਦਰ ਸ਼ਰਧਾ ਬਣ ਗਈ, ਉਸ ਦਾ ਮਨ ਪ੍ਰਭੂ ਨਾਲ ਇੱਕ-ਮਿੱਕ ਹੋ
ਗਿਆ; ਉਸ ਨੂੰ ਪ੍ਰਭੂ ਦਾ ਪਿਆਰ, ਪ੍ਰਭੂ ਦੀ ਭਗਤੀ ਚੰਗੀ ਲੱਗੀ, ਉਸ ਦੀ ਸੁਖ ਨਾਲ ਸਾਂਝ ਬਣ ਗਈ, ਉਹ
ਮਾਇਆ ਵਲੋਂ ਚੰਗੀ ਤਰ੍ਹਾਂ ਰੱਜ ਗਿਆ, ਤੇ ਬੰਧਨਾ ਤੋਂ ਮੁਕਤ ਹੋ ਗਿਆ। 3.
ਜਿਸ ਮਨੁੱਖ ਦੇ ਅੰਦਰ ਪ੍ਰਭੂ ਦੀ ਸਰਬ-ਵਿਆਪਕ ਜੋਤਿ ਟਿਕ ਗਈ, ਉਸ ਨੇ ਮਾਇਆ
ਵਿੱਚ ਨਾਹ ਛਲੇ ਜਾਣ ਵਾਲੇ ਪ੍ਰਭੂ ਨੂੰ ਪਛਾਣ ਲਿਆ। ਮੈਂ ਧੰਨੇ ਨੇ ਭੀ ਉਸ ਪ੍ਰਭੂ ਦਾ ਨਾਮ-ਰੂਪ ਧਨ
ਲੱਭ ਲਿਆ ਹੈ ਜੋ ਸਾਰੀ ਧਰਤੀ ਦਾ ਆਸਰਾ ਹੈ; ਮੈਂ ਧੰਨਾ ਭੀ ਸੰਤ ਜਨਾਂ ਨੂੰ ਮਿਲ ਕੇ ਪ੍ਰਭੂ ਵਿੱਚ
ਲੀਨ ਹੋ ਗਿਆ ਹਾਂ। 4.
ਉਪਰੋਕਤ ਸ਼ਬਦ ਵਿੱਚ ਭਗਤ ਧੰਨਾ ਜੀ ਆਖ ਰਹੇ ਹਨ ਕਿ ਮੈਂ ਪ੍ਰਭੂ ਗੁਰੂ ਵੱਲੋਂ
ਦਿਤੇ ਸੱਚ ਦੇ ਗਿਆਨ ਰਾਹੀਂ ਪ੍ਰਭੂ ਨੂੰ ਪਾਇਆ ਹੈ ਪਰ ਫਿਰ ਵੀ ਹੈਰਾਨੀ ਦੀ ਗੱਲ ਹੈ ਸਿੱਖਾਂ ਨੂੰ
ਅੰਧਵਿਸ਼ਵਾਸਾਂ ਵਿੱਚ ਪਾਉਣ ਖ਼ਾਤਰ ਸਾਡੀਆ ਧਾਰਮਿਕ ਸਟੇਜਾਂ ਤੇ ਉਹਨਾਂ ਨੂੰ ਪੱਥਰ ਪੂਜਕ ਹੀ ਸਿਧ
ਕੀਤਾ ਜਾਂਦਾ ਹੈ। ਜਿਹੜੇ ਅਖੌਤੀ ਪ੍ਰਚਾਰਕ ਭਗਤ ਧੰਨਾ ਜੀ ਨੂੰ ਪੱਥਰ ਪੂਜਕ ਆਖਦੇ ਹਨ ਸ਼ਾਇਦ ਉਹਨਾਂ
ਭਗਤ ਜੀ ਦੇ ਸ਼ਬਦ ਵਾਂਗੂ ਕਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਸਾਹਿਬ ਜੀ ਦਾ ਇਹ ਸ਼ਬਦ
ਵੀ ਨਹੀਂ ਪੜ੍ਹਿਆ? ਭਗਤ ਧੰਨਾ ਜੀ ਨੇ ਪ੍ਰਭੂ ਦੀ ਪ੍ਰਾਪਤੀ ਕਿਵੇਂ ਕੀਤੀ ਇਸ ਬਾਰੇ ਗੁਰੂ ਅਰਜਨ
