ਕਉਣ ਮਾਸ ਕਉਣ ਸਾਗ ਕਹਾਵੈ?
(ਕਿਸ਼ਤ ਨੰ: 12)
ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ
ਮਿਸ਼ਨਰੀ, ਦਿੱਲੀ
ਜੀਅ ਹਤਿਆ ਨਹੀਂ ਇਹ ਤਾਂ ਇਲਾਹੀ ਖੇਡ ਹੈ-
ਦਰਅਸਲ
‘ਮਾਸ ਦੇ ਭੋਜਨ’ ਸਮੇਤ ਇਹ ਸਭ ਜੀਅ ਹਤਿਆ ਹੈ ਹੀ ਨਹੀਂ, ਬਲਕਿ ਇਹ ਸਭ ਤਾਂ ਕੁਦਰਤ ਕਾਨੂਨ ਦੇ ਅੰਦਰ
ਹੈ। ਲੋੜ ਹੈ ਤਾਂ ਇਸ ਵਾਧੂ ਦੀ ਖਿਚ-ਧੂ ਚੋ ਨਿਕਲ ਕੇ ਪੰਥ ਨੂੰ ਵੀ ਇਸ ਜਿਲਣ ਚੋਂ ਕੱਢਣ ਦੀ। ਸੁਆਲ
ਕੇਵਲ ਬਕਰੇ, ਮੁਰਗੇ, ਮੱਛੀ, ਖਰਗੋਸ਼, ਹਿਰਣ ਆਦਿ ਜਾਨਵਰਾਂ ਨੂੰ ਸਿੱਧੇ ਮਾਰ ਕੇ ਛੱਕਣ ਦਾ ਨਹੀਂ।
ਦੇਖ ਚੁਕੇ ਹਾਂ, ਇਹ ਤਾਂ ਸਿੱਧੇ-ਅਸਿੱਧੇ ਕੇਵਲ ਅਪਣੇ ਸਰੀਰ ਦੀ ਰਾਖੀ, ਵਾਧੇ `ਤੇ ਲੋੜਾਂ ਸਾਹਮਣੇ
ਇੱਕ ਵੀ ਮਨੁੱਖ ਨਹੀਂ ਮਿਲੇਗਾ ਜੋ ਮਾਸ ਦੀ ਵਰਤੋਂ ਨਾ ਕਰ ਰਿਹਾ ਹੋਵੇ। ਹੋਰ ਤਾਂ ਹੋਰ, ਅਪਣੇ
ਧਾਰਮਿਕ ਸਮਾਗਮਾ ਨੂੰ ਚਲਾਉਣ ਲਈ ਬਹੁਤੇਰੇ ਜਾਨਵਰਾਂ ਅਤੇ ਜੀਵਾਂ ਦੀ ਇੱਕ ਜਾਂ ਦੂਜੇ ਢੰਗ ਨਾਲ
ਵਰਤੋਂ ਹੋ ਰਹੀ ਹੈ ਜੋ ਕਦੇ ਵੀ ਨਹੀਂ ਰੁਕ ਸਕਦੀ। ਇਸਲਈ ਠੰਡੇ ਦਿਮਾਗ਼ ਸੋਚਣ ਦੀ ਗਲ ਇਹ ਹੈ ਕਿ
ਸਾਬਤ ਕੀਤਾ ਜਾਵੇ ਕਿ ਉਹ ਕਉਣ ਸੱਜਣ ਹੈ ਜੋ ਸਿੱਧੇ- ਅਸਿੱਧੇ ਦੂਜੇ ਜੀਵਾਂ ਦੀ ਵਰਤੋਂ ਨਹੀਂ ਕਰਦਾ
ਭਾਵ ਮਾਸ ਨਹੀਂ ਛੱਕਦਾ। ਇਸਲਈ ਬਾਰ ਬਾਰ ਬੇਨਤੀ ਹੈ ਕਿ ਜੇ ਕਰਤੇ ਦੇ ਨੀਯਮ `ਚ ਮਾਸ ਦਾ ਭੋਜਨ ਆਪ
ਮੁਹਾਰੇ ਹੀ ਚਲ ਰਿਹਾ ਰਿਹਾ ਹੈ ਤਾਂ ਗੁਰੂ ਕੇ ਲਾਡਲੇ ਪੰਥ ਵਿਚਕਾਰ ਇਹ ਵਾਧੂ ਦੀ ਖਿਚਾਤਾਣੀ ਖਤਮ
ਕੀਤੀ ਜਾਣੀ ਚਾਹੀਦੀ ਹੈ।
ਕੀ ਅਸੀਂ ਇਸ ਵਾਧੂ ਦੀ ਆਪਸੀ ਅਤੇ ਘਰੇਲੂ ਲੜਾਈ ਚੋਂ ਬਾਹਰ ਨਿਕਲ ਕੇ, ਕਰਤੇ
ਦੀ ਇਸ ਅਮੁਲੀ ਤਾਕਤ ਨੂੰ ਵੱਡੇ ਪੰਥਕ ਹਿੱਤਾਂ `ਚ ਨਹੀਂ ਵਰਤ ਸਕਦੇ? ਸਾਨੂੰ ਇਹ ਨਹੀਂ ਭੁਲਣਾ
ਚਾਹੀਦਾ ਕਿ ਜਿਸਨੂੰ ਅਸੀਂ ਜੀਵ-ਹਤਿਆ ਜਾਂ ਜੀਅ-ਦਇਆ ਮੰਨ ਕੇ ਆਪਸ ਚ ਲੜ ਰਹੇ ਹਾਂ, ਗੁਰਬਾਣੀ ਦਾ
ਫ਼ੈਸਲਾ ਹੈ “ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈਂ ਬਹੁ ਨਾਨਾ ਰੇ”
(ਪੰ: ੯੮੮)
ਜਾਂ “ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ”
(ਪੰ: ੧੩੫੦)।
ਸਾਨੂੰ ਇਨ੍ਹਾਂ ਪੱਖਾਂ ਤੋਂ ਸੁਚੇਤ ਹੋਕੇ ਆਪਸੀ ਪਿਆਰ ਦੇ
ਦਾਇਰੇ `ਚ ਚਲਣ ਦੀ ਲੋੜ ਹੈ ਤਾਂ ਹੀ ਪੰਥ ਦੀ ਸੰਭਾਲ ਹੋ ਸਕੇਗੀ, ਆਪਸੀ ਲੜਾਈ-ਝਗੜੇ ਨਾਲ ਤਾਂ
ਫਾਸਲੇ ਵਧਣਗੇ ਅਤੇ ਦੂਜੇ ਲਾਭ ਲੈਣਗੇ।
ਗੁਰਬਾਣੀ `ਚ ਆਇਆ ‘ਕੁਠਾ’ ਪਦ-
ਪੰਥ ਪ੍ਰਵਾਣਤ ‘ਸਿੱਖ ਰਹਿਤ ਮਰਆਦਾ’ ਦੇ ਸਿਰਲੇਖ
‘ਅੰਮ੍ਰਿਤ ਸੰਸਕਾਰ’ ਹੇਠ ਦਰਜ ਸਿੱਖ ਵਾਸਤੇ ਚਾਰ ਕੁਰਿਹਤਾਂ ਵਿਚੋਂ ਦੂਜੀ ਕੁਰਹਿਤ ‘ਕੁਠਾ ਖਾਣਾ’
ਹੈ। ਫ਼ਿਰ ਕੁਰਹਿਤਾ ਨੂੰ ਦਰਜ ਕਰਨ ਤੋਂ ਬਾਦ ਉਸੇ ਪੰਨੇ ਹੇਠ ਫੁਟ ਨੋਟ ਦਿਤਾ ਹੈ ‘ਕੁਠੇ ਤੋਂ
ਭਾਵ ਉਹ ਮਾਸ ਹੈ ਜੋ ਮੁਸਲਮਾਨੀ ਤਰੀਕੇ ਨਾਲ ਤਿਆਰ ਕੀਤਾ ਹੋਵੇ’। ਸਪੱਸ਼ਟ ਹੋਇਆ ਕਿ ਪੰਥਕ
ਫ਼ੈਸਲੇ ਅਨੁਸਾਰ ਗੁਰਸਿੱਖ ਲਈ ਕੇਵਲ ਉਹ ਮਾਸ ਖਾਣ ਤੇ ਪਾਬੰਦੀ ਹੈ ਜਿਸ ਨੂੰ ਮੁਸਲਮਾਨ ਅਪਣੀ ਬੋਲੀ
`ਚ ‘ਹਲਾਲ’ ਕਹਿੰਦੇ ਹਨ। ਉਸ ਤੋਂ ਛੁੱਟ ਹੋਰ ਕਿਸੇ ਪ੍ਰਕਾਰ ਦੇ ਮਾਸ ਤੇ ਜਿਹੜਾ ਇਲਾਕੇ, ਦੇਸ਼,
ਸਮਾਜ, ਸਰੀਰ ਦੀ ਲੋੜ ਅਤੇ ਪਸੰਦ ਅਨੁਸਾਰ ਹੋਵੇ, ਸਿੱਖ ਨੂੰ ਛਕਣ ਤੇ ਪਾਬੰਦੀ ਨਹੀਂ। ਚੇਤੇ ਰਖਣ ਦੀ