ਸਾਹਿਬ ਜੀ ਦਾ ਫ਼ੁਰਮਾਨ ਹੈ:
ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ॥ ਆਢ ਦਾਮ ਕੋ ਛੀਪਰੋ
ਹੋਇਓ ਲਾਖੀਣਾ॥ ਰਹਾਉ॥ ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ॥ ਨੀਚਕੁਲਾ ਜੋਲਾਹਰਾ ਭਇਓ
ਗੁਨੀਯ ਗਹੀਰਾ॥ 1॥ ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ॥ ਪਰਗਟੁ ਹੋਆ ਸਾਧ ਸੰਗਿ ਹਰਿ
ਦਰਸਨੁ ਪਾਇਆ॥ 2॥ ਸੈਨੁ ਨਾਈ ਬੁਤਕਾਰੀਆਂ ਓਹੁ ਘਰਿ ਘਰਿ ਸੁਨਿਆ॥ ਹਿਰਦੇ ਵਸਿਆ ਪਾਰਬ੍ਰਹਮੁ ਭਗਤਾ
ਮਹਿ ਗਨਿਆ॥ 3॥ ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡ
ਭਾਗਾ॥ (ਮ: 5, ਪੰਨਾ 487)
ਅਰਥ: ਨਾਮਦੇਵ ਜੀ ਦਾ ਮਨ ਸਦਾ ਪ੍ਰਮਾਤਮਾ ਨਾਲ ਜੁੜਿਆ ਰਹਿੰਦਾ ਸੀ (ਉਸ ਹਰ
ਵੇਲੇ ਦੀ ਯਾਦ ਦੀ ਬਰਕਤਿ ਨਾਲ) ਅੱਧੀ ਕੌੜੀ ਦਾ ਗਰੀਬ ਛੀਂਬਾ, (ਮਾਨੋ) ਲਖਪਤੀ ਬਣ ਗਿਆ (ਕਿਉਂਕਿ
ਉਸ ਨੂੰ ਕਿਸੇ ਦੀ ਮੁਥਾਜੀ ਨਾਹ ਰਹੀ) ਰਹਾਉ॥
(ਕੱਪੜਾ) ਉਣਨ (ਤਾਣਾ) ਤਣਨ (ਦੀ ਲਗਨ) ਛੱਡ ਕੇ ਕਬੀਰ ਨੇ ਪ੍ਰਭੂ ਚਰਨਾਂ
ਨਾਲ ਲਗਨ ਲਾ ਲਈ; ਨੀਵੀ ਜਾਤਿ ਦਾ ਗਰੀਬ ਜੁਲਾਹਾ ਸੀ, ਗੁਣਾਂ ਦਾ ਸਮੁੰਦਰ ਬਣ ਗਿਆ। 1.
ਰਵਿਦਾਸ (ਪਹਿਲਾਂ) ਨਿੱਤ ਮੋਏ ਹੋਏ ਪਸ਼ੂ ਢੋਂਦਾ ਸੀ, (ਪਰ ਜਦੋਂ) ਉਸ ਨੇ
ਮਾਇਆ (ਦਾ ਮੋਹ) ਛੱਡ ਦਿੱਤਾ, ਸਾਧ ਸੰਗਤਿ ਵਿੱਚ ਰਹਿ ਕੇ ਉੱਘਾ ਹੋ ਗਿਆ, ਉਸ ਨੂੰ ਪਰਮਾਤਮਾ ਦਾ
ਦਰਸ਼ਨ ਹੋ ਗਿਆ। 2.