ਲੋੜ ਹੈ, ਇਨ੍ਹਾਂ ਚਾਰ ਕੁਰਿਹਤਾਂ `ਚੋਂ ਇੱਕ ਵੀ ਕੁਰਹਿਤ ਹੋ ਜਾਣ ਉਪ੍ਰੰਤ ਪਾਹੁਲਧਾਰੀ ਲਈ ਦੋਬਾਰਾ
ਪਾਹੁਲ ਲੈਣ ਦਾ ਵਿਧਾਨ ਹੈ।
ਇਸ ਬਾਰੇ ਅਗਲਾ ਵਿਸ਼ਾ ਹੈ ਕਿ ਮਾਸ ਵਿਰੋਧੀ ਸੱਜਣਾ ਨੇ ਗੁਰਬਾਣੀ ਵਿਚਲੇ
ਪਦਾਂ ਜਿਵੇਂ ਕੁਠਾ, ਕੁਹਣ, ਕੁਹ, ਕੁਹਤ ਬਾਰੇ ਅਤੇ ਇਸ ਤੋਂ ਇਲਾਵਾ ਸਿੱਖ ਰਹਿਤ
ਮਰਿਆਦਾ `ਚ ਲਫ਼ਜ਼ ਕੁਠਾ ਬਾਰੇ ਅਰਥ ਕਰਨ ਸਮੇਂ ਜਾਣੇ-ਅਣਜਾਣੇ ਕਾਫ਼ੀ ਟੱਪਲਾ ਖਾਧਾ ਹੈ। ਦੇਖ ਚੁਕੇ
ਹਾਂ ਕਿ ‘ਸਿੱਖ ਰਹਿਤ ਮਰਿਆਦਾ’ `ਚ ਲਫ਼ਜ਼ ਕੁਠਾ ਤੋਂ ਕੀ ਭਾਵ ਹੈ? ਅਤੇ ਇਸਦਾ ਵੇਰਵਾ ਵੀ ਰਹਿਤ
ਮਰਿਆਦਾ `ਚ ਹੀ ਦਿਤਾ ਹੋਇਆ ਹੈ। ਇਸਤੋਂ ਬਾਦ ਸਮਝਣ ਦੀ ਲੋੜ ਹੋਰ ਵਧ ਜਾਂਦੀ ਹੈ ਕਿ ਬਾਣੀ `ਚ ਲਫ਼ਜ਼
‘ਕੁਠਾ, ਕੁਹਣ, ਕੁਹ, ਕੁਹਤ’ ਕਿੱਥੇ ਕਿੱਥੇ ਅਤੇ ਕਿਸ-ਕਿਸ ਅਰਥ `ਚ ਆਏ ਹਨ। ਲਫ਼ਜ਼ ਕੁਠਾ
ਬਾਰੇ ਬੇਨਤੀ ਹੈ ਕਿ ਅਫ਼ਗਾਨੀ ਹਾਕਮਾਂ ਨੇ ਭਾਰਤ `ਤੇ ਜਿੱਤ ਤੋਂ ਬਾਦ, ਇਥੋਂ ਦੀ ਗੁਲਾਮ ਹੋ ਚੁਕੀ
ਹਿੰਦੂ ਜੰਤਾ ਕੋਲ ਵਰਤੋਂ ਲਈ ਚਾਕੂ ਤੀਕ ਵੀ ਨਹੀਂ ਸੀ ਰਹਿਣ ਦਿਤਾ। ਇਸਦੇ ਨਾਲ ਇਥੋਂ ਦੇ ਵਸਨੀਕਾਂ
ਦਾ ਧਰਮ ਭ੍ਰਸ਼ਟ ਕਰਣ ਦੀ ਇਛਾ ਨਾਲ ਇਨ੍ਹਾਂ ਨੂੰ ਬਦੋਬਦੀ ਅਪਣੀ ਸ਼ਰਹ ਮੁਤਾਬਕ ਬਣਿਆ ‘ਹਲਾਲ’ ਮਾਸ
ਖੁਆਉਣਾ ਸ਼ੁਰੂ ਕੀਤਾ। ਟਾਕਰੇ `ਤੇ ਹਿੰਦੂਆਂ `ਚ ਉਸ ‘ਹਲਾਲ’ ਮਾਸ ਲਈ ਨਫ਼ਰਤ ਪੈਦਾ ਕਰਨ ਲਈ
ਬ੍ਰਾਹਮਣਾ ਨੇ ਇਸੇ ‘ਹਲਾਲ’ ਨੂੰ ‘ਕੁਠਾ’ ਪ੍ਰਚਲਤ ਕਰ ਦਿੱਤਾ।
ਜ਼ਿਕਰ ਮਿਲਦਾ ਹੈ, ਅਪਣੀ ਲੁੱਟ-ਖੋਹ ਦਾ ਰਸਤਾ ਚਾਲੂ ਰਖਣ ਲਈ ਬ੍ਰਾਹਮਣ
ਅਜੇਹੇ ਹਿੰਦੂਆਂ ਨੂੰ, ਜਿਨ੍ਹਾਂ ਨੂੰ ਬਦੋਬਦੀ ‘ਹਲਾਲ’ ਖੁਆ ਦਿਤਾ ਜਾਂਦਾ ਸੀ, ਉਨ੍ਹਾਂ ਦਾ ਧਰਮ
ਭ੍ਰਸ਼ਟ ਹੋ ਚੁਕਾ ਦਸਦਾ ਸੀ। ਉਨ੍ਹਾਂ ਨੂੰ ਪਤਿੱਤ ਹਿੰਦੂ ਪ੍ਰਚਾਰਿਆ ਜਾਂਦਾ ਸੀ। ਇਸਤਰ੍ਹਾਂ ਅਜੇਹੇ
ਹਿੰਦੂਆਂ ਨੂੰ, ਹਿੰਦੂ ਧਰਮ `ਚ ਵਾਪਿਸ ਪਰਤਣ ਲਈ ਗੰਗਾ ਇਸ਼ਨਾਨ, ਗੰਗਾ ਜਲ ਨਾਲ ਗ੍ਰਿਹ ਨੂੰ ਮੁੜ
ਪਵਿਤ੍ਰ ਕਰਨਾ `ਤੇ ਬ੍ਰਾਹਮਣਾ ਨੂੰ ਭੋਜਨ ਦੇ ਨਾਲ ਨਾਲ ਦਾਨ ਦੱਛਣਾ ਆਦਿ ਦੇ ਪਖੰਡ ਕਰਨੇ ਹੁੰਦੇ
ਸਨ। ਦੂਜੇ ਪਾਸੇ ਉਹੀ ਬ੍ਰਾਹਮਣ ਰਸੋਈ `ਚ ਬੈਠ, ਦਿਖਾਵੇ ਦੀਆਂ ਚੌਕੇ-ਕਾਰਾਂ ਵਾਲੇ ਨੀਯਮ ਪੂਰੇ
ਕਰਕੇ ਉਸੇ ਹਲਾਲ ਭਾਵ ਕੁੱਠੇ ਮਾਸ ਨੂੰ ਆਪ ਬਣਾਂਦਾ ਤੇ ਛੱਕਦਾ ਸੀ। ਬਾਣੀ ਚ ਉਸਦੀ ਇਸ ਕਰਨੀ ਦੇ
ਬਹੁਤੇਰੇ ਸਬੂਤ ਮਿਲਦੇ ਹਨ। ਇਸਤਰ੍ਹਾਂ ਬ੍ਰਾਹਮਣ ਦੀ ਦੋਗਲੀ ਖੇਡ ਬਾਰੇ ਗੁਰਬਾਣੀ `ਚ ਕਈ ਵਾਰੀ
ਜ਼ਿਕਰ ਮਿਲਦਾ ਹੈ ਜਿਵੇਂ “ਅਭਾਖਿਆ ਕਾ ਕੁਠਾ ਬਕਰਾ ਖਾਣਾ॥ ਚਉਕੇ ਉਪਰਿ ਕਿਸੈ ਨ ਜਾਣਾ॥ ਦੇ ਕੈ
ਚਉਕਾ ਕਢੀ ਕਾਰ॥ ਉਪਰਿ ਆਇ ਬੈਠੇ ਕੂੜਿਆਰ”
(ਵੇਰਵਾ ਪਿਛੇ ਆ ਚੁੱਕਾ ਹੈ)।
ਕਹਿਣ ਤੋਂ ਭਾਵ ਹਲਾਲ ਮਾਸ ਲਈ ‘ਕੁਠਾ’, ਮੁਸਲਮਾਨਾ ਲਈ ‘ਮਲੇਛ’ ਅਤੇ ਅਰਬੀ,
ਫ਼ਾਰਸੀ, ਉਰਦੂ ਭਾਸ਼ਾਵਾਂ ਲਈ ‘ਅਭਾਖਿਆ’ (ਨਾ ਬੋਲਣ ਜੋਗ ਭਾਸ਼ਾਵਾਂ) ਵਾਲੀ ਸ਼ਬਦਾਵਲੀ ਬ੍ਰਾਹਮਣ ਦੀ
ਘੜੀ ਤੇ ਪ੍ਰਚਲਤ ਕੀਤੀ ਹੋਈ ਸੀ। ਇਹੀ ਕਾਰਣ ਹੈ ਕਿ ਹਲਾਲ ਮਾਸ ਲਈ ਕੁਠਾ, ਮੁਸਲਾਮਨਾ ਲਈ ਮਲੇਛ,
ਉਨ੍ਹਾਂ ਦੀ ਭਾਸ਼ਾ ਲਈ ਅਭਾਖਿਆ ਆਦਿ ਲਫ਼ਜ਼ ਨਿਰੋਲ ਬ੍ਰਾਹਮਣੀ ਹਨ ਅਤੇ ਇਹ ਲਫ਼ਜ਼ ਗੁਰੂ ਸਾਹਿਬ ਦੇ ਜਾਂ
ਸਿੱਖ ਵਿਚਾਰਧਾਰਾ ਦੇ ਨਹੀਂ। ਇਸਤਰ੍ਹਾਂ ਨਾ ਹੀ ਗੁਰੂ ਸਾਹਿਬ ਦੀ ਅਜੇਹੀ ਵਿਚਾਰਧਾਰਾ ਹੀ ਹੈ,
ਅਜੇਹੀ ਗਲ ਹੁੰਦੀ ਤਾਂ ਗੁਰਬਾਣੀ `ਚ ਹੀ ਸੈਂਕੜੇ ਲਫ਼ਜ਼ ਅਰਬੀ, ਫ਼ਾਰਸੀ ਤੇ ਉਰਦੂ ਦੇ ਹਨ, ਗੁਰੂ
ਸਾਹਿਬ ਕਿਉਂ ਵਰਤਦੇ।
ਗੁਰਬਾਣੀ `ਚ ਲਫ਼ਜ਼ ‘ਕੁਠਾ’ ਪ੍ਰਕਰਣ ਅਨੁਸਾਰ ਭਿੰਨ ਭਿੰਨ ਢੰਗਾਂ `ਤੇ ਅਰਥਾਂ
`ਚ ਆਇਆ ਹੈ। ਜਦੋਂ ਮੁਸਲਮਾਨਾ ਨਾਲ ਸੰਬੰਧਤ ਹੈ ਤਾਂ ਗੁਰਦੇਵ ਨੇ ਲਫ਼ਜ਼ ਕੁਠਾ ਹੀ ਵਰਤਿਆ ਹੈ, ਫ਼ਿਰ
ਚਾਹੇ ਮਾਸ ਦੇ ਅਰਥਾਂ `ਚ ਆਇਆ ਹੈ ਜਾਂ ਕਿਸੇ ਹੋਰ ਅਰਥ `ਚ। ਇਸੇ ਤਰ੍ਹਾਂ ਜਦੋਂ ਅਜੇਹੀ ਸ਼ਬਦਾਵਲੀ
ਹਿੰਦੂਆਂ ਜਾਂ ਬ੍ਰਾਹਮਣਾ ਪ੍ਰਤੀ ਵਰਤੀ ਹੈ ਤਾਂ ਲਫ਼ਜ਼ ਕੁਹਣ, ਕੁਹ, ਕੁਹਤ ਆਦਿ ਆਏ ਹਨ।
ਖੂਬੀ ਇਹ ਕਿ ‘ਕੁਠਾ’ ਸਮੇਤ ਕੁਹਣ, ਕੁਹ, ਕੁਹਤ ਸਾਰੇ ਲਫ਼ਜ਼ ਇਕੋ ਜਹੇ ਅਰਥਾਂ `ਚ
ਹੀ ਹਨ, ਭਿੰਨ-ਭਿੰਨ ਨਹੀਂ। ਫ਼ਿਰ ਵੀ ਗਹਿਰਾਈ ਤੋਂ ਘੋਖਣਾ ਹੈ ਗੁਰਬਾਣੀ `ਚ ਜਿੱਥੇ-ਕਿਥੇ ਇਹ ਲਫ਼ਜ਼
ਆਏ ਹਨ ਪ੍ਰਕਰਣ ਅਨੁਸਾਰ ਇਨ੍ਹਾਂ ਅੱਖਰਾਂ ਦਾ ਸੰਬੰਧ ਮਾਸ ਨਾਲ ਹੈ ਵੀ ਜਾਂ ਨਹੀਂ। ਫ਼ਿਰ ਜਿਥੇ ਵੀ
ਮਾਸ ਨਾਲ ਸੰਬੰਧਤ ਹਨ ਤਾਂ ਗੁਰਬਾਣੀ `ਚ ਮਾਸ ਨੂੰ ਭੋਜਨ ਦਸਿਆ ਹੈ ਜਾਂਕਿ ਵਿਰੋਧ ਕੀਤਾ ਹੈ। ਜਿਉਂ
ਜਿਉਂ ਘੋਖਾਂਗੇ ਤਾਂ ਸਪੱਸ਼ਟ ਹੋ ਜਾਵੇਗਾ ਕਿ ਗੁਰਬਾਣੀ `ਚ ਮਾਸ ਛੱਕਣ ਦੇ ਵਿਰੋਧ `ਚ ਕਿੱਧਰੇ ਅਤੇ
ਇੱਕ ਵਾਰੀ ਵੀ ਅਜੇਹੇ ਲਫ਼ਜ਼ ਨਹੀਂ ਆਏ, ਇਸਤਰ੍ਹਾਂ ਸਾਰੀ ਗੱਲ ਆਪੇ ਸਾਫ਼ ਹੁੰਦੀ ਜਾਵੇਗੀ। ਵਿਸ਼ੇ ਵਲ
ਅਗੇ ਵੱਧਦੇ ਹੋਏ ਪਹਿਲਾਂ ਅਸੀਂ ਗਲ ਕਰਾਂਗੇ ਲਫ਼ਜ਼
ਕੁਠਾ ਬਾਰੇ:
“ਅਭਾਖਿਆ ਕਾ ਕੁਠਾ ਬਕਰਾ ਖਾਣਾ” -
ਇਸ
ਸੰਬੰਧ `ਚ ਇੱਕ ਸਲੋਕ ਵਾਰ ਆਸਾ ਪਉੜੀ ਨੰ: ੧੬ ਦੇ ਨਾਲ ਆਇਆ ਹੈ ਅਤੇ ਪੰਕਤੀ ਹੈ “ਅਭਾਖਿਆ ਕਾ
ਕੁਠਾ ਬਕਰਾ ਖਾਣਾ॥ ਚਉਕੇ ਉਪਰਿ ਕਿਸੈ ਨ ਜਾਣਾ”। ਚੂਂਕਿ ਇਸਦਾ ਵੇਰਵਾ ਦੇ ਚੁਕੇ ਹਾਂ ਇਸ ਲਈ
ਦੋਬਾਰਾ ਲੋੜ ਨਹੀਂ। ਪੂਰੇ ਸਲੋਕ ਨੂੰ ਅਰਥ ਵੇਰਵੇ ਸਹਿਤ ਉਥੇ ਪੜ੍ਹ ਲਿਆ ਜਾਵੇ। ਅਰਥਾਂ ਨੂੰ
ਦੇਖਿਆਂ ਸਾਫ਼ ਹੋ ਜਾਂਦਾ ਹੈ ਕਿ ਸੰਬੰਧਤ ਸਲੋਕ `ਚ ਮਾਸ ਖਾਣ ਦਾ ਵਿਰੋਧ ਨਹੀਂ। ਉਥੇ ਤਾਂ ਵਿਸ਼ਾ ਹੀ
ਬ੍ਰਾਹਮਣ ਦੇ ਪਾਖੰਡ ਕਰਮ ਅਤੇ ਉਸਦੇ ਦੋਗਲੇਪਣ ਦੀ ਨਿਖੇਧੀ ਹੈ। ਇਸਦੇ ਨਾਲ ਉਥੇ ਇਸ ਪੰਕਤੀ ਬਾਰੇ
ਪੰਥ ਦੇ ਮਹਾਨ ਵਿਦਵਾਨ ਭਾਈ ਕਾਹਨ ਸਿੰਘ ਜੀ ਨਾਭਾ ਵਲੋਂ ਵੀ ਮਹਾਨ ਕੋਸ਼ `ਚ ਦਿਤਾ ਨੋਟ ਦੋਹਰਾ ਰਹੇ
ਹਾਂ। ਭਾਈੰ ਕਾਹਨ ਸਿੰਘ ਜੀ ਲ਼ਿਖਦੇ ਹਨ:
“ਅਭਾਖਿਆ ਕਾ ਕੁਠਾ ਬਕਰਾ ਖਾਣਾ” (ਵਾਰ ਆਸਾ) ਗੁਰੂ ਸਾਹਿਬ ਕਿਸੇ
ਬੋਲੀ ਨੂੰ ਮਲੇਛ ਭਾਖਿਆ ਨਹੀਂ ਮੰਨਦੇ, ਕੇਵਲ ਪਾਖੰਡੀ ਬ੍ਰਾਹਮਣ ਨੂੰ (ਊਂਠ ਤੇ ਲੱਦੀਆਂ ਲੱਕੜਾਂ
ਵਿਚੋਂ ਹੀ ਇੱਕ ਡੰਡਾ ਲੈ ਕੇ ਊਂਠ ਨੂੰ ਸਿਧਿਆਂ ਕਰਨ ਵਾਲੀ ਮਿਸਾਲ) ਤੋਂ ਸਿਖਿਆ ਦੇਂਦੇ ਹਨ ਕਿ
ਆਪਣੇ ਧਰਮ ਵਿਰੁਧ ਤੁਸੀਂ ‘ਬਿਸਮਿਲ’ ਆਦਿ ਮੰਤ੍ਰ ਕਹਿਕੇ ਜ਼ਿਬਹਿ ਕੀਤੇ ਜੀਵ ਦਾ ਕੁੱਠਾ ਮਾਸ
ਖਾਂਦੇ ਹੋ, ਪਰ ਹੋਰਨਾਂ ਨੂੰ ਆਖਦੇ ਹੋ ਕਿ –ਸਾਡੇ `ਚਉਂਕੇ ਉਪਰਿ ਕਿਸੈ ਨਾ ਜਾਣਾ’॥ ਇਹ ਕਿਹਾ
ਅਨੋਖਾ ਮੰਤਰ ਲੋਕਾਂ ਨੂੰ ਸਮਝਾਉਂਦੇ ਹੋ”। ਇਥੇ ਗੁਰਦੇਵ ਅਪਣੇ ਵਲੋਂ ਨਹੀਂ ਬਲਕਿ ਮੁਸਲਮਾਨਾ ਲਈ
ਬ੍ਰਾਹਮਣ ਦੀ ਬੋਲੀ `ਚ ਵਰਤੀਂਦੇ ਲਫ਼ਜ਼ ਕੁੱਠਾ ਤੇ ਅਭਾਖਿਆ ਦੀ ਵਰਤੋਂ ਕਰਕੇ ਉਸਦੀ ਦੋਗਲੀ ਰਹਿਣੀ
ਨੂੰ ਨੰਗਾ ਕਰ ਰਹੇ ਹਨ, ਇਥੇ ਮਾਸ ਖਾਣ ਦੀ ਵਿਰੋਧਤਾ ਲੇਸ਼ ਮਾਤ੍ਰ ਵੀ ਨਹੀਂ।
“ਤਿਸ ਕਾ ਕੁਠਾ ਹੋਵੈ ਸੇਖੁ” -
ਇਸੇ
ਪ੍ਰਥਾਏ ਹੋਰ ਲਵੋ!