ਸੈਣ (ਜਾਤਿ ਦਾ) ਨਾਈ ਲੋਕਾਂ ਦੀਆਂ ਬੁੱਤੀਆਂ ਕੱਢਣ ਵਾਲਾ ਸੀ, ਉਸ ਦੀ ਘਰ
ਘਰ ਸੋਭਾ ਹੋ ਤੁਰੀ, ਉਸ ਦੇ ਹਿਰਦੇ ਵਿੱਚ ਪ੍ਰਮਾਤਮਾ ਵੱਸ ਪਿਆ ਤੇ ਉਹ ਭਗਤਾਂ ਵਿੱਚ ਗਿਣਿਆ ਜਾਣ
ਲੱਗ ਪਿਆ। 3.
ਇਸ ਤਰ੍ਹਾਂ (ਦੀ ਗੱਲ) ਸੁਣ ਕੇ ਗਰੀਬ ਧੰਨਾ ਜੱਟ ਭੀ ਉੱਠ ਕੇ ਭਗਤੀ ਕਰਨ
ਲੱਗਾ, ਉਸ ਨੂੰ ਪ੍ਰਮਾਤਮਾ ਦਾ ਸਾਖਿਅਤ ਦੀਦਾਰ ਹੋਇਆ ਤੇ ਉਹ ਵੱਡੇ ਭਾਗਾਂ ਵਾਲਾ ਬਣ ਗਿਆ। 4.
ਟੀਕਾਕਾਰ; ਪ੍ਰੋ: ਸਾਹਿਬ ਸਿੰਘ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਰੋਕਤ ਦਿਤੇ ਸ਼ਬਦ ਜੋ ਪੱਥਰ, ਮੂਰਤੀ
ਪੂਜਾ ਕਰਨ ਦਾ ਖੰਡਣ ਕਰਦੇ ਹਨ, ਅਤੇ ਖਾਸ ਤੌਰ ਤੇ ਇਸ ਮਨਘੜ੍ਹਤ ਕਹਾਣੀ ਬਾਰੇ ਗੁਰੂ ਅਰਜਨ ਸਾਹਿਬ
ਜੀ ਵਾਲੋਂ ਉਚਾਰਿਆ ਇਹ ਸ਼ਬਦ ਅਤੇ ਭਗਤ ਧੰਨਾ ਜੀ ਦੇ ਆਪਣੇ ਵੱਲੋਂ ਉਚਾਰੇ ਗਏ ਇਸ ਸ਼ਬਦ ਤੋਂ ਇਹ ਸਪਸ਼ਟ
ਹੋ ਜਾਂਦਾ ਹੈ ਕਿ ਭਗਤ ਧੰਨਾ ਜੀ ਨੇ ਕਿਸੇ ਬ੍ਰਾਹਮਣ ਕੋਲੋ ਪੱਥਰ ਲੈ ਕੇ ਉਸ ਦੀ ਪੂਜਾ ਕਰਨ ਨਾਲ
ਅਕਾਲ ਪੁਰਖ ਦੀ ਪ੍ਰਾਪਤੀ ਨਹੀਂ ਕੀਤੀ ਸੀ; ਸਗੋਂ ਸਾਧ ਸੰਗਤ ਵਿੱਚ ਨਾਮ (ਸੱਚ ਦਾ ਗਿਆਨ) ਜਪ ਕੇ
ਕੀਤੀ ਸੀ। ਪੰਚਮ ਪਾਤਸ਼ਾਹ ਜੀ ਦੇ ਇਸ ਸ਼ਬਦ ਤੋਂ ਇਹ ਵੀ ਸਿੱਧ ਹੁੰਦਾ ਹੈ ਕਿ ਗੁਰੂ ਸਾਹਿਬ ਜੀ ਦੇ
ਜੀਵਨ ਕਾਲ ਸਮੇਂ ਵੀ ਪੁਜਾਰੀਵਾਦ ਵੱਲੋਂ ਲੋਕਾਈ ਨੂੰ ਕਰਮਕਾਂਡਾਂ ਤੇ ਅੰਧਵਿਸ਼ਵਾਸਾਂ ਵਿੱਚ ਪਾਉਣ
ਖਾਤਰ ਇਹ ਮਨਘੜ੍ਹਤ ਕਹਾਣੀ ਪ੍ਰਚੱਲਤ ਸੀ। ਸ਼ਾਇਦ ਗੁਰੂ ਜੀ ਨੇ ਸਿੱਖਾਂ ਨੂੰ ਇਸ ਕਹਾਣੀ ਤੋਂ ਸੁਚੇਤ
ਕਰਨ ਲਈ ਹੀ ਇਹ ਸ਼ਬਦ ਉਚਾਰਿਆ ਹੋਵੇ। ਇਸ ਤੋਂ ਬਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ “ਗੁਰੂ”
ਮੰਨਣ ਵਾਲਿਆਂ ਵਾਸਤੇ ਕਿਸੇ ਹੋਰ ਪ੍ਰਮਾਣ ਦੀ ਜ਼ਰੂਰਤ ਨਹੀਂ ਰਹਿ ਜਾਂਦੀ। ਕਈ ਸਿੱਖ ਭਾਈ ਗੁਰਦਾਸ ਜੀ
ਦੇ ਨਾਂਅ ਨਾਲ ਸੰਬੰਧਤ ਵਾਰ 10ਵੀਂ ਪਾਉੜੀ 13ਵੀਂ ਦੀ ਪੁਰਾਤਨ ਕੀਤੀ ਵਿਆਖਿਆ ਦਾ ਹਵਾਲਾ ਦੇ ਕੇ
ਪੰਚਮ ਪਾਤਸ਼ਾਹ ਤੇ ਭਗਤ ਧਂਨਾ ਜੀ ਦੇ ਸ਼ਬਦਾਂ ਨੂੰ ਅਣਗੋਲਿਆ ਕਰ ਦੇਂਦੇ ਹਨ; ਅਜਿਹੇ ਸਿੱਖਾਂ ਤੇ
ਹੈਰਾਨੀ ਹੁੰਦੀ ਹੈ। ਉਂਝ ਵੀ ਇਹ ਕਿਵੇਂ ਮਨ ਲਿਆ ਜਾਵੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ (ਆਦਿ
ਗ੍ਰੰਥ) ਦੇ ਪਹਿਲੇ ਸਤਿਕਾਰ ਯੋਗ ਲਿਖਾਰੀ ਭਾਈ ਗੁਰਦਾਸ ਜੀ ਆਪਣੇ ਹੱਥੀਂ ਇਹ ਦੋਵੇਂ ਸ਼ਬਦ ਲਿਖਕੇ
ਅਤੇ ਗੁਰਮਤਿ ਦਾ ਸਿੱਖਾਂ ਵਿੱਚ ਪ੍ਰਚਾਰ ਕਰਨ ਵਾਲੇ ਵਿਦਵਾਨ ਫਿਰ ਆਪਣੀ ਲਿਖਤ ਵਿੱਚ ਭਗਤ ਧੰਨਾਂ ਜੀ
ਨੂੰ ਪੱਥਰ ਪੂਜਕ ਕਿਵੇਂ ਲਿਖ ਸਕਦੇ ਸਨ? ਇਹ ਉਹ ਵਾਰ ਹੈ ਜੋ ਭਗਤ ਜੀ ਨੂੰ ਪੱਥਰ ਪੂਜਕ ਸਿੱਧ ਕਰਨ
ਲਈ ਪ੍ਰਚਾਰੀ ਜਾਂਦੀ ਹੈ:
ਬਾਮ੍ਹਣ ਪੂਜੈ ਦੇਵਤੇ ਧੰਨਾ ਗਊ ਚਰਾਵਣ ਆਵੈ॥