“ਮਃ ੧॥ ਸਚ ਕੀ ਕਾਤੀ ਸਚੁ ਸਭੁ ਸਾਰੁ॥ ਘਾੜਤ ਤਿਸ ਕੀ ਅਪਰ ਅਪਾਰ॥ ਸਬਦੇ
ਸਾਣ ਰਖਾਈ ਲਾਇ॥ ਗੁਣ ਕੀ ਥੇਕੈ ਵਿਚਿ ਸਮਾਇ॥ ਤਿਸ ਕਾ ਕੁਠਾ ਹੋਵੈ ਸੇਖੁ॥ ਲੋਹੂ ਲਬੁ ਨਿਕਥਾ ਵੇਖੁ॥
ਹੋਇ ਹਲਾਲੁ ਲਗੈ ਹਕਿ ਜਾਇ॥ ਨਾਨਕ ਦਰਿ ਦੀਦਾਰਿ ਸਮਾਇ॥
੨ ॥”
(ਪੰ: ੯੫੬)
ਸਲੋਕ ਦੇ ਅਰਥ ਹਨ “ਜੇ ਪ੍ਰਭੂ ਦੇ ਨਾਮ ਦੀ ਛੁਰੀ ਹੋਵੇ, ਪ੍ਰਭੂ ਦਾ ਨਾਮ ਹੀ
(ਉਸ ਛੁਰੀ ਦਾ) ਲੋਹਾ ਹੋਵੇ, ਉਸ ਛੁਰੀ ਦੀ ਘਾੜਤ ਬਹੁਤ ਸੁੰਦਰ ਹੁੰਦੀ ਹੈ; ਇਹ ਛੁਰੀ ਸਤਿਗੁਰੂ ਦੇ
ਸ਼ਬਦ ਦੀ ਸਾਣ ਤੇ ਰੱਖ ਕੇ ਤੇਜ਼ ਕੀਤੀ ਜਾਂਦੀ ਹੈ, ਤੇ ਇਹ ਪ੍ਰਭੂ ਦੇ ਗੁਣਾਂ ਦੀ ਮਿਆਨ ਵਿੱਚ ਟਿਕੀ
ਰਹਿੰਦੀ ਹੈ। ਜੇ ਸ਼ੇਖ਼ (ਤੂੰ) ਇਸ ਛੁਰੀ ਦਾ ਕੁੱਠਾ ਹੋਇਆ ਹੋਵੇ (ਭਾਵ, ਜੇ ‘ਸ਼ੇਖ਼’ ਦਾ ਜੀਵਨ ਪ੍ਰਭੂ
ਦੇ ਨਾਮ, ਸਤਿਗੁਰੂ ਦੇ ਸ਼ਬਦ, ਪ੍ਰਭੁ ਦੀ ਸਿਫ਼ਤਿ-ਸਾਲਾਹ ਵਿੱਚ ਘੜਿਆ ਹੋਇਆ ਹੋਵੇ) ਤਾਂ ਉਸ ਦੇ
ਅੰਦਰੋਂ ਲੱਬ-ਰੂਪ ਲਹੂ ਜ਼ਰੂਰ ਨਿਕਲ ਜਾਂਦਾ ਹੈ, ਇਸ ਤਰ੍ਹਾਂ ਹਲਾਲ ਹੋ ਕੇ (ਕੁੱਠਾ ਜਾ ਕੇ) ਉਹ
ਪ੍ਰਭੂ ਵਿੱਚ ਜੁੜਦਾ ਹੈ, ਤੇ, ਹੇ ਨਾਨਕ! ਪ੍ਰਭੂ ਦੇ ਦਰ ਤੇ (ਅੱਪੜ ਕੇ) ਉਸ ਦੇ ਦਰਸ਼ਨ ਵਿੱਚ ਲੀਨ
ਹੋ ਜਾਂਦਾ ਹੈ। ੨।”
(ਇਨ ਬਿਨ ਗੁਰੂ ਗ੍ਰੰਥ ਦਰਪਣ
ਵਿਚੋਂ)
ਇਸਤਰ੍ਹਾਂ ਦੇਖਿਆ ਜਾ ਸਕਦਾ ਹੈ ਕਿ ਇਥੇ ਇਹ ਪੰਕਤੀ “ਤਿਸ ਕਾ ਕੁਠਾ
ਹੋਵੈ ਸੇਖੁ” ਤਾਂ ਹੈ ਪਰ ਹੈ ਕਿਸ ਅਰਥ `ਚ? ਕੁਠਾ ਤਾਂ ਕੀ ਇਸ ਪੂਰੇ ਸਲੋਕ `ਚ ਮਾਸ ਖਾਣ ਜਾਂ
ਨਾਹ ਖਾਣ ਲਈ ਕੋਈ ਗਲ ਹੀ ਨਹੀਂ ਅਤੇ ਨਾ ਹੀ ਉਸਦਾ ਵਿਰੋਧ। ਦੂਜਾ ਇਥੇ ਤਾਂ ਲਫ਼ਜ਼ ‘ਕੁਠਾ’ ਜੀਵਨ ਦੀ
ਸੰਭਾਲ ਲਈ ਹੈ।
“ਅਜਰਾਈਲਿ ਫੜੇ ਫੜਿ ਕੁਠੇ” -
ਇਸਤੋਂ ਬਾਦ ਹੋਰ! “ਮਾਰੂ ਮਹਲਾ ੫”
“ਬਿਰਖੈ ਹੇਠਿ ਸਭਿ ਜੰਤ ਇਕਠੇ॥ ਇਕਿ ਤਤੇ ਇਕਿ ਬੋਲਨਿ ਮਿਠੇ॥
ਅਸਤੁ ਉਦੋਤੁ ਭਇਆ ਉਠਿ ਚਲੇ ਜਿਉ ਜਿਉ ਅਉਧ ਵਿਹਾਣੀਆ॥ ੧ ॥
ਪਾਪ ਕਰੇਦੜ ਸਰਪਰ ਮੁਠੇ॥ ਅਜਰਾਈਲਿ ਫੜੇ ਫੜਿ ਕੁਠੇ॥
ਦੋਜਕਿ ਪਾਏ ਸਿਰਜਣਹਾਰੈ ਲੇਖਾ ਮੰਗੈ ਬਾਣੀਆ॥
੨ ॥
ਸੰਗਿ ਨ ਕੋਈ ਭਈਆ ਬੇਬਾ॥ ਮਾਲੁ ਜੋਬਨੁ ਧਨੁ ਛੋਡਿ ਵਞੇਸਾ॥
ਕਰਣ ਕਰੀਮ ਨ ਜਾਤੋ ਕਰਤਾ ਤਿਲ ਪੀੜੇ ਜਿਉ ਘਾਣੀਆ॥ ੩ ॥
ਖੁਸਿ ਖੁਸਿ ਲੈਦਾ ਵਸਤੁ ਪਰਾਈ॥ ਵੇਖੈ ਸੁਣੇ ਤੇਰੈ ਨਾਲਿ ਖੁਦਾਈ॥
ਦੁਨੀਆ ਲਬਿ ਪਇਆ ਖਾਤ ਅੰਦਰਿ ਅਗਲੀ ਗਲ ਨ ਜਾਣੀਆ॥ ੪ ॥
ਜਮਿ ਜਮਿ ਮਰੈ ਮਰੈ ਫਿਰਿ ਜੰਮੈ॥ ਬਹੁਤੁ ਸਜਾਇ ਪਇਆ ਦੇਸਿ ਲੰਮੈ॥
ਜਿਨਿ ਕੀਤਾ ਤਿਸੈ ਨ ਜਾਣੀ ਅੰਧਾ ਤਾ ਦੁਖੁ ਸਹੈ ਪਰਾਣੀਆ॥ ੫ ॥
ਖਾਲਕ ਥਾਵਹੁ ਭੁਲਾ ਮੁਠਾ॥ ਦੁਨੀਆ ਖੇਲੁ ਬੁਰਾ ਰੁਠ ਤੁਠਾ॥
ਸਿਦਕੁ ਸਬੂਰੀ ਸੰਤੁ ਨ ਮਿਲਿਓ ਵਤੈ ਆਪਣ ਭਾਣੀਆ॥ ੬ ॥
ਮਉਲਾ ਖੇਲ ਕਰੇ ਸਭਿ ਆਪੇ॥ ਇਕਿ ਕਢੇ ਇਕਿ ਲਹਰਿ ਵਿਆਪੇ॥
ਜਿਉ ਨਚਾਏ ਤਿਉ ਤਿਉ ਨਚਨਿ ਸਿਰਿ ਸਿਰਿ ਕਿਰਤ ਵਿਹਾਣੀਆ॥ ੭ ॥
ਮਿਹਰ ਕਰੇ ਤਾ ਖਸਮੁ ਧਿਆਈ॥ ਸੰਤਾ ਸੰਗਤਿ ਨਰਕਿ ਨ ਪਾਈ॥
ਅੰਮ੍ਰਿਤ ਨਾਮ ਦਾਨੁ ਨਾਨਕ ਕਉ ਗੁਣ ਗੀਤਾ ਨਿਤ ਵਖਾਣੀਆ॥ ੮ ॥
(ਪੰ: ੧੦੨੦)
ਤਾਂਤੇ ਆਓ! ਇਸ ਸ਼ਬਦ ਦੇ ਅਰਥਾਂ ਤੇ ਵੀ ਥੋੜੀ ਝਾਤ ਮਾਰ ਲਵੀਏ। ਅਰਥ ਹਨ
“(ਹੇ ਭਾਈ! ਜਿਵੇਂ ਸੂਰਜ ਡੁੱਬਣ ਵੇਲੇ ਅਨੇਕਾਂ ਪੰਛੀ ਕਿਸੇ ਰੁੱਖ ਉਤੇ ਆ ਇਕੱਠੇ ਹੁੰਦੇ ਹਨ, ਇਸੇ
ਤਰ੍ਹਾਂ) ਇਸ ਆਕਾਸ਼-ਰੁੱਖ ਹੇਠ ਸਾਰੇ ਜੀਵ-ਜੰਤ ਆ ਇਕੱਠੇ ਹੋਏ ਹਨ, ਕਈ ਖਰ੍ਹਵੇ ਬੋਲਦੇ ਹਨ ਕਈ