ਧੰਨੈ ਡਿਠਾ ਚਲਿਤ ਏਹ ਪੁਛੈ ਬਾਮ੍ਹਣ ਆਖ ਸੁਣਾਵੈ॥
ਠਾਕੁਰ ਦੀ ਸੇਵਾ ਕਰੇ ਜੋ ਇਛੇ ਸੋਈ ਫਲ ਪਾਵੈ॥
ਧੰਨਾ ਕਰਦਾ ਜੋਦੜੀ ਮੈਂ ਭਿ ਦੇਹ ਇੱਕ ਜੋ ਤੁਧ ਭਾਵੈ॥
ਪੱਥਰ ਇੱਕ ਲਪੇਟ ਕਰ ਦੇ ਧੰਨੇ ਨੋਂ ਗੈਲ ਛੁਡਾਵੈ॥
ਠਾਕੁਰ ਨੋਂ ਨ੍ਹਾਵਾਲਕੇ ਛਾਹਿ ਰੋਟੀ ਲੈ ਭੋਗ ਚੜ੍ਹਾਵੈ॥
ਹਥ ਜੋੜ ਮਿੰਨਤ ਕਰੇ ਪੈਰੀਂ ਪੈ ਪੈ ਬਹੁਤ ਮਨਾਵੈ॥
ਹਉਂ ਬੀ ਮੂੰਹ ਨ ਜੁਠਾਲਸਾਂ ਤੂੰ ਰੁਠਾ ਮੈਂ ਕਿਹੁ ਨ ਸੁਖਾਵੈ॥
ਗੋਸਈਂ ਪਰਤੱਖ ਹੋਇ ਰੋਟੀ ਖਾਇ ਛਾਹਿ ਮੁਹਿ ਲਾਵੈ॥
ਭੋਲਾ ਭਾਉ ਗੋਵਿੰਦ ਮਿਲਾਵੈ॥ ੧੩॥
ਅੱਜ ਸਾਨੂੰ ਲੋੜ ਹੈ, ਅਖੌਤੀ ਸੰਤਾਂ ਸਾਧਾਂ ਅਤੇ ਅਜਿਹੇ ਪ੍ਰਚਾਰਕਾਂ ਤੋਂ
ਬਹੁਤ ਸੁਚੇਤ ਹੋਣ ਦੀ ਜਿਹੜੇ ਆਪਣੀਆਂ ਜੇਬਾਂ ਗਰਮ ਕਰਨ ਖ਼ਾਤਰ ਰੋਚਕ ਮੰਨਘੜ੍ਹਤ ਕਥਾ ਕਹਾਣੀਆਂ
ਸੁਣਾਉਂਦੇ ਹਨ ਅਤੇ ਸਿੱਖ ਧਰਮ ਦੇ ਦੋਖੀਆਂ ਦਾ ਸਾਥ ਦੇਣ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ
ਵਿਚਾਰਧਾਰਾ ਦੇ ਉੱਲਟ ਪ੍ਰਚਾਰ ਕਰ ਰਹੇ ਹਨ। ਅਜਿਹੇ ਲੋਕ, ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ
ਵਿੱਚ ਪੱਥਰ ਪੂਜਕ (ਮੂਰਤੀ) ਮਨੁੱਖ ਦੀ ਬਾਣੀ ਦਰਜ਼ ਹੋਈ ਦੱਸਦੇ ਫਿਰਦੇ ਹਨ। ਹੈਰਾਨੀ ਦੀ ਗੱਲ ਤਾਂ
ਇਹ ਹੈ ਕਿ ਅਜਿਹਾ ਗੁਰਮਤਿ ਵਿਰੋਧੀ ਪ੍ਰਚਾਰ ਕਰਨ ਵਾਲੇ ਵੀ ਸਿੱਖੀ ਭੇਸ ਵਿੱਚ ਹੀ ਫਿਰਦੇ ਹਨ ਅਤੇ