ਮਿੱਠੇ ਬੋਲ ਬੋਲਦੇ ਹਨ। ਡੁੱਬਾ ਹੋਇਆ ਸੂਰਜ ਜਦੋਂ ਆਕਾਸ਼ ਵਿੱਚ ਮੁੜ ਚੜ੍ਹ ਪੈਂਦਾ ਹੈ ਤਾਂ (ਪੰਛੀ
ਰੁੱਖ ਉਤੋਂ) ਉੱਠ ਕੇ ਉੱਡ ਜਾਂਦੇ ਹਨ (ਤਿਵੇਂ ਹੀ) ਜਿਉਂ ਜਿਉਂ (ਜੀਵਾਂ ਦੀ) ਉਮਰ ਮੁੱਕ ਜਾਂਦੀ ਹੈ
(ਪੰਛੀਆਂ ਵਾਂਗ ਇਥੋਂ ਕੂਚ ਕਰ ਜਾਂਦੇ ਹਨ)। ੧।
ਹੇ ਭਾਈ! ਇਥੇ ਪਾਪ ਕਰਨ ਵਾਲੇ ਜੀਵ (ਆਪਣੇ ਆਤਮਕ ਜੀਵਨ ਦਾ ਸਰਮਾਇਆ) ਜ਼ਰੂਰ
ਲੁਟਾ ਜਾਂਦੇ ਹਨ, ਪਾਪ ਕਰਨ ਵਾਲਿਆਂ ਨੂੰ ਮੌਤ ਦਾ ਫ਼ਰਿਸ਼ਤਾ ਫੜ ਫੜ ਕੇ ਕੁਹੀ ਜਾਂਦਾ ਹੈ (ਇਹ ਯਕੀਨ
ਜਾਣੋ ਕਿ ਅਜਿਹਾਂ ਨੂੰ) ਸਿਰਜਣਹਾਰ ਨੇ ਦੋਜ਼ਕ ਵਿੱਚ ਪਾ ਰੱਖਿਆ ਹੈ, ਉਹਨਾਂ ਪਾਸੋਂ ਧਰਮਰਾਜ (ਉਹਨਾਂ
ਦੇ ਕੀਤੇ ਕਰਮਾਂ ਦਾ) ਲੇਖਾ ਮੰਗਦਾ
ਹੈ।
੨।
ਹੇ ਭਾਈ! (ਜਗਤ ਤੋਂ ਕੂਚ ਕਰਨ ਵੇਲੇ) ਨਾਹ ਕੋਈ ਭਰਾ ਨਾਹ ਕੋਈ ਭੈਣ ਕੋਈ ਭੀ
ਜੀਵ ਦੇ ਨਾਲ ਨਹੀਂ ਜਾਂਦਾ। ਮਾਲ, ਧਨ, ਜਵਾਨੀ—ਹਰੇਕ ਜੀਵ ਜ਼ਰੂਰ ਛੱਡ ਕੇ ਇੱਥੋਂ ਚਲਾ ਜਾਇਗਾ।
ਜਿਨ੍ਹਾਂ ਮਨੁੱਖਾਂ ਨੇ ਜਗਤ ਰਚਨਹਾਰ ਬਖ਼ਸ਼ਿੰਦਾ ਪ੍ਰਭੂ ਨਾਲ ਡੂੰਘੀ ਸਾਂਝ ਨਹੀਂ ਪਾਈ, ਉਹ (ਦੁੱਖਾਂ
ਵਿਚ) ਇਉਂ ਪੀੜੇ ਜਾਂਦੇ ਹਨ ਜਿਵੇਂ ਤਿਲਾਂ ਦੀ ਘਾਣੀ। ੩। ਹੇ ਭਾਈ! ਤੂੰ ਪਰਾਇਆ ਮਾਲ-ਧਨ ਖੋਹ ਖੋਹ
ਕੇ ਇਕੱਠਾ ਕਰਦਾ ਰਹਿੰਦਾ ਹੈਂ, ਤੇਰੇ ਨਾਲ ਵੱਸਦਾ ਰੱਬ (ਤੇਰੀ ਹਰੇਕ ਕਰਤੂਤ ਨੂੰ) ਵੇਖਦਾ ਹੈ
(ਤੇਰੇ ਹਰੇਕ ਬੋਲ ਨੂੰ) ਸੁਣਦਾ ਹੈ। ਤੂੰ ਦੁਨੀਆ (ਦੇ ਸੁਆਦਾਂ) ਦੇ ਚਸਕੇ ਵਿੱਚ ਫਸਿਆ ਪਿਆ ਹੈਂ
(ਮਾਨੋ ਡੂੰਘੇ) ਟੋਏ ਵਿੱਚ ਡਿੱਗਾ ਹੋਇਆ ਹੈਂ। ਅਗਾਂਹ ਵਾਪਰਨ ਵਾਲੀ ਗੱਲ ਨੂੰ ਤੂੰ ਸਮਝਦਾ ਹੀ
ਨਹੀਂ। ੪। ਹੇ ਭਾਈ! ਜਦੋਂ ਮਨੁੱਖ (ਮਾਇਆ ਦੇ ਮੋਹ ਵਿਚ) ਅੰਨ੍ਹਾ (ਹੋ ਕੇ) ਉਸ ਪਰਮਾਤਮਾ ਨਾਲ ਸਾਂਝ
ਨਹੀਂ ਪਾਂਦਾ ਜਿਸ ਨੇ ਇਸ ਨੂੰ ਪੈਦਾ ਕੀਤਾ ਹੈ, ਤਦੋਂ ਇਹ (ਜਨਮ ਮਰਨ ਦੇ ਗੇੜ ਦਾ) ਦੁੱਖ ਸਹਿੰਦਾ
ਹੈ, ਇਸ ਨੂੰ ਬਹੁਤ ਸਜ਼ਾ ਮਿਲਦੀ ਹੈ, ਇਹ (ਜਨਮ ਮਰਨ ਦੇ ਗੇੜ ਦੇ) ਲੰਮੇ ਪੈਂਡੇ ਵਿੱਚ ਪੈ ਜਾਂਦਾ
ਹੈ, ਇਹ ਮੁੜ ਮੁੜ ਜੰਮ ਕੇ (ਮੁੜ ਮੁੜ) ਮਰਦਾ ਹੈ, ਜਨਮ ਮਰਨ ਦੇ ਗੇੜ ਵਿੱਚ ਪੈ ਜਾਂਦਾ ਹੈ। ੫।
ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਨਹੀਂ ਮਿਲਦਾ, ਉਹ ਆਪਣੇ ਮਨ ਦਾ ਮੁਰੀਦ ਹੋ
ਕੇ ਭਟਕਦਾ ਫਿਰਦਾ ਹੈ, ਉਸ ਦੇ ਅੰਦਰ ਮਾਇਆ ਵਲੋਂ ਨਾਹ ਸ਼ਾਂਤੀ ਹੈ ਨਾਹ ਰਜੇਵਾਂ; ਉਹ ਮਨੁੱਖ
ਸਿਰਜਣਹਾਰ ਵੱਲੋਂ ਖੁੰਝਿਆ ਰਹਿੰਦਾ ਹੈ, ਉਹ ਆਪਣੇ ਆਤਮਕ ਜੀਵਨ ਦਾ ਸਰਮਾਇਆ ਲੁਟਾ ਬੈਠਦਾ ਹੈ; ਇਹ
ਜਗਤ-ਤਮਾਸ਼ਾ ਉਸ ਨੂੰ ਬੁਰਾ (ਖ਼ੁਆਰ ਕਰਦਾ ਹੈ), ਕਦੇ (ਮਾਇਆ ਗੁਆਚਣ ਤੇ ਇਹ) ਘਬਰਾ ਜਾਂਦਾ ਹੈ, ਕਦੇ
ਮਾਇਆ ਮਿਲਣ ਤੇ) ਇਹ ਖ਼ੁਸ਼ ਹੋ ਹੋ ਬਹਿੰਦਾ
ਹੈ।
੬।
(ਪਰ, ਹੇ ਭਾਈ! ਜੀਵਾਂ ਦੇ ਕੀਹ ਵੱਸ?) ਪਰਮਾਤਮਾ ਆਪ ਹੀ ਸਾਰੇ ਖੇਲ ਕਰ
ਰਿਹਾ ਹੈ। ਕਈ ਐਸੇ ਹਨ ਜਿਹੜੇ ਮਾਇਆ ਦੇ ਮੋਹ ਦੀਆਂ ਲਹਿਰਾਂ ਵਿੱਚ ਫਸੇ ਹੋਏ ਹਨ, ਕਈ ਐਸੇ ਹਨ
ਜਿਨ੍ਹਾਂ ਨੂੰ ਉਸ ਨੇ ਇਹਨਾਂ ਲਹਿਰਾਂ ਵਿਚੋਂ ਕੱਢ ਲਿਆ ਹੈ। ਹੇ ਭਾਈ! ਪਰਮਾਤਮਾ ਜਿਵੇਂ ਜਿਵੇਂ
ਜੀਵਾਂ ਨੂੰ (ਮਾਇਆ ਦੇ ਹੱਥਾਂ ਤੇ) ਨਚਾਂਦਾ ਹੈ; ਤਿਵੇਂ ਤਿਵੇਂ ਜੀਵ ਨੱਚਦੇ ਹਨ। ਹਰੇਕ ਜੀਵ ਦੇ
ਸਿਰ ਉੱਤੇ (ਉਸ ਦੇ ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦੀ) ਕਮਾਈ ਅਸਰ ਪਾ ਰਹੀ ਹੈ। ੭। ਹੇ ਭਾਈ!
ਪਰਮਾਤਮਾ ਆਪ ਮਿਹਰ ਕਰੇ, ਤਾਂ ਹੀ ਮੈਂ ਉਸ ਖਸਮ-ਪ੍ਰਭੂ ਨੂੰ ਸਿਮਰ ਸਕਦਾ ਹਾਂ। (ਜਿਹੜਾ ਮਨੁੱਖ
ਸਿਮਰਦਾ ਹੈ) ਉਹ ਸੰਤ ਜਨਾਂ ਦੀ ਸੰਗਤਿ ਵਿੱਚ ਰਹਿ ਕੇ ਨਰਕ ਵਿੱਚ ਨਹੀਂ ਪੈਂਦਾ। ਹੇ ਪ੍ਰਭੂ! ਨਾਨਕ
ਨੂੰ ਆਤਮਕ ਜੀਵਨ ਦੇਣ ਵਾਲਾ ਆਪਣਾ ਨਾਮ-ਦਾਨ ਦੇਹ, (ਤਾ ਕਿ ਮੈਂ ਨਾਨਕ) ਤੇਰੀ ਸਿਫ਼ਤਿ-ਸਾਲਾਹ ਦੇ
ਗੀਤ ਸਦਾ ਗਾਂਦਾ ਰਹਾਂ। ੮।
ਹੁਣ ਇਥੇ ਵੀ ਲਫ਼ਜ਼ ‘ਕੁਠਾ’ ਤਾਂ ਆਇਆ ਹੈ ਪਰ ਬਿਲਕੁਲ ਹੀ ਜੀਵਨ ਸੰਭਾਲ
ਪਖੋਂ। ਇਥੇ ਵੀ ਸਾਡੇ ਮਾਸ ਵਿਰੋਧੀ ਸੱਜਣ ‘ਪਾਪ ਕਰੇਦੜ ਸਰਪਰ ਮੁਠੇ’ ਜਿਵੇਂ ਇਸਨੂੰ
ਬਦੋਬਦੀ ਮਾਸ ਵਿਰੋਧੀ ਦੱਸ ਰਹੇ ਹਨ। ਇਥੇ ਤਾਂ ਨਿਰੋਲ ਜੀਵਨ ਦੀ ਸੰਭਾਲ ਦਾ ਵਿਸ਼ਾ ਹੈ ਨਾਹ ਕਿ
ਬਕਰੇ, ਮੁਰਗੇ ਦੇ ਮਾਸ ਵਾਲੀ ਕੋਈ ਗਲ। ਇਥੇ ਤਾਂ “ਖੁਸਿ ਖੁਸਿ ਲੈਦਾ ਵਸਤੁ ਪਰਾਈ … ਜਿਨਿ ਕੀਤਾ
ਤਿਸੈ ਨ ਜਾਣੀ ਅੰਧਾ ਤਾ ਦੁਖੁ ਸਹੈ ਪਰਾਣੀਆ”। ਫ਼ਿਰ ਵੀ ਵਿਰੋਧੀ ਸੱਜਣ ਇਸਨੂੰ ਤਿੱਤਰਾਂ, ਬਟੇਰਾਂ
ਦੇ ਮਾਸ ਵਲ ਹੀ ਖਿੱਚੀ ਜਾਣ ਤਾਂ ਉਨ੍ਹਾਂ ਦੀ ਇਛਾ। ਇਥੇ ਤਾਂ ਵਿਸ਼ਾ ਹੀ ਜੀਵਨ ਨੂੰ ਗੁਣਵਾਣ ਬਣਾਉਣ
ਅਤੇ ਅਉਗਣਾਂ ਤੋਂ ਬਚਾਉਣ ਦਾ ਹੈ। ਇਸ ਪੂਰੇ ਸ਼ਬਦ `ਚ ਵੀ ਕਿੱਧਰੇ ਮਾਸ ਦੇ ਭੋਜਨ ਜਾਂ ਮਾਸ ਦੇ
ਵਿਰੋਧ ਨਾਲ ਦੂਰ ਦਾ ਵੀ ਸੰਬੰਧ ਨਹੀਂ।
(ਅਰਥ-ਧੰਨਵਾਦ
ਸਾਹਿਤ ਗੁ: ਗ੍ਰ: ਸਾ: ਦਰਪਣ ਪ੍ਰੋ: ਸਾਹਿਬ ਸਿੰਘ ਜੀ)
“ਭਾਉ ਦੁਯਾ ਕੁਠਾ” -
ਹੁਣ
ਲਵੋ! ਇੱਕ ਹੋਰ ਸ਼ਬਦ ਇਥੇ ਵੀ ਲਫ਼ਜ਼ ਕੁੱਠਾ ਤਾਂ ਹੈ
ਪਰ ਆਓ ਦਰਸ਼ਨ ਕਰੀਏ ਕਿ ਹੈ ਕਿਸ ਅਰਥ `ਚ:
“ਪਉੜੀ॥ ਸਭੇ ਵਸਤੂ ਕਉੜੀਆ ਸਚੇ ਨਾਉ ਮਿਠਾ॥ ਸਾਦੁ ਆਇਆ ਤਿਨ ਹਰਿ ਜਨਾਂ
ਚਖਿ ਸਾਧੀ ਡਿਠਾ॥ ਪਾਰਬ੍ਰਹਮਿ ਜਿਸੁ ਲਿਖਿਆ ਮਨਿ ਤਿਸੈ ਵੁਠਾ॥ ਇਕੁ ਨਿਰੰਜਨੁ ਰਵਿ ਰਹਿਆ ਭਾਉ
ਦੁਯਾ ਕੁਠਾ॥ ਹਰਿ ਨਾਨਕੁ ਮੰਗੈ ਜੋੜਿ ਕਰ ਪ੍ਰਭੁ ਦੇਵੈ ਤੁਠਾ॥
੧੩ ॥”
(ਪੰ: ੩੨੧)
ਪਉੜੀ ਦੇ ਅਰਥ ਇਸਤਰ੍ਹਾਂ ਹਨ: “(ਦੁਨੀਆ ਦੀਆਂ ਬਾਕੀ) ਸਾਰੀਆਂ ਚੀਜ਼ਾਂ
(ਆਖ਼ਰ) ਕੌੜੀਆਂ (ਹੋ ਜਾਂਦੀਆਂ) ਹਨ (ਇਕ) ਸੱਚੇ ਪ੍ਰਭੂ ਦਾ ਨਾਮ (ਹੀ ਸਦਾ) ਮਿੱਠਾ (ਰਹਿੰਦਾ) ਹੈ,
(ਪਰ) ਇਹ ਸੁਆਦ ਉਨ੍ਹਾਂ ਸਾਧੂਆਂ ਨੂੰ ਹਰਿ-ਜਨਾਂ ਨੂੰ ਆਉਂਦਾ ਹੈ ਜਿਨ੍ਹਾਂ (ਇਹ ਨਾਮ-ਰਸ) ਚੱਖ ਕੇ
ਵੇਖਿਆ ਹੈ, ਤੇ ਉਸੇ ਮਨੁੱਖ ਦੇ ਮਨ ਵਿੱਚ (ਇਹ ਸੁਆਦ) ਆ ਕੇ ਵੱਸਦਾ ਹੈ ਜਿਸ ਦੇ ਭਾਗਾਂ ਵਿੱਚ
ਪਾਰਬ੍ਰਹਮ ਨੇ ਲਿਖ ਦਿੱਤਾ ਹੈ। (ਐਸੇ ਭਾਗਾਂ ਵਾਲੇ ਨੂੰ) ਮਾਇਆ-ਰਹਿਤ ਪ੍ਰਭੂ ਹੀ ਹਰ ਥਾਂ ਦਿੱਸਦਾ
ਹੈ (ਉਸ ਮਨੁੱਖ ਦਾ) ਦੂਜਾ ਭਾਵ ਨਾਸ ਹੋ ਜਾਂਦਾ ਹੈ। ਨਾਨਕ ਭੀ ਦੋਵੇਂ ਹੱਥ ਜੋੜ ਕੇ ਹਰੀ
ਪਾਸੋਂ ਇਹ ਨਾਮ-ਰਸ ਮੰਗਦਾ ਹੈ, (ਪਰ) ਪ੍ਰਭੂ (ਉਸ ਨੂੰ) ਦੇਂਦਾ ਹੈ (ਜਿਸ ਉਤੇ) ਪ੍ਰਸੰਨ ਹੁੰਦਾ
ਹੈ”। ੩। ਇਥੇ ਤਾਂ ਲਫ਼ਜ਼ ਕੁਠਾ ਹੋਣ ਦੇ ਬਾਵਜੂਦ ਸਾਰੀ ਪਉੜੀ ਦਾ ਮਾਸ ਨਾਲ ਦੂਰ ਦਾ ਵੀ ਵਾਸਤਾ
ਨਹੀਂ। ਇਥੇ ਕੁਠਾ ਦੇ ਅਰਥ ਹਨ ਮਨੁੱਖ ਅੰਦਰੋਂ ਦੂਜਾ ਭਾਵ ਨਾਸ ਹੋ ਜਾਂਦਾ ਹੈ।
(ਅਰਥ ਧੰਨਵਾਦ ਸਾਹਿਤ ਗੁ: ਗ੍ਰ: ਸਾ: ਦਰਪਣ ਪ੍ਰੋ: ਸਾਹਿਬ ਸਿੰਘ
ਜੀ)
ਇਸਤਰ੍ਹਾਂ ਦੇਖਿਆ ਜਾ ਸਕਦਾ ਹੈ ਕਿ ਗੁਰਬਾਣੀ `ਚ ਜਿੱਥੇ ਜਿੱਚੇ ਵੀ
‘ਕੁੱਠਾ’ ਲਫ਼ਜ਼ ਦੀ ਵਰਤੋਂ ਹੈ ਉਹ ਭਿੰਨ ਭਿੰਨ ਅਰਥਾਂ `ਚ ਪਰ ਮਾਸ ਛੱਕਣ ਦੇ ਵਿਰੋਧ `ਚ ਇੱਕ ਵਾਰੀ
ਵੀ ਇਸ ਲਫ਼ਜ਼ ਦੀ ਵਰਤੋਂ ਨਹੀਂ ਹੋਈ।
ਕੁਹਣ, ਕੁਹ, ਕੁਹਤ-
ਇਸਤੋਂ ਬਾਦ ਸ਼ਬਦਾਵਲੀ ਲੈ ਰਹੇ ਹਾਂ ‘ਕੁਹਣ, ਕੁਹ, ਕੁਹਤ’। ਇਥੇ ਵੀ ਖਾਸ ਤੌਰ ਤੇ ਕੇਵਲ
ਉਨ੍ਹਾਂ ਹੀ ਸ਼ਬਦਾਂ ਨੂੰ ਘੋਖਣ ਦਾ ਜੱਤਨ ਕਰਾਂਗੇ ਜਿਨ੍ਹਾਂ `ਚ “ਕੁਹਣ, ਕੁਹ, ਕੁਹਤ”