ਸਿੱਖਾਂ ਦੇ ਪੈਸਿਆਂ ਤੇ ਹੀ ਐਸ਼ਾਂ ਕਰਦੇ ਹਨ। ਇਸ ਤੋਂ ਵੀ ਵੱਧ ਦੁੱਖ ਵਾਲੀ ਗੱਲ ਇਹ ਹੈ ਕਿ ਸਿੱਖਾਂ
ਨੂੰ ਗੁਰਮਤਿ ਸਿਧਾਂਤ ਤੋਂ ਤੋੜਨ ਦਾ ਇਹ ਕੋਝਾ ਕੰਮ ਵੀ ਸਾਡੀਆਂ ਹੀ ਸਟੇਜਾਂ ਤੋਂ ਹੁੰਦਾ ਹੈ;
ਜਿਥੋਂ ਸਿੱਖਾਂ ਨੂੰ ਗੁਰਮਤਿ ਦੀ ਸੋਝੀ ਮਿਲਣ ਦੀ ਆਸ ਹੁੰਦੀ ਹੈ।
ਜੇ ਵੇਖਿਆ ਜਾਵੇ ਤਾਂ ਅਖੌਤੀ ਸੰਤਾਂ ਸਾਧਾਂ ਅਤੇ ਉਨ੍ਹਾਂ ਦੇ ਚੇਲੇ ਪੇਸ਼ਾਵਰ
ਪ੍ਰਚਾਰਕਾਂ ਨਾਲੋਂ ਘੱਟ ਕਸੂਰ ਸਾਡਾ ਸਿੱਖ ਅਖਵਾਉਣ ਵਾਲਿਆਂ ਦਾ ਵੀ ਨਹੀਂ ਹੈ; ਕਿਉਕਿ ਅਸੀਂ ਗੁਰੂ
ਸਾਹਿਬਾਨ ਤੇ ਯਕੀਨ ਘੱਟ ਕਰਦੇ ਹਾਂ ਅਤੇ ਅਖੌਤੀ ਸੰਤਾਂ ਸਾਧਾਂ ਤੇ ਜ਼ਿਆਦਾ। ਉਂਝ ਵੀ ਸਿੱਖਾਂ ਵਿੱਚ
ਗੁਰਮਤਿ ਸਿਧਾਂਤ ਦੀ ਜਾਣਕਾਰੀ ਦੇਣ ਵਾਲੀਆਂ ਕਿਤਾਬਾਂ ਪੜ੍ਹਨ ਦੀ ਆਦਤ ਬਹੁਤ ਘੱਟ ਹੈ। ਜ਼ਰਾ ਸੋਚੀਏ!
ਕੀ ਸਾਡੇ ਗੁਰੂ ਸਾਹਿਬਨ ਆਪ ਕੁੱਝ ਹੋਰ ਕਰਦੇ ਸਨ ਅਤੇ ਆਪਣੇ ਸਿੱਖਾਂ ਨੂੰ ਸਿਖਿਆ ਹੋਰ ਦੇਂਦੇ ਸਨ?
ਜਿਵੇਂ ਕੁੱਝ ਪ੍ਰਚਾਰਕ ਭਗਤ ਧੰਨੇ ਜੀ ਨੂੰ ਪੱਥਰ ਪੂਜਕ ਹੋਣ ਦਾ ਪ੍ਰਚਾਰ ਕਰਦੇ ਹਨ, ਇੰਝ ਹੀ ਕਈ
ਸਿੱਖੀ ਪਹਿਰਾਵੇ ਵਿੱਚ ਸਿੱਖ ਧਰਮ ਦੇ ਦੋਖੀ ਅੱਜ ਗੁਰੂ ਸਾਹਿਬਾਨ ਨੂੰ ਹਿੰਦੂ ਧਰਮ ਦੇ ਮੰਨੇ ਜਾਂਦੇ
ਅਵਤਾਰਾਂ ਦੇ ਪੂਜਕ, ਦੇਵੀ ਪੂਜਕ, ਤੀਰਥ ਯਾਤਰਾ, ਮੂਰਤੀ ਪੂਜਕ ਤੇ ਕਈ ਗੰਦੀਆਂ ਲਿੱਖਤਾਂ `ਚਰਿਤ੍ਰ