ਸ਼ਬਦਾਵਲੀ ਆਈ ਹੈ ਪਰ ਜਾਣੇ-ਅਣਜਾਣੇ ਮਾਸ ਵਿਰੋਧੀ ਸੱਜਣਾਂ ਨੇ ਉਨ੍ਹਾਂ ਪ੍ਰਮਾਣਾ ਨੂੰ ਮਾਸ
ਖਾਣ ਵਿਰੁਧ ਵਰਤਿਆ ਹੈ। ਇਸਤਰ੍ਹਾਂ ਦੋ ਲਾਭ ਹੋਣਗੇ
ਪਹਿਲਾ-ਅਸੀਂ
ਦੇਖਾਂਗੇ ਕਿ ਕੀ ਸੱਚਮੁਚ ਹੀ ਉਨ੍ਹਾਂ ਸ਼ਬਦਾਂ `ਚ ਕੋਈ ਅਜੇਹਾ ਪ੍ਰਮਾਣ ਹੈ ਜੋ ਮਾਸ ਖਾਣ ਵਿਰੁਧ
ਵਰਤਿਆ ਹੋਵੇ ਦੂਜਾ-
ਜੇ ਨਹੀਂ ਤਾਂ ਘੱਟ ਤੋਂ ਘੱਟ ਉਨ੍ਹਾ ਦੇ ਅਰਥ ਸੰਗਤਾਂ ਨੂੰ ਸਪੱਸ਼ਟ ਹੋ ਹੀ ਜਾਣਗੇ ਅਤੇ ਭੁਲੇਖੇ
ਨਿਕਲਣਗੇ।
“ਜੀਆਂ ਕੁਹਤ ਨ ਸੰਗੈ ਪਰਾਣੀ” -
ਇਸ
ਵਿਸ਼ੇ ਤੇ ਪਹਿਲਾਂ ਅਸੀਂ ਪੰਜਵੇਂ ਪਾਤਸ਼ਾਹ ਦਾ ਇਹ ਸ਼ਬਦ ਲੈਂਦੇ ਹਾਂ, ਰਾਗ ਗਉੜੀ ਮਹਲਾ ੫ ਦਾ
ਸ਼ਬਦ ਹੈ:
“ਧੋਤੀ ਖੋਲਿ ਵਿਛਾਏ ਹੇਠਿ॥ ਗਰਧਪ ਵਾਂਗੂ ਲਾਹੇ ਪੇਟਿ॥
੧ ॥
ਬਿਨੁ ਕਰਤੂਤੀ ਮੁਕਤਿ ਨ ਪਾਈਐ॥
ਮੁਕਤਿ ਪਦਾਰਥੁ ਨਾਮੁ ਧਿਆਈਐ॥
੧ ॥
ਰਹਾਉ॥
ਪੂਜਾ ਤਿਲਕ ਕਰਤ ਇਸਨਾਨਾਂ॥ ਛੁਰੀ ਕਾਢਿ ਲੇਵੈ ਹਥਿ ਦਾਨਾ॥
੨ ॥
ਬੇਦੁ ਪੜੈ ਮੁਖਿ ਮੀਠੀ ਬਾਣੀ॥ ਜੀਆਂ ਕੁਹਤ ਨ ਸੰਗੈ ਪਰਾਣੀ॥
੩ ॥
ਕਹੁ ਨਾਨਕ ਜਿਸੁ ਕਿਰਪਾ ਧਾਰੈ॥
ਹਿਰਦਾ ਸੁਧੁ ਬ੍ਰਹਮੁ ਬੀਚਾਰੈ॥
੪ ॥”
(ਪੰ: ੨੦੧)
ਅਰਥ ਹਨ: “(ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ। ਇਹ ਐਸਾ
ਪਦਾਰਥ ਹੈ ਜੋ ਵਿਕਾਰਾਂ ਤੋਂ ਖ਼ਲਾਸੀ ਦੇਂਦਾ ਹੈ। (ਹੇ ਭਾਈ!) ਨਾਮ ਸਿਮਰਨ ਦੀ ਕਮਾਈ ਕਰਨ ਤੋਂ ਬਿਨਾ
ਮੋਖ-ਪਦਵੀ ਨਹੀਂ ਮਿਲਦੀ। ੧। ਰਹਾਉ।
ਬ੍ਰਾਹਮਣ ਆਪਣੇ ਜਜਮਾਨਾਂ ਨੂੰ ਇਹੀ ਦੱਸਦਾ ਹੈ ਕਿ ਬ੍ਰਾਹਮਣ ਨੂੰ ਦਿੱਤਾ
ਦਾਨ ਹੀ ਮੋਖ-ਪਦਵੀ ਮਿਲਣ ਦਾ ਰਸਤਾ ਹੈ। (ਬ੍ਰਾਹਮਣ ਸਰਾਧ ਆਦਿਕ ਦੇ ਸਮੇ ਜਜਮਾਨ ਦੇ ਘਰ ਜਾ ਕੇ
ਚੌਕੇ ਵਿੱਚ ਬੈਠ ਕੇ) ਆਪਣੀ ਧੋਤੀ ਦਾ ਉਪਰਲਾ ਅੱਧਾ ਹਿੱਸਾ ਲਾਹ ਕੇ ਹੇਠਾਂ ਧਰ ਲੈਂਦਾ ਹੈ ਤੇ ਖੋਤੇ
ਵਾਂਗ (ਦਬਾਦਬ ਖੀਰ ਆਦਿਕ) ਆਪਣੇ ਢਿੱਡ ਵਿੱਚ ਪਾਈ ਜਾਂਦਾ ਹੈ। ੧।
(ਹੇ ਭਾਈ!) ਤੂੰ (ਅਪਣੇ ਆਪ ਨੂੰ ਵੱਡਾ ਧਾਰਮਕ ਬੰਦਾ ਦੱਸਣ ਲਈ) ਇਸ਼ਨਾਨ,
ਤਿਲਕ, ਪੂਜਾ ਆਦਿ ਦੇ (ਦਿਖਾਵੇ ਦੇ) ਤਾਂ ਸਾਰੇ ਕਰਮ ਕਰ ਲੈਂਦਾ ਹੈ ਪਰ ਦਾਨ ਦੇ ਪੱਜ (ਮਜਬੂਰ ਤੇ
ਗ਼ਰੀਬ ਜਜਮਾਨਾਂ ਤੋਂ ਵੱਧ-ਚੱੜ੍ਹ ਕੇ ਜ਼ਬਰਦਸਤੀ) ਦਾਨ ਲੈਣ `ਚ (ਉਨ੍ਹਾਂ ਦੀ ਹਾਲਤ ਤੇ) ਉਕਾ ਤਰਸ
ਨਹੀਂ ਖਾਂਦਾ। ੨। (ਬ੍ਰਾਹਮਣ) ਮੂੰਹੋਂ ਤਾਂ ਮਿੱਠੀ ਸੁਰ ਨਾਲ ਵੇਦ (ਮੰਤ੍ਰ) ਪੜ੍ਹਦਾ ਹੈ, ਪਰ ਆਪਣੇ
ਜਜਮਾਨਾਂ ਨਾਲ ਧੋਖਾ ਕਰਦਿਆਂ ਰਤਾ ਨਹੀਂ ਝਿਜਕਦਾ। ੩।
(ਪਰ) ਹੇ ਨਾਨਕ! ਆਖ— (ਬ੍ਰਾਹਮਣ ਦੇ ਭੀ ਕੀਹ ਵੱਸ?) ਜਿਸ ਮਨੁੱਖ ਉੱਤੇ
ਪਰਮਾਤਮਾ ਮਿਹਰ ਕਰਦਾ ਹੈ ਉਹ ਪਰਮਾਤਮਾ ਦੇ ਗੁਣ ਆਪਣੇ ਹਿਰਦੇ ਵਿੱਚ ਵਸਾਂਦਾ ਹੈ (ਜਿਸ ਦੀ ਬਰਕਤਿ
ਨਾਲ) ਉਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ (ਤੇ ਉਹ ਕਿਸੇ ਨਾਲ ਠੱਗੀ-ਫ਼ਰੇਬ ਨਹੀਂ ਕਰਦਾ)। ੪।
ਇਸ ਸ਼ਬਦ ਵਿਚਲੀ ਜਿਸ ਪੰਕਤੀ ਤੋ ਸਾਡੇ ਮਾਸ ਵਿਰੋਧੀ ਧੋਖਾ ਖਾ ਗਏ, ਉਹ
ਪੰਕਤੀ ਹੈ “ਜੀਆਂ ਕੁਹਤ ਨ ਸੰਗੈ ਪਰਾਣੀ” ਵਿਚਾਰਣ ਦਾ ਵਿਸ਼ਾ ਹੈ ਕਿ ਜਿਹੜਾ ਬ੍ਰਾਹਮਣ ਅਪਣੇ
ਜਜਮਾਨ ਕੋਲ ਸ਼ਰਾਧ ਆਦਿ ਛਕਣ ਗਿਆ ਹੈ ਕੀ ਉਹ ਜਜਮਾਨ ਨੂੰ ਛੁਰੀ ਨਾਲ ਕੁਹਿ ਕੇ ਖਾਣ ਗਿਆ ਹੈ? ਅਸਲ
`ਚ ਇਹ ਸ਼ਬਦਾਵਲੀ ਬ੍ਰਾਹਮਣ ਦੀ ਲੁੱਟ-ਖੋਹ ਦੇ ਸੰਦਰਭ `ਚ ਹੈ। ਜਿਵੇ ਕਿ ਅਰਥਾਂ ਸਮੇਂ ਦੇਖ ਚੁਕੇ
ਹਾਂ ਕਿ “… ਛੁਰੀ ਕਾਢਿ ਲੇਵੈ ਹਥਿ ਦਾਨਾ॥ ੨
॥
ਬੇਦੁ ਪੜੈ ਮੁਖਿ ਮੀਠੀ ਬਾਣੀ॥ ਜੀਆਂ ਕੁਹਤ ਨ ਸੰਗੈ ਪਰਾਣੀ॥”
ਭਾਵ ਦਾਨ ਦੇ ਪੱਜ ਮਜਬੂਰ ਤੇ ਗ਼ਰੀਬ ਜਜਮਾਨਾਂ ਤੋਂ ਵੀ
ਵੱਧ-ਚੱੜ੍ਹ ਕੇ ਜ਼ਬਰਦਸਤੀ, ਦਾਨ ਲੈਣ ਵੇਲੇ ਉਨ੍ਹਾਂ ਦੀ ਹਾਲਤ ਤੇ ਉਕਾ ਤਰਸ ਨਹੀਂ ਖਾਂਦਾ।