ਪਖਯਾਨੇ’ (ਅਖੌਤੀ ਦਸਮ ਗ੍ਰੰਥ ਵਿੱਚੋਂ) ਦੇ ਲਿਖਾਰੀ ਹੋਣ ਦਾ ਪ੍ਰਚਰ ਕਰ ਰਹੇ ਹਨ, ਜਦ ਕਿ ਅਜਿਹੀਆਂ
ਲਿਖਤਾਂ ਗੁਰਮਤਿ ਸਿਧਾਂਤ ਦੇ ਬਿਲਕੁਲ ਹੀ ਉਲਟ ਹਨ। ਦੂਸਰੇ ਪਾਸੇ ਜਿਹੜੇ ਸਿੱਖ ਗੁਰੂ ਸਾਹਿਬਾਨ ਨੂੰ
ਕਹਿਣੀ ਤੇ ਕਰਨੀ ਦੇ ਸੂਰੇ ਸਮਝਦੇ ਹਨ ਉਹ ਕਦੀ ਵੀ ਅਖੌਤੀ ਪ੍ਰਚਾਰਕਾਂ ਵੱਲੋਂ ਸੁਣਾਈਆਂ ਜਾਂਦੀਆਂ
ਮਨੋਕਲਪਤ ਕਹਾਣੀਆਂ `ਤੇ ਯਕੀਨ ਨਹੀਂ ਕਰਦੇ ਅਤੇ ਨਾਂ ਹੀ ਅਉਣ ਵਾਲੇ ਸਮੇਂ ਕਰਨਗੇ.
ਇਹ ਤਾਂ ਹੁਣ ਉਹਨਾਂ ਸਿੱਖਾਂ ਤੇ ਨਿਰਭਰ ਹੈ ਜਿਹੜੇ ਭਗਤ ਧੰਨਾਂ ਜੀ ਨੂੰ
ਪੱਥਰ ਪੂਜਕ ਆਖਦੇ ਹਨ ਕਿ ਉਹਨਾਂ ਨੇ ਸ੍ਰੀ ਗੁਰੂ ਅਰਜਨ ਪਾਤਸ਼ਾਹ ਅਤੇ ਭਗਤ ਧੰਨਾ ਜੀ ਦੇ ਇਸ ਬਾਰੇ
ਲਿਖੇ ਸ਼ਬਦ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੂਰਤੀ ਪੂਜਾ ਦਾ ਖੰਡਣ ਕਰਨ ਵਾਲੇ ਸ਼ਬਦਾਂ `ਤੇ
ਯਕੀਨ ਕਰਨਾ ਹੈ, ਜਾਂ ਕਿ ਪੁਜਾਰੀਵਾਦ ਵੱਲੋਂ ਆਪਣੀ ਰੋਜੀ ਰੋਟੀ ਲਈ ਲੋਕਾਈ ਨੂੰ ਆਤਮਿਕ ਗਿਆਨ ਹੀਣ
ਕਰਕੇ ਅੰਧਵਿਸ਼ਵਾਸਾਂ ਤੇ ਕਰਮਕਾਂਡਾਂ ਵਿੱਚ ਪਾਉਣ ਖਾਤਰ ਭਗਤ ਜੀ ਬਾਰੇ ਪੱਥਰ ਨੂੰ ਪੂਜਣ ਵਾਲੀ ਘੜੀ
ਗਈ ਮਨਘੜ੍ਹਤ ਕਹਾਣੀ ਤੇ ਯਕੀਨ ਕਰਨਾਂ ਹੈ? ਪੂਜਾਰੀਵਾਦ ਤਾਂ ਹਮੇਸ਼ਾਂ ਤੋਂ ਹੀ ਇਹ ਚਾਹੁੰਦਾ ਰਿਹਾ
ਹੈ ਕਿ ਜਨਤਾਂ ਧਾਰਮਿਕ ਗਿਆਨ ਤੋਂ ਵਾਂਝੀ ਹੀ ਰਹੇ; ਤਦ ਹੀ ਤਾਂ ਉਨ੍ਹਾਂ ਦੀ ਆਓ-ਭਗਤ ਹੋਵੇਗੀ।