ਇਸੇਤਰ੍ਹਾਂ “ਬ੍ਰਾਹਮਣ ਮੂੰਹੋਂ ਤਾਂ ਮਿੱਠੀ ਸੁਰ ਨਾਲ ਵੇਦ ਮੰਤ੍ਰ ਪੜ੍ਹਦਾ ਹੈ, ਪਰ ਜਜਮਾਨਾਂ ਨਾਲ
ਧੋਖਾ ਕਰਦਿਆਂ ਰਤਾ ਨਹੀਂ ਝਿਜਕਦਾ ਅਤੇ ਇਸ ਵਾਸਤੇ ਸ਼ਬਦਾਵਲੀ ਹੈ “ਜੀਆਂ ਕੁਹਤ ਨ ਸੰਗੈ ਪਰਾਣੀ”।
ਹੁਣ ਇਥੇ ਵੀ ਦੇਖ ਲਵੋ ਕਿ ‘ਛੁਰੀ ਕਾਢਿ’ ਜਾਂ ‘ਜੀਆਂ ਕੁਹਤ ਸ਼ਬਦਾਵਲੀ ਜਿਥੋਂ ਕਿ ਵਿਰੋਧੀ
ਸੱਜਣਾ ਨੇ ਧੋਖਾ ਖਾਧਾ, ਇਥੇ ਵੀ ਮਾਸ ਜਾਂ ਮਾਸ ਦੇ ਭੋਜਨ ਨਾਲ ਇਸਦਾ ਦੂਰ ਦਾ ਵੀ ਸੰਬੰਧ ਨਹੀਂ।
“ਕੁਹਿ ਬਕਰਾ ਰਿੰਨਿ੍ਹ੍ਹ ਖਾਇਆ” -
ਵਾਰ ਆਸਾ “ਕੁਹਿ ਬਕਰਾ ਰਿੰਨਿ੍ਹ੍ਹ ਖਾਇਆ
ਸਭੁ ਕੋ ਆਖੈ ਪਾਇ” (ਪੰ: ੪੭੧) ਬਾਰੇ ਦੇਖ ਆਏ ਹਾਂ ਕਿ ਉਥੇ “ਕੁਹਿ ਬਕਰਾ” ਲਫ਼ਜ਼ ਬੇਸ਼ਕ ਮਾਸ
ਦੇ ਭੋਜਨ ਨਾਲ ਸੰਬੰਧਤ ਹੈ ਪਰ ਮਾਸ ਦੇ ਭੋਜਨ ਦੇ ਵਿਰੋਧ `ਚ ਨਹੀਂ ਬਲਕਿ ਮਾਸ ਨੂੰ ਭੋਜਨ ਸਾਬਤ
ਕੀਤਾ ਹੈ। ਇਸਤਰ੍ਹਾਂ ਹੁਣ ਤੀਕ ‘ਕੁਹਣ, ਕੁਹ, ਕੁਹਤ’ ਲਫ਼ਜ਼ਾਂ ਵਾਲੇ ਘੋਖੇ ਜਾ ਚੁਕੇ
ਸਾਰੇ ਹੀ ਪ੍ਰਮਾਣਾਂ `ਚ ਦੇਖ ਚੁਕੇ ਹਾਂ ਕਿ ਇਨ੍ਹਾ ਪ੍ਰਮਾਣਾਂ `ਚ ਜਾਂ ਤਾਂ ਮਾਸ ਦੇ ਭੋਜਨ ਨਾਲ
ਸੰਬੰਧ ਹੀ ਨਹੀਂ ਅਤੇ ਜਿੱਥੇ ਹੈ ਵੀ ਤਾਂ ਉਥੇ ਮਾਸ ਨੂੰ ਭੋਜਨ ਦਸਿਆ ਹੈ, ਭੋਜਨ ਵਜੋਂ ਇਸਦਾ ਵਿਰੋਧ
ਨਹੀਂ ਕੀਤਾ। ਲੋੜ ਹੈ ਤਾਂ ਪ੍ਰਕਰਣ ਅਨੁਸਾਰ ਕੇਵਲ ਸ਼ਬਦ ਦੇ ਅਸਲ ਅਰਥਾਂ ਨੂੰ ਸਮਝਣ ਦੀ।
ਗੁਰਬਾਣੀ ਦੇ ਅਰਥ ਅਤੇ ਅਸੀਂ-
ਇਸਦੇ ਨਾਲ ਇਹ ਵੀ ਨਹੀਂ ਭੁਲਣਾ ਚਾਹੀਦਾ ਕਿ ਗੁਰਬਾਣੀ ਅਰਥਾਂ ਦਾ ਅਪਣਾ ਨਿਵੇਕਲਾ ਢੰਗ ਹੈ।
ਗੁਰਬਾਣੀ ਜੀਵਨ-ਵਿਗਿਆਨ ਹੈ ਅਤੇ ਇਸਦੇ ਅਰਥ ਅਗਾਧ ਹਨ। ਲਾਪਰਵਾਹੀ ਜਾਂ ਅਗਿਆਨਤਾ ਵਸ, ਕੁਟਲਨੀਤੀ
ਨਾਲ, ਸੰਬੰਧਤ ਰਚਨਾ ਦੇ ਅਸਲ ਵਿਸ਼ੇ ਨੂੰ ਸਮਝੇ ਬਿਨਾ ਜਾਂ ਵਿਸ਼ੇ ਤੋਂ ਹੱਟ ਕੇ ਵਿਚੋਂ ਵਿਚੋਂ
ਪੰਕਤੀਆਂ ਚੁੱਕ ਕੇ ਕੀਤੇ ਅਰਥ ਬਹੁਤੀ ਵਾਰੀ ਸਾਡੇ ਮਨੁੱਖਾ ਜੀਵਨ ਨਾਲ ਖਿਲਵਾੜ ਦਾ ਕਾਰਣ ਵੀ ਬਣ
ਸਕਦੇ ਹਨ। ਬਲਕਿ ਅਜੇਹੀ ਅਵਸਥਾ `ਚ ਅਕਾਲਪੁਖ ਦੀ ਦਰਗਾਹੇ ਅਸੀਂ ਵੱਡੇ ਦੋਸ਼ੀ ਵੀ ਗਰਦਾਨੇ ਜਾ ਸਕਦੇ
ਹਾਂ, ਗੁਰਵਾਕ ਹੈ:
“ਜਿਨਾ ਗੁਰੁ ਗੋਪਿਆ ਆਪਣਾ ਤੇ ਨਰ ਬੁਰਿਆਰੀ॥
ਹਰਿ ਜੀਉ ਤਿਨ ਕਾ ਦਰਸਨੁ ਨਾ ਕਰਹੁ ਪਾਪਿਸਟ ਹਤਿਆਰੀ॥
ਓਹਿ ਘਰਿ ਘਰਿ ਫਿਰਹਿ ਕੁਸੁਧ ਮਨਿ ਜਿਉ ਧਰਕਟ ਨਾਰੀ ….”
(ਪੰ: ੬੫੧)
ਤਾਂਤੇ ਗੁਰਬਾਣੀ ਅਰਥਾਂ ਨੂੰ ਸਮਝਣ ਤੇ ਬਿਆਨ ਕਰਣ ਜਾਂ ਗੁਰਬਾਣੀ ਪ੍ਰਮਾਣ
ਦੇਣ ਲਈ ਗੁਰਬਾਣੀ ਦੇ ਅਪਣੇ ਸਿਧਾਂਤ ਹਨ, ਅਪਣਾ ਵਿਆਕਰਣ ਹੈ। ਹਰੇਕ ਸ਼ਬਦ ਦਾ ਕੇਂਦਰੀ ਵਿਸ਼ਾ ਤੇ
ਮਜ਼ਮੂਨ ਹੁੰਦਾ ਹੈ ਜਿਸਨੂੰ ਖੋਲਣ ਲਈ ਬਾਕੀ ਸ਼ਬਦ ਉਸ ਕੇਂਦ੍ਰੀ ਭਾਵ ਦੀ ਵਿਆਖਿਆ ਜਾਂ ਮਿਸਾਲਾਂ
ਹੁੰਦੀਆਂ ਹਨ ਅਤੇ ਹੋਰ ਬਹੁਤ ਕੁਝ। ਇਸ ਤਰੀਕੇ ਜੇਕਰ ਜਾਣਬੁਝ ਕੇ ਹੀ ਕੋਈ ਅਵਗਿਆ ਵਾਲੀ ਗਲ ਨਾ
ਕੀਤੀ ਜਾਵੇ ਤਾਂ ਸੰਪੂਰਣ ਗੁਰਬਾਣੀ ਰਚਨਾ `ਚ ਇੱਕ ਵੀ ਸ਼ਬਦ ਨਹੀਂ ਮਿਲੇਗਾ, ਜਿਸਦੇ ਇੱਕ ਤੋਂ ਵੱਧ
ਅਰਥ ਕੀਤੇ ਜਾ ਸਕਣ। ਇਸਤੋਂ ਇਲਾਵਾ ਅਜੇਹੀ ਅਵਗਿਆ ਦਾ ਕਾਰਣ ਉਦੋਂ ਬਣਦਾ ਹੈ ਜਦੋਂ ਅਰਥਾਂ ਨੂੰ ਦੇਣ
ਸਮੇਂ ਕੋਈ ਪੰਕਤੀ-ਪ੍ਰਮਾਣ ਤਾਂ ਚੁੱਕ ਲਿਆ, ਪਰ ਸ਼ਬਦ-ਰਚਨਾ ਦੇ ਮੂਲ ਵਿਸ਼ੇ ਜਾਂ ਉਸਦੇ ਕੇਂਦ੍ਰੀ ਭਾਵ
ਤੋਂ ਤੋੜਕੇ, ਮਨ ਮਰਜ਼ੀ ਦੇ ਅਰਥ ਕਰ ਲਏ। ਉਸਦੇ ਮੂਲ ਅਰਥਾਂ ਨੂੰ ਨਾ ਘੋਖਿਆ, ਕੇਵਲ ਵਿਸ਼ੇਸ਼ ਲਫ਼ਜ਼ਾਂ
ਦੀ ਟੇਕ ਲੈ ਕੇ ਪੰਕਤੀ ਨੂੰ ਅਪਣੇ ਢੰਗ ਵਰਤ ਲਿਆ। ਹੁਣ ਤੀਕ ਦੇਖਣ `ਚ ਆਇਆ ਹੈ ਕਿ ਇਹੀ ਉਹ ਵੱਡਾ
ਕਾਰਣ ਬਣਿਆ ਹੈ ਜੋ ਕਦਮ ਕਦਮ ਤੇ ‘ਮਾਸ ਦੇ ਭੋਜਨ’ ਦਾ ਵਿਰੋਧ ਕਰਣ ਵੇਲੇ ਅਰੰਭ ਹੋਇਆ `ਤੇ ਫ਼ਿਰ
ਹੁੰਦਾ ਹੀ ਗਿਆ।